editor@sikharchives.org

ਇਤਿਹਾਸ ਨੇ ਜਦੋਂ ਮੋੜ ਕੱਟਿਆ

ਸਿੱਖਾਂ ਦੀਆਂ ਤਲਵਾਰਾਂ ਦੀ ਚਮਕ ਦੇਖ ਕੇ ਫੌਜੀਆਂ ਦੀਆਂ ਅੱਖਾਂ ਚੁੰਧਿਆ ਗਈਆਂ ਤੇ ਉਹ ਇਕ ਤਕੜੀ ਫੌਜ ਲੈ ਕੇ ਹਮਲਾ ਕਰਨ ਦੀ ਧਮਕੀ ਦੇ ਕੇ ਭੱਜ ਖੜੇ ਹੋਏ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਉਸ ਸਮੇਂ ਆਪ ਜੀ ਦੀ ਦੁਨਿਆਵੀ ਉਮਰ ਕੇਵਲ 11 ਵਰ੍ਹਿਆਂ ਦੀ ਸੀ। ਇਤਨੀ ਛੋਟੀ ਜਿਹੀ ਉਮਰ ਵਿਚ ਹੀ ਆਪ ਜੀ ਦੇ ਸਾਹਮਣੇ ਬਹੁਤ ਵੱਡੀਆਂ ਚੁਨੌਤੀਆਂ ਸਨ। ਇਕ ਪਾਸੇ ਪਰਵਾਰ ਵਿੱਚੋਂ ਆਪ ਦਾ ਵਿਰੋਧ ਕੀਤਾ ਜਾ ਰਿਹਾ ਸੀ, ਦੂਜੇ ਪਾਸੇ ਜਾਬਰ ਹਕੂਮਤ ਸੀ, ਜਿਸ ਨੇ ਆਪ ਜੀ ਦੇ ਗੁਰੂ-ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ, ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਜ਼ਾਦੀ ਏਕਤਾ, ਸਮਾਨਤਾ ਅਤੇ ਮਾਨਵੀ ਕਦਰਾਂ-ਕੀਮਤਾਂ ਦੀ ਜੋ ਜੋਤ ਜਗਾਈ ਹੈ, ਉਹ ਬੁਝ ਜਾਏ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਲ ਉਮਰੇ ਹੀ ਇਨ੍ਹਾਂ ਚੁਨੌਤੀਆਂ ਨੂੰ ਨਾ ਕੇਵਲ ਸਵੀਕਾਰ ਕੀਤਾ, ਸਗੋਂ ਕਦਮ-ਕਦਮ ’ਤੇ ਉਨ੍ਹਾਂ ਨੂੰ ਵੰਗਾਰਿਆ ਵੀ।

ਜਹਾਂਗੀਰ ਬਾਦਸ਼ਾਹ ਦੇ ਹੁਕਮ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੋਈ ਸ਼ਹਾਦਤ ਨੇ ਗੁਰੂ-ਘਰ ਦੇ ਸ਼ਰਧਾਲੂਆਂ, ਨਿਆਂ ਅਤੇ ਇਨਸਾਫ ਦੇ ਪੁਜਾਰੀਆਂ ਦੇ ਦਿਲਾਂ ਵਿਚ ਗੁੱਸੇ ਤੇ ਜੋਸ਼ ਦਾ ਭਾਂਬੜ ਬਾਲ ਦਿੱਤਾ। ਉਹ ਜੋਸ਼, ਕ੍ਰੋਧ ਤੇ ਗੁੱਸੇ ਵਿਚ ਭਰੇ ਦੰਦੀਆਂ ਕਰੀਚਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਾਸ ਪੁੱਜਣ ਲੱਗੇ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਧਰਵਾਸ ਦਿੱਤਾ ਅਤੇ ਕਿਹਾ ਕਿ ਹੁਣ ਜ਼ੁਲਮ ਆਪਣੀ ਚਰਮ ਸੀਮਾਂ ’ਤੇ ਪੁੱਜ ਗਿਆ ਹੈ, ਜ਼ੁਲਮ ਨੂੰ ਬਰਦਾਸ਼ਤ ਕਰੀ ਜਾਣਾ, ਜ਼ੁਲਮ ਕਰਨ ਵਰਗਾ ਹੀ ਵੱਡਾ ਪਾਪ ਹੈ, ਇਸ ਲਈ ਹੁਣ ਕੋਈ ਕਾਰਨ ਨਹੀਂ ਰਹਿ ਗਿਆ ਕਿ ਜ਼ੁਲਮ ਨੂੰ ਠੱਲ੍ਹ ਨਾ ਪਾਈ ਜਾ ਸਕੇ।

ਇਹ ਸੁਣ ਕੇ ਸ਼ਰਧਾ ਨਾਲ ਭਰਪੂਰ ਸਿੱਖਾਂ ਨੇ ਆਪਣਾ ਤਨ, ਮਨ ਤੇ ਧਨ ਗੁਰੂ ਅਰਪਣ ਕਰਨਾ ਅਰੰਭ ਕਰ ਦਿੱਤਾ। ਸਿੱਖ ਦੇਸ਼ ਦੇ ਕੋਨੇ-ਕੋਨੇ ਤੋਂ ਗੁਰੂ ਸਾਹਿਬ ਦੇ ਚਰਨਾਂ ਵਿਚ ਪੁੱਜ ਆਪਣਾ ਆਪ ਸਮਰਪਣ ਕਰਨ ਲੱਗੇ। ਸ਼ਾਹੀ ਸੂਹੀਆਂ ਨੇ ਇਹ ਖਬਰਾਂ ਜਹਾਂਗੀਰ ਦੇ ਦਰਬਾਰ ਤਕ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਹਕੂਮਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗ ਪਈ।

ਜਹਾਂਗੀਰ ਨੇ ਧੋਖੇ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲ੍ਹੇ ਵਿਚ ਬੰਦ ਕਰ ਦਿੱਤਾ। ਸਿੱਖ ਸੰਗਤਾਂ ਨੇ ਸੁਣਿਆ ਤਾਂ ਉਨ੍ਹਾਂ ਦਾ ਖੂਨ ਉਬਾਲੇ ਖਾਣ ਲੱਗ ਪਿਆ। ਸ਼ਰਧਾ ਭਰਪੂਰ ਸੰਗਤਾਂ ਗਵਾਲੀਅਰ ਪੁੱਜਦੀਆਂ, ਗੁਰੁ ਜੀ ਦੇ ਦਰਸ਼ਨ ਨਾ ਹੋਣ ਕਾਰਨ ਦੁਖੀ ਹੁੰਦੀਆਂ ਅਤੇ ਕਿਲ੍ਹੇ ਦੀ ਪਰਕਰਮਾ ਕਰ ਅਤੇ ਬਾਹਰ ਹੀ ਸਿਰ ਨਿਵਾ ਕੇ ਵਾਪਸ ਆ ਜਾਂਦੀਆਂ।

ਗੁਰੂ ਜੀ ਦੀ ਗ੍ਰਿਫਤਾਰੀ ਦੀ ਖ਼ਬਰ ਸਾਰੇ ਦੇਸ਼ ਵਿਚ ਇਕ-ਇਕ ਸਿੱਖ ਪਾਸ ਜਾ ਪੁੱਜੀ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਜ਼ਖ਼ਮ ਅਜੇ ਅੱਲੇ ਹੀ ਸਨ ਕਿ ਇਸ ਖ਼ਬਰ ਨੇ ਉਨ੍ਹਾਂ ਅੱਲੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਤੇ ਉਹ ਤੜਪ ਉੱਠੇ।

ਸਿੱਖਾਂ ਦੀ ਤੜਪ ਤੇ ਗਵਾਲੀਅਰ ਵੱਲ ਸਿੱਖਾਂ ਦੀਆਂ ਜਾਂਦੀਆਂ-ਆਉਂਦੀਆਂ ਵਹੀਰਾਂ ਦੀ ਖ਼ਬਰ ਜਦ ਜਹਾਂਗੀਰ ਬਾਦਸ਼ਾਹ ਪਾਸ ਪੁੱਜੀ ਤਾਂ ਉਸ ਨੇ ਮਹਿਸੂਸ ਕੀਤਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਦੇਰ ਤਕ ਬੰਦ ਰੱਖਣਾ, ਉਸ ਦੀ ਹਕੂਮਤ ਲਈ ਖ਼ਤਰਨਾਕ ਹੋਵੇਗਾ। ਜੇਕਰ ਦੇਰ ਤਕ ਸ਼ਰਧਾ ਭਰਪੂਰ ਸਿੱਖਾਂ ਨੂੰ ਉਨ੍ਹਾਂ ਦੇ ਸਤਿਗੁਰਾਂ ਦੇ ਦਰਸ਼ਨਾਂ ਤੋਂ ਵਾਂਝਿਆਂ ਰੱਖਿਆ ਗਿਆ ਤਾਂ ਉਹ ਭੜਕ ਉੱਠਣਗੇ ਤੇ ਹੋ ਸਕਦਾ ਹੈ ਕਿ ਉਹ ਆਪਣੇ ਸਤਿਗੁਰਾਂ ਦੇ ਦਰਸ਼ਨਾਂ ਲਈ ਗਵਾਲੀਅਰ ਦੇ ਕਿਲ੍ਹੇ ’ਤੇ ਹੱਲਾ ਬੋਲ ਦੇਣ। ਇਸ ਤਰ੍ਹਾਂ ਉਹ ਉਸ ਦੀ ਹਕੂਮਤ ਨੂੰ ਨਵੀਂ ਮੁਸੀਬਤ ਵਿਚ ਪਾ ਸਕਦੇ ਹਨ।

ਸੋ ਉਸ ਨੇ ਦੂਰ-ਅੰਦੇਸ਼ੀ ਤੋਂ ਕੰਮ ਲਿਆ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਕਰ ਦਿੱਤਾ। ਇਤਨਾ ਹੀ ਨਹੀਂ, ਸਗੋਂ ਉਸ ਨੇ ਉਨ੍ਹਾਂ ਦੀ ਇੱਛਿਆ ਅਨੁਸਾਰ ਗਵਾਲੀਅਰ ਦੇ ਕਿਲ੍ਹੇ ਵਿਚ ਬੰਦ 52 ਰਾਜਿਆਂ ਨੂੰ ਵੀ ਛੱਡ ਦਿੱਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਪੁੱਜੇ ਤਾਂ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।

ਉਨ੍ਹਾਂ ਦਿਨਾਂ ਵਿਚ ਹੀ ਦੀਵਾਲੀ ਦਾ ਤਿਉਹਾਰ ਸੀ, ਜੋ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਉਹ ਸਿੱਖ, ਜੋ ਗੁਰੂ ਸਾਹਿਬ ਦੀ ਗ੍ਰਿਫਤਾਰੀ ਤੋਂ ਪਿੱਛੋਂ ਆਪੋ-ਆਪਣੇ ਇਲਾਕਿਆਂ ਵੱਲ ਵਾਪਸ ਚਲੇ ਗਏ ਸਨ, ਤਾਂ ਜੋ ਉਹ ਆਪਣੇ ਸਾਥੀਆਂ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾ ਸਕਣ, ਉਹ ਗੁਰੂ ਸਾਹਿਬ ਦੀ ਰਿਹਾਈ ਦਾ ਪਤਾ ਚੱਲਣ ’ਤੇ ਆਪਣੇ ਹੋਰ ਸਾਥੀਆਂ ਸਹਿਤ ਗੁਰੂ ਸਾਹਿਬ ਦੇ ਚਰਨਾਂ ਵਿਚ ਪੁੱਜਣੇ ਸ਼ੁਰੂ ਹੋ ਗਏ।

ਤਨ-ਮਨ ਭੇਟ ਕਰਨ ਵਾਲੇ ਸਿੱਖਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਸੀ। ਇਸ ਸਥਿਤੀ ਨੂੰ ਵੇਖਦਿਆਂ ਗੁਰੂ ਜੀ ਨੇ ਉਨ੍ਹਾਂ ਨੂੰ ਪੰਜ ਹਿੱਸਿਆਂ ਵਿਚ ਵੰਡ ਕੇ ਹਰ ਇਕ ਹਿੱਸੇ ਨੂੰ ਇਕ ਜਥੇਦਾਰ ਦੇ ਅਧੀਨ ਸੈਨਿਕ-ਵਿੱਦਿਆ ਦੇਣੀ ਅਰੰਭ ਕਰਵਾ ਦਿੱਤੀ। ਪਹਿਲਾ ਹਿੱਸਾ ਭਾਈ ਲੰਗਾਹ ਜੀ ਦੇ ਅਧੀਨ ਸੀ, ਇਸ ਨੂੰ ਅਗਾਂਹ ਵਧ ਕੇ ਲੜਨ ਦੀ ਸਿੱਖਿਆ ਦਿੱਤੀ ਗਈ, ਦੂਜਾ ਹਿੱਸਾ, ਜੋ ਭਾਈ ਬਿਧੀ ਚੰਦ ਜੀ ਦੇ ਅਧੀਨ ਸੀ ਉਸ ਨੂੰ ਗੁਰੀਲਾ ਜੰਗ ਦੀ ਟ੍ਰੇਨਿੰਗ ਦਿੱਤੀ ਗਈ, ਭਾਈ ਪਿਰਾਣਾ ਜੀ ਦੇ ਅਧੀਨ ਤੀਜੇ ਜਥੇ ਨੂੰ ਪੰਜਾਬ ਦੇ ਪਿੰਡ-ਪਿੰਡ ਤੋਂ ਜਾਣੂ ਕਰਵਾਇਆ ਗਿਆ ਤਾਂ ਜੋ ਲੋੜ ਅਨੁਸਾਰ ਛੋਟੇ ਤੋਂ ਛੋਟੇ ਰਾਹਾਂ ਤੋਂ ਵੀ ਸਹਾਇਤਾ ਪਹੁੰਚਾਈ ਜਾ ਸਕੇ। ਚੌਥਾ ਜਥਾ, ਜੋ ਭਾਈ ਪਿਰਾਗਾ ਜੀ ਦੇ ਅਧੀਨ ਸੀ, ਉਸ ਦਾ ਕੰਮ ਰਸਦ-ਪਾਣੀ ਦਾ ਪ੍ਰਬੰਧ ਕਰਨਾ ਸੀ ਅਤੇ ਪੰਜਵੇਂ ਜਥੇ ਦੇ ਸਪੁਰਦ ਹਥਿਆਰਾਂ ਦੀ ਸਪਲਾਈ ਤੇ ਸਟਾਕ ਦਾ ਪ੍ਰਬੰਧ ਕਰਨਾ ਸੀ, ਇਸ ਦੇ ਆਗੂ ਭਾਈ ਜੇਠਾ ਜੀ ਸਨ।

ਹੁਣ ਬਾਲਣ ਤਿਆਰ ਸੀ, ਲੋੜ ਸੀ ਤਾਂ ਕੇਵਲ ਇਕ ਚੰਗਿਆੜੀ ਦੀ ਜੋ ਅੱਗ ਭੜਕਾ ਸਕੇ। ਫਿਰ ਉਹ ਸਮਾਂ ਵੀ ਆ ਗਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਿੱਤ ਦੇ ਉਪਦੇਸ਼ਾਂ ਅਤੇ ਸੈਨਿਕ-ਵਿੱਦਿਆ ਨੇ ਅਰੋਗ ਆਤਮਾਵਾਂ ਵਿਚ ਨਾ ਕਵੇਲ ਨਿਡਰਤਾ ਪੈਦਾ ਕੀਤੀ, ਸਗੋਂ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵੀ ਦ੍ਰਿੜ੍ਹ ਕਰ ਦਿੱਤਾ। ਹੁਣ ਉਹ ਨਿਤਾਣੇ ਤੇ ਸਤਾਏ ਲੋਕੀਂ, ਜੋ ਮੂੰਹੋਂ ‘ਆਹ’ ਦਾ ਨਾਹਰਾ ਵੀ ਨਹੀਂ ਸੀ ਮਾਰ ਸਕਦੇ, ਨਿਡਰਤਾ ਨਾਲ ਸ਼ਿਕਾਰ ਖੇਡਣ ਲੱਗ ਪਏ। ਹੁਣ ਉਨ੍ਹਾਂ ਨੂੰ ਸ਼ਾਹੀ ਹੁਕਮਰਾਨਾਂ ਲਈ ਰਾਖਵੇਂ ਜੰਗਲ ਵੀ ਪਾਬੰਦੀਆਂ ਤੋਂ ਦੂਰ ਭਾਸਣ ਲੱਗੇ। ਇਕ ਦਿਨ ਉਹ ਅਜਿਹੇ ਹੀ ਇਕ ਇਲਾਕੇ ਵਿਚ ਸ਼ਿਕਾਰ ਖੇਡਣ ਲਈ ਜਾ ਵੜੇ, ਜਿੱਥੇ ਸ਼ਾਹੀ ਫੌਜਾਂ ਵੀ ਸ਼ਿਕਾਰ ਖੇਡ ਰਹੀਆਂ ਸਨ, ਉਨ੍ਹਾਂ ਦਾ ਬਾਜ਼ ਅਕਾਸ਼ ਵਿਚ ਛੋਟੇ-ਛੋਟੇ ਪੰਛੀਆਂ ਨਾਲ ਖਿਲਵਾੜ ਕਰ ਰਿਹਾ ਸੀ, ਉਨ੍ਹਾਂ ਨੂੰ ਤਰਸਾ-ਤਰਸਾ ਕੇ ਮਾਰ ਰਿਹਾ ਸੀ। ਇਹ ਵੇਖ ਕੇ ਸਿੱਖਾਂ ਦਾ ਦਰਦ ਭਰਿਆ ਹਿਰਦਾ ਤੜਪ ਉਠਿਆ, ਉਨ੍ਹਾਂ ਨੇ ਸ਼ਾਹੀ ਬਾਜ਼ ਦੇ ਸ਼ਿਕਾਰ ਲਈ ਆਪਣਾ ਬਾਜ਼ ਛੱਡਿਆ, ਜਿਸ ਨੇ ਇੱਕੋ ਝਟਕੇ ਵਿਚ ਜ਼ਾਲਮ ਸ਼ਾਹੀ ਬਾਜ਼ ਨੂੰ ਹੇਠ ਪਟਾਕ ਮਾਰਿਆ, ਸਿੱਖਾਂ ਨੇ ਉਸ ਨੂੰ ਫੜ ਕੇ ਆਪਣੇ ਕਬਜ਼ੇ ਵਿਚ ਕਰ ਲਿਆ।

ਸ਼ਾਹੀ ਫੌਜਾਂ ਫੁੰਕਾਰ ਉੱਠੀਆਂ, ਉਨ੍ਹਾਂ ਨੇ ਸ਼ਾਹੀ ਦਬਾਅ ਅਤੇ ਉਸ ਦਾ ਡਰ ਪਾ ਕੇ ਸਿੱਖਾਂ ਤੋਂ ਬਾਜ਼ ਦੀ ਵਾਪਸੀ ਦੀ ਮੰਗ ਕੀਤੀ । ਪਰ ਹੁਣ ਸਿੱਖ ਉਹ ਨਿਤਾਣੇ ਵਿਅਕਤੀ ਨਹੀਂ ਸਨ, ਜਿਨ੍ਹਾਂ ਨੂੰ ਸ਼ਾਹੀ ਡਰ ਕੰਬਾ ਸਕਦਾ। ਹੁਣ ਇਨ੍ਹਾਂ ਦੀਆਂ ਆਤਮਾਵਾਂ ਜਾਗਰਿਤ ਸਨ, ਜ਼ੁਲਮ, ਅਨਿਆਏ ਤੇ ਭੈ ਦੇ ਸਾਹਮਣੇ ਉਹ ਝੁਕਣ ਲਈ ਕਿਸੇ ਕੀਮਤ ’ਤੇ ਵੀ ਤਿਆਰ ਨਹੀਂ ਸਨ, ਸੋ ਉਨ੍ਹਾਂ ਨੇ ਬਾਜ਼ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ਾਹੀ ਸੈਨਾਵਾਂ ਨੇ ਤਲਵਾਰਾਂ ਸੂਤੀਆਂ, ਸਿੱਖਾਂ ਨੇ ਵੀ ਜਵਾਬ ਵਿਚ ਤਲਵਾਰਾਂ ਕੱਢ ਲਈਆਂ। ਸਿੱਖਾਂ ਦੀਆਂ ਤਲਵਾਰਾਂ ਦੀ ਚਮਕ ਦੇਖ ਕੇ ਫੌਜੀਆਂ ਦੀਆਂ ਅੱਖਾਂ ਚੁੰਧਿਆ ਗਈਆਂ ਤੇ ਉਹ ਇਕ ਤਕੜੀ ਫੌਜ ਲੈ ਕੇ ਹਮਲਾ ਕਰਨ ਦੀ ਧਮਕੀ ਦੇ ਕੇ ਭੱਜ ਖੜੇ ਹੋਏ।

ਸਿੱਖਾਂ ਨੇ ਆਪਣੇ ਆਪ ਨੂੰ ਪਹਿਚਾਣ ਲਿਆ, ਗੁਰੂ ਜੀ ਦੀ ਦਿੱਤੀ ਹੋਈ ਸ਼ਕਤੀ ਤੋਂ ਉਹ ਜਾਣੂ ਹੋ ਗਏ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਜ਼ੁਲਮ ਦੇ ਪੈਰ ਨਹੀਂ ਹੁੰਦੇ। ਉਹ ਖੁਸ਼ੀ ਵਿਚ ਜੈਕਾਰੇ ਲਾਉਂਦੇ ਗੁਰੂ ਜੀ ਪਾਸ ਆਏ ਤੇ ਉਨ੍ਹਾਂ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ। ਗੁਰੂ ਜੀ ਦੂਰ-ਅੰਦੇਸ਼ ਸਨ, ਉਨ੍ਹਾਂ ਨੇ ਮਹਿਸੂਸ ਕਰ ਲਿਆ ਕਿ ਸੱਪ ਜ਼ਖ਼ਮੀ ਹੋ ਗਿਆ ਹੈ, ਉਹ ਫੁੰਕਾਰ ਕੇ ਅਤੇ ਪਰਤ ਕੇ ਹਮਲਾ ਕਰੇਗਾ। ਇਸ ਲਈ ਉਨ੍ਹਾਂ ਨੇ ਆਉਣ ਵਾਲੇ ਸਮੇਂ ਦੀ ਚੁਨੌਤੀ ਦਾ ਸਾਹਮਣਾ ਕਰਨ ਦੀਆਂ ਤਿਆਰੀਆਂ ਅਰੰਭ ਕਰ ਦਿੱਤੀਆਂ। ਬੀਬੀ ਵੀਰੋ ਦੀ ਸ਼ਾਦੀ ਦੇ ਦਿਨ ਸਨ, ਉਨ੍ਹਾਂ ਵਿਚਾਰ ਕੀਤੀ ਕਿ ਇਸ ਕਾਰਜ ਤੋਂ ਨਿਪਟ ਕੇ ਟਾਕਰੇ ਦੀ ਤਿਆਰੀ ਨੂੰ ਅੰਤਿਮ ਰੂਪ ਦਿੱਤਾ ਜਾਏ। ਦੂਜੇ ਪਾਸੇ, ਛਿੱਥਿਆਂ ਪੈ ਕੇ ਵਾਪਸ ਮੁੜੀਆਂ ਸ਼ਾਹੀ ਫੌਜਾਂ ਨੇ ਲਾਹੌਰ ਦੇ ਹਾਕਮ ਕੁਲੀਜ਼ ਖਾਨ ਨੂੰ ਵਧਾ-ਚੜ੍ਹਾ ਕੇ ਹਾਲਾਤ ਦੱਸੇ। ਆਪਣੀ ਬੁਜ਼ਦਿਲੀ ’ਤੇ ਪਰਦਾ ਪਾਉਣ ਲਈ ਉਨ੍ਹਾਂ ਵਾਸਤੇ ਇਹ ਹੈ ਵੀ ਜ਼ਰੂਰੀ ਸੀ। ਕੁਲੀਜ਼ ਖਾਨ ਨੇ ਹੋਰ ਵੀ ਵਧਾ-ਚੜ੍ਹਾ ਕੇ ਬਾਦਸ਼ਾਹ ਸ਼ਾਹ ਜਹਾਨ ਨੂੰ ਹਾਲਾਤ ਲਿਖੇ। ਜਵਾਨੀ ਦੇ ਜੋਸ਼ ਵਿਚ ਤੇ ਪਿਉ ਜਹਾਂਗੀਰ ਦੀ ਮੌਤ ਤੋਂ ਪਿੱਛੋਂ ਆਪਣਾ ਰੋਹਬ ਜਮਾਣ ਲਈ ਉਸ ਵਾਸਤੇ ਜ਼ਰੂਰੀ ਸੀ ਕਿ ਅਜ਼ਾਦੀ ਦੀ ਜੋ ਜੋਤ ਜਗ ਰਹੀ ਹੈ, ਉਸ ਨੂੰ ਬੁਝਾ ਦੇਵੇ। ਸੋ ਉਸ ਨੇ ਕੁਲੀਜ਼ ਖਾਨ ਨੂੰ ਹੁਕਮ ਭੇਜਿਆ ਕਿ ਜਿਸ ਤਰ੍ਹਾਂ ਵੀ ਹੋ ਸਕੇ ਗੁਰੂ-ਘਰ ਨੂੰ ਤੇ ਸਿੱਖਾਂ ਨੂੰ ਦਬਾ ਦਿੱਤਾ ਜਾਏ, ਸਚਾਈ ਦੀ ਆਵਾਜ਼ ਨੂੰ ਕੁਚਲ ਦਿੱਤਾ ਜਾਏ।

ਉਧਰ ਕੁਲੀਜ਼ ਖਾਨ ਨੂੰ ਸੂਹੀਆਂ ਖ਼ਬਰ ਦਿੱਤੀ ਕਿ ਗੁਰੂ ਸਾਹਿਬ ਆਪਣੀ ਸਪੁੱਤਰੀ ਬੀਬੀ ਵੀਰੋ ਦੇ ਵਿਆਹ ਵਿਚ ਰੁੱਝੇ ਹੋਏ ਹਨ। ਇਸ ਸਮੇਂ ਅਚਾਨਕ ਹਮਲਾ ਸ਼ਾਹੀ ਸੈਨਾਵਾਂ ਲਈ ਜਿੱਤ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ, ਇਸ ਲਈ ਕੁਲੀਜ਼ ਖਾਨ ਨੇ ਉਸੇ ਸਮੇਂ ਆਪਣੇ ਫੌਜਦਾਰ ਮੁਖਲਿਸ ਖਾਨ ਅਤੇ ਜਬਰ ਜੰਗ ਦੀ ਅਗਵਾਈ ਵਿਚ ਸੱਤ ਹਜ਼ਾਰ ਫੌਜ ਨੂੰ ਗੁਰੂ ਸਾਹਿਬ ਪੁਰ ਅਚਾਨਕ ਹਮਲਾ ਕਰ ਦੇਣ ਦਾ ਹੁਕਮ ਦੇ ਕੇ ਭੇਜਿਆ।

ਮੌਕਾ ਬੜਾ ਨਾਜ਼ੁਕ ਸੀ, ਇਕ ਪਾਸੇ ਬੀਬੀ ਵੀਰੋ ਦੇ ਵਿਆਹ ਦੀਆਂ ਤਿਆਰੀਆਂ, ਦੂਜੇ ਪਾਸਿਓਂ ਮੁਗ਼ਲਾਂ ਦਾ ਹਮਲਾ, ਰੰਗ ਵਿਚ ਭੰਗ ਸੀ। ਪਰ ਹਾਲਾਤ ਦਾ ਟਾਕਰਾ, ਅਚਾਨਕ ਹਮਲੇ ਦਾ ਸਾਹਮਣਾ ਸਿੱਖਾਂ ਦੀ ਦਲੇਰੀ ਦੀ ਸੂਝ-ਬੂਝ ਅਤੇ ਪਰਖ ਦਾ ਸਮਾਂ ਸੀ।

ਇਤਿਹਾਸ ਮੂੰਹ ਅੱਡੀ ਵੇਖ ਰਿਹਾ ਸੀ ਕਿ ਹੁਣ ਕੀ ਹੋਵੇਗਾ? ਸ਼ਾਹੀ ਫੌਜ ਦੀ ਜਿੱਤ? ਸਚਾਈ ਦੀ ਹਾਰ? ਜਾਂ ਫਿਰ….. ਪਿਪਲੀ ਸਾਹਿਬ ਦੇ ਨੇੜੇ ਕੁਝ ਸਿੱਖਾਂ ਨੇ ਸ਼ਾਹੀ ਫੌਜ ਨੂੰ ਬੜੀ ਤੇਜ਼ੀ ਨਾਲ ਅੱਗੇ ਆਉਂਦਿਆਂ ਵੇਖਿਆ ਤਾਂ ਉਹ ਤੁਰੰਤ ਸੁਚੇਤ ਹੋ ਗਏ। ਇਕ ਸਿੱਖ ਨੂੰ ਗੁਰੂ ਸਾਹਿਬ ਪਾਸ ਹਮਲੇ ਦੀ ਸੂਚਨਾ ਦੇਣ ਲਈ ਭੇਜਿਆ ਤੇ ਬਾਕੀਆਂ ਨੇ ਕਿਰਪਾਨਾਂ ਸੂਤ ਲਈਆਂ। ਉਥੇ ਹੀ ਤਲਵਾਰਾਂ ਟਕਰਾ ਪਈਆਂ। ਸ਼ਾਹੀ ਸੈਨਾ ਨੇ ਸਮਝਿਆ ਕਿ ਉਹ ਇਨ੍ਹਾਂ ਥੋੜ੍ਹੇ ਜਿਹੇ ਸਿੱਖਾਂ ਨੂੰ ਸਕਿੰਟਾਂ ਵਿਚ ਹੀ ਖ਼ਤਮ ਕਰ ਦੇਣਗੇ ਅਤੇ ਬਾਕੀਆਂ ਨੂੰ ਅਵੇਸਲੇ ਹੀ ਜਾ ਕੇ ਦਬੋਚ ਲੈਣਗੇ।

ਪਰ ਉਨ੍ਹਾਂ ਨੇ ਸਿੱਖਾਂ ਦੀ ਸ਼ਕਤੀ ਦਾ ਗਲਤ ਅਨੁਮਾਨ ਲਗਾਇਆ ਸੀ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਜ਼ੁਲਮ ਕਰਨ ਵਾਲਿਆਂ ਨਾਲੋਂ ਜ਼ੁਲਮ ਨੂੰ ਠੱਲ੍ਹ ਪਾਉਣ ਵਾਲਿਆਂ ਵਿਚ ਸ਼ਕਤੀ ਕਿਤੇ ਜ਼ਿਆਦਾ ਹੁੰਦੀ ਹੈ। ਉਹ ਨਹੀਂ ਸਨ ਜਾਣਦੇ ਕਿ ਭਾੜੇ ਦੇ ਟੱਟੂਆਂ ਨਾਲੋਂ ਸ਼ਰਧਾ ਵਿਚ ਰੱਤੇ ਲੋਕੀਂ ਵਧੇਰੇ ਜਾਨਾਂ ਹੂਲ ਕੇ ਲੜਦੇ ਹਨ।

ਗੁਰੂ ਸਾਹਿਬ ਨੂੰ ਹਮਲੇ ਦੀ ਖਬਰ ਮਿਲੀ ਤਾਂ ਉਨ੍ਹਾਂ ਨੇ ਉਸੇ ਸਮੇਂ ਜਥੇਦਾਰ ਨੂੰ ਹੁਕਮ ਦਿੱਤਾ ਕਿ ਦੁਸ਼ਮਣਾਂ ਨੂੰ ਅੱਗੇ ਵਧ ਕੇ ਸੰਭਾਲੋ। ਸਿੱਖ ਜੋਸ਼ ਅਤੇ ਉਤਸ਼ਾਹ ਨਾਲ ਅੱਗੇ ਵਧੇ। ਤਲਵਾਰਾਂ ਤੇ ਖੰਡੇ ਖੜਕ ਪਏ। ਇਸ ਲੜਾਈ ਦਾ ਜ਼ਿਕਰ ਕਰਦਿਆਂ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਲਿਖਿਆ ਹੈ:

ਸਰੋਹੀ ਚਲੀ ਬਾਢ ਵਾਰੀ ਹਲੱਬੀ ਖਿਚੇ ਮਯਾਨ ਤੇਗੇ ਫੁਲਾਦੀ ਜੁਨੱਬੀ।
ਸੁ ਖੰਡੇ ਦੁਧਾਰੇ ਪ੍ਰਚੰਡੇ ਚਮੱਕੇ, ਚਲੀ ਸੈਫ ਸਾਫੰ ਕਟੈਲੀ ਦਮੱਕੇ।
ਲਗੈ ਖੱਗ ਪੈ ਖੱਗ ਟੂਟੇ ਛਣੰਕੈ, ਗਰੇ ਮੈਂ ਸੰਜੋਏ ਕਿ ਤਾਂ ਸੋਂ ਝਣੰਕੈ।
ਚਲੇ ਸੇਲ ਮੇਲੇ ਭਈ ਰੇਲ ਪੇਲੇ, ਮਨੋਂ ਰੰਗ ਲੇ ਲੇ ਮਿਲੇ ਫਾਗ ਖੇਲੇਂ।

ਲੜਾਈ ਜ਼ੋਰਾਂ ’ਤੇ ਸੀ, ਮੁਖਲਸ ਖਾਨ ਨੇ ਸ਼ਮਸ ਖਾਨ ਨੂੰ ਅੱਗੇ ਕੀਤਾ ਤੇ ਇਧਰੋਂ ਭਾਈ ਭਾਨਾ ਜੀ ਨੇ ਅੱਗੇ ਹੋ ਕੇ ਸ਼ਮਸ ਖਾਨ ਨੂੰ ਲਲਕਾਰਿਆ। ਦੋਹਾਂ ਵਿਚਕਾਰ ਜੰਮ ਕੇ ਲੜਾਈ ਹੋਈ ਅਤੇ ਭਾਈ ਭਾਨਾ ਜੀ ਦੀ ਤਲਵਾਰ ਨੇ ਸ਼ਮਸ ਖਾਨ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਸ਼ਾਹੀ ਫੌਜਾਂ ਦੰਦ ਕਰੀਚ ਕੇ ਭਾਈ ਭਾਨਾ ਜੀ ’ਤੇ ਟੁੱਟ ਪਈਆਂ ਤੇ ਗੋਲੀਆਂ ਨਾਲ ਉਨ੍ਹਾਂ ਦਾ ਸਰੀਰ ਛਾਨਣੀ ਕਰ ਦਿੱਤਾ।

ਇਧਰ ਸਿੱਖਾਂ ਨੇ ਮੁਗ਼ਲਾਂ ਨੂੰ ਰੋਕਿਆ ਹੋਇਆ ਸੀ, ਉਧਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਰਵਾਰ ਦੀ ਸੁਰੱਖਿਆ ਦਾ ਪ੍ਰਬੰਧ ਕਰ ਗੋਬਿੰਦ ਗੜ੍ਹ ਕਿਲ੍ਹੇ ਵਿਚ ਪੁੱਜ ਗਏ। ਮੁਗ਼ਲ ਫੌਜੀਆਂ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਦਾ ਰੁਖ਼ ਕਿਲ੍ਹੇ ਵੱਲ ਹੋ ਗਿਆ। ਇਥੇ ਗੁਰੂ ਸਾਹਿਬ ਦੇ ਹੁਕਮ ਨਾਲ ਪਹਿਲੀ ਵਾਰ ਸੁੱਕੇ ਹੋਏ ਦਰਖ਼ਤ ਦੇ ਤਣੇ ਤੋਂ ਤੋਪ ਬਣਾਈ ਗਈ ਸੀ ਤੇ ਉਸ ਨਾਲ ਦੁਸ਼ਮਣ ਦੀਆਂ ਫੌਜਾਂ ’ਤੇ ਪੱਥਰਾਂ ਦੀ ਵਰਖਾ ਕੀਤੀ ਗਈ। ਇਸ ਤਰ੍ਹਾਂ ਇਕ ਪਾਸੇ ਤੋਂ ਪੱਥਰਾਂ ਦੀ ਵਰਖਾ ਹੋਣ ਲੱਗੀ ’ਤੇ ਦੂਜੇ ਪਾਸੇ ਗੁਰੂ ਸਾਹਿਬ ਨੇ ਤੀਰਾਂ ਦੀ ਵਰਖਾ ਅਰੰਭ ਕਰ ਦਿੱਤੀ। ਤੀਜੇ ਪਾਸੇ ਸਿੱਖਾਂ ਦੇ ਹਮਲੇ ਨੇ ਫੌਜਾਂ ਦੇ ਪੈਰ ਉਖਾੜ ਦਿੱਤੇ।

ਆਪਣੀਆਂ ਫੌਜਾਂ ਦੇ ਪੈਰ ਉਖੜਦੇ ਵੇਖ ਕੇ ਮੁਖਲਸ ਖਾਨ ਉਨ੍ਹਾਂ ਵਿਚ ਜਾ ਵੜਿਆ ਤੇ ਉਨ੍ਹਾਂ ਨੂੰ ਵੰਗਾਰ ਕੇ ਕਹਿਣ ਲੱਗਾ ਕਿ ਬਹਾਦਰੋ, ਤੁਸਾਂ ਵੱਡੀਆਂ-ਵੱਡੀਆਂ ਤਾਕਤਾਂ ਨੂੰ ਨਿਵਾਇਆ ਹੈ, ਵੱਡੇ-ਵੱਡੇ ਰਾਜ-ਤਖ਼ਤਾਂ ਨੂੰ ਪੈਰਾਂ ਹੇਠ ਰੌਲ਼ਿਆ ਹੈ। ਤੁਹਾਡੀ ਬਹਾਦਰੀ ਦੀਆਂ ਗੂੰਜਾਂ ਸੰਸਾਰ ਭਰ ਵਿਚ ਪਈਆਂ ਹਨ, ਤੁਹਾਡੇ ਘੋੜਿਆਂ ਦੀਆਂ ਟਾਪਾਂ ਦੀਆਂ ਆਵਾਜ਼ਾਂ ਸੁਣ ਕੇ ਵੱਡੇ-ਵੱਡੇ ਬਲੀਆਂ ਬਹਾਦਰਾਂ ਦੇ ਕਲੇਜੇ ਧੱਕ-ਧੱਕ ਕਰਨ ਲੱਗ ਜਾਂਦੇ ਹਨ। ਇਹ ਨਿਮਾਣੇ ਸਿੱਖ ਤੁਹਾਡੇ ਸਾਹਮਣੇ ਕੀ ਹਨ? ਤੁਹਾਡੇ ਇਕ ਹੱਲੇ ਦੀ ਵੀ ਮਾਰ ਨਹੀਂ! ਮੁਖਲਸ ਖਾਨ ਦੀ ਇਸ ਵੰਗਾਰ ਨੇ ਮੁਗ਼ਲ ਫੌਜਾਂ ਦੇ ਉਖੜਦੇ ਪੈਰ ਫਿਰ ਜਮਾ ਦਿੱਤੇ। ਉਨ੍ਹਾਂ ਨੇ ਇਕ ਜ਼ੋਰ ਦਾ ਹੱਲਾ ਬੋਲਿਆ, ਜਿਸ ਨਾਲ ਕਿਲ੍ਹੇ ਦੀ ਇਕ ਦੀਵਾਰ ਟੁੱਟ ਗਈ। ਉਨ੍ਹਾਂ ਦੇ ਹੌਸਲੇ ਹੋਰ ਵਧੇ, ਪਰ ਸਿੱਖਾਂ ਨੇ ਉਨ੍ਹਾਂ ਨੂੰ ਜਾ ਲਿਆ ਅਤੇ ਰਾਤ ਹੋਣ ਕਾਰਨ ਲੜਾਈ ਰੁੱਕ ਗਈ।

ਮੁਖਲਸ ਖਾਨ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਚਿੱਠੀ ਲਿਖੀ, ਕਿ ਤੁਸੀਂ ਸ਼ਾਹੀ ਈਨ ਮੰਨ ਲਉ, ਅਸੀਂ ਵਾਪਸ ਚਲੇ ਜਾਵਾਂਗੇ। ਗੁਰੂ ਜੀ ਨੇ ਜਵਾਬ ਵਿਚ ਲਿਖਿਆ, ਅਸਾਂ ਕਿਸੇ ’ਤੇ ਹਮਲਾ ਨਹੀਂ ਕੀਤਾ, ਸਾਡੇ ’ਤੇ ਜੋ ਹਮਲਾ ਕੀਤਾ ਗਿਆ ਹੈ, ਉਸ ਦਾ ਜਵਾਬ ਦੇਣਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਜ਼ੁਲਮ ਦੇ ਅੱਗੇ ਸਿਰ ਝੁਕਾਉਣ ਲਈ ਤਿਆਰ ਨਹੀਂ, ਆਪਣੀ ਅਣਖ ’ਤੇ ਕਿਸੇ ਦਾ ਵਾਰ ਅਸੀਂ ਸਹਿਣ ਨਹੀਂ ਕਰ ਸਕਦੇ।

ਦਿਨ ਚੜ੍ਹਦਿਆਂ ਫਿਰ ਤਲਵਾਰਾਂ ਖੜਕ ਪਈਆਂ। ਭਾਈ ਬਿਧੀ ਚੰਦ ਤੇ ਪੈਂਦੇ ਖਾਨ ਦੀ ਅਗਵਾਈ ਵਿਚ ਸਿੱਖ ਫੌਜਾਂ ਨੇ ਮੁਗ਼ਲਾਂ ਦੇ ਵੱਡੇ-ਵੱਡੇ ਮਹਾਂਰਥੀਆਂ, ਸੁਲਤਾਨ ਬੇਗ, ਦੀਦਾਰ ਖਾਨ ਆਦਿ ਨੂੰ ਮਾਰ-ਮੁਕਾਇਆ। ਮੁਖਲਸ ਖਾਨ ਨੇ ਆ ਗੁਰੂ ਜੀ ਨੂੰ ਵੰਗਾਰਿਆ। ਗੁਰੂ ਜੀ ਕਿਰਪਾਨ ਢਾਲ ਲੈ ਕੇ ਸਾਹਮਣੇ ਹੋਏ ਤਾਂ ਸਾਰੀਆਂ ਫੌਜਾਂ ਪਿਛਾਂਹ ਹਟ ਗਈਆਂ, ਕਿਉਂਕਿ ਅੰਤਮ ਫੈਸਲਾ ਇਸੇ ਲੜਾਈ ਨੇ ਕਰਨਾ ਸੀ। ਮੁਖਲਸ ਖਾਨ ਦੇ ਪਹਿਲੇ ਵਾਰ ਦੇ ਜਵਾਬ ਵਿਚ ਗੁਰੂ ਜੀ ਦੇ ਪਹਿਲੇ ਹੀ ਵਾਰ ਨਾਲ ਮੁਖਲਸ ਖਾਨ ਦਾ ਘੋੜਾ ਡਿੱਗ ਪਿਆ। ਗੁਰੂ ਜੀ ਨੇ ਵੀ ਘੋੜਾ ਛੱਡ ਦਿੱਤਾ, ਦੋਵੇਂ ਪੈਦਲ ਪਿੜ ਵਿਚ ਜੁੱਟ ਪਏ। ਫਿਰ ਪਹਿਲਾ ਵਾਰ ਮੁਖਲਸ ਖਾਨ ਨੇ ਕੀਤਾ, ਪਰ ਖਾਲੀ ਗਿਆ। ਉਸ ਨੇ ਕ੍ਰੋਧ ਵਿਚ ਭਰ ਕੇ ਵਾਰ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਗੁਰੂ ਜੀ ਉਸ ਦਾ ਹਰ ਵਾਰ ਢਾਲ ’ਤੇ ਬਚਾਉਂਦੇ ਗਏ। ਅਖੀਰ ਗੁਰੂ ਜੀ ਨੇ ਅਜਿਹਾ ਭਰਵਾਂ ਵਾਰ ਕੀਤਾ ਕਿ ਗੁਰੂ ਜੀ ਦੀ ਤਲਵਾਰ ਨੇ ਮੁਖਲਸ ਖਾਨ ਦੀ ਢਾਲ ਨੂੰ ਚੀਰਦਿਆਂ ਹੋਇਆਂ ਉਸ ਦੇ ਸਿਰ ਨੂੰ ਵੱਢ ਕੇ ਸੁੱਟ ਦਿੱਤਾ।

ਮੁਖਲਸ ਖਾਨ ਦੇ ਡਿੱਗਣ ਦੀ ਦੇਰ ਸੀ ਕਿ ਸ਼ਾਹੀ ਫੌਜਾਂ ਦੇ ਪੈਰ ਉਖੜ ਗਏ, ਉਹ ਨਿਰਾਸ਼ ਹੋ ਕੇ ਪਿਛਾਂਹ ਨੱਸ ਉੱਠੀਆਂ। ਸਿੱਖਾਂ ਨੇ ਭੱਜੇ ਜਾਂਦਿਆਂ ਦਾ ਪਿੱਛਾ ਕਰਨਾ ਚਾਹਿਆ, ਪਰ ਗੁਰੂ ਜੀ ਨੇ ਉਨ੍ਹਾਂ ਨੂੰ ਰੋਕ ਦਿੱਤਾ। ਵਾਪਸ ਆ ਕੇ ਗੁਰੂ ਜੀ ਨੇ ਸ਼ਹੀਦ ਸਿੱਖਾਂ ਦੀਆਂ ਲਾਸ਼ਾਂ ਇਕੱਤਰ ਕਰ ਕੇ ਉਨ੍ਹਾਂ ਦਾ ਪੂਰਨ ਸਨਮਾਨ ਨਾਲ ਸਸਕਾਰ ਕੀਤਾ। ਮੁਗ਼ਲਾਂ ਤੇ ਪਠਾਣਾਂ ਦੀਆਂ ਲਾਸ਼ਾਂ ਇਕੱਤਰ ਕਰ ਕੇ ਪੂਰਨ ਸਨਮਾਨ ਨਾਲ ਦਬਾ ਦਿੱਤੀਆਂ।

ਮੁਗ਼ਲਾਂ ਦੀ ਇਸ ਹਾਰ ਨੇ ਸਿੱਖਾਂ ਵਿਚ ਹੋਰ ਉਤਸ਼ਾਹ ਤੇ ਜੋਸ਼ ਭਰਿਆ। ਉਨ੍ਹਾਂ ਨੇ ਮਹਿਸੂਸ ਕਰ ਲਿਆ ਕਿ ਜੇਕਰ ਉਹ ਚਾਹੁਣ ਤਾਂ ਜ਼ਾਲਮ ਉਨ੍ਹਾਂ ਦਾ ਕੁਝ ਵੀ ਨਹੀਂ ਵਿਗਾੜ ਸਕਦਾ। ਜੇ ਉਹ ਦ੍ਰਿੜ੍ਹ ਇਰਾਦਾ ਕਰ ਲੈਣ ਤਾਂ ਉਹ ਜ਼ੁਲਮ ਤੇ ਅਨਿਆਂ ਦੀਆਂ ਜੜ੍ਹਾਂ ਉਖਾੜ ਕੇ ਰੱਖ ਸਕਦੇ ਹਨ।

ਇਤਿਹਾਸ, ਜੋ ਕੁਝ ਸਮਾਂ ਪਹਿਲਾਂ ਮੂੰਹ ਅੱਡੀ ਖੜ੍ਹਾ ਸੀ ਤੇ ਆਪਣੇ ਬਾਰੇ ਸੋਚ ਰਿਹਾ ਸੀ, ਕਿ ਉਸ ਨੇ ਕੀ ਕਰਨਾ ਹੈ? ਉਸ ਨੇ ਮੋੜ ਕੱਟ ਲਿਆ। ਕਿਉਂਕਿ ਉਸ ਨੇ ਸਮਝ ਲਿਆ ਸੀ ਕਿ ਜ਼ੁਲਮ ਦੀ ਚੱਕੀ ਹੁਣ ਹੋਰ ਦੇਰ ਤਕ ਨਹੀਂ ਚੱਲੇਗੀ, ਅਨਿਆਂ ਹੁਣ ਬੇ-ਰੋਕ-ਟੋਕ ਮਨੁੱਖਤਾ ਨੂੰ ਪੈਰਾਂ ਹੇਠ ਨਹੀਂ ਰੋਲ ਸਕੇਗਾ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤਰਾਧਿਕਾਰੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਉਸ ਦੇ ਰਾਹ ਵਿਚ ਇਕ ਅਜਿਹੀ ਚਟਾਨ ਖੜ੍ਹੀ ਕਰ ਦਿੱਤੀ ਹੈ, ਜਿਸ ਦੇ ਹੁੰਦਿਆਂ ਉਸ ਦਾ ਅੱਗੇ ਵਧਣਾ ਨਾਮੁਮਕਿਨ ਹੋ ਗਿਆ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Jaswant Singh Ajit

64-C/ U & V/B, Shalimar Bagh, Delhi-110088

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)