editor@sikharchives.org

ਸਰਹਿੰਦ ਦੇ ਜੇਤੂ ਨਾਇਕ ਬਾਬਾ ਬੰਦਾ ਸਿੰਘ ਬਹਾਦਰ

ਪੰਜਾਬ ਦੇ ਇਤਿਹਾਸਕ ਮੰਚ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦ ਨਾਲ ਸਿੱਖ ਇਤਿਹਾਸ ਦਾ ਇਕ ਨਵਾਂ ’ਤੇ ਮਹੱਤਵਪੂਰਨ ਦੌਰ ਸ਼ੁਰੂ ਹੁੰਦਾ ਹੈ ਜਾਂ ਇਉਂ ਕਹਿ ਲਵੋ ਕਿ ਬਾਬਾ ਬੰਦਾ ਸਿੰਘ ਬਹਾਦਰ ਇਤਿਹਾਸ ਨੂੰ ਨਵੀਆਂ ਲੀਹਾਂ ’ਤੇ ਤੁਰਨ ਲਈ ਮਜਬੂਰ ਕਰਦੇ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਇਤਿਹਾਸ ਨੂੰ ਅਸੀਂ ਮੋਟੇ ਤੌਰ ’ਤੇ ਦੋ ਭਾਗਾਂ ਵਿਚ ਵੰਡ ਸਕਦੇ ਹਾਂ- ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦ ਤੋਂ ਪਹਿਲਾਂ ਦਾ ਇਤਿਹਾਸ ਅਤੇ ਬਾਅਦ ਦਾ ਇਤਿਹਾਸ। ਦੂਜੇ ਸ਼ਬਦਾਂ ਵਿਚ ਪੰਜਾਬ ਦੇ ਇਤਿਹਾਸਕ ਮੰਚ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦ ਨਾਲ ਸਿੱਖ ਇਤਿਹਾਸ ਦਾ ਇਕ ਨਵਾਂ ’ਤੇ ਮਹੱਤਵਪੂਰਨ ਦੌਰ ਸ਼ੁਰੂ ਹੁੰਦਾ ਹੈ ਜਾਂ ਇਉਂ ਕਹਿ ਲਵੋ ਕਿ ਬਾਬਾ ਬੰਦਾ ਸਿੰਘ ਬਹਾਦਰ ਇਤਿਹਾਸ ਨੂੰ ਨਵੀਆਂ ਲੀਹਾਂ ’ਤੇ ਤੁਰਨ ਲਈ ਮਜਬੂਰ ਕਰਦੇ ਹਨ।

ਅੱਜ ਤੋਂ ਤਿੰਨ ਸੌ ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ 1710 ਈ: ਵਿਚ ਸਿੱਖਾਂ ਨੇ ਸਰਹਿੰਦ ਤੋਂ ਲੱਗਭਗ 10-12 ਕੋਹ ਦੀ ਵਿੱਥ ’ਤੇ ਚੱਪੜਚਿੜੀ ਦੇ ਮੈਦਾਨ ਵਿਚ ਸੂਬੇਦਾਰ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਮੁਗ਼ਲਾਂ ਨੂੰ ਸਿੱਖ ਸ਼ਕਤੀ ਦਾ ਡੂੰਘਾ ਅਹਿਸਾਸ ਕਰਵਾਇਆ ਅਤੇ ਉਨ੍ਹਾਂ ਦੇ ਅਜਿੱਤ ਹੋਣ ਦੇ ਘੁਮੰਡ ਨੂੰ ਤੋੜ ਕੇ ਰੱਖ ਦਿੱਤਾ। ਗਜ਼ਨਵੀ, ਤੈਮੂਰ ਤੇ ਬਾਬਰ ਦੇ ਖਾਨਦਾਨਾਂ ਵਿੱਚੋਂ ਅਖਵਾਉਣ ਵਾਲਿਆਂ ਦੀ ਅਖੌਤੀ ਆਨ ਤੇ ਸ਼ਾਨ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ’ਤੇ ਅਚਾਨਕ ਇਕ ਜਾਂਬਾਜ਼ ਯੋਧੇ ਅਤੇ ਸਿਦਕੀ ਸੈਨਿਕ ਕਮਾਂਡਰ ਵਜੋਂ ਉਭਰ ਕੇ ਸਾਹਮਣੇ ਆਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੋਕਾਂ ਸਾਹਮਣੇ ਲਿਆਂਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੀਜ ਬੀਜਿਆ ਤੇ ਫਸਲ (ਬੰਦੇ) ਬਾਬਾ ਬੰਦਾ ਸਿੰਘ ਬਹਾਦਰ ਨੇ ਕੱਟੀ- ਡਾ. ਗੋਕਲ ਚੰਦ ਨਾਰੰਗ। ਗੱਲ ਕੀ, ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਮੁੜ ਜਥੇਬੰਦ ਕੀਤਾ ਅਤੇ ਉਨ੍ਹਾਂ ਨੂੰ ਇਹ ਸਿਖਾਇਆ ਕਿ ਕਿਵੇਂ ਹੱਲਾ ਕਰੀਦਾ, ਲੜੀਦਾ ਤੇ ਜਿੱਤ ਪ੍ਰਾਪਤ ਕਰੀਦੀ ਹੈ। ਨਿਰਸੰਦੇਹ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦੇ ਇੱਕ ਉੱਤਮ ਦਰਜੇ ਦੇ ਯੋਧੇ ਸਨ ਅਤੇ ਉਨ੍ਹਾਂ ਦਾ ਨਾਂ ਹੀ ਜ਼ਾਲਮਾਂ ਵਿਚ ਦਹਿਸ਼ਤ ਫੈਲਾਉਣ ਲਈ ਕਾਫੀ ਸੀ। ਡਾ. ਹਰੀ ਸਿੰਘ ਗੁਪਤਾ ਨੇ ਲਿਖਿਆ ਹੈ ਕਿ ‘ਬੰਦਾ ਸਿੰਘ ਬਹਾਦਰ; ਸਿਕੰਦਰ, ਨੈਪੋਲੀਅਨ, ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਤੋਂ ਘੱਟ ਸ਼ਕਤੀਸ਼ਾਲੀ ਯੋਧਾ ਨਹੀਂ ਸੀ।’(ਪਰ ਇਨ੍ਹਾਂ ਸਾਰੇ ਵਿਸ਼ਵ ਪ੍ਰਸਿੱਧ ਜਰਨੈਲਾਂ ਨਾਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਮਿਸ਼ਨ ਬਹੁਤ ਉਚੇਰਾ ਸੀ। -ਸੰਪਾਦਕ, ਗੁਰਮਤਿ ਪ੍ਰਕਾਸ਼)

ਉਂਞ ਵੀ ਉਸ ਦੇ ਕਾਰਨਾਮੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹ ਪੰਜਾਬ ਦੇ ਇਤਿਹਾਸ ਦੇ ਇਕ ਮਹਾਨ ਹੀਰੋ ਅਤੇ ਅਤਿਅੰਤ ਬਹਾਦਰ, ਨਿਡਰ ਤੇ ਦਲੇਰ ਸੈਨਾਪਤੀ ਸਨ। ਸਰਹਿੰਦ ਦੀ ਜਿੱਤ ਨੂੰ ਬਾਬਾ ਜੀ ਦੀ ਜੰਗੀ ਸੂਝ ਤੇ ਪੈਂਤੜੇਬਾਜ਼ੀ ਦੀ ਸਿਖਰ ਕਿਹਾ ਜਾ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਪੰਜਾਬ ਦੇ ਲਿਤਾੜੇ ਹੋਏ ਵਰਗ ਨੇ ਤੀਰਾਂ, ਤਲਵਾਰਾਂ, ਬਰਛਿਆਂ ਤੇ ਡੰਡੇ-ਸੋਟਿਆਂ ਨਾਲ ਹੀ ਜ਼ਾਲਮਾਂ ਨੂੰ ਅੱਗੇ ਲਾ ਲਿਆ ਅਤੇ ਫਿਰ ਚੱਲ ਸੋ ਚੱਲ!

ਸਰਹਿੰਦ ਦੀ ਜਿੱਤ ਇਕ ਅਜਿਹਾ ਜ਼ਲਜ਼ਲਾ ਸੀ, ਜਿਸ ਨੇ ਜ਼ਾਲਮ ਹਕੂਮਤ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਦੂਜਾ, ਇਸ ਅਦੁੱਤੀ ਘਟਨਾ ਨੇ ਸਿੱਖ ਸੋਚ ਤੇ ਫ਼ਲਸਫ਼ੇ ਨੂੰ ਨਵੀਆਂ-ਨਕੋਰ ਸੇਧਾਂ ਦਿੱਤੀਆਂ ਅਤੇ ਕੌਮ ਦੀਆਂ ਰਗਾਂ ਵਿਚ ਬਾਰੂਦੀ ਸ਼ਕਤੀ ਦਾ ਸੰਚਾਰ ਕੀਤਾ। ਇਤਿਹਾਸ ਗਵਾਹ ਹੈ ਕਿ ਸਰਹਿੰਦ ਦੀ ਜਿੱਤ ਤੋਂ ਬਾਅਦ ਜਦੋਂ ਸਿੱਖ ਹੱਥਾਂ ਵਿਚ ਸ਼ਮਸ਼ੀਰ ਲੈ ਕੇ ਮੈਦਾਨ ਵਿਚ ਨਿੱਤਰੇ ਤਾਂ ਤਖ਼ਤਾਂ ਤੇ ਤਾਜਾਂ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ। ਇਹ ਸਿਲਸਿਲਾ ਇਸ ਚੜ੍ਹਤ ਦੇ ਪਹਿਲੇ ਦੌਰ ਵਿਚ ਲੱਗਭਗ ਸੱਤ ਸਾਲਾਂ ਤਕ ਜਾਰੀ ਰਿਹਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਤਿੰਨ ਮੁਗ਼ਲ ਬਾਦਸ਼ਾਹਾਂ-ਬਹਾਦਰ ਸ਼ਾਹ, ਜਹਾਂਦਾਰ ਸ਼ਾਹ ਤੇ ਫ਼ਰੁੱਖ਼ਸੀਅਰ ਨੂੰ ਵਖਤ ਪਾਈ ਰੱਖਿਆ।

ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਜਿੱਤ ਪ੍ਰਾਪਤ ਕਰਨ ਉਪਰੰਤ ਆਪਣੀ ਚੜ੍ਹਤ ਨੂੰ ਬਰਕਰਾਰ ਰੱਖਦਿਆਂ, ਜਿਥੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ ਅਤੇ ਸ੍ਰੀ ਗੁਰੂ ਨਾਨਕ ਸਾਹਿਬ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ’ਤੇ ਸਿੱਕਾ ਜਾਰੀ ਕੀਤਾ ਉੱਥੇ ਖਾਲਸੇ ਦੀ ਰਾਜਸੀ ਸ਼ਕਤੀ ਦਾ ਖਾਕਾ ਵੀ ਤਿਆਰ ਕੀਤਾ, ਜਿਸ ਦਾ ਅਸਲੀ ਰੂਪ 89 ਵਰ੍ਹਿਆਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਵੇਲੇ ਸੰਨ 1799 ਈ: ਵਿਚ ਖਾਲਸਾ ਰਾਜ ਦੀ ਸਥਾਪਨਾ ਨਾਲ ਸਾਕਾਰ ਹੋਇਆ ਜ਼ਾਹਿਰ ਹੈ, ਜਿਸ ਇਨਕਲਾਬੀ ਤਹ਼ਰੀਕ (ਗਤੀ) ਦੀ ਨੀਂਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨ 1699 ਈ: ’ਚ ਖਾਲਸੇ ਦੀ ਸਿਰਜਣਾ ਕਰਕੇ ਰੱਖੀ ਸੀ, ਉਹ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਆਪਣੇ ਸਿਖਰ ’ਤੇ ਪੁੱਜੀ। ਸੋ ਬਾਬਾ ਬੰਦਾ ਸਿੰਘ ਬਹਾਦਰ ਸਿੱਖੀ ਦੇ ਇਕ ਅਜਿਹੇ ਥੰਮ੍ਹ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਦੀ ਪੂਰਤੀ ਲਈ ਆਪਣਾ ਸਭ ਕੁਝ ਦਾਅ ’ਤੇ ਲਾ ਦਿੱਤਾ ਅਤੇ ਸਿੱਖ ਪੰਥ ਦੀ ਆਨ-ਸ਼ਾਨ ਨੂੰ ਹੋਰ ਚਮਕਾਇਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸਮਾਜ ਨੂੰ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਨ੍ਹਾਂ ਨੇ ਸੱਤ ਸੌ ਸਾਲਾਂ ਤੋਂ ਪਏ ਗ਼ੁਲਾਮੀ ਦੇ ਜੂਲ਼ੇ ਨੂੰ ਪੰਜਾਬ ਦੇ ਗਲੋਂ ਲਾਹ ਕੇ ਪਰ੍ਹੇ ਵਗਾਹ ਮਾਰਿਆ। ਦੇਸ਼ ਦੀ ਆਜਾਦੀ ਲਈ ਪਹਿਲੀ ਜੰਗ ਅਸਲ ’ਚ ਸੰਨ 1710 ਈ: ਵਿਚ ਚੱਪੜਚਿੜੀ ਦੇ ਮੈਦਾਨ ਵਿਚ ਹੀ ਲੜੀ ਗਈ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਸਦਕਾ ਸਿੱਖ ਕੌਮ ਭਾਰਤ ਦੇ ਨਕਸ਼ੇ ’ਤੇ ਪਹਿਲੀ ਵਾਰ ਇਕ ਰਾਜਸੀ ਤਾਕਤ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਈ।

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਬਾਬਾ ਬੰਦਾ ਸਿੰਘ ਬਹਾਦਰ ਸੱਚੇ ਲੋਕ ਰਾਜ ਦੇ ਹਾਮੀ ਸਨ ਅਤੇ ਉਨ੍ਹਾਂ ਨੇ ਮਨੁੱਖਤਾ ਦੇ ਮੁੱਢਲੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕੀਤਾ। ਬਾਬਾ ਜੀ ਦੀ ਸਮਾਜ ਨੂੰ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਸ ਨੇ ਜ਼ਿਮੀਂਦਾਰਾ ਸਿਸਟਮ ਵਿਚ ਸੁਧਾਰ ਕੀਤਾ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਨੂੰ ਜ਼ਮੀਨਾਂ ਵਾਲੇ ਬਣਾਇਆ। ਦੂਜਾ, ਉਨ੍ਹਾਂ ਨੇ ਲੋਕ ਰਾਜ ਦਾ ਨਿਰਮਾਣ ਕਰਦਿਆਂ, ਅਖੌਤੀ ਨੀਵੀਆਂ ਜਾਤਾਂ ਨਾਲ ਸੰਬੰਧਿਤ ਗਰੀਬ-ਗੁਰਬਿਆਂ ਤੇ ਨਿਮਾਣਿਆਂ-ਨਿਤਾਣਿਆਂ ਨੂੰ ਉੱਚ ਅਹੁਦਿਆਂ ’ਤੇ ਤਾਇਨਾਤ ਕਰਕੇ ਹੁਕਮਰਾਨ ਬਣਾ ਦਿੱਤਾ, ਜਿਨ੍ਹਾਂ ਨੂੰ ਵੱਡੇ ਚੌਧਰੀ ਅਖਵਾਉਣ ਵਾਲੇ ਵੀ ਸਿਜਦਾ ਕਰਨ ਲੱਗੇ। ਫਲਸਰੂਪ ਉਹ ਨੀਵੀਆਂ ਆਖੀਆਂ ਜਾਣ ਵਾਲੀਆਂ ਜਾਤੀਆਂ ਵਿਚ ਬੜੇ ਹਰਮਨ ਪਿਆਰੇ ਹੋ ਗਏ ਅਤੇ ਉਨ੍ਹਾਂ ਦੀਆਂ ਅਗਲੇਰੀਆਂ ਲੜਾਈਆਂ ਵਿਚ ਵਾਹੀਕਾਰਾਂ ਨੇ ਉਚੇਚੇ ਤੌਰ ’ਤੇ ਉਨ੍ਹਾਂ ਦਾ ਸਾਥ ਦਿੱਤਾ।

ਸਿੱਖ ਇਤਿਹਾਸ ਨੂੰ ਗਹੁ ਨਾਲ ਪੜ੍ਹੀਏ, ਘੋਖੀਏ, ਵਿਚਾਰੀਏ ਤਾਂ ਸਿੱਧ ਹੋਵੇਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਅਦੁੱਤੀ ਤੇ ਵਿਲੱਖਣ ਪ੍ਰਾਪਤੀਆਂ ਸਦਕਾ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਵਿਚ ਆਪਣੀ ਬਹੁਤ ਸਨਮਾਨਯੋਗ ਥਾਂ ਸੁਰੱਖਿਅਤ ਕਰ ਲਈ ਹੈ।… ਪਰ ਇਸ ਸਭ ਕੁਝ ਦੇ ਬਾਵਜੂਦ ਬਾਬਾ ਬੰਦਾ ਸਿੰਘ ਬਹਾਦਰ, ਪੰਜਾਬ ਦੇ ਇਤਿਹਾਸ ਦੇ ਇਕ ਅਣਗੌਲੇ ਹੀਰੋ ਵੀ ਹਨ।… ਸਿੱਖ ਇਤਿਹਾਸ ਗਵਾਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਵੱਖਰਾ ਇਤਿਹਾਸ ਸਿਰਜਿਆ, ਪਰ ਬਦਕਿਸਮਤੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸਾਂ ਨੇ ਇਤਿਹਾਸ ਦੀ ‘ਇਤਿਹਾਸਕਾਰੀ’ ਉਵੇਂ ਨਹੀਂ ਕੀਤੀ, ਜਿਵੇਂ ਕਰਨੀ ਚਾਹੀਦੀ ਸੀ। ਇਹ ਕਹਿਣਾ ਕੋਈ ਮਾਅਨੇ ਨਹੀਂ ਰੱਖਦਾ ਕਿ ‘ਜਿਹੜੀਆਂ ਕੌਮਾਂ ਇਤਿਹਾਸ ਬਣਾਉਂਦੀਆਂ ਹਨ ਉਨ੍ਹਾਂ ਕੋਲ ਇਤਿਹਾਸ ਲਿਖਣ ਦਾ ਸਮਾਂ ਨਹੀਂ ਹੁੰਦਾ। ਮੰਨਣਾ ਪਵੇਗਾ ਕਿ ਸਾਥੋਂ ਲੰਘੇ ਸਮੇਂ ਵਿਚ ਇਸ ਮਹਾਨ ਸ਼ਖ਼ਸੀਅਤ ਪ੍ਰਤੀ ਅਣਗਹਿਲੀ ਹੋਈ ਹੈ।… …

 ਭਾਈ ਪਰਮਾਨੰਦ ਵੱਲੋਂ 74 ਸਫਿਆਂ ਦੀ ਹਿੰਦੀ ’ਚ ਲਿਖੀ ਪੁਸਤਕ ‘ਬੀਰ ਬੈਰਾਗੀ’ ਦੇ ਪ੍ਰਤੀਕਰਮ ਵਜੋਂ ਡਾ: ਗੰਡਾ ਸਿੰਘ ਵੱਲੋਂ ਸੰਨ 1935 ਈ: ’ਚ ਲਿਖੀ ਪੁਸਤਕ ‘ਬੰਦਾ ਸਿੰਘ ਬਹਾਦਰ’ ਯਾਦਗਾਰੀ ਹੋ ਨਿੱਬੜੀ ਹੈ। ਅੰਗਰੇਜ਼ੀ ਵਿਚ ਲਿਖੀ ਇਸ ਪੁਸਤਕ ਸੰਬੰਧੀ ਡਾ: ਗੰਡਾ ਸਿੰਘ ਦਾ ਕਹਿਣਾ ਹੈ, “ਮੈਂ ਮਹਿਸੂਸ ਕਰਦਾ ਸਾਂ ਕਿ ਪੰਜਾਬ ਦੇ ਇਸ ਮਹਾਨ ਯੋਧੇ ਤੇ ਸ਼ਹੀਦ ਨਾਲ ਨਿਆਂ ਨਹੀਂ ਹੋਇਆ। ਇਸ ਲਈ ਪੁਰਾਣੇ ਲਿਖਾਰੀਆਂ ਦੀਆਂ ਰਾਵਾਂ ਤੇ ਵਿਚਾਰਾਂ ਤੋਂ ਲਾਂਭੇ ਰਹਿ ਕੇ ਮੈਂ ਹਰ ਵਾਕਿਆ ਨੂੰ ਸਮਕਾਲੀ ਤੇ ਮੁੱਢਲੀਆਂ ਲਿਖਤਾਂ ਦੀ ਰੋਸ਼ਨੀ ਵਿਚ ਪਰਖਣਾ ਸ਼ੁਰੂ ਕਰ ਦਿੱਤਾ।” ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਲੱਗਭਗ ਦੋ ਸਦੀਆਂ ਬਾਅਦ ਡਾ: ਗੰਡਾ ਸਿੰਘ ਨੇ ਪਹਿਲੀ ਵਾਰ ਸਿੱਖ ਇਤਿਹਾਸ ਨੂੰ ਵਿਗਿਆਨਿਕ ਲੀਹਾਂ ’ਤ ਤੋਰਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਸਿੱਖ ਸੋਚ ਵਿਚ ਉਸਾਰੂ ਤੇ ਹਾਂ-ਪੱਖੀ ਪਰਿਵਰਤਨ ਲਿਆਂਦਾ।…

ਬਾਬਾ ਬੰਦਾ ਸਿੰਘ ਬਹਾਦਰ ਦੀ ਸਮਾਜ ਨੂੰ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਨ੍ਹਾਂ ਨੇ 12 ਮਈ, 1710 ਈ: ਨੂੰ ਸਰਹਿੰਦ ਤੋਂ ਲੱਗਭਗ 10-12 ਕੋਹ ਦੀ ਵਿੱਥ ’ਤੇ ਚੱਪੜਚਿੜੀ ਦੇ ਮੈਦਾਨ ਵਿਚ ਸੂਬੇਦਾਰ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਦੇਸ਼ ਦੀ ਦੁਖੀ ਲੋਕਾਈ ਦਾ ਦੁੱਖ ਦੂਰ ਕੀਤਾ ਅਤੇ ਪੰਜਾਬ ਦੀ ਧਰਤੀ ਤੋਂ ਜ਼ੁਲਮ ਤੇ ਜਬਰ ਨੂੰ ਜੜ੍ਹੋਂ ਪੁੱਟਣ ਦੀ ਸ਼ੁਰੂਆਤ ਕੀਤੀ। ਸਰਹਿੰਦ ਦੀ ਜਿੱਤ, ਇਕ ਅਜਿਹੀ ਅਹਿਮ ਘਟਨਾ ਹੈ, ਜਿਸ ਨੇ ਸਿੱਖ ਕੌਮ ਦੀ ਤਕਦੀਰ ਤੇ ਤਸਵੀਰ ਨੂੰ ਬਦਲਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਤਿਹਾਸ ਦੇ ਕਾਲੇ ਦੌਰ ਵਿਚ ਸਿੱਖਾਂ ਦੀ ਰਹਿਨੁਮਾਈ ਕਰਨ ਅਤੇ ਆਜ਼ਾਦੀ ਦੀ ਸ਼ਮ੍ਹਾਂ ’ਤੇ ਬਲਣ ਵਾਲੇ ਇਸ ਪਰਵਾਨੇ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਗੱਲ ਕੀ, ਬਾਬਾ ਬੰਦਾ ਸਿੰਘ ਬਹਾਦਰ ਕੌਮ ਦਾ ਕੀਮਤੀ ਸਰਮਾਇਆ ਹਨ।

ਸੰਨ 2010 ਈ: ਸਰਹਿੰਦ ਦੀ ਜਿੱਤ ਦੀ ਤੀਜੀ ਸ਼ਤਾਬਦੀ ਦਾ ਵਰ੍ਹਾ ਹੈ।

ਚੱਪੜਚਿੜੀ ਦੇ ਮੈਦਾਨ ਵਿਚ ਲੜੀ ਗਈ ਇਹ ਜੰਗ ਖਾਲਸੇ ਲਈ ਜ਼ਿੰਦਗੀ-ਮੌਤ ਦੀ ਜੰਗ ਸੀ। ਗੌਰਤਲਬ ਹੈ ਕਿ ਸਰਹਿੰਦ ਦੀ ਜਿੱਤ ਨੇ ‘ਰਾਜ ਕਰੇਗਾ ਖਾਲਸਾ’ ਦੀ ਇੱਛਾ ਦੀ ਜਿਹੜੀ ਜੋਤ ਸਿੱਖ ਮਨਾਂ ਅੰਦਰ ਜਗਾਈ ਸੀ, ਉਹ ਸਮੇਂ ਦੇ ਝੱਖੜਾਂ ਤੇ ਤੂਫਾਨਾਂ ਦਾ ਸਾਹਮਣਾ ਕਰਦੀ ਹੋਈ ਅੱਜ ਵੀ ਹਰ ਸਿੱਖ ਦੇ ਸੀਨੇ ਅੰਦਰ ਇਕ ਸੂਹੀ ਲਾਟ ਬਣ ਕੇ ਮੱਚ ਰਹੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪ੍ਰਸਿੱਧ ਪੰਜਾਬੀ ਲੇਖਕ

2858, ਵਾਰਡ ਨੰ: 9, ਸਰਹਿੰਦ-140406 (ਫਤਹਿਗੜ੍ਹ ਸਾਹਿਬ)

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)