‘ਪ੍ਰਾਚੀਨ ਪੰਥ ਪ੍ਰਕਾਸ਼’, ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’, ‘ਗੁਰਬਿਲਾਸ ਪਾਤਸ਼ਾਹੀ ਦਸਵੀਂ’, ‘ਪੰਥ ਪ੍ਰਕਾਸ਼’, ‘ਤਵਾਰੀਖ ਗੁਰੂ ਖਾਲਸਾ’, ‘ਸ਼ਮਸ਼ੀਰ ਖਾਲਸਾ’, ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਆਦਿ ਪ੍ਰਮੁੱਖ ਰਚਨਾਵਾਂ ਹਨ ਜਿਹੜੀਆਂ ਗੁਰ-ਇਤਿਹਾਸ ਤੇ ਗੁਰੂ-ਕਾਲ ਉਪਰੰਤ ਦੇ ਇਤਿਹਾਸ ਨਾਲ ਸੰਬੰਧਿਤ ਹਨ। ਇਹ ਰਚਨਾਵਾਂ ਕਾਵਿ-ਰੂਪ ਵਿਚ ਹੋਣ ਕਾਰਨ ਇਨ੍ਹਾਂ ਅੰਦਰ ਇਤਿਹਾਸਕਾਰੀ ਦੇ ਨਾਲ-ਨਾਲ ਜਜ਼ਬਾਤੀ ਮਨ ਦੀਆਂ ਉਡਾਰੀਆਂ ਹਨ। ਫਿਰ ਵੀ ਬਾਬਾ ਬੰਦਾ ਸਿੰਘ ਦੇ ਇਤਿਹਾਸ ਨਾਲ ਸੰਬੰਧਿਤ ਸਥਾਨਾਂ ਤੇ ਘਟਨਾਵਾਂ ਦੇ ਵਿਸਤ੍ਰਿਤ ਵੇਰਵੇ ਦੇਣ ਵਿਚ ਇਹ ਕਾਫੀ ਸਹਾਇਤਾ ਕਰਦੀਆਂ ਹਨ, ਭਾਵੇਂ ਇਨ੍ਹਾਂ ਵਿਚ ਸੰਨ-ਸੰਮਤਾਂ ਦੀ ਸੂਚਨਾ ਦੇਣ ਉੱਤੇ ਧਿਆਨ ਨਹੀਂ ਦਿੱਤਾ ਗਿਆ।
ਇਨ੍ਹਾਂ ਸਾਰੀਆਂ ਰਚਨਾਵਾਂ ਵਿਚ ਥੋੜ੍ਹੇ-ਬਹੁਤ ਅੰਤਰ ਨਾਲ ਇਸ ਗੱਲ ਦਾ ਜ਼ਿਕਰ ਹੈ ਕਿ ਮਾਧੋਦਾਸ ਬੈਰਾਗੀ ਨੂੰ ਮਿਲਣ ਤੋਂ ਬਾਅਦ ਗੁਰੂ ਸਾਹਿਬ ਉਸ ਨੂੰ ਸਿੰਘ ਸਜਾ ਕੇ ਬੰਦਾ ਸਿੰਘ ਬਹਾਦਰ ਦਾ ਨਾਮ ਦਿੰਦੇ ਹਨ। ਬਾਬਾ ਜੀ ਨੂੰ ਪੰਜਾਬ ਵਿਚ ਮੁਗ਼ਲ ਹਾਕਮਾਂ ਵੱਲੋਂ ਕੀਤੇ ਅਤਿਆਚਾਰਾਂ ਬਾਰੇ ਦੱਸਿਆ ਜਾਂਦਾ ਹੈ ਅਤੇ ਉਨ੍ਹਾਂ ਵਿਰੁੱਧ ਸੰਘਰਸ਼ ਜਾਰੀ ਰੱਖਣ ਲਈ ਪੰਜਾਬ ਜਾਣ ਦਾ ਹੁਕਮ ਮਿਲਦਾ ਹੈ। ਗੁਰੂ ਸਾਹਿਬ ਬਾਬਾ ਬੰਦਾ ਸਿੰਘ ਨੂੰ ਆਪਣੇ ਭੱਥੇ ’ਚੋਂ ਪੰਜ ਤੀਰ, ਨਗਾਰਾ ਤੇ ਨਿਸ਼ਾਨ ਸਾਹਿਬ ਦੀ ਬਖਸ਼ਿਸ਼ ਕਰਦੇ ਹਨ। ਭਾਈ ਰਤਨ ਸਿੰਘ (ਭੰਗੂ) ਨੇ ਬਾਬਾ ਬੰਦਾ ਸਿੰਘ ਨਾਲ ਭੇਜੇ ਪੰਜ ਮੁਖੀ ਸਿੱਖਾਂ ਦੇ ਨਾਮ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਅਤੇ ਗਿਆਨੀ ਗਿਆਨ ਸਿੰਘ ਹੋਰਾਂ ਨੇ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਬਿਜੈ ਸਿੰਘ ਤੇ ਭਾਈ ਰਾਮ ਸਿੰਘ ਦੱਸੇ ਹਨ। ਇਨ੍ਹਾਂ ਤੋਂ ਇਲਾਵਾ 20 ਹੋਰ ਸਿੰਘਾਂ ਨੂੰ ਬਾਬਾ ਬੰਦਾ ਸਿੰਘ ਦੇ ਨਾਲ ਭੇਜਿਆ ਜਾਂਦਾ ਹੈ। ਸਿੱਖ ਸੰਗਤ ਦੇ ਨਾਮ ਹੁਕਮਨਾਮੇ ਤੇ ਮੁਖੀ ਸਿੱਖਾਂ ਦੇ ਪਤੇ ਵੀ ਦੱਸ ਦਿੱਤੇ ਗਏ ਤਾਂ ਜੋ ਪੰਜਾਬ ਪਹੁੰਚ ਕੇ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕੇ। ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ:
ਬੰਦਾ ਜਿਸ ਤਰੁ ਕੋ ਲਗੈ,ਤਾ ਕੋ ਦੇਤ ਸੁਕਾਇ।
ਤੂੰ ਹਮਰਾ ਬੰਦਾ ਭਯੋ,ਲਗ ਤੁਰਕਨ ਕੋ ਜਾਇ। (ਪੰਥ ਪ੍ਰਕਾਸ਼)
ਗੁਰੂ ਜੀ ਦੀ ਆਗਿਆ ਪਾ ਕੇ ਬਾਬਾ ਬੰਦਾ ਸਿੰਘ ਪੰਜਾਬ ਵੱਲ ਰਵਾਨਾ ਹੁੰਦਾ ਹੈ। ਸਿੱਖ ਇਤਿਹਾਸ ਦੇ ਗ੍ਰੰਥਾਂ ਵਿਚ ਬਾਬਾ ਬੰਦਾ ਸਿੰਘ ਦੇ ਪੰਜਾਬ ਆਉਣ ਲਈ ਚੁਣੇ ਗਏ ਰਸਤੇ ਸੰਬੰਧੀ ਬਹੁਤ ਘੱਟ ਸੂਚਨਾ ਮਿਲਦੀ ਹੈ। ਇਸ ਗੱਲ ਨਾਲ ਲੱਗਭਗ ਸਾਰੇ ਸਹਿਮਤ ਹਨ ਕਿ ਬਾਬਾ ਬੰਦਾ ਸਿੰਘ ਨੇ ਸਿਹਰੀ ਖੰਡੇ ਪਿੰਡਾਂ ਵਿਚ ਪਹੁੰਚ ਕੇ ਸਿੱਖਾਂ ਨੂੰ ਹੁਕਮਨਾਮੇ ਭੇਜੇ। ਗਿਆਨੀ ਗਿਆਨ ਸਿੰਘ ਨੇ ਇਸ ਮਾਰਗ ਬਾਰੇ ਆਪਣੀਆਂ ਰਚਨਾਵਾਂ ਵਿਚ ਦੂਜਿਆਂ ਨਾਲੋਂ ਕੁਝ ਵਧੇਰੇ ਜਾਣਕਾਰੀ ਦਿੱਤੀ ਹੈ। ਗਿਆਨੀ ਜੀ ਅਨੁਸਾਰ ਬਾਬਾ ਬੰਦਾ ਸਿੰਘ ਨਾਂਦੇੜ ਸਾਹਿਬ ਤੋਂ ਚਲ ਕੇ ਮਹਾਂਰਾਸ਼ਟਰ, ਤਿਲੰਗਾਨਾ ਦੇ ਵੱਖ-ਵੱਖ ਭਾਗਾਂ ਵਿਚ ਦੀ ਹੁੰਦੇ ਹੋਏ ਮੱਧ ਪ੍ਰਦੇਸ਼ ਦੇ ਇੰਦੌਰ ਤੇ ਉਜੈਨ ਨਗਰਾਂ ਵਿਚ ਪਹੁੰਚਦੇ ਹਨ, ਜਿਥੋਂ ਉਹ ਰਾਜਪੁਤਾਨੇ ਦੇ ਇਲਾਕੇ ਵਿਚ ਦਾਖਲ ਹੁੰਦਾ ਹੈ। ਰਾਜਸਥਾਨ ਦੇ ਸ਼ਹਿਰਾਂ ਜਾਂ ਨਗਰਾਂ ਦੇ ਨਾਵਾਂ ਵਿੱਚੋਂ ਕੇਵਲ ਅਜਮੇਰ ਸ਼ਹਿਰ ਦਾ ਜ਼ਿਕਰ ਮਿਲਦਾ ਹੈ। ਇਸ ਪ੍ਰਕਾਰ ਹੀ ਗਿਆਨੀ ਗਿਆਨ ਸਿੰਘ ਨੇ ਉੱਤਰ ਪ੍ਰਦੇਸ਼ ਦੇ ਇਲਾਕੇ ਮਥਰਾ ਸ਼ਹਿਰ ਦਾ ਜ਼ਿਕਰ ਵੀ ਕੀਤਾ ਹੈ।
ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜਪੂਤਾਨੇ ਤੋਂ ਬਾਅਦ ਮੌਜੂਦਾ ਹਰਿਆਣਾ ਪ੍ਰਾਂਤ ਵਿਚ ਲੁਹਾਰੂ ਪਹੁੰਚਣ ਦਾ ਪਤਾ ਲੱਗਦਾ ਹੈ ਜੋ ਰਾਜਸਥਾਨ ਦੇ ਬਾਰਡਰ ਨਾਲ ਲੱਗਦਾ ਨਗਰ ਹੈ। ਇਸ ਇਲਾਕੇ ਵਿਚ ਵਿਚਰਦਿਆਂ ਬਾਬਾ ਬੰਦਾ ਸਿੰਘ ਨੇ ਇਕ ਪਿੰਡ ਨੂੰ ਲੁੱਟਣ ਆਏ ਧਾੜਵੀਆਂ ਤੋਂ ਲੋਕਾਂ ਦੀ ਸਹਾਇਤਾ ਕੀਤੀ ਜਿਹੜੇ ਲੁਟੇਰਿਆਂ ਤੋਂ ਡਰ ਕੇ ਪਿੰਡ ਨੂੰ ਛੱਡ ਕੇ ਦੌੜ ਰਹੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੇ ਹੁਕਮ ’ਤੇ ਲੁਟੇਰਿਆਂ ਤੋਂ ਸਿੰਘਾਂ ਨੇ ਘੋੜੇ ਤੇ ਹਥਿਆਰ ਖੋਹ ਲਏ। ਇਸ ਉਪਰੰਤ ਲੁਹਾਰੂ ਦੇ ਨਵਾਬ ਨਾਲ ਵੀ ਸਿੱਖਾਂ ਦੀ ਝੜਪ ਹੁੰਦੀ ਹੈ। ਇਸ ਲੜਾਈ ਵਿਚ ਨਵਾਬ ਮਾਰਿਆ ਜਾਂਦਾ ਹੈ ਤੇ ਇਥੇ ਵੀ ਸਿੱਖਾਂ ਨੇ ਕਾਫੀ ਘੋੜੇ ਤੇ ਹਥਿਆਰ ਪ੍ਰਾਪਤ ਕਰ ਲਏ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਰਸਤੇ ਵਿਚ ਚਲਦਿਆਂ ਹੀ ਅਗਲੇ ਸੰਘਰਸ਼ ਦੀ ਤਿਆਰੀ ਵੀ ਨਾਲੋ-ਨਾਲ ਚਲ ਰਹੀ ਸੀ:
ਤਿਨ ਕੇ ਅਸਵ ਨੀਕ ਤੁਮ ਛੀਨਯੋਂ,ਇਕ ਇਕ ਪੰਜ ਪੰਜ ਲਈਓ।
ਮਿਲ ਹੈਂ ਔਰ ਸਿੰਘ ਜਬ ਆਈ ਤਿਨ ਕੋ ਤੁਮ ਵਹਿ ਦਈਓ॥ (ਪੰਥ ਪ੍ਰਕਾਸ਼)
ਭਾਈ ਰਤਨ ਸਿੰਘ (ਭੰਗੂ) ਨੇ ਲੁਹਾਰੂ ਨਗਰ ਦਾ ਜ਼ਿਕਰ ਨਹੀਂ ਕੀਤਾ ਤੇ ਬਾਬਾ ਬੰਦਾ ਸਿੰਘ ਦੀ ਬਾਂਗਰ ਦੇ ਇਲਾਕੇ ਵਿਚ ਪਹੁੰਚਣ ਦੀ ਸੂਚਨਾ ਦੇ ਕੇ ਧਾੜਵੀਆਂ ਵੱਲੋਂ ਪਿੰਡ ਲੁੱਟਣ ਆਉਣ ਦੀ ਉਕਤ ਘਟਨਾ ਦਾ ਵੇਰਵਾ ਦਿੱਤਾ ਹੈ। ਇਸ ਤੋਂ ਬਾਅਦ ਉਸ ਨੇ ਕੈਥਲ ਦੇ ਫੌਜਦਾਰ ਨਾਲ ਝੜਪ ਹੋਣ ਦਾ ਜ਼ਿਕਰ ਕਰਕੇ ਉਸ ਨੂੰ ਸਿੱਖਾਂ ਵੱਲੋਂ ਗ੍ਰਿਫਤਾਰ ਕਰਨ ਤੇ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਉਸ ਨੂੰ ਮੁਆਫ ਕਰਨ ਦੀ ਜਾਣਕਾਰੀ ਦਿੱਤੀ ਹੈ:
ਫੌਜਦਾਰ ਸੋ ਫੜ ਲਯੋ ਘੋੜਯੋਂ ਲਯੋ ਉਤਾਰ।
ਜਿਤਨੋ ਮੰਦਾ ਬੋਲਿਓ ਉਤਨੀ ਕਰੀ ਉਸ ਮਾਰ।
ਮਿਹਰ ਫੇਰ ਉਸ ਬੰਦੈ ਕਈ।
ਫਿਰ ਫੁਜਦਾਰੀ ਉਸ ਦੀ ਦਈ। (ਪ੍ਰਾਚੀਨ ਪੰਥ ਪ੍ਰਕਾਸ਼)
ਘੋੜੇ ਤੇ ਹਥਿਆਰ ਲੈ ਕੇ ਬਾਬਾ ਬੰਦਾ ਸਿੰਘ ਉਥੋਂ ਕੂਚ ਕਰਕੇ ਹੋਰ ਅੱਗੇ ਵਧਦੇ ਹਨ। ਇਹ ਇਲਾਕਾ ਝੱਜਰ ਦੇ ਨਵਾਬ ਦਾ ਹੈ। ਝੱਜਰ ਤੋਂ ਅੱਗੇ ਬਾਬਾ ਬੰਦਾ ਸਿੰਘ ਸਿਹਰੀ ਨਗਰ ਵਿਚ ਪਹੁੰਚਦੇ ਹਨ। ਇਹ ਨਗਰ ਖਰਖੌਦਾ ਤਹਿਸੀਲ ਵਿਚ ਪੈਂਦਾ ਹੈ। ਇਹ ਦਿੱਲੀ ਤੋਂ 25 ਮੀਲ ਉੱਤਰ ਪੱਛਮ, ਰੁਹਤਕ ਤੋਂ 21 ਮੀਲ ਪੂਰਬ, ਸਾਂਪਲੇ ਤੇ ਸੋਨੀਪਤ ਦੇ ਵਿਚਕਾਰ ਸਾਂਪਲਾ ਤਹਿਸੀਲ ਦਾ ਪਿੰਡ ਹੈ। ਇਸ ਤੋਂ ਚਾਰ ਕੋਹ ’ਤੇ ਉੱਤਰ ਵਾਲੇ ਪਾਸੇ ਨੂੰ ਖੰਡਾ ਪਿੰਡ ਹੈ, ਜਿਸ ਦੇ ਲਾਗੇ ਹੀ ਸਿਹਰੀ ਪਿੰਡ ਹੈ (ਮਹਾਨ ਕੋਸ਼-ਪੰਨਾ-61) ਜਿਸ ਕਰਕੇ ਗ੍ਰੰਥਾਂ ਅੰਦਰ ਇਸ ਨੂੰ ਸਿਹਰੀ ਤੇ ਖੰਡਾ ਇਕੱਠਾ ਹੀ ਲਿਖਿਆ ਗਿਆ ਮਿਲਦਾ ਹੈ।
ਇਸ ਸਥਾਨ ’ਤੇ ਡੇਰਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਸਿੱਖਾਂ ਨੂੰ ਗੁਰੂ ਸਾਹਿਬ ਵੱਲੋਂ ਉਸ ਨੂੰ ਖਾਲਸੇ ਦਾ ਜਥੇਦਾਰ ਥਾਪ ਕੇ ਪੰਜਾਬ ਭੇਜਣ ਦੀ ਸੂਚਨਾ ਦੇਣ ਵਾਲੇ ਤੇ ਆਪਣੇ ਪਾਸ ਪਹੁੰਚਣ ਲਈ ਹੁਕਮਨਾਮੇ ਭੇਜੇ:
ਤਬ ਬੰਦੋ ਚੜ੍ਹ ਉਤਰਿਓ ਸੇਹਰ ਖੰਡੋ ਗ੍ਰਾਮ।
ਚਿੱਠੇ ਲਿਖੇ ਪੰਜਾਬ ਨੂੰ ਲੈ ਲੈ ਸਿੰਘਨ ਨਾਮ। (ਪ੍ਰਾਚੀਨ ਪੰਥ ਪ੍ਰਕਾਸ਼)
ਹੁਕਮਨਾਮੇ ਪਹੁੰਚਦਿਆਂ ਹੀ ਮਾਝੇ, ਦੁਆਬੇ ਤੇ ਮਾਲਵੇ ਦੇ ਇਲਾਕਿਆਂ ਵਿੱਚੋਂ ਅਨੇਕਾਂ ਸਿੱਖ ਇਸ ਨੂੰ ਗੁਰੂ ਸਾਹਿਬ ਦੀ ਆਗਿਆ ਮੰਨ ਕੇ ਸਿਹਰੀ ਖੰਡੇ ਨਗਰ ਵਲ ਚੱਲ ਪਏ। ਹਥਿਆਰ ਖਰੀਦਣ ਲਈ ਕਈ ਸਿੱਖਾਂ ਨੇ ਬਲਦ, ਗਊਆਂ, ਗਹਿਣੇ ਆਦਿ ਵੇਚ ਦਿੱਤੇ ਤੇ ਕਈਆਂ ਨੇ ਤਾਂ ਉਧਾਰ ਚੁੱਕ ਕੇ ਵੀ ਇਸ ਪਵਿੱਤਰ ਕਾਰਜ ਵਿਚ ਹਿੱਸਾ ਪਾਉਣ ਤੋਂ ਗੁਰੇਜ਼ ਨਾ ਕੀਤਾ।
ਜਦੋਂ ਹਾਕਮਾਂ ਨੂੰ ਇਸ ਗੱਲ ਦੀ ਖ਼ਬਰ ਹੋਈ ਤਾਂ ਉਨ੍ਹਾਂ ਨੇ ਦਰਿਆਵਾਂ ਦੇ ਪੱਤਣਾਂ ’ਤੇ ਪਹਿਰੇ ਲਗਾ ਕੇ ਸਿੱਖਾਂ ਨੂੰ ਰੋਕਣ ਦੇ ਆਦੇਸ਼ ਜਾਰੀ ਕਰ ਦਿੱਤੇ। ਇਸ ਕਰਕੇ ਮਾਝੇ ਤੇ ਦੁਆਬੇ ਦੇ ਸਿੱਖ ਬਾਬਾ ਬੰਦਾ ਸਿੰਘ ਤਕ ਪਹੁੰਚਣ ਵਿਚ ਸਫਲ ਨਾ ਹੋ ਸਕੇ ਪਰੰਤੂ ਮਾਲਵੇ ਵਿੱਚੋਂ ਪੰਜ ਕੁ ਸੌ ਸਿੱਖ ਭਾਈ ਫਤਹਿ ਸਿੰਘ, ਭਾਈ ਕਰਮ ਸਿੰਘ ,ਭਾਈ ਧਰਮ ਸਿੰਘ ਦੀ ਅਗਵਾਈ ਵਿਚ ਪਹੁੰਚੇ। ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਜੋ ਸਰਹਿੰਦ ਵਿਖੇ ਵਜੀਰ ਖਾਨ ਕੋਲ ਨੌਕਰ ਸਨ, ਉਹ ਵੀ ਨੌਕਰੀ ਛੱਡ ਕੇ ਬਾਬਾ ਬੰਦਾ ਸਿੰਘ ਕੋਲ ਪਹੁੰਚਣ ਵਿਚ ਕਾਮਯਾਬ ਰਹੇ।
ਸਿੱਖਾਂ ਦੇ ਪਹੁੰਚਣ ਤੋਂ ਬਾਅਦ ਛੇਤੀ ਹੀ ਬਾਬਾ ਬੰਦਾ ਸਿੰਘ ਨੇ ਅਗਲੀ ਮੁਹਿੰਮ ਦੀ ਯੋਜਨਾਬੰਦੀ ਕਰਕੇ ਅੱਗੇ ਵਧਣਾ ਸ਼ੁਰੂ ਕੀਤਾ। ਗਿਆਨੀ ਗਿਆਨ ਸਿੰਘ ਅਨੁਸਾਰ ਇਸ ਜਥੇ ਦਾ ਪਹਿਲਾ ਨਿਸ਼ਾਨਾ ਕੁਰਮਾਨਾ ਨਗਰ ਬਣਿਆ ਤੇ ਫਿਰ ਟੁਹਾਣਾ ਸ਼ਹਿਰ ’ਤੇ ਹਮਲਾ ਕੀਤਾ ਜਿਥੇ ਸਰਹਿੰਦ ਦੇ ਸੂਬੇ ਵਜੀਰ ਖਾਨ ਦੇ ਨਜ਼ਦੀਕੀ ਰਿਸ਼ਤੇਦਾਰ ਰਹਿੰਦੇ ਸਨ। ਇਨ੍ਹਾਂ ਨੂੰ ਸੋਧਾ ਲਾਉਣ ਉਪਰੰਤ ਬਾਬਾ ਬੰਦਾ ਸਿੰਘ ਕੈਥਲ ਨੇੜੇ ਪੁੱਜੇ ਤਾਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਸ਼ਾਹੀ ਖਜ਼ਾਨਾ ਦਿੱਲੀ ਨੂੰ ਲਿਜਾਇਆ ਜਾ ਰਿਹਾ ਹੈ। ਸਿੰਘਾਂ ਨੇ ਹਮਲਾ ਕਰਕੇ ਸਾਰਾ ਖਜ਼ਾਨਾ ਲੁੱਟ ਲਿਆ ਜਿਸ ਨਾਲ ਹੋਣ ਵਾਲੇ ਖਰਚਿਆਂ ਲਈ ਭਾਰੀ ਰਕਮ ਬਾਬਾ ਬੰਦਾ ਸਿੰਘ ਦੇ ਹੱਥ ਲੱਗ ਗਈ। ਇਹ ਖ਼ਬਰ ਸੁਣ ਕੇ ਕੈਥਲ ਦਾ ਫੌਜਦਾਰ ਸੈਨਾ ਲੈ ਕੇ ਆਇਆ ਜਿਸ ਨੂੰ ਸਿੱਖਾਂ ਨੇ ਗ੍ਰਿਫਤਾਰ ਕਰ ਲਿਆ ਤੇ ਸਿਪਾਹੀਆਂ ਨੂੰ ਕੁੱਟ-ਕੁੱਟ ਕੇ ਭਜਾ ਦਿੱਤਾ। ਭਾਈ ਰਤਨ ਸਿੰਘ (ਭੰਗੂ) ਨੇ ਇਸ ਘਟਨਾ ਦਾ ਜ਼ਿਕਰ ਸਿਹਰੀ ਖੰਡਾ ਪਿੰਡ ਪਹੁੰਚਣ ਤੋਂ ਪਹਿਲਾਂ ਦੇ ਮਾਰਗ ਵਿਚ ਕੁਝ ਅੰਤਰ ਨਾਲ ਕੀਤਾ ਹੈ।
ਕੈਥਲ ਤੋਂ ਚੱਲ ਕੇ ਬਾਬਾ ਬੰਦਾ ਸਿੰਘ ਬਹਾਦਰ ਘੱਗਰ ਲੰਘ ਕੇ ਸਮਾਣੇ ਤੋਂ ਕੁਝ ਦੂਰੀ ’ਤੇ ਡੇਰਾ ਕਰਦੇ ਹਨ। ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਸਾਸ਼ਲ ਬੇਗ ਤੇ ਬਾਸ਼ਲ ਬੇਗ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਸੱਯਦ ਜਲਾਲੁਦੀਨ ਵੀ ਇਥੋਂ ਦਾ ਵਸਨੀਕ ਸੀ। ਭਾਵੇਂ ਇਥੋਂ ਦੇ ਫੌਜਦਾਰ ਨੂੰ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ’ਤੇ ਪੂਰਾ ਭਰੋਸਾ ਸੀ ਪਰ ਸਿੱਖਾਂ ਨੇ ਬਹੁਤ ਹੀ ਫੁਰਤੀ ਨਾਲ ਚਾਰੇ ਪਾਸਿਆਂ ਤੋਂ ਸ਼ਹਿਰ ਨੂੰ ਘੇਰੇ ਵਿਚ ਲੈ ਕੇ ਐਸਾ ਹੱਲਾ ਬੋਲਿਆ ਕਿ ਫੌਜਦਾਰ ਦਾ ਸਾਰਾ ਗਰੂਰ ਛਿਨ ਵਿਚ ਹੀ ਖ਼ਤਮ ਹੋ ਗਿਆ। ਸ਼ਾਮ ਤਕ ਸਾਰਾ ਸ਼ਹਿਰ ਬੁਰੀ ਤਰ੍ਹਾਂ ਉਜਾੜ ਦਿੱਤਾ ਗਿਆ। ਇਸ ਹਮਲੇ ਵਿਚ ਸਿੱਖਾਂ ਤੋਂ ਇਲਾਵਾ ਮੁਗ਼ਲ ਅਤਿਆਚਾਰਾਂ ਦੇ ਸਤਾਏ ਹੋਏ ਬਹੁਤ ਸਾਰੇ ਆਮ ਲੋਕਾਂ ਨੇ ਵੀ ਹਿੱਸਾ ਲਿਆ ਜਿਨ੍ਹਾਂ ਨੇ ਆਪਣੇ ਨਾਲ ਹੋਈਆਂ ਵਧੀਕੀਆਂ ਦਾ ਬਦਲਾ ਲੈਣ ਵੇਲੇ ਸਾਰੀਆਂ ਹੱਦਾਂ ਪਾਰ ਕੀਤੀਆਂ। ਇਸ ਹਮਲੇ ਵਿਚ 10,000 ਹਜ਼ਾਰ ਤੋਂ ਵਧੇਰੇ ਬੰਦਿਆਂ ਦਾ ਕਤਲ ਹੋਇਆ ਮੰਨਿਆ ਜਾਂਦਾ ਹੈ।
ਬਾਬਾ ਬੰਦਾ ਸਿੰਘ ਬਹਾਦਰ ਫਿਰ ਪਿੱਛੇ ਵੱਲ ਮੁੜੇ ਤੇ ਸੈਫਾਬਾਦ ਨਗਰ ਦਾ ਚੌਧਰੀ ਅਕਬਰ ਅਲੀ ਖਾਂ ਨਜ਼ਰਾਨਾ ਲੈ ਕੇ ਮਿਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਘੋੜਾ ਭੇਟ ਕੀਤਾ। ਉਹ ਸੈਫ ਅਲੀ ਖਾਂ ਦਾ ਪੁੱਤਰ ਸੀ, ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਕੀਤੀ ਸੀ। ਅਗਲਾ ਡੇਰਾ ਸਨੌਰ ਦੇ ਨਜ਼ਦੀਕ ਕੀਤਾ ਗਿਆ। ਅਕਬਰ ਖਾਂ ਦੇ ਕਹਿਣ ’ਤੇ ਸਨੌਰ ਦੇ ਹਾਕਮ ਨੂੰ ਵੀ ਕੁਝ ਹਥਿਆਰ ਤੇ ਘੋੜੇ ਲੈ ਕੇ ਛੱਡ ਦਿੱਤਾ ਗਿਆ। ਘੁੜਾਮ ਦੇ ਪਠਾਣਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਕੁਝ ਵਿਰੋਧ ਕੀਤਾ ਗਿਆ ਪਰ ਉਹ ਬਹੁਤੀ ਦੇਰ ਟਾਕਰਾ ਨਾ ਕਰ ਸਕੇ। ਇਸ ਪ੍ਰਕਾਰ ਹੀ ਉਸ ਨੇ ਕਰਨਾਲ ਜ਼ਿਲ੍ਹੇ ਦੇ ਠਸਕਾ ਅਤੇ ਸ਼ਾਹਬਾਦ ਨਗਰਾਂ ਉੱਤੇ ਵੀ ਕਬਜ਼ਾ ਕਰ ਲਿਆ।
ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਕਰਨਾਲ ਦੇ ਨਜ਼ਦੀਕ ਹੀ ਕੁੰਜਪੁਰਾ ਨਗਰ ’ਤੇ ਹਮਲਾ ਕੀਤਾ ਕਿਉਂਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਫਤਵਾ ਦੇਣ ਵਾਲੇ ਕਾਜ਼ੀ ਇਥੇ ਰਹਿੰਦੇ ਸਨ ਤੇ ਵਜ਼ੀਰ ਖਾਨ ਦਾ ਪਿਛਲਾ ਪਿੰਡ ਇਹੋ ਹੀ ਸੀ। ਇਥੋਂ ਦਾ ਹਾਕਮ ਨਵਾਬ ਹਸਮਤ ਖਾਂ ਸਿੱਖਾਂ ਦੇ ਆਉਣ ਦੀ ਖ਼ਬਰ ਸੁਣਦਿਆਂ ਹੀ ਦੌੜ ਗਿਆ ਪਰ ਕਾਜ਼ੀਆਂ ਨੂੰ ਸਜ਼ਾ ਦਿੱਤੀ ਗਈ। ਭਾਈ ਰਤਨ ਸਿੰਘ (ਭੰਗੂ) ਨੇ ਵੀ ਇਸ ਨਗਰ ’ਤੇ ਹਮਲਾ ਕਰਨ ਦੀ ਸੂਚਨਾ ਦਿੱਤੀ ਹੈ ਪਰ ਦਾਮਲਾ, ਧੀਣ, ਮੁਲਾਣਾ, ਟੇਹਾ ਆਦਿ ਨਗਰਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਤੇ ਬਾਬਾ ਬੰਦਾ ਸਿੰਘ ਜੀ ਦੇ ਸਿੱਧਾ ਸਢੌਰਾ ਪਹੁੰਚਣ ਬਾਰੇ ਲਿਖਿਆ ਹੈ। ਗਿ. ਗਿਆਨ ਸਿੰਘ ਅਨੁਸਾਰ ਸਢੌਰੇ ਵੱਲ ਵਧਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਦਾਮਲਾ ਨਗਰ ’ਤੇ ਹਮਲਾ ਕੀਤਾ ਜੋ ਜਮੁਨਾਨਗਰ ਲਾਡਵਾ ਰੋਡ ’ਤੇ ਸਥਿਤ ਹੈ। ਉਥੋਂ ਅੱਗੇ ਧੀਣ, ਮੁਲਾਣਾ ਆਦਿ ’ਤੇ ਹਮਲਾ ਕਰਦਿਆਂ ਟੇਹਾ ਪਿੰਡ ਨੇੜੇ ਜਾ ਡੇਰਾ ਲਾਇਆ ਜਿਥੋਂ ਦੇ ਰੰਘੜ ਨਜ਼ਰਾਨਾ ਲੈ ਕੇ ਪਹਿਲਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਉਡੀਕ ਕਰ ਰਹੇ ਸਨ।
ਜਦੋਂ ਇਨ੍ਹਾਂ ਨਗਰਾਂ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਹਮਲੇ ਦਾ ਪਤਾ ਲੱਗਿਆ ਤਾਂ ਮੁਸਤਫਾਬਾਦ ਦੇ ਫੌਜਦਾਰ ਨੇ ਦੋ ਹਜ਼ਾਰ ਸਿਪਾਹੀਆਂ ਨੂੰ ਦੋ ਤੋਪਾਂ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਟਾਕਰਾ ਕਰਨ ਲਈ ਭੇਜਿਆ। ਇਥੇ ਹੋਏ ਜਬਰਦਸਤ ਮੁਕਾਬਲੇ ਵਿਚ ਸਿੱਖਾਂ ਨੇ ਡੱਟ ਕੇ ਟਾਕਰਾ ਕੀਤਾ। ਸਿੰਘਾਂ ਦੇ ਜੋਸ਼ ਸਾਹਮਣੇ ਮੁਗ਼ਲ ਸੈਨਿਕ ਟਿਕ ਨਾ ਸਕੇ ਤੇ ਅਖੀਰ ਮੈਦਾਨ ਛੱਡ ਕੇ ਭੱਜ ਨਿਕਲੇ। ਇਥੋਂ ਦੋ ਤੋਪਾਂ, ਅਨੇਕਾਂ ਘੋੜੇ ਤੇ ਹੋਰ ਜੰਗੀ ਸਾਮਾਨ ਸਿੰਘਾਂ ਦੇ ਹੱਥ ਲੱਗਿਆ। ਸਢੌਰੇ ਦੇ ਨਜ਼ਦੀਕ ਹੀ ਕਪੂਰੀ ਨਗਰ ਦੇ ਅਤਿਆਚਾਰੀ ਹਾਕਮ ਕਦਮੁਦੀਨ ਵਿਰੁੱਧ ਮਿਲੀਆਂ ਸ਼ਿਕਾਇਤਾਂ ਕਾਰਨ ਬਾਬਾ ਬੰਦਾ ਸਿੰਘ ਨੇ ਇਸ ਨੂੰ ਸੋਧਾ ਲਾਇਆ।
ਸਰਹਿੰਦ ਸੂਬੇ ਦੇ ਪਰਗਨਿਆਂ ਵਿੱਚੋਂ ਸਢੌਰਾ ਨਗਰ ਇਕ ਪ੍ਰਮੁੱਖ ਨਗਰ ਸੀ। ਇਥੋਂ ਦੇ ਕੱਟੜ ਮੁਸਲਮਾਨਾਂ ਵੱਲੋਂ ਪੀਰ ਬੁੱਧੂ ਸ਼ਾਹ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕਰਨ ਦਾ ਦੋਸ਼ ਲਾ ਕੇ ਸ਼ਰ੍ਹਾ ਅਧੀਨ ਕਤਲ ਕਰਵਾ ਦਿੱਤਾ ਗਿਆ ਸੀ। ਇਥੋਂ ਦੇ ਹਿੰਦੂਆਂ ਵਲੋਂ ਮੁਗ਼ਲਾਂ ਦੁਆਰਾ ਕੀਤੇ ਜਾਂਦੇ ਜ਼ੁਲਮਾਂ ਨੂੰ ਰੋਕਣ ਲਈ ਫਰਿਆਦ ਕੀਤੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ। ਕਾਜ਼ਮ ਮੀਰ ਜੋ ਸੌ ਕੁ ਪਿੰਡਾਂ ਦਾ ਮਾਲਕ ਸੀ ਉਸ ਨੇ ਆਕੀ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਟਾਕਰਾ ਕਰਨ ਦੀ ਤਿਆਰੀ ਕਰਕੇ ਭਾਰੀ ਗਿਣਤੀ ਵਿਚ ਆਪਣੇ ਹਮਾਇਤੀ ਇਕੱਤਰ ਕਰ ਲਏ। ਮੀਰ ਕਾਜ਼ਮ ਨੇ ਇਹ ਪ੍ਰਣ ਕੀਤਾ ਕੇ ਉਹ ਆਪਣੇ ਹੱਥਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਕਤਲ ਕਰੇਗਾ। ਕੁਝ ਸਮਾਂ ਉਸ ਨੇ ਆਪਣੇ ਸਾਥੀਆਂ ਨਾਲ ਸਿੱਖ ਫੌਜਾਂ ਨੂੰ ਭਾਰੀ ਟੱਕਰ ਵੀ ਦਿੱਤੀ। ਪਰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਅੱਗੇ ਹੋ ਕੇ ਅਗਵਾਈ ਕਰਨ ਨਾਲ ਸਿੱਖਾਂ ਨੇ ਪੂਰੇ ਜ਼ੋਰ ਨਾਲ ਧਾਵਾ ਬੋਲਿਆ ਤੇ ਵਿਰੋਧੀ ਧਿਰ ਦਾ ਭਾਰੀ ਨੁਕਸਾਨ ਕਰਨ ਤੋਂ ਬਾਅਦ ਸਿੱਖ ਸ਼ਹਿਰ ਵਿਚ ਦਾਖਲ ਹੋ ਗਏ। ਦੂਜੇ ਦਿਨ ਮੀਰ ਕਾਜ਼ਮ ਨੇ ਅਧੀਨਗੀ ਪ੍ਰਵਾਨ ਕਰਦਿਆਂ ਨਗਰ ਦੇ ਮੁਖੀ ਸਰਦਾਰਾਂ ਨੂੰ ਨਾਲ ਲੈ ਕੇ ਮੁਆਫੀ ਮੰਗੀ। ਇਥੋਂ ਚੱਲ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਖਲਿਸਗੜ੍ਹ ਦੇ ਕਿਲ੍ਹੇ ’ਤੇ ਕਬਜ਼ਾ ਕਰ ਲਿਆ।
ਭਾਈ ਰਤਨ ਸਿੰਘ (ਭੰਗੂ) ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਢੌਰੇ ਤੋਂ ਸਰਹਿੰਦ ਵੱਲ ਵਾਪਸ ਮੁੜਨ ਦਾ ਜ਼ਿਕਰ ਕਰਦਿਆਂ ਉਸ ਦੇ ਬਨੂੜ ਪਹੁੰਚਣ ਬਾਰੇ ਸੂਚਨਾ ਦਿੱਤੀ ਹੈ। ਗਿਆਨੀ ਗਿਆਨ ਸਿੰਘ ਨੇ ਇਸ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਦੇ ਸਹਾਰਨਪੁਰ ਵੱਲ ਰੁਖ ਕਰਨ ਤੇ ਸਹਾਰਨਪੁਰ ਦੇ ਆਸ-ਪਾਸ ਦੇ ਇਲਾਕਿਆਂ ’ਤੇ ਕਬਜ਼ਾ ਕਰਨ ਬਾਰੇ ਲਿਖਿਆ ਹੈ। ਉਸ ਅਨੁਸਾਰ ਇਨ੍ਹਾਂ ਇਲਾਕਿਆਂ ’ਤੇ ਕਬਜ਼ਾ ਕਰਨ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਅਸਲ ਨਿਸ਼ਾਨੇ ਸਰਹਿੰਦ ਵੱਲ ਮੁੜਦੇ ਹਨ। ਰਸਤੇ ਵਿਚ ਉਹ ਕਪਾਲ ਮੋਚਨ ਦੇ ਸਥਾਨ ’ਤੇ ਰੁਕਦੇ ਹਨ, ਜਿਥੇ ਨੇੜੇ-ਨੇੜੇ ਦੇ ਪਿੰਡਾਂ ਦੇ ਮੁਗ਼ਲ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਜ਼ਰਾਨੇ ਭੇਟ ਕਰਕੇ ਉਨ੍ਹਾਂ ਦੀ ਅਧੀਨਗੀ ਸਵੀਕਾਰਦੇ ਹਨ।
ਹੁਣ ਉਹ ਸਮਾਂ ਨਜ਼ਦੀਕ ਆ ਗਿਆ ਸੀ ਜਿਸ ਦੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਡੀਕ ਸੀ। ਵੱਖ-ਵੱਖ ਇਲਾਕਿਆਂ ਵਿਚ ਉਨ੍ਹਾਂ ਦੀਆਂ ਜਿੱਤਾਂ ਨੇ ਮੁਗ਼ਲਾਂ ਦੇ ਰਾਜ-ਭਾਗ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ। ਇਸ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਉੱਤੇ ਹਮਲੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਸ ਪਾਸੇ ਵੱਲ ਚੜ੍ਹਾਈ ਕੀਤੀ। ਰਸਤੇ ਵਿਚ ਛਤ ਬਨੂੜ ਦੇ ਹਿੰਦੂਆਂ ਦੀ ਬੇਨਤੀ ’ਤੇ ਉਥੋਂ ਦੇ ਅਤਿਆਚਾਰੀ ਮੁਗ਼ਲਾਂ ਨੂੰ ਸਜ਼ਾਵਾਂ ਦਿੱਤੀਆਂ ਤੇ ਦੋਵੇਂ ਸਥਾਨਾਂ ਨੂੰ ਆਪਣੇ ਅਧੀਨ ਕਰ ਲਿਆ। ਦੂਜੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਰੁਕੇ ਹੋਏ ਮਝੈਲ ਤੇ ਦੁਆਬੇ ਦੇ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਵੱਲ ਕੂਚ ਕਰਨ ਦਾ ਸੰਦੇਸ਼ ਮਿਲਦਿਆਂ ਹੀ ਇਸ ਪਾਸੇ ਚਾਲੇ ਪਾ ਦਿੱਤੇ। ਉਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲਣ ਤੋਂ ਰੋਕਣ ਲਈ ਵਜ਼ੀਰ ਖਾਨ ਨੇ ਮਲੇਰਕੋਟਲੇ ਦੇ ਨਵਾਬ ਸ਼ੇਰ ਮਹੁੰਮਦ ਖਾਨ ਦੀ ਡਿਊਟੀ ਲਗਾਈ। ਦੋਹਾਂ ਧਿਰਾਂ ਵਿਚ ਰੋਪੜ ਨਜ਼ਦੀਕ ਭਿਆਨਕ ਮੁਕਾਬਲਾ ਹੋਇਆ। ਇਥੇ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਪਰੰਤੂ ਧਰਮ ਯੁੱਧ ਲੜ ਰਹੇ ਸਿੰਘਾਂ ਨੇ ਸੂਰਮਤਾਈ ਨਾਲ ਮੁਗ਼ਲਾਂ ਦੀ ਭਾਰੀ ਫੌਜ ਦਾ ਟਾਕਰਾ ਕੀਤਾ। ਅਖੀਰ ਸ਼ੇਰ ਮੁਹੰਮਦ ਖਾਨ ਦਾ ਭਤੀਜਾ ਖਿਜ਼ਰ ਖਾਂ, ਭਾਈ ਬੀਰ ਸਿੰਘ ਦੀ ਗੋਲੀ ਨਾਲ ਮਾਰਿਆ ਗਿਆ। ਉਸ ਦੀ ਲੋਥ ਨੂੰ ਉਠਾਉਣ ਦੀ ਕੋਸ਼ਿਸ਼ ਵਿਚ ਨਸ਼ਤਰ ਖਾਂ ਤੇ ਵਲੀ ਮਹੁੰਮਦ ਖਾਂ ਵੀ ਮਾਰੇ ਗਏ ਤੇ ਸ਼ੇਰ ਮੁਹੰਮਦ ਖਾਨ ਫੱਟੜ ਹੋ ਗਿਆ।
ਸਿੰਘਾਂ ਨੇ ਦੁਸ਼ਮਣ ਦੀਆਂ ਫੌਜਾਂ ਤੋਂ ਅਨੇਕਾਂ ਘੋੜੇ ਤੇ ਹੋਰ ਜੰਗੀ ਸਾਮਾਨ ਖੋਹ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਪਹੁੰਚ ਗਏ। ਸਾਰੇ ਸਿੰਘਾਂ ਨੇ ਇਕੱਠੇ ਹੋਣ ਦੀ ਖੁਸ਼ੀ ਮਨਾਈ ਤੇ ਗੁਰੂ ਦਾ ਸ਼ੁਕਰਾਨਾ ਕੀਤਾ। ਸਰਹਿੰਦ ਵੱਲ ਜਾਂਦਿਆਂ ਬਡਾਲੀ ਨਗਰ ਵਿਖੇ ਰਾਤ ਬਤੀਤ ਕਰਕੇ ਅੱਗੇ ਵਧਣਾ ਜਾਰੀ ਰੱਖਿਆ। ਦੂਜੇ ਪਾਸੇ ਵਜ਼ੀਰ ਖਾਨ ਵੀ ਪੂਰੀ ਤਿਆਰੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਟਾਕਰਾ ਕਰਨ ਲਈ ਸਰਹਿੰਦ ਤੋਂ ਬਾਹਰ ਨਿਕਲ ਪਿਆ ਤੇ ਸਿੱਖਾਂ ਵਿਰੁੱਧ ਇਸਲਾਮੀ ਜਹਾਦ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਵਜ਼ੀਰ ਖਾਨ ਨੇ ਸੁੱਚਾ ਨੰਦ ਦੇ ਭਤੀਜੇ ਨੂੰ ਕੁਝ ਸੈਨਿਕਾਂ ਸਹਿਤ ਬਾਬਾ ਬੰਦਾ ਸਿੰਘ ਬਹਾਦਰ ਦੇ ਕਾਫਲੇ ਵਿਚ ਸ਼ਾਮਲ ਹੋਣ ਲਈ ਭੇਜਿਆ ਤਾਂ ਕਿ ਉਹ ਸਮਾਂ ਬਣਨ ’ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕਤਲ ਕਰ ਦੇਵੇ। ਜੇਕਰ ਅਜਿਹਾ ਮੌਕਾ ਨਾ ਬਣੇ ਤਾਂ ਸਰਹਿੰਦ ’ਤੇ ਹਮਲੇ ਵੇਲੇ ਉਹ ਸਿੱਖ ਫੌਜਾਂ ਵਿਚ ਘਬਰਾਹਟ ਪੈਦਾ ਕਰਨ ਲਈ ਮੈਦਾਨ ਛੱਡ ਕੇ ਦੌੜ ਜਾਵੇ।
ਬਾਬਾ ਬੰਦਾ ਸਿੰਘ ਬਹਾਦਰ ਕੋਲ ਵਜ਼ੀਰ ਖਾਨ ਦੇ ਮੁਕਾਬਲੇ ਬਹੁਤ ਘੱਟ ਜੰਗੀ ਸਾਮਾਨ ਸੀ। ਪਰ ਉਸ ਨੂੰ ਉਨ੍ਹਾਂ ਸਿੰਘਾਂ ’ਤੇ ਬਹੁਤ ਭਰੋਸਾ ਸੀ ਜਿਹੜੇ ਧਰਮ ਦੀ ਖ਼ਾਤਰ ਹਰ ਕੁਰਬਾਨੀ ਕਰਨ ਲਈ ਤਿਆਰ ਸਨ। ਅਖੀਰ ਚੱਪੜਚਿੜੀ ਦੇ ਮੈਦਾਨ ਵਿਚ 12 ਮਈ 1710 ਈ: ਨੂੰ ਦੋਹਾਂ ਧਿਰਾਂ ਵਿਚ ਹੋਏ ਭਿਆਨਕ ਯੁੱਧ ਵਿਚ ਵਜ਼ੀਰ ਖਾਨ ਮਾਰਿਆ ਗਿਆ। ਸਿੱਖ ਫੌਜਾਂ 14 ਮਈ ਨੂੰ ਸਰਹਿੰਦ ਸ਼ਹਿਰ ਵਿਚ ਦਾਖਲ ਹੋਈਆਂ। ਜਿੱਤੇ ਇਲਾਕਿਆਂ ਦੇ ਪ੍ਰਬੰਧਕ ਥਾਪਣ ਤੋਂ ਬਾਅਦ ਸਰਹਿੰਦ ਨੂੰ ਕੇਂਦਰੀ ਸਥਾਨ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮ ਹਕੂਮਤ ਵਿਰੁੱਧ ਆਪਣੀ ਮੁਹਿੰਮ ਜਾਰੀ ਰੱਖੀ।
ਇਥੋਂ ਹੀ ਪਾਇਲ ਦੇ ਮੁਗ਼ਲ ਅਹੁਦੇਦਾਰਾਂ ਦੀਆਂ ਆਪਹੁਦਰੀਆਂ ਨੂੰ ਰੋਕਣ ਹਿਤ ਹਿੰਦੂਆਂ ਵੱਲੋਂ ਕੀਤੀ ਫਰਿਆਦ ਅਨੁਸਾਰ ਘੁਡਾਣੀ ਜਾਂਦਿਆਂ ਨੇ ਪਹਿਲਾਂ ਪਾਇਲ ਦੇ ਅਤਿਆਚਾਰੀਆਂ ਨੂੰ ਸਜ਼ਾ ਦਿੱਤੀ। ਫਿਰ ਭਾਈ ਬੁਲਾਕਾ ਸਿੰਘ ਦੁਆਰਾ ਘੁਡਾਣੀ ਦੇ ਰਾਮਰਾਈਆਂ ਵੱਲੋਂ ਗੁਰੂ ਸਾਹਿਬਾਨ ਸੰਬੰਧੀ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਦੀ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਉਨ੍ਹਾਂ ਨੂੰ ਸੋਧਾ ਲਾਇਆ। ਇਥੋਂ ਬੀਬੀ ਅਨੂਪ ਕੌਰ ਦੀ ਲਾਸ਼ ਨੂੰ ਕਬਰ ਵਿੱਚੋਂ ਕੱਢ ਕੇ ਸਿੱਖ ਧਰਮ ਦੀ ਮਰਯਾਦਾ ਅਨੁਸਾਰ ਸਸਕਾਰ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਉਚੇਚੇ ਤੌਰ ’ਤੇ ਮਲੇਰਕੋਟਲੇ ਗਏ। ਇਸ ਸਿੱਖ ਬੀਬੀ ਨੂੰ ਸ਼ੇਰ ਮੁਹੰਮਦ ਖਾਨ ਸਰਸਾ ਨਦੀ ਦੀ ਭਗਦੜ ਵੇਲੇ ਧੱਕੇ ਨਾਲ ਮਲੇਰਕੋਟਲੇ ਲੈ ਗਿਆ ਸੀ ਪਰ ਉਸ ਨੇ ਆਪਣੇ ਧਰਮ ਤੇ ਸਤ ਦੀ ਰਾਖੀ ਕਰਦੇ ਹੋਏ ਕੁਰਬਾਨੀ ਦੇ ਦਿੱਤੀ ਸੀ। ਇਸ ਤੋਂ ਬਾਅਦ ਉਹ ਰਾਇਕੋਟ ਗਏ। ਜਿਥੋਂ ਦੇ ਹਾਕਮ ਨੇ ਨਜ਼ਰਾਨਾ ਭੇਟ ਕਰਕੇ ਅਧੀਨਗੀ ਪ੍ਰਵਾਨ ਕਰ ਲਈ। ਗਿਆਨੀ ਗਿਆਨ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਨੂੰ ਵਾਪਸ ਮੁੜਦਿਆਂ ਕੁਝ ਦਿਨ ਸਾਹਨੇਵਾਲ ਵਿਖੇ ਡੇਰਾ ਰੱਖਣ ਦੀ ਸੂਚਨਾ ਵੀ ਦਿੱਤੀ ਹੈ।
ਦਿਉਬੰਦ ਪਰਗਨੇ ਵਿਚ ਉਨਾਰਸਾ ਪਿੰਡ ਵਿਚ ਨਵੇਂ ਸਜੇ ਸਿੰਘਾਂ ਨੂੰ ਇਲਾਕੇ ਦੇ ਫੌਜਦਾਰ ਜਲਾਲ ਖਾਨ ਨੇ ਕੈਦ ਕਰ ਲਿਆ। ਇਹ ਖ਼ਬਰ ਮਿਲਦਿਆਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਨੂੰ ਸਹਾਰਨਪੁਰ ਵੱਲ ਤੋਰ ਦਿਤਾ ਤੇ ਆਪ ਵੀ ਪਿੱਛੇ ਉਧਰ ਹੀ ਚੱਲ ਪਏ। ਸਹਾਰਨਪੁਰ ਦਾ ਫੌਜਦਾਰ ਅਲੀ ਹਾਮਦ ਕਨੌਜੀ ਮੁਕਾਬਲਾ ਕਰਨ ਤੋਂ ਪਹਿਲਾਂ ਹੀ ਪਰਵਾਰ ਸਮੇਤ ਦਿੱਲੀ ਨੂੰ ਦੌੜ ਗਿਆ। ਸਹਾਰਨਪੁਰ ਵਿਖੇ ਰੁਕ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਸ-ਪਾਸ ਦੇ ਇਲਾਕਿਆਂ ਵਿਚ ਸਿੰਘਾਂ ਦੇ ਜਥੇ ਭੇਜੇ ਜਿਨ੍ਹਾਂ ਨੇ ਬਿਹਤ, ਅੰਬੇਹਤਾ ਤੇ ਹੋਰ ਇਲਾਕਿਆਂ ’ਤੇ ਕਬਜ਼ੇ ਕਰ ਲਏ। ਬੂੜੀਆ, ਨਾਨੌਤਾ ਆਦਿ ਨਗਰਾਂ ਉਤੇ ਹਮਲੇ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪ ਕਮਾਨ ਸੰਭਾਲੀ। ਜਲਾਲਾਬਾਦ ਦੇ ਕਿਲ੍ਹੇ ਦੀ ਘੇਰਾਬੰਦੀ ਰੱਖਣ ਤੋਂ ਬਾਅਦ ਸਿੰਘਾਂ ਨੂੰ ਬਰਸਾਤੀ ਮੌਸਮ ਤੇ ਸੁਲਤਾਨਪੁਰ, ਜਲੰਧਰ ਦੇ ਪਰਗਨਿਆਂ ਉੱਤੇ ਸਿੰਘਾਂ ਦੇ ਕਬਜ਼ੇ ਲਈ ਕੀਤੀ ਜਾ ਰਹੀ ਜੱਦੋਜਹਿਦ ਨੂੰ ਸਿਰੇ ਚੜ੍ਹਾਉਣ ਹਿਤ ਵਾਪਸ ਪੰਜਾਬ ਆਉਣਾ ਪਿਆ।
ਇਸ ਸਮੇਂ ਮਾਝੇ ਦੇ ਸਿੰਘਾਂ ਨੇ ਬਟਾਲਾ, ਕਲਾਨੌਰ ਤੇ ਪਠਾਨਕੋਟ ’ਤੇ ਕਬਜ਼ਾ ਕਰ ਲਿਆ। ਬਾਅਦ ਵਿਚ ਲਾਹੌਰ ਦੀ ਹੱਦ ਤਕ ਸਿੰਘਾਂ ਦਾ ਦਬਦਬਾ ਕਾਇਮ ਹੋ ਗਿਆ। ਦੂਜੇ ਪਾਸੇ ਦੁਆਬੇ ਵਿਚ ਜਲੰਧਰ ਦੁਆਬ ਦੇ ਇਲਾਕੇ ’ਤੇ ਕਬਜ਼ਾ ਕਰਨ ਤੋਂ ਬਾਅਦ ਸਿੱਖਾਂ ਨੇ ਸ਼ਮਸ਼ ਖਾਨ ਨੂੰ ਵੰਗਾਰਿਆ ਤੇ ਰਾਹੋਂ ਦੇ ਕਿਲ੍ਹੇ ’ਤੇ ਕਬਜ਼ਾ ਕਰ ਲਿਆ।
ਬਹਾਦਰ ਸ਼ਾਹ ਦੇ ਹੁਕਮਾਂ ਨਾਲ ਸ਼ਾਹੀ ਫੌਜਾਂ ਨੇ ਫਿਰੋਜ਼ਦੀਨ ਮੇਵਾਤੀ ਦੀ ਅਗਵਾਈ ਹੇਠ ਥਾਨੇਸਰ,ਤਰਾਵੜੀ ਆਦਿ ਸਥਾਨਾਂ ਅਤੇ ਸਰਹਿੰਦ ਉੱਤੇ ਸ਼ਮਸ਼ ਖਾਨ ਨੇ ਭਾਰੀ ਫੌਜਾਂ ਨਾਲ ਕਬਜ਼ਾ ਕਰ ਲਿਆ। ਸਰਹਿੰਦ ਦੀ ਖ਼ਬਰ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਰੋਪੜ ਨਜ਼ਦੀਕ ਆ ਪਹੁੰਚੇ ਤੇ ਉਨ੍ਹਾਂ ਨੇ ਸ਼ਾਹੀ ਫੌਜ ਦਾ ਭਾਰੀ ਨੁਕਸਾਨ ਕੀਤਾ ਜੋ ਸਿੱਖਾਂ ਦਾ ਸਰਹਿੰਦ ਤੋਂ ਬੁੜੈਲ ਵੱਲ ਪਿੱਛਾ ਕਰਦੀ ਆ ਰਹੀ ਸੀ। ਇਥੋਂ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਾਰੇ ਸਿੱਖ ਨਵੰਬਰ 1710 ਈ: ਤਕ ਲੋਹਗੜ੍ਹ ਦੇ ਕਿਲ੍ਹੇ ਵਿਚ ਪਹੁੰਚ ਗਏ। ਦਸੰਬਰ 1710 ਈ: ਨੂੰ ਬਹਾਦਰ ਸ਼ਾਹ ਦੀ 60,000 ਸੈਨਾ ਨੇ ਲੋਹਗੜ੍ਹ ਦੇ ਕਿਲ੍ਹੇ ’ਤੇ ਕਬਜ਼ਾ ਕਰ ਲਿਆ। ਪਰ ਬਾਬਾ ਸਿੰਘ ਬਹਾਦਰ ਨਿਕਲ ਗਏ। ਇਥੋਂ ਜਾਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਾੜੀ ਰਾਜਿਆਂ ਬਿਲਾਸਪੁਰ ਦੇ ਭੀਮਚੰਦ ਕਹਿਲੂਰੀਆ, ਮੰਡੀ ਦੇ ਸਿੱਧਸੈਨ, ਕੁੱਲੂ, ਚੰਬਾ ਆਦਿ ਨੂੰ ਆਪਣੇ ਅਧੀਨ ਕਰ ਲਿਆ। ਲੋਹਗੜ੍ਹ ਛੱਡਣ ਦੇ ਤਿੰਨ ਮਹੀਨਿਆਂ ਦੇ ਅਰਸੇ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨੇ ਬਹਿਰਾਮਪੁਰ ਤੇ ਰਾਏਪੁਰ ਤੋਂ ਬਾਅਦ ਕਲਾਨੌਰ ਤੇ ਬਟਾਲੇ ਨੂੰ ਵੀ ਕਬਜ਼ੇ ਅਧੀਨ ਕਰ ਲਿਆ। ਬਹਾਦਰ ਸ਼ਾਹ ਦੇ ਲਾਹੌਰ ਵੱਲ ਆਉਣ ਦੀ ਖ਼ਬਰ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਵਧੇ ਤੇ ਜਾਂਦੇ-ਜਾਂਦੇ ਸਿਆਲਕੋਟ ਦੇ ਨਜ਼ਦੀਕ ਔਰੰਗਾਬਾਦ ਤੇ ਪਸਰੂਰ ਉੱਤੇ ਵੀ ਧਾਵਾ ਬੋਲਿਆ। ਇਸ ਤੋਂ ਬਾਅਦ ਉਹ ਜੰਮੂ ਵੱਲ ਚੱਲ ਪਏ ਜਿਥੇ ਮੁਗ਼ਲ ਫੌਜਾਂ ਵੱਲੋਂ ਪੂਰੀ ਤਰ੍ਹਾਂ ਘੇਰੇ ਜਾਣ ਤੋਂ ਬਾਅਦ ਵੀ ਬਾਬਾ ਬੰਦਾ ਸਿੰਘ ਬਹਾਦਰ ਬਹਾਦਰੀ ਨਾਲ ਪੜੋਲ, ਕਠੂਆ ਨੇੜੇ ਸ਼ਾਹੀ ਫੌਜਾਂ ਦੇ ਘੇਰੇ ਨੂੰ ਚੀਰਦੇ ਹੋਏ ਨਿਕਲ ਗਏ।
ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨਾਲ ਸੰਬੰਧਿਤ ਸਥਾਨਾਂ ਵਿੱਚੋਂ ਗੁਰਦਾਸ ਨੰਗਲ ਦੀ ਗੜ੍ਹੀ ਤੇ ਮਹਿਰੌਲੀ (ਦਿੱਲੀ) ਦੇ ਸਥਾਨ ਕਾਫੀ ਮਹੱਤਤਾ ਰੱਖਦੇ ਹਨ। ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ ਅੱਠ ਮਹੀਨਿਆਂ ਦੇ ਘੇਰੇ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦਿੱਲੀ ਵਿਖੇ (ਕੁਤਬ ਮੀਨਾਰ ਨੇੜੇ) ਖੁਆਜਾ ਕਤਬੁਦੀਨ ਬਖਤਿਆਰ ਕਾਕੀ ਦੇ ਮਕਬਰੇ ਨਜ਼ਦੀਕ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਮੁਖੀ ਜਰਨੈਲਾਂ ਨੂੰ ਸ਼ਹੀਦ ਕੀਤਾ ਗਿਆ।
ਭਾਈ ਰਤਨ ਸਿੰਘ (ਭੰਗੂ) ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਸਥਾਨਾਂ ਵਿਚ ਨਾਂਦੇੜ ਸਾਹਿਬ, ਬਾਂਗਰ, ਕੈਥਲ, ਸਿਹਰੀ ਖੰਡਾ, ਸਮਾਣਾ, ਕੁੰਜਪੁਰਾ, ਸਢੌਰਾ, ਬਨੂੜ, ਛਤ, ਚੱਪੜਚਿੜੀ, ਸਰਹਿੰਦ, ਮਲੇਰਕੋਟਲਾ, ਹਿਸਾਰ, ਜੀਂਦ, ਪਾਣੀਪਤ, ਮੂਣਕ, ਕਰਨਾਲ, ਰਾਹੋਂ, ਜਲੰਧਰ, ਹੁਸ਼ਿਆਰਪੁਰ, ਫਗਵਾੜਾ, ਪਠਾਨਕੋਟ, ਅੱਚਲ, ਬਟਾਲਾ, ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਜੇਜੋਂ, ਦੂਣ ਜਸਵਾਲੀ, ਬਿਲਾਸਪੁਰ, ਕੁੱਲੂ, ਚੰਬਾ, ਆਦਿ ਦਾ ਜ਼ਿਕਰ ਕੀਤਾ ਹੈ। ਗਿਆਨੀ ਗਿਆਨ ਸਿੰਘ ਨੇ ਨਾਂਦੇੜ ਸਾਹਿਬ, ਇੰਦੌਰ, ਉਜੈਨ, ਅਜਮੇਰ, ਲੁਹਾਰੂ, ਸਿਹਰੀ ਖੰਡਾ, ਕੁਰਮਾਨਾ, ਟੋਹਾਣਾ, ਕੈਥਲ, ਘੱਗਰ, ਸਮਾਣਾ, ਸਨੌਰ, ਕੁੰਜਪੁਰਾ, ਦਾਮਲਾ, ਟੇਹਾ, ਧੀਣ, ਮੁਲਾਣਾ, ਮੁਸਤਫਾਬਾਦ, ਸਢੌਰਾ, ਲੋਹਗੜ੍ਹ, ਸਹਾਰਨਪੁਰ, ਕਪਾਲਮੋਚਨ, ਛਤ, ਬਨੂੜ, ਬਡਾਲੀ, ਸਰਹਿੰਦ, ਮਲੇਰਕੋਟਲਾ, ਰਾਇਕੋਟ, ਜਗਰਾਵਾਂ, ਸਾਹਨੇਵਾਲ, ਫਗਵਾੜਾ, ਹੁਸ਼ਿਆਰਪੁਰ, ਸ੍ਰੀ ਕੀਰਤਪੁਰ ਸਾਹਿਬ, ਬਜਵਾੜਾ, ਰਾਹੋਂ, ਕਹਿਲੂਰ, ਮੰਡੀ, ਕੁੱਲੂ, ਗੁਰਦਾਸਪੁਰ, ਪਠਾਨਕੋਟ, ਫਤਿਆਬਾਦ, ਵੈਰੋਵਾਲ, ਕਸੂਰ, ਪੱਟੀ, ਤਰਨਤਾਰਨ, ਬਟਾਲਾ, ਗੁਰਦਾਸਪੁਰ, ਬਸੀ, ਬੰਗਾ, ਸ਼ਾਹਕੋਟ, ਤਲਬਨ, ਨੂਰਮਹਿਲ, ਤਲਵੰਡੀ, ਹਦੀਆਬਾਦ, ਕਰਤਾਰਪੁਰ, ਗੁਰਦਾਸ ਨੰਗਲ ਦੀ ਗੜ੍ਹੀ, ਦਿੱਲੀ ਆਦਿ ਸ਼ਹਿਰਾਂ ਤੇ ਨਗਰਾਂ ਦੇ ਨਾਮ ਦਿੱਤੇ ਹਨ। ਇਹ ਉਹ ਸਥਾਨ ਹਨ, ਜਿਥੇ ਬਾਬਾ ਬੰਦਾ ਸਿੰਘ ਬਹਾਦਰ ਆਪਣੀਆਂ ਮੁਹਿੰਮਾਂ ਦੌਰਾਨ ਸਿੱਧੇ ਤੌਰ ’ਤੇ ਵਿਚਰੇ ਜਾਂ ਸਿੱਖਾਂ ਨੇ ਕਬਜ਼ੇ ਕਰਕੇ ਖਾਲਸਈ ਪਰਚਮ ਲਹਿਰਾਇਆ।
ਸਿੱਖ ਰਾਜ ਦੇ ਪਹਿਲੇ ਸੰਸਥਾਪਕ ਤੇ ਮੁਗ਼ਲ ਹਕੂਮਤ ਦੀਆਂ ਨੀਹਾਂ ਹਿਲਾਉਣ ਵਾਲੇ ਬਾਬਾ ਬੰਦਾ ਸਿੰਘ ਨਾਲ ਸੰਬੰਧਿਤ ਕੁਝ ਅਸਥਾਨਾਂ ਨੂੰ ਛੱਡ ਕੇ ਜ਼ਿਆਦਾਤਰ ਸਥਾਨਾਂ ਉੱਤੇ ਅਜੇ ਤਕ ਕੋਈ ਯਾਦਗਾਰ ਨਹੀਂ ਬਣਾਈ ਗਈ। ਸਢੌਰੇ, ਕਪੂਰੀ, ਲੋਹਗੜ੍ਹ ਵਿਖੇ ਕੁਝ ਇਤਿਹਾਸਕ ਨਿਸ਼ਾਨੀਆਂ ਅੰਤਿਮ ਸਾਹਾਂ ’ਤੇ ਹਨ, ਜਿਨ੍ਹਾਂ ਨੂੰ ਅਜੇ ਵੀ ਸੰਭਾਲਿਆ ਜਾ ਸਕਦਾ ਹੈ। ਰੋਪੜ ਨਜ਼ਦੀਕ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਕੁਝ ਗੁਫਾਵਾਂ ਹਨ ਜਿਨ੍ਹਾਂ ਦੀ ਸਾਂਭ-ਸੰਭਾਲ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਸਰਹਿੰਦ ਫਤਹਿ ਦਿਵਸ ਦੀ ਤਿੰਨ ਸੌ ਸਾਲਾ ਸ਼ਤਾਬਦੀ ਮੌਕੇ ਸਮਾਂ ਮੰਗ ਕਰਦਾ ਹੈ ਕਿ ਇਸ ਮਹਾਨ ਯੋਧੇ ਦੇ ਜੀਵਨ ਨਾਲ ਸੰਬੰਧਿਤ ਇਤਿਹਾਸਕ ਯਾਦਗਾਰਾਂ ਨੂੰ ਸੰਭਾਲਣ ਪ੍ਰਤੀ ਕੀਤੀ ਗਈ ਅਣਗਹਿਲੀ ਦੀ ਇਤਿਹਾਸਕ ਭੁੱਲ ਨੂੰ ਸੁਧਾਰਦੇ ਹੋਏ ਜੇ ਸਾਰੇ ਨਹੀਂ ਤਾਂ ਮਹੱਤਵਪੂਰਨ ਸਥਾਨਾਂ ’ਤੇ ਢੁੱਕਵੀਆਂ ਯਾਦਗਾਰਾਂ ਜ਼ਰੂਰ ਬਣਾਈਆਂ ਜਾਣ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ