editor@sikharchives.org

ਪੀਰ ਬੁੱਧੂ ਸ਼ਾਹ ਜੀ

ਭਾਈ ਵੀਰ ਸਿੰਘ ਨੇ ਪੀਰ ਜੀ ਵੱਲੋਂ ਭੰਗਾਣੀ ਯੁੱਧ ਅੰਦਰ ਕੀਤੀ ਕੁਰਬਾਨੀ ਦਾ ਆਧਾਰ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਵਾਲੀ ਪ੍ਰੀਤ ਨੂੰ ਹੀ ਮੰਨਿਆ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਇਤਿਹਾਸ ਅਤੇ ਰਵਾਇਤਾਂ ਅੰਦਰ ਅਨੇਕਾਂ ਐਸੀਆਂ ਉਦਾਹਰਣਾਂ ਹਨ ਜਿੱਥੇ ਸੰਸਾਰ ਦੇ ਸਾਰੇ ਵਖਰੇਵੇਂ ਮੇਟ ਕੇ ਸੱਚੇ ਪਿਆਰ ਵਾਲਿਆਂ ਨੇ ਆਪਣੀ ਪ੍ਰੀਤ ਨਿਭਾਈ। ਅਜਿਹੀ ਸੱਚੀ ਪ੍ਰੀਤ ਵਾਲਿਆਂ ਵਿੱਚੋਂ ਹੀ ਇਕ ਸਨ ਪੀਰ ਬੁੱਧੂ ਸ਼ਾਹ ਜੀ। ਆਪ ਜੀ ਦਸਮ-ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਨੋ-ਮਨੋ ਪ੍ਰੇਮੀ ਸਨ। ਆਪ ਦਾ ਜਨਮ 13 ਜੂਨ 1647 ਈ: ਨੂੰ ਸੱਯਦ ਗ਼ੁਲਾਮ ਸ਼ਾਹ ਦੇ ਘਰ ਅੰਬਾਲਾ ਜ਼ਿਲ੍ਹੇ ਦੇ ਸਢੌਰਾ ਕਸਬੇ ਵਿਚ ਹੋਇਆ ਸੀ।1 ਇਹ ਸਢੌਰਾ ਨਗਰ ਬਹੁਤ ਪੁਰਾਣਾ ਦੱਸਿਆ ਜਾਂਦਾ ਹੈ। ਬੋਧੀਆਂ ਦੇ ਸਮੇਂ ਇਹ ਉਨ੍ਹਾਂ ਦਾ ਧਰਮ ਅਸਥਾਨ ਸੀ ਅਤੇ ਇਸ ਦਾ ਨਾਂ ਸਾਧਾਵਰ ਸੀ, ਜਿਸ ਤੋਂ ਵਿਗੜ ਕੇ ਸਾਧੂਵਾੜਾ ਅਤੇ ਫੇਰ ਸਢੌਰਾ ਬਣਿਆ।2 ਮੁਗ਼ਲ ਕਾਲ ਵਿਚ ਇਹ ਮੁਸਲਮਾਨਾਂ ਦਾ ਮਹੱਤਵਪੂਰਨ ਟਿਕਾਣਾ ਸੀ। ਇਸੇ ਇਲਾਕੇ ਵਿਚ ਸਮਾਣਾ ਪੀਰ ਬੁੱਧੂ ਸ਼ਾਹ ਜੀ ਦੇ ਪੁਰਖਿਆਂ ਦਾ ਪਿੰਡ ਸੀ। ਪੀਰ ਬੁੱਧੂ ਸ਼ਾਹ ਬਚਪਨ ਤੋਂ ਹੀ ਮਸਤਾਨੇ ਜਿਹੇ ਰਹਿੰਦੇ ਸਨ। ਸੰਸਾਰਕ ਮਾਮਲਿਆਂ ਤੋਂ ਭੋਲੇ ਹੋਣ ਕਰਕੇ ਹੀ ਆਪ ਦਾ ਨਾਂ ਬੁੱਧੂ ਸ਼ਾਹ ਪ੍ਰਚਲਤ ਹੋ ਗਿਆ ਸੀ। 18 ਸਾਲ ਦੀ ਉਮਰ ਵਿਚ ਆਪ ਦਾ ਵਿਆਹ ਬੀਬੀ ਨਸੀਰਾਂ ਨਾਲ ਹੋਇਆ, ਜਿਸ ਦਾ ਭਰਾ ਸੈਦਖਾਨ ਬਾਅਦ ਵਿਚ ਔਰੰਗਜ਼ੇਬ ਦੀ ਫੌਜ ਵਿਚ ਉੱਚ ਅਹੁਦੇ ’ਤੇ ਨਿਯੁਕਤ ਹੋਇਆ।3

ਪੀਰ ਬੁੱਧੂ ਸ਼ਾਹ ਜੀ ਨੂੰ ਆਮ ਤੌਰ ’ਤੇ ਭੰਗਾਣੀ ਦੇ ਯੁੱਧ ਨਾਲ ਸੰਬੰਧਿਤ ਹੋਣ ਕਰਕੇ ਜਾਣਿਆ ਜਾਂਦਾ ਹੈ। ਵਾਕਿਆਤ ਇਹ ਹੈ ਕਿ ਔਰੰਗਜ਼ੇਬ ਦੀ ਫੌਜ ਵਿੱਚੋਂ ਕੱਢੇ ਗਏ ਕੁਝ ਪਠਾਣ ਜਰਨੈਲ ਪੀਰ ਬੁੱਧੂ ਸ਼ਾਹ ਕੋਲ ਫਰਿਆਦੀ ਹੋਏ। ਇਹ ਪਠਾਣ ਦਾਮਲਾ (ਕਰਨਾਲ) ਇਲਾਕੇ ਨਾਲ ਸੰਬੰਧਿਤ ਦੱਸੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਕਾਲਾ ਖਾਨ, ਭੀਕਨ ਖਾਨ, ਹਯਾਤ ਖਾਨ ਅਤੇ ਨਿਜ਼ਾਬਤ ਖਾਨ ਮੁੱਖ ਸਰਦਾਰ ਸਨ ਅਤੇ ਕੁੱਲ ਗਿਣਤੀ ਪੰਜ ਸੌ ਸੀ। ਪੀਰ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਇਨ੍ਹਾਂ ਦੀ ਸਿਫਾਰਸ਼ ਕਰਕੇ ਰਖਵਾਇਆ।4 ਇਹ ਪਠਾਣ ਗੁਰੂ ਜੀ ਪਾਸ ਪਾਉਂਟਾ ਸਾਹਿਬ ਵਿਖੇ ਕਾਫ਼ੀ ਸਮਾਂ ਰਹੇ ਅਤੇ ਆਪਣੀ ਬਣਦੀ ਤਨਖਾਹ ਲੈˆਦੇ ਰਹੇ, ਪਰ ਜਦੋਂ ਪਹਾੜੀ ਰਾਜਿਆਂ ਨੇ ਬਿਨਾਂ ਕਾਰਨ ਹੀ ਗੁਰੂ ਸਾਹਿਬ ਨਾਲ ਜੰਗ ਕਰਨ ਦੀਆਂ ਤਿਆਰੀਆਂ ਕਰ ਲਈਆਂ ਤਾਂ ਜੰਗ ਸਿਰ ’ਤੇ ਆਈ ਸਮੇਂ ਇਹ ਪਠਾਣ ਆਪਣੇ ਘਰਾਂ ਨੂੰ ਜਾਣ ਦੇ ਬਹਾਨੇ ਗੁਰੂ ਜੀ ਤੋਂ ਛੁੱਟੀਆਂ ਮੰਗਣ ਲੱਗੇ। ਗੁਰੂ ਜੀ ਨੇ ਤਨਖਾਹ ਦੁੱਗਣੀ ਕਰਨ ਬਾਰੇ ਕਿਹਾ, ਸੂਰਮਗਤੀ ਦੇ ਧਰਮ ਨੂੰ ਪਾਲਣ ਲਈ ਪ੍ਰੇਰਿਆ, ਪਰ ਉਹ ਮੰਨੇ ਨਹੀਂ ਅਤੇ ਕਾਲਾ ਖਾਨ ਨੂੰ ਛੱਡ ਕੇ ਬਾਕੀ ਸਾਰੇ ਸਰਦਾਰ ਆਪਣੇ ਸਾਥੀਆਂ ਸਹਿਤ ਪਾਉਂਟਾ ਸਾਹਿਬ ਤੋਂ ਚਲੇ ਗਏ। ਕਾਲਾ ਖਾਨ ਦੇ ਨਮਕਹਰਾਮੀ ਨਾ ਹੋਣ ਦੇ ਦ੍ਰਿੜ੍ਹ ਇਰਾਦੇ ਨੂੰ ਦੇਖ ਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਉਸ ਨੂੰ ਇਨਾਮ ਬਖ਼ਸ਼ਿਆ। ਗੁਰੂ ਜੀ ਨੂੰ ਛੱਡ ਕੇ ਗਏ ਪਠਾਣ ਪਹਾੜੀ ਰਾਜਿਆਂ ਨਾਲ ਜਾ ਮਿਲੇ। ਉਨ੍ਹਾਂ ਨੇ ਜਿੱਤ ਉਪਰੰਤ ਗੁਰੂ ਦੇ ਖ਼ਜ਼ਾਨੇ ਦੀ ਲੁੱਟ ਮਾਫ ਦਾ ਸੌਦਾ ਕੀਤਾ।

ਜਦੋਂ ਪੀਰ ਬੁੱਧੂ ਸ਼ਾਹ ਨੂੰ ਪਠਾਣਾਂ ਦੀ ਇਸ ਨਮਕਹਰਾਮੀ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਆਪ ਸੰਕਟ ਦੇ ਇਸ ਸਮੇਂ ਗੁਰੂ ਜੀ ਦੀ ਸਹਾਇਤਾ ਲਈ ਜਾਣ ਦੀ ਤਿਆਰੀ ਕੀਤੀ। ਪੀਰ ਜੀ ਨੇ ਆਪਣੇ ਮੁਰੀਦ ਇਕੱਤਰ ਕੀਤੇ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਭੰਗਾਣੀ ਨੂੰ ਚੱਲ ਪਏ। ਇਸ ਯੁੱਧ ਵਿਚ ਆਪ ਜੀ ਨੇ ਆਪਣੇ 700 ਮੁਰੀਦ, ਚਾਰ ਪੁੱਤਰ ਅਤੇ ਇਕ ਭਾਈ ਭੂਰੇ ਸ਼ਾਹ ਸਹਿਤ ਹਿੱਸਾ ਲਿਆ।5 ਪੀਰ ਜੀ ਜਿਸ ਸਮੇਂ ਭੰਗਾਣੀ ਪਹੁੰਚੇ ਉਸ ਸਮੇਂ ਤਕ ਦੋਨਾਂ ਪਾਸੇ ਮੋਰਚੇਬੰਦੀ ਹੋ ਚੁੱਕੀ ਸੀ। ਗੁਰੂ ਜੀ ਭਾਈ ਦਇਆ ਰਾਮ ਨੂੰ ਨਾਲ ਲੈ ਕੇ ਵੈਰੀ ਦਲ ਦੀ ਵੰਡ ਨੂੰ ਘੋਖ ਰਹੇ ਸਨ। ਪੀਰ ਜੀ ਦੀ ਕੁਮਕ (ਫੌਜੀ ਟੁਕੜੀ) ਲਈ ਗੁਰੂ ਜੀ ਨੇ ਸੰਗੋ ਸ਼ਾਹ ਨੂੰ ਫੌਰੀ ਤੌਰ ’ਤੇ ਮੈਦਾਨ ਅੰਦਰ ਜਗ੍ਹਾ ਦੇਣ ਲਈ ਕਿਹਾ।6 ਪੀਰ ਜੀ ਆਪਣੇ ਸਾਥੀਆਂ ਸਹਿਤ ਬਹਾਦਰੀ ਨਾਲ ਲੜੇ। ਜਮਨਾ ਦੇ ਕਿਨਾਰੇ ਵਾਲੇ ਪਾਸੇ ਉਨ੍ਹਾਂ ਨੇ ਵੈਰੀ ਦਲ ਦੇ ਅਨੇਕਾਂ ਹੱਲਿਆਂ ਨੂੰ ਠੱਲ੍ਹ ਪਾਉਂਦੇ ਹੋਏ ਵੈਰੀ ਦਲ ਨੂੰ ਮਾਤ ਦਿੱਤੀ। ਇਸ ਯੁੱਧ ਅੰਦਰ ਹੋਰਨਾਂ ਅਨੇਕਾਂ ਗੁਰੂ ਪਿਆਰੇ ਸਿੱਖਾਂ ਦੇ ਨਾਲ ਸ਼ਹੀਦ ਹੋਣ ਵਾਲਿਆਂ ਵਿਚ ਪੀਰ ਬੁੱਧੂ ਸ਼ਾਹ ਜੀ ਦੇ ਦੋ ਸਪੁੱਤਰ ਅਸ਼ਰਫ ਸ਼ਾਹ ਅਤੇ ਮੁਹੰਮਦ ਸ਼ਾਹ, ਇਕ ਭਰਾ ਭੂਰੇ ਸ਼ਾਹ ਅਤੇ ਕਈ ਮੁਰੀਦ ਸ਼ਾਮਲ ਸਨ।7

ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਦਿੱਤੇ ਇਕਰਾਰ ਜਿਸ ਨੂੰ ਪਠਾਣ ਸਰਦਾਰਾਂ ਨੇ ਤੋੜ ਦਿੱਤਾ ਸੀ ਨੂੰ ਨਿਭਾਇਆ। ਉਹ ਸੱਚਮੁੱਚ ਉੱਚੇ ਇਖ਼ਲਾਕ ਦੀ ਵੱਡੀ ਮਿਸਾਲ ਹੈ, ਪਰ ਸਾਡੇ ਵਾਸਤੇ ਪੀਰ ਬੁੱਧੂ ਸ਼ਾਹ ਜੀ ਇਸ ਤੋਂ ਵੱਧ ਹੋਰ ਵੀ ਬਹੁਤ ਪ੍ਰੇਰਨਾਵਾਂ ਆਪਣੀ ਸ਼ਖ਼ਸੀਅਤ ਵਿਚ ਸਮੋਈ ਬੈਠੇ ਹਨ, ਜਿਸ ਦਾ ਜ਼ਿਕਰ ਵੱਖ-ਵੱਖ ਇਤਿਹਾਸਕ ਗ੍ਰੰਥਾਂ ਵਿਚ ਕੀਤਾ ਮਿਲਦਾ ਹੈ। ਸਿੱਖ ਧਰਮ ਉੱਚੇ ਆਦਰਸ਼ਾਂ ਅਤੇ ਅਮਲੀ ਰੂਪ ਵਿਚ ਉਨ੍ਹਾਂ ਦੇ ਸਤਿਕਾਰ ਵਿਚ ਵਿਸ਼ਵਾਸ ਰੱਖਦਾ ਹੈ।

ਭਾਈ ਵੀਰ ਸਿੰਘ ਨੇ ਪੀਰ ਜੀ ਵੱਲੋਂ ਭੰਗਾਣੀ ਯੁੱਧ ਅੰਦਰ ਕੀਤੀ ਕੁਰਬਾਨੀ ਦਾ ਆਧਾਰ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਵਾਲੀ ਪ੍ਰੀਤ ਨੂੰ ਹੀ ਮੰਨਿਆ ਹੈ। ਪੀਰ ਬੁੱਧੂ ਸ਼ਾਹ ਜੀ ਦੀ ਸ਼ਖ਼ਸੀਅਤ ਬਾਰੇ ਉਹ ਇਸ ਤਰ੍ਹਾਂ ਦੱਸਦੇ ਹਨ :-

ਬੁਧੂ ਸ਼ਾਹ ਫਕੀਰ ਸਾਈਂ ਦਾ, ਦਸਮ ਗੁਰਾਂ ਦਾ ਪ੍ਰੇਮੀ। 8
ਸਿਦਕ ਸਬੂਰੀ ਹੁਕਮੀ ਬੰਦਾ, ਧੰਨਵਾਦ ਦਾ ਨੇਮੀ।

ਭਾਈ ਸੰਤੋਖ ਸਿੰਘ ਜੀ ਪੀਰ ਬੁੱਧੂ ਸ਼ਾਹ ਦੀ ਭੰਗਾਣੀ ਵੱਲ ਰਵਾਨਗੀ ਸਮੇਂ ਗੁਰੂ ਦਰਸ਼ਨਾਂ ਦੇ ਚਾਅ ਨੂੰ ਇੰਞ ਬਿਆਨ ਕਰਦੇ ਹਨ :

ਅਬਿ ਪੁਰਸ਼ਾਰਥ ਮੈ ਨਿਜ ਕਰੌਂ।
ਤਨ ਮਨ ਦੈ ਗੁਰ ਕਾਰਜ ਕਰੋਂ।
ਚਹਤਿ ਪ੍ਰਭੂ ਢਿਗ ਅਪਨਿ ਰਸੀਦ।
ਕਰੇ ਸਕੇਲਨਿ ਸਕਲ ਮੁਰੀਦ।
ਭਏ ਸਾਤ ਸੈ ਗਿਨਤੀ ਮਾਂਹਿ।
ਰਣ ਕਰਿਬੇ ਕੀ ਧਰਤਿ ਉਮਾਹਿ।
ਚਾਰ ਪੁੱਤ੍ਰ ਅਪਨੇ ਸੰਗ ਲੀਨੇ।
ਸਵਾਧਾਨ ਸ਼ਸਤ੍ਰਨਿ ਜੁਤਿ ਕੀਨੇ।
ਸ਼ਹਿਰ ਸਢੌਰੇ ਤੇ ਚਲਿ ਪਰਯੋ।
ਪ੍ਰੇਮ ਗੁਰੂ ਦਰਸ਼ਨ ਕੋ ਧਰਯੋ। (ਗੁਰਪ੍ਰਤਾਪ ਸੂਰਜ ਜਿਲਦ 11ਵੀਂ,ਸਫਾ 478)

ਇਸ ਕਰਕੇ ਜਦੋਂ ਅਸੀਂ ਗੁਰੂ ਸਾਹਿਬ ਅਤੇ ਪੀਰ ਜੀ ਦੀ ਸਾਂਝ ਦਾ ਜ਼ਿਕਰ ਕਰਦੇ ਹਾਂ ਤਾਂ ਸਾਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਇਹ ਕੋਈ ਦੁਨਿਆਵੀ ਮਿੱਤਰਤਾ ਜਾਂ ਸੱਖਣੀ ਨੈਤਿਕਤਾ ਨਹੀਂ, ਸਗੋਂ ਗੁਰੂ ਸਾਹਿਬ ਆਪ ਮਨੁੱਖ ਨੂੰ ਦੁਨਿਆਵੀ ਸਾਂਝ ਦੇ ਸੁਆਰਥਾਂ ਨਾਲ ਬੱਝੇ ਹੋਣ ਬਾਰੇ ਸੁਚੇਤ ਕਰਦੇ ਹਨ। ਇਤਿਹਾਸ ਗਵਾਹ ਹੈ ਕਿ ਰੱਬੀ ਬਖਸ਼ਿਸ਼ ਤੋਂ ਬਿਨਾਂ ‘ਵੱਡੇ ਬਹਾਦਰਾਂ’ ਦੇ ਇਖ਼ਲਾਕ ਵੀ ਸਰਕਾਰਾਂ ਅਤੇ ਫੌਜਾਂ ਦੇ ਅੱਗੇ ਡੋਲ ਜਾਂਦੇ ਹਨ।

ਸੂਫ਼ੀ ਫ਼ਕੀਰ ਮਨਸੂਰ ਅਤੇ ਉਸ ਦੇ ਮਿੱਤਰ ਸ਼ਿਬਲੀ ਦੀ ਕਥਾ ਹਰ ਕੋਈ ਜਾਣਦਾ ਹੈ। ਬਗਦਾਦ ਦੀ ਸਰਕਾਰ ਨੇ ਮਨਸੂਰ ’ਤੇ ਹਰ ਸਾਹਮਣੇ ਆਉਣ ਵਾਲੇ ਵੱਲੋਂ ਪੱਥਰ ਮਾਰੇ ਜਾਣ ਦਾ ਹੁਕਮ ਸੁਣਾਇਆ। ਸ਼ਿਬਲੀ ਨੇ ਨਾ ਚਾਹੁੰਦੇ ਹੋਏ ਵੀ ਹੁਕਮ ਅਦੂਲੀ ਦੇ ਡਰੋਂ ਪੱਥਰ ਦੀ ਥਾਂਵੇਂ ਮਨਸੂਰ ਨੂੰ ਫੁੱਲ ਮਾਰ ਦਿੱਤਾ ਬੇਸ਼ੱਕ ਮਨਸੂਰ ਨੂੰ ਉਹ ਫੁੱਲ ਲੋਕਾਂ ਦੇ ਪੱਥਰਾਂ ਤੋਂ ਵੱਧ ਦੁਖਦਾਈ ਲੱਗਾ ਸੀ।

ਪੀਰ ਬੁੱਧੂ ਸ਼ਾਹ ਜੀ ਰੱਬ ਦੀ ਪ੍ਰੀਤ ਦੇ ਸੱਚੇ ਰਾਹੀ ਸਨ। ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਹੋਰਾਂ ਦੇ ਸ਼ਬਦਾਂ ਵਿਚ:

ਕਿਤਿਕ ਦੂਰ ਪੁਰਿ ਬਸਹਿ ਸਢੌਰਾ।
ਬੁੱਧੂ ਸ਼ਾਹਿ ਸਦਨ ਤਿਸ ਠੌਰਾ।
ਮਗ ਖ਼ੁਦਾਇ ਕੋ ਪ੍ਰੇਮੀ ਅਹੈ।
ਸੰਤਨਿ ਸੰਗ ਮਿਲਿਨਿ ਚਿਤ ਚਹੈ। (ਸਫਾ 4685)

ਪੀਰ ਬੁੱਧੂ ਸ਼ਾਹ ਨੇ ਗੁਰੂ ਜੀ ਦੀ ਮਹਿਮਾ ਪਹਿਲਾਂ ਤੋਂ ਸੁਣੀ ਹੋਈ ਸੀ। ਚਿਰਾਂ ਤੋਂ ਸੱਚੀ ਬੰਦਗੀ ਅਤੇ ਸੱਚੇ ਰਾਹ ਦੇ ਪਾਂਧੀ ਪੀਰ ਬੁੱਧੂ ਸ਼ਾਹ ਜੀ ਗੁਰੂ ਜੀ ਦੇ ਦਰਸ਼ਨ ਕਰਕੇ ਪੂਰਨਤਾ ਦੇ ਘਰ ਪਹੁੰਚੇ। ਪਹਿਲੀ ਵਾਰ ਦਰਸ਼ਨ ਕਰਨ ਵਿਚ ਹੀ ਉਨ੍ਹਾਂ ਆਪਣਾ ਸਭ ਕੁਝ ਗੁਰੂ ਪਿਆਰ ਲਈ ਅਰਪਣ ਕਰ ਦਿੱਤਾ ਸੀ :

ਮਹਿਮਾ ਸੁਨੀ ਘਨੀ ਬਹੁ ਦਿਨ ਤੇ।
ਚਹਤਿ ਮਿਲਨਿ ਕੋ ਪ੍ਰੀਤੀ ਮਨ ਤੇ।…
ਐਸੀ ਮਿਲਨੀ ਅਬਿ ਮਿਲ ਗਯੋ।
ਲੇ ਦਰਸ਼ਨ ਕੋ ਮਨ ਦੇ ਦਿਯੋ।
ਅਸ ਬਿਵਹਾਰ ਬਿਨਾ ਮੁਖ ਬੋਲੇ।
ਹੋਇ ਚੁਕਯੋ ਤੂਰਨ ਬਿਨ ਤੋਲੇ॥(ਸਫਾ 4686)

ਪੀਰ ਜੀ ਦਾ ਐਸਾ ਪ੍ਰੇਮ ਦੇਖ ਕੇ ‘ਗੁਰਮੁਖ-ਜਨਾਂ ਦੇ ਖੋਜੀ’ ਸੰਤ ਗੁਰੂ ਪ੍ਰੇਮ ਕੀਤੇ ਬਿਨਾਂ ਕਿਵੇਂ ਰਹਿ ਸਕਦੇ ਸਨ :

ਉਕਤਿ ਜੁਗਤਿ ਸਤਿਗੁਰ ਜਬਿ ਸੁਨੀ।
ਰੀਝ ਮੌਜ ਕਰੁਨਾ ਕਿਯ ਘਨੀ॥ (ਸਫਾ 4686)

ਇਹ ਸਾਂਝ ਜਿਸ ਦੇ ਆਧਾਰ ਵਿਚ ਇਕ ਅਕਾਲ-ਪੁਰਖ ਦੀ ਸੱਚੀ ਪ੍ਰੀਤ ਸੀ ਸੰਸਾਰ ਦੇ ਸਾਰੇ ਬੰਧਨਾਂ ਤੋਂ ਸੁਤੰਤਰ ਹੋ ਕੇ ਵਧੀ, ਫੁੱਲੀ ਅਤੇ ਨਿਭੀ ਪਰ ਕਿਤੇ ਵੀ ਡੋਲਣ ਵਰਗੀ ਜਾਂ ਪਿੱਛੇ ਹਟਣ ਵਰਗੀ ਕੋਈ ਘੜੀ ਪਲ ਨਹੀਂ ਆਇਆ। ਭੰਗਾਣੀ ਯੁੱਧ ਅੰਦਰ ਇਕ ਭਰਾ, ਦੋ ਸਪੁੱਤਰਾਂ ਅਤੇ ਹੋਰ ਮੁਰੀਦਾਂ ਦੀ ਸ਼ਹਾਦਤ ਉਪਰੰਤ ਵੀ ਪੀਰ ਜੀ ਅਕਾਲ ਪੁਰਖ ਦੀ ਰਜ਼ਾ ਵਿਚ ਰਹਿੰਦੇ ਹਨ :

ਭੰਗਾਣੀ ਯੁੱਧ ਫਤਹਿ ਹੋਣ ਤੋਂ ਬਾਅਦ ਜਦੋਂ ਪੀਰ ਬੁੱਧੂ ਸ਼ਾਹ ਜੀ ਗੁਰੂ ਜੀ ਪਾਸੋਂ ਵਿਦਾ ਹੋਣ ਲੱਗੇ, ਉਸ ਸਮੇਂ ਗੁਰੂ ਜੀ ਇਸ਼ਨਾਨ ਕਰਕੇ ਤਿਆਰ ਹੋ ਰਹੇ ਸਨ। ਗੁਰੂ ਜੀ ਨੇ ਬੁੱਧੂ ਸ਼ਾਹ ਨੂੰ ਕਈ ਕੀਮਤੀ ਭੇਟਾਵਾਂ ਦੇਣੀਆਂ ਚਾਹੀਆਂ, ਪਰ ਉਹ ਨਿਮਰਤਾ ਸਹਿਤ ਇਨਕਾਰ ਕਰਦੇ ਰਹੇ। ਪੀਰ ਜੀ ਨੇ ਗੁਰੂ ਜੀ ਪਾਸੋਂ ਉਨ੍ਹਾਂ ਦਾ ਕੰਘਾ ਅਤੇ ਉਸ ਵਿਚ ਲੱਗੇ ਹੋਏ ਕੇਸ ਨਿਸ਼ਾਨੀ ਵਜੋਂ ਮੰਗੇ, ਜਿਸ ਨੂੰ ਗੁਰੂ ਜੀ ਨੇ ਪ੍ਰਵਾਨ ਕਰਦਿਆਂ ਹੋਇਆਂ ਕੰਘਾ (ਕੇਸ ਸਹਿਤ) ਦਸਤਾਰ, ਛੋਟੀ ਕ੍ਰਿਪਾਨ ਅਤੇ ਹੁਕਮਨਾਮਾ ਬਖ਼ਸ਼ਿਆ। ਭਾਈ ਵੀਰ ਸਿੰਘ ਨੇ, “ਇਕ ਪੁਸ਼ਾਕ ਅਤੇ ਪੀਰ ਜੀ ਦੇ ਸਾਥੀਆਂ ਨੂੰ 5000/- ਰੁ. ਮਠਿਆਈ ਵਾਸਤੇ ਦੇਣ ਦਾ ਵੀ ਜ਼ਿਕਰ ਕੀਤਾ ਹੈ।”9

ਪੀਰ ਜੀ ਨੇ ਆਪਣੇ ਮੁਰੀਦਾਂ ਅਤੇ ਸੰਗੀ-ਸਾਥੀਆਂ ਨੂੰ ਵੀ ਰੱਬੀ ਬੰਦਗੀ ਅਤੇ ਗੁਰੂ ਪ੍ਰੇਮ ਨਾਲ ਜੋੜਿਆ। ਪੀਰ ਜੀ ਨੇ ਬੇਗ਼ਮ ਬੀਬੀ ਨਸੀਰਾਂ ਅਤੇ ਸੈਦ ਖਾਨ ਨੂੰ ਗੁਰੂ ਪਿਆਰ ਵੱਲ ਪ੍ਰੇਰਿਆ। ਸੈਦ ਖਾਨ ਗੁਰੂ ਸਾਹਿਬ ਨਾਲ ਯੁੱਧ ਕਰ ਰਹੀ, ਮੁਗ਼ਲ ਫੌਜ ਵਿਚ ਜਰਨੈਲ ਸੀ। ਪੀਰ ਜੀ ਦੀ ਪ੍ਰੇਰਨਾ ਦਾ ਸਦਕਾ ਉਸ ਦੇ ਮਨ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੀ ਤਾਂਘ ਜਾਗੀ। ਅਗਲੇ ਦਿਨ ਜਦੋਂ ਗੁਰੂ ਜੀ ਦੇ ਦਰਸ਼ਨ ਹੋਏ ਤਾਂ “ਸੈਦ ਖਾਨ ਚਰਨਾਂ ’ਪਰ ਝੁਕ ਗਿਆ। ਸਤਿਗੁਰੂ ਜੀ ਨੇ ਮਿਹਰ ਕੀਤੀ ਤੇ ਉਸ ਦੇ ਲੂੰ-ਲੂੰ ਵਿਚ ਨਾਮ ਦਾ ਪ੍ਰਵੇਸ਼ ਹੋ ਗਿਆ, ਵੈਰਾਗ ਨੇ ਆ ਡੇਰੇ ਲਾਏ, ਉਸੀ ਦਮ ਸਭ ਕੁਝ ਤਿਆਗ ਕੇ ਬਨਾਂ ਨੂੰ ਪਧਾਰ ਗਿਆ।”10

ਇਸ ਤਰ੍ਹਾਂ ਪੀਰ ਜੀ ਮੁਗ਼ਲ ਰਾਜ ਵਿੱਚੋਂ ਸਭ ਤੋਂ ਵੱਧ ਤਾਕਤਵਰ ਅਤੇ ਜਾਬਰ ਔਰੰਗਜ਼ੇਬ ਦੇ ਖਿਲਾਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਨ, ਮਨ, ਧਨ ਦੇ ਨਾਲ ਸੇਵਾ ਕਰਦੇ ਰਹੇ। ਇਸ ਕਰਕੇ ਗੁਰੂ-ਘਰ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਭੰਗਾਣੀ ਯੁੱਧ ਤੋਂ ਬਾਅਦ ਗੁਰੂ-ਧ੍ਰੋਹੀਆਂ ਨੇ ਲਗਾਤਾਰ ਆਪ ਦੇ ਖਿਲਾਫ ਔਰੰਗਜ਼ੇਬ ਦੇ ਕੰਨ ਭਰੇ। ਸੂਬਾ ਸਰਹਿੰਦ ਦੇ ਹੁਕਮ ਨਾਲ ਸਢੌਰੇ ਦੇ ਹਾਕਮ ਉਸਮਾਨ ਖਾਂ ਨੇ ਪੀਰ ਜੀ ਨੂੰ ਸ਼ਹੀਦ ਕਰ ਦਿੱਤਾ।11

ਡਾ. ਰਤਨ ਸਿੰਘ ਜੱਗੀ ਕਰਤਾ ‘ਸਿੱਖ ਪੰਥ ਵਿਸ਼ਵਕੋਸ਼’ ਅਨੁਸਾਰ, “ਪੀਰ ਜੀ ਨੇ ਹਕੂਮਤ ਦੀ ਸਾਜ਼ਿਸ ਨੂੰ ਭਾਂਪਦਿਆਂ ਆਪਣੇ ਪਰਵਾਰ ਨੂੰ ਨਾਹਨ ਅਤੇ ਸਮਾਣੇ ਭੇਜ ਦਿੱਤਾ ਸੀ। 21 ਮਾਰਚ 1704 ਈਸਵੀ ਨੂੰ ਉਸਮਾਨ ਖਾਂ ਨੇ ਪੀਰ ਜੀ ਨੂੰ ਟੁਕੜੇ-ਟੁਕੜੇ ਕਰਕੇ ਸ਼ਹੀਦ ਕਰ ਦਿੱਤਾ।” ਪੀਰ ਬੁੱਧੂ ਸ਼ਾਹ ਜੀ ਨੂੰ ਗੁਰੂ ਜੀ ਵੱਲੋਂ ਦਿੱਤੀਆਂ ਨਿਸ਼ਾਨੀਆਂ ਬਾਰੇ ਭਾਈ ਵੀਰ ਸਿੰਘ ਜੀ ਦੱਸਦੇ ਹਨ ਕਿ ਉਨ੍ਹਾਂ ਨੇ “ਇਹ ਦਸਤਾਰ, ਕਟਾਰ ਆਦਿ ਕੰਧ ਵਿਚ ਸਾਂਭ ਕੇ ਚਿਣ ਦਿੱਤੇ ਸੇ, ਇਹ 1870 ਬਿਕਰਮੀ ਵਿਚ ਕੰਧ ਡਿੱਗੀ ਅਤੇ ਫੇਰ ਸਭੇ ਚੀਜ਼ਾਂ ਸਹੀ ਸਲਾਮਤ ਮਿਲ ਗਈਆਂ।”12 ਇਹ ਚੀਜ਼ਾਂ ਉਨ੍ਹਾਂ ਦੇ ਘਰਾਣੇ ਵਿਚ ਪਈਆਂ ਦੱਸੀਦੀਆਂ ਹਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਗੁਰੂ ਸਾਹਿਬ ਵੱਲੋਂ ਬਖ਼ਸ਼ੇ ਕੰਘਾ, ਕੇਸ, ਦਸਤਾਰ, ਛੋਟੀ ਕ੍ਰਿਪਾਨ ਅਤੇ ਹੁਕਮਨਾਮਾ ਉਨ੍ਹਾਂ ਦੀ ਸੰਤਾਨ ਪਾਸੋਂ ਨਾਭਾਪਤਿ ਮਹਾਰਾਜਾ ਭਰਪੂਰ ਸਿੰਘ ਨੇ ਕਾਫ਼ੀ ਭੇਟਾ ਅਤੇ ਜਗੀਰ ਦੇ ਕੇ ਲੈ ਲੀਤੀਆਂ ਸਨ, ਜੋ ਹੁਣ ਨਾਭਾ ਦੇ ਗੁਰਦੁਆਰਾ ਸਿਰੋਪਾਓ ਸਾਹਿਬ ਵਿਖੇ ਰੱਖੀਆਂ ਹੋਈਆਂ ਹਨ।”13

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਨ ਸਮੇਂ ਕੁਝ ਚੋਣਵੇਂ ਪੰਥ-ਦੋਖੀਆਂ ਦਾ ਵੇਰਵਾ ਦਿੱਤਾ ਸੀ। ਸਮਝਿਆ ਜਾਂਦਾ ਹੈ ਕਿ ਸਰਹਿੰਦ ਆਦਿ ਨੂੰ ਸੋਧਣ ਦੇ ਨਾਲ ਸਢੌਰੇ ਦੀ ਸੋਧ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਤੋਂ ਹੀ ਵਿਉਂਤ ਉਲੀਕੀ ਹੋਈ ਸੀ। ਸਮੂਹ ਸਿੱਖ ਵਿਦਵਾਨ ਇਸ ਨੁਕਤੇ ’ਤੇ ਇਕ ਮਤ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਉਸਮਾਨ ਖਾਂ ਵੱਲੋਂ ਪੀਰ ਜੀ ਦੇ ਕਤਲ ਕਰਨ ਕਰਕੇ ਸਢੌਰੇ ’ਤੇ ਹਮਲਾ ਕੀਤਾ ਅਤੇ ਉਸਮਾਨ ਖਾਨ ਨੂੰ ਸੰਨ 1709 ਈ: ਵਿਚ ਫਾਹੇ ਟੰਗਿਆ।14

ਇਸ ਤਰ੍ਹਾਂ ਸੰਖੇਪ ਵਿਚ ਅਸੀਂ ਆਖ ਸਕਦੇ ਹਾਂ ਕਿ ਰੱਬੀ ਰਾਹ ਦੀ ਤਲਾਸ਼ ਅਤੇ ਸੰਤਾਂ ਦਾ ਸਤਿਕਾਰ ਕਰਨ ਵਾਲੇ ਪੀਰ ਬੁੱਧੂ ਸ਼ਾਹ ਗੁਰੂ ਜੀ ਦੀ ਸੰਗਤ ਰਾਹੀਂ ਬੇਅੰਤ ਬਖਸ਼ਿਸ਼ਾਂ ਦੇ ਮਾਲਕ ਬਣੇ। ਉਹ ਜਾਗੀਰਦਾਰ ਹੁੰਦੇ ਹੋਏ ਨਿਰਲੋਭ ਅਤੇ ਸੱਚੇ ਫ਼ਕੀਰ ਸਨ। ਦੁਨੀਆਂਦਾਰੀ ਵੱਲੋਂ ਭੋਲੇ ਪਰ ਰੱਬੀ ਰਮਜ਼ਾਂ ਦੇ ਜਾਣੂ ਸਨ। ਬੰਦਗੀ ਵਿਚ ਲੀਨ ਰਹਿਣ ਵਾਲਾ ਉਨ੍ਹਾਂ ਦਾ ਕੋਮਲ ਹਿਰਦਾ ਹਮੇਸ਼ਾਂ ਦੂਜਿਆਂ ਦੀ ਇਮਦਾਦ ਲਈ ਤਿਆਰ ਰਹਿੰਦਾ ਸੀ ਪਰ ਲੋੜ ਪੈਣ ’ਤੇ ਉਹ ਮਹਾਨ ਸੂਰਬੀਰ ਵਾਂਗ ਜਾਬਰ ਹਕੂਮਤ ਖਿਲਾਫ ਸ਼ਸਤਰ ਫੜ ਕੇ ਲੜੇ।

ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਪਾਈ ਪ੍ਰੀਤ ਅਤੇ ਸੱਚ ਧਰਮ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਪੀਰ ਬੁੱਧੂ ਸ਼ਾਹ ਜੀ ਨੂੰ ਭਾਈ ਸੰਤੋਖ ਸਿੰਘ ਜੀ ਸ਼ਰਧਾਂਜਲੀ ਦਿੰਦੇ ਹੋਏ ਲਿਖਦੇ ਹਨ : ਸਾਧ ਸਾਧ ਬੁੱਧੂ ਸੁਭਟ ਜਿਨ ਰਾਖੀ ਨਿਜ ਆਨ। (ਸਫਾ 4800)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਅਸਿਸਟੈਂਟ ਪ੍ਰਫੈਸਰ -ਵਿਖੇ: ਸ੍ਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ
1 Harbans Singh (ed.), The Encyclopedia of Sikhism, Punjabi University, Patiala, 2002, Vol-I, P. 410.
2 ਭਾਈ ਵੀਰ ਸਿੰਘ (ਸੰਪਾ.), ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਭਾਈ ਸੰਤੋਖ ਸਿੰਘ, ਖਾਲਸਾ ਸਮਾਚਾਰ, ਅੰਮ੍ਰਿਤਸਰ, 1965, ਸਫਾ 6259.
3 ਜੱਗੀ ਰਤਨ ਸਿੰਘ, ਸਿੱਖ ਪੰਥ ਵਿਸ਼ਵਕੋਸ਼, ਭਾਗ-ਦੂਜਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2002, ਸਫਾ 1288-89.
4 ਜੱਗੀ ਰਤਨ ਸਿੰਘ, ਸਿੱਖ ਪੰਥ ਵਿਸ਼ਵਕੋਸ਼, ਭਾਗ-ਦੂਜਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2002, ਸਫਾ 1288-89.
5 ਜੱਗੀ ਰਤਨ ਸਿੰਘ, ਸਿੱਖ ਪੰਥ ਵਿਸ਼ਵਕੋਸ਼, ਭਾਗ-ਦੂਜਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2002, ਸਫਾ 1288-89.
6 ਭਾਈ ਵੀਰ ਸਿੰਘ, ਕਲਗੀਧਰ ਚਮਤਕਾਰ, ਭਾਈ ਵੀਰ ਸਿੰਘ ਰਚਨਾਵਲੀ, ਜਿਲਦ ਪੰਜਵੀਂ ਭਾਗ- 1, ਭਾਸ਼ਾ ਵਿਭਾਗ, ਪੰਜਾਬ, 1987, ਸਫਾ 131-32
7 ਭਾਈ ਵੀਰ ਸਿੰਘ, ਕਲਗੀਧਰ ਚਮਤਕਾਰ, ਭਾਈ ਵੀਰ ਸਿੰਘ ਰਚਨਾਵਲੀ, ਜਿਲਦ ਪੰਜਵੀਂ ਭਾਗ- 1, ਭਾਸ਼ਾ ਵਿਭਾਗ, ਪੰਜਾਬ, 1987, ਸਫਾ 131-32.
8 ਭਾਈ ਵੀਰ ਸਿੰਘ, ਕਲਗੀਧਰ ਚਮਤਕਾਰ, ਭਾਈ ਵੀਰ ਸਿੰਘ ਰਚਨਾਵਲੀ, ਜਿਲਦ ਪੰਜਵੀਂ ਭਾਗ- 1, ਭਾਸ਼ਾ ਵਿਭਾਗ, ਪੰਜਾਬ, 1987, ਸਫਾ 142
9 ਭਾਈ ਵੀਰ ਸਿੰਘ, ਕਲਗੀਧਰ ਚਮਤਕਾਰ, ਭਾਈ ਵੀਰ ਸਿੰਘ ਰਚਨਾਵਲੀ, ਜਿਲਦ ਪੰਜਵੀਂ ਭਾਗ- 1, ਭਾਸ਼ਾ ਵਿਭਾਗ, ਪੰਜਾਬ, 1987, ਸਫਾ 143.
10 ਭਾਈ ਵੀਰ ਸਿੰਘ, ਕਲਗੀਧਰ ਚਮਤਕਾਰ, ਭਾਈ ਵੀਰ ਸਿੰਘ ਰਚਨਾਵਲੀ, ਜਿਲਦ ਪੰਜਵੀਂ ਭਾਗ- 1, ਭਾਸ਼ਾ ਵਿਭਾਗ, ਪੰਜਾਬ, 1987, ਭਾਗ-2, ਸਫਾ 856.
11 ਜੱਗੀ, ਰਤਨ ਸਿੰਘ, ਸਿਖ ਪੰਥ ਵਿਸ਼ਵਕੋਸ਼, ਭਾਗ-2, ਸਫਾ 1288-89.
12 ਭਾਈ ਵੀਰ ਸਿੰਘ, ਕਲਗੀਧਰ ਚਮਤਕਾਰ, ਭਾਗ-1, ਸਫਾ 140.
13 ਨਾਭਾ, ਕਾਨ੍ਹ ਸਿੰਘ, ਮਹਾਨਕੋਸ਼, ਭਾਸ਼ਾ ਵਿਭਾਗ, ਪੰਜਾਬ, 1999, ਸਫਾ 882.
14 ਜੱਗੀ, ਰਤਨ ਸਿੰਘ, ਸਿੱਖ ਪੰਥ ਵਿਸ਼ਵਕੋਸ਼, ਭਾਗ-2, ਸਫਾ 1300-1301.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)