ਮਾਨਵ ਪ੍ਰਕਿਰਤੀ ਦਾ ਮਨੁੱਖ ਨਾਲ ਜੁੜਿਆ ਵੱਡਾ ਸਵਾਲ ਮਨੁੱਖੀ ਜੀਵਨ ਦੇ ਮਨੋਰਥ ਦਾ ਹੈ। ਆਖਰ ਮਨੁੱਖ ਇਸ ਸੰਸਾਰ ਵਿਚ ਕਰਨ ਕੀ ਆਇਆ ਹੈ? ਇਸ ਦਾ ਅੰਤਮ ਜਾਂ ਪਰਮ ਮਨੋਰਥ ਕੀ ਹੈ? ਮਾਨਵ ਦੇ ਇਸ ਆਦਿ ਇਤਿਹਾਸ ਤੋਂ ਵਰਤਮਾਨ ਸਮੇਂ ਤਕ ਮਨੁੱਖ ਦੇ ਜੀਵਨ ਨੂੰ ਦਿੱਤੇ ਆਦਰਸ਼ ਬਦਲਦੇ ਰਹੇ ਹਨ। ਦਰਸ਼ਨ ਵਿਚ ਇਸ ਸਵਾਲ ਨੂੰ ਮਨੁੱਖੀ ਸੰਪੂਰਨਤਾ ਦੀ ਸਮੱਸਿਆ ਨਾਲ ਜੋੜਿਆ ਗਿਆ ਹੈ। ਸਿੱਖ ਧਰਮ ਚਿੰਤਨ ਨੇ ਇਸ ਵਿਸ਼ੇ ਦਾ ਦੀਰਘ ਵਿਵੇਚਨ ਕੀਤਾ ਹੈ। ਸੰਸਾਰ ਦੀਆਂ ਹੋਰ ਵਿਭਿੰਨ ਧਾਰਮਿਕ, ਦਾਰਸ਼ਨਿਕ ਪ੍ਰਣਾਲੀਆਂ ਨੇ ਵੀ ਆਪਣੇ-ਆਪਣੇ ਦ੍ਰਿਸ਼ਟੀਕੋਣ ਤੋਂ ਮਨੁੱਖੀ ਜੀਵਨ ਦੇ ਆਦਰਸ਼ ਨਿਸ਼ਚਿਤ ਕੀਤੇ ਹਨ। ਅਸਲ ਵਿਚ ਇਸ ਸਵਾਲ ਦਾ ਜਵਾਬ ਦੱਸਣਾ ਸੌਖਾ ਨਹੀਂ, ਇਹ ਓਨਾ ਹੀ ਕਠਿਨ ਹੈ, ਜਿੰਨਾ ਇਹ ਦੱਸਣਾ ਕਿ ਜੀਵਨ ਕੀ ਹੈ? ਪਰ ਫਿਰ ਵੀ ਹਰ ਪ੍ਰਣਾਲੀ ਨੇ ਆਪੋ-ਆਪਣੇ ਤੌਰ ਉੱਤੇ ਕੋਸ਼ਿਸ਼ ਕੀਤੀ ਹੈ। ਇਥੇ ਅਸੀਂ ਸਿੱਖ-ਸੱਭਿਆਚਾਰ ਨੂੰ ਮਨੁੱਖੀ ਜੀਵਨ ਦੇ ਆਦਰਸ਼ (ਪ੍ਰਭੂ ਪ੍ਰਾਪਤੀ) ਦੇ ਸਾਧਨਾ-ਮਾਰਗ ਵਜੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ।
ਗੁਰਮਤਿ ਨੇ ਆਪਣੇ ਸਿਧਾਂਤਕ ਤੇ ਇਤਿਹਾਸਕ ਪਹਿਲੂਆਂ ਵਿਚ ਇਕ ਚੰਗੇ ਉਸਾਰੂ ਸੱਭਿਆਚਾਰ ਸਿਰਜਣ ਦੇ ਆਧਾਰ ਪ੍ਰਦਾਨ ਕੀਤੇ ਹਨ ਅਤੇ ਚੰਗਾ ਸੱਭਿਆਚਾਰ ਸਿਰਜਿਆ ਵੀ ਹੈ। ਗੁਰਬਾਣੀ ਦੀ ਤੱਤ-ਵਸਤੂ ਪਰਮਸਤਿ, ਜੀਵ, ਜਗਤ ਨਾਲ ਸੰਬੰਧਿਤ ਹੈ, ਜਿਸ ਦਾ ਕੇਂਦਰ ਅਜਿਹਾ ਪਤਨਮੁਖੀ ਮਨੁੱਖ ਹੈ, ਜਿਹੜਾ ਆਪਣੀ ਅਗਿਆਨਤਾ ਸਦਕਾ ਸਦੀਆਂ ਤੋਂ ਰੂੜ੍ਹੀਆਂ ਪਿਟਦਾ, ਗਲੇ-ਸੜੇ ਸੰਸਕਾਰਾਂ ਵਿਚ ਪਰੁੱਚਾ, ਭੁੱਲ-ਭੁਲੇਖਿਆਂ ਵਿਚ ਗਵਾਚਾ, ਨਰਕ-ਸੁਰਗ ਦੇ ਝਾਂਸਿਆਂ ਵਿਚ ਫਸਿਆ ਆਪਣੇ ਅਸਲ ਮਨੋਰਥ ਤੋਂ ਥਿੜਕਿਆ ਹੋਇਆ ਹੈ। ਇਹ ਵਿਚਾਰ ਬਹੁਤੇ ਠੀਕ ਨਹੀਂ, ਜਿਹੜੇ ਇਹ ਕਹਿੰਦੇ ਹਨ ਕਿ ਗੁਰਬਾਣੀ ਦਾ ਸਮਕਾਲੀਨ ਸਮਾਜ ਜ਼ਿਆਦਾ ਰੂੜ੍ਹੀਗਤ ਸੀ, ਪਰ ਹੁਣ ‘ਵਿਗਿਆਨਕ ਰੌਸ਼ਨੀ’ ਨਾਲ ਬੰਧਨ ਟੁੱਟ ਰਹੇ ਹਨ। ਅਜਿਹੇ ਵਿਚਾਰ ਸਾਧਾਰਨ ਤੌਰ ਉੱਤੇ ਦੇਖਿਆਂ ਤਾਂ ਠੀਕ ਜਾਪਣਗੇ, ਪਰ ‘ਸਮਾਜਿਕ ਸਤਰ’ ਉੱਤੇ ਜੀਅ ਰਹੇ ਮਨੁੱਖੀ ਜੀਵਨ-ਮਾਡਲ ਦੇ ਤਰਕ ਉੱਤੇ ਇਹ ਪੂਰੇ ਨਹੀਂ ਉਤਰਦੇ। ਇਨ੍ਹਾਂ ਵਿਚ ਵੱਡਾ ਭੁਲੇਖਾ ‘ਵਿਗਿਆਨਕ ਰੌਸ਼ਨੀ’ ਦਾ ਹੈ।
ਰੂੜ੍ਹੀਆਂ ਨੇ ਸਿਰਫ਼ ‘ਰੂਪ’ ਬਦਲੇ ਹਨ, ‘ਸੁਭਾਅ’ ਨਹੀਂ, ਅਕਾਂਖਿਆਵਾਂ ਪਹਿਲਾਂ ਨਾਲੋਂ ਵੀ ਕਿਤੇ ਵੱਧ ਹਨ। ਪਦਾਰਥਕ ਚਮਕ-ਦਮਕ ਤੇ ਮਾਇਆ ਦੇ ਪਾਸਾਰ ਨੇ ਮਨੁੱਖ ਨੂੰ ਕੇਵਲ ਉਸ ਦੇ ਜੀਵਨ ਦੇ ਮੂਲ ਮਨੋਰਥ ਤੋਂ ਹੀ ਨਹੀਂ ਥਿੜਕਾਇਆ, ਸਗੋਂ ਸੰਸਾਰਿਕ ਰਿਸ਼ਤੇ (ਭੈਣ-ਭਰਾ, ਮਾਂ-ਬਾਪ, ਬਜ਼ੁਰਗ-ਨੌਜਵਾਨ, ਅਧਿਆਪਕ-ਵਿਦਿਆਰਥੀ, ਪਤੀ-ਪਤਨੀ ਆਦਿ) ਵੀ ਤਿੜਕ-ਤਿੜਕ ਕਰ ਕੇ ਟੁੱਟ ਰਹੇ ਹਨ। ਇਸ ਵਿਕਾਊ (ਜਿੱਥੇ ਇੱਜ਼ਤ/ਇਨਸਾਨੀਅਤ ਵੀ ਵਿਕਦੀ ਹੈ) ਤੇ ਪਲਾਸਟਿਕ ਸੱਭਿਆਚਾਰ (ਮੈਗਾ ਕਲਚਰ) ਦੇ ਤੇਜ਼ ਝਮੇਲਿਆਂ ਵਿਚ ਮਨੁੱਖ ਆਪਣੇ ਜੀਵਨ-ਮਨੋਰਥ ਦੇ ਚਿੰਤਨ ਲਈ ਫੁਰਸਤ ਦੇ ਪਲ ਕੱਢ ਸਕੇ, ਅਸੰਭਵ ਜਿਹਾ ਕਾਰਜ ਜਾਪਦਾ ਹੈ। ਇਸ ਕਰਕੇ ਗੁਰਮਤਿ ਨੇ ਮਹਿਲ-ਮਾੜੀਆਂ, ਸੰਚਾਰ-ਸ਼ੋਰ ਤੇ ਹੋਰ ਮਾਇਆਵਾਦੀ ਚਕਾਚੌਂਧ ਦੇ ਉਪਭੋਗੀ ਸੱਭਿਆਚਾਰ ਦੀ ਥਾਂ ਇਕ ਨਿਰਮਲ, ਸਹਿਜਮਈ ਸੱਭਿਆਚਾਰ ਉਸਾਰਿਆ ਹੈ, ਜਿਹੜਾ ਮਾਨਵ ਦੇ ਜੀਵਨ ਮਨੋਰਥ ਦੀ ਪ੍ਰਾਪਤੀ ਦਾ ਅਹਿਮ ਸਾਧਨ ਹੈ। ਗੁਰਬਾਣੀ ਦੇ ਸੰਦਰਭ ਵਿਚ ਇਸ ‘ਸੱਭਿਆਚਾਰਕ ਸਾਧਨ’ ਨੂੰ ਤਿੰਨ ਪੱਧਰਾਂ ਉੱਤੇ ਵਿਚਾਰਿਆ ਜਾਂਦਾ ਹੈ:
(ੳ) ਨਿਯਮ (ਸੰਸਕਾਰ ਆਦਿ)
(ਅ) ਸੁਵਿਧਾਵਾਂ (ਪਦਾਰਥਕ ਉੱਨਤੀ)
(ੲ) ਵਿਚਾਰਧਾਰਾਵਾਂ (ਵਿਸ਼ਵਾਸ ਆਦਿ)
(ੳ) ਨਿਯਮ (ਸੰਸਕਾਰ ਆਦਿ) : ਸੱਭਿਆਚਾਰ ਵਿਚ ਕਿਸੇ ਵਿਸ਼ੇਸ਼ ਮਨੁੱਖੀ- ਸਮਾਜ ਦੇ ਜੀਵਨ ਦੇ ਹਰ ਪ੍ਰਕਾਰੀ ਪਹਿਲੂਆਂ ਦੀਆਂ ਸਭ ਕਿਰਿਆਵਾਂ ਤੇ ਉਨ੍ਹਾਂ ਨੂੰ ਕਰਨ ਦੀਆਂ ਵਿਧੀਆਂ ਸ਼ਾਮਲ ਹਨ, ਜਿਹੜੀਆਂ ਉਨ੍ਹਾਂ ਨੂੰ ਕਿਸੇ ਦੂਸਰੇ ਹੋਰ ਸੱਭਿਆਚਾਰ ਨਾਲੋਂ ਵਖਰਿਆਉਂਦੀਆਂ ਹਨ। ਜਿਸ ਸੱਭਿਆਚਾਰ ਦਾ ਵਾਤਾਵਰਨ ਗਲਿਆ-ਸੜਿਆ, ਕਰਮਕਾਂਡੀ, ਲਚਰ, ਭੜਕੀਲਾ, ਨਸ਼ਈ ਤੇ ਆਚਰਨਹੀਣ ਹੋਵੇ, ਉਥੇ ਇਕ ਆਦਰਸ਼ ਮਾਨਵ ਦੀ ਉਸਾਰੀ ਹੋ ਜਾਣ ਦੀ ਕਿਵੇਂ ਆਸ ਰੱਖੀ ਜਾ ਸਕਦੀ ਹੈ? ਜਿਸ ਸਮਾਜ ਦੇ ਸੱਭਿਆਚਾਰਕ ਢਾਂਚੇ ਨੇ ਆਪਣੀ ਬਹੁ-ਦਿਸ਼ਾਵੀ ਪ੍ਰਕਿਰਿਆ ਹੇਠ ਸਤੀ ਪ੍ਰਥਾ, ਹਾਰ-ਸ਼ਿੰਗਾਰ, ਭੇਖ, ਵਰਨ, ਪੂਜਾ-ਅਰਚਾ ਦੀਆਂ ਜਟਿਲ ਤੋਂ ਜਟਿਲ ਵਿਧੀਆਂ, ਦਾਨ-ਪੁੰਨ, ਕਲਮਾ-ਨਿਮਾਜ਼, ਸੁੰਨਤ, ਤੀਰਥ- ਯਾਤਰਾ, ਸੂਤਕ-ਪਾਤਕ, ਸੁੱਚ-ਭਿੱਟ, ਦਾਜ, ਦਿਖਾਵਾ, ਫੋਕੀਆਂ ਰੀਤਾਂ ਅਤੇ ਹੋਰ ਬੇਅੰਤ ਵਿਧਾਨ ਬਣਾ ਕੇ ਮਨੁੱਖ ਨੂੰ ਬੇਲੋੜੇ ਚੱਕਰਵਿਊ ਵਿਚ ਉਲਝਾਇਆ ਹੋਵੇ ਕਿ ਉਸ ਨੂੰ ਆਪਣੀ ‘ਔਕਾਤ’ ਤਕ ਦੀ ਪਛਾਣ ਨਾ ਰਹੇ, ਉਸ ਤੋਂ ਉੱਚੀ ਸੋਚ, ‘ਜੀਵਨ-ਮਨੋਰਥ’ ਦੀ ਕਿਵੇਂ ਆਸ ਰੱਖੀ ਜਾ ਸਕਦੀ ਹੈ? ਮਾਨਵਤਾ ਦੀ ਵਰਨ-ਵੰਡ ਸ਼ੂਦਰ ਨੂੰ ‘ਜਾਨਵਰ’ ਹੋਣ ਤਕ ਦਾ ਅਹਿਸਾਸ ਵੀ ਨਹੀਂ ਹੋਣ ਦਿੰਦੀ, ‘ਮਾਨਵ- ਆਦਰਸ਼’ ਦੀ ਮਹਿਜ਼ ਕਲਪਨਾ ਤਾਂ ਦੂਰ ਦੀ ਗੱਲ ਹੈ। ਕਰਮਕਾਂਡੀ ਤੇ ਭੇਖੀ ਪਹਿਰਾਵਿਆਂ ਵਿਚ ਮਨੁੱਖਤਾ ਦਾ ਸ਼ੋਸ਼ਣ ਕਰਨ ਵਾਲੀਆਂ ਵਿਚਾਰਧਾਰਾਵਾਂ ਦੇ ਕਾਰਿੰਦਿਆਂ ਨੂੰ ਇਸੇ ਕਰਕੇ ਹੀ ਗੁਰਬਾਣੀ ਰੱਦ ਕਰਦੀ ਹੈ:
ਭੇਖੀ ਹਾਥ ਨ ਲਭਈ ਤੀਰਥਿ ਨਹੀ ਦਾਨੇ॥(ਪੰਨਾ 1012)
ਬਹੁਤੇ ਭੇਖ ਕਰਹਿ ਭੇਖਧਾਰੀ॥
ਭਵਿ ਭਵਿ ਭਰਮਹਿ ਕਾਚੀ ਸਾਰੀ॥ (ਪੰਨਾ 842)
ਅਜਿਹੇ ਭੇਖੀ ਜੀਵਨ ਨੂੰ ਤਿਆਗਣਾ ਬੜਾ ਜ਼ਰੂਰੀ ਹੈ। ਤੀਰਥਾਂ-ਵਰਤਾਂ ਦੇ ਨਿਰਾਰਥਕ ਖਿਆਲ ਸੂਤਕ-ਪਾਤਕ, ਵਹਿਮ-ਭਰਮ ਜਾਂ ਹਾਰ-ਸ਼ਿੰਗਾਰਾਂ ਦੇ ਚਮਕ- ਦਮਕ ਦੇ ਵਿਖਾਵੇ ਦੀਆਂ ਬੇਲੋੜੀਆਂ ਕਿਰਿਆਵਾਂ ਦਾ ਮਨੁੱਖੀ ਜੀਵਨ ਦੇ ਅਸਲ ਮਨੋਰਥ ਨਾਲ ਕੋਈ ਸੰਬੰਧ ਨਹੀਂ, ਬਲਕਿ ਇਹ ਸਾਰੀਆਂ ਕਿਰਿਆਵਾਂ ਤਾਂ ਇਨਸਾਨ ਦੀ ਅਸਲੀ ਸਾਦਗੀ ਹੀ ਮਾਰ ਦਿੰਦੀਆਂ ਹਨ ਅਤੇ ਮਨੁੱਖ ਦੇ ਆਤਮਿਕ ਵਿਕਾਸ ਵਿਚ ਰੁਕਾਵਟਾਂ ਬਣਦੀਆਂ ਹਨ:
ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ॥
ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ॥
ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ॥ (ਪੰਨਾ 19)
ਸਿਰੀਰਾਗੁ ਦੇ ਮੁੱਢਲੇ ਸ਼ਬਦ ਵਿਚ ਜੀਵਨ ਦੇ ਉਨ੍ਹਾਂ ਲੋਭ-ਲਾਲਚਾਂ, ਵਿਖਾਵਿਆਂ ਦਾ ਚਿਤਰਮਈ ਵਰਣਨ ਹੈ, ਜੋ ਆਤਮਿਕ ਉੱਨਤੀ ਦੇ ਰਾਹ ਵਿਚ ਰੁਕਾਵਟ ਸਾਬਤ ਹੁੰਦੇ ਹਨ:
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ (ਪੰਨਾ 14)
ਗੁਰਮਤਿ ਅਜਿਹਾ ‘ਸੱਭਿਆਚਾਰ’ ਪ੍ਰਵਾਨ ਨਹੀਂ ਕਰਦੀ, ਜਿੱਥੇ ‘ਇਸਤਰੀ ਤਜਿ’ ਕੇ ਆਪਣੇ ਆਪ ਨੂੰ ਜਤੀ-ਸਤੀ ਕਹਾਇਆ ਜਾਵੇ ਜਾਂ ਸੰਨਿਆਸ ਧਾਰਿਆ ਜਾਵੇ ਅਤੇ ਨਾ ਹੀ ਉਹ ‘ਸਤੀ’ ਪ੍ਰਵਾਨ ਹੈ ਜਿਸ ਨੂੰ ‘ਭਰਤਾ’ ਨਾਲ ਪਹਿਲਾਂ ‘ਨਰੜਿਆ’ ਹੁੰਦਾ ਹੈ, ਫਿਰ ਉਸ ਦੇ ‘ਸੁਰਗਵਾਸ’ ਉੱਤੇ ਉਸ ਨੂੰ ਨਾਲ ‘ਸਤ ਰੱਖਣ’ ਲਈ (ਮਰਨ ਲਈ) ਮਜਬੂਰ ਕੀਤਾ ਜਾਂਦਾ ਹੈ:
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍॥
ਨਾਨਕ ਸਤੀਆ ਜਾਣੀਅਨਿ੍ ਜਿ ਬਿਰਹੇ ਚੋਟ ਮਰੰਨਿ੍॥ (ਪੰਨਾ 787)
ਜੂਠ-ਸੁੱਚ ਨੂੰ ਧਰਮ ਬਣਾਉਣ ਵਾਲਿਆਂ ਲਈ ਗੁਰਮਤਿ ਅਸਲੀ ਜੂਠ ਦੱਸਦੀ ਹੋਈ ਉਪਰੋਕਤ ‘ਧਰਮ’ ਨੂੰ ਰੱਦ ਕਰਦੀ ਹੈ। ਦੂਸਰੇ ਦਾ ਪਰਛਾਵਾਂ ਪੈਣ ਜਾਂ ਹੱਥ ਲੱਗਣ ਨਾਲ ਹੀ ਜਿਨ੍ਹਾਂ ਨੂੰ ਭਿੱਟ ਚੜ੍ਹੇ, ਅਜਿਹੇ ਦੰਭੀ, ਇਨਸਾਨ ਵਿਚ ਵਾਹਿਗੁਰੂ ਜੋਤਿ ਦੇਖਣ, ਇਹ ਸੰਭਵ ਨਹੀਂ। ਉਪਰੋਕਤ ਹਾਸੋ-ਹੀਣੇ ਸੰਸਕਾਰਾਂ ਨਾਲ ਗ੍ਰਸਤ ਸਮਾਜ ‘ਮਨ ਕੀ ਜੂਠੀ’ ਨਾਲ ‘ਜੂਠ’ ਦਾ ਵਰਤਾਰਾ ਵਰਤਾਉਣ ਜੋਗਾ ਹੀ ਰਹਿ ਜਾਂਦਾ ਹੈ:
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥ (ਪੰਨਾ 61)
ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ॥ (ਪੰਨਾ 1195)
ਚਿੰਤਨਸ਼ੀਲ ਆਦਰਸ਼ ਮਾਨਵ ਪੈਦਾ ਕਰਨ ਲਈ ਜ਼ਰੂਰੀ ਹੁੰਦਾ ਹੈ ਕਿ ਮਾਨਵ- ਮਾਰੂ ਸੰਸਕਾਰ, ਗ਼ਲਤ ਨੀਤੀਆਂ ਖ਼ਤਮ ਕੀਤੀਆਂ ਜਾਣ। ਗੁਰਮਤਿ ਲਹਿਰ ਨੇ ਆਪਣੇ ਸਿਧਾਂਤਕ ਤੇ ਇਤਿਹਾਸਕ ਪਹਿਲੂਆਂ ਵਿਚ ਅਜਿਹੇ ਕੂੜ, ਰੂੜ੍ਹੀਵਾਦੀ ਸੰਸਕਾਰਾਂ ਦੀ ਸਪੱਸ਼ਟ ਜ਼ੋਰਦਾਰ ਵਿਰੋਧਤਾ ਕੀਤੀ ਹੈ।
(ਅ) ਸੁਵਿਧਾਵਾਂ (ਪਦਾਰਥਕ ਉੱਨਤੀ) : ਸਮੇਂ ਦੇ ਵਿਕਾਸ ਨਾਲ ਜਿਵੇਂ-ਜਿਵੇਂ ਵਿਗਿਆਨ ਉੱਨਤੀ ਕਰਦਾ ਆ ਰਿਹਾ ਹੈ, ਤਕਨਾਲੋਜੀ ਦੁਆਰਾ ਮਨੁੱਖ ਨੂੰ ਅਨੇਕਾਂ ਸੁਖ-ਸੁਵਿਧਾਵਾਂ ਪ੍ਰਾਪਤ ਹੋ ਰਹੀਆਂ ਹਨ। ਮਨੁੱਖ ਲਈ ਸੁਵਿਧਾਵਾਂ ਹੋਣੀਆਂ ਚੰਗੀ ਗੱਲ ਹੈ, ਪਰ ਇਨ੍ਹਾਂ ਕਰਕੇ ਮਨੁੱਖੀ ਲਾਲਸਾਵਾਂ, ਭੁੱਖ-ਨੰਗ, ਗਰੀਬੀ, ਸ਼ੋਸ਼ਣ, ਮਾਨਸਿਕ ਅਸ਼ਾਂਤੀ, ਕਬਜ਼ੇ ਦੀ ਭਾਵਨਾ, ਜ਼ਰ-ਜ਼ੋਰੂ ਪਿੱਛੇ ਲੜਾਈਆਂ, ਬਰਬਾਦੀ, ਨਸ਼ਿਆਂ ਦਾ ਸੇਵਨ ਅਤੇ ਅਜਿਹਾ ਹੋਰ ਪਦਾਰਥਕ ਮਾਰੂਥਲ, ਜੀਵਨ-ਘਾਟੀ ਦੀ ਸੁਹਾਵਣੀ ਵਾਦੀ ਵਿਚਲੇ ਰਾਹ ਦੀ ਰੁਕਾਵਟ ਬਣ ਗਿਆ ਹੈ। ਜਿਵੇਂ-ਜਿਵੇਂ ਮਨੁੱਖ ਆਪਣੀ ਮਾਇਆ ਦੇ ਖਿਲਾਰੇ ਖਿਲਾਰਦੇ ਜਾ ਰਿਹਾ ਹੈ, ਤਿਵੇਂ-ਤਿਵੇਂ ਉਸ ਦੀ ਬਿਰਤੀ, ਮਨ ਦਾ ਖਿਲਾਰਾ ਵੀ ਖਿੱਲਰਦਾ ਜਾਂਦਾ ਹੈ। ਜਿੰਨੀ ਜ਼ਿਆਦਾ ਪਦਾਰਥਕ ਭੁੱਖ ਹੋਵੇਗੀ, ਜਿੰਨਾ ਵਧੇਰੇ ਵਸਤਾਂ ਉੱਤੇ ਕਬਜ਼ਾ ਹੋਵੇਗਾ, ਓਨਾ ਹੀ ਮਨੁੱਖ ਮਾਨਸਿਕ ਤੌਰ ਉੱਤੇ ਚਿੜਚਿੜਾ, ਰੁੱਖਾ ਤੇ ਆਤਮਿਕ ਤੌਰ ਉੱਤੇ ਸੱਖਣਾ ਹੁੰਦਾ ਜਾਵੇਗਾ। ਗੁਰਮਤਿ ਨੇ ਮਨੁੱਖਾ ਜੀਵਨ ਨੂੰ ਸੇਵਾ ਲਈ ਕੇਂਦਰਤ ਕਰ ਕੇ ਪਦਾਰਥਿਕ ਵਸੀਲਿਆਂ ਦੀ ਸਿਆਣੀ (ਸੰਜਮ ਨਾਲ) ਵਰਤੋਂ ਕਰਨ ਦੀ ਜਾਚ ਸਿਖਾਈ ਹੈ, ਕਿਉਂਕਿ ਰਾਜ ਤਾਂ ਅਸਲ ਵਿਚ ਸਬਰ-ਸੰਤੋਖ ਵਿਚ ਹੀ ਹੈ:
ਬਿਨਾ ਸੰਤੋਖ ਨਹੀ ਕੋਊ ਰਾਜੈ॥ (ਪੰਨਾ 279)
ਇਹ ਧਨ, ਮਾਲ, ਰਾਜ ਦਰਬਾਰ, ਸੁਲਤਾਨੀਆਂ, ਖਾਨ, ਪਦਵੀਆਂ, ਲੱਖ ਮਣ ਸੁਇਨਾ, ਰਾਜ ਮਿਲਖ ਸਿਕਦਾਰੀਆਂ ਹਮੇਸ਼ਾਂ ਰਹਿਣ ਵਾਲੀਆਂ ਨਹੀਂ। ਪਦਾਰਥਕ ਬਹੁਲਤਾ ਹਮੇਸ਼ਾਂ ਆਲਸ, ਮਨ ਦਾ ਖਿੰਡਾਅ ਅਤੇ ਅਹੰਕਾਰ ਪੈਦਾ ਕਰਦੀ ਹੈ। ਪਦਾਰਥਾਂ ਦੇ ਢੇਰ ‘ਪਾਪਾ ਬਾਝਹੁ’ ਇਕੱਠੇ ਵੀ ਨਹੀਂ ਹੁੰਦੇ ਅਤੇ (ਆਤਮਿਕ ਰਾਹ ਦੇ) ਨਾਲ ਵੀ ਨਹੀਂ ਜਾਂਦੇ। ਉਪਭੋਗੀ ਅਤੇ ਪੂੰਜੀਵਾਦੀ ਸੱਭਿਆਚਾਰ ਵਿਚ ਮਾਇਆਧਾਰੀਆਂ ਕੋਲ ਪਦਾਰਥਾਂ ਦਾ ਬੇਲੋੜਾ ਢੇਰ ਲੱਗ ਜਾਂਦਾ ਹੈ, ਜਦਕਿ ਮਿਹਨਤ ਮਜ਼ਦੂਰੀ ਕਰਨ ਵਾਲੇ ਮਜ਼ਦੂਰ/ਕਿਸਾਨ ਭੁੱਖੇ ਮਰਦੇ ਹਨ। ਦੋਵੇਂ ਧਿਰਾਂ, ਇਕ ਪਦਾਰਥਾਂ ਦੀ ‘ਬਹੁਲਤਾ’ ਕਰਕੇ ਅਤੇ ਇਕ ਪਦਾਰਥਾਂ ਦੀ ‘ਥੁੜ’ ਕਰਕੇ ਆਪਣੇ ਅਸਲੇ ਤੋਂ ਅਣਭਿੱਜ ਰਹਿੰਦੀਆਂ ਹਨ, ਪਰੰਤੂ ਗੁਰਮਤਿ ਦੁਆਰਾ ਦ੍ਰਿੜ੍ਹਾਇਆ ਸਬਰ ਤੇ ਸੰਤੋਖ-ਮੁਖੀ ਸੱਭਿਆਚਾਰ ਦਾ ਵਾਤਾਵਰਨ ਮਾਨਵ ਨੂੰ ਇਸ ਦੇ ਅਸਲੇ ਵੱਲ ਵੀ ਮੋੜਦਾ ਹੈ ਅਤੇ ਸੰਸਾਰ ਤੋਂ ਭਾਂਜਵਾਦੀ ਵੀ ਨਹੀਂ ਹੋਣ ਦਿੰਦਾ। ਜਿਹੜੇ ਇਸ ਜੀਵਨ ਦੀ ਪਰਿਵਰਤਨਸ਼ੀਲਤਾ ਨੂੰ ਮਹਿਸੂਸਦੇ ਹਨ, ਉਹ ਬਹੁਤੇ ਵਿਸਤਾਰਾਂ ਵਿਚ ਨਹੀਂ ਪੈਂਦੇ, ਸਿਰਫ਼ ਚੰਗੀ ਗੁਜ਼ਰਾਨ ਕਰਦੇ ਹਨ:
ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ॥ (ਪੰਨਾ 787)
ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ॥ ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ॥
ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ॥ (ਪੰਨਾ 1019)
(ੲ) ਵਿਚਾਰਧਾਰਾਵਾਂ (ਜਾਂ ਵਿਸ਼ਵਾਸ) : ਕਿਸੇ ਸੱਭਿਆਚਾਰ ਵਿਚ ਬਣੀਆਂ ਹੋਈਆਂ ਧਾਰਨਾਵਾਂ, ਪੀੜ੍ਹੀਓਂ-ਪੀੜ੍ਹੀ ਤੁਰੀਆਂ ਆ ਰਹੀਆਂ ਵਿਚਾਰਾਂ, ਰੀਤਾਂ, ਅਖੌਤਾਂ ਆਦਿ ਉਸ ਖਿੱਤੇ ਵਿਚ ਵੱਸ ਰਹੇ ਲੋਕਾਂ ਉੱਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ। ਗ਼ੁਲਾਮ ਸੱਭਿਆਚਾਰਾਂ ਵਿਚ ‘ਗ਼ੁਲਾਮੀ’ ਇਕ ਫ਼ਲਸਫ਼ੇ, ਵਿਸ਼ਵਾਸ ਤੇ ਧਰਮ ਆਦਿ ਨਾਲ ਸੰਬੰਧਿਤ ਹੋ ਕੇ ਲੋਕਾਈ ਨੂੰ ਆਪਣੀ ਸਦੀਵੀ ਪਕੜ ਵਿਚ ਵਿਚ ਰੱਖਦੀ ਹੈ। ਗ਼ੁਲਾਮ ਸੱਭਿਆਚਾਰਾਂ ਦੇ ਲੋਕ ਆਪਣੇ ਗ਼ੁਲਾਮੀ ਦੇ ਚਿੰਨ੍ਹਾਂ ਨੂੰ ਧਰਮ, ਵਿਸ਼ਵਾਸ ਜਾਂ ਸੱਭਿਆਚਾਰ ਨਾਲ ਜੋੜ ਕੇ ਉਸੇ ਦਾ ਹੀ ਸਤਿਕਾਰ ਕਰਨ ਲੱਗ ਪੈਂਦੇ ਹਨ। ਇਸ ਤੋਂ ਬਿਨਾਂ ਜਿਨ੍ਹਾਂ ਸੱਭਿਆਚਾਰਾਂ ਵਿਚ ਮਿਥਿਹਾਸ, ਅੰਧ-ਵਿਸ਼ਵਾਸ ਹੋਵੇ, ਉਥੋਂ ਦੇ ਵਸਨੀਕਾਂ ਦੀ ਜੀਵਨ-ਸ਼ੈਲੀ ਹੀ ਇਕ ਖਾਸ ਪ੍ਰਕਾਰ ਦੀ ਰੰਗਤ ਵਿਚ ਰੰਗੀ ਹੋਵੇਗੀ। ਇਨ੍ਹਾਂ ਸਾਰੇ ਅਮਾਨਵੀ ਵਰਤਾਰਿਆਂ ਵਿਚ ਵਿਚਰ ਰਹੀ ਲੋਕਾਈ ਨੂੰ ‘ਸਚੁ’ ਦ੍ਰਿੜ੍ਹ ਕਰਵਾਉਣ ਲਈ ਸਦੀਆਂ ਲੰਮੀ ਘਾਲਣਾ ਦੀ ਲੋੜ ਪੈਂਦੀ ਹੈ।
ਅਜਿਹੇ ਗੁਮਰਾਹਕੁਨ (ਅੰਧ) ਵਿਸ਼ਵਾਸਾਂ ਦੇ ਧਾਰਨੀ ਮਨੁੱਖ ਜਾਂ ਤਾਂ ‘ਦੇਹਵਾਦ’ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਜਾਂ ਫਿਰ ਇਨ੍ਹਾਂ ਤੋਂ ਅੱਕੇ ਹੋਏ ਨਾਸਤਿਕ ਹੋ ਜਾਂਦੇ ਹਨ। ਅਸਲ ‘ਤੱਤ’ ਨੂੰ ਸਮਝਣਾ ਕਿਸੇ ਵਿਰਲੇ ‘ਪੰਚ’ ਜਨ ਦੇ ਹੀ ਵੱਸ ਆਉਂਦਾ ਹੈ। ਇਸ ਤਰ੍ਹਾਂ ਦੇ ਸੱਭਿਆਚਾਰਕ ਤਾਣੇ-ਬਾਣੇ ਵਿਚ ਮਨੁੱਖ ਆਪਾ ਵਿਕਸਿਤ ਕਰਨ ਦੀ ਬਜਾਏ ਕਿਸਮਤਵਾਦੀ ਹੋ ਕੇ ਦਾਤਾ-ਭੁਗਤਾ ਦੇ ਦਵੰਧ ਦਾ ਸ਼ਿਕਾਰ ਬਣ ਜਾਂਦਾ ਹੈ ਅਤੇ ਗ਼ੁਲਾਮੀ ਦਾ ਜੀਵਨ ਬਤੀਤ ਕਰਦਿਆਂ ਮਨ ਦੀ ‘ਜੋਤਿ ਸਰੂਪ’ ਸਥਿਤੀ ਤੋਂ ਅਣਜਾਣ ਰਹਿੰਦਾ ਹੈ। ਗੁਰਬਾਣੀ ਵਿਚ ਅਜਿਹੇ ਅਮਾਨਵੀ ਸੱਭਿਆਚਾਰ ਦੀ ਕੋਈ ਥਾਂ ਨਹੀਂ, ਕਿਉਂਕਿ ਇਥੇ ਸਿਵਾਏ ਭਟਕਣ ਦੇ ਹੋਰ ਕੁਝ ਵੀ ਨਹੀਂ:
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥ (ਪੰਨਾ 1)
ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ॥ (ਪੰਨਾ 33)
ਹੋਮ ਜਗ ਜਪ ਤਪ ਸਭਿ ਸੰਜਮ ਤਟਿ ਤੀਰਥਿ ਨਹੀ ਪਾਇਆ॥ (ਪੰਨਾ 1139)
ਸੱਭਿਆਚਾਰ ਇਕ ਸੰਤੁਲਿਤ ਸੁਘੜ ਜੀਵਨ-ਜਾਚ ਹੈ, ਜੋ ਮਨ, ਬਚ, ਕਰਮਾਂ ਦੀ ਇਕਸਾਰਤਾ ਦਾ ਲਖਾਇਕ ਹੈ। ਇਹ ਇਕਸਾਰਤਾ ਮਨੁੱਖੀ ਅਧਿਆਤਮਕ ਜੀਵਨ ਵਿਚ ਇਕ ਵਿਸ਼ੇਸ਼ ਸਹਾਇਕ ਵਿਵਸਥਾ ਹੈ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਸਮਾਜ ਵਿਚ ਪ੍ਰਚੱਲਤ ਸੱਭਿਆਚਾਰ ਦਾ ਉਸ ਨੂੰ ਚੰਗਾ ਜਾਂ ਮੰਦਾ ਬਣਾਉਣ ਵਿਚ ਵਿਸ਼ੇਸ਼ ਹੱਥ ਹੁੰਦਾ ਹੈ। ਇਹ ਵਾਤਾਵਰਨ ਘਰ ਤੋਂ ਸ਼ੁਰੂ ਹੋ ਕੇ ਪਾਠਸ਼ਾਲਾ, (ਸਕੂਲ, ਕਾਲਜ, ਯੂਨੀਵਰਸਿਟੀ ਆਦਿ) ਧਾਰਮਿਕ ਸਥਾਨ ਆਦਿ ਰਾਹੀਂ ਪੂਰੇ ਸਮਾਜ ਤਕ ਅੱਪੜਦਾ ਹੈ। ਜੇਕਰ ਮਨੁੱਖ ਨੂੰ ਇਹ ਚੰਗਾ ਮਿਲ ਜਾਵੇ ਤਾਂ ਉਸ ਲਈ ਜੀਵਨ ਮਨੋਰਥ ਦੀ ਪ੍ਰਾਪਤੀ ਦਾ ਸਾਧਨ ਬਣ ਜਾਂਦਾ ਹੈ, ਪਰ ਜੇਕਰ ਸਤਿ ਪੁਰਸ਼ਾਂ ਦਾ ਅਭਾਵ ਹੋਵੇ ਤਾਂ ਇਹੀ ਸੱਭਿਆਚਾਰ ਰੁਕਾਵਟ ਬਣ ਜਾਂਦਾ ਹੈ।
ਜਿਸ ਸੱਭਿਆਚਾਰ ਵਿਚ ਲੋਕ-ਰਾਜੀ ਕੀਮਤਾਂ ਗਾਇਬ ਹੋਣ, ਲੋਕਾਂ ਨੂੰ ਸਨਮਾਨ, ਸੁਤੰਤਰਤਾ ਤੇ ਸਮਾਜਿਕ ਨਿਆਂ ਪ੍ਰਾਪਤ ਨਾ ਹੋਵੇ ਤਾਂ ਅਜਿਹੇ ਵਾਤਾਵਰਨ ਵਿਚ ਬੇਚੈਨੀ, ਅਸੰਤੁਸ਼ਟਤਾ ਅਤੇ ਅਨਿਆਂ ਫੈਲ ਜਾਂਦਾ ਹੈ। ਅਤਿਆਚਾਰ ਦੀ ਹਨੇਰਗਰਦੀ, ਪਦਾਰਥਵਾਦ, ਕੱਟੜਵਾਦ, ਅਗਿਆਨ, ਦੰਭ-ਪ੍ਰਪੰਚ ਤੇ ਦਿਖਾਵਾ ਆਦਿ ਮਾਨਵ-ਜੀਵਨ ਦੇ ਸੁਚੱਜੇ ਮਾਰਗ ਵਿਚ ਵੱਡੀਆਂ ਰੁਕਾਵਟਾਂ ਹਨ। ਇਨ੍ਹਾਂ ਤੋਂ ਮੁਕਤ ਸੱਭਿਆਚਾਰ ਦਾ ਵਾਤਾਵਰਨ ਹੀ ਮਨੁੱਖੀ ਜੀਵਨ ਦੇ ਆਦਰਸ਼ ਪ੍ਰਾਪਤੀ ਦਾ ‘ਸਾਧਨ’ ਬਣਦਾ ਹੈ। ਗੁਰਮਤਿ ਨੇ ਆਦਰਸ਼ ਮਾਨਵ ਉਸਾਰਨ ਲਈ ਸੰਗਤ, ਪੰਗਤ, ਸੇਵਾ ਆਦਿ ਦਾ ਸੱਭਿਆਚਾਰਕ ਵਾਤਾਵਰਨ ਪੈਦਾ ਕੀਤਾ ਹੈ। ਨਾਮ ਸਿਮਰਨਾ, ਸੰਗਤ ਵਿਚ ਬਿਨ੍ਹਾਂ ਭੇਦ-ਭਾਵ ਰਹਿਣਾ, ਸਮੁੱਚੇ ਖਾਲਸਾਈ ਪਰਵਾਰ ਦਾ ਮੈਂਬਰ ਹੋਣਾ ਆਦਿ ਇਕ ਸੁਖਾਵਾਂ ਸੱਭਿਆਚਾਰ ਹੈ, ਜਿੱਥੇ ਰਹਿ ਕੇ ਮਨੁੱਖ ਸਹਿਜੇ ਹੀ ਆਪਣੇ ਅਸਲ ਜੀਵਨ-ਮਨੋਰਥ ਨੂੰ ਪ੍ਰਾਪਤ ਕਰ ਲੈਂਦਾ ਹੈ।
ਲੇਖਕ ਬਾਰੇ
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/May 1, 2008
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/July 1, 2008
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/August 1, 2008
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/January 1, 2009
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/
- ਡਾ. ਗੁਰਮੇਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%ae%e0%a9%87%e0%a8%b2-%e0%a8%b8%e0%a8%bf%e0%a9%b0%e0%a8%98/June 1, 2010