ਸੀ.ਆਰ.ਪੀ. ਵੱਲੋਂ ਸ੍ਰੀ ਦਰਬਾਰ ਸਾਹਿਬ ਉਤੇ ਪਹਿਲੀ ਜੂਨ ਨੂੰ ਫਾਇਰਿੰਗ ਸ਼ੁਰੂ ਕੀਤੀ ਗਈ ਸੀ। ਪਿੱਛੋਂ ਕਰਫ਼ਿਊ ਲੱਗ ਗਿਆ ਸੀ, ਜਿਸ ਵਿਚ 3 ਜੂਨ ਨੂੰ ਕੁਝ ਸਮੇਂ ਲਈ ਢਿੱਲ ਦਿੱਤੀ ਗਈ ਸੀ। ਕਰਫ਼ਿਊ ਕਾਰਨ ਮੈਂ 3 ਜੂਨ ਦੀ ਰਾਤ ਨੂੰ ਇਥੇ ਹੀ ਰਿਹਾ ਸੀ। ਭਾਈ ਹਰਬੰਸ ਸਿੰਘ, ਭਾਈ ਸਵਰਨ ਸਿੰਘ ਫਰਾਸ਼ ਤੇ ਭਾਈ ਹਰੀ ਸਿੰਘ ਅਖੀਰ ਤਕ ਮੇਰੇ ਨਾਲ ਰਹੇ ਸਨ। 4 ਜੂਨ ਨੂੰ ਅੰਮ੍ਰਿਤ ਵੇਲੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਬੈਠਾ, ਹੁਕਮਨਾਮਾ ਲਿਆ। ਭਾਈ ਗੁਰਸ਼ਰਨ ਸਿੰਘ ਦਾ ਰਾਗੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਹੇਠਾਂ ਪਰਕਰਮਾ ਵਿਚ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਿਹਾ ਸੀ। ਲੱਗਭਗ 4.40 ਵਜੇ ਦਾ ਸਮਾਂ ਹੋਵੇਗਾ ਕਿ ਫੌਜ ਵੱਲੋਂ ਲੱਗਭਗ 10-11 ਗੋਲੇ ਸੁੱਟੇ ਗਏ, ਜਿਸ ਨਾਲ ਉੱਚੀਆਂ ਇਮਾਰਤਾਂ-ਸਿੰਧੀਆਂ ਦੀ ਧਰਮਸ਼ਾਲਾ, ਨਕਈ ਬੁੰਗਾ, ਉੱਚੇ ਚੁਬਾਰੇ ਅਤੇ ਬੁੰਗਾ ਰਾਮਗੜ੍ਹੀਆ ਦੇ ਮੁਨਾਰਿਆਂ ਨੂੰ ਨੁਕਸਾਨ ਪੁੱਜਾ। ਜਦੋਂ ਗੋਲਿਆਂ ਦਾ ਖੜਾਕ ਹੋਇਆ ਤਾਂ ਭਾਈ ਗੁਰਸ਼ਰਨ ਸਿੰਘ ਰਾਗੀ ਦਾ ਜਥਾ ਭੱਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਆ ਗਿਆ। ਕੁਝ ਮਿੰਟਾਂ ਪਿੱਛੋਂ ਹੀ ਗੋਲਿਆਂ ਦੀ ਵਰਖਾ ਸ਼ੁਰੂ ਹੋ ਗਈ। ਇਹ ਵੇਖ ਕੇ ਆਪਣੇ ਸਟਾਫ ਦੀ ਸਲਾਹ ਨਾਲ ਅਸੀਂ ਵਧਾਅ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਦਰ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਸੀ, ਆ ਗਏ।
ਸ਼ਾਮ ਨੂੰ ਸੋਦਰ ਦੀ ਚੌਂਕੀ ਕਰਵਾ ਕੇ ਰਹਿਰਾਸ ਸਾਹਿਬ ਦਾ ਪਾਠ ਕੀਤਾ। ਮਰਯਾਦਾ ਅਨੁਸਾਰ ਸ਼ਸਤਰ ਵਿਖਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ-ਆਸਨ ਕਰ ਕੇ ਕੋਠਾ ਸਾਹਿਬ ਅੰਦਰ ਬਿਰਾਜਮਾਨ ਕਰ ਦਿੱਤੇ।
ਪੰਜ ਜੂਨ ਨੂੰ ਅੰਮ੍ਰਿਤ ਵੇਲੇ ਹੁਕਮਨਾਮਾ ਲਿਆ, ਭਾਈ ਗੁਰਸ਼ਰਨ ਸਿੰਘ ਦੇ ਰਾਗੀ ਜਥੇ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਅਰਦਾਸ ਕਰ ਕੇ ਕੜਾਹ ਪ੍ਰਸ਼ਾਦ ਦੀ ਦੇਗ ਵੰਡੀ। ਦਿਨੇ ਅਸੀਂ ਵਾਰੀ-ਵਾਰੀ ਮਹਾਰਾਜ ਜੀ ਦੀ ਤਾਬਿਆ ਬੈਠਦੇ ਰਹੇ। ਭਾਵੇਂ ਸਾਰਾ ਦਿਨ ਚਾਰੇ ਪਾਸਿਓਂ ਗੋਲੀਆਂ ਦਾ ਮੀਂਹ ਵਰ੍ਹਦਾ ਰਿਹਾ ਸੀ। ਸ਼ਾਮ ਨੂੰ ਸਟਾਫ ਦੇ ਬਾਕੀ 5-6 ਬੰਦੇ ਚਲੇ ਗਏ, ਮੇਰੇ ਨਾਲ ਕੇਵਲ ਇਹ ਤਿੰਨ ਹੀ ਰਹੇ। ਸ਼ਾਮ ਨੂੰ ਲਾਈਟ ਨਹੀਂ ਸੀ, ਅਸੀਂ ਸੋਦਰ ਦੀ ਚੌਂਕੀ, ਰਹਿਰਾਸ ਸਾਹਿਬ ਅਤੇ ਅਰਦਾਸ ਉਪਰੰਤ ਸ਼ਸਤਰਾਂ ਨੂੰ ਮਿਆਨਾਂ ਵਿਚ ਪਾ ਕੇ ਅਲਮਾਰੀ ਵਿਚ, ਜਿੱਥੇ ਉਨ੍ਹਾਂ ਦੀ ਥਾਂ ਸੀ, ਬਿਰਾਜਮਾਨ ਕਰ ਦਿੱਤੇ।
ਰਾਤ ਦੇ ਅੰਦਾਜ਼ਨ 8 ਵੱਜੇ ਹੋਣਗੇ। ਹਨੇਰਾ ਹੋਣ ਕਰਕੇ ਕੁਝ ਦਿਖਾਈ ਤਾਂ ਦਿੰਦਾ ਨਹੀਂ ਸੀ। ਪਰ ਪਰਕਰਮਾ ਵਿਚ ਬੂਟਾਂ ਦੇ ਖੜਾਕ ਤੋਂ ਸਾਫ਼ ਪਤਾ ਲੱਗਦਾ ਸੀ ਕਿ ਫੌਜ ਆ ਗਈ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆ ਕੇ ਰੋਸ਼ਨੀ ਦਾ ਗੋਲਾ ਤੇ ਫਿਰ ਅੱਥਰੂ ਗੈਸ ਛੱਡੀ। ਬਹੁਤ ਬੁਰੀ ਹਾਲਤ ਸੀ। ਅਸੀਂ ਆਪਣੇ ਗਲ ਵਾਲੇ ਪਰਨਿਆਂ ਨੂੰ ਭਿਉਂ ਕੇ ਅੱਖਾਂ ਉੱਤੇ ਫੇਰਿਆ। ਦੋਵਾਂ ਪਾਸਿਆਂ ਤੋਂ ਬਹੁਤ ਜ਼ੋਰਦਾਰ ਫਾਇਰਿੰਗ ਹੋ ਰਹੀ ਸੀ। ਹੌਲੀ-ਹੌਲੀ ਫੌਜ ਵੱਲੋਂ ਗੋਲੀ ਘਟਦੀ ਗਈ। ਇਸ ਸਮੇਂ ਉਤਲੀ ਛੱਤੋਂ ਭਿੰਡਰਾਂਵਾਲਿਆਂ ਦੇ ਸਾਥੀਆਂ ਨੇ ਜੈਕਾਰੇ ਛੱਡੇ, ਇਸ ਤੋਂ ਜਾਪਦਾ ਸੀ ਕਿ ਬਹੁਤ ਸਾਰੀ ਫੌਜ ਜੋ ਸਾਹਮਣੇ ਆਈ ਸੀ, ਮਾਰੀ ਗਈ ਹੈ। (ਸਰਕਾਰੀ ਸੂਤਰਾਂ ਅਨੁਸਾਰ ਪਹਿਲਾਂ 60 ਕਮਾਂਡੋ ਉਥੇ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 59 ਮਾਰੇ ਗਏ।)
ਇਸ ਪਿੱਛੋਂ 10 ਵਜੇ ਦੇ ਕਰੀਬ ਟੈਂਕ ਪਰਕਰਮਾ ਵਿਚ ਦਾਖਲ ਹੋਏ ਅਤੇ ‘ਦੁੱਖਭੰਜਨੀ ਬੇਰੀ’ ਅਤੇ ‘ਸ਼ਹੀਦ ਬੁੰਗਾ’ ਵਾਲੇ ਪਾਸੇ ਤੋਂ ਲਗਾਤਾਰ ਟੈਂਕਾਂ ਨਾਲ ਸਾਰੀ ਰਾਤ ਗੋਲਾਬਾਰੀ ਹੁੰਦੀ ਰਹੀ। ਇਸ ਦੌਰਾਨ ਸੰਤ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀ ਹੇਠਾਂ ਭੋਰੇ ਵਿਚ ਆ ਗਏ ਜਾਪਦੇ ਸਨ। ਅਸੀਂ ਲਾਗਲੀ ਦੀਵਾਰ ਦੇ ਓਹਲੇ ਆ ਗਏ ਸੀ। ਸਾਰੀ ਰਾਤ ਗੋਲਾ ਮੀਂਹ ਵਾਂਗ ਪੈਂਦਾ ਰਿਹਾ। ਬੇਅੰਤ ਮਲਬਾ ਖਿੱਲਰ ਕੇ ਸਾਡੇ ’ਤੇ ਵੀ ਪੈਂਦਾ ਰਿਹਾ।
ਚਾਰ ਜੂਨ ਨੂੰ ਸੰਤ ਭਿੰਡਰਾਂਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਦਰ ਹੀ ਗੁਣਗੁਣਾਉਂਦੇ ਫਿਰ ਰਹੇ ਸਨ,
“ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥”
“ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥”
6 ਜੂਨ ਸਵੇਰੇ 8 ਕੁ ਵਜੇ ਦਾ ਵਕਤ ਹੋਏਗਾ। ਜਿੱਥੇ ਗਿਆਨੀ ਸਾਧੂ ਸਿੰਘ ਭੌਰਾ ਦੇ ਕੁਆਰਟਰ ਦੇ ਹੇਠਾਂ 5-6 ਫਲੱਸ਼ਾਂ ਬਣੀਆਂ ਸਨ, ਸੰਤ ਜੀ ਆਪਣੇ ਸਾਥੀਆਂ ਨਾਲ ਜੰਗਲ-ਪਾਣੀ ਲਈ ਆਏ। ਇਥੇ ਨਲਕੇ ਤੋਂ ਹੱਥ ਧੋ ਕੇ ਸਾਥੀਆਂ ਨਾਲ ਗੱਲਾਂ ਕਰ ਰਹੇ ਸਨ। ਅਸੀਂ ਇਸ ਦੀਵਾਰ ਦੇ ਦੂਜੇ ਬੰਨੇ ਸਹਾਰਾ ਲੈ ਕੇ ਬੈਠੇ ਸੀ। ਉਹ ਫਿਰ ਭੋਰੇ ਅੰਦਰ ਚਲੇ ਗਏ। ਕੋਈ 8.30 ਵਜੇ ਦੇ ਕਰੀਬ ਭਾਈ ਅਮਰੀਕ ਸਿੰਘ ਜੰਗਲ-ਪਾਣੀ ਲਈ ਆਏ। ਕੁਦਰਤੀ ਇਕ ਗੋਲੇ ਨਾਲ ਦੀਵਾਰ ਵਿਚ ਲੱਗਾ ਦਰਵਾਜ਼ਾ ਖੁੱਲ੍ਹ ਗਿਆ, ਮੈਨੂੰ ਤੇ ਮੇਰੇ ਸਾਥੀਆਂ ਨੂੰ ਬੈਠਿਆਂ ਵੇਖ ਕੇ ਭਾਈ ਅਮਰੀਕ ਸਿੰਘ ਕਹਿਣ ਲੱਗੇ, “ਸਿੰਘ ਸਾਹਿਬ ਜੀ, ਭੁੰਜੇ ਬੈਠੇ ਤੁਸੀਂ ਚੰਗੇ ਨਹੀਂ ਲੱਗਦੇ, ਕਿਸੇ ਕਮਰੇ ਵਿਚ ਮੰਜੇ ’ਤੇ ਬੈਠ ਜਾਣਾ ਸੀ।” ਮੈਂ ਕਿਹਾ ਕਿ ਸਾਰੇ ਕਮਰਿਆਂ ਵਿਚ ਗੋਲੀਆਂ ਆ ਰਹੀਆਂ ਹਨ, ਇਹ ਜਗ੍ਹਾ ਮਹਿਫੂਜ਼ ਹੈ। ਇਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਉੱਪਰਲਾ ਹਿੱਸਾ ਢੱਠਾ ਹੋਇਆ ਸਾਫ਼ ਦਿਖਾਈ ਦੇ ਰਿਹਾ ਸੀ ਅਤੇ ਹਾਲੇ ਵੀ ਗੋਲਾਬਾਰੀ ਜਾਰੀ ਸੀ। ਮੈਂ ਉਨ੍ਹਾਂ ਨੂੰ ਪੁੱਛਿਆ, “ਤੁਹਾਡਾ ਕੀ ਪ੍ਰੋਗਰਾਮ ਹੈ?” ਉਨ੍ਹਾਂ ਨੇ ਜਵਾਬ ਦਿੱਤਾ, “ਅਕਾਲ ਤਖ਼ਤ ਸਾਹਿਬ ਦੀ ਦਸ਼ਾ ਬਹੁਤ ਖਰਾਬ ਹੋ ਗਈ ਹੈ। ਐਸੀ ਸੂਰਤ ਵਿਚ ਸਾਡਾ ਜਿਊਂਦਿਆਂ ਰਹਿਣਾ ਯੋਗ ਨਹੀਂ ਹੈ। ਅਸੀਂ ਸਵੇਰੇ 7:30 ਵਜੇ ਸ਼ਹੀਦ ਹੋਣ ਦਾ ਪ੍ਰੋਗਰਾਮ ਬਣਾਇਆ ਸੀ, ਪਰ ਹੁਣ ਸੰਤਾਂ ਨਾਲ ਸਲਾਹ ਕਰ ਕੇ 9:30 ਵਜੇ ਦਾ ਬਣਾਇਆ ਹੈ। ਕੌਮ ਵੀ ਬਹੁਤ ਮਾਰੀ ਗਈ ਹੈ, ਅਸੀਂ ਬਚ ਵੀ ਗਏ ਤਾਂ ਲੋਕ ਸਾਨੂੰ ਨਹੀਂ ਛੱਡਣਗੇ।” ਆਪਣੇ ਸੱਚਖੰਡ ਵਾਸੀ ਪਿਤਾ ਸੰਤ ਕਰਤਾਰ ਸਿੰਘ ਜੀ ਵੱਲ ਇਸ਼ਾਰਾ ਕਰ ਕੇ ਕਿਹਾ, “ਇਹ ਵੀ ਚੰਗਾ ਹੈ ਕਿ ਛੇਤੀ-ਛੇਤੀ ਵੱਡੇ ਸੰਤਾਂ ਪਾਸ ਚੱਲਾਂਗੇ।” ਇਸ ਸਮੇਂ ਭਾਈ ਅਮਰੀਕ ਸਿੰਘ ਆਪਣੇ ਸਾਥੀਆਂ ਦੀਆਂ ਡਿਊਟੀਆਂ ਲਗਾ ਰਹੇ ਸਨ, ਕਿਸੇ ਨੂੰ ਕਿਹਾ- ਤੂੰ ਮੇਰੇ ਘਰ ਅਖੰਡ ਪਾਠ ਰਖਵਾਈਂ; ਇਕ ਸਾਥੀ ਨੂੰ ਕਿਹਾ- ਮਹੀਨੇ ਕੁ ਤਕ ਮੇਰੇ ਘਰ ਲੜਕਾ ਪੈਦਾ ਹੋਣਾ ਹੈ, ਤੂੰ ਲੱਡੂ ਵੰਡੀਂ ਆਦਿ।
ਭਾਈ ਅਮਰੀਕ ਸਿੰਘ ਨੇ ਸਾਥੋਂ ਵੀ ਪੁੱਛਿਆ, “ਤੁਹਾਡੇ ਬਾਹਰ ਨਿਕਲਣ ਦਾ ਕੋਈ ਸਾਧਨ ਹੈ?” ਮੇਰੇ ਸਾਥੀ ਮਜਬੂਰ ਕਰ ਰਹੇ ਸਨ ਕਿ ਬਾਹਰਲੇ ਲੋਹੇ ਵਾਲੇ ਦਰਵਾਜ਼ੇ ਦਾ ਜਿੰਦਰਾ ਖੋਲ੍ਹ ਕੇ ਅਸੀਂ ਬਾਹਰ ਨਿਕਲ ਜਾਈਏ। ਇਸ ਜਿੰਦਰੇ ਦੀ ਚਾਬੀ ਭਿੰਡਰਾਂਵਾਲਿਆਂ ਦੇ ਸਾਥੀਆਂ ਪਾਸ ਸੀ। ਮੈਂ ਕਿਹਾ ਕਿ ਜੇ ਤੁਸੀਂ ਆਗਿਆ ਦਿਉ ਤਾਂ ਬਾਹਰਲਾ ਜਿੰਦਰਾ ਖੋਲ੍ਹ ਕੇ ਅਸੀਂ ਬਾਹਰ ਨਿਕਲ ਜਾਈਏ। ਉਨ੍ਹਾਂ ਕਿਹਾ, “ਨਿਕਲ ਜਾਓ, ਪਰ ਫ਼ੌਜ ਨਹੀਂ ਛੱਡੇਗੀ, ਕੋਈ ਤਰੀਕਾ ਲੱਭਦਾ ਹੈ ਤਾਂ ਨਿਕਲ ਜਾਓ।” ਅਸੀਂ ਦਰਵਾਜ਼ਾ ਖੋਲ੍ਹ ਕੇ ਦੌੜ ਕੇ ਬੋਹੜ ਵਾਲੀ ਹਵੇਲੀ ਚਲੇ ਗਏ, ਜਿੱਥੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਰਹਿੰਦੇ ਸਨ। ਸੇਵਾਦਾਰ ਬਲਬੀਰ ਸਿੰਘ ਤੋਂ ਦਰਵਾਜ਼ਾ ਖੁਲ੍ਹਵਾ ਕੇ ਉਸ ਦੇ ਘਰ ਗਏ। ਇਹ ਕੋਈ 9 ਵਜੇ ਦੀ ਗੱਲ ਹੋਏਗੀ। ਇਥੇ ਸ਼੍ਰੋਮਣੀ ਕਮੇਟੀ ਦੇ ਕੋਈ 10-12 ਮੁਲਾਜ਼ਮ ਤੇ ਉਹ ਸੇਵਾਦਾਰ ਆਪਣੀ ਸੁਪਤਨੀ ਸਮੇਤ ਠਹਿਰੇ ਹੋਏ ਸਨ।
ਅਸੀਂ 6 ਅਤੇ 7 ਜੂਨ ਦੀ ਰਾਤ ਉਥੇ ਸੇਵਾਦਾਰ ਦੇ ਹੀ ਘਰ ਰਹੇ। 8 ਜੂਨ ਨੂੰ ਫੌਜ ਨੇ ਆ ਕੇ ਦਰਵਾਜ਼ਾ ਖੜਕਾਇਆ। ਅੰਦਰ ਆ ਕੇ ਸਾਨੂੰ ਪੁੱਛਿਆ ਕਿ ਇਥੇ ਕਿਉਂ ਠਹਿਰੇ ਹੋ? ਮੈਂ ਆਪਣੇ ਬਾਰੇ ਦੱਸਿਆ ਤੇ ਕਿਹਾ ਕਿ ਬਾਕੀ ਸਾਰੇ ਸਾਡੇ ਮੁਲਾਜ਼ਮ ਹਨ। ਆਪਣਾ ਪਛਾਣ-ਪੱਤਰ ਵਿਖਾਇਆ। ਪਰ ਉਹ ਕਹਿਣ ਲੱਗੇ ਕਿ ਤੁਸੀਂ ਸਾਰੇ ਅਤਿਵਾਦੀ ਹੋ। ਉਨ੍ਹਾਂ ਹੋਰ ਫੌਜੀ ਸੱਦ ਲਏ। ਘਰ ਦੀ ਤਲਾਸ਼ੀ ਲਈ, ਪਰ ਕੋਈ ਹਥਿਆਰ ਜਾਂ ਇਤਰਾਜ਼ਯੋਗ ਚੀਜ਼ ਨਾ ਲੱਭੀ। ਫਿਰ ਉਨ੍ਹਾਂ ਨੇ ਸਿਵਾਇ ਕਛਹਿਰਿਆਂ ਦੇ ਸਾਡੇ ਸਾਰੇ ਕੱਪੜੇ ਜ਼ਬਰਦਸਤੀ ਲੁਹਾ ਲਏ ਅਤੇ ਸਭ ਨੂੰ ਇਕ ਲਾਈਨ ਵਿਚ ਖੜ੍ਹੇ ਕਰ ਲਿਆ। ਉਨ੍ਹਾਂ ਫੌਜੀਆਂ ਪਾਸ ਇਕ ਐੱਲ.ਐੱਮ.ਜੀ. ਸੀ। ਸਾਨੂੰ ਗੋਲੀ ਮਾਰਨ ਲੱਗੇ ਸਨ ਕਿ ਉਨ੍ਹਾਂ ਵਿੱਚੋਂ ਇਕ ਨੇ ਕਿਹਾ ਕਿ ਮੈਗਜ਼ੀਨ ਵਿਚ ਸਿਰਫ ਦੋ ਹੀ ਗੋਲੀਆਂ ਹਨ, ਨਵਾਂ ਮੈਗਜ਼ੀਨ ਲੋਡ ਕਰ ਲੈ। ਹਾਂ, ਪਹਿਲੇ ਫੌਜੀਆਂ ਵਿਚ ਇਕ ਸਿੱਖ ਸਿਪਾਹੀ ਸੀ। ਉਹ ਦੌੜ ਕੇ ਬੀ.ਐੱਸ.ਐੱਫ. ਦੇ ਮੇਜਰ ਰਤਨ ਸਿੰਹੁ (ਹਰਿਆਣਵੀ ਜਾਟ) ਨੂੰ ਸਾਡੇ ਬਾਰੇ ਦੱਸ ਕੇ ਲੈ ਆਇਆ। ਸਾਨੂੰ ਗੋਲੀ ਮਾਰਨ ਹੀ ਲੱਗੇ ਸਨ ਕਿ ਰਤਨ ਸਿੰਹੁ ਨੇ ਆ ਕੇ ਕਿਹਾ, “ਠਹਿਰੋ, ਇਨ੍ਹਾਂ ਨੂੰ ਮੇਰੇ ਪਾਸ ਮੰਦਰ (ਕਾਠੀਆਂ ਵਾਲਾ ਬਜ਼ਾਰ) ਭੇਜ ਦਿਉ।” ਅਸੀਂ ਦੁਬਾਰਾ ਕੱਪੜੇ ਪਹਿਨ ਲਏ।
ਉਧਰ ਗਏ। ਗਲੀ ਵਿਚ 30-40 ਸਿੱਖਾਂ ਨੂੰ ਪਿੱਛੇ ਬਾਹਾਂ ਬੰਨ੍ਹ ਕੇ ਪਹਿਲਾਂ ਹੀ ਬਿਠਾਇਆ ਹੋਇਆ ਸੀ ਤੇ ਰਾਈਫਲਾਂ ਦੇ ਬੱਟਾਂ, ਸੋਟੀਆਂ ਜਾਂ ਬੂਟਾਂ ਦੇ ਠੁੱਡਿਆਂ ਨਾਲ ਬੁਰੀ ਤਰ੍ਹਾਂ ਮਾਰ ਰਹੇ ਸਨ। ਰਤਨ ਸਿੰਹੁ ਨੇ ਪੁੱਛਿਆ, “ਤੁਸੀਂ ਅਤਿਵਾਦੀ ਹੋ?” ਮੈਂ ਦੱਸਿਆ ਕਿ ਮੈਂ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਹਾਂ। ਉਹ ਕਹਿਣ ਲੱਗਾ, “ਅਸੀਂ ਅਨਾਊਂਸਮੈਂਟ ਕੀਤੀ ਸੀ, ਤੁਸੀਂ ਪਹਿਲਾਂ ਕਿਉਂ ਗ੍ਰਿਫਤਾਰ ਨਹੀਂ ਹੋਏ?” ਮੈਂ ਦੱਸਿਆ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਕੁਆਰਟਰ ਵਿਚ ਸਾਂ, ਸਾਨੂੰ ਕੋਈ ਆਵਾਜ਼ ਨਹੀਂ ਸੁਣੀ। ਉਸ ਨੇ ਕਿਹਾ ਕਿ ਅੱਜ ਸਾਰੇ ਹੀ ਅਤਿਵਾਦੀ ਹਨ, ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਏਗਾ। ਸਾਡੀ ਤਲਾਸ਼ੀ ਲਈ; ਜੇਬਾਂ ਵਿੱਚੋਂ ਪੈਸੇ ਕੱਢ ਲਏ। ਇਕ ਫੌਜੀ ਹਵਾਲਦਾਰ ਮੈਨੂੰ ਪੁੱਛਣ ਲੱਗਾ, “ਤੂੰ ਸਿੱਖ ਏਂ ਕਿ ਮੁਸਲਮਾਨ?” ਮੈਂ ਕਿਹਾ, “ਮੈਂ ਸ੍ਰੀ ਗੁਰੂ ਰਾਮਦਾਸ ਦਾ ਸਿੱਖ ਹਾਂ ਅਤੇ ਆਪਣੇ ਗੁਰੂ ਦੀ ਸੇਵਾ ਕਰ ਰਿਹਾ ਹਾਂ।” ਉਸ ਹਵਾਲਦਾਰ ਨੇ ਮੈਨੂੰ ਗਾਲ੍ਹ ਕੱਢੀ, ਮੇਰੀ ਛਾਤੀ ’ਤੇ ਬੰਦੂਕ ਰੱਖ ਕੇ ਕਹਿਣ ਲੱਗਾ, “ਸੱਦ ਆਪਣੇ ਗੁਰੂ ਰਾਮਦਾਸ ਨੂੰ ਤੇਰੀ ਮਦਦ ਕਰੇ।” ਮੇਰੇ ਮਨ ਹੀ ਮਨ ’ਚੋਂ ਇਕ ਹੂਕ ਨਿਕਲੀ ਕਿ ਅੱਜ ਇਹ ਫੌਜ ਮੇਰੇ ਗੁਰੂ ਨੂੰ ਵੰਗਾਰ ਰਹੀ ਹੈ। ਮਨ ਹੀ ਮਨ ਵਿਚ ਗੁਰੂ ਨੂੰ ਧਿਆਇਆ, “ਹੇ ਸੱਚੇ ਪਾਤਸ਼ਾਹ! ਆਪਣੇ ਨਾਂ ਦੀ ਲਾਜ ਰੱਖੋ, ਆਪਣੇ ਬਿਰਦ ਦੀ ਪੈਜ ਰੱਖੋ।” ਰਤਨ ਸਿੰਹੁ ਰਾਊਂਡ ਕਰਦਾ-ਕਰਦਾ ਉਥੇ ਆਇਆ। ਇਤਨੇ ਨੂੰ ਫੌਜੀਆਂ ਨੂੰ ਚਾਹ-ਪਾਣੀ ਪਿਆਉਣ ਆਏ ਕੁਝ ਹਿੰਦੂਆਂ ਨੇ ਮੈਨੂੰ ਪਹਿਚਾਣ ਲਿਆ ਸੀ ਤੇ ਮੇਜਰ ਪਾਸ ਮੇਰੀ ਸਿਫਾਰਿਸ਼ ਕੀਤੀ। ਉਸ ਨੇ ਮੈਨੂੰ ਆਪਣੇ ਪਾਸ ਬੁਲਾਇਆ ਤੇ ਬੈਠਣ ਲਈ ਕੁਰਸੀ ਵੀ ਦਿੱਤੀ। ਇਹ ਮੇਰੇ ਗੁਰੂ ਨੇ ਆਪ ਪਹੁੰਚ ਕੇ ਬਿਰਦ ਦੀ ਪੈਜ ਰੱਖੀ ਸੀ।
ਮੈਂ ਮੇਜਰ ਨੂੰ ਕਿਹਾ, “ਫੌਜ ਨੂੰ ਬੜੀ ਜ਼ਾਬਤੇ ਵਾਲੀ ਸਮਝਿਆ ਜਾਂਦਾ ਹੈ, ਪਰ ਤੁਹਾਡੇ ਵਿਚ ਫ਼ੌਜ ਵਾਲਾ ਕੋਈ ਅਸੂਲ ਨਹੀਂ ਹੈ, ਸਭ ਨੇ ਕਸਾਈਆਂ ਵਾਲ ਕੰਮ ਫੜਿਆ ਹੋਇਆ ਹੈ।” ਉਸ ਦੇ ਦਿਲ ਵਿਚ ਸ਼ਾਇਦ ਦਇਆ ਆਈ, ਮੈਨੂੰ ਗਲਵਕੜੀ ਵਿਚ ਲੈ ਕੇ ਕਹਿਣ ਲੱਗਾ, “ਮੈਂ ਤੁਹਾਨੂੰ ਬਚਾਉਣ ਲਈ ਵੱਧ ਤੋਂ ਵੱਧ ਜਤਨ ਕਰਾਂਗਾ।” ਫਿਰ ਉਸ ਨੇ ਏਰੀਆ ਇੰਚਾਰਜ ਨਾਲ ਵਾਇਰਲੈੱਸ ’ਤੇ ਗੱਲ ਕੀਤੀ। ਪਿੱਛੋਂ ਮੈਨੂੰ ਕਹਿਣ ਲੱਗਾ, “ਤੁਸੀਂ ਧਾਰਮਿਕ ਵਿਅਕਤੀ ਹੋ, ਇਸ ਲਈ ਮੈਂ ਜੋ ਕੁਝ ਪੁੱਛਾਂਗਾ, ਸੱਚ-ਸੱਚ ਦੱਸਣਾ?” ਮੈਂ ਜਵਾਬ ਦਿੱਤਾ, “ਬਿਲਕੁਲ ਸੱਚ ਦੱਸਾਂਗਾ।” ਉਸ ਨੇ ਪੁੱਛਿਆ, “ਕੀ ਮੇਰੇ ਨਾਲ ਦੇ 12-13 ਵਿਅਕਤੀ ਵਾਕਈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ?” ਮੈਂ ਸ਼ਾਹਦੀ ਭਰੀ। ਫਿਰ ਉਸ ਨੇ ਮੇਰੇ ਪਾਸੋਂ ਬਾਕੀ 40-50 ਬੰਦਿਆਂ ਬਾਰੇ ਪੁੱਛਿਆ। ਉਨ੍ਹਾਂ ਵਿੱਚੋਂ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਸੀ, ਇਸ ਲਈ ਕਹਿ ਦਿੱਤਾ ਕਿ ਹੋ ਸਕਦਾ ਹੈ ਇਨ੍ਹਾਂ ਵਿਚ ਕੁਝ ਨਵੇਂ ਮੁਲਾਜ਼ਮ ਹੋਣ ਜਿਨ੍ਹਾਂ ਨੂੰ ਮੈਂ ਨਾ ਜਾਣਦਾ ਹੋਵਾਂ। ਉਸ ਨੇ ਕਿਹਾ, “ਨਹੀਂ, ਇਹ ਸਾਰੇ ਅਤਿਵਾਦੀ ਹਨ।” (ਪਿੱਛੋਂ ਉਹ ਸਾਰੇ ਮਾਰ ਦਿੱਤੇ ਗਏ)
ਮੇਜਰ ਨੇ ਕਿਹਾ ਕਿ ਮੈਂ ਤੁਹਾਨੂੰ ਕਿਸੇ ਵੀ ਸੂਰਤ ਵਿਚ ਛੱਡ ਨਹੀਂ ਸਕਦਾ। ਇਸ ਲਈ ਬਿਹਤਰ ਰਹੇਗਾ ਕਿ ਤੁਹਾਨੂੰ ਮਿਲਟਰੀ ਕੈਂਪ ਭੇਜ ਦਿੱਤਾ ਜਾਏ, ਉਥੋਂ ਕੁਝ ਦਿਨਾਂ ਪਿੱਛੋਂ ਤੁਹਾਨੂੰ ਛੱਡ ਦਿੱਤਾ ਜਾਏਗਾ। ਫਿਰ ਇਕ ਫੌਜੀ ਸਾਨੂੰ ਮਾਈ ਸੇਵਾਂ ਦੇ ਬਜ਼ਾਰ ਵੱਲ ਲੈ ਕੇ ਤੁਰ ਪਿਆ। ਰਾਹ ਵਿਚ ਅਸੀਂ ਅਨੇਕਾਂ ਹੀ ਸਿੱਖਾਂ ਦੀਆਂ ਰੁਲਦੀਆਂ ਲਾਸ਼ਾਂ ਵੇਖੀਆਂ। ਬਾਜ਼ਾਰ ਵਿੱਚੋਂ ਫਕੀਰ ਸਿੰਘ ਦੀ ਦੁਕਾਨ ਸਾਹਮਣਿਓਂ ਸਾਨੂੰ ਇਕ ਟਰੱਕ ਰਾਹੀਂ ਕੈਂਪ ’ਚ ਲਿਆਂਦਾ ਗਿਆ। ਇਥੋਂ 17 ਜੂਨ ਨੂੰ ਸਿੰਘ ਸਾਹਿਬਾਨ ਦੀ ਮੀਟਿੰਗ ਸਮੇਂ ਸ੍ਰੀ ਦਰਬਾਰ ਸਾਹਿਬ ਲਿਆਂਦਾ ਗਿਆ ਅਤੇ ਪਿੱਛੋਂ ਰਿਹਾਅ ਕੀਤਾ ਗਿਆ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ