editor@sikharchives.org
Akal Takht Sahib

ਪੰਥਕ ਏਕਤਾ

ਸਿੱਖਾਂ ਵੱਲੋਂ ਅਜ਼ਾਦ ਭਾਰਤ ਵਿਚ ਪੰਜਾਬ ਦੀ ਬਿਹਤਰੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਲਗਾਏ ਮੋਰਚਿਆਂ ਦੌਰਾਨ ਕੀਤੀਆਂ ਕੁਰਬਾਨੀਆਂ ਦਾ ਇਤਿਹਾਸ ਸਭ ਦੇ ਸਾਹਮਣੇ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਹਰ ਸੂਝਵਾਨ ਇਹ ਮਹਿਸੂਸ ਕਰ ਰਿਹਾ ਹੈ ਕਿ ਪੰਜਾਂ ਤੋਂ ਢਾਈ ਅਤੇ ਅੱਜ ਢਾਈਆਂ ਦਰਿਆਵਾਂ ਉੱਪਰ ਵੀ ਗੁਆਂਢੀ ਰਾਜਾਂ ਵੱਲੋਂ ਆਪਣਾ ਹੱਕ ਜਤਾਏ ਜਾਣ ਵਾਲੀ ਰਹਿ ਗਈ ਇਹ ਹਿੰਦੁਸਤਾਨੀ ਪੰਜਾਬ ਦੀ ਧਰਤੀ ਆਉਣ ਵਾਲੇ ਸਮੇਂ ਦੇ ਗੰਭੀਰ ਖ਼ਤਰਿਆਂ ਨੂੰ ਮਹਿਸੂਸ ਕਰ ਕੇ ਕੁਰਲਾਹਟ ਪਾ ਰਹੀ ਹੈ। ਪਰ ਇਹ ਸੁਣਦੀ ਉਸ ਨੂੰ ਹੀ ਹੈ ਜਿਸ ਦੇ ਅੰਦਰ ਸਵੱਛ ਹਿਰਦਾ ਹੈ, ਜਿਸ ਦੇ ਪਾਸ ਬਿਬੇਕ ਬੁੱਧ ਹੈ, ਹਰ ਕਿਸੇ ਨੂੰ ਇਹ ਕੁਰਲਾਹਟ ਸੁਣਦੀ ਮਹਿਸੂਸ ਨਹੀਂ ਹੁੰਦੀ।

ਪ੍ਰਾਚੀਨ ਕਾਲ ਤੋਂ ਹੀ ਸੋਨੇ ਦੀ ਚਿੜੀ ਰੂਪੀ ਭਾਰਤ ਨੂੰ ਲੁੱਟਣ ਵਾਲੇ ਧਾੜਵੀਆਂ ਤੇ ਵਿਦੇਸ਼ੀ ਹਮਲਾਵਰਾਂ ਦਾ ਮੁੱਖ ਦਰਵਾਜ਼ਾ ਇਹ ਪੰਜਾਬ ਹੀ ਰਿਹਾ। ਦਰਵਾਜ਼ਾ ਵੀ ਕੇਵਲ ਚੁਗਾਠ ਬਾਹੀਆਂ ਵਾਲਾ, ਤਖ਼ਤਿਆਂ ਤੋਂ ਬਿਨਾਂ। ਜੋ ਵੀ ਆਇਆ, ਆਪਣੇ ਘੋੜਿਆਂ ਦੇ ਪੌੜਾਂ ਦੇ ਸੁੰਬਾਂ ਨਾਲ ਇਸ ਦਾ ਸੀਨਾ ਵਲੂੰਧਰ, ਬਗੈਰ ਕਿਸੇ ਰੋਕ-ਟੋਕ ਦੇ ਧਨ-ਮਾਲ ਨਾਲ ਮਾਲਾ-ਮਾਲ ਹੋ ਵਾਪਸ ਪਰਤਿਆ।

ਗੁਰਮਤਿ ਦਾ ਪ੍ਰਕਾਸ਼ ਇਸ ਧਰਤੀ ’ਤੇ ਹੋਇਆ। ਡਰਪੋਕ ਬਣ ਕੇ ਜ਼ਲੀਲ ਹੋ ਰਹੀ ਮਨੁੱਖਤਾ ਨੇ ਅੰਗੜਾਈ ਲਈ, ਵਗਾਹ ਮਾਰਿਆ ਖ਼ੌਫ ਤੇ ਡਰ ਅਤੇ ਪਤ ਸੇਤੀ ਜੀਊਣ ਦਾ ਉਪਰਾਲਾ ਕੀਤਾ। ਗੁਰਮਤਿ ਦੇ ਧਾਰਨੀ, ਸਿੱਖ ਸੂਰਬੀਰਾਂ ਨੇ ਹਿੱਕ ਦੇ ਜ਼ੋਰ ਨਾਲ ਲੁੱਟਣ ਆਉਣ ਵਾਲੇ ਧਾੜਵੀਆਂ ਨੂੰ ਬੰਨ੍ਹ ਮਾਰਿਆ ਅਤੇ ਦੇਸ਼ ਦੇ ਅੰਦਰ ਫਿਰਕੂ ਲੀਹਾਂ ’ਤੇ ਚੱਲਣ ਵਾਲੀ ਤੇ ਜਨਤਾ ਦਾ ਲਹੂ ਪੀਣ ਵਾਲੀ ਸਮੇਂ ਦੀ ਜ਼ਾਲਮ ਸਲਤਨਤ ਦਾ ਮਹੱਲ ਵੀ ਢਾਹ-ਢੇਰੀ ਕਰ ਦਿੱਤਾ।

18ਵੀਂ ਸਦੀ ਦੇ ਘੱਲੂਘਾਰਿਆਂ ਦੇ ਦੌਰ ਵਿੱਚੋਂ ਲੰਘ ਕੇ ਜਦ ਸਿੱਖ ਰਾਜ ਦੀ ਸਥਾਪਨਾ ਹੋਈ ਤਾਂ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਆਪਣੀਆਂ ਕੋਝੀਆਂ ਸਾਜ਼ਸ਼ਾਂ ਚਲ ਕੇ ਸਿੱਖਾਂ ਵਿਚ ਫੁੱਟ ਪਾਈ ਸਿੱਖ ਰਿਆਸਤਾਂ ਦੇ ਸਰਦਾਰਾਂ ਦੀ ਆਪਸ ਵਿਚ ਏਕਤਾ ਨੂੰ ਤੋੜ ਦਿੱਤਾ ਜਿਸ ਕਾਰਨ ਕਈ ਸਿੱਖ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਦੀਆਂ ਕੋਝੀਆਂ ਸਾਜਿਸ਼ਾਂ ਨੂੰ ਨਾ ਸਮਝਦੇ ਹੋਏ ਆਪਣੇ ਭਰਾਵਾਂ ਨਾਲ ਮਿਲਣ, ਭਾਵ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਕੋਈ ਸੰਧੀ ਕਰ ਲੈਣ ਜਾਂ ਸਮੁੱਚਾ ਮੇਲ ਕਰ ਲੈਣ ਦੀ ਬਜਾਇ ਅੰਗਰੇਜ਼ਾਂ ਦੀ ਦੇਖ-ਰੇਖ ਹੇਠ ਰਹਿਣਾ ਜ਼ਿਆਦਾ ਪਸੰਦ ਕੀਤਾ। ਇਤਿਹਾਸਕ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਜੇਕਰ ਉਸ ਸਮੇਂ ਸਿੱਖ-ਸ਼ਕਤੀ ਇਸ ਤਰ੍ਹਾਂ ਖੇਰੂੰ-ਖੇਰੂੰ ਨਾ ਹੁੰਦੀ ਤਾਂ ਲਾਹੌਰ ਦੀ ਬਜਾਇ ਕੇਸਰੀ ਨਿਸ਼ਾਨ ਸਾਹਿਬ ਦਿੱਲੀ ਦੇ ਤਖ਼ਤ ਉੱਪਰ ਝੂਲਦਾ। ਇਸ ਨਾਲ ਕੌਮ ਦੀ ਹੋਰ ਵੀ ਚੜ੍ਹਦੀ ਕਲਾ ਹੁੰਦੀ ਅਤੇ ਦੇਸ਼ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਵਿਚ ਲੰਬਾ ਸਮਾਂ ਨਾ ਰਹਿਣਾ ਪੈਂਦਾ। ਜੇਕਰ ਮਿਸਲਾਂ ਦੇ ਸਮੇਂ ਵਰਗਾ ਚੱਜ-ਆਚਾਰ ਹੀ ਹੁੰਦਾ (ਉਹ ਇਹ ਸੀ ਕਿ ਬੇਸ਼ੱਕ ਸਿੱਖ ਸਰਦਾਰ ਆਪਸ ਵਿਚ ਕਦੇ ਖਹਿਬੜ ਵੀ ਪੈਂਦੇ ਸਨ, ਪਰ ਕੌਮ ਨੂੰ ਦਰਪੇਸ਼ ਕਿਸੇ ਬਾਹਰੀ ਖ਼ਤਰੇ ਸਮੇਂ ਉਹ ਇਕਮੁੱਠ ਹੋ ਜੂਝਦੇ ਸਨ) ਤਾਂ ਵੀ ਹਾਲਾਤ ਕੁਝ ਹੋਰ ਦੇ ਹੋਰ ਹੀ ਹੁੰਦੇ।

ਜੇਕਰ ਮਨੁੱਖ ਨੇ ਅੱਗੇ ਤੁਰਨਾ ਹੈ ਤਾਂ ਉਸ ਨੂੰ ਆਪਣੇ ਪਿਛਲੇ ਪੱਬ ਤੇ ਪਿੱਛੇ ਨੂੰ ਦੱਬ ਦੇਣੀ ਹੀ ਪੈਂਦੀ ਹੈ ਅਤੇ ਜੇਕਰ ਕਿਸੇ ਕੌਮ ਨੇ ਅੱਗੇ ਵਧਣਾ ਹੈ ਤਾਂ ਉਸ ਲਈ ਆਪਣੇ ਵਿਰਸੇ ਉੱਪਰ ਤੈਰਵੀਂ ਨਜ਼ਰ ਨਾਲ ਨਹੀਂ ਬਲਕਿ ਨੀਝ ਲਾ ਕੇ ਦੇਖਣਾ ਹੀ ਬਣਦਾ ਹੈ। ਉਸ ਕੌਮ ਦੇ ਵਾਰਸਾਂ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਗੌਰਵਮਈ ਪੈੜਾਂ ਤੇ ਪਰੰਪਰਾਵਾਂ ਨੂੰ ਅਪਣਾ ਲੈਣ ਅਤੇ ਜੇ ਕਿਧਰੇ ਨਜ਼ਰੀਂ ਕੋਈ ਪਲਿੱਤਣ ਵਾਲੀ ਗੱਲ ਪਈ ਹੈ ਤਾਂ ਉਸ ਤੋਂ ਸਬਕ ਸਿੱਖਿਆ ਜਾਵੇ ਤਾਂ ਕਿ ਗ਼ਲਤੀ ਫਿਰ ਨਾ ਦੁਹਰਾਈ ਜਾਵੇ।

ਅੱਜ ਫਿਰ ਤੋਂ ਸਿੱਖ ਪੰਥ ਵਿਚ ਫੁੱਟ ਪਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ, ਉਸ ਵਿਚ ਵੰਡੀਆਂ ਪਾਉਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਜਾਰੀ ਹਨ। ਸਾਡਾ ਮੱਥਾ ਤਾਂ ਲੱਗਾ ਹੈ ਬਹੁਤ ਹੀ ਚਤੁਰ ਤੇ ਨਿਪੁੰਨ ਨੀਤੀਵਾਨ ਸਿੱਖ-ਵਿਰੋਧੀ ਸ਼ਕਤੀਆਂ ਨਾਲ, ਪਰ ਅਸੀਂ ਆਪਸ ਵਿਚ ਹੋ ਰਹੇ ਹਾਂ ਖੇਰੂੰ-ਖੇਰੂੰ। ਹੋ ਸਕਦਾ ਹੈ ਕਿ ਇਸ ਪਿੱਛੇ ਵੀ ਉਪਰੋਕਤ ਮੰਦਭਾਵੀ ਨੀਤੀਵਾਨਾਂ ਦੀ ਕੋਈ ਚਾਲ ਹੀ ਕੰਮ ਕਰ ਰਹੀ ਹੋਵੇ, ਪਰ ਇਸ ਵਿਚ ਉਨ੍ਹਾਂ ਦਾ ਕੀ ਕਸੂਰ-‘ਦੁਸ਼ਮਣ ਬਾਤ ਕਰੇ ਅਨਹੋਣੀ’ ਉਨ੍ਹਾਂ ਤਾਂ ਉਹ ਹਰ ਢੰਗ- ਤਰੀਕਾ ਵਰਤਣਾ ਹੈ, ਜਿਸ ਨਾਲ ਸਿੱਖਾਂ ਨੂੰ ਨੁੱਕਰੇ ਲਾਇਆ ਜਾ ਸਕੇ। ਇਸ ਸਮੇਂ ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਨਫ਼ਾ ਕਿਸ ਗੱਲ ਵਿਚ ਹੈ ਤੇ ਨੁਕਸਾਨ ਕਿਸ ਵਿਚ? ਜੇਕਰ ਅਸੀਂ ਸਾਰੇ ਹੀ ਪੰਥ ਦੀ ‘ਚੜ੍ਹਦੀ ਕਲਾ’ ਲੋਚਦੇ ਹਾਂ ਤਾਂ ਫਿਰ ਮਿਲ-ਬੈਠ ਕੇ ਛੋਟੇ-ਛੋਟੇ ਮਸਲਿਆਂ ਨੂੰ ਆਪੀਂ ਹੱਲ ਕਿਉਂ ਨਾ ਕਰ ਲਈਏ! ਇਹ ਬੜੀ ਗੰਭੀਰਤਾ ਅਤੇ ਬਾਰੀਕੀ ਨਾਲ ਵਿਚਾਰਨ ਦੀ ਲੋੜ ਹੈ ਕਿ ਕੀ ਕਦੇ ਵੀ ਕੋਈ ਕੌਮ ਐਸੀ ਘਾਤਕ ਫੁੱਟ ਦਾ ਸ਼ਿਕਾਰ ਹੋ ਕੇ ਕਿਸੇ ਮੰਜ਼ਲ ’ਤੇ ਪੁੱਜ ਸਕਦੀ ਹੈ?

ਸਿੱਖਾਂ ਵੱਲੋਂ ਅਜ਼ਾਦ ਭਾਰਤ ਵਿਚ ਪੰਜਾਬ ਦੀ ਬਿਹਤਰੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਲਗਾਏ ਮੋਰਚਿਆਂ ਦੌਰਾਨ ਕੀਤੀਆਂ ਕੁਰਬਾਨੀਆਂ ਦਾ ਇਤਿਹਾਸ ਸਭ ਦੇ ਸਾਹਮਣੇ ਹੈ। ਪੰਜਾਬੀ ਸੂਬੇ ਦੇ ਮੋਰਚੇ, ਐਮਰਜੈਂਸੀ ਵਿਰੁੱਧ ਮੋਰਚੇ ਅਤੇ ਧਰਮ- ਯੁੱਧ ਮੋਰਚੇ ਦੌਰਾਨ ਕੌਮ ਵੱਲੋਂ ਕੁਰਬਾਨੀਆਂ ਦਾ ਤਾਂਤਾ ਹੀ ਲਗਾ ਦਿੱਤਾ ਗਿਆ ਅਤੇ ਇਸ ਨੇ ਲੋਕਤੰਤਰੀ ਅਸੂਲਾਂ ਅੰਦਰ ਰਹਿ ਕੇ ਸੰਘਰਸ਼ ਕਰਦਿਆਂ, ਦੁਨੀਆਂ-ਭਰ ਦੀਆਂ ਹੋਰ ਕੌਮਾਂ ਦੇ ਸੰਘਰਸ਼ਾਂ ਦੇ ਰੀਕਾਰਡ ਮਾਤ ਕਰ ਦਿੱਤੇ। ਪਰ ਸਮੇਂ ਦੀ ਹਕੂਮਤ ਨੇ ਸਾਡੇ ਅਤੀ ਪਵਿੱਤਰ ਅਤੇ ਸ਼ਰਧਾਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਪਰ ਫੌਜੀ ਹਮਲਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਤ ਕੀਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਾਹ-ਢੇਰੀ ਕਰਨਾ, ਹਜ਼ਾਰਾਂ ਸਿੰਘਾਂ ਦੀ ਸ਼ਹਾਦਤ ਅਤੇ ਫਿਰ ਸਮੁੱਚੇ ਪੰਜਾਬ ਵਿਚ ਸਿੱਖਾਂ ਨੂੰ ਚੁਣ-ਚੁਣ ਕੇ ਮਾਰਨ ਤੇ ਜ਼ਲੀਲ ਕਰਨ ਦਾ ਚੱਕਰ ਚਲਾਇਆ। ਅਜੇ ਇਹ ਜ਼ਖ਼ਮ ਅੱਲ੍ਹੇ ਹੀ ਸਨ ਕਿ ਨਵੰਬਰ 84 ਵਿਚ ਪੰਜਾਬ ਤੋਂ ਬਾਹਰਲੇ ਰਾਜਾਂ ਵਿਚਲੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਐਸਾ ਜ਼ਾਲਮਾਨਾ ਦੌਰ ਚਲਾਇਆ ਗਿਆ ਕਿ ਹਜ਼ਾਰਾਂ ਹੀ ਸਿੱਖਾਂ ਨੂੰ ਤਿੰਨ-ਚਾਰ ਦਿਨਾਂ ਵਿਚ ਸ਼ਹੀਦ ਕਰ ਦਿੱਤਾ ਗਿਆ, ਧੀਆਂ-ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਅਤੇ ਘਰੋਂ-ਬੇਘਰ ਕਰ ਦਿੱਤਾ ਗਿਆ। ਇਤਨਾ ਕੁਝ ਹੋ ਕੇ, ਇਕ ਸਮਝੌਤਾ ਹੋਇਆ ਪਰ ਮਸਲਾ ਫਿਰ ਲੁੜਕ ਗਿਆ।

ਪ੍ਰਧਾਨ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਦੇ ਦਸਤਖ਼ਤਾਂ ਹੇਠ ਇਕ ਸਮਝੌਤਾ ਵੀ ਹੋਇਆ ਪਰ ਉਸਦਾ ਕੀ ਬਣਿਆ? ਮਸਲੇ ਤਾਂ ਇਹ ਸਨ ਜੋ ਇਕਮੁੱਠ ਹੋ ਕੇ ਸਭ ਦੇ ਵਿਚਾਰ ਅਧੀਨ ਹੋਣੇ ਚਾਹੀਦੇ ਸਨ। ਪਰ ਇਹ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਇਨ੍ਹਾਂ ਮਸਲਿਆਂ ਵੱਲ ਗੰਭੀਰਤਾ ਨਾਲ ਧਿਆਨ ਦੇਣ ਦੀ ਬਜਾਇ ਅੱਜ ਫਿਰ ਤੋਂ ਸਿੱਖ ਨੇ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਪਾਟੋ-ਧਾੜ ਦੇ ਪਿੜ ਮੱਲੇ ਹੋਏ ਹਨ। ਚਾਤੁਰ ਨੀਤੀਵਾਨ ਐਸੀ ਸਥਿਤੀ ਦਾ ਫਾਇਦਾ ਉਠਾ ਕੇ ਗੁਆਂਢੀ ਰਾਜ ਹਰਿਆਣਾ ਦੇ ਸਿੱਖਾਂ ਅਤੇ ਪੰਜਾਬ ਦੇ ਸਿੱਖਾਂ ਅੰਦਰ ਫੁੱਟ ਪਾਉਣ ਦੀਆਂ ਗੋਂਦਾਂ ਗੁੰਦ ਰਿਹਾ ਹੈ। ਕਈ ਤਰ੍ਹਾਂ ਦੇ ਲੋਭ-ਲਾਲਚ ਦੇ ਕੇ ਸਿੱਖਾਂ ਨੂੰ ਉਨ੍ਹਾਂ ਦੇ ਭਰਾਵਾਂ ਨਾਲੋਂ ਨਿਖੇੜਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਹਰਿਆਣੇ ਵਿਚਲੇ ਰਹਿ ਰਹੇ ਸਾਡੇ ਸਿੱਖ ਭਰਾਵਾਂ ਨੂੰ ਉਨ੍ਹਾਂ ਦੇ ਹਿੱਤਾਂ ਨੂੰ ਪਾਸੇ ਕਰਨ ਦੇ ਹਿਮਾਲਾ ਪਹਾੜ ਜਿੱਡੇ ਝੂਠ ਰਾਹੀਂ ਉਨ੍ਹਾਂ ਨੂੰ ਹਰਿਆਣੇ ਦੇ ਗੁਰਦੁਆਰਾ ਸਾਹਿਬਾਨ ਦੀ ਵੱਖਰੀ ਕਮੇਟੀ ਬਣਾਉਣ ਵਾਸਤੇ ਭਰਮਾਇਆ ਤੇ ਉਕਸਾਇਆ ਜਾ ਰਿਹਾ ਹੈ। ਸਾਨੂੰ ਸਮੂਹ ਸਿੱਖ ਭਰਾਵਾਂ ਨੂੰ ਐਸੇ ਸਮੇਂ ਡੂੰਘੀ ਵਿਚਾਰ ਅਤੇ ਉੱਚੀ-ਸੁੱਚੀ ਸੁਚੇਤਨਾ ਤੇ ਹੋਸ਼-ਹਵਾਸ ਕਾਇਮ ਰੱਖਣ ਵਾਸਤੇ ਉਚੇਚੇ ਤੌਰ ’ਤੇ ਯਤਨਸ਼ੀਲ ਹੋਣਾ ਚਾਹੀਦਾ ਹੈ। ਸਾਨੂੰ ਕਦਾਚਿਤ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਸ਼ਾਤਰ ਸ਼ਿਕਾਰੀ ਸ਼ਿਕਾਰ ਕਰਨ ਤੋਂ ਪਹਿਲਾਂ ਆਪਣੀ ਨਜ਼ਰ ਹੇਠ ਲਿਆਂਦੇ ਸ਼ਿਕਾਰ ਨੂੰ ਉਸ ਦੇ ਝੁੰਡ ਨਾਲੋਂ ਨਿਖੇੜ ਕੇ ਹੀ ਡਕਾਰਦਾ ਹੈ।

ਕਮਿਸ਼ਨਾਂ ਤੇ ਕਮੇਟੀਆਂ ਦੇ ਨਤੀਜਿਆਂ ਤੋਂ ਮਾੜਿਆਂ ਜਾਂ ਘੱਟ-ਗਿਣਤੀਆਂ ਨੂੰ ਨਾ ਕਦੇ ਇਨਸਾਫ਼ ਮਿਲਿਆ ਹੈ ਅਤੇ ਨਾ ਮਿਲਣ ਦੀ ਜ਼ਿਆਦਾ ਆਸ ਰੱਖਣੀ ਚਾਹੀਦੀ ਹੈ। ਸਿੱਖ ਕੌਮ ਦੇ ਹਰ ਬਸ਼ਰ ਨੂੰ ਇਹ ਨੁਕਤਾ ਪੱਕੀ ਤਰ੍ਹਾਂ ਪੱਲੇ ਬੰਨ੍ਹਣਾ ਚਾਹੀਦਾ ਹੈ ਕਿ ਅੱਜ ‘ਏਕਤਾ’, ਦ੍ਰਿੜ੍ਹ ਇਰਾਦਾ ਅਤੇ ਵਾਹਿਗੁਰੂ ਉੱਪਰ ਪੂਰਨ ਭਰੋਸਾ ਹੀ ਐਸੀਆਂ ਸ਼ਕਤੀਆਂ ਹਨ ਜੋ ਕੌਮ ਨੂੰ ਅੱਗੇ ਲਿਜਾ ਸਕਦੀਆਂ ਹਨ। ਸੋ, ਇਸ ਨਾਜ਼ੁਕ ਸਮੇਂ ਸਾਨੂੰ ਸਭ ਨੂੰ ਵੱਧ ਤੋਂ ਵੱਧ ਇਤਫ਼ਾਕ ਤੇ ਏਕੇ ਦਾ ਸਬੂਤ ਦੇਣਾ ਚਾਹੀਦਾ ਹੈ। ਗੁਰੂ ਮਹਾਰਾਜ ਕਿਰਪਾ ਕਰਨ ਆਪਣੇ ਪਿਆਰੇ ਪੰਥ ਦੇ ਆਪ ਸਹਾਈ ਹੋਵਣ, ਇਹ ਸਾਡੀ ਸਭ ਦੀ ਅਰਦਾਸ ਹੋਣੀ ਚਾਹੀਦੀ ਹੈ। ਕਿਸੇ ਪਾਸ ‘ਹੋਸ਼’ ਦੀ ਬਹੁਲਤਾ ਹੋ ਸਕਦੀ ਹੈ, ਕਿਸੇ ਪਾਸ ‘ਜੋਸ਼’ ਦੀ। ਪਰ ਇਹ ‘ਹੋਸ਼’ ਅਤੇ ‘ਜੋਸ਼’ ਇਕੱਠੇ ਮਿਲ ਕੇ ਹੀ ਕਿਸੇ ਮੰਜ਼ਲ ਨੂੰ ਪ੍ਰਾਪਤ ਕਰ ਸਕਦੇ ਹਨ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Waryam Singh
ਸਕੱਤਰ, ਧਰਮ ਪ੍ਰਚਾਰ ਕਮੇਟੀ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)