ਸਾਡੇ ਸਤਿਗੁਰੂ ਨਿਰਣਾ ਦੇ ਰਹੇ ਹਨ ਕਿ ਵੱਡੇ-ਵੱਡੇ ਰਾਜਿਆਂ ਨੂੰ ਜਨਮ ਦੇਣ ਵਾਲੀ ਹਸਤੀ, ਇਕ ਔਰਤ ਹੀ ਹੈ, ਇਕ ਇਸਤਰੀ ਹੀ ਹੈ। ਗੁਰੂ ਨਾਨਕ ਸਾਹਿਬ ਦੇ ਇਨ੍ਹਾਂ ਮਹਾਨ ਵਿਚਾਰਾਂ ਦੇ ਮੱਦੇਨਜ਼ਰ, ਸਿੱਖ ਰਾਜਨੀਤੀ ਵਿਚ ਸਿੱਖ ਇਸਤਰੀ ਦੀ ਭੂਮਿਕਾ ਇਕ ਵਿਸ਼ੇਸ਼ ਹੋਣੀ ਚਾਹੀਦੀ ਹੈ ਤੇ ਬਿਨਾਂ ਸ਼ੱਕ ਇਹ ਰਹੀ ਵੀ ਹੈ। ਗੁਰੂ ਨਾਨਕ ਸਾਹਿਬ ਦਾ ਫ਼ਰਮਾਨ ਹੈ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)
ਅਸੀਂ ਜੇਕਰ ਇਸ ਵਿਸ਼ੇ ਦੀ ਡੂੰਘਾਈ ਨਾਲ ਪੜਚੋਲ ਕਰੀਏ ਤਾਂ ਸਾਨੂੰ ਸ਼ੁਰੂਆਤ ਗੁਰੂ ਨਾਨਕ ਸਾਹਿਬ ਦੇ ਮਹਿਲ ਮਾਤਾ ਸੁਲੱਖਣੀ ਜੀ ਤੋਂ ਕਰਨੀ ਪਵੇਗੀ। ਗੁਰੂ ਨਾਨਕ ਸਾਹਿਬ ਦਾ ਧਾਰਮਿਕ ਸਫ਼ਰ ਮਨੁੱਖਤਾ ਦੀ ਭਲਾਈ ਲਈ ਹੀ ਸੀ, ਫਿਰ ਵੀ ਸਾਨੂੰ ਇਹ ਮੰਨਣਾ ਪਵੇਗਾ ਕਿ ਉਨ੍ਹਾਂ ਦੇ ਹਰ ਇਕ ਕਦਮ ਨਾਲ ਰਾਜਨੀਤੀ ਪ੍ਰਭਾਵਿਤ ਹੁੰਦੀ ਰਹੀ ਹੈ ਤੇ ਤਖ਼ਤ ਥਰਥਰਾਉਂਦੇ ਰਹੇ। ਗੁਰੂ ਨਾਨਕ ਸਾਹਿਬ ਦੇ ਧਰਮੀ-ਸਫ਼ਰ ਨੇ ਰਾਜਨੀਤੀ ਨੂੰ ਜਿੱਥੇ-ਜਿੱਥੇ ਪ੍ਰਭਾਵਿਤ ਕੀਤਾ, ਰਾਜਨੀਤਿਕ ਗਲਿਆਰਿਆਂ ਅੰਦਰ ਇਕ ‘ਤੀਸਰੇ ਮਜ਼੍ਹਬ’ ਦੀ ਹੋਂਦ ਦਾ ਅਹਿਸਾਸ ਕਰਵਾਇਆ ਤਾਂ ਉਸ ਦੇ ਵਿਚ ਮਾਤਾ ਸੁਲੱਖਣੀ ਜੀ ਦਾ ਯੋਗਦਾਨ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਮਿਸਾਲ ਦੇ ਤੌਰ ’ਤੇ ਜਦੋਂ ਬਾਬਰ ਨੇ ਹਿੰਦੁਸਤਾਨ ਉੱਤੇ ਹਮਲਾ ਕੀਤਾ, ਕਹਿਰੀ ਕਤਲੇਆਮ ਮਚਾਈ ਤਾਂ ਉਸ ਵੇਲੇ ਐਮਨਾਬਾਦ ’ਚ ਮੌਜੂਦ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਸਨ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਵਿੱਚੋਂ ਇਕੱਲਿਆਂ ਇਸ ਜ਼ੁਲਮ ਦੇ ਵਿਰੁੱਧ ਅਵਾਜ਼ ਉਠਾਈ। ਉਸ ਮੌਕੇ ਜਦੋਂ ਗੁਰੂ ਸਾਹਿਬ ਨੇ ‘ਬਾਬਰ’ ਨੂੰ ‘ਜਾਬਰ’ ਕਿਹਾ, ਉਸ ਦੀ ਫ਼ੌਜ ਨੂੰ ‘ਪਾਪ ਕੀ ਜੰਞ’ ਕਹਿ ਕੇ ਉਸ ਦੀ ਆਤਮਾ ਨੂੰ ਝੰਜੋੜਿਆ ਤਾਂ ਇਹ ਇਕ ਅਜਿਹੀ ਅਲੋਕਾਰੀ ਘਟਨਾ ਸੀ, ਜਿਸ ਨੇ ਅਗਲੀ ਲੱਗਭਗ ਇੱਕ ਸਦੀ ਤਕ ਹਿੰਦੁਸਤਾਨ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਾ ਸੀ। ਮੁਗ਼ਲ ਖ਼ਾਨਦਾਨ ਨੂੰ ਰਾਜ ਕਰਨ ਦੀ ਜਾਚ ਸਿਖਾਈ ਸੀ ਗੁਰੂ ਸਾਹਿਬ ਨੇ। ਇਹ ਤਾਂ ਹੀ ਸੰਭਵ ਹੋ ਸਕਿਆ ਸੀ ਜੇਕਰ ਗੁਰੂ ਸਾਹਿਬ ਆਪਣੇ ਪਰਵਾਰ ਨੂੰ ਇਕੱਲਿਆਂ ਛੱਡ ਕੇ ਮਨੁੱਖਤਾ ਦੀਆਂ ਪੀੜਾਂ ਹਰਦੇ ਹੋਏ ਵਿਚਰ ਰਹੇ ਸਨ, ਸਫ਼ਰ ਕਰ ਰਹੇ ਸਨ। ਉਨ੍ਹਾਂ ਦੇ ਇਸ ਪਰਉਪਕਾਰੀ ਸਫ਼ਰ ਦੇ ਪਿੱਛੇ ਮਾਤਾ ਸੁਲੱਖਣੀ ਜੀ ਦਾ ਬੜਾ ਨਿੱਗਰ ਯੋਗਦਾਨ ਸੀ। ਜਦੋਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਜਗਤ-ਜਲੰਦਾ ਠਾਰਨ ਲਈ ਇਸ ਸਫ਼ਰ ਦੀ ਲੋੜ ਬਾਰੇ ਦੱਸਿਆ ਸੀ ਤਾਂ ਮਾਤਾ ਸੁਲੱਖਣੀ ਜੀ ਨੇ ਦੁਨੀਆਂ ਦੇ ਦੁੱਖ ਮਿਟਾਉਣ ਲਈ ਆਪਣੇ ਪਤੀ ਦਾ ਲੰਮਾ ਵਿਛੋੜਾ ਹੱਸ ਕੇ ਸਹਾਰ ਲਿਆ ਸੀ। ਇਸ ਲਈ ਰਾਜਨੀਤਿਕ ਸਰੋਕਾਰਾਂ ਵਿਚ ਸਿੱਖ ਇਸਤਰੀ ਦੀ ਭੂਮਿਕਾ ਦਾ ਅਰੰਭ ਤਾਂ ਮਾਤਾ ਸੁਲੱਖਣੀ ਜੀ ਤੋਂ ਹੀ ਹੋ ਜਾਂਦਾ ਹੈ। ਉਸ ਤੋਂ ਬਾਅਦ ਇਹ ਭੂਮਿਕਾ ਕਦੇ ਵੀ, ਕਿਸੇ ਵੀ ਮੋੜ ’ਤੇ ਧੁੰਦਲੀ ਨਹੀਂ ਪਈ।
ਜਦੋਂ ਬਾਦਸ਼ਾਹ ਜਹਾਂਗੀਰ ਵੇਲੇ, ਮੁਗ਼ਲ ਹਕੂਮਤ ਰਾਜਨੀਤੀ ਦੇ ਆਦਰਸ਼ਾਂ ਤੋਂ ਲਾਂਭੇ ਜਾਣੀ ਸ਼ੁਰੂ ਹੋਈ, ਓਦੋਂ ਉਸ ਦੀ ਸਿੱਖ ਲਹਿਰ ਦੇ ਨਾਲ ਟੱਕਰ ਹੁੰਦੀ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ’ਤੇ ਬੈਠ ਕੇ ਸ਼ਹਾਦਤ ਦਿੰਦੇ ਹਨ। ਇਸ ਮਹਾਨ ਸ਼ਹੀਦੀ ਤੋਂ ਬਾਅਦ ‘ਬਾਬੇ ਕਿਆਂ’ ਤੇ ‘ਬਾਬਰ ਕਿਆਂ’ ਵਿਚ ਇਕ ਨਵੀਂ ਟੱਕਰ ਅਰੰਭ ਹੁੰਦੀ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੀਰੀ-ਪੀਰੀ ਦੀਆਂ ਦੋ ਕ੍ਰਿਪਾਨਾਂ ਧਾਰਨ ਕਰਦੇ ਹਨ, ਸਿੱਖਾਂ ਨੂੰ ਸ਼ਸਤਰਧਾਰੀ ਕਰ ਕੇ ਫ਼ੌਜੀ ਸਿਖਲਾਈ ਦਿੰਦੇ ਹਨ, ਦਿੱਲੀ ਤਖ਼ਤ ਦੇ ਨਕਲੀਪਣ ਨੂੰ ਜ਼ਾਹਰ ਕਰਨ ਲਈ ਸ੍ਰੀ ਅੰਮ੍ਰਿਤਸਰ ਵਿਚ ‘ਸ੍ਰੀ ਅਕਾਲ ਤਖ਼ਤ ਸਾਹਿਬ’ ਦੀ ਸਥਾਪਨਾ ਕਰ ਕੇ ਮੁਗ਼ਲ ਰਾਜਨੀਤੀ ਨੂੰ ਚੁਣੌਤੀ ਦਿੰਦੇ ਹਨ; ਤੇ ਇਸ ਸਾਰੇ ਵਰਤਾਰੇ ਵਿਚ ਅਸੀਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮਹਿਲ ਮਾਤਾ ਗੰਗਾ ਜੀ ਦੇ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕਰ ਸਕਦੇ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜੁੱਗੋ-ਜੁੱਗ ਅਟੱਲ ਸੱਚੀ ਪਾਤਸ਼ਾਹੀ ਦੀ ਛਤਰ-ਛਾਇਆ ਹੇਠ ਸਿੱਖ ਰਾਜਨੀਤੀ ਦੀ ਇਹ ਨਵੀਂ ਨੁਹਾਰ ਪ੍ਰਗਟ ਹੋਈ, ਜਿਸ ਵਿਚ ਮਾਤਾ ਗੰਗਾ ਜੀ ਦਾ ਉੱਘਾ ਯੋਗਦਾਨ ਸੀ। ਇਸ ਨਾਲ ਸਿੱਖ ਸਫ਼ਰ ਵਿਚ ਆਇਆ ਇਹ ਨਵਾਂ ਮੋੜ ਮੁਗ਼ਲ ਹਕੂਮਤ ਨੂੰ ‘ਸਿੱਖ ਮਜ਼੍ਹਬ’ ਦੇ ਨਾਲ-ਨਾਲ ‘ਸਿੱਖ ਰਾਜਨੀਤੀ’ ਦੀ ਹੋਂਦ ਨੂੰ ਵੀ ਪ੍ਰਵਾਨ ਕਰਨ ਲਈ ਮਜਬੂਰ ਕਰ ਗਿਆ।
ਮਾਤਾ ਗੰਗਾ ਜੀ ਵਰਗੀ ਹੀ ਪੁਜ਼ੀਸ਼ਨ ਅਸੀਂ ਅਗਾਂਹ ਮਾਤਾ ਗੁਜਰੀ ਜੀ ਦੀ ਵੀ ਵੇਖਦੇ ਹਾਂ। ਪਰ ਮਾਤਾ ਗੁਜਰੀ ਜੀ ਦੀ ਘਾਲਣਾ ਹਿੰਦੁਸਤਾਨ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਹਿਤ ਇਸ ਤੋਂ ਵੀ ਵਧੇਰੇ ਯੋਗਦਾਨ ਪਾਉਂਦੀ ਹੈ; ਉਸ ਯੋਗਦਾਨ ਦੇ ਨਕਸ਼ ਅਸੀਂ ਨਿੱਕੇ-ਨਿੱਕੇ ਪੋਤਿਆਂ ਸਮੇਤ ਗ੍ਰਿਫ਼ਤਾਰ ਹੋਣ ਪਿੱਛੋਂ ਮਾਤਾ ਗੁਜਰੀ ਜੀ ਦੀ ਮਹਾਨ ਰਹਿਨੁਮਾਈ ’ਚੋਂ ਵੇਖ ਸਕਦੇ ਹਾਂ। ਮਾਤਾ ਗੁਜਰੀ ਜੀ ਉਨ੍ਹਾਂ ਨਿੱਕੇ-ਨਿੱਕੇ ਸਾਹਿਬਜ਼ਾਦਿਆਂ ਨੂੰ ਮੁਗ਼ਲ ਹਕੂਮਤ ਨੂੰ ਸਲਾਮ ਕਰਨ ਦੀ ਬਜਾਏ, ਭਿਆਨਕ ਡਰਾਵਿਆਂ ਤੇ ਲਲਚਾਉਂਦੇ ਲਾਲਚਾਂ ਦੀਆਂ ਰੁਕਾਵਟਾਂ ਪਾਰ ਕਰ ਕੇ ਸ਼ਹਾਦਤ ਦੀ ਸਿਖ਼ਰ ਤਕ ਲੈ ਕੇ ਜਾਂਦੀ ਹੈ। ਤੇ ਇਹ ਇਤਿਹਾਸਕਾਰਾਂ ਨੇ ਨਿਰਣਾ ਕੀਤਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਸਿਖ਼ਰ ਵਾਲੀ ਘਟਨਾ ਹੀ ਇਕ ਐਸੀ ਘਟਨਾ ਸੀ, ਜਿਸ ਨੇ ਮੁਗ਼ਲ ਹਕੂਮਤ ਦੀ ਜੜ੍ਹ ਪੁੱਟੀ ਤੇ ਸਿੰਘਾਂ ਦੀ ਸਲਤਨਤ ਦਾ ਪੌਦਾ ਲਾਇਆ। ਇਸ ਲਈ ਮੁਗ਼ਲ ਹਕੂਮਤ ਦੀ ਹਿੱਕ ’ਤੇ ਖ਼ਾਲਸਾ ਹਕੂਮਤ ਦਾ ਝੰਡਾ ਗੱਡੇ ਜਾਣ ਦੀ ਵਡਿਆਈ ਮਾਤਾ ਗੁਜਰੀ ਜੀ ਦੀ ਝੋਲੀ ਵਿਚ ਪੈਂਦੀ ਹੈ।
ਹੁਣ ਅਸੀਂ ਦਸਵੇਂ ਪਾਤਸ਼ਾਹ ਦੇ ਮਹਿਲ ਮਾਤਾ ਸੁੰਦਰੀ ਜੀ ਦੀ ਭੂਮਿਕਾ ਨੂੰ ਵੇਖਦੇ ਹਾਂ ਤਾਂ ਇਹ ਹਕੀਕਤ ਸਾਹਮਣੇ ਆਉਂਦੀ ਹੈ ਕਿ ਮਾਤਾ ਸੁੰਦਰੀ ਜੀ ਦਸਵੇਂ ਪਾਤਸ਼ਾਹ ਦੇ ਜੋਤੀ-ਜੋਤਿ ਸਮਾ ਜਾਣ ਤੋਂ ਬਾਅਦ ਵੀ ਸਿੱਖ ਰਾਜਨੀਤੀ ਨੂੰ ਸੇਧ ਪ੍ਰਦਾਨ ਕਰਦੇ ਰਹੇ। ਭਾਵੇਂ ਕਿ ਕਈ ਗੁਮਰਾਹ ਲੇਖਕਾਂ ਨੇ ਮਾਤਾ ਸੁੰਦਰੀ ਜੀ ਉੱਤੇ ਮੁਗ਼ਲ ਹਕੂਮਤ ਦੀ ਮਦਦ ਕਰਨ ਦੇ ਇਲਜ਼ਾਮ ਤਕ ਲਾ ਦਿੱਤੇ ਸਨ, ਪਰ ਜੇਕਰ ਅਜਿਹਾ ਹੁੰਦਾ ਤਾਂ ਫਿਰ ਸ਼ਾਇਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ’ਚ ਸਿੱਖ ਰਾਜਨੀਤੀ ਹਿੰਦੁਸਤਾਨ ਦੇ ਇੱਕ ਵੱਡੇ ਹਿੱਸੇ ’ਤੇ ਏਨੀ ਛੇਤੀ ਅਸਰ-ਅੰਦਾਜ਼ ਨਾ ਹੁੰਦੀ, ਜਿੰਨੀ ਛੇਤੀ ਉਹ ਹੋਈ ਕਿਉਂਕਿ ਉਦੋਂ ਤਾਂ ਅਜੇ ਸਿੱਖ ਮਾਨਸਿਕਤਾ ਨੇ ਗੁਰੂ-ਪਰਵਾਰ ਤੋਂ ਜੁਦਾ ਹੋ ਕੇ ਤੁਰਨ ਦਾ ਭਾਣਾ ਵੀ ਪੂਰੀ ਤਰ੍ਹਾਂ ਨਹੀਂ ਸੀ ਮੰਨਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਵੀ ਮਾਤਾ ਸੁੰਦਰੀ ਜੀ ਸਿੱਖ ਰਾਜਨੀਤੀ ’ਤੇ ਅਸਰ ਕਰਨ ਯੋਗ ਪ੍ਰਭਾਵ ਵਰਤਦੇ ਰਹੇ ਹਨ। ਇਹ ਤੱਥ ਇਤਿਹਾਸ ਦਾ ਅੰਗ ਹੈ ਕਿ ਸਿੱਖ ਕੌਮ ਦਾ ਵੱਡਾ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ, ਜਿਸ ਨੇ ਸਿੱਖ ਰਾਜਨੀਤੀ ਨੂੰ ਦਿੱਲੀ ਦੇ ਲਾਲ ਕਿਲ੍ਹੇ ’ਤੇ ਹਾਕਮ ਰਾਜਨੀਤੀ ਵਜੋਂ ਸਥਾਪਿਤ ਤੇ ਜਾਰੀ ਕਰ ਕੇ ਵਿਖਾਇਆ, ਉਸ ਜਰਨੈਲ ਨੂੰ ਬਚਪਨ ਵਿਚ ਸਿੱਖੀ ਦੇ ਸੰਸਕਾਰ ਮਾਤਾ ਸੁੰਦਰੀ ਜੀ ਨੇ ਹੀ ਪ੍ਰਦਾਨ ਕੀਤੇ ਸਨ ਤੇ ਫਿਰ ਅਗਲੀ ਘਾੜਤ ਲਈ ਉਸ ਵੇਲੇ ਗੁਰੀਲਾ ਯੁੱਧ ਦੀ ਅਗਵਾਈ ਕਰ ਰਹੇ ਸਰਦਾਰ ਨਵਾਬ ਕਪੂਰ ਸਿੰਘ ਜੀ ਦੇ ਕੋਲ ਭੇਜ ਦਿੱਤਾ ਸੀ।
ਇਤਿਹਾਸ ਦੇ ਇਸ ਦੌਰ ਤੋਂ ਬਾਅਦ ਸਿੱਖ ਮਿਸਲਾਂ ਦਾ ਸਮਾਂ ਆਉਂਦਾ ਹੈ, ਜਦੋਂ ਸਿੱਖ ਹਿੰਦੁਸਤਾਨ ਦੇ ਇਕ ਵੱਡੇ ਹਿੱਸੇ ’ਤੇ ਕਾਬਜ਼ ਤਾਂ ਹੋ ਗਏ, ਇਤਿਹਾਸ ਦੱਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਕ ਸਫਲ ਰਾਜਨੀਤਿਕ ਵਾਂਗ ਇਕ-ਇਕ ਕਰ ਕੇ ਸਾਰੀਆਂ ਮਿਸਲਾਂ ਨੂੰ ਆਪਣੇ ਨਾਲ ਮਿਲਾਇਆ ਤੇ ਸਿੱਖ ਰਾਜਨੀਤਿਕ ਤਾਕਤ ਜਥੇਬੰਦ ਹੋਈ; ਪਰ ਮਹਾਰਾਜਾ ਰਣਜੀਤ ਸਿੰਘ ਦੀ ਇਸ ਸਫਲਤਾ ਪਿੱਛੇ ਉਸ ਦੀ ਸੱਸ ਰਾਣੀ ਸਦਾ ਕੌਰ ਦੀ ਵਿਸ਼ੇਸ਼ ਭੂਮਿਕਾ ਸੀ ਜਿਸ ਨੂੰ ਉੱਘੇ ਇਤਿਹਾਸਕਾਰ ਕਬੂਲ ਕਰਦੇ ਹਨ। ਇਸ ਲਈ ਕਾਬਲ-ਕੰਧਾਰ ਦੀ ਧਰਤੀ ਤਕ ਅੱਜ ਵੀ ਜਿਹੜੇ ਸੁਚੱਜੀ ਤੇ ਇਨਸਾਫ਼ਪਸੰਦ ਸਿੱਖ ਰਾਜਨੀਤੀ ਦੇ ਨਿਸ਼ਾਨ ਮਿਲਦੇ ਨੇ ਤਾਂ ਇਹਦੇ ਵਿਚ ਵੀ ਸਿੱਖ ਇਸਤਰੀ ਦੀ ਬਹੁਤ ਵੱਡੀ ਭੂਮਿਕਾ ਹੈ।
ਇਤਿਹਾਸ ਅੰਦਰ ਸਿੱਖ ਰਾਜ ਦੀ ਸਲਾਮਤੀ ਲਈ ਜਿਵੇਂ ਅਸੀਂ ਪਟਿਆਲਾ ਰਾਜ ਘਰਾਣੇ ਦੀ ਧੀ ਸਾਹਿਬ ਕੌਰ ਨੂੰ ਆਪਣੇ ਭਰਾ ਤੋਂ ਵੱਧ ਯੋਗਦਾਨ ਪਾਉਂਦਿਆਂ ਵੇਖਦੇ ਹਾਂ, ਉਸੇ ਹੀ ਤਰ੍ਹਾਂ ਮਹਾਰਾਣੀ ਜਿੰਦਾਂ ਦੀ ਭੂਮਿਕਾ ਬਹੁਤ ਨਿੱਗਰ ਹੈ। ਸਿੱਖਾਂ ਦੇ ਰਾਜ ਨੂੰ ਛਲ-ਕਪਟ ਨਾਲ ਹਥਿਆ ਲੈਣ ਪਿੱਛੋਂ ਜੇ ਅੰਗਰੇਜ਼ਾਂ ਨੂੰ ਕਿਸੇ ਤੋਂ ਡਰ ਲੱਗਦਾ ਰਿਹਾ ਸੀ ਤਾਂ ਉਹ ਮਹਾਰਾਣੀ ਜਿੰਦਾਂ ਤੋਂ ਹੀ ਲੱਗਦਾ ਰਿਹਾ ਸੀ। ਇਸੇ ਲਈ ਮਹਾਰਾਣੀ ਜਿੰਦਾਂ ਨੂੰ ਕੈਦ ਕੀਤਾ ਗਿਆ, ਉਸ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਉਸ ਤੋਂ ਅਲੱਗ ਕੀਤਾ ਗਿਆ ਤੇ ਸਿੱਖਾਂ ਵਿਚ ਮਹਾਰਾਣੀ ਨੂੰ ਬਦਨਾਮ ਕਰਨ ਲਈ ਕਈ ਕਿਸਮ ਦਾ ਝੂਠਾ ਪ੍ਰਾਪੇਗੰਡਾ ਕੀਤਾ ਗਿਆ। ਮਹਾਰਾਣੀ ਜਿੰਦਾਂ ਅੰਗਰੇਜ਼ਾਂ ਦੀ ਕੈਦ ’ਚੋਂ ਫ਼ਰਾਰ ਹੋ ਕੇ ਨਿਪਾਲ ਪਹੁੰਚ ਗਈ ਪਰ ਅੰਗਰੇਜ਼ਾਂ ਨੇ ਉਦੋਂ ਤਕ ਉਸ ਨੂੰ ਉਸ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਨਾ ਮਿਲਣ ਦਿੱਤਾ ਜਦ ਤਕ ਉਹ ਅੱਖਾਂ ਤੋਂ ਅੰਨ੍ਹੀ ਨਾ ਹੋ ਗਈ। ਪਰ ਇਤਿਹਾਸਕਾਰਾਂ ਦਾ ਨਿਰਣਾ ਹੈ ਕਿ ਇਸ ਹਾਲਤ ਵਿਚ ਵੀ ਜਦੋਂ ਮਹਾਰਾਣੀ ਜਿੰਦਾਂ ਮਹਾਰਾਜਾ ਦਲੀਪ ਸਿੰਘ ਨੂੰ ਮਿਲੀ ਤਾਂ ਉਸ ਨੇ ਦਲੀਪ ਸਿੰਘ ਦੇ ਦਿਲ ਅੰਦਰੋਂ ਖੁੱਸਿਆ ਹੋਇਆ ਸਿੱਖ ਰਾਜ ਦੁਬਾਰਾ ਹਾਸਲ ਕਰਨ ਦੀ ਚਿਣਗ ਜਗਾ ਦਿੱਤੀ ਤੇ ਮਹਾਰਾਜਾ ਦਲੀਪ ਸਿੰਘ ਨੂੰ ਵਾਪਸ ਸਿੱਖ ਧਰਮ ਵਿਚ ਵੀ ਮੋੜ ਲਿਆਂਦਾ। ਇੱਥੇ ਸਿੱਖ ਰਾਜਨੀਤੀ ਵਿਚ ਸਿੱਖ ਇਸਤਰੀ ਦੀ ਭੂਮਿਕਾ ਉਸ ਸਿਖ਼ਰ ’ਤੇ ਪਹੁੰਚਦੀ ਹੈ। ਪਰ ਅਸੀਂ ਵੇਖਦੇ ਹਾਂ ਕਿ ਇਤਿਹਾਸ ਦੇ ਇਸ ਦੌਰ ਤੋਂ ਬਾਅਦ ਸਿੱਖ ਰਾਜਨੀਤੀ ਵਿਚ ਸਿੱਖ ਇਸਤਰੀ ਦੀ ਭੂਮਿਕਾ ਸੀਮਿਤ ਹੋਣੀ ਸ਼ੁਰੂ ਹੋ ਗਈ। ਦਰਅਸਲ ਇਹ ਉਹ ਸਮਾਂ ਸੀ ਜਦੋਂ ਸਿੱਖ ਸਮਾਜ ਉੱਤੇ ਬਿਪਰ ਸੰਸਕਾਰ ਭਾਰੂ ਹੋਣੇ ਸ਼ੁਰੂ ਹੋ ਗਏ, ਜਿਨ੍ਹਾਂ ਅਨੁਸਾਰ ਇਸਤਰੀ ਨੂੰ ‘ਪੈਰ ਦੀ ਜੁੱਤੀ’ ਸਮਝਿਆ ਜਾਂਦਾ ਸੀ। ਇਸ ਦੌਰ ਵਿੱਚ ਸਿੱਖ ਇਸਤਰੀ ਦੀ ਭੂਮਿਕਾ ਨੂੰ ਘਰ ਦੀ ਚਾਰਦੀਵਾਰੀ ਦੇ ਅੰਦਰ ਤਕ ਸੀਮਿਤ ਕਰਨ ਵਿਚ ਬਿਪਰ ਸੰਸਕਾਰ ਕਾਫ਼ੀ ਹੱਦ ਤਕ ਸਫਲ ਹੋਏ। ਸਿੱਖ ਇਸਤਰੀ ਇਸ ਅਣਚਾਹੀ ਹਾਲਤ ’ਚੋਂ ਨਿਕਲਣ ਵਾਸਤੇ ਤਾਂਘ ਰੱਖਦੀ ਹੈ ਪਰ ਮੇਰਾ ਵਿਸ਼ਵਾਸ ਹੈ ਕਿ ਸਿੱਖ ਇਸਤਰੀ ਅੱਜ ਵੀ ਸਿੱਖ ਰਾਜਨੀਤੀ ਵਿਚ ਅਸਰਦਾਰ ਭੂਮਿਕਾ ਨਿਭਾ ਸਕਦੀ ਹੈ। ਸਿੱਖ ਇਸਤਰੀ ਨੂੰ ਇਹ ਭੂਮਿਕਾ ਨਿਭਾਉਣ ਦੇ ਸਮਰੱਥ ਬਣਾਉਣ ਲਈ ਖ਼ੁਦ ਯਤਨਸ਼ੀਲ ਹੋਣਾ ਪਵੇਗਾ।
ਲੇਖਕ ਬਾਰੇ
ਭਾਈ ਧਰਮ ਸਿੰਘ ਖ਼ਾਲਸਾ ਟਰੱਸਟ, ਪਿੰਡ ਤੇ ਡਾਕ. ਸੁਲਤਾਨਵਿੰਡ, ਸ੍ਰੀ ਅੰਮ੍ਰਿਤਸਰ।
- ਹੋਰ ਲੇਖ ਉਪਲੱਭਧ ਨਹੀਂ ਹਨ