ਸਨਮੁਖ ਸੰਗਤ ਦੇ ਖਲੋ, ਵਿਖ਼ਾਉਣ ਖ਼ਾਲਸਈ ਜਲੌ।
ਵਿੱਚੋਂ ਕੁਦਰਤ ਦੇ ਵੇਸ, ਫੁੱਟਣ ਦਾਹੜੀ ਮੁੱਛਾਂ ਕੇਸ।
ਕੁਦਰਤ ਕੂਵਤ ’ਚੋਂ ਨਰ, ਦਾਹੜੀ ਮੁੱਛ ਬੀਜ ਵਰ।
ਰੂਪ ਚੜ੍ਹੇ ਰੋਹਬ ਧਾਰ, ਦਗੇ ਨਰਸਿੰਘ ਅਵਤਾਰ।
ਤੈਨੂੰ ਤੱਕ ਨਾ ਕੋਈ ਪਾਏ, ਵੇਖ ਰੋਹਬ ਕੰਬ ਜਾਏ।
ਦਾਹੜੇ ਮੁੱਛਾਂ ਦਾ ਜੋ ਰੋਹਬ, ਵਿੰਨ੍ਹੇ ਤੇਜ਼ ਅੱਖ ਚੋਭ।
ਸਿਰੀਂ ਕੇਸ ਪੱਗ ਟਿਕਾਅ, ਬੰਦਾ ਉੱਚਾ ਹੋਰ ਉਚਾਅ।
ਦਗ਼ੇ ਵੱਖਰੀ ਪਛਾਣ, ਵੇਖ ਖ਼ਾਲਸਈ ਨਿਸ਼ਾਨ।
ਹੋਂਦ ਖ਼ਾਲਸਾ ਸਰੂਪ, ਚੜ੍ਹ ਕਰਾਰਾ ਦਗੇ ਰੂਪ।
ਦਸਤਾਰ ਕੇਸਰੀ ਰੋਹਾਬ, ਨਾ ਜਾਏ ਝੱਲਿਆ ਸ਼ਬਾਬ।
ਦਾਹੜੇ ਖੁੱਲ੍ਹੇ ਦੀ ਨੁਹਾਰ, ਲੱਗੇਂ ਸ਼ੇਰ ਰੋਹਬਦਾਰ।
ਚੌੜੇ ਮੁਖੜੇ ’ਚੋਂ ਆਪ, ਦਗੇ ਖ਼ਾਲਸਈ ਪ੍ਰਤਾਪ।
ਦਸਤਾਰ ਖ਼ਾਲਸਈ ਤਾਜ, ਨਿਸ਼ਾਨ-ਏ-ਸਿੱਖ ਕੌਮ ਰਾਜ਼।
ਤੇਰੀ ਅੱਖ ਵਿਚ ਸ਼ੇਰ, ਜੋ ਵੇਖੇ, ਲਵੇ ਅੱਖ ਫੇਰ।
ਤੇਰੇ ਮੱਥੇ ਦੀ ਲੱਲਾਟ, ਅਣਖ ਉਭਰਦੀ ਤਰਾਟ।
ਤੇਰਾ ਰੋਹਬ ਆਫਤਾਬ, ਪਵੇ ਡੁੱਲ੍ਹ ਡੁੱਲ੍ਹ ਸ਼ਬਾਬ।
ਕੇਸ ਰੱਬੀ ਨੂਰ ਰੂਪ, ਮਿਲ ਸਾਜਿਆ ਸਰੂਪ।
ਤੇਰਾ ਰੂਪਾਂ ਵਿੱਚੋਂ ਰੂਪ, ਤੂੰ ਏਂ ਭੂਪਾਂ ਵਿੱਚੋਂ ਭੂਪ।
ਕੁਲਬੀਰਾਂ ’ਚੋਂ ਤੂੰ ਵੀਰ, ਤੂੰ ਏਂ ਮਾਲਕ ਤਕਦੀਰ।
ਤੇਰਾ ਵੱਖਰਾ ਸੁਭਾਓ, ਤੂੰ ਏਂ ਮਾਨਸ ਜਲੌ।
ਤੇਰੇ ਹੱਥਾਂ ਵਿਚ ਜ਼ੋਰ, ਤੇਰੇ ਖ਼ੂਨ ਵਿਚ ਸ਼ੋਰ।
ਇਸਪਾਤੀਂ ਜੜੇ ਹੋਣ ਜੋੜ, ਦੇਵੇਂ ਹੱਥਾਂ ’ਚ ਮਰੋੜ।
ਹੱਥਾਂ ਉਂਗਲਾਂ ਦਾ ਪੰਜਾ, ਡਾਹਢਾ ਕਰੜਾ ਸ਼ਿਕੰਜਾ।
ਮਾਰੇਂ ਘੁੱਟ ਕੇ ਪਕੜ, ਜੀਹਦੀ ਖੁਲ੍ਹੇ ਨਾ ਜਕੜ।
ਭਾਵੇਂ ਹੋਵੇ ਸਵਾ ਲੱਖ, ਇਕੱਲਾ ਡਟੇਂ ਪ੍ਰਤੱਖ।
ਭਾਵੇਂ ਹੋਣ ਦਸ ਕਰੋੜ, ਡਰਨ ਅੱਗੇ ਤੇਰੇ ਜ਼ੋਰ।
ਲੱਗੇਂ ਦੁਨੀਆਂ ਤੋਂ ਹੋਰ, ਜ਼ੁਲਮ ਨੱਸੇ ਦਮ ਤੋੜ।
ਤੂੰ ਏਂ ਵੱਖਰਾ ਨਿਰਾਲਾ, ਤੇਰੀ ਹੋਂਦ ਡਾਹਢੀ, ਆਹਲਾ।
ਤੇਰੀ ਬਣਤਰ ਏ-ਖ਼ੁਦਾਈ, ਮਨ ਸੰਤ, ਦਿਲ ਸਿਪਾਹੀ।
ਤੇਰੇ ਝੂਲਦੇ ਨਿਸ਼ਾਨ, ਛੱਤਾਂ ਛੂਹਣ ਅਸਮਾਨ।
ਜਾਤ, ਕੁਲ, ਵਰਨ, ਭੇਦ, ਹੋਏ ਅੱਜ ਤੋਂ ਅਭੇਦ।
ਸਥਾਨ, ਕਿਰਤ, ਕਿਸਬ ਨਾਸ਼, ਗੋਤ, ਕੌਮ, ਅਹੁਦੇ ਫਾਸ।
ਖ਼ਾਲਸਈ ਪਹਿਚਾਨ, ਟੇਕ ਸੰਗਤ, ਸ਼ਬਦ ਗਿਆਨ।
ਇਸ਼ਟ ਸਿਰਫ਼ ਅਕਾਲ ਪੁਰਖ, ਰਹਿਤ ਸਾਬਤੀ ਸੁ-ਰੱਖ।
ਕੇਸ, ਕੜਾ, ਕ੍ਰਿਪਾਨ, ਕੰਘਾ, ਕੱਛ ਪੰਜ ਨਿਸ਼ਾਨ।
ਕਰਨੀ ਦੱਸੀ ਨਵੀਂ ਕਾਰ, ਰੱਖ ਉੱਦਮ, ਮਨ ਵਿਚਾਰ।
ਧਰਮ-ਨਿਆਂ ਕਰਨ ਬਹਾਲ, ਮੈਂ ਦਿੱਤਾ, ਖਾਸ ਰੂਪ ਭਾਲ।
ਰਹੇ ਕੂਵਤ ਖ਼ਾਲਸਈ ਮਜ਼ਬੂਤ, ਵਿਚ ਸਾਬਤੀ ਸਬੂਤ।
ਦੇਗ ਤੇਗ਼ ਹੋ ਚੜ੍ਹੇ, ਹਰ ਮੈਦਾਨ ਮੇਂ ਫ਼ਤਹਿ।
ਦਸਤਾਰ ਖ਼ਾਲਸਈ ਤਾਜ, ਨਿਸ਼ਾਨ-ਏ-ਸਿੱਖ ਕੌਮ ਰਾਜ਼।
ਲੇਖਕ ਬਾਰੇ
14-ਸੀ, ਰੇਸ ਕੋਰਸ ਰੋਡ, ਅੰਮ੍ਰਿਤਸਰ
- ਹੋਰ ਲੇਖ ਉਪਲੱਭਧ ਨਹੀਂ ਹਨ