editor@sikharchives.org

ਇਨਸਾਨੀਅਤ ਦੇ ਪਹਿਰੇਦਾਰ : ਬਾਬਾ ਮੋਤੀ ਰਾਮ ਮਹਿਰਾ

ਪਰਵਾਰ ਸਮੇਤ ਅਸਹਿ ਅਤੇ ਅਕਹਿ ਤਸੀਹੇ ਝੱਲਦਿਆਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ 27 ਸਾਲ ਦੀ ਉਮਰ ਵਿਚ ਆਪਣੇ ਸਤਿਗੁਰਾਂ ਨਾਲ ਆਪਣਾ ਸਨੇਹ, ਪਿਆਰ ਦਾ ਰਿਸ਼ਤਾ ਨਿਰਭੈਤਾ, ਦ੍ਰਿੜ੍ਹਤਾ ਅਤੇ ਦਲੇਰੀ ਨਾਲ ਨਿਭਾਇਆ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਕੁਦਰਤ ਦਾ ਕ੍ਰਿਸ਼ਮਾ ਹੀ ਸਮਝੋ ਜਿਸ ਨੇ ਸੰਜੋਗ-ਵਿਜੋਗ ਦਾ ਸਿਲਸਿਲਾ ਆਦਿ-ਕਾਲ ਤੋਂ ਅਰੰਭ ਕੀਤਾ ਹੋਇਆ ਹੈ। ਗੁਰਬਾਣੀ ਇਸ ਬਾਰੇ ਇਉਂ ਚਾਨਣ ਪਾਉਂਦੀ ਹੈ:

ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ॥ (ਪੰਨਾ 509)

ਸੰਜੋਗੁ ਵਿਜੋਗੁ ਧੁਰਹੁ ਹੀ ਹੂਆ॥ (ਪੰਨਾ 1007)

ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ॥
ਜੀਵਿ ਜੀਵਿ ਮੁਏ ਮੁਏ ਜੀਵੇ॥(ਪੰਨਾ 1238)

ਕੁਦਰਤ ਨੇ ਹਾਂ-ਪੱਖੀ ਅਤੇ ਨਾਂਹ-ਪੱਖੀ ਤਾਕਤਾਂ ਪੈਦਾ ਕੀਤੀਆਂ ਹਨ। ਮਨੁੱਖ ਦੇ ਅੰਦਰ ਵੀ ਇਹ ਦੋਵੇਂ ਸ਼ਕਤੀਆਂ ਮੌਜੂਦ ਹਨ। ਇਨ੍ਹਾਂ ਸ਼ਕਤੀਆਂ ਦਾ ਪ੍ਰਗਟਾਵਾ ਸੰਸਾਰ ਵਿਚ ਨੇਕੀ-ਬਦੀ ਅਤੇ ਝੂਠ-ਸੱਚ ਦੀਆਂ ਸ਼ਕਤੀਆਂ ਵਿਚ ਹੋ ਰਿਹਾ ਹੈ। ਇਨ੍ਹਾਂ ਸ਼ਕਤੀਆਂ ਦੇ ਪ੍ਰਤੀਕ ਵਿਅਕਤੀਆਂ ਦੀ ਪਛਾਣ ਗੁਰਬਾਣੀ ਧਰਮੀ ਅਤੇ ਪਾਪੀ ਕਰ ਕੇ ਕਰਦੀ ਹੈ। ਫ਼ਰਮਾਨ ਹੈ :

ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ॥ (ਪੰਨਾ 138)

ਇਨ੍ਹਾਂ ਸ਼ਕਤੀਆਂ ਦਾ ਟਕਰਾਅ ਵੀ ਬਾਦਸਤੂਰ ਜਾਰੀ ਹੀ ਰਿਹਾ ਹੈ। ਅੱਜ ਵੀ ਹੈ, ਭਵਿੱਖ ਵਿਚ ਵੀ ਰਹੇਗਾ। ਆਮ ਤੌਰ ਉੱਤੇ ਬਦੀ ਦੀਆਂ ਸ਼ਕਤੀਆਂ ਭਾਰੂ ਰਹਿੰਦੀਆਂ ਹਨ ਪ੍ਰੰਤੂ ਅੰਤ ਨੂੰ ਨੇਕੀ ਜੇਤੂ ਰਹਿੰਦੀ ਹੈ। ਗੁਰਬਾਣੀ ਵਿਚ ਸਪੱਸ਼ਟ ਕੀਤਾ ਗਿਆ ਹੈ:

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ (ਪੰਨਾ 953)

ਅਜੋਕੇ ਯੁੱਗ ਵਿਚ ਬਾਬੇਕਿਆਂ ਅਤੇ ਬਾਬਰਕਿਆਂ ਵਿਚ ਟਕਰਾਅ ਨੂੰ ਵੀ ਇਸੇ ਕੜੀ ਵਿਚ ਹੀ ਵੇਖਿਆ ਜਾਂਦਾ ਹੈ। ਬਾਬਰ ਕੇ ਬਦੀ ਦੀਆਂ ਸ਼ਕਤੀਆਂ ਅਤੇ ਬਾਬੇ ਕੇ ਨੇਕੀ ਦੀਆਂ ਸ਼ਕਤੀਆਂ ਦੇ ਪ੍ਰਤੀਕ ਹਨ। ਇਸੇ ਟਕਰਾਅ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ ਸ਼ਹੀਦੀ ਹੋਈ ਅਤੇ ਇਹ ਟਕਰਾਅ ਸਰਹਿੰਦ ਦੀ ਧਰਤੀ ਉੱਤੇ ਪਹੁੰਚ ਗਿਆ ਜਿਥੇ ਦੁਨੀਆਂ ਦੇ ਇਤਿਹਾਸ ਵਿਚ ਬਦੀ ਦਾ ਸਿਖਰ ਆਇਆ ਅਤੇ ਉਸ ਦਾ ਕਰੂਰ ਚਿਹਰਾ ਨੰਗਾ ਹੋ ਗਿਆ, ਜਿਥੇ ਔਰੰਗਜ਼ੇਬ ਦੀ ਸਿੱਖ ਲਹਿਰ (ਨੇਕੀ ਦੀਆਂ ਸ਼ਕਤੀਆਂ) ਨੂੰ ਸਦਾ-ਸਦਾ ਲਈ ਖਾਮੋਸ਼ ਕਰਨ ਹਿੱਤ ਧਾਰਨ ਕੀਤੀ ਮੁਗਲੀਆ, ਕਪਟੀ ਅਤੇ ਅਧਰਮੀ ਨੀਤੀ ਕਾਰਨ ਸੂਬਾ ਸਰਹਿੰਦ ਦੇ ਹੁਕਮ ਦੁਆਰਾ ਮਾਸੂਮੀਅਤ ਦੇ ਚਿੰਨ੍ਹ ਨਿਰਭਉ ਅਤੇ ਨਿਰਵੈਰ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਨੂੰ ਕੰਧਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ‘ਸਾਕਾ ਸਰਹਿੰਦ’ ਨੂੰ ਇਤਿਹਾਸ ਵਿਚ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਕਰ ਕੇ ਵੀ ਜਾਣਿਆ ਜਾਂਦਾ ਹੈ।

1704 ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਗੜ੍ਹ ਦਾ ਕਿਲ੍ਹਾ ਛੱਡਣ ਉਪਰੰਤ ਸਿਰਸਾ ਨਦੀ ਦੇ ਕੰਢੇ ਉੱਤੇ ਖਾਲਸਾ ਫੌਜਾਂ ਅਤੇ ਮੁਗਲੀਆ ਸਲਤਨਤ ਸਮੇਤ ਬਾਈਧਾਰ ਦੇ ਰਾਜਿਆਂ ਦੀਆਂ ਫੌਜਾਂ ਵਿਚ ਹੋਏ ਯੁੱਧ ਅਤੇ ਸਿਰਸਾ ਨਦੀ ਵਿਚ ਆਏ ਹੜ੍ਹ ਕਾਰਨ ਗੁਰੂ ਸਾਹਿਬ ਦਾ ਪਰਵਾਰ ਵਿਛੜ ਗਿਆ। ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਚਲੇ ਗਏ, ਛੋਟੇ ਸਾਹਿਬਜ਼ਾਦੇ ਗੁਰੂ-ਮਾਤਾ, ਮਾਤਾ ਗੁਜਰੀ ਜੀ ਨਾਲ ਮੋਰਿੰਡੇ ਵੱਲ ਨੂੰ ਚੱਲ ਪਏ ਅਤੇ ਵੱਡੇ ਸਾਹਿਬਜ਼ਾਦਿਆਂ ਅਤੇ 40 ਕੁ ਸਿੰਘਾਂ ਸਮੇਤ ਗੁਰੂ ਜੀ ਚਮਕੌਰ ਦੀ ਕੱਚੀ ਗੜ੍ਹੀ ਵਿਚ ਪਹੁੰਚ ਗਏ। ਸਾਕਾ ਸਰਹਿੰਦ ਵਿਚ ਗੰਗੂ, ਸੁੱਚਾ ਨੰਦ, ਦੀਵਾਨ ਟੋਡਰ ਮੱਲ, ਬਾਬਾ ਮੋਤੀ ਰਾਮ ਮਹਿਰਾ ਅਤੇ ਸੂਬਾ ਸਰਹਿੰਦ ਦੀ ਹਿੰਦੂ ਧਰਮ ਤੋਂ ਇਸਲਾਮੀ ਧਰਮ ਵਿਚ ਪ੍ਰਵੇਸ਼ ਕਰ ਚੁੱਕੀ ਬੇਗਮ ਜੈਨਬੁਨਿਸਾ, ਜਿਸ ਨੂੰ ਪਿਆਰ ਨਾਲ ਜੈਨਾ ਕਿਹਾ ਜਾਂਦਾ ਸੀ, ਦਾ ਆਪਣੇ ਵਿਹਾਰ, ਵਿਚਾਰਾਂ ਅਤੇ ਬਿਰਤੀਆਂ ਅਨੁਸਾਰ ਨਿਭਾਇਆ ਰੋਲ ਬੜਾ ਹੀ ਮਹੱਤਵਪੂਰਨ ਹੈ। ਇਨ੍ਹਾਂ ਵਿੱਚੋਂ ਕੁਝ ਨੇਕੀ ਦੀਆਂ ਸ਼ਕਤੀਆਂ ਅਤੇ ਕੁਝ ਬਦੀ ਦੀਆਂ ਸ਼ਕਤੀਆਂ ਦੇ ਪ੍ਰਤੱਖ ਪ੍ਰਤੀਕ ਹਨ। ਇਸ ਲੇਖ ਵਿਚ ਇਨਸਾਨੀਅਤ ਦੇ ਪਹਿਰੇਦਾਰ ਗੁਰੂ-ਘਰ ਦੇ ਅਨਿੰਨ ਸ਼ਰਧਾਲੂ-ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ ਬਾਰੇ ਸੰਖੇਪ ਰੂਪ ਵਿਚ ਜਾਣਨ ਦਾ ਯਤਨ ਕਰ ਰਹੇ ਹਾਂ।

ਬਾਬਾ ਮੋਤੀ ਰਾਮ ਮਹਿਰਾ ਜੀ ਬਾਰੇ ਬਹੁਤ ਸਾਰੇ ਤੱਥਾਂ ਦੀ ਭਾਲ ਅਜੇ ਬਾਕੀ ਹੈ। ਜਿਤਨਾ ਕੁ ਵੱਖ-ਵੱਖ ਸ੍ਰੋਤਾਂ ਸਮੇਤ ਭਾਈ ਕਿਸ਼ਨ ਸਿੰਘ ਦੇ ‘ਸ਼ਹੀਦਨਾਮਾ’ ਤੋਂ ਜਾਣਕਾਰੀ ਮਿਲਦੀ ਹੈ ਉਸ ਅਨੁਸਾਰ ਭਾਈ ਮੋਤੀ ਰਾਮ ਮਹਿਰਾ ਪਿੰਡ ਸੰਗਤਪੁਰਾ ਦੇ ਵਸਨੀਕ ਸਨ ਅਤੇ ਖਾਲਸਾ ਪੰਥ ਦੀ ਸਿਰਜਨਾ ਸਮੇਂ ਦਸਮੇਸ਼ ਜੀ ਵੱਲੋਂ ਸਜਾਏ ਗਏ ਪੰਜ ਪਿਆਰਿਆਂ ਵਿੱਚੋਂ ਇਕ ਭਾਈ ਹਿੰਮਤ ਸਿੰਘ ਦੇ ਭਤੀਜੇ ਸਨ। ਭਾਈ ਕਿਸ਼ਨ ਸਿੰਘ ਜੀ ਇਉਂ ਲਿਖਦੇ ਹਨ:

ਮੋਤੀ ਰਾਮ ਸੰਗਤਿਪੁਰਿ ਵਾਸੀ।
ਰਾਮ ਨਾਮ ਜਪ ਪੁੰਨ ਕਮਾਸੀ।
ਹਿੰਮਤ ਸਿੰਘ ਤਿਤ ਚਾਚੂ ਜਾਨਹੁ।
ਪਾਂਚ ਪਯਾਰਨ ਮਾਹਿ ਪ੍ਰਧਾਨਹੁ।
ਵਜੀਰੇ ਕੇ ਗ੍ਰਿਹ ਪ੍ਰਸਾਦ ਬਨਾਵੈ।
ਮਾਨ ਮਹਤ ਦਰਬਾਰਹਿ ਪਾਵੈ।
ਹਿੰਦੂ ਕੈਦੀ ਤੈਹ ਹਜਾਰ।
ਕਾਰਾਵਾਸ ਮਹਿ ਹੋਤ ਖਵਾਰ।
ਤਿਨ ਕੋ ਲੰਗਰ ਮੋਤੀ ਆਪ ਬਨਾਵਹਿ।

ਦੁਖਦਾਇਕ ਗੱਲ ਇਹ ਹੈ ਕਿ ਅਸੀਂ ਅਦੁੱਤੀ ਅਤੇ ਅਜ਼ੀਮ ਸਿੱਖ ਵਿਰਸੇ ਸਮੇਤ ਭਾਈ ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ, ਸਿਦਕਦਿਲੀ, ਨਿਰਵੈਰਤਾ ਅਤੇ ਨਿਰਭੈਤਾ ਦਾ ਮਹੱਤਵ ਵੀ ਅਣਗੌਲਿਆਂ ਹੀ ਰੱਖਿਆ ਪ੍ਰੰਤੂ ਇਸ ਸਭ ਕੁਝ ਦੇ ਬਾਵਜੂਦ ਬਾਬਾ ਜੀ ਦੀ ਕੁਰਬਾਨੀ ਲੋਕ ਸਿਮ੍ਰਤੀ ਵਿੱਚੋਂ ਗਾਇਬ ਨਹੀਂ ਹੋਈ ਅਤੇ ਉਹ ਅੱਜ ਵੀ ਸਿੱਖ ਮਾਨਸਿਕਤਾ ਵਿਚ ਪੂਰੀ ਤਰ੍ਹਾਂ ਵੱਸੇ ਹੋਏ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜਬਰ, ਜ਼ੁਲਮ, ਧੱਕੇ, ਅੱਤਿਆਚਾਰ ਅਤੇ ਬੇਇਨਸਾਫੀ ਵਿਰੁੱਧ ਅਰੰਭੇ ਸ਼ਾਂਤਮਈ ਸੰਘਰਸ਼ ਨੇ ਭਾਰਤੀਆਂ ਦੀ ਮਰ ਚੁੱਕੀ ਜ਼ਮੀਰ ਨੂੰ ਹਲੂਣਾ ਦਿੱਤਾ ਅਤੇ ਉਨ੍ਹਾਂ ਅੰਦਰ ਸਾਹਸ, ਸਵੈਮਾਣ, ਸਿਦਕਦਿਲੀ ਅਤੇ ਦ੍ਰਿੜ੍ਹਤਾ ਪੈਦਾ ਕੀਤੀ। ਜਦੋਂ ਗੁਰਮਤਿ ਲਹਿਰ ਸਦਕਾ ਭਾਰਤੀਆਂ ਦੀ ਆਤਮਾ ਅੰਦਰ ਸਵੈਮਾਣ ਦਾ ਅਹਿਸਾਸ ਜਾਗਿਆ ਤਾਂ ਸਮੇਂ ਨੇ ਕਰਵਟ ਲਈ ਅਤੇ ਤਲਵਾਰ ਦਾ ਜਵਾਬ ਤਲਵਾਰ ਨਾਲ ਦੇਣ ਲਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਅਤੇ ਜ਼ੁਲਮ ਤੇ ਜਬਰ ਦਾ ਮੁਕਾਬਲਾ ਕਰਨੋਂ ਅਸਮਰੱਥ ਜ਼ਾਲਮ ਅੱਗੇ ਥਰ-ਥਰ ਕੰਬ ਰਹੇ ਭਾਰਤੀਆਂ ਨੂੰ ਸ਼ਸਤਰਧਾਰੀ ਬਣਨ ਲਈ ਪ੍ਰੇਰਿਆ ਅਤੇ ਮੁਗ਼ਲਾਂ ਵਿਰੁੱਧ ਚਾਰ ਯੁੱਧ ਕੀਤੇ ਅਤੇ ਇਨ੍ਹਾਂ ਸਾਰਿਆਂ ਵਿਚ ਨੇਕੀ ਦੀਆਂ ਸ਼ਕਤੀਆਂ ਜੇਤੂ ਰਹੀਆਂ ਅਤੇ ਮੁਗ਼ਲਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਗੱਲ ਦੇ ਦ੍ਰਿੜ੍ਹ ਵਿਸ਼ਵਾਸੀ ਸਨ ਕਿ ਜਦੋਂ ਜਬਰ ਅਤੇ ਜ਼ੁਲਮ ਨੂੰ ਖ਼ਤਮ ਕਰਨ ਦੇ ਸਾਰੇ ਸ਼ਾਂਤਮਈ ਹੀਲੇ-ਵਸੀਲੇ ਖ਼ਤਮ ਹੋ ਜਾਣ ਤਾਂ ਕ੍ਰਿਪਾਨ ਦੀ ਵਰਤੋਂ ਜਾਇਜ਼ ਹੈ।

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।
ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ।

ਗੁਰੂ ਜੀ ਦੁਆਰਾ ਅਰੰਭ ਕੀਤਾ ਧਰਮ ਯੁੱਧ ਉਨ੍ਹਾਂ ਲੋਕਾਂ ਲਈ ਵੰਗਾਰ ਸੀ ਜੋ ਧਰਮ ਦਾ ਮਖੌਟਾ ਪਹਿਨ ਕੇ ਇਸ ਦੀ ਭਾਵਨਾ ਦੇ ਉਲਟ ਕਾਰਜਾਂ ਵਿਚ ਰੁੱਝੇ ਹੋਏ ਸਨ। ਉਨ੍ਹਾਂ ਨੇ ਗੁਰੂ ਜੀ ਦੁਆਰਾ ਅਰੰਭੇ ਧਰਮ-ਯੁੱਧ ਨੂੰ ਆਪਣੇ ਨਖਿਧ ਅਤੇ ਕਪਟੀ ਕਾਰਜਾਂ ਲਈ ਚੁਣੌਤੀ ਸਮਝਿਆ। ਉਨ੍ਹਾਂ ਨੇ ਗੁਰੂ ਜੀ ਖਿਲਾਫ ਜੰਗ ਕਰਨ ਦਾ ਤਹੱਈਆ ਕਰ ਲਿਆ ਤਾਂ ਜੋ ਇਸ ਧਰਮ, ਨੇਕੀ, ਹੱਕ ਅਤੇ ਸੱਚ ਦੀ ਆਵਾਜ਼ ਨੂੰ ਖਾਮੋਸ਼ ਕੀਤਾ ਜਾ ਸਕੇ। ਗੁਰੂ ਜੀ ਦੇ ਧਰਮ-ਯੁੱਧ ਨੂੰ ਚੁਣੌਤੀ ਦੇਣ ਵਾਲੀਆਂ ਫੌਜਾਂ ਵਿਚ ਪਹਾੜੀ ਰਾਜੇ ਅਤੇ ਕੇਂਦਰ ਦੀ ਮੁਗ਼ਲ ਫੌਜ ਨੇ ਸਾਂਝੇ ਤੌਰ ’ਤੇ ਭਾਗ ਲਿਆ। ਜਦੋਂ ਇਹ ਫੌਜਾਂ ਗੁਰੂ ਜੀ ਦਾ ਮੁਕਾਬਲਾ ਕਰਨ ਵਿਚ ਅਸਮਰੱਥ ਹੋ ਗਈਆਂ ਤਾਂ ਉਨ੍ਹਾਂ ਨੇ ਕਪਟ ਅਤੇ ਮਕਾਰੀ ਭਰੀਆਂ ਚਾਲਾਂ ਦਾ ਸਹਾਰਾ ਲਿਆ। ਉਨ੍ਹਾਂ ਨੇ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਕੱਢਣ ਲਈ ਧਰਮ-ਗ੍ਰੰਥਾਂ ਦਾ ਸਹਾਰਾ ਲਿਆ ਜਿਸ ’ਤੇ ਵਿਸ਼ਵਾਸ ਕਰ ਕੇ ਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦਿੱਤਾ। ਦੁਸ਼ਮਣ ਦੀਆਂ ਫੌਜਾਂ ਨੇ ਧਰਮ-ਗ੍ਰੰਥਾਂ ਦੀਆਂ ਖਾਧੀਆਂ ਸਹੁੰਆਂ ਤੋੜ ਕੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਗੁਰੂ ਜੀ ਅਤੇ ਉਨ੍ਹਾਂ ਦੇ ਪਿਆਰੇ ਖਾਲਸੇ ਦਾ ਬਹੁਤ ਨੁਕਸਾਨ ਹੋਇਆ। ਈਨ ਮੰਨਣ ਦੀ ਥਾਂ ਗੁਰੂ ਜੀ ਅਤੇ ਸਿੱਖਾਂ ਨੇ ਦੁਸ਼ਮਣ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਹਰ ਮੈਦਾਨ ਪਛਾੜ ਦਿੱਤਾ। ਪ੍ਰੰਤੂ ਭਾਈ ਜੈਤਾ ਜੀ (ਭਾਈ ਜੀਵਨ ਸਿੰਘ), ਭਾਈ ਉਦੈ ਸਿੰਘ ਸਮੇਤ ਬਹੁਤ ਸਾਰੇ ਸਿੰਘ ਜੰਗ ਵਿਚ ਸ਼ਹੀਦ ਹੋ ਗਏ ਅਤੇ ਬਹੁਤ ਸਾਰੇ ਘੋੜਿਆਂ ਸਮੇਤ ਦਰਿਆ ਵਿਚ ਰੁੜ੍ਹ ਗਏ। ਗੁਰੂ ਪਰਵਾਰ ਵਿੱਛੜ ਕੇ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ।

ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਵਹੀਰ ਤੋਂ ਪਾਸੇ ਮੋਰਿੰਡੇ ਵੱਲ ਨੂੰ ਨਿਕਲ ਗਏ। ਅੱਤ ਦੀ ਸਰਦੀ ਵਿਚ ਛੋਟੇ ਸਾਹਿਬਜ਼ਾਦਿਆਂ ਲਈ ਮਾਤਾ ਜੀ ਦੀ ਬੁੱਕਲ ਤੋਂ ਇਲਾਵਾ ਹੋਰ ਕੋਈ ਸਥਾਨ ਨਹੀਂ ਸੀ ਪ੍ਰੰਤੂ ਉਹ ਪ੍ਰਭੂ ਦੇ ਭਾਣੇ ਵਿਚ ਦ੍ਰਿੜਤਾ ਨਾਲ ਵਿਚਰ ਰਹੇ ਸਨ ਭਾਵੇਂ ਕਿ ਪੈਂਡਾ ਬੜਾ ਹੀ ਬਿਖਮ ਸੀ। ਸਤਿਗੁਰਾਂ ਨੇ ਵੀ ਗੁਰਬਾਣੀ ਦੁਆਰਾ ਸਮਝਾਇਆ ਹੈ ਕਿ ਭਾਣਾ ਮੰਨਣਾ ਕਹਿਣਾ ਤਾਂ ਸੌਖਾ ਹੈ ਪਰ ਹੈ ਬੜਾ ਹੀ ਕਠਿਨ। ਗੁਰਵਾਕ ਹੈ,

“ਸੁਹੇਲਾ ਕਹਨੁ ਕਹਾਵਨੁ॥
ਤੇਰਾ ਬਿਖਮੁ ਭਾਵਨੁ॥” (ਪੰਨਾ 51)

ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਰਸਤੇ ਵਿਚ 16 ਸਾਲ ਗੁਰੂ-ਘਰ ਦਾ ਰਸੋਈਆ ਰਿਹਾ, ਗੰਗੂ ਮਿਲਿਆ ਜੋ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ। ਧਨ ਦੇ ਲਾਲਚ ਵਿਚ ਆ ਕੇ ਉਸ ਨੇ ਮਾਤਾ ਜੀ ਦੀਆਂ ਮੋਹਰਾਂ ਚੋਰੀ ਕਰ ਲਈਆਂ ਅਤੇ ਭੇਦ ਖੁੱਲ੍ਹ ਜਾਣ ਦੇ ਡਰੋਂ ਉਸ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਮੁਗ਼ਲ ਸਿਪਾਹੀਆਂ ਦੇ ਹਵਾਲੇ ਕਰ ਦਿੱਤਾ ਅਤੇ ਉਨ੍ਹਾਂ ਤੋਂ ਵੀ ਇਨਾਮ ਪ੍ਰਾਪਤ ਕਰਨ ਵਿਚ ਸਫਲ ਹੋ ਗਿਆ। ਲਾਲਚੀ ਮਨੁੱਖ ਆਪਣੇ ਲਾਲਚ ਦੀ ਪੂਰਤੀ ਲਈ ਖੌਫ਼ੇ-ਖੁਦਾ ਨੂੰ ਵਿਸਾਰ ਦਿੰਦਾ ਹੈ ਜਿਵੇਂ ਗੁਰਬਾਣੀ ਵਿਚ ਫ਼ਰਮਾਨ ਹੈ:

ਚੰਗਿਆਈਂ ਆਲਕੁ ਕਰੇ ਬੁਰਿਆਈਂ ਹੋਇ ਸੇਰੁ॥
ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ॥ (ਪੰਨਾ 518)

ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ॥
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥ (ਪੰਨਾ 50)

ਉਪਰੰਤ ਮੋਰਿੰਡੇ ਦੇ ਥਾਣੇਦਾਰ ਜਾਨੀ ਖਾਨ, ਮਾਨੀ ਖਾਨ ਅਤੇ ਮੁਗ਼ਲ ਸਿਪਾਹੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਸਰਹਿੰਦ ਆ ਗਏ। ਸਰਹਿੰਦ ਦਾ ਨਵਾਬ ਗੁਰੂ ਜੀ ਦੇ ਸਿਰਸਾ ਦੇ ਕੰਢੇ ਉੱਤੇ ਅਤੇ ਚਮਕੌਰ ਦੀ ਗੜ੍ਹੀ ਵਿਚ ਹੋਏ ਯੁੱਧ ਵਿੱਚੋਂ ਸਹੀ ਸਲਾਮਤ ਬਚ ਨਿਕਲਣ ਤੋਂ ਬੇਹੱਦ ਸ਼ਰਮਿੰਦਾ ਸੀ ਅਤੇ ਕਿਸੇ ਤਰ੍ਹਾਂ ਲੋਕਾਂ ਅਤੇ ਕੇਂਦਰ ਦਰਬਾਰ ਸਾਹਮਣੇ ਆਪਣੀ ਇੱਜ਼ਤ ਬਚਾਉਣਾ ਚਾਹੁੰਦਾ ਸੀ। ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਗ੍ਰਿਫ਼ਤਾਰੀ ਦੀ ਖ਼ਬਰ ਨੇ ਉਸ ਦੇ ਮਨ ਵਿਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ। ਉਹ ਇਨ੍ਹਾਂ ਰਾਹੀਂ ਗੁਰੂ ਜੀ ਤਕ ਪਹੁੰਚਣ ਦਾ ਜਤਨ ਕਰਨਾ ਚਾਹੁੰਦਾ ਸੀ ਪਰ ਉਸ ਦੀ ਇਹ ਯੋਜਨਾ ਵੀ ਸਿਰੇ ਨਾ ਚੜ੍ਹ ਸਕੀ। ਉਹ ਸਾਹਿਬਜ਼ਾਦਿਆਂ ਦਾ ਧਰਮ ਪਰਿਵਰਤਨ ਕਰ ਕੇ ਦਿੱਲੀ ਦਰਬਾਰ, ਮੌਲਾਣਿਆਂ ਅਤੇ ਖਾਸ ਕਰ ਕੇ ਨਕਸ਼ਬੰਦੀ ਲਹਿਰ ਦੇ ਸੰਚਾਲਕਾਂ ਨੂੰ ਖੁਸ਼ ਕਰਨਾ ਚਾਹੁੰਦਾ ਸੀ ਪਰ ਇਸ ਵਿਚ ਵੀ ਉਹ ਕਾਮਯਾਬ ਨਾ ਹੋ ਸਕਿਆ।

ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਪੋਹ ਦੀ ਅਤਿ ਠੰਡੀ ਰੁੱਤੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿਖੇ ਕੈਦ ਕਰ ਦਿੱਤਾ। ਸਰਹਿੰਦ ਵਿਖੇ ਹਿੰਦੂ ਕੈਦੀਆਂ ਨੂੰ ਰੋਟੀਆਂ ਖਵਾਉਣ ਦੀ ਜ਼ਿੰਮੇਵਾਰੀ ਉਥੋਂ ਦੇ ਭਾਈ ਮੋਤੀ ਰਾਮ ਮਹਿਰਾ ਦੀ ਸੀ। ਭਾਈ ਮੋਤੀ ਰਾਮ ਗੁਰੂ-ਘਰ ਦਾ ਸ਼ਰਧਾਲੂ ਸੀ ਅਤੇ ਕਈ ਵਾਰ ਉਥੋਂ ਲੰਘਣ ਵਾਲੇ ਸਿੱਖਾਂ ਨੂੰ ਲੰਗਰ ਵੀ ਛਕਾ ਦਿਆ ਕਰਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਇਲਾਕੇ ਵਿਚ ਹੋਈ ਭਾਰੀ ਫੌਜੀ ਹਲਚਲ ਤੋਂ ਉਹ ਅਨਜਾਣ ਨਹੀਂ ਸੀ। ਕੈਦੀਆਂ ਨੂੰ ਰੋਟੀਆਂ ਖਵਾਉਣ ਦੀ ਡਿਊਟੀ ਦਿੰਦੇ ਸਮੇਂ ਮੁਗ਼ਲ ਸਿਪਾਹੀਆਂ ਦੀ ਹੁੰਦੀ ਗੱਲਬਾਤ ਤੋਂ ਉਹ ਸਮੇਂ ਦੀ ਗੰਭੀਰਤਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਜਦੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ ਤਾਂ ਦਰੋਗੇ ਨੇ ਉਸ ਨੂੰ ਹੁਕਮ ਕੀਤਾ ਕਿ ਉਹ ਉਥੇ ਠੰਡੇ ਬੁਰਜ ਵਿਚ ਬੰਦ ਤਿੰਨ ਕੈਦੀਆਂ ਨੂੰ ਵੀ ਰੋਟੀ ਦੇ ਕੇ ਆਵੇ। ਕਵਿ ਸੰਤ ਰੇਣ ਪ੍ਰੇਮ ਸਿੰਘ ਨੇ ਆਪਣੀ ਰਚਨਾ ‘ਸ੍ਰੀ ਗੁਰ ਪੁਰ ਪ੍ਰਕਾਸ਼ ਗ੍ਰੰਥ’ ਵਿਚ ਇਉਂ ਲਿਖਿਆ ਹੈ:

ਕੈਦੀ ਤੀਨ ਬੁਰਜ ਕੇ ਮਾਹਿੰ।
ਜੁਗ ਗੁਰ ਸੁਤ ਇਕ ਮਾਤਾ ਆਹਿੰ।
ਤਿਨ ਕੌ ਭੀ ਜਾ ਕੈ ਪਹੁੰਚਾਯੋ।
ਸੁਨ ਕੈ ਮੋਤੀ ਤਹਿੰ ਚਲ ਆਯੋ।

ਜਦੋਂ ਭਾਈ ਮੋਤੀ ਰਾਮ ਮਹਿਰਾ ਉਨ੍ਹਾਂ ਨੂੰ ਰੋਟੀ ਖਵਾਉਣ ਗਿਆ ਤਾਂ ਅੱਗੇ ਗੁਰੂ ਜੀ ਦੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਕੈਦ ਵਿਚ ਵੇਖ ਕੇ ਬਹੁਤ ਦੁਖੀ ਹੋਇਆ। ਉਸ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਰੋਟੀ ਖਾਣ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਮੁਗ਼ਲ ਹਕੂਮਤ ਦੀ ਰਸੋਈ ਵਿੱਚੋਂ ਬਣ ਕੇ ਆਈ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ। ਭਾਈ ਮੋਤੀ ਰਾਮ ਵਾਪਸ ਚਲਾ ਗਿਆ ਅਤੇ ਆਪਣੀ ਪਤਨੀ ਨੂੰ ਸਾਰੀ ਗੱਲ ਜਾ ਦੱਸੀ। ਦੋਵੇਂ ਬਹੁਤ ਦੁਖੀ ਹੋਏ ਅਤੇ ਕਿਸੇ ਨੇ ਘਰ ਵਿਚ ਵੀ ਰੋਟੀ ਨਾ ਖਾਧੀ। ਭਾਈ ਮੋਤੀ ਰਾਮ, ਉਸ ਦੀ ਮਾਤਾ ਅਤੇ ਉਸ ਦੀ ਪਤਨੀ ਤੋਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਭੁੱਖੇ ਰਹਿਣ ਦਾ ਦੁੱਖ ਬਰਦਾਸ਼ਤ ਨਹੀਂ ਸੀ ਹੋ ਰਿਹਾ। ਬਾਬਾ ਮੋਤੀ ਰਾਮ ਮਹਿਰਾ ਦੀ ਧਰਮ ਪਤਨੀ ਨੇ ਆਪਣੇ ਚਾਂਦੀ ਦੇ ਗਹਿਣੇ ਉਸ ਨੂੰ ਦੇ ਦਿੱਤੇ ਤਾਂ ਜੋ ਉਹ ਗਹਿਣੇ ਰਿਸ਼ਵਤ ਦੇ ਤੌਰ ਉੱਤੇ ਮੁਗ਼ਲ ਸਿਪਾਹੀਆਂ ਨੂੰ ਦੇ ਕੇ ਠੰਡੇ ਬੁਰਜ ਵਿਚ ਜਾ ਸਕੇ ਕਿਉਂਕਿ ਬੁਰਜ ਦੁਆਲੇ ਪਹਿਰਾ ਇੰਨਾ ਸਖ਼ਤ ਸੀ ਕਿ ਉਥੇ ਬਿਨਾਂ ਆਗਿਆ ਚਿੜੀ ਵੀ ਨਹੀਂ ਸੀ ਫੜਕ ਸਕਦੀ। ਭਾਈ ਮੋਤੀ ਰਾਮ ਜੀ ਅਤੇ ਉਨ੍ਹਾਂ ਦੇ ਪਰਵਾਰ ਨੂੰ ਮਨੁੱਖੀ ਸੁਭਾਅ ਅਤੇ ਪ੍ਰਸ਼ਾਸਨ ਵਿਚ ਫੈਲੇ ਭ੍ਰਿਸ਼ਟਾਚਾਰ ਬਾਰੇ ਪੂਰੀ ਜਾਣਕਾਰੀ ਸੀ। (ਮਗਰੋਂ ਜਾ ਕੇ ਇਸੇ ਤਰ੍ਹਾਂ ਦਾ ਨੇਕੀ ਭਰਪੂਰ ਕਿਰਦਾਰ ਅਤੇ ਵਿਹਾਰ ਦੀਵਾਨ ਟੋਡਰ ਮੱਲ ਦੀ ਘਰਵਾਲੀ ਨੇ ਵੀ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਥਾਂ ਖ੍ਰੀਦਣ ਲਈ ਨਿਭਾਇਆ ਸੀ ਅਤੇ ਆਪਣੇ ਸਾਰੇ ਗਹਿਣੇ ਅਤੇ ਘਰ ਪਏ ਸਾਰੇ ਪੈਸੇ ਦੀਵਾਨ ਟੋਡਰ ਮੱਲ ਨੂੰ ਦੇ ਦਿੱਤੇ ਸਨ ਜਿਨ੍ਹਾਂ ਨਾਲ ਉਸ ਨੇ ਅਸ਼ਰਫੀਆਂ ਵਿਛਾ ਕੇ ਜ਼ਮੀਨ ਖਰੀਦੀ ਸੀ ਅਤੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਕਰ ਕੇ ਇਤਿਹਾਸ ਵਿਚ ਸਦਾ-ਸਦਾ ਲਈ ਅਮਰ ਹੋ ਗਿਆ।) ਇਕ ਸੱਚੇ ਸਿੱਖ ਵਾਂਗ ਭਾਈ ਮੋਤੀ ਰਾਮ ਜੀ ਅੰਦਰ ਸਾਰੇ ਖ਼ਤਰੇ ਮੁੱਲ ਲੈ ਕੇ ਵੀ ਗੁਰੂ ਪਰਵਾਰ ਨੂੰ ਮਿਲਣ ਅਤੇ ਸੇਵਾ ਕਰਨ ਦੀ ਤਾਂਘ ਸੀ। ਉਸ ਨੂੰ ਸਤਿਗੁਰਾਂ ਦਾ ਮਹਾਂਵਾਕ,

ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ॥ (ਪੰਨਾ 649)

ਦ੍ਰਿੜ੍ਹ ਸੀ। ਗੁਰਬਾਣੀ ਸਿੱਖ ਨੂੰ ਆਪਣੇ ਪ੍ਰੀਤਮ ਪਿਆਰੇ ਸਤਿਗੁਰੂ ਪ੍ਰਤੀ ਆਪਣੀ ਵਫ਼ਾਦਾਰੀ, ਨੇਹੁ ਅਤੇ ਰਿਸ਼ਤਾ ਬਾਖੂਬੀ ਨਿਭਾਉਣ ਲਈ, ਹਰ ਕੁਰਬਾਨੀ ਲਈ ਪ੍ਰੇਰਤ ਕਰਦੀ ਹੈ। ਗੁਰਵਾਕ ਹੈ,

ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ॥ (ਪੰਨਾ 83)

ਆਪਣਾ ਫਰਜ਼ੇ-ਅੱਵਲ ਨਿਭਾਉਣ ਅਤੇ ਮਹਾਨ ਨੇਕੀ ਦੇ ਕਾਰਜ ਕਰਨ ਵਾਲੇ ਭਾਈ ਮੋਤੀ ਰਾਮ ਮਹਿਰਾ ਅੱਧੀ ਰਾਤ ਨੂੰ ਦੁੱਧ ਦਾ ਗੜਵਾ ਅਤੇ ਦੋ ਗਿਲਾਸ ਲੈ ਕੇ ਮਾਤਾ ਜੀ ਦੇ ਕੈਦ ਵਾਲੇ ਸਥਾਨ ’ਤੇ ਗਿਆ। ਕੈਦੀਆਂ ਨੂੰ ਰੋਟੀਆਂ ਖਵਾਉਣ ਦੇ ਨਿਤ ਕਰਮ ਕਰ ਕੇ ਪਹਿਰੇਦਾਰਾਂ ਤੋਂ ਭਾਵੇਂ ਉਹ ਜਾਣੂ ਸੀ ਪਰ ਇਥੇ ਉਸ ਨੂੰ ਕਿਸੇ ਨੇ ਅੰਦਰ ਜਾਣ ਨਾ ਦਿੱਤਾ ਕਿਉਂਕਿ ਉਹ ਦੂਜੀ ਵਾਰ ਮੁੜ ਆਇਆ ਸੀ। ਉਸ ਨੇ ਪਹਿਰੇਦਾਰਾਂ ਨੂੰ ਧਨ ਲਾਲਚ ਦੇ ਕੇ ਅੰਦਰ ਜਾਣ ਦੀ ਆਗਿਆ ਲੈ ਲਈ ਅਤੇ ਮਾਤਾ ਜੀ ਨੂੰ ਸ਼ਰਧਾ ਪੂਰਵਕ ਜਾ ਪ੍ਰਣਾਮ ਕੀਤਾ। ਮਾਤਾ ਜੀ ਨੂੰ ਜਦੋਂ ਇਹ ਪੂਰਨ ਤੌਰ ’ਤੇ ਵਿਸ਼ਵਾਸ ਹੋ ਗਿਆ ਕਿ ਇਹ ਗੁਰੂ-ਘਰ ਦਾ ਸ਼ਰਧਾਲੂ ਹੈ ਤਾਂ ਉਨ੍ਹਾਂ ਨੇ ਉਸ ਦੁਆਰਾ ਪ੍ਰੇਮ ਤੇ ਸ਼ਰਧਾ ਪੂਰਵਕ ਲਿਆਂਦਾ ਦੁੱਧ ਗ੍ਰਹਿਣ ਕਰ ਲਿਆ ਅਤੇ ਨਾਲ ਹੀ ਉਸ ਨੂੰ ਇਸ ਸੇਵਾ ਬਦਲੇ ਅਸ਼ੀਰਵਾਦ ਵੀ ਦਿੱਤਾ ਜਿਸ ਦਾ ਵਰਣਨ ਕਰਦੇ ਹੋਏ ‘ਸ੍ਰੀ ਗੁਰ ਪੁਰ ਪ੍ਰਕਾਸ਼ ਗ੍ਰੰਥ’ ਵਿਚ ਦੱਸਿਆ ਗਿਆ ਹੈ:

ਪਹਿਰੇਦਾਰਨ ਰੋਕਯੋ ਜਬੈ।
ਕਰ ਮਿੰਨਤ ਕੁਛ ਦੀਨੋ ਤਬੈ।
ਛੋਡ ਦੀਨ ਮਾਤਾ ਢਿਗ ਆਯੋ।
ਦੁਗਧ ਘਟਾ ਪੈ ਅਗ੍ਰ ਧਰਾਯੋ।
ਪਿਖ ਕੈ ਪ੍ਰੇਮ ਸੁ ਮੋਤੀ ਕੇਰਾ।
ਮਾਤਾ ਕਹਯੋ ਭਲਾ ਹਵੈ ਤੇਰਾ।
ਮਸਤਕ ਟੇਕਤ ਮੋਤੀ ਗਯੋ।
ਦੁਗਧ ਮਾਤ ਸ਼ਹਿਜ਼ਾਦਨ ਦਯੋ।

ਮਾਤਾ ਜੀ ਅਤੇ ਸਾਹਿਬਜ਼ਾਦੇ ਤਿੰਨ ਦਿਨ ਉਥੇ ਨਵਾਬ ਦੀ ਕੈਦ ਵਿਚ ਰਹੇ। ਭਾਈ ਮੋਤੀ ਰਾਮ ਰੋਜ਼ਾਨਾ ਨੇਮ ਨਾਲ ਰਾਤ ਨੂੰ ਉਨ੍ਹਾਂ ਕੋਲ ਜਾਂਦਾ ਅਤੇ ਉਥੇ ਮੌਜੂਦ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਕਰਦਾ ਰਿਹਾ:

ਸਗਰੇ ਦਿਵਸ ਕਛੂ ਨਹਿੰ ਖਾਯੋ।
ਪਰ ਰੈਨ ਮੋਤੀ ਪੈ (ਦੂਧ) ਲਿਆਯੋ।
ਲੇ ਮਾਤਾ ਸਾਹਿਬਜ਼ਾਦਨ ਦੀਨ।
ਸਗਰੀ ਰੈਨ ਚਿੰਤ ਚਿਤ ਪੀਨ।

ਉਨ੍ਹਾਂ ਦਿਨਾਂ ਵਿਚ ਸਰਦੀ ਬਹੁਤ ਪੈ ਰਹੀ ਸੀ। ਸਾਹਿਬਜ਼ਾਦਿਆਂ ਅਤੇ ਮਾਤਾ ਜੀ ਕੋਲ ਸਰਦੀ ਤੋਂ ਬਚਣ ਲਈ ਕੋਈ ਪ੍ਰਬੰਧ ਨਹੀਂ ਸੀ। ਬਸ ਰਾਤ ਨੂੰ ਭਾਈ ਮੋਤੀ ਰਾਮ ਜੀ ਗਰਮ ਦੁੱਧ ਪਿਆ ਜਾਂਦੇ ਸਨ। ਅਕਾਲ ਪੁਰਖ ਦੀ ਰਜ਼ਾ ਵਿਚ ਰਹਿੰਦੇ ਹੋਏ ਇਹ ਸੋਹਲ ਕਲੀਆਂ ਵਰਗੇ ਦਸਮੇਸ਼ ਜੀ ਦੇ ਲਾਲ ਅਤੇ ਰੱਬ ਦਾ ਰੂਪ ਮਾਤਾ ਗੁਜਰੀ ਜੀ ਨਵਾਬ ਦੀ ਕਚਹਿਰੀ ਵਿਚ ਸੂਬਾ ਸਰਹਿੰਦ ਅਤੇ ਸਾਹਿਬਜ਼ਾਦਿਆਂ ਵਿਚਕਾਰ ਹੋਏ ਵਾਰਤਾਲਾਪ ਦੀ ਚਰਚਾ ਕਰਦੇ ਅਤੇ ਮਾਤਾ ਜੀ ਉਨ੍ਹਾਂ ਨੂੰ ਧਰਮ ਵਿਚ ਪੱਕੇ ਰਹਿਣ ਦੀ ਸਿੱਖਿਆ ਦਿੰਦੇ ਅਤੇ ਧਰਮ ਅਤੇ ਸਵੈਮਾਣ ਲਈ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹੀਦੀਆਂ ਦੀ ਗਾਥਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅੰਸ-ਬੰਸ ਹੋਣ ਸਬੰਧੀ ਦ੍ਰਿੜ੍ਹ ਕਰਾਉਂਦੇ। ਆਪਣੇ ਬੱਚਿਆਂ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜਨ ਹਿਤ ਆਪਣੇ ਬੱਚਿਆਂ ਨੂੰ ਜਾਣੂ ਕਰਾਉਣ ਦੀ ਅਤਿਅੰਤ ਜ਼ਰੂਰੀ ਜ਼ਿੰਮੇਵਾਰੀ ਅਜੋਕੀਆਂ ਮਾਵਾਂ ਨੂੰ ਵਿਸਰ ਹੀ ਗਈ ਹੈ ਅਤੇ ਸਾਡੀ ਨੌਜੁਆਨ ਪੀੜ੍ਹੀ ਔਝੜੀ ਪਈ ਫਿਰ ਰਹੀ ਹੈ, ਵਿਰਸੇ ਨਾਲੋਂ ਟੁੱਟ ਚੁੱਕੀ ਹੈ। ਇਕ ਰਾਤ ਸਰਦੀ ਦੇ ਨਾਲ ਝੱਖੜ ਵੀ ਝੁੱਲਣ ਲੱਗਿਆ ਪਰ ਭਾਈ ਮੋਤੀ ਰਾਮ ਆਪਣੀ ਸੇਵਾ ’ਤੇ ਕਾਇਮ ਰਿਹਾ ਅਤੇ ਉਨ੍ਹਾਂ ਨੂੰ ਨੇਮ ਨਾਲ ਦੁੱਧ ਪਿਆਉਣ ਲਈ ਬੁਰਜ ਵਿਖੇ ਪੁੱਜਿਆ। ਸਾਰੀਆਂ ਔਕੜਾਂ, ਔਝੜਾਂ ਅਤੇ ਮੁਸ਼ਕਲਾਂ ਦੀ ਪਰਵਾਹ ਨਾ ਕਰਦਿਆਂ ਆਪਣੀ ਸੱਚੀ ਪ੍ਰੀਤ ਅਤੇ ਧਰਮ-ਕਰਮ ਨੂੰ ਨਿਭਾਉਣ ਹਿਤ ਬਾਬਾ ਫਰੀਦ ਜੀ ਇਉਂ ਸਮਝਾਉਂਦੇ ਹਨ:

ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ॥
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ॥24॥
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ॥
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ॥25॥ (ਪੰਨਾ 1379)

ਤਥਾ

ਕਹਿਤ ਸੁਨਤ ਨਿਸ ਕਾਲੀ ਆਈ।
ਲਿਆਯੋ ਮੋਤੀ ਦੂਧ ਛਕਾਈ।

ਮਾਤਾ ਜੀ ਉਸ ਨੂੰ ਵੇਖ ਕੇ ਪ੍ਰਸੰਨ ਹੋਏ ਅਤੇ ਅਸ਼ੀਰਵਾਦ ਦਿੱਤਾ। ਤੀਜੇ ਦਿਨ ਨਵਾਬ ਵਜ਼ੀਰ ਖਾਂ ਅਤੇ ਸਾਹਿਬਜ਼ਾਦਿਆਂ ਵਿਚਕਾਰ ਕਾਫੀ ਸਵਾਲ-ਜਵਾਬ ਹੋਏ। ਮਲੇਰਕੋਟਲੇ ਦੇ ਨਵਾਬ ਮੁਹੰਮਦ ਸ਼ੇਰ ਖਾਂ ਨੇ ਕਹਿ ਦਿੱਤਾ ਕਿ ਇਸਲਾਮ ਦੇ ਅਸੂਲਾਂ ਅਨੁਸਾਰ ਦੁੱਧ ਪੀਂਦੇ (ਸ਼ੀਰਖੋਰ) ਬੱਚਿਆਂ ਨੂੰ ਮਾਰਨਾ ਸ਼ਰ੍ਹਾ ਦੇ ਖਿਲਾਫ ਹੈ ਪਰ ਸੁੱਚਾ ਨੰਦ ਨੇ ਨਵਾਬ ਨੂੰ ਉਕਸਾਉਂਦੇ ਹੋਏ ਜੰਮਦੀਆਂ ਸੂਲਾਂ ਦੇ ਮੂੰਹ ਤੋੜਨ ਲਈ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਨਵਾਬ ਤੋਂ ਹੁਕਮ ਕਰਵਾ ਦਿੱਤਾ ਅਤੇ ਉਨ੍ਹਾਂ ਨੂੰ ਜਿਊਂਦੇ ਨੀਹਾਂ ਵਿਚ ਚਿਣੇ ਜਾਣ ਦਾ ਹੁਕਮ ਦਿੱਤਾ ਗਿਆ। ਮਾਨਵਤਾ ਦੇ ਇਤਿਹਾਸ ਵਿਚ ਇਹ ਇਕ ਅਜਿਹੀ ਘਿਨਾਉਣੀ ਘਟਨਾ ਸੀ ਜਿਸ ਨੇ ਸਰਹਿੰਦ ਨੂੰ ਸਦੀਵ ਕਾਲ ਲਈ ਕਲੰਕਿਤ ਕਰ ਦਿੱਤਾ ਅਤੇ ਇਸਲਾਮ ਨੂੰ ਸੱਚੇ ਦਿਲੋਂ ਮੰਨਣ ਵਾਲਿਆਂ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ। ਨਵਾਬ ਦੁਆਰਾ ਦਿੱਤੇ ਗਏ ਹੁਕਮ ਅਨੁਸਾਰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਮਿਲਣ ’ਤੇ ਮਾਤਾ ਜੀ ਵੀ ਗੁਰਪੁਰੀ ਸਿਧਾਰ ਗਏ। ਦੀਵਾਨ ਟੋਡਰ ਮੱਲ ਨੇ ਖੜ੍ਹੇ ਰੁਖ਼ ਮੋਹਰਾਂ ਵਿਛਾ ਕੇ ਜ਼ਮੀਨ ਖ੍ਰੀਦੀ ਅਤੇ ਤਿੰਨਾਂ ਮਹਾਨ ਸ਼ਖ਼ਸੀਅਤਾਂ ਦਾ ਅੰਤਿਮ ਸਸਕਾਰ ਕਰ ਦਿੱਤਾ। ਭਾਈ ਮੋਤੀ ਰਾਮ ਮਹਿਰਾ ਜੀ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਅੰਤਿਮ ਸਸਕਾਰ ਮੌਕੇ ਅੱਤਾ ਅਲੀ ਦੀ ਬੀੜ ਵਿੱਚੋਂ ਚੰਦਨ ਦੀਆਂ ਲੱਕੜਾਂ ਲਿਆ ਕੇ ਦੀਵਾਨ ਟੋਡਰ ਮੱਲ ਜੀ ਦੀ ਸਹਾਇਤਾ ਕੀਤੀ। ਇਹ ਸਥਾਨ ਹੁਣ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਥੋੜ੍ਹੀ ਦੂਰ ਅਤੇ ਅੱਜ ਵੀ ਪਿੰਡ ਅਤੇਵਾਲੀ ਵਿਖੇ ਸਥਿਤ ਹੈ।

ਸਸਕਾਰ ਤੋਂ ਕੁਝ ਸਮੇਂ ਬਾਅਦ ਨਵਾਬ ਵਜ਼ੀਰ ਖਾਂ ਨੂੰ ਗੰਗੂ ਦੇ ਨਜ਼ਦੀਕ ਸਮਝੇ ਜਾਂਦੇ ਪੰਮੇ ਪਾਸੋਂ ਇਹ ਸੂਹ ਮਿਲੀ ਕਿ ਤਿੰਨ ਰਾਤਾਂ ਮੁਗ਼ਲ ਰਾਜ ਦੀਆਂ ਰੋਟੀਆਂ ਨੂੰ ਮੂੰਹ ਨਾ ਲਾਉਣ ਵਾਲੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਭਾਈ ਮੋਤੀ ਰਾਮ ਜੀ ਨੇ ਹਕੂਮਤ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਦੁੱਧ ਪਿਲਾਇਆ ਹੈ ਤਾਂ ਉਹ ਕ੍ਰੋਧਿਤ ਹੋ ਉਠਿਆ। ਉਸ ਨੇ ਭਾਈ ਮੋਤੀ ਰਾਮ ਜੀ ਨੂੰ ਪਰਵਾਰ ਸਮੇਤ ਗ੍ਰਿਫਤਾਰ ਕਰ ਲਿਆ। ਭਾਈ ਮੋਤੀ ਰਾਮ ਜੀ ਨੇ ਗੁਨਾਹ ਛੁਪਾਉਣ ਦੀ ਬਜਾਏ ਗੁਰੂ ਦੇ ਸੱਚੇ ਸਿੱਖ ਵਾਂਗ ਸਭ ਕੁਝ ਕਬੂਲ ਕਰ ਲਿਆ। ਭਾਈ ਮੋਤੀ ਰਾਮ ਲਈ ਬਿਰਧ ਮਾਤਾ ਅਤੇ ਦੁੱਧ ਪੀਣ ਵਾਲੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣਾ ਧਰਮ/ਪੁੰਨ ਦਾ ਕੰਮ ਸੀ ਪਰ ਸਮੇਂ ਦੀ ਹਕੂਮਤ ਦੀ ਨਿਗਾਹ ਵਿਚ ਇਸ ਤੋਂ ਵੱਡਾ ਹੋਰ ਕੋਈ ਗੁਨਾਹ ਨਹੀਂ ਸੀ। ਹਕੂਮਤ ਦੇ ਨਸ਼ੇ ਵਿਚ ਤਾਂ ਬੇਗੁਨਾਹ ਨੂੰ ਵੀ ਫਾਂਸੀ ਲਾਈ ਜਾ ਸਕਦੀ ਸੀ। ਅਜੋਕੇ ਸਮੇਂ ਵੀ ਇਹ ਵਰਤਾਰਾ ਵੇਖਣ ਨੂੰ ਆਮ ਮਿਲਦਾ ਹੈ। ਪਰ ਜੇਕਰ ਕੋਈ ਗੁਨਾਹ ਕਬੂਲ ਕਰ ਲਵੇ ਤਾਂ ਉਸ ਲਈ ਕੀ ਸਜ਼ਾ ਹੋ ਸਕਦੀ ਹੈ ਇਸ ਦਾ ਅੰਦਾਜ਼ਾ ਤਾਂ ਬੁੱਧੀਵਾਨ ਆਪ ਹੀ ਲਾ ਸਕਦੇ ਹਨ। ਭਾਈ ਮੋਤੀ ਰਾਮ ਜੀ ਨੂੰ ਭਾਵੇਂ ਸਜ਼ਾ ਦਾ ਹੱਕਦਾਰ ਮੰਨ ਲਿਆ ਗਿਆ ਸੀ ਪਰ ਬਾਬਾ ਮੋਤੀ ਰਾਮ ਮਹਿਰਾ ਨੂੰ ਮੌਤ ਦਾ ਭੈਅ ਨਹੀਂ ਸੀ। ਉਸ ਨੂੰ ਆਪਣਾ ਧਰਮ ਤੇ ਮਾਨਵੀ ਅਸੂਲ ਪਿਆਰਾ ਸੀ। ਉਹ ਗੁਰ-ਸੂਰਮਾ ਸੀ। ਅਜਿਹੇ ਸੂਰਮਿਆਂ ਦੀ ਸ਼ਹੀਦੀ ਨੂੰ ਗੁਰਬਾਣੀ ਵਿਚ ਇਉਂ ਅੰਕਿਤ ਕੀਤਾ ਗਿਆ ਹੈ,

ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ॥ (ਪੰਨਾ 579)

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ (ਪੰਨਾ 579)

ਪਰਵਾਰ ਸਮੇਤ ਅਸਹਿ ਅਤੇ ਅਕਹਿ ਤਸੀਹੇ ਝੱਲਦਿਆਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ 27 ਸਾਲ ਦੀ ਉਮਰ ਵਿਚ ਆਪਣੇ ਸਤਿਗੁਰਾਂ ਨਾਲ ਆਪਣਾ ਸਨੇਹ, ਪਿਆਰ ਦਾ ਰਿਸ਼ਤਾ ਨਿਰਭੈਤਾ, ਦ੍ਰਿੜ੍ਹਤਾ ਅਤੇ ਦਲੇਰੀ ਨਾਲ ਨਿਭਾਇਆ ਸੀ।

ਸਤਿਗੁਰਾਂ ਦਾ ਫ਼ਰਮਾਨ ਹੈ,

ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ॥1॥ ਰਹਾਉ॥  (ਪੰਨਾ 1000)

ਪਰ ਮਾਨਵਤਾ ਦੇ ਇਤਿਹਾਸ ਵਿਚ ਉਸ ਦਾ ਨਾਮ ਹਮੇਸ਼ਾਂ ਲਈ ਅਮਰ ਹੋ ਗਿਆ। ਉਸ ਨੂੰ ਬਹੁਤ ਭਾਰੀ ਸਜ਼ਾ ਦਿੱਤੀ ਗਈ। ਉਸ ਦਾ ਸਮੁੱਚਾ ਪਰਵਾਰ ਕੋਹਲੂ ਵਿਚ ਪੀੜ ਕੇ ਮਾਰ ਦਿੱਤਾ ਗਿਆ। ਭਾਈ ਮੋਤੀ ਰਾਮ ਜੀ ਦੀ ਘਾਲਣਾ ਪ੍ਰਤੀ ਸ਼ਰਧਾ ਅਤੇ ਸਤਿਕਾਰ ਇਨ੍ਹਾਂ ਲਫਜ਼ਾਂ ਨਾਲ ਪ੍ਰਗਟ ਕੀਤਾ ਜਾਂਦਾ ਹੈ:

ਧੰਨ ਮੋਤੀ ਜਿਨ ਪੁੰਨ ਕਮਾਇਆ।
ਗੁਰ ਲਾਲਾਂ ਤਾਈਂ ਦੁੱਧ ਪਿਲਾਇਆ।

ਹੱਕ ਅਤੇ ਸੱਚ ਉੱਤੇ ਨਿਧੜਕ ਅਤੇ ਸਾਬਤਕਦਮੀ ਨਾਲ ਪਹਿਰਾ ਦੇਣ ਵਾਲੇ ਨੂੰ ਗੁਰਮਤਿ ਸੀਸ ਤਲੀ ਉੱਤੇ ਧਰ ਕੇ ਆਪਣਾ ਮਹਾਨ ਬਲੀਦਾਨ ਦੇਣ ਲਈ ਇਉਂ ਪ੍ਰੇਰਿਤ ਕਰਦੀ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥(ਪੰਨਾ 1412)

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥1॥ (ਪੰਨਾ 1102)

ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥ (ਪੰਨਾ 558)

ਇਸੇ ਮਹਾਨ ਸਿਧਾਂਤ ਉੱਤੇ ਚੱਲਦਿਆਂ ਬਾਬਾ ਮੋਤੀ ਰਾਮ ਮਹਿਰਾ ਨੇ ਸੱਚ ਦਾ ਪੱਲਾ ਨਹੀਂ ਛੱਡਿਆ, ਮਾਤਾ ਗੁਜਰੀ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਕੀਤੀ ਦੁੱਧ/ਪਾਣੀ ਨਾਲ ਸੇਵਾ ਦੀ ਅਸਲੀਅਤ ਤੋਂ ਮੁੱਕਰਿਆ ਨਹੀਂ ਸਗੋਂ ਮੌਤ ਨੂੰ ਕਬੂਲ ਕਰ ਲਿਆ ਅਤੇ ਜਿਸ ਦਾ ਨਤੀਜਾ ਪਰਵਾਰ ਸਮੇਤ ਕੋਹਲੂ ਥਾਂਈ ਪੀੜਿਆ ਗਿਆ ਅਤੇ ਅਕਾਲ ਪੁਰਖ ਦੀ ਦਰਗਾਹ ਵਿਚ ਉਜਲ ਮੁੱਖ ਲੈ ਕੇ ਆਪਣਾ ਜੀਵਨ ਸਫ਼ਲ ਕਰ ਕੇ ਸਦਾ-ਸਦਾ ਲਈ ਅਮਰ ਹੋ ਗਿਆ। ਉਨ੍ਹਾਂ ਮਹਾਨ ਅਤੇ ਲਾਮਿਸਾਲ ਸ਼ਹੀਦਾਂ ਨੂੰ ਹਰ ਰੋਜ਼ ਅਰਦਾਸ ਵਿਚ ਖਾਲਸਾ ਪੰਥ ਵੱਲੋਂ ਯਾਦ ਕੀਤਾ ਜਾਂਦਾ ਹੈ।

ਜ਼ਾਲਮ ਸੂਬਾ ਸਰਹਿੰਦ ਦੇ ਗੈਰ-ਮਨੁੱਖੀ ਹੁਕਮ ਨਾਲ ਜਿਥੇ ਭਾਈ ਮੋਤੀ ਰਾਮ ਜੀ ਨੂੰ ਸ਼ਹੀਦ ਕੀਤਾ ਗਿਆ ਉਥੇ ਉਨ੍ਹਾਂ ਦੀ ਬਿਰਧ ਮਾਤਾ ਅਤੇ ਸੱਤ ਸਾਲ ਦੇ ਛੋਟੇ ਪੁੱਤਰ ਨੂੰ ਵੀ ਕੋਹਲੂ ਥਾਈਂ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਕੋਹਲੂ ਥਾਂਈਂ ਤਾਂ ਤਿਲ, ਵੜੇਵੇਂ ਅਤੇ ਸਰ੍ਹੋਂ ਵਰਗੀਆਂ ਬਹੁਤ ਹੀ ਛੋਟੇ ਅਕਾਰ ਦੀਆਂ ਜਿਨਸਾਂ ਪੀੜੀਆਂ ਜਾਂਦੀਆਂ ਹਨ ਪ੍ਰੰਤੂ ਕਿਸੇ ਜਿਉਂਦੇ ਮਨੁੱਖ ਨੂੰ ਕੋਹਲੂ ਥਾਈਂ ਪੀੜਿਆ ਜਾਣਾ ਮਨੁੱਖਤਾ ਵਿਚ ਵਰਤਦੇ ਰਹੇ ਜ਼ੁਲਮਾਂ ਦੇ ਇਤਿਹਾਸ ਵਿਚ ਅਤਿ ਘਿਨਾਉਣੀ, ਦੁਖਦਾਇਕ, ਸ਼ਰਮਨਾਕ ਘਟਨਾ ਹੈ ਜਿਸ ਬਾਰੇ ਸੁਣਦਿਆਂ ਹੀ ਜਦੋਂ ਸਾਰਾ ਨਕਸ਼ਾ ਮਨੁੱਖੀ ਮਨ ਦੀ ਸਕਰੀਨ ਉੱਤੇ ਆਉਂਦਾ ਹੈ ਤਾਂ ਰੂਹ ਕੰਬ ਉੱਠਦੀ ਹੈ, ਕੁਰਲਾ ਉੱਠਦੀ ਹੈ। ਅਜਿਹੀ ਮਨੁੱਖੀ ਦਰਿੰਦਗੀ ਸਮੁੱਚੀ ਮਾਨਵਤਾ ਨੂੰ ਸ਼ਰਮਸਾਰ ਕਰ ਦਿੰਦੀ ਹੈ। ਐਸਾ ਜ਼ੁਲਮ ਕਰਨ ਵਾਲਿਆਂ ਨੂੰ ਮਨੁੱਖ ਮੰਨਣਾ ਤਾਂ ਦੂਰ ਦੀ ਗੱਲ ਸਗੋਂ ਉਹ ਤਾਂ ਖ਼ਤਰਨਾਕ ਤੋਂ ਖ਼ਤਰਨਾਕ ਖੂੰਖਾਰ ਮਾਸਾਹਾਰੀ ਜਾਨਵਰਾਂ ਨਾਲੋਂ ਮਾੜੇ ਅਤੇ ਘਿਰਣਤ ਹਨ। ਅਜਿਹੇ ਮਨਮੁਖਾਂ/ਜ਼ਾਲਮਾਂ ਦੀ ਚਰਚਾ ਹਮੇਸ਼ਾ ਘਿਰਣਾ ਅਤੇ ਨਫ਼ਰਤ ਨਾਲ ਕੀਤੀ ਜਾਂਦੀ ਹੈ। ਸਤਿਗੁਰ ਵੀ ਅਜਿਹੇ ਮਨੁੱਖਾਂ ਬਾਰੇ ਫ਼ਰਮਾਉਂਦੇ ਹਨ:

ਕਰਤੂਤਿ ਪਸੂ ਕੀ ਮਾਨਸ ਜਾਤਿ॥
ਲੋਕ ਪਚਾਰਾ ਕਰੈ ਦਿਨੁ ਰਾਤਿ॥ (ਪੰਨਾ 267)

ਮਨਮੁਖਿ ਆਵੈ ਮਨਮੁਖਿ ਜਾਵੈ॥
ਮਨਮੁਖਿ ਫਿਰਿ ਫਿਰਿ ਚੋਟਾ ਖਾਵੈ॥
ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ॥ (ਪੰਨਾ 1073)

ਇਸ ਮਹਾਨ ਸ਼ਹੀਦੀ ਨਾਲ ਭਾਈ ਮੋਤੀ ਰਾਮ ਜੀ ਅਤੇ ਪਰਵਾਰ ਨੇ ਸ਼ਹੀਦ ਸਿੰਘਾਂ/ਸਿੰਘਣੀਆਂ/ਭੁਝੰਗੀਆਂ ਦੀਆਂ ਸ਼ਹੀਦੀਆਂ ਅਤੇ ਲਾਮਿਸਾਲ ਕੁਰਬਾਨੀਆਂ ਦੇ ਇਤਿਹਾਸ ਵਿਚ ਇਕ ਹੋਰ ਨਵਾਂ ਅਧਿਆਇ ਜੋੜ ਦਿੱਤਾ ਅਤੇ ਉਹ ਸਦੀਵ ਕਾਲ ਲਈ ਇਤਿਹਾਸ ਅਤੇ ਲੋਕ-ਸਿਮ੍ਰਤੀਆਂ ਵਿਚ ਅਮਰ ਹੋ ਗਏ। ਉਨ੍ਹਾਂ ਦੀ ਸ਼ਹੀਦੀ ਸਮੁੱਚੀ ਕੌਮ ਦਾ ਅਨਮੋਲ ਵਿਰਸਾ ਹੈ ਅਤੇ ਉਹ ਸਾਰੀ ਕੌਮ ਦੇ ਸਾਂਝੇ ਸ਼ਹੀਦ ਹਨ। ਸ਼ਹੀਦਾਂ ਦੀ ਸ਼ਹੀਦੀ ਨੂੰ ਜਾਤਾਂ/ਕਬੀਲਿਆਂ/ਪਰਵਾਰਾਂ ਨਾਲ ਬੰਨ੍ਹਣਾ ਠੀਕ ਅਤੇ ਯੋਗ ਨਹੀਂ ਹੈ। ਇਸ ਤਰ੍ਹਾਂ ਕਰਨਾ ਸ਼ਹੀਦ ਦੀ ਮਹਾਨ ਕੁਰਬਾਨੀ ਨੂੰ ਛੁਟਿਆਉਣ ਵਾਲੀ ਗੱਲ ਹੁੰਦੀ ਹੈ। ਜੇਕਰ ਕੋਈ ਵਿਤਕਰਾ ਹੁੰਦਾ ਹੈ ਤਾਂ ਉਸ ਲਈ ਵੱਖਰੀ ਅਵਾਜ਼ ਉਠਾਉਣੀ ਚਾਹੀਦੀ ਹੈ।

ਭਾਈ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਤੋਂ ਥੋੜ੍ਹੀ ਦੂਰ ’ਤੇ ਹੀ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ:) ਵੱਲੋਂ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਹੈ। ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਇਸੇ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਲੇਖਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਆਪਣੇ ਪ੍ਰਧਾਨਗੀ ਕਾਰਜਕਾਲ ਸਮੇਂ ਮਹਾਨ ਸ਼ਹੀਦ ਅਤੇ ਗੁਰੂ-ਘਰ ਦੇ ਅਨਿੰਨ ਸ਼ਰਧਾਲੂ ਸਿੱਖ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਬਿਲਕੁਲ ਨਜ਼ਦੀਕ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਕੰਪਿਊਟਰ ਸਾਇੰਸ ਅਤੇ ਰੀਸਰਚ ਕਾਲਜ ਦੀ ਉਸਾਰੀ ਕਰਵਾਈ ਸੀ ਜਿਥੇ ਅੱਜਕਲ੍ਹ ਅਨੇਕਾਂ ਹੀ ਵਿਦਿਆਰਥੀ ਇਸ ਆਧੁਨਿਕ ਵਿਸ਼ੇ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਆਪਣੀ ਸਵੈਮਾਣ ਵਾਲੀ ਰੋਜ਼ੀ-ਰੋਟੀ ਕਮਾਉਣ ਯੋਗ ਬਣ ਰਹੇ ਹਨ।

ਸਾਕਾ ਸਰਹਿੰਦ ਨਾਲ ਸੰਬੰਧਿਤ ਸੂਬੇਦਾਰ ਵਜ਼ੀਰ ਖਾਨ ਅਤੇ ਸੁੱਚਾ ਨੰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੇ ਜ਼ੁਲਮਾਂ ਅਤੇ ਪਾਪਾਂ ਦੀ ਸਜ਼ਾ ਦਿੰਦਿਆਂ ਸਦਾ ਦੀ ਨੀਂਦ ਸੁਲਾ ਕੇ ਦੋਜ਼ਖ ਨੂੰ ਭੇਜ ਦਿੱਤਾ। ਗੰਗੂ ਵੱਲੋਂ ਮਾਤਾ ਜੀ ਦਾ ਧਨ ਚੁਰਾਉਣ ਲਈ ਕੀਤੀ ਠੱਗੀ ਬਹੁਤਾ ਸਮਾਂ ਗੁੱਝੀ ਨਾ ਰਹੀ ਅਤੇ ਭੇਦ ਖੁੱਲ੍ਹ ਗਿਆ

“ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ॥” (ਪੰਨਾ 303)

ਅਤੇ ਭੇਦ ਖੁੱਲ੍ਹਣ ਉਪਰੰਤ ਗੰਗੂ ਨੇ ਜੋ ਧਨ ਮਾਤਾ ਗੁਜਰੀ ਜੀ ਦਾ ਚੁਰਾਇਆ ਸੀ ਉਸ ਦੀ ਵਸੂਲੀ ਅਤੇ ਇਹ ਸੋਚ ਕੇ ਕਿ ਜੋ ਗੰਗੂ 16 ਸਾਲ ਦਸਮੇਸ਼ ਜੀ ਦੇ ਪਾਸ ਰਹਿ ਕੇ ਧਨ ਅਤੇ ਸੂਬੇ ਸਰਕਾਰ ਪਾਸੋਂ ਇਨਾਮ ਪ੍ਰਾਪਤ ਕਰਨ ਦੇ ਲਾਲਚ ਕਾਰਨ ਵਿਸ਼ਵਾਸਘਾਤ ਕਰ ਸਕਦਾ ਹੈ ਉਹ ਮੁਗਲ ਸਰਕਾਰ ਪ੍ਰਤੀ ਵੀ ਵਫ਼ਾਦਾਰ ਨਹੀਂ ਹੋ ਸਕਦਾ, ਨੂੰ ਮੁੱਖ ਰੱਖਦਿਆਂ ਉਸ ਨੂੰ ਮੁਗ਼ਲ ਸਰਕਾਰ ਦੇ ਹੁਕਮ ਨਾਲ ਤਸੀਹੇ ਦੇ ਕੇ ਮਾਰ ਦਿੱਤਾ ਗਿਆ। ਬੇਗਮ ਜੈਨਾ ਉਰਫ ਜੈਨਬੁਨਿਸਾ ਦੇ ਸੂਬਾ ਸਰਹਿੰਦ ਨੂੰ ਮਾਸੂਮ ਜਿੰਦਾਂ ਨੂੰ ਸ਼ਹੀਦ ਕਰਨੋਂ ਵਰਜਣ ਦੇ ਬਾਵਜੂਦ ਜਦੋਂ ਸੋਹਲ ਕਲੀਆਂ ਵਰਗੇ ਨੰਨ੍ਹੇ ਬੱਚਿਆਂ ਨੂੰ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਤਾਂ ਜੈਨਬੁਨਿਸਾ ਨੇ ਸੂਬੇ ਸਾਹਮਣੇ ਬਹੁਤ ਭਾਰੀ ਵਿਰਲਾਪ ਕੀਤਾ ਅਤੇ ਅੰਤ ਨੂੰ ਆਪਣੇ ਸਰੀਰ ਵਿਚ ਖੰਜਰ ਖੋਭ ਕੇ ਉਸ ਨੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਇਸ ਗੱਲ ਦਾ ਅਫ਼ਸੋਸ ਹੈ ਕਿ ਸਾਡੇ ਬੁੱਧੀਜੀਵੀਆਂ, ਪ੍ਰਚਾਰਕਾਂ, ਢਾਡੀਆਂ ਅਤੇ ਕਵੀਸ਼ਰਾਂ ਨੇ ਨਵਾਬ ਮੁਹੰਮਦ ਸ਼ੇਰ ਖਾਨ ਦੀ ਗੱਲ ਕੀਤੀ ਹੈ ਪ੍ਰੰਤੂ ਬੇਗਮ ਜੈਨਬੁਨਿਸਾ ਬਾਰੇ ਕਦੀ ਚਰਚਾ ਹੀ ਨਹੀਂ ਕੀਤੀ। ਇਹ ਉਸ ਨਾਲ ਬੇਇਨਸਾਫੀ ਹੀ ਹੈ। ਦੀਵਾਨ ਟੋਡਰ ਮੱਲ ਉੱਤੇ ਦੋਸ਼ ਲਾਇਆ ਗਿਆ ਕਿ ਜਿਹੜਾ ਅਹਿਲਕਾਰ ਮੁਗਲ ਸਰਕਾਰ ਅਧੀਨ ਹੁੰਦਾ ਹੋਇਆ ਵੀ ਆਪਣੇ ਸਤਿਗੁਰਾਂ ਨਾਲ ਜੁੜਿਆ ਹੋਇਆ ਹੈ ਉਹ ਮੁਗ਼ਲ ਹਕੂਮਤ ਦਾ ਕਦੀ ਵੀ ਖੈਰ-ਖਾਹ/ਵਫਾਦਾਰ ਨਹੀਂ ਹੋ ਸਕਦਾ। ਉਸ ਨੂੰ ਵੀ ਸਮੇਤ ਪਰਵਾਰ ਕੋਹਲੂ ਥਾਂਈਂ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਬਦੀ ਦੀਆਂ ਸ਼ਕਤੀਆਂ ਨੂੰ ਅੱਜ ਜਦੋਂ ਵੀ ਕੋਈ ਯਾਦ ਕਰਦਾ ਹੈ ਤਾਂ ਪੂਰੀ ਘਿਰਣਾ ਅਤੇ ਨਫ਼ਰਤ ਨਾਲ ਹੀ ਕਰਦਾ ਹੈ ਜਦੋਂ ਕਿ ਨੇਕੀ ਦੀਆਂ ਸ਼ਕਤੀਆਂ ਬਾਬਾ ਮੋਤੀ ਰਾਮ ਮਹਿਰਾ ਜੀ, ਦੀਵਾਨ ਟੋਡਰ ਮੱਲ ਜੀ ਨੂੰ ਸੀਸ ਨਿਵਾ ਕੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਜੈਨਬੁਨਿਸਾ ਨੂੰ ਭਾਵੇਂ ਹਾਲਾਤਾਂ ਕਾਰਨ ਇਸਲਾਮ ਧਾਰਨ ਕਰਨਾ ਪਿਆ ਸੀ ਪ੍ਰੰਤੂ ਉਸ ਦਾ ਗੁਰੂ-ਘਰ ਨਾਲ ਬਚਪਨ ਦਾ ਕਾਇਮ ਰਿਹਾ ਰਿਸ਼ਤਾ ਅਤੇ ਉਸ ਅੰਦਰ ‘ਮਾਂ’ ਦੇ ਧੜਕਦੇ ਦਿਲ ਨੇ ਆਪਣੀ ਜਾਨ ਦੇ ਕੇ ਸੂਬਾ ਸਰਹਿੰਦ ਦੇ ਜ਼ੁਲਮ ਦਾ ਸਖ਼ਤ ਵਿਰੋਧ ਕੀਤਾ। ਇਨ੍ਹਾਂ ਤਿੰਨਾਂ ਦੀ ਨੇਕੀ ਅਤੇ ਕੁਰਬਾਨੀ ਹਮੇਸ਼ਾ-ਹਮੇਸ਼ਾ ਲਈ ਲੋਕ-ਸਿਮ੍ਰਤੀ ਵਿਚ ਕਾਇਮ ਹੀ ਨਹੀਂ ਰਹੇਗੀ ਸਗੋਂ ਪੀੜ੍ਹੀ-ਦਰ-ਪੀੜ੍ਹੀ ਕੌਮ ਲਈ ਰੋਸ਼ਨ ਮੀਨਾਰ ਰਹੇਗੀ। ਖਾਲਸਾ ਪੰਥ ਨੂੰ ਇਨ੍ਹਾਂ ਸ਼ਹੀਦਾਂ ਦੀ ਯਾਦ ਵੀ ਹਰ ਸਾਲ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣੀ ਚਾਹੀਦੀ ਹੈ ਤਾਂ ਜੋ ਸਾਡੀ ਨੌਜੁਆਨ ਪੀੜ੍ਹੀ ਇਨ੍ਹਾਂ ਦੇ ਜੀਵਨ ਅਤੇ ਕੁਰਬਾਨੀ ਤੋਂ ਸੇਧ ਲੈ ਸਕੇ ਅਤੇ ਨਸ਼ੇ, ਨੰਗੇਜਵਾਦ, ਅਸ਼ਲੀਲਤਾ ਅਤੇ ਪਤਿਤਪੁਣੇ ਨੂੰ ਤਿਆਗ ਕੇ ਆਪਣੀਆਂ ਜ਼ਿੰਦਗੀਆਂ ਨੂੰ ਸਵੱਛ ਅਤੇ ਸਵੈਮਾਣ ਭਰਪੂਰ ਬਣਾਉਣ ਲਈ ਪ੍ਰੇਰਿਤ ਹੋ ਸਕੇ ਅਤੇ ਉਨ੍ਹਾਂ ਅੰਦਰ ਹੱਕ ਅਤੇ ਸੱਚ ਦਾ ਪੱਲਾ ਫੜਨ ਅਤੇ ਕੁਰਬਾਨੀ ਕਰਨ ਦੀ ਭਾਵਨਾ ਪੈਦਾ ਹੋ ਸਕੇ। ਅਮਰ ਸ਼ਹੀਦ ਅਤੇ ਇਨਸਾਨੀਅਤ ਦੇ ਅਲੰਬਰਦਾਰ/ਪਹਿਰੇਦਾਰ ਬਾਬਾ ਮੋਤੀ ਰਾਮ ਮਹਿਰਾ ਜੀ ਸੱਚਮੁਚ ਹੀ ਸੁੱਚਾ ਮੋਤੀ ਸੀ, ਅਨਮੋਲ ਹੀਰਾ ਸੀ, ਪੰਥ ਦਾ ਸੂਰਮਾ ਸਿੱਖ ਸੀ, ਦ੍ਰਿੜਤਾ ਅਤੇ ਸਿਦਕਦਿਲੀ ਦੀ ਮੂਰਤ ਸੀ ਅਤੇ ਇਨਸਾਨੀਅਤ ਦਾ ਪਹਿਰੇਦਾਰ ਸੀ। ਉਹ ਅੱਜ ਵੀ ਹਨ ਅਤੇ ਭਵਿੱਖ ਵਿਚ ਵੀ ਰਹਿਣਗੇ। ਉਨ੍ਹਾਂ ਦੀ ਕੁਰਬਾਨੀ ਹਮੇਸ਼ਾ-ਹਮੇਸ਼ਾ ਲਈ ਕੌਮ ਲਈ ਰੋਸ਼ਨ ਮੀਨਾਰ ਦਾ ਕੰਮ ਕਰਦੀ ਰਹੇਗੀ। ਉਹ ਸਮੁੱਚੀ ਕੌਮ ਦਾ ਮਹਾਨ ਅਤੇ ਲਾਮਿਸਾਲ ਵਿਰਸਾ ਹਨ। ਉਨ੍ਹਾਂ ਨੂੰ ਕਿਸੇ ਇਕ ਜਾਤੀ ਜਾਂ ਸਥਾਨ ਨਾਲ ਨਹੀਂ ਬੰਨ੍ਹਿਆ ਜਾ ਸਕਦਾ। ਸਮੁੱਚੀ ਕੌਮ ਨੂੰ ਉਨ੍ਹਾਂ ਦੀ ਕੁਰਬਾਨੀ ਅਤੇ ਸ਼ਹੀਦੀ ਉੱਤੇ ਮਾਣ ਹੈ ਅਤੇ ਰਹੇਗਾ ਵੀ। ਆਓ! ਅਸੀਂ ਸਾਰੇ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਸੀਸ ਨਿਵਾਈਏ। ਇਨ੍ਹਾਂ ਮਹਾਨ ਅਤੇ ਅਦੁੱਤੀ ਸ਼ਹੀਦਾਂ ਨੇ ਆਪਣੀਆਂ ਅਨਮੋਲ ਜਿੰਦਾਂ ਕੁਰਬਾਨ ਕਰ ਕੇ ਕੌਮ ਨੂੰ ਜ਼ਿੰਦਗੀ ਬਖਸ਼ੀ ਹੈ। ਆਪਣੇ ਮਹਾਨ ਸ਼ਹੀਦਾਂ ਨੂੰ ਵਿਸਾਰ ਦੇਣ ਵਾਲੀਆਂ ਕੌਮਾਂ ਸਦਾ ਲਈ ਸ਼ਫ਼ੇ ਹਸਤੀ ਤੋਂ ਮਿਟ ਜਾਇਆ ਕਰਦੀਆਂ ਹਨ। ਇਸ ਲਈ ਆਪਣੇ ਵਿਲੱਖਣ ਅਤੇ ਸ਼ਾਨਾਂਮੱਤੇ ਵਿਰਸੇ ਨੂੰ ਸੰਭਾਲਣ ਅਤੇ ਉਸ ਤੋਂ ਰੋਸ਼ਨੀ ਲੈ ਕੇ ਆਪਣਾ ਜੀਵਨ-ਮਾਰਗ ਤਹਿ ਕਰਨਾ ਹੀ ਸਾਡੇ ਲਈ ਸ਼ੋਭਨੀਕ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)