ਤੂੰ ਗੱਭਰੂ ਦੇਸ਼ ਪੰਜਾਬ ਦਾ, ਸਿਰ ਤੋਂ ਪੱਗ ਨੂੰ ਲਾਹਵੀਂ ਨਾ…।
ਭੁੱਲ ਕੇ ਹੀਰਿਆ ਪੁੱਤਰਾ ਸੂਰਤ ਸੀਰਤ ਦਾ ਰੋਹਬ ਗੁਆਵੀਂ ਨਾ…।
ਪੱਗ ਤਾਂ ਸਿਰ ’ਤੇ ਸੁਹਣੀ ਹੀਰਿਆਂ ਲੱਦੀ ਕਲਗੀ ਏ,
ਪੱਗ ਤਾਂ ਸਿੱਖੀ ਵਿਰਸੇ ਵਾਲੀ ਰੱਤ ਵਿਚ ਹੀ ਰਲ ’ਗੀ ਏ,
ਪੱਗ ਦੀ ਚਰਚਾ ਦੇਸ਼-ਵਿਦੇਸ਼ੀ ਧਰਤ ’ਤੇ ਚਲ ’ਗੀ ਏ,
ਮਾਣ ਕਰੀਂ ਤੂੰ ਇਹਦਾ, ਮਾਣ ਘਟਾਵੀਂ ਨਾ…।
ਤੂੰ ਗੱਭਰੂ. ।
ਪੱਗ ਸਾਂਭਦੀ ਆਈ ਇੱਜ਼ਤ ਆਬਰੂ ਸਦੀਆਂ ਤੋਂ,
ਪੱਗ ਬਚਾਉਂਦੀ ਆਈ ਜਬਰ, ਜ਼ੁਲਮ ਤੇ ਬਦੀਆਂ ਤੋਂ,
ਪੱਗ ਦਾ ਪੁੱਛ ਇਤਿਹਾਸ ਪੰਜ ਦਰਿਆਵਾਂ ਨਦੀਆਂ ਤੋਂ,
ਗੁਰਾਂ ਦੀ ਬਖ਼ਸ਼ੀ ਦਾਤ ਦਾ ਦੇਣ ਭੁਲਾਵੀਂ ਨਾ. ।
ਤੂੰ ਗੱਭਰੂ. ।
ਏਸ ਪੱਗ ਨੇ ਮੁਗ਼ਲ ਹਕੂਮਤ ਦੇ ਮੂੰਹ ਮੋੜੇ ਨੇ,
ਏਸ ਪੱਗ ਨੇ ਸ਼ੱਕਰ ਵਾਂਗੂੰ ਅਬਦਾਲੀ ਭੋਰੇ ਨੇ,
ਏਸ ਪੱਗ ਦੇ ਆਸ਼ਕ ਊਧਮ ਸਿੰਘ ਜਹੇ ਜੋਧੇ ਨੇ,
ਉੱਚੀ ਸਰਦਾਰੀ ਵਾਲੀ ਸ਼ੇਰਾ ਅਣਖ ਗੁਆਵੀਂ ਨਾ. ।
ਤੂੰ ਗੱਭਰੂ. ।
ਪੱਗ ਦਾ ਰਿਹਾ ਤੇ ਰਹਿਣਾ ਸਦਾ ਹੀ ਸ਼ਮ੍ਹਲਾ ਉੱਚਾ ਏ,
ਕਹਿ ‘ਜਸਪਿੰਦਰ ਸਿੰਘਾ’ ਪੱਗ ਦਾ ਪ੍ਰਣ ਅਤਿ ਸੁੱਚਾ ਏ,
ਪੱਗ ਦਾ ਡਾਢੇ ਕੋਮਲ ਹਿਰਦਾ ਤਾਂ ਸਿਦਕ ਪਰੁੱਚਾ ਏ,
ਬੱਲਿਆ ਠੇਸ ਹਿਰਦੇ ਤਾਈਂ ਕਦੇ ਪੁਚਾਵੀਂ ਨਾ. ।
ਤੂੰ ਗੱਭਰੂ. ।
ਲੇਖਕ ਬਾਰੇ
ਪਿੰਡ ਕੋਟਲਾ ਬਜਵਾੜਾ, ਡਾਕ: ਮਾਨੂੰਪੁਰ, ਫਤਹਿਗੜ੍ਹ ਸਾਹਿਬ।
- ਜਸਪਿੰਦਰ ਸਿੰਘhttps://sikharchives.org/kosh/author/%e0%a8%9c%e0%a8%b8%e0%a8%aa%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/July 1, 2010