editor@sikharchives.org

ਸੂਰਬੀਰ ਬਚਨ ਕਾ ਬਲੀ – ਅਕਾਲੀ ਫੂਲਾ ਸਿੰਘ ਜੀ

ਅਕਾਲੀ ਫੂਲਾ ਸਿੰਘ ਜੀ ਇਕ ਸੱਚਾ-ਸੁੱਚਾ ਗੁਰੂ ਕਾ ਸਿੱਖ, ਮਰਜੀਵੜਾ, ਪਰਉਪਕਾਰੀ, ਨੇਕ, ਤਿਆਗੀ, ਧੁੰਨ ਦਾ ਪੱਕਾ, ਫੌਜਾਂ ਦਾ ਜਰਨੈਲ, ਗੁਰੂ-ਘਰ ਦਾ ਅਨਿੰਨ ਸੇਵਕ, ਆਤਮਕ ਤੌਰ ’ਤੇ ਸੁਤੰਤਰ, ਨਿਰਭੈ ਅਤੇ ਨਿਰਵੈਰ ਯੋਧਾ ਅਤੇ ਆਪਣਾ ਧਰਮ ਫਰਜ਼ ਪਾਲਣ ਵਾਲਾ, ਅਰਦਾਸ ਉੱਤੇ ਸਾਬਤ-ਕਦਮੀ ਹੋ ਕੇ ਪਹਿਰਾ ਦੇਣ ਵਾਲਾ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਕੁਦਰਤ ਦੀ ਰਚੀ ਹਰ ਚੀਜ਼ ਵਿਚ ਸਮੇਂ-ਸਮੇਂ ਤਬਦੀਲੀ ਆਉਂਦੀ ਰਹਿੰਦੀ ਹੈ ਜੋ ਮਨੁੱਖ ਦੀ ਜ਼ਿੰਦਗੀ ਨੂੰ ਹਰ ਪੱਖੋਂ ਪ੍ਰਭਾਵਿਤ ਕਰਦੀ ਰਹਿੰਦੀ ਹੈ, ਦੇਸ਼ਾਂ ਅਤੇ ਕੌਮਾਂ ਦੀਆਂ ਜ਼ਿੰਦਗੀਆਂ ਵਿਚ, ਕੌਮੀ ਤਥਾ ਕੌਮਾਂਤਰੀ ਲਹਿਰਾਂ ਵਿਚ ਵੀ ਤਬਦੀਲੀ ਆਉਂਦੀ ਰਹਿੰਦੀ ਹੈ। ਪੁਰਾਣੇ ਵਿਚਾਰ ਪਿੱਛੇ ਰਹਿੰਦੇ ਜਾਂਦੇ ਹਨ ਅਤੇ ਨਵੀਆਂ ਵਿਚਾਰਧਾਰਾਵਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਕਾਰਨ ਮਨੁੱਖੀ ਜ਼ਿੰਦਗੀ, ਸੁਭਾਅ, ਸਭਿਆਚਾਰ, ਰਹਿਣ-ਸਹਿਣ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ। ਇਸ ਵਰਤਾਰੇ ਦੌਰਾਨ ਜੋ ਚੰਗਾ ਜਾਂ ਮਾੜਾ ਇਤਿਹਾਸ ਰਚਿਆ ਜਾਂਦਾ ਹੈ, ਉਹ ਭਵਿੱਖ ਵਿਚ ਮਨੁੱਖੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਰਹਿੰਦਾ ਹੈ। ਇਸੇ ਕਾਨੂੰਨ-ਏ-ਕੁਦਰਤ ਅਨੁਸਾਰ ਸੋਨੇ ਦੀ ਚਿੜੀਆ ਮੰਨੀ ਜਾਂਦੀ ਮਹਾਂਬਲੀ ਸੂਰਮਿਆਂ, ਰਿਸ਼ੀਆਂ, ਮੁਨੀਆਂ, ਫਕੀਰਾਂ ਦੀ ਧਰਤੀ ਭਾਰਤ ਦੀ ਜ਼ਿੰਦਗੀ ਵਿਚ ਇਕ ਅਜਿਹਾ ਸਮਾਂ ਆਇਆ ਜਦੋਂ ਇੱਥੋਂ ਦੇ ਲੋਕ ਸਾਹ-ਸਤ ਹੀਣ ਅਤੇ ਬੇਗੈਰਤ, ਅਣਖ ਅਤੇ ਸਵੈਮਾਣ ਤੋਂ ਸੱਖਣੇ ਆਪਣੇ ਮਹਾਨ ਸਿਧਾਂਤਾਂ ਤੋਂ ਕੋਰੇ, ਅਗਿਆਨਤਾ, ਭਰਮਾਂ-ਭੁਲੇਖਿਆਂ ਅਤੇ ਵਹਿਮਾਂ ਵਿਚ ਮਸਤ ਹੋਏ ਹੋਣ ਕਰ ਕੇ ਗੁਲਾਮੀ ਨੂੰ ਹੀ ਕਬੂਲ ਕਰ ਬੈਠੇ। ਰਾਜਿਆਂ ਅਹਿਲਕਾਰਾਂ, ਨੌਕਰਸ਼ਾਹੀ, ਧਾਰਮਿਕ ਖੇਤਰ ਵਿਚ ਵਿਚਰਨ ਵਾਲਿਆਂ ਨੇ ਆਪਣਾ ਧਰਮ ਤਥਾ ਫਰਜ਼ ਛੱਡ ਦਿੱਤਾ, ਆਪਣੀ ਬੋਲੀ, ਆਪਣਾ ਸਭਿਆਚਾਰ ਤਿਆਗ ਦਿੱਤਾ। ਇਸ ਸਥਿਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਉਂ ਬਿਆਨ ਕੀਤਾ ਹੈ:

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ (ਪੰਨਾ 722)

ਅਜਿਹੇ ਸਮੇਂ ਗੁਰੂ ਨਾਨਕ ਪਾਤਸ਼ਾਹ ਦਾ ਇਸ ਘੁੱਪ ਹਨੇਰੇ ਵਿਚ ਪ੍ਰਕਾਸ਼ ਹੋਇਆ ਅਤੇ ਉਨ੍ਹਾਂ ਨੇ ਭਾਰਤ ਦੀ ਸਾਰੀ ਸਥਿਤੀ ਨੂੰ ਵੇਖ ਕੇ ਇਕ ਵਿਚਾਰਧਾਰਕ ਸਭਿਆਚਾਰਕ ਅਤੇ ਸਦਾਚਾਰਕ ਇਨਕਲਾਬ ਦੀ ਨੀਂਹ ਰੱਖੀ ਸੀ ਜਿਸ ਲਈ ਜੀਵਨ-ਜੁਗਤ ਅਤੇ ਫਲਸਫਾ ਪੂਰੀ ਤਰ੍ਹਾਂ ਕ੍ਰਾਂਤੀਕਾਰੀ ਕਰ ਦਿੱਤਾ ਅਤੇ ਭਾਰਤੀ ਸਭਿਅਤਾ ਦੀ ਪੁਨਰ-ਸੁਰਜੀਤੀ ਦਾ ਅਮਲ ਸ਼ੁਰੂ ਕਰ ਦਿੱਤਾ ਇਸ ਅਨੁਸਾਰ ਵੱਡਿਆਂ ਨੂੰ ਨੀਵੇਂ ਕਰਨਾ ਨਹੀਂ ਸੀ ਸਗੋਂ ਨੀਵਿਆਂ ਦਾ ਉਥਾਨ ਕਰ ਕੇ ਉਨ੍ਹਾਂ ਨੂੰ ਉੱਚੇ ਕਰਨਾ ਤਥਾ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਬਰਾਬਰੀ ਲਿਆਉਣਾ ਸੀ ਜਿਵੇਂ ਭਗਤ ਰਵਿਦਾਸ ਜੀ ਨੇ ਫੁਰਮਾਇਆ ਹੈ:

ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥ (ਪੰਨਾ 1106)

ਅਜਿਹੀ ਕ੍ਰਾਂਤੀ ਲਿਆਉਣ ਲਈ ਸਦਗੁਣ ਭਰਪੂਰ ਮਨੁੱਖ ਤਥਾ ਸੰਤ ਸਿਪਾਹੀ ਪੈਦਾ ਕਰਨ ਦੀ ਲੋੜ ਸੀ। ਇਹ ਸਿਧਾਂਤ ਜਰਮਨ ਫਿਲਾਸਫਰ ਬਰਨਾਰਡ ਸ਼ਾਹ ਦੇ  Man Superman ਦੇ ਫਲਸਫੇ ਅਤੇ ਨੀਤਸ਼ੇ ਦੇ (Survival of the Fittest) ਦੇ ਸਿਧਾਂਤ ਤੋਂ ਬਿਲਕੁਲ ਵੱਖਰਾ ਸੀ। ਗੁਰੂ ਨਾਨਕ ਸਾਹਿਬ ਨੇ ਨਿਮਾਣਿਆਂ, ਨਿਤਾਣਿਆਂ, ਨਿਆਸਾਰਿਆਂ ਅਤੇ ਨਿਉਟਿਆਂ ਦਾ ਉਥਾਨ ਕਰਨ ਦਾ ਬੀੜਾ ਚੁੱਕਿਆ ਅਤੇ ਆਪਣੇ ਆਪ ਨੂੰ ਵਿਚਾਰਧਾਰਕ ਤੌਰ ਉੱਤੇ ਉਨ੍ਹਾਂ ਨਾਲ ਖੜ੍ਹਾ ਕੀਤਾ ਅਤੇ ਫੁਰਮਾਇਆ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ 15)

ਅਮਲੀ ਰੂਪ ਵਿਚ ਅਖੌਤੀ ਨੀਚ ਜਾਤ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ, ਆਪਣਾ ਭਾਈ ਬਣਾਇਆ, ਭਾਈ ਲਾਲੋ ਨਾਲ ਭਾਈਚਾਰਾ ਸਥਾਪਤ ਕੀਤਾ। ਚਾਰ ਉਦਾਸੀਆਂ ਕੀਤੀਆਂ, ਲੋਕਾਂ ਨੂੰ ਆਪਣੇ ਵਿਚਾਰਾਂ, ਗੁਰਬਾਣੀ ਅਤੇ ਗੋਸ਼ਟੀਆਂ ਰਾਹੀਂ ਇਸ ਫਲਸਫੇ ਨਾਲ ਸਹਿਮਤ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਰਤ ਵਿਚ ਪਹਿਲੀ ਸ਼ਹੀਦੀ ਦੇ ਕੇ ਲੋਕਾਂ ਦੇ ਮਨਾਂ ਵਿੱਚੋਂ ਮੌਤ ਦਾ ਭੈ ਦੂਰ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੇ ਸੁਮੇਲ ਨੂੰ ਜੱਗ ਵਿਚ ਪ੍ਰਗਟ ਕਰਦਿਆਂ ਸਾਹਸਹੀਣ ਭਾਰਤੀ ਲੋਕਾਂ ਦੇ ਹੱਥਾਂ ਵਿਚ ਕ੍ਰਿਪਾਨ ਫੜਾ ਕੇ ਬਿੱਲੀਆਂ ਤੋਂ ਡਰਨ ਵਾਲਿਆਂ ਦੇ ਹੱਥੋਂ ਸ਼ੇਰ ਮਰਵਾ ਦਿੱਤੇ। ਇਸ ਸੰਬੰਧ ਵਿਚ ਇਕ ਦੋਹਰਾ ਪ੍ਰਚੱਲਤ ਹੈ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸਾਰੇ ਨਿਸ਼ਾਨੇ ਨੂੰ ਇਉਂ ਸਪੱਸ਼ਟ ਕੀਤਾ:

ਜਿਨ ਕੀ ਜਾਤਿ ਔਰ ਕੁਲ ਮਾਂਹੀ।
ਸਰਦਾਰੀ ਨਹਿ ਭਈ ਕਦਾਹੀਂ।
ਇਨ ਹੀ ਕੋ ਸਰਦਾਰ ਬਨਾਵੋਂ।
ਤਬੈ ਗੁਬਿੰਦ ਸਿੰਘ ਨਾਮ ਸਦਾਵੋਂ॥7॥

ਮਨੁੱਖ ਦੀ ਹੋਂਦ-ਹਸਤੀ ਦਾ ਅਹਿਸਾਸ ਕਰਾਉਣ ਹਿੱਤ ਪੰਜਵੇਂ ਗੁਰੂ ਜੀ ਨੇ ਇਉਂ ਫਰਮਾਇਆ:

ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥ (ਪੰਨਾ 374)

ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦਾ ਰਸਤਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹੀਦੀ ਦੇ ਕੇ ਵਿਖਾਇਆ ਅਤੇ ‘ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ’ ਨੂੰ ਪ੍ਰਤੱਖ ਰੂਪ ਵਿਚ ਦਿਖਾ ਦਿੱਤਾ। ਸੰਤ-ਸਿਪਾਹੀ ਦੀ ਘਾੜਤ, ਸੰਪੂਰਨਤਾ ਅਤੇ ਨਮੂਨਾ 1699 ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਜਗਤ ਦੇ ਸਾਹਮਣੇ ਪੇਸ਼ ਕਰ ਦਿੱਤਾ। ਇਹ ਧਾਰਮਿਕ ਅਤੇ ਸਮਾਜਿਕ ਤੌਰ ਉੱਤੇ ਇਕ ਮੁਕੰਮਲ ਇਨਕਲਾਬ ਸੀ।

ਇਸ ਮੁਕੰਮਲ ਕ੍ਰਾਂਤੀ ਨੂੰ ਸਿਖਰ ਉੱਤੇ ਪਹੁੰਚਾਉਣ ਹਿੱਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਬੰਸ ਹੀ ਕੁਰਬਾਨ ਕਰ ਦਿੱਤਾ। ਲਿਹਾਜ਼ਾ ਸਿੱਖ ਕੌਮ ਦਾ ਇਤਿਹਾਸ ਹਰ ਪੱਖੋਂ ਸੰਸਾਰ ਦੇ ਇਤਿਹਾਸ ਨਾਲੋਂ ਬੇਜੋੜ, ਨਿਰਾਲਾ, ਅਦੁੱਤੀ ਅਤੇ ਲਾਮਿਸਾਲ ਹੈ। ਇਨਕਲਾਬੀ, ਕ੍ਰਾਂਤੀਕਾਰੀ, ਵਿਚਾਰਧਾਰਾ ਨੇ ਸਿੱਖ ਕੌਮ ਵਿਚ ਅਨੇਕਾਂ ਮਹਾਨ ਯੋਧੇ, ਸੂਰਮੇ, ਮਹਾਂਬਲੀ, ਸੂਰਬੀਰ ਅਤੇ ਮਰਦੇ-ਮੈਦਾਨ ਪੈਦਾ ਕੀਤੇ ਜਿਨ੍ਹਾਂ ਨੇ ਦੇਸ਼ ਦੀ ਕਾਇਆ ਕਲਪ ਕਰ ਦਿੱਤੀ ਅਤੇ ਅਸਚਰਜ ਕਿਸਮ ਦਾ ਇਤਿਹਾਸ ਸਿਰਜਿਆ ਅਤੇ ਅਣਹੋਣੀ ਨੂੰ ਹੋਣੀ ਵਿਚ ਅਤੇ ਅਸੰਭਵ ਨੂੰ ਸੰਭਵ ਵਿਚ ਤਬਦੀਲ ਕਰ ਦਿੱਤਾ ਅਤੇ ਆਪਣੇ ਮਹਾਨ ਕ੍ਰਾਂਤੀਕਾਰੀ ਕਾਰਨਾਮਿਆਂ ਰਾਹੀਂ ਸਾਰੇ ਜ਼ਮਾਨੇ ਨੂੰ ਅਸਚਰਜ ਕਰ ਦਿੱਤਾ ਅਤੇ ਅਜਿੱਤ ਸਮਝੇ ਜਾਂਦੇ ਮੁਗਲਾਂ-ਅਫਗਾਨਾਂ ਨੂੰ ਧੂਲ ਚਟਾ ਕੇ ਉਨ੍ਹਾਂ ਨੂੰ ਜ਼ਾਲਮ, ਜਾਬਰ ਅਤੇ ਜ਼ੁਲਮੀ ਹਾਕਮਾਂ ਤੋ ਸਿੱਖ ਕੌਮ ਦੇ ਗੁਲਾਮ ਬਣਾ ਕੇ ਦਿਖਾ ਦਿੱਤਾ। ਇਸ ਲੇਖ ਵਿਚ ਅਜਿਹੇ ਹੀ ਮਹਾਨ ਯੋਧੇ, ਮਰਦੇ-ਮੈਦਾਨ, ਸੂਰਬੀਰ, ਬਚਨ ਕੇ ਬਲੀ, ਸੰਤ-ਸਿਪਾਹੀ, ਘੋੜੇ ਦੇ ਸ਼ਾਹ ਸਵਾਰ, ਤੇਗ ਦੇ ਧਨੀ, ਅਤਿ ਨਿਮਰ ਪ੍ਰੰਤੂ ਪੂਰਨ ਤੌਰ ’ਤੇ ਦ੍ਰਿੜ੍ਹ ਸੰਕਲਪ ਮਨੁੱਖ, ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਜੀਵਨ ਉੱਤੇ ਸੰਖੇਪ ਜਿਹੀ ਝਾਤ ਪਾਉਣ ਦਾ ਨਿਗੂਣਾ ਯਤਨ ਕਰ ਰਹੇ ਹਾਂ।

ਅਕਾਲੀ ਫੂਲਾ ਸਿੰਘ ਜੀ ਇਕ ਸੱਚਾ-ਸੁੱਚਾ ਗੁਰੂ ਕਾ ਸਿੱਖ, ਮਰਜੀਵੜਾ, ਪਰਉਪਕਾਰੀ, ਨੇਕ, ਤਿਆਗੀ, ਧੁੰਨ ਦਾ ਪੱਕਾ, ਫੌਜਾਂ ਦਾ ਜਰਨੈਲ, ਗੁਰੂ-ਘਰ ਦਾ ਅਨਿੰਨ ਸੇਵਕ, ਆਤਮਕ ਤੌਰ ’ਤੇ ਸੁਤੰਤਰ, ਨਿਰਭੈ ਅਤੇ ਨਿਰਵੈਰ ਯੋਧਾ ਅਤੇ ਆਪਣਾ ਧਰਮ ਫਰਜ਼ ਪਾਲਣ ਵਾਲਾ, ਅਰਦਾਸ ਉੱਤੇ ਸਾਬਤ-ਕਦਮੀ ਹੋ ਕੇ ਪਹਿਰਾ ਦੇਣ ਵਾਲਾ ਸੀ। ਅਕਾਲੀ ਫੂਲਾ ਸਿੰਘ ਨੇ ਆਪਣੇ ਕਰਤੱਬਾਂ ਅਤੇ ਕਾਰਨਾਮਿਆਂ ਰਾਹੀਂ ਅਜਿਹਾ ਇਤਿਹਾਸ ਸਿਰਜਿਆ ਜਿਹੜਾ ਹਮੇਸ਼ਾਂ-ਹਮੇਸ਼ਾਂ ਲਈ ਵੱਖ-ਵੱਖ ਖੇਤਰਾਂ ਵਿਚ ਵਿਚਰਨ ਵਾਲੇ ਸਿੱਖ ਰਾਜਤੰਤਰ ਤੇ ਧਾਰਮਿਕ ਨੇਤਾਵਾਂ ਅਤੇ ਸਮਾਜ ਸੇਵਕਾਂ ਲਈ ਚਾਨਣ ਮੁਨਾਰੇ ਦਾ ਕੰਮ ਦਿੰਦਾ ਰਹੇਗਾ।

ਅਕਾਲੀ ਫੂਲਾ ਸਿੰਘ ਜੀ ਦਾ ਜਨਮ 1818 ਬਿਕਰਮੀ (ਸੰਨ 1761) ਵਿਚ ਹੋਇਆ ਮੰਨਿਆ ਜਾਂਦਾ ਹੈ। ਆਪ ਦੇ ਪਿਤਾ ਸ. ਈਸ਼ਰ ਸਿੰਘ ਨਿਸ਼ਾਨਾ ਵਾਲੀ ਮਿਸਲ ਦੇ ਨਾਲ ਸੰਬੰਧਿਤ ਯੋਧੇ ਸਨ। ਇਹ ਲਹਿਰਾਗਾਗਾ ਅਤੇ ਮੂਣਕ ਦੇ ਵਿਚਕਾਰ ਲੇਲ੍ਹ ਕਲਾਂ ਦੇ ਕੋਲ ਇਕ ਛੋਟੇ ਜਿਹੇ ਪਿੰਡ ਸ਼ੀਹਾਂ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਅਰਧੰਗਣੀ (ਅਕਾਲੀ ਫੂਲਾ ਸਿੰਘ ਜੀ ਦੀ ਮਾਤਾ) ਵੀ ਸਿੱਖੀ ਸਿਦਕ ਵਾਲੀ ਅਤੇ ਪੰਥਕ ਸੇਵਾ ਵਿਚ ਤਤਪਰ ਰਹਿਣ ਵਾਲੀ ਸੀ ਜਿਨ੍ਹਾਂ ਦੀ ਕੁੱਖੋਂ ਅਕਾਲੀ ਫੂਲਾ ਸਿੰਘ ਦਾ ਜਨਮ ਹੋਇਆ। ਅਜੇ 1 ਸਾਲ ਹੀ ਬੀਤਿਆ ਸੀ ਕਿ ਬਿਕਰਮੀ 1819 (ਸੰਨ 1762) ਵਿਚ ਅਹਿਮਦ ਸ਼ਾਹ ਅਬਦਾਲੀ ਨੇ ਅਠਵਾਂ ਹਮਲਾ ਕਰ ਦਿੱਤਾ। ਇਹ ਹਮਲਾ ਉਸ ਨੇ ਵਿਸ਼ੇਸ਼ ਕਰ ਕੇ ਸਿੱਖ ਸ਼ਕਤੀ ਨੂੰ ਕੁਚਲਣ ਲਈ ਹੀ ਕੀਤਾ ਸੀ। ਸਿੰਘਾਂ ਦੇ ਸਾਰੇ ਜਥੇ ਉਸ ਵੇਲੇ ਮਲੇਰਕੋਟਲੇ ਦੇ ਨੇੜੇ ਕੁੱਪ ਰੋਹੀੜਾ ਵਿਖੇ ਇਕੱਠੇ ਹੋਏ ਹੋਏ ਸਨ ਜੋ ਰਾਜਸਥਾਨ ਨੂੰ ਵਹੀਰ ਰੂਪ ਵਿਚ ਜਾਦਿਆਂ ਰਸਤੇ ਵਿਚ ਵਿਸ਼ਰਾਮ ਲਈ ਰੁਕੇ ਸਨ। ਇੱਥੇ ਅਬਦਾਲੀ, ਸੂਬਾ ਸਰਹੰਦ, ਮਲੇਰਕੋਟਲਾ, ਰਾਏਕੋਟ ਅਤੇ ਲੁਧਿਆਣਾ ਦੇ ਨਵਾਬਾਂ ਦੀਆਂ ਫੌਜਾਂ ਦੀ ਸਾਂਝੀ ਭਾਰੀ ਕੁਮਕ ਨੇ ਸਿੱਖਾਂ ਨੂੰ ਆ ਘੇਰਿਆ। ਖੂਨ-ਡੋਲ੍ਹਵੀਂ ਗਹਿਗੱਚ ਲੜਾਈ ਹੋਈ ਜਿਸ ਵਿਚ ਤਕਰੀਬਨ 30 ਹਜ਼ਾਰ ਸਿੰਘ, ਸਿੰਘਣੀਆਂ ਅਤੇ ਭੁਝੰਗੀ ਸ਼ਹੀਦ ਹੋ ਗਏ। ਸਿੱਖ ਇਤਿਹਾਸ ਵਿਚ ਇਸ ਨੂੰ ਵੱਡਾ ਘੱਲੂਘਾਰਾ ਕਰ ਕੇ ਜਾਣਿਆ ਜਾਂਦਾ ਹੈ। ਇਸੇ ਜੰਗ ਵਿਚ ਹੀ ਅਕਾਲੀ ਫੂਲਾ ਸਿੰਘ ਦੇ ਪਿਤਾ ਜਥੇਦਾਰ ਈਸ਼ਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਮੇਂ ਸਿਰ ਇਲਾਜ ਨਾ ਹੋਣ ਕਰ ਕੇ ਉਹ ਕੁਝ ਦਿਨਾਂ ਬਾਅਦ ਅਕਾਲ ਚਲਾਣਾ ਕਰ ਗਏ ਪਰੰਤੂ ਆਪਣੀ ਹਾਲਤ ਨੂੰ ਭਾਪਦਿਆਂ ਉਨ੍ਹਾਂ ਨੇ ਸਰੀਰ ਛੱਡਣ ਤੋਂ ਪਹਿਲਾਂ ਹੀ ਅਕਾਲੀ ਫੂਲਾ ਸਿੰਘ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਆਪਣੇ ਇਕ ਸਾਥੀ ਭਾਈ ਨਰੈਣ ਸਿੰਘ ਨੂੰ ਸੋਂਪ ਦਿੱਤੀ।

ਭਾਈ ਨਰੈਣ ਸਿੰਘ ਨੇ ਬਾਲਕ ਫੂਲਾ ਸਿੰਘ ਨੂੰ ਬਚਪਨ ਵਿਚ ਧਾਰਮਿਕ ਵਿੱਦਿਆ ਦੇਣੀ ਅਰੰਭ ਕੀਤੀ। ਉਹ ਵਿਲੱਖਣ ਤੇ ਤੀਖਣ ਬੁੱਧੀ ਵਾਲਾ ਬਾਲਕ ਸੀ। 10 ਸਾਲ ਦੀ ਉਮਰ ਵਿਚ ਹੀ ਉਸ ਨੇ ਨਿਤਨੇਮ ਦੀਆਂ ਬਾਣੀਆਂ, ਸਵੱਈਏ ਤੇ ਅਕਾਲ ਉਸਤਤਿ ਆਦਿ ਬਾਣੀਆਂ ਕੰਠ ਕਰ ਲਈਆਂ ਸਨ। ਜਿੰਨਾ ਵੀ ਸਮਾਂ ਉਸ ਨੂੰ ਮਿਲਦਾ ਸੀ ਉਹ ਗੁਰਬਾਣੀ ਦਾ ਪਾਠ ਕਰਨ ਵਿਚ ਹੀ ਖਰਚ ਕਰਦਾ ਸੀ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਸਿੱਖ ਨੂੰ ਸ਼ਾਸਤਰ ਅਤੇ ਸ਼ਸਤਰ ਦਾ ਧਨੀ ਬਣਾਉਣ ਦੀ ਪ੍ਰੰਪਰਾ ਕਾਇਮ ਹੋ ਗਈ ਸੀ। ਹਰ ਇਕ ਸਿੱਖ ਬੱਚੇ ਲਈ ਧਾਰਮਿਕ ਵਿੱਦਿਆ ਦੇ ਨਾਲ-ਨਾਲ ਸ਼ਸਤਰ ਵਿੱਦਿਆ ਵੀ ਜ਼ਰੂਰੀ ਹੁੰਦੀ ਸੀ। ਇਸੇ ਪ੍ਰੰਪਰਾ ਅਨੁਸਾਰ ਜਦੋਂ ਅਕਾਲੀ ਫੂਲਾ ਸਿੰਘ ਕਿਸ਼ੋਰ ਅਵਸਥਾ ਵਿਚ ਦਾਖਲ ਹੋਇਆ ਤਾਂ ਬਾਬਾ ਨਰੈਣ ਸਿੰਘ ਨੇ ਉਸ ਨੂੰ ਸ਼ਸਤਰਾਂ ਦਾ ਅਭਿਆਸ ਕਰਵਾਉਣਾ ਵੀ ਸ਼ੁਰੂ ਕਰ ਦਿੱਤਾ। ਜਵਾਨ ਹੋਣ ਤਕ ਅਕਾਲੀ ਫੂਲਾ ਸਿੰਘ ਗੁਰਮਤਿ ਅਤੇ ਸ਼ਸਤਰ ਵਿੱਦਿਆ ਵਿਚ ਪ੍ਰਵੀਨ ਅਤੇ ਘੋੜ ਸਵਾਰੀ ਵਿਚ ਪੂਰੀ ਤਰ੍ਹਾਂ ਨਿਪੁੰਨ ਹੋ ਗਿਆ। ਇਸ ਤੋਂ ਇਲਾਵਾ ਜੰਗੀ ਪੈਤੜਿਆਂ ਵਿਚ ਮੁਹਾਰਤ ਹਾਸਲ ਹੋਣ ਕਰ ਕੇ ਯੁੱਧ ਵਿੱਦਿਆ ਦਾ ਵੀ ਉਸ ਨੂੰ ਪੂਰਾ ਗਿਆਨ ਸੀ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਅਰੰਭੀ ਯੁੱਧ ਅਭਿਆਸ ਕਰਵਾਉਣ ਦੀ ਪ੍ਰੰਪਰਾ ਅਨੁਸਾਰ ਬਾਬਾ ਨਰੈਣ ਸਿੰਘ ਆਪਣੇ ਸਾਰੇ ਵਿਦਿਆਰਥੀਆਂ ਨੂੰ ਦੋ ਹਿੱਸਿਆ ਵਿਚ ਵੰਡ ਕੇ ਜੰਗੀ ਅਭਿਆਸ ਵੀ ਕਰਵਾਉਂਦੇ ਸਨ।

ਅਕਾਲੀ ਫੂਲਾ ਸਿੰਘ ਨੇ ਅਜੇ ਜਵਾਨੀ ਵਿਚ ਪੈਰ ਧਰਿਆ ਹੀ ਸੀ ਕਿ ਉਸ ਦੀ ਬਿਰਧ ਮਾਤਾ ਪੌੜੀ ਤੋਂ ਡਿੱਗ ਕੇ ਅਕਾਲ ਚਲਾਣਾ ਕਰ ਗਈ। ਮਾਤਾ ਨੇ ਆਖਰੀ ਸਮੇਂ ਆਪਣੇ ਪੁੱਤਰ ਦਾ ਹੱਥ ਫੜ ਕੇ ਉਸ ਨੂੰ ਸਿੱਖੀ ਵਿਚ ਪਰਪੱਕ ਰਹਿਣ ਦਾ ਤੇ ਤਨ-ਮਨ-ਧਨ ਨਾਲ ਪੰਥ ਦੀ ਸੇਵਾ ਵਿਚ ਲੱਗੇ ਰਹਿਣ ਦੀ ਤਾਕੀਦ ਕੀਤੀ। ਅੱਜ ਖਾਲਸਾ ਪੰਥ ਵਿਚ ਅਜਿਹੀਆਂ ਵਿਰਲੀਆਂ ਹੀ ਮਾਵਾਂ ਹਨ। ਅਕਾਲੀ ਫੂਲਾ ਸਿੰਘ ਨੇ ਆਪਣੀ ਪੂਜਨੀਕ ਮਾਤਾ ਦੇ ਅੰਤਮ ਸੰਸਕਾਰ ਤੋਂ ਵਿਹਲੇ ਹੋ ਕੇ ਆਪਣਾ ਜੀਵਨ ਪੰਥ ਦੀ ਸੇਵਾ ਵਿਚ ਲਾਉਣ ਦਾ ਫੈਸਲਾ ਕਰ ਲਿਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਬਾਬਾ ਨਰੈਣ ਸਿੰਘ ਦੇ ਡੇਰੇ ਜਾ ਕੇ ਅਕਾਲੀ ਸ਼ਸਤਰ ਬਸਤਰ ਪਹਿਨ ਲਏ ਤੇ ਸਿੰਘ ਸਜ ਕੇ ਤਿਆਰ-ਬਰ-ਤਿਆਰ ਹੋ ਗਏ। ਇਸ ਸੰਪ੍ਰਦਾ ਦੀ ਮਰਿਆਦਾ ਅਨੁਸਾਰ ਉਨ੍ਹਾਂ ਨੇ ਆਪਣਾ ਘਰ-ਬਾਰ ਤੇ ਜ਼ਮੀਨ-ਜਾਇਦਾਦ ਪਿੰਡ ਵਾਲਿਆਂ ਦੇ ਹਵਾਲੇ ਕਰ ਦਿੱਤੀ ਅਤੇ ਪੰਥ ਦੀ ਸੇਵਾ ਹਿੱਤ ਸਭ ਝੰਜਟਾਂ ਤੋਂ ਵਿਹਲੇ ਹੋ ਗਏ। ਉਨ੍ਹਾਂ ਅੱਗੇ ਇਹ ਸਿਧਾਂਤ ਸਪਸ਼ਟ ਸੀ ਕਿ ਸਿਰ ਦਿੱਤੇ ਬਗੈਰ ਧਰਮ ਨੂੰ ਬਚਾਇਆ ਨਹੀਂ ਜਾ ਸਕਦਾ ਅਤੇ ਪ੍ਰੰਪਰਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਹੀ ਅਰੰਭ ਹੋਈ ਸੀ। ਬਾਬਾ ਨਰੈਣ ਸਿੰਘ ਦੇ ਜਥੇ ਨਾਲ ਰਲ ਕੇ ਆਪ ਸ੍ਰੀ ਅਨੰਦਪੁਰ ਸਾਹਿਬ ਆ ਬਿਰਾਜੇ। ਬਾਬਾ ਨਰੈਣ ਸਿੰਘ ਦਾ ਜਥਾ ਸ਼ਹੀਦਾਂ ਦੀ ਮਿਸਲ ਦਾ ਅੰਸ਼ ਸੀ ਇਸ ਲਈ ਅਕਾਲੀ ਫੂਲਾ ਸਿੰਘ ਵੀ ਸ਼ਹੀਦਾਂ ਦੀ ਮਿਸਲ ਵਿਚ ਸ਼ਾਮਲ ਹੋ ਗਏ ਸਨ। ਇਸ ਮਿਸਲ ਵਿਚ ਰਹਿੰਦਿਆਂ ਆਪ ਨੂੰ ਕਈ ਵਾਰ ਕਰਤੱਬ ਵਿਖਾਉਣ ਦਾ ਸਮਾਂ ਮਿਲਿਆ। ਅਕਾਲੀ ਫੂਲਾ ਸਿੰਘ ਦੀ ਸਿਆਣਪ, ਦ੍ਰਿੜ੍ਹਤਾ, ਦਲੇਰੀ ਅਤੇ ਸਿੱਖੀ ਸਿਦਕ ਕਾਰਨ ਬਾਬਾ ਨਰੈਣ ਸਿੰਘ ਤੋਂ ਬਾਅਦ ਅਕਾਲੀ ਫੂਲਾ ਸਿੰਘ ਉਨ੍ਹਾਂ ਦੇ ਜਥੇ ਦੇ ਜਥੇਦਾਰ ਥਾਪੇ ਗਏ। ਉਦੋਂ ਇਨ੍ਹਾਂ ਦੀ ਉਮਰ ਲੱਗਭਗ 30 ਕੁ ਵਰ੍ਹਿਆਂ ਦੀ ਹੋਵੇਗੀ। ਇਹ ਉਹ ਸਮਾਂ ਸੀ ਜਦੋਂ ਮਿਸਲਾਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਆਪਣਾ ਅਧਿਕਾਰ ਜਮਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ਹੀਦਾਂ ਦੀ ਮਿਸਲ ਦੇ ਕਬਜ਼ੇ ਵਿਚ ਸ਼ਾਹਜਾਦਪੁਰ, ਮਾਜਰੀ, ਕੇਸਰੀ ਆਦਿ ਦੇ ਇਲਾਕੇ ਸਨ। ਇਸ ਮਿਸਲ ਦਾ ਸਰਦਾਰ ਸ. ਕਰਮ ਸਿੰਘ ਸੀ। 1851 ਬਿਕਰਮੀ ਵਿਚ ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਗੁਲਾਬ ਸਿੰਘ ਮਿਸਲਦਾਰ ਬਣਿਆ। 1799 ਈਸਵੀ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ’ਤੇ ਕਬਜ਼ਾ ਕਰ ਕੇ ਸਿੱਖ ਰਾਜ ਦੀ ਬੁਨਿਆਦ ਰੱਖੀ। ਸ਼ਹੀਦਾਂ ਦੀ ਮਿਸਲ ਦਾ ਸਰਦਾਰ ਗੁਲਾਬ ਸਿੰਘ ਬਹੁਤ ਚੰਗਾ ਸੂਝਵਾਨ ਪ੍ਰਬੰਧਕ ਨਹੀਂ ਸੀ। ਅਕਾਲੀ ਫੂਲਾ ਸਿੰਘ ਆਪਣੇ ਆਪ ਨੂੰ ਸਮੁੱਚੇ ਪੰਥ ਦਾ ਸੇਵਾਦਾਰ ਸਮਝਦੇ ਸਨ ਇਸ ਲਈ 1857 ਬਿਕਰਮੀ ਅਰਥਾਤ 1800 ਈਸਵੀ ਨੂੰ ਉਹ ਆਪਣੇ ਜਥੇ ਸਮੇਤ ਸ੍ਰੀ ਅੰਮ੍ਰਿਤਸਰ ਦੀ ਸੇਵਾ ਵਿਚ ਪਹੁੰਚ ਗਏ। 1858 ਬਿਕਰਮੀ ਤਥਾ 1801 ਈਸਵੀ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਅੰਮ੍ਰਿਤਸਰ ’ਤੇ ਚੜ੍ਹਾਈ ਕੀਤੀ ਤਾਂ ਅਕਾਲੀ ਫੂਲਾ ਸਿੰਘ ਜੀ ਦੋਵਾਂ ਧਿਰਾਂ ਦੇ ਵਿਚਕਾਰ ਖੜ੍ਹੇ ਹੋ ਗਏ। ਸਿੱਖਾਂ ਨੂੰ ਸਿੱਖਾਂ ਨਾਲ ਲੜਨ ਤੋਂ ਰੋਕਿਆ ਅਤੇ ਮਿਸਲ ਦੇ ਸਰਦਾਰਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੁਲ੍ਹਾ ਕਰਵਾ ਦਿੱਤੀ। ਮਹਾਰਾਜਾ ਸਾਹਿਬ ਨੇ ਜਿੱਥੇ ਭੰਗੀ ਸਰਦਾਰਾਂ ਨੂੰ ਬਹੁਤ ਸਾਰੀ ਜਾਗੀਰ ਦੇ ਦਿੱਤੀ ਉਥੇ ਅਕਾਲੀ ਜਥੇ ਲਈ ਵੀ ਜਗੀਰ ਲਾਈ। 1864 ਬਿਕਰਮੀ ਤਥਾ 1807 ਈਸਵੀਂ ਵਿਚ ਅਕਾਲੀ ਫੂਲਾ ਸਿੰਘ ਨੇ ਆਪਣੇ ਜਥੇ ਸਮੇਤ ਕਸੂਰ ਦੀ ਜੰਗ ਵਿਚ ਮਹਾਰਾਜਾ ਸਾਹਿਬ ਦੀ ਸਹਾਇਤਾ ਕੀਤੀ। ਅਕਾਲੀ ਫੂਲਾ ਸਿੰਘ ਦੀ ਅਗਵਾਈ ਵਿਚ ਨਿਹੰਗ ਸਿੰਘਾਂ ਨੇ ਕਸੂਰ ਦੀ ਜੰਗ ਵਿਚ ਜੋ ਜੋਹਰ ਵਿਖਾਏ ਉਸ ਨਾਲ ਮਹਾਰਾਜਾ ਸਾਹਿਬ ਦੇ ਮਨ ਉਤੇ ਅਕਾਲੀ ਸਿੰਘਾਂ ਦੀ ਬਹਾਦਰੀ ਦਾ ਸਿੱਕਾ ਬੈਠ ਗਿਆ। ਉਨ੍ਹਾਂ ਨੇ ਅਕਾਲੀ ਜਥੇ ਦੇ ਲੰਗਰ ਦੀ ਸੇਵਾ ਲਈ ਹੋਰ ਜਾਗੀਰ ਵਧਾ ਦਿੱਤੀ। ਇਸ ਕਰ ਕੇ ਉਨ੍ਹਾਂ ਦੇ ਜਥੇ ਦੀ ਗਿਣਤੀ ਵਿਚ ਦਿਨੋ-ਦਿਨ ਵਾਧਾ ਹੋਣ ਲੱਗ ਪਿਆ। ਹੁਣ ਇਹ ਮਿਸਲ ਇਕ ਮਜ਼ਬੂਤ ਬਾਹੂਬਲ ਵਾਲੀ ਅਤੇ ਸ਼ਕਤੀਸ਼ਾਲੀ ਫੌਜ ਹੀ ਬਣ ਗਈ ਸੀ ਜਿਸ ਤੋਂ ਸਾਰੇ ਹੀ ਭੈ ਖਾਣ ਲੱਗ ਪਏ ਸਨ।

ਸਤਲੁਜ ਦੇ ਦੱਖਣ ਵੱਲ ਦੀਆਂ ਫੂਲਕੀਆਂ ਸਿੱਖ ਰਿਆਸਤਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਨੂੰ ਵਧਦਿਆਂ ਦੇਖ ਕੇ ਅੰਗਰੇਜ਼ ਸਰਕਾਰ ਦੀ ਸ਼ਰਨ ਲੈ ਲਈ। ਅੰਗਰੇਜ਼ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੀ ਦੱਖਣੀ ਸੀਮਾ ਸਤਲੁਜ ਤਕ ਹੀ ਸੀਮਤ ਰੱਖਣਾ ਚਾਹੁੰਦੀ ਸੀ। ਇਸ ਮੰਤਵ ਲਈ ਮਹਾਰਾਜੇ ਨਾਲ ਗੱਲਬਾਤ ਕਰਨ ਵਾਸਤੇ ਮਿਸਟਰ ਮਿਟਕਾਫ਼ ਨੂੰ ਭੇਜਿਆ ਗਿਆ। 11 ਸਤੰਬਰ 1808 ਈ. ਨੂੰ ਮਿਸਟਰ ਮਿਟਕਾਫ ਮਹਾਰਾਜਾ ਸਾਹਿਬ ਨੂੰ ਕਸੂਰ ਵਿਖੇ ਮਿਲਿਆ। ਮਹਾਰਾਜਾ ਰਣਜੀਤ ਸਿੰਘ ਸਤਲੁਜ ਪਾਰ ਪੂਰਬ-ਦੱਖਣ ਵੱਲ ਦਰਿਆ ਜਮਨਾ ਨੂੰ ਸਿੱਖ ਰਾਜ ਦੀ ਹੱਦ ਬਣਾਉਣਾ ਚਾਹੁੰਦੇ ਸਨ। ਇਸ ਲਈ ਉਹ ਕਾਫੀ ਦੇਰ ਤਕ ਮਿਸਟਰ ਮਿਟਕਾਫ਼ ਨਾਲ ਕੋਈ ਪੱਕਾ ਸਮਝੌਤਾ ਕਰਨ ਤੋਂ ਟਾਲਦੇ ਰਹੇ। ਉਨ੍ਹਾਂ ਨੇ ਸਤਲੁਜ ਤੋਂ ਪਾਰ ਹਮਲਾ ਕਰ ਕੇ ਕਈ ਇਲਾਕੇ ਵੀ ਆਪਣੇ ਕਬਜ਼ੇ ਵਿਚ ਕਰ ਲਏ ਸਨ। ਉੱਧਰ ਯੂਨਾਨੀ ਸ਼ਕਤੀਸ਼ਾਲੀ ਜਰਨੈਲ ਨੈਪੋਲੀਅਨ ਦੀ ਨਿਤ ਵਧਦੀ ਸ਼ਕਤੀ ਤੋਂ ਵੀ ਅੰਗਰੇਜ਼ ਭੈਭੀਤ ਸੀ ਇਸ ਲਈ ਕੂਟਨੀਤੀ ਅਧੀਨ ਅੰਗਰੇਜ਼ ਵਕਤੀ ਤੌਰ ਉੱਤੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰ ਕੇ ਉਸ ਨੂੰ ਅੱਗੇ ਵਧਣ ਤੋਂ ਰੋਕਣ ਅਤੇ ਉਸ ਦਾ ਸਹਿਯੋਗ ਪ੍ਰਾਪਤ ਕਰ ਕੇ ਨੈਪੋਲੀਅਨ ਦਾ ਮੁਕਾਬਲਾ ਕਰਨ ਲਈ ਵਿਉਂਤਬੰਦੀ ਕਰ ਰਹੇ ਸਨ। ਪਰ ਅਚਾਨਕ ਨੈਪੋਲੀਅਨ ਦੇ ਮਰਨ ਤੋਂ ਬਾਅਦ ਅੰਗਰੇਜ਼ਾਂ ਦੇ ਹੌਸਲੇ ਵਧ ਗਏ ਸਨ। ਉੱਧਰ ਪੂਰਬੀ ਰਿਆਸਤਾਂ (ਫੂਲਕੀਆਂ ਰਿਆਸਤਾਂ) ਆਪਣੇ ਭਰਾਵਾਂ ਨਾਲ ਰਲ ਕੇ ਰਾਜ ਕਰਨ ਦੀ ਥਾਂ ਅੰਗਰੇਜ਼ਾਂ ਦੀ ਗੁਲਾਮੀ ਕਬੂਲ ਕਰ ਬੈਠੀਆਂ ਸਨ ਜਿਸ ਦਾ ਫਲਸਰੂਪ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਇਰਾਦਾ ਬਦਲਣਾ ਪਿਆ ਤੇ ਉਹ ਸਤਲੁਜ ਪਾਰ ਕਰ ਕੇ ਸ੍ਰੀ ਅੰਮ੍ਰਿਤਸਰ ਪਹੁੰਚ ਗਏ। ਇਥੇ ਹੀ ਮਿਟਕਾਫ਼ ਉਨ੍ਹਾਂ ਨੂੰ ਫੇਰ ਆ ਕੇ ਮਿਲਿਆ। ਇਹ ਮੁਸਲਮਾਨਾਂ ਦੇ ਤਾਜੀਆ ਦੇ ਦਿਨ ਸਨ। ਮਿਟਕਾਫ ਦੇ ਸਿਪਾਹੀਆਂ ਵਿਚ ਇਕ ਪਲਟਨ ਸ਼ੀਆ ਮੁਸਲਮਾਨਾਂ ਦੀ ਵੀ ਸੀ। ਉਨ੍ਹਾਂ ਨੇ ਧੂਮ-ਧਾਮ ਨਾਲ ਸ੍ਰੀ ਅੰਮ੍ਰਿਤਸਰ ਵਿਚ ਤਾਜੀਆ ਕੱਢਿਆ। ਜਦੋਂ ਉਹ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਆਏ ਤਾਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਸੇਵਾਦਾਰਾਂ ਨੇ ਉਨ੍ਹਾਂ ਨੂੰ ਸ਼ੋਰ ਮਚਾਉਣ ਤੋਂ ਰੋਕਿਆ ਕਿਉਂਕਿ ਉਸ ਸਮੇਂ ਸ੍ਰੀ ਅਕਾਲ ਤਖਤ ਉੱਤੇ ਧਾਰਮਿਕ ਸਮਾਗਮ ਚੱਲ ਰਿਹਾ ਸੀ। ਤਾਜੀਆ ਦੇ ਸ਼ੋਰ ਕਰਨ ਕਾਰਨ ਇਸ ਵਿਚ ਵਿਘਨ ਪੈਂਦਾ ਸੀ। ਇਸ ’ਤੇ ਸਿੱਖਾਂ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ। ਅਕਾਲੀ ਫੂਲਾ ਸਿੰਘ ਨੂੰ ਜਦੋਂ ਖਬਰ ਹੋਈ ਤਾਂ ਉਹ ਵੀ ਕੁਝ ਅਕਾਲੀਆਂ ਨੂੰ ਨਾਲ ਲੈ ਕੇ ਪਹੁੰਚ ਗਏ। ਦੋਵੇਂ ਪਾਸਿਓਂ ਤਲਵਾਰਾਂ ਤੇ ਗੋਲੀਆਂ ਚੱਲਣ ਲੱਗੀਆਂ। ਮਹਾਰਾਜਾ ਰਣਜੀਤ ਸਿੰਘ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਨੇ ਆਪ ਆ ਕੇ ਲੜਾਈ ਬੰਦ ਕਰਵਾਈ ਅਤੇ ਮਿਸਟਰ ਮਿਟਕਾਫ਼ ਨੂੰ ਸਿੱਖਾਂ ਦੀ ਧਾਰਮਿਕ ਭਾਵਨਾ ਤੋਂ ਜਾਣੂ ਕਰਵਾ ਕੇ ਸ਼ਾਂਤ ਕੀਤਾ। ਉਸ ਸਮੇਂ ਸਤਲੁਜ ਪਾਰ ਦੀਆਂ ਫੂਲਕੀਆਂ ਰਿਆਸਤਾਂ ਜੇ ਅੰਗਰੇਜ਼ਾਂ ਦੀ ਅਧੀਨਗੀ ਕਬੂਲਣ ਦੀ ਥਾਂ ਆਪਣੇ ਭਰਾਵਾਂ ਨਾਲ ਮਿਲ ਕੇ ਅਜ਼ਾਦੀ ਦਾ ਆਨੰਦ ਮਾਣਦੀਆਂ ਤਾਂ ਪੰਜਾਬ ਦਾ ਹੀ ਨਹੀਂ ਸਗੋਂ ਭਾਰਤ ਦਾ ਇਤਿਹਾਸ ਹੋਰ ਹੋਣਾ ਸੀ।

ਅੰਗਰੇਜ਼ਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਤੋਂ ਬਾਅਦ ਅਕਾਲੀ ਫੂਲਾ ਸਿੰਘ 1809 ਈ: ਵਿਚ ਦਮਦਮਾ ਸਾਹਿਬ ਆ ਗਏ। ਇਸ ਇਲਾਕੇ ਵਿਚ ਕੈਪਟਨ ਵਾਈਟ ਹੱਦਬੰਦੀ ਕਾਇਮ ਕਰਨ ਲਈ ਕਛਾਈ ਕਰ ਰਿਹਾ ਸੀ। ਲੋਕਾਂ ਵਿਚ ਅਫਵਾਹ ਫੈਲ ਗਈ ਕਿ ਅੰਗਰੇਜ਼ ਪੰਜਾਬ ਦਾ ਨਕਸ਼ਾ ਤਿਆਰ ਕਰ ਰਹੇ ਹਨ। ਉਹ ਥੋੜ੍ਹੇ ਚਿਰ ਵਿਚ ਹੀ ਪੰਜਾਬ ’ਤੇ ਕਬਜ਼ਾ ਕਰ ਲੈਣਗੇ। ਇਸ ਦੀ ਪੜਤਾਲ ਕਰਨ ਲਈ ਅਕਾਲੀ ਜੀ ਆਪਣੇ ਜਥੇ ਸਮੇਤ ਤੁਰ ਪਏ। ਪਿੰਡ ਚਾਉਂਕੇ ਦੇ ਨੇੜੇ ਉਨ੍ਹਾਂ ਨੇ ਕੈਪਟਨ ਵਾਈਟ ਦਾ ਕੈˆਪ ਲੱਗਿਆ ਵੇਖਿਆ ਤਾਂ ਇਸ ’ਤੇ ਹਮਲਾ ਕਰ ਦਿੱਤਾ। ਇਸ ਵਿਚ ਕਈ ਅੰਗਰੇਜ਼ ਮਾਰੇ ਗਏ। ਦਮਦਮਾ ਸਾਹਿਬ ਰਹਿੰਦਿਆਂ ਉਨ੍ਹਾਂ ਨੇ ਮਾਲਵੇ ਦੇ ਪਿੰਡਾਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਤੋਂ ਜਥੇ ਦੀ ਲੋੜ ਲਈ ਰਸਦ-ਪਾਣੀ ਦੀ ਉਗਰਾਹੀ ਕਰਦੇ। ਅੰਗਰੇਜ਼ਾਂ ਨੂੰ ਉਨ੍ਹਾਂ ਦਾ ਇਸ ਤਰ੍ਹਾਂ ਆਪਣੇ ਇਲਾਕੇ ਵਿਚ ਫਿਰਨਾ ਚੰਗਾ ਨਹੀਂ ਸੀ ਲੱਗਦਾ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ’ਤੇ ਜ਼ੋਰ ਪਾਇਆ ਕਿ ਅਕਾਲੀ ਫੂਲਾ ਸਿੰਘ ਨੂੰ ਉਨ੍ਹਾਂ ਹਵਾਲੇ ਕੀਤਾ ਜਾਵੇ। ਪਰ ਮਹਾਰਾਜੇ ਨੇ ਉਨ੍ਹਾਂ ਦੀ ਮੰਗ ਪੂਰੀ ਕਰਨ ਦੀ ਥਾਂ ਅਕਾਲੀ ਜੀ ਨੂੰ ਬੇਨਤੀ ਕੀਤੀ ਕਿ ਉਹ ਸਿੱਖ ਰਾਜ ਦੇ ਇਲਾਕੇ ਵਿਚ ਹੀ ਰਹਿਣ ਅਤੇ ਇਸ ਰਾਜ ਦੀ ਮਜ਼ਬੂਤੀ ਲਈ ਸ਼ਕਤੀ ਕੇਂਦ੍ਰਿਤ ਕੀਤੀ ਜਾਵੇ, ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਸਰਕਾਰ ਕਰੇਗੀ। ਇਸ ’ਤੇ ਅਕਾਲੀ ਫੂਲਾ ਸਿੰਘ ਸ੍ਰੀ ਅੰਮ੍ਰਿਤਸਰ ਜਾ ਬਿਰਾਜੇ। ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਅਕਾਲੀ ਸਿੰਘਾਂ ਦਾ ਮੁਖੀ ਮੰਨ ਲਿਆ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਾਰਾ ਪ੍ਰਬੰਧ ਉਨ੍ਹਾਂ ਨੂੰ ਸੌਂਪ ਦਿੱਤਾ। ਇਸ ਦੇ ਬਾਵਜੂਦ ਵੀ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਸਾਹਿਬ ਦੀ ਅਧੀਨਗੀ ਕਬੂਲ ਨਹੀਂ ਕੀਤੀ। ਉਹ ਆਪਣੇ ਆਪ ਨੂੰ ਪੰਥ ਦਾ ਸੁਤੰਤਰ ਸੇਵਕ ਹੀ ਸਮਝਦੇ ਸਨ। ਡੋਗਰਿਆਂ ਨੂੰ ਅਹੁਦੇ ਦੇਣ ਕਰ ਕੇ ਅਤੇ ਮੋਰਾਂ ਨਾਲ ਸੰਬੰਧ ਰੱਖਣ ਕਰ ਕੇ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕੀਤਾ ਅਤੇ ਉਨ੍ਹਾਂ ਨੂੰ ਤਾੜਨਾ ਕੀਤੀ। ਇਕ ਬਾਦਸ਼ਾਹ ਜਿਸ ਤੋਂ ਸਾਰਾ ਪੰਜਾਬ ਕੰਬਦਾ ਸੀ ਉਸ ਨੂੰ ਇਕ ਜਥੇਦਾਰ ਦਾ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨਾ ਆਤਮਿਕ ਉਚਤਾ ਦੀ ਅਦੁੱਤੀ ਮਿਸਾਲ ਸੀ। ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਇਕ ਬਾਦਸ਼ਾਹ ਹੁੰਦੇ ਹੋਏ ਉਨ੍ਹਾਂ ਦੇ ਹੁਕਮ ਨੂੰ ਸਿਰ-ਮੱਥੇ ਮੰਨਿਆ ਅਤੇ ਆਪਣੇ ਆਪ ਨੂੰ ਇਕ ਨਿਮਾਣੇ ਸਿੱਖ ਵਜੋਂ ਗੁਰੂ ਸਾਹਿਬ ਦੇ ਤਖਤ ਦੇ ਸਨਮੁੱਖ ਪੇਸ਼ ਕੀਤਾ। ਇਹ ਦੋਵੇਂ ਰੂਪ ਸਿੱਖੀ ਆਦਰਸ਼ ਦੀਆਂ ਉਤਮ ਉਦਾਹਰਨਾਂ ਹਨ ਅਤੇ ਅਜੋਕੇ ਸਮੇਂ ਵਿਚ ਇਨ੍ਹਾਂ ਦੋਹਾਂ ਦਾ ਮਹੱਤਵ ਹੋਰ ਵੀ ਵਧੇਰੇ ਹੈ ਅਤੇ ਸਾਡੇ ਸਾਰਿਆਂ ਲਈ ਇਕ ਸਿਖਿਆਦਾਇਕ ਸਬਕ ਹੈ।

ਮੁਲਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਪਿਸ਼ਾਵਰ ਤੇ ਕਸ਼ਮੀਰ ਨੂੰ ਆਪਣੇ ਰਾਜ ਵਿਚ ਮਿਲਾਉਣਾ ਚਾਹੁੰਦਾ ਸੀ। ਇਹ ਦੋਵੇਂ ਇਲਾਕੇ ਅਫਗਾਨਾਂ ਦੇ ਕਬਜ਼ੇ ਵਿਚ ਕਾਬਲ ਦੇ ਹਾਕਮ ਸ਼ਾਹ ਮਹਿਮੂਦ ਦੇ ਅਧੀਨ ਸਨ। 1818 ਈ. ਵਿਚ ਕਾਬਲ ਦੀ ਹਕੂਮਤ ਵਿਚ ਭਾਰੀ ਹਲਚਲ ਆਈ। ਸ਼ਾਹਜ਼ਾਦਾ ਕਾਮਰਾਨ ਨੇ ਕਾਬਲ ਦੇ ਬਹੁਤ ਹੀ ਲਾਇਕ ਵਜ਼ੀਰ ਫਤਹਿ ਖਾਨ ਨੂੰ ਅੰਨ੍ਹਾ ਕਰ ਕੇ ਮਾਰ ਦਿੱਤਾ। ਕਸ਼ਮੀਰ ਦਾ ਗਵਰਨਰ ਅਜ਼ੀਮ ਖਾਨ ਫਤਹਿ ਖਾਨ ਦਾ ਭਰਾ ਸੀ ਉਸ ਨੇ ਆਪਣੇ ਭਰਾ ਦਾ ਬਦਲਾ ਲੈਣ ਲਈ ਕਾਬਲ ’ਤੇ ਚੜ੍ਹਾਈ ਕਰ ਦਿੱਤੀ। ਸ਼ਾਹ ਮਹਿਮੂਦ ਨੂੰ ਹਾਰ ਹੋਈ ਤੇ ਅਜ਼ੀਮ ਖਾਨ ਨੇ ਕਾਬਲ ਦੀ ਹਕੂਮਤ ਅਯੂਬ ਖਾਨ ਨੂੰ ਸੌਂਪ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਮੌਕੇ ਨੂੰ ਪਿਸ਼ਾਵਰ ’ਤੇ ਕਬਜ਼ਾ ਕਰਨ ਲਈ ਯੋਗ ਸਮਝਿਆ। ਪਿਸ਼ਾਵਰ ਇਲਾਕੇ ਦੇ ਪੂਰਬ ਵੱਲ ਸਿੰਧ ਦਰਿਆ ਵਗਦਾ ਹੈ ਤੇ ਦੱਖਣ ਵੱਲ ਲੁੰਡਾ ਦਰਿਆ ਪੱਛਮ ਤੋਂ ਪੂਰਬ ਵੱਲ ਵਗਦਾ ਹੈ। ਨਵੰਬਰ 1818 ਈ. ਵਿਚ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ’ਤੇ ਚੜ੍ਹਾਈ ਕਰ ਦਿੱਤੀ। ਅਟਕ ਦਰਿਆ ’ਤੇ ਬੇੜੀਆਂ ਦਾ ਪੁਲ ਬਣਾਇਆ ਗਿਆ। ਹਮਲੇ ਦੀ ਖਬਰ ਸੁਣ ਕੇ ਪਠਾਣਾਂ ਨੇ ਖੈਰਾਬਾਦ ਦੀਆਂ ਪਹਾੜੀਆਂ ਵਿਚ ਮੋਰਚੇ ਲਾ ਲਏ ਸਨ। ਮਹਾਰਾਜਾ ਸਾਹਿਬ ਨੇ ਪਹਿਲਾਂ ਅਕਾਲੀ ਫੂਲਾ ਸਿੰਘ ਅਤੇ ਸਰਦਾਰ ਮਹਿਤਾਬ ਸਿੰਘ ਨਾਖੇਰੀਆ ਦਾ ਜਥਾ ਅਟਕ ਤੋਂ ਪਾਰ ਭੇਜਿਆ। ਉਨ੍ਹਾਂ ਦੇ ਅੱਗੇ ਪਠਾਣ ਟਿਕ ਨਾ ਸਕੇ ਅਤੇ ਈਨ ਮੰਨ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਚਮਕਾਣੀਆਂ ਦੇ ਸਥਾਨ ’ਤੇ ਰਸਤਾ ਰੋਕਣ ਦਾ ਯਤਨ ਕੀਤਾ। ਅਕਾਲੀ ਫੂਲਾ ਸਿੰਘ ਨੇ ਰਾਤੋ-ਰਾਤ ਉਨ੍ਹਾਂ ’ਤੇ ਧਾਵਾ ਬੋਲ ਦਿੱਤਾ ਤੇ ਉਹ ਸਾਰੇ ਡਰਦੇ ਮਾਰੇ ਇਧਰ-ਉਧਰ ਨੱਸ ਗਏ। ਹੁਣ ਬਾਕੀ ਸਿੱਖ ਫੌਜਾਂ ਅਟਕ ਤੋਂ ਪਾਰ ਹੋ ਕੇ ਖੈਰਾਬਾਦ ਅਤੇ ਜਹਾਂਗੀਰੇ ਦੇ ਕਿਲ੍ਹਿਆ ’ਤੇ ਕਬਜ਼ਾ ਕਰ ਕੇ ਪਿਸ਼ਾਵਰ ਵੱਲ ਵਧਣ ਲੱਗੀਆਂ। ਪਿਸ਼ਾਵਰ ਦਾ ਗਵਰਨਰ ਯਾਰ ਮੁਹੰਮਦ ਖਾਨ ਜੋ ਕਿ ਫਤਹਿ ਖਾਨ ਦਾ ਭਰਾ ਸੀ, ਖਾਲਸੇ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ਹਿਰ ਖਾਲੀ ਕਰ ਕੇ ਦੌੜ ਗਿਆ। 20 ਨਵੰਬਰ 1818 ਈ. ਨੂੰ ਖਾਲਸਾ ਫੌਜ ਨੇ ਪਿਸ਼ਾਵਰ ’ਤੇ ਕਬਜ਼ਾ ਕਰ ਲਿਆ। ਅਗਲੇ ਦਿਨ ਮਹਾਰਾਜਾ ਰਣਜੀਤ ਸਿੰਘ ਉਥੇ ਪਹੁੰਚੇ ਤੇ ਕਈ ਦਿਨ ਉੱਥੇ ਠਹਿਰ ਕੇ ਦਰਬਾਰ ਲਾਉਂਦੇ ਰਹੇ ਤੇ ਲੋਕਾਂ ਨੂੰ ਮਿਲਦੇ ਰਹੇ। ਪਿਸ਼ਾਵਰ ਵਿਚ ਹੀ ਯਾਰ ਮੁਹੰਮਦ ਖਾਨ ਦੇ ਭਰਾ ਦੋਸਤ ਮੁਹੰਮਦ ਖਾਨ ਨੇ ਆਪਣੇ ਵਕੀਲਾਂ ਰਾਹੀਂ 50,000 ਰੁਪਿਆ, ਕਾਬਲੀ ਮੇਵੇ ਅਤੇ 100 ਪਹਾੜੀ ਘੋੜੇ ਮਹਾਰਾਜਾ ਸਾਹਿਬ ਨੂੰ ਨਜ਼ਰਾਨਾ ਭੇਜਿਆ ਅਤੇ ਤਿੰਨ ਲੱਖ ਰੁਪਿਆ ਸਾਲਾਨਾ ਮਾਲੀਆ ਦੇਣ ਦਾ ਇਕਰਾਰ ਕਰ ਕੇ ਪਿਸ਼ਾਵਰ ਦੀ ਹਕੂਮਤ ਬਖਸ਼ਣ ਲਈ ਬੇਨਤੀ ਪੱਤਰ ਭੇਜਿਆ। ਮਹਾਰਾਜਾ ਸਾਹਿਬ ਨੇ ਉਨ੍ਹਾਂ ਦੀ ਇਹ ਮੰਗ ਮੰਨ ਲਈ ਤੇ ਫੌਜਾਂ ਸਮੇਤ ਲਾਹੌਰ ਵਾਪਸ ਆ ਗਏ।

ਇਸ ਤੋਂ ਅਗਲੇ ਸਾਲ 1819 ਈ. ਵਿਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ’ਤੇ ਹਮਲੇ ਦੀ ਯੋਜਨਾ ਬਣਾਈ। ਇਕ ਜਥਾ ਦੀਵਾਨ ਚੰਦ ਦੀ ਅਗਵਾਈ ਹੇਠ ਅੱਗੇ ਭੇਜਿਆ ਗਿਆ ਤੇ ਦੂਜਾ ਜਥਾ ਸ਼ਹਿਜ਼ਾਦਾ ਖੜਗ ਸਿੰਘ ਤੇ ਅਕਾਲੀ ਫੂਲਾ ਸਿੰਘ ਜੀ ਦੀ ਕਮਾਨ ਹੇਠ ਘੱਲਿਆ ਗਿਆ। ਰਾਜੌਰੀ ਦੇ ਹਾਕਮ ਨੇ ਤਾਂ ਲੜਾਈ ਤੋਂ ਬਿਨਾਂ ਹੀ ਖਾਲਸੇ ਦੀ ਈਨ ਮੰਨ ਲਈ। ਪੁਣਛ ਦੇ ਹਾਕਮ ਜ਼ਬਰਦਸਤ ਖਾਨ ਨੇ ਤਰੀ ਦੇ ਕਿਲ੍ਹੇ ਵਿਚ ਫੌਜ ਇਕੱਠੀ ਕਰ ਲਈ ਤੇ ਸਿੱਖਾਂ ਦਾ ਮੁਕਾਬਲਾ ਕੀਤਾ। ਅਕਾਲੀ ਫੂਲਾ ਸਿੰਘ ਦੇ ਜਥੇ ਨੇ ਕਿਲ੍ਹੇ ਨੂੰ ਘੇਰ ਲਿਆ ਤੇ ਬਾਰੂਦ ਨਾਲ ਇਕ ਬਾਹੀ ਉਡਾ ਕੇ ਜਬਰਦਸਤ ਖਾਨ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਫੌਜਾਂ ਜਦੋਂ ਪੀਰ ਪੰਜਾਲ ਦੀ ਚੋਟੀ ਵੱਲ ਜਾਣ ਲਈ ਦਰਿਆ ਵਿੱਚੋਂ ਲੰਘਣ ਲੱਗੀਆਂ ਤਾਂ ਪਠਾਣਾਂ ਨੂੰ ਖਬਰ ਹੋ ਗਈ। ਉਨ੍ਹਾਂ ਨੇ ਦੋਵੇਂ ਪਾਸਿਓ ਪਹਾੜੀਆਂ ’ਤੇ ਚੜ੍ਹ ਕੇ ਸਿੱਖਾਂ ’ਤੇ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ। ਕੋਈ ਵਾਹ ਨਾ ਜਾਂਦੀ ਵੇਖ ਕੇ ਅਕਾਲੀ ਫੂਲਾ ਸਿੰਘ ਨੇ ਆਪਣੇ ਜਥੇ ਨੂੰ ਪਹਾੜੀਆਂ ਦੀਆਂ ਚੋਟੀਆਂ ’ਤੇ ਚੜ੍ਹ ਕੇ ਮੋਰਚੇ ਛਡਾਉਣ ਦਾ ਹੁਕਮ ਦਿੱਤਾ। ਤੀਜੇ ਪਹਿਰ ਤਕ ਇਹ ਜਥਾ ਪਹਾੜੀਆਂ ਦੇ ਉੱਪਰ ਪਹੁੰਚਿਆ ਤੇ ਹੱਥੋਂ-ਹੱਥ ਲੜਾਈ ਕਰ ਕੇ ਮੋਰਚੇ ਛੁਡਵਾਏ। ਬਹੁਤ ਸਾਰੇ ਪਠਾਣ ਮਾਰੇ ਗਏ ਤੇ ਬਾਕੀ ਦੌੜ ਗਏ। ਅਕਾਲੀਆਂ ਨੇ ਇਨ੍ਹਾਂ ਸਾਰੇ ਲੱਕੜ ਦੇ ਬਣੇ ਮੋਰਚਿਆਂ ਨੂੰ ਅੱਗ ਲਾ ਕੇ ਫੂਕ ਦਿੱਤਾ। ਇਸ ਤਰ੍ਹਾਂ ਜਿਥੇ ਵੀ ਕੋਈ ਖਤਰੇ ਵਾਲੀ ਥਾਂ ਹੁੰਦੀ ਸੀ ਉਥੇ ਨਿਹੰਗ ਸਿੰਘਾਂ ਦਾ ਜਥਾ ਹੀ ਅੱਗੇ ਹੋ ਕੇ ਵਾਰ ਝੱਲਦਾ ਸੀ। ਨਾਂ ਭਾਵੇਂ ਇਤਿਹਾਸ ਵਿਚ ਜਰਨੈਲਾਂ ਦਾ ਹੀ ਹੋਵੇ ਪਰ ਅਸਲ ਵਿਚ ਜਿੱਤ ਉਨ੍ਹਾਂ ਯੋਧਿਆਂ ਦੀ ਹੀ ਹੁੰਦੀ ਹੈ ਜਿਹੜੇ ਮਰਨ ਤੋਂ ਨਹੀਂ ਡਰਦੇ ਤੇ ਅੱਗੇ ਹੋ ਕੇ ਵੈਰੀ ਨਾਲ ਲੋਹਾ ਲੈˆਦੇ ਹਨ। ਮੁਲਤਾਨ ਦੀ ਜੰਗ ਸਮੇਂ ਵੀ ਇਤਿਹਾਸਕਾਰਾਂ ਅਨੁਸਾਰ ਇਕ ਅਕਾਲੀ ਸਿੰਘ ਕੰਧ ਦੇ ਪਾੜ ਵਿੱਚੋਂ ਸਭ ਤੋਂ ਪਹਿਲਾਂ ਅੰਦਰ ਵੜਿਆ ਸੀ। ਕਈਆਂ ਨੇ ਇਸਦਾ ਨਾਂ ਸਾਧੂ ਸਿੰਘ ਲਿਖਿਆ ਹੈ ਕਿਸੇ ਨੇ ਜੱਸਾ ਸਿੰਘ ਤੇ ਕਿਸੇ ਨੇ ਮਾਲਾ ਸਿੰਘ। ਨਾਂ ਭਾਵੇਂ ਕੋਈ ਵੀ ਹੋਵੇ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਅਕਾਲੀ ਫੂਲਾ ਸਿੰਘ ਦੇ ਜਥੇ ਦਾ ਹੀ ਇਕ ਸਿੰਘ ਸੀ। ਗੁਰਬਾਣੀ ਦਾ ਮਹਾਵਾਕ ਹੈ:

ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ॥
ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ॥ (ਪੰਨਾ 1096)

ਪਿਸ਼ਾਵਰ ਦੇ ਗਵਰਨਰ ਯਾਰ ਮੁਹੰਮਦ ਖਾਨ ਨੇ ਲਾਹੌਰ ਨੂੰ ਨਜ਼ਰਾਨਾ ਦੇਣਾ ਅਰੰਭ ਕਰ ਦਿੱਤਾ ਸੀ। ਕਾਬਲ ਦੇ ਹਾਕਮ ਮੁਹੰਮਦ ਅਜ਼ੀਮ ਖਾਨ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ। ਇਸ ਲਈ ਉਸ ਨੇ 1823 ਵਿਚ ਪਿਸ਼ਾਵਰ ’ਤੇ ਹਮਲਾ ਕਰ ਦਿੱਤਾ। ਹਮਲੇ ਦੀ ਖਬਰ ਸੁਣ ਕੇ ਉਸ ਦਾ ਭਰਾ ਯਾਰ ਮੁਹੰਮਦ ਖਾਨ ਪਿਸ਼ਾਵਰ ਛੱਡ ਕੇ ਯੂਸਫਜ਼ਈ ਦੇ ਪਹਾੜਾਂ ਵਿਚ ਜਾ ਲੁਕਿਆ। ਮੁਹੰਮਦ ਅਜ਼ੀਮ ਖਾਨ ਨੇ ਬਿਨਾਂ ਕਿਸੇ ਮੁਕਾਬਲੇ ਦੇ ਪਿਸ਼ਾਵਰ ’ਤੇ ਕਬਜ਼ਾ ਕਰ ਲਿਆ ਹੈ ਅਤੇ ਸਾਰੇ ਇਲਾਕੇ ਵਿਚ ਜਹਾਦ ਦਾ ਐਲਾਨ ਕਰ ਦਿੱਤਾ। ਮੌਲਵੀਆਂ ਦੇ ਪ੍ਰੇਰੇ ਹੋਏ ਸਾਰੇ ਸਰਹੱਦੀ ਪਠਾਣ ਸਿੱਖਾਂ ਵਿਰੁੱਧ ਜੰਗ ਵਿਚ ਸ਼ਾਮਲ ਹੋਣ ਲਈ ਤਿਆਰ ਹੋ ਗਏ। ਮੁਹੰਮਦ ਅਜ਼ੀਮ ਖਾਨ ਅਟਕ ਤਕ ਦਾ ਇਲਾਕਾ ਸਿੱਖ ਰਾਜ ਤੋਂ ਅਜ਼ਾਦ ਕਰਵਾ ਲੈਣਾ ਚਾਹੁੰਦਾ ਸੀ। ਉਸ ਨੇ ਨੁਸ਼ਹਿਰਾ ਤੇ ਹਿਸ਼ਤ ਨਗਰ ਦੇ ਖੁੱਲ੍ਹੇ ਮੈਦਾਨਾਂ ਵਿਚ ਬਹੁਤ ਵੱਡਾ ਲਸ਼ਕਰ ਜਮ੍ਹਾਂ ਕਰ ਲਿਆ। ਇਕ ਹਫਤੇ ਵਿਚ ਇਹ ਗਿਣਤੀ 25000 ਤਕ ਪਹੁੰਚ ਗਈ। ਦੂਜੇ ਪਾਸੇ ਉਸ ਨੇ ਆਪਣੇ ਭਤੀਜੇ ਜ਼ਮਾਨ ਖਾਨ ਤੇ ਸਮੁੰਦ ਖਾਨ ਦੀ ਅਗਵਾਈ ਵਿਚ ਅਫਰੀਦੀਆਂ ਅਤੇ ਖਟਕਾਂ ਦਾ ਇਕ ਵੱਡਾ ਲਸ਼ਕਰ ਜਹਾਂਗੀਰੇ ਦੇ ਕਿਲ੍ਹੇ ’ਤੇ ਕਬਜ਼ਾ ਕਰਨ ਲਈ ਭੇਜ ਦਿੱਤਾ। ਇਸ ਲਸ਼ਕਰ ਦੇ ਇਕ ਹਿੱਸੇ ਨੇ ਜਾ ਕੇ ਕਿਲ੍ਹੇ ਨੂੰ ਘੇਰਾ ਪਾ ਲਿਆ ਤੇ ਬਹੁਤ ਸਾਰੇ ਗਾਜ਼ੀਆਂ ਨੇ ਅਟਕ ਦਰਿਆ ਦੇ ਪਾਰ ਖੈਰਾਬਾਦ ਦੀਆਂ ਪਹਾੜੀਆਂ ਵਿਚ ਮੋਰਚੇ ਲਾ ਲਏ ਤਾਂ ਜੋ ਅਟਕ ਨੂੰ ਪਾਰ ਕਰਨ ਦਾ ਰਸਤਾ ਬੰਦ ਕਰ ਕੇ ਇਸ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਜਾਵੇ। ਉਨ੍ਹਾਂ ਦੀ ਮਨਸ਼ਾ ਸੀ ਕਿ ਸਿੱਖ ਫੌਜਾਂ ਨੂੰ ਅਟਕ ਤੋਂ ਪਾਰ ਹੀ ਰੋਕਿਆ ਜਾਵੇ।

ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਇਸ ਹਲਚਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਦੋ ਹਜ਼ਾਰ ਘੋੜ ਸਵਾਰ ਸ਼ਹਿਜ਼ਾਦਾ ਸ਼ੇਰ ਸਿੰਘ, ਸਰਦਾਰ ਹਰੀ ਸਿੰਘ ਨਲੂਆ ਤੇ ਦੀਵਾਨ ਕਿਰਪਾ ਰਾਮ ਦੀ ਅਗਵਾਈ ਵਿਚ ਜਹਾਂਗੀਰੇ ਦੇ ਕਿਲ੍ਹੇ ਨੂੰ ਗਾਜ਼ੀਆਂ ਤੋਂ ਮੁਕਤ ਕਰਵਾਉਣ ਲਈ ਭੇਜ ਦਿੱਤੇ। ਦੂਜੇ ਦਿਨ ਆਪ ਖੁਦ ਅਕਾਲੀ ਫੂਲਾ ਸਿੰਘ, ਸਰਦਾਰ ਦੇਸਾ ਸਿੰਘ ਮਜੀਠੀਆਂ, ਸਰਦਾਰ ਫਤਹਿ ਸਿੰਘ ਆਹਲੂਵਾਲੀਆ ਆਦਿ ਸਰਦਾਰਾਂ ਨਾਲ ਭਾਰੀ ਫੌਜ ਲੈ ਕੇ ਅਟਕ ਵੱਲ ਕੂਚ ਕਰ ਦਿੱਤਾ। ਦੋ-ਦੋ, ਤਿੰਨ-ਤਿੰਨ ਮੰਜ਼ਲਾਂ ਤੈਅ ਕਰਦੇ ਪੰਜਵੇਂ ਦਿਨ ਅਟਕ ਦੇ ਕਿਨਾਰੇ ਪਹੁੰਚ ਗਏ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ਹਿਜ਼ਾਦਾ ਸ਼ੇਰ ਸਿੰਘ ਤੇ ਸਰਦਾਰ ਹਰੀ ਸਿੰਘ ਦਰਿਆ ਪਾਰ ਕਰ ਕੇ ਖੈਰਾਬਾਦ ਵੱਲ ਵਧਣ ਲੱਗੇ। ਪਹਾੜੀਆਂ ਵਿਚ ਬਣਾਏ ਮੋਰਚਿਆਂ ਤੋਂ ਪਠਾਣਾਂ ਨੇ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ। ਸਿੱਖ ਫੌਜਾਂ ਨੇ ਵੀ ਸਖਤ ਜਵਾਬ ਦਿੱਤਾ। ਇਸ ਦੌਰਾਨ ਜ਼ਮਾਨ ਖਾਨ ਨੇ ਕੁਝ ਜਵਾਨ ਭੇਜ ਕੇ ਬੇੜੀਆਂ ਦਾ ਪੁਲ ਕਟਵਾ ਦਿੱਤਾ ਤਾਂ ਕਿ ਹੋਰ ਸਿੱਖ ਫੌਜ ਅਟਕ ਪਾਰ ਨਾ ਕਰ ਸਕੇ।

ਮਹਾਰਾਜਾ ਰਣਜੀਤ ਸਿੰਘ ਦੇ ਅਟਕ ਦਰਿਆ ’ਤੇ ਪਹੁੰਚਣ ਤੋਂ ਪਹਿਲਾਂ ਬੇੜੀਆਂ ਦਾ ਪੁਲ ਰੁੜ੍ਹ ਚੁੱਕਾ ਸੀ। ਨਵਾਂ ਪੁਲ ਸ਼ਾਮ ਤੋਂ ਪਹਿਲਾਂ ਨਹੀਂ ਬਣ ਸਕਦਾ ਸੀ। ਪਰਲੇ ਪਾਸਿਓਂ ਗੋਲੀਆਂ ਦੀ ਆਵਾਜ਼ ਆ ਰਹੀ ਸੀ। ਇੰਨੇ ਨੂੰ ਇਕ ਸੂਹੀਏ ਨੇ ਆ ਕੇ ਖਬਰ ਦਿੱਤੀ ਕਿ ਸਿੱਖ ਫੌਜਾਂ ਅਟਕ ਪਾਰ ਬੁਰੀ ਤਰ੍ਹਾਂ ਘਿਰ ਗਈਆਂ ਹਨ। ਅਕਾਲੀ ਫੂਲਾ ਸਿੰਘ ਦੀਆਂ ਰਗਾਂ ਵਿਚ ਖੂਨ ਖੌਲਣ ਲੱਗਾ। ਉਨ੍ਹਾਂ ਨੇ ਮਹਾਰਾਜਾ ਸਾਹਿਬ ਨੂੰ ਉਸੇ ਵੇਲੇ ਅਟਕ ਨੂੰ ਪਾਰ ਕਰ ਕੇ ਆਪਣੇ ਭਰਾਵਾਂ ਦੀ ਮਦਦ ਲਈ ਜਾਣ ਦੀ ਸਲਾਹ ਦਿੱਤੀ। ਮਹਾਰਾਜਾ ਸਾਹਿਬ ਤੇ ਹੋਰ ਸਰਦਾਰਾਂ ਨੇ ਇਸ ਨਾਲ ਸਹਿਮਤੀ ਪ੍ਰਗਟ ਕੀਤੀ ਅਤੇ ਘੋੜਿਆਂ ’ਤੇ ਬੈਠ ਕੇ ਅਟਕ ਦਰਿਆ ਵਿਚ ਠਿਲ੍ਹ ਪਏ। ਇਸ ਕਾਰਵਾਈ ਵਿਚ ਕੁਝ ਜਾਨਾਂ ਅਟਕ ਦਰਿਆ ਦੀ ਭੇਟ ਵੀ ਹੋ ਗਈਆਂ। ਪਰ ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ ਤੇ ਸਾਰੇ ਸਿੱਖ ਸਰਦਾਰ ਫੌਜ ਸਮੇਤ ਦਰਿਆ ਤੋਂ ਪਾਰ ਹੋ ਗਏ। ਪੰਜਾਬ ਦੇ ਇਤਿਹਾਸ ਵਿਚ ਇਹ ਇਕ ਯਾਦਗਾਰੀ ਸ਼ਾਨਾਂਮੱਤੀ ਘਟਨਾ ਹੋ ਨਿੱਬੜੀ ਜਿਸ ਦੀ ਮਿਸਾਲ ਅੱਜ ਹਰ ਯੋਧਾ ਦਿੰਦਾ ਹੈ। ਇਹ ਸਿੱਖਾਂ ਦੀ ਦ੍ਰਿੜਤਾ, ਨਿਰਭੈਤਾ ਅਤੇ ਅਦਭੁਤ ਦਲੇਰੀ ਦੀ ਨਿਸ਼ਾਨੀ ਸੀ।

ਸਿੱਖ ਫੌਜਾਂ ਦੇ ਦਰਿਆ ਪਾਰ ਕਰਨ ਦੀ ਖਬਰ ਸੁਣ ਕੇ ਹੀ ਖਟਕਾਂ ਦੇ ਪੈਰ ਹਿੱਲ ਗਏ। ਅਕਾਲੀ ਫੂਲਾ ਸਿੰਘ ਦੇ ਜਥੇ ਨੇ ਅੱਗੇ ਵਧ ਕੇ ਹੱਲਾ ਕੀਤਾ। ਗਾਜ਼ੀ ਨੱਠ ਉਠੇ। ਇੰਨੇ ਵਿਚ ਸ. ਹਰੀ ਸਿੰਘ ਨਲੂਆ ਨੇ ਹੱਲਾ ਬੋਲ ਕੇ ਜਹਾਂਗੀਰੇ ਦੇ ਕਿਲ੍ਹੇ ’ਤੇ ਕਬਜ਼ਾ ਕਰ ਲਿਆ। ਇੱਥੋਂ ਭੱਜ ਕੇ ਸਾਰੇ ਗਾਜ਼ੀ ਨੁਸ਼ਹਿਰੇ ਦੇ ਲਸ਼ਕਰ ਵਿਚ ਸ਼ਾਮਲ ਹੋ ਗਏ। ਉੱਥੇ ਸਿੱਖਾਂ ਦੇ ਖਿਲਾਫ ਜੰਗ ਦੀਆਂ ਤਿਆਰੀਆਂ ਹੋਣ ਲੱਗੀਆਂ। ਜਹਾਂਗੀਰੇ ਤੇ ਖੈਰਾਬਾਦ ਦੇ ਕਿਲ੍ਹਿਆਂ ਵਿਚ ਆਪਣੀ ਕੁਝ ਨਫਰੀ ਛੱਡ ਕੇ ਸਿੱਖ ਫੌਜਾਂ ਨੁਸ਼ਹਿਰੇ ਵੱਲ ਵਧਣ ਲਗੀਆਂ। ਅਕੌੜੇ ਦੇ ਮੈਦਾਨ ਵਿਚ ਇਕੱਠੇ ਹੋ ਕੇ ਸਿੱਖ ਫੌਜਾਂ ਨੇ ਡੇਰਾ ਲਾ ਲਿਆ। ਰਸਦ-ਪੱਠੇ ਦਾ ਪ੍ਰਬੰਧ ਕੀਤਾ ਜਾਣ ਲੱਗਾ। ਕਈ ਸੂਹੀਏ ਨੁਸ਼ਹਿਰੇ ਦੇ ਹਾਲ ਜਾਣਨ ਲਈ ਭੇਜੇ ਗਏ। ਰਾਤ ਨੂੰ ਆ ਕੇ ਸੂਹੀਆਂ ਨੇ ਖ਼ਬਰ ਦਿੱਤੀ ਕਿ ਗਾਜ਼ੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਨੇ ਲੁੰਡੇ ਦਰਿਆ ਤੋਂ ਪਾਰ ਤਰਕਈ ਦੀਆਂ ਪਹਾੜੀਆਂ ਵਿਚ ਮੋਰਚੇ ਕਾਇਮ ਕਰ ਲਏ ਹਨ।

ਦੂਜੇ ਦਿਨ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਖਾਲਸਾ ਫੌਜ ਦੇ ਸਰਦਾਰਾਂ ਨੇ ਅਰਦਾਸਾ ਸੋਧਿਆ ਅਤੇ ਦੀਰਘ ਵਿਚਾਰ ਉਪਰੰਤ ਗੁਰਮਤਾ ਸੋਧਿਆ ਕਿ ਗਾਜ਼ੀਆਂ ’ਤੇ ਛੇਤੀ ਹਮਲਾ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਦੇ ਹੌਸਲੇ ਵਧ ਜਾਣਗੇ। ਦੂਜਾ, ਜੇਕਰ ਮੁਹੰਮਦ ਅਜ਼ੀਮ ਖਾਨ ਆਪਣੀਆਂ ਤੋਪਾਂ ਲੈ ਕੇ ਪਹੁੰਚ ਗਿਆ ਤਾਂ ਇਸ ਵਿਚ ਸਿੱਖਾਂ ਲਈ ਨੁਕਸਾਨ ਦਾ ਡਰ ਵਧੇਰੇ ਹੈ ਤੇ ਅੱਗੇ ਵਧਣਾ ਮੁਸ਼ਕਲ ਹੋ ਜਾਏਗਾ। ਇਸ ਲਈ ਗੁਰਮਤੇ ਅਨੁਸਾਰ ਅਰਦਾਸਾ ਸੋਧ ਕੇ ਫੌਜਾਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਚੜ੍ਹਾਈ ਦਾ ਹੁਕਮ ਦੇ ਦਿੱਤਾ ਗਿਆ। ਅਜੇ ਫੌਜਾਂ ਨੇ ਕੂਚ ਕਰਨਾ ਹੀ ਸੀ ਕਿ ਇਕ ਹੋਰ ਸੂਹੀਏ ਨੇ ਆ ਕੇ ਮਹਾਰਾਜਾ ਸਾਹਿਬ ਨੂੰ ਖਬਰ ਦਿੱਤੀ ਕਿ ਮੁਹੰਮਦ ਅਜ਼ੀਮ ਖਾਨ ਤਰਕਈ ਦੀਆਂ ਪਹਾੜੀਆਂ ਤੇ ਗਾਜ਼ੀਆਂ ਨਾਲ ਮਿਲਣ ਲਈ ਲੁੰਡੇ ਦਰਿਆ ਤੋਂ ਫੌਜਾਂ ਅਤੇ ਤੋਪਖਾਨਾ ਪਾਰ ਕਰ ਰਿਹਾ ਹੈ। ਲੁੰਡਾ ਦਰਿਆ ਕਾਬਲ ਦਰਿਆ ਨੂੰ ਕਿਹਾ ਜਾਂਦਾ ਹੈ। ਇਹ ਦਰਿਆ ਕਾਬਲ ਤੋਂ ਚਲ ਕੇ ਪਿਸ਼ਾਵਰ ਵਿੱਚੋਂ ਵਗਦਾ ਹੋਇਆ ਅਟਕ ਦੇ ਕੋਲ ਦਰਿਆ ਸਿੰਧ ਵਿਚ ਰਲ ਜਾਂਦਾ ਹੈ। ਦੁਸ਼ਮਣ ਦੀ ਵਧਦੀ ਤਾਕਤ ਨੂੰ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਜੰਗ ਦੇ ਹਾਲਾਤ ਬਾਰੇ ਸੋਚਣ ਲੱਗੇ। ਉਨ੍ਹਾਂ ਦਾ ਤੋਪਖਾਨਾ ਅਜੇ ਪਿੱਛੇ ਆ ਰਿਹਾ ਸੀ। ਮਹਾਰਾਜਾ ਸਾਹਿਬ ਦਾ ਵਿਚਾਰ ਬਣ ਗਿਆ ਕਿ ਇਕ ਦਿਨ ਹੋਰ ਅਜੇ ਹਮਲਾ ਨਹੀਂ ਕਰਨਾ ਚਾਹੀਦਾ। ਤੋਪਖਾਨੇ ਦੇ ਪਹੁੰਚਣ ’ਤੇ ਹੀ ਹਮਲਾ ਕਰਨਾ ਯੋਗ ਹੋਵੇਗਾ। ਇਸ ਲਈ ਉਨ੍ਹਾਂ ਨੇ ਫੌਜਾਂ ਨੂੰ ਕੂਚ ਕਰਨ ਤੋਂ ਰੋਕ ਦਿੱਤਾ।

ਅਕਾਲੀ ਫੂਲਾ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਗੁਰਮਤੇ ਵਿਚ ਤਬਦੀਲੀ ਕਰਨਾ ਚਾਹੁੰਦੇ ਹਨ ਤਾਂ ਉਹ ਬੜੇ ਜੋਸ਼ ਵਿਚ ਆ ਗਏ। ਹੁਣ ਵਾਰੀ ਵੀ ਉਨ੍ਹਾਂ ਦੇ ਜਥੇ ਦੇ ਕੂਚ ਕਰਨ ਦੀ ਸੀ। ਉਨ੍ਹਾਂ ਨੇ ਕਿਹਾ ਕਿ ਗੁਰਮਤੇ ਦੇ ਉਲਟ ਫੈਸਲਾ ਕਰਨਾ ਅਤੇ ਅਰਦਾਸ ਕਰ ਕੇ ਚੜ੍ਹਾਈ ਨਾ ਕਰਨਾ ਸਿੱਖੀ ਅਸੂਲਾਂ ਦੇ ਵਿਰੁੱਧ ਹੈ। ਇਹ ਮਨਮਤ ਹੈ, ਗੁਰਮਤਿ ਨਹੀਂ ਹੈ। ਇਸ ਲਈ ਉਨ੍ਹਾਂ ਨੇ ਕੂਚ ਕਰਨ ਦੀ ਤਿਆਰੀ ਕਰ ਲਈ। ਮਹਾਰਾਜਾ ਰਣਜੀਤ ਸਿੰਘ ਘੋੜੇ ਉੱਤੇ ਚੜ੍ਹ ਕੇ ਖੁਦ ਅਕਾਲੀ ਫੂਲਾ ਸਿੰਘ ਦੇ ਕੈˆਪ ਵਿਚ ਗਏ ਅਤੇ ਉਨ੍ਹਾਂ ਨੂੰ ਸਾਰੀ ਸਥਿਤੀ ਦੱਸ ਕੇ ਰੁਕ ਜਾਣ ਲਈ ਕਿਹਾ। ਪਰ ਅਕਾਲੀ ਫੂਲਾ ਸਿੰਘ ਦਾ ਸਿੱਖੀ ਸਿਦਕ ਅਤੇ ਜੋਸ਼ ਤਾਂ ਉਬਾਲੇ ਖਾ ਰਿਹਾ ਸੀ। ਮਹਾਰਾਜਾ ਸਾਹਿਬ ਨੇ ਜਦੋਂ ਇਸ ਗੱਲ ’ਤੇ ਜ਼ਿਆਦਾ ਜ਼ੋਰ ਦਿੱਤਾ ਤਾਂ ਬੜੀ ਦ੍ਰਿੜਤਾ ਅਤੇ ਸਿੱਖੀ ਜਜ਼ਬੇ ਨਾਲ ਅਕਾਲੀ ਫੂਲਾ ਸਿੰਘ ਨੇ ਜੁਆਬ ਦਿੱਤਾ ਕਿ ਤੁਸੀਂ ਰਾਜੇ ਹੋ, ਜਿਵੇਂ ਮਰਜ਼ੀ ਕਰੋ ਤੁਹਾਨੂੰ ਆਪਣੇ ਤੋਪਖਾਨੇ ’ਤੇ ਭਰੋਸਾ ਹੈ ਪਰ ਮੈਨੂੰ ਆਪਣੇ ਗੁਰੂ ਉੱਤੇ ਅਟੁੱਟ ਭਰੋਸਾ ਹੈ। ਅਰਦਾਸਾ ਸੋਧਣ ਉਪਰੰਤ ਗੁਰਸਿੱਖ ਦਾ ਰੁਕਣਾ ਗੁਰੂ ਦੀ ਸ਼ਾਨ ਦੇ ਖਿਲਾਫ ਹੈ, ਗੁਰੂ ਦੀ ਬੇਅਦਬੀ ਹੈ ਅਤੇ ਖਾਲਸਾਈ ਸਿਧਾਂਤ ਦੇ ਉਲਟ ਹੈ। ਇਸ ਲਈ ਮੈ ਇਕ ਪਲ ਖਾਤਰ ਵੀ ਰੁਕ ਨਹੀਂ ਸਕਦਾ। ਇਹ ਕਹਿ ਕੇ ਅਕਾਲੀ ਫੂਲਾ ਸਿੰਘ ਜਥੇ ਸਮੇਤ ਜੈਕਾਰੇ ਗੁੰਜਾਉਂਦੇ ਹੋਏ ਰਣ-ਤੱਤੇ ਵੱਲ ਤੁਰ ਪਏ। ਘੋੜਿਆਂ ਦੀ ਮਦਦ ਨਾਲ ਲੁੰਡੇ ਦਰਿਆ ਨੂੰ ਪਾਰ ਕਰ ਕੇ ਤਰਕਈ ਦੀਆਂ ਪਹਾੜੀਆਂ ’ਤੇ ਚੜ੍ਹ ਕੇ ਅੱਗੇ ਵਧਣ ਲੱਗੇ। ਸਾਹਮਣੇ 30 ਹਜਾਰ ਗਾਜ਼ੀ ਮੋਰਚੇ ਬੰਨ੍ਹੀ ਬੈਠੇ ਸਨ। ਉਨ੍ਹਾਂ ਨੇ ਜਦੋਂ ਗਿਣਤੀ ਵਿਚ ਥੋੜ੍ਹੇ ਜਿਹੇ ਅਕਾਲੀ ਸਿੰਘਾਂ ਨੂੰ ਆਉਂਦਿਆਂ ਵੇਖਿਆ ਤਾਂ ਉਤੋਂ ਗੋਲੀਆਂ ਦਾ ਮੀਂਹ ਵਰਸਾ ਦਿੱਤਾ “ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ” ਅਕਾਲੀਆਂ ਦਾ ਜਥਾ ਅੱਗੇ ਹੀ ਅੱਗੇ ਵਧਦਾ ਜਾ ਰਿਹਾ ਸੀ। ਉਨ੍ਹਾਂ ਨੂੰ ਬੰਦੂਕਾਂ ਤੋਪਖਾਨਿਆਂ ਤੋਂ ਵਧ ਕੇ ਆਪਣੇ ਗੁਰੂ ’ਤੇ ਭਰੋਸਾ ਸੀ ਜਿਵੇਂ ਕਿ ਬਾਬਾ ਨਿਹਾਲ ਸਿੰਘ ਜੀ ਨੇ ਲਿਖਿਆ ਹੈ

ਕਾਹੂੰ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਬੀਚ ਕਾਹੂੰ ਕੋ ਭਰੋਸੋ ਜ਼ੋਰ ਚਾਕਰੀ ਜਹਾਜ਼ ਪੈ।
ਕਾਹੂੰ ਕੋ ਭਰੋਸੋ ਚਾਰੁ ਚਾਤੁਰੀ ਚਲਾਕੀ ਚੋਖ ਮੋਕੋ ਤੋ ਭਰੋਸੋ ਏਕ ਗ੍ਰੰਥ ਮਹਾਰਾਜ ਪੈ।

ਅਕਾਲੀਆਂ ਦਾ ਲੜਾਈ ਵਿਚ ਕਾਮਯਾਬ ਹੋਣ ਦਾ ਰਾਜ਼ ਇਹ ਸੀ ਕਿ ਇਹ ਬੰਦੂਕਾਂ ਆਦਿ ਦੀ ਥਾਂ ਵੈਰੀ ਦੇ ਮੋਰਚੇ ’ਤੇ ਸਿੱਧਾ ਹਮਲਾ ਕਰ ਕੇ ਉਸ ਨੂੰ ਹੱਥੋ-ਹੱਥ ਲੜਾਈ ਵਿਚ ਖਤਮ ਕਰ ਦਿੰਦੇ ਸਨ ਜਾਂ ਭਜਾ ਦਿੰਦੇ ਸਨ। ਅੱਜ ਦਾ ਹੱਲਾ ਵੀ ਇਸੇ ਪ੍ਰਕਾਰ ਦਾ ਸੀ ਪਰ ਅੱਜ ਇਕ ਤਾਂ ਫਾਸਲਾ ਬਹੁਤ ਸੀ ਤੇ ਦੂਜੇ, ਦੁਸ਼ਮਣ ਦੀ ਗਿਣਤੀ ਕਿਤੇ ਜ਼ਿਆਦਾ ਸੀ। ਇਸ ਲਈ ਮੋਰਚਿਆਂ ਤਕ ਪਹੁੰਚਣ ਵਿਚ ਦੇਰੀ ਹੋ ਰਹੀ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਖਬਰ ਪਹੁੰਚੀ ਤਾਂ ਉਨ੍ਹਾਂ ਨੇ ਸਾਰੀਆਂ ਫੌਜਾਂ ਨੂੰ ਹੀ ਕੂਚ ਕਰਨ ਦਾ ਹੁਕਮ ਦੇ ਦਿੱਤਾ।

ਅਕਾਲੀ ਫੂਲਾ ਸਿੰਘ ਜੀ ਆਪਣੇ ਘੋੜੇ ’ਤੇ ਬੈਠ ਕੇ ਸਭ ਤੋਂ ਅੱਗੇ ਹੋ ਕੇ ਜੂਝ ਰਹੇ ਸਨ ਕਿ ਅਚਾਨਕ ਇਕ ਗੋਲੀ ਉਨ੍ਹਾਂ ਦੇ ਘੋੜੇ ਦੇ ਪੇਟ ਵਿਚ ਲੱਗੀ। ਘੋੜਾ ਉਥੇ ਹੀ ਲੇਟ ਗਿਆ ਤਾਂ ਅਕਾਲੀ ਫੂਲਾ ਸਿੰਘ ਜੀ ਇਕ ਹਾਥੀ ਮੰਗਵਾ ਕੇ ਉਸ ਉੱਪਰ ਚੜ੍ਹ ਕੇ ਬੈਠ ਗਏ ਤੇ ਦੁਸ਼ਮਣ ਵੱਲ ਵਧਣ ਲਗੇ। ਮੋਰਚਿਆਂ ਦੇ ਕੋਲ ਜਾ ਕੇ ਅਕਾਲੀਆਂ ਨੇ ਘੋੜੇ ਛੱਡ ਦਿੱਤੇ ਅਤੇ ਥੱਲੇ ਉਤਰ ਕੇ ਜਹਾਦੀਆਂ ’ਤੇ ਟੁੱਟ ਪਏ। ਦੋਵੇਂ ਪਾਸਿਓਂ ਤਲਵਾਰਾਂ ਚੱਲਣ ਲੱਗੀਆਂ। ਖਾਲਸੇ ਦੀ ਤਲਵਾਰ ਦੀ ਤਾਬ ਨਾ ਝੱਲਦੇ ਹੋਏ ਗਾਜ਼ੀ ਮੈਦਾਨ ਵਿੱਚੋਂ ਨੱਠਣ ਲੱਗੇ ਪਰ ਜੋਸ਼ ਵਿਚ ਆਏ ਨਿਹੰਗ ਸਿੰਘਾਂ ਨੇ ਉਸ ਲਸ਼ਕਰ ਨੂੰ ਅੱਗੋਂ ਹੋ ਕੇ ਘੇਰ ਲਿਆ ਤੇ ਫੇਰ ਲੜਾਈ ਹੋਣ ਲੱਗੀ। ਅਕਾਲੀ ਫੂਲਾ ਸਿੰਘ ਵੀ ਹਾਥੀ ’ਤੇ ਬੈਠ ਕੇ ਇਸ ਕਟਾਵੱਢੀ ਵਿਚ ਆ ਵੜੇ। ਇਕ ਤਰ੍ਹਾਂ ਨਾਲ ਕਿਲ੍ਹਾ ਫਤਹਿ ਹੋ ਗਿਆ। ਖਾਲਸਾ ਫੌਜਾਂ ਦੀ ਜਿੱਤ ਹੋ ਗਈ। ਪਰੰਤੂ ਭੱਜੇ ਜਾਂਦੇ ਇਕ ਪਠਾਣ ਨੇ ਚਟਾਨ ਦੇ ਉਹਲੇ ਬੈਠ ਕੇ ਅਕਾਲੀ ਫੂਲਾ ਸਿੰਘ ਉਤੇ 4 ਗੋਲੀਆਂ ਦਾਗ ਦਿੱਤੀਆਂ। ਤਿੰਨ ਗੋਲੀਆਂ ਮਹਾਵਤ ਨੂੰ ਲੱਗੀਆਂ ਇਕ ਅਕਾਲੀ ਫੂਲਾ ਸਿੰਘ ਨੂੰ ਛਾਤੀ ਵਿਚ ਵੱਜੀ। ਪਰ ਇਸ ਦਾ ਜ਼ਖਮ ਡੂੰਘਾ ਨਹੀਂ ਸੀ, ਸੰਜੋਅ ਕਰ ਕੇ ਬਚਾਅ ਹੋ ਗਿਆ ਸੀ। ਹੁਣ ਗਾਜ਼ੀ ਘਬਰਾ ਗਏ ਤੇ ਜਿੱਧਰ ਮੂੰਹ ਆਇਆ ਉਧਰ ਨੱਠ ਤੁਰੇ। ਇਕ ਹੋਰ ਨੱਸਦੇ ਜਾਂਦੇ ਪਠਾਣ ਨੇ ਅਕਾਲੀ ਜੀ ਦੇ ਹਾਥੀ ਦੇ ਕੋਲੋਂ ਹੀ ਆਪਣੀ ਬੰਦੂਕ ਵਿੱਚੋਂ ਫਾਇਰ ਕੀਤਾ। ਇਹ ਗੋਲੀਆਂ ਅਕਾਲੀ ਜੀ ਦੇ ਲੱਗੀਆਂ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਹਾਥੀ ਦੇ ਹੌਦੇ ਵਿਚ ਢੋਅ ਲਾ ਕੇ ਬੈਠ ਗਏ। ਅਕਾਲੀ ਜੀ ਦੇ ਹਾਥੀ ਨੂੰ ਇਕ ਪਾਸੇ ਲਿਜਾ ਕੇ ਬਿਠਾਇਆ ਗਿਆ ਤਾਂ ਵੇਖਿਆ ਕਿ ਅਕਾਲੀ ਫੂਲਾ ਸਿੰਘ ਸ਼ਹੀਦੀ ਪਾ ਚੁੱਕੇ ਸਨ। ਉਨ੍ਹਾਂ ਨੇ ਪੰਥ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਪਰ ਕਦਮ ਪਿੱਛੇ ਨਹੀਂ ਹਟਾਇਆ। ਗੁਰਬਾਣੀ ਦਾ ਮਹਾਂਵਾਕ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)

ਪਰੰਤੂ ਨੁਸ਼ਹਿਰੇ ਦੀ ਜੰਗ ਜਿੱਤੀ ਜਾ ਚੁੱਕੀ ਸੀ ਅਤੇ ਜਹਾਂਗੀਰੇ ਦੇ ਕਿਲ੍ਹੇ ਉੱਤੇ ਖਾਲਸਾ ਫੌਜਾਂ ਦਾ ਕਬਜ਼ਾ ਹੋ ਗਿਆ ਸੀ। ਅਕਾਲੀ ਫੂਲਾ ਸਿੰਘ ਦੀ ਅਗਵਾਈ ਵਿਚ ਅਜਿੱਤ ਸਮਝੇ ਜਾਂਦੇ ਗਾਜ਼ੀਆਂ-ਪਠਾਣਾਂ ਨੂੰ ਨਾਨੀ ਚੇਤੇ ਕਰਾ ਦਿੱਤੀ ਸੀ। ਸਿੰਘ ਦੀ ਅਰਦਾਸ ਪਰਵਾਨ ਚੜ੍ਹੀ, ‘ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸ।’ ਅਕਾਲੀ ਫੂਲਾ ਸਿੰਘ ਨੇ ਸਿੱਖੀ ਸਿਧਾਂਤ ਉੱਤੇ ਪਹਿਰਾ ਦਿੰਦਿਆਂ ਮਹਾਨ ਇਤਿਹਾਸ ਸਿਰਜ ਕੇ ਸਿੰਘ ਪਰੰਪਰਾ ਨੂੰ ਚਾਰ-ਚੰਨ ਲਾ ਦਿੱਤੇ। ਅਕਾਲੀ ਫੂਲਾ ਸਿੰਘ ਨੇ ਆਪਣਾ ਸਿੱਖੀ ਸਿਦਕ ਕੇਸਾਂ-ਸੁਆਸਾਂ ਨਾਲ ਨਿਭਾ ਦਿੱਤਾ। ਅਕਾਲੀ ਜੀ ਦੇ ਸ਼ਹੀਦੀ ਪਾ ਜਾਣ ’ਤੇ ਜਦ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਦੇ ਮ੍ਰਿਤਕ ਸਰੀਰ ਪਾਸ ਗਏ ਤਾਂ ਉਹ ਮਹਾਂਬਲੀ ਮਹਾਰਾਜਾ ਆਪਣੇ ਹੰਝੂ ਨਾ ਰੋਕ ਸਕਿਆ ਅਤੇ ਫੁੱਟ-ਫੁੱਟ ਕੇ ਰੋਇਆ। ਅਸਲ ਵਿਚ ਸਰਦਾਰ ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਦਾ ਸਦੀਵੀ ਵਿਛੋੜਾ ਅਤੇ ਘਾਟ ਹੀ ਮਹਾਰਾਜਾ ਰਣਜੀਤ ਸਿੰਘ ਦੇ ਜਲਦੀ ਕਾਲਵੱਸ ਹੋਣ ਦਾ ਕਾਰਨ ਬਣੇ। ਢੇਰ ਸਾਰੀਆਂ ਜ਼ਿੰਮੇਵਾਰੀਆਂ ਪੈ ਜਾਣ ਕਾਰਨ ਅਤੇ ਮਾਨਸਕ ਤਣਾਅ ਕਾਰਨ ਪਹਿਲਾਂ ਮਹਾਰਾਜਾ ਸਾਹਿਬ ਨੂੰ ਅਧਰੰਗ ਦਾ ਦੌਰਾ ਪਿਆ ਜੋ ਪਿੱਛੋਂ ਜਾ ਕੇ ਉਨ੍ਹਾਂ ਦੀ ਮੌਤ ਦਾ ਕਾਰਨ ਬਣਿਆ।

ਦੂਜੇ ਦਿਨ ਸਵੇਰੇ ਅਕਾਲੀ ਫੂਲਾ ਸਿੰਘ ਦਾ ਸਸਕਾਰ ਦਰਿਆ ਲੁੰਡੇ ਦੇ ਕਿਨਾਰੇ ਬੜੀ ਭਾਰੀ ਫੌਜੀ ਧੂਮ-ਧਾਮ ਨਾਲ ਕੀਤਾ ਗਿਆ। ਇਸ ਵਿਚ ਮਹਾਰਾਜਾ ਰਣਜੀਤ ਸਿੰਘ ਆਪ ਅਤੇ ਕੁੱਲ ਫੌਜ ਦੇ ਸਾਰੇ ਸਰਦਾਰ ਸ਼ਾਮਲ ਸਨ। ਅਕਾਲੀ ਫੂਲਾ ਸਿੰਘ ਜੀ ਦੀ ਇਹ ਯਾਦਗਾਰ ਅਜੇ ਵੀ ਨੁਸ਼ਹਿਰਾ ਸ਼ਹਿਰ ਵਿੰਚ ਲੁੰਡੇ ਦਰਿਆ ਦੇ ਕਿਨਾਰੇ ਕਾਇਮ ਹੈ। ਅੰਗਰੇਜ਼ਾਂ ਦੇ ਰਾਜ ਸਮੇਂ ਸਿੱਖ ਫੌਜਾਂ ਇਸ ਯਾਦਗਾਰ ਉੱਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਜਾਇਆ ਕਰਦੀਆਂ ਸਨ।

ਅੱਜ ਜਦੋਂ ਉਹ ਮਹਾਨ ਕ੍ਰਾਂਤੀ-ਬਚਿੱਤਰ ਇਨਕਲਾਬ ਪੂਠੇ ਪੈਰੀਂ ਮੁੜ ਰਿਹਾ ਹੈ, ਪਦਾਰਥਵਾਦ ਦੀ ਦੌੜ, ਧਨ ਦੌਲਤ ਦੀ ਹੋੜ, ਨਿੱਜਪ੍ਰਸਤੀ, ਅਮੁੱਕ ਤ੍ਰਿਸ਼ਨਾਵਾਂ ਅਤੇ ਲਾਲਸਾਵਾਂ ਭਾਰੂ ਹੋ ਰਹੀਆਂ ਹਨ ਸਾਨੂੰ ਆਪਣੇ ਮਹਾਨ ਫਲਸਫੇ, ਸਾਨਾਮੱਤੇ ਇਤਿਹਾਸ, ਸ਼ਾਨਦਾਰ ਪਰੰਪਰਾਵਾਂ ਅਤੇ ਮਜਬੂਤ ਰਵਾਇਤਾਂ ਨੂੰ ਸ਼ਿੱਦਤ ਨਾਲ ਯਾਦ ਕਰਨ ਵੱਲ ਤੁਰਨਾ ਚਾਹੀਦਾ ਹੈ, ਸਿੱਖੀ ਸਿਧਾਂਤ ਅਤੇ ਅਦੁੱਤੀ ਵਿਰਾਸਤ ਤੇ ਵਿਸਵਾਸ਼ ਨੂੰ ਮੁੜ ਕਾਇਮ ਕਰਨਾ ਚਾਹੀਦਾ ਹੈ। ਕੌਮੀ ਸਿੱਖ ਪੰਥਕ ਲਹਿਰ ਨੂੰ ਮੁੜ ਵਧਾਵਾ ਦੇਣਾ ਚਾਹੀਦਾ ਹੈ। ਕੌਮ ਦੇ ਸਵੈਮਾਣ, ਗੌਰਵ ਅਤੇ ਗੈਰਤ ਨੂੰ ਪੁਨਰ ਸੁਰਜੀਤ ਕਰਨ ਹਿੱਤ ਸਾਨੂੰ ਅਕਾਲੀ ਫੂਲਾ ਸਿੰਘ ਜੀ ਅਤੇ ਹੋਰ ਅਨੇਕਾਂ ਸਿੱਖ ਯੋਧਿਆਂ, ਸਿੱਖ ਸੂਰਿਆਂ, ਅਤਿ ਭਿਆਨਕ ਹਾਲਾਤ ਵਿਚ ਵੀ ਅਡਿੱਗ ਅਤੇ ਅਡੋਲ ਰਹੇ ਭੁਝੰਗੀਆਂ ਦੇ ਜੀਵਨ ਤੋਂ ਸੇਧ ਅਤੇ ਸਬਕ ਲੈਣਾ ਬਣਦਾ ਹੈ। ਉਨ੍ਹਾਂ ਦੀਆਂ ਜ਼ਿੰਦਗੀਆਂ ਹਮੇਸ਼ਾਂ-ਹਮੇਸ਼ਾਂ ਲਈ ਸਿੱਖ ਕੌਮ ਲਈ ਚਾਨਣ-ਮੁਨਾਰੇ ਦਾ ਕਾਰਜ ਕਰਦੀਆਂ ਰਹਿਣਗੀਆਂ। ਲੋੜ ਹੈ ਉਨ੍ਹਾਂ ਮਹਾਨ ਜ਼ਿੰਦਗੀਆਂ ਬਾਰੇ ਜਾਣਕਾਰੀ ਹਾਸਲ ਕਰ ਕੇ ਉਨ੍ਹਾਂ ਵਿਲੱਖਣ ਰਾਹਾਂ ਦੇ ਪਾਂਧੀ ਬਣਨ ਦੀ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)