editor@sikharchives.org
ਸ੍ਰੀ ਗੁਰੂ ਤੇਗ ਬਹਾਦਰ ਜੀ

ਲਾਸਾਨੀ ਸ਼ਹੀਦੀ

ਜਦ ਥਿਰ ਰਹਿਣ ਵਾਲੀ ਵਸਤੂ ਹੀ ਕੋਈ ਨਹੀਂ, ਬਣੇ ਹੋਏ ਸਰੀਰ ਨੇ ਬਿਨਸਣਾ ਹੀ ਹੈ, ਤਾਂ ਫਿਰ ਚਿੰਤਾ ਕਿਸ ਗੱਲ ਦੀ?
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਕਸ਼ਮੀਰ ਦੇ ਸੂਬੇਦਾਰ ਦਾ ਮੁਰਾਸਲਾ ਪੜ੍ਹ ਕੇ ਬਾਦਸ਼ਾਹ ਔਰੰਗਜ਼ੇਬ ਨੇ ਉਸ ਦੀ ਮਨਜ਼ੂਰੀ ਦੇ ਦਿੱਤੀ। ਔਰੰਗਜ਼ੇਬ ਨੇ ਸੋਚਿਆ, ‘ਇਕ ਆਦਮੀ ਨੂੰ, ਭਾਵੇਂ ਉਹ ਕਿਤਨੀ ਵੀ ਮਹਾਨ ਸ਼ਖ਼ਸੀਅਤ ਦਾ ਮਾਲਕ ਹੋਵੇ, ਡਰਾ-ਧਮਕਾ ਤੇ ਲਾਲਚ ਦੇ ਕੇ ਮਨਾ ਲੈਣਾ ਮੁਸ਼ਕਲ ਨਹੀਂ। ਗੁਰੂ ਤੇਗ਼ ਬਹਾਦਰ ਨੂੰ ਹਰ ਕੀਮਤ ਉੱਤੇ ਮੁਸਲਮਾਨ ਬਣਾ ਲਿਆ ਜਾਵੇਗਾ, ਭਾਵੇਂ ਉਸ ਦਾ ਕਿੰਨਾ ਵੀ ਮੁੱਲ ਤਾਰਨਾ ਪਵੇ, ਜਾਂ ਕਿੰਨਾ ਵੀ ਜ਼ੁਲਮ ਕਰਨਾ ਪਵੇ। ਇਕ ਤਾਂ ਸਾਰੇ ਹਿੰਦੂ ਆਪਣੇ ਆਪ ਮੁਸਲਮਾਨ ਬਣ ਜਾਣਗੇ ਤੇ ਦੂਸਰੇ ਸਾਰੇ ਦੇਸ਼ ਵਿਚ ਇੱਕੋ ਇਕ ਜਥੇਬੰਦ ਲਹਿਰ ਸਦਾ ਵਾਸਤੇ ਖ਼ਤਮ ਹੋ ਜਾਵੇਗੀ।’

ਬਾਦਸ਼ਾਹ ਨੇ ਸ਼ੇਰ ਅਰਫ਼ਾਨ ਨੂੰ ਹੁਕਮ ਲਿਖਵਾ ਦਿੱਤਾ, “ਬਾਦਸ਼ਾਹ ਸਲਾਮਤ ਤੇਰੇ ਮੁਰਾਸਲੇ ਦੀ ਮਨਜ਼ੂਰੀ ਦੇਂਦੇ ਹਨ। ਹਿੰਦੂਆਂ ਉੱਤੇ ਫਿਲਹਾਲ ਸਖ਼ਤੀ ਬੰਦ ਕਰ ਦਿੱਤੀ ਜਾਵੇ। ਉਨ੍ਹਾਂ ਨੂੰ ਪ੍ਰੇਰਿਆ ਜਾਵੇ ਕਿ ਉਹ ਆਪਣਾ ਅਸਰ ਪਾ ਕੇ ਗੁਰੂ ਨੂੰ ਮੁਸਲਮਾਨ ਹੋਣ ਵਾਸਤੇ ਬੇਨਤੀ ਕਰਨ। ਗੁਰੂ ਨੂੰ ਹਰ ਕੀਮਤ ਉੱਤੇ ਮੁਸਲਮਾਨ ਕਰ ਲਿਆ ਜਾਵੇਗਾ।”

ਦੂਸਰੇ ਪਾਸੇ ਬਾਦਸ਼ਾਹ ਨੇ ਗੁਰੂ ਜੀ ਨੂੰ ਲਿਆਉਣ ਵਾਸਤੇ ਅਹਿਦੀਏ’ ਭੇਜਣ ਦਾ ਹੁਕਮ ਦੇ ਦਿੱਤਾ ਤੇ ਨਾਲ ਹੀ ਹਦਾਇਤ ਕੀਤੀ ਕਿ ਗੁਰੂ ਨੂੰ ਬੜੇ ਆਦਰ ਸਤਿਕਾਰ ਨਾਲ ਲਿਆਂਦਾ ਜਾਵੇ।

ਗੁਰੂ ਮਹਾਰਾਜ ਵੀ ਸਰਕਾਰੀ ਸੱਦੇ ਦੀ ਉਡੀਕ ਵਿਚ ਤਿਆਰੀ ਕਰ ਰਹੇ ਸਨ। ਸੰਗਤਾਂ ਵਿਚ ਰੋਜ਼ ਪ੍ਰਚਾਰ ਹੁੰਦਾ। ਮਾਤਾ ਨਾਨਕੀ ਜੀ ਬਹੁਤ ਉਦਾਸ ਰਹਿੰਦੇ। ਹੋਰ ਪਰਵਾਰ ਤੇ ਸੰਗਤਾਂ ਵੀ ਚਿੰਤਾ ਵਿਚ ਸਨ। ਗੁਰੂ ਮਹਾਰਾਜ ਨੇ ਜੋ ਜ਼ਿੰਮੇਵਾਰੀ ਚੁੱਕੀ ਸੀ, ਉਸ ਦਾ ਸਾਫ਼ ਅਰਥ ਸੀ ਕੁਰਬਾਨੀ, ਸ਼ਹੀਦੀ। ਇਸ ਵਰਤਣ ਵਾਲੇ ਭਾਣੇ ਦਾ ਸਭ ਨੂੰ ਯਕੀਨ ਸੀ। ਮਹਾਰਾਜ ਸਭ ਨੂੰ ਉਪਦੇਸ਼ ਦਿੰਦੇ, ‘ਇਨਸਾਨ ਦਾ ਸਭ ਤੋਂ ਉੱਤਮ ਧਰਮ ਹੈ ਆਪਣਾ ਫ਼ਰਜ਼ ਨਿਭਾਉਣਾ। ਫ਼ਰਜ਼ ਦੀ ਪਾਲਣਾ ਕਰਦਿਆਂ ਸੀਸ ਜਾਵੇ, ਤਾਂ ਚਿੰਤਾ ਨਹੀਂ ਕਰਨੀ ਚਾਹੀਦੀ। ਭਾਣੇ ਵਿਚ ਰਾਜ਼ੀ ਰਹਿਣਾ ਹੀ ਧਰਮ ਹੈ।’

ਅਹਿਦੀਏ ਅਨੰਦਪੁਰ ਆਏ

ਸ਼ਾਹੀ ਹੁਕਮ ਲੈ ਕੇ ‘ਅਹਿਦੀਏ’ ਦਿੱਲੀ ਤੋਂ ਤੁਰ ਪਏ। ‘ਅਹਿਦੀਏ’ ਪਲੰਘਾਂ ਉੱਤੇ ਬਹਿ ਕੇ ਸਫ਼ਰ ਕਰਿਆ ਕਰਦੇ ਸਨ। ਜਿਸ ਪਿੰਡ ਉਹ ਜਾਂਦੇ, ਓਥੋਂ ਦੇ ਲੰਬਰਦਾਰ ਜਾਂ ਚੌਧਰੀ ਦਾ ਫ਼ਰਜ਼ ਹੁੰਦਾ ਕਿ ਉਹ ਅਹਿਦੀਏ ਦਾ ਪਲੰਘ ਚੁਕਵਾ ਕੇ ਅਗਲੇ ਪਿੰਡ ਪੁਚਾ ਦੇਵੇ। ਇਸ ਤਰ੍ਹਾਂ ਵੰਗਾਰਿਆਂ ਦੇ ਮੋਢਿਆਂ ਉੱਤੇ ਚੜ੍ਹ ਕੇ ਅਹਿਦੀਏ ਅਨੰਦਪੁਰ ਆ ਪਹੁੰਚੇ।

ਅਨੰਦਪੁਰ ਦੀ ਸ਼ਾਨ ਤੇ ਰਹਿਤ ਮਰਯਾਦਾ ਵੇਖ ਕੇ ਅਹਿਦੀਆਂ ਦੇ ਦਿਲਾਂ ’ਤੇ ਚੰਗਾ ਅਸਰ ਪਿਆ। ਉਹ ਬੜੇ ਸਤਿਕਾਰ ਨਾਲ ਮਹਾਰਾਜ ਦੇ ਪੇਸ਼ ਆਏ। ਬਾਦਸ਼ਾਹ ਵੱਲੋਂ ਹੁਕਮ ਵੀ ਐਸਾ ਹੀ ਸੀ।

ਸ਼ਾਹੀ ਹੁਕਮ ਸੁਣ ਕੇ ਗੁਰੂ ਮਹਾਰਾਜ ਨੇ ਫ਼ਰਮਾਇਆ, “ਪੁਰਸ਼ੋ! ਬਾਦਸ਼ਾਹ ਦਾ ਹੁਕਮ ਤੁਸਾਂ ਸੁਣਾ ਦਿੱਤਾ ਹੈ। ਅਸੀਂ ਅੱਗੇ ਹੀ ਉਡੀਕ ਵਿਚ ਬੈਠੇ ਸਾਂ। ਕਸ਼ਮੀਰ ਦੇ ਪੰਡਤਾਂ ਦਾ ਜੋ ਮੇਜਰਨਾਵਾਂ ਬਾਦਸ਼ਾਹ ਪਾਸ ਪੁੱਜਾ ਹੈ, ਅਸਾਂ ਉਸ ਦੀ ਹਾਮੀ ਭਰੀ ਹੈ। ਸਾਡੇ ਵੱਲੋਂ ਬਾਦਸ਼ਾਹ ਨੂੰ ਸੁਨੇਹਾ ਪੁਚਾ ਦੇਣਾ। ਅਸੀਂ ਸੰਗਤਾਂ ਦੇ ਦਰਸ਼ਨ ਕਰਦੇ ਆ ਰਹੇ ਹਾਂ। ਅਸੀਂ ਆਪ ਬਾਦਸ਼ਾਹ ਨੂੰ ਮਿਲ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੁੰਦੇ ਹਾਂ। ਫ਼ਿਕਰ ਨਾ ਕਰਨਾ, ਅਸੀਂ ਛੇਤੀ ਤੋਂ ਛੇਤੀ ਬਾਦਸ਼ਾਹ ਕੋਲ ਪੁੱਜਣ ਦਾ ਯਤਨ ਕਰਾਂਗੇ।”

ਨੌਵੇਂ ਪਾਤਸ਼ਾਹ ਅਨੰਦਪੁਰ ਤੋਂ ਤੁਰੇ

ਅਹਿਦੀਏ ਸਿਰ ਝੁਕਾ ਕੇ ਗਏ। ਗੁਰੂ ਮਹਾਰਾਜ ਵੀ ਤਿਆਰੀ ਕਰਨ ਲੱਗੇ, ਪਰ ਸੰਗਤਾਂ ਤੇ ਪਰਵਾਰ ਤੋਂ ਵਿਦਿਆ ਹੁੰਦਿਆਂ ਕਾਫੀ ਸਮਾਂ ਲੱਗ ਗਿਆ। ਅੰਤ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਹਾੜ (1732 ਬਿ.) ਦੇ ਮਹੀਨੇ1 ਅਨੰਦਪੁਰੋਂ ਤੁਰ ਗਏ। ਚੋਖੀ ਦੂਰ ਤਕ ਸੰਗਤਾਂ ਨਾਲ ਗਈਆਂ। ਇਹ ਸਾਰੇ ਹੀ ਸਮਝ ਰਹੇ ਸਨ ਕਿ ਇਹ ਦਰਸ਼ਨ ਆਖ਼ਰੀ ਹਨ। ਜਿਸ ਔਰੰਗਜ਼ੇਬ ਨੇ ਪਿਤਾ ਤੇ ਭਰਾਵਾਂ ਨਾਲ ਇਹ ਸਲੂਕ ਕੀਤਾ ਹੈ, ਸਰਮਦ ਵਰਗੇ ਫ਼ਕੀਰ ਤੇ ਅਘੋਰ ਨਾਥ ਵਰਗੇ ਸੰਤ ਕਤਲ ਕਰਵਾ ਦਿੱਤੇ ਹਨ, ਉਹ ਗੁਰੂ ਸਾਹਿਬ ਨਾਲ ਵੀ ਚੰਗਾ ਵਰਤਾਉ ਨਹੀਂ ਕਰੇਗਾ। ਗੁਰੂ ਸਾਹਿਬ ਸ਼ਹੀਦ ਹੋਣ ਵਾਸਤੇ ਜਾ ਰਹੇ ਹਨ, ਸ਼ਹੀਦ ਹੋ ਜਾਣਗੇ। ਇਸ ਵਿਚਾਰ ਅਧੀਨ ਸਭ ਸ਼ਰਧਾਲੂਆਂ ਦੇ ਨੇਤਰ ਹੰਝੂ ਵਹਾ ਰਹੇ ਸਨ। ਉਨ੍ਹਾਂ ਦਾ ਵੈਰਾਗ ਠੱਲ੍ਹਿਆ ਨਹੀਂ ਸੀ ਜਾਂਦਾ।

ਗੁਰੂ ਮਹਾਰਾਜ ਨੇ ਸਭ ਨੂੰ ਧੀਰਜ ਦਿੰਦਿਆਂ ਕਿਹਾ, “ਵੇਖੋ, ਸੱਤ ਪੁਰਸ਼ੋ! ਭਲਾ ਚਿੰਤਾ ਕਿਸ ਗੱਲ ਦੀ ਕਰ ਰਹੇ ਹੋ?

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥ (ਪੰਨਾ 1429) “

ਜਦ ਥਿਰ ਰਹਿਣ ਵਾਲੀ ਵਸਤੂ ਹੀ ਕੋਈ ਨਹੀਂ, ਬਣੇ ਹੋਏ ਸਰੀਰ ਨੇ ਬਿਨਸਣਾ ਹੀ ਹੈ, ਤਾਂ ਫਿਰ ਚਿੰਤਾ ਕਿਸ ਗੱਲ ਦੀ? ਅਕਾਲ ਪੁਰਖ ਦਾ ਭਾਣਾ ਮੰਨਣ ਵਿਚ ਹੀ ਕਲਿਆਣ ਹੈ। ਉਸ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਸਿੱਖੋ।”

ਸਭ ਨੂੰ ਧੀਰਜ ਦੇ ਕੇ ਮਹਾਰਾਜ ਨੇ ਬੜੀ ਮੁਸ਼ਕਲ ਨਾਲ ਵਾਪਸ ਮੋੜਿਆ। ਪਹਿਲਾ ਪੜਾਅ ਗੁਰਦੇਵ ਨੇ ਕੀਰਤਪੁਰ ਕੀਤਾ। ਸੂਰਜ ਮੱਲ ਦੇ ਪਰਵਾਰ ਨੇ ਮਹਾਰਾਜ ਦੀ ਬੜੀ ਸੇਵਾ ਕੀਤੀ। ਦੋ ਦਿਨ ਓਥੇ ਗੁਜ਼ਾਰ ਕੇ ਹਜ਼ੂਰ ਅੱਗੇ ਤੁਰ ਪਏ। ਭਰਤਗੜ੍ਹ, ਰੋਪੜ, ਮਕਾਰਾਂਪੁਰ, ਕਬੂਲਪੁਰ, ਨਨਹੇੜੀ ਆਦਿ ਥਾਵਾਂ ’ਤੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਮਹਾਰਾਜ ਸੈਫ਼ਾਬਾਦ, ਇਕ ਮੁਸਲਮਾਨ ਸ਼ਰਧਾਲੂ ਸੈਫ਼ ਅਲੀ ਖ਼ਾਂ ਦੇ ਘਰ ਜਾ ਟਿਕੇ। ਇਥੇ ਮਹਾਰਾਜ ਕਈ ਦਿਨ ਰਹੇ। ਸੋ ਸੁਣ ਕੇ ਇਥੇ ਹੀ ਸੰਗਤਾਂ ਇਕੱਠੀਆਂ ਹੋਣ ਲੱਗ ਪਈਆਂ। ਸੈਫ਼ ਅਲੀ ਖਾਂ ਗੁਰਦੇਵ ਦੀ ਤੇ ਸੰਗਤਾਂ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਕਰਦਾ।

ਓਥੋਂ ਵਿਦਿਆ ਹੋ ਕੇ ਗੁਰਦੇਵ ਪਟਿਆਲਾ, ਕਾਇਮਪੁਰ ਆਦਿ ਥਾਵਾਂ ’ਤੇ ਇਕ-ਇਕ, ਦੋ-ਦੋ ਦਿਨ ਬਿਸਰਾਮ ਕਰਦੇ ਹੋਏ ਸਮਾਣੇ ਜਾ ਉਤਰੇ। ਓਥੋਂ ਦਾ ਨਾਮਵਰ ਚੌਧਰੀ ਮੁਹੰਮਦ ਬਖ਼ਸ਼ ਗੁਰੂ ਜੀ ਦਾ ਸ਼ਰਧਾਲੂ ਸੀ। ਅਸਲ ਵਿਚ ਓਸੇ ਦੇ ਪ੍ਰੇਮ ਕਰ ਕੇ ਮਹਾਰਾਜ ਸਮਾਣੇ ਗਏ ਸਨ।

ਸਿਰਫ਼ ਸਿੱਖ ਜਾਂ ਹਿੰਦੂ ਹੀ ਨਹੀਂ, ਕਈ ਖੁੱਲ੍ਹੇ ਦਿਲ ਵਾਲੇ ਮੁਸਲਮਾਨ ਵੀ ਗੁਰੂ ਜੀ ਦੇ ਸ਼ਰਧਾਲੂ ਸਨ ਤੇ ਮੁਸਲਮਾਨਾਂ ਵਿਚ ਗੁਰੂ ਜੀ ਦਾ ਅਸਰ-ਰਸੂਖ਼ ਔਰੰਗਜ਼ੇਬ ਨੂੰ ਵਧੇਰੇ ਰੜਕਦਾ ਸੀ। ਔਰੰਗਜ਼ੇਬ ਅਜਿਹੀ ਤੁਅੱਸਬ ਵਾਲੀ ਨੀਤੀ ਅਖ਼ਤਿਆਰ ਨਾ ਕਰਦਾ, ਤਾਂ ਸਿੱਖ ਧਰਮ, ਮੁਸਲਮਾਨਾਂ ਤੇ ਹਿੰਦੂਆਂ ਵਿਚ ਮਿਲਾਪ ਪੈਦਾ ਕਰਨ ਦਾ ਸਭ ਤੋਂ ਵੱਡਾ ਵਸੀਲਾ ਸਾਬਤ ਹੁੰਦਾ!

ਗੁਰਦੇਵ ਸਮਾਣੇ ਤੋਂ ਤੁਰੇ, ਤਾਂ ਬਹੁਤ ਸਾਰੀਆਂ ਸੰਗਤਾਂ ਨਾਲ ਹੋ ਤੁਰੀਆਂ। ਗੁਰੂ ਜੀ ਨੇ ਸਖ਼ਤ ਹੁਕਮ ਦਿੱਤਾ, “ਵੇਖੋ, ਭਲੇ ਪੁਰਸ਼ੋ! ਗੁਰੂ ਨੂੰ ਮੰਨਣ ਦਾ ਅਰਥ ਹੈ, ਗੁਰੂ ਦਾ ਹੁਕਮ ਮੰਨਣਾ। ਅਸੀਂ ਹੁਕਮ ਦੇਂਦੇ ਹਾਂ ਕਿ ਅਨੰਦਪੁਰੋਂ ਨਾਲ ਤੁਰਨ ਵਾਲੇ ਪੰਜਾਂ ਸਿੱਖਾਂ ਤੋਂ ਬਿਨਾਂ ਹੋਰ ਕੋਈ ਸ਼ਰਧਾਲੂ ਸਾਡੇ ਨਾਲ ਅੱਗੇ ਨਾ ਆਵੇ।”

ਹੁਣ ਹੁਕਮ ਅੱਗੇ ਕੋਈ ਵਿਹਰ ਨਹੀਂ ਸੀ। ਸਭ ਸੰਗਤਾਂ ਅੱਥਰੂ ਵਹਾਉਂਦੀਆਂ ਪਿੱਛੇ ਮੁੜ ਗਈਆਂ। ਦੀਵਾਨ ਮਤੀ ਦਾਸ, ਭਾਈ ਗੁਰਦਿੱਤਾ (ਬਾਬੇ ਬੁੱਢੇ ਕਾ), ਭਾਈ ਦਿਆਲਾ (ਭਾਈ ਮਨੀ ਸਿੰਘ ਦਾ ਚਾਚਾ2) ਭਾਈ ਊਦਾ ਰਠੌੜ ਤੇ ਭਾਈ ਜੈਤਾ (ਪਿੱਛੋਂ ਅੰਮ੍ਰਿਤ ਛਕ ਕੇ ਜੀਵਨ ਸਿੰਘ) ਮਜ਼ਹਬੀ, ਇਹ ਪੰਜ ਸਿੱਖ ਮਹਾਰਾਜ ਦੇ ਨਾਲ ਗਏ। ਸਮਾਣੇ ਤੋਂ ਚੱਲ ਕੇ ਕਰਹਾਲੀ, ਚੀਕੇ, ਕੀਰ੍ਹੇ, ਪਹੇਵੇ, ਰਹੇੜੇ, ਲਾਖਣ ਮਾਜਰੇ, ਰੋਹਤਕ ਤੇ ਕਨੌੜ ਆਦਿ ਥਾਵਾਂ ਦੇ ਸ਼ਰਧਾਲੂਆਂ ਨੂੰ ਦਰਸ਼ਨ ਦੇਂਦੇ ਹੋਏ ਮਹਾਰਾਜ ਆਗਰੇ ਜਾ ਪਹੁੰਚੇ।

ਰਸਤੇ ਵਿਚ ਪ੍ਰਚਾਰ

ਅਨੰਦਪੁਰ ਤੋਂ ਚੱਲ ਕੇ ਸਿੱਧੇ ਦਿੱਲੀ ਪਹੁੰਚਣ ਦੀ ਥਾਂ ਏਨਾ ਲੰਮਾ ਚੱਕਰ ਕੱਟਣ ਦਾ ਇਕ ਖ਼ਾਸ ਮੰਤਵ ਸੀ। ਇਹ ਗੱਲ ਸਾਫ਼ ਸੀ ਕਿ ਗੁਰੂ ਮਹਾਰਾਜ ਧਰਮ ਦੀ ਰੱਖਿਆ ਵਾਸਤੇ ਸ਼ਹੀਦ ਹੋਣ ਚੱਲੇ ਹਨ। ਸੰਗਤਾਂ ਵੀ ਇਸ ਮਨੋਰਥ ਨੂੰ ਸਮਝਦੀਆਂ ਸਨ। ਮਹਾਰਾਜ ਵੱਧ ਤੋਂ ਵੱਧ ਇਲਾਕੇ ਵਿਚ ਇਸ ਗੱਲ ਦਾ ਪ੍ਰਚਾਰ ਕਰ ਕੇ ਲੋਕ-ਰਾਏ ਆਪਣੇ ਹੱਕ ਵਿਚ ਕਰਨਾ ਚਾਹੁੰਦੇ ਸਨ। ਹਜ਼ੂਰ ਥਾਂ-ਥਾਂ ਇੱਕੋ ਸਿਧਾਂਤ ਦਾ ਪ੍ਰਚਾਰ ਕਰਦੇ ਜਾਂਦੇ, ‘ਬਾਦਸ਼ਾਹ ਦਾ ਧਰਮ ਹੈ, ਪਰਜਾ ਦੀ ਰੱਖਿਆ ਕਰਨਾ, ਦੋਸ਼ੀਆਂ ਨੂੰ ਸਜ਼ਾ ਦੇਣਾ, ਮਾੜਿਆਂ ਨਾਲ ਇਨਸਾਫ਼ ਕਰਨਾ। ਰੱਖਿਆ ਦਾ ਅਰਥ ਹੈ, ਹਰ ਪੱਖ ਤੋਂ ਰੱਖਿਆ ਕਰਨਾ। ਜਿੱਥੇ ਪਰਜਾ ਦੇ ਮਾਲ-ਧਨ, ਇੱਜ਼ਤ, ਅਮਨ ਦੀ ਰੱਖਿਆ ਜ਼ਰੂਰੀ ਹੈ, ਓਥੇ ਲੋਕਾਂ ਦੇ ਧਰਮ ਦੀ ਰੱਖਿਆ ਕਰਨਾ ਵੀ ਬਾਦਸ਼ਾਹ ਦਾ ਫ਼ਰਜ਼ ਹੈ। ਸਰਕਾਰ ਨੂੰ ਸਦਾ ਧਰਮ-ਨਿਰਪੱਖ ਹੋਣਾ ਚਾਹੀਦਾ ਹੈ। ਕਿਸੇ ਇਕ ਮਜ਼ਹਬ, ਇਕ ਫ਼ਿਰਕੇ, ਇਕ ਜਾਤੀ ਜਾਂ ਬਿਰਾਦਰੀ ਨਾਲ ਰਿਆਇਤ ਜਾਂ ਵਿਤਕਰਾ ਕਰਨ ਦੀ ਨੀਤੀ ਬਾਦਸ਼ਾਹ ਨੂੰ ਬੇਇਨਸਾਫ਼ ਬਣਾ ਦਿੰਦੀ ਹੈ। ਬੇਇਨਸਾਫ਼ ਹੁਕਮਰਾਨ ਨਾ ਲੋਕਾਂ ਦਾ ਪਿਆਰ ਪ੍ਰਾਪਤ ਕਰ ਸਕਦਾ ਹੈ, ਨਾ ਖ਼ੁਦਾ ਦਾ।

‘ਸ਼ੁਭ ਕਰਮਾਂ ਦੁਆਰਾ ਖ਼ੁਦਾ ਦੀ ਪ੍ਰਾਪਤੀ ਦਾ ਨਾਮ ਹੀ ਧਰਮ ਹੈ। ਹਿੰਦੂ ਧਰਮ, ਮੁਸਲਮਾਨ ਮਜ਼ਹਬ, ਬੁੱਧ ਮੱਤ, ਸਿੱਖ ਧਰਮ, ਇਹ ਤਾਂ ਵੱਖ-ਵੱਖ ਰਸਤੇ ਹਨ ਪਰਮਾਤਮਾ ਤਕ ਪਹੁੰਚਣ ਦੇ। ਹਰ ਕੋਈ ਆਪਣੇ ਰਸਤੇ ਜਾਂ ਧਰਮ ਨੂੰ ਸ੍ਰੇਸ਼ਟ ਮੰਨਦਾ ਹੈ। ਸਾਡੀ ਰਾਏ ਅਨੁਸਾਰ ਹਰ ਇਕ ਨੂੰ ਐਸਾ ਸਮਝਣ ਦਾ ਹੱਕ ਹੈ। ਧਰਮ ਇਕ ਨਿੱਜੀ ਮਸਲਾ ਹੈ। ਕਿਸੇ ਨੂੰ ਦੂਸਰੇ ਦੇ ਧਰਮ ਵਿਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ। ਬਾਦਸ਼ਾਹ ਕੋਲ ਵੀ ਅਸੀਂ ਇਹ ਨਿਸ਼ਾਨਾ ਲੈ ਕੇ ਜਾ ਰਹੇ ਹਾਂ। ਉਹ ਸਾਰੇ ਲੋਕਾਂ ਦਾ ਸਾਂਝਾ ਹੈ। ਕਿਸੇ ਦੇ ਧਰਮ ਵਿਚ ਦਖ਼ਲ ਦੇਣ ਦਾ ਨਾ ਉਹਨੂੰ ਹੱਕ ਹੈ ਤੇ ਨਾ ਹੀ ਐਸਾ ਕਰਨਾ ਉਸ ਨੂੰ ਸ਼ੋਭਾ ਦੇਂਦਾ ਹੈ।

‘ਸਾਡੇ ਵਾਸਤੇ ਹਿੰਦੂ, ਮੁਸਲਮਾਨ, ਸਾਰੇ ਇੱਕੋ ਜਿਹੇ ਹਨ। ਅਸੀਂ ਚਾਹੁੰਦੇ ਹਾਂ, ਨਾ ਹਿੰਦੂ ਮੁਸਲਮਾਨਾਂ ਦੇ ਮਜ਼ਹਬ ਵਿਚ ਦਖ਼ਲ ਦੇਣ, ਨਾ ਮੁਸਲਮਾਨ ਹਿੰਦੂਆਂ ਦੇ ਧਰਮ ਵਿਚ। ਸਾਰੇ ਆਪੋ-ਆਪਣੇ ਅਕੀਦੇ ਮੁਤਾਬਕ ਉਸ ਸਰਬ ਸ਼ਕਤੀਮਾਨ ਦੀ ਉਪਾਸਨਾ ਕਰਨ।’

ਇਨ੍ਹਾਂ ਵਿਚਾਰਾਂ ਦਾ ਸਾਫ਼-ਦਿਲ ਲੋਕਾਂ ਉੱਤੇ ਅਸਰ ਵੀ ਕਾਫ਼ੀ ਪੈਂਦਾ ਸੀ। ਇਸ ਕਰ ਕੇ ਜਿਥੇ ਹੀ ਮਹਾਰਾਜ ਗਏ, ਹਿੰਦੂ ਮੁਸਲਮਾਨ, ਸਭ ਨੇ ਮਹਾਰਾਜ ਦਾ ਸਤਿਕਾਰ ਕੀਤਾ। ਆਪਣੇ ਸਰਬ-ਸਾਂਝੇ ਸਿਧਾਂਤਾਂ ਦਾ ਪ੍ਰਚਾਰ ਕਰਨਾ ਹੀ ਗੁਰਦੇਵ ਦਾ ਮਨੋਰਥ ਸੀ। ਸੋ, ਮਹਾਰਾਜ ਨੇ ਰਾਹ ਵਿਚ ਵੱਧ ਤੋਂ ਵੱਧ ਸਮਾਂ ਲਾਇਆ।

ਆਗਰੇ ਪਹੁੰਚਣ ਦਾ ਇਕ ਖ਼ਾਸ ਕਾਰਨ ਵੀ ਸੀ। ਰਸਤੇ ਵਿਚ ਮਹਾਰਾਜ ਨੂੰ ਖ਼ਬਰ ਮਿਲੀ ਕਿ ਬਾਦਸ਼ਾਹ ਆਗਰੇ ਹੈ। ਗੁਰਦੇਵ ਦਿੱਲੀ ਤੋਂ ਪਾਸੇ-ਪਾਸੇ ਆਗਰੇ ਜਾ ਪਹੁੰਚੇ। ਉਸ ਸਮੇਂ ਦਿੱਲੀ ਤੇ ਆਗਰਾ ਦੋਹਾਂ ਸ਼ਹਿਰਾਂ ਵਿਚ ਰਾਜਧਾਨੀ ਸੀ। ਕਦੇ ਬਾਦਸ਼ਾਹ ਦਿੱਲੀ ਰਹਿੰਦਾ ਸੀ, ਕਦੇ ਆਗਰੇ।

ਧੀਰਮੱਲ ਤੇ ਰਾਮ ਰਾਏ

ਗੁਰਦੇਵ ਦੀ ਸ਼ਹੀਦੀ ਵਿਚ ਉਨ੍ਹਾਂ ਦੇ ‘ਆਪਣਿਆਂ’ (ਧੀਰਮੱਲ, ਹਰਿਜੀ ਤੇ ਰਾਮ ਰਾਏ) ਦਾ ਵੀ ਹੱਥ ਸੀ। ਰਾਮ ਰਾਏ ਦਾ ਔਰੰਗਜ਼ੇਬ ਨਾਲ ਕਾਫ਼ੀ ਨੇੜ ਸੀ। ਬਾਦਸ਼ਾਹ ਵੱਲੋਂ ਰਾਮ ਰਾਏ ਨੂੰ ਡੇਹਰਾਦੂਨ ਵਿਚ ਜਾਗੀਰ ਵੀ ਮਿਲੀ ਹੋਈ ਸੀ। ਸ੍ਰੀ ਗੁਰੁ ਹਰਿ ਰਾਇ ਸਾਹਿਬ ਦਾ ਵੱਡਾ ਪੁੱਤਰ ਹੋਣ ਦੇ ਨਾਤੇ ਰਾਮ ਰਾਏ ਗੁਰਗੱਦੀ ਉੱਤੇ ਆਪਣਾ ਹੱਕ ਸਮਝਦਾ ਸੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵਿਰੁੱਧ ਉਸ ਨੇ ਬਾਦਸ਼ਾਹ ਪਾਸ ਦਾਅਵਾ ਵੀ ਕੀਤਾ ਸੀ। ਹੁਣ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਵਿਰੁੱਧ ਵੀ ਉਸ ਨੇ ਬਾਦਸ਼ਾਹ ਪਾਸ ਅਪੀਲ ਕੀਤੀ। ਕਸ਼ਮੀਰੀ ਪੰਡਤਾਂ ਦੇ ਮੇਜਰਨਾਵੇਂ ਦੀ ਖ਼ਬਰ ਸੁਣ ਕੇ ਵੀ ਉਹਨੇ ਗੁਰੂ ਮਹਾਰਾਜ ਦੇ ਵਿਰੁੱਧ ਜ਼ਹਿਰ ਉਗਲਿਆ।

ਰਾਮ ਰਾਏ ਕਹਿੰਦਾ, “ਇਹ ਸਭ ਕੁਝ ਗੁਰੂ ਤੇਗ਼ ਬਹਾਦਰ ਹਿੰਦੂਆਂ ਦਾ ਲੀਡਰ ਬਣ ਕੇ ਰਾਜਸੀ ਤਾਕਤ ਹਾਸਲ ਕਰਨ ਵਾਸਤੇ ਕਰ ਰਿਹਾ ਹੈ। ਨਹੀਂ ਤਾਂ ਗੁਰੂ ਨਾਨਕ ਦੇ ਮੱਤ ਅਨੁਸਾਰ ਸਾਡੇ ਵਾਸਤੇ ਹਿੰਦੂ ਮੁਸਲਮਾਨ ਬਰਾਬਰ ਹਨ। ਸਾਨੂੰ ਦੋਹਾਂ ਦੇ ਆਪਸੀ ਝਗੜੇ ਨਾਲ ਕੋਈ ਵਾਸਤਾ ਨਹੀਂ।”

ਅਹਿਦੀਏ ਅਨੰਦਪੁਰ ਗਏ ਤੇ ਖ਼ਾਲੀ ਵਾਪਸ ਆ ਗਏ। ਰਾਮ ਰਾਏ ਨੂੰ ਫਿਰ ਮੌਕਾ ਮਿਲ ਗਿਆ ਬਾਦਸ਼ਾਹ ਨੂੰ ਭੜਕਾਉਣ ਦਾ। ਰਾਮ ਰਾਏ ਕਹਿੰਦਾ, “ਜੋ ਆਪਣੇ ਆਪ ਨੂੰ ‘ਸੱਚਾ ਪਾਤਸ਼ਾਹ’ ਅਖਵਾਉਂਦਾ ਹੈ, ਉਹ ਬਾਦਸ਼ਾਹ ਦੇ ਸੱਦੇ ’ਤੇ ਕਦੋਂ ਹਾਜ਼ਰ ਹੋਣ ਲੱਗਾ ਹੈ? ਉਹਨੇ ਆਉਣਾ ਹੁੰਦਾ, ਤਾਂ ਉਹ ਅਹਿਦੀਆਂ ਦੇ ਨਾਲ ਆ ਜਾਂਦਾ।”

ਦੁਬਾਰਾ ਅਹਿਦੀਏ ਭੇਜੇ

ਕੁਝ ਸਮਾਂ ਉਡੀਕ ਕੇ ਬਾਦਸ਼ਾਹ ਨੇ ਦੁਬਾਰਾ ਅਹਿਦੀਏ ਭੇਜੇ, ਪਰ ਕੁਝ ਸਖ਼ਤ ਹੁਕਮ ਦੇ ਕੇ। ਅਹਿਦੀਏ ਅਨੰਦਪੁਰ ਤੇ ਅੰਮ੍ਰਿਤਸਰ ਭਾਲ ਕੇ ਮੁੜ ਗਏ। ਹੁਣ ਵਿਰੋਧੀਆਂ ਦੀ ਵਧੇਰੇ ਚੜ੍ਹ ਮੱਚੀ। ਰਾਮ ਰਾਏ ਤੇ ਸਭ ਦਰਬਾਰੀ ਮੌਲਵੀਆਂ ਨੇ ਇਕ ਆਵਾਜ਼ ਕਿਹਾ, “ਗੁਰੂ ਭਗੌੜਾ ਹੋ ਗਿਆ ਹੈ। ਪੰਜਾਬ ਦੇ ਜੱਟਾਂ ਤੇ ਰਾਜਪੂਤਾਨੇ ਦੇ ਰਾਜਪੂਤਾਂ ਉੱਤੇ ਗੁਰੂ ਮਹਾਰਾਜ ਦਾ ਬਹੁਤ ਅਸਰ ਹੈ। ਇਥੇ ਹੀ ਬਸ ਨਹੀਂ, ਸਾਰੇ ਉੱਤਰੀ ਹਿੰਦੁਸਤਾਨ ਦੇ ਹਿੰਦੂ ਗੁਰੂ ਮਹਾਰਾਜ ਦੇ ਹੁਕਮ ਉੱਤੇ ਜਾਨ ਦੇਂਦੇ ਹਨ। ਫਿਰ ਹੁਣ ਜਦ ਉਹਨੇ ਹਿੰਦੂਆਂ ਦੇ ਧਰਮ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ, ਤਾਂ ਹਿੰਦੂ ਵਧੇਰੇ ਉਸ ਦੇ ਹੁਕਮ ਵਿਚ ਚੱਲਣ ਲਈ ਤਿਆਰ ਹੋ ਜਾਣਗੇ। ਗੁਰੂ ਇਸ ਵਾਸਤੇ ਲੁਕ ਗਿਆ ਹੈ ਕਿ ਉਹ ਤਾਕਤ ਇਕੱਠੀ ਕਰ ਕੇ ਬਾਦਸ਼ਾਹ ਦੇ ਵਿਰੁੱਧ ਬਗ਼ਾਵਤ ਕਰਾ ਸਕੇ। ਐਸਾ ਨਾ ਹੁੰਦਾ, ਤਾਂ ਗੁਰੂ ਕੀਤੇ ਹੋਏ ਵਾਅਦੇ ਅਨੁਸਾਰ ਹੁਣ ਤਕ ਹਾਜ਼ਰ ਹੋ ਜਾਂਦਾ।”

ਗੁਰੂ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ

ਔਰੰਗਜ਼ੇਬ ਦੇ ਮਨ ਵਿਚ ਕੁਝ ਹੋਰ ਹੀ ਸੀ। ਉਹ ਇਸਲਾਮੀ ਦੁਨੀਆਂ ਵਿਚ ਵੱਡਾ ਬਣਨ ਵਾਸਤੇ, ਹਰ ਗ਼ੈਰ-ਮੁਸਲਮਾਨ ਉੱਤੇ ਹਰ ਕਿਸਮ ਦਾ ਜ਼ੁਲਮ ਕਰਨ ਲਈ ਤਿਆਰ ਸੀ। ਉਹ ਸਖ਼ਤ ਕਿਸਮ ਦਾ ਕੱਟੜਪੰਥੀ (ਤੁਅੱਸਬੀ) ਸੀ। ਕਿਸੇ ਨੇਕ ਤੋਂ ਨੇਕ ਇਨਸਾਨ ਵਾਸਤੇ ਵੀ ਉਹਦੇ ਦਿਲ ਵਿਚ ਸਤਿਕਾਰ ਜਾਂ ਰਹਿਮ ਨਹੀਂ ਸੀ। ਦਰਬਾਰੀਆਂ ਦੀ ਸਲਾਹ ਉਹਦੇ ਹੱਕ ਵਿਚ ਸੀ। ਉਹਨੇ ਗੁਰੂ ਮਹਾਰਾਜ ਨੂੰ ਸ਼ਾਹੀ ਭਗੌੜਾ ਕਰਾਰ ਦੇ ਕੇ ਗ੍ਰਿਫ਼ਤਾਰੀ ਦਾ ਐਲਾਨ ਕਰ ਦਿੱਤਾ। ਇਹ ਹੁਕਮ ਸਾਰੇ ਦੇਸ਼ ਵਿਚ ਆਹਲਾ ਅਫ਼ਸਰਾਂ ਨੂੰ ਭੇਜ ਦਿੱਤਾ ਗਿਆ। ਉਨ੍ਹਾਂ ਅੱਗੇ ਆਪਣੇ-ਆਪਣੇ ਹਲਕੇ ਵਿਚ ਢੰਢੋਰਾ ਕਰ ਦਿੱਤਾ।

ਗੁਰੂ ਜੀ ਆਗਰੇ ਵਿਚ ਗ੍ਰਿਫ਼ਤਾਰ

ਗੁਰੂ ਮਹਾਰਾਜ ਪਾਸ ਇਹ ਸਾਰੀਆਂ ਖ਼ਬਰਾਂ ਆਗਰੇ ਪਹੁੰਚੀਆਂ। ਗੁਰਦੇਵ ਨੇ ਸਾਥੀ ਸਿੱਖਾਂ ਨਾਲ ਸਲਾਹ ਕਰ ਕੇ ਆਪਣੇ-ਆਪ ਨੂੰ ਸਰਕਾਰ ਦੇ ਹਵਾਲੇ ਕਰਨ ਦਾ ਫੈਸਲਾ ਕਰ ਲਿਆ। ਹਜ਼ੂਰ ਨੂੰ ਪਸੰਦ ਨਹੀਂ ਸੀ ਕਿ ਉਨ੍ਹਾਂ ਦੇ ਵਿਰੋਧੀਆਂ ਦੇ ਦਿਲ ਵਿਚ ਵੀ ਅਜਿਹਾ ਖਿਆਲ ਪੈਦਾ ਹੋਵੇ ਕਿ ਗੁਰੂ ਮਹਾਰਾਜ ਕਿਸੇ ਭੈਅ ਕਾਰਨ ਲੁਕੇ ਫਿਰਦੇ ਹਨ। ਗੁਰਦੇਵ ਇਕ ਬਾਗ਼ ਵਿਚ ਬੈਠੇ ਸਨ। ਮਹਾਰਾਜ ਨੇ ਇਕ ਅਯਾਲੀ ਨੂੰ ਹੀਰੇ- ਜੜੀ ਮੁੰਦਰੀ ਤੇ ਪਸ਼ਮੀਨੇ ਦਾ ਦੁਸ਼ਾਲਾ ਦੇ ਕੇ ਹਲਵਾਈ ਦੀ ਦੁਕਾਨ ਤੋਂ ਮਠਿਆਈ ਲੈਣ ਵਾਸਤੇ ਭੇਜਿਆ। ਇਹ ਇਕ ਬਹਾਨਾ ਸੀ ਸਰਕਾਰੀ ਕਰਮਚਾਰੀਆਂ ਤਕ ਖ਼ਬਰ ਪਹੁੰਚਾਉਣ ਦਾ।

ਹਜ਼ੂਰ ਦੀ ਤਜਵੀਜ਼ ਠੀਕ ਬੈਠੀ। ਹਲਵਾਈ ਨੇ ਕੇਵਲ ਦੋ ਰੁਪਏ ਦੀ ਮਠਿਆਈ ਬਦਲੇ ਹੀਰੇ ਦੀ ਮੁੰਦਰੀ ਦੇਣ ਵਾਲੇ ਉੱਤੇ ਸ਼ੱਕ ਕਰ ਕੇ, ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਅਯਾਲੀ ਨੇ ਸਾਰੀ ਕਹਾਣੀ ਪੁਲੀਸ ਕਰਮਚਾਰੀਆਂ ਨੂੰ ਕਹਿ ਸੁਣਾਈ। ਕਿਲ੍ਹੇ ਦਾ ਦਰੋਗਾ ਦੱਸੀ ਥਾਂ ’ਤੇ ਸਿਪਾਹੀ ਲੈ ਕੇ ਜਾ ਪੁੱਜਾ। ਪੰਜਾਂ ਸਿੱਖਾਂ ਸਮੇਤ ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਕੇ ਉਹਨੇ ਕਿਲ੍ਹੇ ਵਿਚ ਜਾ ਨਜ਼ਰਬੰਦ ਕੀਤਾ।

ਆਗਰੇ ਤੋਂ ਦਿੱਲੀ

ਗੁਰੂ ਜੀ ਦੀ ਗ੍ਰਿਫਤਾਰੀ ਦੀ ਖ਼ਬਰ ਦਿੱਲੀ ਪੁੱਜੀ, ਤਾਂ ਬਾਦਸ਼ਾਹ ਨੇ ਫੌਜਦਾਰ ਸਦਰਦੀਨ ਨੂੰ ਬਾਰਾਂ ਸੌ ਅਸਵਾਰ ਦੇ ਕੇ ਭੇਜਿਆ। ਨਾਲ ਹੀ ਉਸ ਨੂੰ ਹੁਕਮ ਦਿੱਤਾ ਗਿਆ ਕਿ ਉਹ ਗੁਰੂ ਜੀ ਨੂੰ ਲਿਆਉਣ ਲੱਗਾ ਜ਼ਰਾ ਖ਼ਬਰਦਾਰ ਰਹੇ। ਬਾਦਸ਼ਾਹ ਨੂੰ ਖ਼ਤਰਾ ਸੀ ਕਿ ਗੁਰੂ ਜੀ ਨੱਸ ਨਾ ਜਾਣ।3

ਗੁਰੂ ਜੀ ਦਾ ਜਾਟਾਂ ਤੇ ਰਾਜਪੂਤਾਂ ਵਿਚ ਬੜਾ ਅਸਰ-ਰਸੂਖ਼ ਸੀ। ਇਸ ਗੱਲ ਦਾ ਵੀ ਭੈਅ ਸੀ ਕਿ ਉਹ ਲੋਕ ਬਲਵਾ ਕਰ ਕੇ ਗੁਰੂ ਜੀ ਨੂੰ ਛੁਡਾ ਨਾ ਲੈਣ।

ਦਿੱਲੀ ਲਿਆ ਕੇ ਗੁਰੂ ਜੀ ਨੂੰ ਇਕ ਸੁੰਞੀ ਹਵੇਲੀ ਵਿਚ ਭੁੱਖੇ-ਤਿਹਾਏ ਕੈਦ ਰੱਖਿਆ ਗਿਆ। ਮੁਸਲਮਾਨਾਂ ਦਾ ਵਹਿਮ ਸੀ ਕਿ ਉਸ ਹਵੇਲੀ ਵਿਚ ਭੂਤ-ਪ੍ਰੇਤ ਰਹਿੰਦੇ ਹਨ। ਔਰੰਗਜ਼ੇਬ ਆਪਣੇ ਨਾਲ ਮੁਲਾਕਾਤ ਦਾ ਸਮਾਂ ਦੇਣ ਤੋਂ ਪਹਿਲਾਂ ਚਾਹੁੰਦਾ ਸੀ ਕਿ ਗੁਰੂ ਜੀ ਨਾਲ ਕੁਝ ਸਖ਼ਤ ਵਰਤਾਉ ਕੀਤਾ ਜਾਏ, ਤਾਂਕਿ ਗੁਰੂ ਜੀ ਸਮਝ ਲੈਣ ਕਿ ਉਨ੍ਹਾਂ ਨਾਲ ਸਖ਼ਤੀ ਵੀ ਹੋ ਸਕਦੀ ਹੈ।

ਔਰੰਗਜ਼ੇਬ ਨਾਲ ਮੁਲਾਕਾਤ

ਦੋ ਦਿਨ ਪਿੱਛੋਂ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਰਬਾਰ ਵਿਚ ਬੁਲਾਇਆ। ਨੀਤੀਵਾਨ ਬਾਦਸ਼ਾਹ ਗੁਰੂ ਜੀ ਦੇ ਸਾਹਮਣੇ ਬੜੀ ਨਰਮੀ ਨਾਲ ਪੇਸ਼ ਆਇਆ। ਇਹ ਉਸ ਦੀ ਚਲਾਕੀ ਸੀ। ਉਹਨੇ ਬੜੇ ਆਦਰ-ਸਤਿਕਾਰ ਨਾਲ ਗੁਰੂ ਜੀ ਨੂੰ ਆਪਣੇ ਮੁਰਸ਼ਦ ਵਾਲੀ ਚੰਦਨ ਦੀ ਚੌਂਕੀ ਉੱਤੇ ਬਿਠਾਇਆ। ਪਹਿਲਾਂ ਤਾਂ ਬਾਦਸ਼ਾਹ ਨੇ ਆਪਣੇ ਕਰਮਚਾਰੀਆਂ ਵੱਲੋਂ ਭੁੱਲ ਵਿਚ ਹੋਏ ਨਾਵਾਜਬ ਸਲੂਕ ਲਈ ਮੁਆਫ਼ੀ ਮੰਗੀ ਤੇ ਫਿਰ ਆਪਣੀ ਸ਼ਰਧਾ ਪ੍ਰਗਟ ਕਰਨ ਲੱਗ ਪਿਆ, ‘ਹੇ ਵੱਲੀ ਅੱਲਾਹ! ਆਪ ਠੀਕ ਹੀ ਇਕ ਮਹਾਨ ਪੁਰਸ਼ ਹੋ। ਦੇਸ਼ ਦੇ ਸਾਰੇ ਹਿੰਦੂ ਆਪ ਜੀ ਨੂੰ ਗੁਰੂ ਮੰਨਦੇ ਹਨ। ਆਪ ਬਾਬਾ ਨਾਨਕ ਦੇ ਗੱਦੀ-ਨਸ਼ੀਨ ਹੋ। ਮੈਂ, ਬਾਬੇ ਨਾਨਕ ਦੇ ਸੇਵਕ ਬਾਬਰ ਦੀ ਔਲਾਦ ਹਾਂ। ਇਹ ਮੇਰੀ ਹਜ਼ੂਰ ਵਾਸਤੇ ਅਕੀਦਤ ਹੈ ਕਿ ਮੈਂ ਆਪ ਜੀ ਨੂੰ ਆਪਣੇ ਮੁਰਸ਼ਦ ਦੀ ਗੱਦੀ ਉੱਤੇ ਬਿਠਾਇਆ ਹੈ। ਮੇਰੀ ਖ਼ਾਹਸ਼ ਹੈ ਕਿ ਆਪ ਹਿੰਦੂਆਂ ਦੇ ਨਾਲ-ਨਾਲ ਮੁਸਲਮਾਨਾਂ ਦੇ ਵੀ ਪੀਰ ਬਣ ਜਾਉ। ਏਸ ਤਰ੍ਹਾਂ ਆਪਣਾ ਸਾਰਿਆਂ ਦਾ ਭਲਾ ਹੈ। ਸਗੋਂ ਸਾਰੇ ਦੇਸ਼ ਦਾ ਭਲਾ ਹੈ। ਮੇਰਾ ਮਤਲਬ ਆਪ ਸਮਝ ਗਏ ਹੋ। ਮੇਰੀ ਖ਼ਾਹਿਸ਼ ਹੈ ਕਿ ਆਪ ਸੱਚਾ ਦੀਨ ਇਸਲਾਮ ਪਰਵਾਨ ਕਰ ਲਵੋ, ਤਾਂ ਸਾਰੇ ਹਿੰਦੂ ਮੁਸਲਮਾਨ ਹੋ ਜਾਣਗੇ। ਫਿਰ ਸਾਰੇ ਦੇਸ਼ ਦਾ ਇੱਕੋ ਮਜ਼ਹਬ ਹੋਵੇਗਾ ਤੇ ਆਪ ਹੋਵੋਗੇ ਸਾਰੇ ਦੇਸ਼, ਸਗੋਂ ਸਾਰੀ ਇਸਲਾਮੀ ਦੁਨੀਆਂ ਦੇ ਪੀਰ। ਮੈਂ ਆਸ ਕਰਦਾ ਹਾਂ ਕਿ ਆਪ ਮੇਰਾ ਹੰਮਾਂ ਨਹੀਂ ਤੋੜੋਗੇ।”

“ਐ ਬਾਦਸ਼ਾਹ!” ਗੁਰਦੇਵ ਨੇ ਬੜੇ ਠਰ੍ਹੰਮੇ ਨਾਲ ਉੱਤਰ ਦਿੱਤਾ, “ਆਪ ਜੋ ਚਾਹੁੰਦੇ ਹੋ, ਅਸਾਂ ਸਮਝ ਲਿਆ ਹੈ। ਹਰ ਇਨਸਾਨ ਆਪਣੀ ਮਰਜ਼ੀ ਦਾ ਬਹੁਤ ਕੁਝ ਚਾਹੁੰਦਾ ਹੈ। ਪਰ ਹੁੰਦਾ ਓਹ ਹੈ, ਜੋ ਅਕਾਲ ਪੁਰਖ ਨੂੰ ਮਨਜ਼ੂਰ ਹੋਵੇ। ਉਹ ਸਾਥੋਂ- ਤੁਹਾਥੋਂ ਬਹੁਤ ਵੱਡਾ ਹੈ। ਆਪਣੀਆਂ ਖ਼ਾਹਿਸ਼ਾਂ ’ਤੇ ਕਾਬੂ ਪਾ ਕੇ ਇਨਸਾਨ ਨੂੰ ਰਜ਼ਾ ਵਿਚ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ। ਹਿੰਦੂ, ਮੁਸਲਮਾਨ, ਸਿੱਖ, ਬੋਧੀ ਸਭ ਓਸੇ ਦੇ ਕੀਤੇ ਹਨ। ਉਸ ਨੂੰ ਨਾ ਭਾਵੇ, ਤਾਂ ਕੋਈ ਇਕ ਪਲ ਨਾ ਰਹਿ ਸਕੇ। ਜੇ ਉਸ ਨੂੰ ਇਹ ਮਨਜ਼ੂਰ ਹੁੰਦਾ ਕਿ ਸਭ ਲੋਕ ਇੱਕੋ ਮਜ਼ਹਬ ਨੂੰ ਮੰਨਣ ਵਾਲੇ ਹੋਣ, ਤਾਂ ਸ਼ੁਰੂ ਤੋਂ ਹੀ ਇੱਕੋ ਮਜ਼ਹਬ ਹੁੰਦਾ! ਦੂਸਰਾ ਕੋਈ ਧਰਮ ਵਜੂਦ ਵਿਚ ਹੀ ਨਾ ਆਉਂਦਾ! ਅਸਲ ਵਿਚ ਮਜ਼ਹਬ ਤਾਂ ਇਕ ਰਸਤਾ ਹੈ, ਪੱਥ ਹੈ, ਉਸ ਸਰਬ ਸ਼ਕਤੀਮਾਨ ਦੇ ਦਰਬਾਰ ਤਕ ਪਹੁੰਚਣ ਦਾ। ਤੇ ਹਰ ਇਕ ਨੂੰ ਆਪਣਾ-ਆਪਣਾ ਰਸਤਾ ਭਾਵ ਪੰਥ ਪਿਆਰਾ ਲੱਗਦਾ ਹੈ। ਰੱਬ ਦੂਸਰੇ ਦੇ ਰਾਹ ਵਿਚ ਰੁਕਾਵਟ ਪਾਉਣ ਨਾਲ ਖੁਸ਼ ਨਹੀਂ ਹੁੰਦਾ, ਸਗੋਂ ਦੂਸਰੇ ਦੇ ਖਿਆਲਾਂ ਨੂੰ ਬਰਦਾਸ਼ਤ ਕਰਨ ਵਿਚ ਰਾਜ਼ੀ ਹੈ। ਸਾਡੇ ਵਿਚਾਰ ਅਨੁਸਾਰ ਹਰ ਇਕ ਨੂੰ ਆਪਣੇ-ਆਪਣੇ ਨਿਸ਼ਚੇ ਮੁਤਾਬਕ ਉਸ ਦੀ ਅਰਾਧਨਾ ਕਰਨ ਦਾ ਹੱਕ ਹੈ। ਬਾਦਸ਼ਾਹ ਪਰਜਾ ਦਾ ਪਿਤਾ ਹੁੰਦਾ ਹੈ। ਉਸ ਨੂੰ ਆਪਣੇ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਹੈ, ਸਭ ਨੂੰ ਇੱਕੋ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ। ਅਸੀਂ ਤੁਹਾਡੇ ਪਾਸ ਵੀ ਇਹੋ ਆਸ ਲੈ ਕੇ ਆਏ ਹਾਂ। ਆਪ ਦੇਸ਼ ਦੇ ਬਾਦਸ਼ਾਹ ਹੋ। ਹਿੰਦੂ, ਮੁਸਲਮਾਨ, ਸਭ ਤੁਹਾਡੀ ਪਰਜਾ ਹਨ। ਆਪ ਨੂੰ ਚਾਹੀਦਾ ਹੈ, ਸਭ ਨੂੰ ਇੱਕੋ ਜਿਹਾ ਸਮਝੋ। ਕਿਸੇ ਨਾਲ ਵੀ ਧੱਕਾ ਜਾਂ ਵਿਤਕਰਾ ਸ਼ੋਭਾ ਨਹੀਂ ਦਿੰਦਾ। ਜਿਵੇਂ ਮੁਸਲਮਾਨ ਨੂੰ ਆਪਣੇ ਅਸੂਲਾਂ ਮੁਤਾਬਕ ਖ਼ੁਦਾ ਦੀ ਪ੍ਰਸਤਸ਼ ਕਰਨ ਦਾ ਹੱਕ ਹੈ, ਉਸੇ ਤਰ੍ਹਾਂ ਹਿੰਦੂ ਨੂੰ ਵੀ ਆਪਣੀ ਸ਼ਰਧਾ ਅਨੁਸਾਰ ਭਗਵਾਨ ਦੀ ਪੂਜਾ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ।”

“ਮਹਾਰਾਜ!” ਬਾਦਸ਼ਾਹ ਨੇ ਰਾਹੋਂ ਗੱਲ ਟੋਕ ਕੇ ਕਿਹਾ, “ਆਪ ਹਿੰਦੂ ਨਹੀਂ ਹੋ। ਨਾ ਆਪ ਤਿਲਕ ਲਗਾਉਂਦੇ ਹੋ, ਨਾ ਜਨੇਊ ਪਹਿਨਦੇ ਹੋ। ਨਾ ਹੀ ਆਪ ਉਨ੍ਹਾਂ ਵਾਂਗ ਵਰਣ ਆਸ਼ਰਮ, ਜਾਤ-ਪਾਤ ਮੰਨਦੇ ਹੋ, ਨਾ ਬੁੱਤ ਪੂਜਦੇ ਹੋ। ਆਪ ਤਾਂ ਇਕ ਨਿਰੰਕਾਰ ਦੇ ਪੁਜਾਰੀ ਹੋ, ਤੌਹੀਦਪ੍ਰਸਤ। ਫਿਰ ਆਪ ਪੱਥਰ-ਪੂਜ ਹਿੰਦੂਆਂ ਦੀ ਸਿਫ਼ਾਰਿਸ਼ ਕਿਉਂ ਕਰਦੇ ਹੋ?”

“ਠੀਕ ਹੈ। ਨਾ ਅਸੀਂ ਬੁੱਤ ਪੂਜਦੇ ਹਾਂ, ਨਾ ਤਿਲਕ-ਜੰਞੂ ਦੇ ਧਾਰਨੀ ਹਾਂ। ਪਰ ਅਸੀਂ ਕਹਿੰਦੇ ਹਾਂ ਕਿ ਜਿਵੇਂ ਮੋਮਨ ਨੂੰ ਸੰਗਿ-ਅਸਵਦ ਨਾਲ ਅਕੀਦਤ ਹੈ, ਓਸੇ ਤਰ੍ਹਾਂ ਹਿੰਦੂ ਨੂੰ ਆਪਣੇ ਠਾਕਰਾਂ ਵਿਚ ਸ਼ਰਧਾ ਹੈ। ਦੂਸਰਾ, ਦੂਸਰੇ ਦੀ ਸ਼ਰਧਾ ਵਿਚ ਕਿਉਂ ਦਖ਼ਲ ਦੇਵੇ? ਸਾਡੀ ਰਾਏ ਅਨੁਸਾਰ ਧਰਮ ਦੇ ਮਸਲੇ ਵਿਚ ਹਰ ਇਕ ਨੂੰ ਆਜ਼ਦੀ ਹੋਣੀ ਚਾਹੀਦੀ ਹੈ। ਧਰਮ ਇਨਸਾਨ ਦੀ ਨਿੱਜੀ ਵਸਤੂ ਹੈ। ਇਸ ਦਾ ਸੰਬੰਧ ਸਰੀਰ ਨਾਲੋਂ ਵਧੇਰੇ ਆਤਮਾ ਨਾਲ ਹੈ। ਧੱਕੇ ਨਾਲ ਕਿਸੇ ਦਾ ਧਰਮ ਖੋਹਣਾ ਇਨਸਾਫ਼ ਨਹੀਂ। ਪ੍ਰਚਾਰ ਤੇ ਪਿਆਰ ਨਾਲ ਕਿਸੇ ਨੂੰ ਆਪਣੇ ਮਜ਼ਹਬ ਵਿਚ ਲੈ ਆਉਣਾ ਮਾੜਾ ਨਹੀਂ, ਪਰ ਤਲਵਾਰ ਦੇ ਜ਼ੋਰ ਕਿਸੇ ਦਾ ਧਰਮ ਖੋਹਣਾ ਪਾਪ ਹੈ। ਪਾਪ ਕਦੇ ਵੀ ਰੱਬ ਨੂੰ ਨਹੀਂ ਭਾਉਂਦਾ।”

“ਮਹਾਰਾਜ!” ਔਰੰਗਜ਼ੇਬ ਜ਼ਰਾ ਤਲਖ਼ੀ ਨਾਲ ਬੋਲਿਆ। “ਆਪ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਆਪ ਔਰੰਗਜ਼ੇਬ ਆਲਮਗੀਰ ਨਾਲ ਗੱਲ ਕਰ ਰਹੇ ਹੋ। ਖ਼ੁਦਾ ਦੇ ਸੱਚੇ ਮਜ਼ਹਬ ਵਾਸਤੇ ਮੈਂ ਸਭ ਕੁਝ ਕਰਨ ਲਈ ਤਿਆਰ ਹਾਂ। ਆਪ ਝੂਠੇ ਬੁੱਤ-ਪੂਜਾਂ ਦੀ ਤਰਫ਼ਦਾਰੀ ਕਰ ਕੇ ਆਪਣੇ ਵਾਸਤੇ ਮੁਸ਼ਕਲਾਂ ਪੈਦਾ ਕਰ ਰਹੇ ਹੋ। ਆਪ ਵਾਸਤੇ ਹਿੰਦੂ ਮੁਸਲਮਾਨ ਬਰਾਬਰ ਹਨ। ਫਿਰ ਆਪ ਇਕ ਫ਼ਿਰਕੇ ਦੀ ਮਦਦ ’ਤੇ ਕਿਉਂ ਖੜ੍ਹੇ ਹੋ?”

“ਅਸੀਂ ਹਿੰਦੂਆਂ ਦੀ ਮਦਦ ਇਸ ਵਾਸਤੇ ਕਰ ਰਹੇ ਹਾਂ, ਕਿਉਂਕਿ ਉਹ ਕਮਜ਼ੋਰ ਹਨ, ਮਜ਼ਲੂਮ ਹਨ। ਕਦੇ ਮੁਸਲਮਾਨ ਨਿਰਬਲ ਹੁੰਦੇ ਤੇ ਕੋਈ ਜਰਵਾਣਾ ਹਿੰਦੂ ਉਨ੍ਹਾਂ ਉੱਤੇ ਧੱਕਾ ਕਰਦਾ, ਤਾਂ ਅਸੀਂ ਮੁਸਲਮਾਨਾਂ ਦੀ ਵੀ ਇਸੇ ਤਰ੍ਹਾਂ ਮਦਦ ਕਰਦੇ। ਅਸੀਂ ਤਾਂ ਸਿਰਫ਼ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਹਰ ਇਕ ਨੂੰ ਆਪਣੀ ਮਰਜ਼ੀ ਮੁਤਾਬਕ ਰੱਬ ਦੀ ਪੂਜਾ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਸਰਕਾਰ ਨੂੰ ਕਿਸੇ ਦੇ ਧਰਮ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ।”

“ਐ ਹਿੰਦ ਦੇ ਪੀਰ!” ਬਾਦਸ਼ਾਹ ਜ਼ਰਾ ਗੁੱਸੇ ਨਾਲ ਬੋਲਿਆ, “ਸ਼ਹਿਨਸ਼ਾਹ ਸਲਾਮਤ ਕੋਲ ਬੇਫ਼ਾਇਦਾ ਬਹਿਸ ਵਿਚ ਗੁਆਉਣ ਜੋਗਾ ਵਕਤ ਨਹੀਂ। ਸਾਨੂੰ ਮਤਲਬ ਦੀਆਂ ਗੱਲਾਂ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਕਸ਼ਮੀਰ ਦੇ ਪੰਡਤਾਂ ਦਾ ਮੇਜਰਨਾਵਾਂ ਸਾਡੇ ਸਾਹਮਣੇ ਹੈ। ਕੀ ਆਪ ਨੇ ਉਨ੍ਹਾਂ ਨੂੰ ਕੋਈ ਭਰੋਸਾ ਦੁਆਇਆ ਸੀ?”

“ਹਾਂ। ਗੁਰੂ ਨਾਨਕ ਦੇ ਦਰ ’ਤੇ ਆਏ ਕਿਸੇ ਨੂੰ ਵੀ ਨਿਰਾਸ ਨਹੀਂ ਮੋੜਿਆ ਜਾ ਸਕਦਾ। ਬੇ-ਸਹਾਰੇ ਦੀ ਸਹਾਇਤਾ ਕਰਨਾ ਸਾਡਾ ਧਰਮ ਹੈ।”

“ਪਰ ਤੁਸਾਂ ਕਿਸ ਮਾਣ ਉੱਤੇ ਇਹ ਜ਼ਿੰਮੇਵਾਰੀ ਚੁੱਕੀ?”

“ਮਾਣ ਤਾਂ ਸਭ ਨੂੰ ਉਸ ਅਕਾਲ ਪੁਰਖ ਦਾ ਹੈ। ਸਾਡਾ ਵਿਚਾਰ ਸੀ ਕਿ ਆਪ ਇਕ ਇਨਸਾਫ਼ ਵਾਲੀ ਮੰਗ ਪ੍ਰਵਾਨ ਕਰ ਲਵੋਗੇ।”

“ਪਰ ਹੁਣ ਤਾਂ ਤੁਹਾਨੂੰ ਯਕੀਨ ਹੋ ਗਿਆ ਹੋਵੇਗਾ ਕਿ ਤੁਹਾਡੀ ਮੰਗ ਠੁਕਰਾਈ ਗਈ ਹੈ, ਕਿਉਂਕਿ ਉਹ ਇਨਸਾਫ਼ ਵਾਲੀ ਨਹੀਂ।”

“ਠੁਕਰਾਈ ਗਈ ਹੈ, ਪਰ ਇਸ ਨੂੰ ਬੇਇਨਸਾਫ਼ੀ ਵਾਲੀ ਨਹੀਂ ਕਿਹਾ ਜਾ ਸਕਦਾ।”

“ਮਹਾਰਾਜ! ਆਪ ਵਿਦਵਾਨ ਹੋ, ਤੇ ਆਪਣਾ ਨਫ਼ਾ ਨੁਕਸਾਨ ਸੋਚ ਸਕਦੇ ਹੋ। ਹੁਣ ਬਾਦਸ਼ਾਹ ਦਾ ਹੁਕਮ ਸੁਣ ਲਵੋ। ਮੇਜਰਨਾਵੇਂ ਵਿਚ ਲਿਖਿਆ ਹੈ ਕਿ ਹਿੰਦ ਦਾ ਪੀਰ ਮੁਸਲਮਾਨ ਹੋ ਜਾਵੇ, ਤਾਂ ਸਾਰੇ ਹਿੰਦੂ ਮੁਸਲਮਾਨ ਹੋ ਜਾਣਗੇ। ਇਸ ਦਾ ਮਤਲਬ ਕਿ ਇਹ ਸਵਾਲ ਹੁਣ ਸਾਰੇ ਦੇਸ਼ ਦਾ ਬਣ ਗਿਆ ਹੈ। ਸੋ, ਮੇਰੀਆਂ ਤਿੰਨ ਸ਼ਰਤਾਂ ਹਨ: ਆਪ ਇਸਲਾਮ ਪ੍ਰਵਾਨ ਕਰ ਲਵੋ, ਤਾਂ ਕਿ ਸਾਰੇ ਹਿੰਦੂ ਮੁਸਲਮਾਨ ਹੋ ਜਾਣ। ਮੈਂ ਤੁਹਾਨੂੰ ਮੂੰਹ-ਮੰਗੀ ਜਾਗੀਰ ਦੇ ਕੇ ਸਾਰੇ ਇਸਲਾਮ ਦਾ ਪੀਰ ਬਣਾ ਦਿਆਂਗਾ।

ਦੂਸਰੀ ਸ਼ਰਤ:

ਆਪ ਕਰਾਮਾਤ ਵਿਖਾਓ, ਜਿਸ ਤੋਂ ਪਤਾ ਲੱਗ ਸਕੇ ਕਿ ਆਪ ਖ਼ੁਦਾ ਦੇ ਭੇਜੇ ਹੋਏ ਪੈਗ਼ੰਬਰ ਹੋ। ਇਹ ਦੋਵੇਂ ਸ਼ਰਤਾਂ ਮਨਜ਼ੂਰ ਨਹੀਂ, ਤਾਂ ਆਪਣੀ ਜਾਨ ਦੇਣ ਵਾਸਤੇ ਤਿਆਰ ਹੋ ਜਾਓ।”5

“ਬਾਦਸ਼ਾਹ! ਪਹਿਲੀਆਂ ਦੋਵੇਂ ਸ਼ਰਤਾਂ ਪ੍ਰਵਾਨ ਨਹੀਂ। ਅਸੀਂ ਕਿਸੇ ਦੇ ਧਰਮ ਨੂੰ ਬੁਰਾ ਨਹੀਂ ਕਹਿੰਦੇ, ਪਰ ਆਪਣਾ ਧਰਮ ਛੱਡਣ ਵਾਸਤੇ ਕਿਸੇ ਕੀਮਤ ’ਤੇ ਵੀ ਤਿਆਰ ਨਹੀਂ। ਤੇ ਕਰਾਮਾਤ ਵਿਖਾਉਣੀ? ਇਹ ਤਾਂ ਖ਼ੁਦਾ ਦੇ ਹੁਕਮ ਨੂੰ ਅਦੂਲਣ ਦੇ ਬਰਾਬਰ ਹੈ। ਖ਼ੁਦਾ ਦੇ ਬੰਦੇ ਕਰਾਮਾਤਾਂ ਦੇ ਝਮੇਲੇ ਵਿਚ ਨਹੀਂ ਪੈਂਦੇ। ਆਖ਼ਰੀ ਗੱਲ ਰਹੀ ਜਾਨ ਦੇਣ ਦੀ। ਭਲਾ ਇਸ ਗੱਲ ਦੀ ਕੀ ਚਿੰਤਾ? ਸਾਡਾ ਨਿਸ਼ਚਾ ਹੈ:

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥ (ਪੰਨਾ 1429)

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥ (ਪੰਨਾ 1429)

ਸੋ, ਅਸੀਂ ਹਰ ਪ੍ਰੀਖਿਆ ਵਾਸਤੇ ਤਿਆਰ ਹਾਂ।”

“ਐ ਹਿੰਦ ਦੇ ਪੀਰ! ਜ਼ਬਾਨੀ ਐਸਾ ਕਹਿ ਲੈਣਾ ਸੌਖਾ ਹੈ, ਪਰ ਪਤਾ ਲੱਗਦਾ ਹੈ, ਇਮਤਿਹਾਨ ਵਿਚ ਪਿਆਂ। ਜਾਣਦੇ ਹੋ, ਤੁਹਾਡੇ ਨਾਲ ਕਿੰਨੀ-ਕੁ ਸਖ਼ਤੀ ਹੋ ਸਕਦੀ ਹੈ?” ਬਾਦਸ਼ਾਹ ਨੇ ਧਮਕੀ ਭਰੇ ਲਹਿਜ਼ੇ ਵਿਚ ਕਿਹਾ।

“ਹਾਂ, ਚੰਗੀ ਤਰ੍ਹਾਂ ਜਾਣਦੇ ਹਾਂ।” ਗੁਰਦੇਵ ਨੇ ਓਸੇ ਤਰ੍ਹਾਂ ਠਰੰ੍ਹਮੇ ਨਾਲ ਕਿਹਾ। “ਅਨੰਦਪੁਰੋਂ ਤੁਰਨ ਤੋਂ ਪਹਿਲਾਂ ਹੀ ਸਭ ਕੁਝ ਸੋਚ ਲਿਆ ਸੀ। ਸਗੋਂ ਹਰ ਸਖ਼ਤੀ ਸਹਿਣ ਵਾਸਤੇ ਆਪਣੇ-ਆਪ ਨੂੰ ਤਿਆਰ ਕਰ ਲਿਆ ਸੀ। ਅਸੀਂ ਤਿਆਰ ਹਾਂ। ਪਰ ਇਕ ਸ਼ਰਤ ਸਾਡੀ ਵੀ ਹੈ।”
 “ਕਹੋ।”
“ਜੇ ਆਪ ਮਨ-ਚਾਹਿਆ ਜ਼ੁਲਮ ਕਰ ਕੇ ਵੀ ਸਾਡਾ ਧਰਮ ਨਾ ਖੋਹ ਸਕੋ, ਤਾਂ ਨਿਰਬਲ ਹਿੰਦੂਆਂ ਉੱਤੇ ਜ਼ੁਲਮ ਛੱਡ ਦਿਉਗੇ। ਅਸੀਂ ਸਾਰੇ ਮਜ਼ਲੂਮਾਂ ਵੱਲੋਂ ਆਪਣੇ ਆਪ ਨੂੰ ਪੇਸ਼ ਕਰਦੇ ਹਾਂ। ਆਪ ਸਾਰੀ ਤਾਕਤ ਲਾ ਕੇ ਅਜ਼ਮਾ ਲਵੋ।”

ਇਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸਭ ਤੋਂ ਵੱਡੀ ਬਹਾਦਰੀ ਸੀ। ਜਾਂ ਸਮਝੋ, ਧਰਮ ਵੱਲੋਂ ਜ਼ੁਲਮ ਨੂੰ ਇਕ ਵੰਗਾਰ ਸੀ। ਜ਼ੁਲਮ ਤੇ ਸੱਚਾਈ ਦਾ ਘੋਲ, ਭਰਪੂਰ ਟੱਕਰ। ਤੇ ਇਸ ਤਜਰਬੇ ਵਾਸਤੇ ਗੁਰੂ ਮਹਾਰਾਜ ਨੇ ਖੁਸ਼ੀ ਨਾਲ ਆਪਣੇ ਆਪ ਨੂੰ ਪੇਸ਼ ਕੀਤਾ ਸੀ।

ਗੁਰੂ ਜੀ ਜੇਲ੍ਹ ਵਿਚ ਬੰਦ

ਔਰੰਗਜ਼ੇਬ ਵੱਲੋਂ ਗੁਰਦੇਵ ’ਤੇ ਸਖ਼ਤੀ ਸ਼ੁਰੂ ਹੋ ਗਈ। ਹਜ਼ੂਰ ਨੂੰ ਜੇਲ੍ਹ ਵਿਚ ਡੱਕ ਦਿੱਤਾ ਗਿਆ। ਕੁਝ ਸਖ਼ਤ ਸੁਭਾਉ ਦੇ ਕਾਜ਼ੀਆਂ ਨੂੰ ਗੁਰੂ ਜੀ ਦੀ ਨਿਗਰਾਨੀ ਰੱਖਣ ਦਾ ਹੁਕਮ ਦੇ ਦਿੱਤਾ ਗਿਆ। ਦਿੱਲੀ ਦੇ ਸਿੱਖਾਂ ਦਾ ਮਿਲਣਾ ਬੰਦ ਕਰ ਦਿੱਤਾ ਗਿਆ।

ਗੁਰਦੇਵ ਇਸ ਸਖ਼ਤੀ ਨੂੰ ਬੜੇ ਧੀਰਜ ਨਾਲ ਸਹਿ ਰਹੇ ਸਨ। ਨਾ ਉਨ੍ਹਾਂ ਦੀ ਜ਼ਬਾਨ ’ਤੇ ਕਿਸੇ ਦੇ ਵਿਰੁੱਧ ਗਿਲਾ ਸੀ, ਨਾ ਅਫ਼ਸੋਸ। ਮਹਾਰਾਜ ਸ਼ਾਂਤ ਸਨ। ਹਰ ਵੇਲੇ ਆਪ ਬਾਣੀ ਪੜ੍ਹਦੇ ਰਹਿੰਦੇ। ਇਸ ਉੱਚੀ ਅਵਸਥਾ ਦਾ ਅਸਰ ਜੇਲ੍ਹ ਦੇ ਦਰੋਗਾ ਖ੍ਵਾਜਾ ਅਬਦੁੱਲਾ ਤੇ ਉਸ ਦੇ ਮਾਤਹਿਤ ਮੈਮੂੰ ਖਾਂ ਉੱਤੇ ਬਹੁਤ ਪਿਆ। ਦਿਲੋਂ ਉਹ ਗੁਰਦੇਵ ਦੇ ਸ਼ਰਧਾਲੂ ਹੋ ਗਏ। ਜਿੰਨਾ ਹੋ ਸਕਦਾ, ਉਹ ਗੁਰਦੇਵ ਦੀ ਸੇਵਾ ਕਰਦੇ। ਪਰ ਬਾਦਸ਼ਾਹ ਤੇ ਉਹਦੇ ਸੂਹੀਆਂ ਤੋਂ ਡਰਦੇ ਉਹ ਵਧੇਰੇ ਕੁਝ ਨਹੀਂ ਸਨ ਕਰ ਸਕਦੇ।

ਅਨੰਦਪੁਰ ਤੋਂ ਦਿੱਲੀ ਤੇ ਦਿੱਲੀ ਤੋਂ ਅਨੰਦਪੁਰ ਰੋਜ਼ ਖਬਰ ਪਹੁੰਚਦੀ ਸੀ। ਹੁਣ ਚਿੱਠੀਆਂ ਲਿਆਉਣ ਵਾਲੇ ਸਿੱਖਾਂ ਦਾ ਖੁੱਲ੍ਹ-ਮ-ਖੁੱਲ੍ਹਾ ਮਿਲਣਾ ਬੰਦ ਕਰ ਦਿੱਤਾ ਗਿਆ, ਪਰ ਦਰੋਗਾ ਅਬਦੁੱਲਾ ਰਾਹੀਂ ਖ਼ਬਰ ਸਭ ਪਹੁੰਚਦੀ ਰਹਿੰਦੀ ਸੀ।

ਭਾਈ ਮਤੀਦਾਸ ਦੀ ਸ਼ਹੀਦੀ

ਇਕ ਦਿਨ ਭਾਈ ਮਤੀ ਦਾਸ ਨੇ ਬੇਨਤੀ ਕੀਤੀ, “ਸੱਚੇ ਪਾਤਸ਼ਾਹ! ਆਪ ਕਰਨ-ਕਾਰਨ ਸਮਰੱਥ ਹੋ। ਜ਼ਾਲਮ ਬਾਦਸ਼ਾਹ ਕਰਾਮਾਤ ਹੀ ਵੇਖਣਾ ਚਾਹੁੰਦਾ ਹੈ, ਤਾਂ ਆਪ ਅਜਿਹੀ ਕਰਾਮਾਤ ਵਿਖਾਉ ਕਿ ਜ਼ਾਲਮ ਦਾ ਕੁਲ ਨਾਸ਼ ਕਰ ਦਿਓ। ਹਜ਼ਾਰਾਂ ਦੁਖੀ, ਸੁਖ ਦਾ ਸਾਹ ਲੈਣਗੇ।”

“ਮਤੀ ਦਾਸ ਜੀ!” ਮਹਾਰਾਜ ਓਵੇਂ ਧੀਰਜ ਨਾਲ ਬੋਲੇ, “ਤੁਹਾਡੇ ਅੰਦਰ ਬਦਲੇ ਦੀ ਭਾਵਨਾ ਪੈਦਾ ਹੋ ਗਈ ਹੈ। ਸ਼ਾਂਤ ਹੋਵੋ। ਕਿਸੇ ਦਾ ਕੁਲ-ਨਾਸ਼ ਕਰਨਾ ਜਾਂ ਰੱਖਣਾ ਅਕਾਲ ਪੁਰਖ ਦੇ ਵੱਸ ਹੈ। ਆਪਾਂ ਉਹਦੇ ਕੰਮਾਂ ਵਿਚ ਕਿਉਂ ਦਖ਼ਲ ਦੇਈਏ? ਸਾਡਾ ਧਰਮ ਹੈ, ‘ਹੁਕਮਿ ਰਜਾਈ ਚਲਣਾ।’ ਜੋ ਕੁਝ ਹੋ ਰਿਹਾ ਹੈ, ਸਭ ਉਸ ਦੇ ਰੰਗ ਹਨ।”

 ਸੂਹੀਏ ਕਾਜ਼ੀ ਨੇ ਇਹ ਖ਼ਬਰ ਬਾਦਸ਼ਾਹ ਤਕ ਜਾ ਪਹੁੰਚਾਈ। ਬਾਦਸ਼ਾਹ ਨੂੰ ਦਿਲ ਦਾ ਕਹਿਰ ਕੱਢਣ ਦਾ ਮੌਕਾ ਮਿਲ ਗਿਆ। ਅਗਲੇ ਦਿਨ ਉਹਨੇ ਭਾਈ ਮਤੀ ਦਾਸ ਹੋਰਾਂ ਨੂੰ ਦਰਬਾਰ ਵਿਚ ਬੁਲਾ ਲਿਆ। ਭਾਈ ਮਤੀ ਦਾਸ ਕਹੇ ਸ਼ਬਦਾਂ ਤੋਂ ਮੁੱਕਰਿਆ ਨਹੀਂ। ਉਹਨੇ ਬਹਾਦਰਾਂ ਵਾਂਗ ਉੱਤਰ ਦਿੱਤਾ, “ਐ ਔਰੰਗਜ਼ੇਬ! ਮੇਰੇ ਗੁਰਦੇਵ ਸਮਰੱਥ ਹਨ। ਉਹ ਜੋ ਚਾਹੁਣ, ਕਰ ਸਕਦੇ ਹਨ। ਪਰ ਉਹ ਧਰਤੀ ਵਰਗੇ ਧੀਰਜ ਦੇ ਵੀ ਮਾਲਕ ਹਨ। ਉਹ ਸ਼ਾਂਤ ਰਹਿੰਦੇ ਹੋਏ ਸਭ ਕੁਝ ਸਹਾਰਨ ਦੀ ਸ਼ਕਤੀ ਰੱਖਦੇ ਹਨ। ਉਹ ਤੇਰੇ ਹਰ ਤਰ੍ਹਾਂ ਦੇ ਜ਼ੁਲਮ ਸਹਾਰ ਲੈਣਗੇ, ਪਰ ਜ਼ੁਲਮ ਕਰਨ ਵਾਲੇ ਦਾ ਤਾਂ ਨਾਸ਼ ਹੋਵੇਗਾ ਹੀ। ਅਸੀਂ ਆਪਣੇ-ਆਪ ਦੀ ਕੁਰਬਾਨੀ ਦੇਣ ਵਾਸਤੇ ਆਏ ਹਾਂ। ਸੋ ਹਾਜ਼ਰ ਹਾਂ।”

ਸੁਣ ਕੇ ਬਾਦਸ਼ਾਹ ਨੂੰ ਅੱਗ ਲੱਗ ਉੱਠੀ। ਉਹਨੇ ਮੌਤ ਦਾ ਹੁਕਮ ਦੇਂਦਿਆਂ ਮੁਫ਼ਤੀ ਦੀ ਰਾਏ ਪੁੱਛੀ ਕਿ ਅਜਿਹੇ ਬਾਗ਼ੀ ਨੂੰ ਕਿਸ ਮੌਤੇ ਮਾਰਨਾ ਚਾਹੀਦਾ ਹੈ। ਮੁਫ਼ਤੀ ਨੇ ਆਰੇ ਨਾਲ ਚੀਰਨ ਦੀ ਸਲਾਹ ਦਿੱਤੀ। ਇਹ ਸਾਕਾ ਆਮ ਲੋਕਾਂ ਦੇ ਸਾਹਮਣੇ ਕੀਤਾ ਗਿਆ।

ਮੌਤ ਦੇ ਸਬਰ ਦੇ ਦੰਗਲ ਵਾਸਤੇ ਬੰਦੀਖ਼ਾਨੇ ਦੇ ਸਾਹਮਣੇ ਚਾਂਦਨੀ ਚੌਂਕ ਵਿਚ ਖੁੱਲ੍ਹਾ ਥਾਂ ਚੁਣਿਆ ਗਿਆ। ਹਜ਼ਾਰਾਂ ਲੋਕ ਵੇਖਣ ਵਾਸਤੇ ਇਕੱਠੇ ਹੋ ਗਏ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇ ਬਾਕੀ ਸਿੱਖ ਕੈਦੀ ਵੀ ਸਾਹਮਣੇ ਲਿਆਂਦੇ ਗਏ। ਉਦਾਲੇ ਫੌਜ ਦਾ ਸਖ਼ਤ ਪਹਿਰਾ ਸੀ। ਅਜਿਹੇ ਕਾਰੇ ਖੁੱਲ੍ਹੇ-ਆਮ ਇਸ ਵਾਸਤੇ ਕੀਤੇ ਜਾਂਦੇ ਸਨ, ਤਾਂ ਕਿ ਵੇਖਣ ਵਾਲਿਆਂ ਦੇ ਦਿਲਾਂ ’ਤੇ ਸਰਕਾਰ ਦਾ ਭੈਅ ਬਣਿਆ ਰਹੇ। ਸ਼ਖ਼ਸੀ ਹਕੂਮਤਾਂ ਦੇ ਜ਼ਮਾਨੇ ਦੁਨੀਆਂ ਦੇ ਹਰ ਹਿੱਸੇ ਵਿਚ ਅਜਿਹਾ ਕਹਿਰ ਰਿਹਾ ਹੈ।

ਭਾਈ ਮਤੀ ਦਾਸ ਨੂੰ ਲੱਕੜੀ ਦੇ ਦੋ ਫੱਟਿਆਂ ਵਿਚ ਕੱਸ ਕੇ ਬੰਨ੍ਹ ਦਿੱਤਾ ਗਿਆ। ਆਖ਼ਰੀ ਵਾਰ ਉਸ ਨੂੰ ਇਸਲਾਮ ਜਾਂ ਮੌਤ ਵਿੱਚੋਂ ਚੋਣ ਕਰਨ ਵਾਸਤੇ ਕਿਹਾ ਗਿਆ। ਭਾਈ ਮਤੀ ਦਾਸ ਨੇ ਉੱਤਰ ਦਿੱਤਾ, “ਧਰਮ ਵਾਸਤੇ ਸ਼ਹੀਦ ਹੋਣ ਵਾਲੇ ਕਦੇ ਡੋਲੇ ਨਹੀਂ। ਤੁਸੀਂ ਛੇਤੀ ਆਪਣਾ ਕਾਰਜ ਕਰੋ। ਅਜਿਹੀ ਮੌਤ ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦੀ ਹੈ। ਭਲਾ ਮੈਂ ਇਸ ਤੋਂ ਕਿਉਂ ਮੂੰਹ ਮੋੜਾਂ? ਮੈਂ ਤਿਆਰ ਹਾਂ।”

ਦਿਲ ਹਿਲਾ ਦੇਣ ਵਾਲਾ ਸਾਕਾ ਹੋਇਆ। ਜਲਾਦਾਂ ਨੇ ਆਰਾ ਖਿੱਚਣਾ ਸ਼ੁਰੂ ਕੀਤਾ ਤੇ ਸਿੱਖ ਨੇ ‘ਜਪੁਜੀ’ ਸਾਹਿਬ ਦਾ ਪਾਠ। ਖੂਨ ਦੀਆਂ ਧਾਰਾਂ ਵਹਿ ਤੁਰੀਆਂ। ਗੁਰਦੇਵ ਤੇ ਸਿੱਖ ਅਡੋਲ ਸਨ, ਪਰ ਉਦਾਲੇ ਵੇਖਣ ਵਾਲੇ ਕਈ ਆਹੀਂ ਭਰ ਰਹੇ ਸਨ। ਅੱਖਾਂ ਦੇ ਹੰਝੂ ਵਿੱਚੇ-ਵਿੱਚ ਪੀ ਰਹੇ ਸਨ। ਸਰਕਾਰ ਤੋਂ ਡਰਦੇ ਉਹ ਉੱਚੀ ਰੋ ਵੀ ਨਹੀਂ ਸਨ ਸਕਦੇ। ਲੱਕੜ ਦੀ ਗੇਲੀ ਵਾਂਗ ਮਤੀ ਦਾਸ ਨੂੰ ਦੋ-ਫਾੜ ਚੀਰ ਦਿੱਤਾ ਗਿਆ।

ਭਾਈ ਦਿਆਲਾ ਜੀ ਦੀ ਸ਼ਹੀਦੀ

ਇਹ ਕਹਿਰ ਵੇਖ ਕੇ ਭਾਈ ਦਿਆਲਾ ਜੀ ਤੋਂ ਸਹਾਰਿਆ ਨਾ ਗਿਆ। ਉਹ ਰੋਹ ਵਿਚ ਬੋਲ ਉਠੇ, “ਤੁਸਾਂ ਇਕ ਸਿਦਕੀ ਸਿੱਖ ਨੂੰ ਨਹੀਂ ਚੀਰਿਆ, ਮੁਗ਼ਲ ਰਾਜ ਦੀਆਂ ਜੜ੍ਹਾਂ ਚੀਰ ਦਿੱਤੀਆਂ ਹਨ। ਹੁਣ ਇਹ ਰਾਜ ਬਹੁਤਾ ਚਿਰ ਨਹੀਂ ਟਿਕੇਗਾ।”

ਮੁਫ਼ਤੀ ਵੱਲੋਂ ਭਾਈ ਦਿਆਲਾ ਜੀ ਵਾਸਤੇ ਵੀ ਫ਼ਤਵਾ ਸੁਣਾ ਦਿੱਤਾ ਗਿਆ ਜਿਊਂਦੇ-ਜੀਅ ਦੇਗ ਵਿਚ ਉਬਾਲ ਕੇ ਸ਼ਹੀਦ ਕਰਨ ਦਾ। ਅਮਾਨਸਿਕ ਨਿਰਦੈਤਾ। ਸੰਤ ਸਰੂਪ ਭਾਈ ਦਿਆਲਾ ਜੀ ਨੂੰ ਦੇਗ ਵਿਚ ਬਿਠਾ ਕੇ ਉਬਾਲ ਦਿੱਤਾ ਗਿਆ। ਰਿੱਝ-ਰਿੱਝ ਕੇ ਹੱਡੀਆਂ ਨਾਲੋਂ ਮਾਸ ਅਲੱਗ ਹੋ ਗਿਆ। ਪਰ ਸੂਰਮੇ ਸਿੱਖ ਨੇ ਮੂੰਹੋਂ ‘ਸੀਅ’ ਨਹੀਂ ਕੀਤੀ। ਇਹ ਜ਼ੁਲਮ ਵੇਖ ਕੇ ਸਾਰਾ ਸ਼ਹਿਰ ਕੰਬ ਉੱਠਿਆ।

ਗੁਰੂ ਜੀ ਨੂੰ ਧਮਕੀ

ਮੁਫ਼ਤੀ ਨੇ ਮੱਥੇ ’ਤੇ ਤਿਊੜੀ ਪਾ ਕੇ ਗੁਰਦੇਵ ਨੂੰ ਬੜੀ ਧਮਕੀ ਭਰੀ ਸੁਰ ਵਿਚ ਕਿਹਾ, “ਮਹਾਰਾਜ! ਜੋ ਤੁਹਾਡੇ ਸਿੱਖਾਂ ਦਾ ਹਾਲ ਹੋਇਆ ਹੈ, ਤੁਸਾਂ ਵੇਖ ਲਿਆ ਹੈ। ਬਾਦਸ਼ਾਹ ਸਲਾਮਤ ਆਪ ਜੀ ਨੂੰ ਸੋਚਣ ਵਾਸਤੇ ਕੁਝ ਹੋਰ ਸਮਾਂ ਦੇਣਾ ਚਾਹੁੰਦੇ ਹਨ। ਯਾਦ ਰੱਖੋ, ਜਾਂ ਇਸਲਾਮ, ਜਾਂ ਫਿਰ ਇਸ ਤੋਂ ਵੱਧ ਕਸ਼ਟ।”

“ਹੇ ਭਲੇ ਪੁਰਸ਼! ਇਹ ਸਭ ਉਸ ਮਾਲਕ ਦੇ ਹੱਥ ਹੈ। ਸਾਡਾ ਫ਼ਰਜ਼ ਤਾਂ ਉਸ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ।” ਮਹਾਰਾਜ ਓਵੇਂ ਸ਼ਾਂਤ ਸਨ।

ਗੁਰੂ ਜੀ ਨੂੰ ਨੱਸ ਜਾਣ ਦੀ ਸਲਾਹ

ਸਾਰੇ ਸਮਝ ਗਏ ਕਿ ਹੁਣ ਵਾਰੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਹੈ। ਮਹਾਰਾਜ ਨੂੰ ਫਿਰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਅੱਧੀ ਰਾਤ ਦੇ ਕਰੀਬ ਦਰੋਗਾ ਅਬਦੁੱਲਾ ਗੁਰੂ ਜੀ ਦੇ ਹਾਜ਼ਰ ਹੋਇਆ। ਉਹਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਉਹਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ, “ਐ ਵਾਲੀ ਦੋ-ਜਹਾਨ! ਏਨਾ ਕਹਿਰ ਹੁਣ ਸਹਾਰਿਆ ਨਹੀਂ ਜਾਂਦਾ। ਜੋ ਅੱਜ ਸਿੱਖਾਂ ਨਾਲ ਹੋਇਆ ਹੈ, ਕੱਲ੍ਹ ਨੂੰ ਆਪ ਜੀ ਦੇ ਨਾਲ ਵੀ ਹੋਵੇਗਾ। ਬੇਨਤੀ ਮੰਨੋ। ਰਾਤੋ-ਰਾਤ ਆਪ ਜੇਲ੍ਹ ਵਿੱਚੋਂ ਨਿਕਲ ਚੱਲੋ। ਮੇਰੇ ਬੰਦੇ ਨਾਲ ਹੋਣਗੇ। ਮੈਂ ਆਪ ਸੇਵਾ ਵਿਚ ਹਾਜ਼ਰ ਹੋਵਾਂਗਾ। ਹੋਰ ਕੋਈ ਚਾਰਾ ਨਹੀਂ। ਆਗਿਆ ਬਖਸ਼ੋ। ਥੋੜ੍ਹੇ ਸਮੇਂ ਵਿਚ ਸਭ ਪ੍ਰਬੰਧ ਹੋ ਜਾਵੇਗਾ।

“ਭਾਈ ਅਬਦੁੱਲਾ!” ਦਇਆ ਦੇ ਪੁੰਜ ਗੁਰਦੇਵ ਓਸੇ ਧੀਰਜ ਨਾਲ ਬੋਲੇ, “ਅਸਾਂ ਜਾਣਾ ਹੁੰਦਾ, ਤਾਂ ਪਹਿਲਾਂ ਆਉਂਦੇ ਹੀ ਕਿਉਂ? ਸਾਡੇ ਸਾਹਮਣੇ ਕੋਈ ਮਜਬੂਰੀ ਨਹੀਂ ਸੀ। ਜੋ ਦੂਸਰਿਆਂ ਦਾ ਦੁੱਖ ਆਪਣੇ ਸਿਰ ਲੈਂਦੇ ਹਨ, ਉਹ ਕਸ਼ਟਾਂ ਤੋਂ ਨਹੀਂ ਘਬਰਾਇਆ ਕਰਦੇ। ਜਿਸ ਕਾਰਜ ਵਾਸਤੇ ਅਸੀਂ ਆਏ ਹਾਂ, ਉਹ ਕੁਰਬਾਨੀ ਦਿੱਤੇ ਬਿਨਾਂ ਨੇਪਰੇ ਨਹੀਂ ਚੜ੍ਹਨਾ। ਮੁਰਦਾ ਹੋ ਚੁੱਕੀ ਕੌਮ ਨੂੰ ਨਵਾਂ ਜੀਵਨ ਦੇਣ ਵਾਸਤੇ ਕੁਰਬਾਨੀ ਦੀ ਅਤੀ ਲੋੜ ਹੈ। ਅਕਾਲ ਪੁਰਖ ਦੇ ਹੁਕਮ ਨਾਲ ਇਹ ਲੋੜ ਪੂਰੀ ਕਰਨ ਵਾਸਤੇ ਅਸਾਂ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕੀਤਾ ਹੈ। ਕਰਤਾਰ ਦੇ ਰੰਗ ਵੇਖੋ।”

ਤਿੰਨ ਸਿੱਖ ਜੇਲ੍ਹ ਵਿੱਚੋਂ ਨਿਕਲ ਗਏ

“ਮਹਾਰਾਜ! ਸਾਡੇ ਵਾਸਤੇ ਕੀ ਹੁਕਮ ਹੈ?” ਨਾਲ ਦੇ ਸਿੱਖਾਂ ਵਿੱਚੋਂ ਇਕ ਨੇ ਪੁੱਛਿਆ।

“ਤੁਸੀਂ ਜਾ ਸਕਦੇ ਹੋ। ਪਰ ਯਾਦ ਰੱਖਣਾ, ਆਪਣਾ ਉਦੇਸ਼ ਨਹੀਂ ਭੁੱਲਣਾ! ਜਿਸ ਸ਼ੁਭ ਕਾਰਜ ਵਾਸਤੇ ਇਥੇ ਸ਼ਹੀਦ ਹੋਣਾ ਹੈ, ਓਸੇ ਕਾਰਜ ਵਾਸਤੇ ਜਿਊਣ ਦਾ ਯਤਨ ਕਰਨਾ। ਹਾਂ, ਦਸਵੇਂ ਗੁਰੂ ਗੋਬਿੰਦ (ਸਿੰਘ) ਵਾਸਤੇ ਗੁਰਿਆਈ ਦੀ ਭੇਟਾ ਲੈਂਦੇ ਜਾਓ।”

ਭਾਵੇਂ ਅਨੰਦਪੁਰ ਤੋਂ ਚੱਲਣ ਲੱਗੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਅਮਲੀ ਤੌਰ ਉੱਤੇ ਸਾਹਿਬਜ਼ਾਦੇ (ਗੁਰੂ ਗੋਬਿੰਦ ਸਿੰਘ) ਨੂੰ ਗੱਦੀ ਸੌਂਪ ਆਏ ਸਨ6, ਪਰ ਰਸਮ ਪੂਰੀ ਕਰਨ ਵਾਸਤੇ ਹਜ਼ੂਰ ਨੇ ਦਿੱਲੀ ਤੋਂ ਸਿੱਖਾਂ ਹੱਥ ਪੰਜ ਪੈਸੇ ਦੇ ਕੇ ਹੁਕਮ ਕੀਤਾ, “ਅੱਜ ਤੋਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਗੁਰੂ ਗੋਬਿੰਦ ਰਾਏ ਜੀ ਹਨ।” ਨਾਲ ਹੀ ਮਹਾਰਾਜ ਨੇ ਅਨੰਦਪੁਰ ਵੱਲ ਮੁਖ ਕਰ ਕੇ ਸੀਸ ਝੁਕਾ ਦਿੱਤਾ।

ਗੁਰੂ ਜੀ ਲੋਹੇ ਦੇ ਪਿੰਜਰੇ ਵਿਚ

ਖ੍ਵਾਜਾ ਅਬਦੁੱਲਾ7 ਦੀ ਸਹਾਇਤਾ ਨਾਲ ਬਾਕੀ ਤਿੰਨੇ ਸਿੱਖ ਜੇਲ੍ਹ ਵਿੱਚੋਂ ਨਿਕਲ ਗਏ। ਉਨ੍ਹੀਂ ਦਿਨੀਂ ਅਜਿਹਾ ਆਮ ਹੋਇਆ ਕਰਦਾ ਸੀ। ਔਰੰਗਜ਼ੇਬ ਨੂੰ ਖ਼ਬਰ ਪਹੁੰਚੀ ਤਾਂ ਉਹ ਬਹੁਤ ਖ਼ਫਾ ਹੋਇਆ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਲੋਹੇ ਦੇ ਪਿੰਜਰੇ ਵਿਚ ਬੰਦ ਕਰ ਦਿੱਤਾ ਗਿਆ। ਲੋਹੇ ਦਾ ਪਿੰਜਰਾ, ਜਿਸ ਦੇ ਅੰਦਰ ਨੂੰ ਸੂਲਾਂ ਵਰਗੇ ਤਿੱਖੇ ਕਿੱਲ ਮੁੜੇ ਹੋਏ ਸਨ। ਨਾ ਉਸ ਵਿਚ ਆਦਮੀ ਆਰਾਮ ਨਾਲ ਬੈਠ ਸਕਦਾ ਸੀ, ਨਾ ਸਿੱਧਾ ਖੜ੍ਹਾ ਹੋ ਸਕਦਾ ਸੀ। ਹਜ਼ੂਰ ਨੂੰ ਉਸ ਵਿਚ ਕੁੱਬੇ ਹੋ ਕੇ ਖਲੋਣਾ ਪਿਆ। ਇਹ ਸਜ਼ਾ ਏਨੀ ਸਖ਼ਤ ਸੀ, ਜਿਸ ਨੂੰ ਕੋਈ ਸਾਧਾਰਨ ਆਦਮੀ ਨਹੀਂ ਸਹਾਰ ਸਕਦਾ। ਕੁਝ ਦਿਨ ਮਹਾਰਾਜ ਨੂੰ ਉਸ ਪਿੰਜਰੇ ਵਿਚ ਕੁੱਬੇ ਲੱਕ ਖਲੋ ਕੇ ਭੁੱਖਿਆਂ-ਤਿਹਾਇਆਂ ਕੱਟਣੇ ਪਏ।

ਬਾਦਸ਼ਾਹ ਨਾਲ ਦੂਸਰੀ ਮੁਲਾਕਾਤ

ਕੁਝ ਦਿਨਾਂ ਪਿੱਛੋਂ ਔਰੰਗਜ਼ੇਬ ਨੇ ਗੁਰੂ ਜੀ ਨੂੰ ਫਿਰ ਸਾਹਮਣੇ ਬੁਲਾਇਆ। ਪਹਿਲੀ ਪੇਸ਼ੀ ਵਾਲੇ ਸਵਾਲ-ਜਵਾਬ ਫਿਰ ਦੁਹਰਾਏ ਗਏ।

“ਜਿਸ ਢੰਗ ਨਾਲ ਤੁਹਾਡੇ ਸਿੱਖ ਸ਼ਹੀਦ ਕੀਤੇ ਗਏ ਹਨ, ਆਸ ਹੈ, ਉਹ ਤੁਹਾਨੂੰ ਭੁੱਲੇ ਨਹੀਂ ਹੋਣਗੇ।” ਔਰੰਗਜ਼ੇਬ ਨੇ ਧਮਕੀ ਭਰੀ ਸੁਰ ਵਿਚ ਕਿਹਾ।

“ਸਾਡੇ ਵਿਚਾਰ ਅਨੁਸਾਰ, ਉਹ ਕਈ ਸਦੀਆਂ ਤਕ ਸਾਰੇ ਦੇਸ਼ ਨੂੰ ਯਾਦ ਰਹਿਣਗੇ!” ਗੁਰਦੇਵ ਨੇ ਬੜੇ ਧੀਰਜ ਨਾਲ ਉੱਤਰ ਦਿੱਤਾ।

“ਕੀ ਤੁਸੀਂ ਸਮਝਦੇ ਹੋ, ਤੁਹਾਡੇ ਨਾਲ ਉਸ ਤੋਂ ਘੱਟ ਹੋਵੇਗੀ?” “ਜੋ ਵੀ ਹੋਵੇ, ਅਸੀਂ ਉਸ ਵਾਸਤੇ ਤਿਆਰ ਹੋ ਕੇ ਆਏ ਹਾਂ।” “ਕੀ ਤੁਹਾਡੇ ਮਨ ਵਿਚ ਭੈਅ ਨਹੀਂ?”

“ਗੁਰੂ ਨਾਨਕ ਦੀ ਕਿਰਪਾ ਨਾਲ ਸਾਨੂੰ ਕੁਝ ਗਿਆਨ ਹੋ ਗਿਆ ਹੈ ਤੇ ਗਿਆਨਵਾਨ ਪੁਰਸ਼ ਨਾ ਕਿਸੇ ਤੋਂ ਡਰਦਾ ਹੈ, ਨਾ ਕਿਸੇ ਨੂੰ ਡਰਾਉਂਦਾ ਹੈ।” ਗੁਰੂ ਜੀ ਨੇ ਕਿਹਾ:

“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
 ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥”

ਦੋ ਮਿੰਟ ਚੁੱਪ ਰਹਿਣ ਪਿੱਛੋਂ ਔਰੰਗਜ਼ੇਬ ਨੇ ਫਿਰ ਕਿਹਾ, “ਮਹਾਰਾਜ! ਜ਼ਰਾ ਠੰਢੇ ਦਿਲ ਨਾਲ ਸੋਚ ਲਵੋ। ਇਸਲਾਮ ਪ੍ਰਵਾਨ ਕਰ ਲੈਣ ਬਦਲੇ ਸਾਰੀ ਇਸਲਾਮੀ ਦੁਨੀਆਂ ਦੇ ਪੀਰ ਬਣਾ ਦਿੱਤੇ ਜਾਉਗੇ, ਤੇ ਇਨਕਾਰ ਕਰਨ ਬਦਲੇ ਅਣਿਆਈਂ ਮੌਤ।”

“ਐ ਬਾਦਸ਼ਾਹ! ਜੋ ਆਇਆ ਹੀ ਸ਼ਹੀਦ ਹੋਣ ਵਾਸਤੇ ਹੈ, ਉਸ ਨੂੰ ਵਾਰ-ਵਾਰ ਇਹ ਸਵਾਲ ਪੁੱਛਣ ਦਾ ਕੀ ਫ਼ਾਇਦਾ? ਅਸੀਂ ਤਿਆਰ ਹਾਂ।”

“ਫਿਰ ਕਰਾਮਾਤ ਵਿਖਾ ਦਿਓ। ਜਾਨ ਬਖ਼ਸ਼ੀ ਜਾਏਗੀ।”

“ਇਨਸਾਨੀ ਜੀਵਨ ਦੀ ਸਭ ਤੋਂ ਵੱਡੀ ਕਰਾਮਾਤ ਇਹ ਹੈ ਕਿ ਆਪਣੇ ਧਰਮ ਬਦਲੇ ਜਾਨ ਦੇ ਦਿੱਤੀ ਜਾਵੇ।”

“ਇਕ ਸਵਾਲ ਹੋਰ ਪੁੱਛਣਾ ਚਾਹੁੰਦਾ ਹਾਂ। ਆਪ ਜੀ ਦਾ ਨਾਮ ‘ਤੇਗ਼ ਬਹਾਦਰ’ ਹੈ। ਇਸ ਦਾ ਅਰਥ?”

“ਅਰਥ ਇਹ ਹੈ ਕਿ ਤੇਰੇ ਜ਼ੁਲਮ ਦੀ ਤੇਗ਼ ਸਾਹਮਣੇ ਅਸੀਂ ਬਹਾਦਰਾਂ ਵਾਂਗ ਛਾਤੀ ਤਾਣ ਕੇ ਖੜ੍ਹੇ ਹਾਂ।”

“ਮੈਂ ਨਹੀਂ ਸਾਂ ਚਾਹੁੰਦਾ ਕਿ ਤੁਹਾਡੇ ਵਰਗੀ ਨੇਕ ਹਸਤੀ ਨੂੰ ਮਿਟਾ ਦਿੱਤਾ ਜਾਵੇ। ਮੈਂ ਆਪ ਜੀ ਨੂੰ ਆਪਣੇ ਮੁਰਸ਼ਦ ਦੀ ਗੱਦੀ ’ਤੇ ਬਿਠਾਇਆ ਸੀ। ਇਹ ਮੇਰੀ ਦਿਲੀ ਅਕੀਦਤ ਸੀ। ਪਰ ਮੈਂ ਇਹ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਆਪ ਜੈਸਾ ਨੇਕ ਇਨਸਾਨ ਇਸਲਾਮ ਦੇ ਦਾਇਰੇ ਤੋਂ ਬਾਹਰ ਰਹੇ। ਪਰ ਆਪ ਨੇ ਹਠ ਕਰ ਕੇ ਨਫ਼ਾ ਨੁਕਸਾਨ ਨਹੀਂ ਸੋਚਿਆ। ਚਾਰ ਪਹਿਰ ਹੋਰ ਮੁਹਲਤ ਹੈ ਸੋਚਣ ਵਾਸਤੇ। ਕੱਲ੍ਹ ਦਸ ਵਜੇ ਆਪ ਜੀ ਦੇ ਜੀਵਨ ਦਾ ਫੈਸਲਾ ਕਰ ਦਿੱਤਾ ਜਾਵੇਗਾ।” ਬਾਦਸ਼ਾਹ ਨੇ ਆਖ਼ਰੀ ਹੁਕਮ ਸੁਣਾ ਦਿੱਤਾ।

ਅਗਲੇ ਦਿਨ ਦਸ ਵਜੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਚਾਂਦਨੀ ਚੌਂਕ ਵਿਚ (ਜਿੱਥੇ ਅੱਜਕਲ੍ਹ ਗੁਰਦੁਆਰਾ ਸੀਸ ਗੰਜ ਹੈ) ਸ਼ਹੀਦ ਹੋਣ ਵਾਸਤੇ ਲਿਆਂਦਾ ਗਿਆ। ਉਸ ਦਿਨ ਵੀਰਵਾਰ ਸੀ, ਮਿਤੀ ਗਿਆਰਾਂ ਮੱਘਰ, ਮੱਘਰ ਸੁਦੀ ਪੰਜ, ਸੰਮਤ 1732 ਬਿ. (11 ਨਵੰਬਰ, 1675 ਈ.)। ਮਹਾਰਾਜ ਸਵੇਰ ਤੋਂ ਹੀ ਇਸ਼ਨਾਨ ਤੇ ਪਾਠ ਕਰ ਕੇ ਤਿਆਰ ਸਨ। ਔਰੰਗਜ਼ੇਬ ਆਪ ਉਸ ਵੇਲੇ ਮੌਜੂਦ ਸੀ। ਉਦਾਲੇ ਪੁਲਿਸ ਦਾ ਸਖ਼ਤ ਪਹਿਰਾ ਸੀ। ਹਜ਼ਾਰਾਂ ਦੀ ਗਿਣਤੀ ਵਿਚ ਵੇਖਣ ਵਾਲੇ ਲੋਕ ਉਦਾਲੇ ਸਹਿਮੇ ਖੜ੍ਹੇ ਸਨ। ਰਿਵਾਜ ਪੂਰਾ ਕਰਨ ਵਾਸਤੇ ਮੁਫ਼ਤੀ ਨੇ ਇਕ ਵਾਰ ਫਿਰ ਉਹ ਸ਼ਰਤਾਂ ਦੁਹਰਾਈਆਂ ‘ਜਾਂ ਇਸਲਾਮ ਧਾਰਨ ਕਰੋ, ਜਾਂ ਕਰਾਮਾਤ ਵਿਖਾਓ, ਜਾਂ ਸ਼ਹੀਦ ਹੋਵੋ।’

ਗੁਰਦੇਵ ਆਖ਼ਰੀ ਵਾਰ ਬੋਲੇ, “ਐ ਔਰੰਗਜ਼ੇਬ! ਤੁਸਾਂ ਆਪਣੀ ਸਾਰੀ ਤਾਕਤ ਲਾ ਕੇ ਵੇਖ ਲਈ ਹੈ। ਧੱਕੇ ਤੇ ਜ਼ੁਲਮ ਨਾਲ ਕਿਸੇ ਦਾ ਧਰਮ ਨਹੀਂ ਖੋਹਿਆ ਜਾ ਸਕਦਾ। ਕੀ ਹੁਣ ਸਾਡੀ ਸ਼ਰਤ ਅਨੁਸਾਰ ਨਿਤਾਣਿਆਂ ਉੱਤੇ ਜ਼ੁਲਮ ਕਰਨਾ ਛੱਡ ਦਿਓਗੇ? ਨਹੀਂ ਛੱਡੋਗੇ, ਤਾਂ ਕੁਦਰਤ ਆਪ ਐਸੇ ਹਾਲਾਤ ਪੈਦਾ ਕਰ ਦੇਵੇਗੀ। ਯਾਦ ਰੱਖੋ, ਰੱਬ ਨੂੰ ਜ਼ੁਲਮ ਨਹੀਂ ਭਾਉਂਦਾ। ਅਸੀਂ ਤਿਆਰ ਹਾਂ।”

ਗੁਰੂ ਜੀ ਸ਼ਹੀਦ

ਔਰੰਗਜ਼ੇਬ ਦਾ ਇਸ਼ਾਰਾ ਪਾ ਕੇ ਸਮਾਣੇ ਦਾ ਰਹਿਣ ਵਾਲਾ ਸੱਯਦ ਜਲਾਲ ਦੀਨ ਅੱਗੇ ਵਧਿਆ। ਉਸ ਨੇ ਇਕ ਭਰਪੂਰ ਵਾਰ ਨਾਲ ਮਹਾਰਾਜ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਹਜ਼ਾਰਾਂ ਲੋਕਾਂ ਦੇ ਸਹਿਮ ਨਾਲ ਦਿਲ ਧੜਕੇ, ਮਨ ਉਛਲੇ, ਪਰ ਔਰੰਗਜ਼ੇਬ ਤੋਂ ਡਰਦਾ ਕੋਈ ਉੱਚੀ ਉਭਾਸਰ ਨਾ ਸਕਿਆ।

ਮੁਹੰਮਦ ਲਤੀਫ਼ ਲਿਖਦਾ ਹੈ: “ਉਸ ਦੀ (ਗੁਰੂ ਤੇਗ਼ ਬਹਾਦਰ ਜੀ ਦੀ) ਜ਼ਿੰਦਗੀ ਖ਼ਤਮ ਕਰ ਦਿੱਤੀ ਗਈ, ਪਰ ਉਸ ਦੇ ਗੁਰੂਆਂ ਵਾਲੇ ਗੁਣਾਂ ਦੀ ਯਾਦ ਦੁਨੀਆਂ ਵਿਚ ਸਦਾ ਜ਼ਿੰਦਾ ਰਹੇਗੀ।”8

ਔਰੰਗਜ਼ੇਬ ਦੇ ਰਾਜ ਵਿਚ ਹਿੰਦੂਆਂ ਨੂੰ ਮਾਰਨਾ ਸਵਾਬ (ਪੁੰਨ) ਸਮਝਿਆ ਜਾਂਦਾ ਸੀ। ਇਸ ਵਾਸਤੇ ਜਲਾਦ ਦਾ ਕੰਮ ਵਧੇਰੇ ਸੱਯਦ ਜਾਂ ਹੋਰ ਉੱਚ-ਜਾਤੀਏ ਕਰਿਆ ਕਰਦੇ ਸਨ।

ਔਰੰਗਜ਼ੇਬ ਨੇ ਸਹਿਮੇ ਖੜ੍ਹੇ ਲੋਕਾਂ ਵੱਲ ਤੱਕਿਆ। ਮੁਸਲਮਾਨਾਂ ਦੇ ਨਾਲ ਬਹੁਤ ਸਾਰੇ ਹਿੰਦੂ ਵੀ ਖੜ੍ਹੇ ਸਨ। ਔਰੰਗਜ਼ੇਬ ਨੇ ਗੁੱਸੇ ਨਾਲ ਗਰਜ ਕੇ ਕਿਹਾ, “ਕੋਈ ਗੁਰ ਕਾ ਸਿੱਖ ਹੈ, ਤਾਂ ਗੁਰੂ ਦਾ ਸਰੀਰ ਚੁੱਕਣ ਵਾਸਤੇ ਅੱਗੇ ਆਵੇ।”

ਲੋਕ ਇਸ ਵੰਗਾਰ ਦਾ ਅਰਥ ਸਮਝਦੇ ਸਨ। ਬਾਦਸ਼ਾਹ ਦੇ ਕਹਿਰ ਤੋਂ ਡਰਦਾ ਕੋਈ ਵੀ ਅੱਗੇ ਨਾ ਆਇਆ। ਸ਼ਾਮ ਤਕ ਧੜ ਤੇ ਸੀਸ ਓਸੇ ਥਾਂ ਓਵੇਂ ਪਏ ਰਹੇ। ਕਹਿੰਦੇ ਹਨ, ਇਸ ਘਟਨਾ ਤੋਂ ਥੋੜ੍ਹਾ ਚਿਰ ਪਿੱਛੋਂ ਸਖ਼ਤ ਹਨ੍ਹੇਰੀ ਸ਼ੁਰੂ ਹੋ ਗਈ। ਭੈਭੀਤ ਲੋਕ ਚੁੱਪ-ਚਾਪ ਘਰਾਂ ਨੂੰ ਚਲੇ ਗਏ। ਹੋਰ ਲੋਕ ਆਉਂਦੇ ਤੇ ਵੇਖ ਕੇ ਚਲੇ ਜਾਂਦੇ।

ਸ਼ਹੀਦ ਦਾ ਸਰੀਰ ਚੁੱਕਣ ਦਾ ਕਿਸੇ ਚਾਰਾ ਨਾ ਕੀਤਾ। ਇਥੋਂ ਤਕ ਕਿ ਉੱਚੀ ਸਾਹ ਵੀ ਕਿਸੇ ਨਾ ਲਿਆ। ਪਹਿਰੇਦਾਰ ਸਿਪਾਹੀ ਵੀ ਕੁਝ ਅਵੇਸਲੇ ਹੋ ਗਏ।

ਸੀਸ ਭਾਈ ਜੈਤਾ ਲੈ ਗਿਆ

ਭਾਈ ਜੈਤਾ ਜੇਲ੍ਹ ਵਿੱਚੋਂ ਨਿਕਲ ਕੇ ਦੂਰ ਨਹੀਂ ਸੀ ਗਿਆ। ਉਹ ਅਜੇ ਦਿੱਲੀ ਵਿਚ ਹੀ ਸੀ। ਪਿਛਲੇ ਪਹਿਰ ਸਮਾਂ ਪਾ ਕੇ ਉਹਨੇ ਗੁਰਦੇਵ ਦਾ ਸੀਸ ਚਾਦਰ ਵਿਚ ਲੁਕਾਇਆ ਤੇ ਪਹਿਰੇਦਾਰਾਂ ਦੀ ਅੱਖ ਬਚਾ ਕੇ ਨਿਕਲ ਗਿਆ। ਦਿਨ-ਰਾਤ ਮੰਜ਼ਲਾਂ ਮਾਰਦਾ ਉਹ ਅਨੰਦਪੁਰ ਜਾ ਪਹੁੰਚਾ। ਉਥੇ ਦਸਵੇਂ ਗੁਰੂ ਜੀ ਨੇ ਆਪਣੇ ਹੱਥੀਂ ਮਹਾਰਾਜ ਦੇ ਸੀਸ ਦਾ ਸਸਕਾਰ ਕੀਤਾ।

ਧੜ ਲੱਖੀ ਸ਼ਾਹ ਲੈ ਗਿਆ

ਓਧਰੋਂ ਦਿਨ ਛਿਪਦੇ ਨਾਲ ਇਕ ਵਣਜਾਰਾ ਲੱਖੀ ਸ਼ਾਹ ਚੂਨੇ ਦੇ ਖ਼ਾਲੀ ਗੱਡੇ ਭਜਾ ਕੇ ਚਾਂਦਨੀ ਚੌਂਕ ਵਿਚ ਦੀ ਲੰਘਿਆ। ਇਕ ਤਾਂ ਪਹਿਲਾਂ ਹੀ ਹਨ੍ਹੇਰੀ ਨਾਲ ਘੱਟਾ ਉੱਡ ਰਿਹਾ ਸੀ, ਦੂਸਰੇ ਭੱਜੇ ਜਾ ਰਹੇ ਗੱਡਿਆਂ ਤੋਂ ਉਡਦੇ ਚੂਨੇ ਨੇ ਉਸ ਗਰਦ ਗੁਬਾਰ ਵਿਚ ਹੋਰ ਵਾਧਾ ਕਰ ਦਿੱਤਾ। ਉਡਦੀ ਧੂੜ ਤੋਂ ਡਰਦੇ ਪਹਿਰੇਦਾਰ ਇਕ ਪਾਸੇ ਹੋ ਗਏ। ਲੱਖੀ ਸ਼ਾਹ ਨੇ ਗੁਰੂ ਜੀ ਦਾ ਸਰੀਰ ਉਠਾ ਕੇ ਇਕ ਗੱਡੇ ’ਤੇ ਰੱਖ ਲਿਆ। ਨਵੀਂ ਦਿੱਲੀ, ਜਿੱਥੇ ਇਸ ਵੇਲੇ ਗੁਰਦੁਆਰਾ ਰਕਾਬ ਗੰਜ ਹੈ ਆਪਣੇ ਘਰ ਵਿਚ ਚਿਖਾ ਬਣਾ ਕੇ, ਲੱਖੀ ਸ਼ਾਹ ਨੇ ਘਰ ਨੂੰ ਅੱਗ ਲਾ ਦਿੱਤੀ। ਇਸ ਤਰ੍ਹਾਂ ਸ਼ਰਧਾਲੂ ਸਿੱਖਾਂ ਨੇ ਗੁਰੂ ਜੀ ਦੇ ਸਰੀਰ ਦਾ ਸਸਕਾਰ ਕੀਤਾ। ਅਗਲੇ ਦਿਨ ਗੁਰੂ ਜੀ ਦੇ ਫੁੱਲ (ਅਸਥੀਆਂ) ਇਕ ਤਾਂਬੇ ਦੀ ਗਾਗਰ ਵਿਚ ਪਾ ਕੇ ਉਹਨੇ ਓਸੇ ਥਾਂ ਧਰਤੀ ਵਿਚ ਦੱਬ ਦਿੱਤੇ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)