ਬੁੱਢੜੀ ਮਾਂ ਦੀ ਆਪਣੇ ਪੁੱਤਰ ਦੀ ਜਾਨ ਬਖ਼ਸ਼ੀ ਲਈ ਬਾਦਸ਼ਾਹ ਫਰੁੱਖ਼ਸੀਅਰ ਅੱਗੇ ਫਰਿਯਾਦ
ਤੱਤੜੀ ਦੀ ਸੁਣੀ ਨਾ ਦੁਹਾਈ ਬਾਦਸ਼ਾਹ!
ਗਲਤੀ ਨਾ’ ਫੜ ਕੇ ਲੈ ਆਈ ਬਾਦਸ਼ਾਹ! ਮੇਰਾ ਬੱਚਾ ਸਿੱਖ ਨਾ….
ਰੋਈ ਕੁਰਲਾਈ ਨਾਲੇ, ਪਾਏ ਵਾਸਤੇ।
ਬੰਨ੍ਹ ਕੇ ਤਾਂ ਬੱਚੜੇ ਨੂੰ, ਪੈ ਗਏ ਰਾਸਤੇ।
ਧੱਕਾ ਦੇ ਕੇ ਸੁੱਟ ਦਿੱਤੀ ਮਾਈ ਬਾਦਸ਼ਾਹ!
ਤੱਤੜੀ ਦੀ ਸੁਣੀ ਨਾ ਦੁਹਾਈ ਬਾਦਸ਼ਾਹ! ਮੇਰਾ ਬੱਚਾ ਸਿੱਖ ਨਾ….
ਲੈ ਕੇ ਮੁਕਲਾਵਾ ਹਾਲੇ, ਆਇਆ ਘਰ ਸੀ।
ਆਉਂਦੇ ਨੂੰ ਹੀ ਉਨ੍ਹਾਂ ਉਹਨੂੰ, ਲਿਆ ਫੜ ਸੀ।
ਕਰ ਦਿੱਤੀ ਘਰ ਦੀ, ਤਬਾਹੀ ਬਾਦਸ਼ਾਹ!
ਤੱਤੜੀ ਦੀ ਸੁਣੀ ਨਾ ਦੁਹਾਈ ਬਾਦਸ਼ਾਹ!
ਮੇਰਾ ਬੱਚਾ ਸਿੱਖ ਨਾ….
ਸੁਣਦਾ ਨਾ ਕੋਈ ਮੇਰੀ, ਤੈਥੋਂ ਡਰਦਾ।
ਬੁੱਢੜੀ ਦੀ ਬਾਂਹ ਨਹੀਓਂ, ਕੋਈ ਫੜਦਾ।
ਏਸੇ ਲਈ ਮੈਂ ਤੇਰੇ ਕੋਲ ਆਈ ਬਾਦਸ਼ਾਹ!
ਤੱਤੜੀ ਦੀ ਸੁਣੀ ਨਾ ਦੁਹਾਈ ਬਾਦਸ਼ਾਹ!
ਮੇਰਾ ਬੱਚਾ ਸਿੱਖ ਨਾ….
ਇਕਲੌਤਾ ਪੁੱਤ ਇਹੀ ਮੇਰਾ ਲਾਡਲਾ।
ਕਰ ਜਾਏਗਾ ਕੱਲ੍ਹ ਸੁੰਨਾ, ਵਿਹੜਾ ਲਾਡਲਾ।
ਛੱਡ ਦਏ ਤਾਂ ਰਹੂੰ ਕਰਜ਼ਾਈ ਬਾਦਸ਼ਾਹ!
ਤੱਤੜੀ ਦੀ ਸੁਣੀ ਨਾ ਦੁਹਾਈ ਬਾਦਸ਼ਾਹ!
ਮੇਰਾ ਬੱਚਾ ਸਿੱਖ ਨਾ….
ਤੇਰੇ ਕੋਲ ਆ ਕੇ, ਫਰਿਆਦ ਕਰਦੀ।
ਤੇਰੇ ਬਿਨਾਂ ਨਾ ਕੋਈ ਮੇਰਾ, ਬਣੇ ਦਰਦੀ।
‘ਰਾਹੀ’ ਕਦੇ ਝੱਲੀ ਨਾ ਜੁਦਾਈ ਬਾਦਸ਼ਾਹ!
ਤੱਤੜੀ ਦੀ ਸੁਣੀ ਨਾ ਦੁਹਾਈ ਬਾਦਸ਼ਾਹ!
ਮੇਰਾ ਬੱਚਾ ਸਿੱਖ ਨਾ….
ਬਾਦਸ਼ਾਹ ਫ਼ਰੁੱਖਸੀਅਰ ਦਾ ਬੁੱਢੀ ਮਾਂ ਨੂੰ ਉੱਤਰ
ਮੌਕਾ ਨਹੀਂਓਂ ਮਿਲਣਾ ਏ ਫੇਰ ਬੁੱਢੀਏ!
ਕਹਿ ਦੇ ਜਾ ਕੇ ਕਰ ਨਾ ਉਹ ਦੇਰ ਬੁੱਢੀਏ!
ਮੌਕਾ ਨਹੀਓਂ ਮਿਲਣਾ…
ਉਮਰ ਨਿਆਣੀ ਹਾਲੇ, ਪੀਣ ਖਾਣ ਦੀ।
ਬੱਚਿਆਂ ਨੂੰ ਸਾਂਭਣਾ ਤੂੰ ਨਹੀਂਓਂ ਜਾਣਦੀ।
ਆਉਣਾ ਨਹੀਓਂ ਏਥੇ ਦੂਜੀ ਵੇਰ ਬੁੱਢੀਏ!
ਕਹਿ ਦੇ ਜਾ ਕੇ ਕਰ ਨਾ ਉਹ ਦੇਰ ਬੁੱਢੀਏ।
ਮੌਕਾ ਨਹੀਂ ਮਿਲਣਾ…
ਹਕੂਮਤ ਦੇ ਬਾਗੀ ਜਿਹੜੇ ਨਹੀਂਓਂ ਛੱਡਣੇ।
ਚੌਂਕ ’ਚ ਲਿਜਾ ਕੇ ਕੱਲ੍ਹੇ ਕੱਲ੍ਹੇ ਵੱਢਣੇ।
ਕਰ ਦੇਣੇ ਪਲਾਂ ਵਿਚ ਢੇਰ ਬੁੱਢੀਏ!
ਕਹਿ ਦੇ ਜਾ ਕੇ ਕਰ ਨਾ ਉਹ ਦੇਰ ਬੁੱਢੀਏ!
ਮੌਕਾ ਨਹੀਂ ਮਿਲਣਾ…
ਸਿੱਖ ਨਾ ਮੈਂ ਜੇ ਕਦੇ ਉਹ ਮੂੰਹੋਂ ਆਖ ਦਏ।
ਲਿਖ ਤਾ ਮੈਂ ਤੈਨੂੰ ਲੈ ਜਾ ਨਾਲ ਆਪ ਦੇ।
ਐਵੇਂ ਏਥੇ ਹੰਝੂ ਨਾ ਤੂੰ ਕੇਰ ਬੁੱਢੀਏ!
ਕਹਿ ਦੇ ਜਾ ਕੇ ਕਰ ਨਾ ਉਹ ਦੇਰ ਬੁੱਢੀਏ!
ਮੌਕਾ ਨਹੀਂ ਮਿਲਣਾ…
ਯਾਦ ਰੱਖੂ ਜੱਗ ਐਸੀ ਮੌਤ ਮਾਰਾਂਗੇ।
ਹਾਥੀਆਂ ਦੇ ਹੇਠ ਉਨ੍ਹਾਂ ਨੂੰ ਲਤਾੜਾਂਗੇ।
ਛੱਡਣੇ ਨੇ ਉੱਤੇ ਭੁੱਖੇ ਸ਼ੇਰ ਬੁੱਢੀਏ!
ਕਹਿ ਦੇ ਜਾ ਕੇ ਕਰ ਨਾ ਉਹ ਦੇਰ ਬੁੱਢੀਏ!
ਮੌਕਾ ਨਹੀਂ ਮਿਲਣਾ…
ਹੁਣੇ ਸਮਝਾ ਲੈ ਜਾ ਕੇ ਪੁੱਤ ਆਪਣਾ।
ਸਿੱਖੀ ਦਾ ਨਾ ਫੇਰ ਕਦੇ ਲਵੇ ਸੁਪਨਾ।
‘ਰਾਹੀ’ ਪੁੱਤਾਂ ਬਿਨਾਂ ਈ ਹਨੇਰ ਬੁੱਢੀਏ!
ਕਹਿ ਦੇ ਜਾ ਕੇ ਕਰ ਨਾ ਉਹ ਦੇਰ ਬੁੱਢੀਏ!
ਮੌਕਾ ਨਹੀਂ ਮਿਲਣਾ…
ਮਾਂ ਦਾ ਸ਼ਾਹੀ ਫ਼ਰਮਾਨ ਲੈ ਕੇ ਆਪਣੇ ਪੁੱਤਰ ਕੋਲ ਜਾਣਾ
ਲੈ ਕੇ ਪਰਵਾਨਾ ਵੇ ਮੈਂ ਆਈ ਪੁੱਤਰਾ, ਗੱਲ ਸੁਣ ਮਾਈ ਦੀ।
ਲੱਖੀਂ ਤੇ ਹਜ਼ਾਰੀਂ ਜਿੰਦ ਹੱਥ ਆਵੇ ਨਾ, ਐਵੇਂ ਨਈਂ ਗਵਾਈ ਦੀ।
ਲੱਖੀ ਤੇ ਹਜ਼ਾਰੀਂ ਜਿੰਦ…
ਫੜ ਕੇ ਲਿਆਂਦੇ ਬਾਗੀ ਗੁਰਦਾਸ ਨੰਗਲੋਂ, ਨਹੀਓਂ ਕੋਈ ਛੱਡਣਾ।
ਆਖਦਾ ਸੀ ਸ਼ਾਹ ਕਰੂ ਯਾਦ ਦੁਨੀਆਂ, ਕੱਲ੍ਹਾ ਕੱਲ੍ਹਾ ਵੱਢਣਾ।
ਜਿੱਦ੍ਹਾਂ ਸਮਝਾਉਂਦੀ ਤੈਨੂੰ ਮੈਂ ਪੁੱਤਰਾ, ਵੇ ਸਮਝ ਜਾਈਦੀ।
ਲੱਖੀਂ ਤੇ ਹਜ਼ਾਰੀਂ ਜਿੰਦ ਹੱਥ ਆਵੇ ਨਾ, ਐਵੇਂ ਨਈਂ ਗਵਾਈ ਦੀ।
ਦੱਸਦੀ ਏ ਮਾਂ ਤੇਰੀ ਤੈਨੂੰ ਪੁੱਤਰਾ, ਮੌਕਾ ਨਈਂ ਗਵਾਈ ਦਾ।
ਮਾਪਿਆਂ ਦੀ ਆਗਿਆ ਦੇ ਵਿਚ ਚੱਲ ਕੇ, ਸਦਾ ਸੁਖ ਪਾਈਦਾ।
ਬੁੱਢੇ ਵਾਰੇ ਬੁੱਢੜੀ ਦੀ ਜਿੰਦ ਪੁੱਤਰਾ, ਐਵੇਂ ਨਈਂ ਤਪਾਈਦੀ।
ਲੱਖੀਂ ਤੇ ਹਜ਼ਾਰੀਂ ਜਿੰਦ ਹੱਥ ਆਵੇ ਨਾ, ਐਵੇਂ ਨਈਂ ਗਵਾਈ ਦੀ।
ਇਕ ਵਾਰ ਕਹਿ ਦੇ ਮੈਂ ਨੀਂ ਸਿੱਖ ਗੁਰੂ ਦਾ, ਤੇਰਾ ਜਾਂਦਾ ਕੁਝ ਨਈਂ।
ਬਾਦਸ਼ਾਹ ਨੇ ਅੱਜ ਤੈਨੂੰ ਬਖ਼ਸ਼ ਦਿੱਤਾ, ਕੋਈ ਆਂਹਦਾ ਕੁਝ ਨਈਂ।
ਨਿੱਕੀ ਜਿੰਨੀ ਗੱਲ ਕਿਹੜੀ ਵੱਡੀ ਪੁੱਤਰਾ, ਸੁੱਟ ਨਈਂਓ ਪਾਈਦੀ।
ਲੱਖੀਂ ਤੇ ਹਜ਼ਾਰੀਂ ਜਿੰਦ ਹੱਥ ਆਵੇ ਨਾ, ਐਵੇਂ ਨਈਂ ਗਵਾਈ ਦੀ।
ਇਕ ਵਾਰ ਕਹਿ ਕੇ ਮੈਂ ਨਾ ਸਿੱਖ ਪੁੱਤਰਾ, ਇਥੋਂ ਭੱਜ ਚੱਲ ਵੇ!
ਮੌਤ ਮੂੰਹੋਂ ਬਚਣੇ ਦਾ ਉਸ ਦੱਸਿਆ, ਇੱਕੋ ਇੱਕ ਹੱਲ ਵੇ!
‘ਰਾਹੀ’ ਪਿੰਡ ਜਾ ਕੇ ਸਿੱਖ ਫੇਰ ਬਣ ਜਈਂ, ਅੜੀ ਨਈਂ ਪੁਗਾਈ ਦੀ।
ਲੱਖੀਂ ਤੇ ਹਜ਼ਾਰੀਂ ਜਿੰਦ ਹੱਥ ਆਵੇ ਨਾ, ਐਵੇਂ ਨਈਂ ਗਵਾਈ ਦੀ।
ਸਿੱਖ ਬੱਚੇ ਦਾ ਆਪਣੀ ਮਾਂ ਨੂੰ ਉੱਤਰ ਦੇਣਾ
ਤੂੰ ਝੂਠ ਬੋਲਦੀ ਮਾਤਾ ਕਿਉਂ, ਕਰੇਂ ਗੱਲ ਜਗਤ ਤੋਂ ਨਿਆਰੀ ਏ।
ਮੈਂ ਸਿੱਖ ਗੁਰੂ ਦਾ ਪੱਕਾ ਹਾਂ, ਮੈਨੂੰ ਸਿੱਖੀ ਜਾਨ ਤੋਂ ਪਿਆਰੀ ਏ।
ਇਹ ਸਿੱਖੀ ਦੇ ਬੂਟੇ ਨੂੰ, ਗੁਰੂ ਨਾਨਕ ਹੱਥੀਂ ਲਾਇਆ ਏ।
ਪੰਜਵੇਂ ਤੇ ਨੌਵੇਂ ਸਤਿਗੁਰ ਨੇ, ਇਹਨੂੰ ਖੂਨ ਸ਼ਹੀਦੀ ਪਾਇਆ ਏ।
ਸਾਨੂੰ ਗੁੜ੍ਹਤੀ ਮਿਲੀ ਸ਼ਹੀਦੀ ਦੀ, ਸਾਡੀ ਮੌਤ ਜਗਤ ਤੋਂ ਨਿਆਰੀ ਏ।
ਮੈਂ ਸਿੱਖ ਗੁਰੂ ਦਾ ਪੱਕਾ ਹਾਂ, ਮੈਨੂੰ ਸਿੱਖੀ ਜਾਨ ਤੋਂ ਪਿਆਰੀ ਏ।
ਸਿੱਖ ਡਰਦੇ ਕਦੇ ਨਾ ਮਰਨੇ ਤੋਂ, ਹੱਸ ਹੱਸ ਕੇ ਮੌਤ ਵਿਆਹ ਜਾਂਦੇ।
ਹੱਥੀਂ ਬੰਨ੍ਹ ਸ਼ਹੀਦੀ ਗਾਨੇ ਉਹ, ਸਿੱਖੀ ਕੇਸਾਂ ਸੰਗ ਨਿਭਾ ਜਾਂਦੇ।
ਤੂੰ ਭੁੱਲ ਗਈ ਸਾਡੇ ਵਿਰਸੇ ਨੂੰ, ਸਾਡੀ ਮੌਤ ਜਗਤ ਤੋਂ ਨਿਆਰੀ ਏ।
ਮੈਂ ਸਿੱਖ ਗੁਰੂ ਦਾ ਪੱਕਾ ਹਾਂ, ਮੈਨੂੰ ਸਿੱਖੀ ਜਾਨ ਤੋਂ ਪਿਆਰੀ ਹੈ।
ਇਹ ਜਾਦੂਗਰ ਦੀ ਖੇਡ ਨਹੀਂ, ਜਦ ਜੀਅ ਕੀਤਾ ਸਿੰਘ ਸਜ ਜਾਈਏ।
ਜਦ ਭੀੜ ਪੰਥ ’ਤੇ ਬਣ ਜਾਵੇ, ਸਿੱਖੀ ਤੋਂ ਡਰਦੇ ਭੱਜ ਜਾਈਏ।
ਮੈਂ ਸਿੱਖ ਨਹੀਂ, ਮੈਂ ਸਿੱਖ ਨਹੀਂ, ਮਾਂ ਝੂਠ ਬੋਲਦੀ ਭਾਰੀ ਏ।
ਮੈਂ ਸਿੱਖ ਗੁਰੂ ਦਾ ਪੱਕਾ ਹਾਂ, ਮੈਨੂੰ ਸਿੱਖੀ ਜਾਨ ਤੋਂ ਪਿਆਰੀ ਹੈ।
ਸਤਿਗੁਰ ਨੂੰ ਮਨੋਂ ਵਿਸਾਰ ਕੇ ਤੇ, ਇਕ ਪਲ ਲਈ ਵੀ ਜੀਅ ਸਕਦਾ ਨਾ।
ਮੈਂ ਆਪਣੇ ਧਰਮ ਨੂੰ ਛੱਡ ਕੇ ਤੇ, ਮਾਂ ਪਾਣੀ ਵੀ ਪੀ ਸਕਦਾ ਨਾ।
ਉਹ ਮਿਟਦੇ ਮਿਟ ਗਏ ਦੁਨੀਆਂ ਤੋਂ, ਜਿਨ੍ਹਾਂ ਸਿੱਖੀ ਮਨੋਂ ਵਿਸਾਰੀ ਏ।
ਮੈਂ ਸਿੱਖ ਗੁਰੂ ਦਾ ਪੱਕਾ ਹਾਂ, ਮੈਨੂੰ ਸਿੱਖੀ ਜਾਨ ਤੋਂ ਪਿਆਰੀ ਹੈ।
ਦਸ਼ਮੇਸ਼ ਪਿਤਾ ਨੇ ਅੰਮ੍ਰਿਤ ਦੀ, ਸਾਨੂੰ ਦਾਤ ਇਲਾਹੀ ਵੰਡੀ ਏ।
ਜ਼ਾਲਮ ਦੇ ਜ਼ੁਲਮ ਨੂੰ ਤੱਕ ਕੇ ਤਾਂ, ਚੜ੍ਹ ਜਾਂਦੀ ਅਸਾਂ ਨੂੰ ਚੰਡੀ ਏ।
‘ਰਾਹੀ’ ਇਸ ਸ਼ਕਤੀ ਦੇ ਸਦਕਾ, ਨਾ ਕੌਮ ਕਿਸੇ ਤੋਂ ਹਾਰੀ ਏ।
ਮੈਂ ਸਿੱਖ ਗੁਰੂ ਦਾ ਪੱਕਾ ਹਾਂ, ਮੈਨੂੰ ਸਿੱਖੀ ਜਾਨ ਤੋਂ ਪਿਆਰੀ ਹੈ।
ਸਿੱਖ ਬੱਚੇ ਦੀ ਜਲਾਦਾਂ ਨੂੰ ਪੁਕਾਰ
ਸੁਣ ਮੇਰੀ ਅਰਦਾਸ ਨੇੜੇ ਹੋ ਕੇ ਸਤਿਗੁਰ, ਹੱਥ ਜੋੜ ਕਰੇ ਤੇਰਾ ਬਾਲ।
ਸਿੱਖੀ ਮੇਰੀ ਨਿਭ ਜੇ! ਨਿਭ ਜੇ ਸਵਾਸਾਂ ਨਾਲ।
ਸਿੱਖੀ ਮੇਰੀ ਨਿਭ ਜੇ…
ਸਿੱਖ ਦਸਮੇਸ਼ ਦੇ ਕਦੀ ਵੀ ਨਾ ਹਾਰਦੇ।
ਤੱਕ ਕੇ ਜ਼ੁਲਮ ਅੱਖੀਂ ਫੇਰ ਨਾ ਸਹਾਰਦੇ।
ਇੱਟ ਨਾਲ ਇੱਟ ਖੜਕਾ ਕੇ ਸਰਹੰਦ ਵਾਲੀ,
ਕਰ ਦਿੱਤੀ ਸਿੰਘਾਂ ਨੇ ਕਮਾਲ। ਸਿੱਖੀ ਮੇਰੀ ਨਿਭ ਜੇ…
ਵੇਖ ਤਲਵਾਰ ਦਿਲ ਡੋਲੇ ਮੇਰੀ ਮਾਂ ਦਾ।
ਅੱਖੀਂ ਲਾਲ ਵੇਖ ਲਏ, ਉਹ ਗੁਰੂ ਘਰ ਜਾਂਦਾ।
ਸਿੱਖ ਹਾਂ ਮੈਂ ਸਿੱਖੀ ਮੈਨੂੰ ਜਾਨ ਤੋਂ ਪਿਆਰੀ,
ਮੇਰੀ ਤੇਰੀ ਨਾਲੋਂ ਤਿੱਖੀ ਹੋ ਗਈ ਚਾਲ। ਸਿੱਖੀ ਮੇਰੀ ਨਿਭ ਜੇ…
ਭਰ ਕੇ ਸ਼ਹੀਦੀਆਂ ਦੇ ਘੱਲਦਾ ਸੀ ਗੱਡੇ।
ਰਹਿ ਗਏ ਦੱਸ ਕਿਹੜੀ ਗੱਲੋਂ ਤੇਰੇ ਆਨੇ ਅੱਡੇ।
ਚਿਰਾਂ ਤੋਂ ਉਮੰਗ ਮੇਰੀ, ਮੇਰੀ ਮਾਂ ਦੇ ਸਾਹਵੇਂ,
ਤੋਰ ਦੇ ਸਵਰਗਾਂ ਨੂੰ ਲਾਲ। ਸਿੱਖੀ ਮੇਰੀ ਨਿਭ ਜੇ…
ਉਮਰ ਨਿਆਣੀ ਮੇਰੀ ਵੇਖ ਨਾ ਜਲਾਦਾ!
ਵੀਰਾਂ ਨਾਲ ਜਾਣਾ, ਮੇਰਾ ਪੂਰਾ ਕਰ ਵਾਅਦਾ।
ਤੁਰ ਗਏ ਨੇ ਵੀਰ ਮੇਰੇ, ਕੱਲ੍ਹਾ ਪਿੱਛੇ ਰਹਿ ਗਿਆ ਮੈਂ,
ਹੁੰਦਾ ਜਾਂਦਾ ਹਾਲ ਤੋਂ ਬੇਹਾਲ। ਸਿੱਖੀ ਮੇਰੀ ਨਿਭ ਜੇ…
ਕਾਸ ਤੋਂ ਜਲਾਦਾ ਅੱਜ ਦੇਰ ਏਨੀ ਕਰ ’ਤੀ।
ਕੱਲ੍ਹ ਵਾਂਗ ਲਾਲ ਲਾਲ ਹੋ ਜੇ ਅੱਜ ਧਰਤੀ!
ਰੱਖ ਦਿੱਤੀ ਧੌਣ ਤੇਰੀ ਤਲਵਾਰ ਥੱਲੇ,
‘ਰਾਹੀ’ ਬੋਲ ਦਿੱਤਾ ਬੋਲੇ ਸੋ ਨਿਹਾਲ। ਸਿੱਖੀ ਮੇਰੀ ਨਿਭ ਜੇ..
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ