editor@sikharchives.org
Bhai Taru Singh

ਸ਼ਹੀਦ ਭਾਈ ਤਾਰੂ ਸਿੰਘ ਜੀ

ਭਾਈ ਤਾਰੂ ਸਿੰਘ ਜੀ ਨੂੰ ਵੀ ਕਿਹਾ ਗਿਆ ਕਿ ਜੇ ਤੂੰ ਮੁਸਲਮਾਨ ਨਾ ਬਣਿਆ ਤਾਂ ਤੈਨੂੰ ਵੀ ਚਰਖੀ ਉੱਪਰ ਚਾੜ੍ਹ ਕੇ ਸ਼ਹੀਦ ਕਰ ਦਿੱਤਾ ਜਾਵੇਗਾ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਅਠਾਰ੍ਹਵੀਂ ਸਦੀ ਦੇ ਪਹਿਲੇ ਸੱਤ ਦਹਾਕਿਆਂ ਦਾ ਸਮਾਂ ਖਾਲਸਾ ਪੰਥ ਲਈ ਤਕਰੀਬਨ ਅਤਿਅੰਤ ਦੁਖਦਾਈ ਸਮਾਂ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੇ ਗਵਰਨਰ ਤੂਰਾਨੀ ਸਰਦਾਰ ਅਬਦੁੱਸਮਦ ਖਾਂ (1713 ਈ.- 1726 ਈ. ਜਿਸ ਨੂੰ ‘ਰਾਜ ਦੀ ਤਲਵਾਰ’ ਦੀ ਉਪਾਧੀ ਮੁਗਲ ਦਰਬਾਰ  ਵੱਲੋਂ ਮਿਲੀ ਹੋਈ ਸੀ) ਨੇ ਸਿੱਖੀ ਦਾ ਖੁਰਾ-ਖੋਜ ਮਿਟਾਉਣ ਲਈ ਪੂਰਾ ਟਿੱਲ ਲਾ ਦਿੱਤਾ। 1726 ਈ. ਵਿਚ ਉਸਦੀ ਤਬਦੀਲੀ ਮੁਲਤਾਨ ਵਿਚ ਕਰ ਦਿੱਤੀ ਗਈ ਅਤੇ ਉਸ ਦੀ ਜਗ੍ਹਾ ਉਸ ਦੇ ਜੇਠੇ ਪੁੱਤਰ ਜ਼ਕਰੀਆ ਖਾਂ ਨੂੰ ਲਾਹੌਰ ਦਾ ਗਵਰਨਰ ਬਣਾ ਦਿੱਤਾ ਗਿਆ, ਜੋ ਪਹਿਲਾਂ ਜੰਮੂ ਦਾ ਗਵਰਨਰ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਦਬਾਉਣ ਲਈ ਉਸਨੇ ਆਪਣੇ ਪਿਤਾ ਦੀ ਬਹੁਤ ਸਹਾਇਤਾ ਕੀਤੀ ਸੀ। ਉਸਨੂੰ ਦਿੱਲੀ ਦਰਬਾਰ ਨੇ ‘ਖਾਨ ਬਹਾਦਰ’ ਦੀ ਉਪਾਧੀ ਵੀ ਦਿੱਤੀ ਹੋਈ ਸੀ।

ਜ਼ਕਰੀਆ ਖਾਨ ਨੇ ਵੀ ਦਿੱਲੀ ਦਰਬਾਰ ਦੇ ਇਸ਼ਾਰੇ ’ਤੇ ਖਾਲਸਾ ਪੰਥ ਦੀ ਸ਼ਕਤੀ ਨੂੰ ਕੁਚਲ ਦੇਣ ਲਈ ਬਹੁਤ ਯਤਨ ਕੀਤੇ, ਜੋ ਉਸ ਦੀ ਮੌਤ ਤੱਕ ਜਾਰੀ ਰਹੇ। ਉਸ ਨੇ ਸਿੰਘਾਂ ਦੇ ਸਿਰਾਂ ਦੇ ਇਨਾਮ ਵੀ ਰੱਖੇ, ਬਹੁਤ ਸਾਰੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਵਿਖੇ ਨਖਾਸ ਖਾਂ ਦੇ ਚੌਕ ਵਿਚ (ਜਿੱਥੇ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੈ) ਅਨੇਕਾਂ ਕਿਸਮ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ। ਸਿੰਘਾਂ ਵਿਚ ਆਪਸੀ ਫੁੱਟ ਪਾਉਣ ਲਈ 1733 ਈ. ਵਿਚ ਨਵਾਬੀ ਦੀ ਖਿੱਲਤ ਅਤੇ ਜਾਗੀਰ ਵੀ ਖਾਲਸਾ ਪੰਥ ਦੇ ਨਾਮ ਲਾਈ, ਜਿਸਨੂੰ ਉਸ ਨੇ 1735 ਈ. ਵਿਚ ਫਿਰ ਜ਼ਬਤ ਕਰ ਲਿਆ। ਇਸ ਦੇ ਰਾਜ-ਕਾਲ ਦੌਰਾਨ ਅਨੇਕਾਂ ਨਾਮਵਰ ਸਿੰਘਾਂ, ਜਿਨ੍ਹਾਂ ਵਿਚ ਭਾਈ ਤਾਰਾ ਸਿੰਘ ਵਾਂ, ਭਾਈ ਮਨੀ ਸਿੰਘ ਜੀ, ਭਾਈ ਬੋਤਾ ਸਿੰਘ ਜੀ, ਭਾਈ ਗਰਜਾ ਸਿੰਘ ਜੀ, ਬਾਲ ਹਕੀਕਤ ਰਾਇ, ਭਾਈ ਮਹਿਤਾਬ ਸਿੰਘ ਜੀ ਮੀਰਾਂਕੋਟੀਆ ਅਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਆਦਿ ਨੂੰ ਸ਼ਹੀਦ ਕੀਤਾ ਗਿਆ।

ਜਦੋਂ ਨਾਦਰ ਸ਼ਾਹ ਦੁਰਾਨੀ ਨੇ ਹਿੰਦੁਸਤਾਨ ਉੱਪਰ ਹਮਲਾ ਕੀਤਾ ਅਤੇ ਇਥੋਂ ਦੀ ਇੱਜ਼ਤ-ਆਬਰੂ ਅਤੇ ਧਨ-ਦੌਲਤ ਲੁੱਟ ਕੇ ਵਾਪਸ ਮੁੜਿਆ, ਪੰਜਾਬ ਵਿਚੋਂ ਲੰਘਿਆ ਤਾਂ ਖਾਲਸੇ ਨੇ (ਜੋ ਜ਼ਕਰੀਆ ਖਾਂ ਦੇ ਜ਼ੁਲਮ ਤੋਂ ਤੰਗ ਆ ਕੇ ਜੰਗਲਾਂ ਅਤੇ ਰੇਗਿਸਤਾਨਾਂ ਵਿਚ ਦਿਨ-ਕਟੀ ਕਰ ਰਹੇ ਸਨ) ਉਸ ਦੀ ਫੌਜ ’ਤੇ ਮੌਕਾ ਮਿਲਦੇ ਹੀ ਹਮਲਾ ਕਰ ਕੇ ਉਸ ਦੁਆਰਾ ਲੁੱਟਿਆ ਮਾਲ-ਅਸਬਾਬ ਖੋਹ ਲਿਆ ਅਤੇ ਬੰਦੀ ਬਣਾਈਆਂ ਹਿੰਦੁਸਤਾਨ ਦੀਆਂ ਬਹੂ-ਬੇਟੀਆਂ ਆਜ਼ਾਦ ਕਰਾਈਆਂ।

ਇਹ ਦੇਖ-ਸੁਣ ਕੇ ਨਾਦਰ ਸ਼ਾਹ ਗ਼ੁੱਸੇ ਨਾਲ ਅੱਗ-ਬਬੂਲਾ ਹੋਇਆ ਅਤੇ ਜ਼ਕਰੀਆ ਖਾਂ ਪਾਸੋਂ ਖਾਲਸੇ ਬਾਰੇ ਪੁੱਛਣ ਲੱਗਾ। ਜਦ ਜ਼ਕਰੀਆ ਖਾਂ ਨੇ ਸਿੰਘਾਂ ਬਾਰੇ ਸਾਰਾ ਹਾਲ ਨਾਦਰ ਸ਼ਾਹ ਦੁਰਾਨੀ ਨੂੰ ਸੁਣਾਇਆ ਤਾਂ ਉਸਨੇ ਜ਼ਕਰੀਆ ਖਾਂ ਨੂੰ ਕਿਹਾ, “ਇਨ੍ਹਾਂ ਸਿੰਘਾਂ ਦੇ ਬਹਾਦਰੀ ਦੇ ਗੁਣਾਂ ਵਿਚੋਂ ਮੈਨੂੰ ਇਨ੍ਹਾਂ ਦੇ ਰਾਜ-ਭਾਗ ਦੀ ਝਲਕ ਦਿਖਾਈ ਦਿੰਦੀ ਹੈ। ਧਿਆਨ ਰੱਖੀਂ, ਉਹ ਦਿਨ ਦੂਰ ਨਹੀਂ, ਜਦੋਂ ਇਹ ਦੇਸ਼ ਉੱਤੇ ਕਬਜ਼ਾ ਕਰ ਲੈਣਗੇ।”

ਨਾਦਰ ਸ਼ਾਹ ਦੀ ਚਿਤਾਵਨੀ ਤੋਂ ਸਿੱਖਿਆ ਲੈ ਕੇ ਜ਼ਕਰੀਆ ਖਾਂ ਨੇ ਸਿੱਖਾਂ ਦਾ ਸਰਬਨਾਸ਼ ਕਰਨ ਦਾ ਫ਼ੈਸਲਾ ਕਰ ਲਿਆ ਅਤੇ ਸਰਕਾਰੀ ਚੌਧਰੀਆਂ ਨੂੰ (ਜਿਹੜੇ ਆਪਣੇ-ਆਪਣੇ ਇਲਾਕੇ ਵਿਚੋਂ ਮਾਮਲਾ ਇਕੱਠਾ ਕਰ ਕੇ ਲਾਹੌਰ ਦਰਬਾਰ ਵਿਚ ਭੇਜਦੇ ਸਨ) ਸਖ਼ਤ ਹੁਕਮ ਭੇਜ ਦਿੱਤੇ। ਇਹ ਚੌਧਰੀ ਖਾਲਸੇ ਦੇ ਪੱਕੇ ਵੈਰੀ ਸਨ। ਇਨ੍ਹਾਂ ਵਿਚੋਂ ਪ੍ਰਮੁੱਖ ਚੌਧਰੀਆਂ ਦਾ ਜ਼ਿਕਰ ਸ. ਕਰਮ ਸਿੰਘ ਹਿਸਟੋਰੀਅਨ ਨੇ ਆਪਣੀ ਪੁਸਤਕ ‘ਅਮਰ ਖਾਲਸਾ’ ਵਿਚ ਕੀਤਾ ਹੈ : “ਇਸ ਸਮੇਂ ਛੀਨਿਆਂ ਦਾ ਚੌਧਰੀ ਕਰਮਾ ਛੀਨਾ, ਤਲਵੰਡੀ ਦਾ ਚੌਧਰੀ ਰਾਮਾ ਰੰਧਾਵਾ, ਜੋਧਾਨਗਰੀ ਦਾ ਚੌਧਰੀ ਧਰਮ ਦਾਸ ਟੋਪੀ, ਜੰਡਿਆਲੇ ਦਾ ਚੌਧਰੀ ਸ਼ਰਨ ਦਾਸ ਹਿੰਦਾਲੀਆ, ਨੌਸ਼ਹਿਰਾ ਢਾਲਾ ਦਾ ਚੌਧਰੀ ਸਾਹਿਬ ਰਾਏ, ਮੰਡਿਆਲੀ ਦਾ ਚੌਧਰੀ ਮੱਸਾ ਰੰਘੜ, ਨੌਸ਼ਹਿਰਾ ਪੰਨੂੰਆ ਅਤੇ ਮਜੀਠੇ ਦੇ ਚੌਧਰੀ ਸਿੰਘਾਂ ਦੇ ਵੈਰੀ ਹੋ ਰਹੇ ਸਨ। ਨਕਸ਼ਾ ਦੇਖਣ ਤੋਂ ਪਤਾ ਲੱਗ ਸਕਦਾ ਹੈ ਕਿ ਸ੍ਰੀ ਅੰਮ੍ਰਿਤਸਰ ਦੇ ਉਦਾਲੇ-ਉਦਾਲੇ ਇਹ ਸਰਕਾਰੀ ਮਦਦਗਾਰਾਂ ਦਾ ਕੁੰਡਲ ਬੱਝਾ ਹੋਇਆ ਸੀ। ਕੁੰਡਲ ਦੀ ਕੇਵਲ ਇਕ ਕੜੀ ਟੁੱਟੀ ਹੋਈ ਸੀ ਅਰਥਾਤ ਝੁਬਾਲੀਆ ਚੌਧਰੀ ਸਿੰਘਾਂ ਦਾ ਵੈਰੀ ਨਹੀਂ ਸੀ।”

ਇਸ ਸਮੇਂ ਦੌਰਾਨ ਕੁਝ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਸੂਬਾ ਜ਼ਕਰੀਆ ਖਾਂ ਨੂੰ ਹਿਲਾ ਕੇ ਰੱਖ ਦਿੱਤਾ। ਜਿਵੇਂ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਵੱਲੋਂ ਨੂਰ ਦੀ ਸਰਾਂ ਕੋਲ ਨਾਕਾ ਲਗਾ ਕੇ ਮਹਿਸੂਲ (ਚੂੰਗੀ) ਉਗਰਾਹੁਣਾ ਅਤੇ ਜ਼ਕਰੀਆ ਖਾਂ ਨੂੰ ਵੰਗਾਰਨਾ, ਮੱਸੇ ਰੰਘੜ ਵੱਲੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਬੇਅਦਬੀ ਕਰਨ ਕਰਕੇ ਭਾਈ ਮਹਿਤਾਬ ਸਿੰਘ ਜੀ ਮੀਰਾਂਕੋਟੀਏ ਅਤੇ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੇ ਵੱਲੋਂ ਉਸਦਾ ਸਿਰ ਵੱਢ ਕੇ ਬੀਕਾਨੇਰ ਦੇ ਇਲਾਕੇ ਬੁੱਢਾ ਜੌਹੜ (ਹੁਣ ਜ਼ਿਲ੍ਹਾ ਗੰਗਾਨਗਰ, ਰਾਜਸਥਾਨ) ਵਿਖੇ ਲੈ ਜਾਣਾ, ਪੱਟੀ ਦੇ ਹਾਕਮਾਂ ਜ਼ਫਰ ਬੇਗ ਵੱਲੋਂ ਇਕ ਗਰੀਬ ਮੁਸਲਮਾਨ ਰਹੀਮ ਬਖਸ਼ ਦੀ ਲੜਕੀ ਖੋਹਣ ਕਰਕੇ ਸਿੰਘਾਂ ਹੱਥੋਂ ਉਸ ਦੀ ਮੌਤ ਆਦਿ।

ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਵਾਪਰਦਿਆਂ ਵੇਖ ਕੇ ਇਕ ਦਿਨ ਮਾਝੇ ਦੇ ਸਾਰੇ ਚੌਧਰੀਆਂ ਦਾ ਇਕੱਠ ਬੁਲਾਇਆ:

ਦੋਹਰਾ: ਨ੍ਵਾਬ ਮੁਲੱਕਯਨ ਕੋ ਪੁਛਯੋ ਰਿਜ਼ਕ ਕਹਾਂ ਤੇ ਖਾਹਿ।
ਨਹਿˆ ਉਗਰਾਹੀ ਹਲ-ਵਾਹੀ, ਨਹਿਂ ਚਾਕਰੀ ਬਣਜ ਕਮਾਹਿ॥4॥
ਚੌਪਈ: ਗੁਰਦ੍ਵਾਰੇ ਜੋ ਚੜ੍ਹਤ ਚੜ੍ਹਾਵੇ, ਸੋ ਭੀ ਮੈਂ ਨੇ ਦਏ ਹਟਾਏ।
ਨਹਿˆ ਗੁਰੂਅਨ ਕੋ ਦੇਇ ਨਿਆਜ਼ (ਭੇਟਾ), ਹਟਾਇ  ਦਈ ਮੈਂ ਸਿੰਘਨ ਕਾਜ॥5॥
ਉਇ ਭੁੱਖੇ ਕਿਮ ਨਾਹਿˆ ਮਰਾਹੀਂ, ਦਾਣਾ ਪਾਣੀ ਜਿਨ ਲੱਭੈ ਨਾਹੀਂ।
ਫੌਜ ਟੋਲੇ ਉਨ ਬੰਨ੍ਹ ਕੇ ਰਾਹੀਂ, ਖੋਜ ਟੋਲਕੈ ਮਾਰੈ ਤਾਹੀਂ॥6॥
ਜਿਨ ਪਿੰਡਨ ਮੈ ਸਿੰਘ ਕੋ ਭਯੋ, ਸੋਈ ਪਿੰਡ ਉਜਾੜ ਮੈਂ ਦਯੋ।
ਛੋਡ ਗਏ ਵੈ ਅਪਨੇ ਦੇਸ, ਭੂਖੈ ਹੋਇ ਵਟਾਵੈਂ ਭੇਸ॥7॥
ਮੈਂ ਸਿੰਘਨ ਕੇ ਸਾਕ ਭੀ ਗਾਰੇ, ਖੱਡਨ ਮੈ ਤੇ ਟੋਲ ਕੱਢ ਮਾਰੇ।
ਮੁਗਲ ਬਾਜ਼ ਹੈਂ ਸਿੰਘ ਬਟੇਰੇ, ਮਾਰੇ ਮੁਗਲਨ ਨੇ ਬਹੁ ਘੇਰੇ॥8॥
ਰਿਜ਼ਕ ਬਿਨਾ ਕੋਈ ਜੀਵੈ ਨਾਹੀਂ, ਉਇ ਕਿਮ ਜੀਵੈਂ ਰਿਜ਼ਕ ਬਿਨਾਂਹੀਂ।
ਪੱਤ ਸਾਗ ਖਾਇ ਮਨੁੱਖ ਕਬ ਜੀਵੈ, ਜੋ ਜੀਵੈ ‘ਤੁਰਨ ਜੋਗ ਕਿਮ ਥੀਵੈ’॥9॥  (ਪ੍ਰਾਚੀਨ ਪੰਥ ਪ੍ਰਕਾਸ਼, ਕ੍ਰਿਤ ਗਿ. ਰਤਨ ਸਿੰਘ ਭੰਗੂ)

ਨਵਾਬ ਨੇ ਕਿਹਾ, “ਉਹ ਸਰਕਾਰੀ ਚੌਧਰੀਓ, ਤੁਸੀਂ ਤਾਂ ਸਰਕਾਰੀ ਖ਼ਜ਼ਾਨੇ ਵਿਚੋਂ ਇਨਾਮ ਪ੍ਰਾਪਤ ਕਰਦੇ ਰਹੇ ਹੋ, ਇਹ ਦਾਅਵੇ ਕਰ-ਕਰ ਕੇ ਕਿ ਸਿੱਖੀ ਖ਼ਤਮ ਕਰ ਦਿੱਤੀ ਹੈ, ਫਿਰ ਅੱਜ ਵੀ ਸਾਰੀਆਂ ਘਟਨਾਵਾਂ ਕੌਣ ਕਰ ਰਹੇ ਨੇ? ਮੈਂ ਵੀ ਸਿੰਘਾਂ ਦਾ ਖੁਰਾ-ਖੋਜ ਮਿਟਾਉਣ ਲਈ ਕੋਈ ਕਸਰ ਨਹੀਂ ਛੱਡੀ, ਉਹ ਆਪਣੇ ਘਰ-ਘਾਟ ਛੱਡ ਕੇ ਚਲੇ ਗਏ ਨੇ। ਵਾਹੀ ਉਹ ਨਹੀਂ ਕਰਦੇ, ਵਣਜ-ਵਪਾਰ ਉਨ੍ਹਾਂ ਦਾ ਨਹੀਂ ਚੱਲਦਾ, ਉਨ੍ਹਾਂ ਨੂੰ ਕਿਤੇ ਨੌਕਰੀ ਨਹੀਂ ਮਿਲਦੀ, ਗੁਰਦੁਆਰਿਆਂ ਵਿਚ ਭੇਟਾ ਚੜ੍ਹਾਉਣ ’ਤੇ ਮੈਂ ਰੋਕ ਲਗਾ ਦਿੱਤੀ ਹੈ, ਇਥੋਂ ਤਕ ਕਿ ਮੈਂ ਇਨ੍ਹਾਂ ਦੇ ਰਿਸ਼ਤੇਦਾਰਾਂ, ਸਕੇ- ਸੰਬੰਧੀਆਂ ਨੂੰ ਖ਼ਤਮ ਕਰ ਦਿੱਤਾ ਹੈ। ਪਰ ਫਿਰ ਵੀ ਇਹ ਅੰਨ-ਪਾਣੀ ਤੋਂ ਬਿਨਾਂ ਕਿਵੇਂ ਜੀਉਂ ਸਕਦੇ ਨੇ, ਜੇ ਦਰਖ਼ਤਾਂ ਦੇ ਪੱਤੇ, ਛਿਲਕੇ ਆਦਿਕ ਵੀ ਖਾ ਕੇ ਗੁਜ਼ਾਰਾ ਕਰਦੇ ਹੋਣਗੇ ਤਾਂ ਵੀ ਇਹ ਕਮਜ਼ੋਰ ਹੋਣ ਕਰਕੇ ਤੁਰਨ ਜੋਗੇ ਨਹੀਂ ਹੋ ਸਕਦੇ।”

ਨਵਾਬ ਜ਼ਕਰੀਆ ਖਾਂ ਦੇ ਬੋਲ ਸੁਣ ਕੇ ਹੋਰ ਸਾਰੇ ਚੌਧਰੀ ਤਾਂ ਚੁੱਪ ਰਹੇ, ਪਰ ਜੰਡਿਆਲਾ ਗੁਰੂ ਦਾ ਹਰਿਭਗਤ ਨਿਰੰਜਨੀਆ, ਜਿਸ ਬਾਰੇ ਡਾ. ਜਸਵੰਤ ਸਿੰਘ ਨੇਕੀ ਆਪਣੀ ਪੁਸਤਕ ‘ਅਰਦਾਸ- ਦਰਸ਼ਨ, ਰੂਪ, ਅਭਿਆਸ’ ਵਿਚ ਲਿਖਦੇ ਹਨ: “ਜੰਡਿਆਲਾ ਨਿਵਾਸੀ ਹੰਦਾਲ ਦੀ ਸੰਪਰਦਾਇ ‘ਨਿਰੰਜਨੀਏ’ ਕਹਾਉਂਦੀ ਸੀ। ਹੰਦਾਲ ਗੁਰੂ ਅਮਰਦਾਸ ਜੀ ਦਾ ਸਿੱਖ ਸੀ ਅਤੇ ਹਰ ਵੇਲੇ ‘ਨਿਰੰਜਨ ਨਿਰੰਜਨ’ ਜਪਦਾ ਰਹਿੰਦਾ ਸੀ। ਸੋ ਉਹ ‘ਨਿਰੰਜਨੀਆ’ ਕਹਾਇਆ। ਸ੍ਰੀ ਗੁਰੂ ਅਮਰਦਾਸ ਜੀ ਨੇ ਉਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਵੀ ਬਖਸ਼ੀ, ਪਰ ਇਸ ਦਾ ਪੁੱਤਰ ਬਿਧੀ ਚੰਦ ਬੜਾ ਕੁਕਰਮੀ ਨਿਕਲਿਆ। ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵਿਚ ਮਨਮਰਜ਼ੀ ਦੀਆਂ ਤਬਦੀਲੀਆਂ ਕੀਤੀਆਂ ਤਾਂ ਜੁ ਆਪਣੇ ਔਗੁਣਾਂ ਨੂੰ ਸਿੱਖੀ ਦੇ ਅਨੁਕੂਲ ਸਿੱਧ ਕਰ ਸਕੇ। ਹਰਿਭਗਤ ਇਸੇ ਸੰਪਰਦਾਇ ਦਾ ਮਹੰਤ ਸੀ, ਜੋ ਸਿੰਘਾਂ ਦੇ ਵਿਰੁੱਧ ਲਾਹੌਰ ਦੇ ਜ਼ਾਲਮ ਹਾਕਮਾਂ ਨੂੰ ਅਯੋਗ ਸਹਾਇਤਾ ਦੇਂਦਾ ਸੀ,” ਉੱਠ ਕੇ ਕਹਿਣ ਲੱਗਾ- ਖਾਨ ਬਹਾਦਰ ਜੀ ਸੁਣੋ:

ਪੂਲੇ ਵਾਰੋ ਤਾਰੂ ਸਿੰਘ ਭਗਤ ਸਦਾਵੈ ਜੋਊ, ਸਿੰਘਨ ਕੇ ਪਾਸ ਸੋਊ ਖਰਚ ਪੁਚਾਇ ਹੈ।
ਆਪ ਦੂਖ ਭੂਖ ਸੈਹੈਂ, ਸਿੰਘਨ ਕੋ ਸੂਖ ਦੈਹੈਂ, ਭੂਜੇ ਚਣੇ ਚਾਬੈ ਆਪ, ਰੋਟੀ ਉਨੈਂ ਦਾਇ ਹੈਂ।
ਜਾਨਕੈ ਭਗਤ ਤਾਂਕਾ ਮਾਨਹੈ ਬਚਨ ਲੋਗ, ਭੋਗਸ਼ਾਹੀ ਚੋਰਨ ਕੋ ਹੋਰਨ ਤੇ ਦਯਾਇ ਹੈ।
ਔਰ ਮੀਰਾਂਕੋਟੀਆ ਮਤਾਬ ਸਿੰਘ ਤਾਂਕੋ ਯਾਰ, ਰਾਖਤ ਪਯਾਰਵੇ ਸੁਨੈਰੀਏ ਸਦਾਇ ਹੈ।
ਸਿੰਘ ਤਾਂਕੇ ਸਾਥ ਬਹੁ ਧਾੜਾ ਚੋਰੀ ਹੈ ਕਰਾਤ, ਆਤ ਧਨ ਜੋਊ ਤਾਰੂ ਸਿੰਘ ਕੋ ਦੈ ਜਾਇ ਹੈ॥10॥  (ਪੰਥ ਪ੍ਰਕਾਸ਼, ਕ੍ਰਿਤ ਗਿਆਨੀ ਗਿਆਨ ਸਿੰਘ)

ਪੂਹਲਾ ਪਿੰਡ (ਜੋ ਪਹਿਲਾਂ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਵਿਚ ਸੀ, ਪਰ ਪਾਕਿਸਤਾਨ ਬਣਨ ਤੋਂ ਬਾਅਦ ਹੁਣ ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਦੇ ਖੇਤਰ ਵਿਚ ਹੈ) ਦਾ ਵਸਨੀਕ ਭਾਈ ਤਾਰੂ ਸਿੰਘ ਨਾਮੇ ਇਕ ਸਿੱਖ ਹੈ, ਜੋ ਇਨ੍ਹਾਂ ਸਿੰਘਾਂ ਨੂੰ ਰਸਦ-ਪਾਣੀ ਪਹੁੰਚਾਉਂਦਾ ਹੈ। ਆਪ ਭੁੱਖੇ ਰਹਿ ਕੇ ਭੁੱਜੇ ਛੋਲੇ ਚੱਬ ਕੇ ਗੁਜ਼ਾਰਾ ਕਰ ਲੈਂਦਾ ਹੈ, ਪਰ ਸਿੰਘਾਂ ਦੀ ਪੂਰੀ ਟਹਿਲ-ਸੇਵਾ ਕਰਦਾ ਹੈ। ਸ. ਮਹਿਤਾਬ ਸਿੰਘ  ਜੀ ਮੀਰਾਂਕੋਟੀਆ ਵੀ ਉਸ ਦਾ ਸਾਥੀ ਹੈ। ਭਾਈ ਤਾਰੂ ਸਿੰਘ ਜੀ ਦਾ ਇਲਾਕੇ ਵਿਚ ਬਹੁਤ ਸਤਿਕਾਰ ਹੈ। ਲੋਕੀਂ ਉਸ ਦੀ ਹਰੇਕ ਗੱਲ ਮੰਨਦੇ ਹਨ। ਬਾਗੀ ਸਿੰਘ ਵੀ ਡਾਕੇ ਮਾਰ ਕੇ ਸਾਰਾ ਮਾਲ-ਧਨ ਉਸ ਦੇ ਕੋਲ ਜਾ ਕੇ ਰੱਖਦੇ ਹਨ। ਉਹ ਪੱਚੀ-ਛੱਬੀ ਸਾਲ ਦਾ ਜਵਾਨ ਹੈ। ਛੋਟੀ ਉਮਰ ਵਿਚ ਪਿਤਾ ਦਾ ਸਾਇਆ ਉਸ ਦੇ ਸਿਰ ਤੋਂ ਉੱਠ ਗਿਆ ਹੈ। ਘਰ ਵਿਚ ਇਕ ਜਵਾਨ ਭੈਣ ਤੇ ਵਿਧਵਾ ਮਾਤਾ ਹੈ। ਉਹ ਵੀ ਅੰਨ ਪੀਸ ਕੇ ਪਕਾਉਂਦੀਆਂ ਹਨ। ਇਸ ਤਰ੍ਹਾਂ ਉਹ ਸਾਰਾ ਪਰਵਾਰ ਬਾਗੀ ਸਿੰਘਾਂ ਦਾ ਸਾਥ ਦਿੰਦਾ ਹੈ। ਜਦੋਂ ਇਸ ਤਰ੍ਹਾਂ ਦੀਆਂ ਚੁਗਲੀਆਂ ਹਰਿਭਗਤ ਨਿਰੰਜਨੀਏ ਨੇ ਖਾਨ ਬਹਾਦਰ ਜ਼ਕਰੀਆ ਖਾਂ ਕੋਲ ਕੀਤੀਆਂ ਤਾਂ ਜ਼ਕਰੀਆ ਖਾਂ ਰੋਹ ਵਿਚ ਆ ਗਿਆ ਅਤੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆਉਣ ਲਈ ਮੋਮਨ ਖਾਂ ਨੂੰ ਵੀਹ- ਪੱਚੀ ਸਿਪਾਹੀ ਦੇ ਕੇ ਪੂਹਲੇ ਪਿੰਡ ਵੱਲ ਤੋਰ ਦਿੱਤਾ। ਮੋਮਨ ਖਾਂ ਨੇ ਪੂਹਲੇ ਪਿੰਡ ਪਹੁੰਚ ਕੇ ਭਾਈ ਤਾਰੂ ਸਿੰਘ ਜੀ ਅਤੇ ਉਸ ਦੀ ਭੈਣ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲਾਹੌਰ ਵੱਲ ਲੈ ਕੇ ਚੱਲ ਪਏ। ਜਦ ਭੜਾਣੇ ਪਿੰਡ ਕੋਲ ਪੁੱਜੇ ਤਾਂ ਰਾਤ ਪੈ ਗਈ। ਉਥੇ ਹੀ ਡੇਰਾ ਲਾ ਲਿਆ ਗਿਆ ਤਾਂ ਪਿੰਡ ਭੜਾਣੇ ਦੇ ਲੋਕ ਭਾਈ ਤਾਰੂ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਏ ਜਦ ਉਨ੍ਹਾਂ ਨੇ ਭਾਈ ਤਾਰੂ ਸਿੰਘ ਜੀ ਦੇ ਨਾਲ ਉਨ੍ਹਾਂ ਦੀ ਭੈਣ ਨੂੰ ਵੀ ਗ੍ਰਿਫ਼ਤਾਰ ਹੋਈ ਵੇਖਿਆ ਤਾਂ ਸਿਪਾਹੀਆਂ ਨੂੰ ਕੁਝ ਲਾਲਚ ਦੇ ਕੇ ਭਾਈ ਸਾਹਿਬ ਜੀ ਦੀ ਭੈਣ ਨੂੰ ਛੁਡਵਾ ਲਿਆ:

ਅਹਿਦੀਅਨ ਕੋ ਕਛੁ ਦੇ ਕੈ ਦਾਮ, ਦਰਸ਼ਨ ਕਰਯੋ ਤਾਰੂ ਸਿੰਘ ਗ੍ਰਾਮ।
ਭੈਣ ਸਾਥ ਥੀ ਸੋ ਫੜੀ ਆਈ, ਸੋ ਦੰਮ ਦੇ ਲੋਕਨ ਛਡਵਾਈ॥30॥  (ਪ੍ਰਾਚੀਨ ਪੰਥ ਪ੍ਰਕਾਸ਼)

ਫਿਰ ਭੜਾਣੇ ਨਗਰ ਦੇ ਸਿੱਖਾਂ ਨੇ ਬੈਠ ਕੇ ਸਲਾਹ ਕੀਤੀ ਕਿ ਇਨ੍ਹਾਂ ਵੀਹ-ਪੱਚੀ ਸਿਪਾਹੀਆਂ ਨੂੰ ਖ਼ਤਮ ਕਰ ਕੇ ਭਾਈ ਤਾਰੂ ਸਿੰਘ ਜੀ ਨੂੰ ਛੁਡਾ ਲਿਆ ਜਾਵੇ, ਭਾਵੇਂ ਸਾਡਾ ਸਭ ਕੁਝ ਹੀ ਕਿਉਂ ਨਾ ਇਹ ਪਾਪੀ ਉਜਾੜ ਦੇਣ। ਜਦ ਇਸ ਕੰਮ ਲਈ ਨਗਰ ਵਾਸੀ ਤਿਆਰ ਹੋਏ ਤਾਂ ਇਸ ਦਾ ਪਤਾ ਭਾਈ ਤਾਰੂ ਸਿੰਘ ਜੀ ਨੂੰ ਲੱਗ ਗਿਆ। ਭਾਈ ਤਾਰੂ ਸਿੰਘ ਜੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਮੈਂ ਮਰਨੋਂ ਨਹੀਂ ਡਰਦਾ, ਕਿਉਂਕਿ ਮੈਂ ਉਸ ਗੁਰੂ ਦਾ ਸਿੰਘ ਹਾਂ, ਜਿਸ ਗੁਰੂ ਨੇ ਸਾਡੀ ਖ਼ਾਤਰ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਇਕ ਪਾਸੇ ਤਾਂ ਅਸੀਂ ਉਸ ਦੇ ਸਿੱਖ ਅਖਵਾਈਏ ਅਤੇ ਦੂਜੇ ਪਾਸੇ ਅਸੀਂ ਮਰਨ ਤੋਂ ਡਰੀਏ? ਯਾਦ ਰੱਖੋ! ਜੇ ਮੈਨੂੰ ਛੁਡਵਾ ਵੀ ਲਵੋਗੇ ਤਾਂ ਇਹ ਹਾਕਮ ਸਾਰਾ ਇਲਾਕਾ ਉਜਾੜ ਦੇਣਗੇ।

ਜੇ ਮੇਰੇ ਮਰਨ ਨਾਲ ਇਲਾਕਾ ਬਚ ਜਾਵੇ ਤਾਂ ਮੈਂ ਮੌਤ ਨੂੰ ਤਰਜੀਹ ਦਿਆਂਗਾ।

ਅਗਲੇ ਦਿਨ ਭਾਈ ਤਾਰੂ ਸਿੰਘ ਜੀ ਨੂੰ ਹੱਥਕੜੀਆਂ ਅਤੇ ਬੇੜੀਆਂ ਲਗਾ ਕੇ ਲਾਹੌਰ ਨੂੰ ਤੁਰਨ ਲੱਗੇ ਤਾਂ ਭੈਣ, ਭਾਈ ਤਾਰੂ ਸਿੰਘ ਜੀ ਨੂੰ ਕਹਿਣ ਲੱਗੀ, ਜੋ ਮਸ਼ਹੂਰ ਕਵੀ ਸ. ਕਰਤਾਰ ਸਿੰਘ ਬਲੱਗਣ ਨੇ ਵਰਣਨ ਕੀਤਾ ਹੈ:

ਐਪਰ ਵੀਰ ਵੇ, ਹੌਂਸਲਾ ਕਾਇਮ ਰੱਖੀਂ, ਉੱਕਾ ਡਰੀਂ ਨਾ ਤੈਨੂੰ ਡਰਾਉਣਗੇ ਉਹ।
ਇਹ ਵੀ ਚਰਜ ਨਹੀਂ ਗੱਲ ਤੂੰ ਸੱਚ ਜਾਣੀਂ, ਬੰਦ-ਬੰਦ ਵੀ ਅੱਡ ਕਰਾਉਣਗੇ ਉਹ।
ਜੀਭ ਸੜੇ ਮੇਰੀ, ਮੈਂ ਨਹੀਂ ਆਖ ਸਕਦੀ, ਤੇਰੇ ਚਰਖੀ ’ਤੇ ਤੂੰਬੇ ਉਡਾਉਣਗੇ ਉਹ।
ਇਹ ਵੀ ਕਰਨ, ਤਾਂ ਵੀ ਵੱਡੀ ਕੋਈ ਗੱਲ ਨਹੀਂ, ਤੈਨੂੰ ਆਰੇ ਦੇ ਨਾਲ ਚਰਾਉਣਗੇ ਉਹ।
ਮੇਰਾ ਭਰਮ ਨਾ ਕਰੀਂ ਮੈਂ ਸਮਝ ਲਵਾਂਗੀ, ਤੈਨੂੰ ਪਿਤਾ ਮੇਰਾ ਨਾਲੇ ਲੈ ਗਿਆ ਸੀ।
ਐਪਰ ਇਹ ਨਾ ਸੁਣਾਂ ਕਿ ਮਰਨ ਵੇਲੇ, ਮੱਥੇ ਵੱਟ ਭਰਾ ਦੇ ਪੈ ਗਿਆ ਸੀ।

ਭਾਈ ਤਾਰੂ ਸਿੰਘ ਜੀ ਨੂੰ ਪਕੜ ਕੇ ਲਾਹੌਰ ਲਿਆਂਦਾ ਗਿਆ। ਕਈ ਦਿਨ ਲਾਹੌਰ ਦੇ ਬੰਦੀਖਾਨੇ ਅੰਦਰ ਕੈਦ ਰੱਖਿਆ ਗਿਆ। ਲਾਹੌਰ ਦੀ ਸੰਗਤ ਆ ਕੇ ਦਰਸ਼ਨ ਕਰਦੀ ਰਹੀ। ਜ਼ਾਲਮ ਭਾਈ ਤਾਰੂ ਸਿੰਘ ਜੀ ਨੂੰ ਜਿਉਂ-ਜਿਉਂ ਸਜ਼ਾਵਾਂ ਦਿੰਦੇ, ਤਿਉਂ-ਤਿਉਂ ਗੁਰੂ ਕੇ ਸਿੰਘ ਦੇ ਮੁੱਖ ਉੱਤੇ ਲਾਲੀ ਚੜ੍ਹਦੀ ਸੀ। ਇਸ ਸਮੇਂ ਦੌਰਾਨ ਹੀ ਭਾਈ ਮਹਿਤਾਬ ਸਿੰਘ ਜੀ ਮੀਰਾਂਕੋਟੀਏ ਪਿੰਡ ਆਏ ਤਾਂ ਕਿਸੇ ਚੁਗ਼ਲਖ਼ੋਰ ਨੇ ਸੂਹ ਦੇ ਕੇ ਉਨ੍ਹਾਂ ਨੂੰ ਫੜਵਾ ਦਿੱਤਾ ਅਤੇ ਉਨ੍ਹਾਂ ਨੂੰ ਵੀ ਲਾਹੌਰ ਲਿਜਾ ਕੇ ਭਾਈ ਤਾਰੂ ਸਿੰਘ ਜੀ ਦੇ ਸਾਹਮਣੇ ਚਰਖੜੀ ਉੱਪਰ ਚਾੜ੍ਹ ਕੇ ਘੁਮਾਇਆ ਗਿਆ। ਪਰ ਉਨ੍ਹਾਂ ਨੇ ਮੁੱਖ ’ਚੋਂ ‘ਹਾਇ-ਹਾਇ’ ਕਹਿਣ ਦੀ ਬਜਾਇ ‘ਵਾਹਿਗੁਰੂ-ਵਾਹਿਗੁਰੂ’ ਜਪਦਿਆਂ ਸ਼ਹੀਦੀ ਦੇ ਦਿੱਤੀ।

ਭਾਈ ਤਾਰੂ ਸਿੰਘ ਜੀ ਨੂੰ ਵੀ ਕਿਹਾ ਗਿਆ ਕਿ ਜੇ ਤੂੰ ਮੁਸਲਮਾਨ ਨਾ ਬਣਿਆ ਤਾਂ ਤੈਨੂੰ ਵੀ ਚਰਖੀ ਉੱਪਰ ਚਾੜ੍ਹ ਕੇ ਸ਼ਹੀਦ ਕਰ ਦਿੱਤਾ ਜਾਵੇਗਾ। ਪਰ ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਨਵਾਬ ਸਾਹਿਬ! ਅਸੀਂ ਤੁਹਾਡਾ ਕੀ ਵਿਗਾੜਿਆ ਹੈ ਜਿਸ ਕਰਕੇ ਤੂੰ ਅਸਾਨੂੰ ਸਜ਼ਾਵਾਂ ਦੇ ਰਿਹਾ ਹੈਂ? ਹਲ-ਵਾਹੀ ਦਾ ਅਸੀਂ ਮਾਮਲਾ ਭਰਦੇ ਹਾਂ। ਤੁਹਾਡਾ ਮਾਮਲਾ ਤਾਰ ਕੇ ਬਾਕੀ ਜੋ ਬਚਦਾ ਹੈ, ਉਸ ਨਾਲ ਗੁਜ਼ਾਰਾ ਕਰਦੇ ਹਾਂ। ਇਹ ਸੁਣ ਕੇ ਨਵਾਬ ਜ਼ਕਰੀਆ ਖਾਂ ਕਹਿਣ ਲੱਗਾ ਕਿ ਤੂੰ ਬਾਗੀ ਸਿੰਘਾਂ ਨੂੰ ਸ਼ਰਨ ਦਿੰਦਾ ਹੈਂ ਅਤੇ ਲੰਗਰ-ਪਾਣੀ ਵੀ ਛਕਾਉਂਦਾ ਏਂ, ਜਿਨ੍ਹਾਂ ਨੇ ਸਾਡੇ ਰਾਜ ਵਿਚ ਅਸ਼ਾਂਤੀ ਫੈਲਾਈ ਹੋਈ ਹੈ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਕਿ ਘਰ ਵਿਚ ਆਏ ਦੀ ਟਹਿਲ-ਸੇਵਾ ਬਿਨਾਂ ਕਿਸੇ ਭੇਦ-ਭਾਵ ਦੇ ਕਰਨੀ, ਇਹ ਅਸਾਡੇ ਗੁਰੂ ਸਾਹਿਬਾਨ ਦੀ ਸਿੱਖਿਆ ਹੈ। ਅਸਾਡੇ ਘਰ ਵਿਚ ਭਾਵੇਂ ਸਿੱਖ ਆਵੇ, ਭਾਵੇਂ ਹਿੰਦੂ ਜਾਂ ਮੁਸਲਮਾਨ ਆਵੇ, ਅਸੀਂ ਉਸ ਦੀ ਸੇਵਾ ਕਰਨਾ ਆਪਣਾ ਫ਼ਰਜ਼ ਸਮਝਦੇ ਹਾਂ।

ਇਹ ਗੱਲ ਸੁਣ ਕੇ ਨਵਾਬ ਰੋਹ ਵਿਚ ਆਇਆ ਅਤੇ ਭਾਈ ਤਾਰੂ ਸਿੰਘ ਜੀ ਨੂੰ ਵੀ ਚਰਖੜੀ ਉੱਪਰ ਚਾੜ੍ਹ ਕੇ ਘੁਮਾਉਣ ਦਾ ਹੁਕਮ ਦੇ ਦਿੱਤਾ। ਦੋ ਘੰਟੇ ਤੱਕ ਚਰਖੜੀ ਉੱਪਰ ਚਾੜ੍ਹ ਕੇ ਘੁਮਾਇਆ ਗਿਆ। ਹੱਡੀਆਂ-ਪਸਲੀਆਂ ਵੀ ਟੁੱਟ ਗਈਆਂ, ਪਰ ਸਿੰਘ ਨੇ ਅਜੇ ਵੀ ਮੁੱਖ ਵਿਚੋਂ ‘ਹਾਇ’ ਨਹੀਂ ਕਹੀ, ਸਗੋਂ ਚੜ੍ਹਦੀ ਕਲਾ ਵਿਚ ਰਹੇ। ਇਹ ਵੇਖ ਕੇ ਨਵਾਬ ਹੈਰਾਨ ਹੋਇਆ ਅਤੇ ਭਾਈ ਤਾਰੂ ਸਿੰਘ ਜੀ ਨੂੰ ਕਹਿਣ ਲੱਗਾ ਕਿ ਜਵਾਨਾ! ਮੈਨੂੰ ਤੇਰੇ ’ਤੇ ਤਰਸ ਆ ਰਿਹਾ ਹੈ, ਜੇ ਤੂੰ ਇਸਲਾਮ ਕਬੂਲ ਕਰ ਲਵੇਂ ਤਾਂ ਤੈਨੂੰ ਅਮੀਰ ਮਨੁੱਖ ਬਣਾ ਦਿਆਂਗਾ। ਸੁੰਦਰ ਔਰਤਾਂ ਨਾਲ ਨਿਕਾਹ (ਵਿਆਹ) ਕਰਵਾ ਦਿਆਂਗਾ। ਯਾਦ ਰੱਖ! ਤੂੰ ਇਕ ਵਿਧਵਾ ਮਾਂ ਦਾ ਇਕੱਲਾ-ਇਕੱਲਾ ਪੁੱਤਰ ਅਤੇ ਭੈਣ ਦਾ ਇਕਲੌਤਾ ਵੀਰ ਹੈਂ, ਜੇ ਤੂੰ ਵੀ ਤਸੀਹੇ ਝੱਲ ਕੇ ਮਰ ਗਿਆ ਤਾਂ ਉਨ੍ਹਾਂ ਦਾ ਕੀ ਬਣੇਗਾ? ਇਸ ਬਾਰੇ ਜ਼ਰਾ ਸੋਚ! ਨਾਲੇ ਸਿੰਘ ਬਣ ਕੇ ਤੂੰ ਕੀ ਖੱਟਿਆ ਹੈ? ਤੇਰੇ ਸਾਥੀ ਤਾਂ ਮੰਦੇ ਹਾਲੀਂ ਜੰਗਲਾਂ-ਬੇਲਿਆਂ, ਮਾਰੂਥਲਾਂ ਵਿਚ ਦਿਨ-ਕਟੀ ਕਰ ਰਹੇ ਹਨ, ਭੁੱਖੇ ਮਰਦੇ ਐਵੇਂ ਹੀ ਸੁੱਕੀਆਂ ਭਬਕਾਂ ਮਾਰਦੇ ਫਿਰਦੇ ਨੇ। ਪਰ ਉਨ੍ਹਾਂ ਦੀ ਅਸਲੀ ਹਾਲਤ ਕੀ ਹੈ? ਮਾੜੂਏ ਜਿਹੇ ਘੋੜਿਆਂ ਉੱਪਰ ਫਟੇ-ਪੁਰਾਣੇ ਕੱਪੜਿਆਂ ਦੀਆਂ ਕਾਠੀਆਂ ਬਣਾ ਕੇ ਰੱਸੀ ਦੀਆਂ ਲਗਾਮਾਂ ਅਤੇ ਰਕਾਬਾਂ ਬਣਾ ਕੇ ਚੜ੍ਹੇ ਫਿਰਦੇ ਨੇ। ਪਾਟੇ ਜਿਹੇ ਕਛਹਿਰੇ ਅਤੇ ਨੀਲੀਆਂ ਚਾਦਰਾਂ ਨੂੰ ਆਪਣੇ ਉਦਾਲੇ ਲਪੇਟ ਕੇ ਸਿਰਾਂ ਉੱਪਰ ਮਾੜੀਆਂ ਢੱਠੀਆਂ ਜਿਹੀਆਂ ਪੱਗਾਂ ਬੰਨ੍ਹੀ ਫਿਰਦੇ ਨੇ। ਹੱਥਾਂ ਵਿਚ ਟੁੱਟੀਆਂ ਜਿਹੀਆਂ ਤਲਵਾਰਾਂ, ਜਿਨ੍ਹਾਂ ਉੱਪਰ ਲੀਰਾਂ ਦੇ ਮਿਆਨ ਅਤੇ ਲੀਰਾਂ ਆਦਿਕ ਗੰਢ ਕੇ ਗਾਤਰੇ ਬਣਾ ਲੈਂਦੇ ਨੇ ਜੋ ਆਪਣੇ ਆਪ ਨੂੰ ਅਕਾਲੀ ਅਖਵਾਉਂਦੇ ਨੇ, ਲੁੱਟਮਾਰ ਕਰਦੇ ਨੇ, ਫਿਰ ਵੀ ਸਾਡੇ ਡਰੋਂ ਮੰਦੇ ਹਾਲੀਂ ਲੁਕ- ਛਿਪ ਕੇ ਗੁਜ਼ਾਰਾ ਕਰ ਰਹੇ ਨੇ, ਤੂੰ ਉਨ੍ਹਾਂ ਦਾ ਸਾਥੀ ਬਣ ਕੇ ਕੀ ਲੈਣਾ ਹੈ? ਸਿੰਘਾਂ ਬਾਰੇ ਜ਼ਕਰੀਆ ਖਾਨ ਦੇ ਬੋਲਾਂ ਨੂੰ ਗਿਆਨੀ ਗਿਆਨ ਸਿੰਘ ਜੀ ਨੇ ‘ਪੰਥ ਪ੍ਰਕਾਸ਼’ ਵਿਚ ਇੰਜ ਬਿਆਨ ਕੀਤਾ ਹੈ :

ਫਿੱਡਾ ਜੈਸਾ ਟੱਟੂਆ, ਜੁਲੜੂ ਕਾ ਕਾਠੂ ਪਾਇ, ਰੱਸੜੂ ਲਗਾਮੜੂ ਤੇ ਰੱਸੜੂ ਰਕਾਬਜੂ।
ਪਾਟਿਆ ਜੈਸਾ ਕੱਛੜੂ ਤੇ ਨੀਲੜੂ ਸਾ ਚਾਦਰੂ, ਡੁੱਚੌ ਜੈਸਾ ਪੱਗੜੂ ਬਣਾਇਆ ਸਿਰਤਾਜ ਜੂ।
ਟੁੱਟਿਆ ਜੈਸਾ ਤੇਗੜੂ ਤੇ ਲੀਰੜੂ ਮਿਆਨ ਜਾਕੋ, ਗੱਠ ਸੱਠ ਗਾਤ੍ਰ ਬਣਾਇਆ ਸਬ ਸਾਜ ਜੂ।
ਨਾਮ ਤੋ ਅਕਾਲੜੂ ਸੋ ਫਿਰੈ ਬੁਰੇ ਹਾਲੜੂ ਪੈ, ਲੂਟ ਕੂਟ ਖਾਵਣੇ ਕੋ ਡਾਢੇ ਉਸਤਾਜ ਜੂ।

ਜ਼ਕਰੀਆ ਖਾਂ ਦੀ ਗੱਲ ਸੁਣ ਕੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਕਿ ਜੇ ਤੂੰ ਸੂਬੇ! ਮੇਰੇ ਉੱਤੇ ਇਤਨਾ ਹੀ ਤਰਸ ਖਾਣਾ ਚਾਹੁੰਦਾ ਹੈਂ ਤਾਂ ਮੈਨੂੰ ਇਹ ਨਾ ਆਖ ਕਿ ਤੂੰ ਮੁਸਲਮਾਨ ਹੋ ਜਾ:

ਤੂੰ ਜੇ ਹਮ ਪੈ ਹੈਂ ਮਿਹਰਵਾਨੁ, ਆਖ ਹਮੇਂ ਨ ਹੋਹੁ ਮੁਸਲਮਾਨ।  (ਪ੍ਰਾਚੀਨ ਪੰਥ ਪ੍ਰਕਾਸ਼, ਕ੍ਰਿਤ ਗਿ. ਰਤਨ ਸਿੰਘ ਭੰਗੂ)

ਇਹ ਸਿੱਖੀ ਬੜੀ ਉੱਚੀ-ਸੁੱਚੀ ਅਤੇ ਅਮੋਲਕ ਦਾਤ ਹੈ। ਇਹ ਬੜੇ ਚੰਗੇ ਭਾਗਾਂ ਸਦਕਾ ਮਿਲੀ ਹੈ, ਮੈਂ ਇਹ ਸਿੱਖੀ ਕੇਸਾਂ-ਸਵਾਸਾਂ ਨਾਲ ਨਿਭਾਵਾਂਗਾ। ਇਸ ਸਿੱਖੀ ਨੂੰ ਤਿਆਗ ਕੇ ਜੇ ਮੈਂ ਮੁਸਲਮਾਨ ਬਣਾਂਗਾ ਤਾਂ ਫਿਰ ਕੀ ਮੈਨੂੰ ਮੌਤ ਨਹੀਂ ਆਵੇਗੀ? ਦੀਨੋ ਬੇਦੀਨ ਹੋ ਕੇ ਮਰਨ ਨਾਲ ਨਰਕਾਂ ਦਾ ਭਾਗੀ ਬਣਾਂਗਾ। ਇਹਦੇ ਨਾਲੋਂ ਅਣਖ ਦੀ ਮੌਤ ਮਰਨਾ ਪ੍ਰਵਾਨ ਹੈ:

ਤਨਨੂਰੀ ਸੁਖ ਅਚਲ ਦਾਇਹੈ।
ਤਾਂਕੋ ਕੈਸੇ ਤਜਯੋ ਜਾਇ ਹੈ।
ਸਿੱਖੀ ਕੇਸ ਅਮੋਲਕ ਯਾਹੈ।
ਬਡੇ ਨਸੀਬਾਂ ਤੈ ਹਥ ਆਹੈ।
ਤਿਸੈ ਤਿਆਗ ਕੈ ਜੇ ਤੁਰਕ ਬਨੋ।
ਪੈਹੈਂ ਦੋਜ਼ਖ ਜਹਿ ਦੁਖ ਘਨੋ।  (ਪੰਥ ਪ੍ਰਕਾਸ਼, ਕ੍ਰਿਤ ਗਿਆਨੀ ਗਿਆਨ ਸਿੰਘ)

ਜਦੋਂ ਭਾਈ ਤਾਰੂ ਸਿੰਘ ਜੀ ਦਾ ਜਵਾਬ ਨਵਾਬ ਜ਼ਕਰੀਆ ਖਾਂ ਨੇ ਸੁਣਿਆ ਤਾਂ ਉਸ ਨੂੰ ਮਾਨੋ ਸੱਤੀਂ ਕੱਪੜੀਂ ਅੱਗ ਲੱਗ ਗਈ। ਗ਼ੁੱਸੇ ਵਿਚ ਆ ਕੇ ਕਹਿਣ ਲੱਗਾ- ਸਿੰਘਾ! ਜਿਸ ਸਿੱਖੀ ਨੂੰ ਤੂੰ ਅਮੋਲਕ ਦੱਸਦਾ ਏਂ, ਮੈਂ ਹੁਣੇ ਉਸਨੂੰ ਖ਼ਤਮ ਕਰਦਾ ਹਾਂ। ਜਿਹੜੀ ਸਿੱਖੀ ਤੂੰ ਕੇਸਾਂ-ਸਵਾਸਾਂ ਨਾਲ ਨਿਭਾਉਣੀ ਚਾਹੁੰਦਾ ਹੈਂ, ਤੇਰੇ ਸਿਰ ਦੇ ਵਾਲਾਂ (ਕੇਸਾਂ) ਨੂੰ ਉਖਾੜ  ਦਿਆਂਗਾ:

ਜਿਸ ਸਿੱਖੀ ਕੋ ਤੂੰ ਕਹਿ ਨੂਰੀ।
ਤਿਸੇ ਕਰਤ ਮੈਂ ਅਬੀ ਅਧੂਰੀ।
ਸਿਖੀ ਸਿਰ ਦੇ ਬਾਲ ਤੁਮਾਰੇ।
ਮਾਰ ਜੂਤੀਅਨ ਅਬੀ ਉਖਾਰੇਂ॥15॥  (ਪੰਥ ਪ੍ਰਕਾਸ਼, ਕ੍ਰਿਤ ਗਿਆਨੀ ਗਿਆਨ ਸਿੰਘ)

ਜਦ ਨਵਾਬ ਪਾਸੋਂ ਇਹ ਗੱਲ ਭਾਈ ਤਾਰੂ ਸਿੰਘ ਜੀ ਨੇ ਸੁਣੀ ਤਾਂ ਸਹਿਜ-ਸੁਭਾ ਬੋਲੇ ਕਿ ਨਵਾਬ ਜ਼ਕਰੀਆ ਖਾਂ! ਮੇਰੇ ਕੇਸ ਤਾਂ ਗੁਰੂ ਦੀ ਅਮਾਨਤ ਹਨ ਅਤੇ ਸਿਰ ਦੇ ਸਾਥ ਹੀ ਜਾਣਗੇ:

ਸਹਿਜ ਭਾਇ ਫਿਰ ਸਿੰਘ ਕਹਯੋ ਕੇਸ ਜਾਂਹਿਂ ਸਿਰ ਸੰਗ।
ਤੁਮਕੋ ਆਗੇ ਲੇ ਚਲੋਂ, ਜੂਤੇ ਮਾਰ ਨਿਸੰਗ॥16॥  (ਪੰਥ ਪ੍ਰਕਾਸ਼, ਕ੍ਰਿਤ ਗਿਆਨੀ ਗਿਆਨ ਸਿੰਘ)

ਉਸੇ ਵੇਲੇ ਨਵਾਬ ਫਿਰ ਮੋਚੀ ਸੱਦ ਕੇ ਕ੍ਰੋਧ ਵਿਚ ਕਹਿਣ ਲੱਗਾ ਕਿ ਇਸ ਦੀ ਖੋਪਰੀ ਕੇਸਾਂ ਸਮੇਤ ਰੰਬੀ ਨਾਲ ਉਤਾਰ ਦਿਉ:

ਤਬ ਨਵਾਬ ਬਹੁ ਕ੍ਰੋਧਹਿ ਭਰਾ, ਸੋਊ ਹੁਕਮ ਉਨ ਮੋਚੀਅਨ ਕਰਾ॥18॥
ਇਸਕੀ ਖੋਪਰੀ ਸਾਥੇ ਬਾਲ, ਕਾਟ ਉਤਾਰੋ ਰੰਬੀ ਨਾਲ।
ਤਬੈ ਕਸਾਇਨ ਵੈਸੀ ਕਰੀ, ਕਰ ਪੈਨੀ ਸਿਰ ਰੰਬੀ ਧਰੀ॥19॥
ਦੋਹਰਾ: ਪੈਨੀ ਥੀ ਰੰਬੀ ਕਰੀ, ਧਰ ਮੱਥਯੋਂ ਦਈ ਦਬਾਇ।
ਮੱਥੇ ਤੇ ਕੰਨਾਂ ਤਾਈਂ ਗਿਚੀਉਂ ਦਈ ਪੁਟਾਇ॥20॥  (ਪ੍ਰਾਚੀਨ ਪੰਥ ਪ੍ਰਕਾਸ਼, ਕ੍ਰਿਤ ਗਿਆਨੀ ਰਤਨ ਸਿੰਘ ਭੰਗੂ)

ਜਲਾਦ ਮੋਚੀਆਂ ਨੇ ਰੰਬੀ ਦੇ ਨਾਲ ਭਾਈ ਸਾਹਿਬ ਦੀ ਖੋਪਰੀ ਕੇਸਾਂ ਸਮੇਤ ਉਤਾਰ ਦਿੱਤੀ, ਪਰ ਭਾਈ ਤਾਰੂ ਸਿੰਘ ਜੀ ਨੇ ਸਤਿਗੁਰੂ ਦਾ ਸ਼ੁਕਰਾਨਾ ਕਰਦਿਆਂ ਆਪਣਾ ਮਨ ਗੁਰੂ-ਚਰਨਾਂ ਨਾਲ ਜੋੜੀ ਰੱਖਿਆ। ਮੁੱਖ ਵਿਚੋਂ ਸੀਅ ਤੱਕ ਨਾ ਕਹੀ। ਸਾਰੇ ਲੋਕਾਂ ਵਿਚ ਇਹ ਦ੍ਰਿਸ਼ ਦੇਖ ਸੁਣ ਕੇ ਹਾਹਾਕਾਰ ਮੱਚ ਗਈ, ਪਰ ਭਾਈ ਤਾਰੂ ਸਿੰਘ ਜੀ ਅਡੋਲ ਸ਼ਾਂਤਚਿੱਤ ਗੁਰਬਾਣੀ ਦਾ ਜਾਪ ਕਰਦੇ ਰਹੇ। ਇਹ ਵੇਖ ਕੇ ਜ਼ਕਰੀਆ ਖਾਨ ਬੜਾ ਹੈਰਾਨ ਹੋਇਆ ਅਤੇ ਭਾਈ ਤਾਰੂ ਸਿੰਘ ਜੀ ਨੂੰ ਦਿੱਲੀ ਦਰਵਾਜ਼ੇ ਦੇ ਬਾਹਰ ਧਰਮਸ਼ਾਲਾ ਵਿਚ ਭੇਜ ਦਿੱਤਾ ਕਿ ਜਦੋਂ ਇਸ ਦੇ ਪ੍ਰਾਣ ਨਿਕਲ ਜਾਣਗੇ ਤਾਂ ਇਸ ਦਾ ਅੰਤਮ ਸੰਸਕਾਰ ਕਰ ਦੇਣਾ:

ਦੋਹਰਾ : ਧਰਮਸ਼ਾਲ ਸਿੱਖਨ ਹੁਤੀ ਤਾ ਮੇਂ ਦੀਨੋ ਪਾਇ।
ਜਬ ਨਿਕਸੈਂਗੇ ਪ੍ਰਾਣ ਇਸ, ਤਬ ਤੁਮ ਦਯੋ ਫੁਕਾਇ॥25॥  (ਪ੍ਰਾਚੀਨ ਪੰਥ ਪ੍ਰਕਾਸ਼)

ਦੋਹਰਾ : ਠਾਰਾਂ ਸੈ ਦੁਇ ਸਾਲ ਪਰ ਬੀਤੇ ਬਿਕ੍ਰਮਾਰਾਇ।
ਤਾਰੂ ਸਿੰਘ ਤਬ ਲੈ ਤੁਰਯੋ ਜੂਤ ਜੁ ਤਿਹ ਸਿਰ ਲਾਇ॥16॥  (ਪ੍ਰਾਚੀਨ ਪੰਥ ਪ੍ਰਕਾਸ਼, ਕ੍ਰਿਤ ਗਿ. ਰਤਨ ਸਿੰਘ ਭੰਗੂ)

ਭਾਵ ਭਾਈ ਤਾਰੂ ਸਿੰਘ ਜੀ 1802 ਬਿਕ੍ਰਮੀ ਨੂੰ ਹੱਸ-ਹੱਸ ਕੇ ਸ਼ਹੀਦੀ ਪਾ ਗਏ। ਸ. ਕਰਤਾਰ ਸਿੰਘ ਬਲੱਗਣ ਹੋਰਾਂ ਨੇ ਲਿਖਿਆ ਹੈ :

ਲੋਕੀਂ ਕਹਿੰਦੇ ਨੇ ਰੰਬੀ ਦੇ ਨਾਲ ਚਰਦਾ, ਤਾਰੂ ਸਿੰਘ ਗੱਲ ਆਖ਼ਰੀ ਕਹਿ ਰਿਹਾ ਸੀ।
ਮੇਰੀ ਭੈਣ ਤਾਈਂ ਲੋਕੋ ਆਖ ਦੇਣਾ, ਤੇਰਾ ਵੀਰ ਹੱਸ-ਹੱਸ ਕੇ ਮਰ ਰਿਹਾ ਸੀ।

ਅੱਜ ਉਨ੍ਹਾਂ ਦੀ ਸ਼ਹੀਦੀ ਸਿੱਖ ਦੀ ਰੋਜ਼ਾਨਾ ਦੀ ਅਰਦਾਸ ਦਾ ਹਿੱਸਾ ਬਣ ਗਈ ਹੈ ਅਤੇ ਪਤਿਤਪੁਣੇ ਵੱਲ ਵਧ ਰਹੀ ਸਿੱਖ ਨੌਜੁਆਨ ਪੀੜ੍ਹੀ ਨੂੰ ਸੰਦੇਸ਼ ਦੇ ਰਹੀ ਹੈ ਕਿ ਸਿੱਖ ਕੌਮ ਦੇ ਨੌਜੁਆਨ ਵਾਰਸੋ! ਸੰਭਾਲੋ ਕੇਸ ਗੁਰੂ ਦੀ ਮੋਹਰ ਨੂੰ। ਅੱਜ ਵੀ ਉਨ੍ਹਾਂ ਸ਼ਹੀਦਾਂ ਦੀਆਂ ਸ਼ਹੀਦੀਆਂ ਇਕ ਅਦੀਬ ਦੀ ਕਲਮ ਰਾਹੀਂ ਕਹਿ ਰਹੀਆਂ ਨੇ :

ਕਿੱਧਰ ਜਾ ਰਿਹਾ ਏਂ, ਸਿੰਘਾ? ਜ਼ਰਾ ਹੋਸ਼ ਕਰ।
ਤੱਕ ਇਤਿਹਾਸ ਆਪਣਾ ਤੇ ਕੁਝ ਸੰਕੋਚ ਕਰ।
ਚਰਖੜੀਆਂ ’ਤੇ ਚੜ੍ਹੇ ਤੇ ਖੋਪਰੀਆਂ ਲੁਹਾ ਗਏ।
ਧਰਮ ਦਾ ਵਾਸਤਾ ਈ, ਨਾ ਜ਼ਿੰਦਗੀ ਦਾ ਰੋਲ ਕਰ।
ਸੁੱਖਾ ਸਿੰਘ ਮਹਿਤਾਬ ਸਿੰਘ, ਕੀ ਤੈਨੂੰ ਯਾਦ ਨਹੀਂ?
ਮਿਲਦਾ ਨਹੀਂ ਏ ਮੌਕਾ ਫਿਰ ਵੇਲੇ ਦਾ, ਗੌਰ ਕਰ।
ਤੱਕ ਸਾਹਿਬਜ਼ਾਦੇ ਕੰਧਾਂ ਵਿਚ ਰਾਜ਼ੀ ਨੇ ਰਜ਼ਾ ਲਈ,
ਛੱਡ ਬੇਮੁਖੀ, ਨਾ ਧਰਮ ਨਾਲ ਐਵੇਂ ਮਖੌਲ ਕਰ।
ਨਲੂਏ ਵਾਲੀ ਤੇਰੀ ਅਣਖ ਕਿੱਧਰ ਹੈ ਚਲੀ ਗਈ?
ਸੰਭਾਲ ਆਪਣੀ ਜਵਾਨੀ ਨੂੰ, ਐਨਾ ਨਾ ਮਧੋਲ ਕਰ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਪ੍ਰਚਾਰਕ, ਧਰਮ ਪ੍ਰਚਾਰ ਕਮੇਟੀ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸ੍ਰੀ ਅੰਮ੍ਰਿਤਸਰ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)