editor@sikharchives.org

ਸੰਤ ਸਿਪਾਹੀ ਮਹਾਨ ਅਜ਼ਾਦੀ ਘੁਲਾਟੀਏ ਬਾਬਾ ਮਹਾਰਾਜ ਸਿੰਘ ਜੀ

ਪੰਜਾਬੀ ਖੇਤ ਵਿਚ, ਖੇਡ ਦੇ ਮੈਦਾਨ ਵਿਚ, ਧਰਮ-ਅਸਥਾਨ ਵਿਚ, ਮੈਦਾਨ- ਏ-ਜੰਗ ਵਿਚ ਤਥਾ ਜਿੱਥੇ ਕਿਧਰੇ ਵੀ ਵਿਚਰ ਰਿਹਾ ਹੈ, ਉਸ ਦੀ ਸ਼ਖ਼ਸੀਅਤ ਦਾ ਸਰਬਪੱਖੀ ਰੂਪ ਸਾਹਮਣੇ ਪ੍ਰਗਟ ਹੋ ਹੀ ਜਾਂਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਅਜ਼ਾਦੀ ਮਨੁੱਖ ਦਾ ਜਮਾਂਦਰੂ ਹੱਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਮੇਤ ਦਸ ਗੁਰੂ ਸਾਹਿਬਾਨ ਨੇ ਪੰਜਾਬ ਅਤੇ ਭਾਰਤ ਦੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟਣ ਹਿਤ ਆਪ ਆਪਣੇ ਜੀਵਨ-ਕਾਲ ਦੌਰਾਨ ਅਮਲੀ ਰੂਪ ਵਿਚ ਲੰਮਾ ਸੰਘਰਸ਼ ਕਰ ਕੇ ਅਤੇ ਸ਼ਹੀਦੀਆਂ ਦੇ ਕੇ ਆਪਣੇ ਸਿੱਖ ਸ਼ਰਧਾਲੂਆਂ ਤੇ ਦੇਸ਼ਵਾਸੀਆਂ ਨੂੰ ਹੱਕ, ਸੱਚ, ਨਿਆਂ ਅਤੇ ਅਜ਼ਾਦੀ ਲਈ ਸੰਘਰਸ਼ਸ਼ੀਲ ਹੋਣ ਦਾ ਮਾਰਗ ਦਰਸਾਇਆ। ਗੁਰੂ ਸਾਹਿਬਾਨ ਨੇ ਮਨੁੱਖ ਨੂੰ ਸਮਾਜਿਕ, ਧਾਰਮਿਕ, ਆਰਥਕ ਅਤੇ ਰਾਜਨੀਤਕ ਤੌਰ ’ਤੇ ਅਜ਼ਾਦ ਕਰਾਉਣ ਲਈ ਇਕ ਨਵੀਂ, ਨਿਵੇਕਲੀ ਤੇ ਮੁਕੰਮਲ ‘ਗੁਰਮਤਿ ਵਿਚਾਰਧਾਰਾ’ ਦਿੱਤੀ ਜੋ ਮਨੁੱਖ ਦੀ ਸ਼ਖ਼ਸੀਅਤ ਦੀ ਸੰਪੂਰਨ ਉਸਾਰੀ ਦੀ ਜ਼ਾਮਨ ਹੈ। ਇਸ ਵਿਚਾਰ ਨੂੰ ਸਭ ਤੋਂ ਵੱਧ ਪੰਜਾਬ ਦੀ ਧਰਤੀ ਨੇ ਆਪਣੇ ਅੰਦਰ ਸਮੋਇਆ, ਸੰਭਾਲਿਆ ਤੇ ਪ੍ਰਫੁੱਲਤ ਕੀਤਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਪੰਜਾਬੀਆਂ ਨੇ ਹਮੇਸ਼ਾਂ ਹੀ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟਣ, ਅਜ਼ਾਦ ਅਤੇ ਖੁੱਲ੍ਹਾ-ਡੁੱਲ੍ਹਾ ਜੀਵਨ ਜਿਉਣ ਲਈ ਸਰਗਰਮ ਭੂਮਿਕਾ ਨਿਭਾਈ ਹੈ। ਪ੍ਰੋ. ਪੂਰਨ ਸਿੰਘ ਨੇ ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਦੀ ਮਨੋ-ਦਸ਼ਾ ਨੂੰ ਇਉਂ ਬਿਆਨ ਕੀਤਾ ਹੈ:

ਇਹ ਬੇਪ੍ਰਵਾਹ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ, ਮਰਨ ਥੀਂ ਨਹੀਂ ਡਰਦੇ।
ਪਿਆਰ ਨਾਲ ਇਹ ਕਰਨ ਗ਼ੁਲਾਮੀ, ਜਾਨ ਕੋਹ ਆਪਣੀ ਵਾਰ ਦਿੰਦੇ।
ਪਰ ਟੈਂ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾਂ ਮੋਢੇ ’ਤੇ ਉਲਾਰ ਕੇ।

ਪੰਜਾਬੀ ਖੇਤ ਵਿਚ, ਖੇਡ ਦੇ ਮੈਦਾਨ ਵਿਚ, ਧਰਮ-ਅਸਥਾਨ ਵਿਚ, ਮੈਦਾਨ- ਏ-ਜੰਗ ਵਿਚ ਤਥਾ ਜਿੱਥੇ ਕਿਧਰੇ ਵੀ ਵਿਚਰ ਰਿਹਾ ਹੈ, ਉਸ ਦੀ ਸ਼ਖ਼ਸੀਅਤ ਦਾ ਸਰਬਪੱਖੀ ਰੂਪ ਸਾਹਮਣੇ ਪ੍ਰਗਟ ਹੋ ਹੀ ਜਾਂਦਾ ਹੈ। ਪੰਜਾਬੀ ਸਿਪਾਹੀ (ਸਿੱਖ ਸਿਪਾਹੀ) ਦੀ ਦੇਸ਼ ਭਗਤੀ ਦੀ ਭਾਵਨਾ ਅਥਾਹ, ਅਮੁੱਕ ਅਤੇ ਅਸਚਰਜਤਾ ਵਾਲੀ ਹੈ। ਪੰਜਾਬੀ ਦੇ ਨਾਮਵਰ ਕਵੀ ਪ੍ਰੋ. ਮੋਹਨ ਸਿੰਘ ਨੇ ਸਿੱਖ ਸਿਪਾਹੀ, ਜਿਸ ਦਾ ਵਿਆਹ ਥੋੜ੍ਹੇ ਦਿਨ ਪਹਿਲਾਂ ਹੋਇਆ ਹੁੰਦਾ ਹੈ, ਪੰਜਾਬ ਉੱਤੇ ਅੰਗਰੇਜ਼ ਦੇ ਹਮਲੇ ਦੀ ਖ਼ਬਰ ਸੁਣ ਕੇ ਆਪਣੇ ਘੋੜੇ ਉੱਤੇ ਕਾਠੀ ਪਾ ਕੇ ਸਵਾਰ ਹੋ ਕੇ ਮੈਦਾਨ-ਏ-ਜੰਗ ਵਿਚ ਜੂਝਣ ਵਾਸਤੇ ਜਾਣ ਲਈ ਤਿਆਰ ਹੋ ਜਾਂਦਾ ਹੈ। ਉਸ ਦੀ ਸੱਜ ਵਿਆਹੀ ਜੀਵਨ ਸਾਥਣ ਵੱਲੋਂ ਘੋੜੇ ਦੀਆਂ ਵਾਗਾਂ ਫੜ ਕੇ ਰੋਕਣ ਉੱਤੇ ਸਿੱਖ ਸਿਪਾਹੀ ਦੀ ਮਾਨਸਿਕਤਾ ਅਤੇ ਦੇਸ਼ ਪਿਆਰ ਦੇ ਜਜ਼ਬੇ ਬਾਰੇ ਉਹ ਇਉਂ ਆਖਦਾ ਹੈ:

ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ।
ਮੇਰੇ ਦੇਸ਼ ’ਤੇ ਬਣੀ ਏ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ।
ਸਰੂ ਵਰਗੀ ਜਵਾਨੀ ਮੈਂ ਫੂਕਣੀ ਏ, ਬਹਿ ਗਏ ਭੂੰਡ ਜੇ ਆਣ ਗੁਲਾਬ ਉੱਤੇ।

ਅਸਲ ਵਿਚ ਭਾਰਤ ਉੱਤੇ ਪਹਿਲਾ ਹਮਲਾ ਹਜ਼ਰਤ ਮੁਹੰਮਦ ਸਾਹਿਬ ਦੇ ਵਫਾਤ (ਅਕਾਲ ਚਲਾਣੇ) ਤੋਂ 80 ਸਾਲ ਬਾਅਦ 712 ਈਸਵੀ ਵਿਚ ਅਫਗਾਨਿਸਤਾਨ ਦੇ 18 ਸਾਲ ਦੇ ਛੋਕਰੇ ਮੁਹੰਮਦ ਬਿਨ ਕਾਸਮ ਨੇ ਤਕਰੀਬਨ 200 ਘੋੜ ਸਵਾਰਾਂ ਨਾਲ ਕੀਤਾ। ਉਸ ਮਗਰੋਂ ਈਰਾਨ, ਅਫਗਾਨਿਸਤਾਨ, ਇਰਾਕ ਆਦਿ ਨਵੇਂ ਬਣੇ ਇਸਲਾਮੀ ਦੇਸ਼ਾਂ ਵੱਲੋਂ 8ਵੀਂ, 9ਵੀਂ ਅਤੇ 10ਵੀਂ ਸਦੀ ਵਿਚ ਲਗਾਤਾਰ ਹਮਲੇ ਜਾਰੀ ਰਹੇ। ਭਾਰਤ ਉੱਤੇ ਹੋਰਨਾਂ ਤੋਂ ਇਲਾਵਾ 17 ਹਮਲੇ ਮੁਹੰਮਦ ਗੌਰੀ, 12 ਹਮਲੇ ਅਹਿਮਦਸ਼ਾਹ ਅਬਦਾਲੀ ਅਤੇ 4 ਹਮਲੇ ਨਾਦਰ ਸ਼ਾਹ ਨੇ ਕੀਤੇ ਅਤੇ ਇਨ੍ਹਾਂ ਹਮਲਿਆਂ ਸਮੇਂ ਹਿੰਦਵਾਇਣ ਨੂੰ ਬੁਰੀ ਤਰ੍ਹਾਂ ਲੁੱਟਿਆ, ਕੁੱਟਿਆ, ਬੇਇਜ਼ਤ ਕੀਤਾ ਅਤੇ ਘੋੜਿਆਂ ਦੇ ਸੁੰਮਾਂ ਹੇਠ ਦੇਸ਼ ਦੀ ਅਜ਼ਮਤ ਨੂੰ ਲਤਾੜਿਆ ਜਾਂਦਾ ਰਿਹਾ ਅਤੇ ਅੰਤ 1192 ਈ: ਵਿਚ ਦਿੱਲੀ ਤਖ਼ਤ ਉੱਤੇ ਮੁਹੰਮਦ ਗੌਰੀ ਦੇ ਕਬਜ਼ਾ ਕਰਨ ਕਰਕੇ ਇਸਲਾਮੀ ਸ਼ਕਤੀ ਕਾਬਜ਼ ਹੋ ਗਈ ਅਤੇ ਉਨ੍ਹਾਂ ਨੇ ਆਪਣਾ ਰਾਜ ਪ੍ਰਬੰਧ ਸਥਾਪਤ ਕਰ ਲਿਆ। ਸਾਹਸੱਤਹੀਣ ਹੋਏ ਦੇਸ਼ ਵਾਸੀਆਂ ਨੇ ਇਹ ਸਾਰਾ ਕੁਝ ਝੱਲ ਲਿਆ ਅਤੇ ਗ਼ੁਲਾਮੀ ਨੂੰ ਪ੍ਰਵਾਨ ਕਰ ਲਿਆ। 1526 ਈ: ਵਿਚ ਬਾਬਰ ਨੇ ਭਾਰਤ ਉੱਤੇ ਹਮਲਾ ਕੀਤਾ ਜਿਸ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਡਟ ਕੇ ਵਿਰੋਧ ਕੀਤਾ। ਬਾਬਰ ਨੂੰ ਜਾਬਰ ਅਤੇ ਜਮ ਰੂਪ ਕਿਹਾ ਜਿਸ ਕਾਰਨ ਗੁਰੂ ਜੀ ਨੂੰ ਬਾਬਰ ਦੀ ਜੇਲ੍ਹ ਜਾਣਾ ਪਿਆ ਅਤੇ ਚੱਕੀਆਂ ਪੀਸਣੀਆਂ ਪਈਆਂ। ਇਸ ਦੇਸ਼ ਦੀ ਆਜ਼ਾਦੀ ਦੀ ਸ਼ਮ੍ਹਾਂ ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1526 ਈ. ਵਿਚ ਜਗਾਈ। ਬਾਬਰ ਨੇ ਦੇਸ਼ ਉੱਤੇ ਕਬਜ਼ਾ ਕਰ ਲਿਆ। ਉਸ ਪਿੱਛੋਂ ਉਸ ਦਾ ਪੁੱਤਰ ਹਮਾਯੂੰ ਤਖ਼ਤ ਉੱਤੇ ਬੈਠਾ ਪਰੰਤੂ ਉਸ ਨੂੰ ਸ਼ੇਰ ਸ਼ਾਹ ਸੂਰੀ ਨੇ ਹਰਾ ਕੇ ਭਜਾ ਦਿੱਤਾ। ਕੁਝ ਸਾਲਾਂ ਬਾਅਦ ਹਮਾਯੂੰ ਮੁੜ ਦਿੱਲੀ ਦੇ ਤਖ਼ਤ ਉਤੇ ਕਾਬਜ਼ ਹੋਇਆ। ਇਸ ਤਰ੍ਹਾਂ ਇਕ ਤੋਂ ਬਾਅਦ ਦੂਜਾ ਮੁਗ਼ਲ ਬਾਦਸ਼ਾਹ ਭਾਰਤ ਉੱਤੇ ਰਾਜ ਕਰਦਾ ਰਿਹਾ ਅਤੇ ਦੇਸ਼ ਮੁਗ਼ਲਾਂ ਦਾ ਗ਼ੁਲਾਮ ਰਿਹਾ। ਇਸ ਸਾਰੇ ਸਮੇਂ ਦੌਰਾਨ ਇਸ ਮੁਗ਼ਲਈ ਗ਼ੁਲਾਮੀ ਦੀਆਂ ਜ਼ੰਜੀਰਾਂ ਵੱਢਣ ਅਤੇ ਦੇਸ਼ ਨੂੰ ਅਜ਼ਾਦ ਕਰਾਉਣ ਹਿਤ ਸਿੱਖ ਸੰਘਰਸ਼ ਬਾਦਸਤੂਰ ਜਾਰੀ ਰਿਹਾ ਜਿਸ ਦੌਰਾਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ, ਨੌਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਦਸਮ ਪਾਤਸ਼ਾਹ ਜੀ ਦਾ ਸਰਬੰਸ ਹੀ ਅਤੇ ਹੋਰ ਅਣਗਿਣਤ ਸਿੰਘ, ਸਿੰਘਣੀਆਂ, ਭੁਝੰਗੀਆਂ ਨੂੰ ਸ਼ਹੀਦ ਕੀਤਾ ਗਿਆ। ਇਹ ਸਾਰਾ ਇਤਿਹਾਸ ਕੇਵਲ ਅਤੇ ਕੇਵਲ ਸਿੱਖ ਕੌਮ ਦੇ ਹਿੱਸੇ ਹੀ ਆਇਆ ਹੈ। ਦੁਨੀਆਂ ਦੀਆਂ ਵੱਡੀਆਂ- ਵੱਡੀਆਂ ਕੌਮਾਂ ਦਾ ਇਤਿਹਾਸ ਸਿੱਖਾਂ ਦੇ ਸੰਘਰਸ਼ੀ ਇਤਿਹਾਸ ਸਾਹਮਣੇ ਊਣਾ ਅਤੇ ਬੌਣਾ ਹੋ ਕੇ ਰਹਿ ਜਾਂਦਾ ਹੈ। 7 ਅਗਸਤ 1708 ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ੁਲਮੀ ਮੁਗ਼ਲ ਰਾਜ ਉੱਤੇ ਚੜ੍ਹਾਈ ਕਰ ਦਿੱਤੀ ਅਤੇ ਤਕਰੀਬਨ ਪੌਣੇ ਦੋ ਸਾਲ ਦੇ ਥੋੜ੍ਹੇ ਜਿਹੇ ਸਮੇਂ ਅੰਦਰ ਜਮਨਾ ਦੇ ਕਿਨਾਰੇ ਤੋਂ ਲੈ ਕੇ ਦਰਿਆ ਰਾਵੀ ਦੇ ਕਿਨਾਰੇ ਤੀਕ ਦਾ ਇਲਾਕਾ ਫਤਹਿ ਕਰ ਕੇ ਇਥੇ ਖਾਲਸੇ ਤਥਾ ਪੰਜਾਬੀਆਂ ਦਾ ਰਾਜ ਪ੍ਰਬੰਧ ਕਾਇਮ ਕਰ ਦਿੱਤਾ ਜੋ ਦਸੰਬਰ 1715 ਈ: ਤੀਕ ਕਾਇਮ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰੀ ਉਪਰੰਤ 9 ਜੂਨ 1716 ਈ: ਨੂੰ ਸ਼ਹੀਦ ਕੀਤਾ ਗਿਆ। ਇਸ ਉਪਰੰਤ ਪੂਰੇ ਭਾਰਤ ਉੱਤੇ ਮੁੜ ਇਸਲਾਮੀ ਰਾਜ ਕਾਇਮ ਹੋ ਗਿਆ। ਉਪਰੰਤ ਜਲਦੀ ਹੀ ਉਦੋਂ ਦੇ ਪੁਰਾਣੇ ਪੰਜਾਬ ਅੰਦਰ ਸਿੱਖ ਮਿਸਲਾਂ ਹੋਂਦ ਵਿਚ ਆ ਗਈਆਂ ਅਤੇ ਦਲ ਖਾਲਸਾ ਦੇ ਰੂਪ ਵਿਚ ਖਾਲਸਾ ਪੰਥ ਮੁਗ਼ਲ ਰਾਜ ਦੀ ਗ਼ੁਲਾਮੀ ਖ਼ਤਮ ਕਰ ਕੇ ਦੇਸ਼ ਨੂੰ ਅਜ਼ਾਦ ਕਰਾਉਣ ਹਿਤ ਲੜਦਾ ਅਤੇ ਸ਼ਹੀਦੀਆਂ ਦਿੰਦਾ ਰਿਹਾ। ਲੰਮੇ ਸਮੇਂ ਤੀਕ ਅਣਗਿਣਤ ਸਿੰਘ, ਸਿੰਘਣੀਆਂ ਅਤੇ ਭੁਝੰਗੀ ਮੁਗ਼ਲਾਂ ਦੇ ਅਸਹਿ ਅਤੇ ਅਕਹਿ ਤਸੀਹੇ ਝੱਲਦੇ ਅਤੇ ਪਰਵਾਰਾਂ ਸਮੇਤ ਜੰਗਲਾਂ ਵਿਚ ਰਹਿੰਦਿਆਂ ਦੇਸ਼ ਦੀ ਅਜ਼ਾਦੀ ਲਈ ਆਪਣਾ ਸੰਘਰਸ਼ ਜਾਰੀ ਰੱਖਦੇ ਰਹੇ। ਇਨ੍ਹਾਂ ਸਮਿਆਂ ਦੌਰਾਨ 1746 ਦਾ ਛੋਟਾ ਘੱਲੂਘਾਰਾ (ਕਾਹਨੂੰਵਾਨ ਛੰਭ) ਜ਼ਿਲ੍ਹਾ ਗੁਰਦਾਸਪੁਰ ਅਤੇ 1762 ਦਾ ਵੱਡਾ ਘੱਲੂਘਾਰਾ (ਕੁੱਪ ਰਹੀੜਾ) ਜ਼ਿਲ੍ਹਾ ਸੰਗਰੂਰ ਦਾ ਹੋਇਆ ਜਿਨ੍ਹਾਂ ਵਿਚ ਸਿੰਘਾਂ ਦੀਆਂ ਹਜ਼ਾਰਾਂ ਜਾਨਾਂ ਦੇਸ਼ ਅਤੇ ਕੌਮ ਦੀ ਅਜ਼ਾਦੀ ਦੀ ਸ਼ਮ੍ਹਾਂ ਉੱਤੇ ਕੁਰਬਾਨ ਹੋ ਗਈਆਂ। ਅੰਤ 1799 ਦੀ 7 ਜੁਲਾਈ ਸ਼ੁੱਕਰਚੱਕੀਆ ਮਿਸਲ ਦੇ ਜਥੇਦਾਰ 19 ਸਾਲਾ ਰਣਜੀਤ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਜਮਾਨ ਨੂੰ ਹਰਾ ਕੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਅਤੇ ਸਿੱਖ ਰਾਜ ਤਥਾ ਪੰਜਾਬੀਆਂ ਭਾਰਤੀਆਂ ਦੇ ਰਾਜ ਦੀ ਨੀਂਹ ਰੱਖ ਦਿੱਤੀ। ਕੁਝ ਸਮੇਂ ਵਿਚ ਹੀ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਵੱਡੇ ਵਿਸ਼ਾਲ ਰਾਜ ਨੂੰ ਕਾਇਮ ਕਰ ਲਿਆ। ਮੁਗ਼ਲਾਂ ਤੋਂ ਬਾਅਦ ਭਾਵੇਂ ਬਾਕੀ ਦੇਸ਼ ਅੰਗ੍ਰੇਜ਼ ਦੀ ਈਸਟ ਇੰਡੀਆ ਕੰਪਨੀ ਫਿਰ ਸਿੱਧੇ ਹੀ ਵਲਾਇਤ ਦੀ ਸਰਕਾਰ ਦੇ ਤਹਿਤ ਅੰਗ੍ਰੇਜ਼ ਦੇ ਅਧੀਨ ਹੋ ਗਿਆ ਸੀ ਪਰੰਤੂ ਪੰਜਾਬ ਡੋਗਰਿਆਂ ਦੀ ਮੱਕਾਰੀ ਅਤੇ ਅੰਗ੍ਰੇਜ਼ ਦੀ ਸਤਲੁਜ ਦੇ ਕੰਢੇ 1809 ਦੀ ਸੰਧੀ ਤੋਂ ਮੁਨਕਰ ਹੋ ਕੇ ਅਤਿ ਦਰਜੇ ਦੀ ਘਿਨਾਉਣੀ, ਗ਼ੈਰ ਇਖ਼ਲਾਕੀ ਅਤੇ ਵਿਸ਼ਵਾਸਘਾਤੀ ਕਾਰਵਾਈ ਕਾਰਨ ਪੂਰਾ ਪੰਜਾਬ 29 ਮਾਰਚ 1849 ਨੂੰ ਅੰਗ੍ਰੇਜ਼ ਦਾ ਗ਼ੁਲਾਮ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਛੋਟੀ ਮਹਾਰਾਣੀ ਜਿੰਦ ਕੌਰ ਅੰਗ੍ਰੇਜ਼ ਦੀ ਕੈਦ ਵਿਚ ਹੋਣ ਦੇ ਬਾਵਜੂਦ ਸ. ਸ਼ੇਰ ਸਿੰਘ ਅਟਾਰੀਵਾਲੇ, ਦੀਵਾਨ ਮੂਲ ਰਾਜ ਆਦਿ ਅੰਗ੍ਰੇਜ਼ ਵਿਰੁੱਧ ਸੰਘਰਸ਼ਸ਼ੀਲ ਰਹੇ। ਇਨ੍ਹਾਂ ਸਾਰੇ ਹਾਲਾਤ ਦੇ ਮੱਦੇਨਜ਼ਰ ਅਤੇ ਸਤਿਗੁਰਾਂ ਦੇ ਉਦੇਸ਼ ਅਤੇ ਉਪਦੇਸ਼ ਕਾਰਨ ਭਾਈ ਮਹਾਰਾਜ ਸਿੰਘ ਨੇ ਅੰਗ੍ਰੇਜ਼ ਵਿਰੁੱਧ ਸ਼ਰ੍ਹੇਆਮ ਬਗ਼ਾਵਤ ਕੀਤੀ ਅਤੇ 5 ਜੁਲਾਈ 1856 ਨੂੰ ਸਿੰਗਾਪੁਰ ਦੀ ਜੇਲ੍ਹ ਵਿਚ ਸ਼ਹੀਦੀ ਪਾਈ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਮਗਰੋਂ ਲਾਹੌਰ ਦਰਬਾਰ ਵਿਚ ਜੰਮੂ ਦੇ ਨਮਕਹਰਾਮ ਡੋਗਰਿਆਂ ਦੀ ਸਾਜ਼ਿਸ਼-ਦਰ-ਸਾਜ਼ਿਸ਼ ਕਾਰਨ ਬਹੁਤ ਖ਼ੂਨ ਡੁੱਲ੍ਹਿਆ। ਇਕ ਬਦਕਿਸਮਤ ਦਿਨ ਡੋਗਰੇ ਧਿਆਨ ਸਿੰਘ ਦਾ ਪੁੱਤਰ ਰਾਜਾ ਹੀਰਾ ਸਿੰਘ ਪੰਜਾਬ ਦਾ ਪ੍ਰਧਾਨ ਮੰਤਰੀ ਬਣ ਗਿਆ। ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕੰਵਰ ਕਸ਼ਮੀਰਾ ਸਿੰਘ ਅਤੇ ਸਰਦਾਰ ਅਤਰ ਸਿੰਘ ਸੰਧਾਵਾਲੀਆ ਨੂੰ ਦੇਸ਼ ਪੰਜਾਬ ਤਥਾ ਖਾਲਸਾ ਰਾਜ ਦੇ ਬਾਗ਼ੀ ਕਰਾਰ ਦੇ ਕੇ ਉਨ੍ਹਾਂ ਨੂੰ ਜਿਉਂਦੇ ਜਾਂ ਮੁਰਦੇ ਫੜਨ ਲਈ ਸਮੇਂ ਦੇ ਮਹਾਨ ਸਿੱਖ ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀ ਦੇ ਡੇਰੇ ਉੱਤੇ ਫੌਜ ਚੜ੍ਹਾ ਦਿੱਤੀ। ਫੌਜ ਵੱਲੋਂ ਬਾਬਾ ਵੀਰ ਸਿੰਘ, ਕੰਵਰ ਕਸ਼ਮੀਰਾ ਸਿੰਘ ਸਮੇਤ ਤਿੰਨ ਹਜ਼ਾਰ ਤੋਂ ਵੱਧ ਸਿੰਘ, ਸਿੰਘਣੀਆਂ, ਭੁਝੰਗੀਆਂ ਅਤੇ ਸੈਂਕੜੇ ਹੀ ਮੱਝਾਂ-ਗਾਵਾਂ ਨੂੰ ਤੋਪਾਂ ਦੇ ਗੋਲਿਆਂ ਨਾਲ ਉਡਾ ਦਿੱਤਾ ਗਿਆ। ਬਾਬਾ ਜੀ ਦੇ ਸ਼ਹੀਦ ਹੋਣ ਉਪਰੰਤ ਨੌਰੰਗਾਬਾਦੀ ਸਿੱਖ ਧਾਰਮਿਕ ਸੰਸਥਾ ਦੇ ਮੁਖੀ ਮਹਾਰਾਜ ਸਿੰਘ ਜੀ ਜਥੇਦਾਰ ਬਣੇ।

ਭਾਈ ਮਹਾਰਾਜ ਸਿੰਘ ਦਾ ਜਨਮ 11 ਜਨਵਰੀ ਸੰਨ 1780 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ ਉਚੀ ਵਿਚ ਹੋਇਆ। ਬਾਬਾ ਮਹਾਰਾਜ ਸਿੰਘ ਨੂੰ ਸਿੱਖੀ ਵਿਰਸੇ ਵਿਚ ਹੀ ਮਿਲੀ। ਆਪ ਜੀ ਸਡੌਲ ਸਰੀਰ, ਨਿੱਘੇ ਸੁਭਾਅ, ਮਿੱਠਬੋਲੜੇ, ਉੱਚੇ ਲੰਮੇ ਜੁਆਨ, ਨਿੱਤਨੇਮੀ, ਪੂਰਨ ਗੁਰਸਿੱਖ ਅਤੇ ਬਲਸ਼ਾਲੀ ਯੋਧੇ ਸਨ। ਸੱਚਮੁੱਚ ਹੀ ਉਹ ਸੰਤ ਵੀ ਸਨ ਅਤੇ ਸਿਪਾਹੀ ਵੀ। ਉਨ੍ਹਾਂ ਦਾ ਪਰਵਾਰ ਉਸ ਸਮੇਂ ਦੇ ਮਹਾਨ ਸਿੱਖ ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀ ਨਾਲ ਜੁੜਿਆ ਹੋਇਆ ਸੀ ਜਿਸ ਕਾਰਨ ਬਾਬਾ ਮਹਾਰਾਜ ਸਿੰਘ ਦਾ ਵੀ ਬਾਬਾ ਨੌਰੰਗਾਬਾਦੀ ਜੀ ਨਾਲ ਨੇੜ ਹੋ ਗਿਆ। ਬਾਬਾ ਜੀ ਨੇ ਭਾਈ ਮਹਾਰਾਜ ਸਿੰਘ ਦੀ ਬਿਰਤੀ, ਚਾਲ-ਢਾਲ, ਰਹਿਣੀ-ਬਹਿਣੀ ਅਤੇ ਸ਼ੁੱਧ ਮਿਆਰੀ ਜੀਵਨ ਵੇਖ ਕੇ ਉਨ੍ਹਾਂ ਨੂੰ ਪੂਰਾ ਪਿਆਰ ਅਤੇ ਸਤਿਕਾਰ ਦਿੱਤਾ। ਹੁਣ ਭਾਈ ਮਹਾਰਾਜ ਸਿੰਘ ਬਾਬਾ ਜੀ ਦੇ ਨਿਕਟਵਰਤੀ ਸਿੰਘਾਂ ਵਿੱਚੋਂ ਗਿਣੇ ਜਾਂਦੇ ਸਨ। ਰਾਜਾ ਹੀਰਾ ਸਿੰਘ ਡੋਗਰੇ ਦੇ ਨਾਪਾਕ ਹੁਕਮਾਂ ਦੁਆਰਾ ਬਾਬਾ ਵੀਰ ਸਿੰਘ ਨੌਰੰਗਾਬਾਦੀ ਸ਼ਹੀਦ ਹੋ ਗਏ। ਲਾਹੌਰ ਦਰਬਾਰ ਵਿਚ ਡੋਗਰਿਆਂ ਦੀਆਂ ਸਾਜ਼ਸ਼ਾਂ, ਬਾਬਾ ਵੀਰ ਸਿੰਘ ਜੀ ਦੇ ਡੇਰੇ ਨੂੰ ਤੋਪਾਂ ਨਾਲ ਉਡਾਏ ਜਾਣਾ, ਮੁਦਕੀ, ਫੇਰੂ ਸ਼ਹਿਰ, ਅਲੀਵਾਲ ਅਤੇ ਸਭਰਾਵਾਂ ਦੀਆਂ ਸਿੰਘਾਂ ਅਤੇ ਫਰੰਗੀਆਂ ਦੀਆਂ ਲੜਾਈਆਂ ਸਮੇਂ ਡੋਗਰਿਆਂ ਵੱਲੋਂ ਨਿਭਾਈ ਗਈ ਗਦਾਰਾਂ ਵਾਲੀ ਭੂਮਿਕਾ ਅਤੇ ਅੰਤ 29 ਮਾਰਚ 1849 ਨੂੰ ਅੰਗਰੇਜ਼ਾਂ ਵੱਲੋਂ ਪੰਜਾਬ ਨੂੰ ਜ਼ਬਤ ਕਰਨ ਆਦਿ ਘਟਨਾਵਾਂ ਦਾ ਭਾਈ ਮਹਾਰਾਜ ਸਿੰਘ ਦੇ ਦਿਲ ਉੱਤੇ ਗਹਿਰਾ ਅਸਰ ਸੀ। ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਦੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਅੰਗਰੇਜ਼ਾਂ ਦਾ ਰਾਜ ਸਮਾਪਤ ਕਰ ਕੇ ਦੇਸ਼ ਪੰਜਾਬ ਨੂੰ ਅਜ਼ਾਦ ਕਰਾਉਣ ਲਈ ਫੈਸਲਾ ਕਰ ਲਿਆ। ਉਨ੍ਹਾਂ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉੱਤੇ ਜਾ ਕੇ ਇਹ ਪ੍ਰਣ ਕੀਤਾ: “ਮੈਂ ਆਪਣੀ ਪੂਰੀ ਸ਼ਕਤੀ ਪੂਰਨ ਤੌਰ ’ਪੁਰ ਪਹਿਲਾਂ ਅੰਗਰੇਜ਼ਾਂ ਨੂੰ ਕੱਢਣ ਲਈ ਲਾਵਾਂਗਾ। ਅਖ਼ੀਰਲੇ ਸਵਾਸਾਂ ਤਕ ਇਸ ਧਰਮ ਯੁੱਧ ਵਿਚ ਜੁਟਿਆ ਰਹਾਂਗਾ। ਅੰਗਰੇਜ਼ ਜਾਂ ਕਿਸੇ ਦੇਸ਼ਘਾਤਕ ਅਤੇ ਪੰਜਾਬ ਦੇ ਸਿੱਖ ਰਾਸ਼ਟਰ ਦੇ ਦੁਸ਼ਮਣ ਜਾਂ ਗ਼ੱਦਾਰ ਅੱਗੇ ਹਥਿਆਰ ਨਹੀਂ ਸੁੱਟਾਂਗਾ ਅਤੇ ਗੁਰੂ ਦੀ ਬਖਸ਼ੀ ਹੋਈ ਕਿਰਪਾਨ ਦੀ ਨਿਰਾਦਰੀ ਨਹੀਂ ਕਰਾਂਗਾ।” ਸਤਿਗੁਰਾਂ ਦੇ ਬਖਸ਼ੇ ਸਿਧਾਂਤ ਅਨੁਸਾਰ ਆਪ ਜੀ ਪਾਤਸ਼ਾਹ ਦੀ ਅਸੀਸ ਪ੍ਰਾਪਤ ਕਰਨ ਹਿੱਤ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ। ਪੰਚਮ ਪਾਤਸ਼ਾਹ ਦਾ ਗੁਰਵਾਕ ਹੈ:

ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥
ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ॥
ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ॥ (ਪੰਨਾ 91)

ਤਥਾ 

ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ॥
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ॥ (ਪੰਨਾ 735)

ਇਸ ਤੋਂ ਬਾਅਦ ਉਨ੍ਹਾਂ ਨੇ ਲਾਹੌਰ ਦਰਬਾਰ ਵਿਚ ਮਹਾਰਾਣੀ ਜਿੰਦਾਂ ਨਾਲ ਰਲ ਕੇ ਅੰਗਰੇਜ਼ਾਂ ਨੂੰ ਕੱਢਣ ਦੀਆਂ ਵਿਉਂਤਾਂ ਬਣਾਉਣੀਆਂ ਸ਼ੁਰੂ ਕੀਤੀਆਂ। ਲਾਹੌਰ ਵਿਚ ‘ਪ੍ਰੇਮਾ ਸਾਜ਼ਿਸ਼ ਕੇਸ’ ਦੇ ਮਾਮਲੇ ਵਿਚ ਹੈਨਰੀ ਲਾਰੰਸ ਨੇ ਭਾਈ ਮਹਾਰਾਜ ਸਿੰਘ, ਮਹਾਰਾਣੀ ਜਿੰਦ ਕੌਰ, ਪ੍ਰੇਮਾ ਅਤੇ ਮਹਾਰਾਣੀ ਦੇ ਨਿੱਜੀ ਸਕੱਤਰ ਬੂਟਾ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ। ਇਸ ਸਾਜ਼ਸ਼ ਅਨੁਸਾਰ ਪਹਿਲਾਂ ਦੀਨਾ ਨਾਥ, ਸ. ਸ਼ੇਰ ਸਿੰਘ ਤੇ ਸ. ਤੇਜਾ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਸੀ ਤੇ ਫੇਰ ਕੁਝ ਹੋਰ ਅਫ਼ਸਰਾਂ ਨੂੰ। ਪ੍ਰੇਮੇ ਨੂੰ ਫਾਂਸੀ ਦਾ ਹੁਕਮ ਸੁਣਾਇਆ ਗਿਆ। ਬੂਟਾ ਸਿੰਘ ਭਗੌੜਾ ਹੋ ਗਿਆ ਅਤੇ ਭਾਈ ਮਹਾਰਾਜ ਸਿੰਘ ਦੇ ਵਾਰੰਟ ਗ੍ਰਿਫ਼ਤਾਰੀ ਜਾਰੀ ਹੋ ਗਏ। ਹੁਣ ਉਨ੍ਹਾਂ ਨੇ ਖਾਲਸਾ ਪੰਥ ਨੂੰ ਜਥੇਬੰਦ ਕਰਨ ਦਾ ਬੀੜਾ ਚੁੱਕਿਆ।

ਭਾਈ ਸਾਹਿਬ ਨੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਪਾਤਸ਼ਾਹ! ਆਪਣੇ ਸਿੱਖ ਸੇਵਕ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਨੂੰ ਖ਼ਤਮ ਕਰਨ ਅਤੇ ਦੇਸ਼ ਨੂੰ ਅਜ਼ਾਦ ਕਰਾਉਣ ਦੀ ਸ਼ਕਤੀ ਬਖਸ਼ੋ ਜਾਂ ਫਿਰ ‘ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਣ ਮਹਿ ਤਬ ਜੂਝ ਮਰੋਂ’ ਦੀ ਸਥਿਤੀ ਨੂੰ ਪ੍ਰਾਪਤ ਹੋਣ ਦਾ ਸੁਭਾਗ।

ਭਾਈ ਸਾਹਿਬ ਨੇ ਤੇਜ਼ੀ ਨਾਲ ਤਿਆਰੀ ਅਰੰਭ ਦਿੱਤੀ। ਅਜ਼ਾਦੀ ਲਈ ਮਰ-ਮਿਟਣ ਵਾਲਿਆਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਫੌਜੀ ਛਾਉਣੀਆਂ ਅੰਦਰ ਪੂਰਾ ਸੰਪਰਕ ਸਥਾਪਤ ਕਰ ਲਿਆ। ਬੜੀ ਤੇਜ਼ੀ ਨਾਲ ਇਹ ਅਜ਼ਾਦੀ ਦੀ ਲਹਿਰ ਪ੍ਰਚੰਡ ਹੋਣ ਲੱਗੀ ਅਤੇ ਅਜ਼ਾਦੀ ਲਈ ਇਨਕਲਾਬ ਦਾ ਸਮਾਂ ਨੇੜੇ ਆਇਆ ਤਾਂ ਜਿਸ ਤਰ੍ਹਾਂ ਹਰ ਰਾਜਨੀਤਿਕ ਇਨਕਲਾਬੀ ਲਹਿਰ ਵਿਚ ਹੁੰਦਾ ਹੈ ਗ਼ੱਦਾਰ ਵੀ ਸ਼ਾਮਲ ਹੋ ਜਾਂਦੇ ਹਨ। ਇਹ ਗ਼ਦਾਰਾਂ ਦੀ ਦੇਸ਼ਧਰੋਹੀ ਸੋਚ ਅਤੇ ਅਕ੍ਰਿਤਘਣਤਾ ਕਾਰਨ ਅੰਗਰੇਜ਼ਾਂ ਤੀਕ ਸੂਹ ਲੱਗ ਗਈ। ਸਰਕਾਰ ਅੰਗਰੇਜ਼ੀ ਨੇ ਭਾਈ ਮਹਾਰਾਜ ਸਿੰਘ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕਰਨ ਦੇ ਯਤਨ ਜਾਰੀ ਕਰ ਦਿੱਤੇ ਅਤੇ ਮੁਗ਼ਲ ਸਾਮਰਾਜੀਆਂ ਦੀ ਤਰਜ਼ ਉੱਤੇ ਭਾਈ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰਾਉਣ ਵਾਲੇ ਨੂੰ ਭਾਰੀ ਇਨਾਮ ਦੇਣ ਦਾ ਐਲਾਨ ਕਰ ਦਿੱਤਾ। ਭਾਈ ਸਾਹਿਬ ਜੀ ਨੇ ਆਪਣਾ ਕਾਰਜ ਰੂਹ-ਪੋਸ਼ ਹੋ ਕੇ ਕਰਨਾ ਅਰੰਭ ਦਿੱਤਾ।

ਟਰਾਂਸ ਸਤਲੁਜ ਸਟੇਟਸ ਦੇ ਕਮਿਸ਼ਨਰ ਅਤੇ ਸੁਪਰਡੰਟ ਡੀ. ਐਫ. ਮੈਕਲਿਓਡ ਵੱਲੋਂ ਪੀ. ਮੈਲਵਿਲ ਐਸ ਕੁਆਇਰ ਸਕੱਤਰ ਪ੍ਰਸ਼ਾਸਨ ਬੋਰਡ ਧਰਮਸ਼ਾਲਾ ਨੂੰ 1 ਅਕਤੂਬਰ, 1850 ਨੂੰ ਭੇਜੀ ਰਿਪੋਰਟ ਅਨੁਸਾਰ ਬਗ਼ਾਵਤ ਲਈ ਭਾਈ ਮਹਾਰਾਜ ਸਿੰਘ ਨੇ ਇਸ ਤਰ੍ਹਾਂ ਦੇ ਯਤਨ ਕੀਤੇ। ਪਹਿਲਾਂ ਮੁਲਤਾਨ ਵਿਖੇ ਦੀਵਾਨ ਮੂਲ ਰਾਜ ਨੂੰ ਜਾ ਕੇ ਮਿਲੇ। ਮੁਲਤਾਨ ਦੇ ਹਾਕਮ ਨੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰ ਦਿੱਤੀ ਸੀ। ਉਸ ਦੀ ਫੌਜ ਦੀ ਦਸ਼ਾ ਠੀਕ ਨਾ ਵੇਖ ਕੇ ਭਾਈ ਸਾਹਿਬ ਜੀ ਮੂਲ ਰਾਜ ਤੋਂ ਸੰਤੁਸ਼ਟ ਨਾ ਹੋਏ ਤੇ ਉਥੋਂ ਵਾਪਸ ਆ ਗਏ। ਕੁਝ ਦਿਨ ਪਿੱਛੋਂ ਮੂਲ ਰਾਜ ਨੂੰ ਹਾਰ ਹੋਈ ਤੇ ਅੰਗਰੇਜ਼ਾਂ ਨੇ ਮੁਲਤਾਨ ’ਤੇ ਕਬਜ਼ਾ ਕਰ ਲਿਆ।

ਮੁਲਤਾਨ ਤੋਂ ਪਿੱਛੋਂ ਉਹ ਪਾਕਪਟਨ ਵਿੱਚੋਂ ਹੋ ਕੇ ਮਾਲਵਾ, ਮੁਕਤਸਰ, ਅਨੰਦਪੁਰ ਸਾਹਿਬ ਪੁੱਜੇ ਤੇ ਉਥੋਂ ਕਾਂਗੜਾ ਵੱਲ ਨੂੰ ਰਵਾਨਾ ਹੋਏ। ਪਹਾੜੀਆਂ ਦੇ ਨਾਲ-ਨਾਲ ਚਲਦੇ ਉਹ ਰਾਵਲਪਿੰਡੀ ਪਹੁੰਚੇ। ਇਸ ਰਸਤੇ ਸਫ਼ਰ ਦੌਰਾਨ ਭਾਈ ਸਾਹਿਬ ਜੀ ਖਾਲਸਾ ਰਾਜ ਦੇ ਹਿਤੈਸ਼ੀਆਂ ਨੂੰ ਅੰਗਰੇਜ਼ਾਂ ਦਾ ਪੰਜਾਬ ਉੱਤੇ ਕਬਜ਼ਾ ਸਮਾਪਤ ਕਰ ਕੇ ਖਾਲਸਾ ਰਾਜ ਦੀ ਬਹਾਲੀ ਲਈ ਯਤਨਸ਼ੀਲ ਅਤੇ ਸੰਘਰਸ਼ਸ਼ੀਲ ਹੋਣ ਲਈ ਪ੍ਰੇਰਦੇ ਰਹੇ। ਰਾਵਲਪਿੰਡੀ ਵਿਚ ਉਨ੍ਹਾਂ ਨੇ ਸਰਦਾਰ ਚਤਰ ਸਿੰਘ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ। ਇਥੋਂ ਉਹ ਪੋਠੋਹਾਰ ਦੇ ਬਾਂਦੀ ਰਸਤੇ, ਬੈਸਾਲੀ, ਸਖੋਂ, ਧਾਰਾਤਾਲਾ, ਸੈਦ ਅਤੇ ਧਾਨੀ ਇਲਾਕੇ ਦੇ ਚਕਵਾਲ ਵਿੱਚੋਂ ਦੀ ਹੁੰਦੇ ਹੋਏ ਰਾਮ ਨਗਰ ਪੁੱਜੇ ਜਿੱਥੇ ਕਿ ਸਿੱਖ ਸੈਨਾਵਾਂ ਇਕੱਠੀਆਂ ਹੋ ਚੁਕੀਆਂ ਸਨ। ਉਹ ਖੁੱਲ੍ਹੇਆਮ ਘੋੜੇ ’ਤੇ ਸਵਾਰ ਹੋ ਕੇ ਸੈਨਾਵਾਂ ਦੇ ਵਿਚਕਾਰ ਘੁੰਮਦੇ- ਫਿਰਦੇ ਸਨ। ਜਦੋਂ ਇਹ ਸੈਨਾ ਮੰਗ ਰਸੂਲ ਨੂੰ ਰਵਾਨਾ ਹੋਈ ਤਾਂ ਬਾਬਾ ਜੀ ਇਸ ਦੇ ਨਾਲ ਸਨ। ਚੇਲਿਆਂ ਵਾਲਾ ਅਤੇ ਗੁਜਰਾਤ ਦੀਆਂ ਲੜਾਈਆਂ ਜੋ ਕਿ ਸਰਦਾਰ ਸ਼ੇਰ ਸਿੰਘ ਤੇ ਸਰਦਾਰ ਚਤਰ ਸਿੰਘ ਦੀ ਅਗਵਾਈ ਵਿਚ ਲੜੀਆਂ ਗਈਆਂ ਸਨ, ਉਨ੍ਹਾਂ ਵਿਚ ਉਹ ਸ਼ਾਮਲ ਹੋਏ। ਜਦੋਂ ਯੁੱਧ ਹੋ ਰਿਹਾ ਸੀ ਉਦੋਂ ਵੀ ਉਹ ਜੰਮੂ ਵਿਚ ਮਨੌਰਾ ਦੇ ਅਸਥਾਨ ’ਤੇ ਫੌਜਾਂ ਲਈ ਅਨਾਜ ਇਕੱਠਾ ਕਰਵਾ ਰਹੇ ਸਨ। ਉਨ੍ਹਾਂ ਨੇ ਅਨਾਜ ਲਦਵਾ ਕੇ 21 ਊਠ ਮੰਗ ਰਸੂਲ ਤੋਂ ਮਨੌਰਾ ਨੂੰ ਭਿਜਵਾਏ।

ਗੁਜਰਾਤ ਵਿਚ ਸਿੱਖਾਂ ਦੀ ਹਾਰ ਤੋਂ ਪਿੱਛੋਂ ਉਹ ਫੇਰ ਰਾਵਲਪਿੰਡੀ ਗਏ। ਉਹ ਖਾਲਸਾ ਸੈਨਾ ਦੇ ਬਚੇ-ਖੁਚੇ ਸੈਨਕਾਂ ਨੂੰ ਨਾਲ ਲੈ ਕੇ ਬਿੰਬਰ ਅਤੇ ਅਕਨੌਰ ਦੇ ਰਸਤੇ ਦੇਵੀ ਬਟਾਲਾ ਵਿਖੇ ਆ ਗਏ। ਇਥੋਂ ਚੱਲ ਕੇ ਫੇਰ ਉਨ੍ਹਾਂ ਨੇ ਚੰਭੀ ਵਿਖੇ ਡੇਰਾ ਲਾ ਲਿਆ ਤੇ ਕੁਝ ਮਹੀਨੇ ਇਥੇ ਟਿਕੇ ਰਹੇ। ਉਥੇ ਰਹਿੰਦਿਆਂ ਉਨ੍ਹਾਂ ਨੇ ਰਾਮ ਨਗਰ ਦੇ ਕਿਲ੍ਹੇ ’ਤੇ ਕਬਜ਼ਾ ਕਰਨਾ ਚਾਹਿਆ ਪਰ ਗੁਲਾਬ ਸਿੰਘ ਦੇ ਪੁੱਤਰ ਮੀਆਂ ਮੀਰ ਫਿਨੀ ਕਾਰਨ ਇਹ ਨਾ ਹੋ ਸਕਿਆ।

ਪਹਾੜਾਂ ਨੂੰ ਛੱਡ ਕੇ ਸੰਗਤਾਂ ਦੀ ਪ੍ਰੇਰਨਾ ਨਾਲ ਭਾਈ ਸਾਹਿਬ ਜੀ ਨੇ ਜਲੰਧਰ ਦੁਆਬ ਦੇ ਇਲਾਕੇ ਵੱਲ ਚਾਲੇ ਪਾਏ। ਉਹ ਬਟਾਲੇ ਹੋ ਕੇ ਹੁਸ਼ਿਆਰਪੁਰ ਵਿਚ ਕਿਸ਼ੂਪੁਰ ਪਹੁੰਚ ਕੇ ਬਹੁਤ ਸਾਰੇ ਪ੍ਰਭਾਵਸ਼ਾਲੀ ਬੰਦਿਆਂ ਨੂੰ ਮਿਲੇ। ਇਥੋਂ ਚੱਲ ਕੇ ਉਨ੍ਹਾਂ ਨੇ ਕੁਰਾਲੇ ਨੂੰ ਆਪਣਾ ਹੈੱਡਕੁਆਰਟਰ ਬਣਾਇਆ। ਇਥੇ ਰਹਿੰਦਿਆਂ ਉਨ੍ਹਾਂ ਨੇ ਅੰਗਰੇਜ਼ਾਂ ਦੀਆਂ ਫੌਜੀ ਛਾਉਣੀਆਂ ਦਾ ਨਿਰੀਖਣ ਕੀਤਾ। ਉਹ ਕਈ ਕਮਿਸ਼ਨਡ ਅਫਸਰਾਂ ਨੂੰ ਵੀ ਮਿਲੇ ਜਿਨ੍ਹਾਂ ਵਿਚ ਪ੍ਰੇਮ ਸਿੰਘ, ਸੂਬਾ ਸਿੰਘ ਅਤੇ ਫ਼ਤਿਹ ਸਿੰਘ ਦਾ ਨਾਂ ਲਿਖਿਆ ਗਿਆ ਹੈ। ਇਸ ਇਲਾਕੇ ਵਿਚ ਰਹਿੰਦਿਆਂ ਉਨ੍ਹਾਂ ਨੇ ਹਾਜ਼ੀਪੁਰ ਬੀਰਾਮਪੁਰ, ਦਾਤਾਰਪੁਰ, ਅਕਬਰੀ, ਅਧਾਰੀ ਘਾਟ ਆਦਿ ਅਨੇਕ ਥਾਵਾਂ ’ਤੇ ਜਾ ਕੇ ਬਗ਼ਾਵਤ ਲਈ ਫੌਜ ਅਤੇ ਲੋਕਾਂ ਨੂੰ ਤਿਆਰ ਕੀਤਾ। ਕਾਮੂਵਾਲ ਵਿਚ ਉਹ ਕਿਰਪਾ ਰਾਮ ਸਾਧੂ ਨੂੰ ਮਿਲੇ। ਉਸ ਨੇ 4000 ਵਿਅਕਤੀ ਦੇਣ ਦਾ ਵਾਅਦਾ ਕੀਤਾ। ਇਨ੍ਹਾਂ ਵਿਅਕਤੀਆਂ ਨੇ ਦਾਤਾਰਪੁਰ ਇਕੱਠੇ ਹੋਣਾ ਸੀ। ਇਥੋਂ ਧਰਮਸ਼ਾਲਾ ਦੋ ਦਿਨ ਠਹਿਰ ਕੇ ਉਹ ਕੰਦੋਲਾ ਹੁੰਦੇ ਹੋਏ ਆਪਣੇ ਜਥੇ ਸਮੇਤ 3-4 ਦਸੰਬਰ ਨੂੰ ਸ਼ਾਮ ਪਿੰਡ ਪਹੁੰਚੇ। ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਭਾਈ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਤੋਂ ਬਾਅਦ ਸੋਚ- ਵਿਚਾਰ ਕੇ ਐਲਾਨ ਕਰ ਦਿੱਤਾ ਸੀ ਕਿ 20 ਪੋਹ ਮੰਗਲਵਾਰ ਦੇ ਦਿਨ ਛਾਉਣੀਆਂ ’ਤੇ ਹਮਲਾ ਕਰਨਾ ਹੈ। ਇਹ ਤਰੀਕ 3 ਜਨਵਰੀ, 1850 ਦੀ ਬਣਦੀ ਸੀ। ਇਸ ਦਿਨ ਜਲੰਧਰ ਅਤੇ ਹੁਸ਼ਿਆਰਪੁਰ ਦੋਵੇਂ ਛਾਉਣੀਆਂ ’ਤੇ ਹਮਲਾ ਕੀਤਾ ਜਾਣਾ ਸੀ। ਸ਼ਾਮ ਤੋਂ ਚਲ ਕੇ ਉਹ ਗੜ੍ਹਦੀਵਾਲ, ਟਾਂਡਾ ਤੇ ਫੇਰ ਜਹੂਰਾ ਪਹੁੰਚੇ। ਇਹ ਉਨ੍ਹਾਂ ਦੇ ਮੁੱਖ ਅਸਥਾਨਾਂ ਵਿੱਚੋਂ ਇਕ ਸੀ। ਇਥੇ ਮਾਝੇ ਤੇ ਮਾਲਵੇ ਦੇ ਸਾਰੇ ਲੋਕ ਉਨ੍ਹਾਂ ਕੋਲ ਇਕੱਠੇ ਹੁੰਦੇ ਸਨ। ਇਸ ਤੋਂ ਬਾਅਦ ਉਹ ਕੁਝ ਦਿਨ ਲਈ ਬਿਆਸਾ ਪਾਰ ਚਲੇ ਗਏ। ਸ਼ਾਇਦ ਉਹ ਅੰਮ੍ਰਿਤਸਰ ਜੀ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨਾ ਚਾਹੁੰਦੇ ਸਨ ਪਰ ਕਿਸੇ ਕਾਰਨ ਉਹ ਉਥੇ ਪਹੁੰਚ ਨਾ ਸਕੇ ਤੇ ਵਾਪਸ ਮੁੜ ਆਏ। ਉਹ ਵਜ਼ੀਰਾ ਘਾਟ ਨੂੰ ਪਾਰ ਕਰ ਕੇ ਕੰਦੋਲੇ ਪਹੁੰਚੇ ਅਤੇ ਕੰਦੋਲੇ ਅਤੇ ਚੰਭੀ ਦੇ ਵਿਚਕਾਰ ਉਹ ਜੰਗਲ ਵਿਚ ਟਿਕੇ ਹੋਏ ਸਨ। ਇਥੇ ਹੀ ਬਗ਼ਾਵਤ ਦੇ ਨੀਯਤ ਦਿਨ ਤੋਂ 7 ਦਿਨ ਪਹਿਲਾਂ ਕਿਸੇ ਸਰਕਾਰੀ ਟਾਊਟ ਵੱਲੋਂ ਇਤਲਾਹ ਦਿੱਤੇ ਜਾਣ ’ਤੇ 28 ਦਸੰਬਰ, 1849 ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਭਾਈ ਮਹਾਰਾਜ ਸਿੰਘ ਨੂੰ ਕਈ ਦਿਨ ਤਕ ਜਲੰਧਰ ਛਾਉਣੀ ਵਿਚ ਭੁੱਖਿਆਂ ਰੱਖ ਕੇ ਅਸਹਿ ਤੇ ਅਕਹਿ ਤਸੀਹੇ ਦਿੱਤੇ ਗਏ ਅਤੇ ਅਜ਼ਾਦੀ ਦੀ ਲਹਿਰ ਨਾਲ ਜੁੜੇ ਹੋਰ ਸਿੰਘਾਂ ਅਤੇ ਗੁਪਤ ਸਥਾਨਾਂ ਅਤੇ ਸਾਜ਼ੋ-ਸਾਮਾਨ ਬਾਰੇ ਪੁੱਛਗਿੱਛ ਕੀਤੀ ਗਈ ਪਰੰਤੂ ਭਾਈ ਮਹਾਰਾਜ ਸਿੰਘ ਜੀ ਸਾਹਮਣੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ‘ਸੀਸ ਦੀਆ ਪਰ ਸਿਰਰੁ ਨ ਦੀਆ’ ਦੀ ਮਿਸਾਲ ਸੀ। ਉਹ ਸਿਦਕੀ ਸਿੰਘ ਅਡੋਲ, ਅਡਿੱਗ ਅਤੇ ਅਹਿੱਲ ਰਿਹਾ। ਅੰਗਰੇਜ਼ਾਂ ਦਾ ਤਸ਼ੱਦਦ ਭਾਈ ਸਾਹਿਬ ਜੀ ਪਾਸੋਂ ਕੋਈ ਵੀ ਜਾਣਕਾਰੀ ਲੈਣ ਤੋਂ ਅਸਮਰੱਥ ਰਿਹਾ। ਉਪਰੰਤ ਭਾਈ ਮਹਾਰਾਜ ਸਿੰਘ ਨੂੰ ਕਲਕੱਤੇ ਦੇ ਵਿਲੀਅਮ ਫੋਰਟ (ਕਿਲ੍ਹੇ) ਵਿਚ ਕੈਦ ਕਰ ਦਿੱਤਾ ਗਿਆ। ਭਾਈ ਮਹਾਰਾਜ ਸਿੰਘ ਇਸ ਵਰਤਾਰੇ ਨੂੰ ਕਰਤਾਰ ਦਾ ਹੁਕਮ ਸਮਝ ਕੇ ਅਡੋਲ ਨਾਮ ਜਪਣ ਅਤੇ ਦੇਸ਼ ਅਤੇ ਕੌਮ ਦੀ ਬੰਦ-ਖ਼ਲਾਸੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਵਿਚ ਜੁੱਟ ਗਏ। ਕੁਝ ਸਮੇਂ ਬਾਅਦ ਭਾਈ ਸਾਹਿਬ ਜੀ ਨੂੰ ਸਿੰਗਾਪੁਰ ਦੀ ਬਦਨਾਮ ਜੇਲ੍ਹ ਭੇਜ ਕੇ ਅਜਿਹੀ ਕਾਲ ਕੋਠੜੀ ਵਿਚ ਬੰਦ ਕੀਤਾ ਜਿੱਥੇ 24 ਘੰਟਿਆਂ ਅੰਦਰ ਇਕ ਪਲ ਭਰ ਵੀ ਸੂਰਜ ਨਹੀਂ ਸੀ ਦਿੱਸਦਾ ਸਗੋਂ ਹਮੇਸ਼ਾਂ ਘੁੱਪ-ਹਨੇਰਾ ਹੀ ਰਹਿੰਦਾ ਸੀ ਅਤੇ ਖੁੱਲ੍ਹੀ ਹਵਾ ਵੀ ਅੰਦਰ ਆਉਣੋਂ ਅਸਮਰੱਥ ਸੀ। ਅਜਿਹੇ ਭਿਆਨਕ ਸਮੇਂ ਬਾਬਾ ਜੀ ਦੇ ਸਾਹਮਣੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਕਿ ਜੇਕਰ ਹੱਕ, ਸੱਚ, ਨਿਆਂ ਅਤੇ ਪਰਮਾਤਮਾ ਨਾਲ ਪ੍ਰੇਮ ਕਰਨ ਦੀ ਖੇਡ ਖੇਡਣੀ ਹੈ ਤਾਂ ਸਿਰ ਤਲੀ ਉੱਤੇ ਧਰ ਕੇ ਅੱਗੇ ਆਉਣਾ ਹੋਵੇਗਾ। ਗੁਰਵਾਕ ਹਨ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਤਥਾ ਪੰਚਮ ਪਾਤਸ਼ਾਹ ਦਾ ਮਹਾਨ ਉਪਦੇਸ਼ ਸਾਹਮਣੇ ਸੀ। ਗੁਰਵਾਕ ਹਨ:

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ (ਪੰਨਾ 1100)

ਭਾਈ ਸਾਹਿਬ ਭਾਣੇ ਵਿਚ ਵਿਚਰਦਿਆਂ ਨਾਮ-ਬਾਣੀ ਰਾਹੀਂ, ਪ੍ਰਭੂ-ਚਰਨਾਂ ਨਾਲ ਲੀਨ ਹੋ ਗਏ। ਚੌਵੀ ਘੰਟੇ ਹਨੇਰੇ ਵਿਚ ਰਹਿਣ ਕਰਕੇ ਭਾਈ ਸਾਹਿਬ ਜੀ ਦੀਆਂ ਅੱਖਾਂ ਦੀ ਜੋਤਿ ਜਾਂਦੀ ਰਹੀ। ਹੁਣ ਉਹ ਆਪਣੇ ਆਤਮਕ ਚਾਨਣ ਦੇ ਸਹਾਰੇ ਹੀ ਆਪਣਾ ਸਮਾਂ ਬਤੀਤ ਕਰ ਰਹੇ ਸਨ। ਅਜਿਹੇ ਗੁਰਮੁਖ ਲਈ ਪਾਤਸ਼ਾਹ ਦਾ ਫ਼ਰਮਾਨ ਹੈ:

ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ॥
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ॥
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ॥
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ॥ (ਪੰਨਾ 139)

ਜੇਲ੍ਹ-ਅਧਿਕਾਰੀਆਂ ਵੱਲੋਂ ਖਾਣ ਲਈ ਲਗਾਤਾਰ ਦਿੱਤੇ ਜਾਂਦੇ ਨਾਕਸ ਖਾਣੇ ਕਾਰਨ ਭਾਈ ਸਾਹਿਬ ਜੀ ਕਈ ਨਾਮੁਰਾਦ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਪਰੰਤੂ ਆਪ ਦੀ ਆਤਮਾ ਹਮੇਸ਼ਾ ਹੀ ਕਬੀਰ ਜੀ ਦੇ ਕਥਨ:

ਮਨ ਨਾ ਡਿਗੇ ਤਨਿ ਕਾਹੇ ਕੋ ਡਰਾਏ॥

ਤਥਾ :

ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕਰੇ ਪ੍ਰਤਿਪਾਲਾ ਜੀਉ॥ (ਪੰਨਾ 106)

ਅਨੁਸਾਰ ਹਮੇਸ਼ਾ ਰੂਹਾਨੀ ਰੰਗ ਵਿਚ ਰੰਗੀ ਚੜ੍ਹਦੀ ਕਲਾ ਵਿਚ ਰਹੇ। ਅੰਗਰੇਜ਼ਾਂ ਵੱਲੋਂ ਵਾਰ-ਵਾਰ ਈਨ ਮੰਨਣ ਲਈ ਮਜਬੂਰ ਕਰਨ ਉੱਤੇ ਵੀ ਆਪ ਆਪਣੇ ਧਰਮ, ਅਕੀਦੇ ਅਤੇ ਸਿੱਖੀ ਸਿਦਕ ਉੱਤੇ ਕਾਇਮ ਰਹੇ, ਫਿਰੰਗੀ ਦੀ ਈਨ ਨਾ ਮੰਨੀ। ਅੰਤ 5 ਜੁਲਾਈ 1856 ਨੂੰ ਇਹ ਦੇਸ਼ ਦੀ ਅਜ਼ਾਦੀ ਦਾ ਪਰਵਾਨਾ ਸਿਦਕੀ ਸਿੱਖ, ਮਹਾਨ ਸੰਤ ਸਿਪਾਹੀ, “ਅਪਨਾ ਵਿਗਾਰਿ ਵਿਰਾਂਨਾ ਸਾਂਢੈ” ਦੇ ਸਿਧਾਂਤਕ ਮਾਰਗ ਦਾ ਪਾਂਧੀ, ਨਿਰਭੈ ਯੋਧਾ ਅਤੇ ਦੇਸ਼ ਅਤੇ ਕੌਮ ਦੀ ਅਜ਼ਾਦੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਅਤੇ ਅਰਦਾਸਾਂ ਕਰਦਾ ਹੋਇਆ ‘ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥’ ਦੇ ਮਹਾਂਵਾਕ ਅਨੁਸਾਰ ਸਰੀਰਕ ਤੌਰ ਉੱਤੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਸਿੰਗਾਪੁਰ ਦੀ ਜੇਲ੍ਹ ਵਿਚ ਸਦੀਵ ਕਾਲ ਲਈ ਗੁਰੂ-ਚਰਨਾਂ ਵਿਚ ਜਾ ਬਿਰਾਜੇ। ਸ਼ਹੀਦੀ ਪਾ ਲਈ। ਉਹ ਗੁਰਵਾਕ ਅਨੁਸਾਰ:

ਸਹਜਿ ਮਿਲੈ ਮਿਲਿਆ ਪਰਵਾਣੁ॥
ਨਾ ਤਿਸੁ ਮਰਣੁ ਨ ਆਵਣੁ ਜਾਣੁ॥ (ਪੰਨਾ 686)

ਅਕਾਲ ਜੋਤਿ ਵਿਚ ਲੀਨ ਹੋ ਗਏ। ਅੰਗਰੇਜ਼ ਇਤਿਹਾਸਕਾਰ ਆਰਨੋਲਡ ਟਾਇਨਬੀ ਨੇ ਲਿਖਿਆ ਹੈ ਕਿ ਸੱਚਮੁੱਚ ਹੀ ਜੇਕਰ 28 ਦਸੰਬਰ 1849 ਨੂੰ ਭਾਈ ਮਹਾਰਾਜ ਸਿੰਘ ਦੀ ਅਗਵਾਈ ਹੇਠ 3 ਜਨਵਰੀ 1850 ਨੂੰ ਹੋਣ ਵਾਲੀ ਬਗ਼ਾਵਤ ਬਾਰੇ ਪਤਾ ਨਾ ਲੱਗਦਾ ਅਤੇ ਭਾਈ ਮਹਾਰਾਜ ਸਿੰਘ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਂਦਾ ਤਾਂ ਪੰਜਾਬ ਹਮੇਸ਼ਾਂ ਲਈ ਅੰਗਰੇਜ਼ਾਂ ਪਾਸੋਂ ਅਜ਼ਾਦ ਹੋ ਜਾਣਾ ਸੀ। ਐਸੇ ਕੁਰਬਾਨੀ ਵਾਲੇ ਦੇਸ਼- ਭਗਤ, ਗੁਰੂ ਦੇ ਸੱਚੇ ਸਿਦਕੀ ਸਿੱਖ, ਅਜ਼ਾਦੀ ਦੇ ਪਰਵਾਨੇ, ਨਿਰਭੈ ਤੇ ਨਿਡਰ ਯੋਧੇ, ਰੂਹਾਨੀ ਰੰਗ ਵਿਚ ਰੰਗੇ ਹੋਏ ਸੰਤ-ਸਿਪਾਹੀ ਸਨ ਭਾਈ ਮਹਾਰਾਜ ਸਿੰਘ ਜੀ। ਉਹ ਸ਼ਹੀਦ ਹੋ ਕੇ ਅਕਾਲ ਪੁਰਖ ਦੀ ਦਰਗਾਹ ਵਿਚ ਪ੍ਰਵਾਨ ਚੜ੍ਹੇ ਅਤੇ ਉਨ੍ਹਾਂ ਦੀ ਜੀਵਨ- ਯਾਤਰਾ ‘ਸਫਲ ਸਫਲ ਭਈ ਸਫਲ ਜਾਤ੍ਰਾ’ ਹੋ ਨਿੱਬੜੀ ਅਤੇ ਸ਼ਹੀਦੀ ਪ੍ਰਵਾਨ ਹੋਈ। ਗੁਰਵਾਕ ਹਨ:

ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥…
ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ॥ (ਪੰਨਾ 580)

ਇਕ ਅੰਗਰੇਜ਼ ਅਫਸਰ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਇਸ ਤਰ੍ਹਾਂ ਲਿਖਦਾ ਹੈ: “ਉਹ ਬਹੁਤ ਹੀ ਜ਼ਿਆਦਾ ਬੁੱਧੀਮਾਨ ਅਤੇ ਆਤਮ-ਵਿਸ਼ਵਾਸੀ ਸਨ। ਜਿਵੇਂ ਕਿ ਉਨ੍ਹਾਂ ਦੇ ਸਾਰੇ ਸ਼ਾਗਿਰਦ ਦੱਸਦੇ ਹਨ ਕਿ ਭਾਈ ਸਾਹਿਬ ਹੱਦ ਤੋਂ ਜ਼ਿਆਦਾ ਸੰਕੋਚੀ ਅਥਵਾ ਗੰਭੀਰ ਸਨ। ਇਥੋਂ ਤਕ ਕਿ ਉਨ੍ਹਾਂ ਦੇ ਇਰਾਦਿਆਂ ਜਾਂ ਤਜਵੀਜ਼ਾਂ ਦਾ ਉਨ੍ਹਾਂ ਤੋਂ ਇਲਾਵਾ ਹੋਰ ਕਿਸੇ ਵਿਅਕਤੀ ਨੂੰ ਪੂਰਾ ਪਤਾ ਨਹੀਂ ਸੀ ਹੁੰਦਾ ਜਦ ਤਕ ਕਿ ਉਨ੍ਹਾਂ ਦਾ ਕੋਈ ਵਿਸ਼ੇਸ਼ ਸਿੱਟਾ ਨਾ ਨਿਕਲ ਜਾਂਦਾ। ਆਮ ਯੋਜਨਾਵਾਂ ਬਣਾਉਣ ਅਤੇ ਉਨ੍ਹਾਂ ਨੂੰ ਸਵਤੰਤਰ ਰੂਪ ਵਿਚ ਇੱਕੋ ਸਮੇਂ ਵੱਖ-ਵੱਖ ਏਜੰਟਾਂ ਦੁਆਰਾ ਅਮਲੀ ਰੂਪ ਦੇਣ ਵਿਚ ਭਾਈ ਮਹਾਰਾਜ ਸਿੰਘ ਨੇ ਅਸਾਧਾਰਨ ਰੁਚੀ ਦਰਸਾਈ ਹੈ। ਲੱਗਭਗ ਸਾਰੇ ਬਿਆਨਾਂ ਵਿੱਚੋਂ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਯੋਜਨਾਵਾਂ ਬਣਾਉਣ ਵਿਚ ਨਿਪੁੰਨਤਾ ਸਪੱਸ਼ਟ ਦਿਖਾਈ ਦਿੰਦੀ ਹੈ। ਇਹੋ ਹੀ ਗੁਣ ਹੈ ਜਿਸ ਨੇ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਪ੍ਰਸਿੱਧੀ ਬਖਸ਼ੀ। ਦੱਸਿਆ ਜਾਂਦਾ ਹੈ ਕਿ ਖਾਲਸਾ ਫੌਜਾਂ ਨੂੰ ਦੋਨਾਂ ਯੁੱਧਾਂ ਦੌਰਾਨ ਬਹੁਤ ਸਾਰੀਆਂ ਕਠਿਨਾਈਆਂ, ਦੁੱਖਾਂ ਅਤੇ ਉਤਰਾਅ-ਚੜ੍ਹਾਵਾਂ ਵਿੱਚੋਂ ਲੰਘਣਾ ਪਿਆ ਅਤੇ ਕੇਵਲ ਭਾਈ ਸਾਹਿਬ ਹੀ ਐਸੇ ਸ਼ਖ਼ਸ ਸਨ ਜਿਹੜੇ ਕਿ ਕਦੇ ਵੀ ਮਾਇਕ (ਮਾਇਆ ਆਦਿ) ਤੋਂ ਖਾਲੀ ਨਹੀਂ ਸਨ ਹੋਏ। ਜਿਤਨੇ ਵੀ ਲੋਕ, ਜੋ ਕਿ ਕਈ ਵਾਰ ਸੈਂਕੜਿਆਂ ਅਥਵਾ ਹਜ਼ਾਰਾਂ ਦੀ ਗਿਣਤੀ ਵਿਚ ਹੁੰਦੇ ਜੋ ਗੁਰੂ ਜੀ ਦੀ ਸ਼ਰਨ ਵਿਚ ਆ ਜਾਂਦੇ ਤਾਂ ਉਨ੍ਹਾਂ ਨੂੰ ਨਿਤਾ-ਪ੍ਰਤੀ ਦਾ ਭੋਜਨ ਪ੍ਰਾਪਤ ਹੋਣ ਦੀ ਤਸੱਲੀ ਹੁੰਦੀ ਸੀ ਅਤੇ ਇਸ ਉਦੇਸ਼ ਲਈ ਗੁਰੂ ਜੀ ਆਪਣੇ ਪਾਸ ਸੈਂਕੜਿਆਂ ਦੀ ਗਿਣਤੀ ਵਿਚ ਲਾਂਗਰੀ ਅਤੇ ਲੋੜੀਂਦੀ ਸਮੱਗਰੀ ਰੱਖਿਆ ਕਰਦੇ ਸਨ। ਕਿਸੇ ਅੰਗਰੇਜ਼ ਅਫ਼ਸਰ ਨੇ ਆਪਣੀ ਰਿਪੋਰਟ ਵਿਚ ਭਾਈ ਸਾਹਿਬ ਜੀ ਨੂੰ ‘ਗੁਰੂ ਜੀ’ ਲਿਖਿਆ ਹੈ।

ਉਸ ਨੇ ਆਪਣੀ ਰਿਪੋਰਟ ਵਿਚ ਇਹ ਵੀ ਲਿਖਿਆ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਅਗਰ ਭਾਈ ਸਾਹਿਬ ਜੀ ਕੁਝ ਦੇਰ ਹੋਰ ਸਵਤੰਤਰ ਰਹਿੰਦੇ ਤਾਂ ਦ੍ਰਿੜ੍ਹ ਇਰਾਦੇ ਦੀਆਂ ਪ੍ਰਜਵੱਲਿਤ ਭਾਵਨਾ ਵਾਲੇ ਅਤੇ ਜਾਨ ਦੀ ਪਰਵਾਹ ਨਾ ਕਰਨ ਵਾਲੇ ਘੱਟੋ ਘੱਟ ਸੌ ਆਦਮੀਆਂ ਰਾਹੀਂ ਇਕ ਜਾਂ ਇਸ ਤੋਂ ਵੱਧ ਸੁਚੇਤ ਪ੍ਰਵਿਰਤੀ ਦੀਆਂ ਸਖ਼ਤ ਬਗਾਵਤਾਂ ਹੁੰਦੀਆਂ ਜਿਨ੍ਹਾਂ ਦਾ ਨਤੀਜਾ ਭਾਵੇਂ ਅਸਫਲ ਹੀ ਰਹਿੰਦਾ ਜਿਹਾ ਕਿ ਪਹਿਲਾਂ ਵੀ ਰਿਹਾ ਪਰ ਫੇਰ ਵੀ ਇਸ ਬਾਰੇ ਕੋਈ ਭਵਿੱਖਬਾਣੀ ਕਰਨੀ ਅਸੰਭਵ ਹੈ। ਪਿਛਲੇ ਦਿਨੀਂ ਭਾਰਤ ਸਰਕਾਰ ਵੱਲੋਂ 1857 ਦੀ ਅੰਗਰੇਜ਼ ਵਿਰੁੱਧ ਲੜਾਈ ਦੀ 150ਵੀਂ ਵਰ੍ਹੇ ਗੰਢ ਆਪਣੇ ਰਾਜਨੀਤਕ ਹਿਤਾਂ ਖਾਤਰ ਮਨਾਉਣ ਦਾ ਢੌਂਗ ਰਚਿਆ ਗਿਆ ਅਤੇ ਦੇਸ਼ ਦੇ ਇਤਿਹਾਸ ਨਾਲ ਖਿਲਵਾੜ ਕੀਤਾ ਗਿਆ। 1857 ਵਿਚ ਜਿਹੜੀ ਵਕਤੀ ਤੌਰ ਉੱਤੇ ਬਗ਼ਾਵਤ ਤਥਾ ਲੜਾਈ ਹੋਈ ਉਸ ਦੀ ਥੋੜ੍ਹਚਿਰੀ ਅਤੇ ਥੋੜ੍ਹੇ ਜਿਹੇ ਖਿਤੇ ਵਿਚ ਮਿਲੀ ਕਾਮਯਾਬੀ ਦਾ ਨਤੀਜਾ ਇਹੋ ਸੀ ਕਿ ਅੰਗਰੇਜ਼ ਵੱਲੋਂ ਦਿੱਲੀ ਦੇ ਤਖ਼ਤ ਤੋਂ ਲਾਹੇ ਗਏ ਆਖਰੀ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਹੀ ਮੁੜ ਤਖ਼ਤ ’ਤੇ ਬਿਠਾਇਆ ਗਿਆ ਸੀ। ਜੇ ਮੁੜ ਤਖ਼ਤ-ਬਹਾਲੀ ਕਾਇਮ ਰਹਿੰਦੀ ਤਾਂ ਇਹ ਕਿਹੋ ਜਿਹੀ ਅਜ਼ਾਦੀ ਹੋਣੀ ਸੀ ਦੇਸ਼ ਦੀ? ਮੁਗ਼ਲ ਤਾਂ ਖ਼ੁਦ ਸਾਡੇ ਦੇਸ਼ ਉੱਤੇ ਜ਼ੋਰ-ਜਬਰੀ ਕਾਬਜ਼ ਹੋਏ ਸਨ। ਜਿਨ੍ਹਾਂ ਨੇ ਸਾਡੇ ਦੇਸ਼ ਵਾਸੀਆਂ ਉੱਤੇ ਅਣਗਿਣਤ ਅਣਮਨੁੱਖੀ ਜ਼ੁਲਮ ਕੀਤੇ, ਦੇਸ਼ ਦੀ ਅਜ਼ਮਤ ਨੂੰ ਲੁੱਟਿਆ, ਬੇਇੱਜ਼ਤ ਕੀਤਾ, ਜਬਰੀ ਧਰਮ-ਤਬਦੀਲੀ ਕਰਾਉਂਦੇ ਰਹੇ ਅਤੇ ਦੇਸ਼ ਦੇ ਮੁਕੰਮਲ ਇਸਲਾਮੀਕਰਨ ਲਈ ਬੜੇ ਵੱਡੇ ਉਪਰਾਲੇ ਕਰਦੇ ਰਹੇ ਉਨ੍ਹਾਂ ਹੀ ਲੋਕਾਂ ਦਾ ਮੁੜ ਦੇਸ਼ ਦੀ ਰਾਜ ਸ਼ਕਤੀ ਉੱਤੇ ਕਾਬਜ਼ ਹੋਣਾ ਤਾਂ ਨਵੀਂ ਮਿਲੀ ਅੰਗਰੇਜ਼ ਦੀ ਗ਼ੁਲਾਮੀ ਹੇਠੋਂ ਨਿਕਲ ਕੇ ਲੰਮੇ ਸਮੇਂ ਤੋਂ ਮਿਲੀ ਗ਼ੁਲਾਮੀ ਦੇ ਜੂਲੇ ਹੇਠ ਮੁੜ ਜਾ ਵੜਨ ਬਰਾਬਰ ਹੀ ਸੀ।

ਇਨ੍ਹਾਂ ਇਤਿਹਾਸਕ ਤੱਥਾਂ ਦੇ ਸਨਮੁਖ ਦੇਸ਼ ਵਾਸੀ ਅਤੇ ਦੁਨੀਆਂ ਦੇ ਸਿਆਣੇ ਲੋਕ ਖ਼ੁਦ ਹੀ ਨਿਰਣਾ ਕਰਨ ਕਿ ਦੇਸ਼ ਦੀ ਅਜ਼ਾਦੀ ਲਈ ਸ਼ਮ੍ਹਾਂ ਕਦੋਂ ਅਤੇ ਕਿਸ ਨੇ ਪ੍ਰਚੰਡ ਕੀਤੀ? ਕੁਰਬਾਨੀਆਂ ਕਿਤਨੀਆਂ ਅਤੇ ਕਿਸ ਨੇ ਕੀਤੀਆਂ? ਅੱਜ ਵੀ ਇਸ ਅਜ਼ਾਦੀ ਨੂੰ ਕਾਇਮ-ਦਾਇਮ ਰੱਖਣ ਲਈ ਕੌਣ ਤੱਤਪਰ ਹੈ? ਖਾਲਸਾ ਪੰਥ ਦਾ ਦੇਸ਼ ਦੀ ਅਜ਼ਾਦੀ ਲਈ ਇਹ ਸੰਘਰਸ਼ ਜਾਰੀ ਰਿਹਾ ਅਤੇ ਅੰਤ 15 ਅਗਸਤ 1947 ਨੂੰ ਦੇਸ਼ ਦੋ ਟੁਕੜੇ ਹੋ ਕੇ ਅਜ਼ਾਦ ਹੋ ਗਿਆ। ਅਜ਼ਾਦੀ ਦੇ ਇਸ ਲੰਮੇ ਸੰਘਰਸ਼ ਦੌਰਾਨ 80% ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ। ਮਗਰੋਂ ਦੇਸ਼ ਨੂੰ ਅੰਨ-ਸੰਕਟ ਕਾਰਨ ਬਦੇਸ਼ੀ ਗ਼ੁਲਾਮੀ ਤੋਂ ਅਜ਼ਾਦ ਕਰਾਉਣ ਲਈ ਵੀ ਪੰਜਾਬੀ ਖਾਸ ਕਰਕੇ ਸਿੱਖ ਕਿਸਾਨ ਹੀ ਜੂਝਿਆ ਅਤੇ ਕਾਮਯਾਬ ਹੋਇਆ ਅਤੇ ਦੇਸ਼ ਅੰਨ-ਸੰਕਟ ਤੋਂ ਸੁਤੰਤਰ ਹੋ ਗਿਆ। ਜਦੋਂ 25 ਜੂਨ 1975 ਨੂੰ ਐਮਰਜੈਂਸੀ ਲਾ ਕੇ ਦੇਸ਼ ਦੀ ਜਮਹੂਰੀਅਤ ਖ਼ਤਮ ਕਰ ਦਿੱਤੀ ਗਈ ਤਾਂ ਵੀ ਉਸ ਜਾਬਰ ਜ਼ੁਲਮੀ ਅਤੇ ਧੱਕੜ ਰਾਜਨੀਤੀ ਵਿਰੁੱਧ ਗੰਭੀਰ ਜੱਦੋ-ਜਹਿਦ ਖਾਲਸਾ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਨੇ ਮੋਰਚੇ ਦੇ ਰੂਪ ਵਿਚ 9 ਜੁਲਾਈ 1975 ਨੂੰ ਸ਼ੁਰੂ ਕੀਤੀ ਅਤੇ 17 ਜਨਵਰੀ 1977 ਨੂੰ ਭਾਰਤ ਸਰਕਾਰ ਦੀ ਹੈਂਕੜ ਭੰਨ ਕੇ ਦੇਸ਼ ਅੰਦਰ ਮੁੜ ਜਮਹੂਰੀਅਤ ਬਹਾਲ ਕਰਵਾ ਕੇ ਸਫਲਤਾ ਪ੍ਰਾਪਤ ਕੀਤੀ। ਅੱਜ ਮੁੜ ਦੇਸ਼ ਕੁਝ ਕੁ ਬਹੁਤ ਵੱਡੇ ਧਨਾਢਾਂ ਦੀ ਜਕੜ ਹੇਠ ਆ ਗਿਆ ਹੈ, ਗ਼ਰੀਬ ਅਤਿ ਗ਼ਰੀਬ ਹੋ ਗਿਆ। ਅਮੀਰ ਬਹੁਤ ਹੀ ਅਮੀਰ ਹੋ ਗਿਆ। 56 ਫੀਸਦੀ ਤੋਂ ਵੱਧ ਭਾਰਤੀ ਵੱਸੋਂ ਨੂੰ ਦੋ ਸਮੇਂ ਦੀ ਪੇਟ-ਭਰਵੀਂ ਰੋਟੀ ਨਸੀਬ ਨਹੀਂ ਹੈ। ਲੋਕਾਂ ਦੇ ਮਨੁੱਖੀ ਅਧਿਕਾਰਾਂ ਨਾਲ ਨਿੱਤ ਖਿਲਵਾੜ ਹੋ ਰਿਹੈ। ਭਾਰਤੀ ਮੀਡੀਆ ਅਨੁਸਾਰ ਨਸ਼ਿਆਂ ਦੀ ਤਸਕਰੀ ਸਰਕਾਰੀ ਮਿਲੀ-ਭੁਗਤ ਨਾਲ ਵੱਡੇ ਪੱਧਰ ਉੱਤੇ ਜਾਰੀ ਹੈ। ਦੁਸ਼ਮਣ ਦੇਸ਼ ਵੱਲੋਂ ਢੇਰ ਸਾਰੀ ਨਕਲੀ ਕਰੰਸੀ ਇਧਰ ਘੱਲ ਕੇ ਦੇਸ਼ ਨੂੰ ਬੜੇ ਵੱਡੇ ਆਰਥਕ ਸੰਕਟ ਵਿਚ ਸੁੱਟਣ ਦਾ ਯਤਨ ਕੀਤੇ ਜਾਣ ਬਾਰੇ ਨਿਤ ਟੈਲੀਵੀਜ਼ਨ ਅਤੇ ਅਖਬਾਰਾਂ ਰਾਹੀਂ ਖਬਰਾਂ ਨਸ਼ਰ ਹੋ ਰਹੀਆਂ ਹਨ। ਗੁਆਂਢੀ ਮੁਲਕ ਵੱਲੋਂ ਵੱਡੇ ਪੱਧਰ ਉੱਤੇ ਅੱਤਵਾਦ ਫੈਲਾਉਣ ਅਤੇ ਦੇਸ਼ ਨੂੰ ਧਾਰਮਿਕ ਅਤੇ ਰਾਜਨੀਤਿਕ ਸੰਕਟ ਵਿਚ ਫਸਾਉਣ ਦੀਆਂ ਖਬਰਾਂ ਵੀ ਨਿਤ ਛਾਇਆ ਹੋ ਰਹੀਆਂ ਹਨ। ਸਾਨੂੰ ਸਾਰਿਆਂ ਨੂੰ ਇਨ੍ਹਾਂ ਦੇਸ਼-ਵਿਰੋਧੀ ਮਾਰੂ ਸ਼ਕਤੀਆਂ ਵਿਰੁੱਧ ਇਕਜੁੱਟ ਹੋ ਕੇ ਸੰਘਰਸ਼ਸ਼ੀਲ ਹੋਣਾ ਪਵੇਗਾ।

ਆਓ! ਆਪਣੇ ਮਹਾਨ ਸ਼ਹੀਦਾਂ ਵਲੋਂ ਦਿਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਰਾਹਾਂ ਦੇ ਪਾਂਧੀ ਬਣੀਏ ਅਤੇ ਉਹਨਾਂ ਆਦਰਸ਼ਾਂ ਅਤੇ ਸਿਧਾਂਤਾਂ ਉਤੇ ਪਹਿਰਾ ਦੇਈਏ ਜਿਨ੍ਹਾਂ ਉਤੇ ਚਲਦਿਆਂ ਉਨ੍ਹਾਂ ਮਹਾਨ ਸ਼ਹੀਦਾਂ ਨੇ ਨਿਵੇਕਲਾ ਇਤਿਹਾਸ ਸਿਰਜਿਆ ਹੈ। ਵਰਨਾ ਆਪਣੇ ਸ਼ਹੀਦਾਂ ਨੂੰ ਭੁਲਾਉਣ ਅਤੇ ਆਪਣੇ ਵਿਰਸੇ ਨਾਲੋਂ ਟੁੱਟਣ ਵਾਲੀਆਂ ਕੌਮਾਂ ਤਾਂ ਗ਼ੁਲਾਮ ਹੋ ਹੀ ਜਾਂਦੀਆਂ ਹਨ। ਇਹੋ ਹੀ ਬਾਬਾ ਮਹਾਰਾਜ ਸਿੰਘ ਅਤੇ ਹੋਰ ਅਨੇਕਾਂ ਅਣਗਿਣਤ ਅਜ਼ਾਦੀ ਦੇ ਪਰਵਾਨਿਆਂ ਸ਼ਹੀਦ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਨੂੰ ਸਾਡੀ ਸੱਚੀ ਅਤੇ ਸਹੀ ਸ਼ਰਧਾਂਜਲੀ ਹੋਵੇਗੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)