editor@sikharchives.org

ਮਨ ਦਾ ਬੋਝ

ਸੱਚੇ ਪਾਤਸ਼ਾਹ ਨੇ ਸਾਨੂੰ ‘ਸਿੰਘ’ ਦਾ ਖ਼ਿਤਾਬ ਦਿੱਤਾ, ਫਿਰ ਮੈਂ ਗਿੱਦੜ ਕਿਉਂ ਬਣਿਆ ਰਹਾਂ?
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਉਸਨੇ ਅਖ਼ਬਾਰਾਂ ਮੈਗ਼ਜ਼ੀਨਾਂ ਤੋਂ ਸੱਚੋ-ਸੱਚ ਪੜ੍ਹਿਆ… ਚੈਨਲਾਂ ਦਾ ਪ੍ਰਚਾਰ ਸੁਣਿਆ, ਧਰਮੀ ਲੋਕਾਂ ਦੇ ਜਜ਼ਬਾਤ ਵਲੂੰਧਰੇ ਦੇਖੇ… ਦਸਮੇਸ਼ ਪਿਤਾ ਜੀ ਦੀਆਂ ਮਹਾਨ ਕੁਰਬਾਨੀਆਂ ਦਾ ਇਤਿਹਾਸ ਪੜ੍ਹ-ਸੁਣ ਕੇ ਆਪਣੇ ਆਪ ਨੂੰ ਵਿਰਾਸਤ ਦੇ ਸ਼ੀਸ਼ੇ ’ਚੋਂ ਤੱਕਿਆ। ਭਾਵਨਾ ਜਾਗੀ… ਮਨ ਬੋਲ ਉੱਠਿਆ… ਅਜੇ ‘ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ’। …ਘਰ ਦੀ ਕੰਧ ’ਤੇ ਲਟਕਦੀ ਦੇਹਧਾਰੀ ਬਾਬੇ ਦੀ ਫੋਟੋ ਲਾਹ ਕੇ ਮੂਧੀ ਮਾਰ ਦਿੱਤੀ… ਪੰਜਾਬ ਦੇ ਮਾਹੌਲ ਨੂੰ ਅਸ਼ਾਂਤ ਕਰਨ ਵਾਲਾ ਜਾਪਿਆ…! ਗੁਰੂ ਦੇ ਵਾਰਸਾਂ ਨੂੰ ਗੁੰਮਰਾਹ ਕਰਨ ਵਾਲੇ ਨਾਲ ਸਾਡਾ ਕੀ ਸੰਬੰਧ? ਇਸ ਸਵਾਲ ਨੇ ਉਹਨੂੰ ਬੇਚੈਨ ਕਰ ਦਿੱਤਾ… ਇਕ ਪ੍ਰੇਮੀ ਦੇ ਮਨ ਦਾ ਬੋਝ ਖੋਜ ਵੱਲ ਚੱਲ ਪਿਆ…। ਕਿੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਰਬੰਸਦਾਨੀ… ਅੰਮ੍ਰਿਤ ਦੇ ਦਾਤੇ… ਸ਼ਮਸ਼ੀਰ-ਏ-ਬਹਾਦਰ… ਨੀਚਾਂ ਨੂੰ ਊਚ ਕਰਨ ਵਾਲੇ… ਚਿੜੀਆਂ ਤੋਂ ਬਾਜ਼ ਤੁੜਾਉਣ ਵਾਲੇ ਤੇ ਕਿੱਥੇ ਸਾਨੂੰ ਬਾਜ਼ਾਂ ਨੂੰ ਭੇਖੀ ਲੋਕਾਂ ਨੇ ਚਿੜੀਆਂ ਬਣਾ ਦਿੱਤਾ ਐ… ਕਿ ਅਸੀਂ ਆਪਣੇ ਪਰਛਾਵਿਆਂ ਤੋਂ ਵੀ ਡਰ ਰਹੇ ਆਂ। ਸੱਚੇ ਪਾਤਸ਼ਾਹ ਨੇ ਸਾਨੂੰ ‘ਸਿੰਘ’ ਦਾ ਖ਼ਿਤਾਬ ਦਿੱਤਾ, ਫਿਰ ਮੈਂ ਗਿੱਦੜ ਕਿਉਂ ਬਣਿਆ ਰਹਾਂ? ਮੈਂ ਕਲਗੀਆਂ ਵਾਲੇ ਪਾਤਸ਼ਾਹ ਦਾ ਸ਼ੇਰ ਹਾਂ, ਉਹਨੂੰ ਆਪਣੀ ‘ਸਿੰਘ ਗਰਜ’ ਸੁਣਾਈ ਦਿੱਤੀ ਤੇ ਬਚਪਨ ਵਿਚ ਦਾਦੀ ਮਾਂ ਤੋਂ ਸੁਣੀ ਕਹਾਣੀ ਯਾਦ ਆਈ ਕਿ ਕਿਵੇਂ ਇਕ ਸ਼ੇਰ ਦਾ ਬੱਚਾ, ਭੇਡਾਂ ਦੇ ਵੱਗ ’ਚ ਰਲ਼ਿਆ… ਭੇਡੂ ਹੀ ਬਣ ਕੇ ਰਹਿ ਗਿਆ ਸੀ, ਪਰ ਇਕ ਦਿਨ ਸ਼ੇਰ ਦੀ ਭਬਕ ਸੁਣ ਕੇ ਖੁਦ ਗਰਜਿਆ ਤਾਂ ਉਹਨੂੰ ਆਪਣੇ ਸ਼ੇਰ ਹੋਣ ਦਾ ਅਹਿਸਾਸ ਪੈਦਾ ਹੋਇਆ ਸੀ।

…ਮੈਂ ਕੁਝ ਸਾਲ ਪਹਿਲਾਂ ਗੁੰਮਰਾਹਕੁੰਨ ਪ੍ਰਚਾਰ ਵਿਚ ਉਲਝ ਕੇ ਕੱਚਿਆਂ ਦਾ ਚੇਲਾ ਬਣ ਗਿਆ… ਇਹ ਅਗਿਆਨਤਾ ਮੈਨੂੰ ਕਿੰਨੀ ਦੂਰ ਲੈ ਗਈ ਕਿ ਮੈਂ ਸੱਥਾਂ- ਖੁੰਢਾਂ ’ਤੇ ਬੈਠਾ ਵੀ ਝੂਠੇ ਦੀਆਂ ਵਡਿਆਈਆਂ ਕਰਨ ਲੱਗ ਪਿਆ… ਅੱਜ ਖੋਟੇ ਤੇ ਖਰੇ ਦੀ ਪਹਿਚਾਣ ਹੋਈ ਐ… ਮੈਂ ਤਾਂ ਮਹਾਨ ਵਿਰਸੇ ਦਾ ਵਾਰਸ ਆਂ… ਮੇਰੇ ਸੱਚੇ ਗੁਰੂ ਦੇ ਤਖ਼ਤਾਂ ਤੋਂ ਸੰਦੇਸ਼ੇ ਤੇ ਹੁਕਮਨਾਮੇ ਮੇਰੀ ਵਿਰਾਸਤ ਐ… ਮੈਂ ਡੇਰਿਆਂ ਦੀ ਕੈਦ ਵਿਚ ਆਪਣੀ ਸੋਚ ਨੂੰ ਸੀਮਤ ਕਰ ਬੈਠਾਂ… ਮੈਨੂੰ ‘ਨਾਮ ਦਾਨ’ ਦੇ ਭਰਮਪਾਊ ਜਾਲ ਵਿਚ ਫਸਾ ਕੇ ਗਿਣਤੀ ਦੇ ਅੱਖਰਾਂ ’ਚ ਸੀਮਤ ਕਰਾ ਦਿੱਤਾ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੋੜਿਆ ਜਾ ਰਿਹਾ ਹੈ… ਵਾਹ… ਜੁਗੋ ਜੁੱਗ ਅਟੱਲ ਗੁਰੂ ਤੋਂ ਬੇਮੁਖ ਕਰ ਕੇ ਥੋੜ੍ਹਚਿਰੇ ਕਪਟੀ ਸਰੀਰ ਦੀ ਪੂਜਾ ਵੱਲ ਲਾਇਆ ਜਾ ਰਿਹਾ… ਕਿੱਥੇ ‘ਧੁਰ ਕੀ ਬਾਣੀ’ ਤੇ ਕਿੱਥੇ ਮਨਘੜਤ ਕਵਿਤਾਵਾਂ!

ਅੱਜ ਸ੍ਰੀ ਦਰਬਾਰ ਸਾਹਿਬ ਦਾ ਸ਼ਬਦ ਕੀਰਤਨ ਸੁਣਿਆ ਤਾਂ ਰਾਗੀ ਸਿੰਘਾਂ ਨੇ ਐਸੇ ਸ਼ਬਦ ਗਾਏ ਕਿ ਮਨ ਵਿੰਨ੍ਹ ਦਿੱਤਾ… “ਕਾਚੇ ਗੁਰ ਤੇ ਮੁਕਤਿ ਨ ਹੂਆ”, “ਨਾਨਕ ਕਚੜਿਆ ਸਿਉ ਤੋੜਿ”, “ਸਤਿਗੁਰ ਸਾਹਿਬੁ ਛਡਿ ਕੈ ਮਨਮੁਖੁ ਹੋਇ ਬੰਦੇ ਦਾ ਬੰਦਾ”, “ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ”।

ਵਾਹ ਪਾਤਸ਼ਾਹ! ਸੱਚ ਹਿਰਦੇ ਨੂੰ ਟੁੰਬ ਗਿਆ। ਸੱਚ ਰੂਪੀ ਸ਼ੀਸ਼ੇ ’ਚੋਂ ਕੁਰੂਪਤਾ ਨਜ਼ਰ ਆਈ…. ‘ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ?’ ਇਕ ਬਲਾਤਕਾਰੀ, ਕਾਤਲ, ਸਵਾਂਗੀ ਤੇ ਫਰੇਬੀ ਬੰਦਾ ਆਪੇ ਗੁਰੂ ਕਿਵੇਂ ਹੋ ਗਿਆ? ਇਹ ਤਾਂ ਧੋਖਾ ਐ.. ਧੋਖੇ ਵਿਚ ਠੱਗੀ ਹੁੰਦੀ ਐ। ਠੱਗ ਹਮੇਸ਼ਾਂ ਸਵਾਂਗ ਕਰਦਾ ਐ। ਸਵਾਂਗ ਤਾਂ ਸਵਾਂਗ ਹੀ ਹੁੰਦਾ ਐ। ਹੁਣ ਸਮਝ ਆਈ ਕਿ ‘ਖੋਤੇ ਉੱਤੇ ਸ਼ੇਰ ਦੀ ਖੱਲ’ ਵਾਲੀ ਸਾਖੀ ਦਾ ਅਸਲੀ ਅਰਥ ਕੀ ਐ? ਸਮਾਂ ਤੇ ਸਮਾਜ ਸਭ ਤੋਂ ਵੱਡਾ ਉਸਤਾਦ ਐ…।

ਉਹ ਯਕਦਮ ਤ੍ਰਭਕਿਆ… ਗੁਰਦੁਆਰਾ ਸਾਹਿਬ ਤੋਂ ਅਵਾਜ਼ ਆ ਰਹੀ ਸੀ, ‘ਗੁਰੂ ਪਿਆਰੀ ਸਾਧ ਸੰਗਤ ਜੀਉ, ਜੋ ਸਿੱਖ ਪਰਵਾਰ ਭੋਲੇ-ਭਾਅ ਜਾਂ ਅਗਿਆਨਤਾ ਵੱਸ ਗੁੰਮਰਾਹ ਹੋ ਕੇ ਡੇਰਿਆਂ ਵੱਲ ਚਲੇ ਗਏ ਸਨ, ਅੱਜ ਉਨ੍ਹਾਂ ਨੂੰ ਸਹੀ ਅਹਿਸਾਸ ਹੋ ਗਿਆ ਹੈ ਕਿ ਉਹ ਗਲਤੀ ਕਰ ਬੈਠੇ ਸਨ… ਉਹ ‘ਕੱਚੇ’ ਨੂੰ ਤਿਆਗ ਕੇ ‘ਸੱਚੇ ਗੁਰੂ’ ਦੀ ਸ਼ਰਨ ਵਿਚ ਆ ਗਏ ਹਨ ਤੇ ਉਨ੍ਹਾਂ ਦਾ ਗੁਰੂ ਦੀ ਹਜ਼ੂਰੀ ਵਿਚ ਮਾਣ-ਸਨਮਾਨ ਹੋਵੇਗਾ। ਅਸੀਂ ਸ੍ਰੀ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਵਾਰਸ ਹਾਂ… ਸਾਨੂੰ ਗੁਰੂ ਸਾਹਿਬਾਨ ਦੇ ਸਿੱਖ ਹੋਣ ’ਤੇ ਹੀ ਫਖ਼ਰ ਕਰਨਾ ਚਾਹੀਦਾ ਐ…। ਵਿਸ਼ਵ ਦੀ ਛੇ ਸੌ ਕਰੋੜ ਦੀ ਅਬਾਦੀ ਵਿਚ ਦਸਮ ਪਿਤਾ ਜੀ ਦੇ ਸਿਰਜੇ ਖ਼ਾਲਸੇ ਦੀ ਨਿਵੇਕਲੀ ਹੋਂਦ ਤੇ ਪਹਿਚਾਣ ਐ। ਅਸੀਂ ਫਿਰ ਦੰਭੀਆਂ-ਪਾਖੰਡੀਆਂ ਦੇ ਲੜ ਕਿਉਂ ਲੱਗੀਏ…? ਕੌਮ ਦੇ ਵਾਰਸੋ! ਪਤਾ ਨਹੀਂ ਪੰਜਾਬ ਵਿਚ ਕਿੰਨੀਆਂ ਜਥੇਬੰਦੀਆਂ ਵੱਡੀਆਂ-ਵੱਡੀਆਂ ਸਕੀਮਾਂ ਨਾਲ ਸਿੱਖ ਕੌਮ ਨੂੰ ਗੁੰਮਰਾਹਕੁੰਨ ਪ੍ਰਚਾਰ ਨਾਲ ਗੁਰੂ ਗ੍ਰੰਥ ਤੇ ਪੰਥ ਤੋਂ ਤੋੜ ਰਹੀਆਂ ਹਨ… ਪੰਜਾਬ ਦੀ ਧਰਤੀ ’ਤੇ ਪਾਖੰਡਵਾਦ ਦਾ ਜਾਲ ਵਿੱਛ ਗਿਆ ਹੈ… ਗੁੰਮਰਾਹ ਹੋਇਆ ਸਿੱਖ ਸਭ ਤੋਂ ਖ਼ਤਰਨਾਕ ਐ ਜੋ ਆਪਣੇ ਹੀ ਭਾਈਚਾਰੇ ਨਾਲ ਲੜਾਈ ਪਾ ਬਹਿੰਦਾ ਐ… ਪਿਆਰਿਓ! ਜਾਅਲੀ ਨੋਟ, ਨਕਲੀ ਗਹਿਣੇ ਤੇ ਕੱਚੇ ਗੁਰੂ ਚਮਕਦਾਰ ਜ਼ਰੂਰ ਹੁੰਦੇ ਐ ਪਰ ਉਨ੍ਹਾਂ ਦਾ ਹਕੀਕੀ ਮੁੱਲ ਕੋਈ ਨਹੀਂ ਹੁੰਦਾ…। ਜਿਨ੍ਹਾਂ ਨੂੰ ਕੱਚੇ-ਪੱਕੇ ਦਾ ਅਹਿਸਾਸ ਹੋ ਗਿਆ, ਉਹ ਧੜਾ-ਧੜ ਆਪਣੇ ਘਰ ਪਰਤ ਰਹੇ ਨੇ…

ਖਾਲਸਾ ਪੰਥ ਸਰਬ ਸਾਂਝਾ ਪਰਵਾਰ ਐ।
ਭਟਕਿਆਂ ਨੂੰ ਰਾਹੇ ਪਾਉਣਾ ਸਭ ਤੋਂ ਵੱਡਾ ਉਪਕਾਰ ਐ।’

…ਸਭ ਕੁਝ ਸੁਣ ਕੇ ਉਹ ਵਾਹੋ-ਦਾਹੀ ਗੁਰਦੁਆਰਾ ਸਾਹਿਬ ਵੱਲ ਚੱਲ ਪਿਆ… ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕੀਤੀ… ਮਨ ਵਿਚ ਅਰਦਾਸ ਕੀਤੀ ਜੋ ਭਿੱਜੇ ਹੋਏ ਹਿਰਦੇ ਦੇ ਬੋਲ ਸਨ.. “ਸਤਿਗੁਰੂ ਜੀ! ਮੈਂ ਭੁਲੇਖੇ ਦਾ ਸ਼ਿਕਾਰ ਹੋ ਗਿਆ… ਮੈਂ ਕਲਗੀਧਰ ਪਿਤਾ ਦੇ ਨਿਆਰੇ ਪੰਥ ਦਾ ਵਾਰਸ ਆਂ… ਪਿਛਲੇ ਔਗਣਾਂ ਨੂੰ ਬਖਸ਼ ਕੇ ਸਹੀ ਮਾਰਗ ’ਤੇ ਚੱਲਣ ਦਾ ਬਲ ਬਖਸ਼ੋ… ਬੰਦਾ ਭੁੱਲਣਹਾਰ ਐ, ਤੁਸੀਂ ਬਖਸ਼ਣਹਾਰ ਓ. ।”

ਉਹਨੇ ਕੇਸਰੀ ਸਿਰੋਪਾ ਲਿਆ… ਜੈਕਾਰਾ ਗੂੰਜਿਆ… ਫਤਹਿ ਬੁਲਾਈ ਤੇ ਸੰਗਤ ’ਚ ਬਹਿ ਕੇ ਪ੍ਰਸ਼ਾਦ ਛਕਿਆ…। ਅਹਿਸਾਸ ਵੀ ਹੋਇਆ ਕਿ ਆਪਣੇ ਕਬੀਲੇ ’ਚੋਂ ਛੇਕੇ ਜਾਣਾ ਕਿੰਨੀ ਵੱਡੀ ਨਮੋਸ਼ੀ ਐ ਤੇ ਆਪਣਿਆਂ ਦੇ ਸੰਗ ਰਹਿਣਾ ਕਿੰਨੇ ਮਾਣ ਵਾਲੀ ਗੱਲ ਐ. । ਮੈਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲਵਾਂਗਾ, ਨਿੱਤਨੇਮੀ ਬਣਾਂਗਾ ਤੇ ਸ੍ਵੈਮਾਣ ਨਾਲ ਰਹਾਂਗਾ। ਘਰ ਵਿਚ ਖੁਸ਼ੀ ਦੀ ਲਹਿਰ ਸੀ…

ਜਾਣੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਗਿਆ… ‘ਘਰ ਹਿਰਦਾ ਰੂਪੀ ਹੋਵੇ, ਰੈਣ ਬਸੇਰਾ ਰੂਪੀ ਜਾਂ ਗੁਰੂ ਦਾ ਘਰ’ ਤਿੰਨਾਂ ਦੀ ਇਕਸੁਰਤਾ ਤੇ ਇਕਸਾਰਤਾ ਹੀ ਅਸਲ ਜੀਵਨ ਦੀ ਖੁਸ਼ੀ ਐ। ਠੰਡੀ-ਠੰਡੀ ਹਵਾ ਚੱਲ ਰਹੀ ਸੀ… ਧ੍ਰੇਕ ਥੱਲੇ ਮੰਜਾ ਡਾਹ ਕੇ ਉਹ ਗੂੜ੍ਹੀ ਨੀਂਦ ਸੌਂ ਗਿਆ, ਜਿਵੇਂ ਅੱਜ ਪਰਬਤੋਂ ਭਾਰਾ ‘ਮਨ ਦਾ ਬੋਝ’ ਲਹਿ ਗਿਆ ਸੀ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Inderjit Singh Gogoani

ਇੰਦਰਜੀਤ ਸਿੰਘ ਗੋਗੋਆਣੀ ਸਿੱਖ ਪੰਥ ਦੇ ਪ੍ਰਮੁੱਖ ਵਿਦਵਾਨ ਲੇਖਕਾਂ ਦੀ ਲੜੀ ਵਿੱਚ ਆਉਂਦੇ ਹਨ। ਆਪ ਨੇ ਸਿੱਖੀ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਅਨੇਕਾਂ ਪੁਸਤਕਾਂ ਦੇ ਨਾਲ-ਨਾਲ ਗੁਰਮਤਿ ਸਿਧਾਂਤ ਨਾਲ ਸੰਬੰਧਤ ਤੇ ਹੋਰ ਖੋਜ-ਭਰਪੂਰ ਲੇਖ ਸਿੱਖ ਪੰਥ ਦੀ ਝੋਲੀ ਪਾਉਂਦੇ ਆ ਰਹੇ ਹਨ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)