editor@sikharchives.org

ਨਵੰਬਰ 1984 ਦਾ ਸਿੱਖ ਕਤਲੇਆਮ

ਇਸ ਕਤਲੇਆਮ ਅਤੇ ਹੈਵਾਨੀਅਤ ਦੇ ਨੰਗੇ ਨਾਚ ਨੂੰ ਦੇਖ ਕੇ ਕਈ ਮਾਂ-ਬਾਪ ਅਤੇ ਜ਼ਿਆਦਾ ਬੱਚੇ ਆਪਣਾ ਦਿਮਾਗੀ ਸੰਤੁਲਨ ਗਵਾ ਬੈਠੇ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਇੰਦਰਾ ਗਾਂਧੀ ਨੂੰ 31 ਅਕਤੂਬਰ 1984 ਈ. ਨੂੰ ਸਵੇਰੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਜਦ ਗੋਲੀਆਂ ਮਾਰ ਕੇ ਮਾਰਿਆ ਗਿਆ, ਉਸ ਸਮੇਂ ਰਾਜੀਵ ਗਾਂਧੀ ਬੰਗਾਲ ਗਿਆ ਹੋਇਆ ਸੀ। ਰਾਜੀਵ ਗਾਂਧੀ ਨੂੰ ਵਾਪਸ ਆਉਂਦਿਆਂ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਚੁਕਵਾ ਕੇ ਪ੍ਰਧਾਨ ਮੰਤਰੀ ਘੋਸ਼ਿਤ ਕਰਨ ਤੋਂ ਬਾਅਦ ਹੀ ਇੰਦਰਾ ਗਾਂਧੀ ਨੂੰ ਮ੍ਰਿਤਕ ਕਰਾਰ ਦਿੱਤਾ।

ਰਾਜੀਵ ਗਾਂਧੀ ਨੇ 1 ਨਵੰਬਰ 1984 ਈ. ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਸਮੇਂ ਆਪਣੀ ਤਕਰੀਰ ਵਿਚ ਕਿਹਾ ਕਿ “ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੀ ਹੈ।” ਹਿੰਦੂ ਨੌਜਵਾਨਾਂ ਅੰਦਰ ਭੜਕਾਹਟ ਪੈਦਾ ਕਰਨ ਲਈ ਪੂਰਾ ਜ਼ੋਰ ਲਗਾਇਆ ਗਿਆ, ਜਿਸ ਦੇ ਫਲਸਰੂਪ ਦਿੱਲੀ ਤੇ ਹੋਰ ਸੂਬਿਆਂ ਅੰਦਰ ਬਹੁਤ ਜ਼ਿਆਦਾ ਸਾੜ-ਫੂਕ ਤੇ ਕਤਲੋਗਾਰਦ ਹੋਈ, ਹਜ਼ਾਰਾਂ ਸਿੱਖਾਂ ਦੀਆਂ ਜ਼ਿੰਦਗੀਆਂ ਦਾ ਘਾਣ ਹੋਇਆ।

ਦਿੱਲੀ ਅਤੇ ਹੋਰ ਸੂਬਿਆਂ ਵਿਚ ਸਿੱਖਾਂ ਦਾ ਜੋ ਕਤਲੇਆਮ ਹੋਇਆ, ਉਹ ਸਹਿਣਯੋਗ ਨਹੀਂ ਸੀ, ਜਿਸ ਤਰ੍ਹਾਂ ਮਾਂ-ਬਾਪ ਦੇ ਸਾਹਮਣੇ ਬੱਚਿਆਂ ਨੂੰ ਅਤੇ ਬੱਚਿਆਂ ਦੇ ਸਾਹਮਣੇ ਮਾਂ-ਬਾਪ ਨੂੰ ਗਲਾਂ ਵਿਚ ਟਾਇਰ ਪਾ ਕੇ ਤੜਫਾ-ਤੜਫਾ ਕੇ ਮਾਰਨਾ ਅਤੇ ਧੀਆਂ-ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰਨਾ। ਇਸ ਕਤਲੇਆਮ ਅਤੇ ਹੈਵਾਨੀਅਤ ਦੇ ਨੰਗੇ ਨਾਚ ਨੂੰ ਦੇਖ ਕੇ ਕਈ ਮਾਂ-ਬਾਪ ਅਤੇ ਜ਼ਿਆਦਾ ਬੱਚੇ ਆਪਣਾ ਦਿਮਾਗੀ ਸੰਤੁਲਨ ਗਵਾ ਬੈਠੇ। ਕਈ ਤਾਂ ਹਾਲੇ ਵੀ ਇਸੇ ਹਾਲਤ ਵਿਚ ਦੇਖੇ ਜਾ ਸਕਦੇ ਹਨ। ਇਕ ਬਜ਼ੁਰਗ ਜਿਸ ਦਾ ਸਾਰਾ ਪਰਵਾਰ ਉਸ ਦੇ ਅਤੇ ਉਸ ਦੀ ਪੰਜ ਸਾਲ ਦੀ ਪੋਤਰੀ ਸਾਹਮਣੇ ਸਾੜ ਦਿੱਤਾ ਗਿਆ ਸੀ, ਉਹ ਲਾਵਾਰਸ ਹੋ ਕੇ ਅਤੇ ਕੋਈ ਸਹਾਰਾ ਨਾ ਮਿਲਣ ਕਰ ਕੇ ਗੁ: ਬਾਬਾ ਦੀਪ ਸਿੰਘ ਜੀ, ਸ੍ਰੀ ਅੰਮ੍ਰਿਤਸਰ ਦੇ ਸਾਹਮਣੇ ਬਾਬਾ ਖੜਕ ਸਿੰਘ ਜੀ ਦੇ ਡੇਰੇ ਦੀ ਛਬੀਲ ‘ਤੇ ਸੇਵਾ ਕਰ ਕੇ ਡੇਰੇ ਵਿਚ ਹੀ ਲੰਗਰ-ਪਾਣੀ ਛਕ ਕੇ ਆਪਣਾ ਪੇਟ ਪਾਲਦੇ ਰਹੇ। ਇਕ ਦਿਨ ਉਨ੍ਹਾਂ ’ਤੇ ਗੁਰੂ ਜੀ ਦੀ ਕਿਰਪਾ ਹੋ ਗਈ, ਬੱਚੀ ਨੂੰ ਬਜ਼ੁਰਗ ਸਮੇਤ ਕਿਸੇ ਪਰਵਾਰ ਨੇ ਅਪਣਾ ਲਿਆ।

ਇਸ ਕਤਲੇਆਮ ‘ਚੋਂ ਬਚੇ ਜੋ ਪਰਵਾਰ ਸਰਾਂ ਸ੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਆ ਕੇ ਠਹਿਰੇ ਸਨ, ਉਨ੍ਹਾਂ ਪਰਵਾਰਾਂ ਵਿਚ ਕਈ ਬੱਚੇ ਬੁੜ-ਬੁੜਾ ਕੇ ਉਠਦੇ ਰਹੇ ਸਨ ਕਿਉਂਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਅਤੇ ਹੋਰ ਸਾਕ-ਸਨਬੰਧੀਆਂ ਦੇ ਗਲਾਂ ਵਿਚ ਪਾਏ ਗਏ ਟਾਇਰਾਂ ਸਮੇਤ ਤੜਫਦੇ ਅੱਖੀਂ ਵੇਖੇ ਸਨ।

ਕਈ ਬਜ਼ੁਰਗ ਕਹਿੰਦੇ ਸੁਣੇ ਗਏ ਸਨ ਕਿ ਭਾਰਤ-ਪਾਕਿਸਤਾਨ ਦੀ 1947 ਈ. ਵਿਚ ਹੋਈ ਵੰਡ ਸਮੇਂ ਅਸੀਂ ਤਿੰਨ ਕੱਪੜੀਂ ਆਏ ਸੀ ਅਤੇ ਹੁਣ ਦਿੱਲੀ ਵਿਚ ਹੋਏ ਦੰਗਿਆਂ ਕਾਰਨ ਤਿੰਨੀਂ ਕੱਪੜੀਂ ਅੰਮ੍ਰਿਤਸਰ (ਪੰਜਾਬ) ਆਏ ਹਾਂ। ਫਰਕ ਸਿਰਫ ਇੰਨਾ ਹੈ ਕਿ ਉਸ ਸਮੇਂ ਪੁਲਿਸ ਸਾਡੀ ਥੋੜ੍ਹੀ-ਬਹੁਤ ਮਦਦ ਕਰਦੀ ਸੀ ਅਤੇ ਹੁਣ ਪੁਲਿਸ ਨੇ ਕਾਤਲਾਂ ਨਾਲ ਮਿਲ ਕੇ ਸਾਨੂੰ ਮਾਰਿਆ ਅਤੇ ਲੁੱਟਿਆ ਹੈ। ਉਸ ਸਮੇਂ ਅਸੀਂ ਬੱਚੇ, ਪਰਵਾਰ ਅਤੇ ਕੁਝ ਸਾਮਾਨ ਵੀ ਲੈ ਕੇ ਆਏ ਸੀ। ਪਰ ਹੁਣ ਦਿੱਲੀ ਦੰਗਿਆਂ ਵਿਚ ਅੱਧੇ ਤੋਂ ਜ਼ਿਆਦਾ ਪਰਵਾਰ ਨੂੰ ਸ਼ਹੀਦ ਕਰਵਾ (ਮਰਵਾ) ਕੇ ਸਾਮਾਨ, ਘਰ-ਬਾਰ ਸੜਵਾ ਕੇ ਇਥੇ (ਅੰਮ੍ਰਿਤਸਰ) ਆਏ ਹਾਂ।

ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ‘ਤੇ ਜੂਨ 1984 ਵਿਚ ਹੋਏ ਹਮਲੇ ਅਤੇ ਦਿੱਲੀ ਦੰਗਿਆਂ ਵਿਚ ਵਿਧਵਾ ਹੋਈਆਂ ਬੀਬੀਆਂ ਜਿਨ੍ਹਾਂ ਦੇ ਬੱਚੇ, ਪਤੀ ਸ਼ਹੀਦ ਹੋ ਗਏ ਸਨ ਅਤੇ ਜਿਨ੍ਹਾਂ ਬੱਚਿਆਂ ਦੇ ਮਾਂ-ਬਾਪ ਗੁਜ਼ਰ ਚੁੱਕੇ ਸਨ, ਦਿੱਲੀ ਅਤੇ ਹੋਰ ਸੂਬਿਆਂ ਵਿਚ ਧਰਮੀ ਫੌਜੀ ਜੋ ਸ਼ਹੀਦ ਕਰ ਦਿੱਤੇ ਗਏ ਸਨ ਦੇ ਪੀੜਤ ਪਰਵਾਰਾਂ ਦੀ ਸ਼੍ਰੋਮਣੀ ਕਮੇਟੀ ਨੇ ਸਾਂਭ-ਸੰਭਾਲ ਕੀਤੀ। ਉਨ੍ਹਾਂ ਨੂੰ ਮਕਾਨ ਤੇ ਦੁਕਾਨਾਂ ਆਦਿ ਬਣਾ ਕੇ ਦਿੱਤੇ। ਜਿਨ੍ਹਾਂ ਕੋਲ ਗੁਜ਼ਾਰੇ ਯੋਗ ਕੋਈ ਚੀਜ਼ ਨਹੀਂ ਸੀ, ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਰਾਸ਼ਨ ਅਤੇ ਕੱਪੜੇ ਆਦਿ ਦਿੱਤੇ ਗਏ। ਪਰ ਉਸ ਸਮੇਂ ਸ਼੍ਰੋਮਣੀ ਕਮੇਟੀ ਦੀ ਹਾਲਤ ਵੀ ਬਹੁਤੀ ਠੀਕ ਨਹੀਂ ਸੀ, ਜਿਸ ਕਾਰਨ ਪੰਜ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਕਮੇਟੀ ਦੀ ਮਦਦ ਲਈ ਸਾਂਝੀ ਅਪੀਲ ਕਰਨੀ ਪਈ। ਸਿੰਘ ਸਾਹਿਬਾਨ ਦੀ ਅਪੀਲ ਅਖਬਾਰਾਂ ਵਿਚ ਛਾਪੀ ਗਈ। ਅਪੀਲ ਵਿਚ ਮਾਇਆ, ਕੱਪੜੇ ਅਤੇ ਰਾਸ਼ਨ ਆਦਿ ਸ਼੍ਰੋਮਣੀ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਭੇਜਣ ਲਈ ਲਿਖਿਆ ਸੀ। ਇਸ ਅਪੀਲ ਨੂੰ ਲੋਕਾਂ ਨੇ ਬੜੀ ਗੰਭੀਰਤਾ ਨਾਲ ਲਿਆ ਤਾਂ ਜੋ ਪੀੜਤ ਪਰਵਾਰਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇ ਕੇ ਪੈਰਾਂ ‘ਪੁਰ ਖੜ੍ਹਾ ਕੀਤਾ ਜਾ ਸਕਦਾ।

ਜਥੇ. ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ 27 ਅਪ੍ਰੈਲ 1985 ਈ. ਨੂੰ ਜਦੋਂ ਰਿਹਾਅ ਹੋ ਕੇ ਆਏ ਤਾਂ ਆਪ ਜੀ ਦਿੱਲੀ ਕਤਲੇਆਮ ਵਿਚ ਮਾਰੇ ਗਏ ਅਤੇ ਲੁੱਟੇ ਗਏ ਪਰਵਾਰਾਂ ਕੋਲ ਦੁੱਖ ਸਾਂਝਾ ਕਰਨ ਲਈ ਗਏ ਸਨ। ਉਸ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਛਪੀ ‘ਸਿੱਖਾਂ ਦਾ ਕਤਲੇਆਮ’ ਪੁਸਤਕ ਵਿੱਚੋਂ 1 ਨਵੰਬਰ 1984 ਤੋਂ 3 ਨਵੰਬਰ 1984 ਈ. ਤਕ ਹੋਏ ਦੰਗਿਆਂ ਸੰਬੰਧੀ ਰਿਪੋਰਟ ਅਨੁਸਾਰ: ਤ੍ਰਿਲੋਕਪੁਰੀ ਕਾਲੋਨੀ ਇਕ ਵਾਰ ਫਿਰ ਉਦੋਂ ਰੋ ਪਈ ਜਦੋਂ ਲੌਂਗੋਵਾਲ ਜੀ ਦਿੱਲੀ ਦੇ ਦੌਰੇ ਦਰਮਿਆਨ ਇਸ ਕਾਲੋਨੀ ਵਿਚ ਆਏ। ਸਾਰੀਆਂ ਕਾਲੋਨੀਆਂ ਨਾਲੋਂ ਜ਼ਿਆਦਾ ਕਤਲੇਆਮ ਇਥੇ ਹੀ ਹੋਇਆ ਸੀ।

ਸਾਰੇ ਦ੍ਰਿਸ਼ ਇਨਸਾਨ ਨੂੰ ਰੁਆ ਦੇਣ ਵਾਲੇ ਸਨ। ਵਿਧਵਾ ਸਿੱਖ ਬੀਬੀਆਂ ਨੇ ਸੰਤ ਜੀ ਨੂੰ ਉਥੋਂ ਦੀਆਂ ਹੋਈਆਂ ਭਿਆਨਕ ਵਾਰਦਾਤਾਂ ਬਾਰੇ ਦੱਸਿਆ। ਇਹ ਭਿਆਨਕ ਵਾਰਦਾਤਾਂ ਲਗਾਤਾਰ ਤਿੰਨ ਦਿਨ ਅਤੇ ਤਿੰਨ ਰਾਤਾਂ ਚਲਦੀਆਂ ਰਹੀਆਂ। ਜਿਹੜੀ ਕਾਲੋਨੀ ਦਿੱਲੀ ਦੇ ਪੂਰਬੀ ਹਿੱਸੇ ਵਿਚ ਹੈ ਇਸ ਕਾਲੋਨੀ ਨੂੰ ਉਨ੍ਹਾਂ ਦਿਨਾਂ ਵਿਚ ਦਿੱਲੀ ਨਾਲੋਂ ਕੱਟ ਕੇ ਵੱਖਰਾ ਹੀ ਸੁੱਟ ਦਿੱਤਾ ਗਿਆ ਸੀ ਅਤੇ ਇਹ ਕਾਲੋਨੀ ਚੁੱਪ-ਚਾਪ ਹੋ ਰਹੀਆਂ ਘਟਨਾਵਾਂ ਨੂੰ ਵੇਖਦੀ ਰਹੀ। ਅੱਜ ਇਸ ਕਾਲੋਨੀ ਦੀ ਹਾਲਤ ਭਿਆਨਕ ਘਟਨਾਵਾਂ ਦੀ ਚਸ਼ਮਦੀਦ ਗਵਾਹ ਹੋਣ ਦੀ ਗਵਾਹੀ ਭਰ ਰਹੀ ਹੈ।

ਤ੍ਰਿਲੋਕਪੁਰੀ ਦੇ ਬਲਾਕ 32 ਦੀ ਹਾਲਤ ਇਸ ਤਰ੍ਹਾਂ ਦੀ ਸੀ ਜਿਵੇਂ ਕਿਸੇ ਹਤਿਆਰੇ ਨੇ ਹੱਤਿਆ ਕਰਨ ਤੋਂ ਬਾਅਦ ਵੀ ਲਾਸ਼ ਦਾ ਲੂੰ-ਲੂੰ ਜਲਾ ਦਿੱਤਾ ਹੋਵੇ। ਮਾਨੋ ਸ਼ੁਰੂ ਤੋਂ ਆਖਰੀ ਤਕ ਸੜਿਆਂ ਮਕਾਨਾਂ ਦੀਆਂ ਕਤਾਰਾਂ ਆਪਣੇ ਨਾਲ ਹੋਈ ਜ਼ਿਆਦਤੀ ਦੀਆਂ ਕਹਾਣੀਆਂ ਬਿਆਨ ਕਰ ਰਹੀਆਂ ਹੋਣ। ਦੱਸੀ ਜਾ ਰਹੀ ਇਸ ਕਹਾਣੀ ਦੀਆਂ ਤਿੱਖੀਆਂ ਚੀਕਾਂ ਕਿਸੇ ਨੂੰ ਇਥੇ ਵਾਪਸ ਆਉਣ ਤੋਂ ਮਨ੍ਹਾਂ ਕਰ ਰਹੀਆਂ ਸਨ। ਹੁਣ ਤਕ ਕੋਈ ਵੀ ਆਦਮੀ ਇਸ ਕਾਲੋਨੀ ਵਿਚ ਵਾਪਸ ਨਹੀਂ ਸੀ ਪਰਤਿਆ। ਕਾਲੋਨੀ ਦੀਆਂ ਵਿਧਵਾ ਹੋਈਆਂ ਬੀਬੀਆਂ ਨੂੰ ਸਰਕਾਰ ਵੱਲੋਂ ਡੀ. ਡੀ. ਏ. ਕਾਲੋਨੀ ਵਿਚ ਕਾਲ ਕੋਠੜੀ ਵਰਗੇ ਨਾ-ਮਾਤਰ ਮਕਾਨ ਦਿੱਤੇ ਗਏ। ਬਾਕੀ 113 ਪਰਵਾਰ ਇਥੋਂ 8 ਕਿਲੋਮੀਟਰ ਦੂਰ ਪੁਲਿਸ ਦੇ ਕੁਆਰਟਰਾਂ ਵਿਚ ਰਹਿ ਰਹੇ ਸਨ। ਇਹ ਪਰਵਾਰ ਪਿਛਲੇ ਛੇ ਮਹੀਨੇ ’ਚ ਕੈਂਪਾਂ ਵਿਚ ਸ਼ਰਨਾਰਥੀਆਂ ਦੀ ਤਰ੍ਹਾਂ ਰਹਿ ਰਹੇ ਸਨ।

ਤ੍ਰਿਲੋਕਪੁਰੀ ਦੇ ਬਲਾਕ 32 ਵਿਚ ਜਿਵੇਂ ਜ਼ਿੰਦਗੀ ਦੇ ਚਾਨਣ ਦੀ ਕਿਰਨ ਪ੍ਰਗਟ ਹੋਈ ਸੀ ਜਦੋਂ ਅਛੋਪਲੇ ਜਿਹੇ ਸਿੱਖ ਕੌਮ ਦੇ ਆਗੂ ਹਰਚੰਦ ਸਿੰਘ ਜੀ ਲੌਗੋਂਵਾਲ ਆਪਣੇ ਸਾਥੀਆਂ ਸਮੇਤ ਕਾਰਾਂ ਦੇ ਇਕ ਲੰਮੇ ਕਾਫਲੇ ਰਾਹੀਂ ਇਸ ਬਲਾਕ ਵਿਚ ਪ੍ਰਵੇਸ਼ ਹੋਏ। ਅਸਲ ਵਿਚ ਨਵੰਬਰ ਦੇ ਉਨ੍ਹਾਂ ਹਨੇਰਿਆਂ ਦਿਨਾਂ ਤੋਂ ਬਾਅਦ ਕੋਈ ਆਗੂ ਜਾਂ ਪਾਰਟੀ ਲੀਡਰ ਇਸ ਕਾਲੋਨੀ ਵਿਚ ਖ਼ਬਰਸਾਰ ਲੈਣ ਨਹੀਂ ਆਇਆ ਸੀ। ਇਨ੍ਹਾਂ ਦਿਨਾਂ ਵਿਚ ਉਸ ਕਾਲੋਨੀ ਦੇ ਬਲਾਕ ਬਾਰੇ ਕਿਹਾ ਜਾਂਦਾ ਹੈ ਕਿ ਉਥੇ ਬੇਵੱਸ ਮਜਬੂਰ ਇਨਸਾਨਾਂ ਅਤੇ ਬੀਬੀਆਂ ਦੇ ਵੈਣ ਤੇ ਚੀਕਾਂ ਸੁਣਨ ਨੂੰ ਮਿਲਦੀਆਂ ਸਨ ਭਾਵੇਂ ਕਿ ਸਰਕਾਰੀ ਅਫਸਰ ਇਸ ਗੱਲ ਨੂੰ ਇਕ ਵਹਿਮ-ਭਰਮ ਤੋਂ ਸਿਵਾਏ ਕੁਝ ਨਹੀਂ ਮੰਨਦੇ। ਹੁਣ ਜਦੋਂ ਸੰਤ ਲੌਂਗੋਵਾਲ ਜੀ ਇਥੇ ਆਏ ਤਾਂ ਉਨ੍ਹਾਂ ਇਸ ਕਾਲੋਨੀ ਦੀ ਹਾਲਤ ਨੂੰ ਬੜੇ ਗਹੁ ਨਾਲ ਵੇਖਿਆ। ਜਿਥੇ ਕਦੇ ਹਜ਼ਾਰਾਂ ਜ਼ਿੰਦਗੀਆਂ ਤੁਰਦੀਆਂ-ਫਿਰਦੀਆਂ ਨਜ਼ਰ ਆਉਂਦੀਆਂ ਸਨ ਅੱਜ ਉਥੇ ਹੀ ਸਿੱਖਾਂ ਦੀਆਂ ਪਗੜੀਆਂ ਦੇ ਅੱਧ-ਜਲੇ ਤੇ ਖ਼ੂਨ-ਸੰਨੇ ਟੁਕੜੇ, ਘਰੇਲੂ ਸਾਮਾਨ ਦੇ ਸੜੇ-ਫੂਕੇ ਨਿਸ਼ਾਨ ਦਿਖਾਈ ਦੇ ਰਹੇ ਸਨ। ਹਰੇਕ ਜਗ੍ਹਾ ’ਤੇ ਪਏ ਖ਼ੂਨ ਦੇ ਧੱਬੇ ਤਾਂ ਕਾਲੋਨੀ ਦੀ ਖ਼ੂਨੀ ਦਾਸਤਾਂ ਸੁਣਾ ਰਹੇ ਸਨ ਭਾਵੇਂ ਕਿ ਹੁਣ ਇਹ ਧੱਬੇ ਸਮੇਂ ਦੀ ਰਫਤਾਰ ਨਾਲ ਕਾਲੇ-ਭੂਰੇ ਹੋ ਚੁਕੇ ਸਨ।

ਅਣਗਿਣਤ ਵਿਧਵਾ ਬੀਬੀਆਂ ਜੋ ਅਜੇ ਤਕ ਦੁੱਖ ਦੇ ਹਨੇਰਿਆਂ ਵਿੱਚੋਂ ਬਾਹਰ ਨਹੀਂ ਨਿਕਲੀਆਂ, ਲੌਂਗੋਵਾਲ ਜੀ ਨੂੰ ਆਪਣੀ ਭਿਆਨਕ ਆਪ-ਬੀਤੀ ਦੱਸ ਰਹੀਆਂ ਸਨ ਕਿ ਕਿਵੇਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਸਭ ਕੁਝ ਗਵਾਉਣਾ ਪਿਆ, ਉਸ ਕਸੂਰ ਵਾਸਤੇ ਜਿਸ ਦਾ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ।

ਲੌਂਗੋਵਾਲ ਜੀ ਦੇ ਆਉਣ ’ਤੇ ਇਕ ਗਰਭਵਤੀ ਬੀਬੀ, ਜਿਸ ਦੀ ਗੋਦ ਵਿਚ ਵੀ ਇਕ ਛੋਟਾ ਜਿਹਾ ਬੱਚਾ ਸੀ ਇਸ ਕਾਲੋਨੀ ਵਿਚ 6 ਮਹੀਨੇ ਬਾਅਦ ਆਈ। ਉਹ ਇਥੇ ਆਪਣੇ ਘਰ ਦੇ ਖੰਡਰ ਨੂੰ ਅਤੇ ਘਰੇਲੂ ਚੀਜ਼ਾਂ ਤੇ ਸੜੇ-ਫੂਕੇ ਸਾਮਾਨ ਨੂੰ ਬੜੀਆਂ ਖਲਾਅ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਉਸ ਬੀਬੀ ਨੇ ਦੱਸਿਆ ਕਿ ਉਹ ਖਾਲਿਸਤਾਨ ਬਾਰੇ ਕੁਝ ਨਹੀਂ ਜਾਣਦੀ ਕਿ ਉਹ ਕੀ ਬਲਾਅ ਹੈ? ਪਰ ਫਸਾਦੀਆਂ ਨੇ ਉਸ ਦੇ ਪਤੀ ਅਤੇ ਦਿਉਰ ਨੂੰ ਇਸ ਕਰ ਕੇ ਮਾਰ ਦਿੱਤਾ ਕਿਉਂਕਿ ਉਹ ਸਿਰਫ ਸਿੱਖ ਸਨ। ਸ਼ਾਇਦ ਖਾਲਿਸਤਾਨ ਦੀ ਮੰਗ ਕਰਦੇ ਹਨ। ਕਤਲ ਹੋਣ ਤੋਂ ਸਿਰਫ ਦੋ ਘੰਟੇ ਪਹਿਲਾਂ ਹੀ ਉਸ ਦਾ ਪਤੀ ਤੇ ਦਿਉਰ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਘਰ ਵਾਪਸ ਆਏ ਸਨ। ਉਹ ਦੋਵੇਂ ਨਾਲ ਲੱਗਦੀਆਂ ਕਾਲੋਨੀਆਂ ਵਿਚ ਫੋਲਡਿੰਗ ਮੰਜੇ (ਬੈੱਡ) ਬਣਾਉਣ ਦਾ ਮਾਮੂਲੀ ਜਿਹਾ ਕੰਮ ਕਰਦੇ ਸਨ।

ਇਸ ਤੋਂ ਬਾਅਦ ਲੌਂਗੋਵਾਲ ਜੀ ਫਰਾਸ਼ ਬਜ਼ਾਰ ਦੇ ਕੁਆਰਟਰਾਂ ਵਿਚ ਰਹਿ ਰਹੇ ਸ਼ਰਨਾਰਥੀ ਸਿੱਖਾਂ ਨੂੰ ਮਿਲੇ ਤੇ ਫੇਰ ਸਭ ਤੋਂ ਵੱਡੇ ਕੈਂਪ ਕੂਰਪੁਰ ਦੇ ਕੈਂਪ ਵਿਚ ਗਏ। ਇਥੇ ਇਕ ਵੀ ਪਰਵਾਰ ਅਜਿਹਾ ਨਹੀਂ ਸੀ ਜਿਸ ਦਾ ਘਰ ਦੇ ਜੀਆਂ ਵਿੱਚੋਂ ਕੋਈ ਨਾ ਕੋਈ ਕਤਲ ਨਾ ਕੀਤਾ ਗਿਆ ਹੋਵੇ।

ਫਰਾਸ਼ ਬਜ਼ਾਰ ਦੇ ਸ਼ਰਨਾਰਥੀਆਂ ਨੂੰ ਲੌਂਗੋਵਾਲ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡਾ ਅਸਲੀ ਘਰ ਪੰਜਾਬ ਹੈ ਤੇ ਤੁਹਾਡਾ ਉਥੇ ਆਉਣ ’ਤੇ ਸਵਾਗਤ ਕੀਤਾ ਜਾਵੇਗਾ। ਉਥੇ ਬੈਠੇ ਸਿੱਖ ਸ਼ਰਨਾਰਥੀਆਂ ਨੇ ਸੰਤ ਜੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਇਹ ਘਰ-ਬਾਰ ਦਾ ਮਸਲਾ ਸੰਬੰਧਿਤ ਵੱਡੇ ਅਧਿਕਾਰੀਆਂ ਕੋਲ ਲਿਜਾਇਆ ਜਾਵੇ ਅਤੇ ਉਨ੍ਹਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਤ੍ਰਿਲੋਕਪੁਰੀ ਤੋਂ ਬਿਨਾਂ ਹੋਰ ਕਿਸੇ ਕਾਲੋਨੀ ਵਿਚ ਕੀਤਾ ਜਾਵੇ। ਫਰਾਸ਼ ਬਜ਼ਾਰ ਦੀਆਂ ਸ਼ਰਨਾਰਥੀ ਬੀਬੀਆਂ ਉਨ੍ਹਾਂ ਘਰਾਂ ਵਿਚ ਕਿਵੇਂ ਰਹਿ ਸਕਦੀਆਂ ਸਨ ਜਿਥੇ ਉਨ੍ਹਾਂ ਦੇ ਪਤੀ ਤੇ ਪੁੱਤਰਾਂ ਨੂੰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੋਵੇ?

ਇਕ ਮੁਖੀ ਮੱਖਣ ਸਿੰਘ ਨੇ ਹੋਰ ਕਿਹਾ ਕਿ ਉਨ੍ਹਾਂ ਸਾਰੇ ਸਿੱਖਾਂ ਨੂੰ ਇਸ ਯੋਗ ਬਣਾਉਣਾ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਦਗੀ ਇੱਜ਼ਤ ਨਾਲ ਬਸਰ ਕਰਨ। ਉਹ ਸਰਕਾਰ ਦੇ ਦਾਨ ਦਿੱਤੇ ਕੋਠੜੀਆਂ ਵਰਗੇ ਮਕਾਨਾਂ ਵਿਚ ਕਰਜ਼ੇ ਦੇ ਭਾਰ ਥੱਲੇ ਦੱਬ ਕੇ ਨਹੀਂ ਰਹਿਣਾ ਚਾਹੁੰਦੇ। ਉਨ੍ਹਾਂ ਦੱਸਿਆ ਕਿ ਹਰੇਕ ਸਿੱਖ ਦੀ ਜ਼ਿੰਦਗੀ ਆਪਣੀ ਮਾਨ- ਇੱਜ਼ਤ ਤੇ ਸ਼ਾਨ ਨਾਲ ਜੀਣ ਵਾਲੀ ਹੁੰਦੀ ਹੈ। ਅਸੀਂ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਇਸੇ ਹੀ ਤਰੀਕੇ ਨਾਲ ਸ਼ੁਰੂ ਕਰਨਾ ਚਾਹੁੰਦੇ ਹਾਂ। ਆਖਰ ਅਸੀਂ ਕਦੋਂ ਤਕ ਆਪਣੇ ਦੁਖੀ ਹਿਰਦਿਆਂ ਦੀ ਵੇਦਨਾ ਨੂੰ ਦੱਬ ਸਕਦੇ ਹਾਂ? ਜਿਨ੍ਹਾਂ ਪਰਵਾਰਾਂ ਦੇ ਜੀਅ ਇਸ ਕਤਲੇਆਮ ਦਾ ਸ਼ਿਕਾਰ ਹੋਏ ਹਨ, ਉਹ ਕਦੋਂ ਤਕ ਘੁੱਟ-ਘੁੱਟ ਕੇ ਜੀਅ ਸਕਦੇ ਹਨ?

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਹਜ਼ੂਰੀ ਰਾਗੀ -ਵਿਖੇ: ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ

#260, ਗਲੀ ਨੰ: 5, ਸ਼ਹੀਦ ਊਧਮ ਸਿੰਘ ਨਗਰ, ਅੰਮ੍ਰਿਤਸਰ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)