ਗੁਰਬਾਣੀ ਦੇ ਫ਼ਰਮਾਨ ‘ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ’ ਵਿਚ ਮਨੁੱਖ ਨੂੰ ਉਸ ਦੇ ਅਸਲੀ ਮਕਸਦ ਦਾ ਚੇਤਾ ਕਰਾਇਆ ਗਿਆ ਹੈ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਹੇ ਪ੍ਰਾਣੀ! ਪਰਮਾਤਮਾ ਨੇ ਤੈਨੂੰ ਸੰਸਾਰ ਵਿਚ ਭੇਜਿਆ ਹੈ ਤਾਂ ਜੋ ਤੂੰ ਪ੍ਰਭੂ ਦਾ ਸਿਮਰਨ ਕਰ ਕੇ ਪਰਮਜੋਤ ਵਿਚ ਸਮਾ ਕੇ ਉਸ ਦਾ ਹੀ ਰੂਪ ਬਣ ਸਕੇਂ। ਇਸ ਦੁਨਿਆਵੀ ਸੰਸਾਰ ਵਿਚ ਰਹਿੰਦਿਆਂ ਹੋਇਆਂ ਤੂੰ ‘ਹਰਿ ਕਾ ਸੇਵਕ ਹਰਿ ਹੀ ਜੇਹਾ’ ਦੀ ਪਦਵੀ ਪ੍ਰਾਪਤ ਕਰਨੀ ਹੈ ਅਤੇ ਇਸ ਸੰਸਾਰ ਨੂੰ ਜਦੋਂ ਛੱਡ ਕੇ ਜਾਣਾ ਹੈ ਉਦੋਂ ਤੇਰੇ ਮਨ ਵਿਚ ਕੋਈ ਗੱਲ ਰਹਿ ਨਾ ਜਾਵੇ ਜਿਸ ਨਾਲ ਤੈਨੂੰ ਪਛਤਾਉਣਾ ਪਵੇ:
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥ (ਪੰਨਾ 918)
ਗੁਰਬਾਣੀ ਅਨੁਸਾਰ ਮਨੁੱਖ ਨੂੰ ਹੀ ਸੰਸਾਰ ਵਿਚ ਸ੍ਰੇਸ਼ਟ ਮੰਨਿਆ ਗਿਆ ਹੈ, ਜਿਸ ਦੇ ਬਾਰੇ ਭਾਈ ਗੁਰਦਾਸ ਜੀ ਆਪਣੀ 15ਵੀਂ ਵਾਰ ਦੀ ਤੀਸਰੀ ਪਉੜੀ ਵਿਚ ਜ਼ਿਕਰ ਕਰਦੇ ਹਨ:
ਲਖ ਚਉਰਾਸੀਹ ਜੂਨਿ ਵਿਚਿ ਉਤਮੁ ਜੂਨਿ ਸੁ ਮਾਣਸ ਦੇਹੀ।
ਮਨੁੱਖਾ ਦੇਹੀ ਦਾ ਮਨੋਰਥ ਹੀ ਪ੍ਰਭੂ ਪਰਮਾਤਮਾ ਨਾਲ ਮਿਲਣ ਦੀ ਵਾਰੀ ਕਿਹਾ ਗਿਆ ਹੈ। ਜੈਸਾ ਕਿ ਗੁਰਬਾਣੀ ਦੇ ਇਸ ਫ਼ਰਮਾਨ ਤੋਂ ਇਸ ਦੀ ਪੁਸ਼ਟੀ ਹੋ ਜਾਂਦੀ ਹੈ:
ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਪੰਨਾ 12)
ਹੋਰ ਸਾਰੀਆਂ ਹੀ ਜੂਨਾਂ ਨੂੰ ਮਨੁੱਖ ਦੀ ਸੇਵਕ ਕਿਹਾ ਗਿਆ ਹੈ ਕਿ ਸਾਰੇ ਜੀਵ ਹੀ ਤੇਰੀ ਸੇਵਾ ਲਈ ਹੀ ਪਰਮਾਤਮਾ ਨੇ ਪੈਦਾ ਕੀਤੇ ਹਨ ਤੇ ਇਸ ਧਰਤੀ ਦੀ ਸਰਦਾਰੀ ਵੀ ਮਨੁੱਖ ਨੂੰ ਬਖ਼ਸ਼ੀ ਹੈ:
ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (ਪੰਨਾ 374)
ਮਨੁੱਖਾ-ਜਨਮ ਨੂੰ ਸਭ ਜਨਮਾਂ ਤੋਂ ਉੱਤਮ ਗਿਣਿਆ ਗਿਆ ਹੈ ਕਿਉਂਕਿ ਮਨੁੱਖਾ ਜਨਮ ਹੀ ਹੈ ਜਿਸ ਰਾਹੀਂ ਪਰਮਾਤਮਾ ਤਕ ਪਹੁੰਚ ਸਕਦੇ ਹਾਂ।
ਹਮੇਸ਼ਾਂ ਗੁਰੂ ਦੀ ਮਤ ਅਨੁਸਾਰ ਕਰਮ ਕਰਨੇ ਚਾਹੀਦੇ ਹਨ। ਜੇਕਰ ਮਨਮਤ ਅਨੁਸਾਰ ਕਰਮ ਕਰਾਂਗੇ ਤਾਂ ਜਨਮ-ਮਰਨ ਦੇ ਗੇੜ ਵਿਚ ਫਸੇ ਰਹਾਂਗੇ।
ਗੁਰੂ ਜੀ ਕਹਿੰਦੇ ਹਨ ਕਿ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਨਾਲ ਜਦ ਜੀਵਨ-ਯਾਤਰਾ ਖ਼ਤਮ ਹੋਣ ’ਤੇ ਹੋਵੇ ਤੇ ਮਨੁੱਖ ਨੂੰ ਪਛਤਾਉਣਾ ਪਵੇ ਤੇ ਉਸ ਪਰਮਾਤਮਾ ਨੂੰ ਮਿਲਣ ’ਤੇ ਸ਼ਰਮਿੰਦਗੀ ਹੋਵੇ। ਗੁਰਬਾਣੀ ਦਾ ਫ਼ਰਮਾਨ ਹੈ:
ਫਰੀਦਾ ਜਿਨੀ੍ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥ (ਪੰਨਾ 1381)
ਗੁਰਬਾਣੀ ਪੜ੍ਹਨੀ, ਸੇਵਾ ਕਰਨੀ, ਧਰਮ ਪ੍ਰਚਾਰ ਕਰਨਾ ਤਾਂ ਹੀ ਸਫਲ ਹੈ ਜੇਕਰ ਗੁਰੂ ਸਾਹਿਬ ਦੀ ਮਤ ਅਨੁਸਾਰ ਜੀਵ ਨਿਰਮਲ ਕੰਮ ਕਰੇ ਅਤੇ ਪਰਮਾਤਮਾ ਦਾ ਨਾਮ ਜਪੇ ਪਰ ਸਾਡਾ ਕਰਮ ਤਾਂ ਮਨ ਦੀ ਮਤ ਅਨੁਸਾਰ ਹੁੰਦਾ ਹੈ ਜਿਸ ਕਰਕੇ ਅਸੀਂ ਜੀਵਨ-ਮਨੋਰਥ ਵਿਚ ਅੱਗੇ ਜਾਣ ਦੀ ਥਾਂ ਪਿੱਛੇ ਜਾ ਰਹੇ ਹਾਂ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਤ੍ਵ ਪ੍ਰਸਾਦਿ ਸਵੈਯੇ’ ਰਚ ਕੇ ਸਾਡੇ ਭਰਮ-ਭੁਲੇਖੇ ਅਤੇ ਵਹਿਮ ਦੂਰ ਕੀਤੇ ਹਨ ਪਰ ਹਾਲੇ ਵੀ ਅਸੀਂ ‘ਤ੍ਵ ਪ੍ਰਸਾਦਿ ਸਵੈਯੇ’ ਪੜ੍ਹਦੇ ਹੋਏ ਵੀ ਇਨ੍ਹਾਂ ਭਰਮ-ਭੁਲੇਖਿਆਂ ਵਿਚ ਜਕੜੇ ਹੋਏ ਹਾਂ। ਇਸ ਤਰ੍ਹਾਂ ਅਸੀਂ ਗੁਰੂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਗੁਰੂ ਸਾਹਿਬ ਨੇ ਤਾਂ ਸਾਨੂੰ ਉਪਦੇਸ਼ ਦਿੱਤਾ ਹੈ ਕਿ ਅਕਾਲ ਪੁਰਖ ਨਾਲ ਜੁੜਨਾ ਚਾਹੀਦਾ ਹੈ ਪਰ ਅਸੀਂ ਤਾਂ ਅਕਾਲ ਪੁਰਖ ਦੇ ਸੱਚੇ ਨਾਮ ਨਾਲੋਂ ਟੁੱਟ ਕੇ ਹੋਰਨਾਂ ਨਾਲ ਜੁੜੀ ਜਾ ਰਹੇ ਹਾਂ। ਗੁਰੂ ਸਾਹਿਬ ਦਾ ਫ਼ਰਮਾਨ ਹੈ:
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥ (ਪੰਨਾ 470)
ਗੁਰੂ ਸਾਹਿਬ ਨੇ ਜਿਸ ਗੱਲ ਤੋਂ ਰੋਕਿਆ ਹੈ ਅਸੀਂ ਉਹੋ ਹੀ ਕਰੀ ਜਾਈਏ ਤਾਂ ਸਾਡੀ ਕੀਤੀ ਸੇਵਾ ਅਤੇ ਕੀਤੇ ਕਰਮ ਵਿਅਰਥ ਹੋ ਜਾਣਗੇ ਅਤੇ ਉਸ ਵਾਹਿਗੁਰੂ ਦੀ ਸਾਡੇ ਪੱਲੇ ਹਾਰ ਹੀ ਪੈਂਦੀ ਹੈ। ਗੁਰੂ ਸਾਹਿਬ ਇਉਂ ਫ਼ੁਰਮਾਉਂਦੇ ਹਨ:
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ॥ (ਪੰਨਾ 469)
ਗੁਰੂ ਸਾਹਿਬ ਨੇ ਸਾਨੂੰ ਸਮਝਾਉਣ ਵਾਸਤੇ ਜ਼ਮੀਨ, ਜਾਇਦਾਦ, ਧਨ-ਦੌਲਤ ਦੇ ਦਾਨ ਦੀ ਗੱਲ ਕੀਤੀ ਹੈ, ਤੀਰਥਾਂ ਦਾ ਭ੍ਰਮਣ, ਯੋਗ-ਆਸਨ ਆਦਿ ਸਾਰੇ ਕਰਮਕਾਂਡਾਂ ਦੀ ਗੱਲ ਕਰ ਕੇ ਇਹ ਨਿਰਨਾ ਕੀਤਾ ਹੈ ਕਿ ਅਜਿਹਾ ਕਰਨ ਨਾਲ ਸਾਡਾ ਉਸ ਵਾਹਿਗੁਰੂ ਨਾਲ ਮੇਲ ਨਹੀਂ ਹੋ ਸਕਦਾ:
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥ (ਪੰਨਾ 641)
ਭਾਈ ਗੁਰਦਾਸ ਜੀ ਦੱਸਦੇ ਹਨ ਕਿ ਗੁਰਮੁਖਾਂ ਦਾ ਗਿਆਨ ਅਤੇ ਧਿਆਨ ਇੰਨਾ ਉੱਚੇ ਪੱਧਰ ਦਾ ਹੈ ਕਿ ਉਹ ਹਰ ਕੰਮ ਕਰਨ ਲੱਗੇ ਗੁਰੂ ਦੀ ਬਖਸ਼ੀ ਕਸਵੱਟੀ ’ਤੇ ਉਤਰਦੇ ਹਨ, ਸੱਚ ਤੇ ਝੂਠ ਦੀ ਪਰਖ ਕਰ ਸਕਦੇ ਹਨ ਇਸ ਲਈ ਗੁਰਮੁਖ ਦੀ ਦੀ ਤੁਲਨਾ ਪਰਮਹੰਸ ਨਾਲ ਕੀਤੀ ਹੈ। ਜੋ ਪਾਣੀ-ਦੁੱਧ ਦੇ ਘੋਲ ਵਿੱਚੋਂ ਦੁੱਧ ਵੱਖਰਾ ਕਰ ਕੇ ਪੀ ਜਾਂਦਾ ਹੈ। ਸਾਡੀ ਵੀ ਅਕਲ ਇੰਨੀ ਚੰਗੀ ਹੋਣੀ ਚਾਹੀਦੀ ਹੈ। ਪਰ ਸੱਚ ਤਾਂ ਇਹ ਹੈ ਕਿ ਅਸੀਂ ਦੁੱਧ ਨੂੰ ਛੱਡ ਕੇ ਪਾਣੀ ਨਾਲ ਸੰਬੰਧ ਜੋੜ ਬੈਠੇ ਹਾਂ। ਗੁਰੂ ਸਾਹਿਬ ਸਾਡੀ ਅਗਵਾਈ ਕਰਦੇ ਹਨ:
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜਿ੍ ਕੈ ਬੁਝੀਐ ਅਕਲੀ ਕੀਚੈ ਦਾਨੁ॥ (ਪੰਨਾ 1245)
ਸਾਨੂੰ ਨਾਮ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਸ਼ਬਦ ਦੀ ਕਮਾਈ ਕਰ ਕੇ ਉਸ ਦਾ ਰੂਪ ਹੋ ਸਕੀਏ ਅਤੇ ਆਵਾਗਵਣ ਦੇ ਚੱਕਰ ਤੋਂ ਬਚ ਸਕੀਏ। ਪਰ ਅਸੀਂ ਤਾਂ ਪ੍ਰਭੂ ਦਾ ਸਿਮਰਨ ਛੱਡ ਕੇ ਹੋਰਨਾਂ ਗੱਲਾਂ ਨੂੰ ਪਹਿਲ ਦੇ ਰਹੇ ਹਾਂ। ਇਸ ਲਈ ਸਾਨੂੰ ਗੁਰੂ ਮਹਾਰਾਜ ਸਮਝਾਉਂਦੇ ਹਨ:
ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ॥
ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨੀ੍ ਉਪਰਿ ਚੋਰ॥ (ਪੰਨਾ 1247)
ਜੇਕਰ ਗੁਰੂ ਜੀ ਦੇ ਨਿਯਮ ਅਨੁਸਾਰ ਜੀਵਨ ਜੀਵਿਆ ਜਾਵੇ ਤਾਂ ਜੀਵਨ ਵਿਚ ਅਨੰਦ ਹੀ ਅਨੰਦ ਹੈ ਅਤੇ ਜਨਮ-ਮਰਨ ਦਾ ਡਰ ਖ਼ਤਮ ਹੋ ਜਾਂਦਾ ਹੈ:
ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖੁ ਸਾਰੁ॥
ਗੁਰ ਕੀ ਕਰਣੀ ਭਉ ਕਟੀਐ ਨਾਨਕ ਪਾਵਹਿ ਪਾਰੁ॥ (ਪੰਨਾ 1248)
ਆਉ ਪ੍ਰਣ ਕਰੀਏ, ਸਭ ਕੁਝ ਤਿਆਗ ਕੇ ਉਸ ਵਾਹਿਗੁਰੂ ਨਾਲ ਸਹੀ ਰਿਸ਼ਤਾ ਜੋੜੀਏ। ਸੱਚੇ ਦਿਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰਮਲ ਸਿਖਿਆ ਪ੍ਰਾਪਤ ਕਰ ਕੇ ਉਸ ’ਤੇ ਅਮਲ ਕਰਦੇ ਹੋਏ ਮਨੁੱਖਾ-ਜਨਮ ਸਫਲ ਕਰੀਏ।
ਲੇਖਕ ਬਾਰੇ
7/2, ਰਾਣੀ ਕਾ ਬਾਗ, ਨੇੜੇ ਸਟੇਟ ਬੈਂਕ ਆਫ ਇੰਡੀਆ, ਅੰਮ੍ਰਿਤਸਰ
- ਮੇਜਰ ਭਗਵੰਤ ਸਿੰਘhttps://sikharchives.org/kosh/author/%e0%a8%ae%e0%a9%87%e0%a8%9c%e0%a8%b0-%e0%a8%ad%e0%a8%97%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/September 1, 2007
- ਮੇਜਰ ਭਗਵੰਤ ਸਿੰਘhttps://sikharchives.org/kosh/author/%e0%a8%ae%e0%a9%87%e0%a8%9c%e0%a8%b0-%e0%a8%ad%e0%a8%97%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/December 1, 2007
- ਮੇਜਰ ਭਗਵੰਤ ਸਿੰਘhttps://sikharchives.org/kosh/author/%e0%a8%ae%e0%a9%87%e0%a8%9c%e0%a8%b0-%e0%a8%ad%e0%a8%97%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/April 1, 2008