editor@sikharchives.org

ਜਦੋਂ ਸਿੱਖ, ਗੁਰੂ-ਬੋਲਾਂ ’ਤੇ ਪੂਰੇ ਉਤਰੇ

ਜੇ ਗੁਰੂ ਸਿੱਖਾਂ ਲਈ ਆਪਾ ਵਾਰ ਸਕਦੇ ਹਨ ਤਾਂ ਸਿੱਖ ਦੇ ਤਾਂ ਜਿੰਨੇ ਵੀ ਸਿਰ ਹੋਣ, ਹਾਜ਼ਰ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਢਾਈ ਸਦੀਆਂ ਦੀ ਜੋ ਪ੍ਰੇਰਨਾ, ਦ੍ਰਿੜ੍ਹਤਾ, ਵਿਸ਼ਵਾਸ ਤੇ ਸ਼ਰਧਾ ਗੁਰੂ-ਘਰ ਤੋਂ ਪ੍ਰਾਪਤ ਹੋਈ ਸੀ, ਜੋ ਅਸਾਂ ਪੜ੍ਹਿਆ ਸੀ, ਪਰਚਾ ਪਿਆ, ਇਮਤਿਹਾਨ ਹੋਇਆ, ਗੁਰੂ ਨੇ ਪਾਸ ਹੋਏ ਸਿੱਖਾਂ ਨੂੰ ਗਲ਼ ਨਾਲ ਲਾਇਆ।

ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੋਂ ਜਦੋਂ ਗੁਰੂ ਸਾਹਿਬ ਦੇ ਇਹ ਬੋਲ ਗੂੰਜੇ ਕਿ ਹੈ ਕੋਈ ਗੁਰੂ ਦਾ ਲਾਲ ਜੋ ਇਸ ਕ੍ਰਿਪਾਨ ਦੀ ਪਿਆਸ ਬੁਝਾਵੇ? ਜੋ ਸੀਸ ਅਰਪਣ ਕਰੇ? ਗੁਰੂ-ਬੋਲਾਂ ਵਿਚ ਰੋਹ ਸੀ, ਵਿਸ਼ਵਾਸ ਸੀ ਜੋ ਆਪਣੇ ਸਿੱਖਾਂ ਵਿੱਚੋਂ, ਆਪਾ ਵਾਰੂ ਜਜ਼ਬਾ, ਆਤਮ-ਸਮਰਪਣ ਤੇ ਗੁਰੂ ’ਤੇ ਦ੍ਰਿੜ੍ਹ ਵਿਸ਼ਵਾਸ ਦੀ ਟੋਹ ਲਾ ਰਿਹਾ ਸੀ। ਗੁਰੂ ਨੂੰ ਆਪਣੇ ਸਿੱਖਾਂ ’ਤੇ ਸਦਾ ਮਾਣ ਸੀ। ਸਿਦਕਦਿਲੀ ਤੇ ਸ਼ੱਕ ਨਹੀਂ ਸੀ। ਕਿਉਂਕਿ ਸਿੱਖਾਂ ਦੀ ਸਿਦਕਦਿਲੀ, ਸੇਵਾ, ਸਿਮਰਨ ਤੇ ਆਤਮ-ਸਮਰਪਣ ਨੇ ਹੀ ਗੁਰੂ-ਪਦਵੀਆਂ ਤੀਕਰ ਪਹੁੰਚਾਇਆ ਸੀ। ਜਿਨ੍ਹਾਂ ਨੂੰ ਆਰਿਆਂ ਨਾਲ ਚੀਰੇ ਜਾਣ ਦਾ ਦੁੱਖ ਨਹੀਂ ਸੀ, ਦੇਗਾਂ ਦੇ ਉਬਾਲੇ ਉਨ੍ਹਾਂ ਦੇ ਸਿਦਕ ਨੂੰ ਉਬਾਲ ਨਹੀਂ ਸਕੇ, ਰੂੰ ਵਿਚ ਲਿਪਟ ਕੇ ਸੜ ਮਰਨਾ ਕਬੂਲ ਸੀ। ਗੁਰੂ ਜੀ ਦੇ ਧੜ ਨੂੰ ਸਸਕਾਰਨ ਲਈ ਆਪਣੇ ਘਰ ਨੂੰ ਵੀ ਅੱਗ ਲਾ ਸਕਦੇ ਸਨ। ਇਹੋ ਜਿਹੇ ਆਪਣੇ ਸਿੱਖਾਂ ’ਤੇ ਗੁਰੂ ਨੂੰ ਮਾਣ ਸੀ। ਪਰ ਪਰਖ ਤਾਂ ਗੁਰੂ ਜੀ ਦਾ ਇਕ ਚੋਜ ਸੀ ਦੁਨੀਆਂ ਨੂੰ ਸਮਝਾਉਣ ਲਈ।

ਗੁਰੂ-ਬੋਲਾਂ ਨੂੰ ਹੁੰਗਾਰਾ ਦੇਣ ਵਾਲਾ ਸਿੱਖ, ਆਪਾਵਾਰੂ ਜਜ਼ਬੇ ਨਾਲ ਭਰਪੂਰ ਬਾਣੀ ਦੀ ਇਹ ਤੁੱਕ ਪੜ੍ਹਦਾ ਪ੍ਰਤੀਤ ਹੁੰਦਾ ਸੀ:

“ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥”

ਇਹ ਸਿੱਖ ਸੀ ਭਾਈ ਦਇਆ ਰਾਮ, ਜਿਸ ’ਤੇ ਗੁਰੂ ਨੇ ਦਇਆ ਕੀਤੀ। ਗੁਰੂ ਜਦ ਤੁੱਠਦਾ ਹੈ ਤਾਂ ਗੁਰੂ ਤੇ ਸਿੱਖ ਵਿਚ ਭੇਦ ਨਹੀਂ ਰਹਿੰਦਾ। ਕਹਿੰਦੇ ਨੇ ਕਿ ਚੰਦਨ ਦੇ ਰੁੱਖ ਕੋਲ ਰਹਿੰਦੇ ਰੁੱਖਾਂ ’ਚੋਂ ਮਹਿਕ ਚੰਦਨ ਵਰਗੀ ਆਉਂਦੀ ਹੈ। ਗੁਰੂ ਪਾਰਸ ਲੋਹੇ ਨੂੰ ਸੋਨੇ ’ਚ ਬਦਲ ਦੇਂਦਾ ਹੈ। ਗੁਰੂ ਜੀ ਸਿੱਖ ਨੂੰ ਤੰਬੂ ਵੱਲ ਲੈ ਗਏ। ਕਹਿੰਦੇ ਹਨ ਕਿ ਜੋ ਬਾਹਰ ਅਵਾਜ਼ ਆਈ ਉਹ ਕ੍ਰਿਪਾਨ ਚੱਲਣ ਦੀ ਸੀ। ਲਹੂ ਨਾਲ ਭਿੱਜੀ ਕ੍ਰਿਪਾਨ ਲੈ ਕੇ ਗੁਰੂ ਜੀ ਫਿਰ ਸੰਗਤਾਂ ਸਨਮੁਖ ਸਨ ਤੇ ਪਹਿਲੇ ਬੋਲ ਦੁਹਰਾ ਰਹੇ ਸਨ। ਇਕ ਹੋਰ ਸਿੱਖ ਭਾਈ ਧਰਮ ਚੰਦ ਉਠਿਆ, ਜਿਸ ਦਾ ਧਰਮ ਸੀ ਗੁਰੂ-ਬੋਲਾਂ ਤੋਂ ਆਪਾ ਵਾਰਨਾ। ਇਹੋ ਧਰਮ ਉਸ ਕਮਾਇਆ ਸੀ। ਪੰਚਮ ਪਾਤਸ਼ਾਹ ਦੀ ਬਾਣੀ ਪੜ੍ਹ ਕੇ, ਉਨ੍ਹਾਂ ਦੀ ਕੁਰਬਾਨੀ ਸੁਣ ਕੇ, ਨੌਵੇਂ ਗੁਰੂ ਦੀ ਸ਼ਹਾਦਤ ਵੇਖ ਕੇ ਤੇ ਇਉਂ ਲੱਗਿਆ ਕਿ ਕਹਿ ਰਿਹਾ ਹੋਵੇ

“ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ॥”

ਜੇ ਗੁਰੂ ਸਿੱਖਾਂ ਲਈ ਆਪਾ ਵਾਰ ਸਕਦੇ ਹਨ ਤਾਂ ਸਿੱਖ ਦੇ ਤਾਂ ਜਿੰਨੇ ਵੀ ਸਿਰ ਹੋਣ, ਹਾਜ਼ਰ ਹਨ। ਗੁਰੂ ਜੀ ਪਿੱਛੇ ਤੰਬੂ ਵੱਲ ਹੋ ਤੁਰਿਆ। ਓਹੀ ਅਵਾਜ਼ ਆਈ।

ਗੁਰੂ ਜੀ ਦੀ ਕ੍ਰਿਪਾਨ ਹੋਰ ਸਿਰ ਦੀ ਮੰਗ ਕਰਦੀ ਸੀ। ਤੀਜਾ ਸਿੱਖ ਸੀ ਭਾਈ ਮੋਹਕਮ ਚੰਦ ਜਿਸ ਨੂੰ ਗੁਰੂ ਜੀ ਨੇ ਮੋਹਕਮੀ ਬਖਸ਼ੀ ਸੀ ਗੁਰੂ-ਘਰ ਦੀ। ਗੁਰੂ ਨੂੰ ਆਪਾ ਸਮਰਪਣ ਕਰ ਦਿੱਤਾ। ਚੌਥਾ ਸਿੱਖ ਭਾਈ ਹਿੰਮਤ ਚੰਦ ਸੀ ਜਿਸ ਵਿਚ ਗੁਰੂ- ਬੋਲਾਂ ਨੇ ਹੀ ਹਿੰਮਤ ਬਖਸ਼ੀ ਸੀ ਤੇ ਉਸ ਦੇ ਬੁੱਲ੍ਹਾਂ ’ਤੇ ਬੋਲ ਭਗਤ ਸਧਨਾ ਜੀ ਦੇ ਸਨ:

“ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ॥
ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ॥”

ਪੰਜਵੀਂ ਵਾਰੀ ਸੀ ਸਿੱਖ ਭਾਈ ਸਾਹਿਬ ਚੰਦ ਦੀ। ਗੁਰੂ-ਘਰੋਂ ਮਿਲੀ ਸਾਹਿਬੀ ਦੀ ਪਰਖ ਸੀ। ਉਸ ਸਾਹਿਬੀ ਗੁਰੂ ਨੂੰ ਸਮਰਪਿਤ ਕਰ ਦਿੱਤੀ ਤੇ ਭਗਤ ਕਬੀਰ ਜੀ ਦੇ ਬੋਲ ਜੀਕੂੰ ਉਸ ਦੇ ਬੁੱਲ੍ਹਾਂ ’ਤੇ ਆ ਗਏ ਹੋਣ:

“ਜਉ ਹਉ ਬਉਰਾ ਤਉ ਰਾਮ ਤੋਰਾ॥
ਲੋਗੁ ਮਰਮੁ ਕਹ ਜਾਨੈ ਮੋਰਾ॥”

ਗੁਰੂ ਜੀ ਦੀ ਲਹੂ ਭਿੱਜੀ ਕ੍ਰਿਪਾਨ ਨੇ ਸਿੱਖੀ ਦਾ ਪਰਚਾ ਔਖਾ ਤੇ ਭਿਆਨਕ ਬਣਾਈ ਰੱਖਿਆ ਪਰ ਸਿਦਕੀ ਸਿੱਖ ਪਾਸ ਹੋ ਗਏ। ਸਿੱਖਾਂ ਦੀ ਸਿਦਕਦਿਲੀ ਦੀ ਪ੍ਰੇਰਨਾ ਗੁਰੂ-ਬੋਲ ਹੀ ਸਨ:

“ਸੀਸੁ ਵਢੇ ਕਰਿ ਬੈਸਣੁ ਦੀਜੈ, ਵਿਣੁ ਸਿਰ ਸੇਵ ਕਰੀਜੈ’॥”

ਨਵੇਂ ਸ਼ਸਤਰ ਤੇ ਬਸਤਰ ਧਾਰੀ ਪੰਜਾਂ ਸੂਰਮਿਆਂ ਸਮੇਤ ਗੁਰੂ ਜੀ ਥੋੜ੍ਹੀ ਦੇਰ ਬਾਅਦ ਮੰਚ ’ਤੇ ਹਾਜ਼ਰ ਸਨ। ਚਿਹਰਿਆਂ ਦਾ ਜਲਾਲ ਵੇਖਿਆਂ ਹੀ ਬਣਦਾ ਸੀ। ਗੁਰੂ ਵਿਸ਼ਵਾਸ ਪੂਰੇ ਸਿਖ਼ਰਾਂ ’ਤੇ ਸੀ। ਵਾਹਿਗੁਰੂ ਦਾ ਸ਼ੁਕਰਾਨਾ ਬੁੱਲ੍ਹਾਂ ’ਤੇ ਸੀ। ਪਾਸ ਹੋਣ ਦਾ ਚਾਅ ਸੀ।

ਗੁਰੂ ਜੀ ਨੇ ਸਿੱਖਾਂ ਵਿਚ ਫੌਲਾਦੀ ਤਾਕਤ ਭਰਨ ਲਈ ਸਰਬ ਲੋਹ ਦਾ ਬਾਟਾ ਲਿਆ; ਨਿਰਮਲ ਜਲ, ਜੋ ਹਰ ਜੀਵ-ਜੰਤੂ ਤੇ ਬਨਸਪਤੀ ਦੀ ਜ਼ਿੰਦਗੀ ਹੈ; ਖੰਡਾ, ਜੋ ਰੱਬੀ ਸ਼ਕਤੀ ਦਾ ਪ੍ਰਤੀਕ ਹੈ ਤੇ ਪਤਾਸੇ, ਸਿੱਖਾਂ ਵਿਚ ਨਿਮਰਤਾ ਤੇ ਮਿਠਾਸ ਭਰਨ ਲਈ, ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ। ਜਪੁ ਸਾਹਿਬ, ਜੋ ਖਾਲਸੇ ਨੂੰ ਵਾਹਿਗੁਰੂ ਨਾਲ ਜੋੜਦਾ ਹੈ, ਜਾਪੁ ਸਾਹਿਬ, ਜੋ ਭਗਤੀ-ਸ਼ਕਤੀ ਤੇ ਬੀਰ ਰਸ ਪੈਦਾ ਕਰਦਾ ਹੈ; ਸੁਧਾ ਸਵਈਏ, ਜੋ ਮਨਾਂ ਦੇ ਭਰਮਾਂ ਤੇ ਵਹਿਮਾਂ ਦਾ ਨਾਸ ਕਰਦੇ ਹਨ; ਚੌਪਈ, ਜੋ ਅਕਾਲ ਪੁਰਖ ਅੱਗੇ ਜੋਦੜੀ ਹੈ ਤੇ ਅਨੰਦ ਸਾਹਿਬ, ਜੋ ਵਜਦ ਹੈ, ਅਨੰਦ ਹੈ ਗੁਰੂ ਦਾ ਸ਼ੁਕਰਾਨਾ ਪ੍ਰਗਟ ਕਰਦੀ ਹੈ।

ਇਕ-ਮਨ ਇਕ-ਚਿੱਤ ਹੋ ਕੇ ਪੜ੍ਹੀ ਬਾਣੀ, ਪਤਾਸਿਆਂ ਦੀ ਮਿਠਾਸ ਵਾਲਾ ਜਲ ਅੰਮ੍ਰਿਤ ਬਣ ਗਿਆ। ਜਿਸ ਨੇ ਛਕਣ ਵਾਲਿਆਂ ਦੀ ਕੁਲ, ਧਰਮ, ਜਾਤ ਤੇ ਉਨ੍ਹਾਂ ਦੇ ਸਭ ਵਿਤਕਰਿਆਂ ਦਾ ਨਾਸ ਕਰ ਦਿੱਤਾ। ਸੂਰਬੀਰਤਾ, ਨਿਰਵੈਰਤਾ ਤੇ ਨਿਰਭੈਤਾ ਦੀ ਪਿਓਂਦ ਲਾ ਦਿੱਤੀ। ਅੰਮ੍ਰਿਤ ਨੇ ਅਖੌਤੀ ਨਾਈ, ਛੀਂਬੇ, ਖੱਤਰੀ, ਜੱਟ ਤੇ ਝਿਊਰ ਨਹੀਂ ਰਹਿਣ ਦਿੱਤੇ, ਸਿੰਘ ਬਣਾ ਦਿੱਤੇ। ਗੁਰੂ ਜੀ ਨੇ ਇਨ੍ਹਾਂ ਨੂੰ ‘ਪਿਆਰਿਆਂ’ ਦੇ ਲਕਬ ਨਾਲ ਨਿਵਾਜਿਆ। ਉਨ੍ਹਾਂ ’ਤੇ ਗੁਰੂ ਦੀ ਰਹਿਮਤ ਬਰਸੀ, ਇਹ ਸਭ ਅੰਮ੍ਰਿਤ ਪਾਹੁਲ ਦੀ ਹੀ ਕਰਾਮਾਤ ਸੀ। ਗੁਰੂ ਜੀ ਨੇ ਉਨ੍ਹਾਂ ਕੋਲੋਂ ਪਾਹੁਲ ਲੈ ਗੁਰੂ ਤੇ ਸਿੱਖ ਦਾ ਭੇਦ ਮਿਟਾ ਦਿੱਤਾ ਤੇ ਕਹਿ ਦਿੱਤਾ,

‘ਖਾਲਸਾ ਮੇਰੋ ਰੂਪ ਹੈ ਖਾਸ॥
ਖਾਲਸੇ ਮੇਂ ਹਉਂ ਕਰਉਂ ਨਿਵਾਸ॥’

ਅੰਮ੍ਰਿਤਧਾਰੀ ਸਿੰਘਾਂ ਦੀ ਰਹਿਤ ਮਰਯਾਦਾ ਸਿਰਜੀ। ਕੇਸ, ਕੰਘਾ, ਕੜਾ, ਕਛਹਿਰਾ ਤੇ ਕ੍ਰਿਪਾਨ ਓਨੇ ਹੀ ਮਹੱਤਵਪੂਰਨ ਹਨ ਜਿੰਨੇ ਸਰੀਰ ਦੇ ਹੋਰ ਅੰਗ। ਮਰਦੇ ਦਮ ਤੱਕ ਨਾਲ ਨਿਭਣੇ ਚਾਹੀਦੇ ਹਨ। ਚਾਰ ਕੁਰਹਿਤਾਂ-ਕੇਸਾਂ ਦੀ ਬੇਅਦਬੀ, ਕੁੱਠਾ ਖਾਣਾ, ਪਰ-ਇਸਤਰੀ ਜਾਂ ਪਰ-ਪੁਰਸ਼ ਦਾ ਗਮਨ (ਭੋਗਣਾ), ਤਮਾਕੂ ਦੀ ਵਰਤੋਂ ਤੋਂ ਵਰਜਿਆ। ਹੁਕਮ ਕੀਤਾ ਕਿ ਅੱਜ ਤੋਂ ਮੇਰੇ ਪੁੱਤਰ ਖਾਲਸਾ ਆਪਣੇ ਨਾਮ ਨਾਲ ‘ਸਿੰਘ’ ਲਾਉਣਗੇ ਤੇ ਪੁੱਤਰੀਆਂ ‘ਕੌਰ’ ਲਾਉਣਗੀਆਂ। ਪਹਿਲਾਂ ਇਹ ਉਪਨਾਮ ਰਾਜੇ ਰਾਣਿਆਂ ਦੇ ਹੁੰਦੇ ਸਨ, ਪਰ ਗੁਰੂ ਜੀ ਨੇ ਸਾਨੂੰ ਉਨ੍ਹਾਂ ਦੀ ਕਤਾਰ ਵਿਚ ਖੜ੍ਹਾ ਕਰ ਦਿੱਤਾ। ਖਾਲਸਾ ਆਮ ਲੋਕਾਂ ਤੋਂ ਅਲੱਗ ਕਰਕੇ ਸਿੱਧਾ ਵਾਹਿਗੁਰੂ ਨਾਲ ਜੋੜ ਦਿੱਤਾ। ਖਾਲਸਾ ਵਾਹਿਗੁਰੂ ਦਾ ਹੈ, ਖਾਲਸੇ ਦੀ ਫਤਹ ਵਾਹਿਗੁਰੂ ਦੀ ਫਤਹ ਹੈ। ਖਾਲਸਾ ਵਾਹਿਗੁਰੂ ਨਾਲ ਸਿੱਧੀ ਅਰਦਾਸ ਕਰਨ ਦੇ ਸਮਰੱਥ ਹੈ, ਉਸ ਨੂੰ ਕਿਸੇ ਦੀ ਵਿਚੋਲਗੀ ਦੀ ਲੋੜ ਨਹੀਂ।

ਇਹ ਸ਼ਕਤੀ ਅੰਮ੍ਰਿਤ ਦੀ ਹੀ ਸੀ ਜਿਸ ਕਰਕੇ ਸਿੰਘਾਂ ਨੂੰ ਪਹਾੜੀ ਰਾਜੇ ਨਾ ਝੁਕਾ ਸਕੇ, ਮੁਗ਼ਲੀਆ ਸਲਤਨਤ ਨੂੰ ਗੁਰੂ ਜੀ ਵੰਗਾਰਦੇ ਰਹੇ। ਕੱਚੀਆਂ ਗੜ੍ਹੀਆਂ ਵਿਚ ਵੀ ਪੱਕੇ ਸਿਦਕ ਨਾਲ ਲੜੇ। ਖਾਲਸਾ ਗੁਰੂ ਜੀ ਦੀਆਂ ਪੈੜਾਂ ’ਤੇ ਤੁਰਦਾ ਹੋਇਆ, ਥੋੜ੍ਹੇ ਸਮੇਂ ਵਿਚ ਹੀ, 700 ਸਾਲਾਂ ਦੀ ਪੱਕੇ ਪੈਰੀਂ ਜੰਮੀ ਹਕੂਮਤ ਨੂੰ ਵੰਗਾਰਦਾ ਹੋਇਆ ਉੱਤਰੀ ਭਾਰਤ ’ਤੇ ਕਾਬਜ਼ ਹੋਇਆ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Satnam Singh Komal

# 248, ਅਰਬਨ ਅਸਟੇਟ, ਲੁਧਿਆਣਾ-10

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)