editor@sikharchives.org

ਸਿੱਖ ਧਰਮ ਵਿਚ ਸ਼ਹਾਦਤ ਦਾ ਸੰਕਲਪ

ਇਹ ਖੇਡ ਮਨੁੱਖਤਾ ਦੇ ਪ੍ਰੇਮ ਤੇ ਸੇਵਾ ਦੀ ਹੈ, ਇਹ ਖੇਡ ਮੁਕੰਮਲ ਸਮਰਪਣ ਮੰਗਦੀ ਹੈ, ਸਿਰ ਦੇਣ ਵਿਚ ਝਿਜਕ ਦੀ ਗੁੰਜਾਇਸ਼ ਨਹੀਂ ਹੈ, ਸੀਸ ਦੇਣਾ (ਸ਼ਹੀਦੀ) ਇਕ ਫਰਜ਼ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ਼ਹਾਦਤ ਸਾਮੀ ਭਾਸ਼ਾਵਾਂ (ਅਰਬੀ, ਫ਼ਾਰਸੀ) ਦਾ ਸ਼ਬਦ ਹੈ ਜਿਸ ਦੇ ਅਰਥ ਹਨ ‘ਗਵਾਹੀ’। ਅੰਗਰੇਜ਼ੀ ਵਿਚ ਇਸ ਨੂੰ Martyrdom ਕਹਿੰਦੇ ਹਨ ਜਿਸ ਦਾ ਮੁੱਢ ਯੂਨਾਨੀ ਭਾਸ਼ਾ ਵਿਚ ਹੈ। ‘ਮਹਾਨ ਕੋਸ਼’ ਵਿਚ ਭਾਈ ਕਾਨ੍ਹ ਸਿੰਘ ਜੀ ਨੇ ਸ਼ਹਾਦਤ ਦਾ ਅਰਥ ਕੀਤਾ ਹੈ ‘ਸੱਚੀ ਗਵਾਹੀ’, ‘ਸ਼ਹੀਦੀ’, ‘ਧਰਮ ਯੁੱਧ ਵਿਚ ਮੌਤ’। ਸ਼ਹੀਦੀ ਪ੍ਰਾਪਤ ਕਰਨ ਵਾਲਾ ਸ਼ਹੀਦ ਕਹਿਲਾਉਂਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੀਆਂ ਭਾਰਤੀ ਧਰਮ-ਪ੍ਰਣਾਲੀਆਂ ਵਿਚ ਸ਼ਹਾਦਤ ਦਾ ਸੰਕਲਪ ਵੇਖਣ ਵਿਚ ਨਹੀਂ ਆਉਂਦਾ ਅਤੇ ਪੁਰਾਤਨ ਭਾਰਤੀ ਸਾਹਿਤ ਵਿਚ ਇਸ ਭਾਵ ਦਾ ਕੋਈ ਸ਼ਬਦ ਨਹੀਂ ਮਿਲਦਾ। ਭਾਰਤੀ ਸੰਸਕ੍ਰਿਤੀਆਂ ਵਿਚ ਜੀਵਨ ਰੱਬ ਤੋਂ ਮਿਲੀ ਇਕ ਵੱਡਮੁਲੀ ਦੇਣ ਸਮਝੀ ਜਾਂਦੀ ਸੀ ਅਤੇ ਇਸ ਨੂੰ ਲੰਮੇਰਾ ਕਰਨ ਲਈ ਯੋਗਾ-ਅਭਿਆਸ ਆਦਿ ਰਾਹੀਂ ਯਤਨ ਕੀਤੇ ਜਾਂਦੇ ਸਨ। ਬੁੱਧ ਤੇ ਜੈਨ ਧਰਮ ‘ਅਹਿੰਸਾ ਪਰਮੋ ਧਰਮ’ ਦੇ ਪੁਜਾਰੀ ਸਨ। ਅਜਿਹੇ ਮਾਹੌਲ ਵਿਚ ਸ਼ਹਾਦਤ ਵਰਗੇ ਸੰਕਲਪ ਦਾ ਪੈਦਾ ਹੋਣਾ ਜਾਂ ਪ੍ਰਫੁਲਤ ਹੋਣਾ ਗ਼ੈਰ-ਕੁਦਰਤੀ ਸੀ। ਇਹੋ ਕਾਰਨ ਹੈ ਕਿ ਹਿੰਦ ਦੇ ਪੁਰਾਤਨ ਇਤਿਹਾਸ ਵਿਚ ਕਿਸੇ ਸ਼ਹਾਦਤ ਜਾਂ ਸ਼ਹੀਦਾਂ ਦਾ ਜ਼ਿਕਰ ਨਹੀਂ ਮਿਲਦਾ।

ਇਸ ਦੇ ਉਲਟ ਇਹ ਵੀ ਵਿਚਾਰ ਹੈ ਕਿ ਜਦ ਆਰੀਆ ਲੋਕਾਂ ਨੇ ਹਿੰਦ ’ਤੇ ਹਮਲਾ ਕੀਤਾ ਤਾਂ ਸਥਾਨਕ ਕਬੀਲਿਆਂ ਨੇ ਉਨ੍ਹਾਂ ਦਾ ਜ਼ਰੂਰ ਡੱਟ ਕੇ ਮੁਕਾਬਲਾ ਕੀਤਾ ਹੋਵੇਗਾ ਅਤੇ ਦੋਹਾਂ ਪਾਸਿਆਂ ਤੋਂ ਮੌਤਾਂ ਹੋਈਆਂ ਹੋਣਗੀਆਂ, ਜਿਨ੍ਹਾਂ ਨੂੰ ਸ਼ਹਾਦਤ ਕਿਹਾ ਜਾਣਾ ਚਾਹੀਦਾ ਹੈ। ਫਿਰ ਵੀ ਇਹ ਮੰਨਣਾ ਪਵੇਗਾ ਕਿ ਉਸ ਜ਼ਮਾਨੇ ਵਿਚ ਇਥੇ ਸ਼ਹਾਦਤ ਵਰਗਾ ਕੋਈ ਸੰਕਲਪ ਖਾਸ ਮਹੱਤਤਾ ਨਹੀਂ ਰੱਖਦਾ ਸੀ। ਸਿੱਖ ਧਰਮ ਵਿਚ ਸ਼ਹਾਦਤ ਇਕ ਮੌਲਿਕ ਸਿਧਾਂਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੇਠ ਲਿਖੇ ਮਹਾਂਵਾਕ ਇਸ ਵਿਚ ਕੋਈ ਸੰਦੇਹ ਨਹੀਂ ਰਹਿਣ ਦਿੰਦੇ:

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ (ਪੰਨਾ 1102)

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ (ਪੰਨਾ 579)

ਉਪਰੋਕਤ ਤੁਕਾਂ ਵਿਚ ਸ਼ਬਦ ‘ਸੂਰਾ’ ਜਾਂ ‘ਸੂਰਮਾ’ ਵਰਤਿਆ ਗਿਆ ਹੈ। ‘ਸ਼ਹੀਦ’ ਸ਼ਬਦ ਦੀ ਵਰਤੋਂ ਭਾਈ ਗੁਰਦਾਸ ਜੀ ਨੇ ਵਾਰਾਂ ਵਿਚ ਕੀਤੀ ਹੈ। ਮੁਰੀਦ ਅਰਥਾਤ ਸਿੱਖ ਦੇ ਜ਼ਰੂਰੀ ਲੱਛਣ ਦਰਜ ਕੀਤੇ ਹਨ, ਜਿਨ੍ਹਾਂ ਵਿਚ ‘ਸ਼ਹੀਦ’ ਸ਼ਾਮਲ ਹੈ:

ਮੁਰਦਾ ਹੋਇ ਮੁਰੀਦ ਨ ਗਲੀਂ ਹੋਵਣਾ।
ਸਬਰ ਸਿਦਕ ਸਹੀਦ ਭਰਮ ਭਉ ਖੋਵਣਾ। (ਵਾਰ 3:18)

ਸਪੱਸ਼ਟ ਹੈ ਕਿ ਸ਼ਹਾਦਤ ਸਿੱਖ ਫ਼ਿਲਾਸਫ਼ੀ ਦਾ ਅਨਿੱਖੜਵਾਂ ਅੰਗ ਹੈ। ਸਿੱਖ ਧਰਮ ਸਰਬ-ਪੱਖੀ ਧਰਮ ਹੈ। ਇਸ ਵਿਚ ਸੰਨਿਆਸ ਜਾਂ ਦੁਨੀਆਂ ਤੋਂ ਕਿਨਾਰਾਕਸ਼ੀ ਲਈ ਕੋਈ ਥਾਂ ਨਹੀਂ ਹੈ। ਸਿੱਖ ਦਾ ਨਿਸ਼ਾਨਾ ‘ਗੁਰਮੁਖਤਾ’ ਜਾਂ ‘ਸਚਿਆਰਾਪਨ’ ਹੈ, ਜਿਸ ਦੀ ਪ੍ਰਾਪਤੀ ਲਈ ਉਹ ਅਕਾਲ ਪੁਰਖ ਦੇ ਹੁਕਮ ਵਿਚ ਉਸ ਦੀ ਰਜ਼ਾ ਦੀ ਪੂਰਤੀ ਵਿਚ ਜੁਟਿਆ ਰਹਿੰਦਾ ਹੈ:

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਪੰਨਾ 1)

ਉਹ ਰਜ਼ਾ ਦੇ ਮਾਲਕ ਦਾ ਹੁਕਮ ਪਛਾਣਦਾ ਹੈ ਅਤੇ ਧਰਤੀ ਨੂੰ ਧਰਮਸਾਲ ਸਮਝਦਾ ਹੋਇਆ ਧਰਮ ਦੀ ਕਮਾਈ ਕਰਦਾ ਹੈ। ਸਮੁੱਚੇ ਮਨੁੱਖੀ ਭਾਈਚਾਰੇ ਨੂੰ ਇਕ ਪਰਵਾਰ ਸਮਝਦਾ ਹੈ ਜਿਸ ਦਾ ਇੱਕੋ ਪਿਤਾ ਅਕਾਲ ਪੁਰਖ ਹੈ। ਇਸ ਭਾਈਚਾਰੇ ਦੀ ਸੇਵਾ ਅਤੇ ਖਾਸ ਕਰਕੇ ਕਮਜ਼ੋਰ ਵਰਗ ਦੀ ਸੇਵਾ ਆਪਣਾ ਫਰਜ਼ ਸਮਝਦਾ ਹੈ। ਉਹ “ਨੀਚਾ ਅੰਦਰਿ ਨੀਚ ਜਾਤਿ” ਦਾ ਸੰਗੀ ਸਾਥੀ ਹੈ ਅਤੇ ਦੁਨਿਆਵੀ ਵੱਡਿਆਂ ਦੀ ਰੀਸ ਨਹੀਂ ਕਰਦਾ। ਸੰਸਾਰ ਵਿਚ ਵਿਚਰਦਾ ਹੋਇਆ ਪੂਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ। ਬਦੀ ਦੀਆਂ ਸ਼ਕਤੀਆਂ ਹਮੇਸ਼ਾਂ ਰਹੀਆਂ ਹਨ ਅਤੇ ਰਹਿਣਗੀਆਂ। ਸਿੱਖ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਦਾ ਹੈ। ‘ਗਰੀਬ ਦੀ ਰੱਖਿਆ’ ਤੇ ‘ਜਰਵਾਣੇ ਦੀ ਭਖਿਆ’ ਲਈ ਸ਼ਸਤਰ ਦੀ ਵਰਤੋਂ ਅਤੇ ਯੁੱਧ ਤੋਂ ਗੁਰੇਜ਼ ਨਹੀਂ ਕਰਦਾ ਅਤੇ ਲੋੜ ਪੈਣ ’ਤੇ ਜਾਨ ਵਾਰ ਦਿੰਦਾ ਹੈ। ਇਹ ਹੈ ਸ਼ਹਾਦਤ।

ਸ਼ਹਾਦਤ ਦੂਸਰੇ ਧਰਮਾਂ ਵਿਚ

ਬੁੱਧ ਧਰਮ ਨਰਕ-ਸੁਰਗ ਵਿਚ ਵਿਸ਼ਵਾਸ ਨਹੀਂ ਰੱਖਦਾ ਅਤੇ ਨਾ ਹੀ ਤਸ਼ੱਦਦ ਨੂੰ ਪਰਵਾਨ ਕਰਦਾ ਹੈ। ਇਸ ਧਰਮ ਦਾ ਮੁੱਖ ਸਿਧਾਂਤ ਅਹਿੰਸਾ ਹੈ। ਇਸ ਲਈ ਬੋਧੀਆਂ ਵਿਚ ਸ਼ਹਾਦਤ ਦਾ ਸਵਾਲ ਹੀ ਨਹੀਂ ਉਠਦਾ। ਜੈਨੀਆਂ ਦਾ ਵਿਸ਼ਵਾਸ ਵੀ ਇਸ ਮੁਆਮਲੇ ਵਿਚ ਵੱਖਰਾ ਨਹੀਂ ਹੈ। ਹਿੰਦੂ ਧਰਮ ਵਿਚ ਵੀ ਸ਼ਹਾਦਤ ਦਾ ਸਿਧਾਂਤ ਮੌਜੂਦ ਨਹੀਂ ਹੈ। ਸਵਾਮੀ ਰਾਮ ਤੀਰਥ ਦਾ ਵਿਚਾਰ ਹੈ ਕਿ ਹਿੰਦੂ ਮਤ ਵਿਚ ਜੀਵਨ ਪਰਮਾਤਮਾ ਦੀ ਦੇਣ ਹੈ ਅਤੇ ਇਸ ਲਈ ਇਹ ਪਵਿੱਤਰ ਹੈ ਅਤੇ ਇਸ ਨੂੰ ਕਿਸੇ ਮਨੁੱਖੀ ਕਾਰਜ ਲਈ ਕੁਰਬਾਨ ਨਹੀਂ ਕਰਨਾ ਚਾਹੀਦਾ।

ਯਹੂਦੀ ਮਤ ਵਿਚ ਸ਼ਹੀਦੀ ਦਾ ਸੰਕਲਪ ਦੂਸਰੇ ਸਾਮੀ ਧਰਮਾਂ ਨਾਲੋਂ ਵੱਖਰਾ ਹੈ ਅਤੇ ਆਪਣੇ ਅਸੂਲਾਂ ’ਤੇ ਕਾਇਮ ਰਹਿੰਦਿਆਂ ਕਸ਼ਟ ਤੇ ਜਬਰ ਸਹਾਰਨ ਤਕ ਮਹਿਦੂਦ ਹੈ। ਇਸ ਵਿਚਾਰ ਅਧੀਨ ਮਸਾਦਾ ਦੇ ਸਾਕੇ ਵਿਚ ਯਹੂਦੀਆਂ ਨੇ ਲੜ ਕੇ ਮੁਕਾਬਲਾ ਕਰਨ ਨਾਲੋਂ ਆਤਮਘਾਤ ਨੂੰ ਤਰਜੀਹ ਦਿੱਤੀ। ਈਸਾਈ ਮਤ ਵਿਚ ਸ਼ਹੀਦੀ ਪਰੰਪਰਾ ਜੀਸਸ ਕ੍ਰਾਈਸਟ ਤੋਂ ਆਰੰਭ ਹੁੰਦੀ ਹੈ ਅਤੇ ਉਸ ਦੇ ਪੈਰੋਕਾਰ ਉਸ ਦੀ ਸ਼ਹੀਦੀ ਨੂੰ ਸਭ ਤੋਂ ਉੱਚੀ ਸ਼੍ਰੇਣੀ ਦੀ ਸ਼ਹੀਦੀ ਮੰਨਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜੀਸਸ ਨੇ ਇਸ ਸ਼ਹੀਦੀ ਨਾਲੋਂ ਮਨੁੱਖਤਾ ਦੇ ਬਾਬਾ ਆਦਮ ਰਾਹੀਂ ਕੀਤੇ ਗੁਨਾਹਾਂ ਦਾ ਪ੍ਰਾਸ਼ਚਿਤ ਕੀਤਾ, ਜਿਸ ਦਾ ਫਾਇਦਾ ਉਸ ਦੇ ਪੈਰੋਕਾਰਾਂ ਨੂੰ ਉਪਲਬਧ ਹੈ। ਜੀਸਸ ਦੇ ਪਦ-ਚਿੰਨ੍ਹਾਂ ’ਤੇ ਚੱਲਦਿਆਂ ਸ਼ਹੀਦੀ ਪ੍ਰਾਪਤ ਕਰਨਾ ਇਕ ਫ਼ਖਰ ਸਮਝਿਆ ਜਾਂਦਾ ਹੈ। ਇਹ ਕੋਈ ਫਰਜ਼ ਨਹੀਂ ਹੈ।

ਇਸਲਾਮ ਵਿਚ ਸ਼ਹਾਦਤ ਦਾ ਦਾਇਰਾ ਵਧੇਰੇ ਵਸੀਹ ਹੈ ਅਤੇ ਆਮ ਕਰਕੇ ਜਹਾਦ ਨਾਲ ਜੁੜਿਆ ਹੋਇਆ ਹੈ। ਸ਼ਹੀਦ ਸਚਾਈ ਅਤੇ ਆਪਣੇ ਵਿਸ਼ਵਾਸ ਖ਼ਾਤਰ ਯੁੱਧ ਕਰਦਾ ਹੈ ਅਤੇ ਜਾਨ ਕੁਰਬਾਨ ਕਰ ਕੇ ਦੂਸਰਿਆਂ ਲਈ ਰੋਲ ਮਾਡਲ ਬਣ ਜਾਂਦਾ ਹੈ। ਜਹਾਦੀ ਸ਼ਹੀਦ ਦੀ ਮੌਤ ਮਰਦਾ ਹੈ। ਜੇਕਰ ਉਹ ਰਣ ਵਿਚ ਮਰਦਾ ਵੀ ਨਹੀਂ, ਪਰ ਜਹਾਦ ਲਈ ਵਫ਼ਾਦਾਰ ਰਹਿੰਦਾ ਹੋਇਆ ਲੜਨ ਲਈ ਤਿਆਰ ਹੈ, ਉਸ ਨੂੰ ਸ਼ਹੀਦ ਹੀ ਸਮਝਿਆ ਜਾਂਦਾ ਹੈ। ਸ਼ਹੀਦ ਦੀ ਪਦਵੀ ਬਹੁਤ ਉੱਚੀ ਹੈ ਅਤੇ ਉਸ ਦੇ ਸਤਿਕਾਰ ਵਿਚ ਉਸ ਦਾ ਫਲ ਵੀ ਸੁਨਿਸ਼ਚਿਤ ਹੈ, ਜਿਹਾ ਕਿ:

ਖੂਨ ਦਾ ਪਹਿਲਾ ਕਤਰਾ ਡਿੱਗਣ ’ਤੇ ਉਸ ਦੇ ਸਾਰੇ ਗੁਨਾਹ ਬਖਸ਼ੇ ਜਾਂਦੇ ਹਨ।
ਬਹਿਸ਼ਤ ਵਿਚ ਅਸਥਾਨ ਅਤੇ ਸਿਰ ’ਤੇ ਤਾਜ।
72 ਕੁਆਰੀਆਂ ਹੂਰਾਂ।
72 ਰਿਸ਼ਤੇਦਾਰਾਂ ਨੂੰ ਬਖਸ਼ਣ ਦਾ ਅਧਿਕਾਰ ਆਦਿ।

ਸਿੱਖੀ ਵਿਚ ਸ਼ਹੀਦੀ ਦਾ ਸੰਕਲਪ ਬਿਲਕੁਲ ਵੱਖਰਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੱਬ ਪਿਆਰ ਦਾ ਮੁਜੱਸਮਾ ਹੈ। ਉਸ ਦੀ ਰਜ਼ਾ ਪਰਉਪਕਾਰੀ ਹੈ। ਉਸ ਦੇ ਪਿਆਰ ਦੇ ਪਾਤਰ ਬਣਨ ਲਈ ਉਸ ਦੀ ਰਜ਼ਾ ਨੂੰ ਸਮਝਣਾ ਤੇ ਉਸ ’ਤੇ ਚੱਲਣਾ ਜ਼ਰੂਰੀ ਹੈ ਅਤੇ ਉਸ ਦੀ ਰਜ਼ਾ ’ਚ ਰਹਿਣਾ ਮਨੁੱਖ ਦਾ ਧਰਮ ਹੈ। ਜੀਵਨ ਨੂੰ ਪਿਆਰ ਦੀ ਖੇਡ ਕਿਹਾ ਗਿਆ ਹੈ ਅਤੇ ਇਸੇ ਖੇਡ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੰਗਾਰਿਆ ਹੈ-

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਹ ਖੇਡ ਮਨੁੱਖਤਾ ਦੇ ਪ੍ਰੇਮ ਤੇ ਸੇਵਾ ਦੀ ਹੈ। ਇਹ ਖੇਡ ਮੁਕੰਮਲ ਸਮਰਪਣ ਮੰਗਦੀ ਹੈ, ਸਿਰ ਦੇਣ ਵਿਚ ਝਿਜਕ ਦੀ ਗੁੰਜਾਇਸ਼ ਨਹੀਂ ਹੈ। ਸੀਸ ਦੇਣਾ (ਸ਼ਹੀਦੀ) ਇਕ ਫਰਜ਼ ਹੈ। ਕਿਸੇ ਲਾਲਚ, ਕਿਸੇ ਇਨਾਮ ਦਾ ਸਵਾਲ ਹੀ ਨਹੀਂ ਉਠਦਾ। ਬਹਿਸ਼ਤ/ਸੁਰਗ ਵਰਗੀ ਕਿਸੇ ਚੀਜ਼ ਵਿਚ ਸਿੱਖ ਵਿਸ਼ਵਾਸ ਨਹੀਂ ਰੱਖਦਾ। ਸਿੱਖ ਤਾਂ ਗੁਰੂ ਪਰਮੇਸ਼ਰ ਦੇ ਚਰਨ-ਕਮਲਾਂ ਦਾ ਭੌਰਾ ਹੈ ਅਤੇ ਇਸ ਮੌਜ ਵਿਚ ਅੰਤ ਅਰ ਆਦਿ ਰਹਿੰਦਾ ਹੈ। ਇਹ ਕਹਿਣਾ ਵੀ ਜ਼ਰੂਰੀ ਹੈ ਕਿ ਸਿੱਖੀ ਕਿਸੇ ਅਜਿਹੇ ਗੁਨਾਹਾਂ ਵਿਚ ਵਿਸ਼ਵਾਸ ਨਹੀਂ ਰੱਖਦੀ, ਜੋ ਮਨੁੱਖ ਨੂੰ ਆਦਮ ਤੋਂ ਵਿਰਾਸਤ ਵਿਚ ਮਿਲੇ ਹਨ ਅਤੇ ਜਿਸ ਲਈ ਪਸ਼ਚਾਤਾਪ ਦੀ ਲੋੜ ਹੈ। ਮਨੁੱਖਾ-ਜਨਮ ਸਜ਼ਾ ਕੱਟਣ ਲਈ ਨਹੀਂ ਬਲਕਿ ‘ਗੋਬਿੰਦ ਮਿਲਣ ਕੀ ਬਰੀਆ’ ਹੈ। ਧਰਤੀ ਧਰਮਸਾਲ ਹੈ ਜਿਸ ਵਿਚ ‘ਹੁਕਮਿ ਰਜਾਈ’ ਨੂੰ ਪਛਾਣਿਆ ਜਾ ਸਕਦਾ ਹੈ ਅਤੇ ਉਸ ਵਿਚ ਪ੍ਰੇਮ ਦੀ ਖੇਡ ਖੇਡਦਿਆਂ ਜੀਵਨ ਮੁਕਤੀ ਪ੍ਰਾਪਤ ਹੋ ਸਕਦੀ ਹੈ।

ਜਾਨਵਰਾਂ ਦੀ ਕੁਰਬਾਨੀ

ਕੁਝ ਧਰਮਾਂ ਵਿਚ ਜਾਨਵਰਾਂ ਦੀ ਕੁਰਬਾਨੀ ਦਾ ਮਹੱਤਵਪੂਰਨ ਅਸਥਾਨ ਹੈ ਅਤੇ ਇਸ ਨੂੰ ਸ਼ਹਾਦਤ ਦਾ ਮੂਲ ਸਮਝਿਆ ਜਾਂਦਾ ਹੈ। ਨਾ ਸਿਰਫ਼ ਕਬਾਇਲੀ ਧਰਮਾਂ ਵਿਚ, ਬਲਕਿ ਕੁਝ ਵੱਡੇ ਧਰਮਾਂ ਵਿਚ ਵੀ ਜਿਹਾ ਕਿ ਯਹੂਦੀ ਧਰਮ ਅਤੇ ਹਿੰਦੂਆਂ ਵਿਚ ਦੇਵੀ ਅਤੇ ਨਾਥ ਮਤ ਵਿਚ ਕੁਰਬਾਨੀ ਇਸ਼ਟ ਨੂੰ ਪ੍ਰਸੰਨ ਕਰਨ ਦਾ ਪ੍ਰਵਾਨਿਤ ਢੰਗ ਹੈ। ਹੈਰਾਨੀ ਵਾਲੀ ਗੱਲ ਹੈ ਕਿ ਕੁਝ ਮਤ ਅਹਿੰਸਾ ਵਿਚ ਵਿਸ਼ਵਾਸ ਰੱਖਦੇ ਹੋਏ ਵੀ ਜਾਨਵਰਾਂ ਦੀ ਕੁਰਬਾਨੀ ਨੂੰ ਜਾਇਜ਼ ਕਰਾਰ ਦਿੰਦੇ ਹਨ। ਦੇਵੀ ਪਤਨ ਵਿਚ ਭੈਰੋ ਮੰਦਰ ਦੇ ਸਾਲਾਨਾ ਮੇਲੇ ਸਮੇਂ ਸੈਂਕੜਿਆਂ ਦੀ ਗਿਣਤੀ ਵਿਚ ਮੱਝਾਂ, ਬੱਕਰੀਆਂ ਅਤੇ ਸੂਰ ਕੁਰਬਾਨ ਕੀਤੇ ਜਾਂਦੇ ਹਨ ਅਤੇ ਖੂਨ ਦਾ ਟਿੱਕਾ ਨਾਥ ਅਤੇ ਹੋਰ ਸ਼ਰਧਾਲੂਆਂ ਨੂੰ ਲਗਾਇਆ ਜਾਂਦਾ ਹੈ। ਕਾਲਕੀ ਪੁਰਾਨ ਜੋ ਸਾਕਤ ਮਤ ਦੀ ਧਰਮ ਪੁਸਤਕ ਹੈ, ਵਿਚ ਆਦਮੀਆਂ ਦੀ ਕੁਰਬਾਨੀ ਦੇਣ ’ਤੇ ਵੀ ਇਕ ਅਧਿਆਇ ਹੈ। ਨਾਥ ਮਤ ਦੀਆਂ ਰਸਮਾਂ ਵੀ ਇਹੋ ਜਿਹੀਆਂ ਹੀ ਹਨ। ਗੋਰਖਨਾਥ ਦੀ ਦੇਣ ਇਹ ਹੈ ਕਿ ਉਸ ਨੇ ਆਦਮੀਆਂ ਦੀ ਥਾਂ ਜਾਨਵਰਾਂ ਦੀ ਕੁਰਬਾਨੀ ਪ੍ਰਚਲਤ ਕੀਤੀ। ਸਿੱਖੀ ਵਿਚ ਇਸ ਕਿਸਮ ਦੇ ਜੀਅ ਘਾਤ ਦੀ ਕੋਈ ਥਾਂ ਨਹੀਂ। ਗੁਰਬਾਣੀ ਇਸ ਦੀ ਨਿਖੇਧੀ ਕਰਦੀ ਹੈ:

ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ॥
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ॥ (ਪੰਨਾ 1103)

ਇਸ ਕਿਸਮ ਦੀ ਕੁਰਬਾਨੀ ਦਾ ਸ਼ਹੀਦੀ ਨਾਲ ਕੋਈ ਸੰਬੰਧ ਨਹੀਂ ਹੈ। ਇਹ ਕੁਰਬਾਨੀ ਆਪਣੇ ਸੁਆਰਥ ਦੀ ਪੂਰਤੀ ਲਈ ਕਿਸੇ ਦੇਵੀ-ਦੇਵਤੇ ਨੂੰ ਖੁਸ਼ ਕਰਨ ਲਈ ਜੀਅ ਘਾਤ ਰਾਹੀਂ ਦਿੱਤੀ ਜਾਂਦੀ ਹੈ। ਇਸ ਦੇ ਉਲਟ ਸਿੱਖੀ ਵਿਚ ਸ਼ਹਾਦਤ ਧਰਮ ਅਥਵਾ ਦੀਨ ਕੀ ਰੱਖਿਆ ਲਈ ਆਪਣਾ ਫਰਜ਼ ਸਮਝ ਕੇ ਦਿੱਤੀ ਜਾਂਦੀ ਹੈ।

ਸ਼ਹਾਦਤ ਨਿਸ਼ਕਾਮ ਹੈ ਅਤੇ ਸ਼ਹੀਦ ਆਪਣੀ ਜਾਨ ਕੁਰਬਾਨ ਕਰਦਾ ਹੈ, ਕਿਸੇ ਹੋਰ ਜੀਵ ਦੀ ਨਹੀਂ।

ਇਤਿਹਾਸਕ ਪਰਿਪੇਖ

ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ ਜਿਸ ਦੇ ਹਰ ਪਤਰੇ ਤੋਂ ਖੂਨ ਡੁਲ੍ਹਦਾ ਹੈ। ਗੁਰੂ ਸਾਹਿਬਾਨ ਨੇ ਜਿਥੇ ਪ੍ਰੇਮ ਖੇਲਣ ਲਈ ਤਲੀ ’ਤੇ ਸਿਰ ਧਰ ਕੇ ਨਿੱਤਰਨ ਲਈ ਵੰਗਾਰਿਆ ਹੈ, ਉਥੇ ਇਸ ’ਤੇ ਆਪ ਅਮਲ ਕਰ ਕੇ ਸ਼ਹੀਦੀ ਦਾ ਸਬਕ ਦ੍ਰਿੜ੍ਹ ਕਰਾਇਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਸਮੇਂ ਸਿੱਖੀ ਦਾ ਵਧਦਾ ਰਸੂਖ ਜਹਾਂਗੀਰ ਨੂੰ ਨਾ ਭਾਇਆ। ਉਸ ਨੇ ਇਸ ਨੂੰ ਇਸਲਾਮ ਧਰਮ ਅਤੇ ਉਸ ਦੀ ਆਪਣੀ ਸਲਤਨਤ ਨੂੰ ਚੈਲੰਜ ਜਾਣਿਆ। ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਕੇ ਹਫਤਾ-ਭਰ ਤਸੀਹੇ ਦਿੱਤੇ, ਤਾਂ ਕਿ ਗੁਰੂ ਜੀ ਆਪਣਾ ਧਰਮ ਤਿਆਗ ਕੇ ਇਸਲਾਮ ਕਬੂਲ ਕਰ ਲੈਣ, ਪਰੰਤੂ ਗੁਰੂ ਜੀ ਅਡੋਲ ਡਟੇ ਰਹੇ ਅਤੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਾ ਜਾਮ ਪੀ ਗਏ। ਇਹੋ ਕਹਾਣੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਮੇਂ ਦੁਹਰਾਈ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਸਰਬੰਸਦਾਨੀ ਹੋ ਨਿਬੜੇ। ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਜੀ ਵੀ ਸ਼ਹੀਦੀ ਨੂੰ ਪ੍ਰਾਪਤ ਹੋਏ। ਸ਼ਹੀਦੀ ਪਰੰਪਰਾ ਦੀ ਨੀਂਹ ਪੱਕੀ ਹੋ ਗਈ। ਗੁਰੂ ਸਾਹਿਬਾਨ ਦੀ ਨਿੱਜੀ ਮਿਸਾਲ ਤੇ ਪ੍ਰੇਰਨਾ ਲੈ ਕੇ ਅਨੇਕਾਂ ਸਿੰਘ, ਸਿੰਘਣੀਆਂ ਅਤੇ ਬੱਚੇ ਸ਼ਹੀਦੀਆਂ ਪਾ ਗਏ। ਉਨ੍ਹਾਂ ਨੂੰ ਹਰ ਸਿੱਖ ਹਰ ਰੋਜ਼ ਸਵੇਰੇ-ਸ਼ਾਮ ਅਰਦਾਸ ਵਿਚ ਯਾਦ ਕਰਦਾ ਹੈ ਅਤੇ ਸ਼ਰਧਾ ਭੇਟ ਕਰਦਾ ਹੈ। ਪੰਜ ਪਿਆਰੇ, ਚਾਲ੍ਹੀ ਮੁਕਤੇ, ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ 700 ਸਾਥੀ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਬੋਤਾ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਬਾਬਾ ਤਾਰਾ ਸਿੰਘ ਜੀ, ਸ. ਹਰੀ ਸਿੰਘ ਨਲੂਆ, ਬਾਬਾ ਫੂਲਾ ਸਿੰਘ ਜੀ ਅਤੇ ਹੋਰ ਅਨਗਿਣਤ ਸਿੰਘਾਂ ਦੇ ਨਾਉਂ ਸਿੱਖ ਇਤਿਹਾਸ ਵਿਚ ਸਿਤਾਰਿਆਂ ਵਾਂਗ ਚਮਕ ਰਹੇ ਹਨ। ਸਚਾਈ ਦੀ ਜੰਗ ਜਾਰੀ ਰਹੀ ਹੈ ਅਤੇ ਰਹਿੰਦੀ ਦੁਨੀਆਂ ਤਕ ਜਾਰੀ ਰਹੇਗੀ ਅਤੇ ਗੁਰੂ ਕੇ ਸਿੱਖ ਸਚਾਈ ਵਾਲੇ ਪਾਸੇ ਜੂਝਦੇ ਰਹਿਣਗੇ। ਸ਼ਹੀਦਾਂ ਦੀ ਲੜੀ ਖ਼ਤਮ ਨਹੀਂ ਹੋਈ, ਇਹ ਲੰਮੀ ਹੁੰਦੀ ਰਹੇਗੀ ਅਤੇ ਕੌਮ ਦਾ ਸਿਰ ਉੱਚਾ ਹੁੰਦਾ ਰਹੇਗਾ।

ਸਿੱਟਾ

ਸ਼ਹਾਦਤ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਹੈ। ਸ਼ਹਾਦਤ ਦਾ ਸਿੱਖ ਸੰਕਲਪ ਉੱਚਤਮ ਅਤੇ ਬੇਮਿਸਾਲ ਹੈ। ਸ਼ਹੀਦੀ ਦਾ ਸਬਕ ਗੁਰੂ ਸਾਹਿਬਾਨ ਨੇ ਨਿੱਜੀ ਮਿਸਾਲ ਰਾਹੀਂ ਦ੍ਰਿੜ੍ਹ ਕਰਾਇਆ ਹੈ। ਗੁਰੂ ਸਾਹਿਬਾਨ ਦੀ ਪ੍ਰੇਰਨਾ ਸਦਕਾ ਸਿੱਖਾਂ ਨੇ ਅਨਗਿਣਤ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਅਸੀਂ ਆਪਣੇ ਸ਼ਹੀਦਾਂ ’ਤੇ ਜਿੰਨਾ ਵੀ ਫਖ਼ਰ ਕਰੀਏ, ਥੋੜ੍ਹਾ ਹੈ। ਸ਼ਹੀਦ ਆਪਣੀ ਮੌਤ ਰਾਹੀਂ ਕੌਮ ਨੂੰ ਜੀਵਨ ਬਖਸ਼ਦਾ ਹੈ (ਸ਼ਹੀਦ ਕੀ ਜੋ ਮੌਤ ਹੈ, ਵੁਹ ਕੌਮ ਦੀ ਹਯਾਤ ਹੈ- ਇਕਬਾਲ)। ਅਸੀਂ ਅਰਦਾਸ ਵਿਚ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਗੁਰਪੁਰਵਾਸੀ ਡਾ: ਖੜਕ ਸਿੰਘ (1922 –2008) ਉੱਘੇ ਸਿੱਖ ਵਿਦਵਾਨ ਸਨ। ਡਾ: ਖੜਕ ਸਿੰਘ ਦਾ ਜਨਮ 12 ਨਵੰਬਰ 1922 ਨੂੰ ਪਿੰਡ ਰਈਆ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ, ਭਾਰਤ ਵਿਖੇ ਹੋਇਆ ਸੀ। ਇੱਕ ਸੱਚੇ ਗੁਰਸਿੱਖ ਹੋਣ ਦੇ ਨਾਤੇ, ਉਹ ਸਿੱਖਾਂ ਦੇ ਧਰਮ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਦਾ ਪ੍ਰਸਾਰ ਕਰਨ ਵਿੱਚ ਹਮੇਸ਼ਾ ਲੱਗੇ ਰਹੇ। ਉਹ ਧਰਮ ਪ੍ਰਚਾਰ ਕਮੇਟੀ, ਐਸ.ਜੀ.ਪੀ.ਸੀ., ਅੰਮ੍ਰਿਤਸਰ ਦੇ ਮੈਂਬਰ ਸਨ, ਅਤੇ ਸਿੱਖਾਂ ਅਤੇ ਉਹਨਾਂ ਦੇ ਵਿਸ਼ਵਾਸ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਲਈ ਇਸ ਦੁਆਰਾ ਬਣਾਈ ਗਈ ਹਰ ਕਮੇਟੀ ਵਿੱਚ ਉਹਨਾਂ ਦਾ ਨਾਮ ਪ੍ਰਮੁੱਖਤਾ ਨਾਲ ਲਿਖਿਆ ਗਿਆ ਸੀ। ਡਾ: ਖੜਕ ਸਿੰਘ ਉੱਘੇ ਲੇਖਕ ਸਨ, ਉਨ੍ਹਾਂ ਨੇ ਕਈ ਕਿਤਾਬਾਂ ਅਤੇ ਚੰਗੀ ਤਰ੍ਹਾਂ ਖੋਜ ਕੀਤੇ ਲੇਖਾਂ ਨੂੰ ਸੰਪਾਦਿਤ ਅਤੇ ਲਿਖ ਕੇ ਛਾਪਿਆ ਹੈ, ਉਹਨਾਂ ਮੁੱਦਿਆਂ ਨੂੰ ਉਜਾਗਰ ਕਰਦੇ ਹੋਏ ਜਿਨ੍ਹਾਂ ਨੂੰ ਹੱਲ ਕਰਨ ਦੀ ਜ਼ਰੂਰਤ ਸੀ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਸੰਸਥਾਵਾਂ ਦੀ ਸਥਾਪਨਾ ਕੀਤੀ ਹੈ। ਸੰਖੇਪ ਵਿੱਚ, ਗੁਰੂ ਸਾਹਿਬਾਨ ਦੁਆਰਾ ਪ੍ਰਚਾਰੇ ਗਏ ਸਿੱਖ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ, ਪ੍ਰਫੁੱਲਤ ਕਰਨ ਅਤੇ ਪ੍ਰਸਾਰਿਤ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ, ਜੋ ਸਿੱਖ ਪੰਥ ਨੂੰ ਖਾਸ ਤੌਰ 'ਤੇ ਅਤੇ ਆਮ ਤੌਰ 'ਤੇ ਮਾਨਵਤਾ ਨੂੰ ਇਸਦੀ ਸ਼ਾਨ ਵੱਲ ਵਧਣ ਵਿੱਚ ਸਹਾਇਤਾ ਕਰੇਗਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)