editor@sikharchives.org
Daan

ਸਿੱਖ ਧਰਮ ਵਿਚ ਦਾਨ

ਮੁਕਤੀ ਪ੍ਰਾਪਤੀ ਦੇ ਮਾਰਗ ਵਿਚ ਮਨੁੱਖ ਦਾ ਸਭ ਤੋਂ ਵੱਡਾ ਸਹਾਰਾ ਦਾਨ ਦਾ ਹੁੰਦਾ ਹੈ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਇਤਿਹਾਸਕ ਪੱਖੋਂ ਸਿੱਖ ਧਰਮ ਸੰਸਾਰ ਦੇ ਪ੍ਰਮੁੱਖ ਧਰਮਾਂ ਵਿੱਚੋਂ ਆਧੁਨਿਕ ਧਰਮ ਹੈ। ਇਹ ਲੱਗਭਗ ਪੰਜ ਸੌ ਸਾਲ ਪੁਰਾਣਾ ਹੈ। ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦਾ ਅਰੰਭ ਪ੍ਰਚੱਲਤ ਧਰਮਾਂ ਵਿਚ ਆ ਚੁੱਕੀਆਂ ਕੁਰੀਤੀਆਂ ਕਾਰਨ ਕੀਤਾ। ਉਸ ਸਮੇਂ ਪ੍ਰਚੱਲਤ ਧਰਮ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਚੁੱਕੇ ਸਨ। ਸਿੱਖ ਧਰਮ ਬੇਲੋੜੇ ਕਰਮਕਾਂਡਾਂ ਤੋਂ ਦੂਰ ਅਤੇ ਗ੍ਰਿਹਸਤ ਵਿਚ ਰਹਿੰਦੇ ਹੋਏ ਮੁਕਤੀ ਪ੍ਰਾਪਤ ਕਰਨ ਦਾ ਮਾਰਗ ਹੈ। ਮੁਕਤੀ ਪ੍ਰਾਪਤੀ ਦੇ ਮਾਰਗ ਵਿਚ ਮਨੁੱਖ ਦਾ ਸਭ ਤੋਂ ਵੱਡਾ ਸਹਾਰਾ ਦਾਨ ਦਾ ਹੁੰਦਾ ਹੈ। ਦਾਨ ਕਰਨ ਨਾਲ ਮਨੁੱਖ ਸੰਸਾਰਿਕ ਮੋਹ-ਮਾਇਆ ਤੋਂ ਛੁਟਕਾਰਾ ਪਾਉਂਦਾ ਹੈ ਅਤੇ ਮਨੁੱਖ ਦਾ ਮੋਹ ਪਦਾਰਥਕ ਸੰਸਾਰ ਤੋਂ ਘਟਦਾ ਹੈ। ਸਿੱਖ ਧਰਮ ਵਿਚ ਦਾਨ ਕੇਂਦਰੀ ਮਹੱਤਵ ਦਾ ਧਾਰਨੀ ਹੈ। ਵਿਸ਼ਲੇਸ਼ਣ ਦੀ ਦ੍ਰਿਸ਼ਟੀ ਤੋਂ ਸਿੱਖ ਧਰਮ ਵਿਚ ਦਾਨ ਦਾ ਵਿਚਾਰ ਸਿਧਾਂਤਕ ਅਤੇ ਅਮਲੀ ਦੋ ਪੱਖਾਂ ਤੋਂ ਵਿਚਾਰਿਆ ਜਾ ਸਕਦਾ ਹੈ। ਸਿਧਾਂਤਕ ਤੌਰ ’ਤੇ ਦਾਨ ਸਿੱਖ ਵਿਸ਼ਵ ਦ੍ਰਿਸ਼ਟੀਕੋਣ ਨਾਲ ਅਨਿੱਖੜ ਰੂਪ ਵਿਚ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਹੀ ਇਸ ਦਾ ਅਮਲੀ ਪੱਖ ਸਿੱਖ ਅਮਲ ਦਾ ਜ਼ਰੂਰੀ ਅੰਗ ਹੈ। ਦਾਨ ਸ਼ਬਦ ‘ਦਾ+ਨ’ ਤੋਂ ਬਣਿਆ ਹੈ। ਇਹ ਸੰਸਕ੍ਰਿਤ ਸ਼ਬਦ ‘ਦਾ’ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ‘ਦੇਣ ਦੀ ਕਿਰਿਆ’। ਦਾਨ ਸ਼ਬਦ ਦੇ ਅਰਥ ਭਾਈ ਕਾਨ੍ਹ ਸਿੰਘ ਨਾਭਾ ਇਸ ਪ੍ਰਕਾਰ ਕਰਦੇ ਹਨ, ‘ਦੇਣ ਦਾ ਕਰਮ ਜਾਂ ਖ਼ੈਰਾਤ’। ਗੁਰਬਾਣੀ ਵਿਚ ਵੀ ਇਸ ਸ਼ਬਦ ਦੇ ਹਵਾਲੇ ਥਾਂ ਪੁਰ ਥਾਂ ਮਿਲ ਜਾਂਦੇ ਹਨ:

ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ॥ (ਪੰਨਾ 1240)

ਪੁੰਨ ਦਾਨ ਕਾ ਕਰੇ ਸਰੀਰੁ॥
ਸੋ ਗਿਰਹੀ ਗੰਗਾ ਕਾ ਨੀਰੁ॥ (ਪੰਨਾ 952)

ਇਸ ਤੋਂ ਇਲਾਵਾ ਗੁਰੂ ਸਾਹਿਬਾਨ ਦੇ ਹੁਕਮਨਾਮਿਆਂ ਵਿਚ, ਸਾਨੂੰ ਦਸਵੰਧ ਸ਼ਬਦ ਵੀ ਵਰਤਿਆ ਮਿਲਦਾ ਹੈ ਜਿਸ ਦਾ ਅਰਥ ‘ਦਸ+ਵੰਧ’। ਦਸ ਭਾਵ ‘ਦਸਵਾਂ’ ਅਤੇ ਵੰਧ ਭਾਵ ‘ਹਿੱਸਾ’। ਆਪਣੀ ਨੇਕ ਕਮਾਈ ਦਾ ਦਸਵਾਂ ਭਾਗ ਦਸਵੰਧ ਦੇ ਰੂਪ ਵਿਚ ਕੱਢ ਕੇ ਸੰਗਤ ਵਿਚ ਦੇਣਾ ਹੈ ਅਤੇ ਵੰਡ ਕੇ ਛਕਣਾ ਹੈ। ਵੰਡ ਛਕਣ ਦੇ ਆਸ਼ੇ ਵਿੱਚੋਂ ਹੀ ਦਸਵੰਧ ਸੰਸਥਾ ਸਥਾਪਤ ਹੋਈ ਹੈ। ਸਿੱਖ ਧਰਮ ਵਿਚ ਦਾਨ ਦਾ ਕੇਂਦਰ ਗੁਰਦੁਆਰਾ ਸਾਹਿਬ ਹੈ ਜਿੱਥੇ ਸਾਂਝੀ ਰਸੋਈ ਵਿਚ ਲੰਗਰ ਤਿਆਰ ਹੁੰਦਾ ਹੈ ਅਤੇ ਬਿਨਾਂ ਕਿਸੇ ਭੇਦ-ਭਾਵ ਅਤੇ ਜਾਤ-ਪਾਤ ਤੋਂ ਇਕ ਪੰਗਤ ਵਿਚ ਬੈਠ ਕੇ ਛਕਿਆ ਜਾਂਦਾ ਹੈ। ਗੁਰੂ ਕਾ ਲੰਗਰ ਬਹੁਤ ਚੰਗੀ ਉਦਾਹਰਣ ਹੈ ਇਕ ਆਦਰਸ਼ਕ ਦਾਨ ਲਈ ਜੋ ਕਿ ਸਿਰਫ਼ ਸਿੱਖ ਧਰਮ ਵਿਚ ਹੀ ਹੈ। ਆਪਣੀ ਕਮਾਈ ਦਾ ਦਸਵਾਂ ਹਿੱਸਾ ਧਰਮ ਕਾਰਜਾਂ ਲਈ ਕੱਢਣਾ ਸਿੱਖ ਲਈ ਰਹਿਤ ਦਾ ਭਾਗ ਬਣ ਗਿਆ:

ਦਸ ਨਖ ਕਰ ਜੋ ਕਾਰ ਕਮਾਵੈ।
ਤਾ ਕਰ ਜੋ ਧਨ ਘਰ ਮੈ ਆਵੈ।
ਤਿਸ ਤੇ ਗੁਰ ਦਸੌਂਧ ਜੋ ਦੇਈ।
ਸਿੰਘ ਸੁਯਮ ਬਹੁ ਜਗ ਮਹਿ ਲਈ। (ਭਾਈ ਨੰਦ ਲਾਲ ਜੀ)

ਇਹ ਕੇਵਲ ਸ਼ਬਦ ਹੀ ਨਹੀਂ ਹਨ ਬਲਕਿ ਇਹ ਸਿੱਖੀ ਦਾ ਜੀਵਨ-ਮਾਰਗ ਹਨ। ਸਿੱਖ ਸਾਧਨਾ-ਮਾਰਗ ਨੂੰ ਸੰਖੇਪ ਰੂਪ ਵਿਚ ਇਸ ਪ੍ਰਕਾਰ ਬਿਆਨ ਕੀਤਾ ਜਾ ਸਕਦਾ ਹੈ: ਨਾਮ, ਦਾਨ, ਇਸ਼ਨਾਨ ਜਾਂ ਸੇਵਾ ਅਤੇ ਸਿਮਰਨ ਜਾਂ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਇਹ ਸਾਧਨਾ ਸਿੱਖੀ ਮਰਯਾਦਾ ਅਨੁਸਾਰ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਕੇ ਸੱਚੀ-ਸੁੱਚੀ ਕਿਰਤ ਕਰਨੀ ਹੈ ਅਤੇ ਵੰਡ ਕੇ ਛਕਣਾ ਹੈ। ਨਾਮ ਜਪਣ ਨਾਲ ਆਤਮਾ ਸ਼ੁੱਧ ਹੁੰਦੀ ਹੈ, ਕਿਰਤ ਕਰਨ ਨਾਲ ਸਰੀਰ ਅਤੇ ਵੰਡ ਕੇ ਛਕਣ ਦੀ ਰੀਤ ਨਾਲ ਮਨ ਸ਼ੁੱਧ ਹੁੰਦਾ ਹੈ।ਸਿੱਖ ਧਰਮ ਵਿਚ ਅਕਾਲ ਪੁਰਖ ਪਾਸੋਂ ਨਾਮ ਦਾਨ ਦੀ ਕਮਾਈ ਮੰਗੀ ਗਈ ਹੈ। ਸਿੱਖ ਧਰਮ ਵਿਚ ਨਾਮ ਦਾਨ ਨੂੰ ‘ਮਹਾਂ ਦਾਨ’ ਆਖਿਆ ਗਿਆ ਹੈ। ਇਸ ਗੱਲ ਦਾ ਪ੍ਰਮਾਣ ਸਾਨੂੰ ਸਿੱਖੀ ਅਰਦਾਸ ਵਿਚ ‘ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ’। ਸਿੱਖ ਧਰਮ ਵਿਚ ਸਭ ਤੋਂ ਵੱਡਾ ਦਾਨੀ ਕੇਵਲ ਅਕਾਲ ਪੁਰਖ ਪਰਮਾਤਮਾ ਨੂੰ ਮੰਨਿਆ ਗਿਆ ਹੈ। ਇਸ ਲਈ ਦਾਨ ਕੇਵਲ ਉਸ ਪਰਮਾਤਮਾ ਪਾਸੋਂ ਹੀ ਮੰਗਣਾ ਹੈ। ਪਾਵਨ ਗੁਰਬਾਣੀ ਅੰਦਰ ਫ਼ੁਰਮਾਨ ਹੈ:

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥ (ਪੰਨਾ 78)

ਭਾਵ ਦੁਲਹਨ ਰੂਪੀ ਜੀਵ ਆਪਣੇ ਪਿਤਾ (ਪਰਮਾਤਮਾ) ਨੂੰ ਕਹਿੰਦੀ ਹੈ ਕਿ ਹੇ ਮੇਰੇ ਬਾਬਲ! ਮੈਨੂੰ ਦਾਜ (ਦਾਨ) ਵਿਚ ਨਾਮ ਦਾ ਦਾਨ ਦਿਉ। ਸਭ ਨੂੰ ਦੇਣ ਵਾਲਾ ਕੇਵਲ ਪਰਮਾਤਮਾ ਹੈ ਮਨੁੱਖ ਤਾਂ ਸਿਰਫ ਸਾਧਨ ਹੁੰਦਾ। ਇਸ ਲਈ ਦਾਨ ਦੇ ਕੇ ਹੰਕਾਰ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਦਿੱਤੇ ਦਾਨ ਦਾ ਕੋਈ ਫ਼ਲ ਨਹੀਂ ਮਿਲਦਾ:

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥
ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ॥ (ਪੰਨਾ 1428)

ਦਾਨ ਇਕ ਦੈਵੀ ਕਿਰਪਾ ਹੈ ਜੋ ਕਿ ਕੇਵਲ ਮਨੁੱਖ ਉੱਤੇ ਹੀ ਹੋਈ ਹੈ ਇਸ ਲਈ ਮਨੁੱਖ ਨੇ ਇਸ ਮਨੁੱਖਾ ਜੀਵਨ ਦਾ ਲਾਭ ਉਠਾਉਂਦੇ ਹੋਏ ਆਪਣੇ ਜੀਵਨ ਨੂੰ ਸਫ਼ਲ ਕਰਨਾ ਹੈ। ਉਸ ਨੂੰ ਨੇਕ ਕਰਮ ਕਰਨੇ ਚਾਹੀਦੇ ਹਨ ਜਿਸ ਵਿਚ ਦਾਨ ਦੇਣਾ ਵੀ ਸ਼ਾਮਲ ਹੈ। ਸਿੱਖ ਧਰਮ ਵਿਚ ਦਾਨ ਕੇਵਲ ਆਰਥਿਕ ਤੌਰ ’ਤੇ ਦਿੱਤੀ ਗਈ ਸਹਾਇਤਾ ਹੀ ਨਹੀਂ ਸਗੋਂ ਅਜਿਹਾ ਆਤਮਿਕ ਸੌਦਾ ਵੀ ਹੈ ਜਿਸ ਦੁਆਰਾ ਮਨੁੱਖ ਨੇ ਆਪਣੇ ਅੰਤਮ ਮਨੋਰਥ ਤਕ ਪਹੁੰਚਣਾ ਹੈ। ਸਿੱਖ ਧਰਮ ਵਿਚ ਦਾਨ ਦਾ ਸਿਧਾਂਤ ਅਤੇ ਅਮਲ ਇੱਕੋ ਸਮੇਂ ਮਨੁੱਖ ਨੂੰ ਮਨੁੱਖਤਾ, ਕੁਦਰਤ ਅਤੇ ਕਾਦਰ ਨਾਲ ਜੋੜਨ ਦਾ ਉੱਦਮ ਹੈ, ਜਿਸ ਵਿਚ ਮਨੁੱਖੀ ਵਿਚਾਰਾਂ ਕਰਕੇ ਅਕਸਰ ਬੇਸੁਰਤਾ ਪੈਦਾ ਹੋ ਜਾਂਦੀ ਹੈ। ਅਜੋਕੇ ਸਮੇਂ ਪੂੰਜੀਵਾਦ ਦੇ ਪ੍ਰਸਾਰ, ਉਪਭੋਗਤਾਵਾਦ ਅਤੇ ਸੰਸਥਾਈ ਧਰਮਾਂ ਵਿਚ ਵਧ ਰਹੇ ਨਿਘਾਰ ਦੇ ਪ੍ਰਸੰਗ ਵਿਚ ਸਿੱਖ ਧਰਮ ਵਿਚ ਦਾਨ ਦਾ ਵਿਚਾਰ ਅਤੇ ਅਮਲ ਉਜਲੇ ਭਵਿੱਖ ਲਈ ਦਿਸ਼ਾ-ਨਿਰਦੇਸ਼ਕ ਅਤੇ ਆਸ਼ਾ ਦੀ ਮੰਜ਼ਿਲ ਦਾ ਸੂਚਕ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਭਟੇੜੀ ਕਲਾਂ, ਡਾਕ: ਦੌਣ ਕਲਾਂ (ਪਟਿਆਲਾ)-147021

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)