ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਆਸਾ ਰਾਗ ਵਿਚ ਸਿਰਜਿਤ ‘ਪਟੀ’ ‘ਰਹਾਉ’ ਦੀਆਂ ਦੋ ਤੁਕਾਂ ਤੋਂ ਇਲਾਵਾ 35 ਬੰਦਾਂ ਦੀ ਇਕ ਅਜਿਹੀ ਬਾਣੀ ਹੈ ਜਿਸ ਵਿਚ ਕਾਵਿ-ਰੂਪ ਦੀ ਸਿਰਜਣਾ ਲਈ ਗੁਰਮੁਖੀ ਵਰਣਮਾਲਾ ਦੇ ਅੱਖਰਾਂ ਨੂੰ ਆਧਾਰ ਬਣਾਇਆ ਗਿਆ ਹੈ। ਵਿਸ਼ਵ ਸਾਹਿਤ ਦੇ ਇਤਿਹਾਸ ਵਿਚ ਵਰਣਮਾਲਾ ਨੂੰ ਆਧਾਰ ਬਣਾ ਕੇ ਕਾਵਿ-ਰੂਪ ਸਿਰਜਣ ਦੀ ਪਰੰਪਰਾ ਬੜੀ ਪੁਰਾਤਨ ਹੈ। ਇਸ ਦਾ ਇਕ ਨਮੂਨਾ ਹਿਬਰਿਊ ਬਾਈਬਲ ਵਿਚ ਵੀ ਪ੍ਰਾਪਤ ਹੈ। ਸੰਸਕ੍ਰਿਤ ਵਿਚ ਬਾਵਨ ਅੱਖਰੀ ਤੇ ਫ਼ਾਰਸੀ ਵਿਚ ਸੀਹਰਫੀ, ਭਾਰਤੀ ਤੇ ਸਾਮੀ ਪਰੰਪਰਾ ਵਿਚ ਕਾਵਿ-ਅਭਿਵਿਅਕਤੀ ਲਈ ਪ੍ਰਯੋਗ ਵਿਚ ਲਿਆਏ ਜਾਣ ਵਾਲੇ ਕਾਵਿ-ਰੂਪਾਂ ਦੀ ਮੌਜੂਦਗੀ ਤੇ ਨਿਰੰਤਰ ਵਰਤੋਂ ਦੇ ਲਖਾਇਕ ਹਨ। ਇਸ ਵੰਨਗੀ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਜ ਬਾਣੀਆਂ-ਰਾਗੁ ਆਸਾ ਮਹਲਾ 1, ਪਟੀ ਲਿਖੀ ਰਾਗੁ ਆਸਾ ਪਟੀ ਮਹਲਾ 3, ਰਾਗੁ ਗਉੜੀ ਬਾਵਨ ਅਖਰੀ ਮਹਲਾ 5, ਰਾਗੁ ਗਉੜੀ ਬਾਵਨ ਅਖਰੀ ਕਬੀਰ ਅਤੇ ਰਾਗੁ ਰਾਮਕਲੀ ਮਹਲਾ 1 ਦਖਣੀ ਓਅੰਕਾਰੁ ਪ੍ਰਾਪਤ ਹਨ। ਇਨ੍ਹਾਂ ਬਾਣੀਆਂ ਵਿਚ ਵਰਣਮਾਲਾ ਦੇ ਅੱਖਰਾਂ ਦੀ ਤਰਤੀਬ ਇਕਸਾਰ ਨਹੀਂ ਹੈ।ਇੱਥੋਂ ਤਕ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਰਚਿਤ ਪਟੀ ਬਾਣੀਆਂ ਵਿਚ ਵਰਣਮਾਲਾ ਦੀ ਤਰਤੀਬ ਅਜੋਕੀ ਪੰਜਾਬੀ ਵਰਣਮਾਲਾ ਤੋਂ ਕੁਝ ਭਿੰਨ ਹੈ। ਇਨ੍ਹਾਂ ਸਭ ਬਾਣੀਆਂ ਵਿਚ ਆਪਸੀ ਸਾਂਝ ਤੇ ਰਿਸ਼ਤਾ ਕੀ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਉਚਰਿਤ ਬਾਣੀ ਪਟੀ ਦਾ ਗੁਰਮੁਖੀ ਲਿਪੀ ਦੇ ਵਿਕਾਸ ਤੇ ਇਤਿਹਾਸ ਵਿਚ ਕੀ ਸਥਾਨ ਹੈ ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਖੋਜ ਦੇ ਮੁੰਤਜ਼ਿਰ ਹਨ। ਇਸ ਬਾਣੀ ਦੇ ਅਵਤਰਣ ਦੇ ਸਮੇਂ ਤੇ ਸਥਾਨ ਬਾਰੇ ਪੁਰਾਤਨ ਜਨਮ-ਸਾਖੀ ਵਿਚ ਉਲੇਖ ਹੈ :-
“ਜਬ ਬਾਬਾ ਬਰਸਾਂ ਸਤਾਂ ਕਾ ਹੋਇਆ ਤਬ ਕਾਲੂ ਕਹਿਆ ਨਾਨਕ ਤੂੰ ਪੜ੍ਹ। ਤਬ ਗੁਰੂ ਨਾਨਕ ਕਉ ਪਾਂਧੇ ਪਾਸ ਲੈ ਗਇਆ।ਕਾਲੂ ਕਹਿਆ ਪਾਂਧੇ ਇਸ ਨੂੰ ਪੜ੍ਹਇ। ਤਬ ਪਾਂਧੇ ਪਟੀ ਲਿਖ ਦਿਤੀ ਅਖਰਾਂ ਪੈਂਤੀਸ ਕੀ ਮੁਹਾਰਣੀ। ਤਬ ਗੁਰੂ ਬਾਬਾ ਨਾਨਕ ਲਗਾ ਪੜ੍ਹਨ। ਰਾਗ ਆਸਾ ਵਿਚ ਪਟੀ ਮਹਲਾ 1 ਆਦਿ ਬਾਣੀ ਹੋਈ।”
ਦੂਜੇ ਪਾਸੇ ਜਨਮ-ਸਾਖੀ ਪਰੰਪਰਾ ਵਿਚ ਮਿਹਰਬਾਨ ਵਾਲੀ ਜਨਮ-ਸਾਖੀ, ਆਦਿ ਸਾਖੀਆਂ, ਬੀ-40 ਜਨਮਸਾਖੀ ਆਦਿ ਵਿਚ ਇਸ ਬਾਣੀ ਦੀ ਉਥਾਨਕਾ ਅਤੇ ਗੁਰੂ ਬਾਬੇ ਦੀ ਬਚਪਨ ਵਿਚ ਪਾਂਧੇ ਨਾਲ ਹੋਈ ਗੋਸਟਿ ਇਨ੍ਹਾਂ ਵਿੱਚੋਂ ਨਹੀਂ ਲੱਭਦੀਆਂ। ਪਾਂਧੇ ਦੁਆਰਾ ਪੜ੍ਹਨ ਲਈ ਕੋਈ ਪਟੀ ਲਿਖ ਕੇ ਦੇਣ ਦਾ ਹਵਾਲਾ ਤਾਂ ਹੈ, ਪਰ ਗੁਰੂ ਬਾਬੇ ਦੁਆਰਾ ਆਸਾ ਰਾਗ ਵਿਚਲੀ ਪਟੀ ਦੀ ਬਜਾਇ ਸਿਰੀ ਰਾਗ ਵਿਚ “ਜਾਲਿ ਮੋਹੁ ਘਸਿ ਮਸੁ ਕਰਿ” ਵਾਲਾ ਸ਼ਬਦ ਉਚਾਰੇ ਜਾਣ ਦਾ ਜ਼ਿਕਰ ਹੈ। ਸਿੱਖ ਸਾਹਿਤ ਦੇ ਕੁਝ ਪ੍ਰਤਿਸ਼ਠਿਤ ਵਿਦਵਾਨਾਂ ਨੇ ਵਿਚਾਰਾਧੀਨ ਪਟੀ ਬਾਣੀ ਦਾ ਅਵਤਰਣ ਪੁਰਾਤਨ ਜਨਮ-ਸਾਖੀ ਦਾ ਅਨੁਸਰਣ ਕਰਦਿਆਂ ਗੁਰੂ ਬਾਬੇ ਦੀ ਮੁੱਢਲੀ ਵਿੱਦਿਆ ਸਮੇਂ ਪਾਂਧੇ ਨਾਲ ਹੋਈ ਗੋਸਟਿ ਦੇ ਆਧਾਰ ’ਤੇ ਨਿਸ਼ਚਿਤ ਕੀਤਾ ਹੈ। ਇਸ ਦੇ ਉਲਟ ਬਹੁਤ ਸਾਰੇ ਅਜਿਹੇ ਵਿਦਵਾਨ ਵੀ ਹਨ ਜਿਨ੍ਹਾਂ ਦਾ ਮਤ ਹੈ ਕਿ ਇਸ ਬਾਣੀ ਦੇ ਅਵਤਰਣ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਚਪਨ ਵਿਚ ਪਾਂਧੇ ਪਾਸ ਪੜ੍ਹਨ ਬੈਠਣ ਦੀ ਘਟਨਾ ਨਾਲ ਸੰਬੰਧ ਜੋੜਨਾ ਤਰਕ-ਸੰਗਤ ਨਹੀਂ, ਕਿਉਂਕਿ ਇਸ ਬਾਣੀ ਵਿਚ ਉੱਚ ਦਰਜੇ ਦੇ ਦਾਰਸ਼ਨਿਕ ਤੇ ਅਧਿਆਤਮਕ ਵਿਚਾਰਾਂ ਦੀ ਅਨੁਭੂਤੀ ਹੋਈ ਹੈ, ਇਸ ਲਈ ਇਹ ਪ੍ਰੋਢ ਅਵਸਥਾ ਦੇ ਅਨੁਭਵ ਵਿੱਚੋਂ ਉਪਜੀ ਹੈ।
ਅਵਤਰਣ ਦਾ ਸਮਾਂ ਤੇ ਸਥਾਨ ਭਾਵੇਂ ਕੋਈ ਵੀ ਹੋਵੇ ਪਰ ਇਸ ਬਾਣੀ ਦੇ ਆਧਾਰ ਉੱਤੇ ਜੋ ਬੁਨਿਆਦੀ ਤੱਥ ਸਾਹਮਣੇ ਆਉਂਦੇ ਹਨ ਉਹ ਬੜੇ ਮਹੱਤਵਪੂਰਨ ਹਨ। ਪਹਿਲਾ ਪ੍ਰਮੁੱਖ ਤੱਥ ਇਹ ਹੈ ਕਿ ਇਹ ਬਾਣੀ ਆਪਣੇ ਆਪ ਵਿਚ ਇਕ ਪੁਖਤਾ ਗਵਾਹੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਨਪੜ੍ਹ ਨਹੀਂ ਬਲਕਿ ਪੜ੍ਹੇ-ਲਿਖੇ ਵਿਦਵਾਨ ਸਨ। ਦੂਜਾ ਇਹ ਕਿ ਇਸ ਬਾਣੀ ਵਿਚ ਉਹ ਆਪਣੇ ਆਪ ਨੂੰ ‘ਨਾਨਕੁ ਸਾਇਰੁ ਏਵ ਕਹਤੁ’ ਕਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਉਹ ਆਪਣੇ ਰੂਹਾਨੀ ਅਨੁਭਵ ਦੀ ਅਭਿਵਿਅਕਤੀ ਲਈ ਕਾਵਿ ਮਾਧਿਅਮ ਦਾ ਉਪਯੋਗ ਕਰਦੇ ਸਨ। ਤੀਸਰਾ ਇਹ ਕਿ ਵਰਣਮਾਲਾ ਦੇ ਅੱਖਰਾਂ ਨੂੰ ਜੋ ਗੁਰੂ ਸਾਹਿਬ ਨੇ ਅਰਥ ਤੇ ਕੀਮਤਾਂ ਪ੍ਰਦਾਨ ਕੀਤੀਆਂ ਹਨ, ਉਨ੍ਹਾਂ ਤੋਂ ਸਪੱਸ਼ਟ ਹੈ ਕਿ ਵਿੱਦਿਆ ਬਾਰੇ ਉਨ੍ਹਾਂ ਦਾ ਆਪਣਾ ਨਜ਼ਰੀਆ ਸੀ।ਗੁਰੂ ਸਾਹਿਬ ਨੂੰ ਬਚਪਨ ਵਿਚ ਜਿਹੋ ਜਿਹੀ ਵਿੱਦਿਆ ਲਈ ਪਾਂਧੇ ਪਾਸ ਪੜ੍ਹਨੇ ਪਾਇਆ ਗਿਆ ਸੀ, ਉਸ ਦੀ ਇਕ ਝਲਕ ਜਨਮ-ਸਾਖੀ ਭਾਈ ਮਿਹਰਬਾਨ ਵਿਚ ਪ੍ਰਾਪਤ ਹੈ:
“ਜਬ ਸਤਾ ਬਰਸਾ ਕਾ ਹੂਆ ਗੁਰੂ ਬਾਬਾ ਨਾਨਕ ਜੀ ਤਬ ਪਾਂਧੈ ਕੈ ਦਾਦੈ ਕਾਲੂ ਪੜਣੈ ਬਾਹਿਆ। ਤਬ ਦਾਦੈ ਕਾਲੂ ਕਹਿਆ ਜਿ ਬਚਾ ਨਾਨਕਾ ਤੂੰ ਪਾਂਧੇ ਪਾਸਿ ਪੜ੍ਹ। ਤਬ ਗੁਰੂ ਬਾਬੇ ਨਾਨਕ ਜੀ ਕਹਿਆ ਜੇ ਬਾਬਾ ਜੀ ਭਲਾ ਹੋਵੈ। ਤਬ ਪਾਂਧੈ ਗੁਰੂ ਬਾਬਾ ਨਾਨਕ ਜੀ ਕਉ ਪਟੀ ਲਿਖਿ ਦਿਤੀ। ਤਬ ਲਗਾ ਮੁਹਾਰਣੀ ਦੇਣੇ ਬਾਬੇ ਨਾਨਕ ਜੀ ਕਉ। ਪਟੀ ਲਿਖਿ ਦਿਤੀਅਸੁ ਜੋ ਪੜ੍ਹ ਨਾਨਕ ਜੀ ਸਿਧੋਙਾਇਆ। ਤਬ ਗੁਰੂ ਨਾਨਕ ਜੀ ਚੁਪਿ ਕਰ ਰਹਿਆ। ਤਬ ਭੀ ਪਾਂਧੇ ਕਹਿਆ ਪੜ੍ਹ ਨਾਨਕ ਜੀ ਸਿਧੋਙਾਇਆ। ਤਬ ਫੇਰਿ ਬਾਬਾ ਨਾਨਕ ਚੁਪਿ ਕਰ ਰਹਿਆ। ਤਬ ਗੁਰੂ ਨਾਨਕ ਕਉ ਪਾਂਧੈ ਕਹਿਆ ਜਿ ਏ ਨਾਨਕ ਤੂ ਪੜ੍ਹਤਾ ਕਿਉ ਨਾਹੀ ਬਾਪਿ ਪੜਣੈ ਬਾਹਿਆ ਹੈ। ਤਬ ਗੁਰੂ ਬਾਬੇ ਨਾਨਕ ਜੀ ਕਹਿਆ ਜਿ ਏ ਪਾਂਧਾ ਜੀ ਤੂੰ ਕਿਛੁ ਆਪਿ ਭੀ ਪੜਿਆ ਹੈ ਜਿ ਤੂ ਮੇਰੈ ਤਾਈ ਪੜਾਇਆ ਚਾਹਦਾ ਹੈ। ਤਬ ਪਾਂਧੇ ਕਹਿਆ ਜਿ ਏ ਨਾਨਕ ਮੈ ਸਭ ਕਿਛੁ ਪੜਿਆ ਹਾਂ। ਸਿਧੋਙਾਇਆ ਬੈਰਾਖੜੀ ਪੜਿਆ ਹਾਂ। ਊਂਟੇ ਦਫਤਰ ਕਾ ਹਿਸਾਬ, ਜਿਮੀ ਕਛ ਕਾ ਹਿਸਾਬ ਪੜਿਆ ਹਾਂ। ਜਮੇਂਬੰਦੀ ਬੰਨਣੀ ਸਮਝਣਾ ਸਮਝਾਵਣਾ ਜਿਤਨਾ ਕਿਛੁ ਹਸੇਬੁ ਹੈ ਤਿਤਨਾ ਮੈ ਸਭ ਹੀ ਜਾਣਦਾ ਹਾਂ। ਪਟਵਾਰੀਆਂ ਦੇ ਫੇਰੁ ਪੇਚੁ ਜਿਥਹੁ ਲੈ ਕੇ ਹੈ ਮੈ ਜਾਣਦਾ ਹਾਂ ਸਭੁ।”
ਉਪਰੋਕਤ ਵਰਣਿਤ ਬਿਰਤਾਂਤ ਇਕ ਕਿਸਮ ਨਾਲ ਉਸ ਵੇਲੇ ਦੀ ਰਵਾਇਤੀ ਵਿੱਦਿਆ ਦਾ ਸਿਲੇਬਸ ਹੈ ਜਿਸ ਵਿਚ ਅੱਖਰੀ ਗਿਆਨ ਤੋਂ ਇਲਾਵਾ ਹਿਸਾਬ-ਕਿਤਾਬ, ਜ਼ਮੀਨ ਦੀ ਜਮ੍ਹਾਂਬੰਦੀ, ਹਾਲੀਆ ਤੇ ਉਸ ਵਿਚ ਹੇਰ-ਫੇਰ ਆਦਿ ਦੇ ਭੇਦਾਂ ਦੀ ਜਾਣਕਾਰੀ ਸ਼ਾਮਲ ਸੀ। ਸ਼ਾਇਦ ਗੁਰੂ ਪਾਤਸ਼ਾਹ ਨੂੰ ਵੀ ਇਹੋ ਜਿਹਾ ਸਿਲੇਬਸ ਪਾਂਧੇ ਦੁਆਰਾ ਪੜ੍ਹਨ ਲਈ ਦਿੱਤਾ ਗਿਆ ਹੋਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੁਨਿਆਵੀ ਵਿੱਦਿਆ ਨਾਲੋਂ ਅਧਿਆਤਮਕ ਵਿੱਦਿਆ ਨੂੰ ਵਧੇਰੇ ਮਹੱਤਤਾ ਦਿੰਦੇ ਸਨ। ਪਟੀ ਦੀ ਉਥਾਨਕਾ ਬਿਆਨ ਕਰਦਾ ਹੋਇਆ ਹਰਿ ਜੀ ਲਿਖਦਾ ਹੈ ਕਿ:
“ਜਿਤਨੀ ਪੈਦਾਇਸ਼ ਹੈ…. ਜਿਤਨੇ ਜੁਗਿ ਪੀਛੇ ਵਰਤੇ ਹੈਨਿ ਜਿਤਨੇ ਜੁਗਿ ਆਗੇ ਹੋਹਿੰਗੇ…. ਸੁ ਸਭ ਅਖਰਾਂ ਮਹਿ ਪਰਮੇਸਰ ਕੀ ਮਿਤਿ ਹੈ। ਜਿਤਨਾ ਕਿਛੁ ਹੈ ਸਭੁ ਅਛਰਾਂ ਹੀ ਮਹਿ ਹੈ…. ਸੋ ਏਈ ਅਛਰ ਹੈ ਜੋ ਸਿਧੋਙਾਏ ਕੇ ਹੈਂ ਜਿਸ ਕਉ ਪਟੀ ਕਹੀਐ ਸਿ ਏਈ ਅਛਰ ਹੈਂ। ਏਨਾ ਅਖਰਾਂ ਮਹਿ ਹੋਰਿ ਜਿ ਲੇਖੇ ਜੰਜਾਲਾ ਕੇ ਹੈਂ। ਸੋ ਓਹੁ ਜਿ ਲਿਖੀਅਹਿ ਸੁ ਸਭ ਝੂਠ ਹਹਿੰ। ਏਨਾ ਅਖਰਾਂ ਮਹਿ ਸਿਫਤਿ ਸਾਹਿਬ ਕੀ ਮਹਾਰਾਜ ਕੀ ਕੀਜੀਐ। ਤਬ ਗੁਰੂ ਬਾਬਾ ਨਾਨਾਕ ਜੀ ਸਿਫਤਿ ਸਿਰਜਨਹਾਰ ਕੀ ਕਰਤਾ ਹੈ। ਅਖਰ ਅਖਰ ਮਹਿ ਸਾਹਿਬ ਆਪਨੇ ਕਉ ਸਲਾਹਤਾ ਹੈ। ਬਾਬਾ ਨਾਨਕ ਜੀ ਕੈਸੀ ਸਿਫਤਿ ਕਰਤਾ ਹੈ ਆਸਾ ਰਾਗ ਮਹਿ ਸਿਫਤਿ ਕਰਤਾ ਹੈ ਮਨ ਕਉ ਨਸੀਹਤ ਕਰਤਾ ਹੈ ਸਰੀਅਤ ਮਹਿ ਪਰਮੇਸ਼ਰ ਕੀ ਸਿਫਤਿ ਕਰਦਾ ਹੈ। ਹਕੀਕਤ ਮਹਿ ਅਖਰ-ਅਖਰ ਕਾ ਬੀਚਾਰ ਕਰਤਾ ਹੈ।”
ਉਪਰੋਕਤ ਚਰਚਾ ਅਨੁਸਾਰ ਰਵਾਇਤੀ ਵਿੱਦਿਆ ਦੀ ਜੋ ਪ੍ਰਣਾਲੀ ਉਸ ਸਮੇਂ ਪ੍ਰਚਲਿਤ ਸੀ, ਉਸ ਦਾ ਸੰਸਾਰ ਨਾਲ ਵਧੇਰੇ ਵਾਸਤਾ ਸੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਜੰਜਾਲ ਤੇ ਝੂਠ ਮਾਤਰ ਸੀ। ਗੁਰੂ ਸਾਹਿਬ ਨੇ ਪਟੀ ਬਾਣੀ ਦੀ ਰਚਨਾ ਪਰਮਾਤਮਾ ਦੀ ਸਿਫ਼ਤ-ਸਾਲਾਹ ਤੇ ਮਨ ਸਮਝਾਉਣ ਦੇ ਉਦੇਸ਼ ਹਿੱਤ ਕੀਤੀ ਸੀ। ਨਿਰਸੰਦੇਹ ਇਸ ਬਾਣੀ ਦਾ ਖੇਤਰ ਦੁਨੀਆ ਨਾਲੋਂ ਦੀਨ ਦੇ ਵਧੇਰੇ ਨੇੜੇ ਸੀ। ਸਮਕਾਲੀਨ ਧਾਰਮਿਕ, ਸਮਾਜਿਕ, ਰਾਜਨੀਤਿਕ ਪ੍ਰਸਥਿਤੀਆਂ ਤੇ ਵਿਵਸਥਾ ਉੱਪਰ ਇਸ ਵਿਚ ਕੋਈ ਟਿੱਪਣੀ ਨਹੀਂ ਹੋਈ। ਨਿਰੋਲ ਤੱਤ ਦਰਸ਼ਨ, ਖਾਸ ਕਰਕੇ ਪਰਮ ਹਸਤੀ, ਜਗਤ ਤੇ ਮਨੁੱਖ ਦਾ ਸਰੂਪ ਇਸ ਦੇ ਕੇਂਦਰੀ ਵਿਸ਼ੇ ਹਨ। ਇਕ ਪਾਸੇ ਪਰਮ ਹਸਤੀ ਦੀ ਸਿਫ਼ਤ-ਸਾਲਾਹ ਤੇ ਦੂਜੇ ਪਾਸੇ ਮਨੁੱਖ ਨੂੰ ਉਸ ਦੇ ਮੂਲ ਉਦੇਸ਼ ਬਾਰੇ ਨਸੀਹਤ ਦੇਣੀ ਹੀ ਇਸ ਬਾਣੀ ਦੇ ਮੂਲ ਸਰੋਕਾਰ ਹਨ। ਇਸ ਬਾਣੀ ਦਾ ਅਰੰਭ ਪਰਮ ਹਸਤੀ ਦੇ ਮੰਗਲਾਚਰਣ ਤੋਂ ਇਲਾਵਾ ਸਫਲ ਮਨੁੱਖੀ ਜੀਵਨ ਦੀ ਪਰਿਭਾਸ਼ਾ ਨਾਲ ਹੁੰਦਾ ਹੈ:
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ॥
ਸੇਵਤ ਰਹੇ ਚਿਤੁ ਜਿਨ੍ ਕਾ ਲਾਗਾ ਆਇਆ ਤਿਨ੍ ਕਾ ਸਫਲੁ ਭਇਆ॥ (ਪੰਨਾ 432)
ਵਰਣਮਾਲਾ ਦੇ ਅੱਖਰਾਂ ਦੇ ਆਧਾਰ ’ਤੇ ਪਰਮ ਹਸਤੀ ਦੇ ਸਰੂਪ ਤੇ ਸਿਫ਼ਤਾਂ ਨੂੰ ਚਿਤਰਣ ਲਈ ਇਸ ਬਾਣੀ ਵਿਚ ਬੜਾ ਨਵੇਕਲਾ ਕਾਵਿ-ਤਜ਼ਰਬਾ ਕੀਤਾ ਗਿਆ ਹੈ, ਜੋ ਕਿ ਪੰਨਾ 432 ’ਤੇ ਦਰਜ ਹੈ, ਉਦਾਹਰਨ ਲਈ:
- ਊੜੇ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ॥
- ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ॥
- ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ॥
- ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ॥
- ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ॥
- ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ॥
- ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ॥
- ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ॥
- ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ॥
- ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ॥
- ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ॥
- ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ॥
- ਵਵੈ ਵਾਸਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ॥
- ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ॥
- ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ॥
ਪਰਮ ਹਸਤੀ ਦੀ ਹੋਂਦ, ਸਰੂਪ ਤੇ ਇਸ ਬਾਰੇ ਗਿਆਨ ਦਾ ਸੰਚਾਰ ਬੜਾ ਕਠਿਨ ਹੈ। ਆਸਾ ਪਟੀ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੇ ਰੂਹਾਨੀ ਅਨੁਭਵ ਰਾਹੀਂ ਅੱਖਰਾਂ ਨੂੰ ਵਿਸ਼ੇਸ਼ ਅਰਥ ਪ੍ਰਦਾਨ ਕਰਦੇ ਹੋਏ ਇਨ੍ਹਾਂ ਰਾਹੀਂ ਪਰਮ ਹਸਤੀ ਦੇ ਕਰਤਾਰੀ, ਦਾਤਾਰੀ, ਸਰਬ-ਵਿਆਪੀ ਸਰੂਪ ਤੇ ਗੁਣਾਂ ਬਾਰੇ ਬਿਆਨ ਬੜਾ ਸਰਲ ਤੇ ਸਹਿਜ ਰੂਪ ਵਿਚ ਪ੍ਰਗਟ ਕੀਤਾ ਹੈ।
ਇਸ ਬਾਣੀ ਦੇ ਅਧਿਐਨ ਤੋਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਮਨੁੱਖ ਨੂੰ ਅਧਿਆਤਮਕ ਤੌਰ ’ਤੇ ਜ੍ਰਾਗਿਤ ਹੋਣ ਦਾ ਸੱਦਾ ਦੇ ਰਹੀ ਹੋਵੇ। ਮਨੁੱਖ ਨੂੰ ਉਸ ਦੇ ਮੂਲ- ਉਦੇਸ਼ ਦੀ ਸੋਝੀ ਤੇ ਇਸ ਨੂੰ ਪ੍ਰਾਪਤ ਕਰਨ ਦੀ ਸਿੱਖਿਆ ਦੇਣ ਲਈ ਬੜੀ ਦਿਲ-ਟੁੰਬਵੀਂ, ਪ੍ਰੇਰਨਾਮਈ ਤੇ ਨਸੀਹਤ ਭਰਪੂਰ ਸ਼ੈਲੀ ਪ੍ਰਯੋਗ ਕੀਤੀ ਗਈ ਹੈ:
- ਮਨ ਕਾਹੇ ਭੂਲੇ ਮੂੜ ਮਨਾ॥
ਜਬ ਲੇਖਾ ਦੇਵਹਿ ਬੀਰਾ ਤਉ ਪੜਿਆ॥ - ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ॥
- ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ॥
- ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ॥
- ੜਾੜੈ ਰਾੜਿ ਕਰਹੁ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ॥
ਇਸ ਬਾਣੀ ਰਾਹੀਂ ਜਿੱਥੇ ਜਗਤ ਰਚਨਾ ਤੇ ਇਸ ਵਿਚ ਮਨੁੱਖ ਦੇ ਸਥਾਨ ਨੂੰ ਨਿਸ਼ਚਿਤ ਕੀਤਾ ਗਿਆ ਹੈ ਉੱਥੇ ਮਨੁੱਖ ਦੀ ਰੱਬ ਪ੍ਰਤੀ ਵਫ਼ਾਦਾਰੀ ਤੇ ਉਸ ਵਿਚ ਮੁਕੰਮਲ ਭਰੋਸੇ ਨੂੰ ਰੇਖਾਂਕਿਤ ਵੀ ਕੀਤਾ ਹੈ। ਵਰਣਮਾਲਾ ਦੇ ਅੱਖਰਾਂ ਰਾਹੀਂ ਮਨੁੱਖੀ ਫ਼ਿਤਰਤ ਵਿਚ ਸੁਭਾਵਿਕ ਕਮਜ਼ੋਰੀ ਦੀ ਨਿਸ਼ਾਨਦੇਹੀ ਕਰ ਕੇ ਉਸ ਨੂੰ ਮਾਨਸਿਕ ਤੇ ਰੂਹਾਨੀ ਤੌਰ ’ਤੇ ਬਲਵਾਨ ਕਰਨ ਦਾ ਉਪਯੋਗੀ ਸੰਦੇਸ਼ ਦਿੱਤਾ ਹੈ।
ਮਨੁੱਖੀ ਜੀਵਨ ਵਿਚ ਬੁਢਾਪਾ ਤੇ ਮੌਤ ਅਟੱਲ ਸੱਚਾਈਆਂ ਹਨ। ਮਨੁੱਖ ਦੁਨਿਆਵੀ ਰੁਝੇਵੇਂ ਤੇ ਮੋਹ-ਮਮਤਾ ਕਾਰਨ ਜੀਵਨ ਦੇ ਮੂਲ ਉਦੇਸ਼ ਬਾਰੇ ਲਾਪਰਵਾਹੀ ਕਾਰਨ ਮੌਕਾ ਖੁੰਝਾ ਦਿੰਦਾ ਹੈ:
- ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ॥
- ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮ੍ਹਲਿਆ॥
- ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ॥
- ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ॥
- ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ॥
ਕਰਮ-ਫਲ ਤੇ ਸੁਤੰਤਰ ਇੱਛਾ ਦੋ ਅਜਿਹੇ ਵਿਸ਼ੇ ਹਨ ਜੋ ਧਰਮ-ਦਰਸ਼ਨ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ। ਪਟੀ ਬਾਣੀ ਰਾਹੀਂ ਗੁਰੂ ਸਾਹਿਬ ਨੇ ਸਪੱਸ਼ਟ ਕੀਤਾ ਹੈ ਕਿ ਮਨੁੱਖ ਆਪਣੇ ਕੀਤੇ ਕਾਰਜਾਂ ਤੇ ਉਨ੍ਹਾਂ ਦੇ ਫ਼ਲ ਲਈ ਖ਼ੁਦ ਜ਼ਿੰਮੇਵਾਰ ਹੈ:
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥
ਇਹ ਬਾਣੀ ਮਨੁੱਖ ਨੂੰ ਨਿਰੰਤਰ ਕ੍ਰਿਆਸ਼ੀਲ ਹੋਣ ਦਾ ਸਬਕ ਦਿੰਦੀ ਹੈ:
ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ॥
ਗੁਰੂ ਸਾਹਿਬ ਦੀਆਂ ਨਜ਼ਰਾਂ ਵਿਚ ਗਿਆਨ ਹਾਸਲ ਕਰਨਾ ਹੀ ਨਹੀਂ, ਬਲਕਿ ਇਸ ਨੂੰ ਅਮਲ ਵਿਚ ਲਿਆਉਣਾ ਵੀ ਬੜਾ ਜ਼ਰੂਰੀ ਹੈ:
ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ॥
ਗੁਰੂ ਸਾਹਿਬ ਅਨੁਸਾਰ ਪੜ੍ਹੇ-ਲਿਖੇ ਹੋਣ ਦਾ ਸਬੂਤ ਤਾਂ ਰੱਬੀ-ਦਰਗਾਹ ਵਿਚ ਚੰਗੇ-ਮਾੜੇ ਕਰਮਾਂ ਦੇ ਹਿਸਾਬ ਤੋਂ ਮਿਲੇਗਾ:
ਮਨ ਕਾਹੇ ਭੂਲੇ ਮੂੜ ਮਨਾ॥
ਜਬ ਲੇਖਾ ਦੇਵਹਿ ਬੀਰਾ ਤਉ ਪੜਿਆ॥
ਇਸ ਬਾਣੀ ਦੇ ਸਿਰਲੇਖ ਵਿਚ ‘ਪਟੀ ਲਿਖੀ’ ਤੋਂ ਸਪੱਸ਼ਟ ਹੈ ਕਿ ਗੁਰੂ ਸਾਹਿਬ ਨੇ ਇਹ ਬਾਣੀ ਅਧਿਆਤਮਕ ਸਿੱਖਿਆ ਦੇਣ ਹਿੱਤ ਅਤੇ ਮਨੁੱਖ ਨੂੰ ਨੇਕੀ ਤੇ ਬਦੀ, ਸੱਚ ਤੇ ਝੂਠ, ਗੁਣ ਤੇ ਅਉਗੁਣ ਵਿਚਕਾਰ ਭੇਦ ਨੂੰ ਸਪੱਸ਼ਟ ਕਰਨ ਦੇ ਮੰਤਵ ਨਾਲ ਉਚਾਰੀ ਹੈ। ਇਹ ਸਥੂਲ ਤੋਂ ਸੂਖ਼ਮ, ਦ੍ਰਿਸ਼ਟ ਤੋਂ ਅਦ੍ਰਿਸ਼ਟ ਦਾ ਮਾਰਗ ਰੋਸ਼ਨ ਕਰਦੀ ਹੈ। ਇਸ ਪ੍ਰਕਾਰ ਸਾਰ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿੱਦਿਆ ਦਾ ਸੰਕਲਪ ਇਸ ਬਾਣੀ ਵਿਚ ਨਿਹਿਤ ਹੈ।
ਲੇਖਕ ਬਾਰੇ
- ਡਾ. ਬਲਵੰਤ ਸਿੰਘhttps://sikharchives.org/kosh/author/%e0%a8%a1%e0%a8%be-%e0%a8%ac%e0%a8%b2%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/July 1, 2007