ਸਿੱਖ ਕੌਮ ਦਾ ਜਨਮ ਹੀ ਬ੍ਰਾਹਮਣਵਾਦ, ਜ਼ਾਲਮ ਮੁਗ਼ਲ ਰਾਜ, ਦੇਸ਼ ਨੂੰ ਵਿਦੇਸ਼ੀ ਜਰਵਾਣਿਆਂ ਤੋਂ ਸੁਤੰਤਰ ਕਰਵਾਉਣ ਤੇ ਛੂਤ-ਛਾਤ, ਊਚ-ਨੀਚ, ਫੋਕੇ ਕਰਮ-ਕਾਂਡਾਂ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਲਈ ਹੋਇਆ ਸੀ। ਭਾਰਤ ਦੇਸ਼ ਆਪਣੇ ਵਸਨੀਕਾਂ ਦੀ ਅਨੈਤਿਕਤਾ, ਚਰਿੱਤ੍ਰਹੀਣਤਾ, ਆਪਸੀ ਫੁੱਟ ਅਤੇ ਆਪੋ-ਧਾਪੀ ਕਾਰਨ ਦੋ ਹਜ਼ਾਰ ਸਾਲਾਂ ਤੋਂ ਕਦੇ ਸ਼ੱਕਾਂ, ਕਦੇ ਹੂਨਾਂ ਦਾ, ਕਦੇ ਗੌਰੀਆਂ ਤੇ ਗ਼ਜ਼ਨਵੀਆਂ ਦਾ, ਕਦੇ ਖਿਲਜੀਆਂ ਤੇ ਤੁਗਲਕਾਂ ਦਾ, ਕਦੇ ਫਰਾਂਸੀਸੀਆਂ ਦਾ, ਕਦੇ ਲੋਧੀਆਂ ਤੇ ਮੁਗ਼ਲਾਂ ਦਾ, ਪੁਰਤਗੇਜ਼ੀਆਂ ਤੇ ਅੰਗਰੇਜ਼ਾਂ ਦਾ ਗ਼ੁਲਾਮ ਹੁੰਦਾ ਆ ਰਿਹਾ ਸੀ। ਇਹ ਮਾਸ਼ਕੀਆਂ ਤੇ ਗ਼ੁਲਾਮਾਂ ਦਾ ਵੀ ਗ਼ੁਲਾਮ ਹੋ ਚੁੱਕਾ ਸੀ। ਇਸ ਲੰਬੀ ਗ਼ੁਲਾਮੀ ਨੇ ਇਸ ਦੇਸ਼ ਦੀ ਬੀਰਤਾ, ਅਣਖ ਤੇ ਗ਼ੈਰਤ ਨੂੰ ਸਿਥਲ ਕਰ ਕੇ ਰੱਖ ਦਿੱਤਾ ਸੀ। ਇਸ ਦੇਸ਼ ਦੇ ਹਿੰਦੂ ਤੀਰਥਾਂ ਤੇ ਧਰਮ ਅਸਥਾਨਾਂ ਦੀ ਬੇ-ਹੁਰਮਤੀ ਕੀਤੀ ਜਾਣ ਲੱਗੀ। ਪੂਜਣਯੋਗ ਭਾਰਤੀ ਮਹਾਂਪੁਰਖਾਂ ਤੇ ਭਗਵਾਨਾਂ ਦੀਆਂ ਮੂਰਤੀਆਂ ਨੂੰ ਤੋੜ- ਮਰੋੜ, ਫੋੜ, ਠੁੱਡੇ ਮਾਰ ਕੇ ਅਪਮਾਨਿਤ ਕੀਤਾ ਜਾਂਦਾ ਰਿਹਾ। ਇਸ ਦੇਸ਼ ਦੀ ਧਨ ਸੰਪਤੀ ਊਠਾਂ, ਬੈਲ-ਗੱਡੀਆਂ, ਖੱਚਰਾਂ ਅਤੇ ਖੋਤਿਆਂ ਉੱਤੇ ਲੱਦ ਕੇ ਦੇਸ਼ ਵਿੱਚੋਂ ਲੁੱਟ ਕੇ ਲੈ ਜਾਈ ਜਾਂਦੀ ਰਹੀ। ਭਾਰਤ ਦੀਆਂ ਸੁੰਦਰੀਆਂ ਨੂੰ ਸੰਸਾਰ ਭਰ ਵਿਚ ਤੋਹਫਿਆਂ ਵਜੋਂ ਭੇਜਿਆ ਜਾਂਦਾ ਰਿਹਾ ਹੈ ਅਤੇ ਗ਼ਜ਼ਨੀ ਦੇ ਬਜ਼ਾਰਾਂ ਵਿਚ ਲੈ ਜਾ ਕੇ ਟਕੇ-ਟਕੇ ’ਤੇ ਵੇਚਿਆ ਜਾਂਦਾ ਰਿਹਾ, ਪਰ ਦੇਸ਼ ਵਿੱਚੋਂ ਜ਼ਬਰ ਤੇ ਅੱਤਿਆਚਾਰ ਵਿਰੁੱਧ ਕੋਈ ਕੁਸਕ ਸਕਣ ਦੀ ਵੀ ਜ਼ੁਰਅਤ ਨਾ ਕਰ ਸਕਿਆ।
ਗੈਰ-ਮੁਸਲਮਾਨਾਂ ਨੂੰ ਇਕ ਗ਼ੈਰਤਹੀਣ ਤੇ ਜ਼ਿੱਲਤ ਭਰਪੂਰ ਜੀਵਨ ਜੀਊਣ ਲਈ ਮਜ਼ਬੂਰ ਹੋਣਾ ਪਿਆ। ਮੁਗ਼ਲਾਂ ਦੀ ਗ਼ੁਲਾਮੀ ਬਾਰੇ ਕੁਝ ਕੁ ਇਸ਼ਾਰਾ ਚੌਦਵੀਂ ਸਦੀ ਦੇ ਮੁਸਲਿਮ ਹਾਕਮ ਅਲਾਉਦੀਨ ਖਿਲਜੀ ਵੱਲੋਂ ਆਪਣੇ ਕਾਜ਼ੀ ਨੂੰ ਪੁੱਛੇ ਇਕ ਸਵਾਲ ਦੇ ਜੁਆਬ ਵਿੱਚੋਂ ਮਿਲਦਾ ਹੈ।
ਸਵਾਲ ਸੀ ਕਿ ਸ਼ਰੀਅਤ ਮੁਤਾਬਕ ਮੁਸਲਮਾਨਾਂ ਨੂੰ ਹਿੰਦੂਆਂ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ। ਕਾਜ਼ੀ ਦਾ ਜਵਾਬ ਸੀ ਕਿ “ਹਿੰਦੂ ਬਿਲਕੁਲ ਮਿੱਟੀ ਬਰਾਬਰ ਹਨ। ਜੇ ਮੁਸਲਮਾਨ ਇਸ ਮਿੱਟੀ ਪਾਸੋਂ ਚਾਂਦੀ ਮੰਗਣ ਤਾਂ ਇਸ ਨੂੰ ਨਿਮਰਤਾ ਸਹਿਤ ਸੋਨਾ ਉਗਲਣਾ ਚਾਹੀਦਾ ਹੈ। ਅੱਲ੍ਹਾ ਨੇ ਹਿੰਦੂਆਂ ਨੂੰ ਗ਼ੁਲਾਮਾਂ ਵਜੋਂ ਬਣਾਇਆ ਹੈ ਅਤੇ ਉਸ ਦਾ ਫੁਰਮਾਨ ਹੈ ਕਿ ਜੇ ਹਿੰਦੂ ਆਪਣੇ ਆਪ ਇਸਲਾਮ ਕਬੂਲ ਨਾ ਕਰੇ ਤਾਂ ਇਸ ਨੂੰ ਬੰਦੀ ਬਣਾ ਕੇ ਤਸੀਹੇ ਦਿੱਤੇ ਜਾਣ ਤੇ ਅੰਤ ਮਾਰ ਦਿੱਤਾ ਜਾਵੇ।” ਅਲਾਉਦੀਨ ਖਿਲਜੀ ਦੇ ਰਾਜ ਵਿਚ ਇਹੋ ਕੁਝ ਪਹਿਲਾਂ ਹੋ ਰਿਹਾ ਸੀ।
ਗੋਕਲ ਚੰਦ ਨਾਰੰਗ ਲਿਖਦਾ ਹੈ:-
ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਅਤੇ ਕਾਫ਼ੀ ਸਮਾਂ ਬਾਅਦ ਤਕ ਵੀ ਇਤਿਹਾਸ ਵਿਚ ਇਕ ਵੀ ਐਸੇ ਹਿੰਦੂ ਦਾ ਨਾਮ ਨਹੀਂ ਮਿਲਦਾ ਜਿਸ ਨੇ ਆਪਣੀ ਕੌਮ ਪ੍ਰਤੀ ਹੁੰਦੇ ਆ ਰਹੇ ਜ਼ੁਲਮ ਵਿਰੁੱਧ ਅਵਾਜ਼ ਤਕ ਉਠਾਈ ਹੋਵੇਗੀ।
ਕਾਜ਼ੀ ਰਿਸ਼ਵਤ ਤੋਂ ਬਿਨਾਂ ਇਨਸਾਫ ਨਹੀਂ ਕਰਦੇ ਸਨ। ਬ੍ਰਾਹਮਣ ਵੱਲੋਂ ਸ਼ੂਦਰਾਂ ਨੂੰ ਭ੍ਰਿਸ਼ਟ ਕਹਿ ਕੇ ਮੰਦਰਾਂ ਵਿਚ ਵੜਨ ਨਹੀਂ ਦਿੱਤਾ ਜਾਂਦਾ ਸੀ। ਇਸਤਰੀ ਨੂੰ ਸੂਤਕ ਕਿਹਾ ਜਾਂਦਾ ਸੀ। ਗੁਰੂ ਸਾਹਿਬਾਨ ਦਾ ਸਮਾਂ 1469 ਤੋਂ ਲੈ ਕੇ 1708 ਈ: ਦਾ ਸੀ। ਇਸ ਸਮੇਂ ਦੌਰਾਨ ਸਿੱਖ ਧਰਮ ਦੀਆਂ ਸਮਕਾਲੀ ਤਾਕਤਾਂ ਅਖੌਤੀ ਇਸਲਾਮ ਅਤੇ ਅਖੌਤੀ ਬ੍ਰਾਹਮਣਵਾਦ ਸਨ। ਇਸ ਅਵਸਥਾ ਵਿਚ ਝੂਠ, ਪਾਪ, ਬੇਇਮਾਨੀ, ਠੱਗੀ, ਚੋਰੀ ਅਤੇ ਲੁੱਟ-ਖਸੁੱਟ, ਫਿਰਕਾਪ੍ਰਸਤੀ, ਊਚ-ਨੀਚ (ਗ਼ੁਲਾਮੀ) ਦਾ ਬੋਲਬਾਲਾ ਸੀ। ਇਸ ਤਰ੍ਹਾਂ ਨਾਲ ਇਨ੍ਹਾਂ ਦੋਵਾਂ ਸ਼ਕਤੀਆਂ ਦੀ ਪ੍ਰਭੂਸੱਤਾ ਵਿਚ ਮਨੁੱਖੀ ਹਿਤਾਂ ਅਤੇ ਸੁਤੰਤਰਤਾ ਦਾ ਘਾਣ ਹੋ ਰਿਹਾ ਸੀ। ਸਿੱਖ ਧਰਮ ਨੇ ਇਨ੍ਹਾਂ ਦੋਹਾਂ ਹੀ ਫਿਰਕਿਆਂ ਦੇ ਸਿਧਾਤਾਂ ਨੂੰ ਰੱਦ ਕਰਨ ਦਾ ਸੰਕਲਪ ਕੀਤਾ।
ਲਹਿਰ ਦਾ ਅਰੰਭ:
ਭਾਰਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ 1526 ਤਕ ਪੂਰੇ 815 ਸਾਲਾਂ ਤਕ ਇਹ ਜ਼ੁਲਮ ਹੁੰਦੇ ਰਹੇ। ਬਾਬਰ ਦਾ ਹਮਲਾ ਭਾਰਤ ਉੱਤੇ ਕੀਤੇ ਖ਼ੂਨੀ ਹਮਲੇ ਦੀ ਗਵਾਹੀ ਭਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਹੀ ਪਹਿਲੇ ਗੁਰੂ ਸਨ, ਜਿਨ੍ਹਾਂ ਨੇ 1528 ਈ: ਵਿਚ ਵਕਤ ਦੇ ਮੀਰ ਬਾਬਰ ਨੂੰ ਜਾਬਰ ਆਖਿਆ ਤੇ ਉਸ ਦੀ ਹਕੂਮਤ ਨੂੰ ਬੁੱਚੜਾਂ ਦੀ ਹਕੂਮਤ ਕਹਿ ਕੇ ਇਸ ਜ਼ੁਲਮ ਵਿਰੁੱਧ ਅਵਾਜ਼ ਉਠਾਈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੇਲ੍ਹ ਵਿਚ ਚੱਕੀ ਪੀਹਣੀ ਪਈ, ਪਰ ਉਨ੍ਹਾਂ ਨੇ ਦੇਸ਼ ਵਾਸੀਆਂ ਦੇ ਦਿਲ ਵਿਚ ਛਾਏ ਹੋਏ ਗ਼ੁਲਾਮੀ ਦੇ ਡਰ ਦੀ ਭਾਵਨਾ ਨੂੰ ਖਤਮ ਕਰਦਿਆਂ ਸੁਤੰਤਰਤਾ ਦਾ ਅਹਿਸਾਸ ਕਰਵਾਇਆ ਅਤੇ ਸਮੇਂ ਦੀ ਹਕੂਮਤ ਵਿਰੁੱਧ ਬਾਣੀ ਦੇ ਸਲੋਕਾਂ ਰਾਹੀਂ ਦੇਸ਼ ਦੇ ਕੋਨੇ-ਕੋਨੇ ਵਿਚ ਖ਼ਬਰ ਕੀਤੀ ਤੇ ਲੋਕਾਂ ਵਿਚ ਸੁਤੰਤਰਤਾ ਦੇ ਜਜ਼ਬੇ ਦੀ ਜੋਤੀ ਪ੍ਰਜਵੱਲਿਤ ਕਰ ਦਿੱਤੀ। ਅਕਬਰ ਵੇਲੇ ਅਣਖੀਲੇ ਰਾਜਪੂਤ ਵੀ ਆਪਣੀਆਂ ਧੀਆਂ-ਭੈਣਾਂ ਦੇ ਡੋਲੇ ਆਪਣੇ ਮੋਢਿਆਂ ’ਤੇ ਰੱਖ ਮੁਸਲਿਮ ਹਾਕਮਾਂ ਦੇ ਦਰਾਂ ’ਤੇ ਆਪ ਛੱਡ ਕੇ ਆਉਂਦੇ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਇਸਤਰੀਆਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ। ਕਾਬਲ, ਗਜ਼ਨੀ ਅਤੇ ਮੱਧ ਏਸ਼ੀਆ ਦੇ ਬਜ਼ਾਰਾਂ ਵਿਚ ਸ਼ਰ-ਏ-ਆਮ ਟਕੇ-ਟਕੇ ਵੇਚਿਆ ਜਾਂਦਾ ਰਿਹਾ।(ਇਕ ਰੁਪਏ ਵਿਚ ਬੱਤੀ ਟਕੇ ਹੁੰਦੇ ਸਨ। ਰੁਪਏ ਦੀਆਂ 32 ਇਸਤਰੀਆਂ) ਇਸ ਜ਼ਿੱਲਤ ਦੇ ਚਿੱਕੜ ਵਿਚ ਫਸੇ ਲੋਕਾਂ ਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਝੰਜੋੜਦਿਆਂ ਫੁਰਮਾਇਆ:
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥(ਪੰਨਾ 142)
ਬੇਇੱਜ਼ਤੀ ਦੀ ਜ਼ਿੰਦਗੀ ਜੀਊਣ ਨਾਲੋਂ ਮਰ ਜਾਣਾ ਹੀ ਚੰਗਾ ਹੈ। ਸਮਾਨਤਾ ਤੇ ਸਵੈਮਾਨ ’ਤੇ ਆਧਾਰਿਤ ਹੱਕ ਤੇ ਇਨਸਾਫ਼ ਸਿੱਖ ਸਿਧਾਂਤ ਦੇ ਮੂਲਕ ਅਸੂਲ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਮੱਧਕਾਲ ਵਿਚ ਪਹਿਲੇ ਕ੍ਰਾਂਤੀਕਾਰੀ, ਸਮਾਜ ਸੁਧਾਰਕ ਭਾਰਤੀ ਚਿੰਤਕ ਸਨ ਜਿਨ੍ਹਾਂ ਨੇ ਸ਼ਾਂਤਮਈ ਤਰੀਕੇ ਨਾਲ ਤਰਕਵਾਦੀ ਵਿਧੀ ਰਾਹੀਂ ਮਨੁੱਖਤਾ ਵਿਚ ਭਾਈਚਾਰਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਕ੍ਰਾਂਤੀ ਲਿਆਂਦੀ। ਉਨ੍ਹਾਂ ਨੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਜ਼ਿੰਮੇਵਾਰੀਆਂ ਨੂੰ ਸੁਮੇਲ ਕੇ ਇਕ ਨਵੀਂ ਵਿਵਸਥਾ ਸਥਾਪਿਤ ਕੀਤੀ ਜੋ ਰੂਹਾਨੀ ਖੇਤਰ ਨੂੰ ਵੀ ਅਤੇ ਦੁਨਿਆਵੀ ਖੇਤਰ ਵੀ (ਜਿਸ ਵਿਚ ਰਾਜਸੀ ਸੁਤੰਤਰਤਾ ਦਾ ਸੰਕਲਪ ਵੀ ਸ਼ਾਮਲ ਹੈ) ਨੂੰ ਵੀ ਕਲਾਵੇ ਵਿਚ ਲੈਂਦੀ ਸੀ। ਉਨ੍ਹਾਂ ਨੇ ਇਕ ਅਜਿਹੇ ਇਨਕਲਾਬ ਦਾ ਅਰੰਭ ਕੀਤਾ ਜੋ ਲੁਟੇਰਿਆਂ ਤੇ ਜ਼ਾਲਮਾਂ ਨੂੰ ਲਿਤਾੜਨ ਅਤੇ ਗਰੀਬਾਂ ਅਤੇ ਮਸਕੀਨਾਂ ਨੂੰ ਉਭਾਰਨ ਦੇ ਸਮਰੱਥ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਵਿਚ ਸ਼ਹਾਦਤ ਦੀ ਪਰਪਾਟੀ ਚਲਾਈ।
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੁਰਬਾਨੀ ਅਤੇ ਸ਼ਹਾਦਤ ਦੇ ਇਹ ਸੰਕਲਪ ਬਾਅਦ ਵਿਚ ਖਾਲਸੇ ਦੀ ਨੀਂਹ ਬਣੇ।
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ (ਪੰਨਾ 579)
ਇਨ੍ਹਾਂ ਵਿਚਾਰਾਂ ਰਾਹੀਂ ਕੁਰਬਾਨੀ ਦੀ ਭਾਵਨਾ ਪੈਦਾ ਕਰ ਕੇ ਸਿੱਖ ਮਤ ਵਿਚ ਸਵੈਮਾਣ ਦੀ ਸੁਤੰਤਰਤਾ ਨੂੰ ਕਾਇਮ ਰੱਖਣ ਦਾ ਉਪਦੇਸ਼ ਦਿੱਤਾ। ਗੁਰਮੁਖ ਦਾ ਜਨਮ ਅੱਤ ਦੇ ਖ਼ਿਲਾਫ਼ ਹੋਇਆ ਹੈ। ਗੁਰੂ ਸਾਹਿਬਾਨ ਨੇ ਰਾਜਿਆਂ ਨੂੰ ਸਿਰਫ਼ ਇੱਕੋ ਗੱਲ ਹੀ ਕਹੀ ਸੀ ਕਿ ਸੁਤੰਤਰਤਾ ਲਈ ਰਾਜ-ਸ਼ਕਤੀ ਨੂੰ ਲੋਕ-ਸ਼ਕਤੀ ਅੱਗੇ ਸਮਰਪਿਤ ਕਰਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਦਾ ਖੰਡਨ ਕੀਤਾ ਅਤੇ ਕਿਹਾ
“ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥”
ੴ ਰਾਹੀਂ ਇਕ ਈਸ਼ਵਰ ਦਾ ਸੰਕਲਪ ਦਿੱਤਾ ਜੋ ਸਾਰਿਆਂ ਅੰਦਰ ਵਸਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ
‘ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥’
ਰਾਹੀਂ ਗੁਣੀ ਰਾਜੇ ਨੂੰ ਤਖਤ ’ਤੇ ਬੈਠਣ ਦਾ ਧਾਰਨੀ ਬਣਾਇਆ ਅਤੇ ਬ੍ਰਾਹਮਣਾਂ ਨੂੰ ਪਖੰਡ, ਊਚ-ਨੀਚ ਦੀ ਭਾਵਨਾ ਤਿਆਗ ਕੇ ਮਨੁੱਖੀ ਸਮਾਨਤਾ ਤੇ ਸੁਤੰਤਰਤਾ ਦਾ ਉਪਦੇਸ਼ ਦਿੱਤਾ। ਉਨ੍ਹਾਂ ਦੇ ਗੁਰਬਾਣੀ ਵਿਚਲੀ ਨੈਤਿਕਤਾ ਦੀ ਧਾਰਨਾ ਮਨੁੱਖੀ ਸੁਤੰਤਰਤਾ ਨਾਲ ਜੁੜੀ ਹੋਈ ਹੈ। ਉਹ ਧਾਰਮਿਕ ਖੇਤਰ ਵਿਚ ਲੋਕਤੰਤਰ ਦੇ ਹਾਮੀ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖੀ ਸਮਾਨਤਾ ਤੇ ਸੁਤੰਤਰਤਾ ਦੇ ਪੁਰਜ਼ੋਰ ਹਮਾਇਤੀ ਸਨ।
ਸਮਾਨਤਾ ਤੋਂ ਬਿਨਾਂ ਸੁਤੰਤਰਤਾ ਵਿਵਹਾਰਕ ਰੂਪ ਵਿਚ ਨਹੀਂ ਮਾਣੀ ਜਾ ਸਕਦੀ। ਮੈਕਾਲਿਫ, ਭਾਈ ਕਾਨ੍ਹ ਸਿੰਘ ਨਾਭਾ ਅਤੇ ਪ੍ਰਿੰਸੀਪਲ ਤੇਜਾ ਸਿੰਘ ਵਰਗੇ ਵਿਦਵਾਨ ਲਿਖਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਕ੍ਰਾਂਤੀਕਾਰੀ ਸਨ।
ਸਭੇ ਸਾਝੀਵਾਲ ਸਦਾਇਨਿ . . .॥ (ਪੰਨਾ 97)
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋ ਪੁੱਤਰਾਂ ਨੂੰ ਛੱਡ ਕੇ ਭਾਈ ਲਹਿਣਾ ਜੀ ਨੂੰ ਗੱਦੀ ਦੇ ਕੇ ਲੋਕਤੰਤਰ ਦਾ ਮੁੱਢ ਬੰਨਿਆ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖਾਂ ਦੀ ਸਰੀਰਿਕ ਕਸਰਤ ਅਤੇ ਘੋਲ ਲਈ ਅਖਾੜੇ ਕਾਇਮ ਕੀਤੇ। ਲੰਗਰ ਦੀ ਰਸਮ ਰਾਹੀਂ ਜਾਤਾਂ ਤੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਬੈਠ ਕੇ ਪਰਸ਼ਾਦਾ ਛਕਾਉਣਾ ਸ਼ੁਰੂ ਕੀਤਾ। ਇਹ ਉਨ੍ਹਾਂ ਪਖੰਡੀਆਂ ਲਈ ਵੰਗਾਰ ਸੀ ਜੋ ਲੋਕਾਂ ਨੂੰ ਵੰਡਣਾ ਚਾਹੁੰਦੇ ਸਨ। ਰਣ-ਭੂਮੀ ਵਿਚ ਮੌਤ ਨੂੰ ਕਬੂਲ ਕਰਨ ਸਬੰਧੀ ਗੁਰੂ ਸਾਹਿਬ ਦੇ ਸ਼ਬਦ ਮਨੁੱਖੀ ਸੁਤੰਤਰਤਾ ਲਈ ਦਲੇਰੀ ਦਾ ਸੰਕਲਪ ਪੈਦਾ ਕਰਦੇ ਸਨ।
ਸ੍ਰੀ ਗੁਰੂ ਅਮਰਦਾਸ ਜੀ ਜਦੋਂ ਜਮਨਾ ਅਤੇ ਗੰਗਾ ਨਦੀ ’ਤੇ ਗਏ ਤਾਂ ਜਜ਼ੀਆ ਲੈਣ ਵਾਲੀ ਮੌਕੇ ਦੀ ਹਕੂਮਤ ਵੱਲੋਂ ਨੀਯਤ ਕੀਤਾ ਗਿਆ ਤੀਰਥ ਯਾਤਰੀ ਸਰਕਾਰੀ ਜਜ਼ੀਆ ਜੋ ਹਰ ਗੈਰ ਮੁਸਲਮਾਨ ਯਾਤਰੀ ਨੂੰ ਭਰਨਾ ਪੈਂਦਾ ਸੀ, ਦਾ ਵਿਰੋਧ ਕਰਦਿਆਂ ਇਸ ਨੂੰ ਜ਼ਬਰ ਤੇ ਗ਼ੁਲਾਮੀ ਦੱਸਦਿਆਂ ਜਜ਼ੀਆ ਦੇਣ ਤੋਂ ਇਨਕਾਰ ਕਰ ਦਿੱਤਾ। ਹਾਕਮਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਜਜ਼ੀਆ ਹਟਾ ਦਿੱਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਯਾਤਰੀ ਜਜ਼ੀਆ ਦੇਣ ਤੋਂ ਇਨਕਾਰ ਕਰ ਕੇ ਮਨੁੱਖ ਦੀ ਸੁਤੰਤਰਤਾ ਅਤੇ ਸਵੈਮਾਣ ਨੂੰ ਕਾਇਮ ਰੱਖਣ ਲਈ ਸਰਕਾਰ ਅੱਗੇ ਗੋਡੇ ਨਹੀਂ ਟੇਕੇ। ਸਿੱਖ ਸੰਗਤਾਂ ਨੂੰ ਨਰੋਏ ਰੂਪ ਵਿਚ ਜਥੇਬੰਦ ਕਰਨ ਲਈ ਮੰਜੀ ਪ੍ਰਥਾ ਨੂੰ ਅਰੰਭ ਕੀਤਾ। ਮੰਜੀ ਪ੍ਰਥਾ ਦੇ ਪ੍ਰਬੰਧ ਨੇ ਸਿੱਖ ਰਾਜਨੀਤੀ ਦੀ ਸੁਤੰਤਰਤਾ ਲਹਿਰ ਨੂੰ ਇਕ ਜਥੇਬੰਦਕ ਇਕਾਈ ਵਿਚ ਪਰੋ ਦਿੱਤਾ।
ਸ੍ਰੀ ਗੁਰੂ ਅਮਰਦਾਸ ਜੀ ਪਿੱਛੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਮੰਜੀ ਪ੍ਰਥਾ ਨੂੰ ਬਦਲ ਕੇ ਮਸੰਦ ਪ੍ਰਥਾ ਨੂੰ ਸ਼ੁਰੂ ਕੀਤਾ। ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸਰੋਵਰ ਅਤੇ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਵਾ ਕੇ ਸਾਰੇ ਧਰਮਾਂ ਤੇ ਜਾਤਾਂ ਦੇ ਲੋਕਾਂ ਲਈ ਸਰਬ ਸਾਂਝਾ ਧਾਰਮਿਕ ਸਥਾਨ ਬਣਾਇਆ। ਇਹ ਬ੍ਰਾਹਮਣ ਸਮਾਜ ਲਈ ਵੰਗਾਰ ਸੀ ਜੋ ਕਿ ਸ਼ੂਦਰਾਂ ਨੂੰ ਮੰਦਰਾਂ ਵਿਚ ਵੜਨ ਤੋਂ ਰੋਕਦੇ ਸਨ। ਇਸ ਅਸਥਾਨ ’ਤੇ ਹਰੇਕ ਜਾਤੀ ਦਾ ਬੰਦਾ ਸੁਤੰਤਰ ਰੂਪ ਵਿਚ ਪੂਰੇ ਮਾਣ ਨਾਲ ਆ ਜਾ ਸਕਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਤੰਤਰਤਾ ਲਈ ਸ਼ਹਾਦਤ ਦਾ ਸੰਕਲਪ ਪੈਦਾ ਕੀਤਾ। ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਕਰ ਕੇ ਸਿੱਖਾਂ ਦੀ ਰਾਜਧਾਨੀ ਬਣਾਇਆ। ਪਹਿਲੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਗੁਰਸਿੱਖਾਂ ਦੀ ਬਾਣੀ ਇਕੱਤਰ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਵਿਚ ਗੁਰਮਤਿ ਦਾ ਫ਼ਲਸਫ਼ਾ, ਗੁਰਸਿੱਖੀ ਜੀਵਨ ਜਾਚ ਅਤੇ ਇਕ ਕਲਿਆਣਕਾਰੀ ਰਾਜੇ ਤੇ ਆਦਰਸ਼ਵਾਦੀ ਪਰਜਾ ਰਾਹੀਂ ਸੁਤੰਤਰ ਸਮਾਜ ਦੀ ਰੂਪ ਰੇਖਾ ਤਿਆਰ ਕੀਤੀ। ਗੁਰਬਾਣੀ ਦੇ ਅਨੁਸਾਰ ਚੱਲਣ ਵਾਲਾ ਮਨੁੱਖ ਆਦਰਸ਼ਵਾਦੀ ਮਨੁੱਖ ਹੈ ਤੇ ਇਹ ਮਨੁੱਖ ਹੀ ਕਲਿਆਣਕਾਰੀ ਅਤੇ ਸੁਤੰਤਰ ਰਾਜ ਦਾ ਥੰਮ ਹੈ। ਇਨ੍ਹਾਂ ਦੇ ਆਧਾਰ ’ਤੇ ਸਰਬ ਪੱਖੀ ਕਲਿਆਣ ਦਾ ਬੀੜਾ ਚੁੱਕਿਆ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਲਾਕੇ ਦੇ ਚੋਰ-ਡਾਕੂਆਂ ਅਤੇ ਧਾੜਵੀਂ ਲੋਕਾਂ ਨੂੰ ਠੀਕ ਰਸਤੇ ਚੱਲਣ ਦੇ ਧਾਰਨੀ ਬਣਾ ਕੇ ਇਹ ਸ਼ਕਤੀ ਉਸਾਰੂ ਪਾਸੇ ਵੱਲ ਲਗਾ ਦਿੱਤੀ। ਇਸ ਸ਼ਕਤੀ ਨੇ ਮਨੁੱਖੀ ਗ਼ੁਲਾਮੀ ਨੂੰ ਖ਼ਤਮ ਕਰ ਕੇ ਇਕ ਨਵੇਂ ਸੁਤੰਤਰ ਸਮਾਜ ਦਾ ਨਿਰਮਾਣ ਕਰਨਾ ਸੀ। ਬੈਨਰਜੀ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਇਸ ਸਮੇਂ ਸਿੱਖ ਅੰਦਰੂਨੀ ਤੌਰ ’ਤੇ ਇਕ ਸੁਤੰਤਰ ਰਾਜ ਨੂੰ ਕਾਇਮ ਕਰਨ ਦੇ ਆਹਰ ਵਿਚ ਸਨ। ਅੰਤ ਵਿਚ ਜ਼ਾਬਰ ਹਕੂਮਤ ਅੱਗੇ ਨਾ ਝੁਕਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਵੈਮਾਣ ਦੀ ਸੁਤੰਤਰਤਾ ਲਈ ਸ਼ਹਾਦਤ ਦੇ ਦਿੱਤੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰ ਕੇ, ਮੀਰੀ-ਪੀਰੀ ਰਾਹੀਂ ਅਧਿਆਤਮਿਕ ਤੇ ਰਾਜਸੀ ਸੁਤੰਤਰਤਾ ਲਹਿਰ ਦਾ ਅਰੰਭ ਕੀਤਾ। ਸਿੱਖਾਂ ਵਿਚ ਸ਼ਾਂਤੀ ਅਤੇ ਹਥਿਆਰਬੰਦ ਘੋਲ ਦਾ ਜਜ਼ਬਾ ਪੈਦਾ ਹੋਇਆ। ਸਿੱਖ ਲਹਿਰ ਨੇ ਜੰਗਾਂ ਕਰ ਕੇ ਸਥਾਪਿਤ ਸੱਤਾ ਨੂੰ ਵੰਗਾਰ ਆਪਣਾ ਨਿਆਂਸ਼ੀਲ ਰਾਜ ਸਥਾਪਿਤ ਕਰਨ ਦਾ ਮੁੱਢ ਬੰਨ੍ਹਿਆ। ਗੁਰੂ ਸਾਹਿਬ ਅਜਿਹੇ ਸੁਤੰਤਰ ਰਾਜ ਸਥਾਪਿਤ ਕਰਨ ਦੇ ਹੱਕ ਵਿਚ ਸਨ ਜਿਸ ਵਿਚ ਸਭ ਨੂੰ ਸਮਾਨਤਾ ਹੋਵੇ। ਗੁਰੂ ਸਾਹਿਬ ਦੀ ਕਮਾਨ ਹੇਠ ਲੜਨ ਵਾਲੀ ਸੈਨਾ ਵਿਚ ਉਹ ਗਰੀਬ ਲੋਕ ਸਨ, ਜਿਨ੍ਹਾਂ ਨੇ ਕਦੇ ਹਥਿਆਰ ਚੁੱਕ ਕੇ ਨਹੀਂ ਦੇਖਿਆ ਸੀ। ਉਨ੍ਹਾਂ ਨੇ ਮੀਰੀ-ਪੀਰੀ ਦੀ ਪ੍ਰਭੂਸੱਤਾ ਅਤੇ ਹਥਿਆਰਬੰਦ ਲੜਾਈ ਨੂੰ ਸਫ਼ਲਤਾ ਸਹਿਤ ਲੜ ਕੇ ਦਰਸਾ ਦਿੱਤਾ ਤੇ ਕਿਹਾ “ਬਾਤਿਨ ਫ਼ਕੀਰੀ, ਜ਼ਾਹਰਾ ਮੀਰੀ, ਸ਼ਸਤਰ ਗਰੀਬ ਦੀ ਰੱਖਿਆ ਜਰਵਾਨੇ ਕੀ ਭਖਿਆ” ਸੁਤੰਤਰਤਾ ਲਈ ਜ਼ਰੂਰੀ ਹੈ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਜਹਾਂਗੀਰ ਵੱਲੋਂ ਉਨ੍ਹਾਂ ਦੀ ਇਨਕਲਾਬੀ ਲਹਿਰ ਕਾਰਨ ਜਦੋਂ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਗਿਆ ਸੀ ਤਾਂ ਜਹਾਂਗੀਰ ਨੂੰ ਉਨ੍ਹਾਂ ਦੀ ਲੋਕਪ੍ਰਿਅਤਾ ਦਾ ਅਹਿਸਾਸ ਹੋਇਆ। ਅਕਤੂਬਰ, 1619 ਈ: ਨੂੰ ਰਾਜਪੂਤਾਨਾ, ਪਹਾੜੀ ਰਾਜਿਆਂ ਅਤੇ ਜ਼ਿਮੀਂਦਾਰਾਂ ਦੀ ਰਿਹਾਈ ਲਈ ਵੀ ਗੁਰੂ ਜੀ ਵੱਲੋਂ ਜਹਾਂਗੀਰ ਬਾਦਸ਼ਾਹ ਨੂੰ ਰਾਜ਼ੀ ਕਰ ਲਿਆ ਗਿਆ। ਇਸ ਤਰ੍ਹਾਂ ਰਿਹਾਅ ਹੋਏ ਰਾਜਿਆਂ ਤੇ ਸਿੱਖ ਸੰਗਤਾਂ ਨੇ ਗੁਰੂ ਜੀ ਨੂੰ ‘ਬੰਦੀ ਛੋੜ’ ਲਕਬ ਦੇ ਕੇ ਉਨ੍ਹਾਂ ਦਾ ਸਤਿਕਾਰ ਕੀਤਾ। ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਗੱਦੀ ਮਿਲੀ ਤਾਂ ਰਾਮਰਾਇ ਨੇ ਬਾਦਸ਼ਾਹ ਔਰੰਗਜ਼ੇਬ ’ਤੇ ਦਬਾਅ ਪਾ ਕੇ ਗੁਰੂ ਜੀ ਨੂੰ ਦਿੱਲੀ ਬੁਲਾਉਣ ਲਈ ਲਿਖਵਾ ਦਿੱਤਾ। ਜਦੋਂ ਰਾਜਾ ਜੈ ਸਿੰਘ ਨੇ ਔਰੰਗਜ਼ੇਬ ਦਾ ਸੁਨੇਹਾ ਗੁਰੂ ਸਾਹਿਬ ਨੂੰ ਦਿੱਤਾ ਤਾਂ ਉਨ੍ਹਾਂ ਕਿਹਾ ਕਿ “ਅਸੀਂ ਔਰੰਗੇ ਨੂੰ ਦੇਖਣਾ-ਦਿਖਾਉਣਾ ਨਹੀਂ। ਬਾਕੀ ਜੋ ਕੁਝ ਉਸ ਨੇ ਭੇਜਿਆ ਹੈ ਏਸ ਦਾ ਲੰਗਰ ਲਾ ਛੱਡੋ, ਜੋ ਆਵੇ ਛਕ ਜਾਵੇ।” ਇਹ ਵਿਚਾਰ ਕਿਸੇ ਦੀ ਅਧੀਨਤਾ ਨਾ ਕਬੂਲਣ ਦੀ ਗਵਾਹੀ ਭਰਦਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪੈਰੋਕਾਰਾਂ (ਗੁਰਮੁਖਾਂ) ਨੂੰ ਇਹ ਹੁਕਮ ਕਰ ਰੱਖੇ ਸਨ ਕਿ ਉਹ ਸਿਰਫ ਗੁਰੂ ਦੇ ਤੀਰਾਂ ਦੇ ਨਿਸ਼ਾਨ ਵਿਖਾਉਣ ਵਾਲਿਆਂ ਦਾ ਹੀ ਹੁਕਮ ਮੰਨਣ। ਸਿੱਖਾਂ ਵਿਚ ਰਾਜਸੀ ਸੁਤੰਤਰਤਾ ਦੀ ਸਪਿਰਟ ਪੈਦਾ ਕੀਤੀ ਗਈ। ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਆਪਣੀਆਂ ਜਾਨਾਂ ਨਿਛਾਵਰ ਕਰਨ ਲਈ ਉਮਡ ਪਏ। ਮਈ, 1675 ਵਿਚ ਕਸ਼ਮੀਰੀ ਬ੍ਰਾਹਮਣ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਧਰਮ ਦੀ ਰੱਖਿਆ ਲਈ ਗੁਰੂ ਜੀ ਕੋਲ ਆਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤਾ ਕਿ ਮੁਗ਼ਲ ਹਾਕਮਾਂ ਨੂੰ ਆਪਣੀਆਂ ਵਧੀਕੀਆਂ ’ਤੇ ਸ਼ਰਮਸਾਰ ਕਰਨ ਅਤੇ ਸਮਾਜ ਨੂੰ ਗੂੜ੍ਹੀ ਨੀਂਦ ਤੋਂ ਉਠਾਉਣ ਵਾਸਤੇ ਇਕ ਕੁਰਬਾਨੀ ਦੀ ਲੋੜ ਹੈ ਤੇ ਕਿਹਾ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥” ਇਸ ਨੇ ਮਾਨਵ ਜਾਤੀ ਦੇ ਇਤਿਹਾਸ ਵਿਚ ਇਕ ਨਵੀਂ ਸੇਧ ਕਾਇਮ ਕਰ ਦਿੱਤੀ। ਧਰਮ ਤੇ ਜ਼ਮੀਰ ਦੀ ਸੁਤੰਤਰਤਾ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਿੱਖਾਂ ਸਮੇਤ ਸ਼ਹਾਦਤ ਦੇ ਦਿੱਤੀ:
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥
ਕੀਨੋ ਬਡੋ ਕਲੂ ਮਹਿ ਸਾਕਾ॥(ਬਚਿਤ੍ਰ ਨਾਟਕ)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਤ-ਸਿਪਾਹੀ ਅਤੇ ਮਨੁੱਖੀ ਸੁਤੰਤਰਤਾ ਦੇ ਪੈਰੋਕਾਰ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਦੇ ਧਾਰਮਿਕ, ਸੈਨਿਕ ਅਤੇ ਰਾਜਨੀਤਿਕ ਮਾਹੌਲ ਵਿਚ ਇਕ ਅਸਚਰਜਤਾ ਭਰੀ ਕ੍ਰਾਂਤੀ ਲਿਆਂਦੀ।ਉਨ੍ਹਾਂ ਦੇ ਸਾਜੇ ਹੋਏ ਪੰਥ ਦਾ ਮੂਲ ਆਧਾਰ ਨਿਆਂ, ਸੁਤੰਤਰਤਾ, ਬਰਾਬਰਤਾ ਅਤੇ ਸਾਂਝੀਵਾਲਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਨਾ ਕਰ ਕੇ ਹਥਿਆਰਬੰਦ ਸੰਘਰਸ਼ ਲਈ ਇਕ ਨਵਾਂ ਮੁਹਾਂਦਰਾ ਤਿਆਰ ਕੀਤਾ ਅਤੇ ਜ਼ਾਲਮ ਰਾਜ ਵਿਰੁੱਧ 14 ਜੰਗਾਂ ਲੜ੍ਹੀਆਂ। ਗੁਰੂ ਜੀ ਨੇ ਧਰਮ ਯੁੱਧ ਦਾ ਸੰਕਲਪ ਪੇਸ਼ ਕੀਤਾ ਤੇ ਜ਼ੁਲਮ ਅਤੇ ਜ਼ਬਰ ਦੀਆਂ ਸ਼ਕਤੀਆਂ ਦੇ ਵਿਰੁੱਧ ਧਰਮ ਨੂੰ ਸਮਾਜ ਦਾ ਪ੍ਰੇਰਕ ਬਣਾ ਕੇ ਸੁਤੰਤਰਤਾ ਲਈ ਜੰਗ ਲੜਨ ਲਈ ਸੰਗਠਿਤ ਕੀਤਾ। ਆਮ ਲੋਕਾਂ ਦੇ ਹਿਤਾਂ ਅਤੇ ਸੁਤੰਤਰਤਾ ਲਈ ਉਹ ਕੁਰਬਾਨੀਆਂ ਦੇ ਪ੍ਰਤੀਕ ਸਨ। ਗੁਰੂ ਜੀ ਵੱਲੋਂ ਮਨੁੱਖੀ ਜੀਵਨ ਵਿਚ ਚੰਗੇ ਕੰਮ ਕਰਦਿਆਂ ਮਨੁੱਖਤਾ ਦੀ ਭਲਾਈ ਲਈ ਜੂਝ ਕੇ ਮਰਨ ਦਾ ਉਪਦੇਸ਼ ਦਿੱਤਾ ਗਿਆ ਹੈ। ਇਹੀ ਖਾਲਸਾ ਰਾਜ ਦੀ ਆਧਾਰਸ਼ਿਲਾ ਸੀ, ਜਿਸ ਨੇ ਸੁਤੰਤਰ ਸਿੱਖ ਰਾਜ ਦੀ ਨੀਂਹ ਰੱਖੀ।
ਉਨ੍ਹਾਂ ਨੇ ਅਨਿਆਇ ਅਤੇ ਅੱਤਿਆਚਾਰ ਵਿਰੁੱਧ ਜੇਹਾਦ ਖੜ੍ਹਾ ਕੀਤਾ ਤੇ ਕਿਹਾ, “ਮੇਰੀ ਕਿਰਪਾਨ ਦੁਸ਼ਟਾਂ ਦਾ ਸੰਘਾਰ ਕਰਨ ਲਈ ਹੈ, ਦੈਂਤਾਂ ਦਾ ਨਾਸ਼ ਕਰਨ ਲਈ ਹੈ। ਇਹ ਅਕਾਲ ਪੁਰਖ ਦੇ ਸਿਰਜੇ ਹੋਏ ਜੀਵਾਂ ਦੀ ਰੱਖਿਆ ਕਰਨ ਵਾਸਤੇ ਹੈ।” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੁਤੰਤਰ ਸਮਾਜ ਲਈ ਮਾਨਵ-ਏਕਤਾ ਦੇ ਸਮਰਥਕ ਸਨ। ਉਨ੍ਹਾਂ ਦੇ ਖਾਲਸਾ ਪੰਥ ਵਿਚ ਹਰੇਕ ਜਾਤ ਅਤੇ ਧਰਮ ਦਾ ਵਿਅਕਤੀ ਸ਼ਾਮਲ ਹੋਣ ਲਈ ਤਿਆਰ ਸੀ। ਉਨ੍ਹਾਂ ਦਾ ਉਪਦੇਸ਼ ਸੀ
“ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥”
ਗੁਰੂ ਜੀ ਦਾ ਵਿਰੋਧ ਕੇਵਲ ਜੁਲਮ ਤੇ ਜ਼ਾਲਮ ਨਾਲ ਸੀ, ਕਿਸੇ ਖਾਸ ਫਿਰਕੇ ਨਾਲ ਨਹੀਂ। ਉਹ ਸਿਰਫ਼ ਮਨੁੱਖੀ ਸੁਤੰਤਰਤਾ ਦਾ ਘਾਣ ਕਰ ਰਹੇ ਜ਼ਾਲਮ ਰਾਜਿਆਂ ਦੇ ਵਿਰੁੱਧ ਸੰਘਰਸ਼ ਕਰ ਰਹੇ ਸਨ। ਸਵੈ-ਰੱਖਿਆ ਲਈ ਲੜੀਆਂ ਗਈਆਂ ਉਨ੍ਹਾਂ ਦੀਆਂ ਲੜਾਈਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦੀ ਪੂਰਤੀ ਸਨ। ‘ਬਚਿਤ੍ਰ ਨਾਟਕ’ ਵਿਚ ਉਨ੍ਹਾਂ ਨੇ ਆਪਣੇ ਜੀਵਨ ਦੇ ਇਸ ਆਦਰਸ਼ ਸੰਬੰਧੀ ਇਉਂ ਲਿਖਿਆ ਹੈ:
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨ ਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥43॥
ਮਨੁੱਖੀ ਏਕਤਾ ਲਈ ਉਨ੍ਹਾਂ ਨੇ ਧਰਮ ਨਿਰਪੇਖਵਾਦ ਦੀ ਪੁਰਜ਼ੋਰ ਹਮਾਇਤ ਕੀਤੀ। ਉਹ ਸਮਝਦੇ ਸਨ ਕਿ ਪ੍ਰਭੂ ਨੇ ਮਨੁੱਖ ਵਿਚ ਕੋਈ ਵਿਤਕਰਾ ਨਹੀਂ ਰੱਖਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ-ਵੱਖ ਨੀਵੀਆਂ ਸਮਝੀਆਂ ਜਾਂਦੀਆਂ ਜਾਤੀਆਂ ਵਿੱਚੋਂ ਪੰਜ ਪਿਆਰੇ ਸਥਾਪਿਤ ਕਰ ਕੇ ਧਰਮ ਨਿਰਪੇਖਵਾਦ ਦੀ ਮਿਸਾਲ ਕਾਇਮ ਕੀਤੀ। ਮਨੁੱਖੀ ਸੁਤੰਤਰਤਾ ਲਈ ਧਰਮ ਨਿਰਪੇਖਤਾ ਜ਼ਰੂਰੀ ਤੱਤ ਹੈ। ਉਹ ਸੁਤੰਤਰਤਾ ਲਈ ਲੋੜ ਪੈਣ ’ਤੇ ਸ਼ਕਤੀ ਦੀ ਵਰਤੋਂ ਦੇ ਹੱਕ ਵਿਚ ਵੀ ਸਨ, ਪਰ ਇਹ ਕੇਵਲ ਅੰਤਮ ਹਥਿਆਰ ਸੀ। ਉਨ੍ਹਾਂ ਨੇ ਆਪਣੇ ਬੱਚੇ ਅਤੇ ਮਾਤਾ-ਪਿਤਾ ਨੂੰ ਵੀ ਦੇਸ਼ ਦੀ ਸੁਤੰਤਰਤਾ ਦੀ ਰਾਹ ਵਿਚ ਵਾਰ ਦੇਣ ਤੋਂ ਪ੍ਰਹੇਜ਼ ਨਹੀਂ ਕੀਤਾ। ਕਾਜ਼ੀ ਨੂਰ ਮੁਹੰਮਦ ਨੇ ਸਿੰਘਾਂ ਦਾ ਹੌਂਸਲਾ ਦੇਖ ਕੇ ਉਨ੍ਹਾਂ ਨੂੰ ਜੰਗਲ ਦੇ ਸ਼ੇਰ ਦਾ ਖ਼ਿਤਾਬ ਦਿੱਤਾ।
ਗੁਰੂ ਜੀ ਦਾ ਵਿਸ਼ਵਾਸ ਸੀ ਕਿ ਧਰਮ ਅਤੇ ਰਾਜਨੀਤੀ ਇਕ ਦੂਜੇ ਦੇ ਪੂਰਕ ਹਨ। ਧਰਮ ਅਤੇ ਰਾਜਨੀਤੀ ਦਾ ਇੱਕੋ ਹੀ ਉਦੇਸ਼ ਮਨੁੱਖ-ਮਾਤਰ ਦੀ ਸੇਵਾ, ਸੁਤੰਤਰਤਾ, ਏਕਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਕਰਨਾ ਹੈ। ਉਨ੍ਹਾਂ ਨੂੰ ਭਾਰਤ ਵਾਸੀਆਂ ਨੂੰ ਹਰ ਤਰ੍ਹਾਂ ਦੀ ਗ਼ੁਲਾਮੀ ਤੋਂ ਸੁਤੰਤਰ ਕਰਵਾਉਣ ਵਾਲਾ ਮੁਕਤੀ-ਦਾਤਾ ਵੀ ਆਖਿਆ ਜਾ ਸਕਦਾ ਹੈ। ਡਾਕਟਰ ਗੋਕਲ ਚੰਦ ਨਾਰੰਗ ਦਾ ਕਥਨ ਹੈ ਕਿ ਗੁਰੂ ਜੀ ਦਾ ਉਦੇਸ਼ ਹਿੰਦੂਆਂ ਦੀਆਂ ਮਰੀਆਂ ਹੋਈਆਂ ਹੱਡੀਆਂ ਵਿਚ ਨਵੀਂ ਜਾਨ ਪਾ ਕੇ ਉਨ੍ਹਾਂ ਨੂੰ ਜਗਾਉਣਾ ਸੀ ਤਾਂ ਜੋ ਉਹ ਆਪਣੀ ਗੁਆਚੀ ਸੁਤੰਤਰਤਾ ਨੂੰ ਮੁੜ ਪ੍ਰਾਪਤ ਕਰਨ ਦੇ ਯੋਗ ਹੋ ਸਕਣ। ਭਾਈ ਰਤਨ ਸਿੰਘ (ਭੰਗੂ) ਅਨੁਸਾਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੁਤੰਤਰਤਾ, ਲੋਕਰਾਜ, ਧਰਮ ਨਿਰਪੇਖਵਾਦ ਅਤੇ ਮਾਨਵ ਏਕਤਾ ਵਰਗੇ ਆਦਰਸ਼ਾਂ ਦਾ ਮਾਰਗ-ਦਰਸ਼ਨ ਕੀਤਾ।ਧਰਮ ਨਿਰਪੱਖਤਾ, ਸਾਂਝੀਵਾਲਤਾ ਤੇ ਭ੍ਰਾਤ੍ਰੀਅਤਾ ਦਾ ਸੰਦੇਸ਼ ਸੁਤੰਤਰਤਾ ਲਈ ਜ਼ਰੂਰੀ ਸੀ। ਗੁਰੂ ਜੀ ਨੇ ਸੁਤੰਤਰਤਾ ਲਈ ਹਥਿਆਰਬੰਦ ਘੋਲ ਨੂੰ ਇਕ ਨਵਾਂ ਮੁਹਾਂਦਰਾ ਪ੍ਰਦਾਨ ਕੀਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕਰ ਕੇ ਸਿੱਖ ਰਾਜ ਦੀ ਸੁਤੰਤਰਤਾ ਦਾ ਐਲਾਨ ਕੀਤਾ। ਪਹਿਲੇ ਗੁਰੂ ਸਾਹਿਬਾਨ ਨੇ ਜਿਸ ਵਿਅਕਤੀ ਨੂੰ ਗੁਰਮੁਖ ਦਾ ਨਾਂ ਦੇ ਕੇ ਸਿਰਜਿਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗੁਰਮੁਖ ਨੂੰ ਖਾਲਸੇ ਦੇ ਰੂਪ ਵਿਚ ਵਿਕਸਿਤ ਕਰ ਕੇ ਉਸ ਨੂੰ ਰਾਜ-ਸੱਤਾ-ਸੌਂਪਣ ਦਾ ਐਲਾਨ ਕੀਤਾ। ਹਰ ਕਿਸਮ ਦੇ ਅੰਤਮ ਫ਼ੈਸਲੇ ਦਾ ਅਧਿਕਾਰ ਖਾਲਸੇ ਨੂੰ ਸੌਂਪਣਾ ਅਤੇ ਆਪਣੇ ਆਪ ਨੂੰ ਖਾਲਸੇ ਦੇ ਅੱਗੇ ਸਮਰਪਿਤ ਕਰ ਦੇਣਾ ਲੋਕਤੰਤਰ ਦਾ ਮੁੱਢ ਬੰਨ ਦਿੱਤਾ। ਖਾਲਸੇ ਨੂੰ ਉਨ੍ਹਾਂ ਨੇ ਸੰਤ-ਸਿਪਾਹੀ ਦੇ ਰੂਪ ਵਿਚਰਦੇ ਹੋਏ ਨਿਮਾਣੇ-ਨਿਤਾਣੇ ਤੇ ਡਿੱਗਿਆਂ-ਢੱਠਿਆਂ ਲਈ ਆਪਣਾ ਸੀਸ ਵਾਰਨ ਤੋਂ ਪ੍ਰਹੇਜ਼ ਨਾ ਕਰ ਕੇ ਜ਼ੁਲਮ ਅਤੇ ਅੱਤਿਆਚਾਰ ਵਿਰੁੱਧ ਸਦਾ ਡਟੇ ਰਹਿਣ ਦਾ ਉਪਦੇਸ਼ ਦਿੱਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਦੁਸ਼ਟਾਂ ਨੂੰ ਖ਼ਤਮ ਕਰਨ ਦਾ ਮਿਸ਼ਨ ਸੌਂਪਿਆ। ਸੁਤੰਤਰਤਾ ਦੀ ਪ੍ਰਾਪਤੀ ਲਈ ਸੰਘਰਸ਼ ਭਾਵੇਂ ਹਥਿਆਰਬੰਦ ਹੋਵੇ ਜਾਂ ਸ਼ਾਂਤਮਈ, ਇਸ ਨੂੰ ਕਦੇ ਵੀ ਦ੍ਰਿੜ੍ਹਤਾ ਅਤੇ ਤਿਆਗ-ਭਾਵਨਾ ਤੋਂ ਬਿਨਾਂ ਨਹੀਂ ਚਲਾਇਆ ਜਾ ਸਕਦਾ। ਖਾਲਸਾ ਸਾਜਨਾ ਵਿਚ ਵੱਖ-ਵੱਖ ਫਿਰਕਿਆਂ ਅਤੇ ਖੇਤਰਾਂ ਨੂੰ ਨੁਮਾਇੰਦਗੀ ਦੇਣਾ ਗੁਰੂ ਸਾਹਿਬ ਦੇ ਸਮਾਨਤਾ ਤੇ ਸੁਤੰਤਰਤਾ ਦੇ ਸੰਕਲਪ ਨੂੰ ਹੋਰ ਪ੍ਰਚੰਡ ਕਰਦਾ ਹੈ। ਸਮੁੱਚਾ ਸਿੱਖ ਸਮਾਜ ਹੀ ਆਪਣੀ ਸੁਤੰਤਰਤਾ ਅਤੇ ਅੰਦਰੂਨੀ ਬਰਾਬਰਤਾ ਨੂੰ ਬਣਾਈ ਰੱਖਣ ਲਈ ਬਹੁਤ ਸੁਚੇਤ ਸੀ। ਖਾਲਸਾ ਹਰ ਥਾਂ ’ਤੇ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਲੜਦਾ ਅਤੇ ਗਰੀਬ ਲੋਕਾਂ ਨੂੰ ਸਭ ਕਿਸਮ ਦੀ ਗ਼ੁਲਾਮੀ ਤੋੜਨ ਲਈ ਖੜ੍ਹਾ ਕਰਦਾ। ਖਾਲਸਾ ਜ਼ਾਲਮ ਰਾਜ ਅਤੇ ਬਦੀ ਨੂੰ ਖ਼ਤਮ ਕਰਨ ਲਈ ਵਚਨਬੱਧ ਰਿਹਾ। ਖਾਲਸੇ ਦਾ ਸੰਕਲਪ ਸ਼ਹੀਦੀ ਅਤੇ ਸੁਤੰਤਰਤਾ ’ਤੇ ਆਧਾਰਿਤ ਹੈ। ਖਾਲਸਾ ਸਮਾਜਿਕ ਕਦਰਾਂ-ਕੀਮਤਾਂ ਨੂੰ ਉੱਚਿਆਂ ਰੱਖਦਾ ਹੋਇਆ ਕ੍ਰਾਂਤੀਕਾਰੀ ਸ਼ਕਤੀ ਬਣਿਆ। ਕਵੀ ਸੈਨਾਪਤਿ ਨੇ ਵੀ ਖਾਲਸੇ ਦੀ ਤੁਲਨਾ ਸੁਤੰਤਰ ਵਿਅਕਤੀ ਨਾਲ ਕੀਤੀ ਹੈ। ਜਦੋਂ ਖਾਲਸੇ ਦੀ ਸਾਜਨਾ ਉਪਰੰਤ ਦਿੱਲੀ ਦੇ ਕਈ ਸਿੱਖ ਅੰਮ੍ਰਿਤ ਛਕ ਕੇ ਦਿੱਲੀ ਵਾਪਸ ਗਏ ਤਾਂ ਦਿੱਲੀ ਦੇ ਕੱਟੜਵਾਦੀਆਂ ਨੇ ਉਨ੍ਹਾਂ ਦਾ ਬਾਈਕਾਟ ਕਰ ਦਿੱਤਾ ਤੇ ਦਿੱਲੀ ਦੇ ਹਾਕਮਾਂ ਨੂੰ ਭੜਕਾਉਣਾ ਸ਼ੁਰੂ ਕੀਤਾ।
ਇਸ ਸਾਰੇ ਵਿਸਥਾਰ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੀ ਗੁਰੂ ਪਰੰਪਰਾ ਮਨੁੱਖੀ ਸੁਤੰਤਰਤਾ ਲਈ ਸੰਘਰਸ਼ ਕਰਦੀ ਹੋਈ ਆਪਣੇ ਸਮਕਾਲੀ ਰਾਜ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਰਹੀ।ਇਸ ਦੇ ਨਾਲ ਗੁਰੂ ਸਾਹਿਬਾਨ ਦੇ ਸਾਰੇ ਇਤਿਹਾਸ ਦਾ ਅਧਿਐਨ ਕਰਨ ’ਤੇ ਸਾਰ ਰੂਪ ਵਿਚ ਇੱਕੋ ਤੱਥ ਸਪੱਸ਼ਟ ਹੁੰਦਾ ਹੈ ਕਿ ਅਸਲ ਵਿਚ ਗੁਰੂ ਸਾਹਿਬ ਅਜਿਹੇ ਰਾਜਤੰਤਰੀ ਵਿਵਸਥਾ ਦੇ ਵਿਰੁੱਧ ਸਨ ਜੋ ਧਰਮ ਅਤੇ ਨੈਤਿਕਤਾ ਤੋਂ ਦੂਰ ਸੀ ਅਤੇ ਲੋਕਹਿਤ ਦੇ ਪ੍ਰਤੀਕੂਲ ਸੀ, ਜੋ ਕਿ ਮਨੁੱਖ ਨੂੰ ਗ਼ੁਲਾਮ ਕਰ ਕੇ ਰੱਖਣਾ ਚਾਹੁੰਦੀ ਸੀ। ਗੁਰੂ ਸਾਹਿਬਾਨ ਦੇ ਜੀਵਨ ਦਾ ਇਤਿਹਾਸ ਮਨੁੱਖੀ ਗ਼ੁਲਾਮੀ ਨੂੰ ਖ਼ਤਮ ਕਰ ਕੇ ਸੁਤੰਤਰ ਜੀਵਨ ਜੀਊਣ ਦੀ ਖਾਲਿਸ ਦਾਸਤਾਨ ਬਿਆਨ ਕਰਦਾ ਹੈ।
ਲੇਖਕ ਬਾਰੇ
ਸਟੋਰ ਕੀਪਰ, ਪੰਥ ਰਤਨ ਜਥੇ:ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਬਹਾਦਰਗੜ੍ਹ (ਪਟਿਆਲਾ) ਮੋ. 98786-04518
- ਹੋਰ ਲੇਖ ਉਪਲੱਭਧ ਨਹੀਂ ਹਨ