ਪਰਮਸਤਿ ਤੋਂ ਬਾਅਦ, ਮਨੁੱਖੀ ਚੇਤਨਾ ਦਾ ਦੂਸਰਾ ਅਹਿਮ ਅਤੇ ਸਭ ਤੋਂ ਵੱਡਾ ਸਵਾਲ ‘ਸ੍ਰਿਸ਼ਟੀ’ ਸਬੰਧੀ ਹੈ। ਇਹ ਆਕਾਰ ਕੀ ਹੈ? ਇਹ ਬੇਅੰਤ ਪਸਾਰਾ ਕਿਵੇਂ ਬਣ ਗਿਆ? ਇਸ ਦਾ ਵਿਸਤਾਰ ਕਿੰਨਾ ਕੁ ਹੈ? ਇਸ ਦਾ ਸਰੂਪ, ਕਾਰਨ, ਅੰਤ ਅਥਵਾ ਉਦੇਸ਼ ਬਾਰੇ ਅਨੇਕਾਂ ਸਵਾਲ ਮਨੁੱਖੀ ਜ਼ਿਹਨ ਵਿਚ ਉੱਠਦੇ ਰਹਿੰਦੇ ਹਨ। ਆਦਿ ਮਾਨਵ, ਜਦੋਂ ਬੌਧਿਕ ਵਿਕਾਸ ਦੀ ਮੁੱਢਲੀ ਅਵਸਥਾ ਵਿਚ ਸੀ, ਤਦੋਂ ਤੋਂ ਹੀ ਉਸ ਨੇ ਇਸ ਭੌਤਿਕ ਪਸਾਰੇ ਨੂੰ ਅਸਚਰਜਮਈ ਦ੍ਰਿਸ਼ਟੀ ਨਾਲ ਨਿਹਾਰਨਾ ਸ਼ੁਰੂ ਕਰ ਦਿੱਤਾ ਸੀ। ਆਦਿ ਮਾਨਵ ਸ੍ਰਿਸ਼ਟੀ ਦੀ ਵਿਰਾਟਤਾ, ਅਸਚਰਜਮਈ ਵੰਨ-ਸੁਵੰਨਤਾ ਵੇਖ-ਵੇਖ ਹੈਰਾਨ ਹੁੰਦਾ ਅਤੇ ਅਨੇਕਾਂ ਕਾਲਪਨਿਕ ਕਿਆਸਾਰਾਈਆਂ ਨਾਲ ਭਰ ਜਾਂਦਾ ਸੀ। ਇਸ ਗੱਲ ਦੇ ਪ੍ਰਮਾਣ ਸਾਨੂੰ ਇਤਿਹਾਸ ਦੇ ‘ਬਹੁਦੇਵਵਾਦ ਕਾਲ’ (Polytheism age) ਜਾਂ ਪ੍ਰਕਿਰਤੀ ਪੂਜਾ ਦੇ ਵਿਚਾਰ-ਪ੍ਰਬੰਧਾਂ ਵਿੱਚੋਂ ਮਿਲ ਜਾਂਦੇ ਹਨ। ਅਜਿਹੇ ਵਿਚਾਰ-ਪ੍ਰਬੰਧਾਂ ਅਨੁਸਾਰ ‘ਆਦਿ ਮਾਨਵ’ ਪ੍ਰਕਿਰਤੀ ਦੀ ਹਰ ਕਿਰਿਆ ਵਿਚ ਕਿਸੇ ਦੈਵੀ ਸ਼ਕਤੀ (divine power) ਦੀ ਹੋਂਦ ਮੰਨਦਾ ਸੀ। ਮਾਨਾ (Mana), ਭੂਤਵਾਦ (animism), ਸਜੀਵਤਾਵਾਦ (animatism) ਜਾਂ ਟੋਟਿਮਵਾਦ (totemism) ਆਦਿ ਅਜਿਹੇ ਵਿਸ਼ਵਾਸ-ਪ੍ਰਬੰਧ ਹਾਲੇ ਵੀ ਪੁਰਾਤਨ ਕਬੀਲਿਆਂ ਵਿਚ ਤੁਰੇ ਆ ਰਹੇ ਹਨ, ਜਿਹੜੇ ਆਪਣੇ ਹੀ ਤਰੀਕੇ ਨਾਲ ਸ੍ਰਿਸ਼ਟੀ ਦੀਆਂ ਕਿਰਿਆਵਾਂ ਦੀ ਵਿਆਖਿਆ ਕਰਦੇ ਹਨ। ਜਿਵੇਂ-ਜਿਵੇਂ ਮਨੁੱਖ ਦੀ ਚੇਤਨਾ ਦਾ ਵਿਕਾਸ ਹੁੰਦਾ ਗਿਆ, ਜਗਤ ਪ੍ਰਤੀ ਉਸ ਦੇ ਦ੍ਰਿਸ਼ਟੀਕੋਣ ਬਦਲਦੇ ਗਏ। ਸਮੇਂ ਨਾਲ ਉਹ ਇਸ ਦੀ ਖੋਜ ਵਿਚ ਹੋਰ ਵੀ ਦਿਲਚਸਪੀ ਲੈਣ ਲੱਗ ਪਿਆ। ਆਧੁਨਿਕ ਸਮੇਂ ਗਿਆਨ-ਵਿਗਿਆਨ ਦੀ ਬੇਪਨਾਹ ਤਰੱਕੀ ਨੇ ਬ੍ਰਹਿਮੰਡ ਬਾਰੇ ਅਚੰਭੇਜਨਕ ਪੜਤਾਲਾਂ ਕੀਤੀਆਂ ਹਨ।
ਸ੍ਰਿਸ਼ਟੀ ਸਬੰਧੀ ਆਦਿ ਮਾਨਵ ਦੇ ਅਵਿਕਸਤ ਗਿਆਨ ਸਦਕਾ, ਉਸ ਦਾ ਚਿੰਤਨ-ਆਧਾਰ, ਨਿਰੋਲ ਵਿਸ਼ਵਾਸ ਸੀ, ਜਿਸ ਦਾ ਸਰੂਪ ਅੰਧ-ਵਿਸ਼ਵਾਸ ਦੇ ਨੇੜੇ ਸੀ। ਉਹ ਕੁਦਰਤ ਦੀ ਹਰ ਘਟਨਾ, ਕਿਰਿਆ ਨੂੰ ਦੇਖ ਕੇ ਵਿਸਮਾਦ ਵਿਚ ਆਉਂਦਾ ਸੀ। ‘ਆਦਿ ਮਾਨਵ’ ਦੀ ਹਰ ਵਿਚਾਰ ਪ੍ਰਣਾਲੀ ਇਸ ਵਿਸ਼ਵਾਸ/ਵਿਸਮਾਦ ਵਿੱਚੋਂ ਹੀ ਨਿਕਲੀ ਹੈ। ਮੱਧ-ਕਾਲ ਤਕ ਮਨੁੱਖ ਦੇ ਧਾਰਮਿਕ ਵਿਸ਼ਵਾਸਾਂ ਨੂੰ ਤਾਰਕਿਕ ਆਧਾਰ ਉੱਤੇ ਮਾਪਿਆ ਜਾਣਾ ਸ਼ੁਰੂ ਹੋਇਆ, ਜਿਸ ਵਿਚ ਧਰਮ ਦੇ ਅਕਾਦਮਿਕ ਅਧਿਐਨ ਦਾ ਆਧਾਰ ਤਿਆਰ ਹੋਇਆ। ਵਰਤਮਾਨ ਕਾਲ ਵਿਚ ਧਰਮ ਦੇ ਅਕਾਦਮਿਕ ਅਧਿਐਨ ਆਪਣੇ ਦਾਰਸ਼ਨਿਕ ਸਰੂਪ ਵਿਚ ਕਈ ਪੜਾਵਾਂ ਤੋਂ ਲੰਘ ਚੁਕਾ ਹੈ ਅਤੇ ਵੱਖੋ-ਵੱਖ ਧਰਮ-ਦਰਸ਼ਨਾਚਾਰੀਆਂ ਨੇ ਆਪਣੇ-ਆਪਣੇ ਵਿਸ਼ਵਾਸ-ਪ੍ਰਬੰਧਾਂ ਵਿਚ ਰਹਿ ਕੇ ਇਸ ਸਥੂਲ ਪਸਾਰੇ ਨੂੰ ਅਨੇਕਾਂ ਤਰੀਕਿਆਂ ਨਾਲ ਵਿਚਾਰਿਆ ਤੇ ਵਿਆਖਿਆਇਆ ਹੈ। ਗੁਰਮਤਿ ਦੇ ਵਿਦਵਾਨਾਂ ਨੇ ਗੁਰਬਾਣੀ ਨੂੰ ਆਧਾਰ ਬਣਾ ਕੇ, ਗੁਰਮਤਿ ਵਿਚਾਰ-ਪ੍ਰਬੰਧ ਵਿਚ ਰਹਿ ਕੇ ‘ਵਿਸ਼ਵ ਦਾ ਸਿੱਖ ਸਿਧਾਂਤ’ ਉਸਾਰਨ ਦੀ ਕੋਸ਼ਿਸ਼ ਕੀਤੀ ਹੈ।
ਵਿਸ਼ਵ ਦਾ ਸਿੱਖ ਸਿਧਾਂਤ (Sikh Cosmology)
ਫ਼ਲਸਫ਼ੇ ਦਾ ਜਿਹੜਾ ਭਾਗ ‘ਵਿਸ਼ਵ ਰਚਨਾ’ ਬਾਰੇ ਅਧਿਐਨ ਕਰਦਾ ਹੈ, ਉਸ ਨੂੰ ਵਿਸ਼ਵ-ਵਿਗਿਆਨ (cosmology) ਕਿਹਾ ਜਾਂਦਾ ਹੈ। ਗੁਰਬਾਣੀ ਵਿੱਚੋਂ ਜਦੋਂ ਵਿਸ਼ਵ ਸਬੰਧੀ ਵਿਚਾਰਾਂ ਦਾ ਵਿਧੀਬੱਧ, ਤਾਰਕਿਕ ਵਿਉਂਤ ਨਾਲ ਅਧਿਐਨ ਕੀਤਾ ਜਾਂਦਾ ਹੈ ਤਾਂ ਇਸ ਤਾਰਕਿਕ ਵਿਸ਼ਲੇਸ਼ਣ ਨੂੰ ‘ਵਿਸ਼ਵ ਸਿੱਖ ਸਿਧਾਂਤ’ (Sikh cosmolgoy) ਦਾ ਨਾਂ ਦਿੱਤਾ ਜਾ ਸਕਦਾ ਹੈ।
ਇਥੇ ਇਹ ਗੱਲ ਵੀ ਚੇਤੇ ਰੱਖਣੀ ਜ਼ਰੂਰੀ ਹੈ ਕਿ ਗੁਰਬਾਣੀ ਮੂਲ ਰੂਪ ਵਿਚ ਦਰਸ਼ਨ ਨਹੀਂ ਅਤੇ ਨਾ ਹੀ ਇਹ ਮਨੁੱਖੀ ਤਰਕ-ਵਿਤਰਕ ਨਾਲ ਕੱਢੇ ਗਏ ਨਤੀਜਿਆਂ ਦਾ ਸੰਗ੍ਰਹਿ ਹੈ, ਬਲਕਿ ਇਹ ਤਾਂ ਮਹਾਂ ਮਾਨਵਾਂ ਦੀ ਪਰਮਸਤਿ ਨਾਲ ਮਿਲਾਪ ਦੀ ਰਹੱਸਵਾਦੀ ਸਥਿਤੀ ਵਿੱਚੋਂ ਨਿਕਲੀ ਹੋਈ ਧੁਰ ਦੀ ਅਗੰਮੀ ਬਾਣੀ ਹੈ, ਪਰ ਇਸ ਦੇ ਵਿਚਾਰ-ਪ੍ਰਬੰਧ (ideology) ਵਿਚ ਅਨੇਕਾਂ ਅਜਿਹੇ ਸਵਾਲਾਂ/ ਮਸਲਿਆਂ ਨੂੰ ਸੁਲਝਾਇਆ/ਵਿਆਖਿਆਇਆ ਗਿਆ ਹੈ, ਜਿਨ੍ਹਾਂ ਨੂੰ ਆਧੁਨਿਕ ਅਕਾਦਮਿਕ ਜਗਤ ਦਰਸ਼ਨ (philosophy), ਵਿਗਿਆਨ ਆਦਿ ਸਿਰਲੇਖਾਂ ਹੇਠ ਵਿਚਾਰਦਾ ਹੈ।
ਗੁਰਮਤਿ ਦੇ ਸੋਮੇ ਗੁਰਬਾਣੀ ਨੇ ਵਿਸ਼ਵ ਸਬੰਧੀ ਵਿਚਾਰਾਂ ਦੇ ਪ੍ਰਗਟਾਵੇ ਲਈ ਪਰੰਪਰਾ ਵਿਚ ਪ੍ਰਾਪਤ ਸ਼ਬਦਾਵਲੀ ਰਾਹੀਂ, ਆਪਣਾ ਨਿਵੇਕਲਾ ਸਿਧਾਂਤ ਪੇਸ਼ ਕੀਤਾ ਹੈ। ਗੁਰਬਾਣੀ ਨੇ ਆਪਣੇ ਸ੍ਰਿਸ਼ਟੀ ਸਬੰਧੀ, ਸਿਧਾਂਤਕ ਚੌਖਟੇ ਦੀ ਉਸਾਰੀ, ਭਾਰਤੀ ਅਧਿਆਤਮਕ ਪਰੰਪਰਾ ਅਤੇ ਲੋਕ-ਮਾਨਸ ਨਾਲ ਜੁੜੇ ਵਿਸ਼ਵਾਸਾਂ ਦੇ ਆਧਾਰ ਉੱਤੇ ਕੀਤੀ ਹੈ, ਪਰ ਜਿੱਥੇ ਇਸ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਹਨ, ਉਥੇ ਨਿਰੋਲ ਮਿਥਿਹਾਸ ਅਤੇ ਵਹਿਮਪ੍ਰਸਤੀ ਦੇ ਭੁਲੇਖਿਆਂ ਨੂੰ ਸਖ਼ਤੀ ਨਾਲ ਰੱਦ ਵੀ ਕੀਤਾ ਹੈ।
ਘੇਰਾ (Scope)
ਭਾਵੇਂ ਵਿਸ਼ਵ-ਵਿਗਿਆਨ (cosmology) ਦੇ ਅਧਿਐਨ ਘੇਰੇ ਨੂੰ ਪਰਿਭਾਸ਼ਤ ਕਰਨਾ ਔਖਾ ਹੈ ਪਰ ਮੋਟੇ ਤੌਰ ਉੱਤੇ ਇਹ ਵਿਸ਼ਵ ਦੀ ਉਤਪਤੀ, ਇਸ ਦਾ ਸਰੂਪ, ਰਚਨਾ-ਵਿਧੀ, ਇਸ ਦੇ ਕਾਰਨ, ਸੀਮਾ ਆਦਿ ਦਾ ਅਧਿਐਨ ਕਰਦਾ ਹੈ।
ਹਥਲੇ ਕਾਰਜ ਵਿਚ ਸ੍ਰਿਸ਼ਟੀ ਦੇ ਸਿੱਖ ਦ੍ਰਿਸ਼ਟੀਕੋਣ ਨੂੰ ਦਰਸਾਉਣ ਲਈ, ਇਸ ਦਾ ਅਧਿਐਨ ਨਿਰੋਲ ਫ਼ਲਸਫ਼ੇ ਦੀ ਥਾਂ ਧਰਮ-ਮੀਮਾਂਸਾ (theology) ਦ੍ਰਿਸ਼ਟੀ ਤੋਂ ਕੀਤਾ ਗਿਆ ਹੈ, ਕਿਉਂਕਿ ਕਿਸੇ ਧਰਮ ਦੀ ਧਰਮ-ਵਿੱਦਿਆ ਹੀ ਉਸ ਦੀ ਫ਼ਿਲਾਸਫ਼ੀ ਹੁੰਦੀ ਹੈ। ਇਸ ਵਿਚ ਦੋ ਸਵਾਲ ਪ੍ਰਮੁੱਖ ਹਨ:
(ੳ) ਸ੍ਰਿਸ਼ਟੀ ਕੀ ਹੈ?
(ਅ) ਸ੍ਰਿਸ਼ਟੀ ਦਾ ਸਰੂਪ
(ੳ) ਸ੍ਰਿਸ਼ਟੀ ਕੀ ਹੈ?
ਜੋ ਸਿਰਜੀ ਗਈ ਹੈ, ਜੋ ਰਚੀ ਗਈ ਹੈ, ਸਮੁੱਚਾ ਭੌਤਿਕ ਪਸਾਰ, ਇਸ ਦੀਆਂ ਨਾਨਾ-ਪ੍ਰਕਾਰੀ ਕਿਰਿਆਵਾਂ, ਵਸਤੂਆਂ ਆਦਿ ਸਭ ਸ੍ਰਿਸ਼ਟੀ ਹੈ। ਗੁਰਬਾਣੀ ਅਨੁਸਾਰ ਅਕਾਲ ਦੀ ‘ਕਾਲਗਤ ਸਥਿਤੀ’, ਅਫ਼ੁਰ ਦਾ ‘ਸਫੁਰ ਫੁਰਨਾ’, ਨਿਰਗੁਣ ਦਾ ‘ਸਰਗੁਣ ਸਰੂਪ’… ਸ੍ਰਿਸ਼ਟੀ ਹੈ। ਗੁਰਬਾਣੀ ਵਿਚ ਇਸ ਪ੍ਰਥਾਇ ਸੰਸਾਰ, ਭਵਸਾਗਰ, ਭਉ ਜਲ, ਭਉ ਨਿਧਿ, ਦੁਨੀਆਂ, ਜਗਤ, ਆਕਾਰ, ਸਰਗੁਣ, ਮਾਇਆ, ਸ੍ਰਿਸਟਿ, ਸਿਰਠੀ, ਪਸਾਰਾ, ਬ੍ਰਹਿਮੰਡ, ਬਣਤ, ਘਾੜਤ, ਪਸਾਉ, ਰਚਨਾ, ਜਗ, ਪਰਪੰਚ, ਲੀਲਾ, ਖੇਡ, ਬਾਜੀ, ਰੂਪ, ਵੇਸ ਆਦਿ ਕਈ ਸ਼ਬਦ ਵਰਤੇ ਗਏ ਹਨ। ਆਸਾ ਕੀ ਵਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪ੍ਰਥਾਇ ਸੰਸਾਰ ‘ਕੁਦਰਤਿ’ ਸ਼ਬਦ ਵਰਤ ਕੇ ‘ਸ੍ਰਿਸ਼ਟੀ ਕੀ ਹੈ’ ਦੀ ਸਮੁੱਚੀ ਵਿਆਖਿਆ ਕਰ ਦਿੰਦੇ ਹਨ:
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥…
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥ (ਪੰਨਾ 464)
(ਅ) ਸ੍ਰਿਸ਼ਟੀ ਦਾ ਸਰੂਪ
ਕੀ ਇਹ ਰਚਨਾ ਅਨਾਦੀ ਹੈ ਜਾਂ ਨਾਦੀ ਹੈ (ਭਾਵ ਰਚੀ ਗਈ ਹੈ)? ਇਸ ਦਾ ਆਕਾਰ ਕਿੰਨਾ ਕੁ ਹੈ? ਭਾਵ ਸੀਮਿਤ ਹੈ ਜਾਂ ਅਸੀਮਿਤ? ਜੇਕਰ ਇਹ ਰਚਨਾ ਅਨਾਦੀ ਨਹੀਂ ਤਾਂ ਰਚਨਾ ਤੋਂ ਪੂਰਵ ਕੀ ਸੀ? ਅਤੇ ਇਸ ਦਾ ਰਚਨਾਕਾਰ ਕਿਹੜਾ ਹੈ? ਰਚਨਾ ਨੂੰ ਪਰਮਸੱਤਾ ਦੁਆਰਾ ਬਣਾਇਆ ਕਿਉਂ ਗਿਆ? ਦੂਜੇ ਸ਼ਬਦਾਂ ਵਿਚ ਇਸ ਰਚਨਾ ਦਾ ਮਨੋਰਥ ਕੀ ਹੈ? ਜੇਕਰ ਇਹ ਰਚਨਾ ਸਾਜੀ ਗਈ ਹੈ ਤਾਂ ਉਹ ਕਿਹੜੀ ਵਿਧੀ ਸੀ, ਜਿਸ ਦੁਆਰਾ ਇਹ ਐਨੀ ਵਿਭਿੰਨਤਾ ਅਤੇ ਇਤਨਾ ਵੱਡਾ ਆਕਾਰ ਹੋਂਦ ਵਿਚ ਆ ਗਿਆ? ਕੀ ਇਹ ਸਤਿ ਹੈ ਜਾਂ ਸਿਰਫ਼ ਸੁਪਨਾ ਹੈ? ਭਾਵ ਇਸ ਦੀ ਕੋਈ ਯਥਾਰਥ ਹੋਂਦ ਵੀ ਹੈ? ਜਾਂ ਸਿਰਫ਼ ਹਨੇਰੇ (ਅਗਿਆਨ) ਵਿਚ ਪਈ ਰੱਸੀ, ਸੱਪ ਭਾਸਦੀ ਹੈ, ਪਰ ਅਸਲ ਹੈ ਨਹੀਂ? ਇਹ ਅਤੇ ਅਜਿਹੇ ਹੋਰ ਕਈ ਸਵਾਲ ਹਨ, ਜਿਹੜੇ ਸ੍ਰਿਸ਼ਟੀ ਦੇ ਸਰੂਪ ਨਾਲ ਸੰਬੰਧਿਤ ਹਨ। ਭਾਰਤੀ ਪਰੰਪਰਾ ਵਿਚ ਸ੍ਰਿਸ਼ਟੀ ਦੇ ਸਰੂਪ ਸਬੰਧੀ ਵਰਣਨ ਵਿਚ ਮਾਇਆ ਤੇ ਯੁਗ ਸ਼ਬਦ ਦੀ ਵੀ ਆਮ ਵਰਤੋਂ ਹੋਈ ਹੈ, ਸੋ ‘ਮਾਇਆ’ ਤੇ ‘ਯੁਗ’ ਸੰਕਲਪ ਵੀ ਸ੍ਰਿਸ਼ਟੀ ਦੇ ਸਰੂਪ ਨਾਲ ਹੀ ਸਬੰਧਿਤ ਹੋ ਜਾਂਦੇ ਹਨ। ਇਸ ਤਰ੍ਹਾਂ ਸ੍ਰਿਸ਼ਟੀ ਦੇ ਸਰੂਪ-ਅਧਿਐਨ ਵਿਚ:
-ਇਸ ਦੇ ਨਾਦੀ/ਅਨਾਦੀ ਹੋਣ
-ਪੂਰਵ ਸਮਾਂ
-ਰਚਨਾ ਕਾਲ
-ਮਨੋਰਥ
-ਰਚਨਾ ਵਿਧੀ
-ਸੀਮਾ
-ਇਸ ਦੀਆਂ ਅਨੰਤ ਪ੍ਰਕਾਰੀ ਕਿਰਿਆਵਾਂ
-ਇਸ ਦੀ ਸਤਤਾ, ਅਸਤਤਾ (ਹੋਂਦ, ਅਣਹੋਂਦ)
-ਮਾਇਆ
-ਯੁਗ ਆਦਿ ਸ਼ਾਮਲ ਹਨ।
ਭਾਰਤੀ ਦਾਰਸ਼ਨਿਕ ਪਰੰਪਰਾ ਦੀਆਂ ਕੁਝ ਅਵੈਦਿਕ ਪ੍ਰਣਾਲੀਆਂ, ਜਿਵੇਂ ਬੁੱਧ, ਜੈਨ, ਚਾਰਵਾਕ ਆਦਿ, ਇਸ ਵਿਸ਼ਵ ਨੂੰ ਅਨਾਦੀ ਮੰਨਦੀਆਂ ਹਨ। ਇਨ੍ਹਾਂ ਪ੍ਰਣਾਲੀਆਂ ਅਨੁਸਾਰ ਵਿਸ਼ਵ ਇਕ ਬੇਅੰਤ ਦ੍ਰਵ ਹੈ, ਜਿਹੜਾ ਨਿਰੰਤਰ ਲਗਾਤਾਰਤਾ ਵਿਚ ਹੈ, ਇਹ ਨਿਰੰਤਰ ਬਦਲਦਾ ਤੇ ਅੱਗੇ ਤੁਰਿਆ ਜਾ ਰਿਹਾ ਹੈ। ਜਗਤ ਦੀ ਹਰੇਕ ਵਸਤੂ ਜੋ ‘ਇਕ ਪਲ’ ਵਿਚ ਹੈ, ਉਹ ‘ਦੂਸਰੇ ਪਲ’ ਵਿਚ ਉਹ ਨਹੀਂ ਰਹਿੰਦੀ, ਬਦਲ ਜਾਂਦੀ ਹੈ। ਇਸ ਵਿਚਾਰ ਨੂੰ ਸਮਝਾਉਣ ਲਈ ‘ਵਗਦੇ ਪਾਣੀ’ ਜਾਂ ਦੀਵੇ ਦੀ ‘ਬਲ ਰਹੀ ਲਾਟ’ ਦੀ ਉਦਾਹਰਣ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਵਿਸ਼ਵ ਇਕ ਵਗਦੇ ਦਰਿਆ ਜਾਂ ਬਲ ਰਹੇ ਦੀਵੇ ਦੀ ਲਾਟ ਵਾਂਗ ਹੈ, ਜੋ ਆਦਿ/ਅੰਤ-ਰਹਿਤ ਹਮੇਸ਼ਾਂ ਤੋਂ ਲਗਾਤਾਰ ਬਦਲਾਓ ਵਿਚ ਹੈ। ਇਹ ਸਭ ਕਿਰਿਆ ਆਪਣੇ ਆਪ ਹੋਈ ਜਾ ਰਹੀ ਹੈ, ਇਸ ਤਰ੍ਹਾਂ ਇਹ ਸ੍ਵੈ-ਆਧਾਰਿਤ ਹੈ। ਗੁਰਮਤਿ ਅਨੁਸਾਰ ਇਹ ਸੰਸਾਰ ਬਦਲਾਓ ਜਾਂ ਪਰਿਵਰਤਨਸ਼ੀਲ ਤਾਂ ਹੈ, ਪਰ ਅਨਾਦਿ-ਅਨੰਤ ਨਹੀਂ; ਇਹ ਰਚਨਾ ਆਧਾਰਤ ਸਤਾ ਹੈ, ਸੈਭੰ ਇਸ ਨੂੰ ਬਣਾਉਣ ਵਾਲਾ ਪਰਮਸਤਿ ਹੈ। ਇਹ ਕਿਸੇ ਕਾਰਨ ਦਾ ਕਾਰਜ ਹੈ, ਸ੍ਵੈ-ਕਾਰਨ ਨਹੀਂ। ਦੂਸਰੇ ਸ਼ਬਦਾਂ ਵਿਚ ਇਹ ਰਚਨਾ ਹੈ, ਜਿਹੜੀ ਰਚੀ ਗਈ ਹੈ, ਇਹ ਉਪਜੀ ਨਹੀਂ, ਬਲਕਿ ਉਪਜਾਈ ਗਈ ਹੈ:
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥ (ਪੰਨਾ 1036)
ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ॥ (ਪੰਨਾ 292)
ਕੇਵਲ ਇਨ੍ਹਾਂ ਹੀ ਨਹੀਂ ਸਗੋਂ ਅਜਿਹੇ ਪਾਸਾਰ ਤਾਂ ਉਹ ਕਈ ਵਾਰ ਪਸਾਰ ਕੇ ਸਮੇਟ ਵੀ ਚੁਕਿਆ ਹੈ। ਵਿਸ਼ਵ ਰਚਨਾ, ਪਰਮਸੱਤਾ ਦੀ ਉਦਕਰਖ/ਆਕਰਖ ਸ਼ਕਤੀ ਹੈ, ਜਦੋਂ ਚਾਹੇ ਆਕਰਖ ਸ਼ਕਤੀ ਰਾਹੀਂ ਸਭ ਕੁਝ ਨੂੰ ਆਪੇ ਵਿਚ ਸਮੇਟ ਲਵੇ ਜਾਂ ਉਦਕਰਖ ਸ਼ਕਤੀ ਰਾਹੀਂ ਪਸਾਰ ਲਵੇ।
ਮਨੁੱਖੀ ਪੱਧਰ ਉੱਤੇ, ਇਹ ਵਿਸ਼ਾਲ ਬ੍ਰਹਿਮੰਡ ਸਮੇਂ ਦੀਆਂ ਬੇਅੰਤ ਲੰਬਾਈਆਂ ਜਿੰਨੀ ਅਉਧ ਰੱਖਦਾ ਹੈ, ਪਰ ਨਿਰੰਕਾਰ ਪੱਧਰ ਉੱਤੇ ਇਸ ਦੀ ਉਮਰ ਇਕ ਖਿਨ ਤੋਂ ਵੀ ਵਧੇਰੇ ਨਹੀਂ। ਗੁਰਬਾਣੀ ਵਿਚ ਇਸ ਵਿਚਾਰ ਨੂੰ ਪਾਣੀ ਦੇ ਬੁਦਬੁਦੇ (ਬੁਲਬੁਲੇ), ਬਾਰੂ ਕੀ ਭੀਤ ਆਦਿ ਦੇ ਦ੍ਰਿਸ਼ਟਾਂਤ ਵਰਤ ਕੇ ਸਮਝਾਇਆ ਗਿਆ ਹੈ।
ਜਿਵੇਂ ਇਕ ਮਨੁੱਖ ਦੀ ਕੁੱਲ ਉਮਰ ਦੇ ਮੁਕਾਬਲੇ ਉੱਤੇ ਪਾਣੀ ਦੇ ਬੁਲਬੁਲੇ ਦੀ ਅਉਧ ਇਕ ਛਿਨ, ਪਲ ਤੋਂ ਵਧੇਰੇ ਨਹੀਂ, ਇਸ ਦੀ ਇਕ ‘ਪਲਕ’ ਝਪਕਣ ਜਿੰਨੀ ਅਉਧ ਹੈ, ਇਸੇ ਤਰ੍ਹਾਂ ਇਹ ਬੇਅੰਤ ਸਮੇਂ ਦਾ ਆਕਾਰ, ਨਿਰੰਕਾਰ ਦੇ ਪੱਧਰ ਉੱਤੇ ਇਕ ਛਿਨ, ਪਲ, ਖਿਨ ਜਾਂ ਪਾਣੀ ਦੇ ਬੁਲਬੁਲੇ ਜਿੰਨੀ ਅਉਧ ਤੋਂ ਵੱਧ ਨਹੀਂ।
ਪਰਮਸੱਤਾ ਅਜਿਹੇ ਆਕਾਰ ਤਾਂ ਖਿਨ-ਪਲ ਵਿਚ ਹੀ ਢਾਹ ਉਸਾਰ ਦਿੰਦਾ ਹੈ। ਇੰਞ ਵੇਖਿਆਂ ਸਪੱਸ਼ਟ ਹੈ ਕਿ ਗੁਰਮਤਿ ਅਨੁਸਾਰ ਰਚਨਾ ਅਨਾਦੀ ਨਹੀਂ, ਇਹ ‘ਕੁਝ ਛਿਨ’ ਲਈ ਬਣਾਈ ਗਈ ਹੈ ਅਤੇ ਇਹ ਬਿਨਸਨਹਾਰ ਤੇ ਆਧਾਰਤਿ ਸਤਾ ਹੈ। ਆਦਿ-ਅੰਤ ਰਹਿਤ ਤਾਂ ‘ਏਕੋ’ ਪਾਰਬ੍ਰਹਮ ਹੀ ਹੈ, ਬਾਕੀ ਸਭ ਸਮੇਂ ਦੇ ਬੰਧਨ ਵਿਚ ਹਨ:
ਨਿਰੰਕਾਰਿ ਆਕਾਰੁ ਉਪਾਇਆ॥ (ਪੰਨਾ 1066)
ਹੁਣ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ ਜੇ ਸ੍ਰਿਸ਼ਟੀ ਬਣਾਈ ਗਈ ਹੈ, ਇਸ ਦਾ ਆਦਿ ਹੈ ਅਤੇ ਇਸ ਨੇ ਖ਼ਤਮ ਹੋ ਜਾਣਾ ਹੈ, ਭਾਵ ਇਸ ਦਾ ਅੰਤ ਵੀ ਹੈ ਤਾਂ ਜਦੋਂ ਭੌਤਿਕ ਆਕਾਰ ਹੋਂਦ ਵਿਚ ਨਹੀਂ ਸੀ ਤਾਂ ਕੀ ਸੀ? ਜਾਂ ਜਦੋਂ ਇਹ ਭੌਤਿਕ ਪਸਾਰਾ ਆਪਣੀ ਅਉਧ ਵਿਹਾਅ ਗਿਆ ਤਾਂ ਕੀ ਹੋਵੇਗਾ? ਇਸ ਗੱਲ ਦਾ ਸੰਬੰਧ ਰਚਨਾ ਤੋਂ ਪੂਰਵ ਦੀ ਸਥਿਤੀ ਨਾਲ ਹੈ। ਰਚਨਾ ਤੋਂ ਪਹਿਲਾਂ ਦਾ ਸਮਾਂ ਮੁਕੰਮਲ ਮਹਾਂਚੁੱਪ, ‘ਸੁੰਨ’, ‘ਧੁੰਧੂਕਾਰ’ ਦੀ ਸਥਿਤੀ ਹੈ। ਇਸ ਸਮੇਂ ਪਰਮਸਤਿ ਆਪਣੇ ‘ਨਿਜਰੂਪ’, ‘ਨਿਰਗੁਣ ਸਰੂਪ’ ਵਿਚ ਬੈਠਾ ‘ਅਡੋਲ’, ‘ਤਾੜੀ’ ਦੀ ਅਵਸਥਾ ਵਿਚ ਲੀਨ ਸੀ।
ਮੁੱਢ ਵਿਚ ਰਚਨਾ ਜਾਂ ਇਸ ਦੇ ਬੇਅੰਤ ਆਕਾਰ ਧਰਤੀਆਂ, ਚੰਦ, ਸੂਰਜ, ਖੰਡ-ਮੰਡਲ, ਜੀਅ-ਜੰਤ ਆਦਿ ਹੋਂਦ ਵਿਚ ਨਹੀਂ ਸਨ। ਉਸ ‘ਸਮੇਂ’ ਉਸ ਨੇ ਇਹ ਪਸਾਰਾ ਆਪਣੇ ਵਿਚ ਹੀ ਸਮੇਟਿਆ ਹੋਇਆ ਸੀ। ‘ਸਿਧ ਗੋਸਟਿ’ ਬਾਣੀ ਵਿਚ ਸਿੱਧਾਂ ਦੇ ਇਕ ਪ੍ਰਸ਼ਨ ਦੇ ਜਵਾਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਮੇਂ ਨੂੰ ‘ਬਿਸਮਾਦ’ ਦਾ ਨਾਂ ਦਿੰਦੇ ਹਨ। ਉਨ੍ਹਾਂ ਦਾ ਭਾਵ ਇਹ ਹੈ ਕਿ ਇਸ ਸਮੇਂ ਦੀ ਸਥਿਤੀ ਅਕਥ ਹੈ, ਇਸ ਬਾਰੇ ਜਾਣ ਕੇ ਸਿਰਫ਼ ਵਿਸਮਾਦਤ ਹੀ ਹੋ ਜਾਈਦਾ ਹੈ, ਕਿਹਾ ਕੁਝ ਨਹੀਂ ਜਾ ਸਕਦਾ:
ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ॥ …
ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ॥ (ਪੰਨਾ 940)
ਗੁਰਬਾਣੀ ਅਨੁਸਾਰ ਰਚਨਾ ਬਣਾਉਣ ਤੋਂ ਪੂਰਵ ਦੇ ਸਮੇਂ ਬਾਰੇ ਮਨੁੱਖ ਆਪਣੀ ਬੌਧਿਕ ਸੀਮਾ ਕਰਕੇ ਕੁਝ ਨਹੀਂ ਜਾਣ ਸਕਦਾ। ਇਸ ਅਕਥਨੀ ਹਨ੍ਹੇਰੇ ਦੀ ਦਸ਼ਾ ਨੂੰ ਸਿਰਫ਼ ਇਸ ਰਚਨਾ ਦਾ ਕਰਤਾ ਹੀ ‘ਆਪੇ ਆਪਿ’ ਜਾਣਦਾ ਹੈ। ਇਸ ਸਭ ਉਸ ਦੀ ਮੌਜ ਹੈ। ਆਕਾਰ ਖ਼ਤਮ ਕਰ ਕੇ ਫਿਰ ਉਹ ਆਪਣੇ ਨਿਜ-ਸਰੂਪ ਵਿਚ ਹੀ ਟਿਕ ਜਾਂਦਾ ਹੈ:
ਤਿਸੁ ਭਾਵੈ ਤਾ ਕਰੇ ਬਿਸਥਾਰੁ॥
ਤਿਸੁ ਭਾਵੈ ਤਾ ਏਕੰਕਾਰੁ॥
ਅਨਿਕ ਕਲਾ ਲਖੀ ਨਹ ਜਾਇ॥ (ਪੰਨਾ 294)
ਧਰਮ ਚਿੰਤਨ ਦਾ ਬੜਾ ਮਹੱਤਵਪੂਰਨ ਪ੍ਰਸ਼ਨ ‘ਕਾਰਨ’ ਦੇ ‘ਕਾਰਜ’ ਵਿਚ ਆਉਣ ਦੇ ‘ਸਮੇਂ’ ਬਾਬਤ ਹੈ। ਇਹ ਪਸਾਰਾ ਕਿਸ ਥਿਤਿ, ਵਾਰ, ਸੰਨ-ਸੰਮਤ ਨੂੰ ਰਚਿਆ ਗਿਆ? ਰਚਨਾ ਦੇ ਸਾਜੇ ਜਾਣ ਦੇ ਸਮੇਂ ਬਾਬਤ ਜੋਤਸ਼ੀਆਂ, ਫ਼ਿਲਾਸਫ਼ਰਾਂ ਤੇ ਸਾਇੰਸਦਾਨਾਂ ਨੇ ਕਾਫ਼ੀ ਅਨੁਮਾਨ ਲਾਏ ਹਨ। ਭਾਰਤੀ ਪੁਰਾਣ-ਸਾਹਿਤ ਵਿਚ ਅਜਿਹੇ ਅਨੁਮਾਨਾਂ ਦੀ ਬਹੁਤਾਤ ਹੈ। ਗੁਰਬਾਣੀ ਅਨੁਸਾਰ ਇਸ ਜਗਤ ਪਰਪੰਚ ਦਾ ‘ਖੇਲ’ ਕਦੋਂ ਖੇਡਣਾ ਸ਼ੁਰੂ ਹੋਇਆ ਇਸ ਬਾਰੇ ਸਿਰਫ਼ ‘ਖਿਡਾਰੀ’ ਹੀ ਜਾਣਦਾ ਹੈ। ਕਰਤਾ ਹੀ ‘ਕਿਰਤ’ ਸਾਜਣ ਦੀ ਘੜੀ ਜਾਣਦਾ ਹੈ। ਜਪੁ ਜੀ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ ਕਿ ਜੇ ਰਚਨਾ ਦੀ ‘ਥਿਤਿ’, ਬਾਬਤ ਕਾਜ਼ੀ ਜਾਣਦਾ ਹੁੰਦਾ ਤਾਂ ਉਹ ਜ਼ਰੂਰ ਪਾਵਨ ਕੁਰਾਨ ਸ਼ਰੀਫ਼ ਵਿਚ ਇਸ ਦਾ ਹਵਾਲਾ ਦੇ ਦਿੰਦਾ ਅਤੇ ਜੇਕਰ ‘ਰਚਨਾ ਕਾਲ’ ਬਾਰੇ ਪੰਡਤ ਜਾਣਦਾ ਹੁੰਦਾ ਤਾਂ ਉਹ ਜ਼ਰੂਰ ਇਕ ‘ਵਿਸ਼ਵ ਪੁਰਾਣ’ ਲਿਖ ਜਾਂਦਾ:
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ॥
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ (ਪੰਨਾ 4)
ਜੇਕਰ ਮਨੁੱਖ ਦੀ ਸੀਮਿਤ ਚੇਤਨ ਬੁੱਧੀ ਉਸ ਸਮੇਂ ਬਾਬਤ ਨਹੀਂ ਜਾਣ ਸਕਦੀ, ਜਿਸ ਸਮੇਂ ਇਹ ਅਚਰਜ ਲੀਲ੍ਹਾ ਦੀ ‘ਰਾਸ’ ਪਾਈ ਗਈ ਸੀ ਤਾਂ ਯਕੀਨਨ ਮਨੁੱਖ ਦੀ ਬੁੱਧੀ ਜਾਂ ਇਸ ਦੁਆਰਾ ਪੈਦਾ ਕੀਤੇ ਮਕਾਨਕੀ ਸਾਧਨ ਇਸ ਰਚਨਾ ਦੀ ਰਚਣ ਕਿਰਿਆ ਦੀਆਂ ‘ਵਿਧੀਆਂ’ ਵੀ ਨਹੀਂ ਜਾਣ ਸਕਦੇ। ਦਸਮ ਗੁਰੂ ਪਾਤਸ਼ਾਹ ਜੀ ਬੇਨਤੀ ਚੌਪਈ ਵਿਚ ਇਹੀ ਸਵਾਲ ਉਠਾਉਂਦੇ ਹਨ ਕਿ ਐਨੀ ਵੱਡੀ ਵਿਸ਼ਵ ਰਚਨਾ ਕਿਸ ‘ਬਿਧਿ’ ਨਾਲ ਕਿਵੇਂ ਹੋਂਦ ਵਿਚ ਆ ਗਈ? ਇਸ ਬਾਰੇ ‘ਤੁਮਰਾ ਲਖਾ’ ਜਾਣਿਆ ਨਹੀਂ ਜਾ ਸਕਦਾ।
ਵਿਸ਼ਵ ਰਚਨਾ ਦੀ ਕਹਾਣੀ ਲੱਖਾਂ ਵਰ੍ਹਿਆਂ ਵਿਚ ਨਹੀਂ, ਬਲਕਿ ਕਰੋੜਾਂ, ਅਰਬਾਂ, ਬੇਅੰਤ ਯੁੱਗਾਂ ਵਿਚ ਫੈਲੀ ਹੋਈ ਹੈ। ਇਹ ਮਹਾਨ ਤਾਰਾ-ਮੰਡਲ, ਸੂਰਜ- ਮੰਡਲ, ਧਰਤੀ-ਮੰਡਲ, ਹੋਰ ਮੰਡਲ ਸਭ ਕਿਵੇਂ ਹੋਂਦ ਵਿਚ ਆ ਗਏ? ਸ੍ਰਿਸ਼ਟੀ ਰਚਨਾ ਦੀ ਵਿਧੀ ਬਾਰੇ ਕਈ ਪ੍ਰਕਾਰ ਦੇ ਖਿਆਲ, ਵਿਚਾਰ ਅਤੇ ਸਿਧਾਂਤ ਹਨ। ਚਾਰਲਸ ਡਾਰਵਿਨ ਨੇ ‘Origin of Species’ Aqy ‘Descent of Man’ ਵਰਗੀਆਂ ਲਿਖਤਾਂ ਰਾਹੀਂ ‘ਵਿਕਾਸਵਾਦ’ ਦਾ ਸਿਧਾਂਤ ਦਿੱਤਾ। ਇਸ ਵਿਕਾਸਵਾਦ ਦੇ ਸਿਧਾਂਤ ਅਨੁਸਾਰ ਪਹਿਲਾਂ ਸਾਰੇ ਮੰਡਲ ਗੈਸਾਂ ਦੇ ਗੋਲੇ ਜਿਹੇ ਸਨ, ਜਿਨ੍ਹਾਂ ਨੂੰ ‘ਨੈਬੂਲਾ’ ਕਹਿੰਦੇ ਹਨ। ਇਨ੍ਹਾਂ ਗੈਸ ਗੋਲਿਆਂ ਤੋਂ ਹੌਲੀ-ਹੌਲੀ ਗ੍ਰਹਿ ਬਣੇ, ਜਿਨ੍ਹਾਂ ਵਿਚ ਇਕ ਧਰਤੀ ਵੀ ਸੀ। ਫਿਰ ਧਰਤੀ ਠੰਡੀ ਹੋ ਕੇ ਜੀਵਨ-ਵਿਕਾਸ ਦੀ ਪ੍ਰਕਿਰਿਆ ਸੂਖਮ ਸੈਲਾਂ ਆਦਿ ਤੋਂ ਸ਼ੁਰੂ ਹੋਈ। ਇਸ ਸਿਧਾਂਤ ਅਨੁਸਾਰ ਹਾਲੇ ਵੀ ਇਹ ‘ਵਿਕਾਸ’ ਦੀ ਪ੍ਰਕਿਰਿਆ ਜਾਰੀ ਹੈ ਅਤੇ ਇਹ ਲੱਖਾਂ ਵਰ੍ਹਿਆਂ ਸਦੀਆਂ ਦੀ ਪ੍ਰਕਿਰਿਆ ਹੈ। ਪਰੰਤੂ ਇਹ ਵਿਗਿਆਨਕ ਸਿਧਾਂਤ ਬਹੁਤ ਕੁਝ ਅਣਕਿਹਾ ਛੱਡ ਜਾਂਦਾ ਹੈ। ਚੇਤਨਤਾ ਕਿੱਥੋਂ ਆ ਗਈ? ਜਾਂ ਗੈਸ-ਗੋਲੇ ਕਿੱਥੋਂ, ਕਿਵੇਂ ਆਏ? ਅਜਿਹੇ ਹਾਲਾਤ ਹੀ ਕਿਉਂ ਬਣੇ?
ਧਰਮ ਚਿੰਤਨ ਦੇ ਖੇਤਰ ਵਿਚ ਲੱਗਭਗ ਸਭ ਮਤਾਂ ਨੇ ਇਸ ਗੁਹਜ ਕਿਰਿਆ ਬਾਬਤ ਵਿਚਾਰ ਦਿੱਤੇ ਹਨ। ਸਾਮੀ ਧਰਮ ਪਰੰਪਰਾ ਦੇ ਯਹੂਦੀ ਮਤਿ ਦੀ ਤੁਰੈਤ ਪੁਸਤਕ ਵਿਚ ਸ੍ਰਿਸ਼ਟੀ ਰਚਨਾ ਨੂੰ ਸੱਤ ਦਿਨਾਂ ਵਿਚ ਹੋਈ ਮੰਨਿਆ ਗਿਆ ਹੈ। ਇਸਲਾਮ ਅਨੁਸਾਰ ਅਲਾਹ ਦੇ ‘ਕੁਨ’ ਸ਼ਬਦ (ਜਿਸ ਦਾ ਭਾਵ ਹੈ – ਹੋ ਜਾ) ਕਹਿਣ ਨਾਲ ਇਹ ਸਭ ਪਸਾਰਾ ਹੋਂਦ ਵਿਚ ਆ ਗਿਆ। ਭਾਰਤੀ ਪਰੰਪਰਾ ਵਿਚ ਵੇਦਾਂ ਤੋਂ ਲੈ ਕੇ ਸ਼ੰਕਰਾਚਾਰੀਆ ਦੇ ਅਦਵੈਤਵਾਦ ਤਕ ਸ੍ਰਿਸ਼ਟੀ ਉਤਪਤੀ ਦੀਆਂ ਵਿਧੀਆਂ ਬਾਰੇ ਕਈ-ਪ੍ਰਕਾਰੀ ਵਿਆਖਿਆ ਮਿਲਦੀ ਹੈ। ‘ਵੇਦਾਂ ਵਿਚ ਸ੍ਰਿਸ਼ਟੀ ਰਚਨਾ ਸਬੰਧੀ ਹੋਏ ਉਲੇਖ ਵਿਚ ਇਕਸਾਰਤਾ ਨਹੀਂ ਹੈ। ਕਦੇ ਅਗਨਿ ਤੋਂ, ਕਦੇ ਸੋਮ ਤੋਂ, ਕਦੇ ਇੰਦਰ, ਵਿਸ਼ਵਕਰਮਾ ਜਾਂ ਵਰੁਣ ਦੁਆਰਾ ਸ੍ਰਿਸ਼ਟੀ ਦੀ ਉਤਪਤੀ ਮੰਨੀ ਗਈ ਹੈ।’ ਉਪਨਿਸ਼ਦਾਂ ਵਿੱਚੋਂ ਪ੍ਰਸ਼ਨ ਉਪਨਿਸ਼ਦ ਅਤੇ ਕਠ ਉਪਨਿਸ਼ਦ ਵਿਚ ਇਸ ਸਬੰਧੀ ਚੰਗਾ ਉਲੇਖ ਮਿਲਦਾ ਹੈ। ਕਠ ਉਪਨਿਸ਼ਦ ਵਿਚ ਦੱਸਿਆ ਹੈ ਕਿ ਜਿਵੇਂ ਅਗਨੀ ਇਕ ਹੁੰਦੇ ਹੋਏ ਵੀ ਅਗਨੀਕਣਾਂ ਵਿਚ ਅਨੇਕ ਰੂਪ ਵਾਲੀ ਹੋ ਜਾਂਦੀ ਹੈ, ਤਿਵੇਂ ਪਰਮਾਤਮਾ ਇੱਕ ਹੁੰਦਾ ਹੋਇਆ ਵੀ ਅਸੰਖਾਂ ਰੂਪਾਂ ਵਾਲਾ ਹੋ ਜਾਂਦਾ ਹੈ।
ਦਾਰਸ਼ਨਿਕਾਂ ਦੁਆਰਾ ਸ੍ਰਿਸ਼ਟੀ ਰਚਨਾ ਬਾਬਤ ਉਸਾਰੇ ਗਏ ਸਿਧਾਂਤ; ਜਿਵੇਂ ਵਿਸ਼ਵ ਦਾ ਚੱਕਰਧਾਰੀ-ਸਿਧਾਂਤ, ਰੇਖਾਗਤ-ਸਿਧਾਂਤ, ਕੁੰਡਲਧਾਰੀ-ਸਿਧਾਂਤ ਆਦਿ ਰਚਨਾ-ਪ੍ਰਕਿਰਿਆ ਦੇ ਇਸ ਮਸਲੇ ਨੂੰ ਹੱਲ ਨਹੀਂ ਕਰ ਸਕੇ। ਅਸਲ ਵਿਚ ਇਹ ਇਕ ਰਹੱਸਮਈ ਕਿਰਿਆ ਹੈ।
ਗੁਰਬਾਣੀ ਵਿਚ ‘ਰਚਨਾ’ ਰਚੇ ਜਾਣ ਦੇ ਸਿਧਾਂਤ ਸਬੰਧੀ ਬਹੁਤ ਸਾਰੇ ਪ੍ਰਮਾਣ ਉਪਲਬਧ ਹਨ, ਜਿਨ੍ਹਾਂ ਤੋਂ ਸ੍ਰਿਸ਼ਟੀ ਰਚਨਾ ਦੀਆਂ ਵਿਧੀਆਂ ਦਾ ਗਿਆਨ ਹੁੰਦਾ ਹੈ। ਇਸ ਸਬੰਧੀ ਗੁਰਬਾਣੀ ਵਿਚ ਕਵਾਉ, ਸ਼ਬਦ, ਹੁਕਮ, ਨਾਮ, ਕਲਾ, ਓਅੰਕਾਰ, ਸਹਿਜ, ਭਾਣਾ, ਪੰਚਤਤ (ਪੰਜਤਤ) ਆਦਿ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ:
ਕੀਤਾ ਪਸਾਉ ਏਕੋ ਕਵਾਉ॥ (ਪੰਨਾ 3)
ਏਕ ਕਵਾਵੈ ਤੇ ਸਭਿ ਹੋਆ॥ (ਪੰਨਾ 1003)
ਉਤਪਤਿ ਪਰਲਉ ਸਬਦੇ ਹੋਵੈ॥ (ਪੰਨਾ 117)
ਕਲਾ ਉਪਾਇ ਧਰੀ ਜਿਨਿ ਧਰਣਾ॥ (ਪੰਨਾ 1071)
ਸੁੰਨ ਕਲਾ ਅਪਰੰਪਰਿ ਧਾਰੀ॥ (ਪੰਨਾ 1037)
ਓਅੰਕਾਰਿ ਸਭ ਸ੍ਰਿਸਟਿ ਉਪਾਈ॥ (ਪੰਨਾ 1061)
ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ॥ (ਪੰਨਾ 930)
ਹੁਕਮੀ ਹੋਵਨਿ ਆਕਾਰ॥ (ਪੰਨਾ 1)
ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ… (ਪੰਨਾ 736)
ਗੁਰਮਤਿ ਦਾ ‘ਹੁਕਮੀ’ ਆਪਣੇ ‘ਹੁਕਮ’ ਤੋਂ ਅਲੱਗ ਨਹੀਂ ਹੈ ਅਤੇ ਨਾ ਹੀ ‘ਕਲਾ’ ਕਲਾਕਾਰ ਤੋਂ ਵੱਖਰੀ ਹੈ। ‘ਸੁੰਨ’ ਨੇ ਹੀ ਆਪਣੀ ‘ਕਲਾ’ ਆਪ ‘ਧਾਰੀ’ ਹੈ, ਜਿਹੜੀ ਅਤਿ ‘ਅਪਰੰਪਰਿ’ ਹੈ। ਉਸ ਦਾ ‘ਸਬਦ’, ‘ਕਵਾਉ’ ਜਾਂ ‘ਹੁਕਮਿ’, ਉਸੇ ਦਾ ‘ਭਾਣਾ’ ਜਾਂ ‘ਇੱਛਾ’ ਹੈ। ‘ਪੰਚ ਤਤ’, ‘ਮੂਲ ਤੱਤ’ ਤੋਂ ਵੱਖਰੇ ਨਹੀਂ, ਉਹ ਆਪ ਹੀ ਪੰਜ ਤੱਤ ਬਣ ਕੇ, ਜੋਤਿ ਰੂਪ ਹੋ ਕੇ ਇਨ੍ਹਾਂ ਪੰਜਾਂ ਤੱਤਾਂ ਵਿਚ ‘ਨਿਵਾਜਿਆ’ ਹੋਇਆ ਹੈ। ਇਹ ਸਭ ਕਿਰਿਆ ਸੁਭਾਵਿਕ (ਸਹਜਿ) ਹੀ ਵਰਤਦੀ ਹੈ:
ਪੰਚ ਤਤ ਰਚਿ ਜੋਤਿ ਨਿਵਾਜਿਆ॥ (ਪੰਨਾ 1337)
ਪੰਚ ਤਤੁ ਸੁੰਨਹੁ ਪਰਗਾਸਾ॥ (ਪੰਨਾ 1038)
ਗੁਰਬਾਣੀ ਅਨੁਸਾਰ ਅਸਲ ਵਿਚ ਇਹ ਪਸਾਰਾ ਕਿਵੇਂ ਹੋਇਆ, ਇਸ ਦਾ ਭੇਤ ਮਨੁੱਖ ਜਾਣ ਹੀ ਨਹੀਂ ਸਕਦਾ। ਉਸ ਨੇ ਆਪ ਹੀ ਸਭ ਕੁਝ ਸਾਜਿਆ ਹੈ ਤੇ ਮਾਨਵ-ਸੋਝੀ ਤੋਂ ਇਸ ਭੇਦ ਨੂੰ ਗੁਪਤ ਰੱਖਿਆ ਗਿਆ ਹੈ:
ਆਪੇ ਸ੍ਰਿਸਟਿ ਸਾਜੀਅਨੁ ਆਪਿ ਗੁਪਤੁ ਰਖੇਸਾ॥ (ਪੰਨਾ 955)
ਆਪਿ ਨਿਰੰਕਾਰ ਆਕਾਰੁ ਹੈ ਆਪੇ ਆਪੇ ਕਰੈ ਸੁ ਥੀਆ॥ (ਪੰਨਾ 551)
ਸ੍ਰਿਸ਼ਟੀ ਪ੍ਰਕਿਰਿਆ, ਸ੍ਰਿਸ਼ਟੀ ਦੇ ਵਿਕਾਸ-ਕ੍ਰਮ ਅਤੇ ਸ੍ਰਿਸ਼ਟੀ ਰਚਨਾ ਦੇ ਆਦਿ ਕਾਰਨ ਸਬੰਧੀ ‘ਰਿਗਵੇਦ’ ਵਿਚ ਤਾਂ ਇਹ ਸਵਾਲ ਵੀ ਉਠਾਇਆ ਗਿਆ ਹੈ ਕਿ ਅਜਿਹਾ ਕਿਸ ਨੇ ਕੀਤਾ ਅਤੇ ਕਿਵੇਂ ਹੋਇਆ? “ਇਸ ਸ੍ਰਿਸ਼ਟੀ ਨੂੰ ਕਿਸ ਪ੍ਰਕਾਰ ਰਚਿਆ ਗਿਆ? ਇਸ ਨੂੰ ਕਿਸ ਨੇ ਰਚਿਆ? ਇਸ ਦਾ ਜੋ ਸਵਾਮੀ ਹੈ ਉਹ ਤਾਂ ਆਪਣੇ ਨਿਵਾਸ ਸਥਾਨ ਉੱਤੇ ਹੋਵੇਗਾ, ਉਹੀ ਇਸ ਬਾਰੇ ਜਾਣਦਾ ਹੈ ਅਤੇ ਇਹ ਵੀ ਸੰਭਵ ਹੈ ਕਿ ਉਹ ਵੀ ਇਹ ਸਭ ਨਾ ਜਾਣਦਾ ਹੋਵੇ?” ਪਰੰਤੂ ਗੁਰਬਾਣੀ ਵਿਚ ਬਿੱਲਕੁਲ ਸਪੱਸ਼ਟ ਦਰਸਾਇਆ ਗਿਆ ਹੈ ਕਿ ਇਸ ਸਭ ‘ਸਾਚੇ’ ਤੋਂ ਹੀ ਹੋਇਆ ਹੈ, ਪਰ ਮਨੁੱਖ ਲਈ ਇਹ ਜਾਣਨਾ ਕਠਿਨ ਹੈ ਕਿ ਅਜਿਹਾ ਕਿਵੇਂ ਹੋਇਆ?
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਪੰਨਾ 19)
ਪਰਮਸੱਤਾ ਇਹ ਰਚਨਾ ਆਪਣੀ ‘ਮੌਜ’ ਵਿਚ ਕਰਦੀ ਹੈ। ਇਸ ਨੂੰ ਬਣਾਉਣ ਦਾ ਢੰਗ ਜਿੱਥੇ ਗੁਪਤ ਹੈ, ਉਥੇ ਇਸ ਰਚਨਾ ਦਾ ਉਦੇਸ਼ ਵੀ ਲੁਪਤ ਹੈ। ਸਾਮੀ ਪਰੰਪਰਾਵਾਂ ਵਿਚ ਸ੍ਰਿਸ਼ਟੀ ਰਚਨਾ ਦੇ ਉਦੇਸ਼ (ਮਨੋਰਥ) ਬਾਬਤ ਕੋਈ ਬਹੁਤੀ ਚਰਚਾ ਨਹੀਂ ਹੋਈ। ਗੁਰਬਾਣੀ ਅਨੁਸਾਰ ਪਰਮਸਤਿ ਦੀ ਇਹ ਇੱਛਾ ਸੀ ਕਿ ਉਹ ‘ਸ੍ਵੈ-ਰੂਪ’ ਨੂੰ ਪ੍ਰਗਟ ਕਰੇ। ਉਸ ਨੇ ਜੀਵਾਂ ਦੇ ਉਥਾਨ ਹਿਤ (ਤਾਂ ਕਿ ਉਨ੍ਹਾਂ ਨੂੰ ਪੈਦਾ ਕਰ ਕੇ ਆਪੇ ਨਾਲ ਮਿਲਾ ਲਵੇ) ਅਜਿਹੇ ਪਰਪੰਚ ਦੀ ਮਹਾਂ ਖੇਡ ਖੇਡਣੀ ਸ਼ੁਰੂ ਕੀਤੀ। ਉਹ ਆਪ ਇਸ ਸ੍ਰਿਸ਼ਟੀ-ਰੂਪੀ ਮਹਾਨ-ਵੇਸ ਨੂੰ ਧਾਰਨ ਕਰ ਕੇ ਵਿਗਸ ਰਿਹਾ ਹੈ।
ਨਿਰੰਕਾਰ ਦੀ ਇੱਛਾ ਹੋਈ ਕਿ ਉਹ ਕੋਈ ‘ਸੰਤ’ (ਪੂਰਨ ਮਨੁੱਖ, ਆਦਰਸ਼ ਮਾਨਵ) ਸ਼ਖ਼ਸੀਅਤ ਨੂੰ ਪ੍ਰਗਟ ਕਰੇ। ਅਜਿਹੀ ਭਾਵਨਾ ਕਰਕੇ ਹੀ ਉਸ ਨੇ ਤ੍ਰਿਭਵਣਾਂ ਨੂੰ ਧਾਰ ਲਿਆ:
ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ॥ (ਪੰਨਾ 224)
ਹਰੀ ਦੇ ਅਨੰਤ ਮਨ ਵਿਚ ਸਿਮਰਨ ਦੀ ਚਾਹ ਪੈਦਾ ਹੋਈ, ਇਸੇ ਮਨੋਰਥ ਤਹਿਤ ਉਸ ਨੇ ‘ਸਗਲ ਆਕਾਰ’ ਸਿਰਜ ਦਿੱਤੇ। ਇਹ ਸਭ ਆਕਾਰ ਉਸੇ ਨੂੰ ਹੀ ਧਿਆ ਰਹੇ ਹਨ, ਕਿਉਂਕਿ ‘ਸਗਲ ਆਕਾਰ’ ਦਾ ਕਾਰਨ ਅਥਵਾ ਉਦੇਸ਼ ਹੀ ‘ਸਿਮਰਨ’ ਹੈ:
ਹਰਿ ਸਿਮਰਨਿ ਧਾਰੀ ਸਭ ਧਰਨਾ॥
ਸਿਮਰਿ ਸਿਮਰਿ ਹਰਿ ਕਾਰਨ ਕਰਨਾ॥
ਹਰਿ ਸਿਮਰਨਿ ਕੀਓ ਸਗਲ ਅਕਾਰਾ॥ (ਪੰਨਾ 263)
ਨਿਰਗੁਣ ਬ੍ਰਹਮ ਨੇ ਆਪਣਾ ਸ੍ਵੈ-ਰੂਪ ਵੇਖਣ ਲਈ ਸ੍ਰਿਸ਼ਟੀ ਦਾ ਸਰਗੁਣ ਸਰੀਰ ਧਾਰਿਆ ਹੈ। ਉਸ ਨੇ ਆਪਣਾ ਨਾਨਾ-ਪ੍ਰਕਾਰੀ ਵੇਸ ਬਣਾ ਲਏ ਹਨ:
ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ॥ (ਪੰਨਾ 433)
ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ॥ (ਪੰਨਾ 434)
‘ਕਰਤਾ’ ਸਾਰੇ ‘ਕਾਰਜ’ ਆਪਣੀ ‘ਇੱਛਾ’ ਨਾਲ ਹੀ ਕਰਦਾ ਹੈ। ਉਸ ਨੂੰ ਇਸ ਸਬੰਧੀ ਕਿਸੇ ਨਾਲ ‘ਮਤਾ-ਮਸੂਰਤਿ’ ਕਰਨ ਦੀ ਜ਼ਰਰੂਤ ਨਹੀਂ ਪੈਂਦੀ:
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ॥
ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ॥ (ਪੰਨਾ 53)
ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਪਰਮਸਤਿ ਨੇ ਆਪਣੀ ਰਚਨਾ, ‘ਖੇਡ’, ‘ਲੀਲ੍ਹਾ’ ਵੇਖਣ-ਵਿਖਾਉਣ ਖ਼ਾਤਰ ਪਾਈ ਹੈ, ਪਰ ਇਸ ਖੇਡੀ ਜਾ ਰਹੀ ਮਹਾਨ ਖੇਡ ਦੀ ਪ੍ਰਕਿਰਤੀ ਕੀ ਹੈ? ਕੀ ਇਹ ‘ਸਤਿ’ ਹੈ ਜਾਂ ਕੋਈ ‘ਸੁਪਨਾ’? ਇਸ ਦੀ ਯਥਾਰਥ ਰੂਪ ਵਿਚ ਕੋਈ ਹੋਂਦ ਵੀ ਹੈ ਜਾਂ ‘ਹਨ੍ਹੇਰੇ’ (ਅਗਿਆਨ) ਵਿਚ ਪਈ ਰੱਸੀ, ‘ਸੱਪ’ ਭਾਸ ਰਹੀ ਹੈ? ਇਸ ਅਨੰਤ ਰੂਪ ਵਿਚ ਖੇਡੀ ਜਾ ਰਹੀ ਬੇਅੰਤ ਖੇਡ ਦਾ ਪਸਾਰਾ ਕਿੰਨਾ ਕੁ ਹੈ? ਕੀ ਇਸ ਦੀ ਕੋਈ ਸੀਮਾ ਹੈ? ਜਾਂ ਦੂਜੇ ਸ਼ਬਦਾਂ ਵਿਚ ਕਰਤਾਰ ਦੇ ਆਪਣੇ ਧਾਰੇ ਅਨਿਕ ਪ੍ਰਕਾਰ ਰੰਗਾਂ, ਵੇਸਾਂ ਦੇ ਚਲਿਤਾਂ ਦਾ ਕੋਈ ਆਦਿ-ਅੰਤ ਹੈ? ਅਜਿਹੇ ਸਵਾਲ ਰਚਨਾ ਦੀ ਪ੍ਰਕਿਰਤੀ, ਹੋਂਦ ਅਤੇ ਵਿਸਤਾਰ ਨਾਲ ਸਬੰਧਿਤ ਹਨ।
ਭਾਰਤੀ ਪਰੰਪਰਾ ਵਿਚ ਸ਼ੰਕਰ ਦਾ ਅਦ੍ਵੈਤਵਾਦ ‘ਬ੍ਰਹਮ ਸਤਯੰ ਜਗਤ ਮਿਥਿਯੰ’ ਦਾ ਨਾਹਰਾ ਲਾਉਂਦਾ ਹੈ। ਸ਼ੰਕਰਾਚਾਰੀਆ ਇਸ ਜੱਗ ਨੂੰ ਛਲ, ਮਿਥਿਆ, ਧੋਖਾ ਆਦਿ ਕਹਿੰਦਾ ਹੈ। ਗੋਚਰ ਜਗਤ ਦੀਆਂ ਸਚਾਈਆਂ ਦਾ ਪਰਮਸਤਿ ਨਾਲ ਸੰਬੰਧ ਦਰਸਾਉਣ ਲਈ ਭਾਰਤੀ ਦਰਸ਼ਨਧਾਰਾ ਮਾਇਆ ਦੇ ਸਿਧਾਂਤ ਦਾ ਸਹਾਰਾ ਲੈਂਦੀ ਹੈ, ਕਿਉਂਕਿ ਇਹ ਧਾਰਾ ਬ੍ਰਹਮ ਤੇ ਜਗਤ ਨੂੰ ਦੋ ਅੱਡਰੀਆਂ ਹਸਤੀਆਂ ਦੇ ਰੂਪ ਵਿਚ ਕਲਪਦੀ ਹੈ। ਇਸ ਅਨੁਸਾਰ ਜਗਤ ਅਤੇ ਇਸ ਦੀਆਂ ਕਿਰਿਆਵਾਂ ਤਾਂ ਸਿਰਫ਼ ਧੋਖਾ, ਝੂਠ, ਭੁਲਾਵਾ, ਭਰਮ ਹਨ, ਇਹ ਸਭ ਮਾਇਆ ਹਨ। ਇਹ ਬ੍ਰਹਮ ਦੀ ਸ਼ਕਤੀ ਨਾਲ ਪਾਇਆ ‘ਜਾਲ’ ਹੈ, ਪਰ ਗੁਰਮਤਿ ਵਿਚ ਜਗਤ ਨੂੰ ਮਾਇਆ ਨਹੀਂ ਕਿਹਾ ਗਿਆ। ਗੁਰਮਤਿ ਦਾ ‘ਮਾਇਆ’ ਸੰਕਲਪ, ਸ਼ੰਕਰ ਦੇ ‘ਅਦ੍ਵੈਤਵਾਦੀ’ ਮਾਇਆ ਸੰਕਲਪ ਨਾਲੋਂ ਬਿੱਲਕੁਲ ਵੱਖਰਾ ਹੈ।
ਇਹ ਜਗਤ ਪਰਪੰਚ ਇਕ ਵੱਡੇ ਕੋਠੇ ਦੀ ਨਿਆਈਂ ਹੈ, ਜਿਸ ਵਿਚ ਸੱਚਾ ਆਪ ਰਹਿੰਦਾ ਹੈ। ਐਨਾ ਹੀ ਨਹੀਂ ਬਲਕਿ ਇਸ ਜਗਤ ਦੀਆਂ ਸਭ ਨਾਨਾ-ਪ੍ਰਕਾਰੀ ‘ਕੋਠੜੀਆਂ’ ਉਸ ਸੱਚੇ ਦੇ ਰਹਿਣ ਲਈ ਘਰ ਹਨ। ਇਸ ਜਗਤ ਪਰਪੰਚ ਦੀਆਂ ਕੋਠੜੀਆਂ ਦੇ ਰੂਪ (ਜੀਵ, ਆਕਾਰ, ਕਿਰਿਆਵਾਂ) ਵਿਚ ਤਾਂ ਉਸ ‘ਮਾਲੀ’ ਨੇ ਭਾਂਤ-ਸੁਭਾਂਤੀ, ਰੰਗਾਂ-ਰੰਗਾਂ ਦੀ ‘ਵਾੜੀ’ ਲਾਈ ਹੋਈ ਹੈ:
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ (ਪੰਨਾ 436)
ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ॥ (ਪੰਨਾ 118)
ਤੂੰ ਪੇਡੁ ਸਾਖ ਤੇਰੀ ਫੂਲੀ॥
ਤੂੰ ਸੂਖਮੁ ਹੋਆ ਅਸਥੂਲੀ॥ (ਪੰਨਾ 102)
ਇਹੁ ਜਗੁ ਵਰਨੁ ਰੂਪੁ ਸਭੁ ਤੇਰਾ ਜਿਤੁ ਲਾਵਹਿ ਸੇ ਕਰਮ ਕਮਈਆ॥ (ਪੰਨਾ 834)
ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ॥ (ਪੰਨਾ 48)
ਜਗਤ ਪਸਾਰੇ ਦੀ ਹੋਂਦ ਤਾਂ ਪ੍ਰਤੱਖ ਹੈ, ਜ਼ਾਹਰ ਹੈ, ਪਰ ਇਹ ਵਿਵਹਾਰ ਕਾਲ (ਸਮੇਂ) ਦੀ ਸੀਮਾ ਵਿਚ ਹੀ ਸਤਿ ਹੈ। ਜਿਨ੍ਹਾਂ ਅਰਥਾਂ ਵਿਚ ਅਕਾਲ ਪੁਰਖ ‘ਸਤਿ’ ਹੈ, ਉਸ ਦੀ ਪੈਦਾ ਕੀਤੀ ਸ੍ਰਿਸ਼ਟੀ ਨਹੀਂ। ਇਸ ਦੀ ‘ਸਤਤਾ’ ‘ਸਮੇਂ ਤੇ ਸਥਾਨ’ ਦੇ ਬੰਧਨ ਵਿਚ ਹੈ। ਸਮੇਂ-ਸਥਾਨ (ਪੁਲਾੜ/ਕਾਲ) ਵਿਚ ਬੱਧੀ ਚੀਜ਼ ਹਮੇਸ਼ਾਂ ਨਾਮ/ ਰੂਪ ਵਿਚ ਹੀ ਹੁੰਦੀ ਹੈ ਅਤੇ ਜੋ ਪਦਾਰਥ, ਵਸਤੂ ਜਾਂ ਹੋਂਦ ਪੁਲਾੜ/ਕਾਲ, ਨਾਮ/ ਰੂਪ ਵਿਚ ਹੋਵੇਗੀ, ਉਸ ਦਾ ਅੰਤ ਜ਼ਰੂਰੀ ਹੈ। ਇਸ ਕਰਕੇ ਜਗਤ ਚਲਾਇਮਾਨ ਹੈ, ਇਹ ‘ਹੋਂਦ’ ਤਾਂ ਰੱਖਦਾ ਹੈ, ਪਰ ਸਦੀਵਕਾਲੀ ਨਹੀਂ। ਦੂਸਰੇ ਪਾਸੇ ਪਰਮਸੱਤਾ ਪੁਲਾੜ/ਕਾਲ, ਨਾਮ/ਰੂਪ ਤੋਂ ਉੱਪਰ ਦੀ ਹਸਤੀ ਹੈ, ਉਹ ਸਦੀਵ ਸਤਿ ਹੈ।
ਗੁਰਬਾਣੀ ਵਿਚ ਜਗਤ ਦੀ ਪਰਿਵਰਤਨਸ਼ੀਲਤਾ, ਅਸਥਿਰਤਾ ਜਾਂ ਅਸੱਤਤਾ ਦਰਸਾਉਣ ਲਈ ਇਸ ਨੂੰ ਪਾਣੀ ਦਾ ਬੁਦਬੁਦਾ, ਜਾਦੂਗਰ ਦਾ ਤਮਾਸ਼ਾ, ਮਿਥਿਆ, ‘ਸੁਪਨਾ ਰੈਨਿ ਕਾ’, ‘ਧੂਏ ਕਾ ਧਵਲਹਰੁ’, ‘ਬਾਲੂ ਕੀ ਭੀਤਿ’, ਮ੍ਰਿਗ ਤ੍ਰਿਸਨਾ, ਕੂੜ ਆਦਿ ਹੋਰ ਅਨੇਕਾਂ ਸ਼ਬਦਾਂ/ਸਮਾਸਾਂ ਦਾ ਪ੍ਰਯੋਗ ਕੀਤਾ ਗਿਆ ਹੈ:
ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥
ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ॥ (ਪੰਨਾ 1427)
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ॥ (ਪੰਨਾ 219)
ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ॥ (ਪੰਨਾ 808)
ਇਹੁ ਜਗੁ ਧੂਏ ਕਾ ਪਹਾਰ॥
ਤੈ ਸਾਚਾ ਮਾਨਿਆ ਕਿਹ ਬਿਚਾਰਿ॥ (ਪੰਨਾ 1186)
ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ॥ (ਪੰਨਾ 219)
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥ (ਪੰਨਾ 468)
ਹਰ ਪਲ ਪਰਿਣਾਮ (ਗਤੀਸ਼ੀਲਤਾ) ਨੂੰ ਪ੍ਰਾਪਤ ਹੋਣ ਵਾਲਾ ਜਗਤ ਭਾਵੇਂ ‘ਪਾਣੀ ਦਾ ਬੁਦਬੁਦਾ’ ਹੈ, ਪਰ ਖਿਨ-ਮਾਤਰ, ਥੋੜ੍ਹੇ ਚਿਰ ਲਈ ਰਹਿਣ ਵਾਲੇ ਪਾਣੀ ਦੇ ‘ਬੁਦਬੁਦੇ’ ਦੀ ਹੋਂਦ ਤਾਂ ਯਕੀਨੀ ਹੈ ਕਿ ਇਹ ਪਾਣੀ ਵਿੱਚੋਂ ਹੀ ਪੈਦਾ ਹੋਇਆ, ਪਾਣੀ ਹੀ ਹੈ। ਤਰੰਗ ਦੀ ਅਉਧ ਭਾਵੇਂ ਛਿਣ-ਮਾਤਰ ਹੀ ਹੈ, ਪਰ ਇਸ ਦੀ ਅਸਤਿਤਵਤਾ (ਹੋਂਦ) ਤੋਂ ਕੋਈ ਵੀ ਮੁਨਕਰ ਨਹੀਂ। ਤਰੰਗ, ਜਲ ਵਿੱਚੋਂ ਪੈਦਾ ਹੋਈ ਜਲ ਦਾ ਰੂਪ, ਜਲ ਹੀ ਹੈ। ਜੇਕਰ ਕੋਈ ਵਿਅਕਤੀ ‘ਪਾਣੀ’ ਨੂੰ ਛੱਡ ਕੇ, ਇਸ ‘ਤਰੰਗ’ ਨੂੰ ਸਭ ਕੁਝ ਸਮਝ ਬੈਠੇ ਤਾਂ ਉਸ ਦੇ ਹੱਥ ਵਿਚ ਕੁਝ ਵੀ ਆਉਣ ਵਾਲਾ ਨਹੀਂ, ਕਿਉਂਕਿ ਇਹ ਤਾਂ ਬਾਜੀਗਰ ਨੇ ਖਿਨ-ਪਲ ਲਈ ਬਾਜੀ ਪਾਈ ਹੈ। ਅਸਲ ਵਿਚ ‘ਪਾਣੀ’ ਬਣ ਕੇ ਹੀ ਪਾਣੀ ਵਿਚ ਸਮਾਇਆ ਜਾ ਸਕਦਾ ਅਥਵਾ ਸੋਮੇ ਵਿਚ ਰਲ਼ਿਆ ਜਾ ਸਕਦਾ ਹੈ, ਕਿਉਂਕਿ ਤਰੰਗ ਦੀ ਸੱਤਤਾ ਪਾਣੀ ਉੱਤੇ ਨਿਰਭਰ ਹੈ। ਇਸ ਤਰ੍ਹਾਂ ਜਗਤ ਦੀ ਸਤਾ ਪਰਮਸੱਤਾ ਉੱਤੇ ਨਿਰਭਰ ਹੈ। ਇਹ ਚਲਾਇਮਾਨ ਤਰੰਗਾਂ ਤਾਂ ਹਜ਼ਾਰਾਂ ਵਾਰ, ਬੇਅੰਤ ਵਾਰ ਪਾਣੀ ਵਿੱਚੋਂ ਉੱਠਦੀਆਂ ਤੇ ਫਿਰ ਉਸੇ ਵਿਚ ਸਮਾ ਜਾਂਦੀਆਂ ਹਨ। ਇਸੇ ਕਰਕੇ ਹੀ ਗੁਰਬਾਣੀ ਨੇ ਉਪਜਦੇ-ਬਿਨਸਦੇ ਤਰੰਗ ਸਰੂਪ ‘ਜਗਤ’ ਨੂੰ ‘ਧੂਏ ਕਾ ਧਵਲਹਰ’ ਕਿਹਾ ਹੈ।
ਜਗਤ ਅਤੇ ਇਸ ਦੀ ਹਰ ਚੀਜ਼ ਤੇ ਕਿਰਿਆ ਟਿਕਾਓਹੀਣ ਸਥਿਤੀ ਵਿਚ ਹੈ। ਇਥੇ ‘ਜੋ ਉਪਜਿਓ’ ਸੋ ਬਿਨਸ ਜਾਣਾ ਹੈ, ਫਿਰ ਅਜਿਹੇ ਚਲਾਇਮਾਨ ਪਦਾਰਥਾਂ ਨਾਲ ਕਿਉਂ ਪ੍ਰੀਤ ਲਾਈ ਜਾਵੇ? ਪਰ ਕਿਉਂਕਿ ਜਗਤ ਸੱਚੇ ਕੀ ਸਾਚੀ ਕਿਰਤ ਹੈ, ਇਸ ਕਰਕੇ ਇਸ ਨੂੰ ਤਿਆਗਣਾ ਵੀ ਗੁਰਮਤਿ ਪ੍ਰਵਾਨ ਨਹੀਂ ਕਰਦੀ। ਜਗਤ ਦੀ ਹਰ ਸ਼ੈਅ ਵਿਚ ਦੈਵੀ ਵਿਆਪਕਤਾ ਨੂੰ ਅਨੁਭਵ ਕਰਨਾ ਹੀ ਇਸ ਦੀ ਸੱਤਤਾ ਦਾ ਲਖਾਇਕ ਹੈ, ਇਸ ਨੂੰ ਸ੍ਵੈ-ਆਧਾਰਤ ਮੰਨ (ਜਿਵੇਂ ਪਾਣੀ ਬਿਨਾਂ ਤਰੰਗ ਦੀ ਹੋਂਦ) ਜਾਂ ਅੰਤਿਮ ਸਰੋਕਾਰ ਸਮਝ ਕੇ, ਇਸ ਜਗਤ ਵਿਚ ਵਰਤਦੇ ਤ੍ਰੈਗੁਣ ਵਰਤਾਰੇ ਵਿਚ ਖੱਚਿਤ ਰਹਿਣਾ, ਇਹ ‘ਕੂੜੀ ਚਾਲਿ’ ਹੈ, ਇਹ ‘ਦੁਰਮਤਿ ਦਰਸ਼ਨ’, ਮਨਮੁਖਤਾਈ ਤੇ ‘ਦੂਜਾ ਭਾਉ’ ਹੈ:
ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ॥ (ਪੰਨਾ 703)
ਡਾ. ਵਜ਼ੀਰ ਸਿੰਘ ਨੇ ਉਪਰੋਕਤ ਵਿਚਾਰ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਸਮਝਾਇਆ ਹੈ ਕਿ ਬਾਣੀ ਦੀ ਭਾਵਨਾ ਦਾ ਸਾਰ ਇਹ ਹੈ ਕਿ ਜਗਤ ਹਕੀਕੀ ਤਦ ਹੈ, ਜੇਕਰ ਇਸ ਦੇ ਹਰ ਭਾਗ ਤੇ ਕੋਨੇ ਵਿਚ ਦੈਵੀ ਵਿਆਪਕਤਾ ਨੂੰ ਪ੍ਰਵਾਨ ਕੀਤਾ ਜਾਵੇ; ਉਹੀ ਜਗਤ ਕੂੜ ਤੇ ਅਸਤਿ ਹੈ, ਜੇਕਰ ਕੁਦਰਤਿ ਦੇ ਖੰਡਾਂ-ਮੰਡਲਾਂ ਵਿਚ ਅਸੀਂ ਕਾਦਰ ਨੂੰ ਵਸਿਆ-ਰਸਿਆ ਅਨੁਭਵ ਨਾ ਕਰੀਏ:
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ॥ (ਪੰਨਾ 468)
ਭਾਰਤੀ ਦਰਸ਼ਨਧਾਰਾ ਨੇ ਇਸ ਵਿਸ਼ਵ ਦੀ ਵਿਉਂਤ ਨੂੰ ਚਾਰ ਯੁੱਗਾਂ ਵਿਚ ਤਕਸੀਮ ਕੀਤਾ ਹੈ। ਇਹ ਯੁੱਗ ਕ੍ਰਮਵਾਰ ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਿਯੁਗ (ਵਰਤਮਾਨ ਚਲ ਰਿਹਾ) ਹਨ। ਆਮ ਤੌਰ ਉੱਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸ਼ੁਰੂ ਵਿਚ (ਜਦੋਂ ਸ੍ਰਿਸ਼ਟੀ ਸਾਜੀ ਗਈ) ਸਤਿਯੁਗ ਸ਼ੁਰੂ ਹੋਇਆ, ਫਿਰ ਤ੍ਰੇਤਾ,ਫਿਰ ਦੁਆਪਰ ਤੇ ਫਿਰ ਕਲਿਯੁਗ। ਕਲਿਯੁਗ ਤੋਂ ਬਾਅਦ ਫਿਰ ਸਤਿਯੁਗ, ਤ੍ਰੇਤਾ… ਇਸ ਤਰ੍ਹਾਂ ਇਹ ਚੱਕਰ ਚੱਲਦਾ ਜਾਵੇਗਾ। ਭਾਰਤੀ ਚਿੰਤਕਾਂ ਨੇ ਇਸ ਗੱਲ ਨੂੰ ‘ਸ੍ਰਿਸ਼ਟੀ ਵਿਕਾਸ-ਕ੍ਰਮ’ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਹੈ।
ਪੱਛਮੀ ਚਿੰਤਨਧਾਰਾ ਦੁਆਰਾ ਪ੍ਰਚੱਲਤ ‘ਵਿਸ਼ਵ-ਉਤਪਤੀ ਦਾ ਚੱਕਰਾਧਾਰੀ ਸਿਧਾਂਤ’ ਨਾਲ ਵੀ ਇਸ ਨੂੰ ਜੋੜਿਆ ਗਿਆ ਹੈ। ਪਰੰਤੂ ਪੁਰਾਣ ਸਾਹਿਤ, ਰਾਮਾਇਣ, ਮਹਾਂਭਾਰਤ ਅਤੇ ਮਨੂ-ਸਿਮਰਤੀ ਆਦਿ ਲਿਖਤਾਂ ਵਿਚ ‘ਯੁੱਗਾਂ’ ਦਾ ਸਪੱਸ਼ਟ ਵਰਣਨ ਹੋਇਆ ਹੈ।
ਗੁਰਬਾਣੀ ਅਨੁਸਾਰ ‘ਕਰਤੇ ਦੀ ਰਚਨਾ’ ਦਾ ਕਿਸੇ ਪੱਖ ਤੋਂ ਵੀ ਅੰਤ ਨਹੀਂ ਪਾਇਆ ਜਾ ਸਕਦਾ। ਸ੍ਰਿਸ਼ਟੀ ਨੂੰ ‘ਯੁੱਗਾਂ’ ਵਿਚ ਤਕਸੀਮ ਕਰਨਾ, ਇਸ ਨੂੰ ‘ਸੀਮਾਬੱਧ’ ਕਰਨਾ ਹੈ। ਗੁਰਮਤਿ ਅਨੁਸਾਰ ਯੁਗ ਮਨ ਦੀਆਂ ਵਿਸ਼ੇਸ਼ ਹਾਲਤਾਂ (ਅਵਸਥਾਵਾਂ) ਹਨ। ਮਨੁੱਖ ਦੀ ਸ਼ੁਭ/ਅਸ਼ੁਭ ਕਰਨੀ ਤੇ ਸੋਚਣੀ ਹੀ ਉਸ ਨੂੰ ਸਤਿਯੁਗੀ/ਕਲਿਯੁਗੀ ਬਣਾਉਂਦੀ ਹੈ। ‘ਕਲਿਯੁਗ’ ਕਿਸੇ ਵਿਸ਼ੇਸ਼ ਸਮੇਂ, ਸਥਾਨ ਜਾਂ ਕਿਸੇ ‘ਚਕ੍ਰ-ਚਿਹਨ’ ਵਾਲੀ ਸ਼ਖ਼ਸੀਅਤ ਦਾ ਨਾਂ ਨਹੀਂ, ਬਲਕਿ ਇਹ ਮਤਵਾਲਾ ਮਨ ਹੀ ਕਲਿਯੁਗ ਹੈ, ਜਿਹੜਾ ਝੂਠੀ ਮਾਇਆ ਵਿਚ ਫਸ ਕੇ ਪਦਾਰਥਾਂ, ਸੁਆਦਾਂ ਵਿਚ ਖੱਚਿਤ ਹੈ। ‘ਕਲਿਯੁਗ’ ਦੇ ਸਬੰਧ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਕਟਾਕਸ਼ ਭਰਿਆ ਸ਼ਬਦ ਹੈ:
ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥
ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥1॥
ਜੀਵਨ ਤਲਬ ਨਿਵਾਰਿ॥
ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ॥1॥ ਰਹਾਉ॥
ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ॥
ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ॥2॥ (ਪੰਨਾ 902)
‘ਜੁਗ’, ‘ਜੀਅ’ ਵਿਚ ਖੇਡਦਾ ਹੈ। ‘ਜੁਗ’ ਮਨ ਵਿਚ ਹੈ (ਮਨ ਦੀ ਅਵਸਥਾ, ਬਿਰਤੀ, ਸੋਚਣੀ ਹੈ), ਫਿਰ ਥਾਂ-ਸਮੇਂ ਦਾ ਕੀ ਅਰਥ ਹੋਇਆ, ਥਾਵ ਕੈਸੇ? ਕਲਿ ਇਕ ‘ਲਖਣ’, ਨਿਸ਼ਾਨੀ, ਇਕ ‘ਵੀਚਾਰਿ’ (ਵਿਚਾਰਧਾਰਾ, ਗਲਤ ਸੋਚਣੀ) ਹੈ। ਭਾਰਤੀ ਵਿਚਾਰਧਾਰਾ ਵਾਲੇ ਕਲਿਯੁਗ ਬਾਰੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮੈਂ ਕਿਸੇ ਦੇਸ਼ ਜਾਂ ਤੀਰਥਾਂ ਆਦਿ ਉੱਤੇ ਆਇਆ ਸੁਣਿਆ ਵੀ ਨਹੀਂ, ਕਿਤੇ ਉਸ ਦਾ ਥਾਂ-ਟਿਕਾਣਾ (ਮਹਲ) ਉਸਾਰਿਆ ਵੀ ਨਹੀਂ ਦੇਖਿਆ। ਹੋਰ ਤਾਂ ਹੋਰ ਦਿਨ-ਰਾਤ, ਚੰਦ, ਸੂਰਜ-ਤਾਰੇ ਆਦਿਕ ਵੀ ਉਹੀ ਹੁਣ ਚੜ੍ਹਦੇ ਹਨ, ਜਿਹੜੇ ਸੁਣਿਆ ਸੀ ਪਹਿਲਾਂ (ਸਤਿਯੁਗ, ਤ੍ਰੇਤਾ ਆਦਿਕ ਵਿਚ) ਚੜ੍ਹਦੇ ਰਹੇ ਸਨ। ਦਿਨ ਹੁਣ ਵੀ ਉਵੇਂ ਹੀ ਗਰਮੀਆਂ ਵਿਚ ‘ਤਪਤ’ ਦੇ ਨੇ, ਪਉਣ ਦੇ ਝੁਲਣ ਵਿਚ ਵੀ ਕੋਈ ਫ਼ਰਕ ਨਹੀਂ ਪਿਆ, ਫਿਰ ਕਿਵੇਂ ਕਹਿ ਦੇਈਏ ਕਲਿਯੁਗ ਆ ਗਿਆ?… ਅਸਲ ਕਲਿਯੁਗ ਤਾਂ ਧੱਕੇਸ਼ਾਹੀ ਹੈ। ਕਲਿਯੁਗ ਦੇ ਲੱਛਣ ਤਾਂ ਇਹ ਹਨ ਕਿ ਚੰਗੇ ਕੰਮ ਕਰਨ ਵਾਲਾ ਖੁਆਰ ਹੋਵੇ, ਮਿਹਨਤ ਮਜ਼ਦੂਰੀ ਕਰ ਕੇ ਖਾਣ ਵਾਲਾ ਭੁੱਖਾ ਰਹੇ, ਰੱਬ ਦੇ ਪਿਆਰਿਆਂ ਦੀ ਬਦਨਾਮੀ ਹੋਵੇ। ਇਸ ਤਰ੍ਹਾਂ ਗੁਰਮਤਿ ਅਨੁਸਾਰ ਸੋਈ ਜਗਤ ਵਿਚ ਭਲਾ ਹੈ ਜਿਹੜਾ ‘ਨਾਉ’ ਨੂੰ ਵਿਸਾਰੇ ਨਾ ਅਤੇ ਉਹੀ ‘ਭੈੜਾ’ ਹੈ, ਜਿਹੜਾ ‘ਨਾਉ’ ਵਿਸਾਰ ਦੇਵੇ। ‘ਨਾਉ’ ਵਿਸਾਰਨ ਵਾਲਾ ਹੀ ਦੁਹੇਲਾ, ਸਾਕਤ, ਮਨਮੁਖਿ ਜਾਂ ‘ਕਲਿਯੁਗੀ’ ਹੈ ਅਤੇ ਨਾਉਂ ਜਪਣ ਵਾਲਾ ਹੀ ਸੁਹੇਲਾ, ਗੁਰਮੁਖਿ ਜਾਂ ‘ਸਤਿਯੁਗੀ’ ਹੈ:
ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ॥ (ਪੰਨਾ 964)
ਸੋਈ ਦਿਵਸੁ ਭਲਾ ਮੇਰੇ ਭਾਈ॥
ਹਰਿ ਗੁਨ ਗਾਇ ਪਰਮ ਗਤਿ ਪਾਈ॥ (ਪੰਨਾ 395)
ਸੋ ਸਪੱਸ਼ਟ ਹੈ ਕਿ ਜਗਤ ਨੂੰ ਵੰਡਿਆ ਨਹੀਂ ਜਾ ਸਕਦਾ। ਪੁਰਾਣ ਗ੍ਰੰਥ ਜਦੋਂ ਸ੍ਰਿਸ਼ਟੀ ਦੇ ਸਰੂਪ ਦਾ ਕਥਨ ਕਰਦੇ ਹਨ ਤਾਂ ਸਮੁੱਚੇ ਬ੍ਰਹਿਮੰਡ ਨੂੰ ਚੌਦਾਂ ਲੋਕਾਂ ਵਿਚ ਵੰਡਦੇ ਹਨ। ਇਸਲਾਮ ਵਿਚ ਅਠਾਰਾਂ ਹਜ਼ਾਰ ਤਬਕਾਂ ਦੀ ਗੱਲ ਕੀਤੀ ਜਾਂਦੀ ਹੈ।
ਗੁਰਬਾਣੀ ਵਿਚ ਸ੍ਰਿਸ਼ਟੀ ਸਰੂਪ ਦੇ ਵਿਸ਼ਲੇਸ਼ਣ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਗੁਰਮਤਿ ਅਨੁਸਾਰ ਜੇ ਕਰਤਾ ਅਸੀਮ ਹੈ ਤਾਂ ਉਸ ਦੀ ਕਿਰਤ ਵੀ ਅਸੀਮ ਹੈ। ਇਸ ਨੂੰ ਚਾਰ ਯੁੱਗਾਂ ਜਾਂ ਅਠਾਰਾਂ ਹਜ਼ਾਰ ਤਬਕਾਂ ਆਦਿ ਵਿਚ ਵੰਡਿਆ ਨਹੀਂ ਜਾ ਸਕਦਾ। ਅਸਲ ਵਿਚ ਸ਼ੁਰੂ ਤੋਂ ਹੀ ਮਨੁੱਖੀ ਚੇਤਨਾ ਵਿਚ ਇਹ ਸਵਾਲ ਉੱਠਦਾ ਰਿਹਾ ਹੈ ਕਿ ਕੀ ਇਸ ਅਸੀਮ ਪਸਾਰੇ ਨੂੰ ਤੋਲਿਆ, ਮਿਣਿਆ ਜਾਂ ਸੰਪੂਰਨ ਤੌਰ ਉੱਤੇ ਜਾਣਿਆ ਜਾ ਸਕਦਾ ਹੈ? ਕੀ ਇਸ ਪਸਾਰੇ ਦੀ ਕੋਈ ਸੀਮਾ ਹੈ? ਜੇਕਰ ਇਸ ਦੀ ਕੋਈ ਨਿਸ਼ਚਿਤ ਸੀਮਾ ਹੈ ਤਾਂ ਸੀਮਾ ਤੋਂ ਅੱਗੇ ਕੀ ਹੋਵੇਗਾ? ਪ੍ਰਾਚੀਨ ਕਾਲ ਦੀ ਮਾਨਵ-ਚੇਤਨਾ ਧਰਤੀ ਜਾਂ ਇਸ ਦੇ ਆਲੇ-ਦੁਆਲੇ ਤਕ ਹੀ ਸੀਮਤ ਸੀ, ਉਸ ਸਮੇਂ ਮਨੁੱਖ ਦੀ ਧਾਰਨਾ ਸੀ ਕਿ ਧਰਤੀ ਚਪਟੀ ਹੈ ਅਤੇ ਇਸ ਦੇ ਕਿਨਾਰੇ ਹਨ, ਇਸੇ ਕਰਕੇ ਸਮੁੰਦਰਾਂ ਦੇ ਤੈਰਾਕ, ਮਛੇਰੇ, ਜਲ ਬੇੜੇ, ਕਿਸ਼ਤੀਆਂ ਆਦਿ ਧਰਤੀ ਦੇ ਨਾਲ-ਨਾਲ ਰਹਿੰਦੇ ਸਨ, ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸਮੁੰਦਰ ਵਿਚ ਦੂਰ ਚਲੇ ਗਏ ਤਾਂ ਕਿਨਾਰਿਆਂ ਤੋਂ ਹੇਠਾਂ ਪਾਤਾਲ ਵਿਚ ਡਿੱਗ ਜਾਣਗੇ। ਇਸ ਤਰ੍ਹਾਂ ਸੁਰਗ-ਲੋਕ, ਦੇਵ-ਲੋਕ, ਨਰਕ-ਲੋਕ ਆਦਿ ਲੋਕਾਂ, ਪੁਰੀਆਂ ਆਦਿ ਕਲਪਿਤ ਕਿਆਸਾਰਾਈਆਂ ਨਾਲ ਪੁਰਾਤਨ ਸਾਹਿਤ ਭਰੇ ਪਏ ਹਨ। ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ, ਧਾਰਮਿਕ ਪਰੰਪਰਾਵਾਂ ਨੇ ਵੀ ਵਿਸ਼ਵ-ਵਿਰਾਟਤਾ ਨੂੰ ਆਪਣੇ-ਆਪਣੇ ਦ੍ਰਿਸ਼ਟੀਕੋਣਾਂ ਤੋਂ ਦਰਸਾਇਆ ਹੈ। ਵਿਗਿਆਨ ਵੀ ਆਪਣੀਆਂ ਵਿਕਸਿਤ ਪ੍ਰਣਾਲੀਆਂ ਰਾਹੀਂ ਬ੍ਰਹਿਮੰਡ ਦੀ ਖੋਜ ਕਰ ਰਿਹਾ ਹੈ, ਪਰ ਇਸ ਸਭ ਕੁਝ ਦੇ ਬਾਵਜੂਦ, ਇਹ ਸਭ ਕੋਸ਼ਿਸ਼ਾਂ ਵਿਸ਼ਵ-ਵਿਸ਼ਾਲਤਾ ਅੱਗੇ ਐਨੀਆਂ ਤੁੱਛ-ਮਾਤਰ ਹਨ ਕਿ ਜਿਉਂ- ਜਿਉਂ ਮਨੁੱਖ ਇਸ ਦੀ ‘ਥਾਹ’ ਪਾਉਣ ਦੀ ਕੋਸ਼ਿਸ਼ ਵਿਚ ਹੋਰ ਅਗੇਰੇ ਜਾ ਰਿਹਾ ਹੈ, ਇਹ ਵਿਰਾਟਤਾ ਕਈ ਗੁਣਾ ਹੋਰ ਵਧੇਰੇ ਵਿਸ਼ਾਲ ਨਜ਼ਰ ਆ ਜਾਂਦੀ ਹੈ। ਵਿਗਿਆਨ ਦੇ ਮੁਹਾਵਰੇ ਵਿਚ ਬੇਸ਼ੁਮਾਰ ਅਣੂ-ਪਰਮਾਣੂਆਂ ਦੇ ਸੰਜੋਗ ਨਾਲ ਬਣਿਆ ਇਹ ਭੌਤਿਕ ਪਸਾਰਾ ਇਤਨਾ ਵਿਸ਼ਾਲ ਅਤੇ ਬੇਅੰਤ ਹੈ ਕਿ ਅਸੀਂ ਇਸ ਬਾਰੇ ਕਲਪਨਾ ਕਰਨ ਤੋਂ ਵੀ ਅਸਮਰੱਥ ਹਾਂ।
ਗੁਰਬਾਣੀ ਵਿਚ ਇਸ ਭੌਤਿਕ ਪਸਾਰੇ ਨੂੰ ‘ਏਕਤਾ’ ਅਤੇ ‘ਅਸੀਮਤਾ’ ਦੇ ਸਰੂਪ ਵਜੋਂ ਵੇਖਿਆ ਗਿਆ ਹੈ। ਵਿਸ਼ਵ ਅਤੇ ਇਸ ਦੀ ਬਹੁਭਾਂਤੀ ਕਿਰਿਆ ਦੀ ਅਸੀਮਤਾ ਦਰਸਾਉਣ ਲਈ ਗੁਰਬਾਣੀ ਵਿਚ ਅਸੰਖ, ਲਖ, ਸਹਸ, ਅਣਗਿਣਤ, ਕੇਤੇ, ਕਈ ਕੋਟਿ, ਬੇਅੰਤ, ਅਨੰਤ, ਨਾ ਪਾਰਾਵਾਰ, ਅਮੁਲ ਆਦਿ ਕਈ ਸ਼ਬਦ ਵਰਤੇ ਗਏ ਹਨ।
ਕਰਤੇ ਦੀ ਕਿਰਤ ਵਿਚ ਜੰਤਾਂ, ਵਣਿ, ਤ੍ਰਿਣਿ, ਰੰਗਾ, ਨਸਲਾਂ, ਨਾਵਾਂ-ਥਾਵਾਂ ਦਾ ਕੋਈ ਪਾਰਾਵਾਰ ਨਹੀਂ। ਜਪੁ ਜੀ ਸਾਹਿਬ ਦੀ 35ਵੀਂ ਪਉੜੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਬੇਅੰਤ ਪਸਾਰੇ ਅਤੇ ਇਸ ਦੇ ਅਣਗਿਣਤ ਲੋਆਂ, ਕਿਰਿਆਵਾਂ, ਜੀਆਂ, ਆਕਾਰਾਂ ਨੂੰ ‘ਕੇਤੇ’ ਸ਼ਬਦ ਵਰਤ ਕੇ ਇਵੇਂ ਦਰਸਾਇਆ ਹੈ:
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ॥ …
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥ (ਪੰਨਾ 7)
ਇਸ ਅਸਗਾਹ ਸ੍ਰਿਸ਼ਟੀ ਸਾਗਰ ਵਿਚ ਕਿੰਨੇ ਕੁ ਖੰਡ-ਮੰਡਲ ਪਾਤਾਲ ਹਨ, ਇਹ ਗਿਣਤੀਆਂ-ਮਿਣਤੀਆਂ ਦੇ ਲਖ਼ਾਇਕ ਨਹੀਂ:
ਖੰਡ ਪਤਾਲ ਅਸੰਖ ਮੈ ਗਣਤ ਨ ਹੋਈ॥ (ਪੰਨਾ 1283)
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ (ਪੰਨਾ 5)
ਕਈ ਕੋਟਿ ਅਕਾਸ ਬ੍ਰਹਮੰਡ॥ (ਪੰਨਾ 276)
ਜਿਵੇਂ ਪਰਮਸਤਿ ਦੀ ‘ਸੱਤਤਾ’ ਅਤੇ ‘ਜਗਤ ਸੱਤਤਾ’ ਦੇ ਅਰਥਾਂ ਵਿਚ ਭਿੰਨਤਾ ਹੈ, ਇਸੇ ਤਰ੍ਹਾਂ ਪਰਮਸਤਿ ਦੀ ਅਸੀਮਤਾ ਦੇ ਮੁਕਾਬਲਤਨ ਜਗਤ ਦੀ ਅਸੀਮਤਾ ਦੇ ਅਰਥਾਂ ਵਿਚ ਭਿੰਨਤਾ ਹੈ। ਰਚਨਾ ਮਨੁੱਖੀ ਪੱਧਰ ਉੱਤੇ ਬਹੁਤ ਜ਼ਿਆਦਾ ਵਿਸ਼ਾਲ ਹੈ, ਪਰ ਨਿਰੰਕਾਰ ਪੱਧਰ ਉੱਤੇ ਇਹ ਸ਼ਾਇਦ ਇੱਕ ਕਿਣਕੇ ਤੋਂ ਵੀ ਜ਼ਿਆਦਾ ਨਾ ਹੋਵੇ, ਜਿਵੇਂ ਭਾਈ ਗੁਰਦਾਸ ਜੀ ਫ਼ੁਰਮਾਉਂਦੇ ਹਨ ਕਿ ਨਿਰੰਕਾਰ ਦੇ ਇੱਕ-ਇੱਕ ਰੋਮ ਵਿਚ ਕ੍ਰੋੜਾਂ-ਕ੍ਰੋੜਾਂ ਬ੍ਰਹਿਮੰਡ ਵਾਸਾ ਕਰਦੇ ਹਨ:
ਸਾਸਿ ਗਿਰਾਸਿ ਸਮਾਲਦਾ ਕਰ ਬ੍ਰਹਮੰਡ ਕਰੋੜਿ ਸੁਮਾਰਾ।
ਰੋਮ ਰੋਮ ਵਿਚਿ ਰਖਿਓਨੁ ਓਅੰਕਾਰ ਅਕਾਰੁ ਵਿਥਾਰਾ। (ਵਾਰ 8:2)
ਨਿਰੰਕਾਰ ਇਕ ਅਸਗਾਹ ‘ਦਰੀਆਉ’ ਹੈ, ਜਿਸ ‘ਵਿਚ’ ਇਹ ਪਾਣੀ- ਰੂਪੀ ਆਕਾਰ ਦਾ ਪ੍ਰਵਾਹ ਵਹਿ ਰਿਹਾ ਹੈ:
ਤੂੰ ਦਰੀਆਉ ਸਭ ਤੁਝ ਹੀ ਮਾਹਿ॥ (ਪੰਨਾ 11)
ਬੇਅੰਤ ‘ਦਰੀਆਉ’ ਵਿਚ ਵਹਿ ਰਿਹਾ ਅਨਿਕ-ਪ੍ਰਕਾਰੀ ਪਾਣੀ, ਮਾਇਆ ਨਹੀਂ, ਇਹ ਯਥਾਰਥ ਹੋਂਦ ਹੈ, ਸਤਿ ਹੈ, ਸੱਚਾ ਹੈ, ਪਰ ਇਹ ਲਗਾਤਾਰ ਵਹਿ ਰਿਹਾ ਹੈ, ਤੁਰੀ ਜਾ ਰਿਹਾ ਹੈ। ਇਸ ਪਾਣੀ ਰੂਪੀ ਸ੍ਰਿਸ਼ਟੀ ਦੇ ਅਣਗਿਣਤ ਚਲਿਤ, ਰੂਪ ਰੰਗ, ਨਾਵ-ਥਾਵ ਹਨ। ਇਸ ਮਹਾਨ ਪਸਾਰੇ ਵਿਚ ਨਾਨਾ-ਪ੍ਰਕਾਰੀ ਜੀਆਂ-ਜੰਤਾਂ, ਉਨ੍ਹਾਂ ਦੀਆਂ ਬੋਲੀਆਂ, ਸੁਭਾਅ, ਨਾਦ ਹਨ। ‘ਕਿਰਤ’ ਦਾ ਹੋਂਦ ਕਾਰਨ ਕਿਉਂਕਿ ‘ਸਿਮਰਨ’ ਹੈ, ਇਸ ਕਰਕੇ ਇਹ ਸਭ ਕੁਝ ਉਸੇ ਨੂੰ ਗਾ ਰਹੇ ਹਨ। ਇਸ ‘ਚਲਣ’ ਦੇ ਬੇਅੰਤ ਪ੍ਰਕਾਰੀ ਰੰਗ-ਰੂਪ, ਨਾਵ-ਥਾਵ, ਨਾਦ-ਸਾਜ ਮਨੁੱਖ ਨੂੰ ਵਿਸਮਾਦਿਤ ਕਰ ਦਿੰਦੇ ਹਨ, ਜਿਸ ਨੂੰ ਫ਼ਲਸਫ਼ੇ ਵਿਚ ‘ਕੁਦਰਤ-ਰਹੱਸਵਾਦ’ ਜਾਂ ਸਾਹਿਤ ਵਿਚ ਸੁਹਜਵਾਦ ਕਹਿੰਦੇ ਹਨ। ਮਾਨਵ ਇਸ ਕਿਰਿਆ ਨੂੰ ਮਾਣ ਕੇ ਅਨੰਦ ਅਨੁਭਵ ਕਰਦਾ ਹੈ ਅਤੇ ਉਸ ਦੀ ਆਤਮਿਕ ਉੱਨਤੀ ਵਿਚ ‘ਸੁਹਜ’ ਇਕ ਸਾਧਨ ਬਣ ਜਾਂਦਾ ਹੈ। ਇਸ ਚੱਲ ਰਹੇ ਅਤੁੱਟ ਪ੍ਰਵਾਹ ਦੀ ਗਣਤ ਵੀ ਓਹੀ ਗਿਣਦਾ ਹੈ ਜਿਸ ਨੇ ਇਸ ਸਭ ਨੂੰ ‘ਸਿਰੇ ਸਿਰਿ ਧੰਦੇ’ ਲਾਇਆ ਹੋਇਆ ਹੈ। ਇਸ ਵੱਡੇ ‘ਗਗਨ ਥਾਲ’ ਵਿਚ ਚੰਦਾਂ-ਸੂਰਜਾਂ-ਤਾਰਿਆਂ ਦੇ ਅਣਗਿਣਤ ਦੀਵੇ ਉਸੇ ਦੀ ‘ਆਰਤੀ’ ਉਤਾਰ ਰਹੇ ਹਨ। ਸਾਰੀ ਬਨਸਪਤੀ ਦੀ ਸੁਗੰਧਿ ਇਕ ਮਹਾਨ ‘ਧੂਪ’ ਹੈ।
ਸਮੁੱਚੀ ਰਚਨਾ ਦਾ ਕਣ-ਕਣ ਉਸ ਨੂੰ ਅਨਿਕ-ਪ੍ਰਕਾਰੀ ਢੰਗਾਂ ਨਾਲ ਗਾ ਰਿਹਾ ਹੈ। ਕਾਇਨਾਤ ਦੀ ਹਰ ਹਰਕਤ, ਹਰ ਕਿਰਿਆ ਉਸ ਦਾ ਰਾਗ ਅਲਾਪਦੀ ਹੈ। ਸਭ ਵਣਿ, ਪੰਖੇਰੂ ਉਸੇ ਨੂੰ ਸਿਮਰਦੇ ਹਨ:
ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ॥ (ਪੰਨਾ 1265)
ਜੋਗੀ, ਸੰਨਿਆਸੀ, ਜਪੀ-ਤਪੀ, ਵਣਿ-ਤ੍ਰਿਣਿ, ਦੀਪ-ਲੋਅ, ਸਾਗਰ, ਖੰਡ, ਮੰਡਲ, ਬ੍ਰਹਮੇ-ਬਿਸਨ-ਮਹੇਸ਼, ਪਉਣ-ਪਾਣੀ-ਅਗਨਿ, ਨਾਦ-ਵੇਦ-ਪੁਰਾਣ, ਜੀਅ-ਜੰਤ, ਪਹਾੜ-ਰੁੱਖ, ਰਾਤ-ਦਿਨ-ਰੁੱਤਾਂ, ਸੂਰਜ-ਚੰਦ-ਆਕਾਸ਼, ਰੂਪ-ਰੰਗ ‘ਸਭ’ ਉਸ ਨੂੰ ਗਾ ਰਹੇ ਹਨ, ਪਰ ਹਰ ਇਕ ਦੇ ਗਾਉਣ ਦਾ ਢੰਗ, ਉਸ ਦੀ ‘ਸਿਮਰਨ ਵਿਧੀ’ ਵੱਖੋ-ਵੱਖ ਹੈ। ਹਰ ਇਕ ਆਕਾਰ ਨੇ ਆਪਣੀ ‘ਧਾਤੁ’ ਦੇ ਆਧਾਰ ’ਤੇ ਆਪਣਾ ‘ਨਾਉ’ ਧਾਰਿਆ ਹੈ, ਇਸੇ ਕਰਕੇ ਕਿਸੇ ਵੀ ਆਕਾਰਮਈ ਜੀਵ-ਜੰਤ ਜਾਂ ਪਦਾਰਥ ਦੀ ਰੂਪ-ਰੰਗਤਾ ਆਪਸ ਵਿਚ ਨਹੀਂ ਮਿਲਦੀ, ਉਨ੍ਹਾਂ ਦਾ ਕਾਰ-ਵਿਹਾਰ, ਬੋਲ-ਚਾਲ ਅਤੇ ਸਿਮਰਨ ਤਰੀਕਾ ਸਭ ਆਪਣੇ ਢੰਗ ਦਾ ਹੈ।
‘ਪਉਣ’, ਸਾਡੀ ਮਨੁੱਖੀ ਸ਼ਬਦਾਵਲੀ ਵਿਚ ‘ਵਗ’ ਰਹੀ ਹੈ, ‘ਪਾਣੀ’ ਸਾਡੇ ਅਨੁਸਾਰ ‘ਵਹਿ’ ਜਾਂ ‘ਚੱਲ’ ਰਿਹਾ ਹੈ, ਅਗਨਿ ‘ਜਲ’ ਰਹੀ ਹੈ… ਪਰ ਗੁਰਬਾਣੀ ਦੀ ਵਿਚਾਰਧਾਰਾ ਵਿਚ ਇਹ ਸਭ ਉਸੇ ਪ੍ਰਭੂ ਦੀ ਕੀਰਤੀ ਨੂੰ ‘ਗਾ’ ਰਹੇ ਹਨ। ਮਨੁੱਖ ਦੇ ਗਾਉਣ ਢੰਗ ਨਾਲੋਂ, ਇਨ੍ਹਾਂ ਦੇ ਗਾਉਣ ਦਾ ‘ਤਰੀਕਾ’ ਹੋਰ ਹੈ। ਪਉਣ ਦਾ ‘ਵਗਣਾ’ ਹੀ ਉਸ ਦਾ ‘ਸਿਮਰਨ’ ਹੈ, ਅਗਨਿ ਦਾ ‘ਜਲਣਾ’ ਹੀ ਉਸ ਦਾ ‘ਗਾਉਣਾ’ ਹੈ। ਅਕਾਸ਼ੀ ਨਛੱਤਰਾਂ ਦੀ ‘ਭੈ’ ਵਿਚ ‘ਪ੍ਰਕਰਮਾ’ ਹੀ ਉਨ੍ਹਾਂ ਦੀ ਪ੍ਰਭੂ ‘ਅਰਾਧਣਾ’ ਹੈ। ਇਸ ਤਰ੍ਹਾਂ ਹਰ ਕਿਰਿਆ ਹੀ ‘ਸਿਮਰਨ’ ਕਰ ਰਹੀ ਹੈ:
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ …
ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ॥…
ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ॥ (ਪੰਨਾ 6)
ਧਰਤੀ ਦੇ ਵਸਨੀਕ ਇਨਸਾਨ ਵੀ ਉਸੇ ਨੂੰ ਆਪਣੇ-ਆਪਣੇ ਤਰੀਕਿਆਂ ਨਾਲ ਅਰਾਧ ਰਹੇ ਹਨ। ਰਚਨਾ ਦੇ ਅਨਿਕ-ਪ੍ਰਕਾਰੀ ਕੌਤਕਾਂ, ਅਸਚਰਜਮਈ ਖੇਡਾਂ ਨੂੰ ਦੇਖ ਕੇ ਆਪਣੇ-ਆਪਣੇ ਤਰੀਕੇ ਨਾਲ ਧਿਆਉਂਦੇ (ਗਾਉਂਦੇ ਹਨ) ਹਨ:
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥ …
ਗਾਵੈ ਕੋ ਵੇਖੈ ਹਾਦਰਾ ਹਦੂਰਿ॥ (ਪੰਨਾ 1)
ਮਾਰੂ ਸੋਲਹਿਆਂ ਵਿਚ ਇਸ ਵਿਸ਼ਾਲ ਪੱਧਰ ਉੱਤੇ ਹੋ ਰਹੇ ‘ਸਿਮਰਨ- ਕਾਰਜ’ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਿਸਤਰਿਤ ਰੂਪ ਵਿਚ ਦਰਸਾਇਆ ਹੈ:
ਸਿਮਰੈ ਧਰਤੀ ਅਰੁ ਆਕਾਸਾ॥ …
ਅਲਖੁ ਨ ਲਖੀਐ ਇਕੁ ਖਿਨਾ॥ (ਪੰਨਾ 1078-79)
ਇਸ ਬੇਅੰਤ ਚਲਿਤਾਂ ਦੇ ਅਨਦ-ਬਿਨੋਦੀ ਵੱਜ ਰਹੇ ਨਾਦ ਨਾਲ ਇਕਸੁਰ ਹੋ ਕੇ ਇਨ੍ਹਾਂ ਵਿੱਚੋਂ ਵਾਹਿਗੁਰੂ ਦਾ ਨਾਦ ਸੁਣਨਾ ਉੱਤਮ ਮਨੁੱਖੀ ਕਰਮ ਹੈ, ਇਨ੍ਹਾਂ ਨੂੰ ਧੋਖਾ ਜਾਂ ਮਾਇਆ ਕਹਿ ਕੇ ਭਾਂਜਵਾਦੀ ਬਣਨਾ ਨਹੀਂ। ਇਹ ਜਗਤ ਕਰਮ-ਭੂਮੀ ਹੈ, ਰਣਭੂਮੀ ਹੈ, ਮਾਇਆ ਜਾਂ ਛਲਾਵਾ ਨਹੀਂ।
ਗੁਰਮਤਿ ‘ਵਿਸ਼ਵ-ਦ੍ਰਿਸ਼ਟੀਕੋਣ’ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ‘ਕਰਤੇ’ ਤੇ ‘ਕਿਰਤ’ ਦੀ ਇਕਰੂਪਤਾ ਵਿਚ ਹੈ। ‘ਸ੍ਰਿਸ਼ਟੀ’ ਅਤੇ ਇਸ ਨੂੰ ਬਣਾਉਣ ਵਾਲਾ ਦੋ ਨਹੀਂ, ਇਕ ਹੀ ਹਨ। ‘ਰਚਨਾ’ ਤੇ ‘ਰਚਨਾਕਾਰ’ ਨੂੰ ਦੋ ਅੱਡਰੀਆਂ ਸ਼ਖ਼ਸੀਅਤਾਂ ਦੇ ਰੂਪ ਵਿਚ ਵੇਖਣਾ ਦ੍ਵੈਤਵਾਦ ਹੈ, ਇਹੀ ਬਿਪਰ ਪਰੰਪਰਾ ਹੈ ਕਿ ਉਹ ਸ੍ਰਿਸ਼ਟੀ ਤੋਂ ਵੱਖਰਾ ‘ਬ੍ਰਹਮ’ ਪੁਰਸ਼ ਰੂਪ ਵਿਚ ਕਲਪਦੀ ਹੈ। ਗੁਰਮਤਿ ਅਨੁਸਾਰ ਵਾਹਿਗੁਰੂ ਨੇ ਆਪਣੇ ਆਪ ਨੂੰ ਹੀ ਸ੍ਰਿਸ਼ਟੀ ਦੇ ਸਥੂਲ ਰੂਪ ਵਿਚ ਪ੍ਰਗਟ ਕੀਤਾ ਹੈ, ਉਹ ਆਪ ਹੀ ਸਭ ਕੁਝ ਹੈ:
ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ॥ (ਪੰਨਾ 51)
ਲੇਖਕ ਬਾਰੇ
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/April 1, 2008
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/May 1, 2008
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/July 1, 2008
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/August 1, 2008
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/January 1, 2009
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/June 1, 2010