editor@sikharchives.org
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸਮੇਂ ਸਥਾਨ ਦੀਆਂ ਹੱਦਾਂ ਤੋਂ ਪਾਰ ਸਭ ਦੇ ਸਾਂਝੇ ਗੁਰੂ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵ-ਜਾਤੀ ਨੂੰ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਸਮਝ ਕੇ, ਸਾਰੇ ਸੰਸਾਰ ਨੂੰ ਬਰਾਬਰੀ ਅਤੇ ਮਨੁੱਖੀ-ਭਾਈਚਾਰੇ ਦਾ ਸੁਨੇਹਾ ਦਿੰਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਕੇਵਲ ‘ਪਰਮ ਸਤਿ’ ਅਤੇ ਅਕਾਲ ਪੁਰਖ ਦੀ ਗੱਲ ਕਰਦੀ ਹੈ, ਜੋ ‘ਆਦਿ ਸਚੁ ਜੁਗਾਦਿ ਸਚੁ- ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵ-ਜਾਤੀ ਨੂੰ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਸਮਝ ਕੇ, ਸਾਰੇ ਸੰਸਾਰ ਨੂੰ ਬਰਾਬਰੀ ਅਤੇ ਮਨੁੱਖੀ-ਭਾਈਚਾਰੇ ਦਾ ਸੁਨੇਹਾ ਦਿੰਦਾ ਹੈ। ਗੁਰਬਾਣੀ ਦੁਆਰਾ ਦਰਸਾਏ ਗਏ ਮਾਰਗ ’ਤੇ ਤੁਰਨ ਨਾਲ ਇਨਸਾਨ ਲਈ ਜਾਤਿ, ਜਨਮ, ਰੰਗ-ਭੇਦ, ‘ਧਰਮ’ ਅਤੇ ਧਰਤੀ ਦੀਆਂ ਸੀਮਾਵਾਂ ਅਰਥਹੀਣ ਹੋ ਜਾਂਦੀਆਂ ਹਨ। ਇਸ ਮਾਰਗ ਦਾ ਪਾਂਧੀ ਬਣਨਾ ਅਤੇ ਉਸ ‘ਪਰਮ ਸਤਿ’ ਤਕ ਪਹੁੰਚਣਾ ਹੀ ਗੁਰਬਾਣੀ ਦਾ ਮੁੱਖ ਉਦੇਸ਼ ਹੈ। ਗੁਰਬਾਣੀ ਸਾਡੇ ‘ਸ਼ਬਦ-ਸਭਿਆਚਾਰ’ ਦੀ ਇਕ ਗੌਰਵਮਈ ਵਿਰਾਸਤ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਦੀ ਭਾਸ਼ਾ ਪੰਜਾਬੀ, ਸਧੂਕੜੀ, ਪ੍ਰਾਕ੍ਰਿਤ, ਅਪਭ੍ਰੰਸ਼, ਬ੍ਰਿਜ, ਅਵਧੀ, ਗੁਜਰਾਤੀ, ਮਰਾਠੀ, ਬੰਗਲਾ ਅਤੇ ਫ਼ਾਰਸੀ ਆਦਿ ਦੇ ਸ਼ਬਦਾਂ ਦਾ ਸੁਮੇਲ ਹੈ। ਡਾ: ਟਰੰਪ ਨੇ ਇਸ ਨੂੰ ਪੁਰਾਤਨ ਹਿੰਦਵੀ ਉਪਭਾਸ਼ਾਵਾਂ ਦਾ ਖ਼ਜ਼ਾਨਾ ਕਿਹਾ ਹੈ ਜਦ ਕਿ ਡਾ. ਈਸ਼ਵਰੀ ਪ੍ਰਸ਼ਾਦਿ ਇਸ ਨੂੰ ਸਭ ਤੋਂ ਮਹਾਨ ਪਵਿੱਤਰ ਅਤੇ ਵੱਖ-ਵੱਖ ਖ਼ਿਆਲਾਂ ਦੇ ਮੇਲ ਵਾਲਾ ਕਹਿੰਦਾ ਹੈ ਜਿਸ ਅੱਗੇ ਆਪਣੇ ਆਪ ਮਸਤਕ ਝੁਕ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖ ਵੀ ਲਾਸਾਨੀ ਹੈ। ਡੰਕਨ ਗ੍ਰੀਨਲੀਜ਼, ‘ਗੌਸਪਲ ਆਫ਼ ਦੀ ਗੁਰੂ ਗ੍ਰੰਥ ਸਾਹਿਬ’ ਵਿਚ ਲਿਖਦਾ ਹੈ ਕਿ ਦੁਨੀਆਂ ਦੇ ਧਰਮ ਗ੍ਰੰਥ ਵਿੱਚੋਂ ਸ਼ਾਇਦ ਹੀ ਕਿਸੇ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਸਾਹਿਤਕ ਖ਼ੂਬਸੂਰਤੀ ਅਤੇ ਲਗਾਤਾਰ ਅਨੁਭਵੀ ਗਿਆਨ ਦੀ ਉੱਚਿਤਾ ਹੋਵੇ (Among the world’s scriptures few, if any, attain so high a literary level or so constant a height of inspira- tion.)।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਵੇਰਵਿਆਂ ਦੇ ਸੰਦਰਭ ਵਿਚ ਇਸ ਨੂੰ ਮੱਧਕਾਲੀਨ ਭਾਰਤੀ ਸਭਿਅਤਾ ਦਾ ਮਹਾਨ ਸ੍ਰੋਤ ਕਿਹਾ ਜਾ ਸਕਦਾ ਹੈ। ਗੁਰਬਾਣੀ ਨੂੰ ਸਮਝਣ ਲਈ ਪੁਰਾਤਨ ਭਾਰਤੀ ਭਾਸ਼ਾਵਾਂ ਅਤੇ ਗੁਰਬਾਣੀ ਦੇ ਵਿਆਕਰਣ ਦਾ ਜਾਣਨਾ ਬਹੁਤ ਜ਼ਰੂਰੀ ਹੈ।

ਗੁਰੂ ਸਾਹਿਬਾਨ ਦੁਆਰਾ ਰਚਿਤ ਬਾਣੀ ਵਿਚ ਸ਼ਬਦ ਦੇ ਅਖੀਰ ’ਤੇ ਕਿਸੇ ਵੀ ਗੁਰੂ ਸਾਹਿਬ ਨੇ ਆਪਣਾ ਨਾਮ ਨਹੀਂ ਵਰਤਿਆ ਸਗੋਂ ਸਾਰੀ ਬਾਣੀ ‘ਨਾਨਕ’ ਨਾਮ ਦੇ ਹੇਠਾਂ ਰਚੀ ਗਈ। ਇਸ ਗੱਲ ਦਾ ਨਿਖੇੜ ਕਰਨ ਲਈ ਕਿ ਕਿਹੜੀ ਬਾਣੀ ਕਿਸ ਗੁਰੂ ਸਾਹਿਬ ਦੀ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਮਹਲਾ 1, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਨਾਲ ਮਹਲਾ 2, ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਨਾਲ ਮਹਲਾ 3 ਅਤੇ ਇਸੇ ਤਰ੍ਹਾਂ ਚੌਥੇ, ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਦੀ ਬਾਣੀ ਨਾਲ ਮਹਲਾ 4, 5 ਅਤੇ 9 ਦਰਜ ਕਰ ਕੇ ਇਸ ਗੱਲ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ। ਸਿੱਖ ਧਰਮ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਹੈ ਕਿ ਦਸ ਦੇ ਦਸ ਗੁਰੂ ਸਾਹਿਬਾਨ ਇੱਕੋ ਹੀ ਜੋਤਿ ਸਨ, ਕੇਵਲ ਉਹ ਸਰੀਰਿਕ ਜਾਮੇਂ ਹੀ ਬਦਲਦੇ ਰਹੇ। ਭਾਈ ਸਤਾ ਜੀ ਤੇ ਭਾਈ ਬਲਵੰਡ ਜੀ ਨੇ ਇਸ ਤੱਥ ਨੂੰ ਰਾਮਕਲੀ ਦੀ ਵਾਰ ਵਿਚ ਇਸ ਤਰ੍ਹਾਂ ਬਿਆਨ ਕੀਤਾ ਹੈ:

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ (ਪੰਨਾ 966)

ਬਾਣੀਕਾਰ ਭਗਤ ਸਾਹਿਬਾਨ ਵਿੱਚੋਂ ਆਕਾਰ ਦੇ ਲਿਹਾਜ਼ ਨਾਲ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਵੱਧ ਹੈ। ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਜੀ ਨੇ 18 ਰਾਗਾਂ ਵਿਚ ਅਤੇ ਭਗਤ ਰਵਿਦਾਸ ਜੀ ਨੇ 16 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ ਹੈ। ਭਗਤ ਤ੍ਰਿਲੋਚਨ ਜੀ ਅਤੇ ਭਗਤ ਬੇਣੀ ਜੀ ਨੇ ਤਿੰਨ-ਤਿੰਨ ਰਾਗਾਂ ਵਿਚ ਅਤੇ ਭਗਤ ਧੰਨਾ ਜੀ, ਭਗਤ ਜੈਦੇਵ ਜੀ ਅਤੇ ਭਗਤ ਫ਼ਰੀਦ ਜੀ ਨੇ ਦੋ-ਦੋ ਰਾਗਾਂ ਵਿਚ ਬਾਣੀ ਰਚੀ ਹੈ। ਭਗਤ ਸੈਣ ਜੀ, ਭਗਤ ਪੀਪਾ ਜੀ, ਭਗਤ ਸਧਨਾ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ ਅਤੇ ਭਗਤ ਸੂਰਦਾਸ ਜੀ ਦੇ ਇਕ-ਇਕ ਰਾਗ ਵਿਚ ਉਚਾਰਨ ਕੀਤੇ ਹੋਏ ਸ਼ਬਦ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਦਰਜ ਕਰਨ ਵੇਲੇ ਭਗਤ ਸਾਹਿਬਾਨ ਦੀ ਜਗਤ ਫੇਰੀ ਦੇ ਕਾਲ (ਸਮੇਂ) ਨੂੰ ਮੁੱਖ ਨਹੀਂ ਰੱਖਿਆ ਗਿਆ, ਸਗੋਂ ਉਨ੍ਹਾਂ ਦੀ ਤਰਤੀਬ, ਬਾਣੀ ਦੀ ਮਹੱਤਤਾ ਦੇ ਉੱਪਰ ਨਿਰਭਰ ਹੈ। ਭਗਤ ਸਾਹਿਬਾਨ ਤੋਂ ਇਲਾਵਾ ਗੁਰੂ-ਘਰ ਦੇ ਜਿਨ੍ਹਾਂ ਚਾਰ ਨਿਕਟਵਰਤੀ ਗੁਰਸਿੱਖਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ, ਉਹ ਹਨ:

1. ਬਾਬਾ ਸੁੰਦਰ ਜੀ, 6 ਪਦੇ।
2. ਭਾਈ ਮਰਦਾਨਾ ਜੀ, 3 ਪਦੇ।
3. ਰਬਾਬੀ ਸੱਤਾ ਜੀ, 3 ਪਉੜੀਆਂ।
4. ਰਾਇ ਬਲਵੰਡ ਜੀ, 5 ਪਉੜੀਆਂ।

ਭਾਈ ਸੱਤਾ ਜੀ ਅਤੇ ਰਾਇ ਬਲਵੰਡ ਜੀ ਗੁਰੂ-ਘਰ ਦੇ ਰਬਾਬੀ ਸਨ। ਇਸ ਵਾਰ ਵਿਚ ਗੁਰੂ-ਪਰੰਪਰਾ ਅਤੇ ਮੁੱਢਲੇ ਸਿੱਖ ਇਤਿਹਾਸ ਬਾਰੇ ਕਈ ਨਿੱਗਰ ਸੰਕੇਤ ਮਿਲਦੇ ਹਨ। ਇਸ ਵਾਰ ਦਾ ਵਿਸ਼ਾ ਗੁਰੂ-ਜੋਤਿ ਦੀ ਏਕਤਾ ਹੈ ਜੋ ਕਾਇਆ ਪਲਟਣ ਨਾਲ ਬਦਲਦੀ ਨਹੀਂ। ਬਾਬਾ ਸੁੰਦਰ ਜੀ ਦੁਆਰਾ ਰਚਿਤ ‘ਸਦ’ (ਰਾਮਕਲੀ, ਪੰਨਾ 923-924) ਵੀ ਇਤਿਹਾਸਕ ਦ੍ਰਿਸ਼ਟੀ ਤੋਂ ਬੜੀ ਅਹਿਮੀਅਤ ਰੱਖਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤਲੇ ਭਾਗ (ਪੰਨਾ 1389-1409 ਤਕ) 11 ਭੱਟ ਸਾਹਿਬਾਨ ਦੇ 123 ਸਵੱਯੇ ਅੰਕਿਤ ਹਨ। ਇਨ੍ਹਾਂ ਦਾ ਵਡੇਰਾ ਭਾਈ ਭਿੱਖਾ ਜੀ ਅਧਿਆਤਮਕ ਗਿਆਨ ਅਤੇ ਆਤਮ ਜਗਿਆਸਾ ਦੇ ਉਦੇਸ਼ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿਚ ਆਏ ਸਨ। ‘ਸਵਈਏ ਮਹਲੇ ਤੀਜੇ ਕੇ’ ਵਿਚ ਭਾਈ ਭਿੱਖਾ ਜੀ ਦੇ ਦੋ ਛੰਦ ਦਰਜ ਹਨ ਜਿਨ੍ਹਾਂ ਵਿਚ ਉਹ ਕਹਿੰਦੇ ਹਨ:

ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥ (ਪੰਨਾ 1395-96)

ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿਚ ਆ ਜਾਣ ਮਗਰੋਂ ਭਾਈ ਭਿੱਖਾ ਜੀ ਦੀ ਇਹ ਭਟਕਣ ਮੁੱਕ ਗਈ। ਉਨ੍ਹਾਂ ਦਾ ਮਨ ਸ਼ਾਂਤ ਤੇ ਨਿਰਮਲ ਹੋ ਗਿਆ। ਉੱਪਰਲੇ ਬੰਦ ਵਿਚ ਪ੍ਰਗਟ ਕੀਤੀ ਰੀਝ ਅਤੇ ਲਗਨ ਦੱਸਦੀ ਹੈ ਕਿ ਭਾਈ ਭਿੱਖਾ ਜੀ ਨਿਰਾਪੁਰਾ ਜੱਸ ਗਾਉਣ ਵਾਲੇ ਭੱਟ ਨਹੀਂ ਸਨ ਸਗੋਂ ਪਰਮਾਰਥ ਦੇ ਸੱਚੇ ਪੰਧਾਊ ਸਨ। ਉਨ੍ਹਾਂ ਦੀ ਆਤਮ-ਛੋਹ ਨੇ ਅੱਗੇ ਉਨ੍ਹਾਂ ਦੇ ਪੁੱਤਰਾਂ, ਭਤੀਜਿਆਂ ਵਿਚ ਵੀ ਇਹ ਲਗਨ ਲਗਾਈ ਤੇ ਉਹ ਵੀ ਸੰਤ-ਕਵੀ ਹੋ ਕੇ ਗੁਰੂ-ਜੋਤਿ ਦੇ ਗੀਤ ਗਾਉਣ ਲੱਗ ਪਏ।

ਇਨ੍ਹਾਂ ਭੱਟ ਬਾਣੀਕਾਰਾਂ ਅਥਵਾ ਇਨ੍ਹਾਂ ਦੀ ਸੰਤਾਨ ਵਿੱਚੋਂ ਕਈਆਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮੁਗ਼ਲਾਂ ਨਾਲ ਹੋਈਆਂ ਲੜਾਈਆਂ ਵਿਚ ਭਾਗ ਲੈ ਕੇ ਸੂਰਮਗਤੀ ਦੇ ਜ਼ੌਹਰ ਵਿਖਾਏ ਸਨ। ਭੱਟ ਕੀਰਤ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਮੁਖ਼ਲਿਸ ਖਾਂ ਵਿਰੁੱਧ ਲੜੀ ਗਈ ਲੜਾਈ ਵਿਚ ਅੰਮ੍ਰਿਤਸਰ ਵਿਖੇ ਸ਼ਹੀਦ ਹੋਏ ਸਨ। ਇਸੇ ਤਰ੍ਹਾਂ ਕੇਸੋ ਸਿੰਘ, ਹਰੀ ਸਿੰਘ ਅਤੇ ਦੇਸੂ ਸਿੰਘ ਤਿੰਨੇ ਸਕੇ ਭਾਈ ਅਤੇ ਕੇਸੋ ਸਿੰਘ ਦਾ ਪੁੱਤਰ ਨਰਬਦ ਸਿੰਘ ਅਤੇ ਹਰੀ ਸਿੰਘ ਦੇ ਪੁੱਤਰ ਤਾਰਾ ਸਿੰਘ, ਸੇਵਾ ਸਿੰਘ ਅਤੇ ਦੇਵਾ ਸਿੰਘ, ਸੱਤ ਭੱਟ ਸਿੱਖ ਹੋਣ ਦੇ ਦੋਸ਼ ਵਿਚ ਪਰਗਣਾ ਲਾਹੌਰ ਦੇ ਅਲੋਵਾਲ ਮੁਕਾਮ ’ਤੇ, ਨਾਜ਼ਮ ਅਸਲਮ ਖਾਂ ਦੇ ਹੁਕਮ ਨਾਲ ਧਰਤੀ ਵਿਚ ਗੱਡ ਕੇ ਸ਼ਹੀਦ ਕਰ ਦਿੱਤੇ ਗਏ ਸਨ। ਇਨ੍ਹਾਂ ਸ਼ਹੀਦ ਭੱਟਾਂ ਦਾ ਜ਼ਿਕਰ ਪਿਆਰਾ ਸਿੰਘ ਪਦਮ ਨੇ ਇਕ ਲੇਖ ‘ਆਦਿ ਗੁਰੂ ਗ੍ਰੰਥ ਦੇ ਯੋਗਦਾਨੀ’ ਵਿਚ ਕੀਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਪਰਲੋਕ ਦੀ ਅਗਵਾਈ ਲਈ ਹੀ ਨਹੀਂ ਸਗੋਂ ਇਸ ਲੋਕ ਨੂੰ ਵੀ ਸੁਧਾਰਨ ਅਤੇ ਸਮਾਜਿਕ ਤੌਰ ’ਤੇ ਜੀਵਨ ਨੂੰ ਉਚੇਰਾ ਕਰਨ ਲਈ ਵੀ ਉਤਨੇ ਹੀ ਪ੍ਰਯਤਨਸ਼ੀਲ ਹਨ ਜਿਤਨਾ ਕਿ ਮੁਕਤੀ ਲਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਵੱਡੀ ਪੂਜਾ ਅਤੇ ਆਦਰ ਗੁਰਬਾਣੀ ਨੂੰ ਪੜ੍ਹਨਾ, ਉਸ ਨੂੰ ਸਮਝਣਾ ਅਤੇ ਉਸ ਉੱਪਰ ਅਮਲ ਕਰਨਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਅਕਾਲ ਪੁਰਖ ਦੇ ਆਪਣੇ ਬੋਲ ਹਨ। ‘ਸ਼ਬਦ’ ਪਰਮਾਤਮਾ ਦਾ ਅਪਣਾ ਬਚਨ ਹੈ। ਇਹ ਆਤਮਿਕ ਅਨੁਭਵ ਹੈ ਜੋ ਨਾਮ ਜਪਣ ਵਾਲੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਮਹਾਂਪੁਰਸ਼ਾਂ ਨੂੰ ਪ੍ਰਾਪਤ ਹੋਇਆ ਹੈ। ਪ੍ਰਭੂ ਦਾ ਸ਼ਬਦ ਗਿਆਨ ਰੂਪੀ ਦੀਵੇ ਵਾਂਗ ਹੈ ਜੋ ਜੀਵ ਦੇ ਮਨ ਦਾ ਅੰਧੇਰਾ ਦੂਰ ਕਰ ਕੇ ਆਤਮ ਪ੍ਰਕਾਸ਼ ਕਰ ਦਿੰਦਾ ਹੈ:

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥  (ਪੰਨਾ 722)

ਧੁਰ ਕੀ ਬਾਣੀ ਆਈ॥
ਤਿਨਿ ਸਗਲੀ ਚਿੰਤ ਮਿਟਾਈ॥ (ਪੰਨਾ 628)

ਸਬਦੁ ਦੀਪਕੁ ਵਰਤੈ ਤਿਹੁ ਲੋਇ॥
ਜੋ ਚਾਖੈ ਸੋ ਨਿਰਮਲੁ ਹੋਇ॥ (ਪੰਨਾ 628)

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ (ਪੰਨਾ 67)

ਸਤਿਗੁਰ ਸਬਦਿ ਉਜਾਰੋ ਦੀਪਾ॥
ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੀ੍ ਅਨੂਪਾ॥ (ਪੰਨਾ 821)

ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖੀ ਭਾਈਚਾਰੇ ਅਤੇ ਵਿਸ਼ਵ ਏਕਤਾ ਦਾ ਗ੍ਰੰਥ ਹੈ। ਇਹ ਗ੍ਰੰਥ ਧਾਰਮਿਕ ਰਵਾਦਾਰੀ ਅਤੇ ਸਹਿਨਸ਼ੀਲਤਾ ਦੀ ਅਨੂਪਮ ਮਿਸਾਲ ਹੈ। ਇਸ ਦਾ ਪ੍ਰਤੱਖ ਸਬੂਤ ਇਸ ਦੀ ਬਾਣੀ ਅਤੇ ਬਣਤਰ ਹੈ ਜਿਸ ਵਿਚ ਸਾਰੇ ਦੇਸ਼ ਦੀ ਆਤਮਾ ਧੜਕਦੀ ਅਤੇ ਖੁਸ਼ਬੂ ਵੰਡਦੀ ਦਿਖਾਈ ਦਿੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਸ ਦੇ ਅੰਦਰ ਦੀ ਵਿਚਾਰਧਾਰਾ-ਮਨੁੱਖ, ਰੱਬ, ਕੁਦਰਤ, ਸੰਸਾਰ ਅਤੇ ਸਮਾਜ ਦੇ ਆਪਸੀ ਸੰਬੰਧਾਂ ਨੂੰ ਬਿਆਨ ਕਰਦੀ ਸਮੁੱਚੇ ਸੰਸਾਰ ਨੂੰ ਇਕ ਲੜੀ ਵਿਚ ਪਰੋਣ ਦਾ ਸਫ਼ਲ ਯਤਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸਿਧਾਂਤ ਗੈਰ-ਸੰਪ੍ਰਦਾਇਕ ਹਨ। ਭੇਖਾਂ, ਰਸਮਾਂ, ਚਿੰਨ੍ਹਾਂ, ਮੰਤਰਾਂ ਅਤੇ ਤੀਰਥਾਂ ਨੂੰ ਇਨ੍ਹਾਂ ਵਿਚ ਕੋਈ ਥਾਂ ਨਹੀਂ। ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:

ਕਰਮ ਧਰਮ ਨੇਮ ਬ੍ਰਤ ਪੂਜਾ॥
ਪਾਰਬ੍ਰਹਮ ਬਿਨੁ ਜਾਨੁ ਨ ਦੂਜਾ॥ (ਪੰਨਾ 199)

ਵਿਸਮਾਦੁ ਨਾਦ ਵਿਚ ਡਾ. ਜੋਧ ਸਿੰਘ ਲਿਖਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਬਾਣੀ ਨੇ ਜਿੱਥੇ ਇਕ ਪਾਸੇ ਪੱਤਵਿਹੀਨ ਜੀਵਨ ਨੂੰ ਮਾੜਾ ਕਿਹਾ, ਉਥੇ ਨਾਲ ਹੀ ਕਰਮਕਾਂਡਾਂ ਅਤੇ ਵਰਨ- ਵਿਵਸਥਾ ਦੇ ਬੰਧਨਾਂ ਤੋਂ ਭਾਰਤ-ਵਾਸੀਆਂ ਨੂੰ ਨਿਜਾਤ ਵੀ ਦਿਵਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਨੇ ਗ਼ੁਲਾਮ ਬਿਰਤੀ ਵਾਲੇ ਰਾਸ਼ਟਰ ਨੂੰ ਝੰਜੋੜਿਆ ਵੀ ਤੇ ਲੋਕਾਂ ਨੂੰ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਦਲੇਰੀ ਵੀ ਪ੍ਰਦਾਨ ਕੀਤੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਬ੍ਰਹਮ-ਗਿਆਨ ਤੋਂ ਉਪਜੀ ਸ਼ਕਤੀ ਨੂੰ ਆਮ ਲੋਕਾਂ ਦੀ ਭਲਾਈ ਹਿਤ ਵਰਤਣ ਲਈ ਸਦਾ ਤਿਆਰ ਰਹਿਣ ਦੀ ਪ੍ਰੇਰਨਾ ਦਿੱਤੀ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਹੀ ਸਨ, ਜਿਨ੍ਹਾਂ ਦੇ ਆਧਾਰ ’ਤੇ ਮੀਰੀ-ਪੀਰੀ ਅਤੇ ਭਗਤੀ-ਸ਼ਕਤੀ ਦਾ ਇੱਕੋ ਸ਼ਖ਼ਸੀਅਤ ਵਿਚ ਹੋਣ ਦਾ ਸੰਕਲਪ ਉਭਾਰਿਆ ਗਿਆ ਅਤੇ ਸੰਤ-ਸਿਪਾਹੀ ਦੇ ਰੂਪ ਵਿਚ ਪੰਜਾਬ-ਵਾਸੀਆਂ ਨੇ ਭਾਰਤ ਦੇ ਲੋਕਾਂ ਨੂੰ ਇਕ ਨਵੀਂ ਸੇਧ ਦਿੱਤੀ। ਇਹ ਦੇਸ਼ ਦੇ ਕੌਮੀ ਜੀਵਨ ਵਿਚ ਇਕ ਇਨਕਲਾਬੀ ਪਰਿਵਰਤਨ ਸੀ, ਜਿਸ ਦਾ ਸਿੱਟਾ 1699 ਈ. ਵਿਚ ਖਾਲਸਾ ਪੰਥ ਦੀ ਸਿਰਜਨਾ ਦੇ ਰੂਪ ਵਿਚ ਪ੍ਰਗਟ ਹੋਇਆ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਸ਼ਬਦ-ਗੁਰੂ ਸਿਧਾਂਤ ਹੈ, ਜਿਸ ਰਾਹੀਂ ਦੇਹਧਾਰੀ ਗੁਰੂ-ਡੰਮ੍ਹ ਦੀ ਪਰੰਪਰਾ ਅਤੇ ਉਸ ਤੋਂ ਉਤਪੰਨ ਹੋ ਸਕਣ ਵਾਲੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਸ਼ਬਦ (ਬਾਣੀ) ਨੂੰ ਹੀ ਗੁਰੂ ਮੰਨਣ ਦੀ ਲੀਹ ’ਤੇ ਤੋਰ ਕੇ ਸੰਵਿਧਾਨਤਾ ਨੂੰ ਵਿਅਕਤੀਵਾਦ ਤੋਂ ਉੱਚਾ ਰੱਖਣ ਦੀ ਪਰੰਪਰਾ ਚਲਾਈ ਗਈ।

ਸ੍ਰੀ ਗੁਰੂ ਗ੍ਰੰਥ ਸਾਹਿਬ ਰਤਨਾਂ ਦਾ ਖ਼ਜ਼ਾਨਾ ਹੈ। ਜਿਤਨਾ ਕੋਈ ਗਹਿਰਾਈ ਵਿਚ ਜਾਣ ਦੀ ਕੋਸ਼ਿਸ਼ ਕਰੇਗਾ, ਉਤਨੇ ਹੀ ਅਮੋਲਕ ਰਤਨ (ਨਾਮ-ਰੂਪੀ ਪਦਾਰਥ) ਉਸ ਨੂੰ ਪ੍ਰਾਪਤ ਹੋਣਗੇ।

ਨੋਬਲ ਪੁਰਸਕਾਰ ਵਿਜੇਤਾ ਪਰਲ ਬੱਕ ਦੇ ਸ਼ਬਦਾਂ ਵਿਚ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਇਕ ਅਚੰਭੇ ਦੀ ਨਵੀਨਤਾ ਹੈ। ਇਹ ਬਾਣੀ ਸਾਰੇ ਸੰਸਾਰ ਲਈ ਸਾਂਝੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਮਹਾਨ ਗ੍ਰੰਥ ਹੈ ਜੋ ਸਮੇਂ ਅਤੇ ਸਥਾਨ ਦੀਆਂ ਹੱਦਾਂ ਤੋਂ ਪਾਰ ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਦਿੰਦਾ ਹੈ ਅਤੇ ਆਪਣੇ ਅਸਲ ਸੋਮੇ ਨਾਲ ਅਭੇਦ ਹੋਣ ਦਾ ਰਾਹ ਦਰਸਾਉਂਦਾ ਹੈ।” ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਾ. ਗ੍ਰੀਨਲੀਜ਼ ਲਿਖਦੇ ਹਨ, “ਸਿੱਖ ਇਕ ‘ਰਹਿਣੀ’ ਧਰਮ ਹੈ, ਜਿਹੜਾ ਮਨੁੱਖ ਨੂੰ ਆਪਣੇ ਨਿਸ਼ਾਨੇ ’ਤੇ ਲੈ ਜਾਣ ਲਈ ਸਿੱਧਾ ਰਸਤਾ ਦੱਸਦਾ ਹੈ। ਸਿੱਖ ਧਰਮ ਫ਼ੋਕੇ ਤਰਕ, ਵਿਵਾਦ ਅਤੇ ਫਜ਼ਲੂ ਦੇ ਬਖੇੜੇ ਵਿਚ ਨਹੀਂ ਪੈਂਦਾ।” ਵਿਦਵਾਨ ਲਿਖਾਰੀ ਨੇ ਅੱਗੇ ਚੱਲ ਕੇ ਲਿਖਿਆ ਹੈ, “ਜਿਤਨਾ ਹੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨ ਵਿਚ ਅਗਾਂਹ ਵਧਦਾ ਗਿਆ, ਉਤਨਾ ਹੀ ਮੇਰਾ ਪਿਆਰ ਅਤੇ ਸਤਿਕਾਰ ਇਸ ਬਾਣੀ ਲਈ ਵਧਦਾ ਗਿਆ। ਸੰਸਾਰ ਦੇ ਧਰਮ-ਗ੍ਰੰਥਾਂ ਵਿੱਚੋਂ ਸ਼ਾਇਦ ਹੀ ਹੋਰ ਕੋਈ ਅਜਿਹਾ ਗ੍ਰੰਥ ਹੋਵੇ ਜੋ ਬਾਣੀ ਦੀ ਉਚਾਈ ਵਿਚ ਜਾਂ ਲਗਾਤਾਰ ਪ੍ਰੇਰਨਾ ਦੇਣ ਦੀ ਖੁਸ਼ੀ ਵਿਚ ਇਸ ਹੱਦ ਤਕ ਪੁੱਜਿਆ ਹੋਵੇ।” ਪ੍ਰੋ. ਪੂਰਨ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵਗਦੀ ਨੈਂ ਕਿਹਾ ਹੈ ਜਿਸ ਵਿਚ ਸੱਚ, ਸੰਤੋਖ ਅਤੇ ਅੰਮ੍ਰਿਤਮਈ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ। ਇਸ ਨੈਂ ਦਾ ਜਲ ਸਵੱਛ, ਸੀਤਲ ਅਤੇ ਨਿਰਮਲ ਹੈ, ਜਿਸ ਦਾ ਵਹਾਅ ਆਪਣੇ ਸੋਮੇ ਤੋਂ ਸਾਗਰ ਵਿਚ ਸਮਾਉਣ ਤਕ ਇਕ-ਰਸ ਤੇ ਇੱਕੋ ਚਾਲ ਵਹਿ ਰਿਹਾ ਹੈ। ਡਾ. ਟਾਇਨਬੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮੁੱਚੀ ਮਨੁੱਖਤਾ ਦਾ ਸਾਂਝਾ ਆਤਮਿਕ ਭੰਡਾਰ ਕਹਿ ਕੇ ਇਸ ਦੀ ਉੱਚਤਾ ਅਤੇ ਵਡਿਆਈ ਨੂੰ ਬਿਆਨ ਕੀਤਾ ਹੈ। ਡਾ. ਰਾਧਾ ਕ੍ਰਿਸ਼ਨਨ ਲਿਖਦੇ ਹਨ : “We find in the Guru Granth Sahib, a wide range of mystical emotions, in- timate expressions of the personal realization of God and rapturous hymns of divine love.” The borders of seas and mountains will give way before the call of eternal truth which is set forth with freshness of feeling and fervour of devotion in Guru Granth Sahib.”

ਆਉਣ ਵਾਲੇ ਸਮੇਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਨੂੰ ਬਹੁਤ ਕੁਝ ਦੇਣ ਦੀ ਸਮਰੱਥਾ ਰੱਖਦਾ ਹੈ। ਡਾ. ਟਾਇਨਬੀ ਦੇ ਹੀ ਸ਼ਬਦਾਂ ਵਿਚ : “The Guru Granth (Sahib) is the Sikh’s perpetual Guru (Spiritual guide). In the religious debate, the Sikh religion, and its scripture, Guru Granth Sahib will have something of spe- cial value to say to rest of the world.”

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਤਮਿਕ ਅਤੇ ਸਦਾਚਾਰਕ ਰਹਿਨੁਮਾਈ ਦਾ ਅਨਮੋਲ ਖ਼ਜ਼ਾਨਾ ਹੈ। ਸੰਸਾਰ ਦੀ ਰਹੱਸਵਾਦੀ ਅਤੇ ਅਧਿਆਤਮਿਕ ਰਚਨਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਥਾਨ ਵਿਲੱਖਣ ਅਤੇ ਵਿਸ਼ੇਸ਼ ਹੈ। ਇਸ ਦੀ ਅਗੰਮੀ ਬਾਣੀ ਦੀ ਰੋਸ਼ਨੀ ਵਿਚ ਤੁਰ ਕੇ ਹੀ ਅਸੀਂ ਸਾਰੇ ਵਿਸ਼ਵ ਵਿਚ ਸੁਖ-ਸ਼ਾਂਤੀ ਅਤੇ ਅਮਨ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰ ਸਕਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਹੈ:

ਬਿਸਰਿ ਗਈ ਸਭ ਤਾਤਿ ਪਰਾਈ॥
ਜਬ ਤੇ ਸਾਧਸੰਗਤਿ ਮੋਹਿ ਪਾਈ॥1॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਹਰਬੰਸ ਸਿੰਘ (6 ਮਾਰਚ 1921 30 ਮਈ 1998) ਇੱਕ ਸਿੱਖਿਆ ਸ਼ਾਸਤਰੀ, ਪ੍ਰਸ਼ਾਸਕ, ਵਿਦਵਾਨ ਅਤੇ ਸਿੱਖ ਧਰਮ ਦੇ ਵਿਸ਼ਵਕੋਸ਼ ਦੇ ਮੁੱਖ ਸੰਪਾਦਕ ਸਨ। ਸਿੱਖ ਵਿਦਵਤਾ ਅਤੇ ਪੰਜਾਬੀ ਸਾਹਿਤਕ ਅਧਿਐਨਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਦਾ ਸਤਿਕਾਰ ਕੀਤਾ ਜਾਂਦਾ ਸੀ ਅਤੇ ਧਾਰਮਿਕ ਅਧਿਐਨਾਂ ਦੇ ਖੇਤਰ ਵਿੱਚ ਉਨ੍ਹਾਂ ਦਾ ਅਹਿਮ ਅਤੇ ਵਿਆਪਕ ਪ੍ਰਭਾਵ ਸੀ, ਜਿਸ ਵਿੱਚ ਸਿੱਖ ਧਰਮ ਦਾ ਵਿਸ਼ੇਸ਼ ਹਵਾਲਾ ਦਿੱਤਾ ਗਿਆ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)