editor@sikharchives.org
ਜਾਤ-ਪਾਤ ਆਪਣੇ ਪੂਰੇ ਜੋਬਨ ਵਿਚ ਇਕ ਐਸੀ ਸਮਾਜਿਕ ਬਣਤਰ ਹੈ, ਜਿਸ ਦੀ ਮਿਸਾਲ (ਭਾਰਤ ਬਿਨਾਂ) ਦੁਨੀਆਂ ਵਿਚ ਨਹੀਂ ਮਿਲਦੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਧਰਮ ਦੀ ਨੀਂਹ 15ਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਤੇ ਇਹ ਧਰਮ ਮਾਨਵ ਦੀ ਸਰਬਪੱਖੀ ਮੁਕਤੀ ਦੇ ਸ੍ਰੋਤ ਵਜੋਂ ਇਕ ਲਹਿਰ ਦੇ ਰੂਪ ਵਿਚ ਸਾਹਮਣੇ ਆਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਇਕ ਸੰਪੂਰਨ ਸੰਸਕ੍ਰਿਤਕ ਤਬਦੀਲੀ ਦਾ ਸੂਚਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਪਣੇ ਲਫ਼ਜ਼ਾਂ ਵਿਚ ਉਹ ਢਾਡੀ ਦੀ ਨਿਆਈਂ ਹਨ ਤੇ ਧਰਤੀ ਉੱਤੇ ‘ਸੱਚ’ ਦਾ ਪਾਸਾਰ ਕਰਨ ਆਏ ਹਨ। ਹੱਥ ਵਿਚਲੇ ਪਰਚੇ ਵਿਚ ਸਿੱਖ ਧਰਮ ਦੇ ਇਸ ਮਾਨਵ-ਮੁਕਤੀ ਸਰੋਕਾਰ ਨੂੰ ਸਿਧਾਂਤਕ ਤੇ ਇਤਿਹਾਸਕ ਪ੍ਰਸੰਗ ਵਿਚ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ। ਅਧਿਐਨ-ਸੀਮਾ ਦੇ ਸਨਮੁਖ ਸਿਰਫ਼ ਉਨ੍ਹਾਂ ਪ੍ਰਸੰਗਾਂ/ਸਿਧਾਂਤਾਂ ’ਤੇ ਕੇਂਦਰਿਤ ਰਹਿਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ ਦਾ ਸਿੱਧਾ ਸੰਬੰਧ ਦਲਿਤ-ਪ੍ਰਵਚਨ ਨਾਲ ਜੁੜਦਾ ਹੈ। ਅਧਿਐਨ ਦੀ ਪਹੁੰਚ-ਵਿਧੀ ਧਰਮ ਸ਼ਾਸਤਰੀ ਤੇ ਇਤਿਹਾਸਕ ਹੈ। ਅਧਿਐਨ-ਵਸਤੂ ਲਈ ਮਹੱਤਤਾਯੋਗ ਪਰਿਕਲਪਨਾਵਾਂ ਅਤੇ ਮੁੱਢਲੇ (ਖ਼ਾਸਕਰ ਗੁਰਮੁਖੀ) ਸ੍ਰੋਤਾਂ ਨੂੰ ਆਧਾਰ ਬਣਾਇਆ ਗਿਆ ਹੈ। ਹਰੇਕ ਤੱਥ/ਕੱਥ ਦਾ ਸੰਭਵ ਸ੍ਰੋਤ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਮੌਲਿਕ ਸੋਮਿਆਂ ਤਕ ਅਧਿਐਨਕਾਰਾਂ ਦੀ ਸਿੱਧੀ ਰਸਾਈ ਹੋ ਸਕੇ ਤੇ ਸੂਝਵਾਨ ਉਨ੍ਹਾਂ ਨੂੰ ਮੌਲਿਕ ਰੂਪ ਵਿਚ ਵੇਖ/ਵਾਚ ਸਕਣ। ਆਸ ਕੀਤੀ ਜਾ ਸਕਦੀ ਹੈ ਕਿ “ਸਾਡੀ ਧਰਤੀ ਦੀਆਂ ਸਮੱਸਿਆਵਾਂ; ਇਥੋਂ ਦੀਆਂ ਜਨਮ-ਜਾਤ ਲਹਿਰਾਂ ਹੀ ਹੱਲ ਕਰ ਸਕਦੀਆਂ ਹਨ” ਦੇ ‘ਕਥਨ’ ਨੂੰ ਸੁਹਿਰਦ ਧਿਰਾਂ ‘ਕਾਰਜ’ ਵਿਚ ਬਦਲਣ ਲਈ ਕੁਝ-ਨਾ-ਕੁਝ ਤਤਪਰ ਹੋਣਗੀਆਂ।

ਜਿਸ ਸਮੇਂ ਸਿੱਖ ਲਹਿਰ ਦਾ ਜਨਮ ਹੋਇਆ, (ਭਾਵ 15-16ਵੀਂ ਸਦੀ ਦਾ ਭਾਰਤ) ਉਸ ਸਮੇਂ ਦੇ ਸਮੁੱਚੇ ਵਰਤਾਰੇ ਨੂੰ ਗੁਰੂ ਸਾਹਿਬਾਨ ਨੇ ‘ਕਲਿਜੁਗ’ ਰਾਹੀਂ ਰੇਖਾਕ੍ਰਿਤ ਕਰ ਕੇ, ਯਥਾਰਥਕ ਤਸਵੀਰ ਸਾਹਮਣੇ ਰੱਖੀ ਹੈ। ਗੁਰੂ ਸਾਹਿਬ ਦੇ ਸਮਕਾਲੀ ਰਾਜਾਸ਼ਾਹੀ ਦੇ ਕੇਂਦਰ ਬਾਦਸ਼ਾਹਤ, ਸਮਾਜਿਕ ਵਰਤਾਰੇ, ਰਯੀਅਤ ਦੀ ਗ਼ੁਲਾਮਗਿਰੀ ਆਦਿ ਤਥਾ ਹੋਰ ਹਾਲਾਤਾਂ ਪ੍ਰਤੀ ਗੁਰਬਾਣੀ ਜਾਂ ਭਾਈ ਗੁਰਦਾਸ ਜੀ ਆਦਿ ਦੀ ਟਿੱਪਣੀ ਤਥਾ ਹਵਾਲਾ ਹੋਰ ਕਿਸੇ ਵੀ ਸਮਕਾਲੀ ਇਤਿਹਾਸ-ਪੁਸਤਕ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ, ਜਿਹੜੀ ਪੁਸਤਕ ਕਿਸੇ ਖਾਸ ਦ੍ਰਿਸ਼ਟੀਕੋਣ ਅਥਵਾ ਕਿਸੇ ਬਾਦਸ਼ਾਹਤ ਦੀ ਤਾਬਿਆਦਾਰੀ ਵਿਚ ਲਿਖੀ ਗਈ ਹੋਵੇ। ਮੱਧਕਾਲੀਨ ਭਾਰਤ ਜਾਂ ਕਹੋ ਗੁਰੂ ਸਾਹਿਬਾਨ ਦੇ ਆਗਮਨ/ਸਮਕਾਲੀ ਤਿੰਨ ਵੱਡੇ ਧਰਮ ਤਥਾ ਸਮਾਜ ਸਨ- ਮੁਸਲਿਮ, ਹਿੰਦੂ ਤੇ ਜੋਗੀ ਅਤੇ ਇਹ ਤਿੰਨੇ ਹੀ ਆਗੂ ਰਹਿਤ ਤੇ ਟੁਕੜਿਆਂ ਵਿਚ ਵੰਡੇ ਹੋਏ ਸਨ। ਭਾਰਤ ਵਿਚ ਸਥਾਪਿਤ ਹੋਏ ਮੁਸਲਿਮ ਰਾਜ ਦਾ ਵੱਡਾ ਤੇ ਮੁੱਖ ਨਿਸ਼ਾਨਾ ਅਖੌਤੀ ਕਾਫ਼ਰਾਂ (ਗ਼ੈਰ-ਮੁਸਲਮਾਨਾਂ) ਵਿਰੁੱਧ ਜ਼ਹਾਦ ਕਰਨਾ ਸੀ ਤੇ ਅਜਿਹੇ ਦਿਸ਼ਾ-ਨਿਰਦੇਸ਼ ਉਹ ਦੈਵੀ ਹੁਕਮਾਂ ਨਾਲ ਪ੍ਰਾਪਤ ਹੋਣ ਦਾ ਦਮ ਭਰਦੇ ਸਨ। ਡਾ. ਜਾਦੂ ਨਾਥ ਸਰਕਾਰ ਲਿਖਦਾ ਹੈ ਕਿ ਉਹ (ਮੁਸਲਿਮ ਸ਼ਾਸਕ) ਆਪਣਾ ਵੱਡਾ ਕਰਤੱਬ ਇਸਲਾਮ-ਵਿਰੋਧੀ ਦੇਸ਼ਾਂ ਵਿਰੁੱਧ ਜਹਾਦ ਕਰਨਾ, ਉਨ੍ਹਾਂ ਨੂੰ ਇਸਲਾਮੀ ਰਾਜ ਵਿਚ ਮਿਲਾਉਣਾ ਤੇ ਉਥੋਂ ਦੇ ਲੋਕਾਂ ਨੂੰ ਇਸਲਾਮ ਧਾਰਨ ਕਰਾਉਣਾ ਹੀ ਸਮਝਦੇ ਸਨ। ਇਨ੍ਹਾਂ ਹੀ ਨਹੀਂ ਬਲਕਿ ਦਿੱਲੀਪਤੀਆਂ (ਖ਼ਾਸਕਰ ਸੁਲਤਾਨਾਂ) ਨੇ ਈਰਾਨ ਦੇ ਸਾਸ਼ਾਨੀ ਬਾਦਸ਼ਾਹਾਂ ਦਾ ਆਦਰਸ਼ ਸਾਹਮਣੇ ਰੱਖ ਕੇ ਸਾਰੇ ਵੱਡੇ ਅਹੁਦਿਆਂ ਉੱਤੇ ਜੱਦੀ ਅਧਿਕਾਰ ਸਥਾਪਿਤ ਕਰ ਰੱਖੇ ਸਨ ਅਤੇ ਮੁਗ਼ਲ-ਰਾਜੇ ਆਪਣੇ-ਆਪ ਨੂੰ ‘ਜ਼ਿੱਲੇ ਇਲਾਹੀ’ ਸਮਝਦੇ ਸਨ। ਅਕਬਰ ਦਾ ਦਰਬਾਰੀ ਲੇਖਕ ਅਬੁਲ-ਫ਼ਜ਼ਲ ਇਸ ਅਧਿਕਾਰ ਨੂੰ ਇਸ ਤਰ੍ਹਾਂ ਪੁਸ਼ਟ ਕਰਦਾ ਹੈ, “ਰਾਜ ਸੱਤਾ ਪਰਮਾਤਮਾ ਤੋਂ ਪੈਦਾ ਹੋਣ ਵਾਲਾ ਐਸਾ ਤੇਜ਼ ਹੈ ਅਤੇ ਸੂਰਜ ਤੋਂ ਉਪਜੀ ਐਸੀ ਕਿਰਨ ਸਮਾਨ ਹੈ…ਜੋ ਸੰਸਾਰ ਵਿਚ ਫੈਲੇ ‘ਕੂੜ’ ਨੂੰ ਮਿਟਾ ਕੇ ‘ਰੌਸ਼ਨ’ ਕਰਦੀ ਹੈ।

ਸਮਾਜਿਕ ਦ੍ਰਿਸ਼ਟੀ ਤੋਂ ਸਿਧਾਂਤਕ ਤੌਰ ’ਤੇ ਕਿਸੇ ਕਿਸਮ ਦੀ ਊਚ-ਨੀਚ ਜਾਂ ਨਾ-ਬਰਾਬਰੀ ਦੇ ਸਿਧਾਂਤ ਨਾ ਹੋਣ ਦੀ ਸੂਰਤ ਵਿਚ ਵੀ, ਮੁਸਲਿਮ ਸਮਾਜ ਤਿੰਨ ਸ਼੍ਰੇਣੀਆਂ- ਉੱਪਰਲੀ, ਧਾਰਮਿਕ ਅਤੇ ਆਮ ਲੋਕਾਂ ਵਿਚ ਵੰਡਿਆ ਹੋਇਆ ਸੀ। ਆਮ ਲੋਕਾਂ ਵਿਚ ਲੁਹਾਰ, ਤੇਲੀ, ਮੋਚੀ, ਧੋਬੀ, ਨਾਈ ਆਦਿ ਸਨ; ਜਿਨ੍ਹਾਂ ਨੂੰ ਨੀਵੇਂ ਸਮਝਿਆ ਜਾਂਦਾ ਸੀ। ਧਾਰਮਿਕ ਸ਼੍ਰੇਣੀ ਦਾ ਲੋਕਾਂ ਉੱਤੇ ਵਧੇਰੇ ਦਬਦਬਾ ਸੀ, ਪਰ ਗੁਰਬਾਣੀ ਅਨੁਸਾਰ ਸਭ ਤੋਂ ਭ੍ਰਿਸ਼ਟ ਤੇ ਕੱਟੜ ਵੀ ਇਹੀ ਸੀ। ਇਨਸਾਫ਼ ਦੇਣ ਵਾਲਾ ਕਾਜ਼ੀ ਵੱਢੀ ਲੈ ਕੇ ਫੈਸਲੇ ਦਿੰਦਾ ਸੀ ਤੇ ਗਵਾਹ ਖਰੀਦੇ-ਵੇਚੇ ਜਾ ਸਕਦੇ ਸਨ; ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ:

ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ ॥ (ਪੰਨਾ 1032)

ਬਰਨੀਅਰ (ਇਕ ਪੱਛਮੀ ਯਾਤਰੂ) ਲਿਖਦਾ ਹੈ ਕਿ ‘ਕਾਜ਼ੀ ਅਤੇ ਉਸ ਦੇ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਪੈਸੇ (ਰਿਸ਼ਵਤ) ਦੇ ਕੇ ਮੁਕੱਦਮੇ ਦਾ ਫੈਸਲਾ ਆਪਣੇ ਹੱਕ ਵਿਚ ਕਰਵਾਇਆ ਜਾ ਸਕਦਾ ਸੀ ਤੇ ਵੱਢੀ ਨਾਲ ਗੁਆਹ ਵੀ ਖਰੀਦੇ ਜਾ ਸਕਦੇ ਸਨ।

ਇਸਲਾਮ ਧਰਮ ਤਥਾ ਸਮਾਜ ਤੋਂ ਬਿਨਾਂ ਸਮਾਜ ਵਿਚ ਦੂਜੀ ਵੱਡੀ ਧਿਰ ਹਿੰਦੂ ਸਮਾਜ ਦੀ ਸੀ। ਹਿੰਦੂ ਸਮਾਜ ਦੀ ਬੁਨਿਆਦੀ ਬਣਤਰ ਦਾ ਆਧਾਰ, ਪੁਰਾਤਨ ਆਰੀਅਨ ਤੋਂ ਲੈ ਕੇ, ਪੂਰੀ ਤਰ੍ਹਾਂ ਜਾਤ-ਪਾਤੀ ਪ੍ਰਬੰਧ ਉੱਤੇ ਆਧਾਰਿਤ ਸੀ। ਇਥੇ ਇਸ ਗੱਲ ਦਾ ਜ਼ਿਕਰ ਬੜੀ ਸ਼ਿੱਦਤ ਨਾਲ ਕੀਤਾ ਜਾਣਾ ਜ਼ਰੂਰੀ ਹੈ ਕਿ ਇਹ ਜਾਤੀ ਕੋਈ ਕਿੱਤਾ ਪ੍ਰਬੰਧ ਵਿੱਚੋਂ ਨਿਕਲਿਆ ਕੋਈ ਆਮ ਜਿਹਾ ਪ੍ਰਬੰਧ ਨਹੀਂ, ਜਿਹਾ ਕਿ ਕਈ ਵਿਦਵਾਨਾਂ ਨੇ ਕਲਪਿਆ ਹੈ। ਜਾਤੀ-ਪ੍ਰਬੰਧ ਇਕ ਡੂੰਘੀ ਤੇ ਚੀੜ੍ਹੀ ਸਮਾਜਿਕ ਵਿਚਾਰਧਾਰਾ ਤੇ ਸੰਸਥਾ ਹੈ, ਜਿਸ ਦਾ ਆਧਾਰ ਹਿੰਦੂ ਸਮਾਜ ਦੇ ਵਿਸ਼ਵਾਸ, ਨਿਯਮ, ਗ੍ਰੰਥ ਤਥਾ ਸਮੁੱਚੀਆਂ ਸਮਾਜਿਕ ਸੰਸਥਾਵਾਂ ਹਨ। ਸਰਦਾਰ ਜਗਜੀਤ ਸਿੰਘ ਜੀ ਦੇ ਸ਼ਬਦਾਂ ਵਿਚ “ਜਾਤ-ਪਾਤ ਆਪਣੇ ਪੂਰੇ ਜੋਬਨ ਵਿਚ ਇਕ ਐਸੀ ਸਮਾਜਿਕ ਬਣਤਰ ਹੈ, ਜਿਸ ਦੀ ਮਿਸਾਲ (ਭਾਰਤ ਬਿਨਾਂ) ਦੁਨੀਆਂ ਵਿਚ ਨਹੀਂ ਮਿਲਦੀ। ਇਹ ਐਲਾਨੀਆ ਇਸ ਅਸੂਲ ਉੱਤੇ ਕਾਇਮ ਹੈ ਕਿ ਮਨੁੱਖ ਹਮੇਸ਼ਾਂ ਲਈ ਇਕ ਦੂਜੇ ਦੇ ਬਰਾਬਰ ਨਹੀਂ। ਜਾਤ-ਪਾਤੀ ਪ੍ਰਬੰਧ ਵਰਗੀ (ਮਨੁੱਖਾਂ… ਵਿਚਕਾਰ ਨਾ-ਬਰਾਬਰੀ ਤੇ ਦਰਜਾ-ਬ-ਦਰਜਾ ਮਜ਼੍ਹਬੀ ਹਕੂਮਤ/ਮਹੰਤਸ਼ਾਹੀ hi-erarch ਨੂੰ ਕਾਇਮ ਰੱਖਣ ਵਾਲੀ) ਬੇਲਚਕ ਸਮਾਜਿਕ ਬਣਤਰ (ਭਾਰਤ ਤੋਂ ਬਿਨਾਂ) ਹੋਰ ਕਿਧਰੇ ਹੋਂਦ ਵਿਚ ਨਹੀਂ ਆਈ।” ਵਿਲਸਨ ਦੇ ਹਵਾਲੇ ਨਾਲ ਸਰਦਾਰ ਜਗਜੀਤ ਸਿੰਘ ਅੱਗੇ ਲਿਖਦੇ ਹਨ ਕਿ “ਜਾਤ-ਪਾਤੀ ਨਿਯਮ ਤੇ ਕਾਇਦੇ… ਇਕ ਜੀਵ ਦੇ ਜੰਮਣ ਤੋਂ ਲੈ ਕੇ ਮਰਨ ਤਕ ਉਸ ਦੀ ਜ਼ਿੰਦਗੀ ਦੀਆਂ ਨਿਗੂਣੀਆਂ ਤੋਂ ਨਿਗੂਣੀਆਂ ਹਰਕਤਾਂ ਉੱਤੇ ਕਾਬੂ ਰੱਖਦੇ ਹਨ।”

ਹਿੰਦੂ ਸਮਾਜ ਨੇ ਚਾਰ ਵਰਨਾਂ ਵਿੱਚੋਂ ਸਭ ਤੋਂ ਨੀਵੇਂ ਪਟੜੇ ਉੱਤੇ ਅਖੌਤੀ ਸ਼ੂਦਰ ਜਾਤੀ ਨੂੰ ਬਿਠਾਇਆ, ਜਿਸ ਦੀ ਹਾਲਤ ਜਾਂ ਜ਼ਿੰਦਗੀ ਕੀੜੇ-ਮਕੌੜਿਆਂ ਤੋਂ ਕੋਈ ਵੱਧ ਅਹਿਮੀਅਤ ਨਹੀਂ ਰੱਖਦੀ ਸੀ। ਵੈਸ਼ ਸ਼੍ਰੇਣੀ ਵਿੱਚੋਂ ਵਧੇਰੇ ਲੋਕ ਕਾਮੇ ਸਨ ਤੇ ਇਨ੍ਹਾਂ ਦੀ ਹਾਲਤ ਵੀ ਕੋਈ ਚੰਗੀ ਨਹੀਂ ਸੀ। ਇਸਲਾਮੀ ਗ਼ੁਲਾਮ ਜਾਂ ਸ਼ੂਦਰ ਲੱਗਭਗ ਇੱਕੋ ਜਿਹੀ ਹਾਲਤ ਗੁਜ਼ਾਰ ਰਹੇ ਸਨ। ਮੱਧਕਾਲੀ ਸਮਾਜ ਵਿਚ ਗ਼ੁਲਾਮ ਪ੍ਰਥਾ ਇਕ ਅਹਿਮ ਸੰਸਥਾ ਹੈ, ਜਿਹੜੀ ਲੱਗਭਗ ਵਿਸ਼ਵ-ਭਰ ਵਿਚ ਪ੍ਰਚੱਲਤ ਰਹੀ ਹੈ, ਪਰ ਭਾਰਤ ਵਿਚ ਅਖੌਤੀ ਸ਼ੂਦਰ ਜਾਤੀ ਆਦਿ ਕਾਲ ਤੋਂ ਹੀ ਗ਼ੁਲਾਮ ਪ੍ਰਥਾ ਵਾਲਾ ਜੀਵਨ ਜਿਊਂਦੀ ਰਹੀ ਹੈ ਤੇ ਭਾਰਤੀ ਅਖੌਤੀ ਸ਼ੂਦਰਾਂ ਵਿੱਚੋਂ ਹੀ ਵਧੇਰੇ ਗ਼ੁਲਾਮ ਬਣੇ ਸਨ। ਰੋਮਨ ਕਾਨੂੰਨ ਅਨੁਸਾਰ “ਗ਼ੁਲਾਮ ਇਕ ਐਸਾ ਵਿਅਕਤੀ ਸੀ, ਜਿਸ ਨੂੰ ਕੋਈ ਕਾਨੂੰਨੀ ਜਾਂ ਜਾਇਦਾਦੀ (ਜੱਦੀ) ਅਧਿਕਾਰ ਨਹੀਂ ਸਨ। ਗ਼ੁਲਾਮ ਨੂੰ ਉਸ ਦਾ ਮਾਲਕ ਆਪਣੀ ਮਰਜ਼ੀ ਅਨੁਸਾਰ ਮਾਰ ਜਾਂ ਤਸੀਹੇ ਦੇ ਸਕਦਾ ਸੀ। ਗ਼ੁਲਾਮ ਆਪਣੇ ਕੋਲ ਜਾਇਦਾਦ ਨਹੀਂ ਬਣਾ ਸਕਦਾ ਸੀ। ਅਦਾਲਤ ਵਿਚ ਉਸ ਦੀ ਕੋਈ ਹੈਸੀਅਤ ਨਹੀਂ ਸੀ। ਉਸ ਦਾ ਮਾਲਕ ਉਸ ਲਈ ਉਸੇ ਤਰ੍ਹਾਂ ਜ਼ਿੰਮੇਵਾਰ ਸੀ, ਜਿਵੇਂ ਉਹ ਆਪਣੇ ਘਰ ਦੇ ਜਾਨਵਰਾਂ ਲਈ। ਇਸ ਪ੍ਰਥਾ ਦੇ ਚਿੰਨ੍ਹ ਅਤੇ ਪ੍ਰਭਾਵ ਇਤਨੇ ਡੂੰਘੇ ਤੇ ਚੀੜ੍ਹੇ ਸਨ ਕਿ ਇਹ ਹਾਲੀਂ ਵੀ ਭਾਰਤੀ ਮਾਨਸਿਕਤਾ ਵਿੱਚੋਂ ਨਹੀਂ ਗਏ। ਮੱਧਕਾਲੀ ਸਮਾਜ ਦੀਆਂ ਪਹਿਲਾਂ ਵਰਣਿਤ ਧਿਰਾਂ ਨੇ ਇਸਤਰੀ ਨੂੰ ਜ਼ਿੰਦਗੀ ਦੀ ਕਿਸੇ ਅਵਸਥਾ (ਬੇਟੀ, ਭੈਣ, ਪਤਨੀ, ਮਾਂ…) ਵਿਚ ਵੀ ਸੁਤੰਤਰ ਸੋਚਣ ਦੇ ਯੋਗ ਨਹੀਂ ਸਮਝਿਆ, ਸਿਵਾਏ ਇੱਕਾ-ਦੁੱਕਾ ਰਈਸ ਵਰਗਾਂ ਦੀਆਂ ਇਸਤਰੀਆਂ ਨੂੰ ਅਪਵਾਦ ਦੇ ਰੂਪ ਵਿਚ ਛੱਡ ਕੇ। ਪ੍ਰਸਿੱਧ ਕਿੱਸਾਕਾਰ ਵਾਰਿਸ ਸ਼ਾਹ ਇਸਤਰੀ ਦੀ ਸਥਿਤੀ ’ਤੇ ਗੰਭੀਰ ਚਾਨਣਾ ਪਾਉਂਦਾ ਹੋਇਆ ਲਿਖਦਾ ਹੈ:

ਧੀ ਜੁਆਨ ਜੇ ਕਿਸੇ ਦੀ ਬਾਹਰ ਜਾਵੇ,
ਲੱਗੇ ਵੱਸ ਤਾਂ ਖੂਹ ਨਿਘੇਰੀਏ ਨੀ।

ਜ਼ਰਾ ਸੋਚ ਕੇ ਦੇਖੀਏ ਅਖੌਤੀ ਦਲਿਤ ਇਸਤਰੀ ਦਾ ਕੀ ਹਾਲ ਹੁੰਦਾ ਹੋਵੇਗਾ!

ਉਪਰੋਕਤ ਵਰਣਿਤ ਚੀੜ੍ਹੇ ਦੇ ਕਾਣੀ-ਵੰਡ ਭਰੇ ਸਮਾਜ ਵਿਚ ਸਿੱਖ ਲਹਿਰ ਨੇ ਸਿਧਾਂਤਕ ਤੇ ਇਤਿਹਾਸਕ ਕਰਣੀ ਵਿਚ ਇਨਕਲਾਬੀ ਰੋਲ ਅਦਾ ਕੀਤੇ ਤੇ ਗੁਰੂ ਸਾਹਿਬਾਨ ਲੋਕ-ਮਸੀਹਾ ਦੇ ਤੌਰ ’ਤੇ ਸਾਹਮਣੇ ਆਏ। ਪਹਿਲਾਂ ਕੀਤੇ ਵਰਣਨ ਅਨੁਸਾਰ ਭਾਰਤੀ-ਪਰੰਪਰਾ ਨੇ ਮਾਨਵ ਨੂੰ ਬ੍ਰਾਹਮਣ-ਸ਼ੂਦਰ, ਵੈਸ਼-ਕਸ਼ੱਤਰੀ ਤਥਾ ਸ਼ੂਦਰ ਆਦਿ ਦੀ ਦ੍ਵੈਤ-ਦ੍ਰਿਸ਼ਟੀ ਅਨੁਸਾਰ ਵੇਖਿਆ ਅਤੇ ਇਸ ਵੰਡ ਦੀਆਂ ਸੂਖਮ ਤਹਿਆਂ ਵਿੱਦਿਆ, ਅੱਖਰ, ਪੰਛੀ, ਰੁੱਖ, ਖਾਣ-ਪੀਣ, ਰਹਿਣ ਆਦਿ ਨੂੰ ਵੀ ਵੰਡ ਕੇ ਦੇਖਦੀਆਂ ਹਨ। ‘ਦਾਤਾ ਭੁਗਤਾ’ ਦੀ ਫਿਰਕੂ ਡੱਬੇਬੰਦੀ ਦੇ ਸਦੀਵੀਂ ਆਧਾਰ ‘ਵਰਨ ਵੰਡ’ ਪਰੰਪਰਾ/ਸੰਸਥਾ ਨੇ ਨਿਸ਼ਚਿਤ ਕੀਤੇ ਹੋਏ ਹਨ। ਗੁਰਮਤਿ ਨੇ ਅਜਿਹੀ ਮਾਨਵੀ ਵੰਡ ਨੂੰ ਆਪਣੇ ਸਿਧਾਂਤਕ ਤੇ ਇਤਿਹਾਸਕ ਅਮਲ ਦੇ ਪਹਿਲੂਆਂ ਵਿਚ ਕੋਈ ਥਾਂ ਨਹੀਂ ਦਿੱਤੀ। ਪ੍ਰਾਭੌਤਿਕ ਦ੍ਰਿਸ਼ਟੀ ਤੋਂ ਸਾਰੇ ਮਨੁੱਖ ਇੱਕੋ ਵਾਹਿਗੁਰੂ ਦੀ ਜੋਤਿ ਹਨ, ਕੋਈ ਵੀ ਉੱਚਾ-ਨੀਵਾਂ ਜਾਂ ਮਾੜਾ-ਚੰਗਾ ਨਹੀਂ। ਇਸ ਦ੍ਰਿਸ਼ਟੀ ਤੋਂ ਮਾਨਵ ਦੇ ਆਤਮਿਕ ਸਰੋਕਾਰਾਂ ਵਿਚ ਜਾਤ-ਸਨਾਤ ਦਾ ਕੋਈ ਅਰਥ ਨਹੀਂ, ਮਨੁੱਖ ਦੀ ਮਹੱਤਤਾ ‘ਜੋਤਿ’ ਕਰਕੇ ਹੈ, ‘ਜਾਤਿ’ ਕਰਕੇ ਨਹੀਂ, ਕਿਉਂਕਿ ‘ਆਗੈ’ (ਆਤਮਿਕ/ਮਾਨਸਿਕ ਵਿਕਾਸ ਵਿਚ) ‘ਜਾਤਿ’ ਨਾਂ ਦੀ ਕੋਈ ਚੀਜ਼ ਨਹੀਂ।

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥ (ਪੰਨਾ 349)
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥ (ਪੰਨਾ 1330)

ਜਾਤਿ ਦਾ ਗਰਬ ਮਨੁੱਖ ਦੇ ਸਰਬਪੱਖੀ ਵਿਕਾਸ-ਮਾਰਗ ਦੇ ਰਾਹ ਦਾ ਰੋੜਾ ਹੈ, ਇਹ ਹਉਮੈ ਤਥਾ ਮਾਇਆ ਹੈ। ਗੁਰਮੁਖਿ-ਪੰਥ ਦੀ ਇਤਿਹਾਸਕ ਕਰਣੀ ਵਿਚ ਸਭ ਤੋਂ ਵਡੇਰੀ ਜੱਦੋ-ਜਹਿਦ ਇਸ ਸਮਾਜਿਕ ਕੁਪ੍ਰਬੰਧ ਦੇ ਵਿਰੁੱਧ ਹੀ ਰਹੀ ਹੈ। ਇਹ ਸਿੱਖ ਲਹਿਰ ਦਾ ਪ੍ਰਭਾਵ ਹੀ ਹੈ ਕਿ ਪੰਜਾਬ ਨੂੰ ‘ਸਭਿਆਚਾਰ ਦਾ ਪੰਘੂੜਾ’ ਕਿਹਾ ਗਿਆ ਹੈ ਤੇ ਇਥੋਂ ਦੇ ਲੋਕ ਨਸਲਵਾਦੀ ਨਹੀਂ।

ਗੁਰਮਤਿ ਨੇ ਮਾਨਵ ਦੀ ਗੁਣਵਾਦੀ ਵੰਡ ਨੂੰ ਸਵੀਕਾਰ ਕੀਤਾ ਹੈ; ਕੁਝ ਲੋਕ ਸੁਭਾਅ ਕਰਕੇ ਚੰਗੇ ਜਾਂ ਮਾੜੇ ਹਨ। ਕਈ ਬਿਰਤੀ ਕਰਕੇ ਨਿਮਰਭਾਵੀ ਹਨ ਤੇ ਕਈ ਹੰਕਾਰੀ, ਜ਼ਾਲਮ ਤਥਾ ‘ਅਮਰ’ ਕਰ ਜਾਣ ਵਾਲੇ। ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ :

ਇਕਿ ਭਰਮਿ ਭੂਲੇ ਫਿਰਹਿ ਦਹ ਦਿਸਿ ਇਕਿ ਨਾਮਿ ਲਾਗਿ ਸਵਾਰਿਆ ॥ (ਪੰਨਾ 918)

‘ਇਕਿ’ (ਕਈ, ਬਹੁਤੇ) ਉਹ ਹਨ ਜੋ ਮੂਲ ਨੂੰ ਭੁੱਲ ਕੇ ਅਗਿਆਨਤਾ ਦੇ ਭਰਮ ਵਿਚ ਧੱਕੇ ਖਾਂਦੇ ਫਿਰਦੇ ਹਨ ਤੇ ‘ਇਕਿ’ ਉਹ ਹਨ, ਜਿਨ੍ਹਾਂ ‘ਨਾਮਿ’ (ਸਚ) ਨਾਲ ਲੱਗ ਕੇ ਜੀਵਨ ਸੰਵਾਰ ਲਿਆ ਹੈ। ਇਹ ਦੋ ਪ੍ਰਕਾਰ ਦੇ ਰਾਹ ਹਨ; ਇਕ ਮਾਇਆ ਦਾ ਤੇ ਇਕ ਨਾਮ ਦਾ, ਇਨ੍ਹਾਂ ਰਾਹਾਂ ਪ੍ਰਤੀ ਗੁਰਬਾਣੀ ਵਿਚ ‘ਲਿਵ ਧਾਤੁ’ ਸ਼ਬਦ/ਸਮਾਸ ਵੀ ਵਰਤੇ ਗਏ ਹਨ ਤੇ ਇਨ੍ਹਾਂ ਦੇ ਪਾਂਧੀਆਂ ਲਈ ‘ਗੁਰਮੁਖਿ’ ਤੇ ‘ਮਨਮੁਖਿ’ ਨਾਂ ਵਰਤੇ ਗਏ ਹਨ।

ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਉਹ ਪ੍ਰਮਾਣਿਕ ਲਿਖਤਾਂ ਹਨ, ਜਿਹੜੀਆਂ ਸਿੱਖ ਲਹਿਰ ਦੀਆਂ ਬੁਨਿਆਦੀ ਸੰਸਥਾਵਾਂ (ਜਿਵੇਂ ਗੁਰੂ-ਸੰਸਥਾ ਜਾਂ ਪੰਥ-ਸੰਸਥਾ) ਦੇ ਸਰੂਪ, ਯੋਗਦਾਨ ਤਥਾ ਮਿਸ਼ਨ ਆਦਿ ਨੂੰ ਠੀਕ ਪ੍ਰਸੰਗ ਵਿਚ ਸਮਝਣ ਲਈ ਮਦਦ ਕਰਦੀਆਂ ਹਨ। ਭਾਈ ਸਾਹਿਬ ਦੀਆਂ ਰਚਨਾਵਾਂ ਦੀ ਮਹਾਨਤਾ ਦਾ ਇਸ ਪਹਿਲੂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਪਰੰਪਰਾ ਨੇ ‘ਵਾਰਾਂ’ ਨੂੰ ‘ਗੁਰਬਾਣੀ ਦੀ ਕੁੰਜੀ’ ਤੇ ਪੰਥ ਨੇ ਇਨ੍ਹਾਂ ਨੂੰ ਮਾਣਯੋਗ ਥਾਂ ਦੇ ਕੇ ਸਤਿਕਾਰਿਆ ਹੈ।

ਭਾਈ ਸਾਹਿਬ ਅਨੁਸਾਰ ਗੁਰੂ ਸਾਹਿਬ ‘ਕਲਯੁਗ’ (ਹਨ੍ਹੇਰ-ਗਰਦ ਸਮਾਜ) ਨੂੰ ਤਾਰਨ/ਮੁਕਤ ਕਰਨ ਦਾ ਮਿਸ਼ਨ ਲੈ ਕੇ ਸੰਸਾਰ ਵਿਚ ਆਏ ਹਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਵੱਡਾ ਇਨਕਲਾਬੀ ਕੰਮ/ਯੋਗਦਾਨ ਟੁਕੜਿਆਂ ਵਿਚ ਵੰਡੀ ਸ਼ਕਤੀ (ਪਾਰਬ੍ਰਹਮ) ਨੂੰ ‘ਇਕ’ ਕਰਨਾ ਸੀ। ਦੂਜੇ ਸ਼ਬਦਾਂ ਵਿਚ ਉਨ੍ਹਾਂ ਸਭ ਦੇਵੀ-ਦੇਵਤੇ, ਪੀਰ-ਪੈਗ਼ੰਬਰ, ਅਵਤਾਰ… ਤਜ ਕੇ ‘ਇਕ’ ਰੱਬ ਦਾ ਸੰਕਲਪ ਭਾਰਤੀ ਸਮਾਜ ਸਾਹਮਣੇ ਰੱਖਿਆ:

ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰ ਇਕ ਦਿਖਾਯਾ। (ਵਾਰ 1:23)

ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ। (ਵਾਰ 1:35)

ਰੱਬੀ ਏਕਤਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ੴ’ ਰਾਹੀਂ ਪ੍ਰਗਟਾਇਆ ਹੈ ਤੇ ਇਹ (ਇਕ ਰੱਬ ਦਾ ਸੰਕਲਪ) ਮਾਨਵੀ-ਏਕਤਾ ਦਾ ਆਧਾਰ-ਸੂਤਰ ਹੈ। ਭਾਈ ਸਾਹਿਬ ਅਨੁਸਾਰ ਗੁਰੂ ਸਾਹਿਬ ਦਾ ਰੱਬੀ ਏਕਤਾ ਤੋਂ ਬਾਅਦ ਦੂਜਾ ਕੰਮ ਮਨੁੱਖੀ ਸਮਾਜ ਨੂੰ ਇਕ ਸੂਤਰ ਵਿਚ ਪ੍ਰੋਣਾ ਸੀ; ਉਨ੍ਹਾਂ ਦੇ ਸ਼ਬਦਾਂ ਵਿਚ ‘ਚਾਰਿ ਵਰਨਾਂ’ ਨੂੰ ‘ਇਕ ਵਰਨ’ ਕਰਨਾ ਸੀ :

ਚਾਰੇ ਪੈਰ ਧਰੰਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਯਾ। (ਵਾਰ 1:23)

ਸੰਸਾਰ-ਉਤਪਤੀ ਤੋਂ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤਕ ਭਾਰਤ ਦੀ ਧਰਤੀ ਉੱਤੇ ਪੈਦਾ ਹੋਏ, ਵੱਖੋ-ਵੱਖ ਮਤਾਂ, ਵਿਚਾਰਧਾਰਾਵਾਂ ਤਥਾ ਫ਼ਿਲਾਸਫ਼ੀਆਂ ਦਾ ਗੰਭੀਰ ਪਰ ਸੰਕੋਚਵਾਂ ਵਰਣਨ ਕਰ ਕੇ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਸੱਚ ਦੇ ਹੋਕੇ/ਸੁਨੇਹੇ (ਸਤਿ ਨਾਮੁ ਦਾ ਮੰਤਰ) ਨਾਲ ਚਹੁੰਆਂ ਵਰਨਾਂ ਵਿਚ ਸਾਂਝ ਪੈਦਾ ਹੋਈ। ਰਾਣਾ-ਰੰਕ (ਅਮੀਰ-ਗ਼ਰੀਬ) ਇਕ ਪਟੜੇ ’ਤੇ ਖੜ੍ਹੇ ਹੋਏ ਤੇ ਗ਼ਰੀਬ ਜਿਊਣ ਜੋਗੇ ਹੋਏ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤੀਸਰੇ ਤੇ ਵੱਡੇ ਯੋਗਦਾਨ ਦਾ ਵਰਣਨ ਕਰਦੇ ਹੋਏ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਰੱਬੀ ਏਕਤਾ ਤੇ ਮਨੁੱਖੀ ਏਕਤਾ ਨੂੰ ਨਿਰੰਤਰਤਾ ਦੇਣ ਲਈ ਉਨ੍ਹਾਂ ਇਸ ਵਿਚਾਰਧਾਰਾ ਨੂੰ ਇਕ ਸੰਗਠਿਤ ਰੂਪ ਦਿੱਤਾ ਤੇ ‘ਨਿਰਮਲ ਪੰਥ’ ਨੂੰ ਸਥਿਰਤਾ ਦੇਣ ਲਈ ਗੁਰੂ-ਸੰਸਥਾ ਦਾ ਜਿਊਂਦੇ-ਜੀਅ ਭਾਈ ਲਹਿਣਾ ਜੀ ਨੂੰ ਗੁਰਿਆਈ ਦੇ ਕੇ ਆਗਾਜ਼ ਕੀਤਾ।

ਗੁਰਮੁਖਿ ਪੰਥ ਦੀ ਸਥਾਪਨਾ ਭਾਈ ਸਾਹਿਬ ਅਨੁਸਾਰ ਭਾਰਤੀ ਧਰਮਾਂ ਦੇ ਪ੍ਰਸੰਗ ਵਿਚ ਨਾ ਸਿਰਫ ਨਵੀਂ ਹੀ ਹੈ, ਬਲਕਿ ਅਤਿਅੰਤ ਉੱਚੀ-ਸੁੱਚੀ ਤੇ ਅਨੇਕਾਂ ਪੱਖਾਂ ਤੋਂ ਨਿਆਰੀ ਵੀ ਹੈ। ਇਸ ਮਾਰਗ ਦੇ ਅਨੇਕਾਂ ਲੱਛਣਾਂ ਦਾ ਜ਼ਿਕਰ ਬੜੀ ਭਾਵੁਕਤਾ, ਸ਼ਿੱਦਤ, ਸ਼ਰਧਾ ਤੇ ਗੰਭੀਰਤਾ ਸਹਿਤ ਵਿਸਤ੍ਰਿਤ ਰੂਪ ਵਿਚ ਕੀਤਾ ਗਿਆ ਹੈ।

ਆਪਣੇ ਇਤਿਹਾਸਕ ਦੌਰ ਵਿਚ ਗੁਰੂ-ਸੰਸਥਾ ਨੇ ਜਨ-ਸਮੂਹ ਨੂੰ ਮਾਨਸਿਕ ਤੇ ਸਮਾਜਿਕ ਗ਼ੁਲਾਮੀ ਤੋਂ ਮੁਕਤ ਕਰਨ ਲਈ ਸੰਸਥਾਗਤ ਯਾਦਗਾਰੀ ਕੰਮ ਕੀਤੇ, ਜਿਨ੍ਹਾਂ ਵਿੱਚੋਂ ਕੁਝ ਕੁ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ। ਇਨ੍ਹਾਂ ਕੰਮਾਂ ਵਿੱਚੋਂ ਪੰਗਤ/ਲੰਗਰ, ਸੰਗਤ, ਗੁਰਮੁਖੀ ਲਿੱਪੀ, ਗੁਰਬਾਣੀ ਸੰਗਠਨ, ਮੀਰੀ-ਪੀਰੀ, ਖ਼ਾਲਸਾ ਸਾਜਨਾ ਆਦਿ ਨੂੰ ਵਿਸ਼ੇਸ਼ ਤੌਰ ’ਤੇ ਲਿਆ ਜਾ ਸਕਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਵਰਤਮਾਨ ਸਮੇਂ ਤਕ ਪੰਗਤ/ਲੰਗਰ, ਸੰਗਤ ਆਦਿ ਸੰਸਥਾਵਾਂ ਦਾ ਬੁਨਿਆਦੀ ਅਸੂਲ ‘ਬਰਾਬਰਤਾ’, ਬਿਨਾਂ ਭੇਦ-ਭਾਵ ਤੋਂ ਬਾਦਸਤੂਰ ਜਾਰੀ ਹੈ, ਭਾਵੇਂ ਬਾਹਰੀ ਰੂਪ ਵਿਚ ਤਬਦੀਲੀਆਂ ਦੇ ਪ੍ਰਭਾਵ ਜਿੰਨੇ ਮਰਜ਼ੀ ਪੈ ਚੁੱਕੇ ਹੋਣ। ਸ੍ਰੀ ਗੁਰੂ ਅੰਗਦ ਸਾਹਿਬ ਦੇ ਗੁਰਮੁਖੀ ਲਿੱਪੀ ਦੇ ਪ੍ਰਸਾਰ/ ਪ੍ਰਚਾਰ ਅਤੇ ਵਿੱਦਿਆ ਪੜ੍ਹਨ-ਪੜ੍ਹਾਉਣ ਦੇ ਮਾਮਲੇ ਵਿਚ ਕੀਤੇ ਇਨਕਲਾਬੀ ਕਾਰਜਾਂ ਦਾ ਸਿੱਟਾ ਹੀ ਸੀ ਕਿ ਕਰੀਬਨ 50 ਕੁ ਸਾਲਾਂ ਵਿਚ ਹੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਸੰਪਾਦਤ ਹੋਈ (1604 ਈ.),ਇੰਨਾ ਜ਼ਿਆਦਾ ਕਾਤਿਬ (ਲਿਖਾਰੀ) ਪੈਦਾ ਹੋ ਗਏ ਕਿ ਪਰੰਪਰਾ ਗਵਾਹ ਹੈ, ਬੀੜ ਦੀ ਜਿਲਦਬੰਦੀ ਕਰਵਾਉਣ ਲਾਹੌਰ ਗਿਆ ਭਾਈ ਬੰਨੋ ਜੀ, ਰਸਤੇ ਵਿਚ ਉਤਾਰਾ ਵੀ ਕਰ/ਕਰਵਾ ਲੈਂਦਾ ਹੈ। (ਇਸ ਦਾ ਭਾਵ ਭਾਈ ਬੰਨੋ ਜੀ ਦੇ ਇਸ ਕੰਮ ਦਾ ਸਮਰਥਨ ਨਾ ਲਿਆ ਜਾਵੇ।) ਤਤਕਾਲ ਸਮਾਜਿਕ ਹਾਲਤ ਦੇ ਸਨਮੁਖ ਕੋਈ ‘ਸ਼ੂਦਰ’ ਵਿੱਦਿਆ ਦਾ ਨਾਂ ਵੀ ਨਹੀਂ ਲੈ ਸਕਦਾ ਸੀ, ਵੱਡਆਕਾਰੀ ਗੰਭੀਰ ਗ੍ਰੰਥ ਦਾ ਉਤਾਰਾ ਕਰਨਾ/ਕਰਾਉਣਾ ਤਾਂ ਪਾਸੇ ਰਿਹਾ, ਪਰ ਗੁਰੂ-ਘਰ ਨੇ ਇਹ ‘ਅਖੌਤੀ ਸ਼ੂਦਰਾਂ’ ਵਿਚ ਸਾਹਿਤਕ- ਇਨਕਲਾਬ ਪੈਦਾ ਕਰ ਦਿੱਤਾ ਸੀ। ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਬੰਸ-ਪਰੰਪਰਾ ਵਿੱਚੋਂ 9ਵੀਂ ਥਾਂ ਹੋਏ ਕਵੀ ਪ੍ਰੇਮ ਸਿੰਘ (ਸੰਤ ਰੇਣਿ) ਲਿਖਦੇ ਹਨ ਕਿ ਗੁਰੂ ਸਾਹਿਬ ਨੇ ਕੇਵਲ ਬਾਣੀ-ਸੰਭਾਲ ਜਾਂ ਵਿੱਦਿਆ ਪੜ੍ਹਨ-ਪੜ੍ਹਾਉਣ ਦਾ ਕਾਰਜ ਹੀ ਨਹੀਂ ਕੀਤਾ, ਬਲਕਿ ਜਨਮਸਾਖੀ ਲਿਖ ਕੇ ਗੁਰ-ਇਤਿਹਾਸ ਦੀ ਨੀਂਹ ਵੀ ਰੱਖ ਦਿੱਤੀ ਸੀ:

ਆਦਿ ਗੁਰੂ ਕੀ ਜਨਮ ਜੁ ਸਾਖੀ।
ਗੁਰ ਇਤਿਹਾਸ ਨੀਂਵ ਇਨ ਰਾਖੀ। (ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ)

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨਾਲ ਉੱਤਰੀ ਭਾਰਤ ਵਿਚ ਆਮ ਕਰਕੇ ਤੇ ਪੰਜਾਬ ਵਿਚ ਖ਼ਾਸ ਕਰਕੇ ਸਮਾਜ ਦੇ ਲੋਕ-ਜੀਵਨ ਵਿਚ ਵੱਡੇ ਪਰਿਵਰਤਨ ਹੋਏ। ਗੁਰਮਤਿ-ਧਾਰਾ ਦਾ ਇਕ ਪ੍ਰਮਾਣਿਕ ਮੀਲ-ਪੱਥਰ ਸਥਾਪਤ ਹੋਇਆ। ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਮੱਧ ਕਾਲ ਵਿਚ ਸਾਹਿਤ ਸਿਰਜਣ ਦਾ ਪ੍ਰੇਰਨਾ-ਸ੍ਰੋਤ ਮੁੱਖ ਰੂਪ ਵਿਚ ਗੁਰਬਾਣੀ ਤੇ ਗੁਰੂ ਸਾਹਿਬਾਨ ਦਾ ਪਵਿੱਤਰ ਤਥਾ ਇਨਕਲਾਬੀ ਜੀਵਨ ਹੀ ਬਣਿਆ, ਜਿਸ ਦੇ ਫਲਸਰੂਪ ਦੋ ਪ੍ਰਕਾਰ-ਗੁਰਬਾਣੀ-ਵਿਆਖਿਆਕਾਰੀ ਤੇ ਇਤਿਹਾਸਕ ਪ੍ਰਕਿਰਤੀ ਦੀਆਂ ਰਚਨਾਵਾਂ ਸਾਹਮਣੇ ਆਈਆਂ। ਇਹ ਹੈਰਾਨੀ ਦੀ ਗੱਲ ਹੀ ਹੈ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਭਗਤਾਂ/ ਸੰਤਾਂ ਦੀ ਬਾਣੀ ਸ਼ਾਮਲ ਕੀਤੀ ਗਈ, ਜਿਨ੍ਹਾਂ ਦਾ ਭਾਰਤੀ-ਪਰੰਪਰਾ ਨੇ ਪਰਛਾਵਾਂ ਪੈਣਾ ਵੀ ਭੈੜਾ ਸਮਝ/ਸਮਝਾ ਰੱਖਿਆ ਸੀ, ਉਥੇ ਵਿਆਖਿਆਕਾਰੀ ਤੇ ਗੁਰੂ- ਚਰਿੱਤਰ ਲਿਖਣ ਵਾਲਿਆਂ ਵਿੱਚੋਂ ਵੀ ਬਹੁਤੇ ਨਿਮਨ-ਸ਼੍ਰੇਣੀਆਂ ਵਿੱਚੋਂ ਹੋਏ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸਥਾਪਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਮੀਰੀ-ਪੀਰੀ ਦਾ ਸਿਧਾਂਤ ਸਿੱਖ ਲਹਿਰ ਦੀ ‘ਨਿਰੰਤਰਤਾ’ ਵਿਚ ਵੇਖਣਾ ਜ਼ਰੂਰੀ ਹੈ, ‘ਪਰਿਵਰਤਨ’ ਵਿਚ ਨਹੀਂ, ਜਿਸ ਨੂੰ ਸਮਝਣ ਵਿਚ ਕਈ ਸਥਾਪਤ ਤੇ (ਕਹੇ ਜਾਂਦੇ) ਵੱਡੇ ਲੇਖਕ ਵੀ ਉਕਾਈ ਖਾ ਗਏ ਹਨ। ਅਸਲ ਵਿਚ ਪਹਿਲਾਂ ਕਹੇ ਗਏ ਅਨੁਸਾਰ ਗੁਰੂ ਸਾਹਿਬਾਨ ਵੱਲੋਂ ਸਥਾਪਤ ਕੀਤੀਆਂ ਗਈਆਂ ਸਮੁੱਚੀਆਂ ਸੰਸਥਾਵਾਂ ਦੇ ਮੁੱਖ ਸਰੋਕਾਰ ਲੋਕ-ਮੁਕਤੀ ਦੇ ਸਰਬਪੱਖੀ ਪਹਿਲੂਆਂ ਨਾਲ ਜੁੜੇ ਹੋਏ ਹਨ।

‘ਅੰਮ੍ਰਿਤ ਸੰਸਥਾ’ ਸਿੱਖ ਪੰਥ/ਖਾਲਸਾ ਪੰਥ ਦੀ ਸਭ ਤੋਂ ਵੱਡੀ ਤੇ ਲਾਸਾਨੀ ਸੰਸਥਾ ਹੈ। ਖਾਲਸੇ ਦੀ ਸਿਰਜਣਾ ਇਕ ਸੰਕਲਪ ਜਾਂ ਸਿਧਾਂਤ ਦੀ ਦ੍ਰਿਸ਼ਟੀ ਵਿਚ ਇਕ ਆਦਰਸ਼ਕ ਵਿਅਕਤੀ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਤੋਂ ਸ਼ੁਰੂ ਹੋਈ ਲਹਿਰ ਸੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਉੱਤੇ 1699 ਈ. ਵੈਸਾਖੀ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ।

ਸ੍ਰੀ ਗੁਰ ਸੋਭਾ (1711 ਈ.) ਦਾ ਕਰਤਾ ਸੈਨਾਪਤੀ, ਜੋ ਗੁਰੂ-ਦਰਬਾਰੀ ਕਵੀ/ਲਿਖਾਰੀ ਸੀ, ਲਿਖਦਾ ਹੈ ਕਿ ‘ਪੰਥ’ ਖੱਤਰੀ-ਬ੍ਰਾਹਮਣ ਦੀ ਦ੍ਵੈਤ ਤੋਂ ਨਿਆਰਾ ਰੱਖਿਆ ਗਿਆ। ਕਰਤਾ ਅਨੁਸਾਰ ਪਹਿਲੇ ਗੁਰੂ ਸਾਹਿਬਾਨ ਦੁਆਰਾ ਸਾਜੀ ਸੰਗਤ ਨੂੰ ਦਸਮ ਪਾਤਸ਼ਾਹ ਜੀ ਨੇ ਖੰਡੇ ਦੀ ਪਾਹੁਲ ਦੇ ਕੇ ਤੇਜ਼ਧਾਰੀ ਬਣਾ ਦਿੱਤਾ ਤੇ ਜਾਤ- ਪਾਤ, ਕਰਮਕਾਂਡ, ਸੁੱਚ-ਭਿੱਟ ਦੇ ਸਾਰੇ ਜੰਜਾਲ ਲਾਹ ਦਿੱਤੇ ਗਏ, ਪੰਥ ਇਨ੍ਹਾਂ ਤੋਂ ਮੁਕਤੀ ਪਾ ਗਿਆ। ਸੈਨਾਪਤੀ ਲਿਖਦਾ ਹੈ ਕਿ ਪਰੰਪਰਾਵਾਦੀ ਅਥਵਾ ਗ਼ੁਲਾਮੀ ਦੀਆਂ ਰੂੜ੍ਹੀਆਂ ਪਿੱਟਣ ਵਾਲਿਆਂ ਨੇ ਪੰਥ ਦਾ ਸਭ ਤੋਂ ਵੱਡਾ ਵਿਰੋਧ ਇਸੇ ਪੱਖ ਤੋਂ ਕੀਤਾ ਕਿ ਪੰਥ ਵਿਚ ਨੀਵੀਆਂ ਸ਼੍ਰੇਣੀਆਂ ਕਿਉਂ ਸ਼ਾਮਲ ਕੀਤੀਆਂ ਗਈਆਂ।

ਕੁਇਰ ਸਿੰਘ ਗੁਰਬਿਲਾਸ ਪਾਤਸ਼ਾਹੀ 10 (1751 ਈ.) ਵਿਚ ਲਿਖਦਾ ਹੈ ਕਿ ਗੁਰੂ ਨੇ ਪੰਥ ਕੋਈ ਸ਼ੋਭਾ ਲੈਣ ਲਈ ਨਹੀਂ ਬਣਾਇਆ, ਸਗੋਂ ‘ਗਰੀਬ ਸਿਖਨ’ ਨੂੰ ਅਣਖ ਨਾਲ ਜਿਊਣ ਮਰਨ ਲਈ ਬਣਾਇਆ ਹੈ। ਕਰਤਾ ਅਨੁਸਾਰ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਪੰਥ ਵਿਚ ਲਿਆ ਕੇ ਇੱਕੋ ‘ਧਾਰਾ’ ਵਿਚ ਲੈ ਆਂਦਾ ਤੇ ਅਣਖ- ਇੱਜ਼ਤ ਦਾ ‘ਰਾਜ’ ਉਨ੍ਹਾਂ ਦੀ ਝੋਲੀ ਪਾ ਦਿੱਤਾ:-

ਬੈਸ ਸੂਦ੍ਰ ਏ ਜਾਣ ਅਪਾਰਾ।
ਤਾਕੋ ਪੰਥ ਮਾਹ ਮੈ ਧਾਰਾ।
ਸਭ ਜਗ ਰਾਜ ਤੋਹਿ ਕੋ ਦੀਨਾ।
ਪੁਨਿ ਬਿਧਿ ਸੋ ਤੁਮ ਕੋ ਗੁਰ ਕੀਨਾ॥

ਕੁਇਰ ਸਿੰਘ ਲਿਖਦਾ ਹੈ ਕਿ ਰੂੜ੍ਹੀਵਾਦੀ ‘ਗੁਰੂ’ ਦੀ ਇਸ ਗੱਲੋਂ ਨਿੰਦਾ ਕਰਦੇ ਰਹੇ ਕਿ ਇਸ ਨੇ ‘ਵੱਡਿਆਂ’ ਦੀ (ਜਾਤ-ਪਾਤੀ, ਕਰਮਕਾਂਡੀ) ‘ਰੀਤ’ ਛੱਡ ਕੇ ਨਵੀਂ ਰੀਤ ਕਿਉਂ ਪ੍ਰਚੱਲਤ ਕਰ ਦਿੱਤੀ ਹੈ ਤੇ ਚਾਰੇ ਵਰਨ ਕਿਉਂ ਇਕ ਥਾਂ ਕਰ ਦਿੱਤੇ ਹਨ। ਪਹਾੜੀ ਰਾਜੇ ਇਸ ਕਰਕੇ ਹੀ ਪੰਥ ਵਿਚ ਸ਼ਾਮਲ ਨਾ ਹੋਏ ਕਿ ਇਥੇ ਤਾਂ ਸਾਰੇ ਅਖੌਤੀ ‘ਸ਼ੂਦਰ’ ਹੀ ’ਕੱਠੇ ਕਰ ਦਿੱਤੇ ਹਨ ਤੇ ਇਸ ਤਰ੍ਹਾਂ ਇਹ ਤਾਂ ਸਾਡਾ ਰਾਜ ਖੋਹ ਲੈਣਗੇ।

ਕਵੀ ਸੁੱਖਾ ਸਿੰਘ ਗੁਰਬਿਲਾਸ ਪਾਤਸ਼ਾਹੀ 10 (1797 ਈ.) ਵਿਚ ਲਿਖਦਾ ਹੈ ਕਿ ਗੁਰੂ-ਪੰਥ ਦੀ ਅਬਚਲ ਨੀਂਹ ਬਹੁਤ ਵਿਸਤਾਰ ਵਾਲੀ ਹੈ ਤੇ ਇਸ ‘ਗ੍ਰਹਿ’ (ਘਰ) ਵਿਚ ਹਜ਼ਾਰਾਂ ਸਿੱਖ ਹਨ, ਜਿਹੜੇ ਚਾਰੇ ਵਰਨਾਂ ਵਿੱਚੋਂ ਹਨ। ਇਥੇ ਲੋਕ ਸਾਰੇ ਵਰਨ ਛੱਡ ਕੇ ‘ਖਾਲਸਾ ਵਰਨ’ ਵਿਚ ਚਲੇ ਗਏ ਹਨ ਤੇ ‘ਅਵਰਾ ਸਾਦ’ ਛੱਡ ਕੇ ਇਕ ਅਕਾਲ ਪੁਰਖ ਦੀ ਸ਼ਰਨ ਵਿਚ ਆ ਗਏ ਹਨ। ਕਵੀ ਸੁੱਖਾ ਸਿੰਘ ਅਨੁਸਾਰ ਨਾਨਕ-ਪੰਥ ਨੇ ਗ਼ਰੀਬ ਤੇ ਨਿਮਾਣੇ ਲੋਕਾਂ ਦੀ ਬਾਂਹ ਫੜੀ ਹੈ:

ਜਾਟ ਗਵਾਰ ਸੁ ਤੇਲੀ ਬਨੇ।
ਨਾਈ ਬਾਮਨ ਜਾਤ ਨ ਗਨੇ।
ਰਜਕ ਸੂਦ ਲਬਾਨੇ ਜਾਨਹੁ।
ਬਨੀਏ ਰੋੜੇ ਭਾਟ ਪਛਾਨਹੁ।
ਬਾਢੀ ਅਉਰ ਲੁਹਾਰ ਸੁਨਾਰ।
ਝੀਵਰ ਲੋਗ ਘੁਮਾਰ ਕੁਲਾਰ।
ਕਿਤਕ ਬਾਹਿਤੀ ਔਰ ਚਮਾਰ।
ਕਰ ਰੰਘਰੇਟੇ ਖੋਰ ਹਲਾਲ।
ਬਾਰਾ ਜਾਤ ਸਨਾਤ ਮਿਲਾਵੈ।
ਤਿਲ ਕਰ ਤੀਰਕੰ ਨਾਮ ਸਿਖਾਵੈ।

ਭਾਈ ਕੇਸਰ ਸਿੰਘ ਰਚਿਤ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਅਨੁਸਾਰ ਜਿਸ ‘ਸਿੱਖੀ’ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਵੀ ਕੰਢੇ ਕਰਤਾਰਪੁਰ ਰੱਖੀ ਸੀ, ਉਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ‘ਸਿੰਘੀ’ ਰਲਾ ਕੇ ‘ਤੀਸਰ ਪੰਥ’ ਸਾਜਿਆ ਤਾਂ ਕਿ ਗ਼ਰੀਬਾਂ ਦੀ ਰੱਖਿਆ ਹੋ ਸਕੇ। ਪੰਥ ਵਿਚ ਚਾਰੇ ਵਰਨ ਬਿਨਾਂ ਕਿਸੇ ਰੋਕ-ਟੋਕ ਦੇ ਆਏ ਤੇ ਇਸ ਤਰ੍ਹਾਂ ਪਹਿਲੀ ਵਾਰ ‘ਸ਼ੂਦਰ’ ਦੇ ਘਰ ‘ਰਾਜ’ ਆਇਆ।

ਮਹਿਮਾ ਪ੍ਰਕਾਸ਼ (ਕਵਿਤਾ, 1776 ਈ.) ਦਾ ਕਰਤਾ ਸ੍ਰੀ ਸਰੂਪ ਦਾਸ ਭੱਲਾ ਲਿਖਦਾ ਹੈ ਕਿ ਗੁਰੂ-ਘਰ ਵਿਚ ਲੋਕ-ਰੀਤ ਤਿਆਗਣੀ ਜ਼ਰੂਰੀ ਕਰ ਦਿੱਤੀ ਗਈ; ਲੋਕ-ਰੀਤ ਤੇ ਗੁਰੂ-ਪੰਥ ਦੋਵੇਂ ਇਕ-ਸਾਥ ਨਹੀਂ ਚੱਲ ਸਕਦੇ। ਮਹਿਮਾ ਪ੍ਰਕਾਸ਼ ਲਿਖਦਾ ਹੈ ਕਿ ਜਿਹੜਾ ਵੀ ਗੁਰੂ-ਮਾਰਗ ਦਾ ਪਾਂਧੀ ਬਣ ਗਿਆ, ਉਹ ‘ਸਰਬ ਜੰਜਾਲਾਂ’ ਤੋਂ ਮੁਕਤੀ ਪਾ ਗਿਆ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਵੇਲੇ ਪਰੰਪਰਾਵਾਦੀ, ਅਕਬਰ ਕੋਲ ਇਹੀ ਸ਼ਿਕਾਇਤ ਕਰਦੇ ਹਨ ਕਿ ਇਹ ਨਵੇਂ ਆਏ ਲੋਕ ਨਾ ਗੰਗਾ ਨੂੰ ਪਵਿੱਤਰ ਮੰਨਦੇ ਹਨ, ਨਾ ਗਾਇਤ੍ਰੀ ਮੰਤ੍ਰ ਪੜ੍ਹਦੇ ਹਨ ਅਤੇ ਬਿਨਾਂ ਸੋਚੇ-ਵਿਚਾਰੇ ਹੀ ਸਾਰੇ ਇਕ ਥਾਂ ਬੈਠ ਕੇ ਖਾਂਦੇ ਹਨ। ਨਿੰਦਕਾਂ ਤੇ ਜਾਤ-ਅਭਿਮਾਨੀਆਂ ਨੇ ਗੁਰੂ ਸਾਹਿਬਾਨ ਵਿਰੁੱਧ ਲੋਕਾਂ ਦੇ ਕੰਨ ਭਰੇ ਕਿ ਇਨ੍ਹਾਂ ਨੇ ਤਾਂ ਸਾਰੀਆਂ ਜਾਤਾਂ ਇਕੱਠੀਆਂ ਕਰ ਕੇ ‘ਜਗਤ’ ਨੂੰ ਹੀ ‘ਭ੍ਰਿਸ਼ਟ’ ਕਰ ਦਿੱਤਾ ਹੈ:

ਖਤ੍ਰੀ ਧਰਮੁ ਨਸਟ ਸਭ ਕੀਲਾ।
ਵਾਹਿਗੁਰੂ ਜਪੁ ਸਭ ਕੋ ਦੀਲਾ।
ਚਾਰਨ ਵਰਨ ਕੋ ਇਕ ਮਤ ਕਰਾ।
ਸਭ ਮਿਲ ਖਾਹਿ ਭ੍ਰਿਸਟਿ ਜਗ ਕਰਾ॥

ਭਾਈ ਰਤਨ ਸਿੰਘ (ਭੰਗੂ) ਲਿਖਤ ਸ੍ਰੀ ਗੁਰੂ ਪੰਥ ਪ੍ਰਕਾਸ਼ (1841 ਈ.) ਅਨੁਸਾਰ ਗੁਰੂ-ਪੰਥ ਵਿਚ ਆਉਣ ਵਾਲੇ ਕਿਸੇ ਓਪਰੀ ਜਾਂ ਬਾਹਰੀ ਮੁਕਤੀ ਵਿਚ ਵਿਸ਼ਵਾਸ ਨਹੀਂ ਰੱਖਦੇ, ਮੁਕਤਿ-ਭੁਗਤਿ ਸਭ ਪੰਥ ਵਿਚ ਹੀ ਪ੍ਰਾਪਤ ਹੋ ਜਾਂਦੀ ਹੈ। ‘ਰਯੀਅਤ’ ਸਬੰਧੀ ਭਾਈ ਰਤਨ ਸਿੰਘ ਲ਼ਿਖਦਾ ਹੈ ਕਿ ਖੰਡੇ ਦੀ ਪਾਹੁਲ ਪੀ ਕੇ ਉਨ੍ਹਾਂ ਨੇ ‘ਆਨ’ ਦੀ ‘ਚਾਕਰੀ ਕਰਨੀ ਛੱਡ ਦਿੱਤੀ ਤੇ ਉਹ ਆਪਣੀ ਹੋਣੀ ਦੇ ਆਪ ਮਾਲਕ ਬਣ ਗਏ:

ਖਾਲਸੋ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਇ।
ਆਨ ਨ ਮਾਨੈਂ ਆਨ ਕੀ ਇਕ ਸਚੇ ਬਿਨ ਪਤਿਸ਼ਾਹਿ।

ਭਾਈ ਰਤਨ ਸਿੰਘ ਪੰਥ ਪ੍ਰਕਾਸ਼ ’ਚ ਲਿਖਦਾ ਹੈ ਕਿ ‘ਪੰਜ ਭੁਜੰਗੀ’ ਸਾਜ ਕੇ ਗੁਰੂ ਨੇ ਚਾਰੇ ਵਰਨ ਇਕ ਥਾਂ ਇੱਕੋ ਜਿਹੇ ਕਰ ਦਿੱਤੇ। ਇਸ ਤਰ੍ਹਾਂ ਗਰੀਬ ਲੋਕਾਂ ਦੀਆਂ ਸਭ ਚਿੰਤਾਵਾਂ (ਜਾਤ, ਸੁੱਚ-ਭਿੱਟ, ਸੁੱਚ-ਜੂਠ…) ਮਿਟ ਗਈਆਂ, ਉਨਾਂ ਨੂੰ ਸਭ ਤੋਂ ਵੱਡਾ ਪਦ ਸ਼ਹੀਦੀ ਪਦ ਪ੍ਰਾਪਤ ਹੋਇਆ। ਖਾਲਸਾ ਵੱਡਾ ਕਲਾਧਾਰੀ ਬਣ ਗਿਆ ਤੇ ਉਸ ਨੇ ਕਈ ਮੁਲਕ-ਜਗੀਰਾਂ ਮੱਲ ਲਈਆਂ; ਇਸ ਤਰ੍ਹਾਂ ਗਰੀਬ ‘ਸਿਖਨ’ ਹੱਥ ਪਹਿਲੀ ਵਾਰ ਪਾਤਸ਼ਾਹੀ ਆਈ।

ਭਾਈ ਰਤਨ ਸਿੰਘ ਅਨੁਸਾਰ ਸਮੁੱਚੀ ਸਿੱਖ ਲਹਿਰ ਗਰੀਬਾਂ ਦੇ ਹੱਕ ਵਿਚ ਭੁਗਤੀ। ਜਿਹੜੀਆਂ ਨੀਚ-ਜਾਤੀਆਂ ਨੇ ਕਦੇ ਸੁਪਨੇ ਵਿਚ ਵੀ ਆਜ਼ਾਦੀ ਦਾ ਨਾਂ ਤਕ ਵੀ ਨਹੀਂ ਸੁਣਿਆ ਸੀ, ਗੁਰੂ ਅਥਵਾ ਗੁਰੂ-ਪੰਥ ਨੇ ਉਨ੍ਹਾਂ ਨੂੰ ਪਾਤਿਸ਼ਾਹੀ ਬਖ਼ਸ਼ੀ :

ਸਤ ਸਨਾਤਿ ਔ ਬਾਰਹ ਜਾਤ।
ਜਨਤ ਨਹਿ ਰਾਜਨੀਤ ਕੀ ਬਾਤ।
ਜਟ ਬੂਟ ਕਹਿˆ ਜਿਹˆ ਜਗ ਮਾਂਹੀ।
ਬਣੀਏ ਬਕਾਲ ਕਿਰਾੜ ਖਤ੍ਰੀ ਸਦਾਈ।
ਲੁਹਾਰ ਤ੍ਰਖਾਣ ਹੁਤ ਜਾਤ ਕਮੀਨੀ।
ਛੀਪੋ ਕਲਾਲ ਨੀਚਨ ਪੈ ਕ੍ਰਿਪਾ ਕੀਨੀ।
ਗੁਜਰ ਗ੍ਵਾਰ ਹੀਰ ਕਮਜਾਤ।
ਕੰਬੋਇ ਸੂਦਨ ਕੋਇ ਪੂਛੈ ਨ ਬਾਤ।
ਝੀਵਰ ਨਾਈ ਰੋੜੇ ਘੁਮਿਆਰ।
ਸਾਇਣੀ ਸੁਨਿਆਰੇ ਚੂੜੇ੍ ਚਮਿਆਰ।
ਭਟ ਔ ਬਾਹਮਣ ਹੁਤੇ ਮੰਗਵਾਰ।
ਬਹੁਰੂਪੀਏ ਲੁਬਾਣੇ ਔ ਘੁਮਿਆਰ।
ਇਨ ਗਰੀਬਨ ਹਮ ਦਯੈਂ ਪਾਤਿਸਾਹੀ।
ਏ ਯਾਦ ਰਖੈਂ ਹਮਰੀ ਗੁਰਿਆਈ।

ਜੇਕਰ ਸਮੁੱਚੇ ਤੌਰ ’ਤੇ 16ਵੀਂ-17ਵੀਂ ਸਦੀ ਦੀ ਸਿੱਖ ਪੰਥ ਦੀ ਬਣਤਰ ਤੇ ਸਥਿਤੀ ਦਾ ਅਧਿਐਨ ਕਰੀਏ ਤਾਂ ਇਹ ਤੱਥ ਆਪਣੇ ਆਪ ਵਿਚ ਸਪੱਸ਼ਟ ਹੋ ਜਾਂਦਾ ਹੈ ਕਿ ਸਿੱਖ ਲਹਿਰ ਨੇ ਦੱਬੇ-ਕੁਚਲੇ ਤਥਾ ਦਲਿਤ ਲੋਕਾਂ ਦਾ ਪੱਖ ਲਿਆ। ਸਿੱਖ ਲਹਿਰ ਤਥਾ ਸੰਗਠਨ ਵਿਚ ਵੀ ਵਧੇਰੇ ਗਿਣਤੀ ਨਿਮਨ-ਵਰਗ ਵਿੱਚੋਂ ਸੀ। ਇਕ ਗੰਭੀਰ ਸਰਵੇਖਣ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਸਿੱਖ ਸੰਗਠਨ ਵਿਚ ਜਿੱਥੇ ਨਿਮਨ-ਵਰਗ ਦੇ ਲੋਕ ਵਧੇਰੇ ਸਨ, ਉਥੇ ਸਿੱਖ ਲੀਡਰਸ਼ਿਪ ਵਿਚ ਵੀ ਇਹ ਲਗਾਤਾਰ ਵਧ ਰਹੇ ਸਨ। ਸਿੱਖ ਸੈਨਿਕਾਂ ਵਿਚ ਵੀ ਇਸ ਤੱਥ ਦੀਆਂ ਅਨੇਕਾਂ ਉਦਾਹਰਣਾਂ ਵੇਖੀਆਂ ਜਾ ਸਕਦੀਆਂ ਹਨ। ਗੁਰਬਿਲਾਸ ਪਾਤਸ਼ਾਹੀ 10 (1751 ਈ.) ਦਾ ਕਰਤਾ ਇਕ ਘਟਨਾ ਪੇਸ਼ ਕਰਦਾ ਹੋਇਆ ਲਿਖਦਾ ਹੈ ਕਿ ਜਦੋਂ ਭੰਗਾਣੀ ਦੀ ਜੰਗ ਤੋਂ ਪਹਿਲਾਂ ਭੀਸ਼ਮ (ਭੀਖਨ) ਖਾਨ ਨਾਂ ਦਾ ਪਠਾਨ ਸਾਥੀਆਂ ਸਮੇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਕੇ ਪਹਾੜੀਆਂ (ਬਾਈਧਾਰ ਦੇ ਰਾਜਿਆਂ) ਨਾਲ ਜਾ ਰਲ਼ਿਆ ਤਾਂ ਰਾਜੇ ਇਹ ਭੇਤ ਪੁੱਛਦੇ ਹਨ ਕਿ ਗੁਰੂ ਕੋਲ ਕਿੰਨੀ ਕੁ ਵੱਡੀ ਫੌਜ ਹੈ ਤੇ ਕਿਹੋ ਜਿਹੇ ਸੂਰਮੇ ਇਕੱਠੇ ਕੀਤੇ ਹੋਏ ਹਨ? ਉੱਤਰ ਵਿਚ ਖਾਨ ਦੱਸਦਾ ਹੈ ਕਿ ਗੁਰੂ ਬਿਨਾਂ ਉਥੇ ਕੋਈ ਫੌਜ ਨਹੀਂ, ਕੋਈ ਸੂਰਮਾ ਨਹੀਂ, ਸਭ ਜਾਤ-ਸਨਾਤਾਂ ਦੀ ‘ਰਯੀਅਤ’ ਇਕੱਠੀ ਕੀਤੀ ਹੋਈ ਹੈ। ਅਸਲੀ ਸ਼ਬਦ ਹਨ:

ਰਾਜੈ ਬੂਝੀ ਭੀਖਨ ਖਾਨਾ।
ਕੇਤੀ ਸੈਨ ਗੁਰੂ ਕੀ ਨਿਦਾਨਾ?
ਭੀਖਨ ਖਾਨ ਭਨ ਸਾਹਿਬ ਕਾ ਨਾਉਂ।
ਰੈਯਤ ਲੋਕ ਮਿਲੇ ਇਕ ਠਾਉਂ।
ਜਾਟ ਗਵਾਰ ਸੁ ਤੇਲੀ ਨਾਹੀ।
ਭਾਈ ਲਬਾਨੇ ਚਮਰਾਈ।
ਬਨੀਏ ਰੋਰੋ ਭਾਟ ਮਹਾਨਾ।
ਸੂਦ੍ਰ ਛੀਪੇ ਜਾਟ ਤ੍ਰਿਖਾਨਾ।
ਬਾਰਾ ਜਾਤ ਸਿਨਾਤ ਮਿਲਾਵੈਂ।
ਇਨ ਕਹੁ ਤੀਰ ਕਮਾਨ ਸਿਖਾਵੈਂ।
ਔਰ ਕਲਾਲ ਸੁਨਾਰੇ ਜੇਹੀ।
ਪਕੜ ਨ ਜਾਨੈ ਬਰਛਾ ਤੇਹੀ।
ਤੀਰ ਤੁਫੰਗ ਕੋ ਨਾਹਿ ਚਲਾਵੈ।
ਜਾਤ ਅਰਾਈ ਖੋਸੀ ਚਾਵੈ।

ਸਿੱਖਾਂ ਦੀ ਭਗਤਮਾਲਾ (1737 ਈ.) ਇਸ਼ਾਰਾ ਦਿੰਦੀ ਹੈ ਕਿ ਗੁਰੂ-ਘਰ ਵਿਚ ਆਉਣ ਤੋਂ ਪਹਿਲਾਂ ਬ੍ਰਾਹਮਣੀ ਨਿੱਤ-ਨਮਿਤ ਕਰਮਕਾਂਡ ਛੱਡਣ ਦੇ ਨਾਲ-ਨਾਲ ਜਾਤ-ਪਾਤੀ ਬੁਰਿਆਈ ਨੂੰ ਛੱਡਣਾ ਇਕ ਜ਼ਰੂਰੀ ਨਿਯਮ ਸੀ, ਜਿਸ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜਣ ਤੋਂ ਪਹਿਲਾਂ ਦਿੱਤੇ ਇਤਿਹਾਸਕ ਵਿਖਿਆਨ ਵਿਚ ਇਸ ਗੱਲ ਦਾ ਐਲਾਨੀਆ ਜ਼ਿਕਰ ਕੀਤਾ ਸੀ।

ਉਪਰੋਕਤ ਵਰਣਿਤ ਸਿੱਖ ਸਾਹਿਤ ਤੋਂ ਇਲਾਵਾ ਹੋਰ ਸਾਖੀ ਸਾਹਿਤ, ਪਰਚੀ ਸਾਹਿਤ, ਸੌ ਸਾਖੀ ਗੁਰ-ਰਤਨਾਵਲੀ (1773), ਸਿੰਘ ਸਾਗਰ (1827 ਈ.), ਗੁਰਕੀਰਤ ਪ੍ਰਕਾਸ਼ (1834), ਗੁਰੁ-ਪ੍ਰਣਾਲੀਆਂ, ਸ੍ਰੀ ਦਸ ਗੁਰ ਕਥਾ (1705), ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ (1843), ਪੰਥ ਪ੍ਰਕਾਸ਼/ਤਵਾਰੀਖ਼ ਗੁਰੂ ਖਾਲਸਾ (1878/99), ਹੁਕਮਨਾਮੇ, ਵਾਰਾਂ ਅਤੇ ਗੁਰ-ਉਸਤਤਿ ਵਿਚ ਰਚਿਤ ਅਨੇਕਾਂ ਕਵੀਆਂ ਦੀਆਂ ਲਿਖਤਾਂ ਅਤੇ ਇਨ੍ਹਾਂ ਤੋਂ ਬਿਨਾਂ ਸਿੱਖ ਪੰਥ ਦੇ ਸ੍ਰੋਤ ਵਜੋਂ ਉਪਲਬਧ ਫ਼ਾਰਸੀ, ਅੰਗਰੇਜ਼ੀ ਆਦਿ ਲਿਖਤਾਂ ਵਿੱਚੋਂ ਬੇਸ਼ੁਮਾਰ ਉਦਾਹਰਣਾਂ ਪੇਸ਼ ਕਰਦੀਆਂ ਹਨ ਕਿ ਸਿੱਖ ਲਹਿਰ ਦੀ ਬੁਨਿਆਦੀ ਪ੍ਰਕਿਰਤੀ ਲੋਕ-ਮੁਕਤੀ ਸੀ ਤੇ ਇਸ ਲਹਿਰ ਨੇ ਵਧੇਰੇ ਯੋਗਦਾਨ ਗ਼ਰੀਬਾਂ, ਨਿਮਾਣਿਆਂ, ਦਲਿਤਾਂ ਆਦਿ ਦੇ ਉਥਾਨ ਵਿਚ ਪਾਇਆ, ਇਹ ਯੋਗਦਾਨ ਭਾਵੇਂ ਵਿਚਾਰਧਾਰਕ ਸੀ, ਭਾਵੇਂ ਇਤਿਹਾਸਕ ਤੇ ਭਾਵੇਂ ਸਿੱਧਾ ਜ਼ਿੰਦਗੀ-ਮੌਤ ਦਾ ਸਵਾਲ ਸੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Gurmail Singh
ਅਸਿਸਟੈਂਟ ਪ੍ਰਫ਼ੈਸਰ, ਧਰਮ ਅਧਿਐਨ ਵਿਭਾਗ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)