editor@sikharchives.org

ਮਾਨਵਤਾਵਾਦੀ ਭਗਤ ਰਵਿਦਾਸ ਜੀ

ਭਗਤੀ ਲਹਿਰ ਵਿਚ ਭਗਤ ਰਵਿਦਾਸ ਜੀ ਨੂੰ ਸਤਿਕਾਰਯੋਗ ਸਥਾਨ ਦਿੱਤਾ ਜਾਂਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਮੱਧਕਾਲੀ ਧਰਮ ਸਾਧਨਾ ਦੇ ਕਾਲ ਨੂੰ ਭਾਰਤ ਵਿਚ ਸੁਨਹਿਰੀ ਕਾਲ ਮੰਨਿਆ ਜਾਂਦਾ ਹੈ। ਭਾਰਤ ਤੇ ਵਿਸ਼ੇਸ਼ ਕਰਕੇ ਉੱਤਰੀ ਭਾਰਤ ਵਿਚ ਸੰਤ/ਭਗਤ ਪਰੰਪਰਾ ਦਾ ਇਤਿਹਾਸ ਅਤੇ ਯੋਗਦਾਨ ਬੜਾ ਮਹੱਤਵਪੂਰਨ ਰਿਹਾ। ਮੱਧਕਾਲ ਸਮੇਂ ਵਿਚ ਭਾਰਤ ਦੇ ਸਮਾਜਿਕ ਵਰਤਾਰੇ ਦੀ ਸਥਿਤੀ ਬੜੀ ਚਿੰਤਾਜਨਕ ਸੀ। ਸਮਾਜ ਵਿਚ ਰਾਜਸੀ ਤੇ ਪੁਜਾਰੀਵਾਦ ਦੇ ਪ੍ਰਭਾਵ ਅਧੀਨ ਨੀਵੀਆਂ ਸ੍ਰੇਣੀਆਂ ਦਾ ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਆਰਥਿਕ ਤੌਰ ਤੇ ਜਿਉਣਾ ਦੁੱਭਰ ਹੋ ਚੁੱਕਾ ਸੀ। ਧਾਰਮਿਕ ਤੇ ਉੱਚਾ ਜੀਵਨ ਤਾਂ ਇਕ ਪਾਸੇ ਰਿਹਾ ਉਨ੍ਹਾਂ ਨੂੰ ਸਧਾਰਣ ਜੀਵਨ ਜੀਉਣ ਦਾ ਵੀ ਹੱਕ ਨਹੀਂ ਸੀ। ਭਗਤੀ ਪਰੰਪਰਾ ਦਾ ਉਥਾਨ ਭਾਰਤ ਦੀ ਰਾਜਨੀਤਿਕ, ਸਮਾਜਿਕ, ਧਾਰਮਿਕ, ਸੱਭਿਆਚਾਰਕ ਗਿਰਾਵਟ ਕਰਕੇ ਹੋਇਆ। ਰਾਜਨੀਤਿਕ ਤਾਕਤ ਮੁਸਲਮਾਨਾਂ ਦੇ ਹੱਥਾਂ ਵਿਚ ਸੀ। ਮਲੇਛ ਭਾਸ਼ਾ ਦੇ ਵੇਸ ਤੇ ਭੇਸ ਨੇ ਸਭਿਆਚਾਰ ਵਿਚ ਗੰਧਲਾਪਨ ਲਿਆ ਦਿੱਤਾ ਸੀ। ਜਾਤਪਾਤ ਤੇ ਊਚ-ਨੀਚ ਦੇ ਹੰਕਾਰ-ਭੂਤ ਨੇ ਸਮਾਜਿਕ ਵਿਵਸਥਾ ਡਾਵਾਂਡੋਲ ਕਰ ਦਿੱਤੀ ਸੀ। ਬ੍ਰਾਹਮਣਾਂ, ਮੁਲਾਂ, ਮੁਲਾਣਿਆ ਦੇ ਧਰਮ ਪ੍ਰਵਚਨਾ ਅਤੇ ਯੋਗੀਆਂ ਦੇ ਹੱਠ-ਕਸ਼ਟ ਯੋਗ ਨੇ ਸਧਾਰਣ ਲੋਕਾਂ ਨੂੰ ਕਰਮਕਾਂਡਾ ਵਿਚ ਉਲਝਾ ਕੇ ਰੱਬ ਦੇ ਘਰ ਦਾ ਰਾਹ ਭੀਹਾਵਲਾ ਤੇ ਸੁੰਕੜਾ ਕਰ ਦਿੱਤਾ ਸੀ। ਸਦਾਚਾਰਕ ਤੇ ਨੈਤਿਕ ਕਦਰਾਂ-ਕੀਮਤਾਂ ਦਾ ਪਾਠ ਕੇਵਲ ਨਿਮਨ ਜਾਂ ਸਧਾਰਣ ਲੋਕਾਂ ਲਈ ਹੀ ਜਰੂਰੀ ਸੀ। ਉੱਚ-ਵਰਗ ਇਹ ਕਦਰਾਂ ਕੀਮਤਾਂ ਧਾਰਨ ਨਾ ਵੀ ਕਰੇ ਅਤੇ ਇਹ ਉਸ ਦਾ ਆਪਣਾ ਮਾਪਦੰਡ ਸੀ। ਭਗਤੀ ਲਹਿਰ ਪੈਦਾ ਹੋਣ ਨਾਲ ਬ੍ਰਾਹਮਣਵਾਦ ਤੇ ਹੋਰ ਪੁਜਾਰੀਆਂ ਦੇ ਖਿਲਾਫ ਸੁਰ ਗੂੰਜਿਆ ਜਿਸ ਨੇ ਨਿਘਰ-ਚੁੱਕੀਆਂ ਤੇ ਬੋਦੀ ਹੋ ਚੁੱਕੀਆਂ ਕਦਰਾਂ- ਕੀਮਤਾਂ ਨੂੰ ਖਤਮ ਕਰਕੇ ਸਮਾਜ ਵਿਚ ਅਜਿਹੀ ਚੇਤਨਾ ਪੈਦਾ ਕੀਤੀ ਕਿ ਨਿਮਾਣੇ- ਨਿਤਾਣੇ ਲੋਕਾਂ ਵਿੱਚੋਂ ਪੈਦਾ ਹੋਏ ਸੰਤ-ਭਗਤ ਸਮਾਜ ਦੀ ਧਾਰਮਿਕ ਅਗਵਾਈ ਕਰਨ ਦੇ ਸਮਰੱਥ ਹੋ ਗਏ ਤੇ ਨਿਮਨ-ਵਰਗ ਦੇ ਲੋਕ ਵੀ ਸਦੀਆ ਦੀ ਧਾਰਮਿਕ ਗੁਲਾਮੀ ਤੋਂ ਅਜ਼ਾਦ ਹੋ ਗਏ।

ਭਗਤੀ ਪਰੰਪਰਾ ਨੇ ਬਹੁਤ ਸਾਰੇ ਮਹਾਨ ਸੰਤ-ਭਗਤ ਪੈਦਾ ਕੀਤੇ ਜਿਨ੍ਹਾਂ ਵਿਚ ਭਗਤ ਰਾਮਾਨੰਦ, ਭਗਤ ਕਬੀਰ, ਭਗਤ ਨਾਮਦੇਵ, ਭਗਤ ਜੈਦੇਵ, ਭਗਤ ਰਵਿਦਾਸ ਜੀ ਆਦਿ ਪ੍ਰਮੁੱਖ ਹਨ। ਸੰਤ/ਭਗਤਾਂ ਦੀ ਇਹ ਲਹਿਰ ਅਧਿਆਤਮਕ ਸਾਹਿਤ ਅਤੇ ਇਤਿਹਾਸ ਵਿਚ ਅਜਿਹੀ ਸ਼ਕਤੀਸ਼ਾਲੀ ਸਿੱਧ ਹੋਈ ਕਿ ਸਮਕਾਲੀ ਸਮਾਜ, ਧਰਮ, ਰਾਜਨੀਤੀ ਇਸ ਦੇ ਪ੍ਰਭਾਵ ਤੋਂ ਬਚ ਨਾ ਸਕੇ। ਜਿੱਥੇ ਇਸ ਨੇ ਸਮਕਾਲੀ ਸਮਾਜ ਨੂੰ ਪ੍ਰਭਾਵਿਤ ਕੀਤਾ ਉੱਥੇ ਨਾਲ ਹੀ ਇਸ ਦਾ ਅਮਿੱਟ ਪ੍ਰਭਾਵ ਵਰਤਮਾਨ ਵਿਚ ਵੀ ਰੋਸ਼ਨ ਤੇ ਬਰਕਰਾਰ ਹੈ ਅਤੇ ਭਵਿੱਖ ਵਿਚ ਵੀ ਧੁੰਧਲਾ ਨਹੀਂ ਹੋਵੇਗਾ। ਮਨੁੱਖੀ ਭਾਈਚਾਰੇ ਤੇ ਸਰਬ-ਸਾਂਝੀਵਾਲਤਾ:

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥1॥
ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥1॥ ਰਹਾਉ॥ (ਪੰਨਾ 1349)

ਦੇ ਸੰਦੇਸ਼ ਨੇ ਮਾਨਵ ਏਕਤਾ ਅਤੇ ਮਾਨਵਤਾਵਾਦੀ ਸੋਚ ਨੂੰ ਪੈਦਾ ਕੀਤਾ। ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ/ਭਗਤਾਂ ਦੀ ਉਪਯੋਗਤਾ ਤੇ ਮਹੱਤਤਾ ਨੂੰ ਜੁਗਾਂ ਜੁਗਾਂਤਰਾਂ ਤੱਕ ਬਣਾਈ ਰੱਖਣ ਲਈ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਇਕ ਅਜਿਹਾ ਪਰਉਪਕਾਰੀ ਕਾਰਜ ਇਹ ਕੀਤਾ ਕਿ ਪਹਿਲਾਂ ਇਨ੍ਹਾਂ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ ਅਤੇ ਫਿਰ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕਰਕੇ ਜਿੱਥੇ ਪ੍ਰਮਾਣਿਕ ਕੀਤਾ ਉੱਥੇ ਲੋਕਾਈ ਲਈ ‘ਥਾਲ ਵਿਚਿ ਤਿੰਨਿ ਵਸਤੂ ਪਈਓ’ ਅਨੁਸਾਰ ਖਾਣ ਤੇ ਭੁੰਚਣ ਵਾਲਿਆਂ ਲਈ ਉਧਾਰ ਕਰਨ ਲਈ ਪਰੋਸ ਕੇ ਉਪਯੋਗੀ ਵੀ ਬਣਾਇਆ।

ਇਨ੍ਹਾਂ ਭਗਤਾਂ ਵਿੱਚੋਂ ਮਹਾਨ ਭਗਤ ਰਵਿਦਾਸ ਜੀ ਹੋਏ ਹਨ। ਭਗਤੀ ਲਹਿਰ ਵਿਚ ਭਗਤ ਰਵਿਦਾਸ ਜੀ ਨੂੰ ਸਤਿਕਾਰਯੋਗ ਸਥਾਨ ਦਿੱਤਾ ਜਾਂਦਾ ਹੈ। ਸਿੱਖ ਧਰਮ ਤੇ ਬਾਣੀ ਵਿਚ ਭਗਤੀ ਪਰੰਪਰਾ ਦੇ ਪ੍ਰਮੁੱਖ ਭਗਤਾਂ ਜਿੰਨਾਂ ਵਿਚ ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ, ਭਗਤ ਤ੍ਰਿਲੋਚਨ, ਭਗਤ ਜੈ ਦੇਵ ਆਦਿ ਦੇ ਸਤਿਕਾਰਯੋਗ ਸਥਾਨ ਦੀ ਪੁਸ਼ਟੀ ਗੁਰੂ ਸਾਹਿਬਾਨ ਤੇ ਭੱਟ ਸਾਹਿਬਾਨ ਦੀ ਬਾਣੀ ਵਿਚ ਹੋਈ ਹੈ:

ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ॥
ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ ਸਭਿ ਦੋਖ ਗਏ ਚਮਰੇ॥ (ਪੰਨਾ 995)

ਭਗਤ ਰਵਿਦਾਸ ਜੀ ਨੇ ਸਮਕਾਲੀ ਸਮਾਜ ਦੀ ਸਾਰੀ ਸਥਿਤੀ ਨੂੰ ਬੜਾ ਨੇੜਿਉਂ ਹੋ ਕੇ ਤੱਕਿਆ। ਭਗਤ ਰਵਿਦਾਸ ਜੀ ਇਕ ਮਾਨਵਤਾਵਾਦੀ ਭਗਤ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਰਵਿਦਾਸ ਜੀ ਦੇ 40 ਸ਼ਬਦਾਂ ਨੂੰ ਦਰਜ ਕੀਤਾ ਗਿਆ। ਪ੍ਰਮਾਣਕਤਾ ਦੇ ਨਜ਼ਰੀਏ ਤੋਂ ਇਹ ਪਾਵਨ ਸ਼ਬਦ ਗੁਰੂ ਸਾਹਿਬਾਨ ਦੀ ਪਰਖ ਕਸਵੱਟੀ ਤੇ ਪੂਰੇ ਹੋਣ ਕਰਕੇ ਇਸ ਲੇਖ ਦਾ ਆਧਾਰ ਸ੍ਰੋਤ ਹਨ। ਮਾਨਵਤਾ ਦੇ ਉਧਾਰ ਕਰਨ ਲਈ ਭਗਤ ਰਵਿਦਾਸ ਜੀ ਨੇ ਬਹੁਤ ਸਾਰੇ ਕਾਰਜ ਕੀਤੇ ਅਤੇ ਉਪਦੇਸ਼ ਆਪਣੀ ਬਾਣੀ ਰਾਹੀਂ ਦਿੱਤੇ। ਇਸ ਲਈ ਹਥਲੇ ਲੇਖ ਵਿਚ ਅਸੀਂ ਭਗਤ ਰਵਿਦਾਸ ਜੀ ਨੂੰ ਇਕ ਮਾਨਵਤਾਵਾਦੀ ਦੇ ਰੂਪ ਵਿਚ ਦੇਖਣ ਤੇ ਸਮਝਣ ਦਾ ਜਤਨ ਕਰਾਂਗੇ।

ਮਾਨਵਤਾ ਦਾ ਘੇਰਾ ਬੜਾ ਵਿਸ਼ਾਲ ਹੈ। ਮਾਨਵਤਾਵਾਦ ਦਾ ਸੰਬੰਧ ਕਿਸੇ ਵਿਸ਼ੇਸ਼ ਭਾਸ਼ਾ ਨਾਲ ਨਹੀਂ ਹੁੰਦਾ ਇਸ ਦਾ ਸਰੋਕਾਰ ਕੋਈ ਇਕ ਵਿਸ਼ੇਸ਼ ਵਰਗ ਜਾਂ ਵਿਸ਼ੇਸ਼ ਖੇਤਰ ਨਾਲ ਨਾ ਹੋ ਕੇ ਸਮੁੱਚਾ ਮਾਨਵ ਸਮਾਜ ਇਸ ਦਾ ਆਧਾਰ ਹੁੰਦਾ ਹੈ। ਇਸ ਦੇ ਕਲਾਵੇ ਵਿਚ ਹਰ ਮਨੁੱਖ ਕੀ ਰਾਣਾ ਕੀ ਰੰਕ ਸਭ ਮਜ਼ਹਬਾਂ, ਸ਼੍ਰੇਣੀਆਂ, ਵਰਗਾਂ ਦੇ ਲੋਕ ਆਉਂਦੇ ਹਨ। ਇਸ ਦੀ ਭਾਵਨਾ ਸਵੈ-ਕਲਿਆਣ ਦੀ ਥਾਂ ਜਨ-ਕਲਿਆਣ ਦੀ ਸੁਰਵਾਲੀ ਹੁੰਦੀ ਹੈ। ਭਗਤ ਰਵਿਦਾਸ ਜੀ ਵੱਲੋਂ ਮਾਨਤਵਤਾਵਾਦੀ ਸਰੋਕਾਰਾਂ ਨੂੰ ਮੁੱਖ ਤੌਰ ਤੇ ਦੋ ਹਿੱਸਿਆ ਵਿਚ ਵੰਡਿਆ ਜਾ ਸਕਦਾ ਹੈ। ਵਿਵਹਾਰਕ ਤੇ ਅਧਿਆਤਮਕ। ਭਗਤ ਰਵਿਦਾਸ ਜੀ ਦੀ ਬਾਣੀ ਵਿਚ ਜਨ-ਕਲਿਆਣ ਹਿਤ ਅਧਿਆਤਮਕ ਤੇ ਵਿਵਹਾਰਕ ਪੱਧਰ ਉੱਤੇ ਜੋ ਵਿਸ਼ੇ ਛੋਹੇ ਗਏ ਹਨ ਉਹ ਬੜੇ ਹੀ ਮਹੱਤਵਪੂਰਨ ਹਨ। ਮਾਨਵਤਾਵਾਦੀ ਭਗਤ ਰਵਿਦਾਸ ਜੀ ਨੇ ਅਧਿਆਤਮਕ ਤੌਰ ਤੇ ਜਨ ਕਲਿਆਣ ਲਈ ਜੋ ਚੇਤਨਾ ਆਪਣੀ ਬਾਣੀ ਰਾਹੀਂ ਕੀਤੀ। ਮਾਨਵਤਾਵਾਦੀ ਸਿਧਾਂਤਾਂ ਦੀ ਸਿਰਜਨਾ ਸਮੇਂ ਭਗਤ ਰਵਿਦਾਸ ਜੀ ਨੇ ਨਾ ਤਾਂ ਸਮੇਂ ਦੇ ਰਾਜਸੀ ਦਬ-ਦਬੇ ਦਾ ਭੈ ਮੰਨਿਆ ਅਤੇ ਨਾ ਹੀ ਧਾਰਮਿਕ ਕਿਰਿਆ ਕਰਮ ਕਰਨ ਵਾਲੀ ਪੁਜਾਰੀ ਸ਼੍ਰੇਣੀ ਦੇ ਫਤਵਿਆਂ ਦੀ ਪ੍ਰਵਾਹ ਕੀਤੀ। ਵਿਵਹਾਰਿਕ ਪੱਧਰ ’ਤੇ ਉਨ੍ਹਾਂ ਦੇ ਸਿਰਜੇ ਸਿਧਾਂਤ, ਬੁਤ-ਪੂਜਾ, ਜਾਤ-ਪਾਤ, ਊਚ-ਨੀਚ, ਗੁਲਾਮੀ, ਝੂਠੇ ਵਿਖਾਵੇ ਲਈ ਕੀਤੇ ਕਰਮਕਾਂਡਾਂ ਦਾ ਪੂਰਨ ਵਿਰੋਧ ਕੀਤਾ। ਭਗਤ ਰਵਿਦਾਸ ਜੀ ਦੀ ਸੋਚ ਜੋ ਪਹਿਲਾਂ ਸੰਸਾਰਕ ਕਾਰ-ਵਿਹਾਰਾਂ ਵਿਚ ਖਚਤ ਸੀ ਉਹ ਇਨ੍ਹਾਂ ਨਾਲੋਂ ਟੁੱਟ ਕੇ ਨਿਰਗੁਣ ਨਿਰਾਕਾਰ ਦੀ ਉਪਾਸਨਾ ਕਰਨ ਲੱਗ ਪਈ ‘ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ’ ਦੇ ਪਾਵਨ ਬੋਲ ਅਨੁਸਾਰ ਮਾਨਵ ਰੁਚੀ ਨਵਿਰਤੀ ਮਾਰਗ ਹੀ ਥਾਂ ਪਰਵਿਰਤੀ ਮਾਰਗ ਵੱਲ ਸੇਧਤ ਹੋ ਗਈ।

ਮਾਨਵਤਾਵਾਦੀ ਭਗਤ ਰਵਿਦਾਸ ਜੀ ਨੇ ਵਿਹਾਰਿਕ ਪੱਧਰ ਤੇ ਆਪਣੀ ਸੋਚ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸਮਾਜ ਵਿਚਲੀਆਂ ਬੁਰਾਈਆਂ ਵਿਰੁੱਧ ਅਵਾਜ਼ ਉਠਾਈ। ਉਨ੍ਹਾਂ ਨੇ ਚਾਰ ਵਰਣਾਂ ਦਾ ਖੰਡਨ ਕੀਤਾ ਤੇ ਕਿਹਾ:

ਬ੍ਰਹਮਨ ਬੈਸ ਸੂਦ ਅਰੁ ਖ੍ਹਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ॥
ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ॥1॥ (ਪੰਨਾ 858)

ਮਾਨਵਤਾ ਦੇ ਭਲੇ ਲਈ ਭਗਤ ਰਵਿਦਾਸ ਜੀ ਨੇ ਊਚ-ਨੀਚ, ਅਮੀਰੀ- ਗਰੀਬੀ, ਛੂਤ-ਛਾਤ ਅਤੇ ਸੁੱਚ-ਭਿੱਟ ਸੰਬੰਧੀ ਜੋਰਦਾਰ ਢੰਗ ਨਾਲ ਅਵਾਜ਼ ਉਠਾਈ।ਉਨ੍ਹਾਂ ਦਾ ਕਥਨ ਹੈ:

ਐਸੀ ਲਾਲ ਤੁਝ ਬਿਨੁ ਕਉਨੁ ਕਰੈ॥
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ॥1॥ ਰਹਾਉ॥
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ॥
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥1॥
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥2॥1॥ (ਪੰਨਾ 1106)

ਭਗਤ ਰਵਿਦਾਸ ਜੀ ਨੇ ਮਾਨਵਤਾ ਦੇ ਭਲੇ ਲਈ ਸ਼ਰਾਬ ਆਦਿ ਨਸ਼ਿਆ ਦਾ ਵੀ ਜੋਰਦਾਰ ਵਿਰੋਧ ਕੀਤਾ ਹੈ:

ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ॥
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ॥1॥
ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ॥
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ॥2॥ (ਪੰਨਾ 1293)

ਮਾਨਵਤਾ ਨੂੰ ਧਾਰਮਿਕ ਕਰਮ-ਕਾਂਡ ਦੀਆਂ ਜੰਜੀਰਾਂ ਵਿੱਚੋਂ ਕੱਢਣ ਲਈ ਭਗਤ ਰਵਿਦਾਸ ਜੀ ਨੇ ਹਰ ਤਰ੍ਹਾਂ ਦੇ ਕਰਮ-ਕਾਂਡ ਤੇ ਦਿਖਾਵੇ ਵਿਰੁੱਧ ਅਵਾਜ਼ ਬੁਲੰਦ ਕੀਤੀ। ਧਰਮ ਦੇ ਨਾਂ ਉੱਤੇ ਹੁੰਦੇ ਕੁਕਰਮਾਂ ਦੀ ਨਿਖੇਧੀ ਕਰਕੇ ਸਰਬ-ਸਾਂਝੇ ਧਰਮ ਦਾ ਉਪਦੇਸ ਦਿੱਤਾ। ਇਸ ਵਾਸਤੇ ਮਾਨਵਤਾਵਾਦੀ ਭਗਤ ਰਵਿਦਾਸ ਜੀ ਨੇ ਖੱਟ ਕਰਮਾਂ, ਤੀਰਥ ਇਸ਼ਨਾਨ, ਮੂਰਤੀ ਪੂਜਾ, ਬੇਦ-ਸਿਮਰਤੀਆਂ ਦੇ ਪੂਜਣ, ਸ਼ਿਵਲਿੰਗ ਪੂਜਾ, ਭੂਮੀ-ਦਾਨ ਆਦਿ ਦੀ ਨਿਖੇਧੀ ਕੀਤੀ ਹੈ। ਖੱਟ ਕਰਮਾ ਬਾਰੇ ਕਿਹਾ ਹੈ:

ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ॥ (ਪੰਨਾ 1124)

ਤੀਰਥ ਇਸ਼ਨਾਨ, ਸ਼ਿਵਲਿੰਗ ਪੂਜਾ, ਦਾਨ ਤੇ ਹੋਰ ਪਾਠ ਪੂਜਾ ਆਦਿ ਬਾਰੇ ਉਨ੍ਹਾਂ ਦਾ ਕਥਨ ਹੈ:

ਜੇ ਓਹੁ ੳਠਸਠਿ ਤੀਰਥ ਨਾ੍ਵੈ॥
ਜੇ ਓਹੁ ਦੁਆਦਸ ਸਿਲਾ ਪੂਜਾਵੈ॥
ਜੇ ਓਹੁ ਕੂਪ ਤਟਾ ਦੇਵਾਵੈ॥
ਕਰੈ ਨਿੰਦ ਸਭ ਬਿਰਥਾ ਜਾਵੈ॥1॥
ਸਾਧ ਕਾ ਨਿੰਦਕੁ ਕੈਸੇ ਤਰੈ॥
ਸਰਪਰ ਜਾਨਹੁ ਨਰਕ ਹੀ ਪਰੈ॥1॥ ਰਹਾਉ॥
ਜੇ ਓਹੁ ਗ੍ਰਹਨ ਕਰੈ ਕੁਲਖੇਤਿ॥
ਅਰਪੈ ਨਾਰਿ ਸੀਗਾਰ ਸਮੇਤਿ॥
ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ॥
ਕਰੈ ਨਿੰਦ ਕਵਨੈ ਨਹੀ ਗੁਨੈ॥2॥
ਜੇ ਓਹੁ ਅਨਿਕ ਪ੍ਰਸਾਦ ਕਰਾਵੈ॥
ਭੂਮਿ ਦਾਨ ਸੋਭਾ ਮੰਡਪਿ ਪਾਵੈ॥
ਅਪਨਾ ਬਿਗਾਰਿ ਬਿਰਾਂਨਾ ਸਾਂਢੈ॥
ਕਰੈ ਨਿੰਦ ਬਹੁ ਜੋਨੀ ਹਾਂਢੈ॥3॥
ਨਿੰਦਾ ਕਹਾ ਕਰਹੁ ਸੰਸਾਰਾ॥
ਨਿੰਦਕ ਕਾ ਪਰਗਟਿ ਪਾਹਾਰਾ॥
ਨਿੰਦਕੁ ਸੋਧਿ ਸਾਧਿ ਬੀਚਾਰਿਆ॥
ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ॥4॥2॥11॥7॥2॥49॥ ਜੋੜੁ॥ (ਪੰਨਾ 875)

ਭਗਤ ਰਵਿਦਾਸ ਜੀ ਦੀ ਬਾਣੀ ਸਮਕਾਲੀ ਸਮਾਜ ਦੀ ਰਾਜਸੀ, ਧਾਰਮਿਕ ਤੇ ਸਮਾਜਿਕ ਅਜਾਰੇਦਾਰੀ ਤੇ ਮਨੁੱਖ ਦੀ ਗੁਲਾਮੀ ਦਾ ਅਹਿਸਾਸ ਕਰਵਾਉਂਦੀ ਹੈ। ਇਸ ਦੇ ਵਿਰੋਧ ਵਿਚ ਮਾਨਵੀ ਅਜ਼ਾਦੀ ਸਭਿਆਚਾਰਕ ਪ੍ਰਬੰਧਾਂ ਦਾ ਅਰਥ ਇਹ ਹੈ ਕਿ ਮਨੁੱਖ ਆਪਣੇ ਗੁਲਾਮੀ ਬਾਰੇ ਵੱਧ ਤੋਂ ਵੱਧ ਚੇਤਨ ਹੈ। ਭਗਤ ਰਵਿਦਾਸ ਜੀ ਦਾਸ, ਨੀਚ ਜਾਂ ਗਰੀਬ ਦੇ ਖਾਤਮੇ ਲਈ ਪਰਮਾਤਮਾ ਦੀ ਸੁਰਤ ਵਿਚ ਟਿਕ ਜਾਂਦਾ ਹੈ:

ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ॥
ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ॥1॥
ਰਾਮ ਗੁਸਈਆ ਜੀਅ ਕੇ ਜੀਵਨਾ॥
ਮੋਹਿ ਨ ਬਿਸਾਰਹੁ ਮੈ ਜਨੁ ਤੇਰਾ॥1॥ ਰਹਾਉ॥
ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ॥
ਚਰਣ ਨ ਛਾਡਉ ਸਰੀਰ ਕਲ ਜਾਈ॥2॥
ਕਹੁ ਰਵਿਦਾਸ ਪਰਉ ਤੇਰੀ ਸਾਭਾ॥
ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ॥3॥1॥ (ਪੰਨਾ 345)

ਵਿਵਹਾਰਕ ਖੇਤਰ ਵਿਚ ਭਗਤ ਰਵਿਦਾਸ ਜੀ ਨੇ ਮਾਨਵਤਾਵਾਦੀ ਸਿਧਾਂਤ ਅਨੁਸਾਰ ਮਨੁੱਖ ਦੀ ਮਨੁੱਖ ਨਾਲ ਸਮਾਨਤਾ ਨੂੰ ਪ੍ਰਵਾਨ ਕੀਤਾ ਗਿਆ ਹੈ। ਜਗਤ ਦੇ ਸਮੂਹ ਜੀਵ ਜਾਤੀਆਂ ਵਿਚ ਮਨੁੱਖ ਨੂੰ ਸਰਵ-ਸ੍ਰੇਸ਼ਟ ਮੰਨਿਆ ਜਾਂਦਾ ਹੈ। ਭਗਤ ਰਵਿਦਾਸ ਜੀ ਅਨੁਸਾਰ ਪਸ਼ੂਆਂ ਆਦਿ ਦਾ ਪੁੰਨ ਪਾਪ ਵੱਲੋਂ ਅਚੇਤ ਰਹਿਣਾ ਸੁਭਾਵਿਕ ਨਹੀਂ ਪਰੰਤੂ ਦੁਰਲੱਭ ਮਨੁੱਖਾ ਜਨਮ ਪ੍ਰਾਪਤ ਕਰਕੇ ਚੰਗੀ ਸੋਚ ਵਿਚਾਰ ਦੇ ਬਿਨਾਂ ਜ਼ਿੰਦਗੀ ਅਜਾਈਂ ਨਹੀਂ ਗਵਾਉਣਾ ਚਾਹੀਦਾ:

ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ॥
ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ॥2॥ (ਪੰਨਾ 486)

ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ॥
ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ॥1॥ (ਪੰਨਾ 658)

ਮਾਨਵਤਾਵਾਦੀ ਭਗਤ ਰਵਿਦਾਸ ਜੀ ਨੇ ਮਾਨਵਤਾ ਦੀ ਸਥਾਪਤੀ ਲਈ ਜਾਤ-ਪਾਤ ਦੇ ਬੰਧਨਾਂ ਨੂੰ ਨਕਾਰਿਆ ਹੈ ਅਤੇ ਜਾਤ-ਪਾਤ ਦੇ ਵਿਸ਼ਵਾਸ ਤੋਂ ਉੱਪਰ ਉੱਠਣ ਲਈ ਉਪਦੇਸ਼ ਕੀਤਾ ਹੈ:

ਕਹਿ ਰਵਿਦਾਸ ਜੋੁ ਜਪੈ ਨਾਮੁ॥
ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ॥4॥1॥ (ਪੰਨਾ 1196)

ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ॥1॥ ਰਹਾਉ॥ (ਪੰਨਾ 1124)

ਭਗਤ ਰਵਿਦਾਸ ਜੀ ਦੀ ਮਾਨਵਤਾਵਾਦੀ ਸੋਚ ਕੇਵਲ ਜਾਤ-ਪਾਤ ਤੱਕ ਸੀਮਤ ਨਹੀਂ ਸੀ। ਉਨ੍ਹਾਂ ਨੇ ਅੰਤਰ-ਧਰਮ ਸਹਿਹੋਂਦ ਤੇ ਵੀ ਜ਼ੋਰ ਦਿੱਤਾ ਉਨ੍ਹਾਂ ਦੀ ਬਾਣੀ ਦੇ ਬਹੁਤ ਸਾਰੇ ਸ਼ਬਦ ਇਸ ਪ੍ਰਥਾਇ ਮਿਲਦੇ ਹਨ ਜਿਵੇਂ:

ਬ੍ਰਹਮਨ ਬੈਸ ਸੂਦ ਅਰੁ ਖ੍ਹਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ॥
ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ॥1॥ (ਪੰਨਾ 858)

ਮਾਨਵਤਾਵਾਦੀ ਭਗਤ ਰਵਿਦਾਸ ਜੀ ਦੀਨ-ਦੁਖੀਆਂ ਲਈ ਵੀ ਸਦਾ ਚੇਤੰਨ ਰਹਿੰਦੇ ਤੇ ਦੂਜੇ ਦੇ ਦੁੱਖ ਦਰਦ ਨੂੰ ਸਦਾ ਵੰਡਣ ਲਈ ਸਦਾ ਤਤਪਰ ਰਹਿੰਦੇ। ਦੀਨ ਦੁਖੀਆਂ ਪ੍ਰਥਾਇ ਭਗਤ ਜੀ ਉਲੇਖ ਕਰਦੇ ਹਨ:

ਜਤ ਦੇਖਉ ਤਤ ਦੁਖ ਕੀ ਰਾਸੀ॥
ਅਜੌਂ ਨ ਪਤ੍ਹਾਇ ਨਿਗਮ ਭਏ ਸਾਖੀ॥3॥ (ਪੰਨਾ 710)

ਪਰ ਪੀੜਾ ਨੂੰ ਉਹ ਆਪ ਮਹਿਸੂਸ ਕਰਦੇ ਸਨ, ਉਨ੍ਹਾਂ ਦਾ ਕਥਨ ਸੀ:

ਸੋ ਕਤ ਜਾਨੈ ਪੀਰ ਪਰਾਈ॥
ਜਾ ਕੈ ਅੰਤਰਿ ਦਰਦੁ ਨ ਪਾਈ॥1॥ ਰਹਾਅੁ॥ (ਪੰਨਾ 793)

ਅਪ ਤਨ ਕਾ ਜੋ ਕਰੇ ਬੀਚਾਰੁ॥
ਤਿਸੁ ਨਹੀ ਜਮਕੰਕਰੁ ਕਰੇ ਖੁਆਰੁ॥2॥  (ਪੰਨਾ 1196)

ਮਨੁੱਖਾ ਜਨਮ ਲੈ ਕੇ ਵਿਹਲੇ ਰਹਿਣਾ ਗੁਰਮਤਿ ਵਿਚ ਪ੍ਰਵਾਨ ਨਹੀਂ ਹੈ। ਮਾਨਵਤਾਵਾਦੀ ਭਗਤ ਰਵਿਦਾਸ ਜੀ ਨੇ ਵੀ ਹੱਥੀਂ ਕਿਰਤ ਕਰਨ ਉੱਤੇ ਜ਼ੋਰ ਦਿੱਤਾ। ਇਸੇ ਲਈ ਉਹ ਹੱਥੀਂ ਜੁੱਤੀਆਂ ਗੰਢਣ ਦਾ ਕੰਮ ਕਰਦੇ ਸਨ ਤੇ ਕਦੇ ਵੀ ਇਹ ਕੰਮ ਉਨ੍ਹਾਂ ਦੀ ਪ੍ਰਭੂ-ਭਗਤੀ ਵਿਚ ਬੰਧਨ ਨਹੀਂ ਬਣਿਆ ਸਗੋਂ ਉਨ੍ਹਾਂ ਨੇ ਆਪਣੇ ਕਿੱਤੇ ਬਾਰੇ ਮਾਣ ਹੈ:

ਚਮਰਟਾ ਗਾਂਠਿ ਨ ਜਨਈ॥
ਲੋਗੁ ਗਠਾਵੈ ਪਨਹੀ॥1॥ ਰਹਾਉ॥ (ਪੰਨਾ 659)

ਖੇਤੀਬਾੜੀ, ਵਪਾਰ, ਮੋਚੀਗਿਰੀ, ਮਰੇ ਢੋਰ ਚੁੱਕਣਾ, ਇਹ ਹੀਣਤਾ ਭਰਿਆ ਕੰਮ ਨਹੀਂ ਹੈ। ਇਹ ਨੂੰ ਚੁੱਕਣ ਤੇ ਚਮੜੇ ਕੱਟਣ ਦੇ ਕੰਮ ਦੀ ਚਰਚਾ ਹੋਈ ਹੈ। ਜੋ ਮਾਨਵਵਾਦੀ ਸੋਚ ਦਾ ਪ੍ਰਗਟਾਵਾ ਹੈ:

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ॥
ਰਿਦੈ ਰਾਮ ਗੋਬਿੰਦ ਗੁਨ ਸਾਰੰ॥1॥ ਰਹਾਉ॥ (ਪੰਨਾ 1293)

ਮਾਨਵਤਾਵਾਦੀ ਭਗਤ ਰਵਿਦਾਸ ਜੀ ਇਕ ਆਦਰਸ਼ ਰਾਜ ਦਾ ਸੰਕਲਪ ਆਪਣੀ ਬਾਣੀ ਵਿਚ ਪ੍ਰਸਤੁਤ ਕੀਤਾ। ‘ਬੇਗਮਪੁਰਾ ਸਹਰ ਕੋ ਨਾਉ’, ਸ਼ਬਦ ਜਿੱਥੇ ਨਿਰੰਕਾਰ ਦੇ ਮਿਲਾਪ ਪਿੱਛੋਂ ਪੈਦਾ ਹੋਈ ਆਤਮਿਕ ਅਵਸਥਾ ਨੂੰ ਬਿਆਨ ਕਰਦਾ ਹੈ ਉੱਥੇ ਵਿਵਹਾਰਿਕ ਜੀਵਨ ਇਕ ਅਜਿਹੇ ਹਲੇਮੀ ਤੇ ਜਨ ਕਲਿਆਣਕਾਰੀ ਢਾਂਚੇ ਦੀ ਸਥਾਪਤੀ ਲਈ ਵੀ ਮਹੱਤਵਪੂਰਨ ਅਗਵਾਈ ਦੇਣ ਦੇ ਸਮਰੱਥ ਹੈ। ਮਾਨਵਤਾਵਾਦੀ ਭਗਤ ਰਵਿਦਾਸ ਜੀ ਨੂੰ ਵਿਵਹਾਰਿਕ ਤੌਰ ਤੇ ਜਦੋਂ ਸਮੇਂ ਦੇ ਰਾਜਨੀਤਿਕ ਢਾਂਚੇ ਨੂੰ ਵੇਖਦੇ ਹਾਂ ਤਾਂ ਪਤਾ ਲਗਦਾ ਹੈ ਕਿ ਇਸ ਅਵਸਥਾ ਵਿਚ ਮਾਨਵ-ਜਨ ਭਾਵ ਸਧਾਰਣ ਪਰਜਾ, ਸਹਿਮ, ਫਿਕਰ, ਚਿੰਤਾ, ਸੋਚ, ਘਬਰਾਹਟ ਵਿਚ ਆਪਣਾ ਜੀਵਨ ਬਤੀਤ ਕਰ ਰਹੀ ਹੈ। ਮਾਨਵਤਾਵਾਦੀ ਭਗਤ ਰਵਿਦਾਸ ਇਕ ਅਜਿਹੇ ਹਲੇਮੀ ਰਾਜ ਦਾ ਸੰਕਲਪ ਸਾਹਮਣੇ ਪੇਸ਼ ਕਰਦੇ ਹਨ ਜਿੱਥੇ ਸਮਾਜਿਕ, ਸਮਾਨਤਾ ਹੋਵੇਗੀ, ਆਰਥਿਕ ਉੱਨਤੀ ਦੇ ਬਰਾਬਰ ਅਧਿਕਾਰ ਹੋਣਗੇ। ਅਮੀਰ, ਗਰੀਬ ਛੋਟੇ ਵੱਡੇ ਬਰਾਬਰ ਹੋਣਗੇ। ਰਾਜਨੀਤਿਕ ਤੌਰ ਤੇ ਰਾਜ ਤੇ ਰਾਜ ਮਹਿਲਾਂ ਅਤੇ ਪਰਜਾ ਦਾ ਪਾੜਾ ਨਹੀਂ ਹੋਵੇਗਾ। ਹਰ ਵਿਅਕਤੀ ਆਪਣਾ ਜੀਵਨ ਖੁਸ਼ੀ ਨਾਲ ਬਿਤਾਉਣ ਲਈ ਧਾਰਮਿਕ ਇਸ਼ਟ ਪੂਜਾ ਨੂੰ ਨਿਬਾਹੁਣ ਲਈ ਸੁਤੰਤਰ ਹੋਵੇਗਾ। ਧਾਰਮਿਕ ਕਰਮਕਾਂਡ ਤੇ ਬੰਦਸ਼ਾਂ ਵਾਲੀ ਗੱਲ ਨਹੀਂ ਹੋਵੇਗੀ। ਇਹ ਸਰੂਪ ਮਾਨਵਤਾਵਾਦੀ ਭਗਤ ਰਵਿਦਾਸ ਜੀ ਨੇ ਬਾਣੀ ਵਿਚ ਇੰਝ ਪ੍ਰਸਤੁਤ ਕੀਤਾ ਹੈ:

ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥1॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥1॥ ਰਹਾਉ॥ (ਪੰਨਾ 345)

ਮਾਨਵਤਾਵਾਦੀ ਭਗਤ ਰਵਿਦਾਸ ਜੀ ਦੇ ਅਧਿਆਤਮਕ ਪੱਧਰ ਤੇ ਮਾਨਵ ਦੇ ਕਲਿਆਣ ਲਈ ਪ੍ਰਭੂ ਨਾਲ ਮਿਲਾਪ ਤੇ ਜ਼ੋਰ ਦਿੱਤਾ ਹੈ ਤੇ ਇਸ ਅਭੇਦਤਾ ਵਿਚ ਦ੍ਵੈ ਦੀ ਥਾਂ ਨਹੀਂ ਕੇਵਲ ਇਕ ਦੀ ਹੀ ਹੋਂਦ ਹੈ:

ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥
ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ॥1॥ (ਪੰਨਾ 657)

ਪ੍ਰਭੂ ਦੇ ਨਾਮ ਸਿਮਰਨ ਦੀ ਮਹੱਤਤਾ ਨੂੰ ਦੱਸਿਆ ਗਿਆ ਹੈ।

ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤਿ ਤਾਸ ਸਮ ਤੁਲਿ ਨਹੀ ਆਨ ਕੋਊ॥ (ਪੰਨਾ 1293)

ਪ੍ਰਭੂ ਪ੍ਰਾਪਤੀ ਲਈ ਸਤਿਗੁਰ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਹੈ:

ਗੁਰ ਪ੍ਰਸਾਦਿ ਮੈ ਡਗਰੋ ਮਾਇਆ॥
ਜੀਵਕ ਮਰਨ ਦੋਉ ਮਿਟਾਇਆ॥ (ਪੰਨਾ 871)

ਇਸ ਲਈ ਸਤਸੰਗਤਿ ਦੀ ਮਹਿਮਾ ਨੂੰ ਵੀ ਸਵੀਕਾਰ ਕੀਤਾ ਗਿਆ ਹੈ:

ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ॥
ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ॥2॥

ਪੰਜ ਵਿਕਾਰਾਂ ਦੇ ਤਿਆਗ ਅਤੇ ਨਿਮਰਤਾ ਧਾਰਨ ਕਰਨ ’ਤੇ ਜੋਰ ਦਿੱਤਾ ਗਿਆ ਹੈ:

ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ॥
ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ॥1॥ (ਪੰਨਾ 346)

ਸਹ ਕੀ ਸਾਰ ਸੁਹਾਗਨਿ ਜਾਨੈ॥
ਤਜਿ ਅਭਿਮਾਨੁ ਸੁਖ ਰਲੀਆ ਮਾਨੈ॥
ਤਨੁ ਮਨੁ ਦੇਇ ਨ ਅੰਤਰੁ ਰਾਖੈ॥
ਅਵਰਾ ਦੇਖਿ ਨ ਸੁਨੈ ਅਭਾਖੈ॥1॥ (ਪੰਨਾ 793)

ਇਸ ਤਰ੍ਹਾਂ ਸਮੁੱਚੇ ਵਿਸ਼ਲੇਸ਼ਣ ਉਪਰੰਤ ਸਾਰ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਮਾਨਵਤਾਵਾਦੀ ਭਗਤ ਰਵਿਦਾਸ ਦੀ ਬਾਣੀ, ਜੀਵਨ ਤੇ ਦਰਸ਼ਨ ਵਿਚ ਕਿਸੇ ਵਿਸ਼ੇਸ਼ ਵਰਗ ਨੂੰ ਭੰਡਣ ਵਾਲੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਤੇ ਕਿਸੇ ਧਰਮ, ਧਰਮ ਗ੍ਰੰਥ, ਵਰਣ, ਬੋਲੀ ਬਾਰੇ ਨਕਾਰਾਤਮਕ ਸੁਰ ਸੁਣਾਈ ਨਹੀਂ ਦਿੰਦੀ। ਭਗਤ ਰਵਿਦਾਸ ਜੀ ਮਨੁੱਖੀ ਦੁਖ-ਦਰਦ ਨੂੰ ਸਮਝਦੇ ਹੋਏ ਮਾਨਵ-ਕਲਿਆਣ ਵੱਲ ਸਦਾ ਚੇਤੰਨ ਤੇ ਜਤਨਸ਼ੀਲ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)