ਰਾਜਸਥਾਨ ਵਿਚ ਦਸਮੇਸ਼ ਮਾਰਗ ’ਤੇ ਖੋਜ ਹਿੱਤ ਯਾਤਰਾ ਕਰਦਿਆਂ ਇਕ ਬਹੁਤ ਹੀ ਹੈਰਾਨੀਜਨਕ ਅਤੇ ਦੁਖਦਾਈ ਸੱਚਾਈ ਸਾਹਮਣੇ ਆਈ ਕਿ ਰਾਜਸਥਾਨ ਦੇ ‘ਮੀਣਾ’ ਜਾਤੀ ਨਾਲ ਸੰਬੰਧਿਤ (ਰਾਜਸਥਾਨ ਵਿਚ ਮੀਣਾ ਇਕ ਜਾਤੀ ਹੈ ਜੋ ਰਾਜਸਥਾਨ ਵਿਚ ਆਪਣੇ ਆਪ ਨੂੰ ਅਨੁਸੂਚਿਤ ਜਾਤੀ ਘੋਸ਼ਿਤ ਕਰਵਾਉਣਾ ਚਾਹੁੰਦੀ ਹੈ) ਕੁਝ ਵਿਦਵਾਨ ਸਿੱਖਾਂ ਨੂੰ ਮੀਣਾ ਜਾਤੀ ਨਾਲ ਸੰਬੰਧਿਤ ਕਰਨ ਹਿੱਤ ਬੜੇ ਜ਼ੋਰ- ਸ਼ੋਰ ਨਾਲ ਆਪਣੇ ਖੋਜ ਕਾਰਜਾਂ ਵਿਚ ਲੱਗੇ ਹੋਏ ਹਨ। ਅਸੀਂ (ਲਿਖਾਰੀ ਅਤੇ ਸ. ਹਰਜੀਤ ਸਿੰਘ ਅਲਵਰ) ਜਦੋਂ ਤਿਜਾਰੇ (ਜ਼ਿਲ੍ਹਾ ਅਲਵਰ) ਵਾਲੇ ਬਘੌਰ ਦੀ ਖੋਜ ਲਈ ਅਲਵਰ ਦੀਆਂ ਪੁਰਾਤਨ ਲਾਇਬ੍ਰੇਰੀਆਂ ਫਰੋਲ ਰਹੇ ਸੀ ਅਤੇ ਅਲਵਰ ਦੇ ਵਿਦਵਾਨਾਂ ਨੂੰ ਮਿਲ ਰਹੇ ਸੀ ਕਿ ਸਾਨੂੰ ਬਘੌਰ (ਜਿਸ ਨੂੰ ਹੁਣ ਬੂਢੀ ਬਘੌਰ ਵੀ ਕਹਿੰਦੇ ਹਨ, ਦੇ 1700 ਈ: ਦੇ ਲੱਗਭਗ ਜਦੋਂ ਦਸਮੇਸ਼ ਪਿਤਾ 1706-07 ਈ: ਦੇ ਸਾਲਾਂ ਵਿਚ ਰਾਜਸਥਾਨ ਵਿਚ ਯਾਤਰਾਵਾਂ ਕਰ ਰਹੇ ਸਨ) ਦੇ ਜਾਗੀਰਦਾਰਾਂ, ਕਿਲ੍ਹੇਦਾਰਾਂ ਅਤੇ ਠਿਕਾਣੇਦਾਰਾਂ ਦੇ ਨਾਮ ਪਤਾ ਲੱਗ ਜਾਣ, ਤਾਂ ਜੋ ਅਸੀਂ ਬਘੌਰ ਦੀ ਅਸਲੀਅਤ ਜਾਣ ਸਕੀਏ। ਸਾਨੂੰ ਇਕ ਵਿਦਵਾਨ ਸੱਜਣ ਨੇ ਦੱਸਿਆ ਕਿ ਅਲਵਰ ਤੋਂ ਦਿੱਲੀ ਜਾਣ ਵਾਲੀ ਸੜਕ ’ਤੇ ਜਾਓ। ਅਲਵਰ ਤੋਂ 14 ਕਿਲੋਮੀਟਰ ’ਤੇ ਦੇਸੂਲਾ ਨਾਮ ਦਾ ਚੌਂਕ ਹੈ। ਇੱਥੋਂ ਤਿੰਨ ਕੁ ਕਿਲੋਮੀਟਰ ਉੱਤਰ-ਪੱਛਮ ਇੱਕ ਮਾਧੂਰੀ ਗਾਉਂ ਨਾਮ ਦਾ ਪਿੰਡ ਹੈ। ਉੱਥੇ ਸ੍ਰੀ ਪ੍ਰਭੂ ਦਿਆਲ ਜੀ ਰਹਿੰਦੇ ਹਨ ਜੋ ਤੁਹਾਡੀ ਮਦਦ ਕਰਨਗੇ। ਅਸੀਂ ਪ੍ਰਭੂ ਦਿਆਲ ਜੀ ਦੇ ਪਾਸ ਚਲੇ ਗਏ, ਜੋ ਬੜੀ ਸੁੰਦਰ ਦਿੱਖ ਅਤੇ ਪ੍ਰਭਾਵਸ਼ਾਲੀ ਸੂਰਤ-ਸੀਰਤ ਦੇ ਵਿਅਕਤੀ ਹਨ। ਉਨ੍ਹਾਂ ਨਾਲ ਕਾਫੀ ਲੰਮੀ-ਚੌੜੀ ਵਾਰਤਾਲਾਪ ਹੋਈ ਪਰ ਕੋਈ ਸਿੱਟਾ ਨਾ ਨਿਕਲਿਆ। ਉਨ੍ਹਾਂ ਨੇ ਸਾਨੂੰ ਅਲਵਰ ਦੇ ਇਕ ਵਿਦਵਾਨ ਦਾ ਨਾਮ ਦੇ ਦਿੱਤਾ। ਅਸੀਂ ਵਾਪਸ ਅਲਵਰ ਪਹੁੰਚ ਗਏ। ਉਹ ਸਾਹਿਬ ਮੀਣਾ ਜਾਤੀ ਨਾਲ ਤੱਲੁਕ ਰੱਖਦੇ ਸਨ। ਉਹ ਸਾਡੀ ਵਿਚਾਰ ਸੁਣ ਕੇ ਕਹਿਣ ਲੱਗੇ ਕਿ ਜੇ ਤੁਸੀਂ ਜੈਪੁਰ ਜਾਓ ਤਾਂ ਉੱਥੇ ਸ੍ਰੀ. ਐਸ. ਐਸ. ਵਰਮਾ ਨੂੰ ਮਿਲੋ। ਉਹ ਮੀਣਾ ਜਾਤੀ ਦੇ ਇਤਿਹਾਸ ਦੀ ਖੋਜ ਕਰ ਰਹੇ ਹਨ। ਸ਼ਾਇਦ ਉਹ ਤੁਹਾਡੀ ਦਸਮੇਸ਼ ਮਾਰਗ ਢੂੰਡਣ ਵਿਚ ਮਦਦ ਕਰ ਸਕਣ! ਫਿਰ ਜਦੋਂ ਅਸੀਂ ਅਲਵਰ, ਝੂੰਜਨੂ, ਸੀਕਰ, ਚੂਰੂ, ਬੀਕਾਨੇਰ, ਨਾਗੌਰ, ਅਜਮੇਰ, ਭੀਲਵਾੜਾ ਅਤੇ ਬਘੌਰ ਦੀ ਯਾਤਰਾ ਕਰਦੇ ਹੋਏ ਜੈਪੁਰ ਸ੍ਰੀ. ਐਸ. ਐਸ. ਵਰਮਾ ਜੀ ਦੇ ਘਰ ਗਏ ਤਾਂ ਉਨ੍ਹਾਂ ਨੇ ਸਾਡਾ ਚੰਗਾ ਮਾਣ-ਤਾਨ ਕੀਤਾ। ਜਦ ਅਸੀਂ ਉਨ੍ਹਾਂ ਨੂੰ ਬਘੌਰ ਦੇ ਬਾਰੇ ਅਤੇ ਰਾਜਸਥਾਨ ਵਿਚ ਦਸਮੇਸ਼ ਪਿਤਾ ਦੇ ਦੱਖਣ ਯਾਤਰਾ ਸਮੇਂ ਰਸਤਿਆਂ ਅਤੇ ਸਥਾਨਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਾਡੀ ਗੱਲ ਸੁਣਨ ਤੋਂ ਬਾਅਦ ਸਾਡੇ ’ਤੇ ਪ੍ਰਸ਼ਨ ਕਰ ਦਿੱਤਾ ਕਿ, ਕੀ ਤੁਹਾਨੂੰ ਪਤਾ ਹੈ ਕਿ ਸਿੱਖ ਵੀ ਮੀਣੇ ਹਨ? ਉਸ ਦਾ ਇਹ ਪ੍ਰਸ਼ਨ ਸੁਣ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਅਸੀਂ ਇਕ-ਦੂਜੇ ਵੱਲ ਹੈਰਾਨੀ ਨਾਲ ਦੇਖਿਆ ਅਤੇ ਇਸ਼ਾਰੇ ਨਾਲ ਸ਼ਾਂਤ ਰਹਿਣ ਦਾ ਸੰਕੇਤ ਦੇ ਕੇ ਵਰਮਾ ਜੀ ਨੂੰ ਪੁੱਛਿਆ ਕਿ, ਸਿੱਖ ਮੀਣੇ ਕਿਵੇਂ ਹਨ? ਤਾਂ ਉਹ ਕਹਿਣ ਲੱਗੇ, “ਦੇਖੋ ਸਾਡੀ ਇਸ ਪੁਸਤਕ, ‘ਮੀਣਾ ਇਤਿਹਾਸ’ ਜੋ ਰਾਵਤ ਸਾਰਸਵਤ ਨੇ ਲਿਖੀ ਹੈ, ਉਸ ਵਿਚ ਮੀਣਾ ਜਾਤੀ ਦੇ 5200 ਗੋਤ ਹਨ (ਸਫਾ 18)। ਤੁਹਾਡੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੋਤ ਬੇਦੀ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਦਾ ਤੇ੍ਰਹਣ, ਸ੍ਰੀ ਗੁਰੂ ਅਮਰਦਾਸ ਜੀ ਦਾ ਭੱਲੇ, ਸਾਡੇ ਮੀਣਿਆਂ ਵਿਚ ਵੀ ਇਹ ਗੋਤ ਹਨ, ਇਸ ਲਈ ਤੁਹਾਡੇ ਗੁਰੂ ਮੀਣੇ ਹੋਏ।” ਵਰਮਾ ਜੀ ਨੇ ਫਿਰ ਅੱਗੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਸੋਢੀ ਸਨ, ਇਨ੍ਹਾਂ ਦੇ ਪੁੱਤਰ ਪ੍ਰਿਥੀ ਚੰਦ ਨੂੰ ਖੁਦ ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਪ੍ਰਿਥੀ ਚੰਦ ਮੀਣਾ ਹੈ। ਉਨ੍ਹਾਂ ਨੇ ਸਾਨੂੰ ਪੁਸਤਕ ਦਿਖਾਈ ‘ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ’ (ਹਿੰਦੀ ਅਨੁਵਾਦ) ਜੋ ਸਿੱਖ ਇਤਿਹਾਸ ਰਿਸਰਚ ਬੋਰਡ ਨੇ ਛਾਪੀ ਹੈ। ਫਿਰ ਉਨ੍ਹਾਂ ਨੇ ਅੱਗੇ ਇੱਕ ਹੋਰ ਲਾਈਨ ਪੜ੍ਹੀ ਜਿੱਥੇ ਹਰਿ ਜੀ ਕਹਿ ਰਿਹਾ ਹੈ, ਕਿ ਉਹ (ਸ੍ਰੀ ਗੁਰੂ ਤੇਗ ਬਹਾਦਰ ਜੀ) “ਵੋ ਨਹੀਂ ਚਾਹਤੇ ਕਿ ਗੁਰੂ ਗੱਦੀ ਮੀਣੋਂ ਕੇ ਹਾਥੋਂ ਮੇਂ ਚਲੀ ਜਾਏ” ਮੈਨੂੰ ਇਹ ਸੁਣ ਕੇ ਉਨ੍ਹਾਂ ਸਾਰੇ ਵਿਚਾਰਾਂ ਦੀ ਸਮਝ ਆ ਗਈ। ਫਿਰ ਮੈਂ ਉਨ੍ਹਾਂ ਨੂੰ ਸਹਿਜ ਅਵਸਥਾ ਵਿਚ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਵਰਮਾ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਨਿਰੰਕਾਰੀ (ਇੱਕ ਨਿਰੰਕਾਰ ਨੂੰ ਮੰਨਣ ਵਾਲੇ) ਪੁਰਸ਼ ਸਨ, ਉਨ੍ਹਾਂ ਦੇ ਉਪਾਸਕ ਵੀ ਨਿਰੰਕਾਰੀ ਹਨ, ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਦਸੇ ਪਾਤਸ਼ਾਹੀਆਂ ਨਿਰੰਕਾਰੀ ਜੋਤ ਹਨ, ਨਾ ਕਿ ਬੇਦੀ, ਤ੍ਰੇਹਣ, ਭੱਲੇ ਅਤੇ ਸੋਢੀ। ਹੁਣ ਜਿੱਥੋਂ ਤਕ ਪ੍ਰਿਥੀ ਚੰਦ ਦਾ ਸਵਾਲ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਪ੍ਰਿਥੀ ਚੰਦ ਮੀਣਾ ਹੈ, ਇਹ ਠੀਕ ਹੈ! ਕਿਉਂਕਿ ਪੰਜਾਬੀ ਭਾਸ਼ਾ ਵਿਚ ਮੀਣਾ ਸ਼ਬਦ ਦਾ ਅਰਥ ਹੈ, ‘ਕਪਟੀ’, ਭਾਵ ਜੋ ਦਿਲ ਵਿਚ ਬੁਰਿਆਈ ਰੱਖਦਾ ਹੋਵੇ ਅਤੇ ਬਾਹਰ ਪ੍ਰਗਟ ਨਾ ਹੋਣ ਦੇਵੇ, ਉਸ ਨੂੰ ਪੰਜਾਬੀ ਵਿਚ ਮੀਣਾ ਕਹਿੰਦੇ ਹਨ। ਤੁਸੀਂ ਮੀਣਾ (ਕਪਟੀ) ਸ਼ਬਦ ਨੂੰ ਜਾਤੀ-ਸੂਚਕ ਨਾ ਬਣਾਓ। ਪ੍ਰਿਥੀ ਚੰਦ ਸਿੱਖ ਨਹੀਂ, ਉਹ ਮੀਣਾ (ਕਪਟੀ) ਹੈ। ਜਿੱਥੋਂ ਤਕ ਦੂਜੀ ਪੰਕਤੀ ਦਾ ਸੁਆਲ ਹੈ ਉਸ ਦਾ ਅਰਥ ਇਹ ਹੈ ਕਿ ਗੁਰੂ ਜੀ ਨਹੀਂ ਚਾਹੁੰਦੇ ਸਨ ਕਿ ਸ੍ਰੀ ਅੰਮ੍ਰਿਤਸਰ ਦਾ ਪ੍ਰਬੰਧ ਮੀਣਿਆਂ (ਕਪਟੀਆਂ) ਭਾਵ ਪ੍ਰਿਥੀ ਚੰਦ ਵਰਗੇ ਕਪਟੀਆਂ ਦੇ ਹੱਥਾਂ ਵਿਚ ਚਲਾ ਜਾਵੇ। ਇਸ ਤੋਂ ਬਿਨ੍ਹਾ ਪ੍ਰਿਥੀ ਚੰਦ ਕੋਈ ਸਿੱਖਾਂ ਦਾ ਨੁਮਾਇੰਦਾ ਨਹੀਂ ਹੈ। ਸਿਰਫ ਗੁਰੂ ਸਾਹਿਬਾਨ ਹੀ ਸਿੱਖਾਂ ਦੇ ਆਗੂ ਹਨ। ਅਸੀਂ ਵਰਮਾ ਜੀ ਨੂੰ ਬਹੁਤ ਤਰੀਕਿਆਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਹ ਹੀ ਕਹੀ ਜਾਣ ਕਿ ਪ੍ਰਿਥੀ ਚੰਦ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਮੀਣਾ ਕਿਹਾ ਹੈ। ਜੇ ਪ੍ਰਿਥੀ ਚੰਦ ਮੀਣਾ ਜਾਤੀ ਨਾਲ ਸੰਬੰਧ ਰੱਖਦਾ ਹੈ, ਤਾਂ ਹੀ ਉਸ ਨੂੰ ਮੀਣਾ ਕਿਹਾ ਗਿਆ। ਕਈ ਬੇ-ਥਵੀਆਂ ਦਲੀਲਾਂ ਦੇਣ ਤੋਂ ਬਾਅਦ ਵਰਮਾ ਜੀ ਨੇ ਕਿਹਾ ਕਿ “ਚੱਲੋ! ਆਪਾਂ ਸਾਡੇ ਇਕ ਮਿੱਤਰ ਰਾਮ ਸਿੰਘ ਸਵਾਰਾ ਪਾਸ ਚੱਲਦੇ ਹਾਂ, ਜੋ ਕਿ ਪੁਰਾਤੱਤਵ ਵਿਿਗਆਨੀ ਹਨ। ਜਿਨ੍ਹਾਂ ਨੇ ਸਿੰਧੂ ਘਾਟੀ, ਹੜੱਪਾ ਅਤੇ ਮਹਿੰਜੋਦਾੜੋ ਸੱਭਿਅਤਾ ਦੇ ਲੇਖ ਪੜੇ੍ਹ ਹਨ।” ਅਸੀਂ ਸਾਰੇ ਰਾਮ ਸਿੰਘ ਸਵਾਰਾ ਦੇ ਘਰ ਚਲੇ ਗਏ, ਜੋ ਕਿ 80 ਕੁ ਸਾਲ ਦੀ ਉਮਰ ਦੇ ਹਨ। ਰਸਮੀਂ ਸਾਹਿਬ ਸਲਾਮ ਤੋਂ ਬਾਅਦ ਉਨ੍ਹਾਂ ਨੇ ਮੀਣਿਆਂ ਬਾਰੇ ਆਪਣੀ ਉਹੀ ਗੱਲ ਦੁਹਰਾਈ ਕਿ ਸਿੱਖ ਮੀਣੇ ਹਨ। ਮੈਂ ਉਨ੍ਹਾਂ ਨੂੰ ਇਹ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਜਾਤੀ-ਸੂਚਕ ਸ਼ਬਦ ਨੂੰ ਲੋਕ ਭਾਸ਼ਾਈ ਸ਼ਬਦ ਨਾਲ ਨਾ ਮਿਲਾਓ। ਪੰਜਾਬੀ ਭਾਸ਼ਾ ਵਿਚ ਮੀਣਾ ਇਕ ਸ਼ਬਦ ਹੈ ਜਿਸਦਾ ਅਰਥ ਹੈ ‘ਕਪਟੀ’, ਜਦਕਿ ਰਾਜਸਥਾਨ ਵਿਚ ਮੀਣਾ ਇਕ ਜਾਤੀ ਹੈ ਅਤੇ ਇੱਥੇ ਮੀਣਾ ਸ਼ਬਦ ਇਕ ਜਾਤੀ-ਸੂਚਕ ਹੈ। ਰਾਮ ਸਿੰਘ ਇਕ ਤਾਂ ਬਜ਼ੁਰਗ ਹੋਣ ਕਰਕੇ ਅਤੇ ਦੂਜਾ ਵਿਦਵਾਨ ਹੋਣ ਕਰਕੇ ਆਪਣੀ ਜ਼ਿੱਦ ’ਤੇ ਅੜੇ ਰਹੇ ਤੇ ਸਾਡੀਆਂ ਦਲੀਲਾਂ ਦਾ ਕੋਈ ਸਹੀ ਉੱਤਰ ਨਾ ਦੇ ਕੇ ਆਪਣੀ ਹੀ ਰਟ ਲਗਾ ਰਹੇ ਸਨ ਕਿ ਦੇਖੋ ਤੁਹਾਡੇ ਸਿੱਖ ਇਤਿਹਾਸ ਰਿਸਰਚ ਬੋਰਡ ਦੀ ਕਿਤਾਬ ਵਿਚ ਪ੍ਰਿਥੀ ਚੰਦ ਦੀ ਬੰਸ ਨੂੰ ਮੀਣੇ ਲਿਿਖਆ ਹੈ, ਤਾਂ ਤੁਸੀਂ ਕਿਵੇਂ ਕਹੋਗੇ ਕਿ ਮੀਣਾ ਜਾਤੀ ਨਹੀਂ ਹੈ ਅਤੇ ਸਿੱਖ ਮੀਣੇ ਨਹੀਂ ਹਨ? ਉਹ ਇਹ ਵੀ ਦਾਅਵਾ ਕਰ ਰਹੇ ਸਨ ਕਿ ਉਹ ਜੋ ਵੀ ਲਿਖਣਗੇ ਪੂਰੇ ਤੱਥਾਂ ਸਹਿਤ ਲਿਖਣਗੇ। ਮੈਂ ਉਨ੍ਹਾਂ ਨੂੰ ਕਿਹਾ ਕਿ ਕਿਸੇ ਸ਼ਬਦ ਜਾਂ ਪੰਕਤੀ ਦੇ ਅਰਥ ਤੋੜ-ਮਰੋੜ ਕੇ ਬਦਲਣਾ ਤੱਥ ਨਹੀਂ ਸਗੋਂ ਸ਼ਰਾਰਤ ਹੁੰਦੇ ਹਨ। ਮੇਰੀ ਇਹ ਗੱਲ ਸੁਣ ਕੇ ਉਹ ਭੜਕ ਗਏ ਅਤੇ ਕਿਹਾ ਕਿ ਕੀ ਮੈਂ ਸ਼ਰਾਰਤ ਕਰ ਰਿਹਾ ਹਾਂ? ਕੀ ਤੁਹਾਡੀ ਕਿਤਾਬ ਵਿਚ ਇਹ ਸਭ ਕੁਝ ਨਹੀਂ ਲਿਿਖਆ ਹੋਇਆ? ਕੀ ਤੁਹਾਡਾ ਰਿਸਰਚ ਬੋਰਡ ਗਲਤ ਹੈ? ਮੈਂ ਤਲਖੀ ਭਰੇ ਮਾਹੌਲ ਨੂੰ ਸ਼ਾਂਤ ਕਰਨ ਲਈ ਕਿਹਾ, ਬਜ਼ੁਰਗੋ ਨਾ ਤਾਂ ਤੁਸੀਂ ਸ਼ਰਾਰਤ ਕਰ ਰਹੇ ਹੋ, ਨਾ ਹੀ ਸਾਡਾ ਰਿਸਰਚ ਬੋਰਡ ਗਲਤ ਹੈ ਅਤੇ ਨਾ ਹੀ ਕਿਤਾਬ ਵਿਚ ਲਿਖੀ ਪੰਕਤੀ ਗਲਤ ਹੈ, ਬਸ ਤੁਸੀਂ ਇਸ ਦੇ ਵਿਰਾਮ ਚਿੰਨ੍ਹ ਗਲਤ ਲਗਾ ਕੇ ਅਤੇ ਸ਼ਬਦ ਮੀਣੇ ਦੇ ਗਲਤ ਅਰਥ ਲਗਾ ਕੇ ਪੜ੍ਹ ਰਹੇ ਹੋ। ਫਿਰ ਮੈਂ ਕਿਤਾਬ ਹੱਥ ਵਿਚ ਲੈ ਕੇ ਸਾਰਾ ਪੈਰ੍ਹਾ ਪੜ੍ਹਿਆ ਅਤੇ ਉਨ੍ਹਾਂ ਨੂੰ ਸਮਝਾਇਆ ਕਿ, ਗੁਰੂ ਜੀ ਕਹਿ ਰਹੇ ਹਨ ਕਿ, “ਕਿਤੇ ਇਹ ਗੱਦੀ ਪ੍ਰਿਥੀ ਚੰਦ ਦੇ ਵਾਰਸਾਂ ਮੀਣਿਆਂ (ਕਪਟੀਆਂ) ਦੇ ਹੱਥ ਨਾ ਚਲੀ ਜਾਇ।” ਫਿਰ ਮੈਂ ਇਕ ਹਲਕੀ ਦਲੀਲ ਦਿੱਤੀ ਕਿ ਸ੍ਰੀ ਗੁਰੂ ਰਾਮਦਾਸ ਜੀ ਤਾਂ ਮੀਣੇ ਨਹੀਂ ਸਨ ਅਤੇ ਨਾ ਹੀ ਕਿਸੇ ਨੇ ਕਿਤੇ ਵੀ ਉਨ੍ਹਾਂ ਵਾਸਤੇ ਮੀਣਾ ਸ਼ਬਦ ਦੀ ਵਰਤੋਂ ਕੀਤੀ! ਠੀਕ ਹੈ! ਉਨ੍ਹਾਂ ਨੇ ਹਾਂ ਵਿਚ ਸਿਰ ਹਿਲਾਇਆ। ਮੈਂ ਕਿਹਾ ਗੁਰੂ ਜੀ ਦੇ ਤਿੰਨ ਪੁੱਤਰ ਹਨ– ਪ੍ਰਿਥੀ ਚੰਦ, ਮਹਾਦੇਵ ਅਤੇ (ਸ੍ਰੀ ਗੁਰੂ) ਅਰਜਨ ਦੇਵ ਜੀ। ਮਹਾਂਦੇਵ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਕਿਤੇ ਵੀ ਮੀਣਾ ਸ਼ਬਦ ਦੀ ਵਰਤੋਂ ਨਹੀਂ ਹੋਈ। ਉਨ੍ਹਾਂ ਨੇ ਫਿਰ ਹਾਂ ਵਿਚ ਸਿਰ ਹਿਲਾਇਆ। ਫਿਰ ਮੈਂ ਕਿਹਾ, ਜਦੋਂ ਪ੍ਰਿਥੀ ਚੰਦ ਨੇ (ਗੁਰੂ) ਅਰਜਨ ਦੇਵ ਜੀ ਦੀਆਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਲਿਖੀਆਂ ਦੋ ਚਿੱਠੀਆਂ ਲੁਕੋ ਲਈਆਂ ਅਤੇ ਗੁਰੂ ਜੀ ਨੂੰ ਨਾ ਦਿੱਤੀਆਂ ਅਤੇ ਗੁਰੂ ਜੀ ਦੇ ਸਾਹਮਣੇ ਝੂਠ ਬੋਲਿਆ ਕਿ ਉਸ ਪਾਸ ਚਿੱਠੀਆਂ ਨਹੀਂ ਹਨ ਤਾਂ ਗੁਰੂ ਜੀ ਨੇ ਆਦਮੀ ਭੇਜ ਕੇ ਮਹਿਲਾਂ ਵਿੱਚੋਂ ਪ੍ਰਿਥੀ ਚੰਦ ਦੇ ਕੁਰਤੇ ਦੀ ਜੇਬ ਵਿਚ ਪਈਆਂ ਚਿੱਠੀਆਂ ਮੰਗਵਾ ਲਈਆਂ ਅਤੇ ਦਰਬਾਰ ਵਿਚ ਸਭ ਦੇ ਸਾਹਮਣੇ ਪ੍ਰਿਥੀ ਚੰਦ ਨੂੰ ਝੂਠਾ ਕਰ ਦਿੱਤਾ ਤਾਂ ਉਦੋਂ ਗੁਰੂ ਜੀ ਨੇ ਉਸ ਨੂੰ ਮੀਣਾ ਕਿਹਾ, ਜੋ ਜਾਤੀ-ਸੂਚਕ ਨਹੀਂ ਹੈ। ਪ੍ਰਿਥੀ ਚੰਦ ਸੋਢੀ ਹੈ। ਪਰ ਮੰਦੇ ਕਰਮ ਕਰਕੇ ਮੀਣਾ (ਕਪਟੀ) ਹੈ। ਸਾਡੀ ਇਸ ਵਿਆਖਿਆ ਨਾਲ ਉਨ੍ਹਾਂ ਦੀ ਸਿੱਖਾਂ ਬਾਰੇ ਸੋਚ ਕੁਝ ਨਰਮ ਹੋਈ। ਮੈਂ ਕਿਹਾ ਕਿ ਪੰਜਾਬ ਜਾ ਕੇ ਤੁਹਾਡੇ ਸ਼ੰਕੇ ਨਵਿਰਤ ਕਰਾਂਗਾ।
ਪੰਜਾਬ ਪਹੁੰਚ ਕੇ ਮੈਂ ਜੈਪੁਰ ਦੇ ਸਾਹਿਿਤਯ-ਗਾਰ ਪਬਲੀਕੇਸ਼ਨ ਤੋਂ ਦੋ ਕਿਤਾਬਾਂ ‘ਮੀਣਿਆਂ ਦਾ ਇਤਿਹਾਸ’ ਅਤੇ ‘ਜਾਟੋਂ ਕਾ ਇਤਿਹਾਸ’ ਮੰਗਵਾਈਆਂ ਅਤੇ ਫਿਰ ਮੈਂ ਉਨ੍ਹਾਂ ਦਾ ਅਧਿਐਨ ਕਰ ਕੇ ਸ੍ਰੀ. ਐਸ. ਐਸ. ਵਰਮਾ ਜੀ ਨੂੰ ਫ਼ੋਨ ਕੀਤਾ। ਪਹਿਲਾਂ ਤਾਂ ਮੈਂ ਉਨ੍ਹਾਂ ਨੂੰ ਭਾਈ ਕਾਨ੍ਹ ਸਿੰਘ ਨਾਭਾ ਦੇ ਰਚਿਤ ‘ਮਹਾਨ ਕੋਸ਼’ ਵਿੱਚੋਂ ਮੀਣਾ ਸ਼ਬਦ ਦੇ ਅਰਥ ਸੁਣਾਏ ਜੋ ਇਉਂ ਹਨ : “ਮੀਣਾਂ-ਵਿਸ਼ੇਸ਼ਣ- ਮਿੰਨਾ, ਕਪਟੀ, ਜੋ ਮਨ ਦੇ ਛਲ ਨੂੰ ਪ੍ਰਗਟ ਨਾ ਹੋਣ ਦੇਵੇ, 2. ਭਾਈ ਗੁਰਦਾਸ ਦੀ ਦਿੱਤੀ ਹੋਈ ਪ੍ਰਿਥੀ ਚੰਦ ਜੀ ਨੂੰ ਉਪਾਧਿ, ਕਿਉਂਕਿ ਉਹ ਸਦਾ ਹੀ ਕਪਟ ਵਿਹਾਰ ਕਰਦੇ ਸਨ ਦੇਖੋ, ਵਾਰ:36, “ਸਤਿਗੁਰ ਸੱਚਾ ਪਾਤਿਸ਼ਾਹ ਮੂੰਹ ਕਾਲੇ ਮੀਣਾ।” 3. ਪ੍ਰਿਥੀ ਚੰਦ ਦੀ ਵੰਸ਼ ਦਾ ਸੋਢੀ ਜਿਸ ਨੇ ਅੰਮ੍ਰਿਤ ਨਹੀਂ ਛਕਿਆ। 4. ਸੰਗਯਾ- ਉਹ ਬੈਲ ਜਿਸਦੇ ਸਿੰਗ ਹੇਠਾਂ ਨੂੰ ਝੁਕੇ ਹੋਣ, 5. ਇਕ ਚੋਰੀ ਪੇਸ਼ਾ ਜਾਤ ਜੋ ਵਿਸ਼ੇਸ਼ ਕਰਕੇ ਰਾਜਪੁਤਾਨੇ ਵਿਚ ਹੈ। ਮੀਣਾ ਜਾਤ ਦਾ ਆਦਮੀ ਜੇ ਰੱਖਿਆ ਦਾ ਭਾਰ ਆਪਣੇ ਉੱਪਰ ਲੈ ਲਵੇ, ਤਦ ਕਦੇ ਵੀ ਚੋਰੀ ਨਹੀਂ ਹੋਣ ਦਿੰਦਾ।” ਮੈਂ ਵਰਮਾ ਜੀ ਨੂੰ ਕਿਹਾ ਕਿ ਦੇਖੋ ਮੀਣਾ ਸ਼ਬਦ ਦੇ ਪਹਿਲੇ ਤਿੰਨ ਅਰਥ ਵਿਸ਼ੇਸ਼ਣ ਹਨ, ਜੋ ਕਿਸੇ ਵਿਅਕਤੀ ਦੀ ਵਿਸ਼ੇਸ਼ਤਾ ਨੂੰ ਦੱਸਦੇ ਹਨ, ਜਦਕਿ ਚੌਥਾ ਅਰਥ ਵਸਤੂ-ਵਾਚਕ ਨਾਮ ਹੈ ਅਤੇ ਪੰਜਵਾਂ ਜਾਤੀ- ਵਾਚਕ ਨਾਮ ਹੈ। ਫਿਰ ਮੈਂ ਉਨ੍ਹਾਂ ਨੂੰ ਦੱਸਿਆ ਕਿ ਜੋ ਉਹ ਕਹਿੰਦੇ ਹਨ ਕਿ ਮੀਣਿਆਂ ਦੇ 5200 ਗੋਤ ਹਨ, ਪਰ ਮੀਣਿਆਂ ਤੇ ਭੱਟਾਂ (ਜਿਨ੍ਹਾਂ ਨੂੰ ਰਾਜਸਥਾਨੀ ਭਾਸ਼ਾ ਵਿਚ ਜਾਗੇ ਕਹਿੰਦੇ ਹਨ) ਅਨੁਸਾਰ ਮੀਣਿਆਂ ਦੇ ਅੱਸੀ (80) ਗੋਤ ਹਨ। ਇਨ੍ਹਾਂ ਅੱਸੀ ਗੋਤਾਂ ਵਿੱਚੋਂ ਕੋਈ ਵੀ ਬੇਦੀ, ਤੇ੍ਰਹਣ, ਭੱਲਾ ਅਤੇ ਸੋਢੀ ਗੋਤ ਨਹੀਂ ਹੈ। ਇਸ ਤੋਂ ਵੀ ਅੱਗੇ ਮੈਂ ਵਰਮਾ ਜੀ ਨੂੰ ਉਨ੍ਹਾਂ ਦੀ ਦਿਖਾਈ ਹੋਈ ਪੁਸਤਕ ‘ਮੀਣਾ ਇਤਿਹਾਸ’ (ਰਾਵਤ ਸਾਰਸਵਤ) ਅਤੇ ‘ਜਾਟੋਂ ਕਾ ਇਤਿਹਾਸ’ (ਉਪੇਂਦਰਨਾਥ ਸ਼ਰਮਾ) ਦੇ ਆਧਾਰ ’ਤੇ ਦੱਸਿਆ ਕਿ ਮੀਣਾ ਜਾਤੀ ਦਾ ਕਦੇ ਵੀ ਸਿੱਖਾਂ ਨਾਲ ਤਾਂ ਕੀ ਪੰਜਾਬੀਆਂ ਨਾਲ ਵੀ ਕਦੇ ਕੋਈ ਧਾਰਮਿਕ ਜਾਂ ਸਮਾਜਿਕ ਸੰਬੰਧ ਨਹੀਂ ਰਿਹਾ ਅਤੇ ਨਾ ਹੀ ਇਨ੍ਹਾਂ ਦੇ ਕੋਈ ਸੰਸਕਾਰ ਆਪਸ ਵਿਚ ਮਿਲਦੇ ਹਨ। ਇਸ ਲਈ ਮੀਣਾ ਜਾਤੀ ਦਾ ਸਿੱਖ ਸਮੁਦਾਇ ਨਾਲ ਕੋਈ ਸੰਬੰਧ ਨਹੀਂ ਹੈ।
ਮੈਂ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ‘ਮਿਸਟਰ ਇਬਿਟਸਨ’ ਦੀ ਲਿਖੀ ਹੋਈ ਪੁਸਤਕ ‘ਪੰਜਾਬ ਕਾਸਟਜ਼’ (1883 ਈ:) ਵਿਚ ਮੀਣਾ ਜਾਤੀ 166 ਨੰਬਰ ’ਤੇ ਦਰਜ ਹੈ। ਇਸ ਦੇ ਸਿਰਫ 301 ਵਿਅਕਤੀ ਗੁੜਗਾਉਂ ਜ਼ਿਲ੍ਹੇ ਦੇ ਪਿੰਡ ਸ਼ਾਹਜਹਾਨਪੁਰ ਦੇ ਆਸ-ਪਾਸ ਰਹਿੰਦੇ ਹਨ। ਇਨ੍ਹਾਂ ਦਾ ਮੁੱਖ ਕੇਂਦਰ ਰਾਜਸਥਾਨ ਵਿਚ ਅਲਵਰ ਅਤੇ ਜੈਪੁਰ ਜ਼ਿਲ੍ਹੇ ਹਨ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੈਪੁਰ ਰਾਜ ਕਸ਼ਵਾਹਾ ਰਾਜਪੂਤਾਂ ਨੇ ਮੀਣਿਆਂ ਦੀਆਂ ਛੋਟੀਆਂ-ਛੋਟੀਆਂ ਰਿਆਸਤਾਂ ਨੂੰ ਜਿੱਤ ਕੇ ਇਕੱਠਾ ਕਰ ਕੇ ਬਣਾਇਆ। ਪੰਜਾਬ ਵਿਚ (ਗੁੜਗਾਉਂ ਜ਼ਿਲ੍ਹਾ ਵਿਚ) ਇਨ੍ਹਾਂ ਨੂੰ ਜਰਾਇਮ ਪੇਸ਼ਾ ਕਿਹਾ ਗਿਆ ਹੈ। ‘ਮੇਜਰ ਪਾਉਲੇਟ’ ਨੇ ਅਲਵਰ ਗਜਟਯੀਅਰ ਵਿਚ ਮੀਣਿਆਂ ਬਾਰੇ ਵਿਸ਼ੇਸ਼ ਤੌਰ ’ਤੇ ਲਿਖਿਆ ਹੈ (ਪੰਜਾਬ ਕਾਸਟਜ਼, ਸਫਾ 279 ਤੋਂ 282)।
ਮੇਰੇ ਨਾਲ ਟੈਲੀਫ਼ੋਨ ’ਤੇ ਬਹੁਤ ਲੰਮੀ ਵਾਰਤਾ ਤੋਂ ਬਾਅਦ ਅਤੇ ਮੇਰੇ ਸਾਰੇ ਵੇਰਵੇ ਦੇਣ ਤੋਂ ਬਾਅਦ ਵਰਮਾ ਜੀ ਨੇ ਮੇਰੇ ਨਾਲ ਸਹਿਮਤੀ ਪ੍ਰਗਟਾਈ। ਮੈਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਪੂਰੇ ਜ਼ੋਰ ਨਾਲ ਸਲਾਹ ਦਿੱਤੀ ਕਿ ਉਹ ਆਪਣੇ ਵਿਦਵਾਨ ਸਾਥੀਆਂ ਨੂੰ ਇਹ ਸਮਝਾਉਣ ਕਿ ਉਹ ਪ੍ਰਿਥੀ ਚੰਦ ਲਈ ਵਰਤੇ ਗਏ ਸ਼ਬਦ ‘ਮੀਣੇ’ (ਕਪਟੀ) ਨੂੰ ਬਤੌਰ ਜਾਤੀ-ਸੂਚਕ ਨਾ ਵਰਤਣ। ਜਿਸ ਲਈ ਉਨ੍ਹਾਂ ਨੇ ਆਪਣੀ ਸਹਿਮਤੀ ਵੀ ਪ੍ਰਗਟਾਈ।
ਮੈਂ ਇਹ ਚਾਹੁੰਦਾ ਹਾਂ ਕਿ ਰਾਜਸਥਾਨ ਦੇ ਸਿੱਖ ਵੀਰ ਮੇਰੇ ਇਸ ਲੇਖ ਨੂੰ ‘ਗੁਰਮਤਿ ਪ੍ਰਕਾਸ਼’ ਵਿੱਚੋਂ ਲੈ ਕੇ ਹਿੰਦੀ ਵਿਚ ਉਲਥਾ ਕਰਕੇ ਰਾਜਸਥਾਨ ਦੇ ਅਖ਼ਬਾਰਾਂ ਵਿਚ ਛਪਵਾਉਣ ਅਤੇ ਰਾਜਸਥਾਨ ਦੀ ਸਿੱਖ ਸੰਗਤ ਨੂੰ ਮੀਣਿਆਂ ਵੱਲੋਂ ਸ਼ੁਰੂ ਕੀਤੇ ਦੁਸ਼-ਪ੍ਰਚਾਰ ਨੂੰ ਮੁੱਢ ਤੋਂ ਹੀ ਨਕਾਰ ਦੇਣ ਤਾਂ ਕਿ ਸ਼ਰਾਰਤੀਆਂ ਦੀ ਇਹ ਸੋਚ ਇੱਥੇ ਹੀ, ਮੁੱਢ ਵਿਚ ਹੀ ਨੱਪੀ ਜਾਵੇ।
ਦੂਜਾ ਮੈ ਉਨ੍ਹਾਂ ਵਿਦਵਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਧਰਮ ਪ੍ਰਚਾਰ ਦੀ ਭਾਵਨਾ ਨਾਲ ਸਿੱਖ ਧਰਮ ਗ੍ਰੰਥਾਂ ਜਾਂ ਧਾਰਮਿਕ ਪੁਸਤਕਾਂ ਦਾ ਕਿਸੇ ਵੀ ਭਾਸ਼ਾ ਵਿਚ ਉਲਥਾ ਕਰਨ ਸਮੇਂ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਕੀਤੇ ਉਲਥੇ ਦੇ ਸ਼ਬਦਾਂ ਦੇ ਅਰਥਾਂ ਦੇ ਅਨਰਥ ਨਾ ਹੋ ਜਾਣ। ਅਸੀਂ ਸਭ ਨੇ ਸਿੱਖ ਧਰਮ ’ਤੇ ਹੋ ਰਹੇ ਅੰਦਰੋਂ ਅਤੇ ਬਾਹਰੋਂ ਹਮਲਿਆਂ ਪ੍ਰਤੀ ਸੁਚੇਤ ਹੋ ਕੇ ਹਮੇਸ਼ਾਂ ਹੀ ਧਰਮ ਅਤੇ ਸੱਚ ਦੇ ਆਲਮ- ਬਰਦਾਰ ਬਣਨਾ ਹੈ।
ਲੇਖਕ ਬਾਰੇ
ਚੈਂਬਰ ਨੰ 79, ਜ਼ਿਲ੍ਹਾ ਕਚਿਹਰੀ; ਮੋਗਾ ਮੋ: +9194631-09889
- ਸ. ਅੰਗਰੇਜ ਸਿੰਘ ਐਡਵੋਕੇਟhttps://sikharchives.org/kosh/author/%e0%a8%b8-%e0%a8%85%e0%a9%b0%e0%a8%97%e0%a8%b0%e0%a9%87%e0%a8%9c-%e0%a8%b8%e0%a8%bf%e0%a9%b0%e0%a8%98-%e0%a8%90%e0%a8%a1%e0%a8%b5%e0%a9%8b%e0%a8%95%e0%a9%87%e0%a8%9f/January 1, 2016