editor@sikharchives.org

ਸੋ ਪੰਡਿਤੁ ਦਰਗਹ ਪਰਵਾਣੁ

ਨਾਮ ਤੋਂ ਬਿਨਾਂ ਤਪੱਸਿਆ ਵਰਤ ਆਦਿ ਝੂਠੇ ਤੇ ਫੋਕੇ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਤਿਗੁਰਾਂ ਦੀ ਚਰਨ ਸਰਨ ਜਾਣ ਨਾਲ ਹੀ ਸਹੀ ਮਾਰਗ ਦਰਸ਼ਨ ਪ੍ਰਾਪਤ ਹੁੰਦਾ ਹੈ। ਐਸੀ ਹੀ ਇਕ ਬਾਬਾਣੀ ਕਹਾਣੀ ਪੰਡਿਤ ਬੇਣੀ ਪ੍ਰਸਾਦ ਦੀ ਹੈ। ਲਾਹੌਰ ਦੇ ਨੇੜੇ ਚੁਹਣੀਆਂ ਪਿੰਡ ਦਾ ਰਹਿਣ ਵਾਲਾ ਬੇਣੀ ਪ੍ਰਸਾਦ ਨਾਂ ਦਾ ਇਕ ਕਰਮਕਾਂਡੀ ਪੰਡਿਤ ਸੀ। ਉਹ ਵਿੱਦਿਆ ਵਿਚ ਨਿਪੁੰਨ ਸੀ ਅਤੇ ਕਈ ਸ਼ਾਸਤਰ ਉਸ ਨੂੰ ਕੰਠ ਸਨ। ਉਹ ਚਰਚਾ ਕਰਨ ਵਿਚ ਬੜਾ ਮਾਹਿਰ ਸੀ ਅਤੇ ਆਪਣੀ ਵਿੱਦਿਆ ਦਾ ਉਸ ਨੂੰ ਬੜਾ ਹੰਕਾਰ ਸੀ। ਉਹ ਚਰਚਾ ਸਮੇਂ ਜਿੱਤ ਅਤੇ ਹਾਰ ਲਈ ਪੋਥੀਆਂ ਦਾਅ ਉੱਤੇ ਲਾਉਂਦਾ। ਉਸ ਦੀ ਵਿੱਦਿਆ ਕਰਕੇ ਧਨੀ ਲੋਕ ਉਸ ਨੂੰ ਦਾਨ ਵੀ ਦਿੰਦੇ ਸਨ। ਉਹ ਪੋਥੀਆਂ ਦਾ ਊਠ ਲੱਦ ਕੇ ਆਪਣੇ ਮਨ ਵਿਚ ਹੰਕਾਰ ਭਰ ਕੇ ਇਧਰ-ਉਧਰ ਘੁੰਮਦਾ-ਫਿਰਦਾ ਰਹਿੰਦਾ ਤੇ ਕਹਿੰਦਾ ਕਿ ਮੈਂ ਸਾਰੀਆਂ ਦਿਸ਼ਾਵਾਂ ਵਿਚ ਜਿੱਤ ਪ੍ਰਾਪਤ ਕਰਾਂਗਾ।

ਕਰਨੀ ਰੱਬ ਦੀ ਸਹਿਜ ਸੁਭਾਅ ਉਹ ਗੋਇੰਦਵਾਲ ਸਾਹਿਬ ਪੁੱਜ ਗਿਆ, ਉੱਥੇ ਉਸ ਨੇ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣੀ ਜੋ ਚਾਰੇ ਪਾਸੇ ਫੈਲੀ ਹੋਈ ਸੀ। ਉਸ ਦੇ ਮਨ ਵਿਚ ਗੁਰੂ ਜੀ ਦੇ ਦਰਸ਼ਨ ਕਰਨ ਦਾ ਉਤਸ਼ਾਹ ਪੈਦਾ ਹੋਇਆ। ਬਉਲੀ ਸਾਹਿਬ ਦੇ ਨੇੜੇ ਲੋਕ ਸਤਿਗੁਰਾਂ ਦੇ ਦਰਸ਼ਨ ਕਰਕੇ ਚਰਨ ਕਮਲਾਂ ਉੱਤੇ ਭੇਟਾਵਾਂ ਭੇਟ ਕਰ ਰਹੇ ਸਨ ਤੇ ਮਨ ਚਾਹਿਆ ਫਲ ਅਤੇ ਮੁਕਤੀ ਦੀਆਂ ਦਾਤਾ ਪ੍ਰਾਪਤ ਕਰ ਰਹੇ ਸਨ। ਪੰਡਤ ਬੇਣੀ ਵੀ ਉੱਠ ਕੇ ਸਤਿਗੁਰਾਂ ਕੋਲ ਆ ਗਿਆ। ਸਤਿਗੁਰਾਂ ਨੇ ਪ੍ਰਸੰਨਤਾ ਸਹਿਤ ਸੁੱਖ-ਸਾਂਦ ਪੁੱਛੀ। ਸਾਰੀ ਸੰਗਤ ਨੂੰ ਦੇਖ ਕੇ ਪੰਡਤ ਹੰਕਾਰ ਨਾਲ ਬੋਲਿਆ ‘ਤਪੱਸਿਆ, ਤੀਰਥ-ਰਟਨ, ਵਰਤ ਆਦਿ ਮਨ ਨਿਰਮਲ ਕਰਦੇ ਹਨ ਪਰ ਇਹ ਤੁਹਾਡੇ ਧਰਮ ’ਚ ਨਹੀਂ’ ਫਿਰ ਇਹ ਮੁਕਤੀ ਕਿਵੇਂ ਪਉਣਗੇ? ਤੁਸੀ ਜੇ ਇਨ੍ਹਾਂ ਦਾ ਭਲਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਤਪੱਸਿਆ ‘ਚ ਜੋੜੋ ਤੇ ਸ਼ਾਸਤਰਾਂ ਦਾ ਉਪਦੇਸ਼ ਦਿਉ।’ ਸਤਿਗੁਰ ਜੀ ਪੰਡਤ ਦੀਆਂ ਝੱਖ ਮਾਰੀਆਂ ਸੁਣਦੇ ਰਹੇ ਤੇ ਮੁਸਕਰਾਉਂਦੇ ਰਹੇ।

ਉਹ ਬੋਲ ਹਟਿਆ ਤਾਂ ਪਾਤਸ਼ਾਹ ਜੀ ਨੇ ਫ਼ੁਰਮਾਇਆ ਕਿ ‘ਯੱਗ, ਤਪੱਸਿਆ ਆਦਿ ਦੇ ਕਰਮ ਤੇ ਪਹਿਲੇ ਜੁਗਾਂ (ਸਤਿਜੁਗ, ਤ੍ਰੇਤਾ, ਦੁਆਪਰ) ਦੇ ਧਰਮ ਸਨ। ਕਲਿਜੁਗ ਦੇ ਲੋਕ ਇਹ ਕਰਨ ਦੀ ਸਮੱਰਥਾ ਨਹੀਂ ਰੱਖਦੇ। ਨਾ ਯੱਗ ਕਰਨ ਲਈ ਧਨ ਹੈ ਤੇ ਨਾ ਹੀ ਲੋਕ ਹੁਣ ਭੋਜਨ ਤੋਂ ਬਿਨਾਂ ਰਹਿ ਸਕਦੇ ਹਨ, ਇਨ੍ਹਾਂ ਦਾ ਸਾਰਾ ਦਿਨ ਉਪਜੀਵਕਾ ਲਈ ਦੌੜਦਿਆਂ ਲੰਘ ਜਾਂਦਾ ਹੈ। ਫਿਰ ਜੇਕਰ ਇਹ ਕਰਮਕਾਂਡ ਕਰਨ ਲੱਗ ਜਾਣ ਤਾਂ ਪੂਰੇ ਨਹੀਂ ਹੋਣਗੇ ਕਿਉਂਕਿ ਖਾਣ-ਪੀਣ ਦੇ ਢੰਗ ਕਰਕੇ ਪਵਿੱਤਰਤਾ ਆਦਿ ਰੱਖਣਾ ਔਖਾ ਕਾਰਜ ਹੈ। ਕਰਮਕਾਂਡ ਨਾਲ ਅਬਿਚਲ (ਸਥਾਈ) ਪਦਵੀ ਨੂੰ ਨਹੀਂ ਪਾਇਆ ਜਾ ਸਕਦਾ। ਪੰਡਤ ਜੀ! ਇਹ ਸ਼ੁਭ ਕਰਮ ਜੋ ਦੱਸ ਰਹੇ ਹੋ ਇਹ ਸਭ ਹੰਕਾਰ ਵਾਲੇ ਹਨ। ਇਹ ਕਰਨ ਨਾਲ ਦੁੱਖ ਜ਼ਿਆਦਾ ਤੇ ਸੁਖ ਘੱਟ ਮਿਲਦਾ ਹੈ। ਇਹ ਸਾਰੇ ਨਸ਼ਟ ਹੋ ਜਾਣ ਵਾਲੇ ਹਨ।’ ਸਤਿਗੁਰਾਂ ਹੋਰ ਅੱਗੇ ਕਿਹਾ। ‘ਸਤਿਨਾਮੁ ਦੇ ਸਿਮਰਨ ਨਾਲ ਸਭ ਭੋਗਾਂ ਤੋਂ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਪ੍ਰਭੂ ਦਾ ਨਾਮ ਲੈਣਾ ਤੇ ਸੁਣਨਾ ਭਗਤੀ ਦੀ ਬਹੁਤ ਵਡਿਆਈ ਹੈ। ਕਲਿਜੁਗ ਵਿਚ ਇਸ ਦੇ ਤੁਲ ਹੋਰ ਕੋਈ ਵਡਿਆਈ ਨਹੀਂ ਹੈ’:

ਸੱਤਿਨਾਮ ਕੋ ਸਿਮਰਨ ਸਾਰ।
ਭੁਕਤਿ ਮੁਕਤਿ ਤੇ ਮਹਿ ਉਦਾਰ।
ਸਿਮਰਨ ਸ਼੍ਰਵਨ ਭਗਤਿ ਬਡਿਆਈ।
ਇਸ ਸਮ ਕਲਿ ਨਹਿਂ ਆਨ ਬਡਾਈ॥22॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ: 62)

ਨਾਮ ਤੋਂ ਬਿਨਾਂ ਤਪੱਸਿਆ ਵਰਤ ਆਦਿ ਝੂਠੇ ਤੇ ਫੋਕੇ ਹਨ। ਹੋਰ ਕਰਮਕਾਂਡ ਨਾਲ ਹੰਕਾਰ ਵਧਦਾ ਹੈ ਤੇ ਇਹ ਸਭ ਉਲਟੇ ਪੈਂਦੇ ਹਨ ਤੇ ਸਗੋਂ ਜਨਮ-ਮਰਨ ਦੇ ਚੱਕਰ ਹੋਰ ਪੈ ਜਾਂਦੇ ਹਨ। ਇਹ ਹੰਕਾਰ ਔਗੁਣਾਂ ਦੀ ਜੜ੍ਹ ਹੈ। ਸਿਮਰਨ ਨਾਲ ਹੰਕਾਰ ਖਤਮ ਹੋ ਜਾਂਦਾ ਹੈ। ਤੁਸੀਂ ਆਪ ਤਾਂ ਵਿੱਦਿਆ ਦੀ ਮਸ਼ਾਲ ਫੜੀ ਹੋਈ ਹੈ ਫਿਰ ਵੀ ਅੰਧਕਾਰ ਵਿਚ ਹੋ ਤੇ ਹੋਰਨਾਂ ਨੂੰ ਕਹਿੰਦੇ ਹੋ ਜਗਤ ਤੋਂ ਪਾਰ ਹੋ ਜਾਉ? ਪੰਡਤ ਜੀ! ਵਿੱਦਿਆ ਤਾਂ ਉੱਚੀ ਵਸਤੂ ਹੋਈ ਪਰ ਮਨ ਵਿਚ ਵਿੱਦਿਆ ਦਾ ਹੰਕਾਰ ਨਹੀਂ ਸੋਭਦਾ। ਤੁਸੀਂ ਹੋ ਕਿ ਵਿੱਦਿਆ ਪ੍ਰਾਪਤ ਕਰਕੇ ਤਿੰਨਾਂ ਲੋਕਾਂ ਨੂੰ ਜਿੱਤਣ ਦਾ ਸੰਕਲਪ ਨੂੰ ਕੀਤਾ ਹੋਇਆ ਹੈ। ਵੱਡੇ ਵੈਰੀ ਮਨ ਨੂੰ ਤਾਂ ਤੁਸੀ ਜਿੱਤ ਨਹੀਂ ਸਕੇ। ਹੋਰਨਾਂ ਨੂੰ ਕਿਵੇਂ ਜਿੱਤ ਸਕੋਗੇ? ਸਤਿਨਾਮੁ ਦਾ ਸਿਮਰਨ ਕਰਨ ਨਾਲ ਹੰਕਾਰ ਮੁਕਤ ਹੋ ਕੇ ਸਾਡੇ ਤਾਂ ਹਜ਼ਾਰਾਂ ਸਿੱਖ ਤਰ ਗਏ ਹਨ।’ ਸੋ ਗੁਰੂ ਜੀ ਨੇ ਸਪਸ਼ਟ ਕੀਤਾ ਕਿ ਥਿਤਾਂ, ਵਾਰਾਂ, ਜਗ, ਵਰਤ ਆਦਿ ਦੀਆਂ ਗਿਣਤੀਆਂ-ਮਿਣਤੀਆਂ ਦੀ ਚਿੰਤਾ ਵਿਚ ਹਿਰਦੇ ਦੇ ਹੰਕਾਰ ਦੀ ਧਾਰਾ ਵਿਚ ਰੁੜ੍ਹ ਜਾਣਾ ਪ੍ਰਾਪਤੀ ਨਹੀਂ ਸਗੋਂ ਬਹੁਤ ਵੱਡਾ ਘਾਟਾ ਹੈ। ਹੰਕਾਰ ਰਹਿਤ ਮਨੁੱਖ ਹੀ ਆਤਮਪਦ ਨੂੰ ਪ੍ਰਾਪਤ ਕਰਦੇ ਹਨ। ਸਤਿਨਾਮੁ ਦਾ ਸਿਮਰਨ ਪਾਪਾਂ ਨੂੰ ਦੂਰ ਕਰਦਾ ਹੈ। ਇਸ ਲਈ ਗੁਰਬਾਣੀ ਰਾਹੀਂ ਨਿਮਰਤਾ ਨਾਲ ਹੀ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ:

ਨਿਰ ਹੰਕਾਰ ਪਰਮਪਦ ਪਾਵੈ।
ਸੱਤਯਨਾਮ ਜਪ ਦੋਸ਼ ਨਸਾਵੈ।
ਯਾਂ ਤੇ ਜਥਾ ਜੋਗ ਗੁਰ ਬਾਨੀ।
ਮੈਂ ਪਾਵੌ ਕਛੁ ਹੋਇ ਨਿਰਮਾਨੀ॥29॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ: 62)

ਸਤਿਗੁਰਾਂ ਦੇ ਪਾਵਨ ਬਚਨ ਸੁਣ ਕੇ ਪੰਡਤ ਬੇਣੀ ਦੇ ਕਪਾਟ ਖੁੱਲ੍ਹ ਗਏ ਤੇ ਕਹਿਣ ਲੱਗਾ ਕਿ ‘ਮੈਂ ਵਿੱਦਿਆ ਪੜ੍ਹ ਕੇ ਵਿਚਾਰੀ ਹੈ ਅਤੇ ਇਸ ਦਾ ਹੰਕਾਰ ਕੀਤਾ ਹੈ। ਪ੍ਰਭੂ-ਭਗਤੀ ਨਹੀਂ ਕੀਤੀ। ਮੈਂ ਕਰਮਕਾਂਡ ਹੀ ਕਰਦਾ ਰਿਹਾ ਹਾਂ। ਸੱਚ ਹੀ ਮੈਂ ਸਤਿਸੰਗਤ ਤੇ ਪ੍ਰਭੂ ਦੇ ਮਾਰਗ ਬਾਰੇ ਨਹੀਂ ਜਾਣਿਆ:

ਯਾਂਤੇ ਹਰਿ ਕੀ ਭਗਤਿ ਨ ਹੋਈ।
ਕਰਤਿ ਰਹਯੋ ਖਟ ਕਰਮ ਜਿ ਸੋਈ।
ਚਰਚਾ ਕਰਿ ਮਿਥਯਾ ਅਭਿਮਾਨੀ।
ਸਤਿ ਸੰਗਤ ਪ੍ਰਭੁ ਗਤਿ ਨਹਿਂ ਜਾਨੀ॥31॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ: 62)

ਪੰਡਤ ਬੇਣੀ ਸਤਿਗੁਰਾਂ ਦੇ ਚਰਨਾਂ ’ਤੇ ਢਹਿ ਪਿਆ ਤੇ ਬੋਲਿਆ ‘ਤੀਨ ਲੋਕ ਦੀ ਸੋਝੀ ਦੇਣ ਵਾਲੇ ਸਤਿਗੁਰ ਜੀਉ! ਆਪ ਨੇ ਮਹਾਨ ਕਿਰਪਾ ਕੀਤੀ ਹੈ ਜੋ ਨਿਰੰਕਾਰ ਦਾ ਮਾਰਗ ਜਣਾਇਆ ਹੈ। ਭੁੱਲੇ-ਭਟਕੇ ਨੂੰ ਅੰਤਰ-ਆਤਮੇ ਧਿਆਨ ਵੱਲ ਲਾਇਆ ਹੈ। ਹੁਣ ਕਿਰਪਾ ਕਰੋ ਅਤੇ ਮੈਨੂੰ ਨਾਮ ਦਾਨ ਦਿਉ ਅਤੇ ਮੇਰੇ ਵੱਡੇ ਦੁਖਾਂ ਕਲੇਸਾਂ ਦਾ ਨਾਸ਼ ਕਰ ਦਿਉ। ਮਨ ਵਿਚ ਪੰਜ ਵਿਕਾਰ ਕਿਵੇਂ ਕਾਬੂ ਆ ਸਕਦੇ ਹਨ? ਮਨ ਸਵੱਛ ਕਿਵੇਂ ਹੋਵੇਗਾ? ਪੰਡਤ ਦੀ ਅਰਜ਼ ਸੁਣ ਕੇ ਦਇਆ ਦੀ ਮੂਰਤ ਭਵਜਲ ਤੋਂ ਪਾਰ ਉਤਾਰਾ ਕਰਾਉਣ ਵਾਲੇ ਧੰਨ ਗੁਰੂ ਅਮਰਦਾਸ ਜੀ ਨੇ ਫੁਰਮਾਨ ਕੀਤਾ:

ਮਲਾਰ ਮਹਲਾ 3 ਘਰੁ 2 ੴ ਸਤਿਗੁਰ ਪ੍ਰਸਾਦਿ॥
ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ॥
ਕਿ ਇਹੁ ਮਨੁ ਅਵਰਨੁ ਸਦਾ ਅਵਿਨਾਸੀ॥
ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ॥
ਇਸੁ ਮਨ ਕਉ ਮਮਤਾ ਕਿਥਹੁ ਲਾਗੀ॥1॥
ਪੰਡਿਤ ਇਸੁ ਮਨ ਕਾ ਕਰਹੁ ਬੀਚਾਰੁ॥
ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰੁ॥1॥ ਰਹਾਉ॥
ਮਾਇਆ ਮਮਤਾ ਕਰਤੈ ਲਾਈ॥
ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ॥
ਗੁਰ ਪਰਸਾਦੀ ਬੂਝਹੁ ਭਾਈ॥
ਸਦਾ ਰਹਹੁ ਹਰਿ ਕੀ ਸਰਣਾਈ॥2॥
ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ॥
ਅਨਦਿਨੁ ਏਕੋ ਨਾਮੁ ਵਖਾਣੈ॥
ਸਤਿਗੁਰ ਕੀ ਓਹੁ ਦੀਖਿਆ ਲੇਇ॥
ਸਤਿਗੁਰ ਆਗੈ ਸੀਸੁ ਧਰੇਇ॥
ਸਦਾ ਅਲਗੁ ਰਹੈ ਨਿਰਬਾਣੁ॥
ਸੋ ਪੰਡਿਤੁ ਦਰਗਹ ਪਰਵਾਣੁ॥3॥ (ਪੰਨਾ 1261)

ਗੁਰਬਾਣੀ ਦੇ ਇਹ ਪਾਵਨ ਬੋਲ ਸੁਣ ਕੇ ਪੰਡਤ ਬੇਣੀ ਦਾ ਮਨ ਐਨ ਪੂਰੀ ਤਰ੍ਹਾਂ ਸਾਫ ਹੋ ਗਿਆ। ਕਰਮਕਾਂਡਾਂ ਦੀ ਵਿਅਰਥਤਾ ਤੇ ਨਾਮ ਮਹਿਮਾ ਦੀ ਸੋਝੀ ਹੋ ਗਈ। ਬੈਠੇ-ਬੈਠੇ ਸਮਾਧੀ ਲੱਗ ਗਈ। ਸਤਿਗੁਰਾਂ ਨੇ ਪੰਡਤ ਬੇਣੀ ਦੀ ਹਾਲਤ ਵੇਖ ਕੇ ਕਿਹਾ ‘ਪਰਮਾਤਮਾ ਤੇਰੇ ’ਤੇ ਤ੍ਰੁੱਠਾ ਹੈ, ਤੂੰ ਦੁੱਖਾਂ ਤੋਂ ਛੁਟਕਾਰਾ ਪਾ ਲਿਆ ਹੈ।’ ਪੰਡਤ ਬੇਣੀ ਦਾ ਮਨ ਅਨੰਦ ਮਗਨ ਸੀ। ਸਤਿਗੁਰ ਨੂੰ ਭਿੱਜੀਆਂ ਅੱਖਾਂ ਨਾਲ ਕਹਿਣ ਲੱਗਾ ‘ਹੇ ਸਤਿਗੁਰ ਜੀਉ, ਤੁਸੀਂ ਭਗਤੀ ਦ੍ਰਿੜ੍ਹਾਉਣ ਲਈ ਹੀ ਅਵਤਾਰ ਧਾਰਿਆ ਹੈ, ਤੁਹਾਡੀ ਮਹਿਮਾ ਤੁਹਾਨੂੰ ਹੀ ਸੋਭਦੀ ਹੈ:

ਤਬ ਬੇਨੀ ਮਨ ਆਨੰਦ ਪਾਵਾ।
ਸਤਿਗੁਰ ਸੁਜਸ ਅਨਿਕ ਬਿਧਿ ਗਾਵਾ।
ਭਗਤਿ ਹੋਤਿ ਅਵਤਾਰ ਗੁਸਾਈਂ।
ਮਹਿਮਾ ਤੁਮਾਰੀ ਤੁਮ ਬਨਿ ਆਈ॥38॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ: 62)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)