editor@sikharchives.org

ਸੰਘਰਸ਼ ਦੀ ਪ੍ਰੇਰਨਾ ਦਾ ਸਰੋਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਸਰ ਕਰਕੇ ਮਨੁੱਖੀ ਜੀਵਨ ਨੂੰ ਅਨੰਦਮਈ ਤਥਾ ਸਫਲ ਜੀਵਨ ਬਣਾਉਣ ਦਾ ਮੁਕੰਮਲ ਅਤੇ ਸ੍ਰੇਸ਼ਟ ਫ਼ਲਸਫ਼ਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰਮਤਿ ਇਕ ਸੰਪੂਰਨ ਕ੍ਰਾਂਤੀ ਦੀ ਮੁਕੰਮਲ ਫ਼ਿਲਾਸਫ਼ੀ ਹੈ। ਇਹ ਮਨੁੱਖਤਾ ਦੇ ਸਰਵਪੱਖੀ ਕਲਿਆਣ ਕਰਨ ਦਾ ਉਪਦੇਸ਼ ਹੈ। ਇਸ ਵਿਚ ਆਤਮਿਕ ਅਤੇ ਸੰਸਾਰਿਕ ਦੋਵੇਂ ਪੱਖਾਂ ਬਾਰੇ ਸੇਧ ਦਿੱਤੀ ਗਈ ਹੈ। ਆਤਮਿਕ ਪੱਖ ਵਿਚ ਬੌਧਿਕ, ਮਾਨਸਿਕ ਅਤੇ ਸਦਾਚਾਰਕ ਪੱਖ ਵੀ ਸ਼ਾਮਲ ਹਨ। ਇਸੇ ਤਰ੍ਹਾਂ ਸੰਸਾਰਿਕ ਪੱਖ ਵਿਚ ਰਾਜਨੀਤੀ, ਸਮਾਜ ਅਤੇ ਆਰਥਿਕਤਾ ਨਾਲ ਸੰਬੰਧਤ ਸਮੱਸਿਆਵਾਂ ਆਉਂਦੀਆਂ ਹਨ। ਮੋਟੇ ਤੌਰ ’ਤੇ ਇਕ ਦਾ ਸੰਬੰਧ ਆਤਮਾ ਨਾਲ ਹੈ, ਜਦੋਂ ਕਿ ਦੂਜੇ ਦਾ ਸੰਬੰਧ ਸਰੀਰ ਨਾਲ ਹੈ। ਇਹ ਦੋਵੇਂ ਇਕ-ਦੂਜੇ ਉੱਤੇ ਨਿਰਭਰ ਭੀ ਹਨ ਅਤੇ ਸਹਿਯੋਗੀ ਵੀ, ਅਰਥਾਤ ਇਕ-ਦੂਜੇ ਦੀਆਂ ਪੂਰਕ ਹਨ। ਇਕ ਦੀ ਪ੍ਰਗਤੀ ਅਤੇ ਦੂਜੇ ਨੂੰ ਅਣਗੌਲਿਆ ਕਰਨ ਨਾਲ ਆਸਾਵਾਂ ਵਿਕਾਸ ਹੁੰਦਾ ਹੈ, ਜੋ ਉਪਯੋਗੀ ਨਹੀਂ ਹੁੰਦਾ। ਇਸ ਲਈ ਦੋਹਾਂ ਦਾ ਬਰਾਬਰ ਅਤੇ ਸੰਤੁਲਿਤ ਵਿਕਾਸ ਹੀ ਸੁਖਦ ਅਤੇ ਸਫਲ ਜੀਵਨ ਲਈ ਸਹੀ ਅਤੇ ਸਾਰਥਕ ਸਿੱਧ ਹੋ ਸਕਦਾ ਹੈ। ਗੁਰਬਾਣੀ ਦਾ ਉਦੇਸ਼ ਮਨੁੱਖ ਨੂੰ ਆਤਮਿਕ ਅਤੇ ਸੰਸਾਰਿਕ ਦੋਵੇਂ ਤੌਰ ’ਤੇ ਸੂਰਬੀਰ-ਯੋਧਾ ਅਤੇ ਜੀਵਨ ਮੁਕਤਿ ਬਣਾਉਣਾ ਹੈ। ਗੁਰਬਾਣੀ ਦੇ ਉਪਦੇਸ਼ ’ਤੇ ਚੱਲਦਿਆਂ ਮਨੁੱਖ ਦਾ ‘ਲੋਕ ਸੁਖੀਏ ਪਰਲੋਕ ਸੁਹੇਲੇ’ ਅਰਥਾਤ ਇਹ ਲੋਕ ਵੀ ਸੁਖੀਆ ਹੁੰਦਾ ਹੈ ਅਤੇ ਪਰਲੋਕ ਵੀ ਸੁਹੇਲਾ ਹੁੰਦਾ ਹੈ। ਮਨੁੱਖ ਦਾ ਆਤਮਿਕ ਅਤੇ ਸੰਸਾਰਿਕ ਜੀਵਨ ਅਨੇਕ ਪ੍ਰਕਾਰ ਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਨਾਲ ਘਿਰਿਆ ਹੁੰਦਾ ਹੈ। ਜਿਹੜਾ ਵਿਅਕਤੀ ਆਤਮਿਕ ਅਤੇ ਸੰਸਾਰਿਕ ਦੋਵੇਂ ਪ੍ਰਕਾਰ ਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੋਵੇ, ਉਹ ਹੀ ਇਸ ਜੀਵਨ ਦਾ ਅਨੰਦ ਮਾਣ ਸਕਦਾ ਹੈ ਅਤੇ ਉਸੇ ਦੀ ਜ਼ਿੰਦਗੀ ਸਫਲ ਗਿਣੀ ਜਾਂਦੀ ਹੈ ਪਰੰਤੂ ਅਜਿਹਾ ਵਿਅਕਤੀ ਕੋਈ ਸੂਰਮਾ ਹੀ ਹੋ ਸਕਦਾ ਹੈ। ਅਸਲ ਵਿਚ ਇਹ ਮਾਰਗ ਅਤੀ ਕਠਨ ਹੈ। ਇਸ ਉੱਤੇ ਚੱਲਣ ਲਈ ਦ੍ਰਿੜ੍ਹਤਾ ਅਤੇ ਦਲੇਰੀ ਦੀ ਲੋੜ ਹੁੰਦੀ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੀ ਸ਼ਰਨ ਵਿਚ ਆਉਣ ਵਾਲੇ ਸਿੱਖਾਂ ਲਈ ਸਿਰ ਤਲੀ ’ਤੇ ਧਰ ਕੇ ਆਉਣ ਦੀ ਸ਼ਰਤ ਰੱਖੀ ਸੀ ਅਤੇ ਫ਼ਰਮਾਇਆ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਸਾਧੋ ਮਨ ਕਾ ਮਾਨੁ ਤਿਆਗਉ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ॥1॥ ਰਹਾਉ॥
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥1॥
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥ (ਪੰਨਾ 219)

ਜੀਵਨ ਇਕ ਸੰਘਰਸ਼ ਹੈ। ਜੱਦੋ-ਜਹਿਦ ਹੈ। ਮਨੁੱਖ ਨੇ ਅਧਿਆਤਮਕ ਖੇਤਰ ਵਿਚ ਮਨ ਦੇ ਵਿਸ਼ੇ-ਵਿਕਾਰਾਂ-ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਅਮੁੱਕ ਤ੍ਰਿਸ਼ਨਾਵਾਂ ਅਤੇ ਲਾਲਸਾਵਾਂ ਵਿਰੁੱਧ ਸੰਘਰਸ਼ ਕਰਕੇ ਇਨ੍ਹਾਂ ਉੱਤੇ ਜਿੱਤ ਪ੍ਰਾਪਤ ਕਰਨੀ ਹੈ। ਆਪਣਾ ਮਨ ਜਿੱਤ ਕੇ ਅੰਤਹਕਰਣ ਨੂੰ ਸ਼ੁੱਧ ਅਤੇ ਬਲਵਾਨ ਬਣਾਉਣਾ ਹੈ ਅਤੇ ਬਾਹਰੀ ਦੁਨੀਆਵੀ ਖੇਤਰ ਵਿਚ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਖੇਤਰ ਵਿਚ ਸੰਘਰਸ਼ਸ਼ੀਲ ਹੋ ਕੇ ਸਫਲਤਾ ਪ੍ਰਾਪਤ ਕਰਨੀ ਹੈ ਅਤੇ ਜੀਵਨ ਸੁਖਦ ਬਣਾਉਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਸਰ ਕਰਕੇ ਮਨੁੱਖੀ ਜੀਵਨ ਨੂੰ ਅਨੰਦਮਈ ਤਥਾ ਸਫਲ ਜੀਵਨ ਬਣਾਉਣ ਦਾ ਮੁਕੰਮਲ ਅਤੇ ਸ੍ਰੇਸ਼ਟ ਫ਼ਲਸਫ਼ਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖ ਦੀ ਨਿੱਕੀ ਤੋਂ ਨਿੱਕੀ ਅਤੇ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਹੈ। ਇਹ ਜੀਵਨ-ਜੁਗਤ ਮਨੁੱਖ ਨੂੰ ਸੰਪੂਰਨ ਮਨੁੱਖ ਤਥਾ ਯੋਧਾ-ਸੂਰਮਾ ਤਥਾ ਹਰ ਮੈਦਾਨ ਫ਼ਤਹਿ ਪਾਉਣ ਦੇ ਸਮਰੱਥ ਬਣਾਉਣ ਦੇ ਯੋਗ ਹੈ। ਸੰਪੂਰਨ ਮਨੁੱਖ ਅਤੇ ਸੂਰਮਾ ਵਿਅਕਤੀ ਉਹ ਹੀ ਹੋ ਸਕਦਾ ਹੈ, ਜਿਹੜਾ ਅੰਦਰੋਂ-ਬਾਹਰੋਂ ਮਜ਼ਬੂਤ ਹੋਵੇ। ਪੂਰੀ ਤਰ੍ਹਾਂ ਵਿਕਸਤ ਹੋਵੇ ਜੋ ਵਿਅਕਤੀ ਆਪਣਾ ਹਿਰਦਾ ਸ਼ੁੱਧ ਕਰਨ ਲਈ ਤਾਂ ਯਤਨਸ਼ੀਲ ਹੈ ਪਰ ਬਾਹਰੀ ਰੁਕਾਵਟਾਂ ਤੋਂ ਆਪਣੀ ਰੱਖਿਆ ਨਹੀਂ ਕਰ ਸਕਦਾ। ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰ ਸਕਦਾ, ਅਜਿਹਾ ਵਿਅਕਤੀ ਅਧੂਰਾ ਹੁੰਦਾ ਹੈ। ਕਠਨ ਤੋਂ ਕਠਨ ਤਪੱਸਿਆ ਵੀ ਉਸ ਨੂੰ ਪੂਰਨ ਮਨੁੱਖ ਨਹੀਂ ਬਣਾ ਸਕਦੀ। ਉਸ ਨੂੰ ਆਪਣੀ ਰੱਖਿਆ ਲਈ ਦੂਜਿਆਂ ਦੀ ਸਹਾਇਤਾ ਦੀ ਲੋੜ ਰਹਿੰਦੀ ਹੈ। ਉਹ ਬਾਹਰੀ ਦੁਨਿਆਵੀ ਸ਼ਕਤੀਆਂ ਤੇ ਨਿਰਭਰ ਹੁੰਦਾ ਹੈ। ਅਕਾਲ ਪੁਰਖ ਦੀ ਸ਼ਕਤੀ ਤੇ ਉਸ ਦਾ ਪੂਰਨ ਵਿਸ਼ਵਾਸ ਨਹੀਂ ਬਣਦਾ।

ਜਿਹੜੇ ਵਿਅਕਤੀ ਆਪਣੇ ਮਨ ਦੇ ਔਗਣ ਦੂਰ ਨਹੀਂ ਕਰਦੇ, ਅਰਥਾਤ ਹਿਰਦਾ ਸ਼ੁੱਧ ਕਰਕੇ ਆਤਮਿਕ ਤੌਰ ਉੱਤੇ ਬਲਵਾਨ ਨਹੀਂ ਬਣਦੇ, ਪਰ ਦੂਜੇ ਬੰਦਿਆਂ ਉੱਤੇ ਦਰਿੰਦਿਆਂ ਵਾਂਗ ਅਤਿਆਚਾਰ ਕਰਦੇ ਹਨ। ਉਨ੍ਹਾਂ ਨੂੰ ਜਬਰੀ ਧਰਮ ਬਦਲੀ ਲਈ ਮਜਬੂਰ ਕਰਦੇ ਹਨ। ਦੂਜਿਆਂ ਦੀ ਲੁੱਟ-ਖਸੁੱਟ ਕਰਦੇ ਹਨ, ਸ਼ਕਤੀ ਦਾ ਦੁਰਉਪਯੋਗ ਕਰਦਿਆਂ ਉਨ੍ਹਾਂ ਨਾਲ ਜੋਰ-ਜਬਰ ਕਰਦੇ ਹਨ, ਉਹ ਵਿਅਕਤੀ ਵੀ ਸੂਰਬੀਰ ਨਹੀਂ ਹੁੰਦੇ। ਉਹ ਭਾਵੇਂ ਧਰਮ ਦੇ ਨਾਂ ’ਤੇ ਹੀ ਜ਼ੁਲਮ ਕਰਦੇ ਹੋਣ, ਉਨ੍ਹਾਂ ਨੂੰ ਕੋਈ ਧਾਰਮਿਕ ਹਸਤੀ ਨਹੀਂ ਕਹਿ ਸਕਦਾ। ਉਨ੍ਹਾਂ ਨੂੰ ਜ਼ਾਲਮ ਹੀ ਸਮਝਿਆ ਜਾਂਦਾ ਹੈ। ਹਿੰਦੁਸਤਾਨ ਰਿਸ਼ੀਆਂ-ਮੁਨੀਆਂ-ਜੋਗੀਆਂ ਦਾ ਦੇਸ਼ ਸੀ, ਜੋ ਧਾਰਮਿਕ ਸਾਧਨਾ ਤਾਂ ਕਰ ਸਕਦੇ ਸਨ ਪਰ ਆਪਣੀ ਰੱਖਿਆ ਨਹੀਂ ਸਨ ਕਰ ਸਕੇ। ਇਸ ਲਈ ਹਿੰਦੁਸਤਾਨ ਉਤੇ ਸਦੀਆਂ ਤੋਂ ਹਮਲਾਵਰ ਆ ਕੇ ਲੋਕਾਂ ਦਾ ਕਤਲੇਆਮ, ਉਨ੍ਹਾਂ ਦੀਆਂ ਧੀਆਂ-ਭੈਣਾਂ ਦੀ ਬੇਪਤੀ ਅਤੇ ਲੁੱਟ-ਖਸੁੱਟ ਕਰਦੇ ਆਏ ਸਨ। ਇਸਲਾਮ ਧਰਮ ਦੇ ਪੈਦਾ ਹੋਣ ਨਾਲ ਦੂਜੀ ਕਿਸਮ ਦੇ ਵਿਅਕਤੀ ਪੈਦਾ ਹੋਏ। ਇਹ ਧਰਮ ਦੇ ਨਾਂ ’ਤੇ ਜਹਾਦ ਕਰਨਾ ਧਰਮ ਦਾ ਕੰਮ ਸਮਝਦੇ ਸਨ। ਹਿੰਦੁਸਤਾਨੀ ਸੂਰਬੀਰਤਾ ਨਾਲ ਇਨ੍ਹਾਂ ਦਾ ਟਾਕਰਾ ਕਰਨ ਤੋਂ ਅਸਮਰੱਥ ਸਨ, ਕਿਉਂਕਿ ਜਿਹੜੇ ਭਗਤੀ ਕਰਦੇ ਸਨ, ਉਨ੍ਹਾਂ ਪਾਸ ਸ਼ਕਤੀ ਨਹੀਂ ਸੀ। ਜਿਨ੍ਹਾਂ ਪਾਸ ਸ਼ਕਤੀ ਸੀ, ਉਨ੍ਹਾਂ ਪਾਸ ਭਗਤੀ ਨਹੀਂ ਸੀ, ਅਰਥਾਤ ਭਗਤੀ ਅਤੇ ਸ਼ਕਤੀ ਤਥਾ ਸ਼ਾਸਤਰ ਅਤੇ ਸ਼ਸਤਰ ਦੀ ਸੰਤੁਲਿਤ ਅਵਸਥਾ ਨਹੀਂ ਸੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅਨਗਿਣਤ ਹਿੰਦੁਸਤਾਨ ਵਾਸੀਆਂ ਨੂੰ ਇਸਲਾਮ ਧਰਮ ਅਪਨਾਉਣਾ ਪਿਆ ਅਤੇ ਲੱਗਭਗ ਸੱਤ ਸੌ ਸਾਲ ਤੁਰਕਾਂ ਅਤੇ ਮੁਗ਼ਲਾਂ ਦੀ ਗ਼ੁਲਾਮੀ ਵਿਚ ਰਹਿਣਾ ਪਿਆ। ਗੁਰੂ ਸਾਹਿਬ ਹਿੰਦੁਸਤਾਨੀਆਂ ਦੇ ਅੰਦਰੋਂ ਮੌਤ ਅਤੇ ਹੋਰ ਹਰ ਤਰ੍ਹਾਂ ਦਾ ਡਰ ਦੂਰ ਕਰਕੇ ਉਨ੍ਹਾਂ ਨੂੰ ਸੂਰਮੇ ਬਣਾਉਣਾ ਚਾਹੁੰਦੇ ਸਨ। ਉਹ ਅਜਿਹਾ ਸੰਪੂਰਨ ਮਨੁੱਖ ਸਿਰਜਣਾ ਚਾਹੁੰਦੇ ਸਨ, ਜਿਹੜਾ ਕਿਸੇ ਨੂੰ ਡਰਾਏ ਵੀ ਨਾ ਅਤੇ ਕਿਸੇ ਦਾ ਡਰ ਵੀ ਨਾ ਮੰਨੇ। ਅਜਿਹਾ ਵਿਅਕਤੀ ਹੀ ਗੁਰਮਤਿ ਵਿਚ ਸੂਰਮਾ ਅਤੇ ਬ੍ਰਹਮ ਗਿਆਨੀ ਮੰਨਿਆ ਗਿਆ ਹੈ। ਜਪੁ ਸਾਹਿਬ ਦੀ ਪਹਿਲੀ ਪਉੜੀ ਵਿਚ ਹੀ ਅਜਿਹੇ ਰੱਬੀ ਹੁਕਮ ਅਤੇ ਰਜ਼ਾ ਵਿਚ ਚੱਲਣ ਵਾਲੇ ਮਨੁੱਖ ਨੂੰ ‘ਸਚਿਆਰ’ ਦੀ ਸੰਗਿਆ ਦਿੱਤੀ ਗਈ ਹੈ। ਇਹ ਸਚਿਆਰ ਮਨੁੱਖ ਹੀ ਗੁਰਮੁਖ ਹੈ। ਬ੍ਰਹਮ ਗਿਆਨੀ ਹੈ। ਹਰਿ ਭਗਤ ਹੈ। ਹਰਿ ਜਨ ਹੈ। ਖਾਲਸਾ ਹੈ। ਇਹ ਖਾਲਸਾ ਗੁਰੂ ਨਾਲ ਓਤ-ਪੋਤ ਹੈ। ਸਹਿਜ ਅਨੰਦ ਦੀ ਅਵਸਥਾ ਵਿਚ ਵਿਚਰਨ ਵਾਲਾ ਖਾਲਸਾ ਹੀ ਗੁਰੂ ਦਾ ਰੂਪ ਹੈ। ਉਹ ਹੀ ਅਧਿਆਤਮਕ ਅਤੇ ਦੁਨੀਆਵੀ ਦੋਹਾਂ ਖੇਤਰਾਂ ਦਾ ਜੇਤੂ ਜਰਨੈਲ ਗੁਸਾਂਈਂ ਦਾ ਪਹਿਲਵਾਨੜਾ ਹੈ।

ਗੁਰਮਤਿ ਸਿਧਾਂਤ ਨਿਜ ਤੋਂ ਸਮੂਹ ਵੱਲ, ਅੰਦਰ ਤੋਂ ਬਾਹਰ ਵੱਲ, ਮਨ ਤੋਂ ਜਗਤ ਵੱਲ, ਪਿੰਡ ਤੋਂ ਬ੍ਰਹਿਮੰਡ ਵੱਲ, ਆਤਮਾ ਤੋਂ ਪਰਮਾਤਮਾ ਤਕ ਅਤੇ ਅਦ੍ਰਿਸ਼ਟ ਤੋਂ ਦ੍ਰਿਸ਼ਟ ਵੱਲ ਦਾ ਇਕ ਅਦੁੱਤੀ ਅਧਿਆਤਮ ਸਿਧਾਂਤ ਹੈ। ਇਹ ‘ਮਨ ਜੀਤੈ ਜਗ ਜੀਤ’ ਵਿਚ ਵਿਸ਼ਵਾਸ ਰੱਖਦਾ ਹੈ। ਆਪਣੇ ਮਨ ਨੂੰ ਜਿੱਤਣ ਵਾਲਾ ਹੀ ਭਵਸਾਗਰ ਤੋਂ ਪਾਰ ਹੋ ਸਕਦਾ ਹੈ ਅਤੇ ਸੰਸਾਰਿਕ ਵਿਘਨਾਂ, ਬੰਧਨਾਂ ਅਤੇ ਚੁਣੌਤੀਆਂ ’ਤੇ ਜਿੱਤ ਪ੍ਰਾਪਤ ਕਰ ਸਕਦਾ ਹੈ। ਇਹ ਮਾਰਗ ਹੁਕਮ ਅਤੇ ਹਉਮੈ ਦੇ ਵਿਚਕਾਰ ਇਕ ਜੰਗ ਹੈ। ਗੁਰਮੁਖ ਨੇ ਹੁਕਮ ਰਜਾਈ ਚੱਲਣਾ ਹੈ ਤਾਂ ਹੀ ਉਹ ਆਪਣੀ ਹਉਮੈ ਨੂੰ ਮਿਟਾ ਕੇ ਸੱਚਿਆਰ ਅਤੇ ‘ਸੂਰਬੀਰ ਬਚਨ ਕਾ ਬਲੀ’ ਹੋ ਸਕਦਾ ਹੈ। ਉਸ ਦੇ ਮਨ ਅੰਦਰ ਗਿਆਨ ਦਾ ਦੀਪਕ ਜਗ ਉੱਠਦਾ ਹੈ। ਇਸ ਤੋਂ ਬਾਅਦ ਉਸ ਦੀ ਸੁਰਤ ਹੋਰ ਵਿਕਸਤ ਹੁੰਦੀ ਹੈ। ਉਹ ਹੀ ਸੰਤ-ਸਿਪਾਹੀ ਹੈ। ਉਹ ਬਾਹਰੀ ਜਗਤ ਵਿਚ ਵੀ ਪਰਮਾਤਮਾ ਦੀ ਹੋਂਦ ਨੂੰ ਅਨੁਭਵ ਕਰਨਾ ਸ਼ੁਰੂ ਕਰਦਾ ਹੈ। ਗੁਰਬਾਣੀ ਦਾ ਫ਼ਰਮਾਨ ਹੈ:

ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਪੰਨਾ 13)

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ (ਪੰਨਾ 695)

ਇਥੇ ਗੁਰਮੁਖ ਦਾ ਟਕਰਾਉ ਸੰਸਾਰ ਦੀ ਹਉਮੈ ਅਤੇ ਅਗਿਆਨਤਾ ਨਾਲ ਹੁੰਦਾ ਹੈ। ਹਉਮੈ ਅਤੇ ਅਗਿਆਨਤਾ ਉੱਤੇ ਜਿੱਤ ਪ੍ਰਾਪਤ ਕਰਕੇ ਮਨੁੱਖ ਗੁਰਮੁਖ ਗੁਸਾਈਂ ਦਾ ਪਹਿਲਵਾਨੜਾ ਹੋ ਨਿਬੜਦਾ ਹੈ। ਸ਼ਬਦ ਗੁਰੂ ਹੈ, ਜਿਸ ਨੇ ਆਤਮ ਨੂੰ ਜਿਣਿਆ ਹੈ। ਉਸ ਨੇ ਹੁਣ ਸਿੰਘ ਬਣ ਕੇ ਅਕਾਲ ਪੁਰਖ ਦੀ ਫੌਜ ਦਾ ਸਿਪਾਹੀ ਹੋ ਕੇ ਜਗਤ- ਜਲੰਦੇ ਵਿਚ ਠੰਢ ਵਰਤਾਉਣੀ ਹੈ। ਹਉਮੈ-ਹੰਕਾਰ ਅਤੇ ਲੋਭ-ਲਾਲਚ ਵਿਚ ਅੰਧੇ ਹੋਏ ਜਾਬਰਾਂ-ਜ਼ਾਲਮਾਂ ਨੂੰ ਪਰਮਾਤਮਾ ਦੇ ਹੁਕਮ ਵਿਚ ਲਿਆਉਣਾ ਹੈ। ਉਨ੍ਹਾਂ ਦਾ ਹੰਕਾਰ ਤੋੜਨਾ ਹੈ, ਹਉਮੈ ਭੰਨਣੀ ਹੈ। ਉਸ ਨੇ ਜਗਤ ਵਿਚ ਸੰਦੇਸ਼ ਦੇਣਾ ਹੈ ਕਿ ਸਾਰੀ ਮਨੁੱਖਤਾ ਦੀ ਇਕੋ ਜਾਤ ਹੈ। ਜਾਤਾਂ-ਪਾਤਾਂ ਅਤੇ ਧਰਮਾਂ ਦੀਆਂ ਵੰਡੀਆਂ ਝੂਠ ਹਨ। ਸਮੂਹ ਸਮਾਜਿਕ ਬੁਰਾਈਆਂ ਵਿਰੁੱਧ ਜੂਝਣਾ ਹੈ। ਫ਼ਤਹਿ ਪ੍ਰਾਪਤ ਕਰਨੀ ਹੈ। ਮਨੁੱਖੀ ਬਰਾਬਰੀ ਦਾ ਅਹਿਸਾਸ ਕਰਨਾ ਅਤੇ ਕਰਾਉਣਾ ਹੈ। ਗੁਰਬਾਣੀ ਦਾ ਫਰਮਾਨ ਹੈ:-

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (ਪੰਨਾ 611)

ਮਾਨਸ ਕੀ ਜਾਤਿ ਸਬੈ ਏਕੋ ਪਹਿਚਾਨਬੋ॥ (ਗੁਰੂ ਗੋਬਿੰਦ ਸਿੰਘ ਜੀ)

ਗੁਰਮੁਖ ਨੇ ਸਰਬੱਤ ਦੇ ਭਲੇ ਲਈ ਯੁੱਧ ਕਰਨੇ ਹਨ, ਕੁਰਬਾਨੀ ਦੇਣੀ ਹੈ। ਨਿੱਜੀ ਮਨੋਰਥਾਂ ਜਾਂ ਤੁਅੱਸਬ ਦੀ ਭਾਵਨਾ ਰੱਖ ਕੇ ਸੰਘਰਸ਼ ਨਹੀਂ ਕਰਨਾ ਅਤੇ ਸ਼ਹੀਦ ਨਹੀਂ ਹੋਣਾ। ਇਸ ਸੱਚ-ਨਿਆਂ ਅਤੇ ਰੱਬੀ ਹੁਕਮ ਦੇ ਮਾਰਗ

‘ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ॥’

’ਤੇ ਚੱਲਦਿਆਂ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਗੁਰੂ ਦੇ ਪਿਆਰੇ ਖਾਲਸਾ ਪੰਥ ਨੇ ਆਪਣੇ ਧਰਮ ਦੇ ਪ੍ਰਚਾਰ ਹਿੱਤ ਹੀ ਨਹੀਂ, ਸਗੋਂ ਦੂਜੇ ਧਰਮਾਂ ਦੀ ਰਾਖੀ ਹਿੱਤ ਵੀ ਅਨਗਿਣਤ ਕੁਰਬਾਨੀਆਂ ਦਿੱਤੀਆਂ ਅਤੇ ਜ਼ਾਲਮ ਮੁਗ਼ਲ ਹਕੂਮਤ ਨੂੰ ਖ਼ਤਮ ਕਰਕੇ ਸਿੱਖ ਰਾਜ ਦੀ ਸਥਾਪਨਾ ਕੀਤੀ। ਇਸ ਲੰਮੇ ਸੰਘਰਸ਼ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਵਰਗੀ ਮਹਾਨ ਸ਼ਖ਼ਸੀਅਤ ਪੈਦਾ ਹੋਈ ਹੈ। ਉਹ ਇਕ ਬਾਦਸ਼ਾਹ ਹੁੰਦਾ ਹੋਇਆ ਵੀ ਪਰਜਾ ਦਾ ਸੇਵਕ ਸੀ, ਸ਼ਕਤੀਸ਼ਾਲੀ ਸੀ, ਪਰ ਜ਼ਾਲਮ ਨਹੀਂ ਸੀ। ਉਹ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦਾ ਸੀ। ਉਸ ਨੇ ਆਪਣੇ ਰਾਜ ਕਾਲ ਵਿਚ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਇਸ ਦੀ ਮਿਸਾਲ ਦੁਨੀਆਂ-ਭਰ ਦੇ ਇਤਿਹਾਸ ਵਿਚ ਨਹੀਂ ਮਿਲਦੀ। ਇਸ ਤਰ੍ਹਾਂ ਦਾ ਕਿਰਦਾਰ ਉਨ੍ਹਾਂ ਵਿਅਕਤੀਆਂ ਦਾ ਹੀ ਹੋ ਸਕਦਾ ਹੈ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਗਿਆਨ, ਭੈਅ ਅਤੇ ਭਾਉ ਹੋਵੇ। ਜਿਹੜੇ ਅੰਦਰੋਂ ਬਾਹਰੋਂ ਨਿਰਮਲ ਹਨ, ਜਿਹੜੇ ਸਾਰਿਆਂ ਵਿਚ ਇੱਕੋ ਪਰਮਾਤਮਾ ਦਾ ਨੂਰ ਸਮਝਦੇ ਹਨ। ਕਿਸੇ ਨੂੰ ਚੰਗਾ-ਬੁਰਾ ਅਤੇ ਉੱਚਾ-ਨੀਵਾਂ ਨਹੀਂ ਸਮਝਦੇ। ਗੁਰਬਾਣੀ ਦਾ ਹੁਕਮ ਹੈ:

ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ॥ (ਪੰਨਾ 381)

ਜੀਅਹੁ ਨਿਰਮਲ ਬਾਹਰਹੁ ਨਿਰਮਲ॥
ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ॥
ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ॥ (ਪੰਨਾ 919)

ਅੰਤਰਿ ਬਸੇ ਬਾਹਰਿ ਭੀ ਓਹੀ॥
ਨਾਨਕ ਦਰਸਨੁ ਦੇਖਿ ਸਭ ਮੋਹੀ॥ (ਪੰਨਾ 294)

ਜਹਾਦ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਇਸ ਦਾ ਅਰਥ ਹੈ, ਧਰਮ-ਯੁੱਧ। ਪਵਿੱਤਰ ਉਦੇਸ਼ ਲਈ ਕੀਤੀ ਗਈ ਜੰਗ ਨੂੰ ਜਹਾਦ ਕਿਹਾ ਜਾਂਦਾ ਹੈ। ਸੱਚਾ ਜਹਾਦ ਉਹ ਹੁੰਦਾ ਹੈ, ਜੋ ਆਪਣੇ ਧਰਮ ਦੀ ਰਾਖੀ ਲਈ ਜਾਂ ਜ਼ੁਲਮ ਦੇ ਟਾਕਰੇ ਲਈ ਕੀਤਾ ਜਾਵੇ। ਗੁਰਬਾਣੀ ਮਨੁੱਖ ਨੂੰ ਅਜਿਹੇ ਸ਼ੁਭ ਮਨੋਰਥਾਂ ਲਈ ਲੜਨ ਦਾ ਉਪਦੇਸ਼ ਦਿੰਦੀ ਹੈ। ਉਸ ਮਨੁੱਖ ਨੂੰ ਹੀ ਸੂਰਮਾ ਮੰਨਿਆ ਗਿਆ ਹੈ, ਜੋ ਧਰਮ ਨਿਆਂ ਦੀ ਰਾਖੀ ਲਈ ਸੱਚ-ਹੱਕ ਦੀ ਖ਼ਾਤਰ ਯੁੱਧ ਕਰਦਾ ਹੈ। ਭਗਤ ਕਬੀਰ ਸਾਹਿਬ ਦਾ ਫ਼ਰਮਾਨ ਹੈ:

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)

ਇਸਲਾਮ ਧਰਮ ਤੋਂ ਜਹਾਦ ਦੀ ਪਰੰਪਰਾ ਸ਼ੁਰੂ ਹੋਈ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਤਲਵਾਰ ਦੇ ਜ਼ੋਰ ਨਾਲ ਇਸਲਾਮ ਧਰਮ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਤਲਵਾਰ ਦੇ ਜ਼ੋਰ ਨਾਲ ਇਸ ਧਰਮ ਨੂੰ ਇਰਾਕ, ਇਰਾਨ, ਅਫਗਾਨਿਸਤਾਨ, ਤੁਰਕਿਸਤਾਨ ਅਤੇ ਹਿੰਦੁਸਤਾਨ ਆਦਿ ਮੁਲਕਾਂ ਵਿਚ ਫੈਲਾਇਆ। ਇਹ ਹਮਲਾਵਰ ਦੂਜੇ ਧਰਮਾਂ ਦੇ ਵਿਅਕਤੀਆਂ ਨੂੰ ਕਾਫ਼ਿਰ ਸਮਝਦੇ ਸਨ। ਉਨ੍ਹਾਂ ਨੂੰ ਮਾਰ-ਕੁੱਟ ਕੇ ਆਪਣੇ ਧਰਮ ਤੋਂ ਉਨ੍ਹਾਂ ਦੀ ਸ਼ਰਧਾ ਖਤਮ ਕਰ ਦਿੰਦੇ ਸਨ। ਉਹ ਲੋਕਾਂ ਦਾ ਖੂਨ ਵੀ ਵਹਾਉਂਦੇ ਸਨ ਅਤੇ ਉਨ੍ਹਾਂ ਦੇ ਵਿਸ਼ਵਾਸ ਅਤੇ ਮੰਦਰਾਂ ਨੂੰ ਤੋੜ ਕੇ ਉਨ੍ਹਾਂ ਦੇ ਮਨ ਨੂੰ ਚੋਟ ਮਾਰਦੇ ਸਨ। ਇਸਲਾਮ ਵਿਚ ਜਬਰੀ ਧਰਮ ਬਦਲੀ ਨੂੰ ਉਚਿਤ ਸਮਝਿਆ ਜਾਂਦਾ ਹੈ ਅਤੇ ਮਨੁੱਖਤਾ ਨੂੰ ਮੋਮਨ ਅਤੇ ਕਾਫਰਾਂ ਵਿਚ ਵੰਡਿਆ ਜਾਂਦਾ ਹੈ। ਗੁਰਬਾਣੀ ਇਸ ਤਰ੍ਹਾਂ ਦੇ ਜਹਾਦ ਦੀ ਹਰਗਿਜ਼ ਪ੍ਰਵਾਨਗੀ ਨਹੀਂ ਦਿੰਦੀ। ਗੁਰਬਾਣੀ ਅਨੁਸਾਰ ਪਰਮਾਤਮਾ ਸਰਬ-ਵਿਆਪਕ ਹੈ। ਸਾਰੇ ਜੀਆਂ ਵਿਚ ਵੱਸਦਾ ਹੈ। ਉਹ ਸਿਰਫ਼ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਜਾਂ ਇਸਾਈਆਂ ਤਕ ਹੀ ਸੀਮਤ ਨਹੀਂ ਹੈ। ਇਸ ਲਈ ਮਨੁੱਖ ਨੂੰ ਨਿਮਰਤਾ ਅਤੇ ਦਇਆ ਦਾ ਧਾਰਨੀ ਹੋਣਾ ਚਾਹੀਦਾ ਹੈ। ਕਿਸੇ ਜੀਵ ਨੂੰ ਦੁੱਖ ਨਹੀਂ ਦੇਣਾ ਚਾਹੀਦਾ। ਗੁਰਬਾਣੀ ਦਾ ਫ਼ਰਮਾਨ ਹੈ:

ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ॥
ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ॥ (ਪੰਨਾ 322)

ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ॥
ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ॥ (ਪੰਨਾ 255)

ਆਪਣੇ-ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਸਭ ਨੂੰ ਹੈ। ਇਹ ਮੁੱਢਲਾ ਮਨੁੱਖੀ ਅਧਿਕਾਰ ਹੈ। ਧਰਮ ਸਵੈ-ਇੱਛਿਆ ਨਾਲ ਹੀ ਅਪਨਾਇਆ ਜਾਣਾ ਯੋਗ ਹੈ, ਨਾ ਕਿ ਕਿਸੇ ਡਰ, ਭੈਅ, ਲਾਲਚ ਆਦਿ ਰਾਹੀਂ ਠੋਸਿਆ ਹੋਇਆ ‘ਧਰਮ’। ਅਜਿਹੇ ਧਰਮ ਧਾਰਨ ਉਪਰੰਤ ਵੀ ਉਸ ਵਿਅਕਤੀ ਦੀ ਉਸ ਧਰਮ ਵਿਚ ਆਸਥਾ ਅਤੇ ਵਿਸ਼ਵਾਸ ਪੱਕਾ ਨਹੀਂ ਹੁੰਦਾ। ਇਹ ਵਰਤਾਰਾ ਯੋਗ ਅਤੇ ਪ੍ਰਵਾਨਿਤ ਨਹੀਂ ਹੈ। ਪਰ ਇਹ ਪ੍ਰਚਾਰ ਆਪਣੇ ਧਰਮ ਉਪਦੇਸ਼ਾਂ ਦਾ ਗਿਆਨ ਕਰਵਾ ਕੇ ਕਰਨਾ ਯੋਗ ਹੈ। ਤਲਵਾਰ ਦੇ ਜ਼ੋਰ ਨਾਲ, ਰਾਜ ਸ਼ਕਤੀ ਨਾਲ, ਬਹੁ-ਗਿਣਤੀ ਦੇ ਬਲ ਸਦਕਾ ਅਤੇ ਲੋਭ-ਲਾਲਚ ਦੇ ਕੇ ਫੁਸਲਾਉਣਾ ਸੱਚਾ ਧਰਮ ਪ੍ਰਚਾਰ ਨਹੀਂ ਹੈ। ਇਹ ਇਕ ਤਰ੍ਹਾਂ ਦਾ ਪਾਪ ਹੈ। ਰੱਬ ਦੀ ਰਜ਼ਾ ਦੇ ਬਿਪਰੀਤ ਹੈ। ਅਜਿਹੇ ਬੰਦਿਆਂ ਦੀ ਧਰਮ ਬਦਲੀ ਕੋਈ ਅਰਥ ਨਹੀਂ ਰੱਖਦੀ। ਨਾ ਤਾਂ ਉਨ੍ਹਾਂ ਨੂੰ ਆਪਣੇ ਧਰਮ ਦਾ ਪੂਰਾ ਗਿਆਨ ਹੁੰਦਾ ਹੈ। ਨਾ ਉਸ ਧਰਮ ਦਾ, ਜਿਸ ਨੂੰ ਉਹ ਅਪਣਾ ਰਹੇ ਹੁੰਦੇ ਹਨ। ਉਹ ਪਹਿਲਾਂ ਵੀ ਅਗਿਆਨਤਾ ਦੇ ਖੱਡੇ ਵਿਚ ਡਿੱਗੇ ਹੁੰਦੇ ਹਨ। ਉਥੋਂ ਨਿਕਲ ਕੇ ਉਹ ਹੋਰ ਵੱਡੇ ਖੱਡੇ ਵਿਚ ਹੀ ਜਾ ਡਿੱਗਦੇ ਹਨ। ਇਸ ਤਰ੍ਹਾਂ ਦੀ ਧਰਮ ਬਦਲੀ ਕਰਨ ਵਾਲੇ ਜੋਰ-ਜ਼ੁਲਮ ਦੇ ਪ੍ਰਚਾਰਕ ਪਰਮਾਤਮਾ ਦੇ ਦੰਡ ਦੇ ਭਾਗੀ ਹੁੰਦੇ ਹਨ। ਭਗਤ ਕਬੀਰ ਸਾਹਿਬ ਨੇ ਫ਼ਰਮਾਇਆ ਹੈ:

ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ॥ (ਪੰਨਾ 1375)

ਕਿਸੇ ਵੀ ਮਤ ਨੂੰ ਹੱਕ ਨਹੀਂ ਹੈ ਕਿ ਉਹ ਨਜਾਇਜ਼ ਕਿਸਮ ਦੇ ਢੰਗ ਵਰਤ ਕੇ ਆਪਣੇ ਧਰਮ ਦਾ ਪ੍ਰਸਾਰ ਕਰੇ। ਜਿਹੜੇ ਵੀ ਧਰਮ ਦੇ ਅਨੁਆਈਂ ਅਜਿਹਾ ਪਾਪ ਕਰਦੇ ਹਨ। ਉਹ ਸਜ਼ਾ ਦੇ ਭਾਗੀ ਹਨ। ਭਾਵੇਂ ਉਹ ਇਸਲਾਮ ਨੂੰ ਮੰਨਣ ਵਾਲੇ, ਭਾਵੇਂ ਇਸਾਈ ਹਨ, ਭਾਵੇਂ ਹਿੰਦੂ ਹਨ ਅਤੇ ਭਾਵੇਂ ਸਿੱਖ ਹਨ। ਚਲਾਕੀ ਨਾਲ ਕੀਤੀ ਗਈ ਧਰਮ ਬਦਲੀ ਵੀ ਬੰਦ ਹੋਣੀ ਚਾਹੀਦੀ ਹੈ ਅਤੇ ਅਤਿਵਾਦ ਦਾ ਵੀ ਖਾਤਮਾ ਹੋਣਾ ਚਾਹੀਦਾ ਹੈ। ਇਹ ਦੋਵੇਂ ਢੰਗ ਅਪਨਾਉਣ ਵਾਲੇ ਮਨੁੱਖਤਾ ਦੇ ਸੇਵਕ ਨਹੀਂ, ਸਗੋਂ ਦੁਸ਼ਮਣ ਹਨ। ਉਹ ਜਹਾਦੀ ਨਹੀਂ, ਉਹ ਫਸਾਦੀ ਹਨ। ਅਜਿਹੇ ਫਸਾਦੀਆਂ ਅਤੇ ਅਤਿਆਚਾਰੀਆਂ ਦੇ ਖਿਲਾਫ਼ ਜਹਾਦ ਕਰਨ ਦਾ ਉਪਦੇਸ਼ ਦਿੰਦੀ ਹੈ, ਗੁਰਬਾਣੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਬਾਣੀ ਦੇ ਉਪਦੇਸ਼ ਦੇ ਅਨੁਸਾਰ ਭਗਤੀ ਅਤੇ ਸ਼ਕਤੀ ਦਾ ਸੁਮੇਲ ਕਰਕੇ ਇਕ ਆਦਰਸ਼ ਮਨੁੱਖ ਖਾਲਸੇ ਦੀ ਸਾਜਨਾ ਕੀਤੀ ਹੈ। ਖਾਲਸਾ ਅਕਾਲ ਪੁਰਖ ਦੀ ਫੌਜ ਮੰਨੀ ਗਈ ਹੈ। ਇਸ ਦਾ ਨਿਸ਼ਾਨਾ ਇਸ ਧਰਤੀ ਤੇ ਹਲੇਮੀ ਰਾਜ ਵਰਤਾਉਣਾ ਹੈ ਅਤੇ ਜਬਰ-ਜ਼ੁਲਮ ਨੂੰ ਖ਼ਤਮ ਕਰਨਾ ਹੈ। ਜੋ ਕੰਮ ਅੱਜ ਯੂ.ਐਨ.ਓ. ਕਰ ਰਹੀ ਹੈ, ਉਸ ਤੋਂ ਵੀ ਕਿਤੇ ਉੱਚਾ ਅਤੇ ਸਾਰਥਕ ਕਾਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਿੰਨ ਸਦੀਆਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਅਰੰਭ ਕਰ ਦਿੱਤਾ ਸੀ। ਖਾਲਸੇ ਦੀ ਉਪਮਾ ਇਸ ਤਰ੍ਹਾਂ ਕੀਤੀ ਗਈ ਹੈ:

ਖਾਲਸਾ ਅਕਾਲ ਪੁਰਖ ਕੀ ਫੌਜ॥
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ॥

ਪਰੰਤੂ ਗੁਰੂ ਸਾਹਿਬ ਨੇ ਖਾਲਸੇ ਨੂੰ ਖਾਲਸ ਤਥਾ ਸ਼ੁੱਧ ਅਤੇ ਨਿਰਮਲ ਰਹਿਣ ਲਈ ਇਉਂ ਉਪਦੇਸ਼ ਵੀ ਕੀਤਾ:

ਜਬ ਲਗ ਖਾਲਸਾ ਰਹੇ ਨਿਆਰਾ॥
ਤਬ ਲਗ ਤੇਜ ਦੀਓ ਮੈ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਮੈˆ ਨ ਕਰਉਂ ਇਨ ਕੀ ਪ੍ਰਤੀਤ॥

ਖਾਲਸਾ ਫੌਜ ਨੇ ਸਭ ਧਰਮਾਂ ਤੋਂ ਨਿਆਰਾ ਹੋ ਕੇ ਰਹਿਣਾ ਹੈ। ਇਹ ਕਿਸੇ ਇਕ ਵਿਸ਼ੇਸ਼ ਧਰਮ ਦੀ ਗ਼ੁਲਾਮ ਨਹੀਂ ਹੈ। ਖਾਲਸਾ ਸਾਰੇ ਧਰਮਾਂ ਦਾ ਸਾਂਝਾ ਰਾਖਾ ਹੈ। ਜਿਨ੍ਹਾਂ ਲੋਕਾਂ ’ਤੇ ਜ਼ੁਲਮ-ਅਤਿਆਚਾਰ ਹੋ ਰਿਹਾ ਹੈ। ਖਾਲਸੇ ਦਾ ਕਰਤੱਵ ਹੈ ਕਿ ਉਨ੍ਹਾਂ ਲੋਕਾਂ ਦਾ ਸਾਥ ਦੇਵੇ ਉਨ੍ਹਾਂ ਦੀ ਹਿਮਾਇਤ ਕਰੇ ਅਤੇ ਜੇ ਲੋੜ ਹੋਵੇ ਤਾਂ ਉਨ੍ਹਾਂ ਖ਼ਾਤਰ ਹੱਥ ਵਿਚ ਤਲਵਾਰ ਵੀ ਲੈ ਕੇ ਤੁਰੇ। ਇਸੇ ਕਰਕੇ ਹੀ ਖਾਲਸੇ ਨੂੰ ਸਭ ਧਰਮਾਂ ਤੋਂ ਨਿਆਰਾ ਰਹਿਣ ਦਾ ਉਪਦੇਸ਼ ਕੀਤਾ ਗਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਲਾਸਾਨੀ ਕੁਰਬਾਨੀ ਦੇ ਕੇ ਦੁਨੀਆਂ ਦੇ ਸਾਹਮਣੇ ਸਚਿਆਰ ਮਨੁੱਖ ਦੇ ਕਰਤੱਵ ਨੂੰ ਅਮਲੀ ਰੂਪ ਦਿੱਤਾ ਅਤੇ ਉਹ ਸਮੁੱਚੀ ਦੁਨੀਆਂ ਦੇ ਧਰਮ ਦੀ ਚਾਦਰ ਹੋ ਨਿਬੜੇ। ਇਸ ਸੰਬੰਧੀ ਦਸਮੇਸ਼ ਪਿਤਾ ਨੇ ਇਉਂ ਫ਼ਰਮਾਇਆ ਹੈ:

ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕਿਨੋ ਬਡੋ ਕਲੂ ਮਹਿ ਸਾਕਾ॥

ਖਾਲਸੇ ਨੂੰ ਸੱਚ, ਹੱਕ ਅਤੇ ਨਿਆਂ ਦੇ ਨਾਲ ਖੜ੍ਹਨਾ ਚਾਹੀਦਾ ਹੈ। ਸੱਚ-ਹੱਕ ਅਤੇ ਨਿਆਏ ਹੀ ਅਸਲ ਸ਼ੁਭ ਕਰਮ ਹਨ। ਉਨ੍ਹਾਂ ਖ਼ਾਤਰ ਖਾਲਸੇ ਨੇ ਜਹਾਦ ਕਰਨਾ ਹੈ, ਸੰਘਰਸ਼ ਕਰਨਾ ਹੈ ਅਤੇ ਨਿਸ਼ਚਾ ਕਰਕੇ ਜਿੱਤ ਪ੍ਰਾਪਤ ਕਰਨੀ ਹੈ। ਜੇ ਲੋੜ ਹੋਵੇ ਤਾਂ ਇਸ ਸ਼ੁਭ ਕਾਰਜ ਲਈ ਸ਼ਹੀਦੀ ਵੀ ਦੇ ਦੇਣੀ ਹੈ। ਗੁਰੂ ਜੀ ਨੇ ਫ਼ਰਮਾਇਆ ਹੈ:

ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ।
ਨ ਡਰੋਂ ਅਰਿ ਸੋ ਜਬ ਜਾਇ ਲਰੋਂ, ਨਿਸਚੈ ਕਰ ਆਪਣੀ ਜੀਤ ਕਰੋਂ।
ਅਰ ਸਿਖਹੋ ਆਪਨੇ ਹੀ ਮਨ ਕੋ ਯਹ ਲਾਲਚ ਹਉ ਗੁਨ ਤਉ ਉਚਰੋਂ।
ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ।

ਖਾਲਸਾ ਉਹ ਹੈ, ਜਿਸ ਨੇ ਆਪਣਾ ਹਿਰਦਾ ਸ਼ੁੱਧ ਕਰ ਲਿਆ ਹੈ। ਜਿਸ ਨੇ ਮਨ ਦੀਆਂ ਲਾਲਸਾਵਾਂ ਅਤੇ ਤ੍ਰਿਸ਼ਨਾਵਾਂ ਉੱਤੇ ਜਿੱਤ ਪ੍ਰਾਪਤ ਕਰ ਲਈ ਹੈ। ਜਿਸ ਨੇ ਸਤ, ਸੰਤੋਖ ਅਤੇ ਸੰਜਮ ਨੂੰ ਜ਼ਿੰਦਗੀ ਦੇ ਅਸੂਲ ਬਣਾ ਲਿਆ ਹੈ। ਜਿਸ ਨੇ ਗੁਰ-ਸ਼ਬਦ ਦੀ ਸਾਧਨਾ ਕਰਕੇ, ਸਿਮਰਨ ਕਰਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਜਿਸ ਨੇ ਆਪਣੇ ਮਨ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰਾਂ ਉੱਤੇ ਕਾਬੂ ਪਾ ਲਿਆ ਹੈ ਅਤੇ ਉਨ੍ਹਾਂ ’ਤੇ ਜਿੱਤ ਪ੍ਰਾਪਤ ਕਰ ਲਈ ਹੈ। ਜਿਸ ਨੂੰ ਕਿਸੇ ਨਾਲ ਵੈਰ-ਵਿਰੋਧ ਨਹੀਂ ਹੈ। ਇਸ ਲਈ ਖਾਲਸਾ ਬਣਨ ਲਈ ਸਾਧਕ ਨੂੰ ਪਹਿਲਾਂ ਆਪਣੇ ਮਨ ਵਿਚ ਵੱਸਦੇ ਵਿਸ਼ੇ-ਵਿਕਾਰਾਂ ਨੂੰ ਜਿੱਤਣਾ ਹੁੰਦਾ ਹੈ। ਬਾਹਰਲੇ ਸੰਘਰਸ਼ ਤੋਂ ਪਹਿਲਾਂ ਆਤਮਿਕ ਸੰਘਰਸ਼ ਕਰਨਾ ਪੈˆਦਾ ਹੈ। ਅਜਿਹਾ ਸ਼ੁੱਧ ਹਿਰਦੇ ਵਾਲਾ ਵਿਅਕਤੀ ਹੀ ਗੁਰਬਾਣੀ ਅਨੁਸਾਰ ਸੂਰਬੀਰ ਮੰਨਿਆ ਗਿਆ ਹੈ। ਇਹ ਅੰਤਰਿ ਨੂੰ ਫ਼ਤਹਿ ਕਰਕੇ ਬਾਹਰੀ ਚੁਣੌਤੀਆਂ ਉੱਤੇ ਫ਼ਤਹਿ ਕਰਨ ਦਾ ਸਿਧਾਂਤ ਹੈ ਗੁਰਮਤਿ। ਮਨ ਦੇ ਵਿਕਾਰਾਂ ਅਤੇ ਬਾਹਰੀ ਜਬਰ-ਜ਼ੁਲਮ ਦੇ ਖਿਲਾਫ਼ ਅਜਿਹੇ ਖਾਲਸੇ ਦਾ ਜਹਾਦ ਹੀ ਪ੍ਰਵਾਨ ਹੈ। ਗੁਰਬਾਣੀ ਦਾ ਫ਼ਰਮਾਨ ਹੈ:

ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ॥ (ਪੰਨਾ 1089)

ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ॥ (ਪੰਨਾ 86)

ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ॥ (ਪੰਨਾ 679)

ਗੁਰਸਿੱਖ ਸ਼ਕਤੀ ਨੂੰ ਭਗਤੀ ਦੇ ਅਤੇ ਸ਼ਸਤਰ ਨੂੰ ਸ਼ਾਸਤਰ ਦੇ ਅਧੀਨ ਰੱਖਦਾ ਹੈ। ਉਸ ਨੇ ਦੁਨਿਆਵੀ ਸੰਘਰਸ਼ ਨੂੰ ਵੀ ਆਤਮਿਕ ਸਾਧਨਾ ਦਾ ਹੀ ਇਕ ਰੂਪ ਸਮਝਣਾ ਹੈ। ਜਿਹੜੇ ਲੋਕਾਂ ਦੇ ਸਹੀ ਅਰਥਾਂ ਵਿਚ ਸਿੱਖੀ ਧਾਰਨ ਨਹੀਂ ਕੀਤੀ, ਗੁਰੂ ਨੂੰ ਸੀਸ ਭੇਟ ਨਹੀਂ ਕੀਤਾ। ਜਿਨ੍ਹਾਂ ਦਾ ਉਦੇਸ਼ ਜੀਵਨ ਪਦਵੀ ਪ੍ਰਾਪਤ ਕਰਨਾ ਨਹੀਂ ਹੈ। ਉਨ੍ਹਾਂ ਲੋਕਾਂ ਦਾ ਕਿਸੇ ਦੁਨਿਆਵੀ ਕਾਰਨਾਂ ਜਾਂ ਹਿੱਤਾਂ ਨੂੰ ਮੁੱਖ ਰੱਖ ਕੇ ਲੜਨਾ- ਭਿੜਨਾ ਗੁਰਮਤਿ ਵਿਚ ਪ੍ਰਵਾਨ ਨਹੀਂ। ਅਜਿਹੇ ਲੋਕ ਅਹੰਕਾਰ ਵਿਚ ਅਤੇ ਕ੍ਰੋਧ ਵਿਚ ਆ ਕੇ ਜੂਝਦੇ ਹਨ। ਉਨ੍ਹਾਂ ਦਾ ਜੀਵਨ ਵਿਅਰਥ ਜਾਂਦਾ ਹੈ। ਗੁਰਬਾਣੀ ਦਾ ਮਹਾਂਵਾਕ ਹੈ:

ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ॥
ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ॥
ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ॥ (ਪੰਨਾ 1089)

ਗੁਰਬਾਣੀ ਦੇ ਸਿਧਾਂਤ ਅਨੁਸਾਰ ਗੁਰਮੁਖ ਨੇ ਜੀਵਨ ਵਿਚ ਦੋਹਰਾ ਸੰਘਰਸ਼ ਕਰਨਾ ਹੈ। ਉਸ ਨੇ ਸੰਸਾਰ ਵਿਚ ਵਿਚਰਨਾ ਵੀ ਹੈ, ਪਰ ਅੰਦਰੋਂ ਨਿਰਲੇਪ ਵੀ ਰਹਿਣਾ ਹੈ-

‘ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈਸਾਣੈ॥’

ਉਸ ਨੇ ਸੰਸਾਰਿਕ ਤੌਰ ’ਤੇ ਜ਼ੁਲਮ ਦਾ ਵਿਰੋਧ ਵੀ ਕਰਨਾ ਹੈ। ਕਿਸੇ ਦਾ ਭੈ ਨਹੀਂ ਮੰਨਣਾ ਅਤੇ ਆਤਮਿਕ ਤੌਰ ’ਤੇ ਮਨ ਦੇ ਵਿਕਾਰਾਂ ਨੂੰ ਵੀ ਸਿਰ ਨਹੀਂ ਚੁੱਕਣ ਦੇਣਾ, ਉਨ੍ਹਾਂ ਨੂੰ ਵੀ ਕਾਬੂ ਵਿਚ ਰੱਖਣਾ ਹੈ। ਇਸ ਤਰ੍ਹਾਂ ਗੁਰਮੁਖ ਜਾਂ ਖਾਲਸੇ ਨੂੰ ਇੱਕੋ ਵੇਲੇ ਦੋ ਦੁਸ਼ਮਣਾਂ ਨਾਲ ਜੰਗ ਕਰਨੀ ਹੁੰਦੀ ਹੈ। ਉਹ ਇਕ ਵਾਰ ਸੰਸਾਰਿਕ ਵਿਰੋਧੀਆਂ ਵੱਲ ਕਰਦਾ ਹੈ, ਨਾਲੋਂ-ਨਾਲ ਦੂਜਾ ਵਾਰ ਆਤਮਿਕ ਮਾਰਗ ਦੇ ਵੈਰੀਆਂ ’ਤੇ ਕਰਦਾ ਹੈ। ਉਹ ਸੰਸਾਰ ਨਾਲ ਜੂਝਦਾ ਹੋਇਆ, ਆਪਣੇ ਮਨ ਨਾਲ ਵੀ ਲੁਝਦਾ ਰਹਿੰਦਾ ਹੈ। ਉਹ ਸੰਸਾਰਿਕ ਵਿਰੋਧੀਆਂ ਨਾਲ ਯੁੱਧ ਲੜਦਾ ਹੋਇਆ ਵੀ ਉਨ੍ਹਾਂ ਦਾ ਬੁਰਾ ਨਹੀਂ ਮੰਗਦਾ। ਉਹ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ ਹੈ। ਗੁਰਬਾਣੀ ਦਾ ਮਹਾਂਵਾਕ ਹੈ:

ਬਾਹਰਹੁ ਹਉਮੈ ਕਹੈ ਕਹਾਏ॥
ਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ॥ (ਪੰਨਾ 412)

ਦੀਸਿ ਆਵਤ ਹੈ ਬਹੁਤੁ ਭੀਹਾਲਾ॥
ਸਗਲ ਚਰਨ ਕੀ ਇਹੁ ਮਨੁ ਰਾਲਾ॥ (ਪੰਨਾ 384)

ਸਿੱਖ ਧਰਮ ਵਿਚ ਪਰਮਾਤਮਾ ਨੂੰ ਨਿਰਭਉ ਤੇ ਨਿਰਵੈਰ ਮੰਨਿਆ ਗਿਆ ਹੈ। ਉਹ ਸਰਬ ਸਮਰੱਥ ਹੈ। ਉਸ ਨੂੰ ਕਿਸੇ ਦਾ ਡਰ ਨਹੀਂ, ਇਸ ਲਈ ਉਹ ਨਿਰਭਉ ਹੈ। ਸਾਰੇ ਜੀਵ ਉਸ ਨੇ ਪੈਦਾ ਕੀਤੇ ਹੋਏ ਹਨ, ਸਭ ਉਸ ਦੀ ਅੰਸ਼ ਹਨ, ਇਸ ਲਈ ਉਸ ਨੂੰ ਕਿਸੇ ਨਾਲ ਵੈਰ ਨਹੀਂ, ਇਸ ਲਈ ਉਹ ਨਿਰਵੈਰ ਹੈ। ਖਾਲਸਾ ਗੁਰ-ਪਰਮੇਸ਼ਰ ਦਾ ਰੂਪ ਹੈ। ਇਸ ਲਈ ਖਾਲਸਾ ਵੀ ਜਿਥੇ ਨਿਰਭੈ ਹੈ, ਉਥੇ ਨਿਰਵੈਰ ਵੀ ਹੈ। ਉਹ ਦੂਜੇ ਧਰਮਾਂ ਦੇ ਵਿਅਕਤੀਆਂ ਨਾਲ ਵੈਰ ਭਾਵਨਾ ਨਹੀਂ ਰੱਖਦਾ, ਕਿਸੇ ਨੂੰ ਨਫ਼ਰਤ ਨਹੀਂ ਕਰਦਾ। ਗੁਰਬਾਣੀ ਵਿਚ ਗੁਰਸਿੱਖਾਂ ਲਈ ਇਹ ਉਪਦੇਸ਼ ਕੀਤਾ ਗਿਆ ਹੈ:

ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥ (ਪੰਨਾ 671)

ਬਿਸਰਿ ਗਈ ਸਭ ਤਾਤਿ ਪਰਾਈ॥
ਜਬ ਤੇ ਸਾਧਸੰਗਤਿ ਮੋਹਿ ਪਾਈ॥1॥ ਰਹਾਉ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)

ਖਾਲਸਾ ਜੰਗ ਵੀ ਕਰਦਾ ਹੈ ਤਾਂ ਦਵੈਤ ਭਾਵਨਾ ਨਾਲ ਨਹੀਂ, ਸਗੋਂ ਕਿਸੇ ਦੀ ਰੱਖਿਆ ਲਈ ਅਤੇ ਮਨੁੱਖਤਾ ਦੀ ਭਲਾਈ ਲਈ ਜੰਗ ਕਰਦਾ ਹੈ। ਇਸ ਲਈ ਖਾਲਸੇ ਅਤੇ ਤੁਅੱਸਬ, ਫ਼ਿਰਕਾਪ੍ਰਸਤੀ ਦੀ ਜ਼ਹਿਰ ਨਾਲ ਭਰੇ ਵਿਅਕਤੀਆਂ ਵਿਚ ਦਿਨ-ਰਾਤ ਦਾ ਫ਼ਰਕ ਹੈ। ਤੁਅੱਸਬੀ ਵਿਅਕਤੀ ਮਨ ਵਿਚ ਸੜਦੇ-ਬਲਦੇ ਰਹਿੰਦੇ ਹਨ। ਉਨ੍ਹਾਂ ਨੂੰ ਦੂਜੇ ਧਰਮ ਵਿਚ ਕੋਈ ਗੁਣ ਨਹੀਂ ਨਜ਼ਰ ਆਉਂਦਾ। ਉਨ੍ਹਾਂ ਅੰਦਰੋਂ ਮਨੁੱਖਤਾ ਦੀ ਸਾਂਝ ਵੀ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਅੰਦਰ ਵਹਿਸ਼ੀਪੁਣਾ ਜਾਗ ਉਠਦਾ ਹੈ। ਅਗਿਆਨਤਾ ਵਿਚ ਅੰਨ੍ਹੇ ਹੋ ਕੇ ਉਹ ਮਨੁੱਖਤਾ ਦਾ ਖੂਨ ਵਹਾਉਂਦੇ ਹਨ। ਉਨ੍ਹਾਂ ਦੇ ਸੰਘਰਸ਼ ਅਤੇ ਲੜ-ਮਰਨ ਤੋਂ ਕਿਸੇ ਦਾ ਭਲਾ ਨਹੀਂ ਹੁੰਦਾ। ਉਹ ਦੂਜਿਆਂ ਨੂੰ ਵੀ ਦੁੱਖ ਦਿੰਦੇ ਹਨ ਅਤੇ ਆਪ ਵੀ ਅਗਿਆਨਤਾ ਕਾਰਨ ਦੁੱਖ ਭੋਗਦੇ ਹਨ। ਉਨ੍ਹਾਂ ਦਾ ਮਨ ਪਹਿਲਾਂ ਫ਼ਿਰਕਾਪ੍ਰਸਤੀ, ਈਰਖਾ ਅਤੇ ਦਵੈਸ ਵਿਚ ਸੜਦਾ ਹੈ। ਫਿਰ ਉਹ ਕ੍ਰੋਧ ਵਿਚ ਆ ਕੇ ਪਾਪ ਕਰਦੇ ਹਨ। ਉਨ੍ਹਾਂ ਦੇ ਮਨ ਦਾ ਚੈਨ ਖਤਮ ਹੋ ਜਾਂਦਾ ਹੈ। ਫਿਰ ਉਹ ਪਾਪ ਦਾ ਫਲ ਭੋਗਦੇ ਹਨ ਅਤੇ ਦੁੱਖ ਹੀ ਦੁੱਖ ਪਾਉਂਦੇ ਹਨ। ਉਹ ਨਾ ਆਪਣਾ ਜੀਵਨ ਸੰਵਾਰ ਸਕਦੇ ਹਨ ਅਤੇ ਨਾ ਹੀ ਸੰਸਾਰ ਦਾ ਭਲਾ ਕਰ ਸਕਦੇ ਹਨ। ਗੁਰਬਾਣੀ ਦਾ ਮਹਾਂਵਾਕ ਹੈ:

ਜਗਤੁ ਅਗਿਆਨੀ ਅੰਧੁ ਹੈ ਦੂਜੈ ਭਾਇ ਕਰਮ ਕਮਾਇ॥
ਦੂਜੈ ਭਾਇ ਜੇਤੇ ਕਰਮ ਕਰੇ ਦੁਖੁ ਲਗੈ ਤਨਿ ਧਾਇ॥ (ਪੰਨਾ 593)

ਪਾਪੁ ਬੁਰਾ ਪਾਪੀ ਕਉ ਪਿਆਰਾ॥
ਪਾਪਿ ਲਦੇ ਪਾਪੇ ਪਾਸਾਰਾ॥ (ਪੰਨਾ 935)

ਗੁਰਮਤਿ ਦਾ ਸੰਘਰਸ਼ ਸੰਸਾਰਕ ਜੱਦੋ-ਜਹਿਦ ਨਾਲੋਂ ਜਾਂ ਹੋਰ ਧਰਮਾਂ ਦੇ ਜਹਾਦ ਨਾਲੋਂ ਬਿਲਕੁਲ ਵੱਖਰਾ ਮਾਰਗ ਹੈ। ਇਹ ਕਠਨ ਤਪੱਸਿਆ ਹੈ ਅਤੇ ਇਕ ਅਨੋਖੀ ਸਾਧਨਾ ਹੈ। ਇਸ ਵਿਚ ਕੋਈ ਵਿਰਲਾ ਹੀ ਸਫ਼ਲ ਹੁੰਦਾ ਹੈ। ਬਾਬਾ ਦੀਪ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਬਹਾਦਰ ਜਿਹੜੇ ਯੁੱਧ ਕਰਦੇ ਹੋਏ ਵੀ ਪਰਮਾਤਮਾ ਨਾਲ ਜੁੜੇ ਰਹਿੰਦੇ ਸਨ। ਉਹ ਜ਼ਾਲਮਾਂ ਦੇ ਖਿਲਾਫ਼ ਤਾਂ ਖੰਡੇ ਦੀ ਧਾਰ ਬਣ ਕੇ ਸਾਹਮਣਾ ਕਰਦੇ ਸਨ, ਪਰ ਆਮ ਜਨਤਾ ਲਈ ਮਨੁੱਖਤਾ ਲਈ ਪ੍ਰੇਮ ਅਤੇ ਆਤਮਿਕ ਗਿਆਨ ਦਾ ਖਜ਼ਾਨਾ ਸਨ। ਗੁਰਸਿੱਖੀ ਦੇ ਮਾਰਗ ਤੇ ਸਫਲਤਾ ਪੂਰਵਕ ਚੱਲਦੇ ਹੋਏ ਸੰਘਰਸ਼ ਕਰਨ ਵਾਲੇ ਯੋਧਿਆਂ ਨੂੰ ਧੰਨ ਕਿਹਾ ਗਿਆ ਹੈ:

ਧੰਨ ਜੀਉ ਤਿਹ ਕੋ ਜਗੁ ਮਹਿ ਮੁਖ ਤੇ ਹਰਿ ਚਿਤ ਮੈ ਜੁਧ ਬਿਚਾਰੈ।
ਦੇਹ ਅਨਿਤ ਨ ਨਿਤ ਰਹੈ ਜਸ ਨਾਵ ਚੜੈ ਭਵ ਸਾਗਰ ਤਾਰੈ।
ਧੀਰਜ ਧਾਮ ਬਨਾਇ ਇਹੈ ਤਨ ਬੁਧ ਸੁ ਦੀਪਕ ਜਯੋ ਉਜਿਆਰੈ।
ਗਿਆਨਹਿ ਕੀ ਬਢਨੀ ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ।

ਇਹੋ ਹੀ ਭਗਤੀ-ਸ਼ਕਤੀ, ਸੰਤ-ਸਿਪਾਹੀ, ਗ੍ਰਹਿਸਤੀ-ਤਿਆਗੀ, ਦਾਤਾ-ਭੁਗਤਾ, ਮੀਰੀ-ਪੀਰੀ ਅਤੇ ਸੂਰਮੇ-ਸੇਵਾਦਾਰ ਦਾ ਸਿੱਖੀ ਸਿਧਾਂਤ ਹੈ। ਇਹੋ ਸੰਪੂਰਨ ਕ੍ਰਾਂਤੀ ਦਾ ਸਿਧਾਂਤ ਹੈ। ਇਹੋ ਸੰਪੂਰਨ ਮਨੁੱਖੀ ਉਸਾਰੀ ਦਾ ਸਿਧਾਂਤ ਹੈ। ਇਹੋ ਹੀ ਨਿਮਰਤਾ ਅਤੇ ਦ੍ਰਿੜ੍ਹਤਾ ਦਾ ਸਿਧਾਂਤ ਹੈ। ਇਹੋ ਸਹਿਜ ਮਾਰਗ ਹੈ। ਇਹੋ ਅਸਲ ਧਰਮ ਹੈ। ਇਹੋਂ ‘ਮਨ ਨਾ ਡਰੈ ਤਨ ਕਾਹੇ ਕੋ ਡਰਾਏ’ ਦਾ ਸਿਧਾਂਤ ਹੈ। ਇਹ ਗੁਰਮਤਿ ਫ਼ਲਸਫ਼ਾ, ਗੁਰਮਤਿ ਸਿਧਾਂਤ, ਗੁਰਮਤਿ ਮਾਰਗ ਅਤੇ ਗੁਰਮਤੀ ਜੀਵਨ- ਜੁਗਤਿ ਦੁਨੀਆਂ ਵਿਚ ਸਭ ਤੋਂ ਨਿਵੇਕਲਾ, ਨਿਆਰਾ ਅਤੇ ਅਦੁੱਤੀ ਹੈ। ਇਸੇ ਫ਼ਲਸਫ਼ੇ, ਸਿਧਾਂਤ ਅਤੇ ਜੀਵਨ-ਜੁਗਤ ਨੇ ਸੰਸਾਰ ਨੂੰ ਅਸਚਰਜ ਕਰ ਦੇਣ ਵਾਲਾ ਅਸੰਭਵ ਨੂੰ ਸੰਭਵ ਕਰ ਵਿਖਾਉਣ ਵਾਲਾ, ਅਲੌਕਿਕ, ਅਜ਼ੀਮ ਅਤੇ ਸ਼ਾਨਾਂਮੱਤਾ ਇਤਿਹਾਸ ਸਿਰਜਿਆ ਹੈ। ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਕਿਧਰੇ ਵੀ ਨਹੀਂ ਮਿਲਦੀ। ਇਸ ਕ੍ਰਾਂਤੀਕਾਰੀ ਫ਼ਲਸਫ਼ੇ-ਸਿਧਾਂਤ ਨੂੰ ਘੜਨ, ਸੁਆਰਨ ਅਤੇ ਅਮਲੀ ਸ਼ਕਲ ਦੇਣ ਲਈ ਗੁਰੂ ਸਾਹਿਬਾਨ ਨੂੰ ਲੰਮੇ ਸੰਘਰਸ਼ ਅਤੇ ਘਾਲਣਾ ਵਿੱਚੋਂ ਗੁਜਰਨਾ ਪਿਆ ਹੈ। ਤੱਤੀਆਂ ਤਵੀਆਂ ਉੱਤੇ ਬੈਠਣਾ ਪਿਆ। ਦਿੱਲੀ ਦੇ ਚਾਂਦਨੀ ਚੌਂਕ ਵਿਚ ਸੀਸ ਭੇਟ ਕਰਨਾ ਪਿਆ, ਸਰਬੰਸ ਹੀ ਕੁਰਬਾਨ ਕਰਨਾ ਪਿਆ। ਸਰਹਿੰਦ ਅਤੇ ਚਮਕੌਰ ਦੇ ਸਾਕੇ ਵਰਤਾਉਣੇ ਪਏ। ਗੁਰਸਿੱਖਾਂ ਨੂੰ ਚਰਖੜੀਆਂ ਉੱਤੇ ਚੜ੍ਹਨਾ ਪਿਆ। ਬੰਦ-ਬੰਦ ਕਟਵਾਉਣੇ ਪਏ। ਆਰਿਆਂ ਅਤੇ ਰੇਲਾਂ ਹੇਠ ਸੀਸ ਦੇਣੇ ਪਏ। ਉਬਲਦੀਆਂ ਦੇਗਾਂ ਵਿਚ ਸ਼ਾਂਤ-ਚਿੱਤ ਹੋ ਕੇ ਸ਼ਹੀਦੀ ਪਾਉਣੀ ਪਈ। ਪੁੱਠੀਆਂ ਖੱਲਾਂ ਅਤੇ ਖੋਪਰ ਲੁਹਾਉਣੇ ਪਏ। ਇਹ ਅੰਦਰਲੇ ਅਤੇ ਬਾਹਰੀ ਸੰਘਰਸ਼ ਵਿਚ ਫਤਹਿ ਪ੍ਰਾਪਤ ਕਰਨ ਦੀ ਅਦੁੱਤੀ, ਅਜ਼ੀਮ ਅਤੇ ਨਿਵੇਕਲੀ ਕਹਾਣੀ ਹੈ। ਇਹੋ ਹੀ ਸਹਿਜ ਅਵਸਥਾ ਹੈ। ਇਹੋ ਹੀ ਸੱਚ, ਧਰਮ ਅਤੇ ਨਿਆਂਏ ਵਿਚ ਦ੍ਰਿੜ੍ਹ ਵਿਸ਼ਵਾਸੀ ਹੋਣ ਦੀ ਗਾਥਾ ਹੈ। ਇਹੋ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਹਾਨ ਉਪਦੇਸ਼ ਹੈ, ਜੋ ਬਾਕੀ ਸਾਰੇ ਧਾਰਮਿਕ ਗ੍ਰੰਥਾਂ ਤੋਂ ਨਿਆਰਾ , ਨਿਵੇਕਲਾ ਅਤੇ ਅੱਡਰਾ ਹੈ। ਇਹ ਪ੍ਰੇਮ ਅਤੇ ਸੰਘਰਸ਼ ਦਾ ਫ਼ਲਸਫ਼ਾ ਹੈ। ਇਹ ਮਾਇਆ ਵਿਚ ਵਿਚਰਦਿਆਂ ਹੋਇਆ ਨਿਰਲੇਪਤਾ ਦਾ ਲਾਮਿਸਾਲ ਸਿਧਾਂਤ ਹੈ। ਇਹ ਬਾਹਰੀ ਤੌਰ ’ਤੇ ਸਾਬਤ-ਸੂਰਤ ਅਤੇ ਅੰਦਰੋਂ ਵੀ ਸਾਬਤ-ਸੂਰਤ ਦਾ ਸਿਧਾਂਤ ਹੈ। ਇਹ ਅਦ੍ਰਿਸ਼ਟ ਤੋਂ ਹੁੰਦਿਆਂ ਹੋਇਆਂ ਦ੍ਰਿਸ਼ਟ ਤਕ ਪਹੁੰਚਣ ਦਾ ਸਿਧਾਂਤ ਹੈ। ਇਹ ਅਧੂਰੇ ਤੋਂ ਸੰਪੂਰਨ ਹੋਣ ਦਾ ਸਿਧਾਂਤ ਹੈ।

ਪ੍ਰਸਿੱਧ ਵਿਦਵਾਨ ਡਾ: ਰੋਸ਼ਨ ਲਾਲ ਅਹੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਇਉਂ ਕਰਦੇ ਹਨ:-

“ਸਾਂਝੀਵਾਲਤਾ ਅਤੇ ਸਮਾਜਵਾਦ ਦਾ ਬੀਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਫੁੱਟਦਾ ਪ੍ਰਤੱਖ ਨਜ਼ਰ ਆਉਂਦਾ ਹੈ। ਧਰਮ, ਰਾਸ਼ਟਰ, ਸਦਾਚਾਰ ਅਤੇ ਮਾਨਵਤਾ ਦੇ ਧਰੋਹੀਆਂ ਨੂੰ ਧਰੋਹੀ ਆਖਣ ਦੀ ਇਸ ਵਿਚ ਜੁਰਅੱਤ, ਵੰਗਾਰ ਅਤੇ ਨਿਡਰਤਾ ਹੈ:

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ (ਪੰਨਾ 722)

ਸ੍ਰੀ ਗੁਰੂ ਗ੍ਰੰਥ ਸਾਹਿਬ ਅਜਿਹੇ ਸੀਤਲ ਅਤੇ ਮਿੱਠੇ ਜਲ ਦਾ ਚਸ਼ਮਾ ਹਨ ਜੋ ਨਿਰੰਤਰ ਵੱਗਦਾ ਰਹਿੰਦਾ ਹੈ। ਇਸ ਜਲ ਦੇ ਸੇਵਨ ਨਾਲ ਹਜ਼ਾਰਾਂ ਦੁਖੀ ਰੂਹਾਂ ਨੂੰ ਸਾਂਤੀ ਅਤੇ ਸਕੂਨ ਮਿਲਦਾ ਰਹਿੰਦਾ ਹੈ- ਅਜਿਹੇ ਅਦੁੱਤੀ, ਸ਼੍ਰੇਸਟ ਅਤੇ ਮਹਾਨ ਗ੍ਰੰਥ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਸਭਿਆਚਾਰਕ, ਸਾਹਿਤਕ ਅਤੇ ਭਾਈਚਾਰਕ ਧਰਮ ਹੈ। ਇਸ ਪ੍ਰਤੀ ਬੇਮੁੱਖ ਹੋਣਾ ਭਾਰਤੀ ਸੰਸਕ੍ਰਿਤੀ ਨਾਲ ਧਰੋਹ ਕਮਾਉਣਾ ਹੈ। ਇਹ ਉੱਜਡਪੁਣਾ ਅਤੇ ਮੂਰਖਤਾ ਹੈ।”

ਸੱਚਮੁਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਅਜ਼ਬ ਅਤੇ ਅਦੁੱਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਕਾਦਰ ਦਾ ਪਵਿੱਤਰ ਪੈਗ਼ਾਮੇ ਇਲਾਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਧੁਰ ਕੀ ਬਾਣੀ ਦਾ ਅਦੁੱਤੀ ਭੰਡਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਸਮੇਂ ਦੇ ਮਨੁੱਖੀ ਕਾਰਵਾਂ ਦੀ ਸਰਬਪੱਖੀ ਅਗਵਾਈ ਕਰਨ ਵਾਲਾ ਗਿਆਨ ਰੂਪੀ ਚਾਨਣ-ਮੁਨਾਰਾ ਹੈ। ਇਹ ਕੁਦਰਤ ਦੀਆਂ ਅਨੰਤ ਸੰਗੀਤਕ ਧੁਨੀਆਂ ਦੇ ਸੁਮੇਲ ਦਾ ਰਾਗਮਈ ਰੁਹਾਨੀ ਗੀਤ ਹੈ। ਇਹ ਗਿਆਨ ਅਤੇ ਵਿਗਿਆਨ ਦਾ ਅਮੁੱਕ ਭੰਡਾਰ ਹੈ। ਇਹ ਮੁਕੰਮਲ ਕ੍ਰਾਂਤੀ ਦੀ ਇਨਕਲਾਬੀ ਵਿਚਾਰਧਾਰਾ ਦਾ ਸਦਾ ਵਹਿੰਦਾ ਦਰਿਆਓ ਹੈ। ਇਹ ਰੱਬੀ ਪ੍ਰੇਮ-ਪਿਆਰ ਦਾ ਸਦੀਵਕਾਲੀ ਨਿਰਮਲ ਚਸ਼ਮਾ ਹੈ। ਇਹ ਸਰਬ ਕਲਿਆਣਕਾਰੀ ਅਤੇ ਸਰਬੱਤ ਦੇ ਭਲੇ ਦਾ ਉੱਤਮ ਉਪਦੇਸ਼ ਹੈ। ਇਹ ਚਿੜੀਆਂ ਤੋਂ ਬਾਜ਼ ਤੜਵਾਉਣ ਅਤੇ ਸਤਿਆਚਾਰ ਦੀ ਅਤਿਆਚਾਰ ਉੱਤੇ ਜਿੱਤ ਪ੍ਰਾਪਤ ਕਰਨ ਦਾ ਮਜ਼ਬੂਤ ਅਤੇ ਅੰਮ੍ਰਿਤਮਈ ਕਲਾਮ ਹੈ। ਇਹ ਸੰਪੂਰਨ ਕ੍ਰਾਂਤੀ ਦਾ ਮੁਕੰਮਲ ਇਨਕਲਾਬੀ ਫ਼ਲਸਫ਼ਾ ਹੈ। ਇਹ ਜਗਤ-ਜਲੰਦੇ ਨੂੰ ਠਾਰਨ ਅਤੇ ਤਾਰਨ ਵਾਲਾ ਰਹਿਮਤਾਂ, ਬਰਕਤਾਂ, ਮਿਹਰਾਂ, ਸਤਿ, ਸੰਤੋਖ, “ਭੈ ਅਤੇ ਭਾਉ” ਦਾ ਸਦੀਵਕਾਲੀ ਕਾਰਜਸ਼ੀਲ ਅਜ਼ੀਮ ਸਾਗਰ ਹੈ। ਇਹ ਸਮੁੱਚੀ ਲੋਕਾਈ ਦੇ ਉਧਾਰ ਲਈ ਮੁਕੰਮਲ ਅਤੇ ਵਿਲੱਖਣ ਜੀਵਨ-ਜੁਗਤਿ ਤਥਾ ਗੁਰਮਤਿ ਸਭਿਆਚਾਰ ਦਾ ਸਰੋਤ ਹੈ। ਇਹ ਤ੍ਰੈਕਾਲੀ ਅਤੇ ਤ੍ਰਿਲੋਕੀ ਬਾਰੇ ਗਿਆਨ ਦਾ ਅਸੀਮ ਸੋਮਾ ਅਤੇ ਜੀਵਤ-ਮੁਕਤਿ ਦੇ ਸਿਧਾਂਤ ਦਾ ਅਦੁੱਤੀ ਪੈਗ਼ਾਮ ਹੈ। ਇਹ ਸਹਿਹੋਂਦ, ਸਹਿਨਸ਼ੀਲਤਾ, ਸਾਂਝੀਵਾਲਤਾ ਅਤੇ ਅਨੋਖੇ ਸਦਾਚਾਰ ਦੀ ਵਿਚਾਰਧਾਰਾ ਦਾ ਸਦਾ ਬਹਾਰ ਵਹਿਣ ਵਾਲਾ ਰੰਗੀਨ ਆਬਸਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤਿ-ਜੋਤਿ ਸ਼ਬਦ ਰੂਪ ਗੁਰੂ ਹੈ ਅਤੇ ਅੰਮ੍ਰਿਤਮਈ ਬਾਣੀ ਦਾ ਵਿਲੱਖਣ ਅਤੇ ਅਮੁੱਕ ਭੰਡਾਰ ਹੈ।

ਮੈਦਾਨ-ਏ-ਜੰਗ ਵਿਚ ਤਥਾ ਭੀਹਾਵਲੇ ਸਮੇਂ ਵੀ ਗੁਰੂ ਦਾ ਸਿੱਖ ਅਡੋਲ, ਅਹਿਲ ਅਤੇ ਅਡਿੱਗ ਰਹਿੰਦਾ ਹੈ। ਸਹਿਜ ਅਵਸਥਾ ਵਿਚ ਵਿਚਰਦਾ ਹੈ। ਬਾਹਰੀ ਸੰਘਰਸ਼ ਵਿਚ ਜੂਝਦਿਆਂ ਹੋਇਆਂ ਵੀ ਉਹ ਆਤਮਿਕ ਮੰਡਲ ਵਿਚ ਪਰਮਾਤਮਾ ਨਾਲ ਓਤ-ਪੋਤ ਰਹਿੰਦਾ ਹੈ। ਇਸ ਦੀ ਪ੍ਰਤੱਖ ਮਿਸਾਲ ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਹਨ ਜਦੋਂ ਅਨੰਦਗੜ੍ਹ ਦਾ ਕਿਲਾ ਛੱਡਣ ਉਪਰੰਤ ਮੁਗ਼ਲਾਂ ਅਤੇ ਬਾਈ ਧਾਰ ਦੇ ਹਿੰਦੂ ਰਾਜਿਆਂ ਨੇ ਸਾਰੀਆਂ ਕਸਮਾਂ, ਸਹੂੰਆਂ-ਸੁਗੰਧਾਂ ਤੋੜ ਕੇ ਗੁਰੂ ਜੀ ਦੇ ਕਾਫਲੇ ਉੱਤੇ ਭਿਆਨਕ ਹਮਲਾ ਕਰ ਦਿੱਤਾ। ਉਧਰ ਸਰਸਾ ਨਦੀ ਵੀ ਆਪਣੇ ਪੂਰੇ ਜਾਹੋ-ਜਲਾਲ ਨਾਲ ਵਹਿ ਰਹੀ ਸੀ। ਭਿਆਨਕ ਹਮਲਾ ਅਤੇ ਸਰਸਾ ਨਦੀ ਵਿਚ ਹੜ੍ਹ ਅਤੇ ਗੁਰੂ ਕਿਆਂ ਅਤੇ ਵਿਰੋਧੀਆਂ ਵਿਚਕਾਰ ਖੂਨ ਡੋਲ੍ਹਵੀਂ ਲੜਾਈ ਹੋ ਰਹੀ ਹੈ ਪਰੰਤੂ ਸਰਸਾ ਨਦੀ ਦੇ ਕਿਨਾਰੇ ਦਸਮੇਸ਼ ਪਿਤਾ ਨੇ ਦੁਸ਼ਮਣ ਦੀਆਂ ਫੌਜਾਂ ਦੀ ਪ੍ਰਵਾਹ ਨਾ ਕਰਦੇ ਹੋਏ, ਆਸਾ ਦੀ ਵਾਰ ਦਾ ਕੀਰਤਨ ਕੀਤਾ। ਇਹ ਉਨ੍ਹਾਂ ਦੇ ਸਹਿਜ ਭਾਵ, ਰੱਬੀ ਗਿਆਨ ਅਤੇ ਆਤਮਿਕ ਉੱਚਤਾ ਦੀ ਦੁਰਲੱਭ ਮਿਸਾਲ ਹੈ। ਜੰਗਾਂ-ਯੁੱਧਾਂ ਦੀ ਮਾਰ-ਕੁੱਟ, ਨੱਠ-ਭੱਜ ਦੇ ਦਰਮਿਆਨ ਗੁਰੂ ਸਾਹਿਬ ਦਾ ਹਿਰਦਾ ਬਰਫਾਂ ਲੱਦੇ ਪਹਾੜ ਵਾਂਗ ਅਚਲ, ਅਡੋਲ ਅਤੇ ਸ਼ਾਂਤ ਸੀ। ਉਨ੍ਹਾਂ ਦੇ ਸਿੱਖਾਂ ਵਿਚ ਇਕ ਭਾਈ ਘਨਈਆ ਸੀ। ਉਹ ਯੁੱਧ ਵਿਚ ਜ਼ਖਮੀਆਂ ਨੂੰ ਪਾਣੀ ਪਿਲਾਉਂਦਾ ਸੀ। ਪਾਣੀ ਪਿਲਾਉਣ ਵੇਲੇ ਉਹ ਆਪਣੇ-ਪਰਾਏ ਵਿਚ ਫ਼ਰਕ ਨਹੀਂ ਸੀ ਕਰਦਾ। ਆਪਣੇ ਭਰਾਵਾਂ ਵਾਂਗ ਹੀ ਜ਼ਖਮੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਦਿੰਦਾ ਸੀ। ਉਹ ਸਿੱਖ ਸਿਧਾਂਤ ਦੀ ਪ੍ਰਤੱਖ ਮੂਰਤ ਸੀ, ਜਿਸ ਨੂੰ ਗੁਰਮਤਿ ਅਨੁਸਾਰ ਸਭ ਅੰਦਰ ਇੱਕੋ ਨੂਰ ਝਲਕਦਾ ਦਿਸਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਦੇ ਇਸ ਕਾਰਜ ’ਤੇ ਬਹੁਤ ਪ੍ਰਸੰਨ ਹੋਏ ਸਨ।

ਇਸ ਲਈ ਖਾਲਸੇ ਦੇ ਜੰਗਾਂ-ਯੁੱਧਾਂ ਨੂੰ ਇਕ ਅਧਿਆਤਮਕ ਦਰਸ਼ਨ ਦੇ ਰੂਪ ਵਿਚ ਸਮਝਣ ਦੀ ਲੋੜ ਹੈ। ਉਹ ਸਿਰਫ਼ ਰਾਜ ਪ੍ਰਾਪਤੀ ਦੇ ਜਾਂ ਧਰਮ ਪ੍ਰਚਾਰ ਦੇ ਯਤਨ ਨਹੀਂ ਸਨ। ਉਨ੍ਹਾਂ ਨੇ ਮਨੁੱਖਤਾ ਦੀ ਭਲਾਈ ਕੀਤੀ ਹੈ ਅਤੇ ਸੁਖ ਵਰਤਾਇਆ ਹੈ। ਮਨੁੱਖੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਹੈ ਅਤੇ ਗਿਆਨ ਦਾ ਚਾਨਣ ਵੰਡਿਆ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਮਨੁੱਖੀ ਉਸਾਰੀ ਦਾ ਸਿਧਾਂਤ ਹੈ। ਗੁਰਮਤਿ ਮਨੁੱਖ ਨੂੰ ਮਨ ਦੇ ਵਿਕਾਰਾਂ ਉੱਤੇ ਜਿੱਤ ਪ੍ਰਾਪਤ ਕਰਨ ਅਤੇ ਦੁਨਿਆਵੀ ਚੁਣੌਤੀਆਂ ਦਾ ਸਾਰਥਕ ਰੂਪ ਵਿਚ ਮੁਕਾਬਲਾ ਕਰਨ ਅਤੇ ‘ਨਿਸਚੈ ਕਰ ਆਪਣੀ ਜੀਤ ਕਰੋਂ’ ਦਾ ਉਪਦੇਸ਼ ਹੈ। ਜੋ ਦੁਰਲੱਭ ਹੈ। ਵਿਸ਼ੇਸ਼ ਹੈ। ਅਦੁੱਤੀ ਹੈ। ਨਿਵੇਕਲਾ ਹੈ। ਅਜ਼ੀਮ ਹੈ। ਆਓ! ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਰੋਸ਼ਨੀ ਲੈ ਕੇ ਆਪਣੇ ਜੀਵਨ ਸਫਲੇ ਕਰੀਏ ਅਤੇ ਜਗਤ-ਜਲੰਦੇ ਵਿਚ ਠੰਡ ਵਰਤਾ ਕੇ, ਸਹਿਹੋਂਦ, ਸਹਿਨਸ਼ੀਲਤਾ ਅਤੇ ਸਾਂਝੀਵਾਲਤਾ ਦਾ ਬੋਲਬਾਲਾ ਕਰਕੇ ਧਰਤੀ ਉੱਤੇ ਹਲੇਮੀ ਰਾਜ ਦੀ ਸਥਾਪਤੀ ਲਈ ਯਤਨਸ਼ੀਲ ਹੋਈਏ। ਇਹੋ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਉਪਦੇਸ਼ ਦਾ ਮਨੋਰਥ ਹੈ। ਨਿਸ਼ਾਨਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)