ਕਰਨੀ ਤਿਆਗ ਵੈਰਾਗ ਦਾ ਇਕ ਪੁਤਲਾ, ਕਲਗੀ ਵਾਲੇ ’ਤੇ ਕਲਾ ਚਲਾਉਣ ਲੱਗਾ।
ਆਸ਼ਕ ਰੱਬ ਦਾ ਰੱਬ ਨਾਲ ਲਾ ਮੱਥਾ, ਕਮਲਾ ਸੁੱਤੀਆਂ ਕਲਾਂ ਜਗਾਉਣ ਲੱਗਾ।
ਸੱਭੇ ਕਰਾਮਾਤਾਂ ਜਦੋਂ ਮਾਂਦ ਪਈਆਂ, ਅੰਤ ਹਾਰ ਕੇ ਸੀਸ ਨਿਵਾਉਣ ਲੱਗਾ।
ਨੂਰੀ ਚੰਨ ਦੀ ਝਲਕ ਨਾ ਝੱਲ ਹੋਈ, ‘ਬਖ਼ਸ਼ ਬਖ਼ਸ਼ ਦਾਤਾ’ ਤਰਲੇ ਪਾਉਣ ਲੱਗਾ।
ਅੱਗੋਂ ਪਿਤਾ ਦਸਮੇਸ਼ ਜੀ ਹੱਸ ਬੋਲੇ, ‘ਦੱਸ ਨਾਮ ਕੀ ਏ ਰਿਸ਼ੀਵਾਨ ਤੇਰਾ?’
‘ਲਛਮਨ ਦਾਸ ਸੀ ਰੱਖਿਆ ਮਾਪਿਆਂ ਨੇ, ਹੁਣ ਤਾਂ ਬੰਦਾ ਹਾਂ ਜੀ ਬੰਦੀਵਾਨ ਤੇਰਾ!’
ਭਰ ਕੇ ਰੋਹ ਵਿਚ ਗੁਰੂ ਜੀ ਇੰਜ ਕਿਹਾ, ‘ਖੇਡਾਂ ਦੱਸ ਕੀ ਖੇਡਦਾ ਰਿਹਾ ਏਂ ਤੂੰ?
ਇੱਕੋ ਹਰਨੀ ਨੂੰ ਪੀੜ ਵਿਚ ਵੇਖ ਮਰਦੀ, ਚਾਦਰ ਤਰਸ ਦੀ ਤਾਣ ਕੇ ਪਿਆ ਏਂ ਤੂੰ?
ਜਿੱਥੇ ਲੱਖਾਂ ਹੀ ਹਿਰਨੀਆਂ ਜਿਬ੍ਹਾ ਹੋਵਣ, ਕਤਲਗਾਹ ਔਰੰਗੇ ਦੀ ਗਿਆ ਏਂ ਤੂੰ?
ਤੈਨੂੰ ਪੋਹੀ ਨਹੀਂ ਗਊ ਗਰੀਬ ਦੀ ਆਹ, ਰਿਸ਼ੀ ਕਰਾਮਾਤੀ ਦੱਸ ਕੇਹਾ ਏਂ ਤੂੰ?
ਲਛਮਨ ਦਾਸ ਤੂੰ ਭੁੱਲ ਕੇ ਫਰਜ਼ ਆਪਣਾ, ਜੀਵਨ ਹੀਰੇ ਦਾ ਮੁੱਲ ਘਟਾ ਲਿਆ ਈ।
ਇਹ ਤਾਂ ਮਸਤਕ ਦੀ ਬਦਲ ਤਕਦੀਰ ਦੇਂਦੀ, ਰਸਤੇ ਕਿਹੜੇ ਜਵਾਨੀ ਨੂੰ ਪਾ ਲਿਆ ਈ?
ਓਧਰ ਨੀਂਹਾਂ ਵਿਚ ਚਿਣੀ ਦਾ ਆਂਦਰਾਂ ਨੂੰ, ਆਸਣ ਭੋਰਿਆਂ ਵਿਚ ਤੂੰ ਲਾਏ ਤਾਂ ਕੀ?
ਓਧਰ ਸਿਰਾਂ ’ਤੇ ਆਰੀਆਂ ਚੱਲਦੀਆਂ ਨੇ, ਕੌਤਕ ਰੰਗ ਤੂੰ ਨਵੇਂ ਵਿਖਾਏ ਤਾਂ ਕੀ?
ਭਾਰਤ ਮਾਂ ਤੇਰੀ ਕੁੰਭੀ ਨਰਕ ਭੋਗੇ, ਤੈਨੂੰ ਸੁਪਨ ਸਵਰਗ ਦੇ ਆਏ ਤਾਂ ਕੀ?
ਪੱਤ ਦੇਸ਼ ਦੀ ਰੋਲ ’ਤੀ ਪਾਪੀਆਂ ਨੇ, ਮਣਕੇ ਮਾਲਾ ਦੇ ਤੂੰ ਖੜਕਾਏ ਤਾਂ ਕੀ?
ਸਭ ਕੁਝ ਜਾਣਦਾ-ਬੁੱਝਦਾ ਬਹਿ ਰਿਹਾ ਏਂ, ਤੇਰੀ ਆਤਮਾ ਤੈਨੂੰ ਵੰਗਾਰਿਆ ਨਹੀਂ?
ਲੱਖਾਂ ਸਾਂਗ ਉਤਾਰੇ ਤੂੰ ਜ਼ਿੰਦਗੀ ਦੇ, ਇਕ ਵੀ ਅਣਖ ਦਾ ਕਰਮ ਸੁਆਰਿਆ ਨਹੀਂ।
ਮਾਧੋ ਦਾਸ! ਨਹੀਂ ਗ਼ੈਰਤ ਪ੍ਰਵਾਨ ਕਰਦੀ, ਉਹਨੂੰ ਜਦੋਂ ਜਰਵਾਣਾ ਵੰਗਾਰਦਾ ਏ,
ਸਾਣੇ ਚੜ੍ਹਿਆ ਹੰਕਾਰੀ ਜਦ ਪਕੜ ਕੈਂਚੀ, ਮਾਤ-ਭੂਮੀ ਦਾ ਚੀਰ ਲੰਗਾਰਦਾ ਏ।
ਜੀਉਣਾ ਕਾਹਦਾ ਗ਼ੁਲਾਮੀ ਦਾ ਜੀਉਣ ਹੁੰਦੈ? ਐਸੇ ਜੀਉਣ ਨੂੰ ਜੱਗ ਫਿਟਕਾਰਦਾ ਏ।
ਗਰਦਨ ਕੱਟ ਸਕਦੀ ਕਦੇ ਝੁਕਦੀ ਨਹੀਂ, ਮਰਦ ਜੂਝ ਕੇ ਜਨਮ ਸੰਵਾਰਦਾ ਏ।
ਮੇਰੇ ਕੌਲ ਨੂੰ ਰੱਖੀਂ ਤੂੰ ਯਾਦ ਮਾਧੋ! ਖ਼ੂਨ ਸਦਾ ਅਜ਼ਾਦੀਆਂ ਮੰਗਦੀਆਂ ਨੇ।
ਸੂਹੇ ਸਾਲੂਆਂ ਵਾਲੀਆਂ ਲਾੜੀਆਂ ਇਹ, ਨਾਲ ਲਹੂ ਦੇ ਚੀਰਾਂ ਨੂੰ ਰੰਗਦੀਆਂ ਨੇ।
ਮੇਰੇ ਬੰਦਿਆ! ਸੋਝੀ ਤੇ ਸੁਰਤ ਸਾਂਭੀਂ, ਮੇਰੀ ਕੌਮ ਦਾ ਬੰਦਾ ਮਹਾਨ ਹੈਂ ਤੂੰ!
ਨੌਵੇਂ ਪਿਤਾ ਜੀ ਨੇ ਅੰਗ-ਸੰਗ ਤੇਰੇ, ਆਪਣੀ ਕੌਮ ਦੀ ਜਿੰਦ ਤੇ ਜਾਨ ਹੈ ਤੂੰ!
ਚਾਦਰ ਹਿੰਦ ਬਚਾਈ ਉਸ ਸੀਸ ਦੇ ਕੇ, ਬੰਦਿਆ ਅੱਜ ਤੋਂ ਹਿੰਦੋਸਤਾਨ ਹੈਂ ਤੂੰ!
ਰਣ ਦੇ ਵਿਚ ਸਿਰਲੱਥ ਸਿਪਾਹੀ ਹੋਵੀਂ, ਅਮਨ ਵਿਚ ਰਹੀਂ ਸੰਤਾਂ ਦਾ ਯਾਰ ਬਣ ਕੇ।
ਲਾਜ ਪਾਲਣੀ ਵਤਨ ਦੀ ਹੋ ਮੂਹਰੇ, ਜੀਉਣਾ ਸੰਤ ਸਿਪਾਹੀ ਸਰਦਾਰ ਬਣ ਕੇ!
ਲੇਖਕ ਬਾਰੇ
(ਪਿੰਡ ਤੇ ਡਾਕ: ਧੰਦੋਈ, ਸ੍ਰੀ ਹਰਿਗੋਬਿੰਦਪੁਰ ਰੋਡ, ਜ਼ਿਲ੍ਹਾ ਗੁਰਦਾਸਪੁਰ)
- ਸ. ਬਲਵੰਤ ਸਿੰਘ ਦਰਦੀhttps://sikharchives.org/kosh/author/%e0%a8%b8-%e0%a8%ac%e0%a8%b2%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98-%e0%a8%a6%e0%a8%b0%e0%a8%a6%e0%a9%80/August 1, 2010