editor@sikharchives.org
Saragarhi

ਸਿੱਖ ਵੀਰਤਾ ਦੀ ਅਦੁੱਤੀ ਘਟਨਾ : ਸਾਕਾ ਸਾਰਾਗੜ੍ਹੀ

ਗੁਰੂ ਕਾ ਸਿੱਖ ਆਪਣੇ ਧਰਮ, ਦੇਸ਼ ਅਤੇ ਸ੍ਵੈਮਾਨ ਲਈ ਕੁਰਬਾਨ ਤਾਂ ਹੋ ਸਕਦਾ ਹੈ ਪਰ ਉਹ ਲੜਾਈ ਦੇ ਮੈਦਾਨ ਵਿੱਚੋਂ ਪਿੱਠ ਵਿਖਾ ਕੇ ਭੱਜ ਨਹੀਂ ਸਕਦਾ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਕੌਮਾਂ ਸਦਾ ਆਪਣੇ ਗੌਰਵਮਈ ਵਿਰਸੇ ਨੂੰ ਯਾਦ ਕਰ ਕੇ ਜੀਉਂਦੀਆਂ ਅਤੇ ਸੁਨਹਿਰੇ ਭਵਿੱਖ ਵੱਲ ਵਧਦੀਆਂ ਹਨ। ਸਿੱਖ ਕੌਮ ਦਾ ਇਤਿਹਾਸ ਸ੍ਵੈਮਾਨ, ਅਣਖ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਚਮਕੌਰ ਦੀ ਗੜ੍ਹੀ ਤੋਂ ਲੈ ਕੇ ਸਾਰਾਗੜ੍ਹੀ ਤਕ ਅਤੇ ਸਾਰਾਗੜ੍ਹੀ ਤੋਂ ਲੈ ਕੇ ਕਾਰਗਿਲ ਦੀ ਲੜਾਈ ਤਕ ਸਮੁੱਚਾ ਸਿੱਖ ਇਤਿਹਾਸ, ਕੁਰਬਾਨੀਆਂ ਦੀ ਇਕ ਅਟੁੱਟ ਗਾਥਾ ਹੈ। ਚਾਹੇ ਉਹ ਪੁਰਾਣਾਂ ਅਤੇ ਪਠਾਨਾਂ ਦਾ ਰਾਜ ਸੀ, ਅਫਗਾਨਾਂ ਜਾਂ ਅੰਗਰੇਜ਼ਾਂ ਦਾ, ਜਾਂ ਫਿਰ ਦੇਸ਼ ਦੀ ਸੁਤੰਤਰਤਾ ਦੀ ਲੜਾਈ ਅਤੇ ਉਸ ਤੋਂ ਮਗਰੋਂ ਹਿੰਦ-ਪਾਕ ਅਤੇ ਹਿੰਦ-ਚੀਨ ਦੀ ਲੜਾਈ, ਸਿੱਖਾਂ ਨੇ ਹਮੇਸ਼ਾਂ ਆਪਣੀ ਜਾਨ ’ਤੇ ਖੇਡ ਕੇ ਆਪਣੇ ਦੇਸ਼ ਦੀ ਰੱਖਿਆ ਕੀਤੀ ਹੈ। ਗੁਰੂ ਕਾ ਸਿੱਖ ਆਪਣੇ ਧਰਮ, ਦੇਸ਼ ਅਤੇ ਸ੍ਵੈਮਾਨ ਲਈ ਕੁਰਬਾਨ ਤਾਂ ਹੋ ਸਕਦਾ ਹੈ ਪਰ ਉਹ ਲੜਾਈ ਦੇ ਮੈਦਾਨ ਵਿੱਚੋਂ ਪਿੱਠ ਵਿਖਾ ਕੇ ਭੱਜ ਨਹੀਂ ਸਕਦਾ। 12 ਸਤੰਬਰ, 1897 ਨੂੰ ਲੜੀ ਗਈ ਸਾਰਾਗੜ੍ਹੀ ਦੀ ਜੰਗ ਇਸ ਦੀ ਖ਼ੂਬਸੂਰਤ ਮਿਸਾਲ ਹੈ ਜਦੋਂ 36ਵੀਂ ਸਿੱਖ ਰੈਜਮੈਂਟ ਦੇ 21 ਸਿੱਖ ਸੈਨਿਕ 10,000 ਕਬਾਇਲੀਆਂ ਦਾ ਮੁਕਾਬਲਾ ਕਰਦੇ, ਇਕ-ਇਕ ਕਰ ਕੇ ਸ਼ਹੀਦ ਤਾਂ ਹੋ ਗਏ ਪਰ ਉਨ੍ਹਾਂ ਨੇ ਆਪਣੀ ਜਾਨ ਬਚਾਉਣ ਲਈ ਹਮਲਾਵਰਾਂ ਦੀ ਕੋਈ ਸ਼ਰਤ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਸ਼ਹੀਦਾਂ ਦੀਆਂ ਯਾਦਗਾਰਾਂ ਸਾਰਾਗੜ੍ਹੀ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਖੇ ਸਥਾਪਿਤ ਹਨ।

36 ਨੰਬਰ ਪਲਟਨ ਜਿਸ ਨੂੰ ਹੁਣ ‘4 ਸਿੱਖ ਰੈਜਮੈਂਟ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ, 23 ਮਾਰਚ, 1887 ਈਸਵੀ ਨੂੰ ਕਰਨਲ ਜੇ. ਕੁੱਕ ਦੀ ਕਮਾਨ ਹੇਠ ਜਲੰਧਰ ਛਾਉਣੀ ਵਿਖੇ ਸਥਾਪਿਤ ਕੀਤੀ ਗਈ ਸੀ। 1891 ਤੋਂ 1894 ਤਕ ਇਸ ਰੈਜਮੈਂਟ ਨੇ ਆਸਾਮ ਵਿਚ ਹੋਈ ਇਕ ਜ਼ਬਰਦਸਤ ਬਗ਼ਾਵਤ ਨੂੰ ਦਬਾ ਦਿੱਤਾ ਸੀ। ਇਸ ਬਗ਼ਾਵਤ ਨੂੰ ਦਬਾਉਣ ਕਰਕੇ ਆਰਮੀ ਹੈੱਡਕੁਆਰਟਰ ਵੱਲੋਂ ਰੈਜਮੈਂਟ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਗਈ। 1896 ਵਿਚ ਇਸ ਰੈਜਮੈਂਟ ਦੇ ਸੈਨਿਕਾਂ ਨੂੰ ਕੋਹਾਟ (ਉੱਤਰ-ਪੱਛਮੀ ਸੀਮਾ) ਵਿਖੇ ਭੇਜ ਦਿੱਤਾ ਗਿਆ ਤੇ ਜਨਵਰੀ 1897 ਨੂੰ ਕੋਹਾਟ ਤੋਂ ਬਦਲ ਕੇ ਫੋਰਟ ਲਾਕ ਹਾਰਟ ਤਬਦੀਲ ਕਰ ਦਿੱਤਾ ਗਿਆ। ਫੋਰਟ ਲਾਕ ਹਾਰਟ ਦੀ ਇਕ ਪਿਕਿਟ ਦਾ ਨਾਮ ਸਾਰਾਗੜ੍ਹੀ ਸੀ ਤੇ ਦੂਸਰੀ ਦਾ ਨਾਮ ਗੁਲਿਸਤਾਨ। ਉਦੋਂ ਇਸ ਰੈਜਮੈਂਟ ਦੀ ਕਮਾਨ ਲੈਫਟੀਨੈਂਟ ਕਰਨਲ ਹਾਟਨ ਕਰ ਰਹੇ ਸਨ। ਇਹ ਚੌਕੀਆਂ ਸਮਾਨਾ ਦੀਆਂ ਪਹਾੜੀਆਂ ਵਿਚ ਸਨ।

27 ਅਗਸਤ, 1897 ਨੂੰ ਅਰਕਜ਼ਈ ਅਤੇ ਅਫਰੀਦੀ ਕਬੀਲੇ ਦੇ ਪਠਾਣਾਂ ਨੇ ਗੁਲਿਸਤਾਨ ਪੋਸਟ ’ਤੇ ਹਮਲਾ ਕਰ ਦਿੱਤਾ। ਇਸ ਸਮੇਂ ਕਰਨਲ ਹਾਟਨ ਕਿਲ੍ਹਾ ਲਾਕ ਹਾਰਟ ਦੇ ਇੰਚਾਰਜ ਸਨ। ਉਨ੍ਹਾਂ ਨੇ ਆਪਣੇ ਕੁਝ ਜਵਾਨਾਂ ਦੀ ਮਦਦ ਨਾਲ ਗੁਲਿਸਤਾਨ ਦੀ ਪੋਸਟ ਤਾਂ ਬਚਾ ਲਈ ਪਰ ਆਪ ਜ਼ਖ਼ਮੀ ਹੋ ਗਏ। 28 ਅਗਸਤ ਨੂੰ ਕਬਾਇਲੀਆਂ ਨੇ ਸੰਹਾਰ ਅਤੇ ਸਹਤੋਪਧਾਰ ਦੀਆਂ ਛੋਟੀਆਂ ਪੋਸਟਾਂ ’ਤੇ ਹਮਲਾ ਕੀਤਾ। ਪਰ ਉਸ ਹਮਲੇ ਵਿਚ ਵੀ ਉਹ ਸਫਲ ਨਾ ਹੋ ਸਕੇ। 3 ਸਤੰਬਰ ਨੂੰ ਪਠਾਣਾਂ ਨੇ ਗੁਲਿਸਤਾਨ ਪੋਸਟ ’ਤੇ ਫਿਰ ਹਮਲਾ ਕਰ ਦਿੱਤਾ ਅਤੇ ਹਿਫ਼ਾਜ਼ਤੀ ਲਾਈਨਾਂ ਨੂੰ ਤਿੰਨ ਤਰਫ਼ ਤੋਂ ਅੱਗ ਲਗਾ ਦਿੱਤੀ। ਮੇਜਰ ਡੇਵਿਸ ਜੋ ਕਿ ਉਸ ਸਮੇਂ ਇਸ ਪੋਸਟ ਦੇ ਕਮਾਂਡਰ ਸਨ, ਨੇ ਆਪਣੇ ਬੰਦਿਆਂ ਨੂੰ ਹੁਕਮ ਦਿੱਤਾ ਕਿ ਉਹ ਪੋਸਟ ਤੋਂ ਬਾਹਰ ਆ ਕੇ ਅੱਗ ਬੁਝਾਉਣ ਦਾ ਕੰਮ ਕਰਨ। ਕਮਾਂਡਰ ਦਾ ਹੁਕਮ ਮਿਲਦਿਆਂ ਹੀ ਸ. ਸੁੰਦਰ ਸਿੰਘ, ਸ. ਹੰਸਾ ਸਿੰਘ, ਸ. ਜੀਵਨ ਸਿੰਘ, ਸ. ਗੁਰਮੁਖ ਸਿੰਘ, ਸ. ਸੋਭਾ ਸਿੰਘ ਤੇ ਸ. ਭੋਲਾ ਸਿੰਘ ਬਾਹਰ ਨਿਕਲੇ। ਉਨ੍ਹਾਂ ਜਵਾਨਾਂ ਨੇ ਨਾ ਸਿਰਫ਼ ਕਬਾਇਲੀਆਂ ਵੱਲੋਂ ਲਗਾਈ ਅੱਗ ਹੀ ਬੁਝਾ ਦਿੱਤੀ ਸਗੋਂ ਉਨ੍ਹਾਂ ਦੇ ਹਮਲੇ ਨੂੰ ਵੀ ਪੂਰੀ ਤਰ੍ਹਾਂ ਨਾਕਾਮਯਾਬ ਕਰ ਦਿੱਤਾ। ਇਹੋ ਜਿਹੇ ਹਮਲੇ 3 ਸਤੰਬਰ ਤੋਂ 9 ਸਤੰਬਰ, 1897 ਤਕ ਜਾਰੀ ਰਹੇ ਪਰ ਸਾਰਾਗੜ੍ਹੀ ਦੇ ਸਤਰਕ ਸੈਨਿਕਾਂ ਕਾਰਨ ਦੁਸ਼ਮਨ ਕਿਸੇ ਵੀ ਪੋਸਟ ’ਤੇ ਸਫਲਤਾ ਹਾਸਲ ਨਾ ਕਰ ਸਕੇ ਸਗੋਂ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾ ਕੇ ਪਿੱਛੇ ਹਟਣਾ ਪੈ ਗਿਆ। 4 ਸਤੰਬਰ ਨੂੰ ਦੁਸ਼ਮਨ ਅਫਰੀਦੀਆਂ ਨੇ ਵਾਪਸ ਪਰਤਣ ਸਮੇਂ ਪੁਲਿਸ ਦੀਆਂ ਸਾਰੀਆਂ ਪੋਸਟਾਂ ਨੂੰ ਅੱਗ ਲਗਾ ਦਿੱਤੀ।

8 ਸਤੰਬਰ, 1897 ਨੂੰ ਦੁਸ਼ਮਨ ਨੇ ਫਿਰ ਗੁਲਿਸਤਾਨ, ਸੰਗਰ ਤੇ ਧਾਰ ਪੋਸਟਾਂ ’ਤੇ ਹਮਲਾ ਕਰ ਦਿੱਤਾ ਤੇ ਇਕ ਸੁਕਵੈਡਰਨ ਜਿਹੜਾ ਕੁਰਮ ਘਾਟੀ ਵਿੱਚੋਂ ਰਾਸ਼ਨ ਲੈ ਕੇ ਲੰਘ ਰਿਹਾ ਸੀ, ਨੂੰ ਲੁੱਟ ਲਿਆ। 11 ਸਤੰਬਰ ਨੂੰ ਇਕ ਹੋਰ ਬੰਦਾ ਜੋ ਭੰਗੂ ਨੂੰ ਵਾਪਸ ਆ ਰਿਹਾ ਸੀ, ਨੂੰ ਅਰਕਜ਼ਈ ਪਠਾਣਾਂ ਨੇ ਲੁੱਟ ਲਿਆ। ਹੁਣ ਪਠਾਣਾਂ ਨੇ ਸਾਰਾਗੜ੍ਹੀ ਨੂੰ ਨਸ਼ਟ ਕਰਨ ਦਾ ਫ਼ੈਸਲਾ ਕਰ ਲਿਆ। ਇਹੀ ਚੌਕੀ ਉਨ੍ਹਾਂ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਬਣੀ ਹੋਈ ਸੀ।

ਸਾਰਾਗੜ੍ਹੀ ਪਹਾੜੀ ਪੱਥਰਾਂ ਨਾਲ ਬਣਾਇਆ ਇਕ ਛੋਟਾ ਜਿਹਾ ਕਿਲ੍ਹਾ ਸੀ, ਜਿਸ ਵਿਚ 36 ਸਿੱਖ ਬਟਾਲੀਅਨ ਦੇ 21 ਸਿੱਖ ਸੈਨਿਕ ਤੈਨਾਤ ਸਨ। ਦੁਸ਼ਮਨਾਂ ਵੱਲੋਂ ਕੀਤੀ ਜਾ ਰਹੀ ਹਰ ਕਾਰਵਾਈ ਦੀ ਸੂਚਨਾ ਸ. ਗੁਰਮੁਖ ਸਿੰਘ ਸ਼ੀਸ਼ੇ ਅਤੇ ਝੰਡੇ ਦੀ ਸਹਾਇਤਾ ਨਾਲ ਲਾਕ ਹਾਰਟ ਦੇ ਕਮਾਂਡਰ ਤਕ ਪਹੁੰਚਾ ਰਿਹਾ ਸੀ।

12 ਸਤੰਬਰ, 1897 ਨੂੰ ਸਵੇਰ ਦੇ 9 ਵਜੇ ਕਰੀਬ 10,000 ਪਠਾਣਾਂ ਨੇ ਇਕੱਠੇ ਹੋ ਕੇ ਸਾਰਾਗੜ੍ਹੀ ਪੋਸਟ ’ਤੇ ਹਮਲਾ ਬੋਲ ਦਿੱਤਾ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਗੜ੍ਹੀ ਵਿਚ ਤੈਨਾਤ ਸਿੱਖ ਸੈਨਿਕਾਂ ਨੇ ਅਰਦਾਸਾ ਸੋਧ ਕੇ ਪਠਾਣਾਂ ਦੇ ਇਸ ਹਮਲੇ ਦਾ ਡੱਟ ਕੇ ਮੁਕਾਬਲਾ ਕਰਨ ਦਾ ਫ਼ੈਸਲਾ ਕਰ ਲਿਆ ਕਿਉਂਕਿ ਇਹ ਗੜ੍ਹੀ ਇਕ ਵੀਰਾਨ ਜਿਹੀ ਜਗ੍ਹਾ ’ਤੇ ਸਥਿਤ ਸੀ ਇਸ ਲਈ ਇਸ ਚੌਕੀ ਅੰਦਰ ਤੈਨਾਤ ਜਵਾਨਾਂ ਨੂੰ ਬਾਹਰੋਂ ਕੋਈ ਸਹਾਇਤਾ ਨਹੀਂ ਸੀ ਭੇਜੀ ਜਾ ਸਕਦੀ। ਹਾਲਾਤ ਅਤਿ ਗੰਭੀਰ ਬਣ ਗਏ ਸਨ। ਸਾਰਾਗੜ੍ਹੀ ਦੇ ਸਿੱਖ ਸੈਨਿਕਾਂ ਨੂੰ ਚਮਕੌਰ ਦੀ ਗੜ੍ਹੀ ਵਾਲੀ ਇਤਿਹਾਸਕ ਘਟਨਾ ਯਾਦ ਸੀ ਤੇ ਉਹ ਪੂਰਨ ਚੜ੍ਹਦੀ ਕਲਾ ਵਿਚ ਸਨ।

ਸਾਰਾਗੜ੍ਹੀ ਚੌਕੀ ਦੇ ਇੰਚਾਰਜ ਸ. ਈਸ਼ਰ ਸਿੰਘ ਅਤੇ ਸੂਚਨਾ ਭੇਜਣ ਵਾਲੇ ਸੈਨਿਕ ਸ. ਗੁਰਮੁਖ ਸਿੰਘ ਵੱਲੋਂ ਭੇਜੇ ਗਏ ਸੁਨੇਹੇ ਮਗਰੋਂ ਵੱਡੀ ਚੌਕੀ ਲਾਕ ਹਾਰਟ ਵਿਚ ਤੈਨਾਤ ਅੰਗਰੇਜ਼ ਅਫ਼ਸਰ ਕਰਨਲ ਹਾਟਨ ਨੇ ਮੋੜਵੇਂ ਸੁਨੇਹੇ ਵਿਚ ਹੁਕਮ ਦਿੱਤਾ ਕਿ ਗੜ੍ਹੀ ਦੀ ਰੱਖਿਆ ਹਰ ਕੀਮਤ ’ਤੇ ਕੀਤੀ ਜਾਣੀ ਚਾਹੀਦੀ ਹੈ, ਚਾਹੇ ਇਸ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਕਰਨਲ ਦਾ ਹੁਕਮ ਮਿਲਦਿਆਂ ਹੀ ਸਿੱਖ ਸੈਨਿਕਾਂ ਨੇ ਆਪਣੀਆਂ-ਆਪਣੀਆਂ ਪੁਜ਼ੀਸ਼ਨਾਂ ਸੰਭਾਲ ਲਈਆਂ ਤੇ ਸ਼ਹੀਦੀ ਜਾਮ ਪੀਣ ਲਈ ਡੱਟ ਗਏ।

ਗੋਲਾਬਾਰੀ ਸ਼ੁਰੂ ਹੋ ਚੁੱਕੀ ਸੀ। ਨਾਇਕ ਸ. ਲਾਲ ਸਿੰਘ, ਸ. ਭਗਵਾਨ ਸਿੰਘ ਅਤੇ ਸਿਪਾਹੀ ਸ. ਜੀਵਾ ਸਿੰਘ ਗੜ੍ਹੀ ’ਚੋਂ ਬਾਹਰ ਨਿਕਲੇ ਤੇ ਉਨ੍ਹਾਂ ਨੇ ਦੁਸ਼ਮਨ ਦੀ ਫਾਇਰਿੰਗ ਦਾ ਜਵਾਬ ਫਾਇਰਿੰਗ ਨਾਲ ਦੇਣਾ ਸ਼ੁਰੂ ਕਰ ਦਿੱਤਾ। ਕੁਝ ਦੇਰ ਦੀ ਫਾਇਰਿੰਗ ਮਗਰੋਂ ਗੋਲੀ ਲੱਗਣ ਨਾਲ ਸ. ਭਗਵਾਨ ਸਿੰਘ ਉਥੇ ਹੀ ਸ਼ਹੀਦ ਹੋ ਗਏ। ਬਾਕੀ ਦੇ ਦੋ ਸੈਨਿਕ ਵੀ ਇਸ ਗੋਲਾਬਾਰੀ ਵਿਚ ਗੰਭੀਰ ਜ਼ਖ਼ਮੀ ਹੋ ਗਏ ਸਨ। ਉਹ ਕਿਸੇ ਤਰ੍ਹਾਂ ਆਪਣੇ ਸਾਥੀ ਸ. ਭਗਵਾਨ ਸਿੰਘ ਦਾ ਮ੍ਰਿਤਕ ਸਰੀਰ ਚੁੱਕ ਕੇ ਗੜ੍ਹੀ ਵਿਚ ਆ ਗਏ। ਸ. ਗੁਰਮੁਖ ਸਿੰਘ (ਝੰਡੀ ਵਾਲਾ) ਆਪਣੇ ਝੰਡੇ ਅਤੇ ਸੂਰਜੀ ਰੌਸ਼ਨੀ ਦੇ ਸੰਚਾਰ ਉਪਕਰਣ ਨਾਲ ਗੜ੍ਹੀ ਦੇ ਅੰਦਰ ਅਤੇ ਬਾਹਰ ਵਾਪਰਨ ਵਾਲੀ ਹਰ ਘਟਨਾ ਦੀ ਸੂਚਨਾ ਲਗਾਤਾਰ ਕਰਨਲ ਹਾਟਨ ਤਕ ਪਹੁੰਚਾ ਰਿਹਾ ਸੀ।

ਇਸ ਗੜ੍ਹੀ ਦੇ ਇਕ ਪਾਸੇ ਸਿੱਧੀ ਢਲਾਣ ਸੀ ਤੇ ਇਧਰੋਂ ਹਮਲਾ ਕਰਨਾ ਬਹੁਤ ਔਖਾ ਸੀ। ਪਰ ਬਾਕੀ ਤਿੰਨ ਪਾਸਿਆਂ ਵੱਲ ਥੋੜ੍ਹੀਆਂ ਢਲਾਣਾਂ ਹੋਣ ਕਰਕੇ ਕਬਾਇਲੀ ਬਾਰ-ਬਾਰ ਇਧਰੋਂ ਹੀ ਹਮਲਾ ਕਰ ਰਹੇ ਸਨ। ਗੜ੍ਹੀ ਵਿਚ ਘਿਰੇ ਹੋਏ ਸਿੰਘ ਜੈਕਾਰੇ ਬੁਲਾ-ਬੁਲਾ ਕੇ ਆਪਣੀ ਹੋਂਦ ਅਤੇ ਦ੍ਰਿੜ੍ਹਤਾ ਦਾ ਸਬੂਤ ਦੇ ਰਹੇ ਸਨ। ਲੜਾਈ ਸ਼ੁਰੂ ਹੋਇਆਂ 6 ਘੰਟੇ ਹੋ ਚੱਲੇ ਸਨ ਪਰ ਅਜੇ ਤਕ 10,000 ਕਬਾਇਲੀ ਪਠਾਣ ਇਸ ਚੌਕੀ ਨੂੰ ਜਿੱਤ ਸਕਣ ਵਿਚ ਕਾਮਯਾਬ ਨਹੀਂ ਸਨ ਹੋਏ। ਇਨ੍ਹਾਂ 6 ਘੰਟਿਆਂ ਵਿਚ 600 ਪਠਾਣ ਮਾਰੇ ਜਾ ਚੁਕੇ ਸਨ ਜਦਕਿ ਮੁਕਾਬਲਾ ਕਰ ਰਹੇ 21 ਸਿੱਖ ਸੈਨਿਕਾਂ ਵਿੱਚੋਂ 12 ਸ਼ਹੀਦ ਹੋ ਚੁਕੇ ਸਨ। ਹੁਣ ਕੇਵਲ ਨਾਇਕ ਸ. ਈਸ਼ਰ ਸਿੰਘ ਆਪਣੇ ਬਚੇ ਹੋਏ 8 ਸਿੱਖ ਸੂਰਬੀਰਾਂ ਨਾਲ ਦੁਸ਼ਮਨਾਂ ਦਾ ਮੁਕਾਬਲਾ ਕਰ ਰਿਹਾ ਸੀ। ‘ਐਨਸਾਈਕਲੋਪੀਡੀਆ ਆਫ ਸਿੱਖਇਜ਼ਮ’ ਭਾਗ ਚੌਥਾ, ਪੰਨਾ 59 ਉੱਪਰ ਲਿਖਿਆ ਹੈ :

Havaldar (Nayak) Ishar Singh and his men, undaunted by the hopeless situation they were in, fought with grim determination.

2 ਵਜੇ ਦੇ ਕਰੀਬ ਸ. ਗੁਰਮੁਖ ਸਿੰਘ ਨੇ ਲਾਕ ਹਾਰਟ ਦੇ ਕਿਲ੍ਹੇ ਵਿਚ ਤੈਨਾਤ ਕਰਨਲ ਹਾਟਨ ਨੂੰ ਸੂਚਨਾ ਦਿੱਤੀ ਕਿ ਗੜ੍ਹੀ ਵਿਚਲਾ ਸਾਰਾ ਗੋਲਾ-ਬਾਰੂਦ ਮੁੱਕ ਗਿਆ ਹੈ, ਹੁਣ ਕੀ ਆਦੇਸ਼ ਹੈ। ਕਰਨਲ ਸਾਹਿਬ ਦਾ ਹੁਕਮ ਸੀ, ਡਟੇ ਰਹੋ ਤੇ ਜਿਸ ਤਰ੍ਹਾਂ ਹੋ ਸਕੇ ਦੁਸ਼ਮਨ ਦਾ ਮੁਕਾਬਲਾ ਕਰਦੇ ਰਹੋ।

ਸਾਰਾਗੜ੍ਹੀ ਦੇ ਅੰਦਰੋਂ ਫਾਇਰਿੰਗ ਦਾ ਜਵਾਬ ਨਾ ਮਿਲਣ ਕਰਕੇ ਕਬਾਇਲੀ ਅੱਗੇ ਵਧਦੇ ਆ ਰਹੇ ਸਨ। ਗੜ੍ਹੀ ਦੇ ਨੇੜੇ ਪਹੁੰਚ ਕੇ ਉਨ੍ਹਾਂ ਨੇ ਇਕ ਕੰਧ ਵਿਚ ਪਾੜ ਪਾਇਆ ਅਤੇ ਇਸ ਪਾਸੇ ਸੁੱਕੀਆਂ ਲੱਕੜਾਂ ਇਕੱਠੀਆਂ ਕਰ ਕੇ ਅੱਗ ਲਗਾ ਦਿੱਤੀ। ਜਿਸ ਵੇਲੇ ਦੁਸ਼ਮਨ-ਸੈਨਾ ਕਿਲ੍ਹੇ ਦੇ ਉੱਪਰ ਚੜ੍ਹੀ ਤਾਂ ਉਸ ਵੇਲੇ ਗੜ੍ਹੀ ਵਿਚ ਕੇਵਲ 7 ਸਿੱਖ ਸੈਨਿਕ ਜ਼ਿੰਦਾ ਬਚੇ ਸਨ। ਇਕ ਵਾਰ ਫਿਰ ਸ. ਗੁਰਮੁਖ ਸਿੰਘ ਨੇ ਲਾਕ ਹਾਰਟ ਦੇ ਕਿਲ੍ਹੇ ਵਿਚ ਸੂਚਨਾ ਭੇਜੀ ਕਿ ਅਸੀਂ ਹਰ ਪਾਸੇ ਤੋਂ ਘਿਰ ਗਏ ਹਾਂ ਪਰ ਫ਼ਿਕਰ ਨਾ ਕਰੋ, ਅਸੀਂ ਆਪਣੀ ਸ਼ਹੀਦੀ-ਪਰੰਪਰਾ ਨੂੰ ਦਾਗ਼ ਨਹੀਂ ਲੱਗਣ ਦਿਆਂਗੇ। ਇਸ ਗਹਿਗੱਚ ਤੇ ਅਣ-ਸਾਵੀਂ ਲੜਾਈ ਵਿਚ ਬਚੇ ਹੋਏ ਸੱਤ ਸਿੰਘਾਂ ਵਿੱਚੋਂ ਛੇ ਸਿੰਘ ਸ਼ਹੀਦੀ ਪਾ ਗਏ। ਹੁਣ ਕੇਵਲ ਸੂਚਨਾ ਭੇਜਣ ਵਾਲਾ ਸ. ਗੁਰਮੁਖ ਸਿੰਘ ਹੀ ਬਚਿਆ ਸੀ। ਹੁਣ ਉਸ ਨੇ ਕਰਨਲ ਹਾਟਨ ਕੋਲੋਂ ਆਗਿਆ ਮੰਗੀ ਕਿ ਉਹ ਸੰਚਾਰ ਉਪਕਰਣਾਂ ਨੂੰ ਬੰਦ ਕਰ ਕੇ ਆਪਣੀ ਰਾਈਫਲ ਚੁੱਕ ਕੇ ਦੁਸ਼ਮਨਾਂ ਨਾਲ ਭਿੜ ਜਾਵੇ। ਆਗਿਆ ਮਿਲਦੇ ਹੀ ਉਸ ਨੇ ਸੰਚਾਰ-ਸਾਧਨਾਂ ਲਈ ਵਰਤੇ ਜਾ ਰਹੇ ਸਾਰੇ ਉਪਕਰਣ ਕੱਪੜੇ ਦੇ ਥੈਲੇ ਵਿਚ ਬੰਦ ਕੀਤੇ ਅਤੇ ‘ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ’ ਦਾ ਨਾਅਰਾ ਬੁਲੰਦ ਕਰਦਾ, ਆਪਣੀ ਰਾਈਫਲ ਚੁੱਕ ਕੇ ਦੁਸ਼ਮਨਾਂ ’ਤੇ ਟੁੱਟ ਕੇ ਪੈ ਗਿਆ। ਕਬਾਇਲੀ ਅਫਗਾਨ ਮੰਨਦੇ ਹਨ ਕਿ ਇਕੱਲੇ ਗੁਰਮੁਖ ਸਿੰਘ ਨੇ ‘ਸ਼ਹੀਦ’ ਹੋਣ ਤੋਂ ਪਹਿਲਾਂ ਸਾਡੇ 20 ਬੰਦਿਆਂ ਨੂੰ ਢੇਰੀ ਕਰ ਦਿੱਤਾ ਸੀ। ਗੜ੍ਹੀ ਦਾ ‘ਕਮਾਂਡਰ’ ਹਵਾਲਦਾਰ ਈਸ਼ਰ ਸਿੰਘ ਵੀ ਆਖ਼ਰੀ ਗੋਲੀ ਤਕ ਪਠਾਣਾਂ ਨਾਲ ਜੂਝਦਾ ਸ਼ਹੀਦ ਹੋ ਚੁੱਕਾ ਸੀ।

ਗੜ੍ਹੀ ਦੇ ਸਾਰੇ ਸਿੰਘਾਂ ਦੇ ਸ਼ਹੀਦ ਹੋ ਜਾਣ ਮਗਰੋਂ ਕਬਾਇਲੀਆਂ ਨੇ ਆਪਣੇ ਸਾਥੀਆਂ ਦੀਆਂ ਲਾਸ਼ਾਂ ਨੂੰ ਗੜ੍ਹੀ ’ਚੋਂ ਬਾਹਰ ਕੱਢ ਕੇ ਗੜ੍ਹੀ ਨੂੰ ਅੱਗ ਲਗਾ ਦਿੱਤੀ। ਸ਼ਹੀਦ ਹੋਣ ਵਾਲੇ ਸਿੱਖ-ਸ਼ਹੀਦਾਂ ਦੀ ਇਕ ਤਰ੍ਹਾਂ ਨਾਲ ਇਹ ਆਖ਼ਰੀ ਰਸਮ ਸੀ। ਉਹ ਆਪਣਾ ਫ਼ਰਜ਼ ਨਿਭਾਉਂਦੇ ਤੇ ਸੂਰਮਤਾਈ ਦੀ ਸਰਵਉੱਚ ਮਿਸਾਲ ਕਾਇਮ ਕਰ ਕੇ ਆਖ਼ਰ ਗੜ੍ਹੀ ਦੀ ਰਾਖ਼ ਵਿਚ ਹੀ ਮਿਲ ਗਏ ਸਨ। ਬ੍ਰਿਗੇਡੀਅਰ ਡੀ.ਐਮ. ਬਾਹੀ ਨੇ ‘ਟਾਈਮਜ਼ ਆਫ ਇੰਡੀਆ’ ਦੇ 22 ਸਤੰਬਰ 1897 ਦੇ ਅੰਕ ਵਿਚ ਲਿਖਿਆ ਸੀ:

The smouldering ruins of Saragarhi formed a befit- ting funeral pyre for the immortal heroes… they fought to the ‘last man and last bullet’ not yielding an inch of ground to the enemy.

ਇਕ ਕਵੀ ਨੇ ਲਿਖਿਆ ਹੈ:

On Saragarhi remparts died the Bravest of the Brave
‘Neath Saragarhi’ ruined walls
found a fitting grave,
for Saragarhi bens the fame, They gave their lives to save.

ਅਗਲੀ ਸਵੇਰ (13 ਸਤੰਬਰ, 1897) ਨੂੰ ਜਦੋਂ ਰਾਹਤ ਦਲ ਸਾਰਾਗੜ੍ਹੀ ਪਹੁੰਚਿਆ ਤਾਂ ਉਥੇ ਇਕ ਦਿਨ ਪਹਿਲਾਂ ਹੋਈ ਘਮਸਾਣ ਦੀ ਲੜਾਈ ਅਤੇ ਸਿੱਖ ਸ਼ਹੀਦਾਂ ਦੀਆਂ ਨਿਸ਼ਾਨੀਆਂ ਆਪਣੀ ਦਾਸਤਾਨ ਆਪ ਬਿਆਨ ਕਰ ਰਹੀਆਂ ਸਨ। ਭਾਰੀ ਨੁਕਸਾਨ ਉਠਾ ਕੇ ਪਰਤ ਚੁੱਕੇ ਪਠਾਣਾਂ ਨੇ ਵੀ ਕਦੇ ਨਹੀਂ ਸੀ ਸੋਚਿਆ ਕਿ 21 ਸਿੱਖ ਸੂਰਬੀਰ ਉਨ੍ਹਾਂ ਦਾ ਇਤਨਾ ਨੁਕਸਾਨ ਕਰ ਦੇਣਗੇ। ਸਾਰਾਗੜ੍ਹੀ ਵਿਖੇ ਸ਼ਹੀਦ ਹੋਣ ਵਾਲੇ ਸੂਰਬੀਰਾਂ ਦੇ ਨਾਮ ਇਸ ਪ੍ਰਕਾਰ ਹਨ:

 ਪੇਟੀ ਨੰਬਰਰੈਂਕਨਾਮ
165ਹਵਾਲਦਾਰਈਸ਼ਰ ਸਿੰਘ
332ਨਾਇਕਲਾਲ ਸਿੰਘ
546ਲਾਂਸ ਨਾਇਕਚੰਦਾ ਸਿੰਘ
1321ਸਿਪਾਹੀਸੁੰਦਰ ਸਿੰਘ
492ਸਿਪਾਹੀਉੱਤਮ ਸਿੰਘ
859ਸਿਪਾਹੀਹੀਰਾ ਸਿੰਘ
791ਸਿਪਾਹੀਭੋਲਾ ਸਿੰਘ
834ਸਿਪਾਹੀਨਾਰਾਇਣ ਸਿੰਘ
874ਸਿਪਾਹੀਦੀਵਾਨ ਸਿੰਘ
463ਸਿਪਾਹੀਰਾਮ ਸਿੰਘ
1257ਸਿਪਾਹੀਭਗਵਾਨ ਸਿੰਘ
1651ਸਿਪਾਹੀਜੀਵਾ ਸਿੰਘ
782ਸਿਪਾਹੀਸਾਹਿਬ ਸਿੰਘ
287ਸਿਪਾਹੀਰਾਮ ਸਿੰਘ
687ਸਿਪਾਹੀਦਇਆ ਸਿੰਘ
781ਸਿਪਾਹੀਜੀਵਨ ਸਿੰਘ
844ਸਿਪਾਹੀਗੁਰਮੁਖ ਸਿੰਘ
1733ਸਿਪਾਹੀਗੁਰਮੁਖ ਸਿੰਘ
1265ਸਿਪਾਹੀਭਗਵਾਨ ਸਿੰਘ
1556ਸਿਪਾਹੀਬੇਲਾ ਸਿੰਘ
1221ਸਿਪਾਹੀਨੰਦ ਸਿੰਘ
 ਸਵੀਪਰਦਾਉ ਸਿੰਘ
   

ਜਦੋਂ ਸਾਰਾਗੜ੍ਹੀ ਦੀ ਘਟਨਾ ਅਤੇ ਸਿੱਖ ਸੂਰਬੀਰਾਂ ਦੀ ਕੁਰਬਾਨੀ ਦੀ ਗੱਲ ਇੰਗਲੈਂਡ ਪਹੁੰਚੀ ਤਾਂ ਬ੍ਰਿਟਿਸ਼ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੇ ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਇਨ੍ਹਾਂ ਬਹਾਦਰਾਂ ਦੀ ਅਦੁੱਤੀ ਕੁਰਬਾਨੀ ਨੂੰ ਸਰਾਹੁੰਦਿਆਂ ਕਿਹਾ ਕਿ ਇੰਗਲੈਂਡ ਅਤੇ ਹਿੰਦੁਸਤਾਨ ਦੇ ਲੋਕਾਂ ਨੂੰ 36 ਸਿੱਖ ਰੈਜਮੈਂਟ ਦੇ ਇਨ੍ਹਾਂ ਵੀਰ ਸੈਨਿਕਾਂ ’ਤੇ ਬੜਾ ਮਾਣ ਹੈ। ਜਿਸ ਦੇਸ਼ ਦੀ ਫੌਜ ਵਿਚ ਸਿੱਖਾਂ ਵਰਗੀ ਬਹਾਦਰ ਕੌਮ ਹੋਵੇ, ਉਹ ਦੇਸ਼ ਲੜਾਈ ਦੇ ਮੈਦਾਨ ਵਿਚ ਕਦੇ ਹਾਰ ਨਹੀਂ ਸਕਦਾ। ਸਾਰਾਗੜ੍ਹੀ ਦੀ ਜੰਗ ਸਾਮੂਹਿਕ ਸੂਰਮਗਤੀ ਦਾ ਇਕ ਅਸਾਧਾਰਨ ਕਾਰਨਾਮਾ ਹੈ ਜਿਸ ਵਰਗੀ ਕੋਈ ਹੋਰ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਕਿਤੇ ਨਹੀਂ ਮਿਲਦੀ।

ਇਨ੍ਹਾਂ ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਫ਼ਰਜ਼ ਲਈ ਕੁਰਬਾਨ ਹੋ ਜਾਣ ਦੀ ਭਾਵਨਾ ਨੂੰ ਵੇਖਦੇ ਹੋਏ ਇੰਗਲੈਂਡ ਦੀ ਗੋਰੀ ਸਰਕਾਰ ਨੇ ਸਾਰੇ ਬਹਾਦਰਾਂ ਨੂੰ ਮਰਨ- ਉਪ੍ਰੰਤ ‘ਇੰਡੀਅਨ ਆਰਡਰ ਆਫ ਮੈਰਿਟ’ (ਆਈ.ਓ.ਐਮ.) ਨਾਲ ਸਨਮਾਨਿਤ ਕੀਤਾ ਤੇ ਉਨ੍ਹਾਂ ਦੇ ਵਾਰਸਾਂ ਨੂੰ 500 ਰੁਪਏ ਨਕਦ ਅਤੇ 2-2 ਮੁਰੱਬੇ ਜ਼ਮੀਨ (50 ਏਕੜ) ਦਿੱਤੀ ਗਈ ਤਾਂ ਕਿ ਉਹ ਸਨਮਾਨਜਨਕ ਜ਼ਿੰਦਗੀ ਜੀਅ ਸਕਣ। ਇਹ ਮੈਡਲ ਮਗਰੋਂ ਜਾਰੀ ਹੋਏ ‘ਵਿਕਟੋਰੀਆ ਕਰਾਸ’ ਅਤੇ ਆਜ਼ਾਦ ਭਾਰਤ ਵਿਚ ਦਿੱਤੇ ਜਾਂਦੇ ‘ਪਰਮਵੀਰ ਚੱਕਰ’ ਦੇ ਬਰਾਬਰ ਸੀ। 36ਵੀਂ ਸਿੱਖ ਬਟਾਲੀਅਨ ਨੂੰ ਵੀ ਜੰਗੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।

ਇਨ੍ਹਾਂ 21 ਸਿੰਘਾਂ ਦੀ ਸ਼ਹੀਦੀ ਨੇ ਸਾਰੇ ਯੂਰਪ ਵਿਚ ਧੁੰਮਾਂ ਪਾ ਦਿੱਤੀਆਂ। ਇਨ੍ਹਾਂ ਦੀ ਕੁਰਬਾਨੀ ਦੀਆਂ ਕਹਾਣੀਆਂ ਫਰਾਂਸ, ਇਟਲੀ ਅਤੇ ਜਾਪਾਨ ਆਦਿ ਦੇਸ਼ਾਂ ਦੇ ਸਕੂਲੀ ਬੱਚਿਆਂ ਨੂੰ ਪੜ੍ਹਾਈਆਂ ਜਾਣ ਲੱਗ ਪਈਆਂ।

ਅਲਾਹਾਬਾਦ ਦੇ ਅਖ਼ਬਾਰ ‘ਪਾਇਨੀਅਰ’ ਨੇ ਸਭ ਤੋਂ ਪਹਿਲਾਂ ਇਹ ਆਵਾਜ਼ ਉਠਾਈ ਕਿ 21 ਸਿੱਖ ਸੂਰਬੀਰਾਂ ਦੇ ਮਾਣ ਵਿਚ ਕੋਈ ਢੁਕਵੀਂ ਯਾਦਗਾਰ ਕਾਇਮ ਕੀਤੀ ਜਾਏ। ਮਗਰੋਂ ਇਸ ਮਾਮਲੇ ਨੂੰ ਇੰਗਲੈਂਡ ਦੇ ਲੋਕਾਂ ਵੀ ਅਪਣਾ ਲਿਆ। ਭਾਰਤ ਅਤੇ ਇੰਗਲੈਂਡ ਦੇ ਲੋਕਾਂ ਨੇ ਇਸ ਕਾਰਜ ਲਈ ਦਿਲ ਖੋਲ੍ਹ ਕੇ ਪੈਸਾ ਦਿੱਤਾ ਜਿਸ ਦੇ ਨਤੀਜੇ ਵਜੋਂ ਸਾਰਾਗੜ੍ਹੀ ਵਿਖੇ ਇਕ ਬੁਰਜ, ਫੋਰਟ ਲਾਕ ਹਾਰਟ ਵਿਖੇ ਇਕ ਮੀਨਾਰ ਅਤੇ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਖੇ ਇਕ-ਇਕ ਗੁਰਦੁਆਰਾ ਸਥਾਪਿਤ ਕੀਤਾ ਗਿਆ। ਅੰਮ੍ਰਿਤਸਰ ਵਾਲਾ ਗੁਰਦੁਆਰਾ ਚੌਂਕ ਧਰਮ ਸਿੰਘ ਮਾਰਕੀਟ ਦੇ ਨਜ਼ਦੀਕ ਹੈ ਜਿਸ ਵਿਚ ਲੱਗੀ ਮਾਰਬਲ ਦੀ ਸਿਲ ’ਤੇ ਉਨ੍ਹਾਂ 21 ਸੂਰਬੀਰਾਂ ਦੇ ਨਾਮ ਦਰਜ ਹਨ ਜੋ 12 ਸਤੰਬਰ, 1897 ਨੂੰ ਸਾਰਾਗੜ੍ਹੀ ਵਿਖੇ ਜੂਝਦੇ ਹੋਏ ਸ਼ਹੀਦ ਹੋ ਗਏ ਸਨ।

ਫਿਰੋਜ਼ਪੁਰ ਵਾਲੀ ਯਾਦਗਾਰ ਲੋਕਾਂ ਵੱਲੋਂ ਦਿੱਤੇ ਗਏ ਪੈਸੇ ਨਾਲ ਉਸਾਰੀ ਗਈ ਸੀ। ਇਸ ਲਈ ਇੰਗਲੈਂਡ ਦੀ ਮਲਕਾ ਨੇ ਵੀ ਬਹੁਤ ਸਾਰਾ ਫੰਡ ਪ੍ਰਦਾਨ ਕੀਤਾ ਸੀ। ਇਸ ਯਾਦਗਾਰ ਦਾ ਉਦਘਾਟਨ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਚਾਰਲਸ ਮੋਂਟਗੁਮਰੀ ਨੇ 18 ਜਨਵਰੀ, 1904 ਨੂੰ ਕੀਤਾ ਸੀ। ਉਸੇ ਦਿਨ ਸਾਰਾਗੜ੍ਹੀ ਵਿਖੇ ਉਸਾਰੇ ਗਏ ਬੁਰਜ ਨੂੰ ਵੀ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ।

ਯੂਨੈਸਕੋ ਦੁਆਰਾ ਛਾਪੀ ਗਈ ਇਕ ਪੁਸਤਕ ਜਿਸ ਵਿਚ ਅਦੁੱਤੀ ਬਹਾਦਰੀ ਵਿਖਾਉਣ ਵਾਲੀਆਂ ਵਿਸ਼ਵ ਦੀਆਂ 8 ਵੱਡੀਆਂ ਲੜਾਈਆਂ ਦਾ ਜ਼ਿਕਰ ਹੈ, ਸਾਰਾਗੜ੍ਹੀ ਦੀ ਜੰਗ ਵੀ ਉਨ੍ਹਾਂ ਵਿੱਚੋਂ ਇਕ ਹੈ। ਅੱਜ ਵੀ ਫਰਾਂਸ ਦੇ ਸਕੂਲਾਂ ਵਿਚ ਬੱਚਿਆਂ ਨੂੰ ਇਸ ਲੜਾਈ ਬਾਰੇ ਦੱਸਿਆ ਤੇ ਪੜ੍ਹਾਇਆ ਜਾਂਦਾ ਹੈ। ਪਰ ਅਫ਼ਸੋਸ ਹੈ ਕਿ ਸਾਡੇ ਸਕੂਲਾਂ ਅਤੇ ਕਾਲਜਾਂ ਦੀਆਂ ਪੁਸਤਕਾਂ ਵਿਚ ਸਾਰਾਗੜ੍ਹੀ ਦਾ ਕਿਤੇ ਕੋਈ ਜ਼ਿਕਰ ਨਹੀਂ ਮਿਲਦਾ ਅਤੇ ਨਾ ਹੀ ਅਸੀਂ ਆਪਣੀ ਨੌਜੁਆਨ ਪੀੜ੍ਹੀ ਨੂੰ ਇਸ ਬਾਰੇ ਦੱਸਣ ਦਾ ਕਦੇ ਕੋਈ ਯਤਨ ਹੀ ਕੀਤਾ ਹੈ।

ਸਾਰਾਗੜ੍ਹੀ ਦੀ ਜੰਗ ਸਾਹਸ, ਸਿਦਕ, ਚੜ੍ਹਦੀ ਕਲਾ ਅਤੇ ਕੁਰਬਾਨੀ ਦੀ ਇਕ ਅਮਰ ਗਾਥਾ ਹੈ ਜਿਸ ਨੂੰ ਬਾਰ-ਬਾਰ ਚੇਤੇ ਕਰਨ ਅਤੇ ਦੇਸ਼ਵਾਸੀਆਂ ਨੂੰ ਦੱਸਣ ਦੀ ਲੋੜ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਹਰਬੰਸ ਸਿੰਘ (6 ਮਾਰਚ 1921 30 ਮਈ 1998) ਇੱਕ ਸਿੱਖਿਆ ਸ਼ਾਸਤਰੀ, ਪ੍ਰਸ਼ਾਸਕ, ਵਿਦਵਾਨ ਅਤੇ ਸਿੱਖ ਧਰਮ ਦੇ ਵਿਸ਼ਵਕੋਸ਼ ਦੇ ਮੁੱਖ ਸੰਪਾਦਕ ਸਨ। ਸਿੱਖ ਵਿਦਵਤਾ ਅਤੇ ਪੰਜਾਬੀ ਸਾਹਿਤਕ ਅਧਿਐਨਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਦਾ ਸਤਿਕਾਰ ਕੀਤਾ ਜਾਂਦਾ ਸੀ ਅਤੇ ਧਾਰਮਿਕ ਅਧਿਐਨਾਂ ਦੇ ਖੇਤਰ ਵਿੱਚ ਉਨ੍ਹਾਂ ਦਾ ਅਹਿਮ ਅਤੇ ਵਿਆਪਕ ਪ੍ਰਭਾਵ ਸੀ, ਜਿਸ ਵਿੱਚ ਸਿੱਖ ਧਰਮ ਦਾ ਵਿਸ਼ੇਸ਼ ਹਵਾਲਾ ਦਿੱਤਾ ਗਿਆ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)