ਇਸ ਸੰਸਾਰ ਉੱਤੇ ਵਿਚਰਦੀ ਅਤੇ ਇਸ ਬ੍ਰਹਿਮੰਡ ਵਿਚ ਆਪਣੀ ਨਿਸ਼ਚਿਤ ਥਾਂ ਉੱਤੇ ਵਿਦਮਾਨ ਅਤੇ ਨੀਯਤ ਦਿਸ਼ਾ ਵਿਚ ਟੁਰਦੀ, ਆਪਣੇ ਅੰਤ ਵੱਲ ਨੂੰ ਵਧ ਰਹੀ ਹਰ ਸ਼ੈਅ ਦਾ ਮੁਦਾਅ ਕੀ ਹੈ? ਉਹ ਕਦੋਂ ਹੋਂਦ ਵਿਚ ਆਈ? ਕਿਉਂ ਆਈ? ਅਤੇ ਕਿਸ ਦੀ ਕੀਤੀ ਹੋਈ? ਮਨੁੱਖ ਕੀ ਹੈ? ਮਨੁੱਖ ਦਾ ਆਦਿ ਕਿੱਥੋਂ ਹੋਇਆ? ਅਤੇ ਇਸ ਨੇ ਕਿੱਥੇ ਜਾਣਾ ਹੈ? ਆਦਿ ਪ੍ਰਸ਼ਨਾਂ ਦੇ ਨਾਲ-ਨਾਲ ਇਕ ਹੋਰ ਵੀ ਅਸੁਲਝ ਜਿਹੀ ਸਮੱਸਿਆ ਹੈ। ਰੱਬ ਬਾਰੇ; ਰੱਬ ਹੈ ਜਾਂ ਨਹੀਂ? ਉਹ ਕਿੱਥੇ ਰਹਿੰਦਾ ਹੈ? ਉਸ ਦਾ ਚੱਕ੍ਰ-ਚਿਹਨ, ਵਰਨ-ਜਾਤ, ਰੰਗ-ਰੂਪ ਕੀ ਹੈ? ਹਾਲਾਂ ਤੀਕ ਮਨੁੱਖੀ ਸੂਝ-ਬੂਝ ਦੇ ਵਾਧੇ ਦੇ ਨਾਲ ਇਹ ਵੀ ਵਧਦੇ ਤੇ ਫੁਲਦੇ ਜਾ ਰਹੇ ਹਨ। ਹਰ ਨਵੀਂ ਘਟਨਾ, ਹਰ ਨਵਾਂ ਵਿਚਾਰਵਾਨ ਅਤੇ ਹਰ ਸ਼ੈਅ ਦੀ ਵਿਕਸਿਤ ਸ਼ਕਲ ਇਕ ਚਕਮਾ ਜਿਹਾ ਮਨੁੱਖੀ ਦਿਮਾਗ਼ ਵਿਚ ਪੈਦਾ ਕਰ ਦਿੰਦੀ ਹੈ। ਉਹ ਇਨ੍ਹਾਂ ਪ੍ਰਸ਼ਨਾਂ ਦੇ ਹੱਲ ਲੱਭਣ ਵਿਚ ਹੀ ਲੀਨ ਹੋਇਆ ਟੁਰੀ ਜਾ ਰਿਹਾ ਹੈ, ਭਾਲ ਵਿਚ। ਪਰ ਹਾਲੀਂ ਤੀਕ ਉਸ ਨੂੰ ਇਨ੍ਹਾਂ ਸੁਆਲਾਂ ਦਾ ਸਹੀ ਤੇ ਪੂਰਾ-ਪੂਰਾ ਉੱਤਰ ਨਹੀਂ ਲੱਭ ਸਕਿਆ।
ਬ੍ਰਹਿਮੰਡ ਵਿਚ ਘੁੰਮਦੀ ਹਰ ਚੀਜ਼ ਵਿਕਸਿਤ ਦਿੱਸਦੀ ਹੈ। ਇਸ ਦੀ ਇਹ ਵਿਕਸਿਤ ਫਿਤਰਤ ਉਸ ਨੂੰ ਉਸ ਦੇ ਆਲੇ-ਦੁਆਲੇ ਅਤੇ ਉਸ ਦੀ ਬਨਾਵਟ ਵਿਚ ਰਲੇ ਤੱਤ੍ਵ ਪਦਾਰਥਾਂ ਵਿੱਚੋਂ ਮਿਲੀ ਹੈ। ਕਿਉਂਕਿ ਭੌਤਿਕ ਵਿਗਿਆਨ ਦੀ ਛਾਣਬੀਣ ਦੱਸਦੀ ਹੈ ਕਿ ਪਦਾਰਥ (Matter) ਨੂੰ ਵੰਡਿਆ ਜਾ ਸਕਦਾ ਹੈ, ਛੋਟੇ-ਛੋਟੇ ਅਣੂਆਂ ਵਿਚ। ਪ੍ਰਸਿੱਧ ਵਿਗਿਆਨੀ ਡਾਲਟਨ ਦਾ ਵਿਚਾਰ ਹੈ ਕਿ ‘ਇਹ ਅਣੂ ਨਾ ਤਾਂ ਵੰਡੇ ਜਾ ਸਕਦੇ ਹਨ ਤੇ ਨਾ ਹੀ ਤੋੜੇ ਜਾ ਸਕਦੇ ਹਨ।’ ਪਰ ਅਜੋਕੀ ਵਿਗਿਆਨਕ ਖੋਜ ਇਸ ਸਿਧਾਂਤ ਦੀ ਨਿਖੇਧੀ ਕਰ ਕੇ ਆਪਣੇ ਵਿਚਾਰ ਇਸ ਪ੍ਰਕਾਰ ਪ੍ਰਗਟ ਕਰਦੀ ਹੈ ਕਿ ਇਹ ਅਣੂ ਪ੍ਰਮਾਣੂ ਵੀ ਅੱਗੇ ਅਣਵੰਡੇ ਇਲੈਕਟ੍ਰੋਨਾਂ, ਨਿਊਟ੍ਰੋਨਾਂ ਤੇ ਪ੍ਰੋਟੋਨਾਂ ਵਿਚ ਵੰਡੇ ਜਾ ਸਕਦੇ ਹਨ ਜਿਹੜੇ ਕਿ ਆਪਣੇ-ਆਪ ਵਿਚ ਆਪਣੇ ਗਰਭ-ਕੇਂਦਰਾਂ (Nucleous) ਉੱਤੇ ਕੇਂਦ੍ਰਿਤ ਹੁੰਦੇ ਹਨ ਅਤੇ ਇਹ ਗਰਭ-ਕੇਂਦਰ ਆਪਣੇ ਆਪ ਵਿਚ ਸੁਤੰਤਰ ਰੂਪ ਵਿਚ ਗਤੀਸ਼ੀਲ ਹੁੰਦੇ ਹਨ। ਇਸੇ ਲਈ ਹਰ ਪਦਾਰਥ ਵਿਚ ਗਤੀਸ਼ੀਲਤਾ ਹੁੰਦੀ ਹੈ। ਇਹ ਗਤੀ ਕਿੱਥੋਂ ਆਈ ਇਨ੍ਹਾਂ ਗਰਭ-ਕੇਂਦਰਾਂ ਵਿਚ? ਜ਼ਰੂਰ ਇਸ ਦੇ ਪਿੱਛੇ ਕੋਈ ਸ਼ਕਤੀ ਕੰਮ ਕਰਦੀ ਹੈ। ਇਹੋ ਸ਼ਕਤੀ ਦੀ ਭਾਲ ਮਨੁੱਖੀ ਭਾਲ ਦਾ ਅਸਲ ਮਨੋਰਥ ਹੈ। ਇਥੇ ਆ ਕੇ ਭੌਤਿਕ ਵਿਗਿਆਨ ਦੀ ਲੀਹ ਰੁਕ ਜਾਂਦੀ ਹੈ ਅਤੇ ਉਹ ਆਪਣੇ ਆਪ ਨੂੰ ਅਸਮਰੱਥ ਜਾਣ ਕੇ ਆਪਣਾ ਕੰਮ ਪੂਰਾ ਹੋਇਆ ਸਮਝਣ ਲੱਗ ਪੈਂਦਾ ਹੈ। ਪਰ ਇਥੇ ਹੀ ਪ੍ਰਸ਼ਨਾਂ ਦਾ ਸਿਲਸਿਲਾ ਮੁੱਕਦਾ ਨਹੀਂ ਜਾਪਦਾ। ਹੋਰ ਡੂੰਘਾਈ ਵਿਚ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਭੌਤਿਕ ਵਿਗਿਆਨ ਦੀ ਵਲਗਣ ਤੋਂ ਬਾਹਰ ਦੀ ਗੱਲ ਹੈ। ਇਸ ਤੋਂ ਅੱਗੇ ਚਲਦਾ ਹੈ ਧਰਮ- ਵਿਗਿਆਨ।
ਸੰਸਾਰ ਦੀ ਉਤਪਤੀ ਤੇ ਉਸ ਦੇ ਹੋਂਦ ਵਿਚ ਆਉਣ ਦੇ ਮਨੋਰਥ ਅਤੇ ਉਸ ਦੇ ਟੀਚੇ ਬਾਰੇ ਹਰ ਧਰਮ, ਦਰਸ਼ਨ ਤੇ ਅਧਿਆਤਮਿਕਤਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇਹ ਬਹੁ-ਭਾਂਤਕੀ ਰਚਨਾ ਦਾ ਪਸਾਰਾ ਕਿਵੇਂ ਹੋਇਆ? ਕਦੋਂ ਹੋਇਆ? ਕਿਸ ਲਈ ਹੋਇਆ? ਕਿਸ ਨੇ ਕੀਤਾ? ਕਿਸ ਦੀ ਪ੍ਰੇਰਨਾ ’ਤੇ ਕੀਤਾ, ਕਿਸ ਟੀਚੇ ਨੂੰ ਸਾਹਮਣੇ ਰੱਖ ਕੇ ਕੀਤਾ? ਤੇ ਇਸ ਪਸਾਰੇ ਨੂੰ ਫੈਲਾਉਣ ਲਈ ਇਸ ਦੇ ਕਰਤਾ ਨੂੰ ਕਿੰਨਾ ਕੁ ਸਮਾਂ ਲੱਗਾ? ਆਦਿ ਸਮੱਸਿਆਵਾਂ ਉੱਤੇ ਹਰ ਧਾਰਮਿਕ ਆਗੂ, ਦਾਰਸ਼ਨਿਕ ਵਿਚਾਰਵਾਨ ਅਤੇ ਅਧਿਆਤਮਕ ਮਾਰਗ ਦੇ ਪਾਂਧੀ- ਜਿਸ ਨੂੰ ਕਿ ਕੋਈ ਅਗੰਮੀ ਨੇੜਤਾ ਦੀ ਛੁਹ ਜਾਂ ਚਾਨਣ ਦੀ ਲੋਅ ਪ੍ਰਾਪਤ ਹੋਈ ਹੋਵੇ, ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇਹ ਵਿਚਾਰ ਵੱਖੋ-ਵੱਖਰੇ ਧਰਮਾਂ ਦੇ ਆਗੂਆਂ ਨੇ ਆਪੋ-ਆਪਣੇ ਵਿਸਤ੍ਰਿਤ ਘੇਰਿਆਂ ਨੂੰ ਸਾਹਮਣੇ ਰੱਖ ਕੇ ਜਾਂ ਜਿੱਥੋਂ ਕੁ ਤੀਕ ਉਨ੍ਹਾਂ ਦੀ ਪ੍ਰਾਪਤੀ ਦੀ ਪਹੁੰਚ ਹੋ ਸਕਦੀ ਸੀ, ਨੂੰ ਪੂਰਨ ਰੂਪ ਵਿਚ ਪਰੀਪੂਰਣਤਾ ਤੇ ਪ੍ਰਪੱਕਤਾ ਦੀ ਕਸਵੱਟੀ ’ਤੇ ਪਰਖ ਕੇ ਪ੍ਰਗਟ ਕੀਤੇ ਹਨ।
ਭਾਵੇਂ ਇਨ੍ਹਾਂ ਦੀਰਘ ਸਮੱਸਿਆਵਾਂ ਉੱਤੇ ਵਿਚਾਰ ਕਈ ਥਾਵਾਂ ’ਤੇ ਬਹੁਤ ਅੱਡਰੇ ਤੇ ਵਿੱਕੋਲਿਤਰੇ ਹਨ ਪਰ ਸਮੁੱਚੇ ਤੌਰ ਉੱਤੇ ਪਰਖਦਿਆਂ ਸਾਰੇ ਹੀ ਵਿਚਾਰਵਾਨ ਇਕ ਰਾਇ ਉੱਤੇ ਸਹਿਮਤ ਹੁੰਦੇ ਦਿੱਸ ਆਉਂਦੇ ਹਨ। ਉਹ ਹੈ! ਇਸ ਬਾਰੇ ਪਸਾਰੇ ਦੀ ਰਚਨਾ ਦਾ ਵਿਕਾਸਸ਼ੀਲ ਸਿਧਾਂਤ। ਜਿਵੇਂ ਕਿ ਹਰ ਵਿਚਾਰਵਾਨ ਆਪਣੇ ਜੀਵਨ ਵਿਚ ਪੇਸ਼ ਆਉਣ ਵਾਲੀ ਦਿੱਸਦੀ ਅਣਦਿੱਸਦੀ, ਸਥੂਲ ਤੇ ਸੂਖ਼ਮ ਵਸਤੂ ਬਾਰੇ ਵਿਚਾਰ ਪ੍ਰਗਟ ਕਰਦਾ ਹੈ, ਉਸੇ ਪ੍ਰਕਾਰ ਉਹ ਬ੍ਰਹਿਮੰਡ ਤੇ ਅਕਾਸ਼-ਮੰਡਲ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕਰਦਾ ਹੈ। ਹਰ ਧਰਮ ਨੇ ਅਕਾਸ਼-ਮੰਡਲ ਤੇ ਬ੍ਰਹਿਮੰਡ ਬਾਰੇ ਆਪਣੇ ਵਿਚਾਰ ਵੀ ਕਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਵੀ ਇਸ ਸਬੰਧੀ ਵਿਚਾਰ ਅੰਕਿਤ ਕੀਤੇ ਹਨ। ਇਸ ਤੋਂ ਪਹਿਲਾਂ ਕਿ ਮੈਂ ਉਨ੍ਹਾਂ ਦੇ ਵਿਚਾਰਾਂ ਨੂੰ ਆਪ ਅੱਗੇ ਰੱਖਾਂ, ਚਾਹੁੰਦਾ ਹਾਂ ਕਿ ਸੰਸਾਰ ਦੇ ਬਾਕੀ ਧਰਮਾਂ ਤੇ ਧਾਰਮਕ ਆਗੂਆਂ ਦੇ ਵਿਚਾਰ ਵੀ ਦ੍ਰਿਸ਼ਟੀਗੋਚਰ ਕਰ ਲਏ ਜਾਣ ਤਾਂ ਜੋ ਪਤਾ ਲੱਗ ਸਕੇ ਕਿ ਹੋਰ ਧਰਮਾਂ ਦੇ ਵਿਚਾਰ ਇਸ ਦੀਰਘ ਸਮੱਸਿਆ ’ਤੇ ਕੀ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਸ਼ਾਸਤਰਾਂ ਵਿਚ ਸ੍ਰਿਸ਼ਟੀ-ਰਚਨਾ ਬਾਰੇ ਵਿਚਾਰ ਇਸ ਪ੍ਰਕਾਰ ਅੰਕਿਤ ਹਨ। ਛੇ ਸ਼ਾਸਤਰਾਂ ਨੂੰ ਤਿੰਨ ਜੋੜਿਆਂ ਵਿਚ ਲੜੀ-ਬੱਧ ਕੀਤਾ ਜਾਂਦਾ ਹੈ। ਇਹ ਤਿੰਨੇ ਜੋੜੇ ਇਸ ਪ੍ਰਕਾਰ ਹਨ-
1. ਸਾਂਖ ਸ਼ਾਸਤਰ ਤੇ ਯੋਗ ਸ਼ਾਸਤਰ,
2. ਨਿਯਾਯ ਤੇ ਵਿਸ਼ੇਸ਼ਕ ਸ਼ਾਸਤਰ,
3. ਉਤਰ-ਮੀਮਾਂਸਾ ਤੇ ਪੂਰਵ ਮੀਮਾਂਸਾ।
ਇਸ ਦੇ ਅਰਥ ਇਹ ਨਹੀਂ ਕਿ ਇਹ ਸ਼ਾਸਤਰ ਇਕ ਦੂਜੇ ਤੋਂ ਬਿਲਕੁਲ ਅੱਡਰੇ ਹਨ। ਸਗੋਂ ਇਹ ਇਕ ਦੂਜੇ ਨਾਲ ਅੰਤਰ-ਸੰਬੰਧਿਤ ਹਨ ਅਤੇ ਕੁਝ ਹੱਦ ਤਕ ਇਕ ਦੂਜੇ ਦੇ ਭਾਗ ਵੀ।
ਸਾਂਖ ਤੇ ਯੋਗ ਸ਼ਾਸਤਰ- ਇਨ੍ਹਾਂ ਦੋਹਾਂ ਸ਼ਾਸਤਰਾਂ ਵਿਚ ਦਵੈਤਵਾਦ ਨੂੰ ਪ੍ਰਧਾਨਤਾ ਪ੍ਰਾਪਤ ਹੈ। ਇਹ ਪੁਰਸ਼ ਅਤੇ ਪ੍ਰਕ੍ਰਿਤੀ ਦੋਹਾਂ ਨੂੰ ਅਨਾਦਿ ਮੰਨਦੇ ਹਨ ਭਾਵ ਆਦਿ ਕਾਲ ਤੋਂ ਹੀ ਹੋਂਦ ਵਿਚ ਮੰਨਦੇ ਹਨ। ਇਸ ਨੂੰ ਅਰੰਭਵਾਦ ਵੀ ਕਿਹਾ ਜਾਂਦਾ ਹੈ। ਇਨ੍ਹਾਂ ਸ਼ਾਸਤਰਾਂ ਅਨੁਸਾਰ ਪੁਰਸ਼ ਅਤੇ ਪ੍ਰਕ੍ਰਿਤੀ ਦੋਵੇਂ ਅਲਿਪਤ (discordant) ਹਾਲਤ ਵਿਚ ਵੱਖੋ-ਵੱਖਰੀਆਂ ਸ਼ਕਤੀਆਂ ਮੰਨੀਆਂ ਗਈਆਂ ਹਨ। ਇਨ੍ਹਾਂ ਅਨੁਸਾਰ ਪੁਰਸ਼ ਅਕਾਰਾਤਮਕ (Passive) ਅਤੇ ਪ੍ਰਕ੍ਰਿਤੀ ਸਕਾਰਾਤਮਕ (Active) ਸ਼ਕਤੀ ਹੈ। ਪ੍ਰਕ੍ਰਿਤੀ ਵਿਚ ਤਿੰਨ ਗੁਣ ਰਜੋ, ਸਤੋ ਅਤੇ ਤਮੋ ਅੰਕਿਤ ਹਨ। ਜਦੋਂ ਤਕ ਇਹ ਤਿੰਨੇ ਗੁਣ ਇਕ ਖਾਸ ਮਿਸ਼ਰਿਤ ਵਿਚ ਸੰਤੁਲਿਤ (Balance) ਪ੍ਰਾਪਤ ਕਰੀ ਰੱਖਦੇ ਹਨ ਉਸ ਵੇਲੇ ਤਕ ਕਿਸੇ ਪ੍ਰਕਾਰ ਦੀ ਰਚਨਾ ਦੀ ਸੰਭਾਵਨਾ ਨਹੀਂ ਮੰਨੀ ਜਾਂਦੀ। ਪਰ ਜਦੋਂ ਵੀ ਇਸ ਸੰਤੁਲਨ ਵਿਚ ਕਿਸੇ ਪ੍ਰਕਾਰ ਦਾ ਵਾਧਾ-ਘਾਟਾ ਹੋ ਜਾਂਦਾ ਹੈ ਉਸ ਵੇਲੇ ਰਚਨਾ ਹੋਂਦ ਵਿਚ ਆਉਂਦੀ ਹੈ। ਸੋ ਇਨ੍ਹਾਂ ਸ਼ਾਸਤਰਾਂ ਅਨੁਸਾਰ ਜਦੋਂ ਤਕ ਅਜਿਹੀ ਹਾਲਤ ਨਹੀਂ ਆ ਜਾਂਦੀ ਕਿ ਇਹ ਤਿੰਨੇ ਤੱਤ ਆਪਣੇ ਆਪ ਵਿਚ ਇਕ ਖਾਸ ਮਿਸ਼ਰਿਤ ਪ੍ਰਾਪਤ ਨਹੀਂ ਕਰ ਲੈਂਦੇ ਉਸ ਵੇਲੇ ਤਕ ਇਸ ਸੰਸਾਰ ’ਤੇ ਰਚਨਾ ਹੁੰਦੀ ਰਹਿੰਦੀ ਹੈ ਅਤੇ ਇਹ ਉਤਪਤੀ ਅਤੇ ਵਿਨਾਸ਼ ਦਾ ਅਣਟੁੱਟ ਚੱਕਰ ਚਲਦਾ ਰਹਿੰਦਾ ਹੈ। ਪੱਛਮ ਵਿਚ ਵੀ ਕੁਝ ਇਹੋ ਜਿਹੇ ਵਿਚਾਰ ਹੀ ਪ੍ਰਚਲਤ ਹਨ। ਮਹਾਨ ਕਵੀ ਵਰਡਜ਼ਵਰਥ ਵੀ ਕੁਝ ਇਹੋ ਜਿਹੇ ਵਿਚਾਰਾਂ ਦਾ ਹੀ ਧਾਰਨੀ ਦਿੱਸ ਆਉਂਦਾ ਹੈ। ਉਹ ਇਕ ਥਾਂ ਲਿਖਦਾ ਹੈ। ‘ਫੇਰ ਕੀ ਹੋਇਆ? ਇਕ ਸੁਰ ਛਿੜੀ ਜਿਸ ਸਦਕਾ ਸਾਰੇ ਹੀ ਵੱਖੋ-ਵੱਖ ਅਲਿਪਤ ਹਾਲਤ ਵਿਚ ਪਏ ਤੱਤ੍ਵ ਪਦਾਰਥ ਇਕ ਦੂਜੇ ਨਾਲ ਇਕਸੁਰ ਹੋ ਕੇ ਨੇੜੇ ਆ ਗਏ ਅਤੇ ਇਕ ਦੂਜੇ ਵਿਚ ਸਮਾਉਣ ਲੱਗੇ। ਇਸ ਪ੍ਰਕਾਰ ਇਸ ਸੰਸਾਰ ’ਤੇ ਰਚਨਾ ਦਾ ਚੱਕਰ ਚਲ ਪਿਆ।’ ਅੰਤ ਵਿਚ ਜਾ ਕੇ ਉਹ ਲਿਖਦਾ ਹੈ ਕਿ ‘ਫਿਰ ਉਹੋ ਸੁਰ ਸੁਣਾਈ ਦੇਵੇਗਾ ਅਤੇ ਇਹ ਸਾਰੇ ਹੀ ਤੱਤ੍ਵ ਫੇਰ ਇਕ ਦੂਜੇ ਤੋਂ ਵੱਖ ਹੋ ਜਾਣਗੇ, ਇਹ ਸਾਰਾ ਪਸਾਰਾ ਸਮੇਟਿਆ ਜਾਵੇਗਾ। ਇਹ ਦਿਨ ਕਿਆਮਤ ਦਾ ਹੋਵੇਗਾ।’ ਗੁਰਮਤਿ ਅਨੁਸਾਰ ਸਿਰਫ਼ ਪੁਰਸ਼ ਹੀ ਅਨਾਦਿ ਹੈ। ਪ੍ਰਕ੍ਰਿਤੀ ਪੁਰਸ਼ ਦੀ ਕੀਤੀ ਹੋਈ ਹੈ। ਇਹ ਤਿੰਨੇ ਗੁਣ ਉਸ ਦੇ ਕੀਤੇ ਹੋਏ ਹਨ। ਪੁਰਸ਼-ਵਾਹਿਗੁਰੂ ਵਿਚ ਤਿੰਨੇ ਸ਼ਕਤੀਆਂ ਮਾਰਨ, ਜੀਵਾਲਣ ਤੇ ਪਾਲਣ ਦੀਆਂ ਵਿਦਮਾਨ ਹਨ। ਉਹ ਆਪ ਹੀ ਇਸ ਰਚਨਾ ਨੂੰ ਜਨਮ ਦੇਣ ਵਾਲਾ ਹੈ, ਆਪ ਹੀ ਪਾਲਣਾ ਪੋਸਣਾ ਕਰਨ ਵਾਲਾ ਹੈ ਅਤੇ ਆਪ ਹੀ ਇਸ ਦਾ ਵਿਨਾਸ਼ ਕਰਨ ਵਾਲਾ ਹੈ। ਇਹ ਮਾਇਆ ਸਾਰੀ ਉਸੇ ਦੀ ਕੀਤੀ ਹੋਈ ਹੈ ਅਤੇ ਇਸ ਦਾ ਚੰਗੇਰਾ ਤੇ ਮੰਦਾ ਹਿੱਸਾ ਉਸੇ ਦਾ ਕੀਤਾ ਹੋਇਆ ਹੈ:
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥ (ਪੰਨਾ 7)
ਇਹੋ ਵਿਚਾਰ ਪੱਛਮੀ ਵਿਚਾਰਵਾਨ C.M. Walsh ਨੇ ਆਪਣੀ ਪੁਸਤਕ (The Doctrine of Creation 1910) ਵਿਚ ਦਰਜ ਕੀਤੇ ਹਨ ਕਿ ਸਿਰਫ਼ 1‘ਪੁਰਸ਼ (ਅਕਾਲ ਪੁਰਖ) ਹੀ ਅਨਾਦਿ ਹੈ।’ ਬਾਕੀ ਸਭ ਕੁਝ ਉਸ ਦਾ ਹੀ ਕੀਤਾ ਹੋਇਆ ਹੈ।
2Encyclopaedia of Religion and Ethics ਅਨੁਸਾਰ ‘ਜੇ ਮਾਦਾ ਪੁਰਸ਼ ਦਾ ਕੀਤਾ ਹੋਇਆ ਨਾ ਹੁੰਦਾ ਤਾਂ ਇਹ ਪੁਰਸ਼ ਦੇ ਬਰਾਬਰ ਹੁੰਦਾ ਭਾਵ ਦੋਵੇਂ ਸ਼ਕਤੀਆਂ ਅਨਾਦਿ ਹੁੰਦੀਆਂ ਅਤੇ ਇਹ ਦੋਵੇਂ ਇਕ ਦੂਜੇ ਤੋਂ ਬਿਲਕੁਲ ਅਲਪਿਤ ਹੋ ਕੇ ਰਹਿੰਦੀਆਂ ਜਦੋਂ ਤਕ ਕਿ ਕੋਈ ਤੀਜੀ ਸ਼ਕਤੀ ਇਨ੍ਹਾਂ ਵਿਚ ਸਾਂਝ ਨਾ ਪਵਾਉਂਦੀ। ਪਰ ਅਸਲ ਗੱਲ ਇਹ ਹੈ ਕਿ ਮਾਦਾ ਪੁਰਸ਼ ਵਿੱਚੋਂ ਨਿਕਲਿਆ ਹੈ, ਨਾ ਕਿ ਪੁਰਸ਼ ਮਾਦੇ ਵਿੱਚੋਂ। ਪੁਰਸ਼ ਨੇ ਸਰਬਪਾਲਕ ਹੋਣ ਲਈ ਮਾਦਾ ਪੈਦਾ ਕੀਤਾ ਹੋਵੇਗਾ। ਜੇ ਇਹ ਪੁਰਸ਼ ਦਾ ਕੀਤਾ ਹੋਇਆ ਨਾ ਹੁੰਦਾ ਤਾਂ ਇਸ ਸੰਸਾਰ ਦੀ ਘਾੜਤ ਵਿਚ ਵਰਤੇ ਜਾਣ ਵਾਲੇ ਮਸਾਲੇ ਵਿਚ ਉਹ ਗੁਣ ਕਦੀ ਵੀ ਨਾ ਹੁੰਦੇ ਜਿਹੜੇ ਕਿ ਰੱਬ ਨੂੰ ਇਸ ਰਚਨਾ ਲਈ ਲੋੜੀਂਦੇ ਸਨ। ਸੋ ਇਸ ਸਰਬ ਸ੍ਰੇਸ਼ਟ, ਨਿਪੁੰਨ, ਲਾਸਾਨੀ ਤੇ ਬਹੁ-ਭਾਂਤਨੀ ਦਾ ਕਰਤਾ ਜ਼ਰੂਰ ਕੋਈ ਮਾਹਰ, ਸੁਘੜ ਤੇ ਕਰਤਾਰੀ ਗੁਣਾਂ ਦਾ ਮਾਲਕ ਹੀ ਹੋ ਸਕਦਾ ਹੈ।’ ਇਹ ਦਲੀਲ ਪੂਰਨ ਤੌਰ ’ਤੇ ਇਸ ਮਤ ਦੀ ਪੁਸ਼ਟੀ ਕਰਦੀ ਹੈ ਕਿ ਹਰ ਸ਼ੈਅ ਉਸ ਪੁਰਸ਼ ਵਾਹਿਗੁਰੂ ਉੱਤੇ ਆਧਾਰਿਤ ਹੈ ਅਤੇ ਉਸ ਵਿੱਚੋਂ ਹੀ ਨਿਕਲੀ ਹੈ। ਉਪਰੋਕਤ ਵਿਚਾਰ ਤੋਂ ਭਲੀ-ਭਾਂਤ ਸਿੱਧ ਹੈ ਕਿ ਪੁਰਸ਼ ਅਨਾਦਿ ਹੈ ਅਤੇ ਪ੍ਰਕ੍ਰਿਤੀ ਉਸ ਦੀ ਕੀਤੀ ਹੋਈ ਹੈ।
ਨਿਯਾਯ ਸ਼ਾਸਤਰ ਅਤੇ ਵਿਸ਼ੇਸ਼ਕ ਸ਼ਾਸਤਰ- ਇਹ ਸ਼ਾਸਤਰ ਰੱਬ ਬਾਰੇ ਕੁਝ ਨਹੀਂ ਦੱਸਦੇ। ਇਹ ਅਣੂ ਪ੍ਰਮਾਣੂ ਵਿਚ ਯਕੀਨ ਰੱਖਦੇ ਹਨ। ਜਦੋਂ ਅਣੂ ਪ੍ਰਮਾਣੂ ਕਿਸੇ ਖਾਸ ਹਾਲਤ ਅਤੇ ਕਿਸੇ ਖਾਸ ਮਿਸ਼ਰਤ ਵਿਚ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਵਿਚਲੀ ਰਗੜ (Friction) ਕਾਰਨ ਪੈਦਾ ਹੋਈ ਗਰਮੀ ਸਦਕਾ ਇਨ੍ਹਾਂ ਵਿਚ ਹਿਲਜੁਲ ਆਉਂਦੀ ਹੈ ਤਾਂ ਇਸ ਸੰਸਾਰ ਵਿਚ ਰਚਨਾ ਹੁੰਦੀ ਹੈ। ਇਸ ਨੂੰ ਪ੍ਰੀਣਾਮਵਾਦ ਦੀ ਅਵਸਥਾ ਕਿਹਾ ਜਾਂਦਾ ਹੈ। ਇਹ ਸ਼ਾਸਤ੍ਰ ਸਿੱਧੇ ਤੌਰ ’ਤੇ ਕਿਸੇ ਗ਼ੈਬੀ ਸ਼ਕਤੀ ਤੋਂ ਮੁਨਕਰ ਹਨ ਅਤੇ ਸ਼ੁੱਧ ਪਦਾਰਥਵਾਦੀ (Purely) ਨਿਸਚੇ ਦੇ ਅਨੁਆਈ ਹਨ।
ਪਦਾਰਥ ਨੂੰ ਹੀ ਸਰਬਸ੍ਰੇਸ਼ਟ ਕਰਤਾਰੀ ਗੁਣਾਂ ਦਾ ਮਾਲਕ ਮੰਨਦੇ ਹਨ। ਪਰ ਉਪਰੋਕਤ ਵਿਚਾਰ ਨੂੰ ਦ੍ਰਿਸ਼ਟੀਗੋਚਰ ਕੀਤਿਆਂ ਤੇ ਵਿਚਾਰਿਆਂ ਇਹ ਸਾਫ਼ ਤੌਰ ’ਤੇ ਸਿੱਧ ਕੀਤਾ ਜਾ ਸਕਦਾ ਹੈ ਕਿ ਪਦਾਰਥ ਵੀ ਤਾਂ ਰੱਬ ਦਾ ਹੀ ਕੀਤਾ ਹੋਇਆ ਹੈ। ਜੇ ਨਹੀਂ ਤਾਂ ਪਦਾਰਥ ਆ ਕਿੱਥੋਂ ਗਿਆ? ਇਸ ਦਾ ਆਦਿ ਕਿੱਥੋਂ ਹੋਇਆ? ਇਸ ਬਾਰੇ ਪਦਾਰਥਵਾਦੀਆਂ ਕੋਲ ਕੋਈ ਰਾਇ ਨਹੀਂ।
ਉੱਤਰ-ਮੀਮਾਂਸਾ ਅਤੇ ਪੂਰਵ-ਮੀਮਾਂਸਾ- ਇਸ ਨੂੰ ਵਿਵਰਤਵਾਦ ਜਾਂ ਭਰਮਵਾਦ ਕਹਿੰਦੇ ਹਨ। ਸ਼ੰਕਰਾਚਾਰੀਆ ਇਸੇ ਸਿਧਾਂਤ ਦਾ ਅਨੁਆਈ ਸੀ। ਉਸ ਅਨੁਸਾਰ ਇਹ ਸੰਸਾਰ ਨਿਰੀ ਮਾਇਆ ਹੈ, ਇਕ ਪ੍ਰਕਾਰ ਦਾ ਛਲਾਵਾ (Delusion) ਹੈ, ਭਰਮ ਹੈ। ਇਕ ਪਰਦਾ ਹੈ ਜੋ ਆਤਮਾ ਅਤੇ ਪਰਮਾਤਮਾ ਵਿਚਾਲੇ ਪਸਰਿਆ ਹੋਇਆ ਹੈ। ਜਦੋਂ ਤਕ ਇਹ ਭਰਮ ਦਾ ਪਰਛਾਵਾਂ ਆਤਮਾ ਅਤੇ ਪਰਮਾਤਮਾ ਵਿਚਾਲੇ ਪਸਰਿਆ ਰਹੇਗਾ, ਆਤਮਾ ਇਸ ਸੰਸਾਰ ਨੂੰ ਮੰਨਦੀ ਰਹੇਗੀ। ਜਿਸ ਵੇਲੇ ਆਤਮਾ ਨੇ ਇਸ ਛਲਾਵੇ ਨੂੰ ਪਾਰ ਕਰ ਕੇ ਬ੍ਰਹਮ ਸਰੂਪ ਦੇ ਦਰਸ਼ਨ ਕੀਤੇ ਉਸ ਵੇਲੇ ਇਹ ਸੰਸਾਰ ਜਾਂ ਮਾਇਆ ਖ਼ਤਮ ਹੋ ਜਾਵੇਗੀ।
ਪਰ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਿਧਾਂਤ ਦੀ ਨਿਖੇਧੀ ਕਰਦੇ ਹਨ। ਉਨ੍ਹਾਂ ਅਨੁਸਾਰ ਇਹ ਸੰਸਾਰ ਦਾ ਪਸਾਰਾ ਛਲਾਵਾ ਨਹੀਂ, ਸਤਿ ਹੈ:
ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ (ਪੰਨਾ 463)
ਇਨ੍ਹਾਂ ਦੀ ਹੋਂਦ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਇਹ ਸੱਚਮੁੱਚ ਆਪਣੀ ਪਦਾਰਥਕ ਹੋਂਦ ਨੂੰ ਵਜੂਦ ਵਿਚ ਲਈ ਖੜ੍ਹੇ ਹਨ। ਇਸ ਸੱਚ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਹਾਂ, ਇਕ ਗੱਲ ਜ਼ਰੂਰ ਹੈ ਕਿ ਇਹ ਸਾਰੇ ਹੀ ਚਿਰ- ਸਥਾਈ ਨਹੀਂ, ਛਿਨਭੰਗਰ ਹਨ, ਖ਼ਤਮ ਹੋ ਜਾਣ ਵਾਲੇ ਹਨ। ਇਕ ਦਿਨ ਇਨ੍ਹਾਂ ਜ਼ਰੂਰ ਖ਼ਤਮ ਹੋ ਜਾਣਾ ਹੈ। ਇਹ ਸਭ ਕੂੜ ਹਨ:
ਕੂੜੁ ਮੰਡਪੁ ਕੂੜੁ ਮਾੜੀ ਕੂੜੁ ਬੈਸਣਹਾਰੁ॥ (ਪੰਨਾ 468)
ਭਾਵ ਇਹ ਨਾਸ਼ਮਾਨ ਹਨ। ਇਕ ਦਿਨ ਇਸ ਖੇਡ ਦੇ ਪਸਾਰੇ ਨੂੰ ਇਸ ਦੇ ਕਰਤਾ ਨੇ ਜ਼ਰੂਰ ਸਮੇਟ ਲੈਣਾ ਹੈ। ਇਹ ਸ਼ਤਰੰਜ ਦੀ ਬਾਜ਼ੀ ਜਦੋਂ ਮੁੱਕ ਗਈ ਤਾਂ ਖਿਡਾਰੀ ਸਭ ਕੁਝ ਸਮੇਟ ਕੇ ਖੇਡ ਬੰਦ ਕਰ ਦੇਵੇਗਾ। ਸੋ ਨਾਨਕ ਮਤ ਇਸ ਨਿਸ਼ਚੇ ਦਾ ਧਾਰਨੀ ਹੈ ਕਿ ਇਹ ਸੰਸਾਰ ਮਾਇਆ, ਅਵਿਦਿਆ ਜਾਂ ਛਲਾਵਾ ਨਹੀਂ। ਸੱਚਮੁੱਚ ਇਸ ਦਾ ਪਦਾਰਥਕ ਵਜੂਦ ਹੈ। ਇਸ ਤੋਂ ਇਨਕਾਰੀ ਹੋਣਾ ਬਹੁਤੀ ਸਿਆਣਪ ਨਹੀਂ। ਪਰ ਇਹ ਪਸਾਰਾ ਨਾਸ਼ਮਾਨ ਹੈ। ਇਸ ਦਾ ਇਕ ਦਿਨ ਅੰਤ ਜ਼ਰੂਰ ਹੋ ਜਾਵੇਗਾ।
ਸ੍ਰਿਸ਼ਟੀ-ਰਚਨਾ ਬਾਰੇ ਗੁਰੂ ਨਾਨਕ ਸਾਹਿਬ ਦੇ ਵਿਚਾਰ ਕੋਈ ਅੱਡਰੇ ਨਹੀਂ। ਉਨ੍ਹਾਂ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਅੱਜ ਦੀ ਵਿਗਿਆਨਕ ਖੋਜ ਸਾਫ਼-ਸਾਫ਼ ਕਰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਡੂੰਘੀ ਤੇ ਵਿਗਿਆਨਕ ਸੋਚਣੀ ਦੀ ਸ਼ਲਾਘਾ ਕਰਨੀ, ਛੋਟਾ ਮੂੰਹ ਵੱਡੀ ਗੱਲ ਹੈ। ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਦੇ ਦੱਸੇ ਤਾਰਾ-ਮੰਡਲ ਅਤੇ ਬ੍ਰਹਿਮੰਡ ਬਾਰੇ ਵਿਚਾਰ ਅੱਜ ਵਿਗਿਆਨ ਆਪਣੀ ਖੋਜ ਰਾਹੀਂ ਸਾਬਤ ਕਰ ਰਿਹਾ ਹੈ। ਇਸ ਸੰਸਾਰ ਦੀ ਰਚਨਾ ਬਾਰੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਹੀ ਸਿੱਧੇ ਤੇ ਸਾਫ਼ ਸ਼ਬਦਾਂ ਵਿਚ ਲਿਖਿਆ ਹੈ ਕਿ ਇਸ ਪਸਾਰੇ ਤੋਂ ਪਹਿਲਾਂ ਇਥੇ ਕੁਝ ਵੀ ਨਹੀਂ ਸੀ ਅਤੇ ਪ੍ਰਭੂ ਸੁੰਨ-ਸਮਾਧ ਦੀ ਅਵਸਥਾ ਵਿਚ ਵਿਚਰਦਾ ਸੀ:
ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥ (ਪੰਨਾ 1035)
ਹਰ ਪਾਸੇ ਧੁੰਧੂਕਾਰਾ (Misty State) ਭਾਵ ਕੁਝ ਵੀ ਸਾਫ਼ ਤੇ ਨਿੱਖਰਵੀਂ (clear and cyrstalized) ਅਵਸਥਾ ਵਿਚ ਨਹੀਂ ਵਿਚਰਦਾ ਸੀ। ਇਹ ਚੰਦ, ਸੂਰਜ ਅਤੇ ਹੋਰ ਦ੍ਰਿਸ਼ਟਮਾਨ ਵਸਤੂਆਂ ਕਿਧਰੇ ਵੀ ਨਹੀਂ ਸਨ ਦਿੱਸ ਆਉਂਦੀਆਂ। ਪ੍ਰਭੂ ਆਪ ਸੁੰਨ-ਸਮਾਧ ਦੀ ਅਵਸਥਾ ਵਿਚ ਵਿਚਰਦੇ ਸਨ। ‘ਸਿਧ ਗੋਸਟਿ’ ਵਿਚ ਸਿਧਾਂ ਨੇ ਰਚਨਾ ਦੇ ਅਰੰਭ ਸਬੰਧੀ ਗੁਰੂ ਨਾਨਕ ਸਾਹਿਬ ਤੋਂ ਪੁੱਛਿਆ-
ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ॥ (ਪੰਨਾ 940)
ਤਾਂ ਗੁਰੂ ਸਾਹਿਬ ਉੱਤਰ ਵਿਚ ਕਹਿੰਦੇ ਹਨ-
ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ॥ (ਪੰਨ 940)
ਭਾਵ ਆਦਿ ਦਾ ਪ੍ਰਸ਼ਨ ਵਿਸਮਾਦੀ ਹੈ ਇਸ ਪਰ ਸੋਚਣਾ ਅਸਚਰਜਤਾ ਤੋਂ ਸਿਵਾ ਹੋਰ ਹੱਥ ਕੁਝ ਵੀ ਨਹੀਂ ਆ ਸਕਦਾ। ਇਸ ਤੋਂ ਪਹਿਲਾਂ ਵੀ ਪ੍ਰਭੂ ਸਰਬ-ਵਿਆਪੀ ਹੁੰਦਾ ਹੋਇਆ ਵਿਸਮਾਦ ਅਵਸਥਾ ਵਿਚ ਵਿਚਰਦਾ ਸੀ।
ਫੇਰ ਵੀ ਪਸਾਰਾ ਹੋਇਆ ਕਿਵੇਂ? ਇਸ ਦੇ ਉੱਤਰ ਵਿਚ ਸਾਹਿਬ ਲਿਖਦੇ ਹਨ ਉਸ ਪ੍ਰਭੂ ਪਰਮਾਤਮਾ ਨੇ ਇਸ ਸੰਸਾਰ ਦਾ ਪਸਾਰਾ ‘ਕੁਨ ਕੇ ਕਹਿਨੇ ਸੇ ਕੀਆ ਆਲਮ ਥਪਾ’ ਵਾਂਗ ਨਹੀਂ ਕੀਤਾ। ਇਹ ਪਸਾਰਾ ਇਕ ਨਿਰੰਤਰ ਵਿਕਾਸ ਦਾ ਸਦਕਾ ਹੋਂਦ ਵਿਚ ਆਇਆ ਹੈ। ਅਤੇ ਇਸ ਪਸਾਰੇ ਨੂੰ ਪਸਾਰਨ ਵਿਚ ਕਿੰਨਾ ਕੁ ਸਮਾਂ ਲੱਗਾ ਹੈ ਕੋਈ ਵੀ ਨਹੀਂ ਦੱਸ ਸਕਦਾ। ਆਪ ਨੇ ਸਿਰੀਰਾਗੁ ਵਿਚ ਫ਼ਰਮਾਇਆ ਹੈ: –
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਪੰਨਾ 19)
ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ॥ (ਪੰਨਾ 350)
ਉਪਰੋਕਤ ਸਚਾਈ ਇਕ ਅਜਿਹਾ ਤੱਤ ਹੈ ਜਿਸ ਨੂੰ ਕਿ ਵਿਗਿਆਨ ਦੀ ਪ੍ਰੋੜ੍ਹਤਾ ਵੀ ਪ੍ਰਾਪਤ ਹੈ। ਵਿਗਿਆਨਕ ਵਿਸ਼ਲੇਸ਼ਣ ਦੱਸਦਾ ਹੈ ਕਿ ਹਵਾ ਵਿਚ ਹੋਰ ਗੈਸਾਂ ਦੇ ਨਾਲ-ਨਾਲ ਹਾਈਡ੍ਰੋਜਨ ਤੇ ਆਕਸੀਜਨ ਵੀ ਹੁੰਦੀਆਂ ਹਨ। ਜਦੋਂ ਦੋ ਭਾਗ ਹਾਈਡ੍ਰੋਜਨ ਇਕ ਭਾਗ ਆਕਸੀਜਨ ਨਾਲ ਮਿਲ ਜਾਂਦੀ ਹੈ ਤਾਂ ਪਾਣੀ ਹੋਂਦ ਵਿਚ ਆਉਂਦਾ ਹੈ (…ਪਵਨੈ ਤੇ ਜਲੁ ਹੋਇ॥)
ਡਾਰਵਿਨ ਦਾ ਰਚਨਾ-ਸਿਧਾਂਤ ਕੀ ਹੈ? ਉਸ ਅਨੁਸਾਰ ਇਸ ਸੰਸਾਰ ਵਿਚ ਇਸ ਜੀਵਨ ਮਾਤਰ ਦੀ ਰਚਨਾ ਪਾਣੀ ਵਿੱਚੋਂ ਹੋਈ ਹੈ। ਸਭ ਤੋਂ ਪਹਿਲਾਂ ਜੀਵ (Species) ਇਸ ਸੰਸਾਰ ਉੱਤੇ ਜੋ ਪਾਣੀ ਦੀ ਤਹਿ ਉੱਤੇ ਆਇਆ ਉਸ ਦਾ ਨਾਂ ਅਮੀਬਾ (Amiba) ਸੀ ਅਤੇ ਉਸ ਤੋਂ ਵਿਕਾਸ ਕਰ ਕੇ ਫੇਰ ਬਾਕੀ ਦੀ ਰਚਨਾ ਹੋਈ।
ਪੱਛਮੀ ਵਿਚਾਰਵਾਨ ਵੀ ਇਸ ਰਚਨਾ ਦਾ ਮੂਲ ਤੱਤ ਪਾਣੀ ਨੂੰ ਹੀ ਮੰਨਦੇ ਹਨ।3 ‘ਐਨਸਾਈਲੋਪੀਡੀਆ ਆਫ ਰਿਲੀਜਨ ਐਥਿਕਸ’ ਵਿਚ ਇਹ ਵਿਚਾਰ ਇਸ ਪ੍ਰਕਾਰ ਅੰਕਿਤ ਹਨ- ‘ਇਸ ਬ੍ਰਹਿਮੰਡ ਦਾ ਮੂਲ ਤੱਤ੍ਵ ਪਾਣੀ ਹੀ ਦੱਸਿਆ ਜਾਂਦਾ ਹੈ ਇਹ ਸਿਰਫ਼ ਪੱਛਮੀ ਵਿਚਾਰ ਹੀ ਨਹੀਂ ਸਗੋਂ ਭਾਰਤੀ ਬ੍ਰਹਿਮੰਡ ਉਤਪਤੀ ਸਿਧਾਂਤ ਵਿਚ ਵੀ ਇਸੇ ਪ੍ਰਕਾਰ ਦਰਜ ਹੈ।’ ਨੀਲ ਘਾਟੀ ਦੇ ਕਈ ਪ੍ਰਦੇਸ਼ਾਂ ਵਿਚ ਵੀ ਇਹੋ ਜਿਹੇ ਵਿਚਾਰ ਪ੍ਰਚਲਤ ਹਨ। Elephantine ਵਿਚ ਮੰਨਿਆ ਜਾਂਦਾ ਹੈ ਕਿ ਖਲਾਨਮ ਨੇ ਨੀਲ ਦਰਿਆ ਦੀ ਮਿੱਟੀ (ਚਿਕੜ ਜਾਂ ਗਾਰਾ) ਵਿੱਚੋਂ ਉਤਪਤੀ ਦਾ ਕੰਮ ਅਰੰਭਿਆ ਸੀ। ਬਹੁਤ ਸਾਰੇ ਯੂਨਾਨੀ ਵਿਚਾਰਵਾਨ ਅਤੇ ਹੋਮਰ ਵੀ ਇਸੇ ਵਿਚਾਰ ਦੇ ਧਾਰਨੀ ਹਨ ਕਿ ਰਚਨਾ ਵਿਚ ਬਹੁਤਾ ਹਿੱਸਾ ਪਾਣੀ ਦਾ ਹੀ ਹੈ। Epemenides ਅਨੁਸਾਰ ਰਚਨਾ ਦਾ ਮੂਲ ਤੱਤ ਹਵਾ ਹੈ। ਯੂਨਾਨ ਵਿਚ ਤਿੰਨ ਪ੍ਰਕਾਰ ਦੇ ਵਿਚਾਰ ਪ੍ਰਚਲਤ ਹਨ-
1. ਜਿਹੜੇ ਕਿਸੇ ਗ਼ੈਬੀ ਸਿਧਾਂਤ ਦੇ ਧਾਰਨੀ ਹਨ।
2. ਜਿਹੜੇ ਕਿਸੇ ਆਦਰਸ਼ਕ ਸਿਧਾਂਤ ਦੇ ਧਾਰਨੀ ਹਨ। ਇਹ ਦਿਨ ਰਾਤ ਅਤੇ ਕਿਆਮਤ ਜਿਹੇ ਵਿਚਾਰਾਂ ਵਿਚ ਯਕੀਨ ਰੱਖਦੇ ਹਨ।
3. ਜਿਹੜੇ ਕਿਸੇ ਪਦਾਰਥਵਾਦੀ ਸਿਧਾਂਤ ਨੂੰ ਮੰਨਦੇ ਹਨ। ਇਹ ਹਵਾ ਪਾਣੀ ਆਦਿ ਨੂੰ ਸ੍ਰਿਸ਼ਟੀ ਦਾ ਮੂਲ ਮੰਨਦੇ ਹਨ।
ਇਨ੍ਹਾਂ ਤਿੰਨਾਂ ਵਿੱਚੋਂ ਅੰਤਮ ਵਿਚਾਰ ਬਹੁਤ ਠੋਸ ਤੇ ਪ੍ਰਮਾਣੀਕ ਗਿਣਿਆ ਜਾਂਦਾ ਹੈ।4 ਮਿਸਰ ਦੇਸ਼ ਵਿਚ ਰਚਨਾ ਬਾਰੇ ਵਿਚਾਰ ਭਾਰਤੀ ਵਿਚਾਰ ਨਾਲ ਕਾਫੀ ਮਿਲਦੇ-ਜੁਲਦੇ ਹਨ। ਉਨ੍ਹਾਂ ਅਨੁਸਾਰ ਕਰਮ ਉਸ ਨੂੰ ਮਿਲਣ ਵਾਲੀ ਦਾਤ ਜਾਂ ਜੀਅ ਦਾਨ ਦਾ ਫੈਸਲਾ ਕਰਦੇ ਹਨ। ਜਿਹੋ ਜਿਹਾ ਜੀਅ ਦਾਨ ਮਿਲਦਾ ਹੈ ਉਹ ਕਰਮਾਂ ਦੇ ਆਧਾਰ ’ਤੇ ਮਿਲਦਾ ਹੈ:
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ (ਪੰਨਾ 2)
ਇਕ ਵਾਰ ਜੀਅ ਦਾਨ ਮਿਲਣ ਉਪਰੰਤ ਆਤਮਾ ਇਕ ਤਾਂ ਆਪਣੇ ਪਿਛਲੇ ਜਨਮ ਦੇ ਕਰਮਾਂ ਨੂੰ ਭੋਗਦਾ ਹੈ, ਦੂਜੇ ਅਗਲੇ ਜਨਮ ਜਾਂ ਜੀਅ ਦਾਨ ਲਈ ਆਧਾਰ ਬਣਾਉਂਦਾ ਹੈ। ਬਾਣੀ ਵਿਚ ਤਾਂ ਇਥੋਂ ਤਕ ਵੀ ਅੰਕਿਤ ਹੈ ਕਿ ਅੰਤ ਕਾਲ ਵੇਲੇ ਜਿਹੋ ਜਿਹੀ ਭਾਵਨਾ ਜੀਵ ਆਤਮਾ ਦੇ ਮਨ ਵਿਚ ਵਿਚਰ ਰਹੀ ਹੁੰਦੀ ਹੈ ਉਸ ਪ੍ਰਕਾਰ ਦਾ ਅਗਲਾ ਜਨਮ ਮਿਲ ਜਾਂਦਾ ਹੈ। ਭਾਵ ਅੰਤ ਕਾਲ ਵੇਲੇ ਜੇ ਮਨੁੱਖ ਦੇ ਮਨ ਵਿਚ ਇਹ ਲਾਲਸਾ ਰਹਿ ਜਾਵੇ ਕਿ ਉਸ ਕੋਲ ਏਨਾ ਧਨ ਸੀ, ਮੈਂ ਸਭ ਛੱਡ ਕੇ ਜਾ ਰਿਹਾ ਹਾਂ। ਅਜਿਹੀ ਭਾਵਨਾ ਨਾਲ ਅਗਲਾ ਜਨਮ ਸੱਪ ਦਾ ਮਿਲਦਾ ਹੈ ਜੋ ਹਰ ਵੇਲੇ ਆਪਣੇ ਅੰਦਰਲੀ ਅੱਗ ਦੇ ਸੇਕ ਵਿਚ ਹੀ ਸੜਦਾ ਰਹਿੰਦਾ ਹੈ:
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਸਰਪ ਜੋਨਿ ਵਲਿ ਵਲਿ ਅਉਤਰੈ॥ (ਪੰਨਾ 526)
ਸੋ ਕਰਮਾਂ ਅਨੁਸਾਰ ਇਸ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ। ਜੋ ਕੁਝ ਵੀ ਸਾਨੂੰ ਦਿੱਸਦਾ ਹੈ ਉਹ ਕੁਝ ਕਰਮਾਂ ਅਨੁਸਾਰ ਹੀ ਹੈ:
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ॥ (ਪੰਨਾ 2)
ਇਸ ਬ੍ਰਹਿਮੰਡ ਵਿਚ ਹੋ ਰਹੀ ਹਰ ਹਰਕਤ ਦਾ ਉਸ ਨੂੰ ਗਿਆਨ ਅਤੇ ਅਹਿਸਾਸ ਹੈ ਅਤੇ ਉਸ ਦੇ ਹੁਕਮ ਵਿਚ ਹੋ ਰਿਹਾ ਹੈ:
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥ (ਪੰਨਾ 8)
ਪੁਰਸ਼ (Primal spirit) ਅਤੇ ਮੂਲ ਤੱਤ੍ਵ (Primal element) ਆਦਿ ਕਾਲ ਤੋਂ ਅਲਿਪਤ ਹਾਲਤ ਵਿਚ ਵਿਚਰਦੇ ਰਹਿੰਦੇ ਹਨ। ਪੁਰਸ਼ ਨੇ ਚਾਹਿਆ ਕਿ ਰਚਨਾ ਕੀਤੀ ਜਾਵੇ ਤਾਂ ਉਸ ਨੇ ਰਚਨਾ ਰਚ ਦਿੱਤੀ। ਕਿਸੇ ਨੇ ਸੱਚ ਹੀ ਤੇ ਕਿਹਾ ਹੈ ਕਿ-
ਆਪਣਾ ਰੂਪ ਵਿਖਾਲਣ ਖਾਤਰ, ਰੱਬ ਨੇ ਹੁਸਨ ਬਣਾਇਆ।
ਭਾਵ ਜੋ ਕੁਝ ਵੀ ਅਸੀਂ ਵੇਖਦੇ ਹਾਂ ਸਭ ਕੁਝ ਪ੍ਰਭੂ-ਪਰਮਾਤਮਾ ਨੇ ਆਪਣੇ ਨਿਜ ਦਾ ਵੀ ਵਿਖਾਵਾ ਕੀਤਾ ਹੈ। ਇਸ ਦੁਨੀਆਂ ਦੀ ਵਚਿੱਤਰ ਖੇਡ ਉਸ ਦੀ ਆਪਣੀ ਬਣਾਈ ਹੋਈ ਹੈ ਤੇ ਇਸ ਦਾ ਕਰਤਾ ਉਹ ਆਪ ਹੈ। ਇਸ ਰਚਨਾ ਕਰਨ ਵੇਲੇ ਉਹ ਕਿਸੇ ਦੂਜੇ ਦੀ ਸਹਾਇਤਾ ਜਾਂ ਸਲਾਹ ਨਹੀਂ ਲੈਂਦਾ। ਜੋ ਕੁਝ ਵੀ ਹੁੰਦਾ ਹੈ, ਉਸ ਦੇ ਆਪਣੇ ਹੁਕਮ ਵਿਚ ਹੁੰਦਾ ਹੈ, ਬਿਨਾਂ ਕਿਸੇ ਵਿਤਕਰੇ ਜਾਂ ਲਿਹਾਜ਼ ਦੇ ਉਹ ਆਪਣੀ ਇਸ ਖੇਡ ਨੂੰ ਚਲਾ ਰਿਹਾ ਹੈ। ਜਿਸ ਪ੍ਰਕਾਰ ਦੀ ਰਚਨਾ ਉਹ ਚਾਹੁੰਦਾ ਹੈ, ਕਰ ਲੈਂਦਾ ਹੈ:
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ (ਪੰਨਾ 1)
ਇਹ ਅਕਾਰ-ਪ੍ਰਕਾਰ ਸਭ ਕੁਝ ਉਸ ਦੇ ਭਾਣੇ ਅੰਦਰ ਹੁੰਦਾ ਹੈ। ਉਸ ਦੇ ਹੁਕਮ ਤੋਂ ਬਾਹਰ ਇਸ ਸੰਸਾਰ ਉੱਤੇ ਕੋਈ ਹਿਲਜੁਲ ਨਹੀਂ ਹੋ ਸਕਦੀ। ਉਸ ਦਾ ਹੁਕਮ ਕੀ ਹੈ ਅਤੇ ਕਿਹੋ ਜਿਹਾ ਹੈ। ਕਥਨੀ ਪੂਰਨ ਭਾਵੇਂ ਪ੍ਰਗਟਾ ਨਹੀਂ ਸਕਦੀ। ਪਰ ਹਾਂ, ਇਸ ਵਿਚ ਇਕ ਗੱਲ ਜ਼ਰੂਰ ਹੈ ਕਿ ਕਰਮ ਉਸ ਨੂੰ ਆਧਾਰਸ਼ਿਲਾ ਦੇਂਦੇ ਹਨ। ਜਦੋਂ ਉਹ ਚਾਹੁੰਦਾ ਹੈ ਤਾਂ ਕਿਸੇ ਨੂੰ ਜੀਅ ਦਾਨ ਦੇ ਦਿੰਦਾ ਹੈ ਤੇ ਜਦੋਂ ਠੀਕ ਸਮਝੇ ਵਾਪਸ ਲੈ ਲੈਂਦਾ ਹੈ। ਕੋਈ ਆਦਮੀ ਉਸ ਦੇ ਇਸ ਹੁਕਮ ਤੋਂ ਬਾਹਰ ਹੋ ਕੇ ਉਲੰਘਣਾ ਨਹੀਂ ਕਰ ਸਕਦਾ। ਉਹ ਹਰ ਪ੍ਰਕਾਰ ਦੀਆਂ ਦਾਤਾਂ ਦੇਣ ਵਾਲਾ ਹੈ। ਪਰ ਇਹ ਦਾਤ ਬਿਨਾਂ ਕਿਸੇ ਆਧਾਰ ਤੋਂ ਹੀ ਨਹੀਂ ਮਿਲ ਜਾਂਦੀ। ਇਸ ਬਖਸ਼ਿਸ਼ ਵਿਚ ਜਿਵੇਂ ਕਿ ਉੱਪਰ ਕਿਹਾ ਗਿਆ ਹੈ ਜੀਵ ਦੇ ਆਪਣੇ:
ਵੇਖੈ ਵਿਗਸੈ ਕਰਿ ਵੀਚਾਰੁ॥ (ਪੰਨਾ 8)
ਉਹ ਆਪਣੀ ਇਸ ਖੇਡ ਨੂੰ ਵੇਖ ਰਿਹਾ ਹੈ ਅਤੇ ਵਿਗਸਦਾ ਹੈ। ਇਹ ਜੀਵ ਆਤਮਾ ਮੋਹ-ਮਾਇਆ ਦੇ ਜਾਲ ਵਿਚ ਏਨੀ ਖਪਤ ਹੋ ਚੁੱਕੀ ਹੈ ਕਿ ਉਸ ਨੂੰ ਆਪਣੇ ਕਰਤਾ ਦੀ ਸੂਝ-ਬੂਝ ਵੀ ਨਹੀਂ ਰਹੀ। ਉਹ ਹਉਮੈ ਦੀ ਮੈਲ ਵਿਚ ਗ੍ਰਸ ਕੇ ਆਪਣੇ ਰਚਨਹਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਜਦੋਂ ਤਕ ਇਹ ਹਉਮੈ ਜੀਵ ਆਤਮਾ ਦੇ ਅੰਦਰ ਉਜਾਗਰ ਰਹਿੰਦੀ ਹੈ ਉਸ ਵੇਲੇ ਤਕ ਉਹ ਜਨਮ-ਮਰਨ ਦੇ ਚੱਕਰ ਵਿਚ ਘੁੰਮਦੀ-ਫਿਰਦੀ ਰਹਿੰਦੀ ਹੈ। ਸਿੱਧਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਜਦੋਂ ਇਸ ਸੰਸਾਰ ਵਿਚਲੀ ਉਤਪਤੀ ਤੇ ਵਿਕਾਸ ਦਾ ਕਾਰਨ ਪੁੱਛਿਆ ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ :
ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ॥
ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥ (ਪੰਨਾ 946)
ਭਾਵ ਇਹ ਹਉਮੈ ਦੀ ਦੁਬਿਧਾ ਜੀਵ-ਆਤਮਾ ਨੂੰ ਗਲਤ ਰਾਹ ’ਤੇ ਪਾਉਂਦੀ ਹੈ ਅਤੇ ਇਸੇ ਲਈ ਇਸ ਸੰਸਾਰ ਉੱਤੇ ਉਸ ਲਈ ਦੁੱਖਾਂ-ਕਲੇਸ਼ਾਂ ਦੇ ਅੰਬਾਰ ਉਸਰਦੇ ਹਨ। ਪਰ ਜਦੋਂ ਇਹ ਹਉਮੈ ਦਾ ਪਰਦਾ ਅੱਖਾਂ ਅੱਗੋਂ ਹਟ ਜਾਂਦਾ ਹੈ ਅਤੇ ਜੀਵ ਆਤਮਾ ਪਰਮ ਤੱਤ ਦੀ ਪਛਾਣ ਕਰ ਲੈਂਦੀ ਹੈ ਅਤੇ ਉਸ ਦੀ ਹੋਂਦ ਦਾ ਸਾਪੇਖਕ ਦ੍ਰਿਸ਼ ਤੇ ਕ੍ਰਿਸ਼ਮਾ ਵੇਖਣ ਲੱਗ ਪੈਂਦੀ ਹੈ। ਉਸ ਵੇਲੇ ਉਸ ਲਈ ਇਸ ਸੰਸਾਰ ਦੀ ਜੜ੍ਹ ਤੇ ਚੇਤੰਨ ਦੋਵੇਂ ਹੀ ਇਕ ਰੂਪ ਹੋਏ ਦਿੱਸ ਆਉਂਦੇ ਹਨ। ਸਭ ਕੁਝ ਵਿਚ ਉਸੇ ਦਾ ਝਲਕਾਰਾ ਦਿੱਸ ਆਉਂਦਾ ਹੈ:
ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ॥
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਾਚੈ ਰਹੈ ਸਮਾਏ॥ (ਪੰਨਾ 946)
ਭਾਵ ਇਸ ਹਉਮੈ ਸਦਕਾ ਹੀ ਜੀਵਾਂ ਅੰਦਰ ਭਿੰਨਤਾ ਆ ਗਈ ਹੈ ਅਤੇ ਇਸੇ ਲਈ ਜੀਵ-ਆਤਮਾ ਪਰਮ-ਆਤਮਾ ਤੋਂ ਵਿਛੋੜੀ ਹੋਈ ਵਿਚਰਦੀ ਹੈ। ਜੀਵ ਦਾ ਅਸਲੀ ਮੁਦਾਅ ਪ੍ਰਭੂ ਨਾਲ ਇਕਮਿਕਤਾ ਪ੍ਰਾਪਤ ਕਰਨੀ ਹੈ। ਇਸ ਸੰਸਾਰ ਦੀ ਕਾਰ ਪ੍ਰਭੂ ਨਾਲ ਸੰਜੋਗ ਤੇ ਵਿਜੋਗ ਵਿਚ ਹੀ ਬੰਨ੍ਹੀ ਹੋਈ ਚੱਲ ਰਹੀ ਹੈ:
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ॥ (ਪੰਨਾ 6)
ਇਸ ਸੰਜੋਗ ਤੇ ਵਿਜੋਗ ਦੀ ਲੜੀ ਵਿਚ ਇਹ ਸਾਰੀ ਰਚਨਾ ਲੜੀਬੱਧ ਹੈ ਅਤੇ ਇਸ ਰਚਨਾ ਦੀ ਹਰ ਸ਼ੈਅ ਕਿਸੇ ਅੰਤ ਵੱਲ ਨੂੰ ਵਧ ਰਹੀ ਹੈ ਅਤੇ ਪ੍ਰਭੂ ਨੂੰ ਸੰਜੋਗ ਪ੍ਰਾਪਤ ਕਰਨ ਲਈ ਤਤਪਰ ਤੇ ਜਤਨਸ਼ੀਲ ਹੈ। ਇਹ ਜੀਵ ਤੰਤ, ਤਾਰੇ ਤੇ ਅਕਾਸ਼ ਮੰਡਲ ਵਿਚਲੀ ਹਰ ਸ਼ੈਅ ਵਿਜੋਗ ਵਿਚ ਤੜਪ ਰਹੀ ਹੈ।
ਪਰ ਕੀ ਕੋਈ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਰਚਨਾ ਕਿੰਨੀ ਕੁ ਹੈ। ਇਸ ਦਾ ਕਿਸੇ ਕੋਲ ਕੋਈ ਹਿਸਾਬ-ਕਿਤਾਬ ਨਹੀਂ। ਇਹ ਰਚਨਾ ਅਣਗਿਣਤ ਹੈ, ਬੇਅੰਤ ਹੈ। ਇਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ:
ਅੰਤੁ ਨ ਜਾਪੈ ਕੀਤਾ ਆਕਾਰੁ॥ (ਪੰਨਾ 5)
ਭਾਵੇਂ ਕਈ ਧਰਮਾਂ ਵਿਚ ਇਸ ਅਕਾਰ ਦੀ ਗਿਣਤੀ ਵੀ ਕਰਕੇ ਦੱਸੀ ਜਾਂਦੀ ਹੈ ਪਰ ਗੁਰਮਤਿ ਵਿਚ ਇਸ ਪ੍ਰਕਾਰ ਦੀ ਕਿਸੇ ਗਿਣਤੀ-ਮਿਣਤੀ ਨੂੰ ਪ੍ਰਮਾਣੀਕਤਾ ਪ੍ਰਾਪਤ ਨਹੀਂ ਹੈ। ਇਸਲਾਮ ਇਸ ਗੱਲ ਦਾ ਧਾਰਨੀ ਹੈ ਕਿ ਇਸ ਰਚਨਾ ਵਿਚ ਸੱਤ ਆਕਾਸ਼ ਹਨ ਅਤੇ ਸੱਤ ਪਾਤਾਲ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਅਨੁਸਾਰ ਇਹ ਪਾਤਾਲ ਤੇ ਆਕਾਸ਼ ਅਣਗਿਣਤ ਹਨ। ਇਨ੍ਹਾਂ ਦਾ ਅੰਦਾਜ਼ਾ ਲਾਉਣਾ ਐਵੇਂ ਫਾਲਤੂ ਦਾ ਢੌਂਗ ਹੈ:
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ (ਪੰਨਾ 5)
ਅੱਜ ਦੀ ਵਿਗਿਆਨਕ ਖੋਜ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਤਾਰਾ ਮੰਡਲ ਏਨਾ ਵਿਸ਼ਾਲ ਤੇ ਵਚਿੱਤਰ ਹੈ ਕਿ ਕੋਈ ਵੀ ਵਿਗਿਆਨਕ ਯੰਤਰ ਇਨ੍ਹਾਂ ਦੀ ਗਿਣਤੀ-ਮਿਣਤੀ ਕਰਨ ਵਿਚ ਸਫਲ ਨਹੀਂ ਹੋ ਸਕਿਆ। ਕਈ ਤਾਰੇ ਭੂਮੀ ਤੋਂ ਏਨੇ ਦੂਰ ਹਨ ਕਿ ਅਸਚਰਜਤਾ ਹੋ ਆਉਂਦੀ ਹੈ। ਵਿਗਿਆਨਕ ਤੱਤ ਹੈ ਕਿ ਜੋ ਚਾਨਣ ਦੀ ਲੋਅ (Light Ray) 186000 ਮੀਲ ਪ੍ਰਤੀ ਸੈਕਿੰਟ ਚਲੇ ਤਾਂ ਕਈ ਤਾਰਿਆਂ ਦੀ ਲੋਅ ਸਾਡੇ ਤਕ ਪੁੱਜਣ ਵਿਚ 10000 ਸਾਲ (ਜਿਨ੍ਹਾਂ ਨੂੰ ਚਾਨਣ ਸਾਲ Light year ਕਿਹਾ ਜਾਂਦਾ ਹੈ) ਲੱਗ ਜਾਂਦੇ ਹਨ।
ਤਾਰੇ ਇਸ ਤੋਂ ਵੀ ਅੱਗੇ ਹਨ ਜਿਨ੍ਹਾਂ ਦੀ ਦੂਰੀ ਅਤੇ ਅਕਾਰ ਦੀ ਵਡਿੱਤਣ ਨੂੰ ਵਿਗਿਆਨ ਦਾ ਕੋਈ ਵੀ ਯੰਤਰ ਮਾਪ ਸਕਣ ਵਿਚ ਸਫਲ ਨਹੀਂ ਹੈ। ਇਸੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਹੇ ਪ੍ਰਭੂ! ਤੇਰੀ ਰਚਨਾ ਦਾ ਅੰਤ ਨਹੀਂ ਲਿਖਿਆ ਜਾ ਸਕਦਾ।
ਇਸ ਰਚਨਾ ਦੀ ਵਚਿੱਤ੍ਰਤਾ ਤੇ ਵਿਲੱਖਣਤਾ ਬਾਰੇ ਗੁਰੂ ਸਾਹਿਬ ਨੇ ਫ਼ਰਮਾਇਆ ਕਿ ਇਸ ਰਚਨਾ ਦੇ ਦੋ ਵੱਡੇ ਪੱਖ ਹਨ- ਚੰਗਾ ਤੇ ਮੰਦਾ। ਦੋਵੇਂ ਪ੍ਰਕਾਰ ਦੀ ਰਚਨਾ ਕਰਨ ਵਾਲਾ ਉਹ ਪ੍ਰਭੂ ਆਪ ਹੈ। ਜੋਗ ਮਤ ਅਨੁਸਾਰ ਇਸ ਸੰਸਾਰ ਦੀ ਉਪਰੋਕਤ ਦੋਵੇਂ ਪ੍ਰਕਾਰ ਦੀ ਰਚਨਾ ਕਰਨ ਵਾਲੇ ਦੋ ਵੱਖੋ-ਵੱਖਰੇ ਰੱਬ ਹਨ। ਇਕ ਰੱਬ ਆਪ ਹੈ। ਉਹ ਸਾਰੀ ਚੰਗੀ ਰਚਨਾ ਰਚਦਾ ਹੈ। ਦੂਜੇ ਪਾਸੇ ਸ਼ੈਤਾਨ (Satan) ਹੈ ਜੋ ਉਨੀਂ ਹੀ ਜਾਂ ਕਈ ਵਾਰ ਘੱਟ ਜਾਂ ਵੱਧ, ਭੈੜੀ ਜਾਂ ਮੰਦੀ ਰਚਨਾ ਰਚਦਾ ਹੈ। ਉਸ ਦਾ ਕੰਮ ਸਦਾ ਹੀ ਚੰਗੇਰੇ ਪੱਖ ਨੂੰ ਭੈੜੇ ਵਿਚ ਬਦਲਣਾ ਜਾਂ ਮੰਦੀਆਂ ਬਿਰਤੀਆਂ ਪੈਦਾ ਕਰ ਕੇ ਚੰਗਿਆਂ ਨੂੰ ਮੰਦੇ ਬਣਾਉਣਾ ਹੈ। ਪਰ ਗੁਰਮਤਿ ਇਸ ਸਿਧਾਂਤ ਦੇ ਬਿਲਕੁਲ ਉਲਟ ਹੈ। ਉਹ ਇਸ ਸਾਰੀ ਰਚਨਾ ਨੂੰ ਇੱਕੋ ਪ੍ਰਭੂ ਦੀ ਮੰਨਦਾ ਹੈ। ਇਸ ਮਾਇਆ ਦੇ ਪਸਾਰੇ ਦਾ ਹਰ ਅੰਸ਼ ਉਸ ਪ੍ਰਭੂ ਦਾ ਆਪਣਾ ਸਾਜਿਆ ਹੋਇਆ ਹੈ:
ਇਹ ਮਾਇਆ ਤਾਕੀ ਕੀਤੀ ਹੋਇ॥
ਵਲੁ ਅਵਲੁ ਸਭਿ ਤਿਸ ਤੇ ਹੋਇ॥
ਇਸ ਰਚਨਾ ਵਿਚ ਕੀ ਕੁਝ ਦਰਜ ਹੈ? ਭਾਵ ਕਿਹੋ ਜਿਹੀ ਰਚਨਾ ਹੈ? ਅਸੰਖਾਂ ਦੀ ਗਿਣਤੀ ਵਿਚ ਜੀਵ ਆਤਮਾਵਾਂ ਲਿਵ-ਲੀਨ ਹਨ:
ਅਸੰਖ ਜਪ ਅਸੰਖ ਭਾਉ॥
ਅਸੰਖ ਪੂਜਾ ਅਸੰਖ ਤਪ ਤਾਉ॥
ਅਸੰਖ ਗਰੰਥ ਮੁਖਿ ਵੇਦ ਪਾਠ॥
ਅਸੰਖ ਜੋਗ ਮਨਿ ਰਹਹਿ ਉਦਾਸ॥
ਅਸੰਖ ਭਗਤ ਗੁਣ ਗਿਆਨ ਵੀਚਾਰ॥
ਅਸੰਖ ਸਤੀ ਅਸੰਖ ਦਾਤਾਰ॥
ਅਸੰਖ ਸੂਰ ਮੁਹ ਭਖ ਸਾਰ॥
ਅਸੰਖ ਮੋਨਿ ਲਿਵ ਲਾਇ ਤਾਰ॥ (ਪੰਨਾ 3-4)
ਭਾਵ ਅਸੰਖਾਂ ਹੀ ਜਪੀ, ਪ੍ਰੇਮੀ, ਤਪੀ, ਮਨੀ, ਹਠੀ, ਜੋਗੀ, ਉਦਾਸੀ, ਭਗਤ, ਗਿਆਨਵਾਨ, ਜਤੀ ਸਤੀ, ਜੋਧੇ ਤੇ ਮਹਾਂਬਲੀ ਸੂਰਮੇ ਉਸ ਦੀ ਉਸਤਤਿ ਵਿਚ ਨਿਰੰਤਰ ਲਿਵਲੀਨ ਹਨ ਅਤੇ ਆਪਣੇ ਟੁੱਟ ਚੁੱਕੇ ਸ੍ਰੋਤ ਨਾਲ ਮੁੜ ਸੰਜੋਗ ਪ੍ਰਾਪਤ ਕਰਨ ਲਈ ਤਤਪਰ ਹਨ। ਇਹ ਇਸ ਰਚਨਾ ਦਾ ਸੋਹਜ ਪੱਖ ਹੈ। ਇਸ ਦਾ ਕੋਹਜ ਪੱਖ ਵੀ ਉਸੇ ਪ੍ਰਕਾਰ ਅੰਕਿਤ ਕੀਤਾ ਗਿਆ ਹੈ:
ਅਸੰਖ ਮੂਰਖ ਅੰਧ ਘੋਰ॥
ਅਸੰਖ ਚੋਰ ਹਰਾਮਖੋਰ॥
ਅਸੰਖ ਅਮਰ ਕਰਿ ਜਾਹਿ ਜੋਰ॥
ਅਸੰਖ ਗਲਵਢ ਹਤਿਆ ਕਮਾਹਿ॥
ਅਸੰਖ ਪਾਪੀ ਪਾਪੁ ਕਰਿ ਜਾਹਿ॥
ਅਸੰਖ ਕੂੜਿਆਰ ਕੂੜੇ ਫਿਰਾਹਿ॥
ਅਸੰਖ ਮਲੇਛ ਮਲੁ ਭਖਿ ਖਾਹਿ॥
ਅਸੰਖ ਨਿੰਦਕ ਸਿਰਿ ਕਰਹਿ ਭਾਰੁ॥
ਨਾਨਕੁ ਨੀਚੁ ਕਹੈ ਵੀਚਾਰੁ॥ (ਪੰਨਾ 4)
ਅਸੰਖਾਂ ਹੀ ਚੋਰ, ਮੂਰਖ, ਠੱਗ, ਧੋਖੇਬਾਜ਼, ਪਾਪੀ, ਹਤਿਆਰੇ ਤੇ ਹੋਰ ਕਈ ਪ੍ਰਕਾਰ ਦੇ ਭੈੜ ਕਰਨ ਵਾਲੇ ਵੀ ਇਸੇ ਰਚਨਾ ਵਿਚ ਹੀ ਅੰਕਿਤ ਹਨ ਅਤੇ ਇਸ ਦੇ ਕੋਹਜ ਪੱਖ ਦੀ ਵਿਲੱਖਣਤਾ ਦੇ ਪ੍ਰਤੀਕ ਹਨ ਪਰ ਸਾਰੇ ਹੀ ਇਹ ਵੀ ਇੱਕ ਹੁਕਮ ਵਿਚ ਬੱਧੇ ਹੋਏ ਹਨ। ਉਹ ਹੈ ਉਸ ਪ੍ਰਭੂ ਦਾ ਅਟੱਲ ਹੁਕਮ ਜੋ ਉਨ੍ਹਾਂ ਨੂੰ ਇਸ ਸੰਸਾਰ ’ਤੇ ਭੇਜਦਾ ਹੈ ਤੇ ਠੀਕ ਸਮਾਂ ਪੁੱਜਣ ’ਤੇ ਵਾਪਸ ਲੈ ਟੁਰਦਾ ਹੈ। ਹਰ ਇਕ ਲਈ ਇਹ ਦੋਵੇਂ ਸਮੇਂ ਨਿਸ਼ਚਿਤ ਤੇ ਅਟੱਲ ਹਨ, ਇਸ ਵਿਚ ਕਿਸੇ ਪ੍ਰਕਾਰ ਦੀ ਉਕਤਾਈ ਜਾਂ ਉਲੰਘਣਾ ਨਹੀਂ ਹੋ ਸਕਦੀ।
ਇਥੇ ਹੀ ਬਸ ਨਹੀਂ ਹੋ ਜਾਂਦੀ ਇਹ ਤਾਂ ਮਨੁੱਖੀ ਪੱਧਰ ਦੀ ਗੱਲ ਸੀ। ਪਰ ਬ੍ਰਹਿਮੰਡ ਤਾਂ ਬਹੁਤ ਵਿਸ਼ਾਲ ਹੈ। ਇਸ ਵਿਚ ਮਨੁੱਖ ਤੇ ਪਸ਼ੂਆਂ ਤੋਂ ਉਪਰੰਤ ਹੋਰ ਵੀ ਵਸਤਾਂ ਹਨ। ਉਨ੍ਹਾਂ ਦਾ ਵਰਣਨ ਕਰਨ ਵਿਚ ਗੁਰੂ ਸਾਹਿਬ ਨੇ ਆਪਣੀ ਬਹੁਪੱਖੀ ਗਿਆਨਵਾਨ ਅਤੇ ਸੰਪੂਰਨ ਸੂਝ-ਬੂਝ ਤੋਂ ਕੰਮ ਲਿਆ ਹੈ।
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ॥
ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ॥
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ॥
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ॥
ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ॥
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ॥
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥ (ਪੰਨਾ 7)
ਭਾਵ ਅਣਗਿਣਤ ਪਉਣ ਪਾਣੀ ਤੇ ਅਗਨੀਆਂ ਹਨ, ਕਈ ਕਿਸ਼ਨ ਮਹੇਸ਼ ਤੇ ਬ੍ਰਹਮੇ ਵੱਖੋ-ਵੱਖਰੇ ਰੂਪਾਂ ਰੰਗਾਂ ਵਿਚ ਰਚਨਾ ਰਚ ਰਹੇ ਹਨ। ਪਹਾੜ, ਚੰਦ, ਸੂਰਜ, ਕਰਮ ਭੂਮੀਆਂ, ਖਾਣੀਆਂ, ਬਾਣੀਆਂ, ਸਿਧ, ਬੁਧ, ਨਾਥ, ਜਤੀ, ਜੋਗੀ, ਦੇਵੀਆਂ, ਦੇਵਤੇ, ਰਿਧੀਆਂ, ਸਿਧੀਆਂ, ਰਾਖਸ਼ ਤੇ ਦੈਂਤ ਆਦਿ ਇਸ ਰਚਨਾ ਵਿਚ ਸੰਮਿਲਤ ਉਸ ਰਚਨਹਾਰ ਪ੍ਰਭੂ ਦੀ ਉਸਤਤੀ ਕਰ ਰਹੇ ਹਨ ਅਤੇ ਵਿੱਛੜੇ ਹੋਏ ਆਤਮ ਤੱਤ ਨੂੰ ਫੇਰ ਪ੍ਰਾਪਤ ਕਰਨ ਦੇ ਉਪਰਾਲੇ ਕਰ ਰਹੇ ਹਨ।
ਸੋ ਇਸ ਵਿਸ਼ਾਲ, ਬਹੁ-ਪੱਖੀ ਤੇ ਬਹੁ-ਭਾਂਤਨੀ ਰਚਨਾ ਦੀ ਸੰਚਾਲਕ ਸ਼ਕਤੀ ਕੀ ਹੈ? ਕਹਿਣ ਤੋਂ ਭਾਵ ਹੈ ਕਿ ਇਸ ਸਭ ਕੁਝ ਨੂੰ ਕਿਸ ਸ਼ਕਤੀ ਨੇ ਲੜੀਬੱਧ ਕਰ ਕੇ ਇਸ ਕਾਰਜ ਨੂੰ ਚਾਲੂ ਰੱਖਿਆ ਹੋਇਆ ਹੈ। ਜਾਂ ਕਈ ਵਾਰ ਇਹ ਵੀ ਸੁਆਲ ਉੱਠਦਾ ਹੈ ਕਿ ਸਾਡੀ ਇਸ ਧਰਤੀ ਨੂੰ ਕਿਹੜੀ ਚੀਜ਼ ਆਪਣੇ ਆਸਰੇ ’ਤੇ ਲਈ ਖੜ੍ਹੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਪ੍ਰਕਾਰ ਦਾ ਕੋਈ ਵੀ ਧੁੰਦਲਾ ਵਿਚਾਰ ਆਪਣੇ ਅਨੁਯਾਈਆਂ ਨੂੰ ਕਦੀ ਨਹੀਂ ਦਿੱਤਾ। ਉਹ ਅਜਿਹੇ ਖੋਜੀ ਸਨ ਜਿਨ੍ਹਾਂ ਨੇ ਕਦੀ ਵੀ ਆਪਣੇ ਵਿਚਾਰ ਉਹ ਨਹੀਂ ਅਪਣਾਏ ਜਿਨ੍ਹਾਂ ਦੀ ਸਚਾਈ ਨੂੰ ਵੰਗਾਰਿਆ ਜਾ ਸਕੇ। ਉਨ੍ਹਾਂ ਅਨੁਸਾਰ ਸਾਡੀ ਧਰਤੀ ਜਾਂ ਹੋਰ ਧਰਤੀਆਂ ਦਾ ਆਸਰਾ ਉਨ੍ਹਾਂ ਵਿਚਲੀ ਸਤੱਤਾ (Eternal and ultimate force) ਹੈ। ਜਿਸ ਨੂੰ ਕਿ ਪਦਾਰਥਵਾਦੀ ਵਿਗਿਆਨੀ ਇਕ ਦੂਜੇ ਵਿਚਲੀ ਕਸ਼ਸ਼ ਦਾ ਨਾਂ ਦਿੰਦੇ ਹਨ। ਸੋ ਇਸ ਬ੍ਰਹਿਮੰਡ ਨੂੰ ਥੰਮ੍ਹ ਕੇ ਰੱਖਣ ਵਾਲੀ ਸ਼ਕਤੀ ਹੈ।
ਧੌਲੁ ਧਰਮੁ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥
ਜੇ ਕੋ ਬੁਝੈ ਹੋਵੈ ਸਚਿਆਰੁ॥
ਧਵਲੈ ਉਪਰਿ ਕੇਤਾ ਭਾਰੁ॥
ਧਰਤੀ ਹੋਰੁ ਪਰੈ ਹੋਰੁ ਹੋਰੁ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ॥ (ਪੰਨਾ 3)
ਇਸ ਧਰਤੀ ਨੂੰ ਧਰਮ ਰੂਪੀ ਬੈਲ ਥੰਮ੍ਹ ਕੇ ਖਲੋਤਾ ਹੋਇਆ ਹੈ। ਇਹ ਜੋ ਕੁਝ ਸਾਨੂੰ ਦਿੱਸਦਾ ਹੈ ਸਾਰਾ ਹੀ ਉਸ ਪ੍ਰਭੂ ਦੇ ਇੱਕੋ ਹੀ ਸ਼ਬਦ ਦਾ ਸਦਕਾ ਹੋਂਦ ਵਿਚ ਆਇਆ ਹੈ:
ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰੀਆਉ॥ (ਪੰਨਾ 3)
ਇਸ ਦਾ ਭਾਵ ਇਹ ਹੈ ਕਿ ਪਸਾਰਾ ਉਸ ਦੀ ਇੱਕੋ ਹੀ ਮਿਹਰ ਦੀ ਨਜ਼ਰ ਸਦਕਾ ਹੋਇਆ ਹੈ ਇਹ ਜੋ ਕੁਝ ਸਾਨੂੰ ਦਿੱਸਦਾ ਹੈ ਇਹ ਤਾਂ ਇਕ ਕਿਣਕਾ ਹੈ ਉਸ ਸਾਰੀ ਰਚਨਾ ਦਾ।
ਦਰਿਆ ਵਿਚ ਇਕ ਬੂੰਦ ਹੈ। ਤਾਰਾ-ਵਿਗਿਆਨਕ ਦੀ ਨਵੀਂ ਖੋਜ ਇਸ ਗੱਲ ਦੀ ਪੁਸ਼ਟੀ ਭਲੀ-ਭਾਂਤ ਕਰਦੀ ਹੈ। ਕਹਿਕਸ਼ਾਂ (Milky Way, The silver River in Chinese conception) ਜਿਸ ਨੂੰ ਅਸੀਂ ‘ਗਊਆਂ ਦਾ ਰਸਤਾ’ ਵੀ ਕਹਿੰਦੇ ਹਾਂ- ਅਣਗਿਣਤ ਤਾਰਿਆਂ ਦੇ ਝੁੰਡਾਂ ਦਾ ਬਣਿਆ ਹੋਇਆ ਹੈ। ਵਿਗਿਆਨੀ ਇਸ ਦਾ ਪੂਰਾ-ਪੂਰਾ ਪਤਾ ਲਾਉਣ ਲਈ ਹਰ ਯਤਨ ਕਰ ਰਹੇ ਹਨ ਪਰ ਇਹ ਏਨਾ ਵਿਸ਼ਾਲ ਹੈ ਕਿ ਇਸ ਦੇ ਪੂਰੇ ਭੇਦ ਨੂੰ ਖੋਲ੍ਹ ਕੇ ਗਿਣਤੀ-ਮਿਣਤੀ ਕਰਨੀ ਯੰਤਰਾਂ ਦੀ ਅੱਜ ਤਕ ਦੀ ਅੱਪੜ ਤੋਂ ਬਾਹਰਲੀ ਗੱਲ ਹੈ। ਕੋਈ ਵੀ ਖੋਜੀ ਇਸ ਦੇ ਰਹੱਸ ਨੂੰ ਹਾਲੀ ਤੀਕ ਨਹੀਂ ਖੋਲ੍ਹ ਸਕਿਆ। ਸੋ ਇਹ ਵਿਚਾਰ ਕਿਸੇ ਵੀ ਹੋਰ ਪੁਸ਼ਟੀ ਦੇ ਅਧੀਨ ਨਹੀਂ ਕਿ ਸਾਡੇ ਬ੍ਰਹਿਮੰਡ ਜਿਹੇ ਹੋਰ ਕਈ ਬ੍ਰਹਿਮੰਡ ਹਨ ਜਿਨ੍ਹਾਂ ਦੀ ਗਿਣਤੀ ਹੋ ਹੀ ਨਹੀਂ ਸਕਦੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸ ਸਮੇਂ ਦਿੱਤੀ ਗਈ ਤਾਰਾ-ਮੰਡਲ ਗਿਆਨ (Astronomical knowledge) ਦਾ ਬਿਆਨ ਏਡਾ ਵਿਸ਼ਾਲ ਤੇ ਅਦਭੁਤ ਹੈ ਕਿ ਮਨੁੱਖੀ ਸੂਝ ਬੂਝ ਵਿਸਮਾਦਕਤਾ ਛਾ ਜਾਂਦੀ ਹੈ। ਇਹੋ ਜਿਹੇ ਵਿਚਾਰ ਉਸ ਸਮੇਂ ਵਿਚ ਦੇਣੇ ਜਦੋਂ ਕਿ ਵਿਗਿਆਨਕ ਸੂਝ ਬੂਝ ਦਾ ਨਾਂ-ਨਿਸ਼ਾਨ ਨਹੀਂ ਸੀ ਸਾਫ ਤੌਰ ’ਤੇ ਸਿੱਧ ਕਰਦਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਕਿਸੇ ਗ਼ੈਬੀ ਰਿਸ਼ਮ ਦੀ ਛੋਹ ਪ੍ਰਾਪਤ ਸੀ ਜਾਂ ਇੰਞ ਕਹਿ ਲਵੋ ਕਿ ਉਹ ਉਸ ਦਾ ਹੀ ਇਕ ਅੰਗ ਸੀ। ਇਹ ਰਚਨਾ ਕਦੋਂ ਹੋਈ? ਬਾਰੇ ਬਹੁਤ ਸਾਰੇ ਧਰਮਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਕੋਈ ਇਸ ਨੂੰ 5000 ਸਾਲ ਪੁਰਾਣੀ ਦੱਸਦਾ ਹੈ। ਕੋਈ ਲੱਖਾਂ ਸਾਲ ਤਕ ਦੀ ਵੀ ਗਿਣ ਜਾਂਦਾ ਹੈ। ਪਰ ਇਹ ਕਦੋਂ ਰਚੀ ਤੇ ਇਸ ਦੀ ਰਚਨਾ ਵਾਸਤੇ ਕਿੰਨਾ ਕੁ ਸਮਾਂ ਲੱਗਾ, ਬਾਰੇ ਕੋਈ ਨਹੀਂ ਦੱਸ ਸਕਦਾ। ਇਸਾਈ ਮੱਤ ਦਾ ਕਹਿਣਾ ਹੈ ਕਿ ਰੱਬ ਨੇ ਇਸ ਸੰਸਾਰ ਦੀ ਰਚਨਾ ਲਗਾਤਾਰ ਛੇ ਦਿਨਾਂ ਵਿਚ ਕੀਤੀ ਅਤੇ ਸਤਵੇਂ ਦਿਨ ਉਸ ਨੇ ਛੁੱਟੀ ਮਨਾਈ ਸੀ। ਇਸੇ ਪ੍ਰਕਾਰ ਹੋਰ ਵੀ ਬਹੁਤ ਸਾਰੇ ਵਿੱਕੋਲਿਤਰੇ ਵਿਚਾਰ ਮਿਲਦੇ ਹਨ। ਗੁਰਮਤਿ ਇਸ ਬਾਰੇ ਨਿਸਚਿਤ ਰੂਪ ਵਿਚ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਫ਼ਰਮਾਉਂਦੇ ਹਨ:
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ॥
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ (ਪੰਨਾ 4)
ਸ੍ਰਿਸ਼ਟੀ ਕਿਸ ਵੇਲੇ ਬਣੀ? ਕੀ ਵਕਤ ਉਸ ਵੇਲੇ ਸੀ, ਕੋਈ ਨਹੀਂ ਦੱਸ ਸਕਦਾ। ਨਾ ਹੀ ਕੋਈ ਥਿਤ ਦੱਸ ਸਕਦਾ ਹੈ ਨਾ ਮਹੀਨਾ, ਦਿਨ ਜਾਂ ਵਾਰ ਹੀ ਮੰਨਿਆ ਜਾ ਸਕਦਾ ਹੈ ਜਦੋਂ ਇਹ ਰਚਨਾ ਰਚੀ ਗਈ। ਇਸ ਲਈ ਮਹੀਨਾ, ਤਾਰੀਖ ਜਾਂ ਥਿਤਾਂ ਆਦਿ ਨਿਸਚਿਤ ਕਰਨਾ ਬਿਅਰਥ ਹਨ। ਇਸ ਭੇਦ ਨੂੰ ਪ੍ਰਭੂ ਨੇ ਹਾਲੀਂ ਤੀਕ ਕਿਸੇ ਨਾਲ ਸਾਂਝਾ ਨਹੀਂ ਕੀਤਾ ਅਤੇ ਨਾ ਹੀ ਕੋਈ ਇਸ ਭੇਦ ਨੂੰ ਸਾਂਝਾ ਕਰਨ ਦੇ ਲਾਇਕ ਹੈ। ਉਹ ਆਪ ਹੀ ਜਾਣਦਾ ਹੈ ਇਸ ਰਹੱਸ ਨੂੰ।
ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਜਿੱਥੇ ਆਤਮਾ ਦੀ ਉੱਨਤੀ ਲਈ ਉਪਰਾਲੇ ਹਨ ਉਥੇ ਮਨੁੱਖ ਨੂੰ ਆਪਣੇ ਆਲੇ-ਦੁਆਲੇ ਅਤੇ ਇਸ ਸੰਸਾਰ ਬਾਰੇ ਪਦਾਰਥਕ ਗਿਆਨ ਵੀ ਦਿੱਤਾ ਗਿਆ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜਿੱਥੇ ਇਕ ਪਰਿਪੂਰਣ ਅਧਿਆਤਮਕ ਆਗੂ ਸਨ, ਉਥੇ ਇਕ ਚੰਗੀ ਤੇ ਡੂੰਘੀ ਵਿਗਿਆਨਕ ਸੂਝ-ਬੂਝ ਦੇ ਮਾਲਕ ਵੀ। ਉਨ੍ਹਾਂ ਆਪਣੀ ਬਾਣੀ ਵਿਚ ਉਹ ਵਿਗਿਆਨਕ ਤੱਤ ਅੰਕਿਤ ਕੀਤੇ ਜਿਹੜੇ ਕਿ ਅੱਜ ਦੀ ਵਿਗਿਆਨਕ ਖੋਜ ਲੱਗਭਗ 500 ਸਾਲ ਪਿੱਛੋਂ ਲੱਭ ਰਹੀ ਹੈ। ਡਾਰਵਿਨ ਤੋਂ ਪੂਰੇ 250 ਸਾਲ ਪਹਿਲਾਂ ਉਨ੍ਹਾਂ ਉਹ ਹੀ ਵਿਕਾਸ-ਸਿਧਾਂਤ ਆਪਣੀ ਬਾਣੀ ਵਿਚ ਦਰਜ ਕੀਤੇ ਜਿਨ੍ਹਾਂ ਨੂੰ ਡਾਰਵਿਨ ਨੇ ਪਿੱਛੋਂ ਜਾ ਕੇ ਵਿਗਿਆਨ ਰਾਹੀਂ ਸਾਬਤ ਕਰ ਦਿੱਤਾ। (ਡਾਰਵਿਨ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਵਿਚਾਰ ਨਹੀਂ ਪੜ੍ਹੇ ਸਨ। ਇਹ ਉਸ ਦੀ ਨਿੱਜੀ ਖੋਜ ਦਾ ਫਲ ਰੂਪ ਸੀ।) ਸੋ ਉਨ੍ਹਾਂ ਦੀ ਬਾਣੀ ਵਿਚ ਜਿੱਥੇ ਸਿੱਖ ਰਹੱਸਵਾਦ ਅਤੇ ਸਿੱਖ ਅਧਿਆਤਮਵਾਦ ਦਰਜ ਹੈ ਉਥੇ ਸਿੱਖ ਰਚਨਾ-ਸਿਧਾਂਤ ਅਤੇ ਸਿੱਖ ਬ੍ਰਹਿਮੰਡ ਗਿਆਨ ਬਾਰੇ ਵੀ ਵਿਚਾਰ ਬਹੁਤ ਨਿੱਖਰੇ ਰੂਪ ਵਿਚ ਅੰਕਿਤ ਕੀਤੇ ਹਨ।
Foot notes :
1. C.M. Walsh— “God alone is without beginning.” (The Doctrine of Creation, 1910)
2. If matter were uncreated, it must be equal with God—a Second God. If there were two first principles, they would be incommuni- cable without a third, which would be the ulimate principle. Plainly the one must come from the other and yet more plainly matter from God rather than the reverse. To be Lord of all God must have created matter. If it were uncreated the world could not be constructed out of it, for it could not be receptive of the qualities which God wished to impose upon it, unless God Himself had made it such as He wished it to be. That which is capable of being made into an artistic world, must have had a wise and skillful maker. (Encyclopaedia of Religion and Ethics, Vol. IV page 125)
3. Among Babylonians were at least two divergent systems of cos- mogony may be traced the primal element of the Universe was Water, symbolized and ruled by Tramat, the personification of chaos until she was slain by the God Marduk. This cosmic ocean recurs in other cosmic systems as well notably in some of the Hindu Cosmogonies and in the Egyptian legends of the creation. (Encyclopaedia of Religion and Ethics, Vol. IV, page 125)
5. In one of numerous Egyptian cosmogonies the primal spirit and primal matter co-exist from all eternity in indisseluble union. The primal spirit longs to create thus calling the cosmic ‘Desire’. Mo- tion in primal material results in visible shapes. (Encyclopaedia of Religion and Ethics, Vol. IV, page 126)
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ