ਕੋਲਕਾਤਾ ਵਿਚ, ਅਸਾਂ ਕੁਝ ਸਿੱਖਾਂ ਦੀ ਮੌਜੂਦਗੀ ਨੂੰ ਵੇਖਿਆ ਹੈ ਜਿਹੜੇ ਕਿ ਮੂਲ ਰੂਪ ਵਿਚ ਬਿਹਾਰ ਤੋਂ ਹਨ। ਉਹ ਅਗਰਹਾਰੀ ਸਿੱਖ ਅਖਵਾਉਂਦੇ ਹਨ। ਪ੍ਰਚਾਰਕਾਂ ਦੇ ਨਾਲ ਸਿੱਖ ਮਿਸ਼ਨ ਪੂਰਬੀ ਭਾਰਤ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ) ਦੇ ਸੰਗਠਨ-ਕਰਤਾ ਦੇ ਤੌਰ ’ਤੇ ਦਾਸ ਨੂੰ ਉਨ੍ਹਾਂ ਦੇ ਨੇੜੇ ਆਉਣ ਦਾ ਅਵਸਰ ਮਿਲਿਆ।
ਅਗਰਹਾਰੀ ਸਿੱਖਾਂ ਦੀ ਸਥਾਨਕ ਗੁਰਦੁਆਰਾ ਕਮੇਟੀ ਦੀ ਮਦਦ ਨਾਲ ਅਸਾਂ ਅਗਰਹਾਰੀ ਸਿੱਖਾਂ ਦੇ ਬੱਚਿਆਂ ਨੂੰ ਨੇਮ ਨਾਲ ਗੁਰਬਾਣੀ, ਸਿੱਖ ਇਤਿਹਾਸ, ਕੀਰਤਨ ਅਤੇ ਗੁਰਮੁਖੀ ਪੜ੍ਹਾਉਣ-ਸਿਖਾਉਣ ਦੀਆਂ ਗੁਰਮਤਿ ਕਲਾਸਾਂ ਲਾਉਣੀਆਂ ਅਰੰਭੀਆਂ। ਅਸਾਂ ਵਿਭਿੰਨ ਸਕੀਮਾਂ ਅਧੀਨ ਪੱਛਮੀ ਬੰਗਾਲ ਦੀ ਸਰਕਾਰ ਤੋਂ ਘੱਟ-ਗਿਣਤੀ ਸਿੱਖ ਵਿਦਿਆਰਥੀਆਂ ਨੂੰ ਵਜ਼ੀਫੇ ਦਿਵਾਉਣ ਵਿਚ ਵੀ ਮਦਦ ਕਰਨੀ ਸ਼ੁਰੂ ਕੀਤੀ। ਅਸੀਂ ਉਨ੍ਹਾਂ ਨੂੰ ਸਿੱਖ ਸਮੁਦਾਇ ਦੇ ਮੈਂਬਰਾਨ ਦੇ ਤੌਰ ’ਤੇ ਉਨ੍ਹਾਂ ਦੇ ‘ਘੱਟ-ਗਿਣਤੀ-ਅਧਿਕਾਰਾਂ’ ਤੋਂ ਸੁਚੇਤ ਤੇ ਸਿੱਖਿਅਤ ਕਰਨ ਦੇ ਹੀਲੇ-ਵਸੀਲੇ ਕਰ ਰਹੇ ਹਾਂ। ਆਮ ਕਰਕੇ ਇਹ ਸਿੱਖ ਆਰਥਿਕ, ਵਿੱਦਿਅਕ ਅਤੇ ਅਧਿਆਤਮਿਕ ਮੁਹਾਜ਼ਾਂ ਉੱਪਰ ਕਾਲ ਜਾਂ ਸੰਕਟ-ਸਮੇਂ ਦਾ ਸਾਹਮਣਾ ਕਰ ਰਹੇ ਹਨ। ਇਹ ਸਮੱਸਿਆ ਅਗਰਹਾਰੀ ਸਿੱਖਾਂ ਦੀ ਕੋਈ ਛੋਟੀ ਸਮੱਸਿਆ ਨਹੀਂ। ਕੋਲਕਾਤਾ ਵਿਚ ਲੇਖਕ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਅੱਜ ਦੇ ਆਧੁਨਿਕ ਯੁੱਗ ਵਿਚ ਵੀ ਪਿੱਛੇ ਧੱਕਿਆ ਜਾਂਦਾ ਅਤੇ ਦੁਬੇਲ ਬਣਾਇਆ ਜਾਂਦਾ ਹੈ। ਲੇਖਕ ਉਨ੍ਹਾਂ ਦੇ ਬਹੁਤ ਨੇੜੇ ਹੋਇਆ ਜਿਸ ਨਾਲ ਉਨ੍ਹਾਂ ਪ੍ਰਤੀ ਉਹਦੀ ਸਮਝਦਾਰੀ ਅਤੇ ਰਿਸ਼ਤਾ ਹੋਰ ਡੂੰਘਾ ਹੋਇਆ।
ਨਿਰੰਤਰ ਅੰਤਰ-ਕ੍ਰਿਆ ਜਾਂ ਤਾਲਮੇਲ ਰਾਹੀਂ ਪਤਾ ਲੱਗਾ ਕਿ ਉਹ ਉਸ ਕੋਲਕਾਤੇ ਵਿਚ ਬਹੁਤ ਲੰਬਾ ਸਮਾਂ ਰਹੇ ਜਿੱਥੇ ਬਸਤੀਵਾਦੀ ਵਿਰਾਸਤ ਅਜੇ ਵੀ ਉੱਚੀ ਖਲੋਤੀ ਹੋਈ ਹੈ। ਉਹ ਆਪਣੇ ਬਜ਼ੁਰਗਾਂ ਬਾਰੇ ਗੱਲਾਂ ਕਰਦੇ ਸਨ। ਉਨ੍ਹਾਂ ’ਚੋਂ ਜ਼ਿਆਦਾਤਰ ਆਪਣੀਆਂ ਜੜ੍ਹਾਂ ਸਸਾਰਾਮ ਵਿੱਚੋਂ ਭਾਲਦੇ ਹਨ, ਜੋ ਕਿ ਅਗਰਹਾਰੀ ਸਿੱਖਾਂ ਦਾ ਇਕ ਮੂਲ ਸਥਾਨ ਹੈ। ਅਗਰਹਾਰੀ ਸਿੱਖਾਂ ਦੀਆਂ ਕਈ ਚੰਗੀਆਂ ਗੱਲਾਂ ਸੁਣਨ ’ਚ ਆਈਆਂ ਜਿਨ੍ਹਾਂ ਨੇ ਇਸ ਜਗ੍ਹਾ ਜਾਣ ਲਈ ਮੇਰੀ ਉਤਸੁਕਤਾ ਵਧਾਈ। ਕਈ ਅਗਰਹਾਰੀ ਸਿੱਖ ਮਿੱਤਰਾਂ ਨੇ ਸਸਾਰਾਮ ਜਾਣ ਤੇ ਇਸ ਨੂੰ ਘੁੰਮ-ਫਿਰ ਕੇ ਵੇਖਣ ਦੀ ਮੇਰੀ ਚਿੰਤਾ ਬਾਰੇ ਸੁਣਿਆ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਕੋਲ ਸਸਾਰਾਮ ’ਚ ਮੇਰੇ ਟਿਕਣ ਦਾ ਇੰਤਜ਼ਾਮ ਕਰ ਦਿੱਤਾ। ਖੁਸ਼ੀ ਦਾ ਆਲਮ ਸੀ। ਮੈਂ ਖੁਸ਼ੀ-ਖੁਸ਼ੀ ਸਸਾਰਾਮ ਤਕ ਦੀ ਗੱਡੀ ਦਾ ਸਫ਼ਰ ਕੀਤਾ। ਜਿਉਂ ਹੀ ਮੈਂ 19 ਅਪ੍ਰੈਲ 2010 ਨੂੰ ਸਵੇਰੇ ਸਵੱਖਤੇ 4 ਵਜੇ ਉੱਥੇ ਪੁੱਜਾ, ਸ. ਰਾਜੇਸ਼ ਸਿੰਘ, ਸ. ਕਿਰਪਾਲ ਸਿੰਘ ਅਤੇ ਉਨ੍ਹਾਂ ਦੇ ਮਿੱਤਰ ਮੇਰੀ ਤੀਬਰਤਾ ਨਾਲ ਉਡੀਕ ਕਰਦੇ ਹੋਏ ਮੈਨੂੰ ਮਿਲੇ। ਗਰਮਜੋਸ਼ੀ ਨਾਲ ਮੇਰਾ ਸਵਾਗਤ ਕਰਦੇ ਹੋਏ ਮੈਨੂੰ ਸ. ਸਤਪਾਲ ਸਿੰਘ ਦੀ ਰਿਹਾਇਸ਼ਗਾਹ ’ਤੇ ਲੈ ਗਏ। ਕਿਸੇ ਦੇ ਘਰ ਠਹਿਰਣ ’ਚ ਝਿਜਕ ਸੀ ਅਤੇ ਮਨ ਵਿਚ ਹੋਟਲ ਵਿਚ ਰਹਿਣ ਦਾ ਖਿਆਲ ਆਇਆ ਸੀ ਪਰ ਉਨ੍ਹਾਂ ਦੇ ਮੋਹ-ਪਿਆਰ ਸਾਹਵੇਂ ਖੁਦ ਨੂੰ ਉਨ੍ਹਾਂ ਦੇ ਸਪੁਰਦ ਕਰ ਦਿੱਤਾ। ਰਤਾ ਵੀ ਦੇਰ ਨਾ ਲੱਗੀ ਜਦੋਂ ਮੈਂ ਸਸਾਰਾਮ ਦੇ ਸਿੱਖ ਭਾਈਚਾਰੇ ਦਾ ਇਕ ਅਨਿੱਖੜ ਹਿੱਸਾ ਬਣਿਆ ਮਹਿਸੂਸ ਕਰਨ ਲੱਗਾ। ਮੇਰੇ ਇਸ਼ਨਾਨ ਤੇ ਨਿਤਨੇਮ ਕਰਨ ਦੇ ਸਮੇਂ ਦੇ ਵਿਚ-ਵਿਚ ਹੀ ਮੇਜ਼ਬਾਨ ਨੇ ਮੇਰਾ ਦੋ-ਦਿਨਾਂ ਦਾ ਪ੍ਰੋਗਰਾਮ ਉਲੀਕ ਕੇ ਬਿਲਕੁਲ ਤਿਆਰ ਕਰ ਦਿੱਤਾ। ਵਿਭਿੰਨ ਗੁਰਦੁਆਰਾ ਸਾਹਿਬਾਨ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਮੇਰੀ ਉਨ੍ਹਾਂ ਮਹੱਤਵਪੂਰਨ ਅਸਥਾਨਾਂ ਦੀ ਯਾਤਰਾ ਕਰਨ ਦੀ ਰੀਝ ਬਾਰੇ ਸੂਚਿਤ ਕਰ ਦਿੱਤਾ।
ਮੇਰਾ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਹੋਇਆ ਅਤੇ ਗੁਰੂ-ਘਰ ਦੀ ਸਿਰੋਪਾਉ ਦੀ ਬਖਸ਼ਿਸ਼ ਵੀ ਪ੍ਰਾਪਤ ਹੋਈ। ਇਸ ਫੇਰੀ ਨੇ ਮੇਰੇ ਗਿਆਨ ਤੇ ਜਾਣਕਾਰੀ ’ਚ ਵਾਧਾ ਕੀਤਾ ਕਿ ਇਸ ਇਲਾਕੇ ’ਚ ਗੁਰੂ ਸਾਹਿਬਾਨ ਨੇ ਆਪਣੇ ਮੁਬਾਰਕ ਚਰਨ ਪਾਏ ਸਨ। ਉਨ੍ਹਾਂ ਵੱਖ-ਵੱਖ ਗੁਰਸਿੱਖਾਂ ਬਾਰੇ ਜਿਹੜੇ ਕਿ ਵੱਖ-ਵੱਖ ਸਮੇਂ ਪੰਜਾਬ ਅਤੇ ਹੋਰ ਖੇਤਰਾਂ ਤੋਂ ਇੱਥੇ ਆਏ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਪਰਉਪਕਾਰ ਦੇ ਕਾਰਜਾਂ ਬਾਰੇ ਵੀ ਪਤਾ ਲੱਗਾ। ਸਸਾਰਾਮ ਦੇ ਇਸ ਪਵਿੱਤਰ ਅਸਥਾਨ ਦੀ ਮੇਰੀ ਯਾਤਰਾ ਦੌਰਾਨ ਜੋ ਮੋਹ-ਪਿਆ ਤੇ ਸ਼ੁਕਰਗੁਜ਼ਾਰੀ ਦੀ ਜੋ ਝੜੀ ਉਨ੍ਹਾਂ ਨੇ ਲਾਈ ਮੈਂ ਉਨ੍ਹਾਂ ਦਾ ਕਾਇਲ ਹੋ ਕੇ ਹੀ ਸਸਾਰਾਮ ਦੇ ਇਸ ਪਾਵਨ ਅਸਥਾਨ ਦੀ ਯਾਤਰਾ ਬਾਰੇ ਲਿਖਣ ਵਾਸਤੇ ਮਜਬੂਰ ਹੋਇਆ ਹਾਂ।
ਸਸਾਰਾਮ ਦਾ ਸੰਖੇਪ ਵਰਣਨ :
ਇਹ ਇਕ ਪੁਰਾਣਾ ਨਗਰ ਹੈ ਜੋ ਸਮਰਾਟ ਅਸ਼ੋਕ ਦੇ ਸਮੇਂ ਵੱਲ ਸਾਨੂੰ ਧੂਹ ਕੇ ਲੈ ਜਾਂਦਾ ਹੈ। ਚੰਦਨ ਸ਼ਹੀਦ ਦੇ ਨੇੜੇ ਕਸ਼ਮੀਰ ਦੀਆਂ ਪਹਾੜੀਆਂ ਦੀ ਇਕ ਛੋਟੀ ਗੁਫਾ ’ਚ ਸਥਿਤ ਸਤਵੀਂ ਸਦੀ ਦੇ ਇਰਦ-ਗਿਰਦ ਦਾ ਸਥਾਪਿਤ ਸਮਰਾਟ ਅਸ਼ੋਕ ਦਾ ਸਤੰਭ ਹੈ (ਇਹ ਤੇਰ੍ਹਾਂ ਲਘੂ ਸ਼ਿਲਾਲੇਖਾਂ ’ਚੋਂ ਇਕ ਹੈ)। ਇਸ ਨੂੰ ਸਤਿਵਾਦੀ ਰਾਜਾ ਹਰੀਸ਼ਚੰਦਰ ਦੀ ਰਿਹਾਇਸ਼ਗਾਹ ਕਰਕੇ ਵੀ ਜਾਣਿਆ ਜਾਂਦਾ ਹੈ। ਰੋਹਤਾਸ ਕਿਲ੍ਹਾ ਕਰਕੇ ਪ੍ਰਸਿੱਧ ਰਾਜਾ ਹਰੀਸ਼ਚੰਦਰ ਨਾਲ ਸੰਬੰਧਿਤ ਇਕ ਵੱਡਾ ਸ਼ਾਹੀ ਕਿਲ੍ਹਾ ਸਥਿਤ ਹੈ ਜੋ ਕਿ ਬਾਅਦ ਵਿਚ ਸ਼ੇਰਸ਼ਾਹ ਸੂਰੀ ਦਾ ਹੈੱਡ ਕੁਆਰਟਰ ਬਣਿਆ ਤੇ ਇਸ ਤੋਂ ਬਾਅਦ ਅਕਬਰ ਦੇ ਸ਼ਾਸਨ-ਕਾਲ ਦੌਰਾਨ ਰਾਜਾ ਮਾਨ ਸਿੰਹ ਦਾ ਹੈੱਡ ਕੁਆਰਟਰ ਜਦਕਿ ਉਹ ਬਿਹਾਰ ਅਤੇ ਬੰਗਾਲ ਦਾ ਰਾਜਪਾਲ ਸੀ। ਇਸ ਨਗਰ ਦੀ ਸੁੰਦਰਤਾ ’ਚ ਵਾਧਾ ਕਰਦੇ ਇੱਥੇ ਬਹੁਤ ਸਾਰੇ ਪ੍ਰਾਚੀਨ ਮੰਦਰ ਅਤੇ ਝਰਨੇ ਹਨ। ਭਾਰਤ ਦਾ ਪਠਾਨ ਸ਼ਾਸਕ ਸ਼ੇਰਸ਼ਾਹ ਸੂਰੀ ਸਾਸਰਾਮ ਦਾ ਸੀ। ਉਸ ਨੇ ਆਪਣੇ ਸ਼ਾਸਨ-ਕਾਲ (1539-1545) ਦੌਰਾਨ ਉੱਪਰ-ਸੰਰਚਨਾਤਮਕ ਵਿਕਾਸ ਕਰਕੇ ਪ੍ਰਸਿੱਧੀ ਕਮਾਈ। ਉਸ ਦਾ ਮ੍ਰਿਤਕ ਸਰੀਰ ਸਸਾਰਾਮ ’ਚ ਦਫ਼ਨਾਇਆ ਗਿਆ ਸੀ। ਉੱਥੇ ਉਸਦੀ ਯਾਦ ’ਚ ਪੱਥਰ ਦੀ ਵਧੀਆ ਕਾਰੀਗਰੀ ਦਾ ਰੂਪ ਇਕ ਵੱਡਾ ਮਕਬਰਾ ਉਸਾਰਿਆ ਹੋਇਆ ਹੈ।
ਸਸਾਰਾਮ ਨੈਸ਼ਨਲ ਹਾਈਵੇ 2 ’ਤੇ ਸਥਿਤ ਹੈ ਅਤੇ ਇਹਦੇ ਦੁਆਲੇ ਕੌਮੀ ਸ਼ਾਹ ਮਾਰਗ ਅਤੇ ਰੇਲਵੇ ਸਟੇਸ਼ਨ ਹਨ। ਇਹ 24.95 ਦਰਜੇ ਉੱਤਰ, 84.03 ਦਰਜੇ ਪੂਰਬ ’ਤੇ ਵਾਕਿਆ ਹੈ। 2001 ਈ: ਦੀ ਮਰਦਮਸ਼ੁਮਾਰੀ ਵਿਚ ਇਸ ਦੀ ਅਬਾਦੀ 1,31,042 ਸੀ। ਇਹ ਜ਼ਿਲ੍ਹਾ ਰੋਹਤਾਸ ਦਾ ਹੈੱਡਕੁਆਰਟਰ ਹੈ। ਲਾਗਲੀ ਉਪਜਾਊ ਭੂਮੀ ਹੋਣ ਕਾਰਨ ਇਸ ਖਿੱਤੇ ਦੀ ਅਰਥ-ਵਿਵਸਥਾ ਖੇਤੀ-ਆਧਾਰਿਤ ਹੈ। ਇਸ ਖਿੱਤੇ ਨੂੰ ‘ਧਾਨ (ਝੋਨਾ) ਕਾ ਕਟੋਰਾ’ (ਚੌਲਾਂ ਦਾ ਕੌਲ) ਕਰਕੇ ਵੀ ਜਾਣਿਆ ਜਾਂਦਾ ਹੈ। ਚੌਲ ਪਾਲਸ਼ ਕਰਨ ਦੇ ਇਲਾਵਾ ਚਟਾਨ ਦੀਆਂ ਖਾਣਾਂ ਦਾ ਪ੍ਰਫੁਲਿਤੀਕਰਣ ਅਤੇ ਪੱਥਰ- ਚਿਪਸ ਮੁੱਖ ਉਦਯੋਗ ਹਨ।
ਸਸਾਰਾਮ ਦਾ ਸਿੱਖ-ਅਵਲੋਕਨ/ਸਿੱਖ-ਦ੍ਰਿਸ਼ :
ਸਸਾਰਾਮ ਬਾਰੇ ਮੇਰੀ ਰੁਚੀ ਬਿਲਕੁਲ ਭਿੰਨ ਅਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਇਹ ਕੋਲਕਾਤਾ ਦੇ ਅਗਰਹਾਰੀ ਸਿੱਖਾਂ ਦੇ ਵਿਕਾਸ ’ਤੇ ਕੰਮ ਕਰਨ ਵੇਲੇ ਵਿਕਸਿਤ ਹੋਈ। ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਆਪਣੀ ਪਹਿਲੀ ਉਦਾਸੀ ਦੌਰਾਨ ਇਸ ਅਸਥਾਨ ਦੀ ਯਾਤਰਾ ਕਰਨ ਸੰਬੰਧੀ ਪਤਾ ਲੱਗਾ ਜਦੋਂ ਗੁਰੂ ਸਾਹਿਬ ਬਨਾਰਸ ਤੋਂ ਗਯਾ ਨੂੰ ਜਾ ਰਹੇ ਸਨ। ਉੱਤਰ ਤੋਂ ਆਉਣ ਵੇਲੇ ਸਸਾਰਾਮ ਨੂੰ ਬਿਹਾਰ ਦੇ ਮੁੱਖ-ਦੁਆਰ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪੈੜਾਂ ’ਤੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਵਿਭਿੰਨ ਅਸਥਾਨਾਂ ’ਤੇ ਪੱਕੀ ਸੰਗਤ ਉਸਾਰਨ ਵੇਲੇ ਮਸੰਦ (ਪ੍ਰਚਾਰਕ) ਘੱਲੇ। ਸਸਾਰਾਮ ਵੱਲ ਇਕ ਫੱਗੂ ਨਾਮਕ ਮਸੰਦ ਘੱਲਿਆ, ਜਿਸ ਨੂੰ ਮਗਰੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਵੇਲੇ ‘ਚਾਚਾ ਫੱਗੂ ਮੱਲ ਜੀ’ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ। ਉਹ ਛੇ ਗੁਰੂ ਪਾਤਸ਼ਾਹਾਂ ਦੇ ਦਰਸ਼ਨ-ਦੀਦਾਰ ਕਰਨ ਪੱਖੋਂ ਸੁਭਾਗਾ ਸੀ। ਛੇ ਗੁਰੂ-ਸਾਹਿਬਾਨ ਦੇ ਦਰਸ਼ਨ ਕਰਨ ਦਾ ਖਾਸ-ਉਲ-ਖਾਸ ਮਾਣ ਇਸ ਤੋਂ ਪਹਿਲਾਂ ਸਿਰਫ਼ ਬਾਬਾ ਬੁੱਢਾ ਜੀ ਨੂੰ ਹੀ ਪ੍ਰਾਪਤ ਹੋਇਆ ਸੀ। ਸਸਾਰਾਮ ਦੇ ਸਥਾਨਕ ਲੋਕਾਂ ਵਿਚ ਉਨ੍ਹਾਂ ਦਾ ਮਹਾਨ ਤੇ ਡੂੰਘਾ ਸਤਿਕਾਰ ਹੈ।
ਕਿਹਾ ਜਾਂਦਾ ਹੈ ਕਿ ਬਨਾਰਸ ਤੋਂ ਪਟਨਾ ਸਾਹਿਬ ਨੂੰ ਜਾਂਦੇ ਵਕਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਸਾਰਾਮ ਵਿਖੇ 21 ਦਿਨ ਮੁਕਾਮ ਕੀਤਾ। ਉਨ੍ਹਾਂ ਦੇ ਸੰਗ-ਸਾਥ ਹੋਰ ਸਾਧ-ਸੰਗਤ ਦੇ ਨਾਲ ਮਾਤਾ ਨਾਨਕੀ ਜੀ, ਗੁਰੂ ਜੀ ਦੇ ਮਹਿਲ ਅਥਵਾ ਸੁਪਤਨੀ ਗੁਜਰੀ ਜੀ, ਬਾਬਾ ਕਿਰਪਾਲ ਜੀ (ਮਾਤਾ ਗੁਜਰੀ ਜੀ ਦੇ ਭਰਾ) ਸਨ। ਇਹ ਵੀ ਆਖਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਇੱਥੇ ਬਾਣੀ ਉਚਾਰਨ ਕੀਤੀ ਜੋ ਕਿ ਰਾਗ ਜੈਜਾਵੰਤੀ ਵਿਚ ਹੈ।
ਬਾਬਾ ਫੱਗੂ ਮੱਲ ਜੀ ਨੂੰ ਗੁਰੂ ਸਾਹਿਬ ਦੀ ਆਮਦ ਬਾਰੇ ਮਾਲੂਮ ਹੋਇਆ, ਇਸ ਲਈ ਉਨ੍ਹਾਂ ਨੇ ਇਸ ਅਸਥਾਨ ’ਤੇ ਇਕ ਵੱਡੇ ਪ੍ਰਵੇਸ਼ ਦੁਆਰ ਵਾਲਾ ਇਕ ਮਕਾਨ ਬਣਵਾ ਦਿੱਤਾ ਤਾਂ ਜੋ ਗੁਰੂ ਸਾਹਿਬ ਨਿਰਸੰਕੋਚ ਇਸ ਵਿਚ ਪਧਾਰ ਸਕਣ। ਗੁਰੂ ਜੀ ਘੋੜੇ ’ਤੇ ਅਸਵਾਰ ਹੋਏ ਬਾਬਾ ਫੱਗੂ ਮੱਲ ਜੀ ਦੀ ਕੁਟੀਆ ’ਚ ਪਧਾਰੇ ਤੇ ਪੁਕਾਰਿਆ ਕਿ, “ਚਾਚਾ ਜੀ, ਮੈਂ ਆ ਗਿਆ ਹਾਂ।” ਸਾਹਿਬਾਂ ਦੇ ਸਤਿਕਾਰ ਵਜੋਂ ਇਸ ਧਰਮੀ ਬਜ਼ੁਰਗ ਦੇ ਨੈਣਾਂ ’ਚੋਂ ਅੱਥਰੂ ਵਹਿਣ ਲੱਗੇ। ਇਸ ਕਰਕੇ ਸਸਾਰਾਮ ਦੀ ਸੰਗਤ ਵੱਲੋਂ ਆਪ ਨੂੰ ‘ਚਾਚਾ ਜੀ’ ਪੁਕਾਰਿਆ ਗਿਆ। ਹਜ਼ਾਰਾਂ ਹੀ ਸਿੱਖ ਆਏ ਤੇ ਉਨ੍ਹਾਂ ਨੇ ਗੁਰੂ ਜੀ ਦੇ ਸਤਿਸੰਗ ਦੀ ਹਾਜ਼ਰੀ ਭਰੀ। ਗੁਰੂ ਜੀ ਅਤੇ ਸੰਗਤ ਪ੍ਰਤੀ ਸ਼ਰਧਾ-ਸਤਿਕਾਰ ਵਜੋਂ ਸਥਾਨਕ ਰਾਜਿਆਂ ਅਤੇ ਜ਼ਿਮੀਂਦਾਰਾਂ ਨੇ ਦਸਵੰਧ ਵਜੋਂ ਮੁੱਲਵਾਨ ਵਸਤਾਂ ਭੇਟ ਕੀਤੀਆਂ। ਲੋਕ-ਗਾਥਾ ਮੁਤਾਬਿਕ ਗੁਰੂ ਜੀ ਨੇ ਇਕ ਬਜ਼ੁਰਗ ਮਾਤਾ ਦੇ ਘਰੋਂ ਇਕ ਬੇਰ ਲਿਆ ਕੇ ਇਸ ਨੂੰ ਚਾਚਾ ਜੀ ਦੀ ਕੁਟੀਆ ਦੇ ਸਾਹਮਣੇ ਜ਼ਮੀਨ ਵਿਚ ਬੀਜ ਦਿੱਤਾ। ਸਥਾਨਕ ਵਿਸ਼ਵਾਸ ਤੁਰਿਆ ਆਉਂਦਾ ਹੈ ਕਿ 350 ਵਰ੍ਹਿਆਂ ਦੀ ਪੁਰਾਣੀ ਬੇਰੀ ਇਕ ਵਿਸ਼ਾਲ ਦਰਖ਼ਤ ਦੇ ਰੂਪ ਵਿਚ ਅੱਜ ਵੀ ਮੌਜੂਦ ਹੈ। ਸਮਝਿਆ ਜਾਂਦਾ ਹੈ ਕਿ ਗੁਰੂ ਜੀ ਦੀ ਸਸਾਰਾਮ ਦੀ ਪ੍ਰਚਾਰ-ਫੇਰੀ ਦੌਰਾਨ ਇੱਥੇ ਵੱਡੀ ਗਿਣਤੀ ਵਿਚ ਸਿੱਖ ਮੌਜੂਦ ਸਨ।
ਸਸਾਰਾਮ ਦੀ ਗੁਰੂ ਜੀ ਦੀ ਉਪਰੋਕਤ ਪ੍ਰਚਾਰ-ਫੇਰੀ ਅਤੇ ਚਾਚਾ ਫੱਗੂ ਮੱਲ ਜੀ ਬਾਰੇ ਕੁਝ ਵੇਰਵੇ ਹੇਠਾਂ ਦਿੱਤੇ ਜਾ ਰਹੇ ਹਨ:
1. ਤਵਾਰੀਖ ਖਾਲਸਾ ਵਿਚ ਸਫ਼ਾ ਨੰ: 838, ਗੁਰੂ 9 ਹਿੱਸਾ 1. ਕ੍ਰਿਤ ਭਾਈ ਗਿਆਨ ਸਿੰਘ 2. ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਜਿਲਦ ਅਠਵੀਂ, ਸਫ਼ਾ 345 ਤੋਂ, ਰਾਸ 11, ਅਧਿਆਇ 55 ‘ਸਸਾਰਾਮ ਚਾਚੇ ਫੱਗੂ ਦੇ ਘਰ’ ਦੇ ਸਿਰਲੇਖ ਅਧੀਨ ਅਤੇ ਰਾਸ 11 ਅਧਿਆਇ 56 ਸਫ਼ਾ 351 “ਸਸਾਰਾਮ ਡੇਰਾ, ਬੇਰੀ, ਬਾਗ ਵਿਚ ਨਿਵਾਸ” ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ।
ਉਨ੍ਹਾਂ ਵਿਚ ਵਧੇਰੇ ਅਗਰਹਾਰੀ ਹਨ; ਕੁਝ ਕਸੇਰਾ, ਸੋਨਾਰ, ਕੇਸਰੀ, ਪੱਸੀ, ਚੌਧਰੀ, ਤੇਲੀ, ਘੁਮਾਰ, ਕਿਓਰੀ ਅਤੇ ਹੋਰ ਵਰਗ ਵਾਲੇ ਸਿੱਖ ਹਨ। ਅਗਰਹਾਰੀ ਜਿੱਥੇ ਵੀ ਗਏ ਜਿਵੇਂ ਕਿ ਕਾਰੋਬਾਰ ਅਤੇ ਵਪਾਰ ਵਾਸਤੇ ਗਯਾ, ਹੰਟਰਗੰਜ, (ਕੇਂਡਲੀ ਅਤੇ ਚਿੱਟੀ ਪਿੰਡਾਂ ’ਚ), ਪਟਨਾ, ਕਠਿਆਰ, ਢਾਕਾ, ਕੋਲਕਾਤਾ ਆਦਿ ਜਿਹੇ ਭਾਰਤ ਦੇ ਪੂਰਬੀ ਹਿੱਸੇ ਵਿਚ ਉੱਥੇ-ਉੱਥੇ ਹੀ ਉਹ ਗੁਰਦੁਆਰੇ ਸਾਹਿਬਾਨ, ਸੰਗਤਾਂ ਅਤੇ ਹੋਰ ਸਿੱਖ-ਸੰਸਥਾਵਾਂ ਨੂੰ ਬਣਾ ਕੇ ਸਿੱਖ-ਸੱਭਿਆਚਾਰ ਨਾਲ ਜੁੜੇ ਰਹੇ।
ਅਗਰਹਾਰੀ ਸਿੱਖ ਸਿਰਫ ਪੂਰਬ ਵਾਲੇ ਪਾਸੇ ਹੀ ਨਹੀਂ ਆਏ, ਉਹ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਵੀ ਮੌਜੂਦ ਹਨ। ਦੋ ਸੌ ਕੁ ਸਾਲ ਪਹਿਲਾਂ ਦਾ ਵਾਕਿਆ ਹੈ ਜਦੋਂ ਉਹ ਸਸਾਰਾਮ ਤੋਂ ਜ਼ਿਲ੍ਹਾ ਸੋਨਬਦਰ ਸਿਕੁਨੀ ਵਿਚਲੇ ਢੁਡੀ, ਮੇਓਲਪੁਰ ਅਤੇ ਰੇਨੂਕੋਟ ਗਏ। ਅਹਰੋਰਾ ਵਿਚ ਇਕ ਗੁਰਦੁਆਰਾ ਸਾਹਿਬ ਹੈ। ਇਸ ਇਲਾਕੇ ਵਿਚਲੇ ਕੁਝ ਅਗਰਹਾਰੀ ਸਿੱਖ ਸਸਾਰਾਮ ਨੂੰ ਆਪਣੇ ਟਿਕਾਣੇ ਵਜੋਂ ਨਹੀਂ ਰੱਖ ਰਹੇ। ਮੇਓਲਪੁਰ ਵਿਚ ਇਕ ਅਗਰਹਾਰੀ ਸਿੱਖ ਸ. ਗੁਰਦਿਆਲ ਸਿੰਘ ਨੇ ਰੇਨੂਕੋਟ ਦੇ ਪੰਜਾਬੀ ਸਿੱਖਾਂ ਦੀ ਭਰਵੀਂ ਮਦਦ ਲੈ ਕੇ ਇਕ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਢੁਡੀ ਵਿਚ, ਗ਼ੈਰ-ਸਿੱਖ ਗੁਰਦੁਆਰਾ ਸਾਹਿਬ ਦੀਆਂ ਹਾਜ਼ਰੀਆਂ ਭਰਦੇ ਸੇਵਾ ਕਮਾਉਂਦੇ ਹਨ। ਸਿੱਖਾਂ ਸਮੇਤ ਸਸਾਰਾਮ ਦੇ ਲੋਕਾਂ ਦੀ ਸਥਾਨਕ ਬੋਲੀ ‘ਭੋਜਪੁਰੀ’ ਹੈ, ਪਰੰਤੂ ਉਹ ਸਦਾ ਹੀ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਵਿੱਚੋਂ ਕਈਆਂ ਦੀ ਪੰਜਾਬੀ ਬੋਲੀ ਉੱਤੇ ਉਥੋਂ ਦੀ ਸਥਾਨਕ ਬੋਲੀ ਦੇ ਉਚਾਰਣ ਦਾ ਪ੍ਰਭਾਵ ਵੀ ਵੇਖਿਆ ਜਾ ਸਕਦਾ ਹੈ। ਦਰਅਸਲ ਉਨ੍ਹਾਂ ਨੂੰ ਗਿਆਨ ਹੈ ਕਿ ਗੁਰਮੁਖੀ ਦੇ ਮਾਧਿਅਮ ਦੁਆਰਾ ਉਨ੍ਹਾਂ ਆਪਣੇ ਪਿਆਰੇ ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਉਪਦੇਸ਼ ਤਕ ਆਪਣੀ ਸੁਖਾਲੀ ਪਹੁੰਚ ਕਰ ਸਕਦੇ ਹਨ। ਵੇਖਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੀਆਂ ਵਪਾਰਕ ਕੜੀਆਂ ਦਾ ਸਦਕਾ ਪੰਜਾਬ ਦੇ ਖੱਤਰੀਆਂ ਅਤੇ ਅਗਰਹਾਰੀਆਂ ਦਾ ਸੰਬੰਧ ਸੀ। ਜਦੋਂ ਖੱਤਰੀ ਪੂਰਬ ਵੱਲ ਨੂੰ ਤੁਰੇ, ਅਗਰਹਾਰੀ ਵੀ ਉਨ੍ਹਾਂ ਦੇ ਨਾਲ-ਨਾਲ ਚੱਲੇ। ਇਹ ਵੀ ਇਕ ਵੱਡਾ ਕਾਰਨ ਹੈ ਜੋ ਅਗਰਹਾਰੀਆਂ ਨੂੰ ਕੋਲਕਾਤੇ ਲੈ ਗਿਆ। ਕੋਲਕਾਤਾ ਵਿਚ ਕੀਰਤੀ ਪ੍ਰਾਪਤ ਖੱਤਰੀ ਵਪਾਰੀਆਂ ਓਮੀਚੰਦ ਅਤੇ ਰਾਜਾ ਹਜ਼ੂਰੀ ਮੱਲ ਨੇ ਅਗਰਹਾਰੀ ਸਿੱਖਾਂ ਦੇ ਨਾਲ ਰਲ ਕੇ ਗੁਰਦੁਆਰੇ ਸਾਹਿਬਾਨ (ਗੁਰਦੁਆਰਾ ਬੜੀ ਸਿੱਖ ਸੰਗਤ ਅਤੇ ਗੁਰਦੁਆਰਾ ਛੋਟੀ ਸਿੱਖ ਸੰਗਤ) ਉਸਾਰੇ। ਇਹ ਵੀ ਆਖਿਆ ਜਾਂਦਾ ਹੈ ਕਿ ਖੱਤਰੀ ਵਪਾਰੀ ਸਸਾਰਾਮ ’ਚ ਰਹਿੰਦੇ ਸਨ। ਗੁਰੂ ਸਾਹਿਬ ਦੀ ਪ੍ਰਚਾਰ-ਫੇਰੀ ਦੌਰਾਨ ਇਹ ਉਹੀ ਸਨ ਜਿਨ੍ਹਾਂ ਨੇ ਕਿ ਆਪਣੇ-ਆਪ ਨੂੰ ਉਨ੍ਹਾਂ ਨਾਲੋਂ ਉਚੇਰੇ ਥਾਂ ਸੋਚਦਿਆਂ ਹੋਇਆਂ ਅਗਰਹਾਰੀਆਂ ਨੂੰ ਗੁਰੂ ਜੀ ਦਾ ਸਵਾਗਤ ਕਰਨ ਘੱਲਿਆ। ਗੁਰੂ ਸਾਹਿਬ ਨੇ ਅਗਰਹਾਰੀ ਸਿੱਖਾਂ ’ਤੇ ਕਿਰਪਾ-ਬਖ਼ਸ਼ਿਸ਼ ਕੀਤੀ ਜੋ ਕਿ ਹਾਲੇ ਵੀ ਅੱਜ ਬਿਹਤਰ ਢੰਗ ਨਾਲ ਜ਼ਿੰਦਗੀ ਬਸਰ ਕਰ ਰਹੇ ਹਨ ਅਤੇ ਉਨ੍ਹਾਂ ਦਾ ਅੰਸ-ਬੰਸ ਕਈ ਗੁਣਾਂ ਵਧਿਆ-ਫੁਲਿਆ ਹੈ, ਜਦੋਂ ਕਿ ਗੁਰੂ ਜੀ ਦੂਜੇ ਪਾਸੇ ਖੱਤਰੀਆਂ ਨਾਲ ਖੁਸ਼ ਨਹੀਂ ਹੋਏ ਸਨ। ਖੱਤਰੀ ਹੌਲੀ-ਹੌਲੀ ਹਾਸ਼ੀਏ ਵੱਲ ਧੱਕੇ ਗਏ ਅਤੇ ਉੱਥੇ ਸਿਰਫ਼ ਦੋ-ਤਿੰਨ ਹੀ ਪਰਵਾਰ ਉਹ ਵੀ ਬਹੁਤ ਹੀ ਕਰੁਣਾਮਈ ਦਸ਼ਾ ’ਚ ਰਹਿ ਰਹੇ ਹਨ।
ਅਗਰਹਾਰੀ ਸਿੱਖ ਵਪਾਰੀਆਂ ਦੇ ਤੌਰ ’ਤੇ ਲੱਗਭਗ ਚਾਰ-ਸਾਢੇ ਚਾਰ ਸੌ ਸਾਲ ਪਹਿਲਾਂ ਸਸਾਰਾਮ ਵਿਚ ਵੱਸੇ ਹਨ। ਉਹ ਅਗਰਹਾਰੀ ਕਿਉਂ ਕਹਾਉਂਦੇ ਹਨ ਇਸ ਦੇ ਬਾਰੇ ਵੱਖ-ਵੱਖ ਵਿਚਾਰ ਮਿਲਦੇ ਹਨ। ਇਹ ਵਿਚਾਰ ਹੇਠ ਲਿਖੇ ਅਨੁਸਾਰ ਸ਼੍ਰੇਣੀਬਧ ਹਨ:
1) ਉਹ ਆਗਰੇ ਤੋਂ ਆਏ ਅਤੇ ਕੁਝ ਆਖਦੇ ਹਨ ਕਿ ਉਹ ਉੱਤਰ ਪ੍ਰਦੇਸ਼ ਵਿਚਲੇ ਅਮਰੋਹਾ ਤੋਂ ਆਏ।
2) ਅਗਰਹਾਰੀ ਅੱਗਰਵਾਲਾਂ ਵਾਂਗ ਮਹਾਰਾਜਾ ਅਗਰਸੇਨ ਦੇ ਉਤਰਾਧਿਕਾਰੀ ਹਨ।
3) ਇਕ ਹੋਰ ਮਤ ਦਾ ਕਹਿਣਾ ਹੈ ਕਿ ਉਹ ਅਗਰਬੱਤੀ ਦਾ ਵਪਾਰ ਕਰਦੇ ਸਨ, ਜਿਸ ਕਰਕੇ ਉਹ ਅਗਰਹਾਰੀ ਕਹਾਏ।
ਲੇਖਕ ਨੇ ਕੁਝ ਪ੍ਰਸਿੱਧ ਅਤੇ ਪੜ੍ਹੇ-ਲਿਖੇ ਅਗਰਹਾਰੀ ਸਿੱਖਾਂ ਨਾਲ ਇਸ ਨੁਕਤੇ ’ਤੇ ਵਿਚਾਰ-ਚਰਚਾ ਚਲਾਈ। ਕੁਝ ਨੇ ਉੱਪਰ ਅੰਕਿਤ ਪਹਿਲੇ ਮਤ ਨਾਲ ਸੱਚ ਹੋਣ ਦਾ ਦਾਅਵਾ ਜਤਾਇਆ ਪਰੰਤੂ ਕਈ ਪਹਿਲੇ ਅਤੇ ਦੂਸਰੇ ਮਤ ਨਾਲ ਜੁੜੇ ਰਹੇ। ਤੀਸਰੇ ਮਤ ਨੂੰ ਉਨ੍ਹਾਂ ’ਚੋਂ ਬਹੁਤਿਆਂ ਨੇ ਮੂਲੋਂ ਹੀ ਰੱਦ ਕਰ ਦਿੱਤਾ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪ੍ਰਚਾਰ ਦਾ ਸਦਕਾ ਸਥਾਨਕ ਸਮੁਦਾਵਾਂ ਖਾਸ ਕਰਕੇ ਅਗਰਹਾਰੀਆਂ ਵਿਚ ਸਿੱਖੀ ਦਾ ਸੰਬੰਧ ਮਜ਼ਬੂਤ ਹੋਇਆ। ਮੈਂ ਸੁਣਿਆ ਸੀ ਕਿ ਸਾਸਰਾਮ ਵਿਚ ਸਿਰਫ਼ ਅਗਰਹਾਰੀ ਸਿੱਖ ਹੀ ਰਹਿੰਦੇ ਸਨ, ਪਰ ਮੈਂ ਹੈਰਾਨ ਹੋਇਆ ਜਦੋਂ ਮੈਂ ਡਿੱਠਾ ਕਿ ਇਕ ਬਾਹਰੀ ਸਾਦਾ ਪਹਿਚਾਣ ਦੇ ਥੱਲੇ ਇਕ ਬਹੁਪਰਤੀ ਪਹਿਚਾਣ ਹੈ ਅਤੇ ਕਿੱਦਾਂ ਸਿੱਖੀ ਦੀਆਂ ਬਹੁਪੱਖੀ ਤਣੀਆਂ ਨਿਰੰਤਰ ਵਿਗਾਸ ਕਰਦੀਆਂ ਹੈਨ ਅਤੇ ਇਕ ਕਿਲੋਮੀਟਰ ਦੇ ਵਿਚ ਗੂੜ੍ਹ ਸ਼ਿਸ਼ ਜਾਂ ਸਿੱਖ ਹਾਸਲ ਕਰਦੀਆਂ ਹਨ। ਇਸ ਨੇ ਇਸ ਇਲਾਕੇ ਵਿਚ ਵੱਡਾ ਅਸਰ ਪਾਇਆ। ਸਾਸਰਾਮ ਦੇ ਬਹੁਤੇ ਲੋਕ ਆਪਣੀ ਜ਼ਿੰਦਗੀ ਵਿਚ ਆਉਣ ਵਾਲੀ ਕਿਸੇ ਦੁੱਖ ਜਾਂ ਖੁਸ਼ੀ ਦੀ ਘੜੀ ਵਿਚ ਗੁਰਦੁਆਰਾ ਸਾਹਿਬ ਵਿਖੇ ਅਕਾਲ ਪੁਰਖ ਨੂੰ ਸ਼ਰਧਾ-ਸਤਿਕਾਰ ਪ੍ਰਗਟਾਉਣ ਆਉਂਦੇ ਹਨ। ਉਹ ਗੁਰੂ ਸਾਹਿਬਾਨ ਅਤੇ ਗੁਰਦੁਆਰਿਆਂ ਵਾਸਤੇ ਵੱਡਾ ਸਤਿਕਾਰ ਰੱਖਦੇ ਹਨ। ਇੱਥੇ ਸਿੱਖ-ਸੱਭਿਆਚਾਰ ਦਾ ਵੱਡਾ ਅਸਰ ਵੇਖਿਆ ਜਾਂਦਾ ਹੈ, ਜੋ ਕਿ ਪੂਰਬੀ ਭਾਰਤ ਦੇ ਹੋਰ ਕਿਸੇ ਵੀ ਕਸਬੇ ਜਾਂ ਸ਼ਹਿਰ ’ਚੋਂ ਮਸਾਂ ਹੀ ਲੱਭਦੈ। ਸਥਾਨਕ ਅਰਥ-ਵਿਵਸਥਾ ਦੇ ਖੇਤਰ ਵਿਚ ਅਗਰਹਾਰੀ ਸਿੱਖਾਂ ਦੀ ਮੌਜੂਦਗੀ ਮਹਿਸੂਸ ਹੁੰਦੀ ਹੈ। ਉਹ ਥੋਕ ਬਾਜ਼ਾਰ ’ਚ ਹਾਵੀ ਹਨ ਜੋ ਕਿ ਬਹੁਤ ਹੀ ਹੈਰਾਨੀ ’ਤੇ ਖੁਸ਼ੀ ਵਾਲੀ ਗੱਲ ਹੈ। ਉਨ੍ਹਾਂ ਵੱਲੋਂ ਕੱਪੜਾ, ਅੰਨ-ਦਾਣਾ, ਹਾਰਡਵੇਅਰ, ਬੰਬ (ਜੋ ਕਿ ਖਾਣ-ਧਮਾਕੇ ਵਾਸਤੇ ਵਰਤੇ ਜਾਂਦੇ ਹਨ), ਡੇਅਰੀ ਪਦਾਰਥ (ਘਿਉ, ਦੁੱਧ ਵਗੈਰਾ) ਬੇਕਰੀ ਅਤੇ ਕਈ ਦੂਸਰੀਆਂ ਤਿਆਰ ਕੀਤੀਆਂ ਵਸਤਾਂ ਦਾ ਵਪਾਰ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਮਾਰਕੀਟਾਂ ਮੁੱਖ ਤੌਰ ’ਤੇ ਜਾਨੀ ਬਾਜ਼ਾਰ, ਗੁਰਦੁਆਰਾ ਰੋਡ, ਗੋਲਾ, ਧਰਮਸ਼ਾਲਾ ਰੋਡ, ਮਹਾਜਨ ਟੋਲੀ ਅਤੇ ਕਈ ਹੋਰ ਥਾਈਂ ਹਨ। ਮੁੱਖ ਵਿਸ਼ੇਸ਼ਤਾ ਇਹ ਹੈ ਕਿ ਉਹ ਕੋਲਕਾਤਾ ਵਿਚਲੇ ਆਪਣੇ ਬਰਾਬਰ ਦੇ ਵਪਾਰੀਆਂ ਨਾਲੋਂ ਮਾਇਕ ਤੌਰ ’ਤੇ ਬਹੁਤ ਬਿਹਤਰ ਹਨ।
ਜਿਵੇਂ ਕਿ ਕੋਲਕਾਤਾ ਵਿਚ ਡਾ. ਹਿਮਾਦਰੀ ਬੈਨਰਜੀ ਹੋਰਾਂ ਨਾਲ ਚਰਚਾ ਹੋਈ ਅਤੇ ਮੇਰਾ ਆਪਣਾ ਲੰਬਾ ਅਨੁਭਵ ਵੀ ਇਹੀ ਦੱਸਦਾ ਹੈ ਕਿ ਉਹ ਇਕ ਦੁਖਦਾਇਕ ਜੀਵਨ ਬਸਰ ਕਰਦੇ ਹਨ। ਉਨ੍ਹਾਂ ਅੰਦਰ ਆਪਣੇ ਪੂਰਵਜਾਂ ਵਾਲੀ ਹਿੰਮਤ-ਦਲੇਰੀ ਦੀ ਘਾਟ ਹੈ ਅਤੇ ਉਹ ਇਸ ਦੇ ਬਸਤੀਵਾਦੀ ਅਤੀਤ ਦੇ ਸੁਹਜ ਦੇ ਭਰਮਾਂ-ਭੁਲੇਖਿਆਂ ਵਿਚ ਜੀਂਦੇ-ਥੀਂਦੇ ਹਨ। ਸਸਾਰਾਮ ’ਚ ਬਹੁਤੇ ਸਿੱਖਾਂ ਦੇ ਸਾਰੇ ਸੁਖਾਂ-ਸੁਵਿਧਾਵਾਂ ਤੇ ਉਪਕਰਣਾਂ, ਸਾਜ-ਸਾਮਾਨ ਨਾਲ ਸੁਸੱਜਿਤ ਆਧੁਨਿਕ ਤਰਜ਼ ਦੇ ਆਪਣੇ ਮਕਾਨ ਹਨ। ਸਸਾਰਾਮ ਦੇ ਸਿੱਖ ਸਾਰੇ ਭਾਰਤ ਵਿਚ ਖਿੱਲਰੇ ਪਏ ਹਨ ਅਤੇ ਕਿਸੇ ਵੀ ਜਗ੍ਹਾ ਬਿਹਤਰ ਨੌਕਰੀ, ਅਧਿਐਨ ਅਤੇ ਮੌਕਿਆਂ ਵਾਸਤੇ ਹਮੇਸ਼ਾਂ ਹੀ ਜਾਣ ਦੇ ਇੱਛੁਕ ਹਨ। ਉਹ ਬਹੁਤ ਹੀ ਗਤੀਸ਼ੀਲ ਹਨ। ਉਨ੍ਹਾਂ ਦੇ ਬੱਚੇ ਬਹੁਤ ਚੰਗੀ ਵਿੱਦਿਆ ਪ੍ਰਾਪਤ ਕਰ ਰਹੇ ਹਨ। ਕਈ ਰੇਲ ਵਿਭਾਗ, ਆਮਦਨ ਟੈਕਸ, ਵਿੱਦਿਆ ਅਤੇ ਖੇਡ ਆਦਿ ਵਿਭਾਗਾਂ ’ਚ ਨੌਕਰੀਆਂ ਕਰਦੇ ਹਨ। ਕਈ ਇੰਜੀਨੀਅਰ, ਡਾਕਟਰ, ਅਕਾਊਂਟੈਂਟ ਆਦਿ ਬਣ ਚੁੱਕੇ ਹਨ ਅਤੇ ਦਿੱਲੀ, ਚੰਡੀਗੜ੍ਹ, ਮੁੰਬਈ, ਹੈਦਰਾਬਾਦ ਅਤੇ ਬੰਗਲੌਰ ਆਦਿ ਵਿਕਾਸ-ਪੁਲਾਂਘਾਂ ਪੁੱਟਦੇ ਸ਼ਹਿਰਾਂ ਵਿਚ ਚੰਗੇ ਵੱਸਦੇ-ਰੱਸਦੇ ਹਨ। ਉਹ ਸਸਾਰਾਮ ਵਿਚਲੇ ਦੂਸਰੇ ਲੋਕਾਂ ਨਾਲੋਂ ਸਰੀਰਿਕ ਤੌਰ ’ਤੇ ਤਾਕਤਵਰ ਹਨ।
ਇਸ ਨਗਰ ਵਿਚ ਲਗਭਗ ਦਸ ਗੁਰਦੁਆਰਾ ਸਾਹਿਬਾਨ ਅਤੇ ਉਦਾਸੀਆਂ ਦੇ ਡੇਰੇ ਹਨ। ਬਹੁਤੇ ਗੁਰਦੁਆਰਾ ਸਾਹਿਬਾਨ ਤੇ ਡੇਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਸਿਮਰਤੀ ਵਿਚ ਉਸਾਰੇ ਗਏ ਹਨ। ਗੁਰੂ ਪਾਤਸ਼ਾਹ ਜੀ ਜਿੱਥੇ ਵੀ ਗਏ ਉਨ੍ਹਾਂ ਨੇ ਸੰਗਤਾਂ ਸਥਾਪਿਤ ਕੀਤੀਆਂ। ਗੁਰਦੁਆਰਾ ਸਾਹਿਬਾਨ ਹੇਠ ਲਿਖੇ ਅਨੁਸਾਰ ਹਨ:
1. ਗੁਰਦੁਆਰਾ ਚਾਚਾ ਫੱਗੂ ਮੱਲ ਜੀ:
ਇਹ ਸਭ ਤੋਂ ਵੱਧ ਮਹੱਤਵਪੂਰਨ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇੱਥੇ ਰੁਕਣ ਦੀ ਯਾਦ ਵਿਚ ਸਥਾਪਿਤ ਹੈ। ਉਨ੍ਹਾਂ ਸਸਾਰਾਮ ਦੀ ਸੰਗਤ ਨੂੰ ਪ੍ਰਚਾਰਿਆ। ਜਿਵੇਂ ਕਿ ਸਥਾਨਕ ਲੋਕਾਂ ਤੋਂ ਸੁਣਦੇ ਹਾਂ ਕਿ ਇਸ ਨੂੰ ਗੁਰਦੁਆਰਾ ‘ਚਹੁ ਵਰਣੀ’ ਯਾਨੀ ਸਾਰੀਆਂ ਜਾਤਾਂ ਲਈ ਗੁਰਦੁਆਰਾ ਕਰਕੇ ਵੀ ਜਾਣਿਆ ਜਾਂਦਾ ਹੈ (ਸਿੱਖ ਜਾਤ-ਪਾਤ ਨੂੰ ਨਾ ਮੰਨਣ ਵਾਲਾ ਸਮੁਦਾਇ ਹੈ ਪਰ ਮਾੜੀ ਗੱਲ ਹੈ ਕਿ ਅਸੀਂ ਅਜੇ ਵੀ ਜਾਤ ਦੀਆਂ ਰੋਕਾਂ-ਰੁਕਾਵਟਾਂ ਤੋੜਨ ਦੇ ਯੋਗ ਨਹੀਂ ਹੋਏ)। ਗੁਰਦੁਆਰਾ ਸਾਹਿਬ ਦੇ ਜਥੇਦਾਰ ਗਿਆਨੀ ਸਰਬਜੀਤ ਸਿੰਘ ਖਾਲਸਾ ਇਕ ਸਮਰਪਿਤ ਸਿੱਖ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਤਨੋਂ-ਮਨੋਂ ਮੰਨਣ ਵਾਲੇ ਹਨ। ਦੂਸਰੀ ਨੌਜਵਾਨ ਪੀੜ੍ਹੀ ’ਚੋਂ ਪ੍ਰਧਾਨ ਰਜਿੰਦਰ ਸਿੰਘ ਹਨ। ਗੁਰਦੁਆਰਾ ਸਾਹਿਬ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਲਾਗੂ ਹੈ। ਬਾਬਾ ਹਰਬੰਸ ਸਿੰਘ ਜੀ ਕਾਰ-ਸੇਵਾ ਵਾਲਿਆਂ (ਨਵੀਂ ਦਿੱਲੀ) ਦੀ ਦੇਖ-ਰੇਖ ਅਧੀਨ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਹੋ ਰਹੀ ਹੈ।
2. ਗੁਰਦੁਆਰਾ ਟਕਸਾਲ ਸੰਗਤ :
ਇਹ ਗੁਰਦੁਆਰਾ ਸਾਹਿਬ ਬਹੁਤ ਮਹੱਤਵਪੂਰਨ ਹੈ। ਕਹਿੰਦੇ ਹਨ ਕਿ ਜਿਸ ਅਸਥਾਨ ’ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਉੱਥੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਮੁਬਾਰਕ ਚਰਨ ਪਾਏ, ਉਸ ਵਕਤ ਉੱਥੇ ਤੰਮਾਕੂ ਦੀ ਖੇਤੀ ਹੁੰਦੀ ਸੀ। ਗੁਰੂ ਜੀ ਦਾ ਘੋੜਾ ਉਸ ਜਗ੍ਹਾ ਰੁਕ ਗਿਆ। ਗੁਰੂ ਜੀ ਨੇ ਇੱਥੇ ਲੋਕਾਂ ਨੂੰ ਤੰਮਾਕੂ ਨਾ ਬੀਜਣ ਦੀ ਪ੍ਰੇਰਨਾ ਕੀਤੀ। ਇਹ ਜ਼ਮੀਨ ਭਾਈ ਅਚਲ ਜੀ ਅਤੇ ਮਾਤਾ ਜੀਤੋ ਜੀ ਦੀ ਸੀ। ਇੱਥੇ ਸਤਿਗੁਰਾਂ ਨੇ ਹੀ ਸੰਗਤ ਨੂੰ ਗੁਰਦੁਆਰਾ ਸਾਹਿਬ ਉਸਾਰਨ ਅਤੇ ਇਸ ਦਾ ਨਾਮ ‘ਟਕਸਾਲ ਸੰਗਤ’ ਰੱਖਣ ਵਾਸਤੇ ਬਚਨ ਕੀਤੇ। ਇਸ ਜ਼ਮੀਨ ਦੇ ਮਾਲਕਾਂ ਨੇ ਗੁਰਦੁਆਰਾ ਸਾਹਿਬ ਉਸਾਰਨ ਵਾਸਤੇ ਆਪਣੀ ਜ਼ਮੀਨ ਦਾਨ ਕਰ ਦਿੱਤੀ। ਇਕ 15-ਮੈਂਬਰੀ ਕਮੇਟੀ ਬਣੀ ਹੋਈ ਹੈ ਅਤੇ ਇਹ ਅਗਰਹਾਰੀ ਸਿੱਖਾਂ ਦੀ ਇਕ-ਮਾਤਰ ਵਿਸ਼ਿਸ਼ਟ ਕਮੇਟੀ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ। ਇਸ ਗੁਰਦੁਆਰਾ ਸਾਹਿਬ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ। ਇੱਥੇ ਇਸਪਾਤ ਦਾ ਇਕ ਤੀਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤੋ ਜੀ ਦੀ ਇਕ ਦੁਰਲੱਭ ਤਸਵੀਰ ਸਹਿਤ ਮੌਜੂਦ ਹੈ। ਬਾਬਾ ਰਘੁਵੀਰ ਸਿੰਘ ਜੀ ਕਿ ਕਨਖਲ ਹਰਿਦੁਆਰ ਦੇ ਨਿਰਮਲੇ ਸੰਤ ਹਨ, ਇਕ ਨਵਾਂ ਗੁਰਦੁਆਰਾ ਸਾਹਿਬ ਉਨ੍ਹਾਂ ਦੀ ਦੇਖ-ਰੇਖ ਥੱਲੇ ਬਣਿਆ ਹੈ।
3. ਗੁਰਦੁਆਰਾ ਪੁਰਾਣਾ ਗੁਰੂ ਕਾ ਬਾਗ :
ਇਸ ਜਗ੍ਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਰਬ-ਸ਼ਕਤੀਮਾਨ ਅਕਾਲ ਪੁਰਖ ਦਾ ਸੰਦੇਸ਼ ਵੰਡਿਆ ਤੇ ਪ੍ਰਚਾਰਿਆ ਕਰਦੇ ਸਨ। ਵਰਤਮਾਨ ਸਮੇਂ ਇਹ 52 ਵਿਘਿਆਂ ਦੇ ਇਕ ਵੱਡੇ ਬਾਗ਼ ਸਹਿਤ ਉਦਾਸੀਆਂ ਦਾ ਡੇਰਾ ਹੈ। ਸਤਿਗੁਰੂ ਜੀ ਇੱਥੇ ਸੰਨ 1660 ਈ: ਵਿਚ ਆਏ। ਇਸ ਬਾਗ਼ ਦੀ ਮਾਲਕੀ ਖਾਨਖਾਹ ਨਾਮਕ ਨਵਾਬ ਦੀ ਸੀ। ਕਹਿੰਦੇ ਹਨ ਕਿ ਇਸ ਬਾਗ਼ ਦੀ ਦਸ਼ਾ ਮੈਲੀ-ਕੁਚੈਲੀ ਤੇ ਖੁਸ਼ਕੀ ਭਰੀ ਸੀ। ਗੁਰੂ ਮਹਾਰਾਜ ਦੀ ਆਮਦ ਦਾ ਸਦਕਾ ਇਹ ਹਰਿਆਵਲੀ ਨਾਲ ਵਰੋਸਾਇਆ ਗਿਆ। ਮਾਨੋ ਮ੍ਰਿਤਕ ਬਾਗ਼ ਵਿਚ ਜਾਨ ਪੈ ਗਈ ਹੋਵੇ। ਇੱਥੇ ਇਕ ਪੁਰਾਣਾ ਦਰਖ਼ਤ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨ੍ਹਿਆ ਸੀ; ਇਕ ਸੀਤਲ ਜਲ ਨਾਲ ਭਰਿਆ ਖੂਹ ਹੈ। ਹਿੰਦੂ ਅਤੇ ਸਿੱਖ ਦੋਨਾਂ ਸਮੁਦਾਵਾਂ ਦੀ ਸੰਗਤ ਗੁਰੂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਹਰ ਵਰ੍ਹੇ ਮਨਾਉਂਦੀ ਹੈ। ਕਹਿੰਦੇ ਹਨ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਵੱਲੋਂ ਆਪਣੇ ਮੁਬਾਰਕ ਚਰਨ ਪਾਉਣ ਤੋਂ ਪਹਿਲਾਂ ਇਸ ਜਗ੍ਹਾ ਭਾਈ ਗੁਰਦਿੱਤਾ ਜੀ ਵੀ ਆਏ ਸਨ। ਇੱਥੇ ਇਕ ਥੜ੍ਹਾ ਸਾਹਿਬ ਹੈ ਜਿੱਥੇ ਸਤਿਗੁਰੂ ਜੀ ਸਤਿਸੰਗ ਦੌਰਾਨ ਬਿਰਾਜਮਾਨ ਹੋਇਆ ਕਰਦੇ ਸਨ।
4. ਗੁਰਦੁਆਰਾ ਗੁਰੂ ਕਾ ਬਾਗ਼ :
ਇਹ ਟਕਸਾਲ ਸੰਗਤ ਦੀ ਇਕ ਸ਼ਾਖਾ ਹੈ ਜਿਸ ਨੂੰ ਕਿ ਬਠਿੰਡੇ ਦੇ ਨਿਹੰਗ ਸਿੰਘ ਦੇ ਨਾਮ ’ਤੇ ਗੁਰਦੁਆਰਾ ਨਿਹੰਗ ਨਰੈਣੂ ਸਿੰਘ ਕਰਕੇ ਵੀ ਜਾਣਿਆ ਜਾਂਦਾ ਹੈ। ਇਹ ਗੁਰੂ ਕਾ ਬਾਗ਼ ਗੁਰਦੁਆਰੇ ਦੇ ਇਕ ਕੋਨੇ ’ਚ ਸਥਿਤ ਹੈ। ਕਹਿੰਦੇ ਹਨ ਕਿ ਉੱਪਰ ਉਲੇਖ ਕੀਤੇ ਨਿਹੰਗ ਸਿੰਘ ਹੋਰੀਂ ਇੱਥੇ ਆਏ ਪਰੰਤੂ ਡੇਰੇ ਦੇ ਮਹੰਤ ਨੇ ਉਨ੍ਹਾਂ ਨੂੰ ਪ੍ਰਵੇਸ਼ ਹੋਣ ਦੀ ਆਗਿਆ ਨਾ ਦਿੱਤੀ ਜਿਸ ਕਰਕੇ ਉਹ ਬਾਗ਼ ਦੇ ਇਸ ਕੋਨੇ ’ਚ ਬੈਠ ਗਏ ਅਤੇ ਸਿੱਖੀ ਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨ ਲੱਗੇ। ਸਥਾਨਕ ਸੰਗਤ ਨੇ ਗੁਰਦੁਆਰਾ ਸਾਹਿਬ ਉਸਾਰਨ ਵਾਸਤੇ ਆਪ ਦੀ ਮਦਦ ਕੀਤੀ। ਬਾਬਾ ਦਰਵੇਸ਼ ਹਰੀ ਹੋਰੀਂ ਪ੍ਰੇਮ ਨਗਰ ਉੱਤਰ ਪ੍ਰਦੇਸ਼ ਤੋਂ ਇੱਥੇ ਬਾਕਾਇਦਾ ਨੇਮ ਨਾਲ ਆਇਆ ਕਰਦੇ ਸਨ। ਇਸ ਦਾ ਸੰਚਾਲਨ ਸ. ਦਵਾਰਕਾ ਸਿੰਘ ਹੋਰਾਂ ਦੇ ਦੱਸਣ ਮੁਤਾਬਿਕ ਟਕਸਾਲ ਸੰਗਤ (ਅਗਰਹਾਰੀ ਸਿੱਖ ਕਮੇਟੀ) ਕਰਦੀ ਹੈ। ਉਹ ਦਸ ਦਿਨ ਤਕ ਦੁਸਹਿਰਾ ਮਨਾਉਂਦੇ ਅਤੇ ਚੰਡੀ ਦਾ ਪਾਠ ਕਰਦੇ ਹਨ। ਨਿਹੰਗ ਨਰੈਣ ਸਿੰਘ ਹੋਰਾਂ ਦੀ ਬਰਸੀ ਹਰ ਸਾਲ ਜੇਠ ਸੁਦੀ 6 ਨੂੰ ਮਨਾਈ ਜਾਂਦੀ ਹੈ।
5. ਗੁਰਦੁਆਰਾ ਬੜੀ ਪੁਰਾਣੀ ਸੰਗਤ :
ਕਹਿੰਦੇ ਹਨ ਕਿ ਇਸ ਗੁਰਦੁਆਰਾ ਸਾਹਿਬ ਦਾ ਨੀਂਹ-ਪੱਥਰ ਗੁਰੂ ਤੇਗ਼ ਬਹਾਦਰ ਸਾਹਿਬ ਨੇ ਰੱਖਿਆ ਸੀ। ਇਹ ਜਾਨੀ ਬਾਜ਼ਾਰ ਵਿਚ ਸੁਭਾਇਮਾਨ ਹੈ, ਵਿਭਿੰਨ ਜਾਤਾਂ ਨਾਲ ਸੰਬੰਧਿਤ ਲੋਕਾਂ, ਮੁੱਖ ਤੌਰ ’ਤੇ ਸੋਨਾਰਾਂ ਦੁਆਰਾ (ਜੋ ਕਿ 1984 ਦੀ ਸਿੱਖ ਨਸਲਕੁਸ਼ੀ ਮਗਰੋਂ ਮੋਨੇ ਹੋ ਚੁੱਕੇ ਹਨ) ਇਸ ਦਾ ਸੰਚਾਲਨ ਕੀਤਾ ਜਾਂਦਾ ਹੈ। ਇਹ ਗੁਰਦੁਆਰਾ ਅੰਸ਼ਕ ਤੌਰ ’ਤੇ ਹੁਣ ਗ਼ੈਰ-ਅਮਲਪੂਰਨ ਹੈ।
6. ਗੁਰਦੁਆਰਾ ਨਈ ਸੰਗਤ :
ਇਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਖਾਲਸ ਤੌਰ ’ਤੇ ਗ਼ੈਰ-ਸਿੱਖ ਕਸੇਰਾ ਸਮੁਦਾਇ ਦੁਆਰਾ ਚਲਾਇਆ ਜਾਂਦਾ ਹੈ ਅਤੇ ਜਾਨੀ ਬਾਜ਼ਾਰ ’ਚ ਸਥਿਤ ਹੈ। ਇਹ ਅੰਸ਼ਕ ਤੌਰ ’ਤੇ ਗ਼ੈਰ-ਅਮਲਪੂਰਨ ਹੈ।
7. ਗੁਰਦੁਆਰਾ ਬੇਣੀ ਸਿੱਖ ਸੰਗਤ :
ਇਹ ਇਕ ਅਗਰਹਾਰੀ ਸਿੱਖ ਦੀ ਮਲਕੀਅਤ ਬਣਿਆ ਹੋਇਆ ਇਕ ਵਿਅਕਤੀਗਤ/ਨਿੱਜੀ ਗੁਰਦੁਆਰਾ ਹੈ। ਇਹ ਮੁਰੰਮਤ ਹੋਣ ਖੁਣੋਂ ਖਸਤਾ ਹਾਲ ’ਚ ਹੈ ਅਤੇ ਸਮੁੱਚੇ ਤੌਰ ’ਤੇ ਗ਼ੈਰ-ਅਮਲਪੂਰਨ ਹੈ ਅਤੇ ਮਦਰ ਦਰਵਾਜ਼ਾ, ਕਿੱਲਾ ਮੁਹੱਲੇ ਵਿਖੇ ਸਥਿਤ ਹੈ।
8. ਗੁਰਦੁਆਰਾ ਗੁਰੂ ਸਹਾਇ ਸਿੰਘ :
ਇਹ ਗੁਰਦੁਆਰਾ ਸਾਹਿਬ ਟਕਸਾਲ ਸੰਗਤ ਕਮੇਟੀ ਦੇ ਪ੍ਰਬੰਧ ਅਧੀਨ ਹੈ। ਇਹ ਗੁਰਦੁਆਰਾ ਸਾਹਿਬ ਪਠਾਨ ਟੋਲੀ ਵਿਖੇ ਸਥਿਤ ਹੈ ਅਤੇ ਅੰਸ਼ਕ ਰੂਪ ਵਿਚ ਬੰਦ ਪਿਆ ਹੈ। ਹਰ ਸਾਲ ਇਕ ਜਾਂ ਦੋ ਪ੍ਰੋਗਰਾਮ ਹੁੰਦੇ ਹਨ।
9. ਗੁਰਦੁਆਰਾ ਨਾਨਕ ਦਰਬਾਰ :
ਇਹ ਗੁਰਦੁਆਰਾ ਸਾਹਿਬ ਜਿਸ ਨੂੰ ਪਹਿਲਾਂ ਸ੍ਰੀ ਗੁਰੂ ਸਿੰਘ ਸਭਾ ਦਰਬਾਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜੋ ਗੁਰੂ ਨਾਨਕ ਪੁਰਾ ਵਿਖੇ ਸਥਿਤ ਹੈ। 1984 ਦੀ ਸਿੱਖ ਨਸਲਕੁਸ਼ੀ ਮਗਰੋਂ ਪੰਜਾਬੀ ਸਿੱਖ ਚਲੇ ਗਏ। ਹੁਣ ਇਸ ਦਾ ਸੰਚਾਲਨ ਇਕ ਬਦਲਦੇ ਹੋਏ ਨਾਮ ਥੱਲੇ ਸਹਿਜਧਾਰੀਆਂ (ਪੰਜਾਬੀ) ਦੁਆਰਾ ਕੀਤਾ ਜਾਂਦਾ ਹੈ।
10. ਗੁਰਦੁਆਰਾ ਬਾਬਾ ਸਰਯੂ ਦਾਸ ਜੀ :
ਇਹ ਆਲਮਗੰਜ ਵਿਖੇ ਸਥਿਤ ਸੰਤ ਸਰਯੂ ਦਾਸ ਦਾ ਉਦਾਸੀ ਡੇਰਾ ਹੈ। ਹੁਣ ਡੇਰੇ ਦੀ ਇਮਾਰਤ ਦਾ ਮੁਰੰਮਤ ਖੁਣੋਂ ਬਹੁਤ ਹੀ ਖਸਤਾ ਹਾਲ ਹੈ। ਇਸ ਦੇ ਇਲਾਵਾ ਜਾਨੀ ਬਾਜ਼ਾਰ ਵਿਚ ਜ਼ਿਮੀਂਦਾਰ ਟੇਕਮਲ ਸਿੰਘ ਦਾ ਇਕ ਪੁਰਾਣਾ ਮਕਾਨ ਹੈ। ਇਹ ਜ਼ਿਮੀਂਦਾਰ 1856-57 ਦੇ ਕਰੀਬ ਪੰਜਾਬ ਤੋਂ ਆਇਆ ਦੱਸਿਆ ਜਾਂਦਾ ਹੈ। ਇੱਥੇ ਇਸ ਦੀ ਚੌਥੀ ਪੀੜ੍ਹੀ ਰਹਿੰਦੀ ਹੈ ਅਤੇ ਲੱਗਦਾ ਹੈ ਜਿਵੇਂ ਕਿ ਉਹ ਅਗਰਹਾਰੀ ਸਿੱਖ ਸਮੁਦਾਇ ਵਿਚ ਰਲਮਿਲ ਗਏ ਹਨ। ਉਹ 1640 ਪੰਨਿਆਂ ਵਾਲੀ, ਨੌਵੇਂ ਗੁਰੂ ਸਾਹਿਬ ਦੁਆਰਾ ਪ੍ਰਦਾਨ ਕੀਤੀ ਗਈ ਦੱਸੀ ਜਾਂਦੀ ਖਾਲੀ ਥਾਂ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਚੀਨ ਬੀੜ ਰੱਖਦੇ ਹਨ। ਇੱਥੇ ਟਕਸਾਲ ਭਵਨ ਹੈ ਜੋ ਕਿ ਬਾਬਾ ਰਘੁਵੀਰ ਸਿੰਘ ਹੋਰਾਂ ਦੀ ਅਗਵਾਈ ਵਿਚ ਬਣਿਆ ਸੀ। ਇਹ ਧਰਮਸ਼ਾਲਾ ਸਮੁਦਾਇ ਦੇ ਵਿਭਿੰਨ ਸਮਾਜਿਕ ਅਵਸਰਾਂ ਲਈ ਬਣੀ ਸੀ। ਸਰਕਾਰੀ ਅਤੇ ਨਿੱਜੀ ਦੋਨੋਂ ਤਰ੍ਹਾਂ ਦੇ ਕੁਝ ਸਕੂਲ ਦੇਖੇ ਜਾਂਦੇ ਹਨ। ਉਨ੍ਹਾਂ ਵਿੱਚੋਂ ਰਾਜਕੀਆ ਸ੍ਰੀ ਗੁਰੂ ਮੁਖੀ ਮੱਧਿਆ ਵਿਦਿਆਲਯਾ ਜੋ ਕਿ ਸੰਨ 1934 ਈ. ਵਿਚ ਸਥਾਪਿਤ ਹੋਇਆ ਸੀ, ਸਰਕਾਰ ਦੀ ਸਹਾਇਤਾ ਨਾਲ ਚੱਲਦਾ ਸਕੂਲ ਹੈ। ਇਹ ਸਕੂਲ ਅੱਠਵੀਂ ਜਮਾਤ ਤਕ ਹੈ ਅਤੇ ਟਕਸਾਲ ਸੰਗਤ ਦੀ ਕਮੇਟੀ ਵੱਲੋਂ ਚਲਾਇਆ ਜਾਂਦਾ ਹੈ।
ਅਗਰਹਾਰੀ ਸਿੱਖ ਸ. ਸਤਯਾਨਰੈਣ ਸਿੰਘ ਜੋ ਕਿ ਪ੍ਰਮਾਣਿਕ ਤੌਰ ’ਤੇ ਪੜ੍ਹੇ-ਲਿਖੇ ਹਨ ਉਨ੍ਹਾਂ ਵੱਲੋਂ ਨਿੱਜੀ ਰੂਪ ਵਿਚ ਚਲਾਏ ਜਾਂਦੇ ਵਿਦਿਆਲੇ ਗੁਰੂ ਤੇਗ ਬਹਾਦਰ ਵਿੱਦਿਆ ਨਿਕੇਤਨ ਦੀਆਂ ਦੋ ਸ਼ਾਖਾਵਾਂ ਹਨ। ਪਹਿਲਾਂ ਪਹਿਲ ਉਹ ਗੁਰਦੁਆਰਾ ਟਕਸਾਲ ਸੰਗਤ ਦੇ ਇਕ ਮਹੱਤਵਪੂਰਨ ਕਰਤਾ-ਧਰਤਾ ਹੁੰਦੇ ਸਨ। ਆਪ ਨੇ ਉੱਨੀ ਸਾਲ ਤਕ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ। ਉਨ੍ਹਾਂ ਦੀ ਅਵਧੀ ਦੌਰਾਨ ਕਮੇਟੀ ਨੇ ਕਿਸੇ ਵੀ ਅਕਾਲ ਚਲਾਣਾ ਕਰ ਗਏ ਸਿੱਖ ਦੀ ਅਰਥੀ ਅਤੇ ਉਸ ਦੀਆਂ ਅੰਤਮ ਰਸਮਾਂ ਵਿਚ ਸ਼ਾਮਲ ਹੋਣ ਦਾ ਪੱਕਾ ਹੁਕਮ ਕੱਢ ਦਿੱਤਾ। ਉਨ੍ਹਾਂ ਨੇ ਅਗਰਹਾਰੀ ਸਿੱਖਾਂ ਅਤੇ ਸਸਾਰਾਮ ਤੋਂ ਬਾਹਰਲੇ ਸਿੱਖਾਂ ਦੇ ਵਿਆਪਕ ਵੇਰਵੇ ਦਿੱਤੇ। ਉਹ ਜ਼ਿਮੀਂਦਾਰ ਸ. ਕੁਲਦੀਪ ਸਿੰਘ ਦਾ ਵੱਡਾ ਪੋਤਰਾ ਹੈ। ਉਨ੍ਹਾਂ ਨੇ ਇਹ ਰੋਸ ਪ੍ਰਗਟਾਵੇ ਵੀ ਕੀਤੇ ਗਏ ਕਿਵੇਂ ਸਿੱਖ ਭਾਈਚਾਰੇ ਨੂੰ ਉਨ੍ਹਾਂ ਦੇ ਪੰਜਾਬੀ ਭਾਈਚਾਰੇ ਵੱਲੋਂ ਅਣਗੋਲਿਆ ਜਾਂਦਾ ਹੈ। ਦੋ ਹੋਰ ਸਕੂਲ ਗੁਰੂ ਨਾਨਕ ਪਬਲਿਕ ਸਕੂਲ ਅਤੇ ਹਰੀ ਨਾਮ ਪਬਲਿਕ ਸਕੂਲ ਦੋਵੇਂ ਉਦਾਸੀਆਂ ਵੱਲੋਂ ਚਲਾਏ ਜਾਂਦੇ ਹਨ ਜਿਨ੍ਹਾਂ ’ਚੋਂ ਪਹਿਲਾ ਸਕੂਲ ਮਹੰਤ ਬਜਰੰਗੀ ਦਾਸ ਹੋਰੀਂ ਚਲਾਉਂਦੇ ਹਨ।
ਸਸਾਰਾਮ ਵਿਚ ਅਗਰਹਾਰੀ ਸਿੱਖਾਂ ਦੀ ਚੜ੍ਹਤ/ਪ੍ਰਮਾਣੀਕਤਾ ਕਈ ਤਰੀਕਿਆਂ ’ਚ ਵਿਖਾਈ ਦਿੰਦੀ ਹੈ। ਸੋਨਾਰ (ਸੁਨਿਆਰਾਂ) ਕਸੇਰਾ ਜਾਂ ਥਟੇਰਾ (ਜੋ ਕਿ ਪਾਲਿਸ਼ ਕਰਨ ਅਤੇ ਧਾਤੂ ਕੰਮਾਂ ਵਿਚ ਮਾਹਰ ਹਨ) ਦੂਸਰੀਆਂ ਜਾਤਾਂ/ਕਿੱਤਿਆਂ ਨਾਲ ਸੰਬੰਧਿਤ ਸਿੱਖ ਹਨ। ਉਨ੍ਹਾਂ ਦੀ ਸਿੱਖਾਂ ਵਜੋਂ ਪਹਿਚਾਣ 1984 ਦੀ ਸਿੱਖ ਨਸਲਕੁਸ਼ੀ ਵਿਚ ਖ਼ਤਮ ਹੋ ਗਈ।
ਕੇਸਰੀ ਜਾਂ ਕੁਸ਼ਾਵਾ (ਆਮ ਕਰਕੇ ਅਗਰਹਾਰੀਆਂ ਵਾਂਗ ਵਪਾਰੀ-ਕਾਰੋਬਾਰੀ, ਚੌਰਸੀਆ, ਤੇਲੀ (ਤੇਲ ਉਤਪਾਦਕ), ਪਾਸੀ, ਕੋਇਰੀ, ਕਮਾਰ, ਗੁਰੂ ਸਾਹਿਬਾਨ ਪ੍ਰਤੀ ਮਹਾਨ ਸਤਿਕਾਰ ਰੱਖਦੇ ਹਨ। ਪੰਜਾਬ ਤੋਂ ਕੁਝ ਸਿੱਖ ਵੱਖਰੇ-ਵੱਖਰੇ ਵੇਲਿਆਂ ਵਿਚ ਆਇਆ ਕਰਦੇ ਅਤੇ ਸਥਾਨਕ ਸਿੱਖਾਂ ਵਿਚ ਰਲ ਜਾਂਦੇ ਰਹੇ। ਇਕ ਸੋਨਾਰ ਸਿੱਖ ਦੀ ਮਿਸਾਲ ਹੈ ਜੋ ਕਿ ਪੰਜਾਬ ਤੋਂ ਆਇਆ ਅਤੇ ਸਸਾਰਾਮ ਵਿਚ ਵੱਸ ਗਿਆ। ਉਸ ਨੇ ਆਪਣੇ ਮਾਤਹਿਤ ਸਥਾਨਕ ਸੋਨਹਾਰਾਂ ਦਾ ਅਮਲਾ-ਫੈਲਾ ਰੱਖਿਆ। ਉਸ ਨੇ ਉਨ੍ਹਾਂ ਨੂੰ ਆਪਣੇ ਹੀ ਕਾਰੋਬਾਰ ਸਥਾਪਿਤ ਕਰਨ ਵਾਸਤੇ ਮਦਦ ਕੀਤੀ ਅਤੇ ਉਨ੍ਹਾਂ ਦੀਆਂ ਬੇਟੀਆਂ ਦੀਆਂ ਸ਼ਾਦੀਆਂ ਕਰਾਉਣ ’ਚ ਸਹਿਯੋਗ ਦਿੱਤਾ। ਇਸ ਪ੍ਰਕਾਰ ਦੀਆਂ ਕੁਝ ਕੁ ਹੋਰ ਉਦਾਹਰਣਾਂ ਹਨ। ਸ. ਗੁਰਦੇਵ ਸਿੰਘ (ਇਕ ਸਰਦੇ-ਪੁੱਜਦੇ ਜ਼ਿਮੀਂਦਾਰ) ਬਸਤੀਵਾਦੀ ਸ਼ਾਸਨ-ਕਾਲ ਵਿਚ ਅਦਾਲਤ ਚਲਾਇਆ ਕਰਦੇ ਸੀ। ਉਹ ਤਾਂ ਸਸਾਰਾਮ ਰਾਹੀਂ ਪਟਨਾ ਸਾਹਿਬ ਦੀ ਯਾਤਰਾ ਕਰਨ ਪੰਜਾਬ ਤੋਂ ਆਉਣ ਵਾਲੀ ਸੰਗਤ ਵਾਸਤੇ ਲੰਗਰ ਦਾ ਵੀ ਪ੍ਰਬੰਧ ਕਰਿਆ ਕਰਦੇ ਸਨ।
ਵੇਖਿਆ ਜਾਂਦਾ ਹੈ ਕਿ ਚਾਚਾ ਫੱਗੂ ਮੱਲ ਹੋਰਾਂ ਦੇ ਵੇਲੇ ਤੋਂ ਸਿੱਖ ਮਿਸ਼ਨਰੀਆਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਪਿਛਲੀ ਸਦੀ ਦੇ ਦੌਰਾਨ ਨਿਹੰਗ ਨਰੈਣ ਸਿੰਘ ਹੋਰਾਂ ਨੇ ਸਿੱਖੀ ਨੂੰ ਪ੍ਰਫੁਲਿਤ ਕਰਨ ਹਿੱਤ ਚੰਗਾ ਭਰਵਾਂ ਉੱਦਮ ਕੀਤਾ ਸੀ। ਬਾਬਾ ਦਰਵੇਸ਼ ਹਰੀ (ਜੋ ਕਿ ਇਕ ਅਧਿਆਤਮਿਕ ਵਿਅਕਤੀ ਹਨ) ਨੇ ਜੋ ਕਿ ਪ੍ਰੇਮ ਨਗਰ, ਦੇਹਰਾਦੂਨ ਤੋਂ ਆਇਆ ਕਰਦੇ ਸਨ ਉਨ੍ਹਾਂ ਨੇ ਸਸਾਰਾਮ ਦੀ ਸੰਗਤ ਨੂੰ ਸਿੱਖੀ ਵਿਚ ਮਿੱਥ ਕੇ ਭਾਵ ਸੰਕਲਪ ਧਾਰ ਕੇ ਸੁਘੜ-ਸੁਜਾਨ ਬਣਾ ਦਿੱਤਾ ਹੈ। ਭਾਵੇਂ ਕਿ ਅਗਰਹਾਰੀ ਸਿੱਖਾਂ ਨੂੰ ਸਿੱਖ-ਦਾਇਰੇ ਅੰਦਰ ਰੱਖਣ ਹਿਤ ਸਭ ਤੋਂ ਵੱਧ ਹਿੱਸਾ ਕਨਖਲ ਹਰਿਦੁਆਰ ਤੋਂ ਆਉਣ ਵਾਲੇ ਨਿਰਮਲੇ ਸੰਤ ਬਾਬਾ ਰਘਬੀਰ ਸਿੰਘ ਹੋਰਾਂ ਨੇ ਪਾਇਆ ਹੈ। ਉਨ੍ਹਾਂ ਨੇ ਸਵੇਰ ਦੇ ਸਮੇਂ ਤੋਂ ਸ਼ੁਰੂ ਕਰਦੇ ਹੋਏ ਨਿਯਮਬੱਧ ‘ਪਾਠ’ ਅਤੇ ‘ਸਿਮਰਨ’ ਦੀਆਂ ਰੋਜ਼ਾਨਾ ਅਰਦਾਸ ਸੁਖਮਨੀ ਸਾਹਿਬ ਅਤੇ ਫਿਰ ਸਿਮਰਨ/ਜਾਪ ਜਿਹੀ ਗੁਰਦੁਆਰਾ ਕ੍ਰਿਆਵਾਂ ਨੂੰ ਅਰੰਭ ਕਰਨ ਦਾ ਵੱਡਾ ਉੱਦਮ ਕੀਤਾ। ਸਿੱਖ ਬੱਚਿਆਂ ਦੀਆਂ ਨੇਮਬੱਧ ਗੁਰਮਤਿ ਕਲਾਸਾਂ ਲਈਆਂ ਜਾਂਦੀਆਂ ਹਨ ਜਿਨ੍ਹਾਂ ਅੰਦਰ ਹੋਰ ਧਰਮਾਂ ਦੇ ਬੱਚੇ ਵੀ ਸ਼ਾਮਲ ਹੁੰਦੇ ਹਨ ਇਹ ਗੁਰਮੁਖੀ, ਕੀਰਤਨ ਅਤੇ ਗੁਰਬਾਣੀ ਸਿੱਖਦੇ ਅਤੇ ਇਨ੍ਹਾਂ ਦਾ ਅਭਿਆਸ ਕਰਦੇ ਹਨ। ਸਸਾਰਾਮ ਦੇ ਸਿੱਖ, ਸਿੱਖ-ਫਲਸਫੇ ਅਤੇ ਸਿੱਖ-ਸੱਭਿਆਚਾਰ ਨਾਲ ਜੁੜੀ ਹਰ ਇਕ ਕ੍ਰਿਆ ਵਿਚ ਹਿੱਸਾ ਲੈਂਦੇ ਹਨ। ਉਨ੍ਹਾਂ ਦਾ ‘ਸਿੱਖੀ ਜੀਵਨ’ ਵਿਸ਼ਵ ਅੰਦਰਲੇ ਕਿਸੇ ਵੀ ਹੋਰ ਸਿੱਖ ਨਾਲੋਂ ਘੱਟ ਮਹੱਤਵਪੂਰਨ ਨਹੀਂ ਹੈ। ਉਹ ਬਹੁਮੁਖਤਾ ਅਥਵਾ ਵੰਨ- ਸੁਵੰਨਤਾ ਦੇ ਸੱਭਿਆਚਾਰ ਦੇ ਅੰਦਰ ਇਕ ਨਿਖੇੜਵੇਂ/ਵਿਲੱਖਣ ਸਿੱਖੀ ਸੱਭਿਆਚਾਰ ਵਿਚ ਟਿਕੇ ਹਨ।
ਪੰਜਾਬੀ ਸਿੱਖਾਂ ਵੱਲੋਂ ਅਗਰਹਾਰੀ ਸਿੱਖਾਂ ਦੇ ਸਰੋਕਾਰ ਪ੍ਰਤੀ ਜੋ ਮੂਲ ਵੈਰਾਗ ਉਨ੍ਹਾਂ ਦੇ ਲਈ ਧਾਰਨ ਕੀਤਾ ਹੋਇਆ ਉਸ ਨੇ ਉਨ੍ਹਾਂ ਵਿਚਕਾਰਲੀ ਖਾਈ ਨੂੰ ਚੁਰੇੜਾ ਕੀਤਾ ਹੈ। ਵੱਡੀ ਤਬਦੀਲੀ ਲਿਆਉਣ ਦੀ ਲੋੜ ਹੈ। ਸਵਾਲ ਤਾਂ ਇਹ ਹੈ ਕਿ ਗੁੰਮੇ-ਗਵਾਚੇ ਵਿੱਛੜੇ ਭਰਾਵਾਂ ਦੇ ਭਾਈਚਾਰੇ ਨੂੰ ਖਾਲਸੇ ਦੇ ਨਵੇਂ ਵਾਧੇ ਦੀ ਗਾਥਾ ਨਾਲ ਕਿਵੇਂ ਕਲਾਵੇ ਵਿਚ ਲਿਆ ਜਾਵੇ। ਕੁਝ ਬਾਹਰੀ ਧਿਰਾਂ ਸਮੁਦਾਇ/ਕੌਮ ਵਿਚਕਾਰਲੀ ਖਾਈ ਜਾਂ ਦੂਰੀ ਨੂੰ ਵਧਾਉਣ ਅਤੇ ਉਨ੍ਹਾਂ ਵਿਚਕਾਰ ਆਪਣਾ ਅੱਡਾ ਉਸਾਰਨ ਦੇ ਜਤਨ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਵਿੱਚੋਂ ਕੁਝ ਤਾਂ ਆਪਣੇ ਆਪ ਨੂੰ ‘ਸਨਾਤਨੀ ’ ਤਕ ਵੀ ਕਹਾਉਂਦੀਆਂ ਹਨ ਪਰੰਤੂ ਇਸ ਧਾਰਨਾ ਨੂੰ ਗ੍ਰਹਿਣ ਕਰਨ ਵਾਲੇ ਥੋੜ੍ਹੀ ਗਿਣਤੀ ’ਚ ਹੀ ਹਨ ਜਦੋਂ ਕਿ ਉਨ੍ਹਾਂ ’ਚੋਂ ਬਹੁਤੇ ਇਸ ਖ਼ਿਆਲ ਨੂੰ ਮੂਲ ਰੂਪ ਵਿਚ ਨਕਾਰਦੇ ਹਨ। ਆਪਾਂ ਆਪਣੇ ਭਾਈਆਂ-ਵੀਰਾਂ ਨਾਲ ਸੰਬੰਧ ਨਾ ਰੱਖਦਿਆਂ ਹੋਇਆਂ ਆਪਣਾ ਜਾਂ ਸਿੱਖ-ਪੰਥ ਦਾ ਬਹੁਤ ਨੁਕਸਾਨ ਕਰਵਾ ਬੈਠੇ ਹਾਂ ਅਤੇ ਇਸ ਦੇ ਅਸਰ ਸਭਨਾਂ ਨੂੰ ਸਪਸ਼ਟ ਦਿਖਾਈ ਦਿੰਦੇ ਹਨ। ਸਾਨੂੰ ਉੱਦਮ-ਉਪਰਾਲਾ/ਜਤਨ ਕਰਨਾ ਪੈਣਾ ਹੈ ਤਾਂ ਜੋ ਸਾਰੇ ਸਿੱਖ ਆਪਸ ਵਿਚ ਜੁੜ ਜਾਣ ਅਤੇ ਇਕ ਪਰਸਪਰ ਚੰਗੇ ਸੰਬੰਧ-ਬੰਧਨ ਵਿਚ ਬੱਝ ਜਾਣ। ਸਾਨੂੰ ਨੈੱਟਵਰਕ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਉਹ ਪੰਜਾਬ ਦੇ ਸਿੱਖਾਂ ਨਾਲ ‘ਰੋਟੀ- ਬੇਟੀ ਦੀ ਸਾਂਝ’ ਚਾਹੁੰਦੇ ਹਨ ਤਾਂ ਜੋ ਮੂਲ ਵਖਰੇਵੇਂ ਲਾਂਭੇ ਕੀਤੇ ਜਾ ਸਕਣ।
ਅਜੇ ਵੀ ਵਕਤ ਹੈ ਆਪਾਂ ਜਾਗ ਜਾਈਏ। ਸਾਡੇ ਵਿਚਾਰਾਂ ਨੂੰ ਪ੍ਰਗਟਾਵਾ ਦਿੱਤਾ ਜਾਣ ਵਾਲਾ ਹੈ ਜਿਸ ਮਗਰੋਂ ਰਚਨਾਤਮਕ ਅਮਲ ਹੋਵੇ।
ਹੁਣ ਸ. ਸਰਬਜੀਤ ਸਿੰਘ ਖਾਲਸਾ ਵਰਗਿਆਂ ਕੁਝ ਅਗਾਂਹਕਦਮ ਪੁੱਟਣ ਵਾਲੇ ਤਰੱਕੀਪਸੰਦ ਸਿੱਖਾਂ ਨੇ ਸਿਸਟਮ ਵਿਚ ਮੌਜੂਦ ਕਮੀਆਂ ਨੂੰ ਵੰਗਾਰਿਆ ਹੈ। ਸਾਡਾ ਵਿਸ਼ਵਾਸ ਉਨ੍ਹਾਂ ਦੇ ਹਿੱਤਾਂ ਵਾਸਤੇ ਡਟ ਕੇ ਖੜ੍ਹ ਜਾਣ ਵਿਚ ਹੈ ਜੋ ਕਿ ਸਿੱਖੀ ਨੂੰ ਪ੍ਰਭਾਵਿਤ ਕਰਦੇ ਹਨ। ਆਉਣ ਵਾਲੇ ਵਰ੍ਹਿਆਂ ਵਿਚ ਅਸੀਂ ਗੁਰੂ ਸਾਹਿਬਾਨ ਦੇ ਮੂਲ ਵਾਸਤਵਿਕ ਸੰਦੇਸ਼ ਨਾਲ ਇਸ ਵਿਸ਼ਵਮੁਖੀ ਸਿੱਖੀ ਦੀ ਉਸਾਰੀ ਕਰਨ ਲਈ ਸਹਾਇਤਾ ਕਰਨ ਹਿੱਤ ਵਿਚਾਰਾਂ-ਖ਼ਿਆਲਾਂ ਦਾ ਇਕ ਉੱਚਾ/ਵਿਰਾਟ ਸਦਨ ਸਿਰਜਣ ਵਾਸਤੇ ਭਾਲਦੇ ਹਾਂ।
ਮੇਰੀ ਸਸਾਰਾਮ ਦੀ ਫੇਰੀ ਇਕ ਅੱਖ ਖੋਲ੍ਹਣ ਵਾਲੀ ਅਤੇ ਨਾਲ-ਨਾਲ ਮੇਰੇ ਆਪਣੇ ਲਈ ਇਕ ਮਹਾਨ ਯਾਤਰਾ ਹੈ। ਸਾਡੇ ਗੁਰੂ ਸਾਹਿਬਾਨ ਆਏ ਸਨ ਅਤੇ ਮਹਾਨ ਗੁਰਸਿੱਖ ਵੀ ਆਏ ਸਨ। ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਸਿੱਖਾਂ ਦਾ ਮੂਲ ਕਿਰਦਾਰ ਅਤੇ ਨਗਰ ਕੋਈ ਬਦਲਿਆ ਨਹੀਂ ਹੈ ਜੋ ਕਿ ਆਪਣੇ ਆਪ ਵਿਚ ਹੀ ਕਿਸੇ ਵੀ ਸਮਰਪਿਤ ਸਿੱਖ ਦੇ ਵਾਸਤੇ ਇਕ ਸਤਿਕਾਰਤ-ਅਸਥਾਨ ਅਤੇ ਵੱਡੀ ਮਹੱਤਤਾ ਵਾਲਾ ਹੈ। ਵੱਡੇ ਸ਼ਹਿਰਾਂ ਤੋਂ ਅਲੱਗ, ਜਿੱਥੇ ਮਨੁੱਖਤਾ ਦੇ ਇਕ ਸਮੁੰਦਰ ਵਿਚ ਪਹਿਚਾਣਾਂ ਗੁੰਮ-ਗਵਾਚ ਜਾਂਦੀਆਂ ਹਨ, ਛੋਟੇ ਨਗਰ ਇਸ ਦੇ ਐਨ ਉਲਟ ਜੀਵਨ ਦੇ ਫਲਸਫੇ ਦੇ ਨਾਲ ਜੁੜੇ ਰਹਿਣਾ ਯਕੀਨੀ ਬਣਾਉਂਦੇ ਹਨ। ਲੋਕ ਇੱਥੇ ਜਾਣੇ ਜਾਂਦੇ ਹਨ ਅਤੇ ਜੋ ਉਹ ਕਰਦੇ ਹਨ ਉਸ ਵਾਸਤੇ ਅਤੇ ਜੋ ਉਹ ਹੁੰਦੇ ਹਨ ਉਸਦੀ ਵਡਿਆਈ ਕੀਤੀ ਜਾਂਦੀ ਹੈ। ਸਸਾਰਾਮ ਦੀ ਮੇਰੀ ਯਾਤਰਾ ਸੰਪੂਰਨਤਾ ਦੇ ਬਿੰਦੂ ’ਤੇ ਆਈ ਅਤੇ ਮੈਂ ਸ. ਰਾਜੂ ਸਿੰਘ ਅਤੇ ਸ. ਕਿਰਪਾਲ ਸਿੰਘ ਨੂੰ ਅਲਵਿਦਾ ਕਹੀ ਜੋ ਕਿ ਪੂਰੇ ਦੋ ਦਿਨ ਤਕ ਮੇਰੇ ਨਾਲ-ਨਾਲ ਰਹੇ। ਮੈਂ ਤੱਕਿਆ, ਉਨ੍ਹਾਂ ਦੀਆਂ ਸੇਜਲ ਅੱਖਾਂ ਨੂੰ ਭਾਂਪ ਗਿਆ ਅਤੇ ਇਸ ਦਾ ਅਹਿਸਾਸ ਮੈਨੂੰ ਮੇਰੇ ਜੀਵਨ ਦੇ ਅੰਤਲੇ ਪਲਾਂ ਤਕ ਰਹੇਗਾ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ