ਡਾਇਰੀਆਂ ਤੇ ਰੋਜ਼ਨਾਮਚੇ ਰੱਖਣ ਦਾ ਰਿਵਾਜ ਮੁਸਲਮਾਨਾਂ ਦੇ ਆਉਣ ਨਾਲ ਅਰੰਭ ਹੋਇਆ। ਮੁਸਲਮਾਨ ਬਾਦਸ਼ਾਹ ਆਪਣੀਆਂ ਜੀਵਨੀਆਂ ਲਿਖਦੇ ਸਨ ਤੇ ਉਹ ਉਸ ਸਮੇਂ ਦੇ ਇਤਿਹਾਸ ਨੂੰ ਉਲੀਕਣ ਲਈ ਬਹੁਤ ਹੀ ਲਾਭਦਾਇਕ ਹੁੰਦੀਆਂ ਸਨ। ਬਾਬਰ ਨੇ ਆਪਣੀ ਜੀਵਨੀ ਦੇ ਹਾਲਾਤ ਆਪ ਲਿਖੇ ਹਨ। ਉਸ ਦੀ ਲਿਖਤ ਦੀ ਸਾਹਿਤਕ ਤੇ ਇਤਿਹਾਸਕ ਮਹਾਨਤਾ ਨੂੰ ਮੁੱਖ ਰੱਖਦਿਆਂ ਲੇਨਪੂਲ ਨੇ ਲਿਖਿਆ ਹੈ ਕਿ “ਬਾਬਰ ਦੇ ਅਸਥਾਪਤ ਕੀਤੇ ਰਾਜ ਦਾ ਅੰਤ ਹੋ ਗਿਆ ਹੈ। ਸਦੀਆਂ ਹੋਏ ਬਾਬਰ ਇਸ ਦੁਨੀਆਂ ਤੋਂ ਕੂਚ ਕਰ ਗਿਆ ਹੈ। ਪਰ ਉਸ ਦੀ ਲਿਖੀ ਡਾਇਰੀ ਸਦਾ ਅਮਰ ਹੈ ਤੇ ਅਮਰ ਰਹੇਗੀ।” ਡਾਇਰੀਆਂ ਤੇ ਰੋਜ਼ਨਾਮਚੇ ਆਮ ਕਰ ਕੇ ਫਾਰਸੀ ਵਿਚ ਹੀ ਲਿਖੇ ਮਿਲਦੇ ਹਨ। ਕਿਉਂਕਿ ਫਾਰਸੀ ਉਸ ਸਮੇਂ ਦੀ ਰਾਜਸੀ ਬੋਲੀ ਸੀ ਇਸ ਕਰ ਕੇ ਡਾਇਰੀਆਂ ਤੇ ਰੋਜ਼ਨਾਮਚਿਆਂ ਦੀ ਬੋਲੀ ਵੀ ਫਾਰਸੀ ਹੀ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਰਾਜਸੀ ਬੋਲੀ ਫਾਰਸੀ ਸੀ ਇਸ ਲਈ ਉਸ ਸਮੇਂ ਦੀਆਂ ਤਾਰੀਖਾਂ ਅਤੇ ਸਰਕਾਰੀ ਰੀਕਾਰਡ ਤੇ ਦਰਬਾਰੀ ਲਿਖਾਰੀ ਸੋਹਨ ਲਾਲ ਸੂਰੀ ਦਾ ਰੋਜ਼ਨਾਮਚਾ ਵੀ ਫ਼ਾਰਸੀ ਵਿਚ ਹੀ ਮਿਲਦਾ ਹੈ। ਪਰ ਸਿੱਖ ਰਾਜ ਦੇ ਸਮੇਂ ਦੀ ਇਕ ਡਾਇਰੀ ਜਿਹੜੀ ਕਿ ਲਿਖਣ-ਢੰਗ ਤੇ ਬੋਲੀ ਵਿਚ ਅਦਭੁਤ ਲਿਖਤ ਹੈ ਪੰਜਾਬ ਯੂਨੀਵਰਸਿਟੀ ਲਾਇਬ੍ਰੇਰੀ, ਲਾਹੌਰ (ਪਾਕਿਸਤਾਨ) ਵਿਚ ਪਈ ਹੈ। ਇਸ ’ਤੇ ਸਫੇ ਜਾਂ ਪੱਤਰੇ ਨਹੀਂ ਲੱਗੇ ਹੋਏ। ਇਸ ਦੀ ਫੋਟੋ ਕਾਪੀ ਇਨ੍ਹਾਂ ਸਤਰਾਂ ਦੇ ਲਿਖਾਰੀ ਨੇ 1956 ਈ. ਵਿਚ ਖਾਲਸਾ ਕਾਲਜ, ਅੰਮ੍ਰਿਤਸਰ ਲਈ ਲਿਆਂਦੀ ਸੀ। ਕਿਉਂਕਿ ਇਸਦੇ ਸਾਰੇ ਵਰਕੇ ਕੀੜਿਆਂ ਨੇ ਖਾਧੇ ਹਨ, ਇਸ ਲਈ ਇਹ ਡਾਇਰੀ ਪੂਰੀ ਨਹੀਂ ਪਰ ਜਿਹੜੀਆਂ ਘਟਨਾਵਾਂ ਇਸ ਵਿਚ ਲਿਖੀਆਂ ਹਨ, ਕਿਸੇ ਹੋਰ ਤੋਂ ਨਹੀਂ ਮਿਲਦੀਆਂ।
ਅੰਮ੍ਰਿਤਸਰ ਦਾ ਲਿਖਾਰੀ :
ਇਸ ਅਦੁੱਤੀ ਹੱਥ-ਲਿਖਤ ਦੀ ਬੋਲੀ ਠੇਠ ਪੰਜਾਬੀ ਹੈ ਤੇ ਇਸ ਦਾ ਲਿਖਾਰੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜ਼ਿਆਦਾ ਕਰ ਕੇ ਅੰਮ੍ਰਿਤਸਰ ਦੀਆਂ ਖ਼ਬਰਾਂ ਲਿਖਦਾ ਹੈ। ਡਾਇਰੀ ਸੰਪੂਰਨ ਤਾਂ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਜੰਗ ਤਕ ਹੋ ਜਾਂਦੀ ਹੈ ਪਰ ਅੰਮ੍ਰਿਤਸਰ ਦੇ ਵਿਚ ਅੰਗਰੇਜ਼ਾਂ ਦੇ ਆਉਣ ਦਾ ਹਾਲ ਤੇ ਉਨ੍ਹਾਂ ਦਾ ਅੰਮ੍ਰਿਤਸਰ ਦੀ ਪੁਰਾਣੀ ਫਸੀਲ ਨੂੰ ਢਾਹ ਕੇ ਨਵੀਂ ਫਸੀਲ ਬਣਾਉਣੀ ਤੇ ਦਰਵਾਜ਼ੇ ਕੱਢਣ ਦਾ ਕਥਨ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਇਸ ਦਾ ਲਿਖਾਰੀ ਜ਼ਰੂਰੀ ਤੌਰ ’ਤੇ ਅੰਮ੍ਰਿਤਸਰ ਦਾ ਵਸਨੀਕ ਸੀ। ਇਸ ਤੋਂ ਸਿਵਾਇ ਇਸ ਵਿਚ ਦਿੱਤੀਆਂ ਵਿਸ਼ੇਸ਼ ਘਟਨਾਵਾਂ ਵੀ ਅੰਮ੍ਰਿਤਸਰ ਨਾਲ ਸੰਬੰਧਿਤ ਹਨ ਜਿਸ ਕਰ ਕੇ ਇਹ ਸਿੱਟਾ ਕੱਢਣਾ ਔਖਾ ਨਹੀਂ ਕਿ ਇਹ ਲਿਖਤ ਅੰਮ੍ਰਿਤਸਰ ਵਿਚ ਹੀ ਲਿਖੀ ਗਈ। ਲਿਖਣ ਵਾਲੇ ਦਾ ਨਾਂ ਅਖੀਰ ਵਿਚ ਦਿੱਤਾ ਹੈ ਤੇ ਉਹ ਲਿਖਦਾ ਹੈ ਕਿ ਉਸ ਨੇ ਇਹ ਡਾਇਰੀ ਰਾਮ ਸਿੰਘ ਦੇ ਕਹਿਣ ’ਤੇ ਲਿਖੀ ਹੈ। ਲਿਖਣ ਵਾਲੇ ਦਾ ਨਾਂ ਤਾਰਾ ਸਿੰਘ ਹੈ, ਜਿਸ ਤਰ੍ਹਾਂ ਕਿ ਡਾਇਰੀ ਦੇ ਅੰਤ ਵਿਚ ਦੋਹਰੇ ਰਾਹੀਂ ਦੱਸਿਆ ਗਿਆ ਹੈ। ਸਾਰੀ ਲਿਖਤ ਵਿਚ ਇਹ ਸਤਰ੍ਹਾਂ ਹੀ ਕਵਿਤਾ ਵਿਚ ਹਨ:
ਦੋਹਰਾ
ਦੇਖੀ ਸੁਨੀ ਜੁ ਬਾਤ ਸੀ, ਸੋ ਸਭ ਕਹੀ ਬਖਾਨ।
ਕਵਿ ਤਾਰਾ ਸਿੰਘ ਕਹਿਤ ਹੈ, ਜਾਨਤੁ ਚਤਰ ਸੁਜਾਨ।
ਰਾਮ ਸਿੰਘ ਨੇ ਜੋ ਕਹਿਆ, ਸੋ ਹਮ ਲਿਖਿਆ ਬਨਾਇ।
ਜੋ ਜੋ ਆਗੈ ਕਹਿਣਗੇ, ਸੋ ਲਿਖਤੁ ਚਾਇ।
ਲੇਖਕ ਆਪਣੇ ਬਾਰੇ ਜਾਂ ਰਾਮ ਸਿੰਘ ਬਾਰੇ ਕੋਈ ਥਹੁ-ਪਤਾ ਨਹੀਂ ਦੱਸਦਾ। ਲਿਖਤ ਤੋਂ ਉਹ ਅੰਮ੍ਰਿਤਸਰ ਦੇ ਹੀ ਵਸਨੀਕ ਜਾਪਦੇ ਹਨ।
ਲਿਖਣ ਕਾਲ :
ਲਿਖਾਰੀ ਡਾਇਰੀ ਸਮਾਪਤ ਕਰਨ ਦਾ ਸਮਾਂ 1903 ਸੰਮਤ 1846 ਈਸਵੀ ਲਿਖਦਾ ਹੈ। ਪਰ ਇਸ ਤੋਂ ਪਿੱਛੋਂ ਦੇ ਹਾਲਾਤ ਵੀ ਅੰਕਿਤ ਹਨ। ਇਹ ਦੂਜੀ ਸਿਆਹੀ ਤੇ ਹੋਰ ਕਲਮ ਦੇ ਲਿਖੇ ਹਨ ਪਰ ਲਿਖਾਰੀ ਇਕ ਹੀ ਜਾਪਦਾ ਹੈ। ਪਰ ਡਾਇਰੀ ਦਾ ਖ਼ਾਤਮਾ ਸੰਮਤ 1903 ਵਿਚ ਹੀ ਹੋ ਜਾਂਦਾ ਹੈ ਜਿਵੇਂ ਕਿ ਅੰਕਿਤ ਹੈ: “ਲਾਹੌਰ ਸੇ ਹੁਕਮ ਅੰਗ੍ਰੇਜ਼ ਕਾ ਭਇਆ ਸੰਮਤ 1903। ਆਗੇ ਅਉਰ ਭੀ ਬਾਤਾਂ ਬਹੁਤੀਆ ਹੈ। ਪਰ ਪੁਸਤਕ ਵਧ ਜਾਤਾ ਹੈ। ਤਾ ਤੋ ਅਬ ਭੋਗ ਪਾਵਤੇ ਹੈ।” ਡਾਇਰੀ ਬਹੁਤ ਖਸਤਾ ਹਾਲਤ ਵਿਚ ਹੋਣ ਕਰ ਕੇ ਸੰਮਤ 1860 ਤੋਂ ਪਹਿਲਾਂ ਦੇ ਹਾਲਾਤ ਦਾ ਪਤਾ ਨਹੀਂ ਲੱਗਦਾ ਪਰ ਸੰਮਤ 1860 ਤੋਂ ਲੈ ਕੇ 1903 ਸੰਮਤ ਤਕ ਸੁਹਣੇ ਤੇ ਸਿਲਸਿਲੇਵਾਰ ਹਾਲ ਲਿਖੇ ਹਨ। ਲਿਖਣ-ਢੰਗ ਯਥਾਰਥਵਾਦੀ ਹੈ ਤੇ ਲਿਖਾਰੀ ਸੰਮਤ ਤੇ ਵਾਰ ਨਾਲੋ-ਨਾਲ ਲਿਖੀ ਜਾਂਦਾ ਹੈ:
“ਸੰਮਤ 1860 ਫਗਣੁ ਮੇ ਹੋਲਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਬੀਚ ਆਨ ਖੇਡਿਆ।”
“ਸੰਮਤ 1862 ਮੱਘਰ ਦੀ ਬਈਵੀਂ ਮੰਗਲਵਾਰ ਮਰਹਟਾ ਜਸਵੰਤਰਾ ਅੰਮ੍ਰਿਤਸਰ ਮੇਂ ਆਇਆ। ਪਾਛੇ ਪਾਛੇ ਫਰੰਗੀ ਭੀ ਮਰਹਟੇ ਕੇ ਲਗ ਆਇਆ। ਸੋ ਭੀ ਅੰਮ੍ਰਿਤਸਰ ਜੀ ਆ ਪਹੁਤਾ। ਫੇਰ ਮਰਹਟੇ ਨਾਲ ਪਗ ਵਟਾਈ। ਰਣਜੀਤ ਸਿੰਘ ਨੇ ਮਿਤ੍ਰ ਬਣੇ ਅੰਮ੍ਰਿਤਸਰ ਜੀ ਮੈ। ਰਲ ਕੇ ਚੂਲੇ ਲੀਤੇ। ਆਪਸ ਬੀਚ ਸਹੁ ਕਰੀ ਜੋ ਇਕ ਦੂਏ ਸੋ ਧ੍ਰੋਹ ਛਲ ਨ ਕਰਨਾ। ਮਰਹਟਾ ਵੜਾ.. ਆ ਨਾਲ ਲੈ ਆਇਆ ਸੀ। ਜਿਸ ਕੇ ਹਾਥੀਆ ਕੇ ਜੰਜੀਰ ਅਰ ਘੋੜਿਓ ਕੇ ਜੰਜੀਰ ਸਭ ਸੋਨੇ ਕੇ ਥੇ। ਫੇਰ ਮਰਹਟਾ ਅੰਮ੍ਰਿਤਸਰ ਜੀ ਕੇ ਨਗਰ ਕਾ ਅਜਮੂਦਾ ਲਗਾ ਲੈਣ। ਜੋ ਚੀਜ਼ ਬਜ਼ਾਰ ਮੈ ਹੋਵੈ ਸੋ ਸਭ ਚੀਜ਼ ਮੇਲ ਕੇ ਲੈ ਜਾਣ ਵਾ ਦਾਣਾ ਮਿਠਿਆਈ ਘਿਉ ਤੇਲ ਜਿਸ… ਸੀ ਭਾਓ ਲੈਣੀ ਬਾਤ ਹਟੀ ਵਾਲੇ ਕੀ ਪਰਤਨੀ (ਨਹੀਂ)…।”
ਵਾਰਤਕ ਦਾ ਨਮੂਨਾ
ਪੰਜਾਬੀ ਲਿਖਾਰੀ ਆਮ ਤੌਰ ’ਤੇ ਕਵਿਤਾ ਹੀ ਲਿਖਿਆ ਕਰਦੇ ਸਨ ਤੇ ਵਾਰਤਕ ਬਹੁਤ ਘੱਟ। ਵਾਰਤਕ ਲਿਖਣ ਵਾਲਿਆਂ ਵਿਚ ਇਤਿਹਾਸ ਲਿਖਣ ਵਾਲੇ ਤਾਂ ਬਹੁਤ ਹੀ ਘੱਟ ਹੋਏ ਹਨ। ਇਤਿਹਾਸ ਲਿਖਣ ਵਾਲਿਆਂ ਵਿਚ ਵੀ ਇਤਿਹਾਸਕ ਸੂਝ ਰੱਖਣ ਵਾਲਾ ਕੋਈ ਵਿਰਲਾ ਹੀ ਹੈ। ਇਸ ਡਾਇਰੀ ਦੇ ਲਿਖਾਰੀ ਨੇ ਸੰਮਤ ਮਹੀਨੇ ਤੇ ਵਾਰ ਦੇ ਕੇ ਆਪਣੀ ਇਤਿਹਾਸਕ ਸੂਝ ਦਾ ਸਬੂਤ ਦਿੱਤਾ ਹੈ। ਇਸ ਆਸ਼ੇ ਤੋਂ ਉਸ ਦੀ ਲਿਖਤ ਇਕ ਅਦੁੱਤੀ ਮਿਸਾਲ ਹੈ:
“ਸੰਮਤ 1865 ਭਾਦੋ ਦਿਨ 7, ਕਾਂਗੜਾ ਮਲਿਆਂ ਰਣਜੀਤ ਸਿੰਘ ਨੇ। ਜਿਸਦੇ ਪਹਿਲੇ ਕਖੀਏ ਅਮਰ ਸਿੰਘ ਥਾਪੇ ਨੇ ਮੋਰਚੇ ਲਗਾਏ।”
“ਸੰਮਤ 1869 ਸਾਵਣ ਦਿਨ 3 ਸਰਦਾਰ ਜੈਮਲ ਸਿੰਘ ਮੂਆ ਕਲਾਨੋਰ ਸੇ ਤੁਰਯਾ ਮੰਦਾ ਹੂਆ ਦੇ ਤਗਾਵਾਰ ਪਾਸ ਫਤੇ ਘੜ ਆਨ ਸਸਕਾਰਿਆ।”
“ਸੰਮਤ 1868 ਮਾਘ ਦਿਨ 21 ਚੰਦ ਕੌਰ ਕਾ ਵਿਵਾਹ ਖੜਗ ਸਿੰਘ ਸਾਂਹਸੀ ਸਾਥ ਹੋਆ। ਰਣਜੀਤ ਸਿੰਘ ਕੇ ਬੇਟੇ ਕਾ।”
“ਸੰਮਤ 1872 ਭਾਦੋ ਦਿਨ 14 ਜੋਦ ਸਿੰਘ (ਜੋਧ ਸਿੰਘ) ਸਿਰਦਾਰ ਰਾਮਗੜੀਆ ਮੂਆ ਅੰਮ੍ਰਤਸਰ ਬੀਚ।”
ਮੁਲਤਾਨ ਤੇ ਕਸ਼ਮੀਰ ਦੀਆਂ ਜਿੱਤਾਂ ਦੀਆਂ ਅੰਮ੍ਰਿਤਸਰ ਵਿਚ ਖੁਸ਼ੀਆਂ: ਮਹਾਰਾਜਾ ਰਣਜੀਤ ਸਿੰਘ ਆਪਣੀਆਂ ਜਿੱਤਾਂ ਦਾ ਕਾਰਨ ਗੁਰੂ ਦੀ ਮਿਹਰ ਸਮਝਦਾ ਸੀ। ਇਸ ਕਰ ਕੇ ਹਰ ਜਿੱਤ ਪਿੱਛੋਂ ਸ੍ਰੀ ਦਰਬਾਰ ਸਾਹਿਬ ਆ ਕੇ ਖੁਸ਼ੀਆਂ ਮਨਾਇਆ ਕਰਦਾ ਸੀ ਤੇ ਸ੍ਰੀ ਦਰਬਾਰ ਸਾਹਿਬ ਸ਼ੁਕਰਾਨੇ ਵਜੋਂ ਭੇਟਾਵਾਂ ਦੇਂਦਾ ਸੀ। ਡਾਇਰੀ ਲੇਖਕ ਭੇਟਾਵਾਂ ਦਾ ਵਿਸਥਾਰ ਦੱਸਦਾ ਹੈ:
“ਸੰਮਤ 1874 ਜੇਠ ਦਿਨ 18 ਕਤਿਕ 11 ਮੁਲਤਾਨ ਫਤੇ ਹੁਆ। ਖੜਗ ਸਿੰਘ ਨੇ ਫਤੇ ਪਾਈ ਮੁਦਕਰ ਖਾਂ ਸ਼ਹੀਦ ਹੋ ਮੂਆ। ਬਡੀ ਲੁਟ ਹੋਈ। ਸਿੰਘਰੁ… ਸੋਨਾ ਰੂਪਾ ਲੂਟਤੇ ਲੂਟਤੇ ਥਕ ਪੜੇ। ਸਰ…ਅਰ ਅੰਮ੍ਰਤਸਰ ਮੇ ਦੀਪਮਾਲਾ ਭਈ। ਬਡਾ ਪ੍ਰਸੰਨ ਹੋਆ ਨਿਹਾਲ ਹੋਆ। ਸਰਕਾਰ ਨੇ ਤਖ਼ਤ ਅਕਾਲ ਬੁੰਗੇ ਸਾਹਿਬ ਪਿੰਡ ਆਨ ਚੜਾਏ…6 ਹਾੜ ਬੀਚ ਕਸ਼ਮੀਰ ਕੋ ਜੀਤਿਆ। ਸਰਬ ਅਨੰਦ ਭਇਆ ਤਬ ਬੀ ਸਰਕਾਰ ਪੁੰਨ ਦਾਨ ਖੂਹ ਪਿੰਡ ਲੋਕਾਂ ਕੋ ਬਸ਼ਕੇ। ਦਰਬਾਰ ਸਾਹਿਬ… ਆਨ ਚਾੜ੍ਹਿਆ। ਝੰਡੇ ਸਾਹਿਬ ਪਰ ਦਰੀਆ… ਕੇ ਉਜਾੜ ਆਨ ਚਾੜੇ। ਚਉਤੇਰ ਪਰਕਰਮਾ ਕੇ ਬੀਚ… ਮੇਂ ਨਾਵਾਂ ਕਰਿਆ। ਸਰਬਤ ਖਾਲਸਾ ਰਾਜੀ ਹੁਆ।”
ਲਿਖਣ ਢੰਗ :
ਲਿਖਾਰੀ ਦਾ ਲਿਖਣ ਢੰਗ ਬੇਲਾਗ ਇਤਿਹਾਸਕ ਹੈ। ਹਰ ਗੱਲ ਦਾ ਵਿਸਥਾਰ ਦਿੰਦਿਆਂ ਠੀਕ-ਠੀਕ ਗੱਲਾਂ ਲਿਖ ਦਿੱਤੀਆਂ ਹਨ। ਬੋਲੀ ਸਾਦਾ ਤੇ ਠੇਠ ਹੈ ਜਿਹੜੀ ਕਿ ਸੌ ਸਾਲ ਪਿੱਛੋਂ ਵੀ ਅਸਾਨੀ ਨਾਲ ਸਮਝੀ ਜਾ ਸਕਦੀ ਹੈ:
“ਸੰਮਤ 1895 ਵਿਸਾਖ ਦਿਨੇ 22 ਮੰਗਲਵਾਰ ਗੁਜਰ ਸਿੰਘ ਗਿਲ ਮ੍ਰਿਤ ਹੋਆ। ਸੁਧਾਸਰੇ। ਅਮਰ ਕਰ ਕੇ ਮਸਤ ਥਾ। ਦੇਹਰੀ ਪਰ ਚੋਬਾਰਾ ਤਾਕੀ ਮੈ ਤੇ ਗਿੜੇ। ਗਿੜਨੇ ਨਾਲ ਹੀ ਸਿਰ ਪਾਟ ਪਇਆ। ਸਰੀਰ ਛੂਟ ਗਿਆ। ਡੇਢ ਪਹਰ ਰਾਤ ਰਹਤੀ ਥੀ। ਤਿਥ ਅਸ਼ਟਮੀ। ਫੇਰ ਬਾਬੇ ਕੇ ਦੇਹਰੇ ਸੰਸਕਾਰ ਹੋਈ।”
“ਸੰਮਤ 1896 ਹਾੜ ਦਿਨ 15 ਵੀਰਵਾਰ ਹਾੜ ਵਦੀ ਏਕਮ ਚਾਰ ਘੜੀ ਦਿਨ ਰਹਦੇ ਲਾਹੌਰ ਮੇਂ ਪਾਤਸ਼ਾਹ ਰਣਜੀਤ ਸਿੰਘ ਸੁਰਗਬਾਸੀ ਹੋਆ। ਹਜ਼ੂਰੀ ਬਾਗ ਮੇ ਸਸਕਾਰ ਹੋਈ। ਕਬੂਤ੍ਰਾਂ ਕਾ ਜੋੜਾ ਭੀ ਸੰਮਨ ਬੁਰਜ ਤੂੰ ਉਡ ਕਰਿ ਚਿਖਾ ਬਲਦੀ ਬੀਚ ਆਨ ਪੜਾ।”
ਮਹਾਰਾਜਾ ਰਣਜੀਤ ਸਿੰਘ ਦੇ ਪਿੱਛੋਂ ਦੇ ਹਾਲਾਤ :
ਡਾਇਰੀ ਦਾ ਲੇਖਕ ਲਿਖਦਾ ਹੈ ਕਿ ਕੰਵਰ ਨੋਨਿਹਾਲ ਸਿੰਘ ਦੀ ਮੌਤ ਪਿੱਛੋਂ ਚੰਦ ਕੌਰ ਨੇ ਕੰਵਰ ਸ਼ੇਰ ਸਿੰਘ ਨੂੰ ਮਾਰਨ ਦੀ ਸਕੀਮ ਬਣਾਈ ਪਰ ਕਾਮਯਾਬ ਨਾ ਹੋਈ:
“ਪੁੱਨਹ ਰਾਜੇ ਧਿਆਨ ਸਿੰਘ ਨੇ ਕਹਿਓ ਚੰਦ ਕੌਰ ਕੌ ਤਥਾ ਅਵਰ ਮੁਸਾਹਿਬ ਕਉ। ਜੋ ਪਾਤਿਸ਼ਾਹੀ ਸ਼ੇਰ ਸਿੰਘ ਕਉ ਦੀਜੀਏ। ਤਬ ਰਾਨੀ ਚੰਦ ਕੌਰ ਇਹ ਬਾਤ ਨਾ ਮਾਨੀ। ਆਪ ਹੀ ਰਾਜ ਕਰਨੇ ਲਾਗੀ। ਚਾਰ ਕੋਸੇਲ ਬਣਾਇ ਬੈਠੀ। ਤਬ ਕੇਤੇ ਰਾਜੇ ਮੁਸਾਹੁਬੁ ਮਰਜੀ ਮੈ ਭਏ। ਅਰ ਰਾਜਾ ਧਿਆਨ ਸਿੰਘ ਵਜ਼ੀਰ… ਕੀ ਕੀਤੀ… ਜਾ ਪ੍ਰਸੰਨ ਨ ਭਏ। ਤਬ ਏਕ ਦਿਨ ਚੰਦ ਕੌਰ… ਕੀਆ ਕੀਆ… ਜੇ ਡੇਵਡੀ ਮੈ ਆਪਨੇ ਸਿਪਾਹੀ… ਕਰਾਬੀਨ ਅਰ ਤਮਾਚੇ ਬੰਦੂਕ ਕਾ ਤਲਵਾਰੀ ਲੈ ਕੇ ਸਿਪਾਹੀ… ਤਬ ਤਿਨ ਕਉ ਕਹਿਆ ਜੋ ਮੈਂ ਸ਼ੇਰ ਸਿੰਘ ਕਉ ਆਪਨੇ ਪਾਸ ਬੁਲਾਵਤੀ ਹੋ। ਜਿਤ ਸਮੇ ਇਥੋ ਆਨ ਲੰਘੇ ਤਬ ਤੁਮ ਤੁਰਤ ਹੀ ਮਾਰ ਡਾਰਨਾ ਢਿਲ ਨਹੀ ਕਰਨੀ। ਇਹ ਬਾਤ ਮਿਥੀ।”
ਇਹ ਲਿਖਤ ਸਿੱਖ ਰਾਜ ਵਿਚ ਵਾਰਤਕ ਦਾ ਬਹੁਤ ਸੋਹਣਾ ਨਮੂਨਾ ਹੈ। ਬੋਲੀ ’ਤੇ ਫ਼ਾਰਸੀ ਦਾ ਅਸਰ ਪ੍ਰਤੱਖ ਹੈ। ਕਿਰਿਆ ਵਿਸ਼ੇਸ਼ ਢੰਗ ਨਾਲ ਵਰਤੀ ਹੈ। ਜਿਸ ਤਰ੍ਹਾਂ ‘ਬਾਤ ਨ ਮਾਨੀ’, ‘ਰਾਜ ਕਰਨੇ ਲਾਗੀ’, ‘ਪਾਸ ਬੁਲਾਵਤੀ ਹੈ’ ਪੰਜਾਬੀ ਵਾਤਾਵਰਨ ਤੇ ਰੰਗਣ ਆਪਣਾ ਵਾਯੂਮੰਡਲ ਬਣਾਉਂਦੀ ਹੈ। ਉਪਰੋਕਤ ਟੂਕ ਵਿਚ ‘ਚਾਰ ਕੋਸੇਲ ਬਣਾਇ ਬੈਠੀ’, ‘ਢਿਲ ਨਹੀਂ ਕਰਨੀ’ ਤੇ ‘ਇਹ ਬਾਤ ਮਿਥੀ’ ਬਹੁਤ ਸੁਹਣੇ ਤੇ ਢੁਕਵੇਂ ਵਰਤੇ ਹਨ। ਸ਼ਬਦ ਜੋੜ ‘ਕਉ’ ਪੁਰਾਤਨ ਪੰਜਾਬੀ ਦੇ ਅਸਰ ਦਾ ਸੂਚਕ ਹੈ।
ਮਹਾਰਾਜਾ ਸ਼ੇਰ ਸਿੰਘ ਤੇ ਸੰਧਾਵਾਲੀਆਂ ਦੀ ਸੁਲਹ :
ਜਦੋਂ ਮਹਾਰਾਜਾ ਸ਼ੇਰ ਸਿੰਘ ਤਖ਼ਤ ’ਤੇ ਬੈਠਾ ਤਾਂ ਬਾਬਾ ਬਿਕਰਮਾ ਸਿੰਘ ਊਨਾ ਵਾਲਿਆਂ ਨੇ ਮਹਾਰਾਜਾ ਸ਼ੇਰ ਸਿੰਘ ਦੀ ਤੇ ਸੰਧਾਵਾਲੀਆ ਸਰਦਾਰਾਂ ਦੀ ਸੁਲਹ ਕਰਵਾ ਦਿੱਤੀ। ਸੁਲਹ ਕਿਸ ਤਰ੍ਹਾਂ ਹੋਈ ਇਸ ਦਾ ਵਿਸਥਾਰ ਨਾਲ ਹਾਲ ਇਉਂ ਲਿਖਿਆ ਹੈ:
“ਪੁਨਹ ਲਹਣਾ ਸਿੰਘ ਸੰਧਾਵਾਲੀਆ ਕੈਦ ਭਇਓ। ਅਰ ਅਜੀਤ ਸਿੰਘ ਅਤਰ ਸਿੰਘ ਨਸ ਗਇਓ।…. ਤਤ ਕਲਕਤਿਓ ਕੂਚ ਕਰਕੇ ਅਰ ਫਰੰਗੀ ਪਾਸੋਂ ਸੌਂਪਣੀ ਲਿਖਵਾਇ ਕੇ ਊਨੇ ਮੇਂ ਆਏ ਵੜੇ। ਬਾਬੇ ਵਿਕ੍ਰਮਾ ਸਿੰਘ ਜੀ ਪਾਸ। ਉਸ ਬਾਬੇ ਵਿਕ੍ਰਮਾ ਸਿੰਘ ਨੇ ਆਪਣਾ ਆਦਮੀ ਭੇਜਿਆ ਸ਼ੇਰ ਸਿੰਘ ਪਾਸ ਤੇ ਫਰੰਗੀਆਂ ਵਾਲਾ ਖਤ ਵੀ ਭੇਜਿਆ ਜੋ ਹਮ ਭੀ ਇਸੇ ਬਾਤ ਪਰ ਰਾਜੀ ਹੈ। ਜੋ ਸੰਧਾਵਾਲੀਆ ਤੁਮਾਰੇ ਭਾਈ ਹੈਨ ਜਿਵੇਂ ਕਿਵੇਂ ਮੇਲ ਲੀਜੀਓ। ਤਬ ਲਹਿਣਾ ਸਿੰਘ ਕੋ ਅਰ ਕੇਹਰ ਸਿੰਘ ਕੋ ਕੈਦ ਤੇ ਨਿਕਾਰਯੋ। ਬੇੜੀਆਂ ਕਾਟੀਆ ਇਕਤ ਪਾਸੇ ਸਿੰਧਾਵਾਲੀਆ ਬੈਠੇ ਤੇ ਇਕਤ ਪਾਸੇ ਬਾਬਾ ਬਿਕ੍ਰਮਾ ਸਿੰਘ। ਇਕਤ ਪਾਸੇ ਸ਼ੇਰ ਸਿੰਘ ਰਾਜਾ ਧਿਆਨ ਵਾ ਮੁਸਾਹਿਬ ਤੇ ਬੀਚ ਗ੍ਰੰਥ ਸਾਹਿਬ ਰਖਿਆ।”
“ਸ਼ੇਰ ਸਿੰਘ ਅਰ ਸਿੰਧਾਵਾਲੀਆ ਨੇ ਜੋ ਹਮ ਆਪਸ ਬੀਚੂ ਖੋਟ ਨ ਕਰਨਾ। ਧ੍ਰੋਹ ਨ ਕਰਨਾ। ਜੰਗ ਜ਼ੁਲਮ ਨ ਕਰਨਾ। ਮਿਤ੍ਰ ਬਣੇ ਆਪਸ ਬੀਚ। ਉਥੇ ਕੜਾਹ ਪ੍ਰਸ਼ਾਦਿ ਵੰਡਿਆ। ਤਬ ਸ਼ੇਰ ਸਿੰਘ ਨੇ ਸਿੰਧਾਵਾਲੀਆ ਕੇ ਮੁਖ ਮੈ ਗਫਾ ਦੀਓ। ਅਰ ਸੰਧਵਾਲੀਆ ਨੇ ਸ਼ੇਰ ਸਿੰਘ ਪ੍ਰਤਾਪ ਸਿੰਘ ਕੇ ਮੁਖ ਮੇਂ ਗਫਾ ਦੀਓ। ਆਪਸ ਬੀਚ ਜਫੀਆ ਪਾਈਆ। ਮਿਲੇ ਗਿਲੇ ਬਡਾ ਅਨੰਦ ਹੂਆ। ਤਬ ਜਿਤਨਾ ਮੁਲਖ ਸੰਧਾਵਾਲੀਆ ਦਾ ਸੀ ਸੋ ਸਭ ਉਨ ਕੋ ਦੇ ਦੀਆ। ਪੁਨਹ ਔਰ ਵਧੀਕ ਭੀ ਦੇ ਦੀਆ।”
ਝੰਡੇ ਸਾਹਿਬ ਦਾ ਡਿੱਗਣਾ ਤੇ ਬੋਦੀ ਵਾਲਾ ਤਾਰਾ
ਇਤਿਹਾਸ ਆਮ ਜਨਤਾ ਦੇ ਸਮਾਜਿਕ, ਆਰਥਿਕ ਤੇ ਧਾਰਮਿਕ ਜੀਵਨ ਦਾ ਵਿਕਾਸ ਹੈ। ਆਮ ਲੋਕਾਂ ਦੇ ਡਰ, ਭੈ ਅਧੀਨ ਕੱਢੇ ਸਿੱਟੇ ਤੇ ਉਨ੍ਹਾਂ ਦਾ ਇਤਿਹਾਸਕ ਘਟਨਾਵਾਂ ਨਾਲ ਸੰਬੰਧ, ਜਨਤਾ ਵਿਚ ਫੈਲੇ ਵਿਸ਼ਵਾਸ ਦਾ ਲਿਖਾਰੀ ਨੇ ਸੁਹਣਾ ਚਿੱਤਰ ਖਿੱਚਿਆ ਹੈ।
“ਸੰਮਤ 1898 ਵਿਸਾਖੀ ਦਿਨ 22 ਏਕ ਘੜੀ ਰਾਤ ਗਈ ਚੌਕੀ ਵੱਲੋਂ ਦਰਸ਼ਨੀ ਦਰਵਾਜ਼ੇ ਲੋਕ ਦਰਸ਼ਨੀ ਦਰਵਾਜ਼ੇ ਪਾਸ ਪੜਤੇ ਥੇ ਜੋ ਅਨੇਕ… ਮੇ ਬਡਾ ਜ਼ੋਰ ਸੇ ਵਰਸੇ ਹੈ।… ਝੰਡਾ ਸਾਹਿਬ ਟੂਟ ਪੜਾ… ਤਬ ਲੋਕਾਂ ਨੇ ਕਹਿਆ ਜੋ ਬਡਾ ਉਪਦ੍ਰਵ ਹੂਆ ਅਰ ਤਿਸੀ ਵਿਸਾਖ ਕੇ ਮਹੀਨੇ ਤਾਰਾ ਬੋਦੀ ਵਾਲਾ ਚੜਿਆ। ਬਡੀ ਖੰਡੇ ਕੀ ਧਾਰਾ ਜੈਸੀ ਲਾਟ ਨਿਕਲੇ ਸੰਧਿਆ ਸਮੇਂ। ਅੰਮ੍ਰਤਸਰੋ ਦੇਖੀਏ ਤੋ ਲਾਹੌਰ ਕੇ ਉਪਰ ਧਾਰਾ ਨਜ਼ਰ ਆਏ। ਤਉ ਭੀ ਲੋਕ ਕਹੇ ਜੋ ਕੋਈ ਉਪਦ੍ਰਵ ਹੋਵੇਗਾ। ਇਹ ਲਾਟ ਖਾਲੀ ਨਹੀਂ ਜਾਣੇਕੀ। ਅਰ ਤਿਸੀ ਸਾਲ ਮੋ ਬੁਰਜ ਨ੍ਰਿਪ ਦੇਸਾ ਸਿੰਘ ਮਜੀਠੀਏ ਕਾ ਜਲਿਓ। ਤਉ ਭੀ ਅਪਸਗਨ ਹੂਓ। ਸੰਮਤ 1899 ਜੇਠ ਦਿਨ 30 ਸ਼ੇਰ ਸਿੰਘ ਨੇ ਰਾਜਾ ਧਿਆਨ ਸਿੰਘ ਨਾਲ ਸਲਾਹ ਕਰਿ ਕੇ ਚੰਦ ਕੌਰ ਕੀਆ ਗੋਲੀਆਂ ਪਾਸੋਂ ਚੰਦ ਕੌਰ ਦੀ ਮੁਸਕੇਂ ਬੰਧਵਾਈ ਪਰਦੇ ਸਾਥ। ਫੇਰ ਪਥਰਾਹੀ ਸਾਥ ਮਾਰ ਦੀਨਾ ਗੋਲੀਆਂ ਨੇ। ਹੁਕਮ ਸ਼ੇਰ ਸਿੰਘ ਔਰ ਰਾਜੇ ਸਾਥ ਚੰਦ ਕੌਰ ਮਾਰ ਦੀਨੀ। ਤਦੋਂ ਸ਼ੇਰ ਸਿੰਘ ਅਰ ਰਾਜਾ ਧਿਆਨ ਸਿੰਘ ਵਜ਼ੀਰਾਬਾਦ ਥੇ।… ਸਮੇਤ। ਪੁਨਰ ਅਨਾਰਕਲੀ ਸਿਸਕਾਰ ਕਰਯਾ…ਜਹਾ…ਕੀ ਸਮਾਧ ਥੀ। ਜਬ ਚੰਦ ਕੌਰ ਮੁਈ ਸੁਣੀ ਤਬ ਸ਼ੇਰ ਸਿੰਘ ਅਰ ਰਾਜਾ ਵਜ਼ੀਰਾਬਾਦੋਂ ਕੂਚ ਕਰ ਕੇ ਲਾਹੌਰ ਆਨ ਵੜੇ। ਤਬ ਗੋਲੀਆਂ ਕੋ ਕਹਿਣ ਲਗੇ ਤੁਮਨੇ ਬੁਰਾ ਕੀਆ ਹੈ। ਤਬ ਗੋਲੀਓ ਕੇ ਹਾਥ ਵਢਾਇ ਦੀਏ। ਜੋ ਲੋਕ ਜਾਣਹਿ ਇਨਹੁ ਨਹੀਂ ਕਰਿਆ।”
ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਬਾਰੇ ਜਾਂ ਰਾਜਾ ਤੇਜ ਸਿਹੁੰ ਲਾਲ ਸਿਹੁੰ ਸੰਬੰਧੀ ਲੇਖਕ ਨੇ ਕੋਈ ਗੱਲ ਨਹੀਂ ਲਿਖੀ। ਹੋ ਸਕਦਾ ਹੈ ਕਿ ਲਿਖਤ ਦਾ ਇਹ ਹਿੱਸਾ ਕੀੜਿਆਂ ਨੇ ਖਾ ਲਿਆ ਹੋਵੇ। ਜਾਂ ਲਿਖਾਰੀ ਨੇ ਇਸ ਸੰਬੰਧ ਵਿਚ ਕੁਝ ਲਿਖਿਆ ਹੀ ਨਾ ਹੋਵੇ।
ਇਉਂ ਜਾਪਦਾ ਹੈ ਕਿ ਲਿਖਾਰੀ ਨੇ ਜਿਉਂ-ਜਿਉਂ ਘਟਨਾਵਾਂ ਹੋਈਆਂ ਵੇਖੀਆਂ ਜਾਂ ਸੁਣੀਆਂ ਉਹ ਆਪਣੇ ਤੌਰ ’ਤੇ ਲਿਖੀ ਗਿਆ ਹੈ। ਉਸ ਦੇ ਜਾਣਕਾਰੀ ਦੇ ਸੋਮੇ ਸਰਕਾਰੀ ਜਾਂ ਅਰਧ ਸਰਕਾਰੀ ਨਹੀਂ ਲੱਗਦੇ। ਉਸ ਨੇ ਲੋਕਾਂ ਵਿਚ ਪ੍ਰਚੱਲਤ ਗੱਲਾਂ ਨੂੰ ਅੰਕਿਤ ਕੀਤਾ ਹੈ। ਲੋਕਾਂ ਦੇ ਵਿਸ਼ਵਾਸਾਂ ਨੂੰ ਲਿਖਤੀ ਰੂਪ ਦਿੱਤਾ ਹੈ। ਇਹ ਕੰਮ ਕੋਈ ਸਰਕਾਰੀ ਇਤਿਹਾਸਕਾਰ ਜਿਵੇਂ ਸੋਹਨ ਲਾਲ ਸੂਰੀ ਮਹਾਰਾਜਾ ਰਣਜੀਤ ਸਿੰਘ ਦੀ ਡਾਇਰੀ ਲਿਖਣ ਵਾਲਾ ਨਹੀਂ ਕਰ ਸਕਦਾ ਸੀ। ਕਿਉਂਕਿ ਉਸ ਲਈ ਇਹ ਗੱਲਾਂ ਕੋਈ ਮਹਾਨਤਾ ਨਹੀਂ ਰੱਖਦੀਆਂ ਸਨ। ਇਸ ਦ੍ਰਿਸ਼ਟੀਕੋਣ ਤੋਂ ਵੇਖਿਆਂ ਇਸ ਲਿਖਤ ਦੀ ਇਤਿਹਾਸਕ ਲਿਖਤਾਂ ਵਿਚ ਇਕ ਵਿਸ਼ੇਸ਼ ਤੇ ਉਚੇਰੀ ਥਾਂ ਹੈ। ਇਹ ਲਿਖਤ ਸਮੇਂ ਦੇ ਮੌਖਿਕ ਇਤਿਹਾਸ ਦੀ ਇਕ ਅਦੁੱਤੀ ਮਿਸਾਲ ਹੈ।
ਲਿਖਾਰੀ ਅੰਮ੍ਰਿਤਸਰ ਦਾ ਹੈ ਤੇ ਅੰਮ੍ਰਿਤਸਰ ਵਿਚ ਵਾਪਰੀਆਂ ਘਟਨਾਵਾਂ ਉਸ ਦਾ ਮੁੱਖ ਵਿਸ਼ਾ ਹੈ।
ਲੇਖਕ ਬਾਰੇ
ਡਾ ਕਿਰਪਾਲ ਸਿੰਘ ਪ੍ਰਸਿੱਧ ਸਿੱਖ ਇਤਿਹਾਸਕਾਰ ਸਨ। ਆਪ ਅਨੇਕਾਂ ਅਹੁਦਿਆਂ ਤੇ ਤਾਇਨਾਤ ਰਹੇ, ਜਿਨ੍ਹਾਂ ਵਿੱਚ ਪ੍ਰਮੁੱਖ ਸਨ- ਇੰਚਾਰਜ, ਸਿੱਖ ਸਰੋਤ ਇਤਿਹਾਸਕ ਸੰਪਾਦਨਾ ਪ੍ਰੋਜੈਕਟ, ਕਲਗੀਧਰ ਨਿਵਾਸ, ਸੈਕਟਰ 27, ਚੰਡੀਗੜ੍ਹ
ਪ੍ਰੋਫੈਸਰ ਅਤੇ ਮੁਖੀ, ਪੰਜਾਬ ਹਿਸਟੋਰੀਕਲ ਸਟੱਡੀਜ਼ ਡਿਪਾਰਟਮੈਂਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ (1982 ਤੋਂ 1986) ਫਾਊਂਡਰ, ਓਰਲ ਹਿਸਟਰੀ ਸੈੱਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਦਾਇ, ਇਤਿਹਾਸ ਅਤੇ ਪੁਰਾਤੱਤਵ ਏਸ਼ੀਆਟਿਕ ਸੋਸਾਇਟੀ, ਕਲਕੱਤਾ (1995 ਤੋਂ 1997)
ਮੈਂਬਰ, ਗਵਰਨਿੰਗ ਕੌਂਸਲ, ਏਸ਼ੀਆਟਿਕ ਸੋਸਾਇਟੀ, ਕਲਕੱਤਾ (1992 ਤੋਂ 1997)
ਆਪ ਦਾ 2019 ਵਿੱਚ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।
- ਡਾ. ਕਿਰਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98/August 1, 2007
- ਡਾ. ਕਿਰਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98/September 1, 2009
- ਡਾ. ਕਿਰਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98/August 1, 2010