ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਹਰ ਪ੍ਰਾਣੀ ਤਤਪਰ ਰਹਿੰਦਾ ਹੈ। ਇਸ ਦੀ ਰਚਨਾ ਤੋਂ ਲੈ ਕੇ ਹੁਣ ਤਕ ਇਸ ਦੇ ਦਰਸ਼ਨ-ਦੀਦਾਰਿਆਂ ਦਾ ਲਾਹਾ ਅਸੰਖਾਂ ਹੀ ਭਾਗਾਂ ਵਾਲੇ ਲੈ ਰਹੇ ਹਨ ਅਤੇ ਅਕਾਲ ਪੁਰਖ ਦਾ ਗੁਣ ਗਾਇਨ ਕੀਤਾ ਤੇ ਸੁਣਿਆ ਜਾ ਰਿਹਾ ਹੈ। ਇਸ ਅਮੋਲਕ ਅਸਥਾਨ ਨੂੰ ਗੁਰੂ ਸਾਹਿਬਾਨ ਦੀ ਅਗੰਮੀ ਚਰਨ-ਛੋਹ ਪ੍ਰਾਪਤ ਹੈ।
ਸ੍ਰੀ ਅੰਮ੍ਰਿਤਸਰ ਦਰਬਾਰ ਵਿਚ ਹਰ ਰੋਜ਼ ਦੇਸ਼ਾਂ-ਵਿਦੇਸ਼ਾਂ ਤੋਂ ਹਜ਼ਾਰਾਂ ਯਾਤਰੂ ਦਰਸ਼ਨਾਂ ਲਈ ਆਉਂਦੇ ਹਨ ਜਿੱਥੇ ਨਿਰੰਤਰ ਕੀਰਤਨ ਹੋਣ ਨਾਲ ਵਾਤਾਵਰਨ ਇਤਨਾ ਚੰਗਾ ਹੁੰਦਾ ਹੈ ਕਿ ਜੋ ਕੋਈ ਵੀ ਇਥੇ ਮੱਥਾ ਟੇਕਣ ਆਉਂਦਾ ਹੈ; ਉਸ ਨੂੰ ਸ਼ਾਂਤੀ ਮਿਲਦੀ ਹੈ। ਇਸ ਦੇ ਚਾਰੇ ਪਾਸੇ ਖੁੱਲ੍ਹਣ ਵਾਲੇ ਦਰਵਾਜ਼ੇ ਦੇਖ ਕੇ ਹਰ ਕੋਈ ਪ੍ਰਭਾਵਿਤ ਹੁੰਦਾ ਹੈ ਅਤੇ ਅਮੀਰ-ਗਰੀਬ ਦੋਨਾਂ ਵੱਲੋਂ ਇਕ ਕਤਾਰ ਵਿਚ ਬੈਠ ਕੇ ਲੰਗਰ ਛਕਣ ਦੀ ਪ੍ਰਥਾ ਯਾਤਰੂਆਂ ਦੇ ਮਨ ’ਤੇ ਗਹਿਰਾ ਅਸਰ ਪਾਉਂਦੀ ਹੈ।
ਪਰਮਾਤਮਾ ਦੇ ਨਾਲ ਸਹਿਜ-ਸੁਭਾਅ ਜੋੜ ਲੈਣ ਵਾਲਾ, ਪਾਵਨ ਗੁਰਬਾਣੀ ਦਾ ਰਾਗ, ਸੁਰ ਤੇ ਤਾਲ ਅੰਦਰ ਗੁਰੂ-ਘਰ ਦੇ ਪ੍ਰੀਤਵਾਨ ਰਾਗੀ-ਰਬਾਬੀ ਜਦੋਂ ਸਹਿਜ ਆਵੇਸ਼ ਅੰਦਰ ਕੀਰਤਨ ਕਰਦੇ ਹਨ ਤਾਂ ਸ੍ਰੋਤਿਆਂ ਨੂੰ ਜੋ ਅਨੰਦ ਮਹਿਸੂਸ ਹੁੰਦਾ ਹੈ ਉਹ ਅਕਥਨੀਯ ਹੁੰਦਾ ਹੈ ਕਿਉਂਕਿ ਪਵਿੱਤਰ ਕਥਨ ਹੈ :
ਕੀਰਤਨੁ ਨਿਰਮੋਲਕ ਹੀਰਾ॥
ਆਨੰਦ ਗੁਣੀ ਗਹੀਰਾ॥ (ਪੰਨਾ 893)
ਸ੍ਰੀ ਹਰਿਮੰਦਰ ਸਾਹਿਬ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਹੈ। ਕੋਈ ਵੀ ਸ਼ਰਧਾਲੂ ਜਦੋਂ ਪੌੜੀਆਂ ਉਤਰ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਝਲਕ ਪਾਉਂਦਾ ਹੈ ਤਾਂ ਉਹ ਅਨੰਦਤ ਹੋ ਜਾਂਦਾ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਦੁਨੀਆਂ ਦੇ ਕੋਨੇ-ਕੋਨੇ ਤੋਂ ਆਉਣ ਵਾਲੀਆਂ ਰਾਜਨੀਤਕ, ਸਮਾਜਿਕ, ਧਾਰਮਿਕ ਖੇਤਰਾਂ ਦੀਆਂ ਨਾਮਵਰ ਸ਼ਖ਼ਸੀਅਤਾਂ ਕਰਦੀਆਂ ਰਹਿੰਦੀਆਂ ਹਨ ਅਤੇ ਸਾਧਾਰਨ ਲੋਕ ਜੋ ਇਹਦੀ ਸ਼ੋਭਾ ਸੁਣਦੇ ਹਨ ਉਹ ਬੜੇ ਹੀ ਚਾਅ, ਸ਼ਰਧਾ ਅਤੇ ਸਤਿਕਾਰ ਨਾਲ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਕੇ ਆਪਣਾ ਲੋਕ-ਪਰਲੋਕ ਸੁਆਰਨ ਲਈ ਵਹੀਰਾਂ ਬੰਨ੍ਹ ਕੇ ਤੁਰੇ ਆਉਂਦੇ ਹਨ। ਇਹ ਸਿਲਸਿਲਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਅਤੇ ਸਦੀਵ ਕਾਲ ਜਾਰੀ ਰਹੇਗਾ। ਸ. ਸਰੂਪ ਸਿੰਘ ਅਲੱਗ (‘ਹਰਿਮੰਦਰ ਦਰਸ਼ਨ’ ਸਫੇ 35-36) ਐਸੇ ਹੀ ਇਕ ਯਾਤਰੂ ਦੇ ਅਨੁਭਵ ਨੂੰ ਕਮਲਬੱਧ ਕਰਦਿਆਂ ਲਿਖਦੇ ਹਨ:-
“ਜਦੋਂ ਅਸੀਂ ਪਰਕਰਮਾ ਵਿਚ ਦਾਖਲ ਹੋਏ ਅਤੇ ਅਸੀਂ ਆਪਣੇ ਸਿਰ ਸਤਿਕਾਰ ਵਜੋਂ ਝੁਕਾਏ ਤਾਂ ਅਦਭੁੱਤ ਰੌਸ਼ਨੀਆਂ ਵਿਚ ਸ਼ਿੰਗਾਰਿਆ ਪਵਿੱਤਰ ਸਰੋਵਰ ਦੀਆਂ ਕਲੋਲ ਕਰਦੀਆਂ ਨਿੱਕੀਆਂ-ਨਿੱਕੀਆਂ ਲਹਿਰਾਂ ਦੀ ਸੰਗਤ ਵਿਚ ਐਨ ਵਿਚਕਾਰ ਸਾਡੀ ਨਜ਼ਰੀਂ ਪਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ। ਇਹ ਆਤਮਿਕ ਅਨੰਦ ਦੇਣ ਵਾਲਾ ਅਲੌਕਿਕ ਨਜ਼ਾਰਾ ਦੇਖ ਕੇ ਮੇਰਾ ਮਿੱਤਰ ਇਕ ਵੀ ਕਦਮ ਅੱਗੇ ਨਹੀਂ ਸੀ ਪੁੱਟਣਾ ਚਾਹੁੰਦਾ ਤੇ ਇਸ ਦ੍ਰਿਸ਼ ਨੂੰ ਉਥੇ ਖੜ੍ਹ ਕੇ ਆਪਣੇ ਨੇਤਰਾਂ ਨਾਲ ਨਿਹਾਰਦੇ ਰਹਿਣਾ ਚਾਹੁੰਦਾ ਸੀ। ਉਹ ਅੱਖਾਂ ਝਪਕੇ ਬਿਨਾਂ ਟਿਕਟਿਕੀ ਲਗਾ ਕੇ ਇਕ ਬੁੱਤ ਬਣ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਰਮਣੀਕ ਤੇ ਸ਼ੋਭਨੀਕ ਦਰਸ਼ਨਾਂ ਵਿਚ ਵਲੀਨ ਹੋ ਗਿਆ। ਉਸ ਨੇ ਇਹ ਸ਼ਬਦ ਕਹੇ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਵਿਚ ਇਸ ਪ੍ਰਕਾਰ ਦੀ ਅਦੁੱਤੀ ਖ਼ੂਬਸੂਰਤੀ ਵਾਲੀ ਪਾਕੀਜ਼ਾ ਚੀਜ਼ ਪਹਿਲੇ ਕਦੇ ਨਹੀਂ ਦੇਖੀ।”
ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਇਤਿਹਾਸਕ ਵਿਵਰਣ ਜਾਂ ਹਾਲ ਪੜ੍ਹੀਏ-ਸੁਣੀਏ ਤਾਂ ਉੱਪਰ ਅੰਕਿਤ ਵਿਸ਼ਵਾਸ ਦਾ ਠੋਸ ਆਧਾਰ ਸਮਝ ਵਿਚ ਆਉਣ ਲੱਗਦਾ ਹੈ। ਅੰਮ੍ਰਿਤ ਸਰੋਵਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮਾਂ ਨਾਲ ਵੱਡਾ ਤੇ ਡੂੰਘਾ ਕਰਵਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਪਾਵਨ ਸਰੋਵਰ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਬਣਵਾਇਆ, ਜਿਸ ਦਾ ਨੀਂਹ-ਪੱਥਰ ਗੁਰੂ ਮਹਾਰਾਜ ਨੇ ਮੁਸਲਮਾਨ ਦਰਵੇਸ਼ ਸਾਈਂ ਮੀਆਂ ਮੀਰ ਜੀ ਤੋਂ ਜਨਵਰੀ 1588 ਵਿਚ ਰਖਵਾਇਆ ਤੇ 1601 ਈ. ਵਿਚ ਇਹ ਕਾਰਜ ਮੁਕੰਮਲ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਪੰਜਵੇਂ ਪਾਤਸ਼ਾਹ ਜੀ ਨੇ 1604 ਵਿਚ ਸੰਪੂਰਨ ਕਰਵਾਈ। 30 ਅਗਸਤ 1604 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਪਾਵਨ ਅਸਥਾਨ ’ਤੇ ਸੁਭਾਇਮਾਨ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਖਸ਼ਿਸ਼ ਕੀਤਾ।
ਇਸ ਸ਼ੁਭ-ਕਰਮ ਨਾਲ ਨਵੀਂ-ਨਵੀਂ ਉਸਰੀ ਨਗਰੀ ਦੀ ਕਿਸਮਤ ਜਾਗ ਪਈ। ਸਾਰਾ ਸ਼ਹਿਰ ਪਾਵਨ ਪਵਿੱਤਰ ਗੁਰਬਾਣੀ ਦੇ ਪ੍ਰਕਾਸ਼ ਨਾਲ ਪ੍ਰਕਾਸ਼ਮਾਨ ਹੋ ਗਿਆ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ-ਲੇਵਾ ਸਿੱਖਾਂ ਦਾ ਕੇਂਦਰੀ ਅਸਥਾਨ ਬਣ ਗਿਆ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਜੈਸੇ ਗੁਰਸਿੱਖ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੇ ਤੌਰ ’ਤੇ ਸਥਾਪਤ ਕਰਨ ਦੀ ਮਹਾਨ ਕਿਰਪਾ ਕੀਤੀ, ਜਿਨ੍ਹਾਂ ਨੇ ਮਗਰੋਂ ਇਸ ਅਸਥਾਨ ਦੀ ਪਵਿੱਤਰਤਾ ਅਤੇ ਸਿੱਖ ਸੰਗਤਾਂ ਦੀ ਸੁਰੱਖਿਅਤਾ ਵਾਸਤੇ ਆਪਣਾ ਬੰਦ-ਬੰਦ ਕਟਵਾ ਕੇ ਸਿੱਖ ਇਤਿਹਾਸ ਨੂੰ ਹੋਰ ਗੌਰਵਸ਼ਾਲੀ ਬਣਾਇਆ।
ਸਮੇਂ ਦੇ ਹਾਕਮਾਂ ਨੂੰ ਸਿੱਖਾਂ ਦਾ ਇਹ ਕੇਂਦਰੀ ਧਰਮ ਅਸਥਾਨ ਚੁੱਭਦਾ ਰਿਹਾ ਅਤੇ ਉਹ ਇਸ ਨੂੰ ਮਿਟਾਉਣ ਦੇ ਬੁਰੇ ਇਰਾਦੇ ਧਾਰਦੇ ਰਹੇ ਅਤੇ ਉਨ੍ਹਾਂ ਨੂੰ ਅਮਲ ਵਿਚ ਵੀ ਲਿਆਉਂਦੇ ਰਹੇ। ਇਸ ਨੂੰ ਦੁਸ਼ਟਾਂ ਨੇ ਤੋਪਾਂ ਦੇ ਗੋਲਿਆਂ ਨਾਲ ਉਡਾਇਆ, ਪਵਿੱਤਰ ਸਰੋਵਰ ਨੂੰ ਕੂੜੇ-ਕਰਕਟ ਨਾਲ ਪੂਰਿਆ। ਪਰ ਸਿੱਖ, ਮੁਗ਼ਲ ਹਕੂਮਤ ਅਤੇ ਅਫ਼ਗਾਨ ਧਾੜਵੀਆਂ ਨੂੰ ਉਨ੍ਹਾਂ ਦੀਆਂ ਕੀਤੀਆਂ ਦਾ ਫਲ ਵੀ ਭੁਗਤਾਉਂਦੇ ਰਹੇ ਜਾਂ ਇਵੇਂ ਵੀ ਕਹਿ ਸਕਦੇ ਹਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਾਪ ਲੈ ਡੁੱਬੇ। ਇਸ ਨੂੰ ਤੋਪਾਂ ਨਾਲ ਉਡਾਉਂਦਿਆਂ ਕੰਕਰ ਵੱਜਣ ਨਾਲ ਜ਼ਖ਼ਮੀ ਹੋਇਆ ਅਬਦਾਲੀ ਜ਼ਖ਼ਮ ਦੇ ਨਾਸੂਰ ਬਣਨ ਨਾਲ ਮਰਿਆ। ਅੰਮ੍ਰਿਤਸਰ ਦੇ ਹਾਕਮ ਮੱਸਾ ਰੰਗੜ ਨੇ ਐਸੇ ਪਰਮ-ਪਵਿੱਤਰ ਅਸਥਾਨ ਵਿਚ ਨਾਚ-ਮੁਜਰੇ ਕਰਵਾਏ ਤਾਂ ਗੁਰੂ ਦੇ ਅਣਖੀਲੇ ਸਿੰਘਾਂ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਦੂਰ ਰਾਜਸਥਾਨ ਦੇ ਰੇਤਿਆਂ ਵਿੱਚੋਂ ਚੱਲ ਕੇ ਉਸ ਦਾ ਸਿਰ ਲਾਹ ਕੇ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਭੁਗਤਾਈ।
ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਹਦੂਦ ਵਿਚ ਕੇਂਦਰੀ ਅਸਥਾਨ ਦੇ ਨਾਲ-ਨਾਲ ਸਾਡੇ ਧਰਮ ਅਤੇ ਇਤਿਹਾਸ ਨਾਲ ਸੰਬੰਧ ਰੱਖਣ ਵਾਲੇ ਵੀ ਕਈ ਅਸਥਾਨ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਜੈਸੇ ਗੁਰਸਿੱਖਾਂ ਦੀਆਂ ਸੇਵਾਵਾਂ ਲੈਂਦਿਆਂ ਕਰਵਾਈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਣ ਵਾਲਾ ਹੁਕਮਨਾਮਾ ਸਮੂਹ ਸਿੱਖਾਂ ਵੱਲੋਂ ਗੁਰੂ-ਫ਼ਰਮਾਨ ਦੇ ਰੂਪ ਵਿਚ ਸਿਰ-ਮੱਥੇ ਸਵੀਕਾਰਿਆ ਜਾਂਦਾ ਹੈ।
ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰ ਇਮਾਰਤ ਦੇ ਪਿਛਲੇ ਪਾਸੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹੀਦੀ ਦੀ ਯਾਦ ਵਿਚ ਉਸਾਰਿਆ ਅਸਥਾਨ ਹੈ। ਕੇਂਦਰੀ ਧਰਮ ਅਸਥਾਨ ਰਖਿਆ ਵਾਸਤੇ ਸਿਰਫ਼ 30 ਸਿੰਘ ਸੂਰਬੀਰ, ਹਜ਼ਾਰਾਂ ਦੀ ਗਿਣਤੀ ’ਚ ਚੜ੍ਹ ਕੇ ਆਈ ਅਫ਼ਗਾਨ ਫੌਜ ਨਾਲ ਜੂਝਦੇ ਹੋਏ ਸ਼ਹੀਦੀਆਂ ਪਾ ਗਏ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਹੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ’ਚ ਗੁਰਦੁਆਰਾ ਸਾਹਿਬ ਮੌਜੂਦ ਹੈ, ਜਿੱਥੇ ਨਤਮਸਤਕ ਹੁੰਦੀਆਂ ਹੋਈਆਂ ਸੰਗਤਾਂ ਵੈਰਾਗ ਦੇ ਆਵੇਸ਼ ਵਿਚ ਨਜ਼ਰ ਆਉਂਦੀਆਂ ਹਨ। ਸਿੱਖ ਕੌਮ ਨੂੰ ਸ਼ਹੀਦੀਆਂ ਦੇ ਅਦੁੱਤੀ ਗੌਰਵਸ਼ਾਲੀ ਵਿਰਸੇ ਦੀ ਯਾਦ ਦਿਵਾਉਣ ਵਾਸਤੇ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਅਤੇ ਸ੍ਰੀ ਦਰਬਾਰ ਸਾਹਿਬ ਪ੍ਰਬੰਧਨ ਨੇ ਮਹਾਨ ਉੱਦਮ ਕਰ ਕੇ ‘ਸਿੱਖ ਅਜਾਇਬ ਘਰ’ ਸ੍ਰੀ ਦਰਬਾਰ ਸਾਹਿਬ ਦੀ ਉੱਤਰੀ ਬਾਹੀ ਵੱਲ ਉਸਰਵਾਇਆ ਹੋਇਆ ਹੈ, ਜੋ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਈ ਸੰਗਤ ਨੂੰ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਦੇ ਹੂ-ਬ-ਹੂ ਦਰਸ਼ਨ ਕਰਵਾਉਂਦਾ ਹੈ। ਇਹ ਸਭ ਵੇਖ ਕੇ ਕੌਮ ਦਾ ਸਿਰ ਉੱਚਾ ਹੋ ਜਾਂਦਾ ਹੈ।
ਲੇਖਕ ਬਾਰੇ
7/2, ਰਾਣੀ ਕਾ ਬਾਗ, ਨੇੜੇ ਸਟੇਟ ਬੈਂਕ ਆਫ ਇੰਡੀਆ, ਅੰਮ੍ਰਿਤਸਰ
- ਮੇਜਰ ਭਗਵੰਤ ਸਿੰਘhttps://sikharchives.org/kosh/author/%e0%a8%ae%e0%a9%87%e0%a8%9c%e0%a8%b0-%e0%a8%ad%e0%a8%97%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/September 1, 2007
- ਮੇਜਰ ਭਗਵੰਤ ਸਿੰਘhttps://sikharchives.org/kosh/author/%e0%a8%ae%e0%a9%87%e0%a8%9c%e0%a8%b0-%e0%a8%ad%e0%a8%97%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/December 1, 2007
- ਮੇਜਰ ਭਗਵੰਤ ਸਿੰਘhttps://sikharchives.org/kosh/author/%e0%a8%ae%e0%a9%87%e0%a8%9c%e0%a8%b0-%e0%a8%ad%e0%a8%97%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/April 1, 2009