ਆਮ ਤੌਰ ’ਤੇ ਭਾਰਤ ਦੇ ਸਾਹਿਤਕ ਅਤੇ ਧਾਰਮਿਕ ਇਤਿਹਾਸ ਵਿਚ ਕਿਸੇ ਵੀ ਪਵਿੱਤਰ ਆਤਮਾ, ਸੱਜਣ, ਪਰਉਪਕਾਰੀ, ਬੁੱਧੀਮਾਨ ਜਾਂ ਸਦਾਚਾਰੀ ਵਿਅਕਤੀ ਲਈ ‘ਸੰਤ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਸਾਧਾਰਨ ਬੋਲ-ਚਾਲ ਵਿਚ ਭਗਤ, ਸਾਧੂ ਜਾਂ ਮਹਾਤਮਾ ਨੂੰ ਵੀ ਸੰਤ ਰੂਪ ਮੰਨਿਆ ਜਾਂਦਾ ਹੈ। ਪਰੰਤੂ ਕੁਝ ਲੋਕ ਇਹ ਵੀ ਮੰਨਦੇ ਹਨ ਕਿ ‘ਸੰਤ’, ‘ਸ਼ਾਂਤ’ ਸ਼ਬਦ ਦਾ ਬਦਲਿਆ ਹੋਇਆ ਰੂਪ ਹੈ। ਪ੍ਰਸਿੱਧ ਵਿਦਵਾਨ ਪਰਸ਼ੂਰਾਮ ਚਤੁਰਵੇਦੀ ਦੇ ਅਨੁਸਾਰ ‘ਸੰਤ’ ਸ਼ਬਦ ਹਿੰਦੀ ਵਿਚ ਇਕਵਚਨ ਵਿਚ ਵਰਤਿਆ ਜਾਂਦਾ ਹੈ। ਪਰੰਤੂ ਮੂਲ ਰੂਪ ਵਿਚ ਇਹ ਸ਼ਬਦ ਸੰਸਕ੍ਰਿਤ ਦੇ ‘ਸਨ’ ਦਾ ਬਹੁਵਚਨ ਹੈ, ਜਿਹੜਾ ਕਿ ਖ਼ੁਦ ‘ਸਤ’ ਦਾ ਪੁਲਿੰਗ ਰੂਪ ਹੈ। ‘ਸਤ’ ਸ਼ਬਦ ਦਾ ਅਰਥ ਕੇਵਲ ਹੋਂਦ ਵਾਲਾ ਜਾਂ ਸਦਾ ਰਹਿਣ ਵਾਲਾ ਹੁੰਦਾ ਹੈ ਅਤੇ ਇਸ ਤਰ੍ਹਾਂ ‘ਸੰਤ’ ਸ਼ਬਦ ਦਾ ਮੌਲਿਕ ਅਰਥ ਬਣਦਾ ਹੈ: ‘ਸ਼ੁੱਧ ਹੋਂਦ’ ਜਿਹੜਾ ਕਿ ਪਰਮਾਤਮਾ ਨਾਲ ਜਾ ਰਲਦਾ ਹੈ ਅਤੇ ਜਿਸ ਦਾ ਕਦੀ ਨਾਸ ਨਹੀਂ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਸੰਤ ਦੀ ਪਰਮਾਤਮਾ ਨਾਲ ਇਕਰੂਪਤਾ ਅਤੇ ਨਿੱਜੀ ਤੌਰ ’ਤੇ ਸਮਸਰਤਾ ਦੀ ਸਥਿਤੀ ਦਾ ਵਰਣਨ ਕੀਤਾ ਗਿਆ ਹੈ:
ਰੈਣਿ ਦਿਨਸੁ ਰਹੈ ਇਕ ਰੰਗਾ॥
ਪ੍ਰਭ ਕਉ ਜਾਣੈ ਸਦ ਹੀ ਸੰਗਾ॥
ਠਾਕੁਰ ਨਾਮੁ ਕੀਓ ਉਨਿ ਵਰਤਨਿ॥
ਤ੍ਰਿਪਤਿ ਅਘਾਵਨੁ ਹਰਿ ਕੈ ਦਰਸਨਿ॥1॥
ਹਰਿ ਸੰਗਿ ਰਾਤੇ ਮਨ ਤਨ ਹਰੇ॥
ਗੁਰ ਪੂਰੇ ਕੀ ਸਰਨੀ ਪਰੇ॥1॥ ਰਹਾਉ॥
ਚਰਣ ਕਮਲ ਆਤਮ ਆਧਾਰ॥
ਏਕੁ ਨਿਹਾਰਹਿ ਆਗਿਆਕਾਰ॥
ਏਕੋ ਬਨਜੁ ਏਕੋ ਬਿਉਹਾਰੀ॥
ਅਵਰੁ ਨ ਜਾਨਹਿ ਬਿਨੁ ਨਿਰੰਕਾਰੀ॥2॥
ਹਰਖ ਸੋਗ ਦੁਹਹੂੰ ਤੇ ਮੁਕਤੇ॥
ਸਦਾ ਅਲਿਪਤੁ ਜੋਗ ਅਰੁ ਜੁਗਤੇ॥
ਦੀਸਹਿ ਸਭ ਮਹਿ ਸਭ ਤੇ ਰਹਤੇ॥
ਪਾਰਬ੍ਰਹਮ ਕਾ ਓਇ ਧਿਆਨੁ ਧਰਤੇ॥ (ਪੰਨਾ 181)
ਵਿਅਕਤੀ ਦੇ ਸਾਹਮਣੇ ਆਮ ਤੌਰ ’ਤੇ ਦੋ ਤਰ੍ਹਾਂ ਦੇ ਉਦੇਸ਼ ਹੁੰਦੇ ਹਨ- ਜਾਂ ਤਾਂ ਉਹ ਸੰਸਾਰਕ ਸੁਖਾਂ ਦੀ ਪ੍ਰਾਪਤੀ ਲਈ ਆਪਣੀ ਜੀਵਨ-ਸ਼ਕਤੀ ਲਾਉਂਦਾ ਹੈ ਅਤੇ ਜਾਂ ਫਿਰ ਉਹ ਪਾਰਲੌਕਿਕ ਸੁਖ ਅਤੇ ਅਨੰਦ ਲਈ ਸਾਧਨਾ ਕਰਦਾ ਹੈ। ਉਦੇਸ਼ ਚਾਹੇ ਜੋ ਵੀ ਹੋਵੇ ਇਨ੍ਹਾਂ ਦੋਵਾਂ ਕਿਸਮ ਦੇ ਉਦੇਸ਼ਾਂ ਲਈ ਕਿਸੇ ਨਾ ਕਿਸੇ ਰੂਪ ਵਿਚ ਸ਼ਕਤੀ ਦੀ ਲੋੜ ਪੈਂਦੀ ਹੈ ਅਤੇ ਜਿਹੜੀ ਸ਼ਕਤੀ ਧਾਰਮਿਕ ਕੰਮਾਂ ਅਤੇ ਅਧਿਆਤਮਿਕ ਕੰਮਾਂ ਵੱਲ ਪ੍ਰੇਰਿਤ ਕਰਦੀ ਹੈ, ਉਹੀ ਦਰਅਸਲ ‘ਸਾਧਨਾ’ ਨਾਂ ਨਾਲ ਜਾਣੀ ਜਾਂਦੀ ਹੈ। ਇਉਂ ਵੀ ਕਿਹਾ ਜਾ ਸਕਦਾ ਹੈ ਕਿ ਸਾਧਨਾ ਇਕ ਕਰਮ ਵੀ ਹੈ ਅਤੇ ਇਕ ਸ਼ਕਤੀ ਵੀ ਹੈ।
ਮੁੱਖ ਰੂਪ ਵਿਚ ਸਾਧਨਾ ਜਾਂ ਤਾਂ ਗਿਆਨ ’ਤੇ ਆਧਾਰਿਤ ਹੋ ਕੇ ਚੱਲਦੀ ਹੈ ਅਤੇ ਜਾਂ ਭਗਤੀ ਦੇ ਆਸਰੇ ਅੱਗੇ ਵਧਦੀ ਹੈ। ਗਿਆਨ ਰੂਪ ਸਾਧਨਾ ਖੋਜ-ਪੜਚੋਲ, ਵਾਦ-ਵਿਵਾਦ, ਸ਼ਾਸਤਰਾਰਥ ਜਾਂ ਇਉਂ ਕਹਿ ਲਵੋ ਤਰਕ ਦੇ ਆਸਰੇ ਅੱਗੇ ਵਧਦੀ ਹੈ ਪਰੰਤੂ ਭਗਤੀ ਵਿਚ ਇਨ੍ਹਾਂ ਅੰਗਾਂ ’ਤੇ ਜ਼ੋਰ ਨਾ ਦੇ ਕੇ ਸ਼ਰਧਾ, ਵਿਸ਼ਵਾਸ ਆਦਿ ਭਾਵਨਾਵਾਂ ਵਧੇਰੇ ਕਿਰਿਆਸ਼ੀਲ ਹੁੰਦੀਆਂ ਹਨ। ਭਗਤੀ ਇਕ ਤਰ੍ਹਾਂ ਦਾ ਅਜਿਹਾ ਅਨੁਰਾਗ ਹੈ, ਜਿਸ ਨੂੰ ਆਪਣੇ ਤੋਂ ਵੱਡੇ ਪ੍ਰਤੀ ਪ੍ਰਗਟ ਕੀਤਾ ਜਾਂਦਾ ਹੈ। ਜਦੋਂ ਇਹੀ ਭਾਵਨਾ ਆਪਣੇ ਬਰਾਬਰ ਦੇ ਵਿਅਕਤੀ ਪ੍ਰਤੀ ਹੋਵੇ ਤਾਂ ਉਸ ਨੂੰ ਪ੍ਰੇਮ ਕਿਹਾ ਜਾਂਦਾ ਹੈ ਅਤੇ ਇਹੀ ਅਨੁਰਾਗ ਜਦੋਂ ਆਪਣੇ ਤੋਂ ਛੋਟੇ ਪ੍ਰਤੀ ਪ੍ਰਗਟ ਹੋਵੇ ਤਾਂ ਇਸ ਨੂੰ ਸਨੇਹ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀ ਸਾਧਨਾ ਸਾਧਨ ਨੂੰ ਨਿਰੰਤਰ ਸਿਮਰਨ, ਗੁਣਗਾਨ ਜਾਂ ਕੀਰਤਨ ਆਦਿ ਵੱਲ ਰੁਚਿਤ ਕਰਦੀਆਂ ਹਨ; ਪਰੰਤੂ ਕਦੀ-ਕਦੀ ਧਿਆਨ ਲਾਉਣ ਦੀ ਕਿਰਿਆ ਰਾਹੀਂ ਵੀ ਕੁਝ ਵਚਿੱਤਰ ਅਨੁਭਵ ਪ੍ਰਾਪਤ ਹੁੰਦੇ ਹਨ ਅਤੇ ਇਸ ਕਿਰਿਆ ਵਿਚ ਲੀਨ ਹੋਣ ਲਈ ਸਾਧਕ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਨਿਯਮ ਦੀ ਪਾਲਣਾ ਕਰਨਾ ਆਪਣਾ ਪਰਮ ਕਰਤੱਵ ਸਮਝਦਾ ਹੋਇਆ ਆਪਣੇ ਜੀਵਨ ਨੂੰ ਪੂਰਨ ਸੰਜਮੀ ਅਤੇ ਸੁੰਦਰ ਬਣਾ ਲੈਂਦਾ ਹੈ। ਉਸ ਦੀ ਦ੍ਰਿੜ੍ਹ ਇੱਛਾ-ਸ਼ਕਤੀ ਦਾ ਦਿਨ ਪ੍ਰਤੀ ਦਿਨ ਵਿਕਾਸ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਇਨ੍ਹਾਂ ਤਿੰਨਾਂ ਕਿਸਮਾਂ ਦੀਆਂ ਸਾਧਨਾਵਾਂ ਦੇ ਆਧਾਰ ਗਿਆਨ, ਭਾਵਨਾ ਅਤੇ ਦ੍ਰਿੜ੍ਹ ਸੰਕਲਪ ਹਨ। ਇਨ੍ਹਾਂ ਤਿੰਨਾਂ ਆਧਾਰਾਂ ਦੇ ਕਾਰਨ ਹੀ ਭਾਰਤੀ ਧਰਮ-ਸਾਧਨਾ ਵਿਚ ਗਿਆਨ, ਭਗਤੀ ਅਤੇ ਕਰਮਕਾਂਡ ਉੱਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ।
ਉੱਤਰੀ ਭਾਰਤ ਦੇ ਧਰਮ ਸਾਧਕਾਂ ਨੂੰ ਮੋਟੇ ਤੌਰ ’ਤੇ ਨਿਰਗੁਣਵਾਦੀ ਅਤੇ ਸਰਗੁਣਵਾਦੀ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਸਾਧਾਰਨ ਬੋਲੀ ਵਿਚ ਭਾਵੇਂ ਇਨ੍ਹਾਂ ਸਾਰੇ ਸਾਧਕਾਂ ਨੂੰ ‘ਭਗਤ’ ਸ਼ਬਦ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਪਰ ਦਰਅਸਲ ਜਿਹੜੇ ਪਰਮਾਤਮਾ ਦੇ ਅਵਤਾਰਾਂ ਦੀ ਲੀਲ੍ਹਾ ਗਾਉਣ ਵਿਚ ਲੀਨ ਸਨ, ਉਨ੍ਹਾਂ ਨੂੰ ਭਗਤ ਕਿਹਾ ਜਾਂਦਾ ਹੈ ਅਤੇ ਜਿਹੜੇ ਪਰਮਾਤਮਾ ਨੂੰ ਸਾਰੀਆਂ ਜੂਨੀਆਂ ਤੋਂ ਪਰ੍ਹੇ ਅਤੇ ਸਾਰੇ ਗੁਣਾਂ ਤੋਂ ਪਰ੍ਹਾਂ ਮੰਨਦੇ ਹਨ ਅਜਿਹੇ ਨਿਰਗੁਣਵਾਦੀਆਂ ਨੂੰ ਸੰਤ ਕਿਹਾ ਜਾਂਦਾ ਹੈ। ਸਰਗੁਣਵਾਦੀ ਭਗਤ ਆਮ ਤੌਰ ’ਤੇ ਪ੍ਰਭੂ-ਪ੍ਰਾਪਤੀ ਲਈ ਕਰਮਕਾਂਡਾਂ ਦੀ ਪ੍ਰੋੜ੍ਹਤਾ ਕਰਦੇ ਹਨ ਅਤੇ ਵਰਨ-ਵੰਡ ਨੂੰ ਉਚਿਤ ਠਹਿਰਾਉਣ ਲਈ ਯਤਨਸ਼ੀਲ ਰਹੇ ਹਨ। ਪਰੰਤੂ ਸੰਤ ਮੱਤ ਦੇ ਅਨੁਸਾਰ ਸਤਿ ਜਾਂ ਪਰਮ ਤੱਤ ਇਕ ਅਨਿਰਵਚਨੀ ਆਨੰਦ ਹੈ, ਜਿਹੜਾ ਪ੍ਰਤੱਖ ਅਨੁਭਵ ਵਿਚ ਆ ਕੇ ਵੀ ਅਬੂਝ ਬਣਿਆ ਰਹਿੰਦਾ ਹੈ ਅਤੇ ਦਰਅਸਲ ਨਿਰਗੁਣ ਸਰਗੁਣ ਦੋਵਾਂ ਤੋਂ ਪਰ੍ਹਾਂ ਹੈ। ਸੰਕੇਤਕ ਰੂਪ ਵਿਚ ‘ਪੂਰਨ’ ਸਰਬਵਿਆਪੀ, ਨਿੱਤ, ਇਕਰਸ ਜਾਂ ਸਹਜ ਵਰਗੇ ਲਫ਼ਜ਼ਾਂ ਰਾਹੀਂ ਉਸ ਦਾ ਬਿਆਨ ਕੀਤਾ ਜਾਂਦਾ ਹੈ। ਸ੍ਰਿਸ਼ਟੀ ਦਾ ਹਰ ਅੰਗ ਭਾਵੇਂ ਖਿਨਭੰਗਰ ਅਤੇ ਭੁਲੇਖਾ ਹੈ ਪਰ ਫਿਰ ਵੀ ਮਨੁੱਖਾ ਸਰੀਰ ਸ੍ਰਿਸ਼ਟੀ ਦਾ ਸਭ ਤੋਂ ਸੁਹਣਾ ਅੰਸ਼ ਹੈ, ਜਿਸ ਦੇ ਸਹਾਰੇ ਮਨੁੱਖ ਆਪਣੀਆਂ ਅੰਦਰੂਨੀ ਸ਼ਕਤੀਆਂ ਦਾ ਪੂਰਨ ਵਿਕਾਸ ਕਰ ਕੇ ਪੂਰਨਤਾ ਪ੍ਰਾਪਤ ਕਰ ਸਕਦਾ ਹੈ। ਇਹੀ ਪੂਰਨ ਵਿਅਕਤੀ ਜੀਵਨ-ਮੁਕਤ ਸੰਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸ ਦੇ ਮਨ ਵਿਚ ਪ੍ਰਾਣੀ-ਮਾਤਰ ਵਾਸਤੇ ਪ੍ਰੇਮ ਅਤੇ ਸਦਭਾਵ ਹੁੰਦਾ ਹੈ। ਸੰਤ ਲਈ ਵਰਨ-ਵੰਡ, ਜਾਤ-ਪਾਤ, ਊਚ-ਨੀਚ ਦੇ ਭੇਦ-ਭਾਵ ਵਿਅਰਥ ਨਹੀਂ ਬਲਕਿ ਖ਼ੁਦ ਵਿਅਕਤੀ ਦੁਆਰਾ ਆਪਣੇ ਸੁਆਰਥਾਂ ਨੂੰ ਧਿਆਨ ਵਿਚ ਰੱਖ ਕੇ ਬਣਾਏ ਗਏ ਹਨ। ਇਸ ਲਈ ਖ਼ਤਮ ਕੀਤੇ ਜਾਣੇ ਚਾਹੀਦੇ ਹਨ। ਜਦੋਂ ਇਹ ਸਾਰਾ ਜਗਤ ਹੀ ਉਸ ਭੇਦ-ਭਾਵ ਵਿਹੀਨ ਪਰਮਾਤਮਾ ਦਾ ਅੰਗ ਹੈ ਤਾਂ ਇਸ ਵਿਚ ਭੇਦ-ਭਾਵ ਕਿਉਂ ਰਹਿਣਾ ਚਾਹੀਦਾ ਹੈ? ਸੰਤਾਂ ਦੀ ਸਾਧਨਾ ਬੇਸ਼ੱਕ ਗਿਆਨ, ਭਗਤੀ ਅਤੇ ਕਰਮ ਯੋਗ ਨੂੰ ਮਾਨਤਾ ਦਿੰਦੀ ਹੈ ਪਰ ਧਰਮ ਦੇ ਨਾਂ ’ਤੇ ਪਾਖੰਡ ਨੂੰ ਕਿਸੇ ਵੀ ਰੂਪ ਵਿਚ ਬਰਦਾਸ਼ਤ ਨਹੀਂ ਕਰਦੀ। ਸੰਤਾਂ ਦੀ ਪ੍ਰਧਾਨ ਸਾਧਨਾ ਆਪਣੇ ਹਿਰਦੇ ਨੂੰ ਸ਼ੁੱਧ ਅਤੇ ਨਿਰਮਲ ਰੱਖਣ ਅਤੇ ਸਿਧਾਂਤਾਂ ਨੂੰ ਵਿਵਹਾਰਕ ਪੱਧਰ ’ਤੇ ਲਿਆਉਣ ਲਈ ਜ਼ੋਰ ਦਿੰਦੀ ਹੈ। ਇਨ੍ਹਾਂ ਲਈ ਮਨੁੱਖਤਾ ਦੀ ਕਸੌਟੀ ਸਾਦਗੀ ਅਤੇ ਸਦਾਚਰਣ ਹੈ। ਪਰਵਿਰਤੀ ਜਾਂ ਨਿਰਵਿਰਤੀ ਦੋਵਾਂ ਮਾਰਗਾਂ ਨੂੰ ਛੱਡ ਕੇ ਇਹ ਸਹਜ ਮਾਰਗ ਦੀ ਗੱਲ ਕਰਦੇ ਹਨ।
ਜਿਸ ਤਰ੍ਹਾਂ ਸਰਗੁਣ ਮਾਰਗੀ ਅੱਗੇ ਚੱਲ ਕੇ ਰਾਮ ਉਪਾਸ਼ਕ ਅਤੇ ਕ੍ਰਿਸ਼ਨ ਉਪਾਸ਼ਕ ਦੋ ਵਰਗਾਂ ਵਿਚ ਵੰਡੇ ਗਏ, ਇਵੇਂ ਹੀ ਨਿਰਗੁਣਵਾਦੀ ਸੰਤ ਗਿਆਨਮਾਰਗੀ ਅਤੇ ਪ੍ਰੇਮ-ਮਾਰਗੀ ਸ਼ਾਖਾਵਾਂ ਵਿਚ ਵੰਡ ਕੇ ਸਮਝੇ ਜਾ ਸਕਦੇ ਹਨ। ਆਧੁਨਿਕ ਅਧਿਐਨਾਂ ਦੇ ਅਨੁਸਾਰ ਬੇਸ਼ੱਕ ਭਗਤ ਜੈਦੇਵ ਜੀ, ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਆਦਿ ਸੰਤਾਂ ਨੂੰ ਸੰਤ-ਪਰੰਪਰਾ ਵਿਚ ਸਭ ਤੋਂ ਪ੍ਰਸਿੱਧ ਸੰਤ ਕਬੀਰ ਜੀ ਤੋਂ ਬਹੁਤ ਪਹਿਲਾਂ ਦਾ ਮੰਨਿਆ ਗਿਆ ਹੈ ਪਰ ਸੰਤ-ਪਰੰਪਰਾ ਦੀ ਉਤਪਤੀ ਅਤੇ ਵਿਕਾਸ ਨੂੰ ਸਮਝਣ ਲਈ ਸਾਨੂੰ ਭਾਰਤ ਦੇ ਪ੍ਰਾਚੀਨ ਜੀਵਨ ਅਤੇ ਸਾਹਿਤ ਵੱਲ ਪਰਤਣਾ ਪਵੇਗਾ। ਪ੍ਰਾਚੀਨ ਵੈਦਿਕ ਸਾਹਿਤ ਦੇ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਪ੍ਰਾਚੀਨ ਭਾਰਤ ਵਾਸੀਆਂ ਦਾ ਜੀਵਨ ਬਹੁਤ ਹੀ ਸਰਲ ਅਤੇ ਉਨ੍ਹਾਂ ਦੇ ਕੰਮ ਵੀ ਬੜੇ ਸਿੱਧੇ-ਸਾਦੇ ਹੁੰਦੇ ਸਨ। ਉਨ੍ਹਾਂ ਦੀ ਧਾਰਮਿਕ ਸਾਧਨਾਂ ਦਾ ਮੁੱਖ ਅੰਗ ਸਨ ਦੇਵਤਾ- ਪੂਜਣ, ਪਿਤਰ-ਪੂਜਣ ਅਤੇ ਯੱਗ। ਆਪਣੀਆਂ ਪ੍ਰਾਰਥਨਾਵਾਂ ਵਿਚ ਭਾਵੇਂ ਉਹ ਕੁਦਰਤ ਦੀਆਂ ਸ਼ਕਤੀਆਂ ਪ੍ਰਤੀ ਆਸਥਾ ਰੱਖਦੇ ਵਿਖਾਈ ਦਿੰਦੇ ਹਨ, ਪਰੰਤੂ ਉਨ੍ਹਾਂ ਦੇ ਜ਼ਿਆਦਾਤਰ ਗੀਤ ਸੰਸਾਰਕ ਸੁਖਾਂ ਦੀ ਕਾਮਨਾ ਕਰਨ ਵਾਲੇ ਹੀ ਸਨ। ਉਨ੍ਹਾਂ ਦੇ ਦੇਵਤੇ ਤਾਕਤਵਰ ਅਤੇ ਸਮਰੱਥਾ ਦੇ ਪ੍ਰਤੀਕ ਹੁੰਦੇ ਸਨ, ਇਸ ਲਈ ਲੋਕਾਂ ਦੀਆਂ ਪ੍ਰਾਰਥਨਾਵਾਂ ਆਮ ਤੌਰ ’ਤੇ ਭੈ ਤੋਂ ਪ੍ਰੇਰਿਤ ਹੋ ਕੇ ਕੀਤੀਆਂ ਗਈਆਂ ਪ੍ਰਾਰਥਨਾਵਾਂ ਹਨ। ਦੇਵਤਿਆਂ ਦੀ ਕਿਰਪਾ, ਹਮਦਰਦੀ ਜਾਂ ਹੋਰ ਅਜਿਹੀਆਂ ਕੋਮਲ ਬਿਰਤੀਆਂ ਪ੍ਰਤੀ ਲੋਕਾਂ ਵਿਚ ਵਿਸ਼ਵਾਸ ਨਹੀਂ ਸੀ ਅਤੇ ਸ਼ਾਇਦ ਇਹੋ ਕਾਰਨ ਸੀ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦੇਵਤਿਆਂ ਨੂੰ ਰਿਝਾਉਣ ਲਈ ਹੀ ਕੀਤੀਆਂ ਜਾਂਦੀਆਂ ਸਨ ਅਤੇ ਯੱਗਾਂ ਦੁਆਰਾ ਪਸ਼ੂਆਂ ਦੀ ਬਲੀ ਦੇਣਾ ਵੀ ਇਸੇ ਰਿਝਾਉਣ ਪ੍ਰਕਿਰਿਆ ਦਾ ਹੀ ਇਕ ਅੰਗ ਸੀ। ਪਿੱਤਰਾਂ ਦੀ ਪੂਜਾ ਵੀ ਕੋਈ ਪਿਤਰਾਂ ਪ੍ਰਤੀ ਮੋਹ ਜਾਂ ਪਿਆਰ ਕਾਰਨ ਨਹੀਂ ਸੀ ਬਲਕਿ ਇਸ ਲਈ ਕਿ ਸਾਡੇ ਪਿੱਤਰ ਸਾਡੇ ਰੋਜ਼ਾਨਾ ਜੀਵਨ ਦੇ ਕੰਮਾਂ-ਕਾਰਾਂ ਵਿਚ ਕੋਈ ਵਿਘਨ ਨਾ ਪਾਉਣ। ਉਸ ਸਮੇਂ ਦੀ ਸਾਧਾਰਨ ਜਨਤਾ ਨੂੰ ਜਾਦੂ-ਟੂਣਿਆਂ ਵਿਚ ਵੀ ਵਿਸ਼ਵਾਸ ਸੀ ਅਤੇ ਅਜਿਹੀ ਧਾਰਨਾ ਵੀ ਸੀ ਕਿ ਮੰਤਰਾਂ ਦੇ ਪ੍ਰਯੋਗ ਨਾਲ ਜ਼ਹਿਰ ਆਦਿ ਦੂਰ ਹੋ ਸਕਦਾ ਹੈ। ਪਰਸ਼ੁ ਰਾਮ ਚਤੁਰਵੇਦੀ ਦੇ ਸ਼ਬਦਾਂ ਵਿਚ: “ਸਾਰਾਂਸ਼ ਇਹ ਹੈ ਕਿ ਸਾਡੇ ਪੂਰਵਜ਼ਾਂ ਦੇ ਲੱਗਭਗ ਸਾਰੇ ਧਾਰਮਿਕ ਕਰਮ ਕੇਵਲ ਇਸੇ ਉਦੇਸ਼ ਨਾਲ ਕੀਤੇ ਜਾਂਦੇ ਸਨ ਕਿ ਸਾਡੇ ਦੈਨਿਕ ਜੀਵਨ ਪੂਰੀ ਤਰ੍ਹਾਂ ਰੁਕਾਵਟਾਂ ਤੋਂ ਬਚ ਕੇ ਪ੍ਰਗਤੀਸ਼ੀਲ ਰਹੇ ਅਤੇ ਸਾਡੇ ਸੰਸਾਰਕ ਸੁਖ ਵਿਚ ਵੀ ਵਾਧਾ ਹੁੰਦਾ ਰਹੇ।”
ਸਮਾਂ ਪਾ ਕੇ ਇਨ੍ਹਾਂ ਪ੍ਰਾਰਥਨਾਵਾਂ ਤੋਂ ਵੱਧ ਮਹੱਤਤਾ ਯੱਗਾਂ ਦੇ ਕਰਮਕਾਂਡਾਂ ਨੂੰ ਦਿੱਤਾ ਜਾਣ ਲੱਗ ਪਿਆ। ਉਪਨਿਸ਼ਦਾਂ ਦੇ ਸਮੇਂ ਵਿਚ ਯੱਗਾਂ ਦੀ ਕਰਮਕਾਂਡੀ ਮਹੱਤਤਾ ਘਟ ਗਈ ਅਤੇ ਇਸੇ ਸਮੇਂ ਵਿਚ ਚਿਰਾਂ ਤੋਂ ਦੱਬੀ ਚਲੀ ਆ ਰਹੀ ਸ਼ਰਮਣ ਸੰਸਕ੍ਰਿਤੀ ਮੁੜ ਜੈਨ ਧਰਮ ਅਤੇ ਬੁੱਧ ਧਰਮ ਦੇ ਰੂਪ ਵਿਚ ਸੁਰਜੀਤ ਹੋ ਉੱਠੀ। ਬੁੱਧ ਧਰਮ ਨੇ ਵੈਦਿਕ ਕਰਮਕਾਂਡ, ਯੱਗਾਂ ਅਤੇ ਇਨ੍ਹਾਂ ਨਾਲ ਸੰਬੰਧਿਤ ਸਾਰੇ ਵਿਧੀ ਵਿਧਾਨਾਂ ਦਾ ਖੰਡਨ ਕੀਤਾ। ਇਥੋਂ ਤਕ ਵੈਦਿਕ ਸਾਧਨਾਵਾਂ ਦਾ ਵਿਰੋਧ ਪ੍ਰਬਲ ਹੋਇਆ ਕਿ ਬੁੱਧ ਧਰਮ ਆਤਮਾ ਪਰਮਾਤਮਾ ਸਭ ਤੋਂ ਇਨਕਾਰੀ ਹੋ ਗਿਆ। ਚਾਰਵਾਕ, ਆਜੀਵਕ ਆਦਿ ਤਾਂ ਬਿਲਕੁਲ ਹੀ ਕਿਸੇ ਕਿਸਮ ਦੀ ਨੈਤਿਕਤਾ ਨੂੰ ਵੀ ਮਹੱਤਵ ਨਹੀਂ ਦਿੰਦੇ ਸਨ ਹਾਲਾਂਕਿ ਬੁੱਧ ਧਰਮ ਅਤੇ ਜੈਨ ਧਰਮ ਮੁੱਖ ਰੂਪ ਵਿਚ ਨੈਤਿਕਤਾਵਾਦੀ ਧਰਮ ਸਨ। ਬੁੱਧ ਨੇ ਸਦਾਚਰਣ ਲਈ ਕਰੜੇ ਅਨੁਸ਼ਾਸਨ ਦਾ ਵਿਧਾਨ ਬਣਾਇਆ ਅਤੇ ਸੰਸਾਰ ਨੂੰ ਦੁੱਖਾਂ ਦਾ ਘਰ ਦੱਸਦੇ ਹੋਏ ਜਿੱਥੇ ਇੱਛਾਵਾਂ ਨੂੰ ਦੁੱਖਾਂ ਦਾ ਕਾਰਨ ਦੱਸਿਆ, ਉਥੇ ਨਾਲ ਹੀ ਨਾਲ ਮਧਿਅਮ ਮਾਰਗ ਦਾ ਵੀ ਪ੍ਰਚਾਰ ਕੀਤਾ। ਬੁੱਧ ਧਰਮ ਲੱਗਭਗ ਸਾਰੇ ਏਸ਼ੀਆ ਵਿਚ ਫੈਲ ਗਿਆ ਅਤੇ ਭਾਰਤ ਦੇ ਕਈ ਰਾਜੇ ਵੀ ਬੋਧੀ ਬਣ ਗਏ।
ਕਾਲਾਂਤਰ ਵਿਚ ਬੁੱਧ ਧਰਮ ਕਰੜੇ ਅਨੁਸ਼ਾਸਨ ਦੀ ਵਜ੍ਹਾ ਕਰਕੇ ਦੋ ਸੰਪਰਦਾਵਾਂ ਵਿਚ ਵੰਡਿਆ ਗਿਆ। ਜਿਹੜੇ ਲੋਕ ਕਰੜੇ ਅਨੁਸ਼ਾਸਨ ਵਿਚ ਢਿੱਲਾਂ ਅਤੇ ਖੁੱਲ੍ਹਾਂ ਲੈਣ ਦੇ ਹਾਮੀ ਸਨ, ਉਹ ਮਹਾਂਯਾਨੀ ਕਹਿਲਾਏ ਅਤੇ ਜਿਹੜੇ ਮੂਲ ਬੁੱਧ ਧਰਮ ਦੇ ਤਪ-ਤਿਆਗ ਅਤੇ ਕਰੜੇ ਸੰਜਮ ਦੇ ਪੈਰੋਕਾਰ ਸਨ, ਉਹ ਹੀਨਯਾਨੀ ਕਹਿਲਾਏ। ਮਹਾਂਯਾਨ ਬਹੁਤ ਜ਼ਿਆਦਾ ਫੈਲਿਆ ਅਤੇ ਕਈ ਸਦੀਆਂ ਤਕ ਹਿੰਦੂ ਧਰਮ ਦੇ ਸੰਪਰਕ ਵਿਚ ਰਹਿਣ ਕਰਕੇ ਇਸ ਦੀ ਪੂਜਾ-ਅਰਚਾ ਵਿਚ ਹਿੰਦੂ ਪ੍ਰਭਾਵ ਆਉਣੇ ਸ਼ੁਰੂ ਹੋ ਗਏ। ਖੁੱਲ੍ਹਾਂ ਲੈਣ ਦੇ ਸੁਭਾਅ ਕਾਰਨ ਅਤੇ ਤੰਤ੍ਰ ਤੇ ਵੈਸ਼ਨਵ ਸੰਪਰਦਾਵਾਂ ਦੇ ਨੇੜੇ ਹੋਣ ਕਾਰਨ ਬੋਧੀ ਜੀਵਨ-ਚਰਯਾ ਵਿਚ ਇਸਤਰੀਆਂ ਦਾ ਪ੍ਰਵੇਸ਼ ਵੀ ਹੋ ਗਿਆ ਅਤੇ ਮਹਾਂਯਾਨੀ ਸਿੱਧਾਂ ਦੀਆਂ ਕਈ ਸੰਪਰਦਾਵਾਂ ਬਣ ਗਈਆਂ ਜਿਹੜੇ ਭੋਗ- ਵਿਲਾਸ ਨੂੰ ਹੀ ਮਹਾਂ ਸੁਖ ਅਤੇ ਸੰਸਾਰ ਤੋਂ ਪਾਰ ਜਾਣ ਦਾ ਸਾਧਨ ਮੰਨਣ ਲੱਗ ਪਏ। ਇਨ੍ਹਾਂ ਸਿੱਧਾਂ ਦਾ ਕਾਵਿ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਵਿਚ ਪਾਇਆ ਜਾਂਦਾ ਹੈ। ਸਿੱਧਾਂ ਦੀਆਂ ਇੰਦ੍ਰਿਆਵੀ ਸੁਖਾਂ ਪ੍ਰਤੀ ਲੀਨਤਾ ਦੇ ਵਿਦਰੋਹ ਵਿਚ ਨਾਥ ਖੜ੍ਹੇ ਹੋਏ ਅਤੇ ਇਨ੍ਹਾਂ ਨੇ ਜਿੱਥੇ ਊਚ-ਨੀਚ ਦੇ ਭੇਦ-ਭਾਵ ਦੇ ਖਿਲਾਫ਼ ਆਵਾਜ਼ ਉਠਾਈ, ਉਥੇ ਨਾਲ ਹੀ ਨਾਲ ਇਸਤਰੀ ਨੂੰ ਨਾਗਿਨ, ਬਾਘਿਨ, ਚੰਡਾਲਨੀ ਆਦਿ ਦੱਸਦੇ ਹੋਏ, ਉਸ ਤੋਂ ਦੂਰ ਰਹਿਣ ਦੇ ਉਪਦੇਸ਼ ਦਿੱਤੇ। ਨਾਥ ਸ੍ਰੀ ਸ਼ਿਵ ਜੀ ਦੀ ਉਪਾਸ਼ਨਾ ਕਰਨ ਵਾਲੇ ਸਨ ਅਤੇ ਇਨ੍ਹਾਂ ਦੀ ਸਾਧਨਾ-ਪੱਧਤੀ ਵਿਚ ਤੰਤ੍ਰ-ਮੰਤ੍ਰ ਅਤੇ ਯੋਗ-ਸਾਧਨਾ ਦਾ ਬਹੁਤ ਮਹੱਤਵ ਸੀ। ਇਸੇ ਲਈ ਇਨ੍ਹਾਂ ਨੂੰ ਯੋਗੀ ਵੀ ਕਿਹਾ ਜਾਂਦਾ ਸੀ।
ਈਸਵੀ ਸੰਨ ਦੇ ਪਹਿਲੇ ਦਹਾਕੇ ਦੀਆਂ ਪਹਿਲੀਆਂ ਸਦੀਆਂ ਵਿਚ ਮਹਾਂਯਾਨੀ ਬੁੱਧ ਧਰਮ ਅਤੇ ਵੈਸ਼ਨਵ, ਸ਼ੈਵ ਮੱਤਾਂ ਦੇ ਮੇਲ-ਮਿਲਾਪ ਸਦਕਾ ਜਿਹੜਾ ਤੰਤ੍ਰ-ਮੰਤ੍ਰਾਂ ਨਾਲ ਪਰਿਪੂਰਨ ਸਿੱਧ ਮੱਤ ਅਤੇ ਬਾਅਦ ਵਿਚ ਨਾਥ ਮੱਤ ਪ੍ਰਚੱਲਤ ਹੋ ਕੇ ਵਿਆਪਕ ਰੂਪ ਵਿਚ ਪ੍ਰਭਾਵਸ਼ਾਲੀ ਰਿਹਾ ਸੀ ਉਹ ਦਸਵੀਂ ਸਦੀ ਤਕ ਸਮਾਪਤੀ ਵੱਲ ਵਧ ਰਿਹਾ ਸੀ ਅਤੇ ਹੁਣ ਉਹ ਸੰਤ-ਭਗਤਾਂ ਦੇ ਮੱਤਾਂ-ਮਤਾਂਤਰਾਂ ਦੇ ਰੂਪ ਵਿਚ ਦੱਖਣ ਵੱਲ ਵਧ ਚੁੱਕਾ ਸੀ। ਦੱਖਣ ਭਾਰਤ ਵਿਚ ਪਹਿਲਾਂ ਕੁਝ ਅਜਿਹੇ ਸੰਤ ਸਾਹਮਣੇ ਆਏ ਜਿਹੜੇ ਸ਼ਾਇਦ ਬਹੁਤਾ ਪੜ੍ਹੇ-ਲਿਖੇ ਨਹੀਂ ਸਨ ਅਤੇ ਇਨ੍ਹਾਂ ਵਿੱਚੋਂ ਬਹੁਤੇ ਤਾਮਿਲ ਪ੍ਰਦੇਸ਼ ਦੇ ਨਿਵਾਸੀ ਸਨ। ਇਨ੍ਹਾਂ ਦਾ ਜੀਵਨ ਬਹੁਤ ਹੀ ਸਿੱਧਾ-ਸਾਦਾ ਅਤੇ ਸਰਲ ਸੀ ਅਤੇ ਇਨ੍ਹਾਂ ਦੀ ਸਾਧਨਾ ਗੀਤਾ ਅਤੇ ਭਜਨਾਂ ਦੇ ਗਾਇਨ ਤਕ ਹੀ ਸੀਮਿਤ ਸੀ। ਇਨ੍ਹਾਂ ਵਿੱਚੋਂ ਕੁਝ ਨੂੰ ‘ਆਡਵਾਰ’ ਕਿਹਾ ਜਾਂਦਾ ਸੀ। ਆਡਵਾਰ ਅਜਿਹੇ ਮਹਾਤਮਾ ਨੂੰ ਸਮਝਿਆ ਜਾਂਦਾ ਸੀ, ਜਿਸ ਨੇ ਈਸ਼ਵਰੀ ਗਿਆਨ ਅਤੇ ਭਗਤੀ ਦੇ ਸਮੁੰਦਰ ਵਿਚ ਪੂਰਨ ਇਸ਼ਨਾਨ ਕਰ ਲਿਆ ਹੋਵੇ ਅਤੇ ਜਿਹੜਾ ਨਿਰੰਤਰ ਪਰਮਾਤਮਾ ਦੇ ਧਿਆਨ ਵਿਚ ਹੀ ਲੀਨ ਰਹਿੰਦਾ ਹੋਵੇ। ਬਾਅਦ ਵਿਚ ‘ਸੰਤ’ ਸ਼ਬਦ ਦੀ ਤਰ੍ਹਾਂ ‘ਆਡਵਾਰ’ ਸ਼ਬਦ ਵੀ ਕੇਵਲ ਅਜਿਹੇ ਭਗਤਾਂ ਲਈ ਹੀ ਪੱਕਾ ਹੋ ਗਿਆ। ਇਨ੍ਹਾਂ ਦੀ ਸੰਖਿਆ 12 ਸੀ ਅਤੇ ਇਹ ਦੱਖਣ ਭਾਰਤ ਦੇ ਭਿੰਨ-ਭਿੰਨ ਸਥਾਨਾਂ ਦੇ ਨਿਵਾਸੀ ਸਨ। ਇਨ੍ਹਾਂ ਦਾ ਕੋਈ ਸੰਪ੍ਰਦਾਇਕ ਸਿਲਸਿਲਾ ਤਾਂ ਨਹੀਂ ਸੀ ਪਰੰਤੂ ਇਨ੍ਹਾਂ ਦੀ ਅਧਿਆਤਮਕ ਮਨੋ-ਬਿਰਤੀ ਲੱਗਭਗ ਇੱਕੋ ਜਿਹੀ ਸੀ ਅਤੇ ਇਨ੍ਹਾਂ ਦਾ ਈਸ਼ਵਰ-ਪ੍ਰੇਮ ਅਤੇ ਵਿਸ਼ਵ-ਪ੍ਰੇਮ ਦਾ ਪ੍ਰਚਾਰ ਦਾ ਢੰਗ ਲੱਗਭਗ ਇਕ ਹੀ ਸੀ। ਆਪਣੇ ਅਧਿਆਤਮਕ ਅਨੁਭਵਾਂ ਦੇ ਆਧਾਰ ’ਤੇ ਜਿਨ੍ਹਾਂ ਪਦਾਂ ਦੀ ਇਨ੍ਹਾਂ ਰਚਨਾ ਕੀਤੀ, ਉਨ੍ਹਾਂ ਦਾ ਇਕ ਸੰਗ੍ਰਹਿ ਤਾਮਿਲ ਭਾਸ਼ਾ ਵਿਚ ‘ਪ੍ਰਬੰਧਮ’ ਨਾਂ ਨਾਲ ਪ੍ਰਸਿੱਧ ਹੈ। ਤਾਮਿਲ ਪ੍ਰਦੇਸ਼ ਵਿਚ ਇਸ ਪ੍ਰਬੰਧਮ ਨੂੰ ਤਾਮਿਲ ਵੇਦ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਖਾਸ ਧਾਰਮਿਕ ਉਤਸਵਾਂ ਉੱਤੇ ਇਨ੍ਹਾਂ ਦਾ ਪਾਠ ਕੀਤਾ ਜਾਂਦਾ ਹੈ।
ਆਡਵਾਰ ਸੰਤਾਂ ਤੋਂ ਬਾਅਦ ਦੱਖਣ ਭਾਰਤ ਵਿਚ ਪ੍ਰਬੰਧਮ ਤੋਂ ਹੀ ਪ੍ਰਭਾਵਿਤ ਬਹੁਤ ਸਾਰੇ ਸੰਤ ਅਤੇ ਵੈਸ਼ਨਵ ਆਚਾਰਯ ਵੀ ਹੋਏ ਹਨ। ਇਨ੍ਹਾਂ ਵਿਚ ਨਾਥਮੁਨੀ ਸਭ ਤੋਂ ਪਹਿਲੇ ਹਨ, ਜਿਹੜੇ 10ਵੀਂ ਸਦੀ ਵਿਚ ਹੋਏ ਹਨ ਅਤੇ ਇਨ੍ਹਾਂ ਨੇ ਆਡਵਾਰ ਸੰਤਾਂ ਦੇ ਚਾਰ ਹਜ਼ਾਰ ਪਦਾਂ ਨੂੰ ਚਾਰ ਹਿੱਸਿਆਂ ਵਿਚ ਸੰਪਾਦਿਤ ਕੀਤਾ। ਨਾਥਮੁਨੀ ਤੋਂ ਬਾਅਦ ਯਾਮੁਨਾਚਾਰਯ ਅਤੇ ਇਨ੍ਹਾਂ ਤੋਂ ਬਾਅਦ ਰਾਮਾਨੁਜ ਹੋਏ ਹਨ, ਜਿਨ੍ਹਾਂ ਨੇ ਆਡਵਾਰਾਂ ਦੇ ਪ੍ਰਬੰਧਮ ਦਾ ਬੜੀ ਨਿਸ਼ਠਾ ਪੂਰਬਕ ਅਧਿਐਨ ਕੀਤਾ ਅਤੇ ਉੱਤਰੀ ਭਾਰਤ ਤਕ ਪਹੁੰਚ ਕੇ ਅਨੇਕਾਂ ਤੀਰਥਾਂ ਦੀ ਯਾਤਰਾ ਕੀਤੀ। ਇਨ੍ਹਾਂ ਨੇ ਸੰਸਕ੍ਰਿਤ ਵਿਚ ਅਨੇਕਾਂ ਗ੍ਰੰਥਾਂ ਦੀ ਰਚਨਾ ਕੀਤੀ ਅਤੇ ਸ੍ਰੀ ਸੰਪ੍ਰਦਾਇ ਨਾਂ ਦੀ ਇਕ ਸੰਪ੍ਰਦਾ ਚਲਾਈ। ਰਾਮਾਨੁਜ ਵਿਦਵਾਨ ਸਨ ਅਤੇ ਬੇਸ਼ੱਕ ਇਨ੍ਹਾਂ ਨੇ ਇਸਤਰੀ-ਸਿੱਖਿਆ ਨੂੰ ਉਤਸ਼ਾਹਿਤ ਕੀਤਾ ਪਰ ਫਿਰ ਵੀ ਜਾਤ-ਪਾਤ ਨੂੰ ਇਹ ਕਿਸੇ ਸੀਮਾ ਤਕ ਮੰਨਦੇ ਸਨ ਅਤੇ ਮੂਰਤੀ ਪੂਜਾ ਦੇ ਵੀ ਹਾਮੀ ਸਨ। ਭੋਜਨ ਦੇ ਪਕਾਉਣ ਅਤੇ ਖਾਣ ਵਿਚ ਇਸ ਸੰਪ੍ਰਦਾ ਦੇ ਆਪਣੇ ਹੀ ਵਿਸ਼ੇਸ਼ ਕਰੜੇ ਨਿਯਮ ਸਨ। ਇਨ੍ਹਾਂ ਦੇ ਹੀ ਪੰਜਵੇਂ ਥਾਂ ’ਤੇ ਇਨ੍ਹਾਂ ਦੇ ਚੇਲੇ ਰਾਮਾਨੰਦ ਜੀ ਹੋਏ ਜਿਹੜੇ ਇਲਾਹਾਬਾਦ ਦੇ ਨਿਵਾਸੀ ਸਨ। ਭਗਤ ਰਾਮਾਨੰਦ ਜੀ ਨੇ ਵੀ ਫਿਰ-ਤੁਰ ਕੇ ਪ੍ਰਚਾਰ ਕੀਤਾ। ਭੋਜਨ ਪ੍ਰਤੀ ਲੋੜੋਂ ਵੱਧ ਸੁੱਚਮਤਾ ਅਤੇ ਹੋਰ ਕਰਮਕਾਂਡਾਂ ਨੂੰ ਇਹ ਸਵੀਕਾਰ ਨਾ ਕਰ ਸਕੇ ਅਤੇ ਅੰਤ ਵਿਚ ਸ੍ਰੀ ਸੰਪ੍ਰਦਾ ਤੋਂ ਨਿੱਖੜ ਕੇ ਇਨ੍ਹਾਂ ਨੇ ਉਦਾਰ ਬਿਰਤੀ ਵਾਲੀ ਇਕ ਰਾਮਾਨੰਦੀ ਸੰਪ੍ਰਦਾ ਚਲਾਈ। ਇਨ੍ਹਾਂ ਦੇ ਬਾਰ੍ਹਾਂ ਪ੍ਰਮੁੱਖ ਚੇਲਿਆਂ ਵਿੱਚੋਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ ਅਤੇ ਭਗਤ ਸੈਣ ਜੀ ਆਦਿ ਪ੍ਰਸਿੱਧ ਹਨ। ਭਗਤ ਨਾਮਦੇਵ ਜੀ, ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਦੇ ਸਮੇਂ ਤਕ ਭਾਰਤ ਵਿਚ ਮੁਸਲਮਾਨ ਵੀ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੇ ਸਨ। ਪਰ ਮੁਗ਼ਲਾਂ ਦੀ ਆਮਦ ਅਜੇ ਬਾਕੀ ਸੀ।
ਬਾਬਰ ਪਹਿਲਾ ਮੁਗ਼ਲ ਬਾਦਸ਼ਾਹ ਸੀ ਜਿਸ ਨੇ 1526 ਸੰਨ ਵਿਚ ਪਾਨੀਪਤ ਦੇ ਮੈਦਾਨ ਵਿਚ ਇਬਰਾਹੀਮ ਲੋਧੀ ਨੂੰ ਹਰਾ ਕੇ ਭਾਰਤ ਵਿਚ ਮੁਗ਼ਲ ਬਾਦਸ਼ਾਹਤ ਦੀ ਨੀਂਹ ਰੱਖੀ ਸੀ। 9ਵੀਂ, 10ਵੀਂ ਸਦੀ ਤੋਂ ਹੀ ਮੁਸਲਮਾਨ ਹਮਲਾਵਰਾਂ ਦੇ ਨਾਲ ਸੂਫ਼ੀ ਸੰਤਾਂ ਨੇ ਭਾਰਤ ਵਿਚ ਆਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਹ ਨਿਰਗੁਣਮਾਰਗੀ ਸੰਤ ਕੇਵਲ ਗਿਆਨ ਨੂੰ ਹੀ ਪ੍ਰਭੂ-ਮਿਲਣ ਦਾ ਆਧਾਰ ਨਾ ਮੰਨ ਕੇ ਪ੍ਰੇਮ-ਮਾਰਗ ਨੂੰ ਅਪਣਾਉਣ ਦੀ ਗੱਲ ਕਰਦੇ ਸਨ। ਇਨ੍ਹਾਂ ਵਿੱਚੋਂ ਹੀ ਪੰਜਾਬ ਵਿਚ ਚਿਸ਼ਤੀ ਸੰਪ੍ਰਦਾ ਨਾਲ ਸੰਬੰਧਿਤ ਭਗਤ ਫਰੀਦ ਜੀ ਅਤੇ ਬਾਅਦ ਦੇ ਸਾਈਂ ਸ਼ਾਹ ਹੁਸੈਨ, ਸਾਈਂ ਬੁੱਲ੍ਹੇ ਸ਼ਾਹ ਆਦਿ ਅਤੇ ਉੱਤਰ ਪ੍ਰਦੇਸ਼ ਵਿਚ ਕੁਤਬਨ ਮੰਝਨ ਅਤੇ ਮਲਿਕ ਮੁਹੰਮਦ ਜਾਯਸੀ ਆਦਿ ਦਾ ਨਾਂ ਵਿਸ਼ੇਸ਼ ਉਲੇਖ ਕਰਨ ਯੋਗ ਹੈ। ਇਨ੍ਹਾਂ ਸੂਫ਼ੀਆਂ ਨੇ ਭਾਰਤੀ ਕਥਾਨਕਾਂ ਉੱਤੇ ਆਧਾਰਤ ਕਥਾਵਾਂ ਲਿਖ ਕੇ ਜਾਂ ਮੁਕਤਕ ਰੂਪ ਵਿਚ ਵੀ ਰਚਨਾਵਾਂ ਕਰ ਕੇ ਜਾਤ-ਪਾਤ, ਊਚ-ਨੀਚ ਦੇ ਵਿਚਾਰਾਂ ਤੋਂ ਲੋਕਾਂ ਨੂੰ ਮੁਕਤ ਕਰਨ ਦਾ ਪ੍ਰੇਮਪੂਰਨ ਉਪਰਾਲਾ ਕੀਤਾ ਅਤੇ ਇਸ ਤਰ੍ਹਾਂ ਨਾਲ ਇਸਲਾਮ ਦਾ ਵੀ ਪ੍ਰਚਾਰ ਕਰਨ ਵਿਚ ਇਹ ਕਾਫ਼ੀ ਕਾਮਯਾਬ ਹੋਏ।
ਸੰਤਾਂ ਦੀ ਵਿਚਾਰਧਾਰਾ ਉੱਤੇ ਜਿੱਥੇ ਦੱਖਣ ਭਾਰਤੀ ਸੰਤਾਂ ਦਾ, ਉੱਤਰ ਭਾਰਤੀ ਵੈਸ਼ਨਵ ਸੰਪ੍ਰਦਾਵਾਂ ਦਾ, ਨਾਥਾਂ ਦਾ, ਜੋਗੀਆਂ ਦਾ ਕਾਫ਼ੀ ਪ੍ਰਭਾਵ ਪਿਆ ਹੈ ਅਤੇ ਭਗਤ ਜੈਦੇਵ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਾਮਾਨੰਦ ਜੀ, ਭਗਤ ਪੀਪਾ ਜੀ, ਭਗਤ ਸਧਨਾ ਜੀ, ਰੱਜਬਦਾਸ, ਸੁੰਦਰਦਾਸ, ਮਲੂਕਦਾਸ ਆਦਿ ਅਨੇਕਾਂ ਸੰਤਾਂ ਨੇ ਜਿੱਥੇ ਸਮੇਂ ਅਤੇ ਸਥਾਨ ਦੇ ਅਨੁਸਾਰ ਉਸ ਨੂੰ ਅਪਣਾਇਆ ਹੈ ਅਤੇ ਉਸ ਵਿਚ ਆਪਣੀਆਂ ਅਨੁਭੂਤੀਆਂ ਦਾ ਵੀ ਵਿਸ਼ੇਸ਼ ਸਮਾਵੇਸ਼ ਕੀਤਾ ਹੈ, ਉਥੇ ਇਨ੍ਹਾਂ ਉੱਤੇ ਬੁੱਧ ਧਰਮ ਦਾ ਪ੍ਰਭਾਵ ਵੀ ਬੜਾ ਸਪੱਸ਼ਟ ਹੈ। ਬੁੱਧ ਧਰਮ ਨੇ ਤਾਂ ਦਰਅਸਲ ਵੇਦਾਂਤ ਦਰਸ਼ਨ ਦੇ ਮੋਢੀ ਵਿਆਖਿਆਕਾਰ ਸ਼ੰਕਰਾਚਾਰਯ ਨੂੰ ਵੀ ਪ੍ਰਭਾਵਤ ਕੀਤਾ ਹੈ। ਬੁੱਧ ਧਰਮ ਇਕ ਬੁੱਧੀਵਾਦੀ ਧਰਮ ਹੈ ਅਤੇ ਬੁੱਧ ਧਰਮ ਦੀ ਗਿਆਨ ਅਤੇ ਬੌਧਿਕਤਾ ਦੀ ਤੜਪ ਸੰਤਾਂ ਨੂੰ ਬਹੁਤ ਹੀ ਰੁਚੀਕਾਰ ਪ੍ਰਤੀਤ ਹੋਈ ਹੈ। ਨਿਰਗੁਣਵਾਦੀਆਂ ਦੀ ਗਿਆਨ ਆਸਰੀ ਸ਼ਾਖਾ ਦੇ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਆਦਿ ਸੰਤਾਂ ਨੇ ਬਿਬੇਕ ਬੁੱਧੀ ਦੀ ਮਹੱਤਤਾ ਉੱਤੇ ਕਾਫ਼ੀ ਜ਼ੋਰ ਦਿੱਤਾ ਹੈ। ਇਨ੍ਹਾਂ ਸੰਤਾਂ ਨੇ ਜੋ ਕੁਝ ਵੀ ਉਚਾਰਨ ਕੀਤਾ ਹੈ, ਉਹ ਪਰੰਪਰਿਕ ਲੋਕ-ਰੀਤਾਂ ਅਤੇ ਵੇਦ ਵੇਦਾਂਗ ਪ੍ਰਤੀ ਅੰਨ੍ਹੀ ਸ਼ਰਧਾ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਿਚ ਸਹਾਈ ਹੋਇਆ ਹੈ। ਵੈਦਿਕ ਕਰਮਕਾਂਡ ਪ੍ਰਤੀ ਵੀ ਇਨ੍ਹਾਂ ਸੰਤਾਂ ਦੇ ਮੱਤ ਵਿਚ ਤਿੱਖਾ ਕਟਾਕਸ਼ ਮਿਲਦਾ ਹੈ। ਸੰਤਾਂ ਦੇ ਇਸ ਬੁੱਧੀਵਾਦ ਨੇ ਹੀ ਬਾਅਦ ਵਿਚ ਕਈ ਕ੍ਰਾਂਤੀਕਾਰੀ ਬਦਲਾਵ ਲਿਆਉਣ ਵਿਚ ਸਹਾਇਤਾ ਕੀਤੀ ਹੈ। ਭਗਤ ਕਬੀਰ ਜੀ ਨੇ ਤਾਂ ਖੁੱਲ੍ਹਮ-ਖੁੱਲ੍ਹਾ ਕਾਜ਼ੀ, ਮੁੱਲਾਂ ਤੇ ਪੰਡਿਤ ਆਦਿ ਦੀਆਂ ਕਰਮਕਾਂਡੀ ਤੇ ਫੋਕਟ ਰੀਤਾਂ ਨੂੰ ਤਿਆਗਣ ਅਤੇ ਉਸ ਦੇ ਉਲਟ ਚੱਲਣ ਦੀ ਸਲਾਹ ਦਿੱਤੀ ਹੈ:
ਪੰਡਿਤ ਮੁਲਾਂ ਜੋ ਲਿਖਿ ਦੀਆ॥
ਛਾਡਿ ਚਲੇ ਹਮ ਕਛੂ ਨ ਲੀਆ॥(ਪੰਨਾ 1159)
ਇਨ੍ਹਾਂ ਸਭ ਨੇ ਇਕ ਪਰਮਾਤਮਾ ਪ੍ਰਤੀ ਸਮਰਪਣ, ਸਰਬਾਂਗੀ ਭਾਈਚਾਰੇ ਅਤੇ ਜਾਤ-ਪਾਤ ਦੇ ਖਿਲਾਫ਼ ਆਵਾਜ਼ ਉਠਾਈ। ਇਨ੍ਹਾਂ ਦੀ ਆਵਾਜ਼ ਦਾ ਕੁਝ ਅਸਰ ਹੋਇਆ ਵੀ ਅਵੱਸ਼ ਪਰ ਜਿੰਨੀ ਕੁ ਕਰਾਰੀ ਚੋਟ ਦੀ ਲੋੜ ਉਸ ਸਮੇਂ ਦੇ ਧਾਰਮਿਕ ਅਤੇ ਸਮਾਜਿਕ ਢਾਂਚੇ ਨੂੰ ਸੀ, ਉਨ੍ਹਾਂ ਕੁਝ ਇਹ ਨਾ ਕਰ ਸਕੇ। ਪ੍ਰਸਿੱਧ ਇਤਿਹਾਸਕਾਰ ਜੇ.ਡੀ. ਕਨਿੰਘਮ ਦੇ ਸ਼ਬਦਾਂ ਵਿਚ ਇਸ ਤੱਥ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ-
“ਰਾਮਾਨੰਦ ਅਤੇ ਗੋਰਖ ਨੇ ਧਾਰਮਿਕ ਏਕਤਾ ਦਾ ਉਪਦੇਸ਼ ਦਿੱਤਾ। ਚੈਤੰਨਯ ਨੇ ਉਸ ਧਰਮ ਦਾ ਪ੍ਰਤੀਪਾਦਨ ਕੀਤਾ, ਜਿਸ ਨਾਲ ਜਾਤਾਂ ਆਮ ਪੱਧਰ ’ਤੇ ਆਈਆਂ। ਭਗਤ ਕਬੀਰ ਜੀ ਨੇ ਮੂਰਤੀ ਪੂਜਾ ਦੀ ਮਨਾਹੀ ਕੀਤੀ ਅਤੇ ਆਪਣਾ ਸੰਦੇਸ਼ ਲੋਕ-ਭਾਸ਼ਾ ਵਿਚ ਸੁਣਾਇਆ। ਵਲਭਾਚਾਰਯ ਨੇ ਆਪਣੀਆਂ ਸਿੱਖਿਆਵਾਂ ਵਿਚ ਭਗਤੀ ਅਤੇ ਧਰਮ ਦਾ ਤਾਲ-ਮੇਲ ਸਥਾਪਿਤ ਕੀਤਾ। ਪਰ ਇਹ ਮਹਾਨ ਸੁਧਾਰਕ ਜੀਵਨ ਦੀ ਖਿਨਭੰਗਰਤਾ ਤੋਂ ਏਨੇ ਜ਼ਿਆਦਾ ਪ੍ਰਭਾਵਿਤ ਸਨ ਕਿ ਉਨ੍ਹਾਂ ਦੇ ਪ੍ਰਚਾਰ ਦਾ ਉਦੇਸ਼ ਕੇਵਲ ਬ੍ਰਾਹਮਣ ਵਰਗ ਦੀ ਮਲਕੀਅਤ ਤੋਂ ਛੁਟਕਾਰਾ ਦਿਵਾਉਣਾ, ਮੂਰਤੀ ਪੂਜਾ ਅਤੇ ਬਹੁਦੇਵ ਵਾਦ ਦੀ ਸਥੂਲਤਾ ਦਿਖਾਉਣਾ ਹੀ ਸੀ। ਉਨ੍ਹਾਂ ਨੇ ਵੈਰਾਗੀ ਅਤੇ ਸ਼ਾਂਤ ਪੁਰਸ਼ਾਂ ਦਾ ਸੰਗਠਨ ਤਾਂ ਕੀਤਾ ਅਤੇ ਆਤਮ-ਆਨੰਦ ਦੀ ਪ੍ਰਾਪਤੀ ਲਈ ਆਪਣਾ ਸਭ ਕੁਝ ਤਿਆਗ ਦਿੱਤਾ ਪਰ ਆਪਣੇ ਭਰਾਵਾਂ ਨੂੰ ਸਮਾਜਿਕ ਅਤੇ ਧਾਰਮਿਕ ਬੰਧਨਾਂ ਨੂੰ ਤੋੜਨ ਦਾ ਅਜਿਹਾ ਉਪਦੇਸ਼ ਨਾ ਦੇ ਸਕੇ, ਜਿਸ ਨਾਲ ਅਜਿਹੇ ਸਮਾਜ ਦਾ ਨਿਰਮਾਣ ਹੁੰਦਾ ਹੈ, ਜਿਹੜਾ ਰੂੜ੍ਹੀਵਾਦੀ ਪਰੰਪਰਾਵਾਂ ਅਤੇ ਆਡੰਬਰਾਂ ਤੋਂ ਵਿਹੀਨ ਹੁੰਦਾ ਹੈ। ਉਨ੍ਹਾਂ ਆਪਣੇ ਮੱਤਾਂ ਵਿਚ ਤਰਕ-ਵਿਤਰਕ, ਵਾਦ-ਵਿਵਾਦ ਉੱਤੇ ਤਾਂ ਵਿਸ਼ੇਸ਼ ਬਲ ਦਿੱਤਾ ਪਰ ਅਜਿਹੇ ਉਪਦੇਸ਼ ਨਾ ਦਿੱਤੇ, ਜਿਹੜੇ ਰਾਸ਼ਟਰ-ਨਿਰਮਾਣ ਦਾ ਬੀਜ ਬੀਜਣ ਦਾ ਕੰਮ ਕਰਦੇ। ਇਹੋ ਕਾਰਨ ਹੈ ਕਿ ਉਨ੍ਹਾਂ ਦੀਆਂ ਸੰਪ੍ਰਦਾਵਾਂ ਵਿਕਸਿਤ ਨਾ ਹੋਈਆਂ ਅਤੇ ਉਥੇ ਦੀਆਂ ਉਥੇ ਹੀ ਰਹਿ ਗਈਆਂ।” (ਹਿਸਟਰੀ ਆਫ ਦ ਸਿਖਸ, ਪੰਨਾ 38)
ਸੰਤ-ਭਗਤ ਪਰੰਪਰਾ ਵਿੱਚੋਂ ਉਨ੍ਹਾਂ ਸੰਤਾਂ/ਭਗਤਾਂ ਨੂੰ ਸਦੀਵਤਾ ਪ੍ਰਾਪਤ ਹੋਈ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।
ਲੇਖਕ ਬਾਰੇ
ਡਾ. ਜੋਧ ਸਿੰਘ ਜੀ (15-05-1942 ਤੋਂ 20-06-2021) ਨੇ ਸਿੱਖ ਅਕਾਦਮਿਕ ਜਗਤ ਵਿਚ ਵੱਖਰੀ ਪਛਾਾਣ ਕਾਇਮ ਕੀਤੀ ਹੈ। ਇਹਨਾਂ ਨੇ ਸਿੱਖ ਧਰਮ ਅਧਿਐਨ ਦਾ ਮੂਲ ਆਧਾਰ ਮੰਨੇ ਜਾਂਦੇ ਸ੍ਰੀ ਗੁਰੂ ਗ੍ਰੰਥ ਗ੍ਰੰਥ ਸਾਹਿਬ, ਵਾਰਾਂ ਭਾਈ ਗੁਰਦਾਸ ਜੀ ਅਤੇ ਸ੍ਰੀ ਦਸਮ ਗ੍ਰੰਥ ਦਾ ਅਨੁਵਾਦ ਕਰਕੇ ਇਸ ਨੂੰ ਹੋਰਨਾਂ ਲੋਕਾਂ ਤੱਕ ਲਿਜਾਣ ਦਾ ਕਾਰਜ ਕੀਤਾ। ਸਿੱਖ ਧਰਮ ਅਧਿਐਨ ਦੇ ਖੇਤਰ ਵਿਚ ਕਾਰਜ ਕਰਦੇ ਹੋਏ ਡਾ. ਸਾਹਿਬ ਨੇ ਗੁਰਬਾਣੀ ਅਤੇ ਗੁਰਮਤਿ ਦਰਸ਼ਨ ਨੂੰ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਰਾਹੀਂ ਆਮ ਲੋਕਾਂ ਤੱਕ ਲਿਜਾਣ ਦਾ ਸਫ਼ਲ ਯਤਨ ਕੀਤਾ। ਡਾ. ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿਧ ਗੋਸਟਿ 'ਤੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਆਪਣੀ ਪੀ-ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਇਸ ਅਧਿਐਨ ਨੂੰ ਬਹੁਤ ਭਾਵਪੂਰਤ ਤਰੀਕੇ ਨਾਲ ਅਕਾਦਮਿਕ ਜਗਤ ਵਿਚ ਸਥਾਪਿਤ ਕੀਤਾ। ਇਸ ਤੋਂ ਇਲਾਵਾ ਜਪੁਜੀ ਸਾਹਿਬ, ਆਸਾ ਦੀ ਵਾਰ, ਸੁਖਮਨੀ ਸਾਹਿਬ, ਵਾਰਾਂ ਭਾਈ ਗੁਰਦਾਸ ਜੀ, ਬਚਿਤ੍ਰ ਨਾਟਕ ਆਦਿ ਇਹਨਾਂ ਦੇ ਮਨ-ਭਾਉਂਦੇ ਵਿਸ਼ੇ ਸਨ ਜਿਨ੍ਹਾਂ 'ਤੇ ਬਹੁਤ ਹੀ ਸਰਲਤਾ ਅਤੇ ਸਪਸ਼ਟਤਾ ਨਾਲ ਘੰਟਿਆਂ ਬੱਧੀ ਬੋਲ ਸਕਦੇ ਸਨ ਅਤੇ ਸੁਣਨ ਵਾਲੇ ਨੂੰ ਕਦੇ ਅਕੇਵਾਂ ਨਹੀਂ ਸੀ ਹੁੰਦਾ।
- ਡਾ. ਜੋਧ ਸਿੰਘhttps://sikharchives.org/kosh/author/%e0%a8%a1%e0%a8%be-%e0%a8%9c%e0%a9%8b%e0%a8%a7-%e0%a8%b8%e0%a8%bf%e0%a9%b0%e0%a8%98/November 1, 2007
- ਡਾ. ਜੋਧ ਸਿੰਘhttps://sikharchives.org/kosh/author/%e0%a8%a1%e0%a8%be-%e0%a8%9c%e0%a9%8b%e0%a8%a7-%e0%a8%b8%e0%a8%bf%e0%a9%b0%e0%a8%98/November 1, 2008