ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮਨੁੱਖਤਾ ਲਈ ਸੁਖ-ਨਿਧਾਨ, ਮਹਾਂ ਸੁਖ ਪ੍ਰਦਾਨ ਕਰਨ ਵਾਲਾ, ਪ੍ਰਸੰਨਤਾ ਦੇਣ ਵਾਲਾ ਅਤੇ ਜੀਵਨ-ਆਧਾਰ ਹੈ। ਇਹੋ ਸੱਚੇ ਪ੍ਰਭੂ ਦਾ ਨਾਮ ਪਾਪ-ਨਾਸ਼ਕ, ਰੋਗ ਵਿਨਾਸ਼ਕ, ਭਰਮ ਅਤੇ ਦਵੈਤ-ਭਾਵ ਨੂੰ ਨਾਸ਼ ਕਰਨ ਵਾਲੀ ਔਸ਼ਧੀ ਹੈ। ਪ੍ਰਭੂ ਦਾ ਨਾਮ ਮੁਕਤੀ-ਦਾਤਾ ਹੈ। ਇਸ ਦੁਆਰਾ ਅਭੈ-ਪਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਵਡਿਆਈ ਮਿਲਦੀ ਹੈ। ਵਾਹਿਗੁਰੂ ਦਾ ਨਾਮ ਸੀਤਲਤਾ ਭਾਵ ਠੰਢ ਵਰਤਾਉਣ ਵਾਲਾ ਹੈ। ਬਾਣੀ ਦੇ ਰਚਨਹਾਰੇ ਸਮੂਹ ਭਗਤਾਂ, ਗੁਰੂ ਸਾਹਿਬਾਨ ਨੇ ਥਾਂ ਪੁਰ ਥਾਂ ਰਾਮ ਨਾਮ ਦੀ ਉਸਤਤਿ ਕਰਦਿਆਂ ਕਿਹਾ ਹੈ ਕਿ ਪਰਮ ਪਿਤਾ ਪਰਮਾਤਮਾ ਦਾ ਨਾਮ ਉਹ ਅੰਮ੍ਰਿਤ ਵਸਤੂ ਹੈ ਜਿਸ ਨੂੰ ਪਾਨ ਕਰਨ ਨਾਲ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਮਿਲਦੀ ਹੈ, ਜਿਸ ਨਾਲ ਜੀਵ ਅਮਰ ਹੋ ਜਾਂਦਾ ਹੈ। ਨਾਮ ਅਮੁਲ ਵਸਤੂ ਹੈ, ਜੀਵਨ ਦਾ ਸਹਾਰਾ ਹੈ, ਜੋ ਸੰਸਾਰ-ਸਾਗਰ ਤੋਂ ਪਾਰ ਹੋਣ ਲਈ ਸਹਾਈ ਹੁੰਦਾ ਹੈ। ਪ੍ਰਭੂ-ਨਾਮ ਅਜਿਹੀ ਅਗਨੀ ਹੈ ਜੋ ਸਾਡੇ ਪਾਪਾਂ ਨੂੰ ਸਾੜ ਦਿੰਦੀ ਹੈ, ਨਵਨਿਧੀ ਹੈ, ਨਿਧਾਨ ਹੈ, ਅਠਾਰਾਂ ਸਿਧੀਆਂ ਦਾ ਭੰਡਾਰ ਹੈ। ਕਿਲਵਿਖ ਭਾਵ ਪਾਪ ਵਿਨਾਸ਼ਕ ਵੀ ਹੈ, ਦੁੱਖ-ਭੰਜਨ ਹੈ, ਭੈ-ਨਾਸ਼ਕ ਹੈ, ਸਾਰੇ ਸੁਖਾਂ ਦੀ ਖਾਣ ਹੈ ਅਤੇ ਰੋਗ-ਵਿਨਾਸ਼ਕ ਵੀ ਹੈ। ਹਰੀ ਪ੍ਰਭੂ ਦਾ ਨਾਮ ਤ੍ਰਾਸ ਨੂੰ ਮਿਟਾ ਦਿੰਦਾ ਹੈ, ਮਨਇੱਛਤ ਫਲ-ਦਾਤਾ ਹੈ, ਰਤਨ ਜਵਾਹਰ ਤੇ ਮਾਣਿਕ ਹੈ, ਇਹ ਨਿਰੰਜਨ ਹੈ, ਸੁਖਦਾਈ ਹੈ, ਮਹਾਂ-ਰਸ ਵੀ ਹੈ, ਮਿੱਠਾ ਹੈ, ਗਹਿਰ ਗੰਭੀਰ ਹੈ, ਮੁਕਤੀ-ਦਾਤਾ ਹੈ, ਕਲਪ ਬ੍ਰਿਛ ਵੀ ਹੈ। ਧਰਮ, ਅਰਥ, ਕਾਮ ਅਤੇ ਮੋਖ ਪ੍ਰਦਾਨ ਕਰਦਾ ਹੈ। ਸ਼ੱਤਰੂ ਦਾ ਨਾਸ਼ ਕਰਨ ਵਾਲਾ ਹੈ, ਮਾਣ-ਵਡਿਆਈ ਦਾ ਦਾਤਾ ਹੈ, ਅਠਸਠਿ ਤੀਰਥ ਹੈ, ਬੰਧਨ ਕੱਟਣ ਵਾਲਾ ਹੈ, ਬਿਘਨ ਬਿਨਾਸਨ ਹੈ ਅਤੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਇਹ ਵਿਚਾਰ ਆਪਣੇ ਆਪ ਵਿਚ ਕਿੰਨਾ ਸਾਰਥਕ ਤੇ ਪੱਕੀ ਸਿਧਾਂਤਕ ਸੱਚਾਈ ਬਣ ਜਾਂਦਾ ਹੈ ਕਿ ਹਰੀ ਪ੍ਰਭੂ ਦਾ ਨਾਮ ਲੋਕ-ਪਰਲੋਕ ਵਿਚ ਸਦਾ ਸਹਾਈ ਹੁੰਦਾ ਹੈ।
ਅੱਜ ਦੀ ਇਹ ਵਿਚਾਰ ਅਧੀਨ ਤੁਕ ਭਗਤ ਕਬੀਰ ਜੀ ਦੀ ‘ਰਾਗ ਆਸਾ’ ਵਿਚ ਉਚਾਰਨ ਕੀਤੇ ਪਾਵਨ ਸ਼ਬਦ ਵਿੱਚੋਂ ਲਈ ਗਈ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 482 ’ਤੇ ਸੁਭਾਇਮਾਨ ਹੈ। ਇਸ ਪੂਰੇ ਸ਼ਬਦ ਵਿਚ ਭਗਤ ਕਬੀਰ ਜੀ ਨੇ ਦੁਨਿਆਵੀ ਰਿਸ਼ਤਿਆਂ-ਨਾਤਿਆਂ ਨੂੰ ਪ੍ਰਤੀਕ ਮੰਨ ਕੇ ਵਿਕਾਰਾਂ ਵਿਚ ਫਸੇ ਮਨੁੱਖ ਨੂੰ ਚਿਤਾਵਨੀ ਦਿੱਤੀ ਹੈ ਕਿ ਦੁਨਿਆਵੀ ਪਦਾਰਥਾਂ ਤੇ ਭੋਗਾਂ ਨੂੰ ਸੁਖ ਦਾ ਸਾਧਨ ਸਮਝਦੇ ਹੋਏ ਪ੍ਰਭੂ-ਨਾਮ ਨੂੰ ਵਿਸਾਰ ਕੇ ਖੁਆਰੀ ਹੀ ਹੁੰਦੀ ਹੈ। ਇਹ ਸੰਸਾਰਿਕ, ਮਾਇਕ ਤੇ ਪਦਾਰਥਕ ਸੁਖ ਥੋੜ੍ਹ ਚਿਰੇ ਹਨ। ਇਹ ਕੀਮਤੀ ਜਨਮ ਕੇਵਲ ਪ੍ਰਭੂ ਦੇ ਸਿਮਰਨ ਲਈ ਹੀ ਮਿਲਿਆ ਹੈ, ਵਿਕਾਰਾਂ ਤੋਂ ਬਚ ਕੇ ਹੀ ਇਹ ਕਮਾਈ ਕੀਤੀ ਜਾ ਸਕਦੀ ਹੈ। ਜਿਸ ਜੀਵ ਦੇ ਕੋਲ ਸਿਮਰਨ ਅਰਥਾਤ ਪ੍ਰਭੂ-ਨਾਮ ਦੀ ਦਾਤ ਨਹੀਂ ਉਸ ਮਨੁੱਖ ਨੂੰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਪੰਜੇ ਚੋਰ ਭਾਵ ਪੰਜੇ ਵਿਕਾਰ ਆ ਕੇ ਕਾਬੂ ਕਰ ਲੈਂਦੇ ਹਨ। ਭਗਤ ਕਬੀਰ ਜੀ ਇਸ ਸ਼ਬਦ ਵਿਚ ਫ਼ਰਮਾਉਂਦੇ ਹਨ:
ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ॥
ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ ਜਰਉ ਰੇ॥
ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ॥
ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉ ਰੇ॥
ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ ਮਤਵਾਰੀ॥
ਬਡੇ ਭਾਈ ਕੈ ਜਬ ਸੰਗਿ ਹੋਤੀ ਤਬ ਹਉ ਨਾਹ ਪਿਆਰੀ॥
ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ॥
ਝੂਠੀ ਮਾਇਆ ਸਭੁ ਜਗੁ ਬਾਧਿਆ ਮੈ ਰਾਮ ਰਮਤ ਸੁਖੁ ਪਾਇਆ॥ (ਪੰਨਾ 482)
ਪ੍ਰਭੂ-ਨਾਮ ਨੂੰ ਵਿਸਾਰ ਕੇ, ਪ੍ਰਭੂ-ਚਰਨਾਂ ਨਾਲੋਂ ਵਿਛੋੜਾ ਗੁਰਬਾਣੀ ਅਨੁਸਾਰ ਇਕ ਭਿਆਨਕ ਰੋਗ ਹੈ, ਜੋ ਸਰੀਰਿਕ ਮੋਹ, ਜਾਤ-ਅਭਿਮਾਨ, ਕੁਸੰਗ, ਨਿੰਦਿਆ, ਈਰਖਾ, ਤ੍ਰਿਸ਼ਨਾ, ਵਾਦ-ਵਿਵਾਦ ਆਦਿ ਕਈ ਰੂਪਾਂ ਵਿਚ ਮਨੁੱਖ ਨੂੰ ਦੁਖੀ ਕਰ ਰਿਹਾ ਹੈ। ਇਹ ਸੰਸਾਰਿਕ ਰਿਸ਼ਤੇ-ਨਾਤੇ ਪੂਰਬਲੇ ਕਰਮ ਅਨੁਸਾਰ ਪ੍ਰਾਪਤ ਹੋਏ ਹਨ। ਪਰ ਅੰਤ ਵਿਚ ਕੇਵਲ ਪ੍ਰਭੂ-ਨਾਮ ਹੀ ਸਹਾਇਤਾ ਕਰਦਾ ਹੈ। ‘ਰਾਗ ਜੈਤਸਰੀ’ ਵਿਚ ਬਾਣੀ ਦੇ ਬੋਹਿਥ, ਸ਼ਾਂਤੀ ਦੇ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਕਥਨ ਹੈ:
ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥
ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥ (ਪੰਨਾ 700)
ਇਹ ਸਾਰੇ ਸਨਬੰਧੀ ਤੇ ਰਿਸ਼ਤੇਦਾਰ ਕੇਵਲ ਮਾਇਆ ਕਰਕੇ ਹੀ ਸਾਡੇ ਨਾਲ ਜੁੜੇ ਹੋਏ ਹਨ। ਗੁਰੂ ਸਾਹਿਬ ਨੇ ਤਾਂ:
ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ॥ (ਪੰਨਾ 497)
ਦੀ ਅਟੱਲ ਸੱਚਾਈ ਦਾ ਵਰਣਨ ਵੀ ਕੀਤਾ ਹੈ। ਸਾਕ-ਸਨਬੰਧੀਆਂ ਦਾ ਮੋਹ ਅਤੇ ਠੱਗੀ ਦੀ ਕਿਰਤ ਮਨੁੱਖ ਨੂੰ ਜਿਊਂਦੇ ਜੀਅ ਪ੍ਰਭੂ ਨਾਲੋਂ ਵਿਛੋੜਦੇ ਹਨ। ਅਕਾਲ ਪੁਰਖ ਨਾਲੋਂ ਵਿੱਛੜ ਕੇ ਜੀਵ ਕਦੇ ਵੀ ਸੁਖੀ ਨਹੀਂ ਹੋ ਸਕਦਾ ਸਗੋਂ ਉਹ ਪਦਾਰਥਕ ਸੁਖਾਂ ਦੀ ਦੌੜ ਵਿਚ ਨੀਮ-ਪਾਗਲਾਂ ਦੀ ਤਰ੍ਹਾਂ ਦੌੜਦਾ ਹੋਇਆ ਸਮਰੱਥ ਪ੍ਰਭੂ ਨੂੰ ਦੂਰ ਸਮਝਣ ਲੱਗ ਪੈਂਦਾ ਹੈ। ਨਿਰਾ ਘਰ-ਬਾਰ, ਮਹਿਲ-ਮਾੜੀਆਂ ਦਾ ਸ਼ੌਕ ਵੀ ਆਤਮਕ ਮੌਤ ਦਾ ਕਾਰਨ ਹੀ ਬਣਦਾ ਹੈ। ਮਨ ਮਾਇਆ ਦੀ ਦੌੜ ਵਿਚ ਭਟਕ ਜਾਂਦਾ ਹੈ, ਇਸ ਤਰ੍ਹਾਂ ਲਾਲਚ-ਅੱਟਿਆ ਜੀਵ ਹਰ ਵੇਲੇ ਮਾਇਆ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ। ਪ੍ਰਭੂ-ਨਾਮ ਦੇ ਸਿਮਰਨ ਤੋਂ ਖੁੰਝ ਕੇ, ਨੇੜੇ ਹੁੰਦੇ ਹੋਏ ਪ੍ਰਭੂ ਨੂੰ ਵਿਸਾਰ ਕੇ ਇਹ ਮਨੁੱਖੀ ਸਰੀਰ ਅਨੇਕਾਂ ਵਿਕਾਰ ਰੂਪ ਉੱਗੇ ਹੋਏ ਝਾੜ-ਬੂਟ ਤੇ ਕੰਡਿਆਲੇ ਰੁੱਖਾਂ ਦਾ ਜੰਗਲ ਬਣ ਜਾਂਦਾ ਹੈ, ਜਿਸ ਵਿਚ ਔਝੜੇ ਪਿਆਂ ਮਨ ਰੂਪੀ ਮਸਤ ਹੋਇਆ ਹਾਥੀ ਦੌੜਾ ਫਿਰਦਾ ਹੈ, ਜਿਸ ਨੂੰ ਕਦੇ ਸਕੂਨ ਜਾਂ ਟਿਕਾਉ ਨਹੀਂ ਮਿਲਦਾ। ਸਾਡੇ ਨਾਲ ਸੰਸਾਰ ਦੇ ਲੋਕਾਂ ਦਾ ਸੰਬੰਧ ਵੀ ਕੇਵਲ ਲਾਲਚ ਕਰਕੇ ਹੀ ਹੈ। ਸੁਖ ਦੇ ਸਮੇਂ ਇਹੋ ਸੰਸਾਰੀ ਲੋਕ ਸਾਡੇ ਅੱਗੇ-ਪਿੱਛੇ ਫਿਰਦੇ ਹਨ ਪਰੰਤੂ ਔਖੀ ਘੜੀ ਸਾਰੇ ਸਾਥ ਛੱਡ ਜਾਂਦੇ ਹਨ। ‘ਰਾਗ ਸੋਰਠਿ’ ਵਿਚ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਸ ਪ੍ਰਥਾਇ ਫ਼ੁਰਮਾਨ ਹੈ:
ਪ੍ਰੀਤਮ ਜਾਨਿ ਲੇਹੁ ਮਨ ਮਾਹੀ॥
ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ॥
ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ॥
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ॥ (ਪੰਨਾ 634)
ਪ੍ਰਭੂ ਦੇ ਨਾਮ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਅਕਾਲ ਪੁਰਖ ਵਾਹਿਗੁਰੂ ਤਾਂ ਬੇਪ੍ਰਵਾਹ ਤੇ ਅਥਾਹ ਸ਼ਕਤੀਆਂ ਦਾ ਮਾਲਕ ਹੈ, ਉਸ ਨੂੰ ਕਿਸੇ ਦੀ ਉਸਤਤੀ ਦੀ ਕੋਈ ਪਰਵਾਹ ਨਹੀਂ। ਉਸ ਨੂੰ ਕਿਸੇ ਦੀ ਖ਼ੁਸ਼ਾਮਦ ਦੀ ਕੋਈ ਲੋੜ ਨਹੀਂ। ਉਹ ਤਾਂ ਮਿਹਰਵਾਨ ਹੈ, ਉਹ ਹਰ ਸਮੇਂ ਹਰ ਜੀਵ ਦੇ ਅੰਗ-ਸੰਗ ਹੈ। ਉਹ ਸਾਡੇ ਸ਼ੁੱਧ ਹਿਰਦੇ ਨੂੰ ਪਸੰਦ ਕਰਦਾ ਹੈ। ਜਿੱਥੇ ਕਿਤੇ ਵੀ ਨਿਰਮਲ ਕਰਮ ਹੁੰਦਾ ਹੈ, ਉਥੇ ਸੱਚੇ ਪ੍ਰਭੂ ਦੀ ਨਦਰਿ-ਕਰਮ ਪ੍ਰਵੇਸ਼ ਕਰਦੀ ਹੈ। ਅਸੀਂ ਦੁਨੀਆਂ ਨੂੰ ਤਾਂ ਧੋਖਾ ਦੇ ਸਕਦੇ ਹਾਂ, ਆਪਣੇ ਆਪ ਨੂੰ ਵੀ ਧੋਖਾ ਦੇ ਸਕਦੇ ਹਾਂ, ਪਰ ਉਸ ਸੱਚੇ ਵਾਹਿਗੁਰੂ ਨੂੰ ਕਿਵੇਂ ਧੋਖਾ ਦੇ ਸਕਦੇ ਹਾਂ? ਮਨ ਦੀ ਸ਼ੁੱਧਤਾ ਲਈ ਉੱਦਮ ਦੀ ਲੋੜ ਹੈ। ਇਹ ਉੱਦਮ ਪ੍ਰਭੂ-ਨਾਮ ਦਾ ਜਾਪ ਹੀ ਹੈ ਜਿਸ ਨੂੰ ਹਿਰਦੇ ਰੂਪੀ ਘਰ ਵਿਚ ਵਸਾਉਣ ਦੀ ਲੋੜ ਹੈ। ਇਸ ਤੋਂ ਉਲਟ ਪ੍ਰਭੂ- ਨਾਮ ਤੋਂ ਵਿਹੂਣੇ ਮਨੁੱਖ ਉਸ ਸੱਚੇ ਪ੍ਰਭੂ ਦੀ ਸੱਚੀ ਦਰਗਾਹ ਵਿਚ ਫਿਟਕਾਰੇ ਜਾਂਦੇ ਹਨ, ਨਾਮ-ਵਿਹੂਣੇ ਮਨੁੱਖ ਨੂੰ ਲੋਕ ਤੇ ਪਰਲੋਕ ਦੋਹਾਂ ਵਿਚ ਸੁਖ ਨਹੀਂ ਮਿਲਦਾ। ‘ਵਾਰ ਸੋਰਠਿ’ ਵਿਚ ਸੇਵਾ ਦੇ ਪੁੰਜ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਹੈ:
ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ॥
ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ॥ (ਪੰਨਾ 649)
ਪ੍ਰਭੂ-ਨਾਮ ਤੋਂ ਸੱਖਣਾ ਮਨੁੱਖੀ ਜੀਵਨ ਕਿਸੇ ਕੰਮ ਨਹੀਂ। ਅਜਿਹੇ ਮਨੁੱਖ ਜਿਊਂਦੀਆਂ ਲਾਸ਼ਾਂ ਦੇ ਸਮਾਨ ਹਨ, ਜਿਵੇਂ ਮਿਰਤਕ ਮਨੁੱਖ ਨੂੰ ਹਾਰ-ਸ਼ਿੰਗਾਰ ਦਾ ਕੋਈ ਲਾਭ ਨਹੀਂ, ਉਸ ਦਾ ਹਾਰ ਸ਼ਿੰਗਾਰ ਉਸ ਦਾ ਕੀ ਸੁਆਰਦਾ ਹੈ? ਦੁਨਿਆਵੀ ਪਦਾਰਥਾਂ ਤੇ ਭੋਗਾਂ ਨੂੰ ਸੁਖ ਦਾ ਸਾਧਨ ਸਮਝ ਕੇ ਹਰੀ ਪ੍ਰਭੂ ਨੂੰ ਵਿਸਾਰਿਆਂ ਨਿਰੀ ਖੁਆਰੀ ਹੀ ਪੱਲੇ ਪੈਂਦੀ ਹੈ। ‘ਰਾਗ ਗਉੜੀ’ ਵਿਚ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਅਜਿਹੇ ਨਾਮ ਤੋਂ ਸੱਖਣੇ ਜੀਵਾਂ ਬਾਰੇ ਹੁਕਮ ਕਰ ਰਹੇ ਹਨ:
ਮਰਿ ਨ ਜਾਹੀ ਜਿਨਾ ਬਿਸਰਤ ਰਾਮ॥
ਨਾਮ ਬਿਹੂਨ ਜੀਵਨ ਕਉਨ ਕਾਮ॥
ਖਾਤ ਪੀਤ ਖੇਲਤ ਹਸਤ ਬਿਸਥਾਰ॥
ਕਵਨ ਅਰਥ ਮਿਰਤਕ ਸੀਗਾਰ॥ (ਪੰਨਾ 188)
ਪ੍ਰਭੂ ਦੇ ਨਾਮ ਵਿਚ ਲੀਨ ਹੋਣਾ ਤੇ ਆਪੇ ਨੂੰ ਉਸ ਪ੍ਰਭੂ ਨਾਲ ਜੋੜ ਕੇ ਸ਼ਬਦ ਨੂੰ ਕਮਾਉਣਾ ਹੀ ਸੁਰਤਿ-ਸੰਜੋਗ ਦੇ ਭਾਗੀ ਬਣਨਾ ਤੇ ਨਾਮੀ ਪ੍ਰਭੂ ਨਾਲ ਇਕਮਿਕ ਹੋਣਾ ਹੈ। ਇਹ ਇਕ ਐਸੀ ਕਲਾ ਹੈ, ਜਿਸ ਵਿਚ ਕਲਾਕਾਰ ਆਪਣਾ ਸਮੁੱਚਾ ਆਪਾ ਨਾਮ ਨਾਲ ਇਕਮਿਕ ਕਰ ਦਿੰਦਾ ਹੈ। ਫਿਰ ਬਾਕੀ ਕਲਾ ਹੀ ਕਲਾ ਰਹਿ ਜਾਂਦੀ ਹੈ। ਹੁਣ ਕਲਾਕਾਰ ਨਹੀਂ ਰਹਿੰਦਾ। ਪ੍ਰਭੂ-ਭਗਤੀ ਦੀ ਇਸ ਅਵਸਥਾ ਨੂੰ ਮਰ-ਮਿਟਣਾ ਵੀ ਕਹਿੰਦੇ ਹਨ। ਨਾਮ-ਸ਼ਬਦ ਵਿਚ ਮਰਨਾ ਹੀ ਨਾਮ ਵਿਚ ਜਿਊਣਾ ਹੈ। ਦਰਅਸਲ ਇਹ ਅਸਲ ਸ਼ਬਦ-ਸੁਰਤਿ-ਸੰਜੋਗ ਦੀ ਅਵਸਥਾ ਹੈ। ਇਸ ਪ੍ਰਥਾਇ ਗੁਰੂ ਅਮਰਦਾਸ ਜੀ ਦਾ ਹੁਕਮ ਹੈ :
ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ॥
ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ॥ (ਪੰਨਾ 604)
ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਤੇ ਬੰਦਗੀ ਮਨੁੱਖਾ ਜੀਵਨ ਦਾ ਆਧਾਰ ਹੈ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪ੍ਰਭੂ ਦਾ ਵਾਸਾ ਨਹੀਂ, ਉਨ੍ਹਾਂ ਦਾ ਜੀਵਨ ਅਜਾਈਂ ਜਾ ਰਿਹਾ ਹੈ। ਅਜਿਹੇ ਜੀਵਨ ਦਾ ਕੋਈ ਲਾਭ ਨਹੀਂ। ਅਜਿਹੇ ਜੀਵਨ ਵਾਲੇ ਲੋਕਾਂ ਦੇ ਹਿਰਦੇ ਰੂਪੀ ਘਰ ਨੂੰ ਗੁਰਬਾਣੀ ਨੇ ਉੱਜੜੇ ਹੋਏ ਮਹਿਲਾਂ ਤੇ ਹਵੇਲੀਆਂ ਨਾਲ ਤੁਲਨਾ ਦਿੱਤੀ ਹੈ। ‘ਜੈਤਸਰੀ ਰਾਗ’ ਵਿਚ ਸ਼ਾਂਤੀ ਦੇ ਸਰੂਪ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦਾ ਇਸ ਪ੍ਰਥਾਇ ਹੁਕਮ ਹੈ :
ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ॥
ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ॥ (ਪੰਨਾ 697)
ਪ੍ਰਭੂ ਦਾ ਪਵਿੱਤਰ ਨਾਮ ਏਡੀ ਵੱਡੀ ਅਮੋਲਕ ਵਸਤੂ ਹੈ, ਜੇ ਇਹ ਨਾਮ ਇਕ ਖਿਨ ਜਾਂ ਪਲ ਲਈ ਵੀ ਹਿਰਦੇ ਰੂਪੀ ਘਰ ਵਿਚ ਪ੍ਰਵੇਸ਼ ਕਰ ਜਾਵੇ ਤਾਂ ਕਰੋੜਾਂ ਜਨਮਾਂ ਦੇ ਪਾਪ ਇਕ ਖਿਨ ਵਿਚ ਹੀ ਦੂਰ ਹੋ ਜਾਂਦੇ ਹਨ। ਆਵਾਗਵਨ ਦਾ ਭਿਆਨਕ ਚੱਕਰ ਵੀ ਮਿਟ ਜਾਂਦਾ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫ਼ੁਰਮਾਨ ਹੈ:
ਏਕ ਚਿਤ ਜਿਹ ਇਕ ਛਿਨ ਧਿਆਇਓ॥
ਕਾਲ ਫਾਸਿ ਕੇ ਬੀਚ ਨ ਆਇਓ॥ (ਅਕਾਲ ਉਸਤਤ)
ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਦਾ ਕੀ ਲਾਭ ਹੈ? ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਸ ਪ੍ਰਥਾਇ ਹੁਕਮ ਹੈ:
ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ॥
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ॥
ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ॥
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ॥ (ਪੰਨਾ 70)
ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਕੇ ਦੂਜਿਆਂ ਉੱਪਰ ਵਧੀਕੀ ਕਰਨ ਵਾਲੇ ਹੰਕਾਰੀ ਮਨਮੁਖ ਮਨੁੱਖ ਨਾਲੋਂ ਸਿਮਰਨ ਕਰਨ ਵਾਲਾ ਗ਼ਰੀਬ ਮਨੁੱਖ ਕਿਤੇ ਚੰਗਾ ਹੈ। ਅਜਿਹੇ ਜੁੜੇ ਹੋਏ ਮਨੁੱਖ ਦੀ ਸੰਗਤ ਕਰਨ ਨਾਲ ਬਾਕੀ ਮਨੁੱਖ ਵੀ ਕੁਕਰਮਾਂ ਤੋਂ ਬਚ ਜਾਂਦੇ ਹਨ। ਅਸੀਂ ਆਪਣੇ ਨਿੱਤ ਦੇ ਜੀਵਨ ਵਿਚ ਵੇਖਦੇ ਹਾਂ ਕਿ ਮਾਇਆ ਦਾ ਮੋਹ ਵੀ ਬਹੁਤ ਪ੍ਰਬਲ ਹੈ, ਜਿਸ ਦੇ ਅਸਰ ਹੇਠ ਆ ਕੇ ਮਨੁੱਖ ਵਿਕਾਰਾਂ ਦੀ ਚੱਕੀ ਵਿਚ ਪੀਸਿਆ ਜਾਂਦਾ ਹੈ। ਵਿਕਾਰਾਂ ਤੋਂ ਬਚੇ ਰਹਿਣ ਦਾ ਇੱਕੋ-ਇੱਕ ਸੁਖੈਨ ਢੰਗ ਸਾਧਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਲਾਹ ਕਰਦੇ ਰਹਿਣਾ ਹੈ।
‘ਸਿਰੀਰਾਗ’ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਪ੍ਰੇਰਨਾ ਦੇ ਰਹੇ ਹਨ:
ਜਿਤੁ ਤਨਿ ਨਾਮੁ ਨ ਭਾਵਈ ਤਿਤੁ ਤਨਿ ਹਉਮੈ ਵਾਦੁ॥
ਗੁਰ ਬਿਨੁ ਗਿਆਨੁ ਨ ਪਾਈਐ ਬਿਖਿਆ ਦੂਜਾ ਸਾਦੁ॥ (ਪੰਨਾ 61)
ਸਾਡੇ ਨਾਲ ਸਦਾ ਨਿਭਣ ਵਾਲਾ ਸਾਥੀ ਸਿਰਫ਼ ਪ੍ਰਭੂ ਦਾ ਨਾਮ ਹੀ ਹੈ। ਪਰ ਆਤਮਿਕ ਜੀਵਨ ਦੀ ਸੂਝ ਤੋਂ ਸੱਖਣਾ ਮਨੁੱਖ ਮਾਇਆ ਦੇ ਮੋਹ ਦੇ ਡੂੰਘੇ ਖੂਹ ਵਿਚ ਡਿੱਗਿਆ ਰਹਿੰਦਾ ਹੈ। ਉਸ ਨੂੰ ਆਪਣਾ ਅਸਲ ਸਾਥੀ ਸਮਰੱਥ ਪ੍ਰਭੂ ਯਾਦ ਨਹੀਂ ਰਹਿੰਦਾ। ਮਾਇਆ ਵੀ ਕਈ ਰੰਗਾਂ ਤੇ ਰੂਪਾਂ ਵਿਚ ਮਨੁੱਖ ਉੱਤੇ ਆਪਣਾ ਪ੍ਰਭਾਵ ਪਾਉਂਦੀ ਹੈ। ਜਿਸ ਜੀਵ ਉੱਤੇ ਉਸ ਸੱਚੇ ਪ੍ਰਭੂ ਦੀ ਰਹਿਮਤ ਹੁੰਦੀ ਹੈ, ਉਸ ਨੂੰ ਸਹੀ ਆਤਮਿਕ ਜੀਵਨ ਦੀ ਸੋਝੀ ਆ ਜਾਂਦੀ ਹੈ। ਜਿਸ ਹਿਰਦੇ ਵਿਚ ਉਸ ਦਾ ਵਾਸਾ ਨਹੀਂ, ਉਸ ਦਾ ਜੀਵਨ ਸਫ਼ਰ ਵੀ ਬੇਕਾਰ ਹੈ। ‘ਰਾਗ ਗੂਜਰੀ’ ਵਿਚ ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਇਸ ਪ੍ਰਥਾਇ ਫ਼ਰਮਾਨ ਹੈ:
ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ॥
ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ॥ (ਪੰਨਾ 510)
ਜਿਨ੍ਹਾਂ ਮਨਮੁਖਾਂ ਨੇ ਕਦੀ ਪ੍ਰਭੂ-ਨਾਮ ਦਾ ਸਹਾਰਾ ਨਹੀਂ ਲਿਆ, ਗੁਰੂ-ਸ਼ਬਦ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਨਹੀਂ ਰੱਖਿਆ, ਉਨ੍ਹਾਂ ਨੂੰ ਇਸ ਸੰਸਾਰ ਵਿਚ ਆਉਣ ਦਾ ਕੀ ਫ਼ਾਇਦਾ ਹੈ? ‘ਸਲੋਕ ਵਾਰਾਂ ਤੇ ਵਧੀਕ’ ਵਿਚ ਸ੍ਰੀ ਗੁਰੂ ਅਮਰਦਾਸ ਜੀ ਦਾ ਅਜਿਹੇ ਜੀਵਾਂ ਲਈ ਹੁਕਮ ਹੈ:
ਸਤਿਗੁਰੂ ਨ ਸੇਵਿਓ ਸਬਦੁ ਨ ਰਖਿਓ ਉਰ ਧਾਰਿ॥
ਧਿਗੁ ਤਿਨਾ ਕਾ ਜੀਵਿਆ ਕਿਤੁ ਆਏ ਸੰਸਾਰਿ॥ (ਪੰਨਾ 1414)
ਅਜਿਹੇ ਪਸ਼ੂਆਂ ਦਾ ਜੀਵਨ ਨਾਮ-ਵਿਹੂਣੇ ਮਨੁੱਖਾਂ ਨਾਲੋਂ ਕਿਤੇ ਚੰਗਾ ਹੈ, ਜਿਹੜੇ ਘਾਹ-ਫੂਸ ਖਾ ਕੇ ਵੀ ਅੰਮ੍ਰਿਤ ਵਰਗਾ ਮਿੱਠਾ ਦੁੱਧ ਸਾਨੂੰ ਦਿੰਦੇ ਹਨ। ‘ਰਾਗ ਗੂਜਰੀ’ ਵਿਚ ਪਹਿਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੀ ਅਗਵਾਈ ਕਰ ਰਹੇ ਹਨ :
ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ॥
ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ॥ (ਪੰਨਾ 489)
ਅਸੀਂ ਵੇਖਦੇ ਹਾਂ ਕਿ ਦੁਨਿਆਵੀ ਰਿਸ਼ਤੇ-ਨਾਤੇ, ਸੱਜਣ-ਮਿੱਤਰ, ਧੀਆਂ- ਪੁੱਤਰ ਆਪਣੀਆਂ ਲੋੜਾਂ ਤੇ ਆਪਣੇ ਹਿੱਤਾਂ ਦੀ ਖ਼ਾਤਰ ਸਾਡੇ ਨਾਲ ਜੁੜੇ ਹੋਏ ਹਨ। ਜਦੋਂ ਇਨ੍ਹਾਂ ਸਾਰਿਆਂ ਦਾ ਕੰਮ ਨਿਕਲ ਜਾਂਦਾ ਹੈ ਤਾਂ ਕੋਈ ਨੇੜੇ ਨਹੀਂ ਢੁੱਕਦਾ। ਜਿਸ ਸਮਰੱਥ ਪ੍ਰਭੂ ਨੇ ਹਰ ਦੁੱਖ-ਸੁਖ ਵਿਚ ਸਾਡੇ ਭਾਈਵਾਲ ਬਣਨਾ ਹੈ, ਉਸ ਦੀ ਸੇਵਾ ਤੇ ਬੰਦਗੀ ਲਈ ਮਨੁੱਖ ਨੂੰ ਆਪਾ ਸਮਰਪਿਤ ਕਰ ਦੇਣਾ ਚਾਹੀਦਾ ਹੈ। ‘ਗੋਂਡ ਰਾਗ’ ਵਿਚ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਾਡੀ ਅਗਵਾਈ ਕਰ ਰਹੇ ਹਨ:
ਜੋ ਸੰਸਾਰੈ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ ਤੇ ਸਭਿ ਅਪਨੈ ਸੁਆਇ ਮਿਲਾਸਾ॥
ਜਿਤੁ ਦਿਨਿ ਉਨ੍ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੈ ਕੋ ਨ ਢੁਕਾਸਾ॥
ਮਨ ਮੇਰੇ ਅਪਨਾ ਹਰਿ ਸੇਵਿ ਦਿਨੁ ਰਾਤੀ ਜੋ ਤੁਧੁ ਉਪਕਰੈ ਦੂਖਿ ਸੁਖਾਸਾ॥ (ਪੰਨਾ 860)
ਇਸ ਸਾਰੀ ਵਿਚਾਰ ਦਾ ਤੱਤਸਾਰ ਇਹੋ ਹੈ ਕਿ ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ-ਨਾਮ ਸਾਡੇ ਜੀਵਨ ਦਾ ਆਧਾਰ ਹੈ। ਇਹੋ ਨਾਮ ਹੀ ਅਸਲ ਜੀਵਨ-ਮਾਰਗ ਹੈ। ਪ੍ਰਭੂ ਨੂੰ ਭੁਲਾ ਕੇ ਮਨੁੱਖ ਦੀ ਹਾਲਤ ਪਾਗਲਾਂ ਵਰਗੀ ਹੋ ਜਾਂਦੀ ਹੈ। ਨਾਮ ਤੋਂ ਸੱਖਣੇ ਤੇ ਖ਼ਾਲੀ ਮਨੁੱਖ ਦੇ ਜੀਵਨ ਵਿਚ ਕਿਸੇ ਪ੍ਰਕਾਰ ਦੇ ਸੁਖ ਦਾ ਵਾਸਾ ਨਹੀਂ ਹੋ ਸਕਦਾ। ਜਿਹੜਾ ਮਨੁੱਖ ਪ੍ਰਭੂ-ਸਿਮਰਨ ਛੱਡ ਕੇ ਜੀਵਨ ਬਤੀਤ ਕਰਨਾ ਚਾਹੁੰਦਾ ਹੈ, ਉਸ ਦੀ ਹਾਲਤ ਉਸ ਰੁੱਖ ਵਰਗੀ ਹੈ ਜਿਹੜਾ ਜੜ੍ਹਾਂ ਤੋਂ ਬਿਨਾਂ ਹਰਾ-ਭਰਾ ਰਹਿਣਾ ਚਾਹੁੰਦਾ ਹੈ ਜੋ ਕਦਾਚਿਤ ਵੀ ਸੰਭਵ ਨਹੀਂ। ‘ਰਾਗ ਭੈਰਉ’ ਵਿਚ ਸ਼ਹੀਦਾਂ ਦੇ ਸਿਰਤਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ, ਬਾਣੀ ਦੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫ਼ਰਮਾਨ ਹੈ:
ਲਾਜ ਮਰੈ ਜੋ ਨਾਮੁ ਨ ਲੇਵੈ॥
ਨਾਮ ਬਿਹੂਨ ਸੁਖੀ ਕਿਉ ਸੋਵੈ॥
ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ॥
ਮੂਲ ਬਿਨਾ ਸਾਖਾ ਕਤ ਆਹੈ॥ (ਪੰਨਾ 1148)
ਲੇਖਕ ਬਾਰੇ
ਪਿੰਡ ਜੌਹਲ, ਡਾਕ. ਬੋਲੀਨਾ ਦੁਆਬਾ, ਜ਼ਿਲ੍ਹਾ ਜਲੰਧਰ
- ਹੋਰ ਲੇਖ ਉਪਲੱਭਧ ਨਹੀਂ ਹਨ