editor@sikharchives.org
June 1984 Vich Gurdwareyan Te Hoye Fauji Hamle

ਜੂਨ 1984 ਈ. ਵਿਚ ਗੁਰਦੁਆਰਿਆਂ ’ਤੇ ਹੋਏ ਫ਼ੌਜੀ ਹਮਲੇ

ਆਪਣਾ ਧਰਮ-ਅਸਥਾਨ ਹਰੇਕ ਧਾਰਮਿਕ ਮੱਤ ਦੇ ਧਾਰਨੀ ਨੂੰ ਕੁਦਰਤੀ ਤੌਰ ’ਤੇ ਪਿਆਰਾ ਲੱਗਦਾ ਹੈ ਪਰ ਸਿੱਖ ਸੰਗਤਾਂ ਨੂੰ ਤਾਂ ਆਪਣੇ ਗੁਰਦੁਆਰੇ ਜਾਨ ਤੋਂ ਵੀ ਪਿਆਰੇ ਹਨ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖਾਂ ਵਾਸਤੇ ਗੁਰਦੁਆਰਾ ਸਿਰਫ਼ ਪੂਜਾ-ਅਸਥਾਨ ਹੀ ਨਹੀਂ ਸਗੋਂ ਉਨ੍ਹਾਂ ਲਈ ਗੁਰਦੁਆਰਾ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਉਨ੍ਹਾਂ ਦੇ ਜਾਗਤ-ਜੋਤਿ ਦਸ ਗੁਰੂ ਸਾਹਿਬਾਨ ਦੇ ਪਾਵਨ ਆਤਮਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਭਾਇਮਾਨ ਹੁੰਦੇ ਹਨ ਜੋ ਕਿ ਉਨ੍ਹਾਂ ਨੂੰ ਹਰ ਰੋਜ਼ ਹੁਕਮਨਾਮੇ ਦੇ ਰੂਪ ਵਿਚ ਜੀਵਨ-ਖੇਤਰ ’ਚ ਜੂਝਣ ਵਾਸਤੇ ਅਗਵਾਈ ਬਖ਼ਸ਼ਦੇ ਹਨ। ਸਿੱਖ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਸਰ ਕਰ ਕੇ ਹੀ ਆਪਣੇ ਆਪ ’ਚ ਸੁਰਖਰੂ ਤੇ ਸੰਤੁਸ਼ਟ ਮਹਿਸੂਸ ਕਰਦਾ ਹੈ। ਗੁਰੂ ਦੇ ਦੁਆਰੇ ’ਤੇ ਹਾਜ਼ਰ ਹੋਣ ਤੋਂ ਬਗ਼ੈਰ ਹਰੇਕ ਗੁਰੂ ਨਾਨਕ ਨਾਮ-ਲੇਵਾ ਸਿੱਖ ਆਪਣੇ ਆਪ ’ਚ ਅਧੂਰਾ ਤੇ ਸੁੰਞਾ ਜਿਹਾ ਪ੍ਰਤੀਤ ਕਰਦਾ ਹੈ। ਆਪਣਾ ਧਰਮ-ਅਸਥਾਨ ਹਰੇਕ ਧਾਰਮਿਕ ਮੱਤ ਦੇ ਧਾਰਨੀ ਨੂੰ ਕੁਦਰਤੀ ਤੌਰ ’ਤੇ ਪਿਆਰਾ ਲੱਗਦਾ ਹੈ ਪਰ ਸਿੱਖ ਸੰਗਤਾਂ ਨੂੰ ਤਾਂ ਆਪਣੇ ਗੁਰਦੁਆਰੇ ਜਾਨ ਤੋਂ ਵੀ ਪਿਆਰੇ ਹਨ। ਇਸ ਹਕੀਕਤ ਦੀ ਪੁਸ਼ਟੀ ਹਰੇਕ ਵਕਤ ’ਚ ਗਾਹੇ-ਬਗਾਹੇ ਹੁੰਦੀ ਰਹੀ ਹੈ। ਬਾਬਾ ਦੀਪ ਸਿੰਘ ਜੀ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਸੁਣ ਕੇ ਇਸ ਦਾ ਸਨਮਾਨ ਬਹਾਲ ਕਰਨ ਵਾਸਤੇ ਜਾਨਾਂ ਵਾਰ ਦੇਣਾ ਅਤੇ ਸ. ਮਹਿਤਾਬ ਸਿੰਘ ਤੇ ਸ. ਸੁੱਖਾ ਸਿੰਘ ਦਾ ਸ੍ਰੀ ਹਰਿਮੰਦਰ ਸਾਹਿਬ ਦਾ ਅਪਮਾਨ ਕਰਨ ਵਾਲੇ ਮੱਸੇ ਰੰਘੜ ਨੂੰ ਰਾਜਸਥਾਨ ਤੋਂ ਆ ਕੇ ਸੋਧਣਾ ਦੋ ਪ੍ਰਮੁੱਖ ਉਦਾਹਰਣਾਂ ਹਨ। ਹੋਰ ਉਦਾਹਰਣਾਂ ਵੀ ਅਨੇਕਾਂ ਹਨ। ਪਰੰਤੂ ਅਫ਼ਸੋਸਨਾਕ ਪਹਿਲੂ ਹੈ ਕਿ ਹਰੇਕ ਸਰਕਾਰ ਰਾਜਸੀ ਸੱਤਾ ਤੇ ਤਾਕਤ ਦੀ ਖੁਮਾਰੀ ’ਚ ਗੁਰਦੁਆਰਿਆਂ ਵਾਸਤੇ ਜਾਨਾਂ ਵਾਰ ਦੇਣ ਵਾਲੀ ਸਿੱਖ ਮਾਨਸਿਕਤਾ ਨੂੰ ਦਰ-ਕਿਨਾਰ ਕਰ ਕੇ ਸਿੱਖਾਂ ਦੇ ਗੁਰਦੁਆਰਿਆਂ ’ਤੇ ਆਨੇ-ਬਹਾਨੇ ਜਾਂ ਸਪੱਸ਼ਟ ਬਲ-ਪ੍ਰਯੋਗ ਕਰਨੋਂ ਪਿਛਾਂਹ ਨਹੀਂ ਰਹਿੰਦੀ ਰਹੀ। ਰਾਜਤੰਤਰੀ ਸਰਕਾਰਾਂ ਜਾਂ ਐਲਾਨੀਆਂ ਕੱਟੜ ਮਜ਼੍ਹਬੀ ਨੀਤੀ ਦੀਆਂ ਧਾਰਨੀ ਸਰਕਾਰਾਂ ਨੇ ਤਾਂ ਐਸਾ ਕਰਨਾ ਹੀ ਸੀ ਪਰੰਤੂ ਘੋਰ ਦੁਖਦਾਇਕ ਤੱਥ ਇਹ ਹੈ ਕਿ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਅਵਾ ਕਰਨ ਤੇ ਦਮ ਭਰਨ ਵਾਲੀ ਉੱਤਰ-ਸੁਤੰਤਰਤਾ ਕਾਲ ਦੀ ਭਾਰਤ ਦੀ ਕੇਂਦਰੀ ਸਰਕਾਰ ਨੇ 1984 ਵਿਚ ਪਹਿਲਾਂ ਕੁਝ ਸਾਲਾਂ ਤੋਂ ਬੜੀ ਹੀ ਸ਼ਾਤਰਤਾ ਤੇ ਚੁਸਤੀ-ਚਲਾਕੀ ਨਾਲ ਹਾਲਾਤ ਨੂੰ ਮਨ-ਮਰਜ਼ੀ ਦੇ ਮੋੜ ਦਿੱਤੇ ਅਤੇ ਫਿਰ ਆਪਣੀ ਹੀ ਰਿਆਇਆ ਬਣੀ ਸਿੱਖ ਕੌਮ ਦੇ ਪਰਮ ਪਾਵਨ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਇਸ ਦੇ ਨਾਲ ਸਮੂਹ ਪੰਜਾਬ ’ਚ 40 ਦੇ ਲੱਗਭਗ ਹੋਰ ਗੁਰਦੁਆਰਾ ਸਾਹਿਬਾਨ ਨੂੰ ਇੱਕੋ ਸਮੇਂ ਫ਼ੌਜੀ ਹਮਲੇ ਦਾ ਸ਼ਿਕਾਰ ਬਣਾ ਕੇ, ਕਤਲੋਗ਼ਾਰਤ ਦਾ ਵਰਤਾਰਾ ਵਰਤਾ ਕੇ ਆਪਣੀ ਘੋਰ ਕਰੂਰਤਾ ਤੇ ਅਕ੍ਰਿਤਘਣਤਾ ਦਾ ਵਿਖਾਵਾ ਕੀਤਾ। ਅਠਾਰ੍ਹਵੀਂ ਸਦੀ ਦੇ ਮੁਗ਼ਲ ਹਾਕਮਾਂ ਅਤੇ ਅਫ਼ਗਾਨ ਹਮਲਾਵਰਾਂ ਵੱਲੋਂ ਵਰਤਾਏ ਘੱਲੂਘਾਰਿਆਂ ਦੀ ਹੀ ਤਰਜ਼ ’ਤੇ ਸਿੱਖ ਕੌਮ ਦਾ ਸਰਬਨਾਸ਼ ਜਾਂ ਨਸਲਘਾਤ ਕਰਨ ਦੇ ਅਤਿ ਮੰਦੇ ਇਰਾਦਿਆਂ ਨੂੰ ਇਸ ਸਮੂਹਿਕ ਫ਼ੌਜੀ ਹਮਲੇ ਦੁਆਰਾ ਮੂਰਤੀਮਾਨ ਕੀਤਾ ਗਿਆ। ਇਸ ਹਮਲੇ ਦਾ ਸੱਚ ਕਈ ਕਾਰਨਾਂ ਕਰਕੇ ਇਕਦਮ ਸਾਰੀ ਦੁਨੀਆਂ ਅੱਗੇ ਜ਼ਾਹਰ ਨਹੀਂ ਹੋ ਸਕਿਆ। ਇਹ ਹੌਲੀ-ਹੌਲੀ ਜ਼ਾਹਰ ਹੋ ਰਿਹਾ ਹੈ।

ਹਾਕਮਾਂ ਦੀ ਗਿਣੀ-ਮਿਥੀ ਸੋਚ ਦੇ ਤਹਿਤ, ਨੀਲਾ ਤਾਰਾ ਤੇ ਇਸ ਦੇ ਨਾਲ ਜੁੜਵੀਂ ਫ਼ੌਜੀ ਕਾਰਵਾਈ ਲਈ ਵੱਧ ਤੋਂ ਵੱਧ ਸਿੱਖੀ ਦਿੱਖ ਵਾਲੇ ਜਰਨੈਲਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ, ਦੁਨੀਆਂ ਨੂੰ ਇਹ ਜਚਾਉਣ ਲਈ ਕਿ ਉਨ੍ਹਾਂ ਦੇ ਮਨਾਂ ਅੰਦਰ ਸਿੱਖਾਂ ਵਿਰੁੱਧ ਕੋਈ ਮਾੜੀ ਭਾਵਨਾ ਨਹੀਂ ਹੈ ਅਤੇ ਸਿੱਖਾਂ ਦੇ ਵੱਡੇ ਹਿੱਸੇ ਉਨ੍ਹਾਂ ਦੀ ਇਸ ਕਾਰਵਾਈ ਦੇ ਹੱਕ ਵਿਚ ਹਨ। 2 ਜੂਨ, 1984 ਈ. ਤੱਕ ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਤੋਂ ਲੈ ਕੇ ਗੰਗਾ ਨਗਰ ਤਕ ਅੰਤਰਰਾਸ਼ਟਰੀ ਸਰਹੱਦ ਨੂੰ ਤਕਰੀਬਨ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੀ। ਸਾਰੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਫ਼ੌਜ ਦੀਆਂ ਲੱਗਭਗ 7 ਡਵੀਜ਼ਨਾਂ ਤਾਇਨਾਤ ਕਰ ਦਿੱਤੀਆਂ ਗਈਆਂ ਸਨ ਅਤੇ ਫ਼ੌਜੀਆਂ ਨੂੰ ਪਹਿਲਾਂ ਹੀ ਮਿਥੀਆਂ ਗਈਆਂ ਥਾਂਵਾਂ ’ਤੇ ਪੋਜ਼ੀਸ਼ਨਾਂ ਲੈਣ ਲਈ ਕਹਿ ਦਿੱਤਾ ਗਿਆ ਸੀ।

ਸਮੁੱਚੀ ਲੜਾਈ ਦੀ ਲਗਾਤਾਰ ਜਾਣਕਾਰੀ ਰੱਖਣ ਲਈ ਇਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਸੀ ਜਿਸ ਦੀ ਸਮੁੱਚੀ ਕਮਾਂਡ ਕਥਿਤ ਤੌਰ ’ਤੇ ਉਸ ਸਮੇਂ ਦੇ ਵੱਡੇ ਰਾਜਸੀ ਨੇਤਾ ਦੇ ਪੁੱਤਰ ਦੇ ਹੱਥ ਵਿਚ ਸੀ। ਅਰੁਣ ਨਹਿਰੂ ਜੋ ਕਪੂਰਥਲਾ ਰਿਆਸਤ ਦੇ ਇਕ ਪੁਰਾਣੇ ਰਜਵਾੜੇ ਖਾਨਦਾਨ ਦੀ ਸੰਤਾਨ ਹੈ, ਕ੍ਰਿਆਸ਼ੀਲ ਅਤੇ ਉਪ ਰੱਖਿਆ ਮੰਤਰੀ ਕੇ.ਪੀ. ਸਿੰਘ ਦਿਓ ਉਸ ਦੀ ਸਹਾਇਤਾ ਕਰ ਰਿਹਾ ਸੀ। ਜਨਰਲ ਗੌਰੀ ਸ਼ੰਕਰ ਨੂੰ ਪੰਜਾਬ ਦੇ ਰਾਜਪਾਲ ਦਾ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ। ਲੈਫ. ਜਨਰਲ ਕ੍ਰਿਸ਼ਨਾ ਸਵਾਮੀ ਸੁੰਦਰਜੀ ਨੂੰ ਸਾਕਾ ਨੀਲਾ ਤਾਰਾ ਦਾ ਸਮੁੱਚਾ ਚਾਰਜ ਸੌਂਪਿਆ ਗਿਆ। ਲੈਫ. ਜਨਰਲ ਰਣਜੀਤ ਸਿੰਘ ਦਿਆਲ ਨੂੰ ਉਸ ਦਾ ਸਹਾਇਕ ਲਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਆਰ.ਐੱਸ. ਦਿਆਲ ਕਥਿਤ ਤੌਰ ’ਤੇ ਨਿਰੰਕਾਰੀ ਮੰਡਲ ਦਾ ਪੈਰੋਕਾਰ ਸੀ।

ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਨੂੰ ਸਮੁੱਚੀ ਕਾਰਵਾਈ ਦਾ ਮੁੱਖ ਸੰਚਾਲਕ ਬਣਾਇਆ ਗਿਆ ਅਤੇ ਪੰਜਾਬ ਦੇ ਗਵਰਨਰ ਦਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ।

ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ

ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦੀ ਅਗਵਾਈ ਕਰਨ ਦਾ ਕਾਰਜ ਸੌਂਪਿਆ ਗਿਆ ਸੀ। ਫ਼ੌਜ ਦੀਆਂ ਪੰਜ ਪਲਟਨਾਂ 10ਵੀਂ, 11ਵੀਂ, ਦੂਜੀ, ਪਹਿਲੀ ਅਤੇ 15ਵੀਂ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ’ਤੇ ਹਮਲੇ ਲਈ ਤਾਇਨਾਤ ਕੀਤਾ ਗਿਆ। ਇਹ ਦਸਤੇ ਫ਼ੌਜ ਦੇ ਵਧੀਆ ਲੜਾਕੂ ਦਲਾਂ ’ਚੋਂ ਚੁਣੇ ਗਏ ਸਨ। ਇਸ ਤੋਂ ਇਲਾਵਾ ਸਿਖਲਾਈ ਪ੍ਰਾਪਤ ਕਮਾਂਡੋਆਂ ਦੀਆਂ ਦੋ ਬਟਾਲੀਅਨਾਂ ਸਨ ਜਿਨ੍ਹਾਂ ਨੇ ਗੂੜ੍ਹੇ ਲਾਲ ਰੰਗ ਦੀਆਂ ਵਰਦੀਆਂ ਪਾਈਆਂ ਹੋਈਆਂ ਸਨ ਅਤੇ ਸਿਰਾਂ ’ਤੇ ਗੂੜ੍ਹੇ ਕਾਲੇ ਰੰਗ ਦੇ ਲੋਹ ਟੋਪ ਪਹਿਨੇ ਹੋਏ ਸਨ ਤਾਂ ਕਿ ਰਾਤ ਦੇ ਹਨੇਰੇ ਵਿਚ ਨਜ਼ਰ ਨਾ ਆਉਣ। ਸਾਰੇ ਕਮਾਂਡੋਆਂ ਨੇ ਬੁਲਟ ਪਰੂਫ ਜਾਕਟਾਂ ਪਹਿਨੀਆਂ ਹੋਈਆਂ ਸਨ। ਸਾਕਾ ਨੀਲਾ ਤਾਰਾ 1984 ਸਮੇਂ ਦੌਰਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ’ਤੇ 380 ਗੋਲੀਆਂ ਦੇ ਨਿਸ਼ਾਨ ਲੱਗੇ ਜੋ ਸੋਨੇ ਦੇ ਪੱਤਰਿਆਂ ’ਤੇ ਲੱਗੇ ਹੋਏ ਸਨ।

ਮੇਜਰ ਜਨਰਲ ਜੇ. ਐੱਸ. ਜਸਵਾਲ ਨੂੰ ਅੰਮ੍ਰਿਤਸਰ, ਬਟਾਲਾ ਤੇ ਗੁਰਦਾਸਪੁਰ ਅੰਦਰ ਫ਼ੌਜੀ ਕਾਰਵਾਈ ਦਾ ਚਾਰਜ ਸੰਭਾਲਿਆ ਗਿਆ ਸੀ।

ਭਾਵੇਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਚਾਰੇ ਪਾਸੇ ਤੋਂ ਨੀਮ ਫ਼ੌਜੀ ਦਲ ਅਤੇ ਫ਼ੌਜੀ ਦਲਾਂ ਨੇ ਕਾਫ਼ੀ ਸਮਾਂ ਪਹਿਲਾਂ ਹੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਹਰ ਆਉਣ-ਜਾਣ ਵਾਲੇ ਯਾਤਰੀ ਦੀ ਤਲਾਸ਼ੀ ਲਈ ਜਾਂਦੀ ਸੀ। ਸੀ.ਆਰ.ਪੀ.ਐਫ. ਦੇ ਸਿਪਾਹੀਆਂ ਵੱਲੋਂ ਬਿਨਾਂ ਵਜ੍ਹਾ ਤੰਗ-ਪ੍ਰੇਸ਼ਾਨ ਵੀ ਕੀਤਾ ਜਾਂਦਾ ਸੀ। ਸੰਗਤ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਇਕੱਠੀ ਹੋ ਰਹੀ ਸੀ। 1 ਜੂਨ, 1984 ਨੂੰ ਜਦੋਂ ਸਾਰੇ ਪੰਜਾਬ ਵਿਚ ਇੱਕੋ ਸਮੇਂ ਕਰਫ਼ਿਊ ਲਗਾ ਦਿੱਤਾ ਗਿਆ ਅਤੇ 12:40 ’ਤੇ ਸ੍ਰੀ ਦਰਬਾਰ ਸਾਹਿਬ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਇਸ ਗੋਲੀਬਾਰੀ ਨਾਲ ਕਈ ਯਾਤਰੂ ਸ਼ਹੀਦ ਹੋ ਚੁੱਕੇ ਸਨ। ਇਹ ਗੋਲੀਬਾਰੀ ਰਾਤ ਤਕ ਚੱਲਦੀ ਰਹੀ। ਫ਼ੌਜ ਦੀ ਇਸ ਕਾਰਵਾਈ ਦੀ ਸ਼ਿਕਾਇਤ ਕਰਨ ਲਈ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਅਬਨਾਸ਼ੀ ਸਿੰਘ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਤ ਹਰਚੰਦ ਸਿੰਘ ਲੌਂਗੋਵਾਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਵੱਲੋਂ ਗਵਰਨਰ ਪੰਜਾਬ ਅਤੇ ਭਾਰਤ ਦੇ ਰਾਸ਼ਟਰਪਤੀ ਨਾਲ ਟੈਲੀਫ਼ੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫ਼ੌਜ ਵੱਲੋਂ ਟੈਲੀਫ਼ੋਨ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਕਿਸੇ ਨਾਲ ਵੀ ਤਾਲ-ਮੇਲ ਨਾ ਹੋ ਸਕਿਆ। 2 ਜੂਨ ਨੂੰ ਹੋਰ ਫ਼ੌਜ ਆ ਗਈ ਸੀ ਅਤੇ ਗੋਲੀਬਾਰੀ ਹੁੰਦੀ ਰਹੀ। 3 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ। ਫ਼ੌਜ ਵੱਲੋਂ ਸਵੇਰੇ 6:00 ਵਜੇ ਤੋਂ 10:00 ਵਜੇ ਤੱਕ ਅਚਾਨਕ ਕਰਫ਼ਿਊ ਵਿਚ ਢਿੱਲ ਦੇ ਦਿੱਤੀ ਗਈ ਜਿਸ ਕਾਰਨ ਬਹੁਤ ਸਾਰੀ ਸੰਗਤ ਸ੍ਰੀ ਦਰਬਾਰ ਸਾਹਿਬ ਪਹੁੰਚ ਗਈ। ਅਚਾਨਕ ਹੀ ਫਿਰ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਫ਼ੌਜ ਵੱਲੋਂ ਕਰਫ਼ਿਊ ਲਗਾ ਦਿੱਤਾ ਗਿਆ ਜਿਸ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ- ਇਸ਼ਨਾਨ ਕਰਨ ਆਏ ਬਹੁਤ ਸਾਰੇ ਸ਼ਰਧਾਲੂ ਅੰਦਰ ਰਹਿਣ ਲਈ ਮਜਬੂਰ ਹੋ ਗਏ। 3 ਜੂਨ ਨੂੰ ਸਾਰਾ ਪੰਜਾਬ ਅਚਾਨਕ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਫ਼ੌਜ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਕਿ ਉਹ ਕਿਸੇ ਨੂੰ ਵੀ ਜਾਨੋਂ ਮਾਰ ਸਕਦੇ ਹਨ। ਫ਼ੌਜ ਨੇ ਸਾਰੇ ਪੰਜਾਬ ਵਿਚ ਆਵਾਜਾਈ ’ਤੇ ਸਖ਼ਤ ਪਾਬੰਦੀ ਲਗਾ ਦਿੱਤੀ। ਸ੍ਰੀ ਅੰਮ੍ਰਿਤਸਰ ਦੀ ਟੈਲੀਫ਼ੋਨ ਅਤੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਤਾਂ ਕਿ ਅੰਮ੍ਰਿਤਸਰ ਬਾਰੇ ਦੁਨੀਆਂ ਵਿਚ ਕੁਝ ਵੀ ਪਤਾ ਨਾ ਲੱਗ ਸਕੇ। 4 ਜੂਨ ਨੂੰ ਫਿਰ ਫ਼ੌਜ ਵੱਲੋਂ ਭਾਰੀ ਗੋਲੀਬਾਰੀ ਹੋਣ ਲੱਗੀ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਤੇ ਚਾਰੇ ਪਾਸੇ ਤੋਂ ਗੋਲੀਬਾਰੀ ਹੋ ਰਹੀ ਸੀ। ਤੇਜਾ ਸਿੰਘ ਸਮੁੰਦਰੀ ਹਾਲ ’ਤੇ ਬੁਰੀ ਤਰ੍ਹਾਂ ਗੋਲੀਆਂ ਦੀ ਬੁਛਾੜ ਕੀਤੀ ਜਾ ਰਹੀ ਸੀ। 5 ਜੂਨ ਨੂੰ ਗੋਲੀਬਾਰੀ ਹੋਰ ਤੇਜ਼ ਹੋ ਗਈ। ਆਏ ਯਾਤਰੂਆਂ ਦਾ ਲੰਗਰ-ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਹੋ ਸਕਿਆ। ਸ੍ਰੀ ਗੁਰੂ ਰਾਮਦਾਸ ਸਰਾਂ ਅੰਦਰ ਪਾਣੀ ਵਾਲੀ ਟੈਂਕੀ ਨੂੰ ਫ਼ੌਜ ਨੇ ਬੰਬ ਮਾਰ ਕੇ ਉਡਾ ਦਿੱਤਾ ਸੀ। ਗੋਲੀਬਾਰੀ ਤੇਜ਼ ਹੁੰਦੀ ਜਾ ਰਹੀ ਸੀ। ਫ਼ੌਜ ਘੰਟਾ ਘਰ ਵਾਲੇ ਪਾਸੇ ਤੋਂ ਜੁੱਤੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖ਼ਲ ਹੋ ਗਈ। ਸ੍ਰੀ ਗੁਰੂ ਰਾਮਦਾਸ ਸਰਾਂ ਵਾਲੇ ਪਾਸਿਓਂ ਗੇਟ ਤੋੜ ਕੇ ਫ਼ੌਜ ਤੋਪਾਂ ਟੈਂਕਾਂ ਨਾਲ ਲੈਸ ਹੋ ਕੇ ਅੰਦਰ ਦਾਖ਼ਲ ਹੋ ਗਈ।

ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ

5 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕਰ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਅੱਗ ਦੀਆਂ ਲਪਟਾਂ ਦੀ ਲਪੇਟ ਵਿਚ ਆ ਚੁੱਕੀ ਸੀ। ਫ਼ੌਜ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਯਾਤਰੂਆਂ ਦੇ ਧਾਰਮਿਕ ਚਿੰਨ੍ਹ ਕਿਰਪਾਨਾਂ ਲਾਹ ਕੇ ਨਾਲੀਆਂ ਵਿਚ ਸੁੱਟ ਦਿੱਤੀਆਂ ਗਈਆਂ। ਜੇਕਰ ਕੋਈ ਪਾਣੀ ਮੰਗਦਾ ਤਾਂ ਉਸ ਨੂੰ ਰਾਈਫਲਾਂ ਦੇ ਬੱਟਾਂ ਨਾਲ ਕੁੱਟਿਆ ਜਾਂਦਾ ਸੀ। ਫ਼ੌਜ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਦਾ ਵੀ ਲਿਹਾਜ਼ ਨਹੀਂ ਸੀ ਕੀਤਾ ਜਾ ਰਿਹਾ। ਇਕ ਛੋਟਾ ਬੱਚਾ ਜਿਸ ਦੀ ਮਾਂ ਗੋਲੀ ਨਾਲ ਮਰ ਚੁੱਕੀ ਸੀ, ਉਹ ‘ਮੰਮੀ! ਮੰਮੀ!’ ਕਰਦਾ ਰੋ ਰਿਹਾ ਸੀ। ਇਕ ਫ਼ੌਜੀ ਨੇ ਉਸ ਨੂੰ ਉਸ ਦੀ ਮਰੀ ਹੋਈ ਮਾਂ ਦੀ ਲਾਸ਼ ਉੱਪਰ ਲਿਟਾ ਕੇ ਉਸ ’ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ। ਚਾਰੇ ਪਾਸੇ ਜਿੱਥੇ ਤਕ ਨਜ਼ਰ ਜਾਂਦੀ ਸੀ ਲਾਸ਼ਾਂ ਹੀ ਲਾਸ਼ਾਂ ਨਜ਼ਰ ਆਉਂਦੀਆਂ ਸਨ। ਕਮਰਿਆਂ ਵਿੱਚੋਂ ਖ਼ੂਨ ਵਗ ਕੇ ਬਾਹਰ ਵਰਾਂਡਿਆਂ ਵਿਚ ਆ ਰਿਹਾ ਸੀ। ਫ਼ੌਜ ਵਾਲੇ ਕਮਰਿਆਂ ਅੰਦਰ ਬਾਹਰੋਂ ਗਰਨੇਡ ਸੁੱਟ ਰਹੇ ਸਨ ਅਤੇ ਦਿਲ ਦਹਿਲਾਉਣ ਵਾਲਾ ਚੀਕ-ਚਿਹਾੜਾ ਚਾਰੇ ਪਾਸੇ ਸੁਣਾਈ ਦੇ ਰਿਹਾ ਸੀ। ਬਾਅਦ ਵਿਚ ਇਨ੍ਹਾਂ ਕਮਰਿਆਂ ’ਚੋਂ ਲਾਸ਼ਾਂ ਚੁੱਕ ਕੇ ਸ਼ਮਸ਼ਾਨ ਘਾਟ ਵਿਚ ਲਿਜਾ ਕੇ ਬਿਨਾਂ ਕਿਸੇ ਨੂੰ ਦੱਸੇ ਫ਼ੌਜ ਦੀ ਨਿਗਰਾਨੀ ਹੇਠ ਸਸਕਾਰ ਕਰ ਦਿੱਤਾ ਗਿਆ।

ਮੇਜਰ ਜਨਰਲ ਤਰਲੋਕ ਸਿੰਘ ਨੂੰ ਦੁਆਬਾ ਖੇਤਰ ਦਾ ਚਾਰਜ ਦਿੱਤਾ ਗਿਆ ਸੀ।

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ

ਜਨਰਲ ਗੁਰਦਿਆਲ ਸਿੰਘ ਨੂੰ ਪਟਿਆਲਾ, ਸੰਗਰੂਰ, ਬਠਿੰਡਾ, ਰੋਪੜ ਤੇ ਫ਼ਰੀਦਕੋਟ ਦਾ ਚਾਰਜ ਦਿੱਤਾ ਗਿਆ ਸੀ। ਇਸ ਨੇ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਉੱਤੇ ਖ਼ੂਨੀ ਹਮਲੇ ਦੀ ਅਗਵਾਈ ਕੀਤੀ ਜਿਸ ਦੌਰਾਨ 56 ਨਿਰਦੋਸ਼ ਤੇ ਨਿਹੱਥੇ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਪਾਵਨ-ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਕਸ਼ਮੀਰੀ ਪੰਡਿਤਾਂ ਦੀ ਬੇਨਤੀ ’ਤੇ ਸ਼ਹੀਦੀ ਦੇਣ ਲਈ ਦਿੱਲੀ ਨੂੰ ਜਾਂਦੇ ਹੋਏ ਨਵਾਬ ਸੈਫ਼ ਖ਼ਾਨ ਦੀ ਬੇਨਤੀ ’ਤੇ ਇਥੇ ਪਧਾਰੇ ਸਨ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਰੂਪ ਵਿਚ ਸੰਨ 1930 ਈ. ਵਿਚ ਹੋਂਦ ਵਿਚ ਆਇਆ ਪਰ ਸ਼ਰਧਾਲੂ ਬਹੁਤ ਦੇਰ ਪਹਿਲਾਂ ਤੋਂ ਹੀ ਇਸ ਅਸਥਾਨ ਨੂੰ ਨਤਮਸਤਕ ਹੋ ਕੇ ਵਡਭਾਗੇ ਮਹਿਸੂਸ ਕਰਦੇ ਆ ਰਹੇ ਸਨ। ਜਦੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਇਸ ਸਥਾਨ ’ਤੇ ਪਧਾਰੇ ਸਨ ਉਸ ਸਮੇਂ ਪਟਿਆਲਾ ਇਸ ਰੂਪ ਵਿਚ ਨਹੀਂ ਸੀ। ਫੂਲਕੀਆ ਸਟੇਟਸ ਗਜ਼ਟੀਅਰ 1904 ਦੇ ਅਨੁਸਾਰ ਪਟਿਆਲਾ ਫੂਲਕੀਆ ਰਿਆਸਤ ਵਿੱਚੋਂ ਇਕ ਹੈ, ਸੰਨ 1762 ਈ. ਵਿਚ ਵਾਸਤਵਿਕ ਰੂਪ ਧਾਰਨ ਕਰ ਗਿਆ ਸੀ ਪਰੰਤੂ ਇਸ ਦੀ ਹੋਂਦ ਨੂੰ 1764 ਈ. ਵਿਚ ਮੰਨਣਾ ਵਧੇਰੇ ਸਹੀ ਹੋਵੇਗਾ ਜਦੋਂ ਸਿੱਖ ਫ਼ੌਜਾਂ ਨੇ ਸਰਹਿੰਦ ਦੇ ਕਿਲ੍ਹੇ ’ਤੇ ਕਬਜ਼ਾ ਕਰ ਲਿਆ ਸੀ ਅਤੇ ਆਪੋ ਆਪਣੇ ਇਲਾਕਿਆਂ ਦੀ ਵੰਡ ਕਰ ਲਈ ਸੀ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ਸ਼ਹਿਰ ਵਿਚ ਪਟਿਆਲਾ- ਸਰਹਿੰਦ ਸੜਕ ਉੱਤੇ ਸਥਿਤ ਹੈ। ਸਥਾਨਕ ਰਵਾਇਤ ਅਨੁਸਾਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸੰਨ 1675 ਈ. ਵਿਚ ਦੂਸਰੀ ਵਾਰ ਇਥੇ ਬਿਰਾਜੇ ਸਨ ਜਦੋਂ ਉਹ ਸੈਫ਼ਾਬਾਦ ਦੇ ਕਿਲ੍ਹੇ ਵਿਚ ਟਿਕੇ ਹੋਏ ਸਨ ਜਿਸ ਨੂੰ ਉਨ੍ਹਾਂ ਦੇ ਨਾਂ ਉੱਪਰ ਬਹਾਦਰ ਗੜ੍ਹ ਕਿਹਾ ਜਾਂਦਾ ਹੈ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਾਲੇ ਸਥਾਨ ’ਤੇ ਇਕ ਟੋਭਾ ਅਤੇ ਬੋਹੜ ਦੇ ਦਰੱਖ਼ਤ ਦਿਖਾਈ ਦਿੰਦੇ ਸਨ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਇਸ ਸਥਾਨ ’ਤੇ ਆਉਣ ਦੇ ਸਮੇਂ ਇਹ ਸਥਾਨ ਪਿੰਡ ਲਲਿ ਦੀ ਜੂਹ ਵਿਚ ਪੈਂਦਾ ਸੀ। ਇਸ ਪਵਿੱਤਰ ਸਥਾਨ ਉੱਤੇ ਗੁਰੂ ਜੀ ਬੋਹੜ ਦੇ ਦਰੱਖ਼ਤ ਹੇਠ ਬਿਰਾਜੇ ਸਨ। ਇਸ ਗੁਰਦੁਆਰਾ ਸਾਹਿਬ ਵਿਚ ਹਰ ਸਾਲ ਮਾਘ ਸੁਦੀ ਪੰਚਮੀ ਨੂੰ ਬਸੰਤ ਪੰਚਮੀ ਦੇ ਮੇਲੇ ਦਾ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਹਰ ਮਹੀਨੇ ਦੀ ਪੰਚਮੀ ਨੂੰ ਆਲੇ-ਦੁਆਲੇ ਦੀਆਂ ਸੰਗਤਾਂ ਇਥੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਲਈ ਆਉਂਦੀਆਂ ਹਨ। ਜੂਨ 1984 ਈ. ਵਿਚ ਪੰਚਮੀ ਵਾਲੇ ਦਿਨ ਇਸ਼ਨਾਨ ਕਰਨ ਲਈ ਪਿੰਡਾਂ ਸ਼ਹਿਰਾਂ ਤੋਂ ਸੰਗਤਾਂ ਆਈਆਂ ਹੋਈਆਂ ਸਨ। ਕੁਝ ਸਮਾਂ ਪਿੱਛੋਂ ਹੀ ਸ਼ਹਿਰ ਵਿਚ ਕਰਫ਼ਿਊ ਲਗਾ ਦਿੱਤਾ ਗਿਆ। ਸਾਰਾ ਪਟਿਆਲਾ ਸ਼ਹਿਰ ਫ਼ੌਜ ਵੱਲੋਂ ਸੀਲ ਕਰ ਦਿੱਤਾ ਗਿਆ। ਰਾਤ ਨੂੰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਨੇ ਸਾਰੀ ਸੰਗਤ ਨੂੰ ਫ਼ੌਜ ਵੱਲੋਂ ਕੀਤੇ ਗਏ ਐਲਾਨ ਬਾਰੇ ਜਾਣੂੰ ਕਰਵਾਇਆ ਕਿ ਕੋਈ ਵੀ ਇਧਰ-ਉਧਰ ਨਹੀਂ ਜਾ ਸਕਦਾ ਅਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਣ ਵਾਲਿਆਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਗੁਰਦੁਆਰਾ ਸਾਹਿਬ ਵਿਚ 700-800 ਦੇ ਕਰੀਬ ਸੰਗਤ ਸੀ। ਸਰਾਂ ਵਿਚ ਅਤੇ ਸਰੋਵਰ ਦੇ ਕੰਢੇ ’ਤੇ ਕੋਈ ਜਗ੍ਹਾ ਖ਼ਾਲੀ ਨਹੀਂ ਸੀ, ਹਰ ਥਾਂ ’ਤੇ ਸੰਗਤ ਅਰਾਮ ਕਰ ਰਹੀ ਸੀ। ਹਰ ਇਕ ਦੇ ਚਿਹਰੇ ’ਤੇ ਖ਼ੌਫ਼ ਅਤੇ ਗੁੱਸਾ ਸੀ। ਸਵੇਰ ਹੋਣ ਤਕ ਗੁਰਦੁਆਰਾ ਸਾਹਿਬ ਨੂੰ ਚਾਰਾਂ ਪਾਸਿਆਂ ਤੋਂ ਫ਼ੌਜ ਨੇ ਸੀਲ ਕਰ ਦਿੱਤਾ ਸੀ। ਗੁਰਦੁਆਰਾ ਸਾਹਿਬ ਵਿਚ ਕਾਫ਼ੀ ਭੀੜ ਹੋ ਚੁਕੀ ਸੀ ਅਤੇ ਲੰਗਰ ਹਾਲ ਵਿਚ ਭੀੜ ਵੀ ਵਧ ਰਹੀ ਸੀ। ਲੰਗਰ ਵਿਚ ਦੁੱਧ ਖ਼ਤਮ ਹੋ ਚੁਕਾ ਸੀ ਜਿਸ ਕਾਰਨ ਛੋਟੇ ਬੱਚਿਆਂ ਲਈ ਮੁਸ਼ਕਿਲ ਖੜ੍ਹੀ ਹੋ ਗਈ ਸੀ। ਸ਼ਨੀਵਾਰ ਸਵੇਰ ਤੋਂ ਸੋਮਵਾਰ ਸ਼ਾਮ ਤਕ ਹਾਲਾਤ ਅਜਿਹੇ ਹੀ ਬਣੇ ਰਹੇ। ਸੰਗਤ ਵਿਚ ਪਰੇਸ਼ਾਨੀ ਵਧਦੀ ਜਾ ਰਹੀ ਸੀ। ਸੋਮਵਾਰ ਨੂੰ ਰਾਤ 12 ਵਜੇ ਦੇ ਕਰੀਬ ਪਹਿਲੀ ਗੋਲੀ ਚੱਲੀ ਅਤੇ ਉਸ ਤੋਂ ਬਾਅਦ ਲਗਾਤਾਰ ਢਾਈ ਵਜੇ ਤੱਕ ਗੋਲੀ ਚੱਲਦੀ ਰਹੀ। ਸੰਗਤ ਵਿਚ ਭਗਦੜ ਮੱਚ ਗਈ ਸੀ। ਚਾਰੇ ਪਾਸੇ ਹਾਹਾਕਾਰ ਤੇ ਰੌਲਾ-ਰੱਪਾ ਪੈ ਗਿਆ ਸੀ। ਫ਼ੌਜ ਨੇ ਸਾਰੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਲਿਆ ਸੀ। ਫ਼ੌਜ ਨੇ ਸਾਰੀ ਸੰਗਤ ਵਿੱਚੋਂ ਨੌਜਵਾਨਾਂ ਨੂੰ ਅਲੱਗ ਕਰ ਲਿਆ ਅਤੇ ਸੰਗਤ ਦੇ ਸਾਹਮਣੇ ਹੀ ਬੱਟਾਂ ਅਤੇ ਬੰਦੂਕਾਂ ਨਾਲ ਕੁੱਟਿਆ ਗਿਆ ਅਤੇ ਕਿਸੇ ਅਣਦੱਸੀ ਥਾਂ ’ਤੇ ਭੇਜ ਦਿੱਤਾ ਗਿਆ। ਬਾਕੀ ਦੀ ਸੰਗਤ ਨੂੰ ਉੱਥੇ ਹੀ ਬੈਠੇ ਰਹਿਣ ਲਈ ਕਿਹਾ ਗਿਆ। ਕਿਸੇ ਨੂੰ ਪਿਸ਼ਾਬ ਤਕ ਕਰਨ ਲਈ ਵੀ ਨਹੀਂ ਜਾਣ ਦਿੱਤਾ ਗਿਆ। ਸਵੇਰ ਨੂੰ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਕਰਨ ਦਿੱਤਾ ਗਿਆ। ਫਰਸ਼ ’ਤੇ ਥਾਂ-ਥਾਂ ਖ਼ੂਨ ਦੇ ਨਿਸ਼ਾਨ ਸਨ। ਮਨੁੱਖੀ ਖ਼ੂਨ ਦਾ ਗਾੜ੍ਹਾ ਗਾਰਾ ਬਣ ਚੁਕਾ ਸੀ। ਗੁਰਦੁਆਰਾ ਸਾਹਿਬ ਦੇ ਰੋਸ਼ਨਦਾਨ ਦੇ ਸ਼ੀਸ਼ੇ ਟੁੱਟ ਗਏ ਸਨ। ਕੰਧਾਂ ’ਤੇ ਥਾਂ-ਥਾਂ ਗੋਲੀਆਂ ਦੇ ਨਿਸ਼ਾਨ ਸਨ। ਦੂਸਰੇ ਦਿਨ ਸਵੇਰੇ ਅੱਠ ਵਜੇ ਸਾਰੀ ਸੰਗਤ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੇ ਬਾਹਰ ਸੜਕ ’ਤੇ ਟੈਂਕਾਂ ਦੇ ਭਾਰੀ ਪਹੀਆਂ ਦੇ ਨਿਸ਼ਾਨ ਸਨ।

ਗੁਰਦੁਆਰਾ ਭੱਠਾ ਸਾਹਿਬ, ਰੋਪੜ

ਗੁਰਦੁਆਰਾ ਭੱਠਾ ਸਾਹਿਬ ਰੋਪੜ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ। ਇਸ ਪਾਵਨ ਅਸਥਾਨ ਨੂੰ ਦੂਰੋਂ-ਦੂਰੋਂ ਸੰਗਤ ਨਤਮਸਤਕ ਹੋਣ ਆਉਂਦੀ ਹੈ। 3 ਜੂਨ ਨੂੰ ਪੰਜਾਬ ’ਚ ਕਰਫ਼ਿਊ ਦੌਰਾਨ ਸੀ.ਆਰ.ਪੀ.ਐੱਫ. ਦੇ ਸਿਪਾਹੀਆਂ ਨੇ ਗੁਰਦੁਆਰਾ ਸਾਹਿਬ ਨੂੰ ਚਾਰ-ਚੁਫੇਰੇ ਤੋਂ ਘੇਰ ਲਿਆ ਸੀ। ਘੇਰਾ ਪਾਉਣ ਵਾਲੀ ਸੀ.ਆਰ.ਪੀ.ਐੱਫ. ਦੇ ਜਵਾਨ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਦੋ ਟਰੱਕਾਂ ਵਿਚ ਸਵਾਰ ਹੋ ਕੇ ਆਏ ਸਨ। ਇਨ੍ਹਾਂ ਵਿੱਚੋਂ ਕੁਝ ਸਿਪਾਹੀ ਗੁਰਦੁਆਰਾ ਸਾਹਿਬ ਵੱਲ ਨੂੰ ਨਿਸ਼ਾਨਾ ਕਰਕੇ ਪੋਜ਼ੀਸ਼ਨਾਂ ਲੈ ਕੇ ਖੜੇ ਸਨ ਅਤੇ ਕੁਝ ਸਿਪਾਹੀ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਗਸ਼ਤ ਕਰਨ ਲੱਗ ਪਏ ਸਨ। ਗੁਰਦੁਆਰਾ ਸਾਹਿਬ ਵਿਚ ਮੌਜੂਦ ਸੰਗਤ ਅਤੇ ਯਾਤਰੂਆਂ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਬਾਹਰ ਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ। 4 ਜੂਨ, 1984 ਈ. ਨੂੰ ਫ਼ੌਜ ਦੇ ਦੌ ਹਜ਼ਾਰ ਦੀ ਗਿਣਤੀ ਦੇ ਲੱਗਭਗ ਫ਼ੌਜੀ ਵੀ ਉੱਥੇ ਪੁੱਜ ਗਏ। ਫ਼ੌਜ ਆਉਣ ਸਾਰ ਹੀ ਗੁਰਦੁਆਰਾ ਸਾਹਿਬ ਵੱਲ ਨੂੰ ਮੂੰਹ ਕਰਕੇ ਮਸ਼ੀਨਗੰਨਾਂ ਚਾਰੇ ਪਾਸੇ ਬੀੜ ਦਿੱਤੀਆਂ। ਸ਼ਾਮ ਤੱਕ ਫ਼ੌਜ ਦੇ ਟੈਂਕ ਵੀ ਪਹੁੰਚ ਗਏ। ਇਸ ਸਮੇਂ ਗੁਰਦੁਆਰਾ ਸਾਹਿਬ ਵਿਚ 56 ਦੇ ਲਗਭਗ ਵਿਅਕਤੀ ਸਨ ਜੋ ਕਰਫ਼ਿਊ ਕਾਰਨ ਇਥੇ ਹੀ ਫਸ ਗਏ ਸਨ। ਇਨ੍ਹਾਂ ਵਿੱਚੋਂ 17 ਗੁਰਦੁਆਰਾ ਸਾਹਿਬ  ਦੇ ਕਰਮਚਾਰੀ ਸਨ, 5 ਅਖੰਡਪਾਠੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਰੋਪੜ ਦਾ ਜ਼ਿਲ੍ਹਾ ਪ੍ਰਧਾਨ ਸ. ਸਰਬਜੀਤ ਸਿੰਘ ਅਤੇ ਬਾਕੀ ਯਾਤਰੂ ਸਨ। ਗੁਰਦੁਆਰਾ ਸਾਹਿਬ ਦੇ ਅੰਦਰੋਂ ਕੋਈ ਵੀ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ ਗਿਆ। ਫ਼ੌਜ ਨੇ 6 ਜੂਨ ਦੀ ਰਾਤ ਤਕ ਘੇਰਾ ਪਾਈ ਰੱਖਿਆ। 5 ਜੂਨ ਦੀ ਰਾਤ 12 ਵਜੇ ਦੇ ਲੱਗਭਗ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸਿਓਂ ਬਿਜਲੀ ਘਰ ਵਾਲੇ ਪਾਸੇ ਵੱਲੋਂ ਫ਼ੌਜ ਨੇ ਕੰਧ ਤੋੜੀ ਅਤੇ ਅੰਦਰ ਦਾਖ਼ਲ ਹੋ ਗਈ। ਗੁਰਦੁਆਰਾ ਸਾਹਿਬ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਫ਼ੌਜ ਵੱਲੋਂ ਇਕ ਫ਼ਾਇਰ ਵੀ ਕੀਤਾ ਗਿਆ। ਗੋਲੀ ਦੀ ਅਵਾਜ਼ ਸੁਣ ਕੇ ਸਾਰੀ ਸੰਗਤ ਦਰਬਾਰ ਸਾਹਿਬ ਵਾਲੇ ਕਮਰੇ ਵਿਚ ਆ ਗਈ। ਇਸ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਅਤੇ ਪਾਠੀ ਸਿੰਘ ਪਾਠ ਕਰ ਰਿਹਾ ਸੀ। ਫ਼ੌਜ ਨੇ ਲੰਗਰ ਵਾਲੇ ਪਾਸੇ ਜਾ ਕੇ ਲਲਕਾਰਨਾ ਸ਼ੁਰੂ ਕਰ ਦਿੱਤਾ, ਅੱਤਵਾਦੀਆਂ ਦਾ ਨਾਂ ਲੈ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬੇਤਹਾਸ਼ਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਫਲਸਰੂਪ ਇਕ 60 ਸਾਲਾ ਬਜ਼ੁਰਗ ਸ. ਹਰਨਾਮ ਸਿੰਘ ਦੀ ਗੋਲੀ ਲੱਗਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਗੁਰਦੁਆਰਾ ਸਾਹਿਬ ਵਿਚ ਇਕ ਹਿੰਦੂ ਯਾਤਰੂ ਕੁਲਦੀਪ ਵੀ ਗੋਲੀ ਲੱਗਣ ਨਾਲ ਗੰਭੀਰ ਫੱਟੜ ਹੋ ਗਿਆ ਜੋ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਵਿਚ ਜਾ ਕੇ ਦਮ ਤੋੜ ਗਿਆ। ਲੰਗਰ ਵਾਲੇ ਪਾਸੇ ਫ਼ੌਜ ਨੂੰ ਜੋ ਵੀ ਮਿਲਿਆ ਉਨ੍ਹਾਂ ਨੂੰ ਉਨ੍ਹਾਂ ਦੀਆਂ ਪੱਗਾਂ ਨਾਲ ਨੂੜ ਲਿਆ ਗਿਆ ਤੇ ਅੱਖਾਂ ’ਤੇ ਪੱਟੀਆਂ ਬੰਨ੍ਹ ਦਿੱਤੀਆਂ। ਇਨ੍ਹਾਂ ਸਾਰਿਆਂ ਨੂੰ ਦਫ਼ਤਰ ਵਾਲੇ ਖੂਹ ਦੇ ਸਾਹਮਣੇ ਬਿਠਾ ਲਿਆ। ਫ਼ੌਜ ਦੇ ਕਰਮਚਾਰੀ ਹਾਲ ਕਮਰੇ ਵਿਚ ਦਾਖ਼ਲ ਹੋ ਗਏ ਅਤੇ ਸਾਰਿਆਂ ਨੂੰ ਬਾਹਰ ਆਉਣ ਲਈ ਕਿਹਾ। ਸਾਰਿਆਂ ਨੂੰ ਧਿਆਨ ਨਾਲ ਦੇਖ ਕੇ ਨੌਜਵਾਨਾਂ ਨੂੰ ਇਕ ਪਾਸੇ ਕਰ ਲਿਆ ਗਿਆ ਅਤੇ ਕੋਈ 29 ਕੁ ਨੋਜਵਾਨਾਂ ਨੂੰ ਹੱਥਕੜੀਆਂ ਨਾਲ ਨੂੜ ਲਿਆ ਗਿਆ। ਜੋ ਵੱਡੀ ਉਮਰ ਦੇ ਸਨ ਉਨ੍ਹਾਂ ਨੂੰ ਕੂਹਨੀਆਂ ਭਾਰ ਤੁਰਨ ਲਈ ਕਿਹਾ ਗਿਆ ਅਤੇ ਘਸੁੰਨ ਮੁੱਕੀਆਂ ਅਤੇ ਰਾਈਫ਼ਲਾਂ ਦੇ ਬੱਟਾਂ ਨਾਲ ਕੁੱਟਿਆ ਗਿਆ। ਇਸ ਕੁੱਟ-ਮਾਰ ਵਿਚ ਗੁਰਦੁਆਰਾ ਸਾਹਿਬ ਦੇ ਰਾਗੀ ਸਿੰਘ ਭਾਈ ਜੋਗਿੰਦਰ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਗੁਰਦੁਆਰਾ ਸਾਹਿਬ ਦੇ ਕਰਮਚਾਰੀਆਂ ਦੇ ਕਮਰਿਆਂ ਦੀ ਤਲਾਸ਼ੀ ਲਈ ਗਈ ਅਤੇ ਉਨ੍ਹਾਂ ਦੇ ਸਾਮਾਨ ਦੀ ਭੰਨ-ਤੋੜ ਵੀ ਕੀਤੀ ਗਈ। ਤਲਾਸ਼ੀ ਦੌਰਾਨ ਸ. ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਫ਼ੌਜ ਦੇ ਕਰਮਚਾਰੀ ਉਸ ਨੂੰ ਬੁਰੀ ਤਰ੍ਹਾਂ ਕੁੱਟਦੇ ਅਤੇ ਗਾਲ੍ਹਾਂ ਕੱਢਦੇ ਹੋਏ ਹੱਥਕੜੀਆਂ ਨਾਲ ਨੂੜ ਕੇ ਨਾਲ ਲੈ ਗਏ।

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਮੁਕਤਸਰ

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਮੁਕਤਸਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਉਹ ਅਸਥਾਨ ਹੈ ਜਿਥੇ ਗੁਰੂ ਸਾਹਿਬ ਨੇ ਪਿੱਛਾ ਕਰ ਰਹੀਆਂ ਮੁਗ਼ਲ ਫ਼ੌਜਾਂ ਦਾ ਡੱਟ ਕੇ ਮੁਕਾਬਲਾ ਕੀਤਾ ਸੀ ਅਤੇ ਇਸ ਯੁੱਧ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਚਲੇ ਗਏ ਸਿੰਘਾਂ ਨੇ ਮੁਗ਼ਲ ਫ਼ੌਜਾਂ ਦਾ ਡੱਟ ਕੇ ਮੁਕਾਬਲਾ ਕਰ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਗੁਰੂ ਸਾਹਿਬ ਤੋਂ ਮੁਕਤ ਹੋਣ ਦਾ ਵਰਦਾਨ ਪ੍ਰਾਪਤ ਕੀਤਾ ਸੀ। 3 ਜੂਨ, 1984 ਈ. ਨੂੰ ਭਾਰਤੀ ਫ਼ੌਜਾਂ ਨੇ ਇਸ ਗੁਰਦੁਆਰਾ ਸਾਹਿਬ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਕੇ ਗੋਲੀਬਾਰੀ ਕੀਤੀ। ਸ਼ਰਧਾਲੂਆਂ ਦੇ ਕੱਪੜੇ ਉਤਰਵਾ ਕੇ ਉਨ੍ਹਾਂ ਨੂੰ ਦੁਪਹਿਰ ਸਮੇਂ ਤਪਦੇ ਫਰਸ਼ ’ਤੇ ਲਿਟਾਇਆ ਗਿਆ ਅਤੇ ਹੋਰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ।

ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ, ਮੋਗਾ

ਮੇਜਰ ਜਨਰਲ ਸ਼ਮਸ਼ੇਰ ਸਿੰਘ ਨੂੰ ਤਰਨਤਾਰਨ, ਪੱਟੀ, ਲੁਧਿਆਣਾ, ਫ਼ਿਰੋਜ਼ਪੁਰ ਤੇ ਜ਼ੀਰਾ ਦਾ ਚਾਰਜ ਸੌਂਪਿਆ ਗਿਆ ਸੀ। 20 ਅਪ੍ਰੈਲ, 1984 ਈ. ਤੋਂ 26 ਅਪ੍ਰੈਲ, 1984 ਈ. ਤਕ ਮੋਗਾ ਵਿਚ ਤਿੰਨ ਗੁਰਦੁਆਰਿਆਂ ਨੂੰ ਘੇਰਾ ਪਾ ਕੇ ਸਾਰੇ ਸ਼ਹਿਰ ਵਿਚ ਕਰਫ਼ਿਊ ਲਗਾ ਦਿੱਤਾ ਗਿਆ। 26 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਜੋ ਰੇਲਵੇ ਫਾਟਕ ਦੇ ਪਾਸ ਸੁਸ਼ੋਭਿਤ ਹੈ, 5:05 ’ਤੇ ਫ਼ੌਜ ਵੱਲੋਂ ਭਾਰੀ ਬੰਬਾਰੀ ਕੀਤੀ ਗਈ ਜਿਸ ਦੇ ਸਿੱਟੇ ਵਜੋਂ 8 ਸਿੰਘ ਸ਼ਹੀਦ ਹੋ ਗਏ। ਇਕ ਸਿੰਘ ਜੋ ਅੱਖਾਂ ਤੋਂ ਦੇਖ ਨਹੀਂ ਸੀ ਸਕਦਾ, ਗੁਰਦੁਆਰਾ ਸਿੰਘ ਸਭਾ ਵਿਖੇ ਸ਼ਹੀਦ ਹੋਇਆ। 26 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਦੇ ਚਾਰ-ਚੁਫੇਰੇ ਕਰਫ਼ਿਊ ਲਗਾ ਦਿੱਤਾ ਗਿਆ ਜੋ 30 ਅਪ੍ਰੈਲ ਤਕ ਜਾਰੀ ਰਿਹਾ। ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚੋਂ ਰਾਸ਼ਨ ਖ਼ਤਮ ਹੋ ਗਿਆ। ਗੁਰਦੁਆਰਾ ਸਾਹਿਬ ਵਿਚ ਜੋ ਸੰਗਤ ਸੀ ਉਸ ਦਾ ਭੁੱਖ ਨਾਲ ਬੁਰਾ ਹਾਲ ਹੋਣ ਲੱਗਾ। ਮੋਗੇ ਦੀ ਬੀਬੀ ਕਰਤਾਰ ਕੌਰ 70 ਬੀਬੀਆਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਵਿਚ ਲੰਗਰ ਪਹੁੰਚਾਉਣ ਗਈ ਤਾਂ ਫ਼ੌਜ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਅੱਗੇ ਨਹੀਂ ਜਾਣ ਦਿੱਤਾ ਤਾਂ ਬੀਬੀ ਕਰਤਾਰ ਕੌਰ ਨੇ ਧਰਨਾ ਦੇ ਦਿੱਤਾ। ਸ਼ਹਿਰ ਦੇ ਐਸ.ਡੀ.ਐਮ. ਨੇ ਫ਼ੌਜ ਵਾਲਿਆਂ ਤੇ ਬੀਬੀਆਂ ਨੂੰ ਸਮਝਾ ਕੇ ਫ਼ੈਸਲਾ ਕਰਵਾ ਕੇ ਗੁਰਦੁਆਰਾ ਸਾਹਿਬ ਵਿਚ ਲੰਗਰ ਪਹੁੰਚਾਇਆ ਅਤੇ ਕਰਫ਼ਿਊ ਖ਼ਤਮ ਕਰਵਾਇਆ।

1 ਜੂਨ, 1984 ਈ. ਨੂੰ ਗੁਰਦੁਆਰਾ ਸਾਹਿਬ ਨੂੰ ਫੇਰ ਘੇਰਾ ਪਾਇਆ ਗਿਆ ਅਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦਾ ਨਗਰ ਕੀਰਤਨ ਨਾ ਕੱਢਣ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੀ ਬਿਜਲੀ, ਪਾਣੀ ਬੰਦ ਕਰ ਦਿੱਤਾ ਗਿਆ ਅਤੇ ਫ਼ੌਜ ਵੱਲੋਂ ਗੁਰਦੁਆਰਾ ਸਾਹਿਬ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਇਸ ਹਮਲੇ ਵਿਚ ਪਿੰਡ ਅਜੀਤਵਾਲ ਦਾ ਸਰਪੰਚ ਸ. ਅਮਰਜੀਤ ਸਿੰਘ, ਧਰਮਕੋਟ ਦਾ ਬਿੱਟੂ ਅਤੇ ਮਹੇਸ਼ਰੀ ਪਿੰਡ ਦੇ ਕੁਝ ਸਿੰਘ ਸ਼ਹੀਦ ਹੋ ਗਏ।

ਸਿੱਖ ਜਿਹੀ ਅਣਖ ਤੇ ਸਵੈਮਾਨ ਦੀ ਧਾਰਨੀ ਕੌਮ ਨੂੰ ਸਬਕ ਸਿਖਾਉਣ ਜਾਂ ਉਨ੍ਹਾਂ ਦੀ ਹੋਂਦ ਨੂੰ ਮਿਟਾ ਦੇਣ ਦੇ ਇਰਾਦਿਆਂ ਤੋਂ ਪ੍ਰੇਰਤ ਇਹ ਹਮਲੇ ਸਿੱਖ ਮਾਨਸਿਕਤਾ ’ਚੋਂ ਮਨਫ਼ੀ ਕਰਨ ਦੇ ਵੀ ਬਹੁਤ ਜਤਨ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ। ਪਰੰਤੂ ਸਥੂਲ ਇਤਿਹਾਸ ਨੂੰ ਮਿਟਾਉਣਾ ਕਦਾਚਿਤ ਵੀ ਸੰਭਵ ਨਹੀਂ ਹੁੰਦਾ। ਸਿੱਖ ਇਤਿਹਾਸਕਾਰਾਂ ਅਤੇ ਨਿਰਪੱਖ ਕਲਮਕਾਰਾਂ ਨੂੰ ਇਸ ਨਿਕਟ-ਅਤੀਤ ਕਾਲੀ ਸਿੱਖ ਇਤਿਹਾਸ ਨੂੰ ਪੂਰਾ ਪੜਚੋਲ ਕੇ ਸਹੀ ਰੀਪੋਰਟ ਵਿਚ ਲੋਕਾਂ ਅੱਗੇ ਪੇਸ਼ ਕਰਨਾ ਚਾਹੀਦਾ ਹੈ ਤਾਂ ਕਿ ਸਾਰੀ ਦੁਨੀਆਂ ਵਿਚ ਇਹ ਪਤਾ ਲੱਗ ਸਕੇ ਕਿ ਸਿੱਖ ਅਜੇ ਵੀ ਆਪਣੇ ਦੇਸ਼, ਧਰਮ, ਕੌਮ ਦੀ ਬੇਹਤਰੀ ਲਈ ਕੁਰਬਾਨ ਹੋਣ ਲਈ ਦੂਸਰੀਆਂ ਕੌਮਾਂ ਨਾਲੋਂ ਪਹਿਲੀ ਕਤਾਰ ਵਿਚ ਖੜ੍ਹਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਮੁੱਖ ਸੰਪਾਦਕ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)