ਸੰਸਾਰ ਦੇ ਅਨੇਕਾਂ ਧਰਮਾਂ ਦੇ ਪ੍ਰਗਟ ਹੋਣ ਦੇ ਮੂਲ ਵਿਚ ਅਧਿਆਤਮਿਕ ਚੇਤਨਾ ਦੇ ਵਿਕਾਸ ਦੀ ਕਹਾਣੀ ਲੁਕੀ ਹੁੰਦੀ ਹੈ। ਅਧਿਆਤਮਿਕ ਚੇਤਨਾ ਦੇ ਰਹੱਸਾਂ ਅਤੇ ਰਮਜ਼ਾਂ ਨੂੰ ਸਮਝਣਾ ਹੀ ਵੱਖਰੇ-ਵੱਖਰੇ ਧਰਮਾਂ ਦਾ ਕਾਰਜ ਖੇਤਰ ਹੈ। ਲਗਭਗ ਸਾਰੇ ਧਰਮ ਇਕ ਅਜਿਹੀ ਸ਼ਕਤੀ ਵਿਚ ਵਿਸ਼ਵਾਸ ਰੱਖਦੇ ਹਨ, ਜਿਸ ਦਾ ਨਾਂ ਚਾਹੇ ਕੁਝ ਵੀ ਹੋਵੇ, ਉਹ ਸ਼ਕਤੀ ਮਨੁੱਖ ਤੋਂ ਨਿਸ਼ਚਿਤ ਰੂਪ ਵਿਚ ਸ੍ਰੇਸ਼ਟ ਹੀ ਮੰਨੀ ਜਾਂਦੀ ਹੈ। ਉਸ ਸ਼ਕਤੀ ਦੇ ਰਹੱਸ ਨੂੰ ਸਮਝਣਾ ਮਨੁੱਖ ਲਈ ਹਮੇਸ਼ਾਂ ਹੀ ਇਕ ਚੁਣੌਤੀ ਰਹੀ ਹੈ। ਉਸ ਪਰਮਾਤਮ-ਸ਼ਕਤੀ ਨੂੰ ਅਨੇਕਾਂ ਵਾਦਾਂ, ਸਿਧਾਂਤਾਂ ਅਤੇ ਮਾਨਸਿਕ ਪੱਧਰਾਂ ’ਤੇ ਵੱਖਰੇ-ਵੱਖਰੇ ਤਰਕਾਂ ਅਤੇ ਪਰਮਾਣਾਂ ਦੇ ਆਧਾਰ ਨਾਲ ਸਮਝਣ ਦਾ ਯਤਨ ਨਿਰੰਤਰ ਕੀਤਾ ਜਾਂਦਾ ਰਿਹਾ ਹੈ। ਉਸ ਸ਼ਕਤੀ ਰੂਪੀ ਅਨੰਤ ਸੱਤਾ ਨੂੰ ਸਿੱਧ ਕਰਨ ਲਈ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਕਿਸੇ ਤਰਕ-ਵਿਤਰਕ ਦਾ ਆਸਰਾ ਨਹੀਂ ਲੈਂਦੇ। ਉਹ ਪਰਮਾਤਮਾ ਨੂੰ ਚਿੰਰਤਨ ਮੰਨਦੇ ਹੋਏ, ਉਸ ਦੀ ਹੋਂਦ ਨੂੰ ਸਦਾ ਹੀ ਅਨੁਭਵ ਕਰਦੇ ਰਹੇ ਹਨ:
ਕਿ ਜ਼ਾਹਰ ਜ਼ਹੂਰ ਹੈਂ॥
ਕਿ ਹਾਜ਼ਰ ਹਜ਼ੂਰ ਹੈਂ॥ (ਜਾਪੁ ਸਾਹਿਬ)
ਜਹ ਜਹ ਦੇਖਾ ਤਹ ਤਹ ਸੋਈ॥ (ਪੰਨਾ 1343)
ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ॥
ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ॥ (ਪੰਨਾ 397)
‘ਮੁੰਡਕ’ ਉਪਨਿਸ਼ਦ ਵਿਚ ਇਹ ਸਪੱਸ਼ਟ ਕਿਹਾ ਗਿਆ ਹੈ ਕਿ ਰਿਗਵੇਦ, ਯਜੁਰਵੇਦ, ਸਾਮਵੇਦ, ਅਥਰਵਵੇਦ, ਉਚਾਰਣ ਵਿਗਿਆਨ, ਵਿਆਕਰਣ, ਵਿਉਤਪਤੀ ਅਤੇ ਛੰਦ-ਸ਼ਾਸਤਰ ਅਤੇ ਜੋਤਿਸ਼ ਆਦਿ ਵਿਚਲਾ ਗਿਆਨ ਅਪਰਾ ਵਿਦਿਆ (ਹੇਠਲੇ ਦਰਜੇ ਦੀ ਵਿਦਿਆ) ਹੈ ਅਤੇ ਇਸ ਵਿਦਿਆ ਰਾਹੀਂ ਕੇਵਲ ਸੰਸਾਰਿਕ ਬੌਧਿਕਤਾ ਹੀ ਪ੍ਰਾਪਤ ਹੁੰਦੀ ਹੈ। ਉੱਚ ਗਿਆਨ (ਪਰਾ ਵਿਦਿਆ) ਦੇ ਰਾਹੀਂ ਉਸ ਸਦਾ ਸਲਾਮਤ (ਪਰਮਾਤਮਾ) ਦੀ ਅਨੁਭੂਤੀ ਹੁੰਦੀ ਹੈ। ‘ਗੀਤਾ’ ਵਿਚ ਇਸੇ ਉੱਚ ਗਿਆਨ ਨੂੰ ਦਿੱਬ ਨੇਤ੍ਰਾਂ ਦੀ ਸੰਗਿਆ ਦਿੱਤੀ ਗਈ ਹੈ, ਜਿਥੇ ਕ੍ਰਿਸ਼ਨ ਜੀ ਅਰਜੁਨ ਨੂੰ ਕਹਿੰਦੇ ਹਨ-ਹੇ ਅਰਜੁਨ! ਤੂੰ ਮੈਨੂੰ ਇਨ੍ਹਾਂ ਸੰਸਾਰੀ ਨੇਤ੍ਰਾਂ ਨਾਲ ਵਾਸਤਵਿਕ ਰੂਪ ਵਿਚ ਨਹੀਂ ਵੇਖ ਸਕਦਾ। ਤੂੰ ਮੈਨੂੰ ਵੇਖ ਸਕੇਂ ਇਸ ਲਈ ਮੈਂ ਤੈਨੂੰ ਦਿੱਬ ਨੇਤ੍ਰ (ਉੱਚ ਗਿਆਨ-ਪਰਾ ਵਿਦਿਆ) ਪ੍ਰਦਾਨ ਕਰਦਾ ਹਾਂ। ਪਰਮਾਤਮਾ ਦੀ ਗਤੀ ਅਤੇ ਉਸ ਦੀ ਸੀਮਾ ਨੂੰ ਪੂਰਨ ਰੂਪ ਵਿਚ ਸਮਝ ਸਕਣ ਅਤੇ ਉਸ ਦਾ ਵਰਣਨ ਕਰਨ ਦੀ ਵਿਅਕਤੀ ਦੀ ਅਸਮਰੱਥਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿਚ ਸਪੱਸ਼ਟ ਰੂਪ ਵਿਚ ਸਵੀਕਾਰ ਕਰਦੇ ਹਨ:
ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ॥ (ਪੰਨਾ 946)
ਭੌਤਿਕ ਅੱਖਾਂ ਰਾਹੀਂ ਇਕੱਠੇ ਕੀਤੇ ਹੋਏ ਗਿਆਨ ਦੁਆਰਾ ਆਤਮਾ ਦੀ ਪਿਆਸ ਨੂੰ ਬੁਝਾਉਣਾ ਸ੍ਰੀ ਗੁਰੂ ਅਰਜਨ ਦੇਵ ਜੀ ਅਸੰਭਵ ਮੰਨਦੇ ਹਨ। ਉਹ ਕਹਿੰਦੇ ਹਨ, “ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ॥ ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥ (ਪੰਨਾ 577) ਅਰਥਾਤ ਇਨ੍ਹਾਂ ਅੱਖਾਂ ਨਾਲ ਮੇਰੀ ਪਿਆਸ ਨਹੀਂ ਬੁਝਦੀ, ਉਹ ਅੱਖਾਂ ਦੂਜੀਆਂ ਹਨ ਜਿਨ੍ਹਾਂ ਰਾਹੀਂ ਪ੍ਰੀਤਮ ਨੂੰ ਦੇਖਿਆ ਜਾ ਸਕਦਾ ਹੈ। ਇਥੇ ਇਹ ਦੂਜੀਆਂ ਅੱਖਾਂ ਪਰਾ-ਵਿਦਿਆ ਜਾਂ ਉੱਚ ਗਿਆਨ ਦੀਆਂ ਪ੍ਰਤੀਕ ਹਨ, ਜਿਹੜੀਆਂ ਤਰਕ-ਵਿਤਰਕ ਦੇ ਮਾਰਗ ’ਤੇ ਨਾ ਲਿਜਾ ਕੇ ਜੀਵ ਨੂੰ ਅਨੁਭੂਤੀ ਦੇ ਮਾਰਗ ’ਤੇ ਲੈ ਜਾਂਦੀਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਨੂੰ ਕਈ ਰੂਪਾਂ ਅਤੇ ਨਾਵਾਂ ਦੇ ਨਾਲ ਯਾਦ ਕੀਤਾ ਗਿਆ ਹੈ। ਭਗਵੰਤ, ਗੁਸਾਈਂ, ਗੋਪਾਲ, ਨਰਾਇਣ ਆਦਿ ਨਾਮ ਜਿਥੇ ਪਰੰਪਰਿਕ ਰੂਪ ਵਿਚ ਉਸ ਪਰਮਸੱਤਾ ਦੇ ਵਾਚਕ ਨਾਮ ਚਲੇ ਆ ਰਹੇ ਹਨ, ਉਥੇ ਉਸ ਨੂੰ ਗਿਆਨ, ਸਤਿ, ਪ੍ਰੇਮ ਅਤੇ ਇਨ੍ਹਾਂ ਸਾਰਿਆਂ ਦੇ ਮੂਲ ਵਿਚ ਅਨਾਹਤ ਨਾਦ ਓਅੰਕਾਰ ਜਿਹੜਾ ਕਿ ਨਿੱਤ ਨਵਾਂ ਹੈ, ਪ੍ਰਣਵ ਹੈ, ਦੇ ਰੂਪ ਵਿਚ ਵੀ ਅਨੁਭਵ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਹੀ ਓਅੰਕਾਰ ਸ਼ਬਦ ਨਾਲ ਹੋਇਆ ਹੈ ਜਿਸ ਨੂੰ ਸਦੀਵੀ, ਨਿੱਤ ਅਤੇ ਇਕ ਰਸ ਮੰਨਿਆ ਗਿਆ ਹੈ। ਉਸ ਵਿਚ ਕੋਈ ਵਿਕਾਰ ਅਥਵਾ ਵਿਕਰਤੀ ਨਹੀਂ ਹੁੰਦੀ। ਇਸੇ ਲਈ ਉਸ ਨੂੰ ਇਕ ਅਤੇ ਕੇਵਲ ਇਕ ਹੀ ਮੰਨਿਆ ਗਿਆ ਹੈ। ਇੰਨਾ ਹੀ ਨਹੀਂ, ਗੁਰੂ ਨਾਨਕ ਸਾਹਿਬ ਨੇ ‘ਓਅੰਕਾਰੁ’ ਬਾਣੀ ਦਾ ਉਚਾਰਨ ਕਰਨ ਸਮੇਂ ਪਹਿਲੇ ਸੰਖਿਆਵਾਚਕ ‘ਇਕ’ ਲਾ ਦਿੱਤਾ ਹੈ ਤਾਂ ਕਿ ਉਸ ਦੇ ਅਦੁੱਤੀਪਨ ਦੇ ਸੰਬੰਧ ਵਿਚ ਕੋਈ ਵੀ ਭਰਮ ਨਾ ਰਹੇ। ਸ੍ਰੀ ਗੁਰੂ ਰਾਮਦਾਸ ਜੀ ਵੀ ਆਪਣੀ ਬਾਣੀ ਵਿਚ ਇਹ ਦੱਸਦੇ ਹਨ ਕਿ ਓਅੰਕਾਰ ਹੀ ਸਾਰੇ ਸਥਾਨਾਂ ਵਿਚ ਵਿਆਪਕ ਹੈ ਅਤੇ ਸਾਰੇ ਏਸੇ ਵਿਚ ਹੀ ਸਮਾਹਿਤ ਹੋ ਜਾਣਗੇ:
ਓਅੰਕਾਰਿ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ॥
ਏਕੋ ਰੂਪੁ ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ॥ (ਪੰਨਾ 1310)
ਸ੍ਰੀ ਗੁਰੂ ਨਾਨਕ ਦੇਵ ਜੀ ਦੀ ‘ਓਅੰਕਾਰੁ’ ਸਿਰਲੇਖ ਹੇਠਾਂ ਰਾਗ ‘ਰਾਮਕਲੀ ਦਖਣੀ’ ਵਿਚ 54 ਪਦਿਆਂ ਦੀ ਇਕ ਲੰਮੀ ਬਾਣੀ ਹੈ। ਇਸ ਬਾਣੀ ਦੇ ਆਰੰਭ ਵਿਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਸਵੀਕਾਰ ਕਰਦੇ ਹਨ ਕਿ ਓਅੰਕਾਰੁ ਹੀ ਸਾਰੇ ਵਿਸ਼ਵ ਦਾ ਮੂਲ ਹੈ। ਬ੍ਰਹਮਾ, ਚਿੱਤ, ਯੁਗ, ਪਰਬਤ, ਵੇਦ ਆਦਿ ਸਾਰੇ ਓਅੰਕਾਰੁ ਤੋਂ ਹੀ ਉਤਪੰਨ ਹੋਏ ਹਨ। ਇਤਨਾ ਹੀ ਨਹੀਂ ਹੈ ਕਿ ਕੇਵਲ ਭਗਤ-ਜਨ ਹੀ ਓਅੰਕਾਰੁ ਦਾ ਧਿਆਨ ਧਰ ਕੇ ਮੁਕਤ ਹੋ ਜਾਂਦੇ ਹਨ, ਸਗੋਂ ਤਿੰਨਾਂ ਲੋਕਾਂ ਦਾ ਸਾਰ ਵੀ ਓਅੰਕਾਰੁ ਹੀ ਹੈ:
ਓਅੰਕਾਰਿ ਬ੍ਰਹਮਾ ਉਤਪਤਿ॥
ਓਅੰਕਾਰੁ ਕੀਆ ਜਿਨਿ ਚਿਤਿ॥
ਓਅੰਕਾਰਿ ਸੈਲ ਜੁਗ ਭਏ॥
ਓਅੰਕਾਰਿ ਬੇਦ ਨਿਰਮਏ॥…
ਓਨਮ ਅਖਰ ਸੁਣਹੁ ਬੀਚਾਰੁ॥
ਓਨਮ ਅਖਰੁ ਤ੍ਰਿਭਵਣ ਸਾਰੁ॥ (ਪੰਨਾ 929-30)
ਇਸੇ ਓਅੰਕਾਰੁ ਨੂੰ ਪਾਤੰਜਲਿ ਯੋਗ ਸੂਤਰਾਂ ਵਿਚ ਪ੍ਰਣਵ ਦੇ ਨਾਮ ਨਾਲ ਜਾਣਿਆ ਗਿਆ ਹੈ ਅਤੇ ਇਸੇ ਨੂੰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਪੁ ਸਾਹਿਬ ਵਿਚ “ਓਅੰ ਆਦਿ ਰੂਪੇ॥ ਅਨਾਦਿ ਸਰੂਪੇ॥” ਕਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਓਅੰਕਾਰੁ ਬਾਣੀ ਦੇ ਆਰੰਭ ਵਿਚ ਹੀ ਪਾਂਡੇ ਨੂੰ ਸੰਬੋਧਨ ਕੀਤਾ ਹੈ, ਜਿਹੜਾ ਕਿ ਉਸ ਸਮੇਂ ਦੀ ਬੁੱਧੀਜੀਵੀ ਜਮਾਤ ਦਾ ਪ੍ਰਤੀਨਿਧੀ ਹੈ। ਇਨ੍ਹਾਂ ਬੁੱਧੀਜੀਵੀਆਂ ਨੇ ਹੀ ਓਅੰਕਾਰੁ ਦੇ ਅ, ੳ, ਮ ਰੂਪਾਂ ਨੂੰ ਆਧਾਰ ਬਣਾ ਕੇ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀ ਤ੍ਰਿਮੂਰਤੀ ਦੇ ਸੰਕਲਪ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਅਤੇ ਨਾਲ ਹੀ ਨਾਲ ਵੈਸ਼ਨਵ ਅਤੇ ਸ਼ੈਵ ਮਤਾਂ ਨੂੰ ਜਨਮ ਦਿੱਤਾ। ਭਾਰਤ ਦਾ ਮੱਧਯੁਗੀਨ ਭਾਰਤੀ ਇਤਿਹਾਸ ਇਹ ਦੱਸਦਾ ਹੈ ਕਿ ਸ਼ੈਵ ਅਤੇ ਵੈਸ਼ਨਵਾਂ ਨੇ ਆਪਣੇ-ਆਪਣੇ ਇਸ਼ਟ ਦੇਵਾਂ ਨੂੰ ਉੱਚਾ ਸਿੱਧ ਕਰਨ ਲਈ ਅਨੇਕਾਂ ਤਰ੍ਹਾਂ ਦੇ ਸੰਘਰਸ਼ ਕੀਤੇ ਅਤੇ ਫ਼ਲਸਰੂਪ ਵਾਦ-ਵਿਵਾਦ ਅਤੇ ਝਗੜੇ ਝੰਜਟਾਂ ਨੂੰ ਜਨਮ ਦਿੱਤਾ। ਪੰਡਿਤਾਂ ਦੀਆਂ ਅਜਿਹੀਆਂ ਪੈਦਾ ਕੀਤੀਆਂ ਹੋਈਆਂ ਰੂੜ੍ਹੀਵਾਦੀ ਸਮਾਜਿਕ ਅਤੇ ਧਾਰਮਿਕ ਜੀਵਨ-ਜੁਗਤਾਂ ਨੇ ਭਾਰਤਵਰਸ਼ ਨੂੰ ਕਈ ਸੰਪਰਦਾਵਾਂ, ਜਾਤੀਆਂ, ਉਪਜਾਤੀਆਂ ਵਿਚ ਵੰਡ ਦਿੱਤਾ। ਗੁਰੂ ਨਾਨਕ ਸਾਹਿਬ ਨੇ ਸੰਪੂਰਨ ਭਾਰਤ ਤੇ ਕਈ ਹੋਰ ਦੇਸ਼ਾਂ ਦਾ ਵੀ ਰਟਨ ਕਰ ਕੇ ਸਥਿਤੀ ਦੀ ਗੰਭੀਰਤਾ ਨੂੰ ਸਮਝਿਆ ਅਤੇ ਡੂੰਘੇ ਚਿੰਤਨ ਤੋਂ ਬਾਅਦ ਇਹ ਮਹਿਸੂਸ ਕੀਤਾ ਕਿ ਬਹੁਦੇਵਵਾਦ ਵਾਸਤਵ ਵਿਚ ਧਰਮ ਅਤੇ ਧਾਰਮਿਕ ਜੀਵਨ ਵਿਚ ਰੁਚੀ ਨੂੰ ਕਮਜ਼ੋਰ ਕਰਦਾ ਹੈ ਅਤੇ ਲੋਕਾਂ ਨੂੰ ਕੇਵਲ ਕਰਮਕਾਂਡਾਂ ਵਿਚ ਉਲਝਾ ਕੇ ਉਨ੍ਹਾਂ ਦੇ ਜੀਵਨ ਨੂੰ ਖੋਖਲਾ ਬਣਾ ਦਿੰਦਾ ਹੈ। ਓਅੰਕਾਰੁ ਬਾਣੀ ਦੇ ਆਰੰਭ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਸਪੱਸ਼ਟ ਸ਼ਬਦਾਂ ਵਿਚ ਫ਼ੁਰਮਾਉਂਦੇ ਹਨ:
ਸੁਣਿ ਪਾਡੇ ਕਿਆ ਲਿਖਹੁ ਜੰਜਾਲਾ॥
ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥ (ਪੰਨਾ 930)
ਜੰਜਾਲ, ਅਰਥਾਤ ਵਾਦ-ਵਿਵਾਦ, ਝਗੜੇ-ਝੰਜਟ ਪੈਦਾ ਕਰਨ ਵਾਲੀ ਵਿਦਿਆ ਨੂੰ ਲਿਖਣ-ਪੜ੍ਹਨ ਦੀ ਬਜਾਏ ਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਉਹ ਸਾਰਿਆਂ ਵਿਚ ਰਮ ਰਹੇ ਉਸ ਰਾਮ ਨਾਮ ਵਿਚ ਹੀ ਆਪਣੀ ਸੁਰਤਿ ਲਾਉਣ ਜਿਹੜਾ ਸਾਰਿਆਂ ਦਾ ਪਾਲਣਹਾਰ ਹੈ। ਬੁੱਧੀਜੀਵੀ ਅਰਥਾਤ ਪੰਡਤ ਵਿਅਕਤੀ ਕਿਉਂਕਿ ਹੇਠਲੇ ਪੱਧਰ ਦੇ ਗਿਆਨ ਦੀ ਗੱਲ ਕਰਕੇ ਲੋਕਾਂ ਨੂੰ ਆਪਣੇ ਸ਼ਬਦ-ਜਾਲ ਵਿਚ ਫਸਾਉਂਦਾ ਹੈ ਅਤੇ ਆਪਣੀ ਹਉਮੈ ਨੂੰ ਹੋਰ ਪੱਠੇ ਪਾਉਂਦਾ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਰਾਮਕਲੀ ਰਾਗ ਦੀਆਂ ਅਸਟਪਦੀਆਂ ਵਿਚ ਵੀ ਪਾਂਡੇ ਨੂੰ ਸੰਬੋਧਨ ਕਰਦੇ ਹੋਏ ਫ਼ੁਰਮਾਨ ਕਰਦੇ ਹਨ:
ਝੂਠੁ ਨ ਬੋਲਿ ਪਾਡੇ ਸਚੁ ਕਹੀਐ॥
ਹਉਮੈ ਜਾਇ ਸਬਦਿ ਘਰੁ ਲਹੀਐ॥
ਗਣਿ ਗਣਿ ਜੋਤਕੁ ਕਾਂਡੀ ਕੀਨੀ॥
ਪੜੈ ਸੁਣਾਵੈ ਤਤੁ ਨ ਚੀਨੀ॥
ਸਭਸੈ ਊਪਰਿ ਗੁਰ ਸਬਦੁ ਬੀਚਾਰੁ॥
ਹੋਰ ਕਥਨੀ ਬਦਉ ਨ ਸਗਲੀ ਛਾਰੁ॥ (ਪੰਨਾ 904)
ਇਕ ਹੋਰ ਥਾਂ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਫ਼ੁਰਮਾਨ ਕਰਦੇ ਹਨ- “ਇਕਿ ਪਾਧੇ ਪੰਡਿਤ ਮਿਸਰ ਕਹਾਵਹਿ॥ ਦੁਬਿਧਾ ਰਾਤੇ ਮਹਲੁ ਨ ਪਾਵਹਿ॥” (ਪੰਨਾ 904) ਜੰਜਾਲਾਂ ਵਿਚ ਪਾਉਣ ਵਾਲੀ ਵਿਦਿਆ ਦਾ ਆਧਾਰ ਦੁਬਿਧਾ ਹੁੰਦੀ ਹੈ ਜਿਹੜੀ ਸੱਚੇ- ਸੁੱਚੇ ਮਨ ਨਾਲ ਅਤੇ ਇਕ-ਦੂਜੇ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਹਿਤ ਰਚਾਏ ਸੰਬਾਦ ਰਾਹੀਂ ਖਤਮ ਹੁੰਦੀ ਹੈ ਪਰ ਵਾਦ-ਵਿਵਾਦ, ਖੰਡਨ-ਮੰਡਨ ਨਾਲ ਹੋਰ ਵਧਦੀ ਹੈ। ਸੰਬਾਦੀ ਸੁਰ ਛੇੜਨ ਲਈ ਗੁਰੂ ਨਾਨਕ ਸਾਹਿਬ ਅਨੁਸਾਰ ਗੁਰਮੁਖ ਹੋਣ ਦੀ ਲੋੜ ਹੈ ਜਿਹੜਾ ਬਾਣੀ ‘ਸਿਧ ਗੋਸਟਿ’ ਦੇ ਅਨੁਸਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਦਰਸ਼ਕ ਮਨੁੱਖ ਹੈ। ‘ਓਅੰਕਾਰ’ ਬਾਣੀ ਦੀ ਚਾਲ੍ਹੀਵੀਂ ਪਉੜੀ ਵਿਚ ਉਚਾਰਿਤ ਬਾਣੀ ਨੂੰ ਵਿਚਾਰਨਾ ਅਰਥਾਤ ਸੰਬਾਦ ਰਚਾਉਣਾ ਕਿਸੇ ਵਿਰਲੇ ਕੋਲੋਂ ਹੀ ਸੰਭਵ ਦੱਸਿਆ ਗਿਆ ਹੈ- “ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖ ਹੋਇ॥” ਆਮ ਵਿਅਕਤੀ ਦਾ ਮਨ ਅਤੇ ਇੰਦਰੀਆਂ ਦੀ ਬਿਰਤੀ ਖਿੰਡੀ ਰਹਿਣ ਦੇ ਕਾਰਨ ਨਿਰਬਲ ਬਣੀ ਰਹਿੰਦੀ ਹੈ। ਇਹ ਖਿੰਡਾਅ ਬਹੁਤ ਪਾਸੇ ਝਾਕਾਂ ਲਾਉਣ ਨਾਲ ਪੈਦਾ ਹੁੰਦਾ ਹੈ ਅਤੇ ਜੀਵ ਨੂੰ ਅਨੇਕਾਂ ਜੰਜਾਲਾਂ, ਬੰਧਨਾਂ ਅਤੇ ਕਸ਼ਟਾਂ ਵਿਚ ਪਾਈ ਜਾਂਦਾ ਹੈ। ਇਹ ਬੰਧਨ ਦਰਅਸਲ ਉਸ ਦੇ ਆਪਣੇ ਸਹੇੜੇ ਹੋਏ ਹੁੰਦੇ ਹਨ। ਇਸ ਤੱਥ ਨੂੰ ‘ਓਅੰਕਾਰੁ’ ਬਾਣੀ ਵਿਚ ਗੁਰੂ ਨਾਨਕ ਸਾਹਿਬ ਨੇ ਸਰੀਰ ਰੂਪੀ ਬਿਰਖ ’ਤੇ ਬੈਠੇ ਪੰਛੀਆਂ ਦੀ ਇਕਸੁਰਤਾ ਅਤੇ ਉਨ੍ਹਾਂ ਦੀ ਹੋਰ ਹੋਰ ਅਤੇ ਹੋਰ ਚੋਗੇ ਦੀ ਝਾਕ ਦੇ ਰੂਪਕ ਰਾਹੀਂ ਸਮਝਾਇਆ ਹੈ:
ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ॥
ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ॥
ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ॥
ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ॥
ਬਿਨੁ ਸਾਚੇ ਕਿਉ ਛੂਟੀਐ ਹਰਿ ਗੁਣ ਕਰਮਿ ਮਣੀ॥ (ਪੰਨਾ 934)
ਰਾਗ ਗਉੜੀ ਅਤੇ ਰਾਗ ਮਾਰੂ ਤੋਂ ਬਾਅਦ ਤੀਸਰਾ ਲੰਮਾ ਰਾਗ ਰਾਮਕਲੀ ਹੈ ਅਤੇ ਅਨੰਦੁ, ਰਾਮਕਲੀ ਸਦੁ, ਸਤਾ ਬਲਵੰਡ ਦੀ ਵਾਰ, ਸਿਧ ਗੋਸਟਿ ਅਤੇ ਓਅੰਕਾਰੁ ਆਦਿ ਸਿੱਖ ਦਰਸ਼ਨ ਨੂੰ ਉਜਾਗਰ ਕਰਨ ਵਾਲੀਆਂ ਬਾਣੀਆਂ ਇਸ ਰਾਗ ਵਿਚ ਸੰਕਲਿਤ ਕੀਤੀਆਂ ਗਈਆਂ ਹਨ। ਵਿਅਕਤੀ ਨੇ ਆਪਣੇ ਕੁਕਰਮਾਂ ਅਤੇ ਵੈਚਾਰਿਕ ਵਿਕ੍ਰਤੀਆਂ ਨੂੰ ਲੁਕਾਉਣ ਵਾਸਤੇ ਕਈ ਪ੍ਰਬੰਧ ਕੀਤੇ ਹੋਏ ਹਨ। ਤਿਥਾਂ, ਮਹੂਰਤਾਂ ਅਤੇ ਜੁਗਾਂ ਦੀ ਵੰਡ ਵੀ ਅਜਿਹਾ ਹੀ ਵਿਅਕਤੀ ਰਚਿਤ ਪ੍ਰਬੰਧ ਹੈ ਜਿਸ ਦਾ ਗੁਰੂ ਨਾਨਕ ਸਾਹਿਬ ਰਾਗ ਰਾਮਕਲੀ ਵਿਚ ਖੰਡਨ ਕਰਦੇ ਹਨ ਅਤੇ ਵਿਅਕਤੀ ਨੂੰ ਸਵੈਮਾਨ ਪੂਰਨ ਸੁਤੰਤਰ ਅਤੇ ਸੱਚਾ-ਸੁੱਚਾ ਜੀਵਨ ਜਿਊਣ ਦੀ ਸਲਾਹ ਦਿੰਦੇ ਹਨ। ਗੁਰੂ ਨਾਨਕ ਸਾਹਿਬ ਫ਼ੁਰਮਾਨ ਕਰਦੇ ਹਨ ਕਿ ਸਾਰੇ ਅਖੌਤੀ ਜੁਗਾਂ ਵਿਚ ਉਹੋ ਹੀ ਸੂਰਜ, ਉਹੋ ਹੀ ਚੰਦਰਮਾ ਅਤੇ ਉਹੋ ਹੀ ਤਾਰੇ, ਪਉਣ ਪਾਣੀ ਆਦਿ ਹਨ। ਫਿਰ ਇਹ ਸਤਿਜੁਗ ਅਤੇ ਕਲਿਜੁਗ ਦੀ ਮਿੱਥ ਕੀ ਹੋਈ? ਜੀਵਨ ਦੇ ਸੁਆਰਥ ਅਤੇ ਸ਼ਕਤੀ ਮਿਲਣ ’ਤੇ ਜ਼ੋਰ ਜ਼ੁਲਮ ਕਰਨਾ ਹੀ ਕਲਿਜੁਗ ਕਿਹਾ ਜਾ ਸਕਦਾ ਹੈ, ਕਲਿਜੁਗ ਕੋਈ ਅਜਿਹਾ ਵਿਅਕਤੀ ਨਹੀਂ ਹੈ ਜਿਹੜਾ ਕਿਸੇ ਖਾਸ ਦੇਸ ਜਾਂ ਤੀਰਥ ’ਤੇ ਬੈਠਾ ਹੋਇਆ ਦੇਖ ਸਕੀਏ। ਆਚਰਨਹੀਨਤਾ ਹੀ ਕਲਿਜੁਗ ਹੈ। ਵਿਦਵਾਨਾਂ ਦੁਆਰਾ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿ ਸਕਣ ਦੀ ਹਿੰਮਤ ਨਾ ਹੋਣਾ ਹੀ ਕਲਿਜੁਗ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤਤਕਾਲੀ ਨਿਆਂ ਪ੍ਰਬੰਧ, ਹਉਮੈ ਭਰਪੂਰ ਸਮਾਜਿਕ ਅਤੇ ਧਾਰਮਿਕ ਜੀਵਨ ਢੰਗਾਂ ਉੱਤੇ ਨਿਧੜਕ ਹੋ ਕੇ ਆਪਣੀ ਟਿੱਪਣੀ ਦਿੰਦੇ ਹਨ:
ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ॥
ਬਾਣੀ ਬ੍ਰਹਮਾ ਬੇਦੁ ਅਥਰਬਣੁ ਕਰਣੀ ਕੀਰਤਿ ਲਹਿਆ॥
ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ॥
ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ॥ (ਪੰਨਾ 903)
ਅਰਥਾਤ ਹੇ ਪੰਡਿਤ! ਕਲਿਜੁਗ ਇਹ ਹੈ ਕਿ ਸ਼ਰ੍ਹਾ ਦੇ ਆਧਾਰ ’ਤੇ ਝਗੜੇ ਨਿਬੇੜਨ ਵਾਲਾ ਕਾਜ਼ੀ ਵੱਢੀ ਦੀ ਕਾਲਖ ਮਲੀ ਬੈਠਾ ਹੈ। ਹਿੰਦੂ ਵਾਸਤੇ ਜਾਦੂ-ਟੂਣੇ ਵਾਲਾ ਅਥਰਵਵੇਦ ਹੀ ਬ੍ਰਹਮਾ ਦੀ ਪ੍ਰਧਾਨ ਬਾਣੀ ਬਣ ਗਿਆ ਹੈ। ਜਿਹੜੀ ਅਧਿਆਤਮਿਕਤਾ ਸਵੈਮਾਨ ਭਰਪੂਰ ਜੀਵਨ ਨਹੀਂ ਦਿੰਦੀ, ਉਹ ਵਿਅਰਥ ਹੈ। ਸੰਜਮ ਜੇਕਰ ਉੱਚਾ ਸਚਿਆਰਾ ਆਚਰਨ ਨਹੀਂ ਦਿੰਦਾ ਅਤੇ ਜਨੇਊ ਮਨ ਦੀਆਂ ਚਿਤ-ਬਿਰਤੀਆਂ ਨੂੰ ਨਹੀਂ ਬੰਨ੍ਹਦਾ ਤਾਂ ਉਹ ਸਭ ਵਿਅਰਥ ਹਨ। ਹੇ ਪੰਡਿਤ, ਸਚਿਆਰੇ ਜੀਵਨ ਬਿਨਾਂ ਤੀਰਥੀਂ ਨਹਾਉਣਾ, ਤਿਲਕ ਲਾਉਣਾ ਆਦਿ ਕੁਝ ਨਹੀਂ ਸੰਵਾਰ ਸਕਦੇ।
‘ਓਅੰਕਾਰੁ’ ਬਾਣੀ ਵਿਚ ਗੁਰੂ ਨਾਨਕ ਸਾਹਿਬ ਇਸ ਸਪਸ਼ਟਵਾਕਿਤਾ ਅਤੇ ਸੱਚ ਦੀ ਬੇਲਾ ਸੱਚ ਸੁਣਾਉਣ ਨੂੰ ਪੂਰੀ ਤਰ੍ਹਾਂ ਉਚਿਤ ਠਹਿਰਾਉਂਦੇ ਹੋਏ ਸੱਚ ਨੂੰ ਲਾਹੇਵੰਦਾ ਸੌਦਾ ਕਰਾਰ ਦਿੰਦੇ ਹਨ। ਬੇਸ਼ੱਕ ਸੱਚ ਬੋਲਣ ਨਾਲ ਅਖੌਤੀ ਸਨੇਹ ਉਸੇ ਤਰ੍ਹਾਂ ਹੀ ਟੁੱਟ ਜਾਂਦਾ ਹੈ ਜਿਵੇਂ ਬਾਹਾਂ ਨੂੰ ਦੋ ਵਿਪਰੀਤ ਦਿਸ਼ਾਵਾਂ ਵੱਲ ਖਿੱਚੀ ਚਲੇ ਜਾਣ ਨਾਲ ਬਾਂਹ ਨੇ ਟੁੱਟਣਾ ਹੀ ਟੁੱਟਣਾ ਹੁੰਦਾ ਹੈ:
ਟੂਟੈ ਨੇਹੁ ਕਿ ਬੋਲਹਿ ਸਹੀ॥
ਟੂਟੈ ਬਾਹ ਦੁਹੂ ਦਿਸ ਗਹੀ॥…
ਲਾਹਾ ਸਾਚੁ ਨ ਆਵੈ ਤੋਟਾ॥
ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ॥ (ਪੰਨਾ 933)
ਚਿੰਤਾ ਨੂੰ ਅੱਜਕਲ੍ਹ ਦੀ ਬੁੱਧੀਜੀਵੀ ਸ਼੍ਰੇਣੀ ਟੈਂਸ਼ਨ ਦੇ ਨਾਂ ਨਾਲ ਜਾਣਦੀ ਹੈ ਅਤੇ ਇਹ ਟੈਂਸ਼ਨ ਹੁੰਦੀ ਵੀ ਬਹੁਤੀ ਬੁੱਧੀਜੀਵੀਆਂ ਨੂੰ ਹੀ ਹੈ। ਆਪਣੀ ਇੱਜ਼ਤ ਦੀ ਚਿੰਤਾ ਅਤੇ ਦੂਜੇ ਦੀ ਆਲੋਚਨਾ ਕਰਨ ਦੀ ਚਿੰਤਾ ਜਿੰਨੀ ਬੁੱਧੀਜੀਵੀ ਨੂੰ ਹੁੰਦੀ ਹੈ ਉਨੀ ਸ਼ਾਇਦ ਹੋਰ ਕਿਸੇ ਨੂੰ ਨਹੀਂ ਹੁੰਦੀ। ਅਜੋਕੇ ਬੁੱਧੀਜੀਵੀ ਨੂੰ ਸੂਚਨਾ ਪ੍ਰਸਾਰਣ ਦੀ ਟੈਕਨਾਲੋਜੀ ਦੇ ਫ਼ਲਸਰੂਪ ਦਿਮਾਗ਼ ਖ਼ਰਾਬ ਕਰ ਦੇਣ ਦੀ ਹੱਦ ਤਕ ਸੂਚਨਾਵਾਂ ਦਾ ਇਕੱਠ ਸਾਂਭੀ ਫਿਰਨਾ ਪੈ ਰਿਹਾ ਹੈ ਅਤੇ ਇਹ ਇਕੱਠ ਦਿਨ ਦੂਣਾ ਰਾਤ ਚੌਗਣਾ ਵਧਦਾ ਜਾ ਰਿਹਾ ਹੈ। ਸੂਚਨਾਵਾਂ ਦੇ ਅੰਬਾਰ ਨੂੰ ਕਿਵੇਂ ਧਨ ਵਿਚ ਤਬਦੀਲ ਕਰਨਾ ਹੈ, ਇਹ ਚਿੰਤਾ ਵੀ ਬੁੱਧੀਜੀਵੀਆਂ ਦੀ ਹੈ। ਇਸ ਸਾਰੀ ਘੋੜ-ਦੌੜ ਵਿਚ ਮਨ ਦੇ ਜੋਤਿ ਸਰੂਪੀ ਪੱਖ ਅਤੇ ਅਧਿਆਤਮਿਕ ਜੀਵਨ ਦੇ ਸਹਿਜ ਸੁਭਾਅ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾ ਰਿਹਾ ਹੈ। ਮਾਰੂ ਰਾਗ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਅੱਜ ਦੀ ਸਥਿਤੀ ਨੂੰ ਲਗਭਗ ਚਾਰ ਸੌ ਸਾਲ ਪਹਿਲਾਂ ਹੀ ਭਾਂਪ ਲਿਆ ਸੀ ਅਤੇ ਬਾਣੀ ਵਿਚ ਦਰਜ ਕੀਤਾ ਸੀ-
ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ॥
ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ॥ (ਪੰਨਾ 1019)
‘ਓਅੰਕਾਰੁ’ ਬਾਣੀ ਬੁੱਧੀਜੀਵੀ ਪੰਡਿਤ ਸਮਾਜ ਦੀ ਟੈਂਸ਼ਨ ਦੀ ਸਮੱਸਿਆ ਨੂੰ ਸਿੱਧਾ ਹੱਥ ਪਾਉਂਦੀ ਹੈ ਅਤੇ ਇਸ ਚਿੰਤਾ ਦੇ ਕਾਰਨਾਂ ਨੂੰ ਘੋਖਦੀ ਹੈ। ਸੰਸਾਰਕ ਰੁਝੇਵਿਆਂ-ਉਲਝੇਵਿਆਂ ਵਿਚ ਫ਼ਸ ਕੇ ਵਿਅਕਤੀ ਕੇਵਲ ਆਪਣੇ ਲਾਭ ’ਤੇ ਕੇਂਦਰਿਤ ਉਹ ਮਜ਼ਦੂਰ ਬਣ ਕੇ ਰਹਿ ਗਿਆ ਹੈ ਜਿਹੜਾ ਹੱਥ ਵਿਚਲੇ ਕੰਮ ਨੂੰ ਇਕ ਵੰਗਾਰ ਦੀ ਤਰ੍ਹਾਂ ਕਰਨ ਦਾ ਆਦੀ ਹੋ ਗਿਆ ਹੈ:
ਲਾਹੇ ਕਾਰਣਿ ਆਇਆ ਜਗਿ॥
ਹੋਇ ਮਜੂਰੁ ਗਇਆ ਠਗਾਇ ਠਗਿ॥ (ਪੰਨਾ 931)
ਲਾਹਾ ਤਾਂ ਉਸ ਨੇ ਜੀਵਨ ਰੌਂਅ ਦੇ ਮੂਲ ਪਰਮਾਤਮਾ ਅਤੇ ਉਸ ਦੀ ਸ੍ਰਿਸ਼ਟੀ ਨਾਲ ਇਕਸੁਰ ਹੋ ਕੇ ਖੱਟਣਾ ਸੀ। ਪਰ ਉਹ ਅਵਰ ਕਾਜ ਵਿਚ ਉਲਝ ਕੇ ਰਹਿ ਗਿਆ ਹੈ। ਇਸ ਉਲਝਾਅ ਦਾ ਕਾਰਨ ਉਸ ਦੇ ਕਾਮ ਕ੍ਰੋਧ ਅਹੰਕਾਰ ਦੀ ਕੋਈ ਸੀਮਾ ਨਾ ਹੋਣਾ ਹੈ। ਪੰਜਾਂ ਵਿਕਾਰਾਂ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ ਆਦਿ ਦੀ ਤਾਂ ਸ਼ਾਇਦ ਥੋੜ੍ਹੀ ਬਹੁਤ ਉਚਿਤਤਾ (Justification) ਜੀਵਨ ਲਈ ਬਣ ਸਕਦੀ ਹੋਵੇ ਪਰ ਹੰਕਾਰ ਦਾ ਔਚਿਤਯ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੁੰਦਾ। ਮਾੜੇ ਚੰਗੇ ਦੋਵੇਂ ਤਰ੍ਹਾਂ ਦੇ ਕੰਮਾਂ ਦਾ ਹੰਕਾਰ ਵਿਅਕਤੀ ਲਈ ਵਿਨਾਸ਼ਕਾਰੀ ਹੀ ਹੁੰਦਾ ਹੈ:
ਕਾਮੁ ਕ੍ਰੋਧੁ ਕਾਇਆ ਕਉ ਗਾਲੈ॥
ਜਿਉ ਕੰਚਨ ਸੋਹਾਗਾ ਢਾਲੈ॥…
ਜਗਤੁ ਪਸੂ ਅਹੰ ਕਾਲੁ ਕਸਾਈ॥
ਕਰਿ ਕਰਤੈ ਕਰਣੀ ਕਰਿ ਪਾਈ॥ (ਪੰਨਾ 932)
ਵਿਅਕਤੀ ਜੇ ਚਿੰਤਾ ਮੁਕਤ ਹੋਣਾ ਚਾਹੁੰਦਾ ਹੈ ਤਾਂ ਆਪਣੇ ਕੁਕਰਮਾਂ ਦਾ ਦੋਸ਼ ਦੂਜਿਆਂ ਦੇ ਸਿਰ ਮੜ੍ਹਨ ਦੀ ਬਜਾਏ ਉਸ ਨੂੰ ਆਪਣੇ ਮਾੜੇਪਨ ਪ੍ਰਤੀ ਖੁਦ ਚੇਤੰਨ ਹੋਣਾ ਪਵੇਗਾ ਅਤੇ ਬੰਧਨਾਂ, ਆਪਣੇ ਪ੍ਰਤੀ ਵਹਿਮਾਂ ਤੋਂ ਮੁਕਤ ਹੋ ਕੇ ਸਨਮਾਨ ਪੂਰਬਕ ਨਿਜਘਰ ਜਾਣ ਦੀ ਜੀਵਨ-ਜੁਗਤਿ ਸਿੱਖਣੀ ਪਵੇਗੀ:
ਚਿੰਤਤ ਹੀ ਦੀਸੈ ਸਭੁ ਕੋਇ॥
ਚੇਤਹਿ ਏਕੁ ਤਹੀ ਸੁਖੁ ਹੋਇ॥
ਚਿਤਿ ਵਸੈ ਰਾਚੈ ਹਰਿ ਨਾਇ॥
ਮੁਕਤਿ ਭਇਆ ਪਤਿ ਸਿਉ ਘਰਿ ਜਾਇ॥ (ਪੰਨਾ 932)
ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਬਾਣੀਆਂ ਵਿਚ ਆਦਰਸ਼ਕ ਮਨੁੱਖ ਗੁਰਮੁਖ, ਆਦਰਸ਼ਕ ਬ੍ਰਾਹਮਣ, ਖੱਤਰੀ, ਜੋਗੀ ਆਦਿ ਨੂੰ ਆਪਣੇ ਚਿੰਤਨ ਦਾ ਵਿਸ਼ਾ ਬਣਾਇਆ ਹੈ, ਉਸੇ ਤਰ੍ਹਾਂ ਹੀ ‘ਓਅੰਕਾਰੁ’ ਬਾਣੀ ਵਿਚ ਆਦਰਸ਼ਕ ਪੰਡਤ ਅਰਥਾਤ ਬੁੱਧੀਜੀਵੀ ਦਾ ਚਿਤਰ ਪ੍ਰਸਤੁਤ ਕੀਤਾ ਗਿਆ ਹੈ। ਵਾਸਤਵਿਕ ਪੜ੍ਹਿਆ- ਲਿਖਿਆ ਵਿਅਕਤੀ ਉਹ ਹੈ ਜਿਹੜਾ ਸਹਿਜ ਵਿਚ ਰਹਿ ਕੇ ਵਿੱਦਿਆ ਵਿਚਾਰਦਾ ਹੈ, ਅਸਲੀਅਤ ਉੱਤੇ ਪਾਏ ਪਰਦਿਆਂ ਨੂੰ ਸੋਧਦਾ ਹੈ, ਵਿੱਦਿਆ ਨੂੰ ਵੇਚਦਾ ਨਹੀਂ, ਰਾਮ ਨਾਮ ਦੇ ਸਾਰ-ਤੱਤ ਨੂੰ ਮਨ ਵਿਚ ਆਪ ਵੀ ਧਾਰਨ ਕਰਦਾ ਹੈ ਅਤੇ ਜਗਿਆਸੂਆਂ ਨੂੰ ਵੀ ਧਾਰਨ ਕਰਵਾਉਂਦਾ ਹੈ। ਮਨ ਦੀ ਪੱਟੀ ਨੂੰ ਸੱਚ ਦੀ ਪੱਟੀ ਬਣਾਉਂਦਾ ਹੈ ਅਤੇ ਉਸ ਉੱਪਰ ਸੱਚ ਦਾ ਹੀ ਸਬਕ ਲਿਖਦਾ ਅਤੇ ਸਿਖਾਉਂਦਾ ਹੈ:
ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ॥
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ॥ (ਪੰਨਾ 938)
ਲੇਖਕ ਬਾਰੇ
ਡਾ. ਜੋਧ ਸਿੰਘ ਜੀ (15-05-1942 ਤੋਂ 20-06-2021) ਨੇ ਸਿੱਖ ਅਕਾਦਮਿਕ ਜਗਤ ਵਿਚ ਵੱਖਰੀ ਪਛਾਾਣ ਕਾਇਮ ਕੀਤੀ ਹੈ। ਇਹਨਾਂ ਨੇ ਸਿੱਖ ਧਰਮ ਅਧਿਐਨ ਦਾ ਮੂਲ ਆਧਾਰ ਮੰਨੇ ਜਾਂਦੇ ਸ੍ਰੀ ਗੁਰੂ ਗ੍ਰੰਥ ਗ੍ਰੰਥ ਸਾਹਿਬ, ਵਾਰਾਂ ਭਾਈ ਗੁਰਦਾਸ ਜੀ ਅਤੇ ਸ੍ਰੀ ਦਸਮ ਗ੍ਰੰਥ ਦਾ ਅਨੁਵਾਦ ਕਰਕੇ ਇਸ ਨੂੰ ਹੋਰਨਾਂ ਲੋਕਾਂ ਤੱਕ ਲਿਜਾਣ ਦਾ ਕਾਰਜ ਕੀਤਾ। ਸਿੱਖ ਧਰਮ ਅਧਿਐਨ ਦੇ ਖੇਤਰ ਵਿਚ ਕਾਰਜ ਕਰਦੇ ਹੋਏ ਡਾ. ਸਾਹਿਬ ਨੇ ਗੁਰਬਾਣੀ ਅਤੇ ਗੁਰਮਤਿ ਦਰਸ਼ਨ ਨੂੰ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਰਾਹੀਂ ਆਮ ਲੋਕਾਂ ਤੱਕ ਲਿਜਾਣ ਦਾ ਸਫ਼ਲ ਯਤਨ ਕੀਤਾ। ਡਾ. ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿਧ ਗੋਸਟਿ 'ਤੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਆਪਣੀ ਪੀ-ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਇਸ ਅਧਿਐਨ ਨੂੰ ਬਹੁਤ ਭਾਵਪੂਰਤ ਤਰੀਕੇ ਨਾਲ ਅਕਾਦਮਿਕ ਜਗਤ ਵਿਚ ਸਥਾਪਿਤ ਕੀਤਾ। ਇਸ ਤੋਂ ਇਲਾਵਾ ਜਪੁਜੀ ਸਾਹਿਬ, ਆਸਾ ਦੀ ਵਾਰ, ਸੁਖਮਨੀ ਸਾਹਿਬ, ਵਾਰਾਂ ਭਾਈ ਗੁਰਦਾਸ ਜੀ, ਬਚਿਤ੍ਰ ਨਾਟਕ ਆਦਿ ਇਹਨਾਂ ਦੇ ਮਨ-ਭਾਉਂਦੇ ਵਿਸ਼ੇ ਸਨ ਜਿਨ੍ਹਾਂ 'ਤੇ ਬਹੁਤ ਹੀ ਸਰਲਤਾ ਅਤੇ ਸਪਸ਼ਟਤਾ ਨਾਲ ਘੰਟਿਆਂ ਬੱਧੀ ਬੋਲ ਸਕਦੇ ਸਨ ਅਤੇ ਸੁਣਨ ਵਾਲੇ ਨੂੰ ਕਦੇ ਅਕੇਵਾਂ ਨਹੀਂ ਸੀ ਹੁੰਦਾ।
- ਡਾ. ਜੋਧ ਸਿੰਘhttps://sikharchives.org/kosh/author/%e0%a8%a1%e0%a8%be-%e0%a8%9c%e0%a9%8b%e0%a8%a7-%e0%a8%b8%e0%a8%bf%e0%a9%b0%e0%a8%98/November 1, 2007
- ਡਾ. ਜੋਧ ਸਿੰਘhttps://sikharchives.org/kosh/author/%e0%a8%a1%e0%a8%be-%e0%a8%9c%e0%a9%8b%e0%a8%a7-%e0%a8%b8%e0%a8%bf%e0%a9%b0%e0%a8%98/May 1, 2008