ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਨਾਲ ਭਰਿਆ ਮਿੱਠਾ ਸਾਗਰ ਹੈ। ਜਿਹੜੇ ਇਸ ਸਾਗਰ ਵਿੱਚੋਂ ਅੰਮ੍ਰਿਤ ਛਕਦੇ ਹਨ ਉਹ ਸਦੈਵ ਅਮਰ ਹੋ ਜਾਂਦੇ ਹਨ ਅਤੇ ਮਹਾਂਕਾਲ ਦੇ ਭੈਅ ਤੋਂ ਰਹਿਤ ਹੋ ਜਾਂਦੇ ਹਨ। ਇਸ ਸਾਗਰ ਵਿਚ ਹੀਰੇ, ਰਤਨ, ਅਮੋਲ ਲਾਲ ਭਰੇ ਪਏ ਹਨ। ਜਿਨ੍ਹਾਂ ਦੇ ਹਿਰਦੇ ਗੁਰਬਾਣੀ ਨਾਲ ਨਿਰਮਲ ਹੋ ਜਾਂਦੇ ਹਨ ਉਨ੍ਹਾਂ ਦੀ ਮੱਤ ਵਿਚ ਹੀਰੇ, ਰਤਨ, ਮਾਣਕ ਪ੍ਰਗਟ ਹੁੰਦੇ ਹਨ। ਗੁਰਬਾਣੀ ਅਸੰਖ ਪਦਾਰਥਾਂ ਨਾਲ ਭਰਪੂਰ ਹੈ। ਗੁਰਬਾਣੀ ਸੇਵਾ, ਸਿਮਰਨ, ਉਪਕਾਰ, ਗਿਆਨ, ਸ਼ਰਧਾ, ਭਗਤੀ, ਸਮਦ੍ਰਿਸ਼ਟੀ, ਬ੍ਰਹਮ ਗਿਆਨ, ਪਾਰਬ੍ਰਹਮ, ਪੂਰਨ-ਬ੍ਰਹਮ ਦਾ ਪੂਰਨ ਗਿਆਨ ਹੈ ਜੋ ਯਥਾਰਥ ਰੂਪ ਵਿਚ ਵਰਣਨ ਕੀਤਾ ਹੈ। ਗੁਰਬਾਣੀ ਪ੍ਰਕਾਸ਼ ਦਾ ਸੋਮਾ ਹੈ ਜਿਸ ਨਾਲ ਸਾਰੇ ਜਗਤ ਵਿਚ ਚਾਨਣ ਹੋ ਰਿਹਾ ਹੈ। ਜੋ-ਜੋ ਵਡਭਾਗੇ ਅੰਮ੍ਰਿਤ ਬਾਣੀ ਨੂੰ ਆਪਣੇ ਅੰਤਹਕਰਣ ਵਿਚ ਸਿੰਚਦੇ ਹਨ ਉਨ੍ਹਾਂ ਦਾ ਮਲ, ਵਿਕਸ਼ੇਪ, ਆਵਰਣ ਖ਼ਤਮ ਹੋ ਜਾਂਦਾ ਹੈ। ਸੰਕਲਪ-ਵਿਕਲਪ ਮਿਟ ਜਾਂਦੇ ਹਨ ਅਤੇ ‘ਸਤਯ, ਚਿਤਯ, ਆਨੰਦ’ ਹੋ ਜਾਂਦੇ ਹਨ। ਗੁਰਬਾਣੀ ਵਿਚ ਇਸੇ ਨੂੰ ‘ਸਤਿ ਸੁਹਾਣੁ ਸਦਾ ਮਨਿ ਚਾਉ’ ਕਿਹਾ ਹੈ। ਅਨਾਦੀ ਕਾਲ ਤੋਂ ਜਿਹਬਾ ਵੈਖਰੀ ਬਾਣੀ ਦੁਆਰਾ ਕਿਰਤਮ ਨਾਮ ਦਾ ਸਿਮਰਨ ਕਰਦੀ ਰਹੀ ਹੈ। ‘ਪਰਾ’ ਬਾਣੀ ਤੋਂ ਵੀ ‘ਪੂਰਬਲਾ’ (ਪਹਿਲਾ) ‘ਸਤਿ ਨਾਮੁ’ (ਸ਼ਬਦ) ਗੁਰਬਾਣੀ ’ਚੋਂ ਪ੍ਰਾਪਤ ਹੋਇਆ ਹੈ ਜਿਸ ਦੇ ਜਾਪ ਨਾਲ ਚਾਰ ਵਰਣਾਂ ਦੇ ਤਿੰਨ ਤਾਪ (ਅਧਿਆਤਮਕ, ਅਧਿਵੈਦ, ਅਧਿਭੂਤ), ਪੰਚ ਕਲੇਸ਼ (ਅਵਿਦਯਾ, ਅਸਮਿਤਾ-ਸਾਕਸ਼ੀ, ਰਾਗ, ਦ੍ਵੈਸ਼, ਅਨਿਨਿਵੇਸ਼) ਮਿਟ ਗਏ, ਅਗਿਆਨ ਖ਼ਤਮ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ। ਮਨ ਸੁਖ ਸਹਿਜ ਅਵਸਥਾ ਵਿਚ ਇਕਾਗਰ ਹੋ ਗਿਆ। ਮਾਨਵਤਾ ਨੂੰ ਸਦ-ਮਾਰਗ ਮਿਲ ਗਿਆ। ਸੱਜਾ, ਖੱਬਾ ਤਿਆਗ ਕੇ ਗੁਰਮੁਖ ਗਾਡੀ ਰਾਹ ਪੈ ਗਏ। ‘ਸਤਿਨਾਮੁ ਪ੍ਰਭ ਕਾ ਸੁਖਦਾਈ’ (ਪੰਨਾ 284) ਜਿਨ੍ਹਾਂ ਦੇ ਹਿਰਦੇ ਵਿਚ ਵੱਸ ਗਿਆ ਉਹ ‘ਇਹ ਲੋਕ ਸੁਖੀਏ ਪਰਲੋਕ ਸੁਹੇਲੇ’ (ਪੰਨਾ 293) ਬਣ ਗਏ।
ਇਹ ਯਾਦ ਰੱਖਣਯੋਗ ਹੈ ਕਿ ਗੁਰਬਾਣੀ ਵਿਚ ਮਿਥਿਹਾਸਕ ਕਥਾ-ਕਹਾਣੀਆਂ ਨਹੀਂ ਹਨ। ਨਾ ਹੀ ਗੁਰਬਾਣੀ ਵਿਚ ਅਵਤਾਰਾਂ ਦੇ ਚਰਿੱਤਰ ਲਿਖੇ ਹਨ। ਨਾ ਹੀ ਭਗਤਾਂ ਦੀਆਂ ਸਾਖੀਆਂ ਹਨ। ਨਾ ਹੀ ਰਾਜਿਆਂ ਦੇ ਜ਼ਰ, ਜ਼ੋਰੂ, ਜ਼ਮੀਨ ਲਈ ਯੁੱਧ ਲਿਖੇ ਹਨ। ਨਾ ਹੀ ਨਯਾਯ, ਯੋਗ, ਕਰਮਕਾਂਡ, ਵੇਦਾਂਤ ਦਾ ਵਾਦ-ਵਿਵਾਦ ਭਰਿਆ ਜਲ-ਮੰਥਨ ਕੀਤਾ ਹੈ। ਨਾ ਸਰਗੁਣ, ਨਿਰਗੁਣ ਦਾ ਖੰਡਨ ਕੀਤਾ ਹੈ। ਗੁਰਬਾਣੀ ਵਿਚ ਨਿਰਾਸ਼ਾਵਾਦ/ਮਿਥਿਆ ਸਿਧਾਂਤ ਨੂੰ ਕੋਈ ਥਾਉਂ ਨਹੀਂ ਹੈ। ਗੁਰਬਾਣੀ ਉੱਦਮ ਕਰਨ ਦਾ, ‘ਅਗਾਹ ਕੂ ਤ੍ਰਾਘਿ’ (ਅੱਗੇ ਵਧਣ ਦਾ) ਉਪਦੇਸ਼ ਦਿੰਦੀ ਹੈ। ਗੁਰਬਾਣੀ ਨੇ ਭ੍ਰਾਂਤੀ ਨੂੰ ਗਿਆਨ ਦੀ ਬਢਣੀ (ਬੁਹਾਰੀ) ਨਾਲ ਹੂੰਝ ਕੇ ਸਾਫ਼ ਕਰ ਦਿੱਤਾ ਹੈ। ਗੁਰਬਾਣੀ ਵਿਚ ਬ੍ਰਹਮ ਵਿਚਾਰ, ਨਿਰਾਕਾਰ ਪਾਰਬ੍ਰਹਮ ਦਾ ਸਤਿ ਸਰੂਪ ਵਰਣਨ ਕੀਤਾ ਹੈ। ਗੁਰਬਾਣੀ ਨੇ ਪਰਮੇਸ਼੍ਵਰ ਬਾਰੇ ਪਹਿਲੀ ਵਾਰ ਸਪੱਸ਼ਟ ਨਿਰਣੈ ਪੂਰਵਕ ਕਥਨ ਕੀਤਾ ਹੈ ਕਿ ਨਿਰਾਕਾਰ, ਸ੍ਵਯੰਭ, ਸ੍ਵੈਪ੍ਰਕਾਸ਼, ਕੇਵਲ ਇੱਕ ਹੈ। ਨਿਰਭੈ ਨਿਰਵੈਰ ਹੈ, ਕਾਲ ਤੋਂ ਰਹਿਤ ਅਕਾਲ ਹੈ। ਅਗੰਮ, ਅਗੋਚਰ ਹੈ, ਸਰਵਗਯ, ਸਮਰੱਥ ਹੈ। ਨਿਰਾਕਾਰ ਦਾ ਸ਼ੁੱਧ ਗਿਆਨ, ਯਥਾਰਥ ਸਰੂਪ ਗੁਰਬਾਣੀ ਦੁਆਰਾ ਹੀ ਪ੍ਰਗਟ ਹੋਇਆ ਹੈ। ਇਸੇ ਵਾਸਤੇ ਗੁਰਬਾਣੀ ਨੂੰ ‘ਧੁਰ ਕੀ ਬਾਣੀ’, ‘ਪ੍ਰਭ ਕੀ ਬਾਣੀ’, ‘ਗੋਬਿੰਦ ਕੀ ਬਾਣੀ’, ‘ਖਸਮ ਕੀ ਬਾਣੀ’, ‘ਸਤਿਗੁਰ ਕੀ ਬਾਣੀ’, ‘ਬ੍ਰਹਮ ਬਾਣੀ’, ‘ਅੰਮ੍ਰਿਤ ਬਾਣੀ’, ‘ਸਚੀ ਬਾਣੀ’ ਕਿਹਾ ਗਿਆ ਹੈ। ਇਸ ਸੱਚੀ ਬਾਣੀ, ਬਾਣੀਆਂ ਵਿੱਚੋਂ ਸ਼ਿਰੋਮਣੀ ਬਾਣੀ ਨੂੰ ਸਵਾਸ-ਸਵਾਸ ਸਿਮਰਨ ਕਰਨ ਦੀ ਆਗਿਆ ਹੈ :
ਧੁਰ ਕੀ ਬਾਣੀ ਆਈ॥
ਤਨਿ ਸਗਲੀ ਚਿੰਤ ਮਿਟਾਈ॥ (ਪੰਨਾ 628)
ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ॥
ਆਠ ਪਹਰ ਹਰਿ ਸਿਮਰਹੁ ਪ੍ਰਾਣੀ॥ (ਪੰਨਾ 1340)
ਜਪਿ ਮਨ ਮੇਰੇ ਗੋਵਿੰਦ ਕੀ ਬਾਣੀ॥
ਸਾਧੂ ਜਨ ਰਾਮੁ ਰਸਨ ਵਖਾਣੀ॥ (ਪੰਨਾ 182)
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ (ਪੰਨਾ 722)
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥ (ਪੰਨਾ 308)
ਬੋਲੇ ਸਾਹਿਬ ਕੈ ਭਾਣੈ॥
ਦਾਸੁ ਬਾਣੀ ਬ੍ਰਹਮੁ ਵਖਾਣੈ॥ (ਪੰਨਾ 629)
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ॥
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀਂ ਕਰਮਿ ਧਿਆਈ॥ (ਪੰਨਾ 1243)
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ (ਪੰਨਾ 920)
ਸਤਿਗੁਰੂ ਜੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਆਪਣੇ ਵੱਲੋਂ ਕੁਝ ਵੀ ਨਹੀਂ ਬੋਲ ਰਹੇ, ਇਹ ਵਾਹਿਗੁਰੂ ਦਾ ਆਪਣਾ ਕਥਨ ਹੈ। ਅਸੀਂ ਉਸ ਹੁਕਮ ਵਿਚ ਉਸ ਦੇ ਕਥਨ ਦਾ ਨਿਰੂਪਣ ਕਰ ਰਹੇ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤਿ (ਸਾਰੇ ਗੁਰੂ ਸਾਹਿਬਾਨ) ਦੇ ਸ੍ਰੀ ਮੁਖਵਾਕ ਤੋਂ ਕਰਤਾ ਅਕਾਲ ਪੁਰਖ ਦਾ ਹੁਕਮ ਗੁਰਬਾਣੀ ਦੁਆਰਾ ਪ੍ਰਗਟ ਹੁੰਦਾ ਰਿਹਾ ਹੈ। ਇਸੇ ਵਾਸਤੇ ਗੁਰਬਾਣੀ ਵਿਚ ਬ੍ਰਹਮ- ਗਿਆਨ ਭਰਿਆ ਹੋਇਆ ਹੈ। ਗੁਰਬਾਣੀ ਸ੍ਵਯੰ ਸਤਿਗੁਰੂ ਦਾ ਪ੍ਰਤੱਖ ਸਰੂਪ ਹੈ ਜੋ ਸਾਰੇ ਵਿਸ਼ਵ ਨੂੰ ਅੰਮ੍ਰਿਤ ਵੰਡ ਕੇ ਅਮਰ ਕਰ ਰਹੀ ਹੈ :
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ (ਪੰਨਾ 763)
ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ॥ (ਪੰਨਾ 566)
ਇਸ ਅੰਮ੍ਰਿਤ-ਸਾਗਰ ਦੀ ਰਤਨਾਂ ਨਾਲ ਭਰੇ ਰਤਨਾਕਰ (ਸ੍ਰੀ ਗੁਰੂ ਗ੍ਰੰਥ ਸਾਹਿਬ) ਦੀ ਪ੍ਰਾਪਤੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਹੋਈ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੇਵਲ ਗੁਰੂ ਸਾਹਿਬਾਨ ਦੀ ਬਾਣੀ ਦਾ ਹੀ ਸੰਗ੍ਰਹਿ ਨਹੀਂ ਕੀਤਾ ਬਲਕਿ ਬਾਰ੍ਹਵੀਂ ਸ਼ਤਾਬਦੀ ਤੋਂ ਆਪਣੇ ਸਮੇਂ ਤਕ ਦੇ ਸਤਿਪੁਰਖਾਂ ਦੀ ਸੱਚੀ ਬਾਣੀ ਨੂੰ ਵੀ ਬੀੜ ਵਿਚ ਸਥਾਨ ਦਿੱਤਾ ਹੈ। ਇਤਿਹਾਸ ਤੋਂ ਗਿਆਤ ਹੁੰਦਾ ਹੈ ਕਿ ਵੇਦ, ਗੀਤਾ, ਤ੍ਰਿਪਿਟਕ ਤੌਰ ’ਤੇ ਜੰਬੂਰ, ਅੰਜੀਲ (ਬਾਈਬਲ), ਕੁਰਾਨ, ਜਿੰਦਅਵਸਥਾ, ਪੂਰਬ ਅਤੇ ਪੱਛਮ ਦੇ ਅਧਿਆਤਮ ਗ੍ਰੰਥ ਰਚਣ ਵਾਲੇ ਰਿਸ਼ੀ, ਮੁਨੀ, ਸੰਤ, ਅਵਤਾਰ, ਪੈਗ਼ੰਬਰ, ਰਹਿਬਰ ਇਨ੍ਹਾਂ ਗ੍ਰੰਥਾਂ ਨੂੰ ਆਪਣੀ ਨਿਗਰਾਨੀ ਹੇਠ ਕਲਮਬਧ ਰੂਪ ਨਹੀਂ ਦੇ ਸਕੇ, ਬਹੁਤ ਚਿਰ/ਕਾਲ ਇਹ ਗ੍ਰੰਥ ਮੌਖਿਕ ਚੱਲਦੇ ਰਹੇ। ਵਿਸ਼ਵ-ਇਤਿਹਾਸ ਵਿਚ ਇਹ ਪਹਿਲਾ ਕਾਰਨਾਮਾ ਸੀ ਕਿ ‘ਧੁਰ ਕੀ ਬਾਣੀ’ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਦੇਖ-ਰੇਖ ਹੇਠ ‘ਰਾਮਸਰ’ (ਅੰਮ੍ਰਿਤਸਰ) ਦੇ ਸਥਾਨ ’ਤੇ ਸੰਨ 1604 ਈ. ਨੂੰ ਭਾਈ ਗੁਰਦਾਸ ਜੀ ਦੁਆਰਾ ਇਕ-ਇਕ ਲਗ-ਮਾਤ੍ਰ ਤਕ ਸੋਧ ਕੇ ਬੀੜ ਵਿਚ ਸ਼ਾਮਲ ਕੀਤੀ ਹੈ।
ਗੁਰਬਾਣੀ ਦਾ ਸੰਗ੍ਰਹਿ ਆਪਣੇ ਆਪ ਵਿਚ ਵਿਲੱਖਣ ਕਾਰਨਾਮਾ ਹੈ ਜੋ ਧਾਰਮਿਕ ਇਤਿਹਾਸ ਵਿਚ ਕ੍ਰਾਂਤੀ ਹੈ। ਗੁਰੂ ਪੰਚਮ ਪਾਤਸ਼ਾਹ ਨੇ ਕਿਰਿਆਤਮਿਕ ਰੂਪ ਵਿਚ ਆਪਣੀ ਸਮ-ਦ੍ਰਿਸ਼ਟੀ ਨਾਲ ਹਿੰਦੂਆਂ, ਬ੍ਰਾਹਮਣਾਂ, ਸ਼ੂਦਰਾਂ, ਅਛੂਤਾਂ ਅਤੇ ਮੁਸਲਮਾਨਾਂ ਨੂੰ ਇੱਕ ਸੂਤਰ ਵਿਚ ਬੰਨ੍ਹ ਦਿੱਤਾ ਹੈ। ਕਿਸੇ ਸਤਿਪੁਰਸ਼ ਦਾ ‘ਸਤਿ’ ਕਿਸੇ ਵੀ ਸ਼੍ਰੇਣੀ ਵਿਚ, ਕਿਸੇ ਵੀ ਭਾਸ਼ਾ ਵਿਚ ਜਾਂ ਕਿਸੇ ਵੀ ਪ੍ਰਾਂਤ ਵਿਚ ਵੀ ਪ੍ਰਾਪਤ ਹੋਇਆ, ਉਹ ਗੁਰਬਾਣੀ ਦੇ ਸੰਗ੍ਰਹਿ ਵਿਚ ਸ਼ਾਮਲ ਕਰ ਕੇ ਅਮਰ ਦਿੱਤਾ ਹੈ। ਈਸ਼ਵਰੀਯ ਗਿਆਨ ਦੀ ਇੱਕ-ਇੱਕ ਪੰਕਤੀ ਵੀ ਪ੍ਰਾਪਤ ਕਰ ਕੇ ਦਰਜ ਕੀਤੀ ਹੈ ਜਿਵੇਂ ਭਗਤ ਸੂਰਦਾਸ ਜੀ ਦੀ ਕੇਵਲ ਇਕ ਪੰਕਤੀ ਨੂੰ ਗੁਰਬਾਣੀ ਵਿਚ ਭਾਗ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ:
ਨਾਮਾ ਛੀਬਾ ਕਬੀਰੁ ਜੋੁਲਾਹਾ ਪੂਰੇ ਗੁਰ ਤੇ ਗਤਿ ਪਾਈ॥
ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ॥
ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ॥ (ਪੰਨਾ 67)
ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਮਗਰੋਂ ਦੂਸਰੇ ਗੁਰੂ ਸਾਹਿਬਾਨ ਵੀ ਗੁਰਬਾਣੀ ਦੇ ਸ਼ੁੱਧ ਪਾਠ ਕਰਨ ਦਾ ਉਪਦੇਸ਼ ਦਿੰਦੇ ਸਨ। ਅਰਥ ਦੱਸਦੇ ਸਨ, ਗੁਰਬਾਣੀ ਦੀ ਸੰਭਾਲ/ਸਤਿਕਾਰ ਦੇ ਸਰਬ ਯਤਨ ਕਰਦੇ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ- ਚਰਿੱਤਰ ਵਿਚ ਅਜਿਹੇ ਪ੍ਰਮਾਣ ਮਿਲਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1707 ਈ. ਨੂੰ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬੀੜ ਵਿਚ ਸ਼ਾਮਲ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨਤਾ ਦਿੱਤੀ। ਨਾਲ ਹੀ ਆਦਿ ਤੋਂ ਅੰਤ ਤਕ ਅਰਥ ਕਰ ਕੇ ਗੁਰਬਾਣੀ ਦੇ ਪਦ- ਪਦਾਰਥਾਂ ਤੋਂ ਜਾਣੂ ਕੀਤਾ। ਇਹ ਮਾਣ ਕੇਵਲ ਸਿੱਖੀ ਨੂੰ ਪ੍ਰਾਪਤ ਹੈ ਕਿ ‘ਧੁਰ ਕੀ ਬਾਣੀ’ ਨੂੰ ‘ਧੁਰੋਂ ਆਏ ਸਤਿਗੁਰੂ’ ਨੇ ਆਪ ਸੰਗ੍ਰਹਿ ਕਰ ਕੇ ਪ੍ਰਕਾਸ਼ਤ ਕੀਤਾ ਹੈ। ਦਸਮ ਗੁਰੂ ਜੀ ਨੇ ‘ਧੁਰ ਕੀ ਬਾਣੀ’ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਪਾਵਨ ਨਾਮ ਦੇ ਕੇ ਦਸ ਗੁਰੂ ਸਾਹਿਬਾਨ ਦੀ ਧੁਰ ਕੀ ਜੋਤਿ, ਧੁਰ ਕੀ ਬਾਣੀ ਵਿਚ ਅਭੇਦ ਕਰ ਦਿੱਤੀ। ਗੁਰਬਾਣੀ ਦਾ ਇਹ ਮਹਾਂਵਾਕ ਕਿਰਿਆਤਮਿਕ ਰੂਪ ਧਾਰਨ ਕਰ ਗਿਆ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)
ਗੁਰਬਾਣੀ ਦਾ ਆਧਾਰ ੴ ਹੈ। ਹੁਣ ਅਸੀਂ ਗੁਰਬਾਣੀ ਦੇ ਆਧਾਰ ੴ ਦੇ ਅਰਥ ਅਤੇ ਸ਼ਬਦ-ਜੋੜਾਂ ’ਤੇ ਵਿਚਾਰ ਕਰਦੇ ਹਾਂ। ਗੁਰਬਾਣੀ ਵਿਚ ੴ ਪਾਠ ਹੈ, ਜਿਸ ਦਾ ਅਰਥ ਹੈ ਪਾਰਬ੍ਰਹਮ/ਪਰਮਸ਼ੇਵਰ ਇੱਕ ਹੈ। ਇਹ ਪਾਰਬ੍ਰਹਮ ਦਾ ਲਖਾਇਕ ਹੈ, ਈਸ਼ਵਰ ਦੇ ਸਰੂਪ ਦਾ ਸੰਕੇਤ ਹੈ। ਇਸ ਦਾ ਸ਼ੁੱਧ ਉਚਾਰਨ 1- ਇਕ, ਓ-ਓਅੰ, >-ਕਾਰ ਭਾਵ ਇਕ ਓਅੰਕਾਰ ਹੈ।
ਪੰਜਾਬ ਤੋਂ ਬਾਹਰ ਗੁਰਬਾਣੀ ਤੋਂ ਅਗਿਆਤ ਸੰਸਕ੍ਰਿਤ ਦੇ ਪੰਡਿਤ ਵੀ ਅਤੇ ਪੰਜਾਬ ਦੇ ਸਾਧੂ-ਸੰਤ ਵੀ ਗੁਰਬਾਣੀ ਦਾ ਪਾਠ ਕਰਨ ਸਮੇਂ ੴ ਦਾ ਉਚਾਰਨ ‘ਓਮ’ ਕਰਦੇ ਹਨ ਜੋ ਗੁਰਬਾਣੀ ਦੀ ਸ਼ੈਲੀ, ਮਰਯਾਦਾ ਦੇ ਬਿਪਰੀਤ ਹੈ, ਅਸ਼ੁੱਧ ਹੈ। ਵੇਦਾਂ/ ਸ਼ਾਸਤਰਾਂ ਦੇ ਪੰਡਿਤ ਕਈ ਤਰ੍ਹਾਂ ਦੀ ਕਲਪਨਾ ਕਲਪ ਕੇ ਲਿਖਦੇ, ਪੜ੍ਹਦੇ, ਬੋਲਦੇ ਹਨ। ਜਿਵੇਂ ਸਨਾਤਨੀ ਪੰਡਿਤਾਂ, ਬ੍ਰਾਹਮਣਾਂ, ਸੰਤਾਂ, ਸਾਧੂਆਂ ਨੇ ਪ੍ਰਸਿੱਧ ਕਲਪਨਾ ਕਲਪੀ ਹੈ ਕਿ ‘ਓਮ’ ਨੂੰ ਉਚਾਰਨ ਕਰਨ ਦਾ ਕੇਵਲ ਉੱਚ ਵਰਗ ਬ੍ਰਾਹਮਣ ਆਦਿਕ ਨੂੰ ਅਧਿਕਾਰ ਹੈ। ਨੀਚ ਜਾਤੀ ਦੇ ਲੋਕ ਇਸ ਦੇ ਪੜ੍ਹਨ-ਬੋਲਣ, ਉਚਾਰਨ ਦੇ ਅਧਿਕਾਰੀ ਨਹੀਂ ਹਨ। ਗੁਰੂ ਜੀ ਨੇ ‘ਓਮ’ ਤੋਂ ਪਹਿਲਾਂ ‘ਏਕਾ’ ਲਾ ਕੇ ਸਭ ਨੂੰ ਇਸ ਦੇ ਉਚਾਰਨ ਦਾ ਅਧਿਕਾਰ ਦੇ ਦਿੱਤਾ ਹੈ। ਓਪਰੀ ਦ੍ਰਿਸ਼ਟੀ ਨਾਲ ਕਈਆਂ ਨੂੰ ਇਹ ਗੱਲ ਬੜੀ ਸੁਹਣੀ ਲੱਗ ਸਕਦੀ ਹੈ ਜਦੋਂ ਕਿ ਗੁਰਬਾਣੀ ਦੇ ਸਿਧਾਂਤ, ਇਤਿਹਾਸ ਅਨੁਸਾਰ ਇਹ ਸਾਰਾ ਕਥਨ ਨਿਰਾਰਥਕ ਹੈ। ਓਮ ਅਤੇ ੴ(1 ਓਅੰਕਾਰ) ਨੂੰ ਸਪੱਸ਼ਟ ਕਰਨ ਵਾਸਤੇ ਪਹਿਲਾਂ ਅਸੀਂ ‘ਓਮ’ ’ਤੇ ਵਿਚਾਰ ਕਰਦੇ ਹਾਂ।
ਸੰਸਕ੍ਰਿਤ ਗ੍ਰੰਥਾਂ ਵਿਚ ‚>, ਔੳੱਮ, ਔਮ (ਓ 3 ਮ, ਓਮ) ਤਿੰਨ ਸ਼ਬਦ ਜੋੜਾਂ ਵਿਚ ਲਿਖਿਆ ਜਾਂਦਾ ਹੈ ਅਤੇ ਤਿੰਨੇ ਰੂਪ ਸ਼ੁੱਧ ਮੰਨੇ ਜਾਂਦੇ ਹਨ। ਪਹਿਲਾ ਰੂਪ ਮੰਤਰ ਕਾਲ (ਵੇਦਾਂ, ਉਪਨਿਸ਼ਦਾਂ) ਵਿਚ ਲਿਖਿਆ ਜਾਂਦਾ ਸੀ। ਪਹਿਲਾ ਰੂਪ ਵਿਯੰਜਕ ਸੰਕੇਤਿਕ ਆਕਾਰ ਵਿਸ਼ੇਸ਼ ਹੈ। ਦੂਸਰਾ ਨਿਯਮਬੱਧ ਅੱਖਰ ਰੂਪ ਹੈ। ਓਮ ਦਾ ਅਰਥ ਪ੍ਰਣਵ, ੳਦਗੀਥ, ਅਖਰ, ਏਕ ਅਖਰ, ਰਖਿਆ ਕਰਨਾ, ਫੈਲਣਾ, ਬਚਾਉਣਾ, ਤ੍ਰਿਪਤ ਹੋਣਾ ਕੀਤਾ ਜਾਂਦਾ ਹੈ। ਓਮ ਤਿੰਨ ਅੱਖਰਾਂ ਅ, ਓ, ਮ ਦਾ ਸਮੂਹ ਮੰਨਿਆ ਜਾਂਦਾ ਹੈ। ਵੈਦਿਕ ਕਾਲ ਵਿਚ ਓਮ ਵਿਖੇ ਤਿੰਨ ਪ੍ਰਾਕ੍ਰਿਤਕ ਸ਼ਕਤੀਆਂ ਸੂਰਯ, ਅਗਨੀ ਅਤੇ ਵਾਯੂ (ਪਵਨ) ਦਾ ਨਿਵਾਸ ਮੰਨਿਆ ਗਿਆ। ਪੌਰਾਣਿਕ ਕਾਲ ਸਮੇਂ ਓਮ ਵਿਚ ਬ੍ਰਹਮਾ, ਵਿਸ਼ਨੂੰ, ਸ਼ਿਵ ਦੀ ਕਲਪਨਾ ਕੀਤੀ ਗਈ। ਛੰਦੋਗ, ਕਠ, ਪ੍ਰਸ਼ਨ, ਮਾਡੂਕਯ, ਉਪਨਿਸ਼ਦ ਅਤੇ ਗੌੜ-ਪਾਦੀਯ ਕਾਰਿਕਾ ਵਿਚ ਓਮ ਨੂੰ ਓਅੰਕਾਰ ਲਿਖਿਆ ਮਿਲਦਾ ਹੈ। ਮਾਡੂਕਯ ਉਪਨਿਸ਼ਦ ਵਿਚ ‘ਓਮ’ ਦੇ ਅਨੇਕ ਤਰ੍ਹਾਂ ਦੇ ਅਰਥ ਅਤੇ ਇਸ ਦੀ ਅਨੇਕ ਤਰ੍ਹਾਂ ਦੀ ਵਿਆਖਿਆ ਮਿਲਦੀ ਹੈ। ਛੰਦ ਦੀ ਚਾਲ ਨੂੰ ਮੁੱਖ ਰੱਖ ਕੇ ‘ਓਮ’ ਜਾਂ ‘ਓਅੰਕਾਰ’ ਵਾਲੇ ਮੰਤਰਾਂ ਦੇ ਸ਼ਬਦ-ਜੋੜਾਂ ਵਿਚ ਅਕਹਿ ਅੰਤਰ ਹੈ। ਗੀਤਾ ਪ੍ਰੈੱਸ ਤੋਂ ਪ੍ਰਕਾਸ਼ਿਤ ਸੰਮਤ 2010 ਬਿ. ਦੇ ਛੇਵੇਂ ਸੰਸਕਰਣ ਦੇ ਮਾਡੂਕਯ ਉਪਨਿਸ਼ਦ ਦਾ ਪਹਿਲਾ ਮੰਤਰ ਇਸ ਦਾ ਪ੍ਰਮਾਣ ਹੈ ਜਿਸ ਵਿਚ ਤਿੰਨ ਵਾਰ ‘ਓਅੰਕਾਰ’ ਪਾਠ ਆਇਆ ਹੈ ਅਤੇ ਤਿੰਨੋ ਵਾਰ ਹੀ ਸ਼ਬਦ-ਜੋੜਾਂ ਵਿਚ ਭਿੰਨਤਾ ਹੈ:-
ਓਮਿਤਯੇਤਦਖਸ਼ਰਮਿਦੰ ਸਰਵ ਤਸਯੋਪਵਿਆਖਿਯਾਨੰ ਭੂਤੰ ਭਵਦਮਵਿਸ਼੍ਯਦਿਤਿ ਸਰਵਮੋਂਕਾਰ ਏਵ।
ਯਚਯਾਨਯਤ ਤ੍ਰਿਕਾਲਾਤੀਤੰ ਤਦਪਉਂਕਾਰ ਏਵ॥1॥
ओमित्येतदक्षारमिदँ सर्व तस्योपव्याख्यानं भूतं भव्लविषयदिति सर्वमोङार एव।
यचान्यत् त्रिकालातीतं तदप्याोङार एव।1।
ਇਸ ਮੰਤਰ ਵਿਚ ‘ਓਮਿ’, ‘ਮੋਂਕਾਰ’, ‘ਪਯੋਂਕਾਰ’ ਤਿੰਨ ਰੂਪ ਦਿੱਤੇ ਹਨ। ਮਾਡੂਕਯ ਉਪਨਿਸ਼ਦ ਦੇ ਟੀਕਾਕਾਰ ਹਰਿਕ੍ਰਿਸ਼ਨਦਾਸ ਗੋਇੰਦਕਾ ਜੀ ਨੇ ਵਿਆਖਿਆ ਕਰਦੇ ਹੋਏ ‘ਓਮ’ ਨੂੰ ‚> ਇਤਿ, ‘ਮੋਂਕਾਰ’ ਨੂੰ ਸਰਵੋਂਓੁਕਾਰ, ‘ਪਯੋਂਕਾਰ’ ਨੂੰ ਅਪਿਓਂਕਾਰ, ਸੰਧੀ ਵਿਛੇਦ ਕਰਕੇ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਇਸ ਦੇ ਬਿਪਰੀਤ ਗੁਰਬਾਣੀ ਦਾ ਆਧਾਰ ੴ ਇੱਕੋ ਰੂਪ ਵਿਚ ਅਚੱਲ/ਸਥਿਰ ਰਹਿੰਦਾ ਹੈ। ਵੈਦਿਕ ਮੰਤਰਾਂ ਦੇ ਓਮ/ਓਅੰਕਾਰ ਅਤੇ ਗੁਰਬਾਣੀ ਦੇ ੴ ਦੇ ਸਰੂਪ ਅਤੇ ਅਰਥਾਂ ਵਿਚ ਵੈਦਿਕ ਓਮ/ਓਅੰਕਾਰ ਅਤੇ ਗੁਰਬਾਣੀ ਦੇ ੴ ਨੂੰ ਇੱਕ ਨਹੀਂ ਮੰਨਿਆ ਜਾ ਸਕਦਾ। ਅਰਥ ਅਤੇ ਸਿਧਾਂਤ ਹੀ ਅਭਿੰਨਤਾ ਦਾ ਕਾਰਨ ਹੁੰਦਾ ਹੈ। ਯਾਦ ਰਹੇ ਸਤਿਗੁਰੂ ਜੀ ਨੇ ‘ਓਮ’ ਸ਼ਬਦ ਦਾ ਗੁਰਬਾਣੀ ਵਿਚ ਕਿਤੇ ਵੀ ਜ਼ਿਕਰ ਨਹੀਂ ਕੀਤਾ। ੴ ਦੀ ਵਿਆਖਿਆ ਇਸ ਤਰ੍ਹਾਂ ਹੈ:
1-(ਇਕ), ਓ-ਓਅੰ, > -(ਕਾਰ), ੴ ਦਾ ਏਕਾਂਗ ‘1’ ਇਕ ਅਖੰਡ ਨਿਰਾਕਾਰ ਪਰਮੇਸ਼ਵਰ ਆਪਣੀ ਸ੍ਰਿਸ਼ਟੀ ਸ਼ਕਤੀ ਨਿਰਮਾਣ ਦੇ ਨਾਲ ਵੀ ਪ੍ਰਕਿਰਤੀ (ਕੁਦਰਤ) ਵਿਚ ਨਿਵਾਸ ਰੱਖਦਾ ਹੋਇਆ ਵੀ ਇਕ ਹੈ। ਸ੍ਰਿਸ਼ਟੀ/ਪ੍ਰਕਿਰਤੀ ਪਹਿਲਾਂ ਵੀ ਜਿਸ ਤਰ੍ਹਾਂ ਇੱਕ ਸੀ, ਹੁਣ ਵੀ ਇੱਕ ਹੈ। ਉਸ ਇੱਕ ਵਿਚ ਅਨੇਕਤਾ ਸਤਿ ਪ੍ਰਤੀਤ ਹੁੰਦੀ ਹੈ ਜੋ ਅਨੇਕ ਤਰ੍ਹਾਂ ਦੇ ਕਾਰਜਾਂ ਨੂੰ ਸਿੱਧ ਕਰਦੀ ਹੋਈ ਪ੍ਰਤੀਤ ਹੋ ਰਹੀ ਹੈ। ਅਨੇਕਤਾ ਦਾ ਕੋਈ ਪ੍ਰਭਾਵ ਨਹੀਂ, ਸਾਰੀ ਮਹਿਮਾ ‘ਇੱਕ’ ਦੀ ਹੈ। ਇਹ ‘ਇੱਕ’ ਆਪਣੀ ਸਤਾ ਨਾ ਅਨੇਕਤਾ ਨੂੰ ਸਤਿ ਵਸਤੂ ਦੇ ਵਿਚ ਵਿਖਾਉਂਦਾ ਹੋਇਆ ਆਪ ਇਸ ਅਨੇਕਤਾ ਦੇ ਪਰਦੇ ਵਿਚ ਛਿਪ ਕੇ ਇਸ ਅਨੇਕਤਾ ਨੂੰ ਚਲਾ ਰਿਹਾ ਹੈ। ਅਨੇਕਤਾ ਦੀ ਆਪਣੀ ਕੋਈ ਸੱਤਾ ਨਹੀਂ। ‘ਇੱਕ’ ਦੀ ਸੱਤਾ ਨਾਲ ਹੀ ‘ਸਤਿ’ ਹੈ। ਜੇਕਰ ‘ਇੱਕ’ ਅਨੇਕਤਾ ਤੋਂ ਵੱਖ ਹੋ ਜਾਏ ਤਾਂ ਅਨੇਕਤਾ ਦਾ ਕੋਈ ਅਰਥ ਹੀ ਨਹੀਂ ਰਹੇਗਾ। ਇੱਕ ਦੇ ਕਾਰਨ ਹੀ ਅਨੇਕਤਾ ਦੀ ਹੋਂਦ ਹੈ।
ਬਸ! ਸਪੱਸ਼ਟ ਕੇਵਲ ਇੱਕ ਈਸ਼ਵਰ ਹੈ। ਅਨੇਕਤਾ ਉਸ ਦੀ ਸ੍ਰਿਸ਼ਟੀ, ਨਿਰਮਾਣ ਸ਼ਕਤੀ ਮਾਇਆ ਦਾ ਵਿਸਥਾਰ ਹੈ। ਇੱਕ ਸਤਿ ਦੇ ਸਹਾਰੇ ਸਭ ਦ੍ਰਿਸ਼ਟੀਗੋਚਰ ਹੋ ਰਿਹਾ ਹੈ।
ਗੁਰਮੰਤਰ (ਮੂਲ-ਮੰਤਰ) ਵਿਚ ‘1’ (ਇਕ) ਅੰਕ ਨੂੰ ਰੱਖਿਆ ਹੈ। ਸੰਖ੍ਯਾ ਦਾ ਇੱਕ ਅੰਕ, ਦੋ, ਸੌ, ਹਜ਼ਾਰ, ਲੱਖ, ਕਰੋੜ ਆਦਿਕ ਅਨੇਕ ਰੂਪ ਧਾਰਦਾ ਹੋਇਆ ਵੀ ਆਪ ਕੇਵਲ 1 (ਇਕ) ਰਹਿੰਦਾ ਹੈ। ਇੱਕ ਤੋਂ ਬਿਨਾਂ ਅਗਲੀ ਸੰਖ੍ਯਾ (ਗਿਣਤੀ) ਦੀ ਕੋਈ ਸਤਾ ਨਹੀਂ ਹੈ। ਇੱਕ ਦੀ ਸੱਤਾ ਨਾਲ ਸਾਰੇ ਅੰਕ ਸਤਿ ਹਨ ਅਤੇ ਅਨੇਕ ਤਰ੍ਹਾਂ ਦਾ ਵਿਵਹਾਰ ਸਿੱਧ ਕਰ ਰਹੇ ਹਨ। ਜੇਕਰ ਸੰਖ੍ਯਾ ਦੇ ਅਨੇਕ ਅੰਕਾਂ ਵਿੱਚੋਂ ਇੱਕ ਅੰਕ ਵੱਖ ਹੋ ਜਾਏ ਤਾਂ ਸਾਰੇ ਅਸਤਿ ਹੋ ਜਾਣਗੇ। ਇੱਕ ਦੀ ਸਤਾ ਸਾਰਿਆਂ ਦੀ ਸਤਾ ਹੈ। ਇੱਕ ਹੀ ਸਭ ਦਾ ਸਹਾਰਾ/ਆਸਰਾ ਹੈ। ਵਾਸਤਵ ਵਿਚ ਇੱਕ ਹੀ ਸਤਿ ਹੈ, ਅਨੇਕ ਸਤਿ ਨਹੀਂ। ਅਨੇਕ ਇੱਕ ਦਾ ਵਿਸਤਾਰ ਹੈ। ਇੱਕ ਤੋਂ ਬਿਨਾਂ ਕੁਝ ਵੀ ਨਹੀਂ, ਇਸ ਤਰ੍ਹਾਂ ਇੱਕ ਈਸ਼ਵਰ ਸਤਿ ਹੈ। ਇੱਕ ਈਸ਼ਵਰ ਬਿਨਾਂ ਜੜ੍ਹ, ਚੇਤਨ, ਕੋਈ ਸਤਿ ਨਹੀਂ ਹੈ। ਇੱਕ ਈਸ਼ਵਰ ਦੀ ਸਭ ਮਹਿਮਾ ਹੈ। ਬਸ! ਗੁਰਮੰਤਰ (ਮੂਲ-ਮੰਤਰ) ਦੇ ਅਰੰਭ ਵਿਚ ਅੱਖਰਾਂ ਦੀ ਬਜਾਏ ‘1’ (ਏਕਾਂਗ) ਹਿੰਦਸਿਆਂ ਵਿਚ ਰੱਖਣ ਦਾ ਇਹ ਰਹੱਸ ਹੈ। ਏਕਾਂਗ ਰੱਖ ਕੇ ਸਤਿਗੁਰੂ ਜੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ੴ ਇੱਕ ਪਰਮੇਸ਼ਵਰ ਦਾ ਲਖਾਇਕ ਹੈ। ਗੁਰਬਾਣੀ ਵਿਚ ਏਕਾਂਗ ਦੁਆਰਾ ਇਕ ਪਾਰਬ੍ਰਹਮ ਦਾ ਸਰੂਪ ਪ੍ਰਗਟ ਕੀਤਾ ਹੈ:
ਸਾਹਿਬੁ ਮੇਰਾ ਏਕੋ ਹੈ॥
ਏਕੋ ਹੈ ਭਾਈ ਏਕੋ ਹੈ॥ (ਪੰਨਾ 350)
ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ॥
ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ॥ (ਪੰਨਾ 398)
ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥ (ਪੰਨਾ 1291)
ਏਕਾਂਗ ਤੋਂ ਬਾਅਦ ‘ਕਾਰ’ ਹੈ ਜਿਸ ’ਤੇ ਵਿਚਾਰ ਕਰਨੀ ਬਣਦੀ ਹੈ। ‘ਕਾਰ’ ਦਾ ਅਰਥ ਹੈ ‘ਇਕ-ਰਸ’। ਵਿਕਸ਼ੇਪ, ਚੰਚਲਤਾ ਤੋਂ ਰਹਿਤ, ਅਡੋਲ, ਅਚਲ, ਸਥਿਰ ਹੈ। ਜਿਸ ਤਰ੍ਹਾਂ ਵੈਦਿਕ ਅਤੇ ਲੌਕਿਕ ਸੰਸਕ੍ਰਿਤ ਸਾਹਿਤ ਵਿਚ ਆਕਾਰ ਤੋਂ ਪੈਦਾ ਹੋਈ ਬਿੰਦੀ ਨੂੰ गवङँ ਗਵਙ ਅਤ ਅਨਸਵਰ ਗਕਾਰ ਅਤੇ ਪਕਾਰ ਤੋਂ ਪਹਿਲੇ ਅਰਧ-ਵਿਸਰਗ ਵਰਗੇ ੱ ੱ ਇਸ ਚਿੰਨ੍ਹ ਨੂੰ ਜਿਹਬਾ ਮੂਲੀਯ ਅਤੇ ਉਪਧਮਾਨੀਯ ਕਹਿੰਦੇ ਹਨ, ਇਸੇ ਤਰ੍ਹਾਂ ਮੂਲ-ਮੰਤਰ ਦੇ ‘ਓਅੰ’ ਦੇ ਉੱਪਰ ‘ਕਾਰ’ ਪ੍ਰਤਯਯ (ਪਿਛੇਤਰ) ਲਾਉਣ ਨਾਲ ਉਚਾਰਨ ੧ਓਅੰਕਾਰ ਯੁਗਤਿ ਸੰਗਤ ਹੈ।
ਸੰਸਕ੍ਰਿਤ ਵਿਆਕਰਣ ਦੇ ਸੂਤਰ
उच्चैस्तरावषाटकार:- ਦੇ ਨਿਰਦੇਸ਼ ਨਾਲ ਓਮ ਦੇ ‘ਕਾਰ’ ਪ੍ਰਤਯਯ ਨਾਲ ਓਅੰਕਾਰ (ਸ਼ਬਦ) ਸ਼ੁੱਧ ਮੰਨਿਆ ਜਾਂਦਾ ਹੈ।
वर्णाात्कार :- ਵਾਰਤਕ ਦੇ ਅਨੁਸਾਰ ਅਕਾਰ, ਉਕਾਰ, ਕਕਾਰ, ਪਕਾਰ, ਮਕਾਰ (ਵਾਰਤਕ ਦੇ ) ਪ੍ਰਮਾਣ ਹਨ। ਸਾਡੇ ਇਸ ਸਿਧਾਂਤ ਦਾ ਸਮਰਥਨ ਸੰਸਕ੍ਰਿਤ ਦੇ ਪ੍ਰਕਾਂਡ ਪੰਡਿਤ ਸਰਬ ਸ਼ਾਸਤਰ ਨਿਸ਼ਣਾਤ ਸ੍ਵਾਮੀ ਹਰਿਪ੍ਰਸਾਦ ਵੈਦਿਕ ਮੁਨੀ ਨੇ ਵਿਆਖਿਆ ਪੂਰਬਕ ਕੀਤਾ ਹੈ ਜੋ ਇਸ ਤਰ੍ਹਾਂ ਹੈ:-
“ਜੈਸੇ ਯਜੁਰਵੇਦ ਮੇਂ ਮਕਾਰ ਹਕਾਰ ਆਦਿ ਵਰਣੋਂ (ਅਖਸ਼ਰੋਂ) ਕੇ ਪਰੇ ਹੋਨੇ ਪਰ ਅਨੁਸਵਰ (ਬਿੰਦੀ) ਕੋ ਗਵਙ ਉਚਾਰਨ ਕਰਨੇ ਕੇ ਲਿਯੇ ਉਸਕਾ ਵਯੰਜਕ ਇਸ ਪ੍ਰਕਾਰ ਕਾ ਏਕ ਸਾਂਕੇਤਕ ਆਕਾਰ ਵਿਸ਼ੇਸ਼ ਨਿਯਤ ਕੀਆ ਗਯਾ ਹੈ ਔਰ ਵਹ (ਆਕਾਰ ਵਿਸ਼ੇਸ਼) ਯਜੁਰਵੇਦ ਕੋ ਪਢਨੇ ਸਮ੍ਯ ਵਸਤੁਤ: ਗਵਙ ਨ ਹੋਨੇ ਪਰ ਭੀ ਨਿਯਮ ਸੇ ਗਵਙ ਹੀ ਪਢਾ ਜਾਤਾ ਹੈ, ਵੈਸੇ ਹੀ ਸ੍ਰੀ ਗੁਰੂ ਗ੍ਰੰਥ ਮੇਂ ਭੀ ਗਵਙ ਕੀ ਨਾਂਈ ਓਅੰਕਾਰ ਉਚਾਰਨ ਕਰਨੇ ਕੇ ਲਿਯੇ ਉਸਕਾ ਵਯੰਜਕ ਮਾਤ੍ਰ ‘ਏਕ ਓ’ ਇਸ ਪ੍ਰਕਾਰ ਕਾ ਸਾਂਕੇਤਿਕ ਆਕਾਰ ਵਿਸ਼ੇਸ਼ ਨਿਯਤ ਕਰ ਦਿਯਾ ਗਯਾ ਹੈ। ਇਸ ਲਿਯੇ ਸਦਾ ਸ੍ਰੀ ਗੁਰੂ ਗ੍ਰੰਥ ਕੋ ਪਢਤੇ ਸਮਯ ਉਸ (ਆਕਾਰ ਵਿਸ਼ੇਸ਼) ਕੋ ਭੀ ਗਵਙ ਕੀ ਨਾਂਈ ‘ਓਅੰਕਾਰ’ ਹੀ ਪਢਨਾ ਚਾਹੀਯੇ। ਸੰਸਕ੍ਰਿਤ ਭਾਸ਼ਾ ਕੇ ਗ੍ਰੰਥੋਂ ਸੰਸਕਾਰੋਂ ਸੇ ਉਤਪਨ ਹੂਈ ਅਨੇਕ ਵਿਧ ਮਾਨਸ ਕਲਪਨਾਓਂ ਕੇ ਆਧਾਰ ਪਰ ‘ਓਮ’ ਨ ਪਢਨਾ ਚਾਹੀਯੇ। ਔਰ ਜੋ ਸ੍ਰੀ ਗੁਰੂ ਗ੍ਰੰਥ ਮੇਂ ਕਹੀ ਸਾਂਕੇਤਕ ਆਕਾਰ ਵਿਸ਼ੇਸ਼ ਮੇਂ, ਔਰ ਕਹੀਂ ਅਖਸ਼ਰੋਂ ਮੇਂ ਓਅੰਕਾਰ ਲਿਖਾ ਗਯਾ ਹੈ ਉਸਕਾ ਸਫੁੱਟ ਤਾਤਪ੍ਰਯ ਯਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਮੇਂ ਕਹੀ ਭੀ ‘ਓਮ’ ਉਚਾਰਨ ਅਭੀਸ਼ਟ ਨਹੀਂ ਕਰਨਾ ਕਿੰਤੂ ਸਰਵਤ੍ਰ ਓਅੰਕਾਰ ਉਚਾਰਨ ਕਰਨਾ ਹੀ ਅਭੀਸ਼ਟ ਹੈ ਔਰ ਉਸੀਕਾ ਵਯੰਜਕ ਮਾਤ੍ਰ ਯਹ ਸਾਂਕੇਤਿਕ ਆਕਾਰ ਵਿਸ਼ੇਸ਼ ਹੈ। ਜੋ ਲੋਗ ਇਸ ਸਾਂਕੇਤਿਕ ਆਕਾਰ ਵਿਸ਼ੇਸ਼ ਕੋ ਅਖਸ਼ਰ ਰੂਪ ਸਮਝ ਕਰ ਅਨੁਸਵਰ ਜਾਂ ਬਿੰਦੀ (ਂ) ਕੋ ਨ ਦੇਖ ਪਢਨ ਸੇ ‘ਓ’ ਉਚਾਰਨ ਕਰਤੇ ਹੈਂ, ਅਥਵਾ ਆਕਾਰ ਵਿਸ਼ੇਸ਼ ਕੇ ਅੰਤਿਮ ਭਾਗ ਕੋ ਬਿੰਦੀ ਯਾ ਮਕਾਰ ਮਾਨਕਰ ‘ਓਅੰ’ ਯਾ ‘ਓਮ’ ਉਚਾਰਨ ਕਰਤੇ ਹੈਂ, ਵੋ ਭੂਲਤੇ ਹੈਂ, ਉਨਹੇਂ ਐਸਾ ਨ ਕਰਨਾ ਚਾਹੀਯੇ ਔਰ ਸਦਾ ਓਅੰਕਾਰ ਹੀ ਉਚਾਰਨ ਕਰਨਾ ਚਾਹੀਯੇ, ਬਸ! ਯਹੀ ਗੁਰਮਤ ਹੈ ਔਰ ਸਾਂਪ੍ਰਦਾਇਕ ਸਿਧਾਂਤ ਹੈ।”
ਜਿਵੇਂ ਅਸੀਂ ਉੱਪਰ ਲਿਖਿਆ ਹੈ ਕਿ ਪੁਰਾਣਿਕ ਮਤ ਅਨੁਸਾਰ ਓਮ ਦੇ ਤਿੰਨ ਅੱਖਰਾਂ ਅ, ਓ, ਮ, ਵਿਚ ਕ੍ਰਮਵਾਰ ਬ੍ਰਹਮਾ, ਵਿਸ਼ਨੂੰ, ਸ਼ਿਵ ਦਾ ਨਿਵਾਸ ਮੰਨਿਆ ਹੈ। ਗੁਰਬਾਣੀ ਵਿਚ ਸਰਬ-ਬ੍ਰਹਿਮੰਡ ਦਾ ਸਿਰਜਨਹਾਰ ਓਅੰਕਾਰ (ਅਕਾਲ ਪੁਰਖ) ਨੂੰ ਮੰਨਿਆ ਹੈ। ਤਿੰਨ ਦੇਵਤੇ ਬ੍ਰਹਮਾ, ਵਿਸ਼ਨੂੰ, ਸ਼ਿਵ, ਓਅੰਕਾਰ ਦੇ ਲਖਾਇਕ ਨਹੀਂ ਹਨ। ਓਅੰਕਾਰ ਤਾਂ ਬ੍ਰਹਮਾ, ਵਿਸ਼ਨੂੰ, ਸ਼ਿਵ ਦਾ ਸਿਰਜਨਹਾਰ (ਪੈਦਾ ਕਰਨ ਵਾਲਾ) ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ:
ਓਅੰਕਾਰ ਆਦ॥
ਕਥਨੀ ਅਨਾਦ॥ (ਜਾਪੁ ਸਾਹਿਬ)
ਸਿੱਖ ਪੰਥ ਦੇ ਮਾਣਮੱਤੇ ਵਿਦਵਾਨ, ਸਤਿਗੁਰਾਂ ਦੇ ਸਰਬ-ਮਰਮ ਨੂੰ ਜਾਣਨ ਵਾਲੇ, ਗੁਰਮਤਿ/ਗੁਰਬਾਣੀ ਦੇ ਵਿਆਖਿਆਕਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਇੱਕ-ਇੱਕ ਲਗਮਾਤ੍ਰ ਬਿੰਦੀ, ਟਿੱਪੀ ਦੇ ਜਾਣੂ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿਚ ਏਕਾਂਗ (1) ਦੀ ਅਤੇ >-ਕਾਰ ਦੀ ਵਿਆਖਿਆ ਕਰ ਕੇ ਸਭ ਤਰ੍ਹਾਂ ਦੀ ਭ੍ਰਾਂਤੀ ਦੀ ਨਿਵਿਰਤੀ ਕਰ ਦਿੱਤੀ ਹੈ:
ਏਕਾ ਏਕੰਕਾਰ ਲਿਖਿ ਦੇਖਾਲਿਆ।
ਊੜਾ ਓਅੰਕਾਰ ਪਾਸ ਬਹਾਲਿਆ। (ਵਾਰ 3:15)
ਏਕੰਕਾਰ ਏਕਾਂਗ ਲਿਖਿ ਊੜਾ ਓਅੰਕਾਰ ਲਖਾਇਆ। (ਵਾਰ 39:1)
ਲੇਖਕ ਬਾਰੇ
ਸਿੱਖ ਜਗਤ ਵਿਚ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦਾ ਨਾਂ ਇਕ ਉੱਘੇ ਇਤਿਹਾਸਕਾਰ, ਸਾਹਿਤਕਾਰ ਅਤੇ ਦਾਰਸ਼ਨਿਕ ਵਜੋਂ ਸਨਮਾਨਿਆ ਜਾਂਦਾ ਹੈ। ਉਹ ਜਿਥੇ ਮਹਾਨ ਵਿਦਵਾਨ ਸਨ ਉਥੇ ਨਿਮਰ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗਿਆਨੀ ਜੀ ਦਾ ਜਨਮ ੨੫ ਜੂਨ ੧੯੩੩ ਈ: ਨੂੰ ਪਿੰਡ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ ਵਿਚ ਸ. ਬੁੱਘਾ ਸਿੰਘ ਮਾਨ ਦੇ ਘਰ ਸ੍ਰੀਮਤੀ ਵੀਰ ਕੌਰ ਦੀ ਕੁਖੋਂ ਹੋਇਆ। ਪੁਰਾਣੇ ਸਮਿਆਂ ਵਿਚ ਸਕੂਲ ਬਹੁਤ ਘੱਟ ਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੇ ਸਾਧੂ-ਸੰਤਾਂ ਦੇ ਡੇਰਿਆਂ ਵਿਚੋਂ ਵਿਦਿਆ ਗ੍ਰਹਿਣ ਕੀਤੀ। ਇਥੋਂ ਹੀ ਗਿਆਨੀ ਜੀ ਨੂੰ ਪੜ੍ਹਨ ਲਿਖਣ ਦਾ ਅਭਿਆਸ ਪਿਆ। ਉਨ੍ਹਾਂ ਨੇ ਬ੍ਰਜ ਭਾਸ਼ਾ, ਹਿੰਦੀ, ਸੰਸਕ੍ਰਿਤ ਅਤੇ ਗੁਰਮੁਖੀ ਵਿਚ ਮੁਹਾਰਤ ਹਾਸਲ ਕੀਤੀ ਅਤੇ ਨਾਲ ਹੀ ਉਰਦੂ ਦਾ ਵੀ ਅਧਿਐਨ ਕੀਤਾ। ਗਿਆਨੀ ਬਲਵੰਤ ਸਿੰਘ ਦਾ ਜੀਵਨ ਸਾਹਿਤਕ ਸੇਵਾ ਨੂੰ ਸਮਰਪਿਤ ਸੀ। ਉਨ੍ਹਾਂ ਨੇ ਧਰਮ, ਇਤਿਹਾਸ, ਦਰਸ਼ਨ, ਵੇਦਾਂਤ ਅਤੇ ਸੰਤਾਂ ਮਹਾਂਪੁਰਖਾਂ ਦੇ ਜੀਵਨ ਨਾਲ ਸੰਬੰਧਿਤ ਸਾਹਿਤ ਦੀ ਸਿਰਜਣਾ ਕੀਤੀ। ਗਿਆਨੀ ਜੀ ਨੇ ਦੋ ਦਰਜਨ ਤੋਂ ਵਧ ਪੁਸਤਕਾਂ ਦੀ ਰਚਨਾ ਕੀਤੀ। ਗਿਆਨੀ ਬਲਵੰਤ ਸਿੰਘ ਕੋਠਾ ਗੁਰੂ 27 ਫਰਵਰੀ 2019 ਨੂੰ ਗੁਰੂ ਚਰਨਾਂ ਵਿੱਚ ਬਿਰਾਜ ਗਏ।
- ਗਿਆਨੀ ਬਲਵੰਤ ਸਿੰਘ ਕੋਠਾਗੁਰੂhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%ac%e0%a8%b2%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%a0%e0%a8%be%e0%a8%97%e0%a9%81%e0%a8%b0/August 1, 2009