ਮਨੁੱਖ ਦੀ ਪੱਧਰ ’ਤੇ ਹੋਣ ਵਾਲਾ ਅੰਦਰੂਨੀ ਤੇ ਬਾਹਰੀ ਸ਼ਖ਼ਸੀ-ਵਿਕਾਸ ਸੱਭਿਆਚਾਰ ਦੇ ਘੇਰੇ ਵਿਚ ਆਉਂਦਾ ਹੈ। ਰੋਜ਼ਾਨਾ ਜੀਵਨ ਦੀਆਂ ਵਿਹਾਰਕ ਕਿਰਿਆਵਾਂ ਭਾਵ ਰੀਤੀ-ਰਿਵਾਜ, ਵਿਸ਼ਵਾਸ, ਪਹਿਰਾਵੇ, ਖਾਣ-ਪੀਣ, ਰਹਿਣ-ਸਹਿਣ, ਕਦਰਾਂ- ਕੀਮਤਾਂ ਸੱਭਿਆਚਾਰ ਦੇ ਖੇਤਰ ਨਾਲ ਸੰਬੰਧਿਤ ਹਨ। ਗੁਰਮਤਿ ਸੱਭਿਆਚਾਰ ਨੇ ਮਾਨਵ-ਏਕਤਾ ਜਾਂ ਰੱਬੀ ਏਕਤਾ ਧਾਰਮਿਕ-ਕਿਰਿਆਵਾਂ ਦੀ ਇਕਸੁਰਤਾ ਤੇ ਇਕਸਾਰਤਾ, ਬਰਾਬਰਤਾ, ਸਾਂਝੀਵਾਲਤਾ ਪਰਉਪਕਾਰਤਾ, ਕਿਰਤ, ਨਾਮ ਜਪਣ, ਵੰਡ ਛਕਣ, ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੰਚ-ਪ੍ਰਧਾਨੀ ਪ੍ਰਣਾਲੀ ਆਦਿ ਇਕ ਨਵੇਂ ਸੱਭਿਆਚਾਰ ਦੀ ਸਿਰਜਨਾ ਕੀਤੀ।
ਸਿੱਖ ਧਰਮ ਮਾਨਵ-ਕਲਿਆਣ ਦਾ ਧਰਮ ਹੈ। ਇਸ ਦੇ ਪੈਰੋਕਾਰ ਤੇ ਹੋਰ ਬਾਣੀਕਾਰਾਂ ਤੇ ਵਿਆਖਿਆਕਾਰਾਂ ਨੇ ਸਿੱਖ ਧਰਮ ਦੇ ਬੁਨਿਆਦੀ ਨਿਯਮਾਂ ਵਿਚ ਸਾਂਝੀਵਾਲਤਾ ਦੇ ਸਿਧਾਂਤ ਨੂੰ ਮਹੱਤਤਾ ਦਿੱਤੀ ਹੈ। ਗੁਰੂ ਦੇ ਇਕ ਸੱਚੇ-ਸੁੱਚੇ ਸਿੱਖ ਦੀਆਂ ਨਜ਼ਰਾਂ ਵਿਚ ਸਾਰਾ ਸੰਸਾਰ ਇਕ ਸਮਾਨ ਹੈ। ਉਹ ਸਾਰੇ ਸੰਸਾਰ ਅੰਦਰ ਪ੍ਰਭੂ ਦੀ ਜੋਤ ਪਸਰੀ ਦੇਖਦਾ ਹੈ। ਹਰ ਇਕ ਵਿਅਕਤੀ ਨੂੰ ‘ਹਰਿ ਕਾ ਰੂਪ’ ਕਹਿ ਕੇ ਪਿਆਰ ਕਰਦਾ ਹੈ, ਸਤਿਕਾਰ ਕਰਦਾ ਹੈ। ਸਿੱਖ ਧਰਮ ਦਾ ਰੱਬ ਸਾਰੇ ਸੰਸਾਰ ਦਾ ਰੱਬ ਹੈ। ਸਿੱਖ ਧਰਮ ਦਾ ਗੁਰੂ ਸਾਰਿਆਂ ਦਾ ਸਾਂਝਾ ਭਲਾ ਮਨਾਉਂਦਾ ਹੈ। ਸਿੱਖ ਧਰਮ ਦੇ ਧਰਮ-ਅਸਥਾਨ ਸਾਂਝੇ ਹਨ, ਧਰਮ-ਗ੍ਰੰਥ ਸਾਂਝਾ ਹੈ, ਸਮਾਜ ਇਕ ਸਾਂਝਾ ਸਮਾਜ ਹੈ। ਸਿੱਖ ਸਵੇਰੇ-ਸ਼ਾਮ ਅਰਦਾਸ ਵਿਚ ਸੰਸਾਰ ਦੇ ਸਾਰੇ ਲੋਕਾਂ ਲਈ ਭਲਾ ਮੰਗਦਾ ਹੈ। ਸਾਂਝੀਵਾਲਤਾ ਦਾ ਸਾਧਾਰਨ ਅਰਥ ਤਾਂ ਇਹੀ ਲਿਆ ਜਾਂਦਾ ਹੈ ਕਿ ਸਾਰੇ ਲੋਕ ਬਰਾਬਰ ਹਨ। ਕੋਈ ਉੱਚਾ ਤੇ ਕੋਈ ਨੀਵਾਂ ਨਹੀਂ ਹੈ। ਪਰੰਤੂ ਇਹ ਅਰਥ ਕਈ ਵਾਰੀ ਸਿਧਾਂਤ ਰੂਪ ਵਿਚ ਹੀ ਦੇਖਣ ਨੂੰ ਆਉਂਦਾ ਹੈ। ਅਸੀਂ ਕਹਿੰਦੇ ਤਾਂ ‘ਹਾਂ’ ਪਰੰਤੂ ਅਮਲ ਨਹੀਂ ਕਰਦੇ। ਗੁਰੂ ਜੀ ਨੇ ਇਸ ਸਿਧਾਂਤ ਨੂੰ ਇਸ ਪ੍ਰਕਾਰ ਅਮਲ ਵਿਚ ਲਿਆ ਕੇ ਦਰਸਾਇਆ ਹੈ:
ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ॥ (ਪੰਨਾ 594)
ਗੁਰਮਤਿ ਦੀ ਵਿਚਾਰਧਾਰਾ ਵਿਚ ਸਿਧਾਂਤ ਪਹਿਲਾਂ ਅਮਲ ਵਿਚ ਲਿਆਂਦਾ ਜਾਂਦਾ ਹੈ, ਜਿਸ ਤੋਂ ਸਿਧਾਂਤ ਆਪਣੇ ਆਪ ਪ੍ਰਗਟ ਹੁੰਦਾ ਹੈ ਜਿਵੇਂ ਗੁਰੂ-ਸੰਗਤ ਵਿਚ ਹਰ ਵਿਅਕਤੀ ਜਾਤ-ਪਾਤ, ਊਚ-ਨੀਚ ਤੇ ਗਰੀਬ-ਅਮੀਰ ਦੇ ਵਿਤਕਰੇ ਤੋਂ ਬਿਨਾਂ ਬੈਠ ਸਕਦਾ ਹੈ। ਸੰਗਤ ਦਾ ਇਹ ਰੂਪ ਅਮਲੀ ਰੂਪ ਹੈ, ਇਸ ਲਈ ਕਿਸੇ ਪ੍ਰਕਾਰ ਦੇ ਸਿਧਾਂਤ ਜਾਂ ਖਿਆਲ ਨੂੰ ਬਹੁਤਾ ਥਿਊਰੀ ਰੂਪ ਵਿਚ ਦਰਸਾਉਣ ਤੇ ਪ੍ਰਗਟਾਉਣ ਦੀ ਲੋੜ ਨਹੀਂ ਹੈ। ਗੁਰੂ ਜੀ ਨੇ ਜਾਤ-ਪਾਤ ਦੀ ਕਾਣੀ ਵੰਡ ਨਾਲੋਂ ਕਰਮ-ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਹੈ। ਜਿਹੜਾ ਵਿਅਕਤੀ ਚੰਗੇ ਕਰਮ ਕਰਦਾ ਹੈ, ਉਹ ਚੰਗਾ ਹੈ ਜਿਹੜਾ ਭੈੜਾ ਕਰਮ ਕਰਦਾ ਹੈ, ਉਹ ਨੀਚ ਤੇ ਮਾੜਾ ਹੈ:
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ (ਪੰਨਾ 349)
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥ (ਪੰਨਾ 1330)
ਜਾਤ-ਪਾਤ ਦੀ ਕਾਣੀ ਵੰਡ ਮਨੁੱਖ ਦੀ ਆਪਣੀ ਬਣਾਈ ਹੋਈ ਹੈ, ਪ੍ਰਭੂ ਦੇ ਦਰ ਉੱਤੇ ਕੋਈ ਜਾਤ ਨਹੀਂ। ਇੱਕੋ ਪ੍ਰਭੂ ਸਾਡਾ ਸਾਰਿਆਂ ਦਾ ਪਿਤਾ ਹੈ। ਮਾਲਕ ਹੈ। ਪਾਲਣ-ਪੋਸ਼ਣ ਵਾਲਾ ਹੈ। ਮਾੜਿਆਂ ਨੂੰ ਸਜਾਵਾਂ ਵੀ ਉਹੀ ਦਿੰਦਾ ਹੈ। ਉਹ ਇਨਸਾਫ਼ ਕਰਨ ਵਾਲਾ ਹੈ। ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਅਜਿਹੇ ਸਰਬ- ਸਮਰੱਥ ਸਰਬ- ਸਾਂਝੇ ਪਰਮਾਤਮਾ ਨੂੰ ਹੀ ਯਾਦ ਕੀਤਾ ਜਾਵੇ ਭਾਵ ਸਿਮਰਿਆ ਜਾਵੇ:
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (ਪੰਨਾ 611)
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ (ਪੰਨਾ 2)
ਮਨੁੱਖ ਦੇ ਮਨ ਅੰਦਰ ਦੂਈ-ਦਵੈਤ ਉਦੋਂ ਹੀ ਪੈਦਾ ਹੁੰਦੀ ਹੈ, ਜਦੋਂ ਉਸ ਦੇ ਮਨ ਅੰਦਰ ਮੇਰ-ਤੇਰ ਭਾਵ ‘ਇਹ ਮੇਰਾ ਹੈ, ਇਹ ਤੇਰਾ ਹੈ’ ਦੀ ਭਾਵਨਾ ਉਤਪੰਨ ਹੁੰਦੀ ਹੈ। ਮੈਂ-ਮੇਰੀ ਦੀ ਭਾਵਨਾ ਹੀ ਬੰਧਨ ਦਾ ਕਾਰਨ ਬਣਦੀ ਹੈ, ਹਉਮੈ ਕਰਕੇ ਹੀ ਇਨਸਾਨ ਮੈਂ-ਮੇਰੀ ਦਾ ਸ਼ਿਕਾਰ ਹੁੰਦਾ ਹੈ। ਪ੍ਰਭੂ-ਹੁਕਮ ਦੇ ਬੁੱਝਣ ਨਾਲ ਹਉਮੈ ਦਾ ਵਿਨਾਸ਼ ਹੋ ਜਾਂਦਾ ਹੈ। ਗੁਰੂ ਦੇ ਹੁਕਮ ਨੂੰ ਪਛਾਣਨ ਉਪਰੰਤ ਮਨੁੱਖ ਦੇ ਮਨ ਅੰਦਰ ਆਪਣੇ ਤੇ ਪਰਾਏ ਦਾ ਵਿਤਕਰਾ ਖ਼ਤਮ ਹੋ ਜਾਂਦਾ ਹੈ। ਫਿਰ ਕੋਈ ਦੁਸ਼ਮਣ ਤੇ ਦੋਖੀ ਨਹੀਂ ਦਿੱਸਦਾ। ਸਿੱਖ, ਸੇਵਕ ਖਸਮ ਦਾ ਬੰਦਾ ਬਣ ਜਾਂਦਾ ਹੈ:
ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ॥
ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ॥…
ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ॥
ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ॥ (ਪੰਨਾ 400)
ਸਾਂਝੀਵਾਲਤਾ ਦਾ ਪ੍ਰੇਰਨਾ-ਸ੍ਰੋਤ ਗੁਰੂ ਹੈ। ਗੁਰੂ ਸਾਰਿਆਂ ਦਾ ਭਲਾ ਮਨਾਉਂਦਾ ਹੈ। ਇਸ ਲਈ ਉਸ ਦਾ ਬੁਰਾ ਨਹੀਂ ਹੁੰਦਾ। ਗੁਰੂ ਦਾ ਸ਼ਬਦ ਸਰਬ-ਸਾਂਝਾ ਹੈ। ਸਾਰੇ ਸੰਸਾਰ ਦੇ ਆਤਮਿਕ ਤੇ ਦੁਨਿਆਵੀ ਕਲਿਆਣ ਵਾਸਤੇ ਹੈ। ਗੁਰੂ ਦੀ ਬਾਣੀ ਸੰਸਾਰ ਦੇ ਸਾਰੇ ਜੀਵਾਂ ਦੇ ਕਲਿਆਣ ਲਈ ਹੈ:
ਗੁਰ ਦਰਸਨਿ ਉਧਰੈ ਸੰਸਾਰਾ॥
ਜੇ ਕੋ ਲਾਏ ਭਾਉ ਪਿਆਰਾ॥ (ਪੰਨਾ 361)
ਗੁਰਮਤਿ ਦਾ ਅਕਾਲ ਪੁਰਖ ਇੱਕ ਹੈ ਸਭ ਦਾ ਸਾਂਝਾ ਹੈ। ਅਕਾਲ ਪੁਰਖ ਲਈ ਸਭ ਸਾਂਝੇ ਭਾਵ ਬਰਾਬਰ ਇੱਕੋ ਜਿਹੇ ਹਨ। ਉਹ ਸਾਰਿਆਂ ਵਿਚ ਜੋਤ ਰੂਪ ਵਿਚ ਬਿਰਾਜਮਾਨ ਹੈ। ਸਾਰੇ ਉਸ ਦਾ ਹੀ ਆਸਰਾ ਤੱਕਦੇ ਹਨ। ਉਹ ਸਾਰਿਆਂ ਦਾ ਪ੍ਰਤਿਪਾਲਕ ਬਾਪ ਹੈ, ਉਸ ਦੀ ਸੰਤਾਨ ਅਸੀਂ ਸਾਰੇ ਹਾਂ ਉਸ ਦੇ ਦਰ ’ਤੇ ਸਾਂਝੀਵਾਲਤਾ ਵਾਲਾ ਵਰਤਾਓ ਹੁੰਦਾ ਹੈ:
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥
ਨਉ ਨਿਧਿ ਤੇਰੈ ਅਖੁਟ ਭੰਡਾਰਾ॥…
ਸਭੁ ਕੋ ਆਸੈ ਤੇਰੀ ਬੈਠਾ॥
ਘਟ ਘਟ ਅੰਤਰਿ ਤੂੰਹੈ ਵੁਠਾ॥
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ 97)
ਗੁਰੂ ਸਾਹਿਬ ਨੇ ਸਾਂਝੀਵਾਲਤਾ ਦਾ ਕੇਵਲ ਸਿਧਾਂਤਕ ਪ੍ਰਗਟਾਵਾ ਹੀ ਨਹੀਂ ਕੀਤਾ, ਸਗੋਂ ਆਪ ਨੇ ਸਭ ਨੂੰ ਬਰਾਬਰ ਦਾ ਵਰਤਾਓ ਕੀਤਾ, ਸਮਾਜ ਵਿਚ ਲਿਤਾੜੇ ਤੇ ਪਛਾੜੇ ਹੋਏ ਲੋਕਾਂ ਨੂੰ ਗਲੇ ਲਗਾਇਆ। ਗੁਰੂ ਜੀ ਨੇ ਹੰਕਾਰੀ ਤੇ ਕਥਿਤ ਅਮੀਰ ਲੋਕਾਂ ਨੂੰ ਸਵੀਕਾਰ ਨਹੀਂ ਕੀਤਾ। ਅਮੀਰਾਂ ਤੇ ਹੰਕਾਰਿਆਂ ਨੂੰ ਨਿਮਰਤਾ ਭਾਵ ਨਾਲ ਸਭ ਨਾਲ ਭਰਾਤਰੀ-ਭਾਵ ਨਾਲ ਵਰਤਾਓ ਕਰਨ ਦਾ ਉਪਦੇਸ਼ ਦਿੱਤਾ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ 15)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਗੁਰਮਤਿ ਦੀ ਕਸਵੱਟੀ ਉੱਪਰ ਪਰਖੀ ਤੇ ਖਰੀ ਉਤਰੀ ਹਰ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਦਿੱਤੀ। ਬਾਣੀ ਦੀ ਸੰਪਾਦਨਾ ਵੇਲੇ ਸਭ ਭਗਤ ਸਾਹਿਬਾਨ ਜਿਨ੍ਹਾਂ ਦੀ ਜਾਤ, ਕਿੱਤਾ, ਖਿੱਤਾ ਭਾਵੇਂ ਕੋਈ ਸੀ ਨਹੀਂ ਵਿਚਾਰਿਆ ਗਿਆ। ਸਭ ਭਗਤ ਸਾਹਿਬਾਨ ਨੂੰ ਇਕ ਸਾਂਝੇ ਥਾਂ ਉੱਤੇ ਇਕੱਤਰ ਕਰ ਦਿੱਤਾ, ਜਿਹੜਾ ਕਿ ਭਾਰਤੀ ਧਾਰਮਿਕ ਪਰੰਪਰਾ ਵਿਚ ਬਿਲਕੁਲ ਨਹੀਂ ਸੀ। ਇਹ ਕਦਮ ਸਾਂਝੀਵਾਲਤਾ ਦੀ ਇਕ ਅਦੁੱਤੀ ਮਿਸਾਲ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਹਿੰਦੂ, ਮੁਲਸਮਾਨ ਅਤੇ ਸਮਕਾਲੀ ਸਮਾਜ ਵਿਚ ਕਥਿਤ ਨੀਚ ਜਾਤੀ ਦੇ ਲੋਕਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ। ਉਨ੍ਹਾਂ ਭਗਤ ਸਾਹਿਬਾਨ ਦੀ ਰਚਨਾ ਨੂੰ ਸਤਿਕਾਰ ਦਿੱਤਾ, ਜਿਨ੍ਹਾਂ ਨੂੰ ਸਮਾਜ ਵਿਚ ਕੋਈ ਲਾਗੇ ਨਹੀਂ ਸੀ ਲੱਗਣ ਦਿੰਦਾ, ਛੂਤ ਕਹਿ ਕੇ ਫਿਟਕਾਰ ਦਿੱਤਾ ਜਾਂਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਇਕ ਐਸੀ ਸਾਂਝੀਵਾਲਤਾ ਦੀ ਅਦੁੱਤੀ ਅਤੇ ਅਮਰ ਮਿਸਾਲ ਸਾਡੇ ਸਾਹਮਣੇ ਆਉਂਦੀ ਹੈ ਜਿਹੜੀ ਸੰਸਾਰ ਵਿਚ ਹੋਰ ਕਿਤੇ ਨਹੀਂ ਮਿਲਦੀ।
ਗੁਰਬਾਣੀ ਅੰਦਰ ਸੇਵਕ, ਸਿੱਖ, ਸੰਤ, ਸਾਧ ਦੇ ਨਾਮ ਆਉਂਦੇ ਹਨ। ਇਹ ਸਾਰੇ ਹੀ ਇਕ ਆਦਰਸ਼ਕ ਦੈਵੀ ਮਾਨਵ ਦੇ ਪ੍ਰਤੀਕ ਹਨ। ਇਨ੍ਹਾਂ ਦੇ ਜੀਵਨ ਵਿਚ ਉਦਾਰਤਾ, ਵਿਸ਼ਾਲਤਾ ਉੱਚ ਦਰਜੇ ਦੀ ਸੀ, ਇਨ੍ਹਾਂ ਮਹਾਂਪੁਰਸ਼ਾਂ ਨੇ ਸਾਰੇ ਸੰਸਾਰ ਦੇ ਜੀਵਾਂ ਅੰਦਰ ਪ੍ਰਭੂ ਜੋਤ ਨੂੰ ਦੇਖਿਆ ਤੇ ਸਤਿਕਾਰਿਆ। ਸੰਤਾਂ ਦੀ ਰਹਿਤ ਦੇ ਅੰਸ਼-ਮਾਤਰ ਵਰਣਨ ਕਰਦੇ ਰਹਿੰਦੇ ਹਨ ਕਿ ਸੰਤਾਂ ਦੀ ਮਹਿਮਾ ਦਾ ਕਥਨ ਨਹੀਂ ਹੋ ਸਕਦਾ। ਸੰਤਾਂ ਦਾ ਵਿਵਹਾਰ ਕੇਵਲ ਨਾਮ ਹੁੰਦਾ ਹੈ, ਪ੍ਰਭੂ ਦੀ ਜਸ-ਕੀਰਤੀ ਹੁੰਦੀ ਹੈ। ਮਿੱਤਰ ਤੇ ਸ਼ੱਤਰੂ ਉਨ੍ਹਾਂ ਲਈ ਇਕ ਸਮਾਨ ਹਨ:
ਸੰਤ ਰਹਤ ਸੁਨਹੁ ਮੇਰੇ ਭਾਈ॥
ਉਆ ਕੀ ਮਹਿਮਾ ਕਥਨੁ ਨ ਜਾਈ॥…
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ॥
ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ॥(ਪੰਨਾ 392)
ਦੂਸਰਾ ਮੁੱਖ ਰੂਪ ਵਿਚ ਨਾਂ ਬ੍ਰਹਮ-ਗਿਆਨੀ ਦਾ ਆਉਂਦਾ ਹੈ। ਬ੍ਰਹਮ-ਗਿਆਨੀ ਵੀ ਬ੍ਰਹਮ ਦਾ ਵੇਤਾ ਸਿੱਖੀ ਜੀਵਨ-ਆਦਰਸ਼ ਦਾ ਸਿਖਰ ਹੈ। ਉਹ ਬ੍ਰਹਮ ਵਾਂਗ ਸਮਦਰਸ਼ੀ ਹੁੰਦਾ ਹੈ। ਜਿਸ ਤਰ੍ਹਾਂ ਸੂਰਜ ਆਪਣੀ ਧੁੱਪ ਬਿਨਾਂ ਕਿਸੇ ਵਿਤਕਰੇ ਤੋਂ ਸਭ ਨੂੰ ਇੱਕੋ ਜਿਹੀ ਦਿੰਦਾ ਹੈ, ਇਸੇ ਤਰ੍ਹਾਂ ਬ੍ਰਹਮ-ਗਿਆਨੀ ਵੀ ਸਦਾ ਹੀ ਨਿਰਦੋਖ ਹੁੰਦਾ ਹੈ। ਉਸ ਦੀ ਦ੍ਰਿਸ਼ਟੀ ਇਕ ਸਮਾਨ ਹੁੰਦੀ ਹੈ। ਉਸ ਨੂੰ ਸਭ ਬਰਾਬਰ ਹੁੰਦੇ ਹਨ, ਮਿੱਤਰਾਂ ਤੇ ਦੁਸ਼ਮਣਾਂ ਦਾ ਉਸ ਨੂੰ ਵਖਰੇਵਾਂ ਨਹੀਂ ਹੁੰਦਾ। ਉਸ ਦੀ ਦ੍ਰਿਸ਼ਟੀ ਸਦਾ ਇਕਸਾਰ ਬਰਾਬਰ ਸਭ ਦਾ ਭਲਾ ਚਾਹੁਣ ਵਾਲੀ ਹੁੰਦੀ ਹੈ:
ਬ੍ਰਹਮ ਗਿਆਨੀ ਸਦਾ ਨਿਰਦੋਖ॥
ਜੈਸੇ ਸੂਰੁ ਸਰਬ ਕਉ ਸੋਖ॥
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ॥…
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ॥…
ਬ੍ਰਹਮ ਗਿਆਨੀ ਸਦਾ ਸਮਦਰਸੀ॥ (ਪੰਨਾ 272)
ਗੁਰਮਤਿ ਅਨੁਸਾਰ ਸਾਂਝੀਵਾਲਤਾ ਦੀ ਭਾਵਨਾ ਸਾਧ-ਸੰਗਤ ਤੋਂ ਪ੍ਰਾਪਤ ਹੁੰਦੀ ਹੈ। ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਨਾਲ ਮਨ ਵਿਚ ਦੂਈ-ਦਵੈਤ ਦਾ ਭਰਮ ਨਾਸ਼ ਹੋ ਜਾਂਦਾ ਹੈ ਅਤੇ ਮਨੁੱਖ ਪ੍ਰਭੂ ਦੇ ਹੁਕਮ ਅੰਦਰ ਵਿਚਰਦਾ ਹੈ ਅਤੇ ਭਾਣਾ ਸਵੀਕਾਰ ਕਰਦਾ ਹੈ। ਉਹ ਸਾਰਿਆਂ ਜੀਵਾਂ ਅੰਦਰ ਇੱਕੋ ਪ੍ਰਭੂ ਦੀ ਜੋਤ ਹੀ ਦੇਖਦਾ ਹੈ। ਇਹ ਅਵਸਥਾ ਇਕ ਦਿਨ ਦਾ ਕੰਮ ਨਹੀਂ ਸਗੋਂ ਲਗਾਤਾਰ ਅਭਿਆਸ ਨਾਲ ਆਉਂਦੀ ਹੈ। ਰੋਜ਼ਾਨਾ ਸਤਿਸੰਗ ਕਰਨ ਨਾਲ ਅਵਗੁਣਾਂ ਦਾ ਨਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸ਼ੁਭ- ਗੁਣਾਂ ਦਾ ਪ੍ਰਵੇਸ਼ ਮਨ ਵਿਚ ਹੋਣ ਲੱਗ ਪੈਂਦਾ ਹੈ। ਇਸ ਵਿਚਾਰ ਦਾ ਪ੍ਰਗਟਾਵਾ ਸ੍ਰੀ ਗੁਰੂ ਅਰਜਨ ਦੇਵ ਜੀ ‘ਕਾਨੜਾ ਰਾਗੁ’ ਵਿਚ ਬੜਾ ਸੁੰਦਰ ਕਰਦੇ ਹਨ:
ਬਿਸਰਿ ਗਈ ਸਭ ਤਾਤਿ ਪਰਾਈ॥
ਜਬ ਤੇ ਸਾਧਸੰਗਤਿ ਮੋਹਿ ਪਾਈ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ॥
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ॥ (ਪੰਨਾ 1299)
ਪ੍ਰਭੂ ਨਾਮ-ਸਿਮਰਨ ਨਾਲ ਭੀ ਮਨੁੱਖ ਦੇ ਅੰਦਰ ਸਾਂਝੀਵਾਲਤਾ ਭਰਾਤਰੀ-ਭਾਵ ਉਤਪੰਨ ਹੁੰਦਾ ਹੈ। ਮਨੁੱਖ ਆਪਣੀ ਹਉਮੈ ਕਾਰਨ ਮੈਂ-ਮੇਰੀ ਦੇ ਪ੍ਰਭਾਵ ਹੇਠ ਇਸ ਖਿਆਲ ਨੂੰ ਭੁੱਲ ਜਾਂਦਾ ਹੈ ਕਿ ਪ੍ਰਭੂ ਸਭ ਹਿਰਦਿਆਂ ਅੰਦਰ ਹੈ:
ਸਭੁ ਕੋ ਆਸੈ ਤੇਰੀ ਬੈਠਾ॥
ਘਟ ਘਟ ਅੰਤਰਿ ਤੂੰਹੈ ਵੁਠਾ॥
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ 97)
ਸਿੱਖ ਧਰਮ ਅਨੁਸਾਰ ਪ੍ਰਭੂ ਇੱਕ ਹੈ, ਕੇਵਲ ਇੱਕ। ਉਸ ਨੇ ਸੰਸਾਰ ਦੀ ਸਾਜਨਾ ਕੀਤੀ ਹੈ, ਉਹ ਇਸ ਦੀ ਸਾਰ ਲੈਂਦਾ ਹੈ। ਉਹ ਸਾਜਨਾ ਕਰ ਕੇ ਕਿਤੇ ਅਲੱਗ ਨਹੀਂ ਬੈਠਾ। ਉਹ ਜੋਤਿ ਰੂਪ ਵਿਚ ਹਰ ਥਾਂ ਵਿਆਪਕ ਹੈ। ਉਸ ਦਾ ਕਿਸੇ ਖਾਸ ਫ਼ਿਰਕੇ, ਨਸਲ, ਦੇਸ਼, ਕੌਮ ਨਾਲ ਕੋਈ ਉਚੇਚਾ ਸੰਬੰਧ ਨਹੀਂ। ਉਸ ਦੀ ਜੋਤ ਸਦਾ ਇਕ-ਰਸ ਰਹਿੰਦੀ ਹੈ। ਪ੍ਰਭੂ ਸਭ ਦਾ ਹੈ ਅਤੇ ਸਾਰੇ ਉਸ ਦੇ ਹਨ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ :
ਜ਼ਿਮੀ ਜਮਾਂ ਕੇ ਬਿਖੇ ਸਮਸਤ ਏਕ ਜੋਤਿ ਹੈ॥
ਨਾ ਬਾਢ ਹੈ ਨ ਘਾਟ ਹੈ ਨਾ ਬਾਢ ਘਾਟ ਹੋਤ ਹੈ॥ (ਅਕਾਲ ਉਸਤਤਿ)
ਗੁਰਮਤਿ ਨੇ ਪ੍ਰਭੂ ਏਕਤਾ ਦੇ ਨਿਰਗੁਣ ਸਰੂਪ ਤੋਂ ਇਲਾਵਾ ਉਸ ਦੇ ਸਰਗੁਣ ਨਾਵਾਂ ਵਿਚ ਵੀ ਇਕਸਾਰਤਾ ਤੇ ਸਾਂਝੀਵਾਲਤਾ ਦਾ ਵਿਚਾਰ ਦਰਸਾਇਆ ਹੈ। ਗੁਰੂ ਜੀ ਉਸ ਦੇ ਸਾਰੇ ਨਾਵਾਂ ਉੱਤੇ ਬਲਿਹਾਰ ਜਾਂਦੇ ਹਨ, ਜਦੋਂ ਸਾਧਕ ਦੇ ਮਨ ਅੰਦਰੋਂ ਭਰਮ ਦਾ ਨਾਸ਼ ਹੋ ਜਾਂਦਾ ਹੈ ਤਾਂ ਉਹ ਅਲਾਹ ਤੇ ਪਾਰਬ੍ਰਹਮ ਨੂੰ ਇੱਕੋ ਹੀ ਸਮਝ ਕੇ ਸਤਿਕਾਰ ਦਿੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਕਥਨ ਹੈ:
ਕਹੁ ਨਾਨਕ ਗੁਰਿ ਖੋਏ ਭਰਮ॥
ਏਕੋ ਅਲਹੁ ਪਾਰਬ੍ਰਹਮ॥ (ਪੰਨਾ 897)
ਗੁਰੂ ਦਾ ਸ਼ਬਦ ਵੀ ਸਰਬ-ਸਾਂਝੀਵਾਲਤਾ ਵਾਲਾ ਉਪਦੇਸ਼ ਦਿੰਦਾ ਹੈ। ਗੁਰੂ ਦਾ ਸ਼ਬਦ ਸਰਬ-ਵਿਆਪਕ ਹੈ। ਗਰੀਬ ਅਮੀਰ ਨੂੰ ਇੱਕੋ ਜਿਹਾ ਹੀ ਹੱਕ ਹੈ, ਇਕ ਅੰਮ੍ਰਿਤਮਈ ਬਾਣੀ ਨੂੰ ਪੜ੍ਹੇ, ਸੁਣੇ ਅਤੇ ਜੀਵਨ ਵਿਚ ਅਪਣਾਏ। ਸ਼ਬਦ ਨੂੰ ਪੜ੍ਹਨ-ਸੁਣਨ ਦਾ ਅਧਿਕਾਰ ਕੇਵਲ ਕਿਸੇ ਖਾਸ ਕਥਿਤ ਉੱਚ ਜਾਤੀ ਨੂੰ ਹੀ ਨਹੀਂ ਹੈ। ਸ਼ਬਦ ਗੁਰੂ ਤੇ ਪੀਰ ਦਾ ਦਰਜਾ ਰੱਖਦਾ ਹੈ। ਸ਼ਬਦ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਦਾ ਸਾਂਝਾ ਹੈ। ਇਸ ਦੀ ਅਰਾਧਨਾ ਤੋਂ ਬਿਨਾਂ ਸਾਰਾ ਜਗਤ ਕਮਲਾ ਹੋਇਆ ਫਿਰਦਾ ਹੈ:
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ (ਪੰਨਾ 635)
ਅਸੀਂ ਪਹਿਲਾਂ ਗੁਰੂ ਸਾਹਿਬਾਨ ਦੁਆਰਾ ਸੰਪਾਦਤ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸਾਂਝੀਵਾਲਤਾ ਦਾ ਜ਼ਿਕਰ ਕਰ ਆਏ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਸਿੱਖ ਧਰਮ ਦੇ ਗੁਰਦੁਆਰਾ ਸਾਹਿਬਾਨ ਅੰਦਰ ਹੁੰਦੀ ਹੈ। ਇਸ ਦੀ ਪੂਜਾ ਅਤੇ ਪਾਠ ਵੀ ਹਰ ਇਕ ਸਿੱਖ ਲਈ ਸਾਂਝਾ ਹੈ, ਸਿੱਖ ਮਰਯਾਦਾ ਅਨੁਸਾਰ ਹਰ ਇਕ ਵਿਅਕਤੀ ਬਿਨਾਂ ਕਿਸੇ ਜਾਤੀ ਭਿੰਨ-ਭੇਦ ਤੋਂ ਸਿੱਖ ਗੁਰਦੁਆਰਾ ਸਾਹਿਬਾਨ ਅੰਦਰ ਜਾ ਸਕਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਨੀਂਹ-ਪੱਥਰ ਰਖਵਾਉਣ ਲਈ ਅਲਾਹ ਦੇ ਪਿਆਰੇ ਭਗਤ ਸਾਈਂ ਮੀਆਂ ਮੀਰ ਜੀ ਨੂੰ ਬੁਲਾਇਆ। ਇਸ ਤੋਂ ਵੱਡੀ ਹੋਰ ਕੀ ਸਾਂਝੀਵਾਲਤਾ ਹੋ ਸਕਦੀ ਹੈ ਕਿ ਸਿੱਖ ਧਰਮ ਮੰਦਰ ਦੀ ਨੀਂਹ ਇਕ ਮੁਸਲਮਾਨ ਫ਼ਕੀਰ ਦੇ ਹੱਥੋਂ ਰਖਵਾਈ? ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਵੀ ਇਸ ਵਿਸ਼ਵ ਭਰਾਤਰੀ-ਭਾਵ ਦੇ ਪ੍ਰਤੀਕ ਹਨ ਕਿ ਇਸ ਅੰਦਰ ਲੋਕ ਚੋਹਾਂ ਪਾਸਿਆਂ ਭਾਵ ਚਹੁੰ ਦਿਸ਼ਾਵਾਂ ਤੋਂ ਆ ਸਕਦੇ ਹਨ।
ਗੁਰਦੁਆਰਾ ਸਾਹਿਬਾਨ ਦੇ ਅੰਦਰ ਸੰਗਤ ਵਿਚ ਵੀ ਬੈਠਣ ਲਈ ਕੋਈ ਭਿੰਨ-ਭੇਦ ਨਹੀਂ ਹੁੰਦਾ। ਕੋਈ ਵਿਅਕਤੀ ਕਿਤੇ ਵੀ ਸੰਗਤ ਅੰਦਰ ਬੈਠ ਸਕਦਾ ਹੈ ਅਤੇ ਰੱਬੀ ਬਾਣੀ, ਰੱਬੀ ਕੀਰਤਨ, ਕਥਾ, ਪ੍ਰਭੂ-ਜੱਸ ਸੁਣ ਸਕਦਾ ਹੈ। ਗੁਰੂ ਸਾਹਿਬਾਨ ਦੇ ਸਮੇਂ ਜਾਤ-ਪਾਤ, ਛੂਤ-ਛਾਤ ਦਾ ਵਿਤਕਰਾ ਇਕ ਵੱਡੀ ਸਮੱਸਿਆ ਸੀ, ਰੱਬੀ ਬਾਣੀ ਜੋ ਰੱਬੀ ਭਾਸ਼ਾ ਵਿਚ ਲਿਖੀ ਗਈ ਮੰਨੀ ਜਾਂਦੀ ਸੀ, ਸਮਾਜ ਦੇ ਸਭ ਲੋਕਾਂ ਨੂੰ ਇਕ ਸਾਥ ਬੈਠ ਕੇ ਸੁਣਨ ਦਾ ਅਧਿਕਾਰ ਨਹੀਂ ਸੀ। ਬਿਲਕੁਲ ਕਿਤੇ ਵੀ ਇਕ ਸਾਥ ਬੈਠ ਕੇ ਸੁਣਨ ਦਾ ਅਧਿਕਾਰ ਨਹੀਂ ਸੀ, ਇਹ ਅਧਿਕਾਰ ਕੇਵਲ ਗੁਰੂ ਸਾਹਿਬਾਨ ਨੇ ਦਿੱਤਾ ਅਤੇ ਸਭ ਨੂੰ ਆਪਣੇ ਜੀਵਨ ਦਾ ਕਲਿਆਣ ਕਰਨ ਦਾ ਮੌਕਾ ਬਖ਼ਸ਼ਿਆ:
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਪੰਨਾ 787)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਨੀਂਹ ਰੱਖੀ। ਇਸ ਵਿਚ ਨਾਮ ਸਿਮਰਨ, ਕਿਰਤ ਕਰਨ, ਵੰਡ ਛਕਣ ਦੇ ਤਿੰਨ ਬੁਨਿਆਦੀ ਅਸੂਲਾਂ ਨੂੰ ਸਥਾਪਤ ਕੀਤਾ। ਇਹ ਤਿੰਨ ਸਿੱਖੀ ਮਹੱਲ ਦੇ ਥੰਮ੍ਹ ਹਨ। ਇਹ ਤਿੰਨ ਅਸੂਲ ਮਨੁੱਖੀ ਜੀਵਨ ਆਦਰਸ਼ ਦੀ ਪੂਰਨਤਾ ਦਾ ਰਾਜ਼ ਹਨ। ਇਨ੍ਹਾਂ ਨੂੰ ਅਮਲ ਵਿਚ ਲਿਆਉੁਣ ਨਾਲ ਸਮਾਜ, ਦੇਸ਼, ਕੌਮ ਅੰਦਰ ਸਾਂਝੀਵਾਲਤਾ ਦਾ ਵਾਤਾਵਰਨ ਪੈਦਾ ਹੋ ਸਕਦਾ ਹੈ। ਗੁਰਮਤਿ ਅੰਦਰ ਵਰਨ-ਵੰਡ ਨਹੀਂ ਹੈ, ਸਮਕਾਲੀ ਸਮਾਜ ਵਿਚ ਵਰਨ-ਵੰਡ ਤੇ ਕਿੱਤੇ ਦੀ ਵੰਡ ਕੀਤੀ ਗਈ ਸੀ। ਇਹ ਸਮਝਿਆ ਜਾਂਦਾ ਸੀ ਕਿ ਹਰ ਵਰਨ ਦੇ ਲੋਕਾਂ ਦਾ ਆਪਣੀ ਵੰਡ ਅਨੁਸਾਰ ਸੌਂਪੇ ਗਏ ਕਰਮ ਨੂੰ ਕਰਨਾ ਹੀ ਉਨ੍ਹਾਂ ਦਾ ਧਰਮ ਹੈ ਜਦ ਕਿ ਗੁਰਮਤਿ ਅੰਦਰ ਐਸਾ ਨਹੀਂ ਹੈ। ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਦਾ ਹੈ ਅਤੇ ਉਹ ਦੇਸ਼-ਕੌਮ ਤੇ ਧਰਮ ਦੀ ਰਖਿਆ ਲਈ ਜੂਝਣ ਵਾਲਾ ਸੂਰਮਾ ਹੈ। ਵਣਜ ਵਪਾਰ ਤੇ ਹੋਰ ਕਿੱਤਿਆਂ ਦੇ ਕਰਨ ਦੀ ਡਿਊਟੀ ਕਰਦਾ ਹੈ ਅਤੇ ਸੰਗਤ ਦੇ ਜੋੜੇ ਝਾੜਨੇ, ਗੁਰਦੁਆਰਾ ਸਾਹਿਬਾਨ ਅੰਦਰ ਝਾੜੂ ਦੇਣਾ, ਬਰਤਨਾਂ ਦੀ ਸੇਵਾ ਕਰਨ ਦੀ ਡਿਊਟੀ ਕਰਦਾ ਹੈ ਜਦ ਕਿ ਉਹ ਨਾ ਤਾਂ ਸ਼ੂਦਰ ਹੁੰਦਾ ਹੈ ਤੇ ਨਾ ਹੀ ਹੋਰ ਵਰਨਾਂ ਅਨੁਸਾਰ ਖੱਤਰੀ, ਬ੍ਰਾਹਮਣ ਤੇ ਵੈਸ਼। ਉਹ ਤਾਂ ਕੇਵਲ ਸਿੱਖ ਹੁੰਦਾ ਹੈ। ਕਹਿਣ ਤੋਂ ਇਥੇ ਭਾਵ ਇਹ ਹੈ ਕਿ ਗੁਰਮਤਿ ਅਨੁਸਾਰ ਸਿੱਖ ਦੀ ਕੋਈ ਜਾਤ ਨਹੀਂ, ਵਰਨ ਨਹੀਂ। ਉਹ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿਚ ਕਿਸੇ ਆਸ਼ਰਮ ਨੂੰ ਅਪਣਾ ਕੇ ਦੂਜਿਆਂ ਨੂੰ ਛੱਡਦਾ ਨਹੀਂ। ਸਿੱਖ ਧਰਮ ਅਨੁਸਾਰ ਉਮਰ ਦੀ ਵੰਡ ਬ੍ਰਹਮਚਾਰੀ, ਗ੍ਰਿਹਸਤ, ਬਾਨ-ਪ੍ਰਸਤ ਅਤੇ ਸੰਨਿਆਸ ਅਨੁਸਾਰ ਨਹੀਂ ਹੁੰਦੀ, ਉਸ ਨੂੰ ਸ਼ੁਰੂ ਤੋਂ ਹੀ ਸਾਰੇ ਕਰਮ ਇਕੱਠੇ ਰੋਜ਼ਾਨਾ ਜ਼ਿੰਦਗੀ ਵਿਚ ਕਰਨ ਦਾ ਉਪਦੇਸ਼ ਹੈ। ਐਸਾ ਨਹੀਂ ਕਿ ਉਹ ਇਕ ਸੌ ਸਾਲ ਦੀ ਜ਼ਿੰਦਗੀ ਮੰਨ ਕੇ ਪਹਿਲੇ ਪੰਝੀ ਵਰ੍ਹੇ ਕੇਵਲ ਬ੍ਰਹਮਚਾਰੀ ਰਹੇ ਤੇ ਫਿਰ ਗ੍ਰਿਹਸਤ, ਤੀਸਰੇ ਹਿੱਸੇ ਅੰਦਰ ਭਾਵ ਪਝੱਤਰ ਸਾਲ ਦੀ ਉਮਰ ਤਕ ਬਾਨ- ਪ੍ਰਸਤ ਤੇ ਅੰਤ ਨੂੰ ਸੰਨਿਆਸ ਧਾਰਨ ਕਰ ਕੇ ਘਰ-ਬਾਰ ਦਾ ਤਿਆਗ ਕਰ ਦੇਵੇ। ਸਿੱਖ ਇੱਕੋ ਸਮੇਂ ਚਹੁੰ ਵਰਨ-ਆਸ਼ਰਮਾਂ ਵਿਚ ਬਰਾਬਰ ਵਿਚਰਦਾ ਹੈ।
ਸਿੱਖ ਜਿੱਥੇ ਆਪਣੇ ਭਲੇ ਲਈ ਸਵੇਰੇ-ਸ਼ਾਮ ਅਰਦਾਸ ਕਰਦਾ ਹੈ, ਉਥੇ ਸਰਬੱਤ ਦੇ ਭਲੇ ਲਈ ਵੀ ਪ੍ਰਭੂ ਤੋਂ ਸਵੇਰੇ-ਸ਼ਾਮ ਇਹੀ ਮੰਗਦਾ ਹੈ ਕਿ ਨਾਮ ਜਪਣ ਵਾਲਿਆਂ ਦੀ ਚੜ੍ਹਦੀ ਕਲਾ ਹੋਵੇ ਅਤੇ ਪ੍ਰਭੂ ਤੇਰੇ ਭਾਣੇ ਅੰਦਰ ਸਰਬੱਤ ਦਾ ਭਲਾ ਹੋਵੇ। ਸਭ ਜੀਵਾਂ ਲਈ ਸੁਖ-ਸ਼ਾਂਤੀ ਤੇ ਖ਼ੈਰ ਮੰਗਣੀ ਸਰਬ-ਸਾਂਝੀਵਾਲਤਾ ਦਾ ਇਕ ਉੱਚਾ ਤੇ ਸੁੱਚਾ ਨਮੂਨਾ ਹੈ ਅਤੇ ਸਾਂਝੀਵਾਲਤਾ ਦਾ ਸਿਖਰ ਹੈ। ਆਪਣੇ ਆਪ ਤੋਂ ਉੱਚਾ ਉੱਠ ਕੇ ਦੂਸਰਿਆਂ ਪ੍ਰੀਤ ਭਲਾ ਚਾਹੁਣ ਇਕ ਸੱਚੇ-ਸੁੱਚੇ ਮਨੁੱਖ ਦਾ ਹੀ ਕਰਤੱਵ ਹੈ:
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਲੇਖਕ ਬਾਰੇ
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/June 1, 2007
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/June 1, 2008
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/July 1, 2008
- ਡਾ ਸ਼ਮਸ਼ੇਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%b6%e0%a8%ae%e0%a8%b6%e0%a9%87%e0%a8%b0-%e0%a8%b8%e0%a8%bf%e0%a9%b0%e0%a8%98/October 1, 2008