ਕਿਹੜੀ ਕਮੀ ਰਹਿ ਗਈ ਸਿੰਘੋ, ਦੱਸੋ ਮੇਰੇ ਪਿਆਰ ’ਚ?
ਕੀ ਨਾ ਕਰ ਸਕਿਆ ਮੈਂ, ਥੋਡੇ ਸਤਿਕਾਰ ’ਚ?
ਕਿਹੜੀ ਕਮੀ ਰਹਿ ਗਈ ਸਿੰਘੋ, ਦੱਸੋ ਮੇਰੇ ਪਿਆਰ ’ਚ?
ਗਿੱਦੜਾਂ ਤੋਂ ਸਿੰਘੋ ਥੋਨੂੰ ਸ਼ੇਰ ਸੀ ਬਣਾਇਆ ਮੈਂ।
ਸਵਾ ਸਵਾ ਲੱਖ ਨਾਲ ਕੱਲੇ ਨੂੰ ਲੜਾਇਆ ਮੈਂ।
ਨੱਚਣਾ ਸਿਖਾਇਆ ਥੋਨੂੰ ਖੰਡੇ ਵਾਲੀ ਧਾਰ ਚੋਂ,
ਕਿਹੜੀ ਕਮੀ ਰਹਿ ਗਈ ਸਿੰਘੋ…
ਕਿਹੜੀ ਗੱਲੋਂ ਸਿੱਖੀ ਤੋਂ ਬੇਮੁਖ ਹੋਏ ਫਿਰਦੇ,
ਕਿਹੜੀ ਗੱਲੋਂ ਹੋ ਗਏ ਪੱਥਰ ਥੋਡੇ ਹਿਰਦੇ।
ਹੰਸ ਕਾਹਤੋਂ ਰਲ ਗਏ ਨੇ ਕਾਂਵਾਂ ਵਾਲੀ ਡਾਰ ’ਚ,
ਕਿਹੜੀ ਕਮੀ ਰਹਿ ਗਈ ਸਿੰਘੋ…
ਸਿੱਖੀ ਦੇ ਮਹਿਲ ਦੀਆਂ ਗੱਲਾਂ ਦੱਸਾਂ ਵੱਡੀਆਂ,
ਰੋੜੀ ਦੀ ਥਾਂ ਕੁੱਟ ਕੁੱਟ ਪਾਈਆਂ ਸੀ ਮੈਂ ਹੱਡੀਆਂ।
ਪਾਣੀ ਦੀ ਥਾਂ ਖ਼ੂਨ ਪਾਇਆ ਚਮੜੀ ਦੀ ਗਾਰ ’ਚ,
ਕਿਹੜੀ ਕਮੀ ਰਹਿ ਗਈ ਸਿੰਘੋ…
ਬਣਾਇਆ ਸਰਦਾਰ ਸੀ ਮੈਂ ਸ਼ਾਨ ਰਹੂ ਵੱਖਰੀ,
ਭੇਡਾਂ ਤੋਂ ਵੀ ਗਿਰ ਗਿਉਂ ਬਣ ਗਿਉਂ ਬੱਕਰੀ।
ਕਿਹੜੀ ਗੱਲੋਂ ਖੁੱਭ ਗਿਉਂ ਨਸ਼ਿਆਂ ਦੀ ਗਾਰ ’ਚ,
ਕਿਹੜੀ ਕਮੀ ਰਹਿ ਗਈ ਸਿੰਘੋ…
ਸੋਨੇ ਜਿਹੇ ਕੇਸਾਂ ਨੂੰ ਕਿਉਂ ਨਾਲੀਆਂ ’ਚ ਰੋਲ’ਤਾ,
ਹੀਰਿਆਂ ਨੂੰ ਕਾਹਤੋਂ ਸੰਗ ਕੌਡੀਆਂ ਦੇ ਤੋਲ’ਤਾ?
ਡੁੱਬਦੀ ਕਿਉਂ ਜਾਂਦੀ ਇਹ ਬੇੜੀ ਮੰਝਧਾਰ ’ਚ?
ਕਿਹੜੀ ਕਮੀ ਰਹਿ ਗਈ ਸਿੰਘੋ…
ਪੁੱਤਰ ਬਣਾਇਆ ਥੋਨੂੰ ਚਾਰੇ ਪੁੱਤ ਵਾਰ ਕੇ,
ਕਿਹੜੀ ਗੱਲੋਂ ਬੈਠ ਗਿਉਂ ਪੁੱਤਰੋ ਵਿਸਾਰ ਕੇ?
ਡੁੱਬ ਗਿਉਂ ਦੱਸੋ ਅੱਜ ਕਿਹੜੇ ਹੰਕਾਰ ’ਚ?
ਕਿਹੜੀ ਕਮੀ ਰਹਿ ਗਈ ਸਿੰਘੋ…
ਮੰਨਿਆ ਹੁਕਮ ਕਿਹੜਾ ਕਿਹੜੇ ਅਹਿਸਾਨਾਂ ਨੂੰ,
ਛੱਡ ਗੁਰੂ ਗ੍ਰੰਥ ਸਾਹਿਬ ਪੂਜਦੇ ਸ਼ੈਤਾਨਾਂ ਨੂੰ।
ਦੇਹਧਾਰੀਆਂ ਦੇ ਕਾਹਤੋਂ ਫਸਗੇ ਜੰਜਾਲ ’ਚ?
ਕਿਹੜੀ ਕਮੀ ਰਹਿ ਗਈ ਸਿੰਘੋ…
ਬਿਖ ਖਾਣੇ ਨਾਲੇ ਸਾਰੇ ਨਸ਼ੇ ਵਰਜ ਗਿਆ ਸੀ ਮੈਂ,
ਪੰਜ ਸੀਸ ਲੈ ਕੇ ਜਿਹੜਾ ਕਰਜ਼ ਲਿਆ ਸੀ ਮੈਂ।
ਸਮੇਤ ਸੂਦ ਮੋੜਿਆ ਮੈਂ ਵੰਡ ਪਰਵਾਰ ’ਚ,
ਕਿਹੜੀ ਕਮੀ ਰਹਿ ਗਈ ਸਿੰਘੋ…
ਜਾਤ-ਗੋਤ ਵਾਲਾ ਕੋਹੜ ਥੋਡੇ ਵਿੱਚੋਂ ਕੱਢਿਆ,
ਛੂਤ-ਛਾਤ, ਊਚ-ਨੀਚ ਦਾ ਕੁੱਲ ਫਾਹਾ ਵੱਢਿਆ,
ਜਿੱਥੋਂ ਸੀਗਾ ਕੱਢਿਆ ਕਿਉਂ ਫਸੇ ਉਸੇ ਗਾਰ ’ਚ?
ਕਿਹੜੀ ਕਮੀ ਰਹਿ ਗਈ ਸਿੰਘੋ…
ਕਿਹਾ ਸੀ ਕੁਰਹਿਤਾਂ ਚਾਰ ਇਨ੍ਹਾਂ ਕੋਲੋਂ ਬਚਿਓ!
ਕੇਸ ਨਾ ਕਟਾਇਓ ਕਦੇ ਮੇਰੇ ਪੁੱਤਰੋ ਸੱਚਿਓ!
ਕਾਹਨੂੰ ਫੇਰ ਉਤਰੇ ਜੇ ਫੈਸ਼ਨ ਬਜ਼ਾਰ ’ਚ?
ਕਿਹੜੀ ਕਮੀ ਰਹਿ ਗਈ ਸਿੰਘੋ…
ਦੂਜਾ ਕੁੜੀ-ਮਾਰ ਲੋਕਾਂ ਨਾਲ ਰੱਖਿਓ ਸੰਬੰਧ ਨਾ,
ਤਨਖਾਹੀਏ ਤੇ ਕੁਰਹਿਤੀਏ ਨੂੰ ਕਰਿਓ ਪਸੰਦ ਨਾ।
ਦੱਸੋ ਕਿੱਥੇ ਪੂਰੇ ਉਤਰੇ ਕਰਾਰ ’ਚ?
ਕਿਹੜੀ ਕਮੀ ਰਹਿ ਗਈ ਸਿੰਘੋ… .
ਪਰ-ਨਾਰੀ ਸੇਜ ਕਦੇ ਸੁਪਨੇ ਭੀ ਜਾਣਾ ਨਾ,
ਪੰਜਾਂ ਹੀ ਕਕਾਰਾਂ ਦਾ ਵਿਸਾਹ ਭੀ ਕਦੇ ਖਾਣਾ ਨਾ।
ਢਿੱਲ-ਮੱਠ ਕਾਸ ਨੂੰ ਹੈ ਫੇਰ ਇਹ ਵਿਹਾਰ ’ਚ?
ਕਿਹੜੀ ਕਮੀ ਰਹਿ ਗਈ ਸਿੰਘੋ… .
ਨਿਮਾਣਿਆਂ ਨਿਤਾਣਿਆਂ ਨੂੰ ਗਲੇ ਨਾਲ ਲਾਇਆ ਮੈਂ,
ਜਿਨ੍ਹਾਂ ਲਈ ਰਾਜਿਆਂ ਨੂੰ ਦਰ ਤੋਂ ਭਜਾਇਆ ਮੈਂ।
ਉਹ ਵੀ ਕਾਹਤੋਂ ਖੜ੍ਹ ਗਏ ਗਦਾਰਾਂ ਦੀ ਕਤਾਰ ’ਚ?
ਕਿਹੜੀ ਕਮੀ ਰਹਿ ਗਈ ਸਿੰਘੋ…
ਕਾਹਨੂੰ ਤੈਨੂੰ ਘੇਰ ਲਿਆ ਸਾਧਾਂ ਦਿਆਂ ਟੋਲਿਆਂ,
ਬੜੀ ਦੇਰ ਬਾਅਦ ਬੜਾ ਦੁਖੀ ਹੋ ਕੇ ਬੋਲਿਆਂ।
ਜੁਰਅਤ ਨਾ ਰਹੀ ਕਾਹਤੋਂ ਥੋਡੀ ਲਲਕਾਰ ’ਚ?
ਕਿਹੜੀ ਕਮੀ ਰਹਿ ਗਈ ਸਿੰਘੋ…
ਕੁਰਬਾਨੀਆਂ ਦਾ ਮੁੱਲ ਕਾਹਤੋਂ ਤੁਸੀਂ ਭੁੱਲਗੇ?
ਛੱਡ ਕੇ ਅਸੂਲਾਂ ਨੂੰ ਕਿਉਂ ਰਈਅਤਾਂ ਵਿਚ ਰੁਲਗੇ।
ਘਾਟ ਕੀ ਏ ਦੱਸੋ ਮੈਨੂੰ ਸਤਿ ਸ੍ਰੀ ਅਕਾਲ ’ਚ?
ਕਿਹੜੀ ਕਮੀ ਰਹਿ ਗਈ ਸਿੰਘੋ…
ਰਹੂਗਾ ਜੇ ਜੱਗ ਤੋਂ ਨਿਆਰਾ ਮੇਰਾ ਖਾਲਸਾ,
ਜਿੰਦ-ਜਾਨ ਨਾਲੋਂ ਵੱਧ ਪਿਆਰਾ ਮੇਰਾ ਖਾਲਸਾ।
‘ਚੁਹਾਣਕੇ’ ਹਲੂਣਾ ਦੇ ਦੇ ਸਾਰੇ ਸੰਸਾਰ ’ਚ!
ਕਿਹੜੀ ਕਮੀ ਰਹਿ ਗਈ ਸਿੰਘੋ ਦੱਸੋ ਮੇਰੇ ਪਿਆਰ ’ਚ?
ਲੇਖਕ ਬਾਰੇ
ਇੰਸਪੈਕਟਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
- ਹੋਰ ਲੇਖ ਉਪਲੱਭਧ ਨਹੀਂ ਹਨ