editor@sikharchives.org

ਕਿਵੇਂ ਭੁਲਾਇਆ ਜਾ ਸਕਦੈ ਜੂਨ 1984 ਦੇ ਸਿੱਖ ਕਤਲੇਆਮ ਦਾ ਸੰਤਾਪ?

ਸੰਨ 1984 ਦਾ ਸਾਲ ਸਿੱਖ ਕੌਮ ਦੇ ਇਤਿਹਾਸ ਵਿਚ ਅਠਾਰ੍ਹਵੀਂ ਸਦੀ ਦੇ ਘੱਲੂਘਾਰਿਆਂ ਨੂੰ ਵੀ ਮਾਤ ਪਾ ਗਿਆ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਜੋ ਵੀ ਹੋਵੇ ਸਰਕਾਰ ਨੇ ਪੂਰੀ ਕੋਤਾਹੀ ਨਾਲ ਹਾਲਾਤ ਨੂੰ ਕਾਬੂ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਸਗੋਂ ਇਸ ਕਤਲੇਆਮ ਨੂੰ ਹਿੰਦੂ-ਸਿੱਖ ਦੰਗਿਆਂ ਦਾ ਚੋਗਾ ਪੁਆਉਣ ਦੀ ਕੋਸ਼ਿਸ਼ ਅੱਜ ਤਕ ਜਾਰੀ ਰੱਖੀ ਹੋਈ ਹੈ। ਵਾਸਤਵ ਵਿਚ ਮਾਨਵਵਾਦੀ ਦ੍ਰਿਸ਼ਟੀਕੋਣ ਨਾਲ ਹਰ ਸੰਭਵ ਤਰੀਕੇ ਨਾਲ ਹਿੰਦੂ ਗੁਆਂਢੀਆਂ ਨੇ ਸਿੱਖਾਂ ਦੀ ਹਿਫ਼ਾਜਤ ਦਾ ਹੀਲਾ ਕੀਤਾ ਸੀ। ਦੰਗਈ ਦਸਤੇ ਕਿਸ ਤਰ੍ਹਾਂ ਸੰਗਠਿਤ ਕੀਤੇ ਗਏ ਸਨ, ਇਸ ਬਾਰੇ ਬਹੁਤ ਕੁਝ ਲਿਖਿਆ ਜਾ ਰਿਹਾ ਹੈ। ਦਿੱਲੀ ਦੇ ਦੰਗਿਆਂ ਵਿਚ ਭਜਨ ਲਾਲ ਨੇ ਸਰਕਾਰੀ ਮਸ਼ੀਨਰੀ ਦੀ ਕੁਵਰਤੋਂ ਤੋਂ ਵੀ ਗੁਰੇਜ਼ ਨਾ ਕੀਤਾ।

ਸੰਨ 1984 ਦਾ ਸਾਲ ਸਿੱਖ ਕੌਮ ਦੇ ਇਤਿਹਾਸ ਵਿਚ ਅਠਾਰ੍ਹਵੀਂ ਸਦੀ ਦੇ ਘੱਲੂਘਾਰਿਆਂ ਨੂੰ ਵੀ ਮਾਤ ਪਾ ਗਿਆ ਹੈ। ਇਹ ਦਰੁੱਸਤ ਹੈ ਕਿ ਪੰਜਾਬ ਦਾ ਖਾੜਕੂਵਾਦ ਕਾਲ-ਚੱਕਰ ਨੂੰ ਉਲਟਾ ਘੁਮਾ ਕੇ ਅਠਾਰ੍ਹਵੀਂ ਸਦੀ ਵਿਚ ਪਹੁੰਚਾ ਰਿਹਾ ਸੀ ਪਰ ਇਹ ਵੀ ਹਕੀਕਤ ਹੈ ਕਿ ਅਜੋਕੀ ਹਕੂਮਤ ਨੇ ਵੀ ਅਬਦਾਲੀ ਵਾਲੀ ਮਾਨਸਿਕਤਾ ਦਾ ਕਰੂਰ ਪ੍ਰਮਾਣ ਪੇਸ਼ ਕੀਤਾ ਸੀ। ਬਲਿਊ ਸਟਾਰ (‘ਨੀਲਾ ਤਾਰਾ’ ਨਾਮ ਅਕਾਲੀ ਪੰਥ ਦੇ ਨੀਲੇ ਬਾਣੇ ਦੇ ਨਿਸ਼ਾਨੇ ਨਾਲ ਧਰਿਆ ਗਿਆ ਸੀ) ਅਪ੍ਰੇਸ਼ਨ ਉਹ ਮਾਨਸਿਕਤਾ ਦਾ ਹਿਰਦੇਹੀਣ ਪਰ ਸੰਗਠਿਤ ਸ਼ਕਤੀ-ਪ੍ਰਦਰਸ਼ਨ ਸੀ, ਜਿਸ ਦੇ ਜਖ਼ਮ ਹੰਦਾਲ (ਨਿਰੰਜਨ ਰਾਇ), ਗੰਗੂ ਰਸੋਈਆ ਤੇ ਲਖਪਤ ਰਾਏ ਵਰਗਿਆਂ ਨੇ ਕਈ ਵਾਰ ਦਿੱਤੇ ਸਨ। ਇਸ ਬਲ-ਪ੍ਰਦਰਸ਼ਨ ਦੀ ਨਾਇਕਾ (ਜਾਂ ਖਲਨਾਇਕਾ) ਦੀ ਜਜ਼ਬਾਤੀ ਰੌਂਅ ਵਿਚ ਖੇਡਦੀ ਮੌਤ ਨੇ ਅਰਾਜਕਤਾ ਦਾ ਤਾਂਡਵ ਰੂਪ ਧਾਰ ਕੇ ਪਰ ਸੰਗਠਿਤ ਢੰਗ ਨਾਲ ਸਿੱਖ ਕੌਮ ਦੇ ਕਤਲੇਆਮ ਦੇ ਛੜਯੰਤ੍ਰ ਨੂੰ ਨੇਪਰੇ ਚਾੜ੍ਹਿਆ।

ਪਾਠਕਾਂ ਦੀ ਯਾਦ ਨੂੰ ਕੁਰੇਦ ਕੇ 1984 ਦੇ ਮਾਰਚ ਮਹੀਨੇ ਦੇ ਸਪਤਾਹਿਕ ‘ਹਿੰਦੁਸਤਾਨ’ (ਹਿੰਦੀ) ਦੇ ਇਕ ਅੰਕ ਵਿਚ ਸ੍ਰੀ ਇੰਦਰ ਕੁਮਾਰ ਗੁਜਰਾਲ ਨੇ ਲੇਖ ਵਿਚ ਪੰਜਾਬ ਨਾਲ ਹੋ ਰਹੀ ਬੇਇਨਸਾਫੀ ਤੇ ਧੱਕੇਸ਼ਾਹੀ ਦੇ ਵੇਰਵੇ ਦੇ ਕੇ ਇੰਦਰਾ ਗਾਂਧੀ ਨੂੰ ਸੁਚੇਤ ਕੀਤਾ ਸੀ ਕਿ ਪੰਜਾਬ ਦੀ ਅੱਗ ਨਾਲ ਸੇਕੀ ਜਾ ਰਹੀ ਵੋਟਾਂ ਦੀ ਰੋਟੀ ਇੰਦਰਾ ਗਾਂਧੀ ਨੂੰ ਮਹਿੰਗੀ ਪਵੇਗੀ। ਇਸੇ ਸਾਲ ‘ਇੰਡੀਆ ਟੂਡੇ’ ਦੇ ਇਕ ਸਤੰਬਰ ਅੰਕ ਵਿਚ ਨਾਗਪੁਰ ਵਿਚ ਹੋਏ ਯੂਥ ਕਾਂਗਰਸ ਦੇ ਸੰਮੇਲਨ ਦਾ ਵੇਰਵਾ ਛਪਿਆ ਸੀ। ਇਸ ਸੰਮੇਲਨ ਦਾ ਮੁਖੀਆ ਰਾਜੀਵ ਗਾਂਧੀ ਸੀ ਅਤੇ 36000 ਡੈਲੀਗੇਟਾਂ ਲਈ ਇੰਤਜ਼ਾਮ ਕੀਤਾ ਗਿਆ ਸੀ। ਇਸ ਵਿਚ 47000 ਡੈਲੀਗੇਟ ਆਉਣ ਦਾ ਕਿਆਸ ਲਗਾਇਆ ਗਿਆ ਸੀ ਤੇ ਇਨ੍ਹਾਂ ਨੂੰ ਪੰਜਾਬ ਤੋਂ ਬਾਹਰ ਸਿੱਖਾਂ ਨਾਲ ਨਜਿੱਠਣ ਦੀ ਵਿਸ਼ੇਸ਼ ਦੀਖਿਆ ਦਿੱਤੀ ਗਈ ਸੀ। ਇਥੇ ਜਲਨਸ਼ੀਲ, ਸਫੈਦ ਪਾਊਡਰ (ਸਫੈਦ ਫਾਸਫੋਰਸ) ਦੀ ਵਰਤੋਂ ਦੀ ਸੁਰੱਖਿਆਤਮਕ ਟੈਕਨੀਕ ਸਿਖਾਈ ਗਈ ਸੀ। ਨਾਗਪੁਰ ਦੇ ਇਸ ਸੰਮੇਲਨ ਦਾ ਇਕ ਮੁੱਖ ਵਕਤਾ ਤੇ ਪ੍ਰੇਰਨਾ-ਸ੍ਰੋਤ ਭਜਨ ਲਾਲ ਸੀ, ਜੋ 1982 ਦੀ ਏਸ਼ਿਆਈ ਖੇਡਾਂ ਸਮੇਂ ਹਰਿਆਣੇ ਵਿੱਚੋਂ ਗੁਜ਼ਰਦੇ ਵੱਡੇ-ਛੋਟੇ ਸਿੱਖਾਂ ਦੀ ਪਗੜੀ ਉਛਾਲ ਚੁੱਕਿਆ ਸੀ। ਮਈ 1984 ਵਿਚ ਪੰਜਾਬ ਕੇਸਰੀ ਗਰੁੱਪ ਦੇ ਲਾਲਾ ਜਗਤ ਨਾਰਾਇਣ ਦੇ ਪੁੱਤਰ ਸ੍ਰੀ ਰਮੇਸ਼ ਚੰਦ ਦੇ ਕਤਲ ਤੋਂ ਬਾਅਦ ਹਰਿਆਣੇ ਵਿਚ ਸਿੱਖਾਂ ਨਾਲ ਜੋ ‘ਮੀਰ ਮਨੂੰ ਸ਼ਾਹੀ’ ਕੀਤੀ ਗਈ ਸੀ, ਉਹ ਆਦਰਸ਼ ਨਾਗਪੁਰ ਦੇ ਡੈਲੀਗੇਟਾਂ ਲਈ ਵੱਡਾ ਅਨੁਭਵ ਤੇ ਪ੍ਰੇਰਨਾ-ਸ੍ਰੋਤ ਸੀ।

ਯੂਥ ਕਾਂਗਰਸ ਦੇ ਡੈਲੀਗੇਟਾਂ ਨੂੰ ਅਰਾਜਕਤਾ ਪ੍ਰਦਰਸ਼ਨ ਲਈ ਨਾਗਪੁਰ ਵਿਚ ਜੋ ਖੁੱਲ੍ਹ ਮਿਲੀ ਉਸ ਨਾਲ ਰੈਡ ਲਾਈਟ ਏਰੀਆ ਦੀ ਧੰਦੇਬਾਜ਼ ਔਰਤਾਂ ਵੀ ਤੋਬਾ ਕਰ ਕੇ ਚਕਲੇ ਛੱਡ ਗਈਆਂ। ਵਾਪਸੀ ਯਾਤਰਾ ਵਿਚ ਇਨ੍ਹਾਂ ਡੈਲੀਗੇਟਾਂ ਨੇ ਰੇਲਵੇ ਸਫਰਾਂ ਵਿਚ ਧੋਤੀਆਂ ਸਾੜੀਆਂ ਦੇ ਜੋ ਢੇਰ ਬਣਾਏ ਉਨ੍ਹਾਂ ਦੇ ਸਮਾਚਾਰ ਰੋਕੇ ਜਾਣ ਦੇ ਬਾਵਜੂਦ ਵੀ ਉਸ ਸਮੇਂ ਦੇ ਅਖ਼ਬਾਰਾਂ ਵਿਚ ਤਰਾਸ਼ੇ ਤੇ ਤਲਾਸ਼ੇ ਜਾ ਸਕਦੇ ਹਨ। ਇਹ ਪਿਛੋਕੜ ਦੇਣ ਦਾ ਭਾਵ ਇਹ ਹੈ ਕਿ ਕਾਂਗਰਸ ਪਾਰਟੀ ਵੱਲੋਂ ਪੂਰੀ ਤਿਆਰੀ ਸੀ ਕਿ ਖਾੜਕੂਆਂ ਰਾਹੀਂ ਕਿਸੇ ਲੀਡਰ ਦੀ ਹੱਤਿਆ ਤੋਂ ਬਾਅਦ ਪੰਜਾਬ ਤੋਂ ਬਾਹਰਲੇ ਸਿੱਖਾਂ ਨਾਲ ਕਿਵੇਂ ਨਜਿੱਠਣਾ ਹੈ। ਇਹ ਮੌਕਾ ਅਕਤੂਬਰ ਦੇ ਅਖੀਰ ਵਿਚ ਮਿਲ ਗਿਆ ਤੇ ਕਤਲ ਹੋਣ ਵਾਲੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਗਪੁਰ ਸੰਮੇਲਨ ਦੇ ਆਯੋਜਕ ਰਾਜੀਵ ਗਾਂਧੀ ਦੀ ਮਾਂ ਸੀ।

ਇੰਦਰਾ ਗਾਂਧੀ ਦੇ ਰਾਜ ਵਿਚ ਸੰਜੈ ਗਾਂਧੀ ਦੇ ਮੁੰਡਾ-ਗੁੰਡਾ ਤੱਤਾਂ ਨਾਲ ਜੁੜੇ ਸੁਆਰਥੀ ਲੋਕਾਂ ਨੇ ਰਾਜੀਵ ਗਾਂਧੀ ਦੀ ਨ-ਤਜ਼ਰਬੇਕਾਰੀ ਰਾਹੀਂ ਸੁਆਰਥਸਿਧੀ ਦਾ ਜੋ ਢੰਗ ਵਰਤਿਆ ਸੀ, ਉਸ ਭਾਵਨਾ ਨਾਲ ਉਹ ਨਾਗਪੁਰ ਸੰਮਲੇਨ ਵਿਚ ਸ਼ਰੀਕ ਹੋਏ ਸਨ। ਇਨ੍ਹਾਂ ਲੋਕਾਂ ਨੇ ਅਗਵਾਈ ਦੇ ਕੇ ਸਿੱਖਾਂ ਦੇ ਕਤਲੇਆਮ ਦਾ ਆਗਾਜ਼ ਕਰ ਦਿੱਤਾ। ਉਸ ਵਕਤ ਗ੍ਰਹਿ ਮੰਤਰੀ ਨਰਸਿਮਾ ਰਾਓ ਸੀ, ਸਾਰੀਆਂ ਜ਼ਿੰਮੇਵਾਰੀਆਂ ਨੂੰ ਭੁਲਾ ਕੇ ਸ਼ਾਇਦ ਗੁਪਤ ਰੂਪ ਵਿਚ ਕਾਤਲਾਂ ਨੂੰ ਹੀ ਨਿਰਦੇਸ਼ ਦੇ ਰਿਹਾ ਸੀ। ਜੋ ਵੀ ਹੋਵੇ ਇਸ ਨੇ ਪੂਰੀ ਕੋਤਾਹੀ ਨਾਲ ਹਾਲਾਤ ਨੂੰ ਕਾਬੂ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਸਗੋਂ ਇਸ ਕਤਲੇਆਮ ਨੂੰ ਹਿੰਦੂ-ਸਿੱਖ ਦੰਗਿਆਂ ਦਾ ਚੋਗਾ ਪੁਆਉਣ ਦੀ ਕੋਸ਼ਿਸ਼ ਅੱਜ ਤਕ ਜਾਰੀ ਰੱਖੀ ਹੋਈ ਹੈ। ਵਾਸਤਵ ਵਿਚ ਮਾਨਵਵਾਦੀ ਦ੍ਰਿਸ਼ਟੀਕੋਣ ਨਾਲ ਹਰ ਸੰਭਵ ਤਰੀਕੇ ਨਾਲ ਹਿੰਦੂ ਗੁਆਂਢੀਆਂ ਨੇ ਸਿੱਖਾਂ ਦੀ ਹਿਫ਼ਾਜਤ ਦਾ ਹੀਲਾ ਕੀਤਾ ਸੀ।

ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਕਤਲ ਹੋ ਜਾਵੇ ਅਤੇ ਉਸ ਦਾ ਪੁੱਤਰ ਨਵੇਂ ਪ੍ਰਧਾਨ ਮੰਤਰੀ ਦੀ ਸਹੁੰ ਚੁੱਕ ਕੇ ਕਾਤਲਾਂ ਦੀ ਪੂਰੀ ਕੌਮ ਨਾਲ ਬਦਲੇ ਦੀ ਭਾਵਨਾ ਨਾਲ ਤਿਲਮਿਲਾ ਰਿਹਾ ਹੋਵੇ, ਉਸ ਸਮੇਂ ਸਭ ਤੋਂ ਨਜ਼ਦੀਕੀ ਹੋਮ ਮਨਿਸਟਰ ਨੂੰ ‘ਨਿਮਕ ਹਲਾਲੀ’ ਦਿਖਾਉਣ ਦਾ ਵਧੀਆ ਮੌਕਾ ਮਿਲਿਆ ਸੀ। ਢਾਈ ਦਿਨਾਂ ਵਿਚ ਸਿੱਖ ਕੌਮ ਦੇ ਸਿਰ ਇੰਨੇ ਸਸਤੇ ਹੋ ਗਏ ਜਿੰਨੇ ਸ਼ਾਇਦ ਮੁਗ਼ਲੀਆ ਹਕੂਮਤ ਤੇ ਅਫਗਾਨ ਹਮਲਾਵਰਾਂ ਦੇ ਰਾਜ ਵਿਚ ਵੀ ਨਾ ਹੋਏ ਹੋਣ। ਮੁਗ਼ਲ ਤੇ ਪਠਾਣਾਂ ਦੇ ਢਾਈ ਸੌ ਸਾਲ ਦੇ ਜ਼ੁਲਮ ਦੇ ਕਾਰਨਾਮੇ ਇਨ੍ਹਾਂ ਢਾਈ ਦਿਨਾਂ ਵਿਚ ਫਿੱਕੇ ਪੈ ਗਏ। ਸੁਤੰਤਰ, ਤਥਾਕਥਿਤ ਧਰਮ-ਨਿਰਪੱਖ ਦੇ ਪਰਜਾਤੰਤਰੀ ਸਿਸਟਮ ਦੇ ਸਮਾਨ ਅਧਿਕਾਰਾਂ ਵਾਲੇ ਦੇਸ਼ ਵਿਚ, ਅੱਜ ਵੀ ਕਤਲੇਆਮ ਕਰਾਉਣ ਵਾਲੇ ਸ਼ਰ੍ਹੇਆਮ ਦਨਦਨਾ ਰਹੇ ਹਨ। ਜ਼ੁਲਮੋ-ਸਿਤਮ ਦੇ ਕਹਿਰ ਦੇ ਸ਼ਿਕਾਰ ਕਈ ਪਰਵਾਰ ਹੀ ਗਰਕ ਹੋ ਗਏ ਸਨ। ਜਿਨ੍ਹਾਂ ਦੀਆਂ ਵਿਧਵਾਵਾਂ ਤੇ ਯਤੀਮ ਬੱਚੇ ਬਚ ਗਏ ਸਨ, ਉਹ ਅੱਜ ਪੰਝੀ ਸਾਲ ਬਾਅਦ ਵੀ ਇਨਸਾਫ ਨਹੀਂ ਪਾ ਸਕੇ। ਇਸ ਦੇਸ਼ ਦੇ ਲੋਕਤੰਤਰੀ ਕਹਾਉਣ ਵਾਲੇ ਸਿਸਟਮ ਦਾ ਇਸ ਤੋਂ ਵੱਡਾ ਤੇ ਕੋਝਾ ਮਜ਼ਾਕ ਹੋਰ ਕੀ ਹੋ ਸਕਦਾ ਹੈ?

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

162-ਏ, ਗਰੇਨ ਮਾਰਕੀਟ, ਚੰਡੀਗੜ੍ਹ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)