ਪਰਵਾਰ ਵਿਚ ਮਾਤਾ-ਪਿਤਾ ਦਾ ਮੁੱਖ ਰੋਲ ਹੈ ਜੋ ਬੱਚਿਆਂ ਨੂੰ ਹਰ ਇਕ ਕੰਮ ਵਿਚ ਸਹਾਇਤਾ ਕਰਦੇ ਹਨ। ਮਾਂ ਗਰਭ ਦੇ ਦਿਨ ਕਾਫ਼ੀ ਮੁਸ਼ਕਲ ਨਾਲ ਕੱਟਦੀ ਹੈ। ਬਾਅਦ ਵਿਚ ਮਾਤਾ-ਪਿਤਾ ਬੱਚੇ ਦੇ ਪਾਲਣ-ਪੋਸ਼ਣ, ਪੜ੍ਹਾਈ ਕਰਾਉਣ, ਨੌਕਰੀ ਅਤੇ ਵਿਆਹ ਦਾ ਪ੍ਰਬੰਧ ਕਰਦੇ ਹਨ। ਜਿਸ ਤਰ੍ਹਾਂ ਵੀ ਹੋਵੇ ਆਪ ਔਖੇ-ਸੌਖੇ ਹੋ ਕੇ ਬੱਚਿਆਂ ਨੂੰ ਹਰ ਪੱਖੋਂ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਇਹ ਸੁਖੀ ਰਹਿਣ ਤੇ ਸੁਚੇਤ ਜਾਂ ਅਚੇਤ ਤੌਰ ’ਤੇ ਉਨ੍ਹਾਂ ਦੇ ਮਨ ਵਿਚ ਇਹ ਆਸ ਹੁੰਦੀ ਹੈ ਕਿ ਬੁਢਾਪੇ ਵਿਚ ਉਨ੍ਹਾਂ ਦੇ ਬੱਚੇ ਉਨ੍ਹਾਂ ਦਾ ਸਹਾਰਾ ਬਣ ਸਕਣ। ਇਕ ਪਿਤਾ ਚਾਰ-ਪੰਜ ਬੱਚਿਆਂ ਦਾ ਪਾਲਣ-ਪੋਸ਼ਣ ਬੜੇ ਪ੍ਰੇਮ ਨਾਲ ਕਰਦਾ ਹੈ ਪਰ ਇਕ ਬੱਚਾ ਆਪਣੇ ਬਿਰਧ ਮਾਤਾ-ਪਿਤਾ ਨੂੰ ਚੰਗੀ ਤਰ੍ਹਾਂ ਸੰਭਾਲ ਨਹੀਂ ਸਕਦਾ ਬਲਕਿ ਇਕ ਬੋਝ ਜਿਹਾ ਸਮਝਦਾ ਹੈ। ਇਹ ਕਿਉਂ?
ਅੱਜ ਦਾ ਬੱਚਾ ਜਦ ਵਿਆਹਿਆ ਜਾਂਦਾ ਹੈ ਤਾਂ ਚਾਹੁੰਦਾ ਹੈ ਕਿ ਉਸ ਦੇ ਕੰਮ ਵਿਚ ਕੋਈ ਦਖਲ ਨਾ ਦੇਵੇ। ਉਹ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹੈ। ਮਾਤਾ-ਪਿਤਾ ਜਿਨ੍ਹਾਂ ਨੂੰ ਜ਼ਿੰਦਗੀ ਦਾ ਕਾਫ਼ੀ ਤਜ਼ਰਬਾ ਹੈ ਅਤੇ ਉਹ ਇਹ ਤਜ਼ਰਬਾ ਆਪਣੇ ਬੱਚਿਆਂ ਦੇ ਹਿਤ ਵਾਸਤੇ ਪੇਸ਼ ਕਰਦੇ ਹਨ, ਉਨ੍ਹਾਂ ਤੋਂ ਸਲਾਹ ਲੈਣ ਤੋਂ ਸੰਕੋਚ ਕਰਦਾ ਹੈ ਜੋ ਸਰਾਸਰ ਗ਼ਲਤ ਹੈ।
ਬੱਚੇ ਬਾਹਰ ਵਿਖਾਵੇ ਲਈ ਸੇਵਾ ਕਰਦੇ ਹਨ ਪਰ ਘਰ ਬਜ਼ੁਰਗ ਮਾਂ-ਬਾਪ ਦੀ ਇੱਜ਼ਤ ਕਰ ਕੇ ਰਾਜ਼ੀ ਨਹੀਂ ਹਨ। ਅਜੋਕੇ ਸਮੇਂ ਦੀ ਸਥਿਤੀ ਵਿਚ ਕਾਫ਼ੀ ਪਰਿਵਰਤਨ ਆ ਗਿਆ ਹੈ ਕਿ ਬਿਰਧ ਮਾਂ-ਬਾਪ ਨੂੰ ਬਿਰਧ ਘਰ ਵਿਚ ਭੇਜਣ ਵਿਚ ਵੀ ਕੋਈ ਝਾਕਾ ਨਹੀਂ ਕਰਦੇ। ਅਸਲ ਵਿਚ ਲੜਕੇ ਨੂੰ ਵਿਆਹ ਤੋਂ ਬਾਅਦ ਸੋਚਣਾ ਚਾਹੀਦਾ ਹੈ ਕਿ ਵਹੁਟੀ ਅਤੇ ਸਹੁਰੇ ਪਰਵਾਰ ਸਾਹਮਣੇ ਆਪਣੇ ਮਾਤਾ-ਪਿਤਾ ਦੀ ਪੂਰੀ-ਪੂਰੀ ਇੱਜ਼ਤ ਕਰੇ ਅਤੇ ਕਦੀ ਵੀ ਉਨ੍ਹਾਂ ਨੂੰ ਰੁੱਖਾ ਨਹੀਂ ਬੋਲਣਾ ਚਾਹੀਦਾ ਤਾਂ ਜੋ ਨੂੰਹ ਨੂੰ ਸਮਝ ਆ ਜਾਵੇ ਕਿ ਸੱਸ-ਸਹੁਰੇ ਦੀ ਇੱਜ਼ਤ ਕਰਨ ਨਾਲ ਪਤੀ ਖੁਸ਼ ਹੋਵੇਗਾ।
ਜੇਕਰ ਬੱਚੇ ਨੂੰ ਸ਼ੁਰੂ ਤੋਂ ਐਸੀ ਸਿੱਖਿਆ ਦਿੱਤੀ ਜਾਵੇ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਕੇ ਨਿਤਨੇਮ ਕਰੇ ਅਤੇ ਉਸ ਪਰਮਾਤਮਾ ਨੂੰ ਯਾਦ ਕਰੇ ਜਿਸ ਨੇ ਮਨੁੱਖਾ ਜਨਮ ਦਿੱਤਾ ਹੈ ਅਤੇ ਸਾਰੀ ਸ੍ਰਿਸ਼ਟੀ ਸਾਜੀ ਹੈ ਅਤੇ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਦੀਆਂ ਪ੍ਰੇਰਨਾਦਾਇਕ ਸਾਖੀਆਂ ਬੱਚਿਆਂ ਨੂੰ ਸੁਣਾਉਣ। ਇਸ ਦਾ ਚੰਗਾ ਅਸਰ ਹੋਵੇਗਾ।
ਅੱਜ ਬੱਚੇ ਬੜੇ ਧਿਆਨ ਨਾਲ ਮਾਤਾ-ਪਿਤਾ ਨੂੰ ਅਤੇ ਉਨ੍ਹਾਂ ਦੇ ਕਿਰਦਾਰ ਨੂੰ ਦੇਖਦੇ ਹਨ। ਮਾਤਾ-ਪਿਤਾ ਨੂੰ ਵੀ ਚਾਹੀਦਾ ਹੈ ਕਿ ਉਹ ਸੱਚ ਬੋਲਣ, ਹਰ ਇਕ ਨਾਲ ਪਿਆਰ-ਸਤਿਕਾਰ ਨਾਲ ਗੱਲਬਾਤ ਕਰਨ ਅਤੇ ਗੁਰੂ ਦੀ ਸਿੱਖਿਆ ’ਤੇ ਚੱਲਣ। ਉਨ੍ਹਾਂ ਦੀ ਕਹਿਣੀ ਤੇ ਕਥਨੀ ਵਿਚ ਫ਼ਰਕ ਨਹੀਂ ਹੋਣਾ ਚਾਹੀਦਾ। ਗੁਰੂ ਦੇ ਨਾਮ-ਲੇਵਾ ਸਿੱਖ-ਸਿੱਖਣੀ ਲਈ ਹਰ ਰੋਜ਼ ਗੁਰਦੁਆਰੇ ਜਾਣ ਦਾ ਨਿਯਮ ਅਪਣਾਉਣਾ ਜ਼ਰੂਰੀ ਹੈ, ਪਰ ਇਸ ਦੇ ਨਾਲ-ਨਾਲ ਆਪਣੇ ਸੁਭਾਅ ਵਿਚ ਮਿਠਾਸ ਨੂੰ ਲਿਆਉਣਾ, ਗਰੀਬਾਂ ਪ੍ਰਤੀ ਦਇਆ ਕਰਨਾ ਅਤੇ ਆਪਣਾ ਚਰਿੱਤਰ ਨੂੰ ਚੰਗਾ ਰੱਖਣਾ ਹੋਵੇਗਾ, ਨਹੀਂ ਤਾਂ ਇਸ ਦਾ ਅਸਰ ਬੱਚਿਆਂ ਉੱਪਰ ਮਾੜਾ ਪਵੇਗਾ। ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਤਦ ਹੀ ਬਚਾ ਸਕਾਂਗੇ ਜੇ ਆਪ ਸ਼ਰਾਬ ਵਰਗੇ ਨਸ਼ਿਆਂ ਤੋਂ ਬਚੇ ਹੋਵਾਂਗੇ। ਆਪਣਾ ਚਰਿੱਤਰ ਹਰ ਹਾਲਤ ਵਿਚ ਬੇਦਾਗ਼ ਰੱਖਣਾ ਪਵੇਗਾ। ਲੜਕੀ ਦੇ ਮਾਤਾ- ਪਿਤਾ ਅਗਰ ਆਪਣੀ ਬੱਚੀ ਨੂੰ ਵਿਆਹ ਤੋਂ ਪਹਿਲਾਂ ਇਹ ਸਮਝਾ ਕੇ ਭੇਜਣ ਕਿ ਸੱਸ-ਸਹੁਰੇ ਨੂੰ ਆਪਣੇ ਮਾਤਾ-ਪਿਤਾ ਦੇ ਸਮਾਨ ਸਮਝਣਾ ਹੈ ਤਾਂ ਇਹੋ-ਜਿਹੀ ਨੌਬਤ ਕਦੇ ਵੀ ਨਹੀਂ ਆ ਸਕਦੀ ਕਿ ਬੁਢੇਪੇ ਵਿਚ ਮਾਤਾ-ਪਿਤਾ ਦੀ ਸੇਵਾ ਨਾ ਕਰਨ।
ਗੁਰਮਤਿ ਦੇ ਧਾਰਨੀ ਘਰਾਂ ਵਿਚ ਬੱਚੇ ਮਾਤਾ-ਪਿਤਾ ਦੀ ਆਗਿਆ ਵਿਚ ਰਹਿੰਦੇ ਹਨ। ਉਨ੍ਹਾਂ ਦਾ ਹੁਕਮ ਮੰਨਦੇ ਹਨ ਤੇ ਸਲਾਹ ਨਾਲ ਕੰਮ ਕਰਦੇ ਹਨ। ਉਹ ਹਮੇਸ਼ਾਂ ਬਜ਼ੁਰਗਾਂ ਨਾਲ ਮਿੱਠਾ ਬੋਲਦੇ ਹਨ ਅਤੇ ਉਨ੍ਹਾਂ ਨੂੰ ਹਮੇਸ਼ਾਂ ਖੁਸ਼ ਰੱਖਦੇ ਹਨ। ਮਾਤਾ-ਪਿਤਾ ਦੀ ਦਿਲੋਂ ਸੇਵਾ ਤੀਰਥਾਂ ’ਤੇ ਜਾਣ ਨਾਲੋਂ ਚੰਗੀ ਹੈ। ਮਾਤਾ-ਪਿਤਾ ਦੀ ਅਸੀਸ ਬਹੁਤ ਚੰਗੀ ਹੁੰਦੀ ਹੈ।
ਭਾਈ ਕਾਨ੍ਹ ਸਿੰਘ ਜੀ ਨਾਭਾ ‘ਗੁਰਮਤਿ ਮਾਰਤੰਡ ਗ੍ਰੰਥ’ ਵਿਚ ਲਿਖਦੇ ਹਨ ਕਿ ਸੰਤਾਨ ਦਾ ਧਰਮ ਹੈ ਕਿ ਮਾਤਾ-ਪਿਤਾ ਨੂੰ ਦੇਵਤਾ ਸਰੂਪ ਜਾਣ ਕੇ ਸੇਵਾ ਕਰੇ ਅਤੇ ਆਗਿਆ ਪਾਲਣ ਕਰ ਕੇ ਉਨ੍ਹਾਂ ਦੀ ਆਤਮਾ ਨੂੰ ਪ੍ਰਸੰਨ ਕਰੇ। ਭਗਤ ਕਬੀਰ ਜੀ ਤਾਂ ਇਥੋਂ ਤਕ ਕਥਨ ਕਰਦੇ ਹਨ ਹਨ ਕਿ ਵਿਦਵਾਨ ਤੇ ਬਿਬੇਕੀ ਸੰਤਾਨ ਤੋਂ ਬਿਨਾਂ ਨਾਲਾਇਕ ਔਲਾਦ ਦਾ ਨਾ ਹੋਣਾ ਹੀ ਅੱਛਾ ਹੈ:
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ॥
ਬਿਧਵਾ ਕਸ ਨ ਭਈ ਮਹਤਾਰੀ॥ (ਪੰਨਾ 328)
ਸ੍ਰੀ ਗੁਰੂ ਰਾਮਦਾਸ ਜੀ ਕਥਨ ਕਰਦੇ ਹਨ ਕਿ ਸਪੁੱਤਰ ਉਹ ਨਹੀਂ ਹੈ ਜੋ ਪਿਤਾ ਨਾਲ ਵਿਵਾਦ ਕਰੇ ਸਗੋਂ ਸਪੁੱਤਰ ਉਹ ਹੈ, ਜੋ ਪਿਤਾ ਨੂੰ ਯੋਗ ਸਤਿਕਾਰ ਦੇਣ ਤੋਂ ਨਾ ਉੱਕੇ:
ਕਾਹੇ ਪੂਤ ਝਗਰਤ ਹਉ ਸੰਗਿ ਬਾਪ॥
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ॥ (ਪੰਨਾ 1200)
ਪਰ ਅਫ਼ਸੋਸ ਹੈ ਕਿ ਉਨ੍ਹਾਂ ਵਿਅਕਤੀਆਂ ’ਤੇ ਜੋ ਮਾਤਾ-ਪਿਤਾ ਦੀ ਸੇਵਾ ਨਹੀਂ ਕਰਦੇ ਅਤੇ ਉਨ੍ਹਾਂ ਦੇ ਮਰਨ ਪਿੱਛੋਂ ਲੋਕਾਚਾਰੀ ਕਰਕੇ ਲੰਗਰ ਲਾਉਂਦੇ ਹਨ:
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥ (ਪੰਨਾ 332)
ਜਿਸ ਵਿਅਕਤੀ ਵਿਚ ਅੰਦਰੋਂ ਮਾਤਾ-ਪਿਤਾ ਲਈ ਪਿਆਰ ਦੀ ਕੁਦਰਤੀ ਖਿੱਚ ਨਹੀਂ ਉਹ ਜੋ ਵੀ ਕਰਮ ਕਰਦਾ ਹੈ ਹਉਮੈ ਦੇ ਕਾਰਨ ਕਰਦਾ ਹੈ। ਹਉਮੈ ਦੇ ਕਾਰਨ ਕਰਮ ਨਿਸਫਲ ਹੀ ਜਾਂਦੇ ਹਨ।
ਇਸ ਬਾਰੇ ਭਾਈ ਗੁਰਦਾਸ ਜੀ ਇਉਂ ਕਹਿੰਦੇ ਹਨ:- ਮਾਂ-ਪਿਉ ਦੀ ਸੇਵਾ ਕਰਨਾ ਪੁੱਤਰ ਦਾ ਫ਼ਰਜ਼ ਬਣਦਾ ਹੈ। ਜੇਕਰ ਪਰਵਾਰ ਵਿਚ ਹੀ ਝਗੜੇ ਪੈ ਜਾਣ ਤਾਂ ਦੇਸ਼ ਅਤੇ ਕੌਮ ਦੀ ਭਲਾਈ ਲਈ ਸੋਚਣਾ ਸੰਭਵ ਹੀ ਨਹੀਂ। ਪੁੱਤਰਾਂ ਅਤੇ ਨੂੰਹਾਂ ਨੂੰ ਚਾਹੀਦਾ ਹੈ ਕਿ ਉਹ ਬਜ਼ੁਰਗਾਂ ਦਾ ਪੂਰਾ-ਪੂਰਾ ਸਤਿਕਾਰ ਕਰਨ। ਬਾਹਰ ਤੀਰਥਾਂ ’ਤੇ ਭੱਜਣ ਨਾਲੋਂ ਮਾਤਾ-ਪਿਤਾ ਦੀ ਸੇਵਾ ਉੱਤਮ ਹੈ। ਅਜੋਕੇ ਯੁੱਗ ਵਿਚ ਜ਼ਰੂਰੀ ਹੋ ਗਿਆ ਹੈ ਕਿ ਮਾਤਾ-ਪਿਤਾ ਵੀ ਅਣਗਹਿਲੀ ਨਾ ਕਰਨ ਅਤੇ ਸਮਾਂ ਰਹਿੰਦਿਆਂ ਬੱਚਿਆਂ ਅੰਦਰ ਧਾਰਮਿਕ ਰੁਚੀ ਜਗਾਉਣ ਅਤੇ ਸਦਾਚਾਰਕ ਗੁਣ ਭਰਨ ਦੀ ਕੋਸ਼ਿਸ਼ ਕਰਨ।
ਉਨ੍ਹਾਂ ਨੂੰ ਸਮਝਾਉਣ ਕਿ ਅਜੋਕੇ ਯੁੱਗ ਵਿਚ ਜਿਸ ਵਿਚ ਵਿਅਕਤੀ ਸਿਰਫ਼ ਪੈਸੇ ਦੀ ਦੌੜ ਪਿੱਛੇ ਲੱਗੇ ਹਨ ਤੇ ਹੋਰ ਸਭ ਨੂੰ ਭੁੱਲ ਗਏ ਹਨ, ਸਰਾਸਰ ਗ਼ਲਤ ਹੈ। ਉਨ੍ਹਾਂ ਨੂੰ ਸਮਝਾਉਣ ਕਿ ਉਹ ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਰੱਖਣ ਜਿਸ ਨੇ ਮਨੁੱਖਾ ਜਨਮ ਦਿੱਤਾ ਹੈ ਅਤੇ ਸਾਰੀਆਂ ਨਿਆਮਤਾਂ ਦਿੱਤੀਆਂ ਹਨ।
‘ਸੁਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ’ ਗੁਰਮਤਿ ਦਾ ਹਰ ਵੇਲੇ ਲਾਹੇਵੰਦ ਸੂਤਰ ਹੈ।
ਅੱਜ ਹਰ ਵਿਅਕਤੀ ਅਮੀਰ ਬਣਨਾ ਚਾਹੁੰਦਾ ਹੈ ਅਤੇ ਧਨ ਇਕੱਠਾ ਕਰਨਾ ਚਾਹੁੰਦਾ ਹੈ, ਭਾਵੇਂ ਜਿਹੜੇ ਤਰੀਕੇ ਮਰਜ਼ੀ ਵਰਤੇ। ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਤੇ ਉਸ ਵਾਹਿਗੁਰੂ ’ਤੇ ਭਰੋਸਾ ਰੱਖਣਾ ਚਾਹੀਦਾ ਹੈ, ਜਿੱਥੇ ਉਹ ਰੱਖੇ, ਖੁਸ਼ ਰਹਿਣਾ ਚਾਹੀਦਾ ਹੈ; ਬਹੁਤੀਆਂ ਉੱਚੀਆਂ ਖ਼ਾਹਿਸ਼ਾਂ ਨੂੰ ਤਰਜੀਹ ਨਾ ਦੇ ਕੇ ਸੁਖੀ ਪਰਵਾਰ ਅਤੇ ਚੰਗਾ ਜੀਵਨ ਬਤੀਤ ਕਰਨ ਲਈ ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਆਪਣੇ-ਆਪਣੇ ਫਰਜ਼ ਨੂੰ ਨਿਭਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਲੇਖਕ ਬਾਰੇ
7/2, ਰਾਣੀ ਕਾ ਬਾਗ, ਨੇੜੇ ਸਟੇਟ ਬੈਂਕ ਆਫ ਇੰਡੀਆ, ਅੰਮ੍ਰਿਤਸਰ
- ਮੇਜਰ ਭਗਵੰਤ ਸਿੰਘhttps://sikharchives.org/kosh/author/%e0%a8%ae%e0%a9%87%e0%a8%9c%e0%a8%b0-%e0%a8%ad%e0%a8%97%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/September 1, 2007
- ਮੇਜਰ ਭਗਵੰਤ ਸਿੰਘhttps://sikharchives.org/kosh/author/%e0%a8%ae%e0%a9%87%e0%a8%9c%e0%a8%b0-%e0%a8%ad%e0%a8%97%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/April 1, 2008
- ਮੇਜਰ ਭਗਵੰਤ ਸਿੰਘhttps://sikharchives.org/kosh/author/%e0%a8%ae%e0%a9%87%e0%a8%9c%e0%a8%b0-%e0%a8%ad%e0%a8%97%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/April 1, 2009