editor@sikharchives.org

ਜੂਨ ’84 ਦਾ ਕਹਿਰ

ਪਹਿਲਾਂ ਸਾਨੂੰ ਅੰਮ੍ਰਿਤਸਰ ਦੀ ਜੇਲ੍ਹ ਵਿਚ ਰੱਖਿਆ ਗਿਆ, ਬਾਅਦ ਵਿਚ ਜੋਧਪੁਰ ਦੀ ਜੇਲ੍ਹ ਵਿਚ ਲੈ ਗਏ ਜਿੱਥੇ ਅਸੀਂ ਸਾਢੇ ਚਾਰ ਸਾਲ ਤਕ ਤਸ਼ੱਦਦ ਝੱਲਿਆ ਅਤੇ ਬਾਅਦ ਵਿਚ ਸਾਨੂੰ ਰਿਹਾਅ ਕੀਤਾ ਗਿਆ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਜੂਨ 1984 ਈ. ਦੇ ਕਹਿਰ ਭਰੇ ਦਿਨਾਂ ਨੂੰ ਚੇਤੇ ਕਰਦਿਆਂ ਧੁਰ ਅੰਦਰ ਤਕ ਕਾਂਬਾ ਛਿੜ ਜਾਂਦਾ ਹੈ। ਫੌਜ ਵੱਲੋਂ ਆਪਣੇ ਹੀ ਦੇਸ਼ ਦੇ ਨਾਗਰਿਕਾਂ ’ਤੇ ਇਸ ਤਰ੍ਹਾਂ ਚੜ੍ਹਾਈ ਕਰ ਕੇ ਆਉਣਾ ਜਿਵੇਂ ਉਹ ਉਸ ਦੇਸ਼ ਦੇ ਬਸ਼ਿੰਦੇ ਹੀ ਨਾ ਹੋਣ, ਲੋਕਤੰਤਰੀ ਰਾਜ ਕਹਾਉਣ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਮੁਲਕ ਲੋਕਤੰਤਰਤਾ ਦੇ ਮੂੰਹ ਨੂੰ ਚਿੜਾ ਰਿਹਾ ਸੀ। ਉਨ੍ਹਾਂ ਦਿਨਾਂ ਵਿਚ ਮੈਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਚ ਬਤੌਰ ਸੁਪਰਵਾਈਜ਼ਰ ਸੇਵਾ ਨਿਭਾ ਰਿਹਾ ਸਾਂ। 3 ਜੂਨ 1984 ਨੂੰ ਕਰਫਿਊ ਖੁੱਲ੍ਹਾ ਤਾਂ ਮੈਂ ਲੰਗਰ ਲਈ ਆਟਾ ਲੈਣ ਲਈ ਚਲਾ ਗਿਆ। ਉਨ੍ਹਾਂ ਦਿਨਾਂ ਵਿਚ ਮਿੱਲ ਵਾਲਿਆਂ ਨੂੰ ਕਣਕ ਦੇ ਕੇ ਆਟਾ ਪਿਸਾਇਆ ਜਾਂਦਾ ਸੀ। ਜਦੋਂ ਮੈਂ ਆਟਾ ਲੈ ਕੇ ਆਇਆ ਤਾਂ ਸੀ.ਆਰ.ਪੀ. ਵਾਲੇ ਬਾਹਰੋਂ ਆ ਰਹੀ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਜਾਣ ਤਾਂ ਦਿੰਦੇ ਸਨ ਪਰ ਸ੍ਰੀ ਦਰਬਾਰ ਸਾਹਿਬ ਅੰਦਰੋਂ ਬਾਹਰ ਕਿਸੇ ਨੂੰ ਆਉਣ ਨਹੀਂ ਸੀ ਦਿੰਦੇ। ਮੈਂ ਉਸ ਦਿਨ ਸਾਰਾ ਦਿਨ ਲੰਗਰ ਦਾ ਸਾਮਾਨ, ਸਬਜ਼ੀ, ਗੈਸ ਆਦਿ ਇਕੱਠਾ ਕਰਦਾ ਰਿਹਾ। ਜਦ ਸ਼ਾਮ ਨੂੰ ਮਿੱਟੀ ਦਾ ਤੇਲ ਲਿਆਉਣ ਲਈ ਬਜ਼ਾਰ ਗਿਆ ਤਾਂ ਫੌਜ ਨੇ ਸਾਨੂੰ ਡੀਪੂ ਤੋਂ ਭਜਾ ਦਿੱਤਾ। ਜਦੋਂ ਮੈਂ ਵਾਪਸ ਸ੍ਰੀ ਦਰਬਾਰ ਸਾਹਿਬ ਵੱਲ ਆ ਰਿਹਾ ਸੀ ਤਾਂ ਮੈਂ ਵੇਖਿਆ ਕਿ ਸੀ.ਆਰ.ਪੀ. ਵੱਲੋਂ ਲਗਾਏ ਗਏ ਨਾਕਿਆਂ ਵਿਚ ਫੌਜ ਵਾਲੇ ਵੀ ਖੜ੍ਹੇ ਸਨ। ਜਦੋਂ ਮੈਂ ਸ੍ਰੀ ਦਰਬਾਰ ਸਾਹਿਬ ਪਹੁੰਚਿਆ ਤਾਂ ਮੈਨੂੰ ਸੁਨੇਹਾ ਮਿਲਿਆ ਕਿ ਸ. ਨਛੱਤਰ ਸਿੰਘ ਜਥੇਦਾਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ, 150-200 ਸੰਗਤ ਦੇ ਜਥੇ ਨਾਲ ਰੇਲਵੇ ਸਟੇਸ਼ਨ ਪਹੁੰਚੇ ਹਨ। ਉਨ੍ਹਾਂ ਦਿਨਾਂ ਵਿਚ ਅਜਿਹੇ ਜਥੇ ਆਮ ਹੀ ਸ੍ਰੀ ਦਰਬਾਰ ਸਾਹਿਬ ਆਇਆ ਕਰਦੇ ਸਨ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੱਥਾ ਟੇਕ ਕੇ ਧਰਮ ਯੁੱਧ ਲਈ ਸ਼ਾਂਤੀ ਪੂਰਵਕ ਮਾਰਚ ਕਰਦੇ ਗ੍ਰਿਫਤਾਰੀ ਦਿਆ ਕਰਦੇ ਸਨ। ਮੈਂ ਉਸ ਜਥੇ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਆ ਗਿਆ। ਸਾਨੂੰ ਕਿਸੇ ਨੇ ਵੀ ਅੰਦਰ ਆਉਣ ਤੋਂ ਨਹੀਂ ਰੋਕਿਆ। ਸ਼ਾਮ ਦੇ ਤਕਰੀਬਨ 7 ਵਜੇ ਤੋਂ ਬਾਅਦ ਅੰਦਰੋਂ ਬਾਹਰ ਜਾਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਡਾ. ਬਰਾੜ, ਜੋ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਡਾਕਟਰ ਸਨ, ਨੂੰ ਵੀ ਹਸਪਤਾਲ ਜਾਣ ਤੋਂ ਰਸਤੇ ਵਿਚ ਰੋਕ ਲਿਆ ਗਿਆ। ਉਨ੍ਹਾਂ ਦਾ ਸੁਨੇਹਾ ਆਉਣ ’ਤੇ ਮੈਂ ਨਾਕੇ ਵਾਲੇ ਸੀ.ਆਰ.ਪੀ. ਦੇ ਸਿਪਾਹੀਆਂ ਨੂੰ ਕਹਿ ਆਇਆ ਕਿ ਇਹ ਸਾਡੇ ਡਾਕਟਰ ਸਾਹਿਬ ਡਿਊਟੀ ’ਤੇ ਜਾ ਰਹੇ ਹਨ ਤਾਂ ਉਨ੍ਹਾਂ ਨੇ ਡਾਕਟਰ ਸਾਹਿਬ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। 3 ਜੂਨ ਦੀ ਦੁਪਹਿਰ ਤਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਸੰਪਰਕ ਬਾਕੀ ਦੁਨੀਆਂ ਨਾਲੋਂ ਕੱਟਣ ਲਈ ਟੈਲੀਫੋਨ ਕੁਨੈਕਸ਼ਨ ਕੱਟ ਦਿੱਤੇ ਗਏ ਸਨ। ਮੈਂ ਰਾਤ ਦੇ ਅੱਠ ਵਜੇ ਦੇ ਕਰੀਬ ਘਰ ਜਾਣਾ ਚਾਹਿਆ ਤਾਂ ਫੌਜ ਨੇ ਮੈਨੂੰ ਘਰ ਨਹੀਂ ਜਾਣ ਦਿੱਤਾ। ਸ. ਅਬਿਨਾਸ਼ੀ ਸਿੰਘ ਜੋ ਪ੍ਰਧਾਨ ਸਾਹਿਬ ਦੇ ਪੀ.ਏ. ਸਨ, ਸ਼ਾਇਦ ਉਨ੍ਹਾਂ ਨੇ ਅੰਦਾਜ਼ਾ ਲਗਾ ਲਿਆ ਸੀ ਕਿ ਫੌਜ ਸਾਨੂੰ ਬਾਹਰ ਨਹੀਂ ਜਾਣ ਦੇਵੇਗੀ। ਉਨ੍ਹਾਂ ਨੇ ਸਾਡੇ ਲਈ ਘਰੋਂ ਕੱਪੜੇ ਮੰਗਵਾ ਲਏ। ਰਾਤ ਅਸੀਂ (ਮੈਂ, ਸ. ਅਬਿਨਾਸ਼ੀ ਸਿੰਘ, ਸ. ਰਾਜ ਸਿੰਘ, ਸ. ਦਿਆਲ ਸਿੰਘ) ਦਫ਼ਤਰ ਵਿਚ ਹੀ ਸੁੱਤੇ।

4 ਜੂਨ ਨੂੰ ਸਵੇਰੇ ਫਾਇਰਿੰਗ ਦੀ ਆਵਾਜ਼ ਸੁਣੀ ਉਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਇਹ ਗੋਲੀ ਸੀ.ਆਰ.ਪੀ.ਦੇ ਸਿਪਾਹੀ ਚਲਾ ਰਹੇ ਸਨ। ਅਸੀਂ ਕੰਧ ਟੱਪ ਕੇ ਪ੍ਰਧਾਨ ਸਾਹਿਬ ਦੀ ਰਿਹਾਇਸ਼ ’ਤੇ ਪਹੁੰਚ ਗਏ। ਗੋਲੀਬਾਰੀ ਬਹੁਤ ਤੇਜ਼ ਚੱਲ ਰਹੀ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ਤੇਜਾ ਸਿੰਘ ਸਮੁੰਦਰੀ ਹਾਲ ਦੀ ਪਹਿਲੀ ਮੰਜ਼ਲ ’ਤੇ ਸਨ ਓਧਰ ਲਗਾਤਾਰ ਗੋਲੀਆਂ ਦੀ ਵਾਛੜ ਹੋ ਰਹੀ ਸੀ। ਪ੍ਰਧਾਨ ਸਾਹਿਬ ਦੇ ਕਹਿਣ ’ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਉੱਪਰੋਂ ਉਤਾਰ ਕੇ ਥੱਲੇ ਲੈ ਆਂਦਾ।

ਸੰਗਤ ਕਾਫੀ ਗਿਣਤੀ ਵਿਚ ਸੀ। ਦਫ਼ਤਰ ਦੇ ਪਿਛਲੇ ਪਾਸੇ ਵਾਲੇ ਘਰਾਂ ਵਾਲਿਆਂ ਨੇ ਕੰਧ ਪਾੜ ਕੇ ਰਸਤਾ ਬਣਾ ਕੇ ਪਰਸ਼ਾਦਾ ਤਿਆਰ ਕਰ ਕੇ ਲਿਆਂਦਾ। ਰਾਤ ਦੇ 8-9 ਵਜੇ ਗੋਲੀ ਬੰਦ ਹੋਈ ਤਾਂ ਗੋਲੀ ਨਾਲ ਸ਼ਹੀਦ ਹੋਏ ਕੁਝ ਸਿੰਘ ਜਿਨ੍ਹਾਂ ਦੀਆਂ ਲਾਸ਼ਾਂ ਮੰਜੀ ਸਾਹਿਬ ਦੀਵਾਨ ਹਾਲ ਤੇ ਕੁਝ ਰਾਮਗੜ੍ਹੀਆ ਬੁੰਗੇ ਪਾਸ ਪਈਆਂ ਹੋਈਆਂ ਸਨ, ਦਾ 5 ਜੂਨ ਨੂੰ ਪਾਣੀ ਵਾਲੀ ਟੈਂਕੀ ਪਾਸ ਸਸਕਾਰ ਕੀਤਾ ਗਿਆ। 5 ਜੂਨ ਨੂੰ ਸਾਰਾ ਦਿਨ ਗੋਲੀ ਚਲਦੀ ਰਹੀ। ਰਾਤ ਦੇ ਕੋਈ 9 ਵਜੇ ਦੇ ਕਰੀਬ ਫੌਜ ਨੇ ਟੈਂਕ ਅਤੇ ਤੋਪਾਂ ਅੰਦਰ ਲਿਆਂਦੀਆਂ। ਸ੍ਰੀ ਦਰਬਾਰ ਸਾਹਿਬ ਦੀ ਬਿਜਲੀ ਤਾਂ 4 ਜੂਨ ਨੂੰ ਹੀ ਕੱਟ ਦਿੱਤੀ ਗਈ ਸੀ। ਗੋਲਿਆਂ ਨਾਲ ਪਾਣੀ ਵਾਲੀ ਟੈਂਕੀ ਵਿਚ ਪਹਿਲਾਂ ਹੀ ਮਘੋਰੇ ਕਰ ਦਿੱਤੇ ਗਏ ਸਨ ਜਿਸ ਕਾਰਨ ਪਾਣੀ ਦੀ ਭਾਰੀ ਕਿਲਤ ਖੜ੍ਹੀ ਹੋ ਗਈ ਸੀ। ਸ੍ਰੀ ਗੁਰੂ ਰਾਮਦਾਸ ਨਿਵਾਸ ’ਤੇ ਫੌਜ ਨੇ ਕਬਜ਼ਾ ਕਰ ਲਿਆ ਸੀ। ਫੌਜ ਵਾਲਿਆਂ ਨੇ ਸਾਨੂੰ ਪ੍ਰਧਾਨ ਸਾਹਿਬ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ। ਲੀਡਰਾਂ ਨੂੰ ਇਕ ਕਮਰੇ ਵਿਚ ਲੈ ਗਏ ਅਤੇ ਸਾਨੂੰ ਸਾਰਿਆਂ ਨੂੰ ਵਿਹੜੇ ਵਿਚ ਹੱਥ ਬੰਨ੍ਹ ਕੇ ਬਿਠਾ ਲਿਆ ਗਿਆ। ਕ੍ਰਿਪਾਨਾਂ/ਕਕਾਰ ਉਤਾਰ ਲਏ ਗਏ। ਇਤਨੇ ਨੂੰ ਛੱਤ ਉੱਪਰੋਂ ਕੋਈ ਬੰਬ ਨੁਮਾ ਚੀਜ਼ ਡਿੱਗੀ ਤੇ ਫੌਜ ਵੱਲੋਂ ਗੋਲੀ ਸ਼ੁਰੂ ਹੋ ਗਈ। ਮੈਂ ਸ. ਅਬਿਨਾਸ਼ੀ ਸਿੰਘ ਤੇ ਜਥੇ. ਨਛੱਤਰ ਸਿੰਘ ਫੱਟੜ ਹੋ ਗਏ ਤੇ ਕਾਫੀ ਸਾਰੇ ਸਿੰਘ ਸ਼ਹੀਦ ਹੋ ਗਏ। 6 ਜੂਨ ਨੂੰ ਸਾਰਾ ਦਿਨ ਗੋਲੀ ਚਲਦੀ ਰਹੀ। ਸ਼ਹੀਦ ਹੋਏ ਸਿੰਘਾਂ ਦੀਆਂ ਲਾਸ਼ਾਂ ਪੰਜਾਬ ਪੁਲਿਸ ਵਾਲੇ ਚੁੱਕ- ਚੁੱਕ ਕੇ ਬਾਹਰ ਲਿਜਾ ਰਹੇ ਸਨ। ਜਖ਼ਮੀਆਂ ਨੂੰ ਜਿਨ੍ਹਾਂ ਵਿਚ ਅਸੀਂ ਵੀ ਸਾਂ, ਸਿਵਲ ਹਸਪਤਾਲ ਵਿਚ ਲੈ ਗਏ। ਫਿਰ ਕੁਝ ਦਿਨਾਂ ਬਾਅਦ ਸਾਨੂੰ ਛੱਡ ਦਿੱਤਾ ਗਿਆ। ਤਿੰਨ- ਚਾਰ ਦਿਨਾਂ ਬਾਅਦ ਸਾਨੂੰ ਦੁਬਾਰਾ ਸਾਡੇ ਘਰਾਂ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪਹਿਲਾਂ ਸਾਨੂੰ ਅੰਮ੍ਰਿਤਸਰ ਦੀ ਜੇਲ੍ਹ ਵਿਚ ਰੱਖਿਆ ਗਿਆ, ਬਾਅਦ ਵਿਚ ਜੋਧਪੁਰ ਦੀ ਜੇਲ੍ਹ ਵਿਚ ਲੈ ਗਏ ਜਿੱਥੇ ਅਸੀਂ ਸਾਢੇ ਚਾਰ ਸਾਲ ਤਕ ਤਸ਼ੱਦਦ ਝੱਲਿਆ ਅਤੇ ਬਾਅਦ ਵਿਚ ਸਾਨੂੰ ਰਿਹਾਅ ਕੀਤਾ ਗਿਆ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਵਧੀਕ ਸਕੱਤਰ, -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)