ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ-ਪੰਥ ਦੀ ਧਾਰਮਿਕ ਤੇ ਸਿਆਸੀ ਜ਼ਿੰਦਗੀ ਉੱਪਰ ਅਮਿਟ ਛਾਪ ਛੱਡੀ ਹੈ। ਜਦੋਂ ਵੀ ਅਸੀਂ ਇਸ ਸੰਸਥਾ ਦੇ ਉਦੈ ਬਾਰੇ ਵਿਚਾਰ ਕਰਦੇ ਹਾਂ ਤਾਂ ਸਾਡਾ ਧਿਆਨ ਸਹਿਜੇ ਹੀ ਮੀਰੀ-ਪੀਰੀ ਦੇ ਸਿਧਾਂਤ ਵੱਲ ਖਿੱਚਿਆ ਜਾਂਦਾ ਹੈ। ਅਸਲ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਦਾ ਮੀਰੀ-ਪੀਰੀ ਦੇ ਸਿਧਾਂਤ ਨਾਲ ਅਟੁੱਟ ਰਿਸ਼ਤਾ ਹੈ। ਇਨ੍ਹਾਂ ਦੋਨਾਂ ਨੇ ਸਿੱਖ-ਪੰਥ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਨੂੰ ਨਿਰਧਾਰਿਤ ਕਰਨ ਵਿਚ ਬੜਾ ਯੋਗਦਾਨ ਪਾਇਆ ਹੈ। ਅੱਜ ਵੀ ਸਿੱਖ-ਪੰਥ ਦੀ ਰਾਜਨੀਤੀ ਤੇ ਇਸ ਦੇ ਰਾਜ ਪ੍ਰਤੀ ਰਵੱਈਏ ਨੂੰ ਸਮਝਣ ਲਈ ਮੀਰੀ-ਪੀਰੀ ਇਕ ਮੂਲ ਸਿਧਾਂਤ ਹੈ ਤੇ ਇਸ ਨੂੰ ਅਮਲ ਵਿਚ ਲਿਆਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਸਿੱਖ-ਪੰਥ ਦੇ ਧਾਰਮਿਕ ਤੇ ਰਾਜਨੀਤਿਕ ਅਧਿਕਾਰਾਂ ਲਈ ਮੁਗ਼ਲ ਸਰਕਾਰ ਨਾਲ ਲੜੇ ਸੈਨਿਕ ਸੰਘਰਸ਼ ਦੀ ਪ੍ਰਤੀਕ ਹੈ। ਇਸ ਦੀ ਸਥਾਪਨਾ ਦੇ ਫਲਸਰੂਪ ਸਿੱਖ-ਪੰਥ ਦੀ ਸੈਨਿਕ ਜਥੇਬੰਦੀ ਹੋਂਦ ਵਿਚ ਆਈ ਜਿਸ ਨੇ ਸਿੱਖ-ਪੰਥ ਨੂੰ ਜਬਰ-ਜ਼ੁਲਮ ਤੋਂ ਢੁਕਵੀਂ ਸੁਰੱਖਿਆ ਪ੍ਰਦਾਨ ਕੀਤੀ। ਇਸ ਸੰਸਥਾ ਨੇ ਸਿੱਖ-ਪੰਥ ਨੂੰ ਇਕ ਰਾਜਨੀਤਿਕ ਸ਼ਕਤੀ ਵਜੋਂ ਗਠਿਤ ਕਰਨ ਵਿਚ ਵੀ ਬੜਾ ਅਹਿਮ ਹਿੱਸਾ ਪਾਇਆ। ਸਿੱਖ-ਪੰਥ ਦੇ ਅਗਲੇਰੇ ਪੜਾਅ ਨੂੰ ਅਨੁਭਵ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਸਿੰਗਾਰੂ ਤੇ ਭਾਈ ਜੈਤੇ ਨੂੰ ਸੰਬੋਧਨ ਕਰਦਿਆਂ ਬਚਨ ਕੀਤਾ ਸੀ ਕਿ “ਅਸਾਂ ਜੋ ਸ਼ਸਤਰ ਪਕੜਨੇ ਹੈਨਿ, ਸੋ ਗੁਰੂ ਹਰਿਗੋਬਿੰਦ ਦਾ ਰੂਪ ਧਾਰ ਕੇ ਪਕੜਨੇ ਹੈਨਿ। ਸਮਾਂ ਕਲਯੁਗ ਦਾ ਵਰਤਣਾ ਹੈ। ਸ਼ਸਤਰਾਂ ਦੀ ਵਿਦਿਆ ਕਰ ਮੀਰ ਦੀ ਮੀਰੀ ਖਿੱਚ ਲੈਣੀ ਹੈ ਤੇ ਸ਼ਬਦ ਦੀ ਪ੍ਰੀਤ ਕਰ ਪੀਰ ਦੀ ਪੀਰੀ ਲੈ ਲੈਣੀ ਹੈ। ਤੁਸਾਂ ਛੇਵੇਂ ਪਾਤਸ਼ਾਹ ਦੇ ਹਜ਼ੂਰ ਰਹਿਣਾ।” ਇਸੇ ਹੀ ਤਰ੍ਹਾਂ ਪੰਚਮ ਪਾਤਸ਼ਾਹ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਆਪਣੇ ਸ਼ਹੀਦੀ ਸੰਦੇਸ਼ ਵਿਚ ਹਿਦਾਇਤ ਦਿੱਤੀ ਸੀ ਕਿ ਤਖ਼ਤ ਸਥਾਪਤ ਕਰੋ ਤੇ ਯਥਾ-ਸ਼ਕਤ ਸੈਨਾ ਦਾ ਗਠਨ ਵੀ ਕਰੋ।
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਪਰੋਕਤ ਆਦੇਸ਼ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਤੇ ਮੀਰੀ-ਪੀਰੀ ਦੇ ਸਿਧਾਂਤ ਉੱਪਰ ਅਮਲ ਸਤਹੀ ਪੱਧਰ ਉੱਤੇ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੇ ਪ੍ਰਤੀਕੂਲ ਜਾਪਦਾ ਹੈ। ਸੰਸਾਰ-ਪ੍ਰਸਿੱਧ ਇਤਿਹਾਸਕਾਰ ਆਰਨੋਲਡ ਟਾਇਨਬੀ ਲਿਖਦਾ ਹੈ ਕਿ ‘ਰਾਜਨੀਤੀ ਦੇ ਲੋਭ ਤੇ ਸ਼ਸਤਰਾਂ ਦੀ ਚਮਕ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਆਪਣੇ ਪੂਰਵਜਾਂ ਦੇ ਅਧਿਆਤਮਿਕ ਮਾਰਗ ਤੋਂ ਭਟਕਾ ਦਿੱਤਾ ਸੀ ਜਿਸ ਨਾਲ ਸਿੱਖ ਧਰਮ ਉੱਚੇ ਧਾਰਮਿਕ ਸ਼ਿਖਰ ਤੋਂ ਡਿੱਗ ਕੇ ਰਾਜਨੀਤੀ ਦੀ ਭੀੜੀ ਜਿਹੀ ਨਾਲੀ ਵਿਚ ਜਾ ਵੜਿਆ।’ ਅਜਿਹੇ ਵਿਦਵਾਨ ਵੀ ਹਨ ਜਿਨ੍ਹਾਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੈਨਿਕ ਸੰਘਰਸ਼ ਪਿੱਛੇ ਜੱਟ ਸਭਿਆਚਾਰ ਤੇ ਇਸ ਦਾ ਕਿਸਾਨੀ ਸੰਕਟ ਹੀ ਕ੍ਰਿਆਸ਼ੀਲ ਜਾਪਦੇ ਹਨ। ਇਹ ਵਿਚਾਰ ਵੀ ਸਾਹਮਣੇ ਆਇਆ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੰਗਤ ਵਿਚ ਚੋਰ, ਡਾਕੂ, ਲੁਟੇਰੇ ਤੇ ਧਾੜਵੀ ਅਨਸਰ ਸਨ ਜੋ ਅਨੁਸ਼ਾਸਨ ਵਿਚ ਰਹਿਣ ਦੀ ਬਜਾਇ ਮਾਮੂਲੀ-ਮਾਮੂਲੀ ਗੱਲ ਉੱਪਰ ਝਗੜਾ- ਫ਼ਸਾਦ ਖੜ੍ਹਾ ਕਰ ਦਿੰਦੇ ਸਨ। ਉਪਰੋਕਤ ਵਿਚਾਰਾਂ ਤੋਂ ਅਜਿਹਾ ਪ੍ਰਭਾਵ ਮਿਲਦਾ ਹੈ ਜਿਵੇਂ ਲੋਭ-ਵੱਸ ਜਾਂ ਸੰਗਤ ਵਿਚਲੇ ਦੰਗਾਬਾਜ਼ ਅਨਸਰਾਂ ਕਾਰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਜਾਣ-ਬੁੱਝ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਦੇਸ਼ ਤੋਂ ਕਿਨਾਰਾਕਸ਼ੀ ਕਰ ਲਈ ਸੀ। ਦੂਜੇ, ਉਨ੍ਹਾਂ ਦੁਆਰਾ ਸਥਾਪਤ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਤੇ ਮੀਰੀ-ਪੀਰੀ ਦੇ ਸਿਧਾਂਤ ਉੱਪਰ ਅਮਲ, ਸਭ ਕੁਝ ਰਾਜਨੀਤੀ ਤੋਂ ਪ੍ਰੇਰਿਤ ਸੀ। ਅਸਲ ਵਿਚ ਇਨ੍ਹਾਂ ਵਿਦਵਾਨਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸੈਨਿਕ ਸੰਘਰਸ਼ ਅਤੇ ਸਥਾਪਤ ਕੀਤੇ ਸਿਧਾਂਤ ਤੇ ਸੰਸਥਾਵਾਂ ਨੂੰ ਸਿੱਖ-ਪੰਥ ਦੇ ਇਤਿਹਾਸ ਅਨੁਸਾਰ ਤੇ ਵਿਰਸੇ ਵਿਚ ਮਿਲੇ ਧਾਰਮਿਕ ਤੇ ਸਮਾਜਿਕ ਚਿੰਤਨ ਤੋਂ ਬਿਲਕੁਲ ਨਿਖੇੜ ਕੇ ਵਾਚਿਆ ਹੈ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ-ਪੰਥ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਨੂੰ ਸੰਸਥਾਈ ਆਧਾਰ ਪ੍ਰਦਾਨ ਕਰਦਾ ਹੈ ਤੇ ਇਸ ਦੀ ਸਥਾਪਨਾ ਵਿਚ ਕਈ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਪਹਿਲੂ ਕ੍ਰਿਆਸ਼ੀਲ ਹਨ।
ਸਿੱਖ ਧਰਮ ਦਾ ਪ੍ਰਚਾਰ ਤੇ ਸੰਗਠਨ ਕਰਦਿਆਂ ਸਿੱਖ ਗੁਰੂ ਸਾਹਿਬਾਨ ਨੂੰ ਅੰਦਰੂਨੀ ਤੇ ਬਾਹਰੀ ਦੋਨਾਂ ਤਰ੍ਹਾਂ ਦੀਆਂ ਵਿਰੋਧੀ ਤਾਕਤਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਤੇ ਸੂਬਾਈ ਪੱਧਰ ’ਤੇ ਮੁਗ਼ਲ ਹਾਕਮਾਂ ਦੀ ਈਰਖਾ ਤੋਂ ਇਲਾਵਾ ਕੱਟੜ-ਪੰਥੀ ਮੁਲਾਣਿਆਂ ਤੇ ਹਿੰਦੂ ਪੁਜਾਰੀ ਸ਼੍ਰੇਣੀ ਦੀ ਵਿਰੋਧਤਾ ਵੀ ਜਰਨੀ ਪਈ। ਸਿੱਖ-ਪੰਥ ਅੰਦਰਲੇ ਵਿਘਨਕਾਰੀ ਤੱਤਾਂ ਨੇ ਮੁਗਲ ਹਾਕਮਾਂ ਨਾਲ ਸਾਜ਼ਬਾਜ਼ ਕਰ ਕੇ ਸਿੱਖ ਗੁਰੂ ਸਾਹਿਬਾਨ ਦੀ ਸਥਿਤੀ ਨੂੰ ਠੇਸ ਪਹੁੰਚਾਉਣ ਦੇ ਯਤਨ ਵੀ ਕੀਤੇ। ਪੰਚਮ ਪਾਤਸ਼ਾਹ ਦੇ ਸਮੇਂ ਮੀਣਾ ਸੰਪ੍ਰਦਾਇ ਨੇ ਗੁਰੂ ਸਾਹਿਬ ਬਾਰੇ ਸਰਕਾਰੀ ਹਲਕਿਆਂ ਵਿਚ ਗ਼ਲਤ-ਫ਼ਹਿਮੀਆਂ ਫੈਲਾਉਣ ਦੀਆਂ ਸਾਜ਼ਿਸ਼ਾਂ ਵੀ ਰਚੀਆਂ। 1605 ਈ. ਵਿਚ ਬਾਦਸ਼ਾਹ ਅਕਬਰ ਦੀ ਮੌਤ ਉਪਰੰਤ ਮੁਗ਼ਲ ਸਰਕਾਰ ਨੇ ਧਾਰਮਿਕ ਤੌਰ ’ਤੇ ਪੱਖ- ਪਾਤ ਤੇ ਅਸਹਿਣਸ਼ੀਲਤਾ ਦੀ ਨੀਤੀ ਧਾਰਨ ਕਰ ਲਈ ਸੀ। ਕੱਟੜ ਸੁੰਨੀ ਮੁਸਲਮਾਨਾਂ ਨੇ ਭਾਰਤ ਵਿਚ ਇਸਲਾਮ ਦੀ ਪੁਨਰ-ਸਥਾਪਤੀ ਲਈ ਇਕ ਤਕੜੀ ਲਹਿਰ ਛੇੜ ਰੱਖੀ ਸੀ। ਇਸ ਵਰਗ ਨੇ ਬਾਦਸ਼ਾਹ ਜਹਾਂਗੀਰ ਤੋਂ ਉਸ ਦੀ ਸਹਾਇਤਾ ਦੇ ਬਦਲੇ ਇਸਲਾਮ ਤੇ ਸ਼ਰ੍ਹਾ ਦਾ ਉਚੇਚਾ ਖਿਆਲ ਰੱਖਣ ਦਾ ਵਚਨ ਲੈ ਲਿਆ ਸੀ। ‘ਤੁਜ਼ਕ- ਏ-ਜਹਾਂਗੀਰੀ’ ਅਨੁਸਾਰ ਬਾਦਸ਼ਾਹ ਜਹਾਂਗੀਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਅਧੀਨ ਸਿੱਖ ਧਰਮ ਦਾ ਤੇਜ਼ੀ ਨਾਲ ਹੋ ਰਿਹਾ ਵਿਕਾਸ ਬਿਲਕੁਲ ਨਾ-ਪਸੰਦ ਸੀ। ਉਸ ਨੂੰ ਇਤਨੀ ਨਫ਼ਰਤ ਸੀ ਕਿ ਉਹ ਚਾਹੁੰਦਾ ਸੀ ਕਿ ਜਾਂ ਤਾਂ ਗੁਰੂ ਸਾਹਿਬ ਨੂੰ ਇਸਲਾਮ ਵਿਚ ਪਰਵਰਤਿਤ ਕਰ ਲਿਆ ਜਾਵੇ ਜਾਂ ਫਿਰ ਸਿੱਖ ਧਰਮ ਦੇ ਪ੍ਰਚਾਰ ਨੂੰ ਬੰਦ ਕਰਵਾ ਦਿੱਤਾ ਜਾਵੇ। ਸਪੱਸ਼ਟ ਹੈ ਕਿ ਬਾਦਸ਼ਾਹ ਸਿੱਖ-ਪੰਥ ਨੂੰ ਉਸ ਦੇ ਨੇਤਾ ਤੋਂ ਵੰਚਿਤ ਕਰ ਕੇ ਇਸ ਦੇ ਪ੍ਰਚਾਰ ਤੇ ਪ੍ਰਭਾਵ ਨੂੰ ਖ਼ਤਮ ਕਰਨ ਦਾ ਚਾਹਵਾਨ ਸੀ। ਦਰਅਸਲ ਉਹ ਰਾਜ-ਸੱਤਾ ਦੇ ਜ਼ੋਰ ਨਾਲ ਇਕ ਰੂਪ ਸਮਾਜਿਕ ਵਿਵਸਥਾ ਭਾਵ ਇਸਲਾਮੀ ਭਾਈਚਾਰਾ ਸਥਾਪਤ ਕਰਨ ਦੀ ਨੀਤੀ ਉੱਪਰ ਅਮਲ ਕਰ ਰਿਹਾ ਸੀ। ਇਸ ਨਾਲ ਗ਼ੈਰ- ਮੁਸਲਿਮ ਧਾਰਮਿਕ ਫ਼ਿਰਕਿਆਂ ਦੀ ਹੋਂਦ ਤੇ ਧਾਰਮਿਕ ਆਜ਼ਾਦੀ ਖ਼ਤਰੇ ਵਿਚ ਪੈ ਗਈ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ-ਪੰਥ ਨੂੰ ਅਸੁਰੱਖਿਆ ਦਾ ਅਹਿਸਾਸ ਬੜੀ ਸ਼ਿੱਦਤ ਨਾਲ ਕਰਵਾ ਦਿੱਤਾ ਸੀ। ਸਮੇਂ ਦੀ ਇਹ ਮੰਗ ਸੀ ਕਿ ਭਾਰਤੀ ਸਮਾਜ ਵਿਚ ਬਹੁ-ਭਾਂਤੀ ਸਮਾਜਿਕ ਵਿਵਸਥਾ ਤੇ ਧਾਰਮਿਕ ਆਜ਼ਾਦੀ ਨੂੰ ਯਕੀਨੀ ਬਣਾਇਆ ਜਾਵੇ। ਇਸ ਸਥਿਤੀ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਰਾਹੀਂ ਆਪਣੇ ਧਾਰਮਿਕ ਤੇ ਰਾਜਨੀਤਿਕ ਅਧਿਕਾਰਾਂ ਪ੍ਰਤੀ ਦਾਅਵਾ ਇਕ ਉਚਿਤ ਦਿਸ਼ਾ ਵੱਲ ਕਦਮ ਸੀ।
ਗੁਰਬਾਣੀ ਵਿਚ ਅਜਿਹੇ ਅਨੇਕਾਂ ਹਵਾਲੇ ਪ੍ਰਾਪਤ ਹਨ ਜਿਨ੍ਹਾਂ ਤੋਂ ਗੁਰੂ ਸਾਹਿਬਾਨ ਦੇ ਰਾਜਨੀਤਿਕ ਵਿਚਾਰਾਂ ਤੇ ਸਮਕਾਲੀ ਸ਼ਾਸਨ ਬਾਰੇ ਦ੍ਰਿਸ਼ਟੀਕੋਣ ਦੀ ਜਾਣਕਾਰੀ ਮਿਲਦੀ ਹੈ। ਉੱਤਰਾਧਿਕਾਰੀ ਲਈ ਯੋਗਤਾ ਨੂੰ ਹੀ ਮਾਪਦੰਡ ਸਵੀਕਾਰ ਕੀਤਾ ਹੈ। ਸ਼ਾਸਕ ਵਰਗ ਤੋਂ ਪਰਜਾ ਪ੍ਰਤੀ ਸਦਭਾਵਨਾ, ਨੇਕੀ ਤੇ ਨਿਆਂ ਦੀ ਖ਼ਾਹਿਸ਼ ਕਰਦੇ ਰਾਜ ਵਿਵਸਥਾ ਵਿੱਚੋਂ ਜ਼ੁਲਮ, ਰਿਸ਼ਵਤਖ਼ੋਰੀ, ਸ਼ੋਸ਼ਣ ਤੇ ਬੇ-ਇਨਸਾਫ਼ੀ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ ਹੈ। ਰਾਜਿਆਂ ਦੇ ਦੈਵੀ-ਰਾਜਾਧਿਕਾਰ ਦਾ ਖੰਡਨ ਕਰਦੇ ਹੋਏ ਉਨ੍ਹਾਂ ਨੂੰ ਨੇਕੀ, ਸੱਚਾਈ ਤੇ ਉਚ-ਨੈਤਿਕ ਕਦਰਾਂ-ਕੀਮਤਾਂ ਦਾ ਪਾਲਣ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਰਾਜ-ਸੱਤਾ ਮਨੁੱਖਤਾ ਦੇ ਕਲਿਆਣ ਲਈ ਹੈ ਨਾ ਕਿ ਇਸ ਦੇ ਵਿਨਾਸ਼ ਲਈ। ਜੇਕਰ ਸ਼ਾਸਕ ਵਰਗ ਆਪਣੇ ਫ਼ਰਜ਼ ਦੀ ਪਾਲਣਾ ਕਰਨ ਵਿਚ ਨਿਸਫਲ ਹੁੰਦਾ ਹੈ ਤਾਂ ਸਹੀ ਸੋਚ ਤੇ ਦੈਵੀ ਆਵੇਸ਼ ਪ੍ਰਾਪਤ ਵਿਅਕਤੀ ਮਨੁੱਖਤਾ ਦੇ ਭਲੇ ਲਈ ਸ਼ਾਸਕ ਵਰਗ ਨੂੰ ਚੁਣੌਤੀ ਦੇਣ, ਰਾਜ-ਸੱਤਾ ਤੋਂ ਅਲਹਿਦਾ ਕਰਨ ਦਾ ਅਧਿਕਾਰ ਰੱਖਦੇ ਹਨ। ਇਉਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਰਾਹੀਂ ਬਾਦਸ਼ਾਹ ਜਹਾਂਗੀਰ ਦੇ ਪੱਖਪਾਤੀ ਤੇ ਜ਼ਾਲਮਾਨਾ ਵਿਹਾਰ ਨੂੰ ਚੁਣੌਤੀ ਦੇਣਾ ਸਿੱਖ ਚਿੰਤਨ ਦੇ ਬਿਲਕੁਲ ਅਨੁਕੂਲ ਸੀ।
ਭਾਰਤ ਉੱਪਰ ਬਾਬਰ ਦੇ ਹਮਲੇ ਸਮੇਂ ਆਮ ਲੋਕਾਂ ਨੂੰ ਅਤੇ ਖਾਸ ਕਰਕੇ ਔਰਤਾਂ ਨੂੰ ਮੁਗ਼ਲ ਸੈਨਿਕਾਂ ਦੇ ਹੱਥੋਂ ਬੜੇ ਦੁੱਖ ਤੇ ਬੇਪਤੀ ਸਹਾਰਨੀ ਪਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਬੜੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਕਿਉਂਕਿ ਉਸ ਦੇ ਸੈਨਿਕਾਂ ਨੇ ਸ਼ਸਤਰਹੀਣ ਲੋਕਾਂ ਉੱਪਰ ਕਹਿਰਾਂ ਦੇ ਜ਼ੁਲਮ ਢਾਹੇ ਸਨ। ਗੁਰੂ ਸਾਹਿਬ ਦੀ ਸਮਕਾਲੀ ਸ਼ਾਸਕਾਂ ਦੇ ਕਿਰਦਾਰ ਦੀ ਨਿਖੇਧੀ ਇਹ ਦਰਸਾਉਂਦੀ ਹੈ ਕਿ ਉਹ ਸ਼ਾਸਕ ਵਰਗ ਦੇ ਅਣਉਚਿਤ ਵਿਹਾਰ ਦੀ ਨੁਕਤਾਚੀਨੀ ਕਰਨ ਦੇ ਅਧਿਕਾਰ ਤੋਂ ਕਦੇ ਵੀ ਦਸਤ-ਬਰਦਾਰ ਨਹੀਂ ਸਨ ਹੋਏ। ਸਿੱਖ ਗੁਰੂ ਸਾਹਿਬਾਨ ਦੁਆਰਾ ਬਾਬਰ ਵਰਗੇ ਜਾਬਰ ਹੁਕਮਰਾਨਾਂ ਦੇ ਜ਼ਾਲਮਾਨਾ ਵਿਹਾਰ ਦੀ ਆਲੋਚਨਾ ਅਤਿਆਚਾਰੀ ਸ਼ਾਸਨ ਪ੍ਰਤੀ ਨਾਗਰਿਕਾਂ ਦੇ ਵਿਹਾਰ ਨੂੰ ਸੇਧ ਪ੍ਰਦਾਨ ਕਰਦੀ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੂਪ ਵਿਚ ਅਜਿਹੀ ਸੰਸਥਾ ਕਾਇਮ ਕੀਤੀ ਜਿੱਥੇ ਰਾਜ ਦੀਆਂ ਨੀਤੀਆਂ ਪ੍ਰਤੀ ਵਿਚਾਰ-ਵਟਾਂਦਰਾ ਕਰਨ ਉਪਰੰਤ ਸਿੱਖ- ਪੰਥ ਦੇ ਉਸ ਪ੍ਰਤੀ ਰਵੱਈਏ ਨੂੰ ਦਿਸ਼ਾ-ਨਿਰਦੇਸ਼ ਦਿੱਤਾ ਜਾ ਸਕੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨਤਾ ਨੂੰ ਬੇ-ਇਜ਼ਤੀ ਦੀ ਬਜਾਇ ਅਣਖ ਨਾਲ ਜੀਵਨ ਬਸਰ ਕਰਨ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਉੱਚੇ ਆਦਰਸ਼ ਲਈ ਜੀਵਨ ਨਿਛਾਵਰ ਕਰਨ ਨੂੰ ਸ਼ੋਭਨੀਕ ਕਾਰਨਾਮਾ ਦੱਸਿਆ। ਕਾਇਰਪੁਣਾ ਤਿਆਗ ਕੇ ਨਿਡਰ ਹੋਣ ਤੇ ਸੱਚ ਨੂੰ ਸੱਚ ਕਹਿਣ ਦੀ ਲੋੜ ਉੱਤੇ ਬਲ ਦਿੱਤਾ। ਅਜਿਹੇ ਵਿਚਾਰਾਂ ਨੇ ਪਰਜਾ ਨੂੰ ਜਾਗਰੂਕ ਹੋਣ ਦੀ ਪ੍ਰੇਰਨਾ ਦਿੱਤੀ। ਇਨ੍ਹਾਂ ਵਿਚਾਰਾਂ ਵਿਚ ਨੈਤਿਕ ਕਦਰਾਂ-ਕੀਮਤਾਂ ਤੋਂ ਸੱਖਣੀ ਤੇ ਭ੍ਰਿਸ਼ਟ ਰਾਜਨੀਤੀ ਵਿਰੁੱਧ ਸੰਘਰਸ਼ ਦੇ ਬੀਜ ਵਿਦਮਾਨ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਅਜਿਹੇ ਬੀਜ ਦੀ ਉਪਜ ਸੀ ਜਿਸ ਨੇ ਲੋਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਚੇਤਨ ਹੋਣ ਤੇ ਇਨ੍ਹਾਂ ਦੀ ਰਾਖੀ ਕਰਨ ਲਈ ਉਤਸ਼ਾਹ ਦਿੱਤਾ।
ਸਿੱਖ ਧਰਮ ਦੇ ਉਦੈ ਤੋਂ ਪੂਰਵ ਭਾਰਤ ਵਿਚ ਪ੍ਰਚਲਿਤ ਧਾਰਮਿਕ ਵਿਸ਼ਵਾਸਾਂ ਤੇ ਕਦਰਾਂ-ਕੀਮਤਾਂ ਨੇ ਲੋਕਾਂ ਦੇ ਰਾਜਨੀਤਿਕ ਨਜ਼ਰੀਏ ਉੱਪਰ ਬੜਾ ਨਕਾਰਾਤਮਿਕ ਪ੍ਰਭਾਵ ਪਾਇਆ ਸੀ। ਦੈਵੀ-ਰਾਜਾਧਿਕਾਰ ਕਾਰਨ ਸ਼ਾਸਕ ਨਿਰੁੰਕਸ਼ ਸਨ। ਪਰਜਾ ਕਰਮ-ਫਲ ਦੇ ਅੰਧ-ਵਿਸ਼ਵਾਸ ਵਿਚ ਜਕੜੀ ਹੋਈ ਸੀ। ਜਾਤ-ਪਾਤ ਦੀ ਕਠੋਰਤਾ ਨੇ ਸਮਾਜ ਨੂੰ ਵਿਭਿੰਨ ਜਾਤਾਂ ਤੇ ਵਰਗਾਂ ਵਿਚ ਵੰਡਣ ਦੇ ਨਾਲ-ਨਾਲ ਨੀਵੇਂ ਵਰਗ ਨੂੰ ਵਰਨ-ਆਸ਼ਰਮ-ਧਰਮ ਵਿੱਚੋਂ ਨਿਕਲ ਕੇ ਰਾਜਨੀਤਿਕ ਖੇਤਰ ਵਿਚ ਪ੍ਰਵੇਸ਼ ਕਰਨ ਉੱਪਰ ਪਾਬੰਦੀ ਲਗਾ ਰੱਖੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਦੀ ਜਾਤਾਂ ਦੇ ਆਧਾਰ ਉੱਤੇ ਵੰਡ ਨੂੰ ਅਸਵੀਕਾਰ ਕੀਤਾ। ਇਸ ਨਾਲ ਸਮਾਜ ਵਿਚ ਨੀਵੇਂ ਵਰਗ ਨੂੰ ਆਤਮ-ਬਲ ਮਿਲਿਆ ਜਿਸ ਨਾਲ ਭਰਾਤਰੀ-ਭਾਵ ਉੱਪਰ ਆਧਾਰਿਤ ਜਥੇਬੰਦਕ ਜੀਵਨ ਦੇ ਦਰਵਾਜ਼ੇ ਖੁੱਲ੍ਹ ਗਏ। ਜਾਤ-ਪਾਤ ਅਨੁਸਾਰ ਲੋਕਾਂ ਦੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਜੀਵਨ ਉੱਪਰ ਲੱਗੀਆਂ ਬੰਦਸ਼ਾਂ ਖ਼ਤਮ ਹੋ ਗਈਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਸਿੱਖ ਗੁਰੂ ਸਾਹਿਬਾਨ ਦੇ ਸੰਦੇਸ਼ ਦੇ ਫਲਸਰੂਪ ਲੋਕਾਂ ਦੀ ਆਪਣੇ ਅਧਿਕਾਰਾਂ ਪ੍ਰਤੀ ਆਈ ਜਾਗਰੂਕਤਾ ਦਾ ਹੀ ਇਕ ਪ੍ਰਗਟਾਉ ਸੀ। ਨਿਰਸੰਦੇਹ ਹਰ ਸਿੱਖ ਦਾ ਆਦਰਸ਼ ਸਮਾਜ ਵਿਚ ਅਮਨ-ਸ਼ਾਂਤੀ, ਪ੍ਰੇਮ-ਪਿਆਰ ਤੇ ਭਾਈਚਾਰਾ ਸਥਾਪਿਤ ਕਰਨਾ ਹੈ ਪਰ ਇੱਜ਼ਤ-ਆਬਰੂ ਤੇ ਜਾਨ-ਮਾਲ ਦੀ ਰੱਖਿਆ ਵਿਦੇਸ਼ੀ ਜਰਵਾਣਿਆਂ ਨੂੰ ਮੂੰਹ-ਤੋੜ ਜਵਾਬ ਦੇਣ ਤੇ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਹਿਤ ਸ਼ਸਤਰਾਂ ਦੇ ਪ੍ਰਯੋਗ ਨੂੰ ਕਦੇ ਵੀ ਪਾਪ ਨਹੀਂ ਮੰਨਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ਲਸਫ਼ਾ ਤੇ ਇਸ ਉੱਪਰ ਜੰਗੀ ਖੇਡਾਂ ਦੇ ਕਰਤਬ ਭਾਰਤੀ ਜਨ-ਜੀਵਨ ਉੱਪਰ ਧਾਰਮਿਕ ਵਿਸ਼ਵਾਸਾਂ ਦੇ ਕੋਝੇ ਪ੍ਰਭਾਵ ਕਾਰਨ ਪੈਦਾ ਹੋਈ ਸਾਹਸਹੀਣਤਾ ਨੂੰ ਖ਼ਤਮ ਕਰ ਕੇ ਨਵੀਂ ਜੀਵਨ-ਰੌਅ ਪੈਦਾ ਕਰਨ ਲਈ ਇਕ ਉਪਰਾਲਾ ਸਨ।
ਭਾਰਤੀ ਧਰਮਾਂ ਨੇ ਸੰਸਾਰ ਨੂੰ ਅਸੱਤ ਤੇ ਮਿਥਿਆ ਕਹਿ ਕੇ ਪਰਮ ਲਕਸ਼ ਦੀ ਪ੍ਰਾਪਤੀ ਲਈ ਸੰਨਿਆਸ ਦੀ ਉਪਯੋਗਤਾ ਨੂੰ ਪ੍ਰਚਾਰਿਆ ਤੇ ਲੋਕਾਂ ਨੂੰ ਨਿਰਵਿਰਤੀ ਮਾਰਗ ਅਪਣਾਉਣ ਲਈ ਪ੍ਰੇਰਿਆ। ਇਸ ਨਾਲ ਲੋਕਾਂ ਵਿਚ ਉਪਰਾਮਤਾ ਫੈਲੀ ਤੇ ਉਹ ਦੇਸ਼ ਦੀ ਸਮਾਜਿਕ ਤੇ ਰਾਜਨੀਤਿਕ ਸਥਿਤੀ ਬਾਰੇ ਬਿਲਕੁਲ ਲਾਪਰਵਾਹ ਹੋ ਗਏ। ਲੋਕਾਂ ਨੇ ਭਾਗਵਾਦੀ ਤੇ ਭਾਂਜਵਾਦੀ ਰੁਚੀ ਅਖ਼ਤਿਆਰ ਕਰ ਲਈ ਸੀ। ਧਾਰਮਿਕ ਪੁਰਸ਼ਾਂ ਨੂੰ ਭਾਵੇਂ ਬੜਾ ਸਨਮਾਨ ਪ੍ਰਾਪਤ ਸੀ ਪਰ ਉਹ ਲੋਕਾਂ ਦੀ ਸਮਾਜਿਕ ਤੇ ਰਾਜਨੀਤਿਕ ਦਸ਼ਾ ਬਾਰੇ ਬਿਲਕੁਲ ਬੇ-ਪਰਵਾਹ ਸਨ। ਉਦਾਸੀਨਤਾ ਦੇ ਗਹਿਰੇ ਸਮੁੰਦਰ ਵਿਚ ਡੁੱਬੇ ਧਾਰਮਿਕ ਪੁਰਸ਼ਾਂ ਨੂੰ ਪਰਜਾ ਦੇ ਅਧਿਕਾਰਾਂ ਬਾਰੇ ਕੋਈ ਚਿੰਤਾ ਨਹੀਂ ਸੀ। ਅੰਤ ਇਹ ਵਿਸ਼ਵਾਸ ਘਰ ਕਰ ਗਿਆ ਕਿ ਰਾਜਨੀਤੀ ਧਾਰਮਿਕ ਪੁਰਸ਼ਾਂ ਦਾ ਕਾਰਜ ਖੇਤਰ ਨਹੀਂ ਤੇ ਉਨ੍ਹਾਂ ਨੂੰ ਰਾਜਨੀਤੀ ਵਿਚ ਦਿਲਚਸਪੀ ਲੈਣ ਤੇ ਦਖ਼ਲ- ਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ। ਐਸੀ ਕੋਈ ਸੰਸਥਾ ਜਾਂ ਲੋਕ-ਧਿਰ ਨਹੀਂ ਸੀ ਜੋ ਨਿਰੁੰਕਸ਼ ਤੇ ਅਤਿਆਚਾਰੀ ਸ਼ਾਸਕਾਂ ਨੂੰ ਉਨ੍ਹਾਂ ਦੇ ਦੁਰਾਚਾਰੀ ਵਿਹਾਰ ਤੋਂ ਹੋੜੇ ਤੇ ਵਿਰੋਧ ਕਰੇ। ਉਪਰੋਕਤ ਸਥਿਤੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਸ਼ਾਸਕ ਵਰਗ ਨੂੰ ਲੋਕ-ਵਿਰੋਧੀ ਨੀਤੀਆਂ ਤੋਂ ਹੋੜਨ ਤੇ ਪਰਜਾ ਨੂੰ ਆਪਣੇ ਹਿੱਤਾਂ ਲਈ ਸੰਗਠਿਤ ਕਰਨ ਲਈ ਬਹੁਤ ਵੱਡੀ ਪਹਿਲ-ਕਦਮੀ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਾਰਮਿਕ ਅਨੁਭਵ ਆਪਣੇ ਬੁਨਿਆਦੀ ਲੱਛਣਾਂ ਕਰਕੇ ਪੈਗ਼ੰਬਰੀ ਅਨੁਭਵ ਦਾ ਵਿਲੱਖਣ ਦਰਜਾ ਰੱਖਦਾ ਹੈ। ਇਸ ਦਾ ਪ੍ਰੇਰਨਾ-ਸ੍ਰੋਤ ਸਿੱਧੇ ਤੌਰ ’ਤੇ ਪ੍ਰਾਪਤ ਹੋਇਆ ਦੈਵੀ-ਆਵੇਸ਼ ਹੈ। ਇਸ ਦਾ ਉਦੇਸ਼ ਸੰਸਾਰ ਨੂੰ ਹਰ ਪ੍ਰਕਾਰ ਦੀ ਬਦੀ ਤੋਂ ਮੁਕਤ ਕਰ ਕੇ ਨਵਾਂ ਵਿਸ਼ਵ-ਭਾਈਚਾਰਾ ਸਥਾਪਿਤ ਕਰਨਾ ਹੈ ਜਿੱਥੇ ਹੱਕ, ਸੱਚ, ਨੇਕੀ, ਇਨਸਾਫ਼, ਪਰਉਪਕਾਰ ਆਦਿ ਦੀਆਂ ਕਦਰਾਂ-ਕੀਮਤਾਂ ਵਧਣ-ਫੁਲਣ। ਬਦੀ ਨਾਲ ਸਮਝੌਤਾ ਨਹੀਂ ਬਲਕਿ ਇਸ ਦੇ ਵਿਰੁੱਧ ਸੰਘਰਸ਼ ਕਰਨਾ ਹੈ। ਆਮ ਤੌਰ ’ਤੇ ਵਿਦਵਾਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੈਨਿਕ ਸੰਘਰਸ਼ ਉੱਪਰ ਟਿੱਪਣੀ ਕਰਨ ਸਮੇਂ ਉਨ੍ਹਾਂ ਦੇ ਪੈਗ਼ੰਬਰੀ ਅਨੁਭਵ ਅਨੁਸਾਰ ਬਦੀ ਵਿਰੁੱਧ ਸੰਘਰਸ਼ ਕਰਨ ਦੇ ਦੈਵੀ ਤੇ ਨੈਤਿਕ ਫ਼ਰਜ਼ ਨੂੰ ਬਿਲਕੁਲ ਨਜ਼ਰ-ਅੰਦਾਜ਼ ਕਰ ਦਿੰਦੇ ਹਨ।
ਸਿੱਖ ਧਰਮ ਦਾ ਰੱਬ ਨਿਆਸਰਿਆਂ ਦਾ ਆਸਰਾ, ਨਿਓਟਿਆਂ ਦੀ ਓਟ ਤੇ ਨਿਮਾਣਿਆਂ ਦਾ ਮਾਣ ਹੈ। ਉਹ ਮਨੁੱਖ ਦੀ ਹਰ ਕਿਸਮ ਦੇ ਸੰਕਟ ਤੋਂ ਰਖਵਾਲੀ ਕਰਦਾ ਹੈ। ਉਹ ਬਦੀ ਨਾਲ ਸਮਝੌਤਾ ਨਹੀਂ ਬਲਕਿ ਅਸੁਰ ਸੰਘਾਰਨ ਦਾ ਮਾਦਾ ਰੱਖਦਾ ਹੈ। ਸ਼ਰਧਾਲੂਆਂ ਨੂੰ ਨਿਰਭੈ ਹੋ ਕੇ ਬਦੀ ਵਿਰੁੱਧ ਡਟਣ ਲਈ ਨੈਤਿਕ ਬਲ ਪ੍ਰਦਾਨ ਕਰਦਾ ਹੈ। ਇਸੇ ਹੀ ਤਰ੍ਹਾਂ ਸਿੱਖ ਧਰਮ ਜਗਤ ਪ੍ਰਤੀ ਉਪਰਾਮਤਾ ਦਾ ਸੰਦੇਸ਼ ਨਹੀਂ ਬਲਕਿ ਇਸ ਨੂੰ ਮਨੁੱਖ ਦੀ ਕਰਮ-ਭੂਮੀ ਸਵੀਕਾਰਦਾ ਹੈ। ਸੰਸਾਰ ਵਿਚ ਮਨੁੱਖ ਦੇ ਕਾਰਜ-ਖੇਤਰ ਨੂੰ ਪਵਿੱਤਰ ਤੇ ਅਪਵਿੱਤਰ ਦੇ ਵਰਗਾਂ ਵਿਚ ਨਹੀਂ ਵੰਡਿਆ। ਮਨੁੱਖ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੋ ਕੇ ਸੁਚਾਰੂ ਯੋਗਦਾਨ ਪਾਉਣ ਦਾ ਸੰਦੇਸ਼ ਹੈ। ਮਨੁੱਖ ਦੀ ਸ਼ਖ਼ਸੀਅਤ ਦਾ ਹਰ ਪੱਖ ਤੇ ਸਮਾਜ ਦੇ ਸਭ ਖੇਤਰ ਉਸ ਦੇ ਧਾਰਮਿਕ ਦਾਇਰੇ ਅੰਦਰ ਹਨ। ਅਜਿਹੀ ਸ਼ਖ਼ਸੀਅਤ ਨਿਸ਼ਚੇ ਹੀ ਰਾਜਨੀਤੀ ਨੂੰ ਪ੍ਰਭਾਵਿਤ ਕੀਤੇ ਬਗ਼ੈਰ ਜਾਂ ਰਾਜਨੀਤੀ ਤੋਂ ਪ੍ਰਭਾਵਿਤ ਹੋਏ ਬਗ਼ੈਰ ਨਹੀਂ ਰਹਿ ਸਕਦੀ। ਇਹੀ ਕਾਰਨ ਹੈ ਕਿ ਸਿੱਖ ਵਿਚਾਰਧਾਰਾ ਅਨੁਸਾਰ ਮਨੁੱਖਤਾ ਤੇ ਸਮਾਜ ਦੇ ਭਲੇ ਲਈ ਧਾਰਮਿਕ ਪੁਰਸ਼ ਲਈ ਰਾਜਨੀਤੀ ਵਿਚ ਦਿਲਚਸਪੀ ਰੱਖਣਾ ਕੋਈ ਗੁਨਾਹ ਜਾਂ ਪਾਪ ਨਹੀਂ। ਅਸਲ ਵਿਚ ਗਿਆਨਵਾਨ ਵਿਅਕਤੀ ਦਾ ਇਹ ਫ਼ਰਜ਼ ਹੈ ਕਿ ਉਹ ਆਪਣੇ ਵਰਗੇ ਹੋਰਨਾਂ ਵਿਅਕਤੀਆਂ ਨੂੰ ਸੰਗਠਿਤ ਕਰ ਕੇ ਬਦੀ ਦਾ ਵਿਰੋਧ ਕਰਨ ਲਈ ਅਗਵਾਈ ਪ੍ਰਦਾਨ ਕਰੇ। ਉਸ ਦਾ ਇਹ ਨੈਤਿਕ ਫ਼ਰਜ਼ ਹੈ ਕਿ ਉਹ ਬਦੀ ਵਿਰੁੱਧ ਹਰ ਸਮੇਂ ਤੇ ਹਰ ਸਥਿਤੀ ਵਿਚ ਇਸ ਉਮੀਦ ਨਾਲ ਸੰਘਰਸ਼ ਜਾਰੀ ਰੱਖੇ ਕਿ ਅੰਤ ਅਕਾਲ ਪੁਰਖ ਉਸ ਨੂੰ ਇਸ ਦੈਵੀ-ਮਿਸ਼ਨ ਵਿਚ ਕਾਮਯਾਬੀ ਬਖ਼ਸ਼ੇਗਾ। ਉਪਰੋਕਤ ਤੋਂ ਸਪੱਸ਼ਟ ਹੈ ਕਿ ਵਿਰਸੇ ਵਿਚ ਪ੍ਰਾਪਤ ਹੋਏ ਸਿੱਖ-ਚਿੰਤਨ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਲਈ ਪ੍ਰੇਰਨਾ ਤੇ ਉਤਸ਼ਾਹ ਪ੍ਰਦਾਨ ਕੀਤਾ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਾਰਨ ਸਿੱਖ-ਪੰਥ ਦੀ ਹੋਂਦ ਤੇ ਸਵੈਮਾਨ ਖ਼ਤਰੇ ਵਿਚ ਸੀ। ਬਦਲੇ ਹੋਏ ਧਾਰਮਿਕ ਤੇ ਰਾਜਨੀਤਿਕ ਮਾਹੌਲ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਾਸ ਦੋ ਵਿਕਲਪ ਸਨ। ਉਹ ਜਾਂ ਤਾਂ ਮੁਗ਼ਲ ਸਰਕਾਰ ਦੇ ਜ਼ੁਲਮ ਤੇ ਬੇ-ਇਨਸਾਫ਼ੀ ਅੱਗੇ ਸਮਰਪਣ ਕਰ ਦੇਣ ਜਾਂ ਫਿਰ ਇਸ ਦਾ ਵਿਰੋਧ ਕਰਨ। ਗੁਰੂ ਸਾਹਿਬ ਨੇ ਸਿੱਖ-ਚਿੰਤਨ ਤੋਂ ਪ੍ਰੇਰਨਾ ਲੈਂਦਿਆਂ ਬਦੀ ਨਾਲ ਸਮਝੌਤਾ ਕਰਨ ਨਾਲੋਂ ਇਸ ਨਾਲ ਸੰਘਰਸ਼ ਕਰਨਾ ਉਚਿਤ ਸਮਝਿਆ। ਉਪਰੋਕਤ ਉਦੇਸ਼ ਦੀ ਖ਼ਾਤਰ ਉਨ੍ਹਾਂ ਨੇ ਗੁਰਿਆਈ ਧਾਰਨ ਕਰਨ ਦਾ ਪਰੰਪਰਾਗਤ ਢੰਗ ਤਿਆਗ ਕੇ ਮੀਰੀ ਤੇ ਪੀਰੀ ਦੀਆਂ ਪ੍ਰਤੀਕ ਦੋ ਕਿਰਪਾਨਾਂ ਧਾਰਨ ਕਰ ਲਈਆਂ। ਮੀਰੀ ਦੀ ਕਿਰਪਾਨ ਰਾਜਨੀਤਿਕ ਸ਼ਕਤੀ ਦੀ ਲਖਾਇਕ ਤੇ ਪੀਰੀ ਦੀ ਕਿਰਪਾਨ ਅਧਿਆਤਮਿਕ ਸ਼ਕਤੀ ਦੀ ਪ੍ਰਤੀਕ ਸੀ। ਭਾਵੇਂ ਸਿੱਖ ਗੁਰੂ ਸਾਹਿਬਾਨ ਨੇ ਰਾਜਨੀਤਿਕ ਖੇਤਰ ਵਿਚ ਰੁਚੀ ਤੇ ਪ੍ਰਵੇਸ਼ ਕਰਨ ਉੱਤੇ ਕੋਈ ਸਵੈ-ਸਥਾਪਿਤ ਸੀਮਾਵਾਂ ਨਹੀਂ ਸਨ ਲਾਈਆਂ ਤੇ ਨਾ ਹੀ ਸਿੱਖਾਂ ਨੂੰ ਰਾਜਨੀਤੀ ਤੋਂ ਦੂਰ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਦਾ ਸਿਧਾਂਤ ਵਿਹਾਰਕ ਤੌਰ ’ਤੇ ਪਹਿਲਾ ਜਤਨ ਸੀ ਜਿਸ ਨੇ ਸਿੱਖ-ਪੰਥ ਵਿਚ ਰਾਜਨੀਤੀ ਬਾਰੇ ਜੇਕਰ ਕੋਈ ਭੁਲੇਖਾ ਸੀ ਤਾਂ ਉਸ ਨੂੰ ਸਦਾ ਦੇ ਲਈ ਸਪੱਸ਼ਟ ਕਰ ਦਿੱਤਾ। ਸਿੱਖ ਧਰਮ ਤੇ ਸਿਆਸਤ ਵਿਚਕਾਰ ਜੋ ਪਰਸਪਰ ਅੰਤਰ ਤੇ ਵਿਰੋਧ ਦਿੱਸਦਾ ਸੀ, ਉਸ ਨੂੰ ਮੇਟ ਕੇ ਸੰਤੁਲਨ ਪੈਦਾ ਕਰਨਾ ਸੰਭਵ ਹੋ ਗਿਆ। ਫਲਸਰੂਪ ਧਰਮ ਤੇ ਸਿਆਸਤ ਦਾ ਸੁਮੇਲ ਸਿੱਖੀ-ਜੀਵਨ ਦਾ ਅਟੁੱਟ ਅੰਗ ਬਣ ਗਿਆ। ਮੀਰੀ-ਪੀਰੀ ਦੇ ਸਿਧਾਂਤ ਨੇ ਸਪੱਸ਼ਟ ਕਰ ਦਿੱਤਾ ਕਿ ਮਨੁੱਖ ਦੀ ਸ਼ਖ਼ਸੀਅਤ ਤੇ ਵਿਹਾਰ ਨੂੰ ਧਰਮ, ਸਮਾਜ, ਰਾਜਨੀਤੀ ਆਦਿ ਦੇ ਖੇਤਰਾਂ ਵਿਚ ਵੰਡਣਾ ਬੇ-ਮਾਅਨੀ ਹੈ। ਮਨੁੱਖ ਦੀ ਵਿਅਕਤੀਗਤ, ਸਮੂਹਿਕ ਤੇ ਅਧਿਆਤਮਿਕ ਜ਼ਿੰਦਗੀ ਉਸ ਦੀ ਸਮੁੱਚੀ ਸ਼ਖ਼ਸੀਅਤ ਦਾ ਅਨਿੱਖੜ ਅੰਗ ਹਨ। ਮੀਰੀ-ਪੀਰੀ ਦੇ ਸਿਧਾਂਤ ਨੇ ਸਪੱਸ਼ਟ ਕਰ ਦਿੱਤਾ ਕਿ ਹਰ ਮਨੁੱਖ ਦੇ ਧਾਰਮਿਕ ਤੇ ਰਾਜਨੀਤਿਕ ਅਧਿਕਾਰ ਹਨ ਤੇ ਇਨ੍ਹਾਂ ਅਧਿਕਾਰਾਂ ਦੀ ਰੱਖਿਆ ਕਰਨਾ ਉਸ ਦਾ ਬੁਨਿਆਦੀ ਅਧਿਕਾਰ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਉਪਰੰਤ ਇਨ੍ਹਾਂ ਅਧਿਕਾਰਾਂ ਦੀ ਰਾਖੀ ਲਈ ਕਿਸੇ ਹੋਰ ਰਾਜਨੀਤਿਕ ਸ਼ਕਤੀ ਪਾਸ ਫ਼ਰਿਆਦ ਕਰਨ ਦੀ ਜ਼ਰੂਰਤ ਖ਼ਤਮ ਹੋ ਗਈ ਤੇ ਸਿੱਖ- ਪੰਥ ਨੂੰ ਆਪਣੇ ਰਾਜਨੀਤਿਕ ਸਰੋਕਾਰਾਂ ਨੂੰ ਨਿਰੂਪਣ ਕਰਨ ਲਈ ਸਿਧਾਂਤਕ ਤੇ ਸੰਸਥਾਈ ਅਧਿਕਾਰ ਪ੍ਰਾਪਤ ਹੋ ਗਿਆ। ਸਿੱਖ-ਸ੍ਰੋਤਾਂ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਸੰਭਾਲਣ ਸਮੇਂ ਗੁਰਿਆਈ ਦੀਆਂ ਪਰੰਪਰਾਗਤ ਵਸਤਾਂ ਨੂੰ ਤੋਸ਼ੇਖ਼ਾਨੇ ਭੇਜਣ ਦਾ ਹੁਕਮ ਦਿੰਦਿਆਂ ਮੀਰੀ-ਪੀਰੀ ਦੀਆਂ ਪ੍ਰਤੀਕ ਦੋ ਕਿਰਪਾਨਾਂ ਪਹਿਨੀਆਂ। ਸਿੱਖ-ਪੰਥ ਦੇ ਸੰਸਾਰਿਕ ਨੇਤਾ ਵਜੋਂ ਆਪਣੀ ਭੂਮਿਕਾ ਨਿਭਾਉਣ ਲਈ ਸ੍ਰੀ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦਾ ਉੱਦਮ ਕੀਤਾ। ‘ਸਿੱਖ ਰਵਾਇਤ’ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਖ਼ੁਦ ਰੱਖੀ ਤੇ ਇਸ ਦੀ ਉਸਾਰੀ ਵਿਚ ਸਿਵਾਇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੇ ਹੋਰ ਕਿਸੇ ਵੀ ਵਿਅਕਤੀ ਨੂੰ ਸ਼ਾਮਲ ਨਹੀਂ ਸੀ ਕੀਤਾ। ਮੁੱਢਲੇ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਬਾਦਸ਼ਾਹਾਂ ਦੇ ਤਖ਼ਤ ਸਮਾਨ ਸਾਧਾਰਨ ਪਰ ਉੱਚਾ ਸਿੰਘਾਸਨ ਹੋਵੇਗਾ ਜੋ ਬਾਅਦ ਵਿਚ ਸਿੱਖ-ਪੰਥ ਦੀ ਦੁਨਿਆਵੀ ਪ੍ਰਤਿਭਾ ਦੇ ਸੋਮੇ ਵਜੋਂ ਉਭਰ ਕੇ ਸਾਹਮਣੇ ਆਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨੇ ਸਿੱਖ-ਪੰਥ ਨੂੰ ਇਹ ਸਬਕ ਦ੍ਰਿੜ੍ਹ ਕਰਵਾਇਆ ਕਿ ਉਸ ਦੀ ਪ੍ਰਥਮ ਵਫ਼ਾਦਾਰੀ ਅਕਾਲ ਪੁਰਖ ਲਈ ਹੈ ਨਾ ਕਿ ਮੁਗ਼ਲ ਬਾਦਸ਼ਾਹ ਜਾਂ ਦੁਨੀਆਂ ਦੇ ਕਿਸੇ ਹੋਰ ਤਾਜ ਜਾਂ ਤਖ਼ਤ ਲਈ। ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖ-ਪੰਥ ਦੇ ਸੰਸਾਰਿਕ ਨੇਤਾ ਵਜੋਂ ਪੂਰੇ ਰਾਜਸੀ ਠਾਠ-ਬਾਠ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸੁਸ਼ੋਭਿਤ ਹੋਏ ਤਾਂ ਭੱਟਾਂ ਤੇ ਢਾਡੀਆਂ ਨੇ ਉਨ੍ਹਾਂ ਦੀ ਉਸਤਤਿ ਵਿਚ ਵਾਰਾਂ ਗਾਈਆਂ। ਗੁਰੂ ਸਾਹਿਬ ਆਪਣੇ ਨਿਤ-ਕਰਮ ਅਨੁਸਾਰ ਧਾਰਮਿਕ ਕਾਰਜਾਂ ਤੋਂ ਵਿਹਲੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਦਰਬਾਰ ਲਗਾਉਂਦੇ ਸਨ। ਦੇਸਾਂ-ਦੇਸਾਂਤਰਾਂ ਤੋਂ ਆਉਣ ਵਾਲੀਆਂ ਸੰਗਤਾਂ ਇਸ ਦੀਵਾਨ ਵਿਚ ਸ਼ਾਮਲ ਹੁੰਦੀਆਂ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਜੇ ਦੀਵਾਨ ਵਿਚ ਗੁਰੂ ਸਾਹਿਬ ਸਿੱਖਾਂ ਦੇ ਨਿੱਜੀ ਤੇ ਪੰਥਕ ਮਸਲਿਆਂ ਬਾਰੇ ਆਪਣੇ ਫ਼ੈਸਲੇ ਸੁਣਾਉਂਦੇ ਸਨ। ਸਿੱਖਾਂ ਵਿਚ ਬੀਰ ਰਸ ਪੈਦਾ ਕਰਨ ਲਈ ਜੋਧਿਆਂ ਦੀਆਂ ਸੂਰਮਗਤੀ ਨਾਲ ਭਰਪੂਰ ਬਦੀ ਵਿਰੁੱਧ ਸੰਘਰਸ਼ ਪ੍ਰਗਟਾਉਂਦੀਆਂ ਵਾਰਾਂ ਗਾਉਣ ਦੀ ਪ੍ਰਥਾ ਵੀ ਤੋਰੀ। ਇਸ ਨੇ ਸਿੱਖ-ਪੰਥ ਦੇ ਗੁੰਮ ਹੋ ਚੁਕੇ ਆਤਮ-ਵਿਸ਼ਵਾਸ ਨੂੰ ਮੁੜ ਬਹਾਲ ਕੀਤਾ। ਯਾਦ ਰਹੇ ਕਿ ਸੰਕਟ ਦੀ ਸਥਿਤੀ ਵਿਚ ਸਿੱਖਾਂ ਦੇ ਮਨੋਬਲ ਨੂੰ ਉਸਾਰਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਹਮੇਸ਼ਾਂ ਹੀ ਪ੍ਰਮੁੱਖ ਪ੍ਰੇਰਨਾ-ਸ੍ਰੋਤ ਰਿਹਾ ਹੈ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਸੰਗਤਾਂ ਨੂੰ ਹੁਕਮਨਾਮੇ ਜਾਰੀ ਕੀਤੇ ਕਿ ਗੁਰੂ-ਦਰਬਾਰ ਵਿਚ ਧਨ-ਦੌਲਤ ਦੀ ਬਜਾਇ ਸ਼ਸਤਰ ਤੇ ਘੋੜੇ ਭੇਟ ਕੀਤੇ ਜਾਣ। ਸਿੱਖਾਂ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਮੁਗ਼ਲ ਸਰਕਾਰ ਦੀ ਸਿੱਖ ਧਰਮ ਵਿਚ ਦਖ਼ਲ-ਅੰਦਾਜ਼ੀ ਨੂੰ ਰੋਕਣ ਲਈ ਸੈਨਿਕ ਸਾਧਨਾਂ ਦੀ ਵਰਤੋਂ ਜਾਇਜ਼ ਹੈ। ਸਿੱਖ-ਪੰਥ ਨੂੰ ਸੈਨਿਕ ਪੱਖੋਂ ਸਵੈ-ਨਿਰਭਰ ਬਣਾਉਣ ਲਈ ਸਿੱਖਾਂ ਨੇ ਆਪਣੀਆਂ ਸੇਵਾਵਾਂ ਅਰਪਣ ਕਰਨੀਆਂ ਸ਼ੁਰੂ ਕੀਤੀਆਂ। ਥੋੜ੍ਹੇ ਦਿਨਾਂ ਵਿਚ ਹੀ 400 ਸੂਰਬੀਰ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਾਸ ਹਾਜ਼ਰ ਹੋ ਗਏ। ਸਿੱਖਾਂ ਨੂੰ ਮਾਨਸਿਕ ਤੌਰ ’ਤੇ ਸੈਨਿਕ ਸੰਘਰਸ਼ ਵਿਚ ਸ਼ਾਮਲ ਹੋਣ ਲਈ ਜੰਗਜੂ ਸੁਭਾਅ ਤੇ ਸੈਨਿਕ ਸਿਖਲਾਈ ਦੇ ਅਵਸਰ ਪੈਦਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਜੰਗੀ ਖੇਡਾਂ ਦੀ ਪ੍ਰਥਾ ਤੋਰੀ ਗਈ। ਇਉਂ ਸਿੱਖ-ਪੰਥ ਦਾ ਮੁੱਢਲਾ ਸੈਨਿਕ ਪ੍ਰਬੰਧ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਹੀ ਹੋਂਦ ਵਿਚ ਆਇਆ। ਅਸਲ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮੁੱਚੇ ਮਾਹੌਲ ਨੇ ਸਿੱਖ-ਪੰਥ ਵਿਚ ਬੀਰਤਾ ਤੇ ਅਣਖ ਦੀ ਰੌਅ ਪਰਜ੍ਵਲਿਤ ਕਰ ਦਿੱਤੀ ਸੀ। ਇਸ ਬੀਰਤਾ ਦਾ ਉਦੇਸ਼ ਕਿਸੇ ਨੂੰ ਮਾਰਨਾ ਜਾਂ ਕਤਲ ਕਰਨਾ ਨਹੀਂ ਸੀ ਬਲਕਿ ਚਾਈਂ- ਚਾਈਂ ਆਪਣਾ ਆਪਾ ਕੁਰਬਾਨ ਕਰਨਾ ਸੀ। ਸਿੱਖ-ਪੰਥ ਦੇ ਧਾਰਮਿਕ, ਸਮਾਜਿਕ ਜੀਵਨ ਵਿੱਚੋਂ ਇਕ ਅਜਿਹੀ ਸੈਨਿਕ ਜਥੇਬੰਦੀ ਹੋਂਦ ਵਿਚ ਆਈ ਜਿਸ ਦਾ ਉਦੇਸ਼ ਰਾਜਨੀਤੀ ਨਹੀਂ ਬਲਕਿ ਆਪਣੇ ਪਿਆਰੇ ਗੁਰੂ ਲਈ ਮਰ-ਮਿਟਣ ਦੀ ਪਵਿੱਤਰ ਭਾਵਨਾ ਸੀ। ਨਿਰਸੰਦੇਹ ਸਿੱਖਾਂ ਨੇ ਇਤਿਹਾਸ ਵਿਚ ਆਪਣੇ ਧਰਮ ਦੀ ਪਵਿੱਤਰਤਾ ਤੇ ਰਾਖੀ ਲਈ ਬਹਾਦਰੀ ਦੇ ਕਈ ਲਾਸਾਨੀ ਕਾਰਨਾਮੇ ਕੀਤੇ। ਅਸਲ ਵਿਚ ਸਿੱਖ- ਪੰਥ ਵਿਚ ਬਹਾਦਰੀ ਤੇ ਕੁਰਬਾਨੀ ਦੀਆਂ ਰਵਾਇਤਾਂ ਦਾ ਜਨਮ-ਦਾਤਾ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਹੈ। ਬਲੀ ਤੇ ਬੇ-ਇਨਸਾਫ਼ੀ ਵਿਰੁੱਧ ਸਿੱਖਾਂ ਦੀ ਜੰਗ ਦੀ ਜਾਇਜ਼ ਕਰਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ਲਸਫ਼ੇ ਵਿੱਚੋਂ ਹੀ ਲੱਭੀ ਜਾ ਸਕਦੀ ਹੈ। ਸਿੱਖਾਂ ਦੇ ਸੈਨਿਕ ਪ੍ਰਬੰਧ ਦਾ ਇਤਿਹਾਸ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਗਹਿਰਾ ਸੰਬੰਧ ਰੱਖਦਾ ਹੈ ਕਿਉਂਕਿ ਇਹ ਸੰਸਥਾ ਸਿੱਖ ਸੈਨਿਕਾਂ ਲਈ ਹਮੇਸ਼ਾਂ ਹੀ ਬੜਾ ਵੱਡਾ ਪ੍ਰੇਰਨਾ- ਸ੍ਰੋਤ ਰਹੀ ਹੈ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਪੀਰੀ ਦੇ ਨਾਲ ਮੀਰੀ ਪ੍ਰਤੀ ਦਾਅਵਾ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ, ਰਾਜਸੀ ਚਿੰਨ੍ਹਾਂ ਦਾ ਪ੍ਰਯੋਗ ਜਿਵੇਂ ਤਖ਼ਤ ਉੱਪਰ ਬੈਠਣਾ, ਦਰਬਾਰ ਲਗਾਉਣਾ; ਨੋਬਤ, ਨਿਸ਼ਾਨ, ਛਤਰ ਦੀ ਵਰਤੋਂ; ਫੌਜ ਤੇ ਸ਼ਸਤਰ ਇਕੱਠੇ ਕਰਨੇ ਆਦਿ ਨੇ ਗੁਰੂ-ਦਰਬਾਰ ਨੂੰ ਰਾਜਸੀ ਸ਼ਾਨੋ-ਸ਼ੌਕਤ ਪ੍ਰਦਾਨ ਕਰ ਦਿੱਤੀ ਸੀ। ਨਿਰਸੰਦੇਹ ਇਹ ਸਭ ਕੁਝ ਮੁਗ਼ਲ ਸਰਕਾਰ ਨੂੰ ਇਕ ਚੁਣੌਤੀ ਸੀ। ਉਪਰੋਕਤ ਕਿਸਮ ਦਾ ਰਾਜਸੀ ਠਾਠ-ਬਾਠ ਤੇ ਰਾਜ-ਸੱਤਾ ਨਾਲ ਸੰਬੰਧਿਤ ਚਿੰਨ੍ਹਾਂ ਦੀ ਵਰਤੋਂ ਸਿਰਫ਼ ਹਾਕਮ ਸ਼੍ਰੇਣੀ ਦਾ ਵਿਸ਼ੇਸ਼ਾਧਿਕਾਰ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਤੇ ਇਸ ਨਾਲ ਸੰਬੰਧਿਤ ਪ੍ਰਚਲਿਤ ਹੋਰਨਾਂ ਰਵਾਇਤਾਂ ਨੂੰ ਮੁਗ਼ਲ ਸਰਕਾਰ ਸ਼ਾਹੀ ਹੁਕਮਾਂ ਦੀ ਉਲੰਘਣਾ ਤੋਂ ਇਲਾਵਾ ਰਾਜਨੀਤੀ ਤੋਂ ਪ੍ਰੇਰਿਤ ਸਮਝਦੀ ਹੋਵੇਗੀ। ਰਾਜਸੀ ਚਿੰਨ੍ਹਾਂ ਦੀ ਹੋਂਦ ਤੇ ਪ੍ਰਯੋਗ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਇਸ ਨਿਸ਼ਚੇ ਨੂੰ ਦ੍ਰਿੜ੍ਹ ਕਰਵਾਉਂਦੀ ਹੈ ਕਿ ਕੋਈ ਜ਼ਿੰਮੇਵਾਰ ਧਾਰਮਿਕ ਆਗੂ ਰਾਜ ’ਤੇ ਜ਼ਾਲਮਾਨਾ ਵਿਹਾਰ ਕਾਰਨ ਆਪਣੇ ਧਾਰਮਿਕ ਸਮੁਦਾਇ ਲਈ ਪੈਦਾ ਹੋਏ ਖ਼ਤਰੇ ਨੂੰ ਅੱਖੋਂ-ਪਰੋਖੇ ਨਹੀਂ ਕਰ ਸਕਦਾ।
ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਜੋ ਸਰਗਰਮੀਆਂ ਸ਼ੁਰੂ ਹੋਈਆਂ ਉਨ੍ਹਾਂ ਬਾਰੇ ਪੰਥ-ਵਿਰੋਧੀਆਂ ਨੇ ਸਿੱਖਾਂ ਦੇ ਮਨ ਵਿਚ ਭਰਮ ਪੈਦਾ ਕਰਨ ਦੇ ਯਤਨ ਕੀਤੇ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਨਸਿਕ ਤੌਰ ’ਤੇ ਅਸਹਿ ਅਵਸਥਾ ਵਿੱਚੋਂ ਬਿਨਾਂ ਦੱਸਿਆਂ ਗੁਜ਼ਰ ਰਹੇ ਹਨ। ਉਹ ਅੱਗੇ ਚੱਲ ਕੇ ਸਪੱਸ਼ਟ ਕਰਦੇ ਹਨ ਕਿ ਗੁਰੂ ਸਾਹਿਬ ਨੇ ਸੈਨਿਕਾਨਾ ਵਿਹਾਰ ਸੰਗਤ ਦੀ ਰਖਵਾਲੀ ਲਈ ਅਪਣਾਇਆ ਹੈ। ਉਹ ਲਿਖਦੇ ਹਨ ਕਿ ਹਮੇਸ਼ਾਂ ਅਹਿੰਸਾ ਦੀ ਪਾਲਣਾ ਮਨੁੱਖਤਾ ਦੇ ਹਿੱਤ ਵਿਚ ਨਹੀਂ। ਉਹ ਦੱਸਦੇ ਹਨ ਕਿ ਜਿਵੇਂ ਨਾਰੀਅਲ ਵਿੱਚੋਂ ਗਿਰੀ, ਸੱਪ ਦੇ ਸਿਰ ਵਿੱਚੋਂ ਮਣੀ, ਹਿਰਨ ਦੇ ਢਿੱਡ ਵਿੱਚੋਂ ਕਸਤੂਰੀ, ਲੋਹੇ ਨੂੰ ਸੋਧਣ ਲਈ ਅਹਿਰਣ, ਪਾਣੀ ਕੱਢਣ ਲਈ ਮਸ਼ਕ ਨੂੰ ਗਲ ਤੋਂ ਬੰਨ੍ਹਣ ਲਈ ਸ਼ਕਤੀ ਦਾ ਪ੍ਰਯੋਗ ਕਰਨਾ ਪੈਂਦਾ ਹੈ ਤਿਵੇਂ ਪਰਉਪਕਾਰ ਲਈ ਸ਼ਕਤੀ ਦੀ ਵਰਤੋਂ ਜਾਇਜ਼ ਹੈ। ਭਾਈ ਗੁਰਦਾਸ ਜੀ ਨੇ ਸ਼ਕਤੀ ਦੇ ਪ੍ਰਯੋਗ ਦਾ ਜੋ ਸਿਧਾਂਤ ਪ੍ਰਸਤੁਤ ਕੀਤਾ ਉਸ ਦੀ ਪੁਸ਼ਟੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਮਰਾਠਾ ਸੰਤ ਸਮਰੱਥ ਰਾਮਦਾਸ ਵਿਚਕਾਰ ਹੋਏ ਸੰਵਾਦ ਤੋਂ ਵੀ ਹੋ ਜਾਂਦੀ ਹੈ। ਗੁਰੂ ਸਾਹਿਬ ਦੀ ਸੈਨਾ, ਸ਼ਸਤਰ ਤੇ ਘੋੜਿਆਂ ਉੱਪਰ ਹੈਰਾਨੀ ਪ੍ਰਗਟਾਉਂਦਿਆਂ ਸੰਤ ਰਾਮਦਾਸ ਨੇ ਉਨ੍ਹਾਂ ਨੂੰ ਪ੍ਰਸ਼ਨ ਕੀਤਾ ਸੀ ਕਿ “ਹਉਂ ਸੁਣਿਆ ਥਾ ਨਾਨਕ ਕੀ ਗੱਦੀ ਪਰ ਬੈਠਾ ਹੈ। ਨਾਨਕ ਗੁਰੂ ਤਿਆਗੀ ਸਾਧੂ ਥੇ। ਤੁਮ ਸ਼ਸਤਰ ਧਾਰਨ ਕਰੇ ਹੈਨ, ਘੋੜੇ ਫੌਜ ਰਾਖੀ ਹੈ। ਸਚਾ ਪਾਤਸ਼ਾਹ ਕਹਾਵਤਾ ਹੈ, ਕੈਸਾ ਸਾਧੂ ਹੈ?” ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਵਾਬ ਦਿੱਤਾ ਸੀ ਕਿ “ਬਾਤਨ ਫਕੀਰੀ ਜ਼ਾਹਰ ਅਮੀਰੀ, ਸ਼ਸਤਰ ਗ਼ਰੀਬ ਦੀ ਰੱਖਿਆ, ਜਰਵਾਣੇ ਦੀ ਭਖਿਆ। ਬਾਬਾ ਨਾਨਕ ਸੰਸਾਰ ਨਹੀਂ ਤਿਆਗਿਆ ਥਾ, ਮਾਯਾ ਤਿਆਗੀ ਥੀ।” ਗੁਰੂ ਸਾਹਿਬ ਦੇ ਉਪਰੋਕਤ ਉੱਤਰ ਉੱਤੇ ਤਸੱਲੀ ਪ੍ਰਗਟ ਕਰਦਿਆਂ ਸੰਤ ਰਾਮਦਾਸ ਨੇ ਕਿਹਾ ਸੀ ਕਿ “ਯਹ ਬਾਤ ਹਮਾਰੇ ਮਨ ਭਾਵਤੀ ਹੈ।” ਉਪਰੋਕਤ ਸੰਵਾਦ ਤੋਂ ਸਪੱਸ਼ਟ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸਿੱਖ-ਪੰਥ ਨੂੰ ਸੈਨਿਕ ਜਥੇਬੰਦੀ ਵਿਚ ਸੰਗਠਿਤ ਕਰਨ ਅਤੇ ਮੀਰੀ-ਪੀਰੀ ਦੇ ਸਿਧਾਂਤ ਉੱਪਰ ਅਮਲ ਦਾ ਪ੍ਰਯੋਜਨ ਸਿੱਖ- ਪੰਥ ਨੂੰ ਸਵੈ-ਰੱਖਿਆ ਦੇ ਪੱਖੋਂ ਸਵੈ-ਨਿਰਭਰ ਬਣਾਉਣਾ ਸੀ। ਦੂਜੇ, ਸ਼ਕਤੀ ਦਾ ਪ੍ਰਯੋਗ ਗ਼ਰੀਬਾਂ ਦੀ ਰੱਖਿਆ ਤੇ ਜਰਵਾਣੇ ਦੇ ਨਾਸ਼ ਲਈ ਧਾਰਮਿਕ ਤੌਰ ’ਤੇ ਜਾਇਜ਼ ਸੀ। ਮੀਰੀ-ਪੀਰੀ ਦੇ ਸਿਧਾਂਤ ਉੱਪਰ ਅਮਲ ਤੋਂ ਇਹ ਭਾਵ ਕਦਾਚਿਤ ਨਹੀਂ ਸੀ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਉੱਚ ਅਧਿਆਤਮਕ ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦੇ ਦਿੱਤੀ ਸੀ। ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਖ਼ਸੀਅਤ ਨੂੰ ਬਿਆਨ ਕਰਦਿਆਂ ਉਨ੍ਹਾਂ ਨੂੰ ਸੂਰਬੀਰ ਤੋਂ ਇਲਾਵਾ ਬੜੇ ਵੱਡੇ ਪਰਉਪਕਾਰੀ ਦੱਸਿਆ ਹੈ। ਉਨ੍ਹਾਂ ਦੇ ਸਮੇਂ ਦੇ ਸਿੱਖ ਪਹਿਲੇ ਨਾਲੋਂ ਕੋਈ ਘੱਟ ਭਗਤੀ ਭਾਵਨਾ ਵਾਲੇ ਨਹੀਂ ਸਨ। ਫ਼ਰਕ ਕੇਵਲ ਇਹ ਸੀ ਭਗਤੀ ਤੇ ਸ਼ਕਤੀ ਅਤੇ ਸੰਤ ਤੇ ਸਿਪਾਹੀ ਦੇ ਗੁਣਾਂ ਕਾਰਨ ਉਹ ਨਿਡਰ ਹੋ ਕੇ ਬਹਾਦਰਾਂ ਦੀ ਕੌਮ ਬਣ ਗਏ ਸਨ। ਜੇਕਰ ਮਾਨਵਤਾ ਦੇ ਕਲਿਆਣ ਲਈ ਸਿੱਖਾਂ ਨੂੰ ਸੈਨਿਕ ਸੰਘਰਸ਼ ਵਿਚ ਕੁੱਦਣ ਦੀ ਸਥਿਤੀ ਪੈਦਾ ਹੋ ਗਈ ਤਾਂ ਉਨ੍ਹਾਂ ਸੰਘਰਸ਼ ਦੌਰਾਨ ਮਾਨਵੀ ਕਦਰਾਂ-ਕੀਮਤਾਂ ਦਾ ਤਿਆਗ ਨਹੀਂ ਸੀ ਕਰਨਾ। ਸ੍ਰੀ ਅਕਾਲ ਤਖ਼ਤ ਸਾਹਿਬ ਮਨੁੱਖਤਾ ਤੇ ਸਮਾਜ ਦੇ ਭਲੇ ਅਤੇ ਜ਼ੁਲਮ ਦਾ ਵਿਰੋਧ ਕਰਨ ਲਈ ਛੇੜੇ ਸੰਘਰਸ਼ ਵਿਚ ਸਿੱਖਾਂ ਨੂੰ ਅਗਵਾਈ ਪ੍ਰਦਾਨ ਕਰਦਾ ਰਿਹਾ ਹੈ। ਸਿਰਫ਼ ਇਹ ਹੀ ਨਹੀਂ ਬਲਕਿ ਐਸੇ ਸੰਘਰਸ਼ ਦੇ ਸੰਚਾਲਨ ਲਈ ਭਗਤੀ ਤੇ ਸ਼ਕਤੀ ਦੇ ਰੰਗ ਵਿਚ ਰੰਗੇ ਸੰਤ- ਸਿਪਾਹੀਆਂ ਨੂੰ ਲਾਮਬੰਦ ਹੋਣ ਲਈ ਸੰਦੇਸ਼ ਵੀ ਦਿੰਦਾ ਰਿਹਾ ਹੈ।
ਸਿੱਖ-ਪੰਥ ਦੇ ਇਤਿਹਾਸਕ ਅਨੁਭਵ, ਮੁਗ਼ਲ ਸਰਕਾਰ ਦੇ ਸਿੱਖ-ਪੰਥ ਪ੍ਰਤੀ ਰਵੱਈਏ ਤੇ ਸਿੱਖ ਗੁਰੂ ਸਾਹਿਬਾਨ ਦੇ ਰਾਜਨੀਤੀ ਪ੍ਰਤੀ ਦ੍ਰਿਸ਼ਟੀਕੋਣ ਦੀ ਅਧੂਰੀ ਸਮਝ ਕਾਰਨ ਬਹੁਤ ਸਾਰੇ ਵਿਦਵਾਨਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਤੇ ਮੀਰੀ-ਪੀਰੀ ਦੇ ਸਿਧਾਂਤ ਉੱਪਰ ਅਮਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਉਲਟ ਜਾਣਿਆ ਹੈ। ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਸਿੱਖ-ਪੰਥ ਦੀਆਂ ਧਾਰਮਿਕ ਤੇ ਰਾਜਨੀਤਿਕ ਜ਼ਰੂਰਤਾਂ ਵਜੋਂ ਹੋਂਦ ਵਿਚ ਆਈ ਪਰ ਇਸ ਦਾ ਸਿੱਖ ਗੁਰੂ ਸਾਹਿਬਾਨ ਦੇ ਚਿੰਤਨ ਨਾਲ ਕੋਈ ਵਿਰੋਧ ਨਹੀਂ, ਬਲਕਿ ਗਹਿਰਾ ਸੰਬੰਧ ਸੀ। ਇਹ ਸੰਸਥਾ ਸਿੱਖ-ਪੰਥ ਨੂੰ ਰਾਜਨੀਤੀ ਪ੍ਰਤੀ ਉਪਰਾਮਤਾ ਜਾਂ ਬੇਬਸੀ ਦਾ ਉਪਦੇਸ਼ ਨਹੀਂ ਦਿੰਦੀ ਬਲਕਿ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਪ੍ਰੇਰਨਾ ਦਿੰਦੀ ਹੈ। ਇਸ ਦੀ ਸਥਾਪਨਾ ਸਿੱਖਾਂ ਦੁਆਰਾ ਜਬਰ-ਜ਼ੁਲਮ ਵਿਰੁੱਧ ਲੜੇ ਸੈਨਿਕ ਸੰਘਰਸ਼ ਦੀ ਪ੍ਰਤੱਖ ਮਿਸਾਲ ਹੈ, ਜਿਸ ਨੇ ਸਿੱਖ-ਮਾਨਸਿਕਤਾ ਨੂੰ ਹਮੇਸ਼ਾ ਹੀ ਟੁੰਬਿਆ ਹੈ। ਸਿੱਖ-ਪੰਥ ਦੀ ਧਾਰਮਿਕ ਤੇ ਰਾਜਨੀਤਿਕ ਤੌਰ ’ਤੇ ਸਰਬਉੱਚ ਸੰਸਥਾ ਹੋਣ ਕਰਕੇ ਇਸ ਨੇ ਸਿੱਖ-ਪੰਥ ਦੇ ਇਤਿਹਾਸ ਉੱਪਰ ਬੜਾ ਗਹਿਰਾ ਪ੍ਰਭਾਵ ਛੱਡਿਆ ਹੈ। 18ਵੀਂ ਸਦੀ ਦੀਆਂ ਸਿੱਖ- ਪੰਥ ਦੀਆਂ ਧਾਰਮਿਕ-ਰਾਜਨੀਤਿਕ ਸੰਸਥਾਵਾਂ ਜਿਵੇਂ ਸਰਬੱਤ ਖਾਲਸਾ, ਦਲ ਖਾਲਸਾ, ਮਿਸਲਾਂ, ਗੁਰਮਤਾ ਆਦਿ ਲਈ ਇਹ ਆਧਾਰਸ਼ਿਲਾ ਸਾਬਿਤ ਹੋਈ ਹੈ। ਸਿੱਖ-ਪੰਥ ਨੇ ਬਹੁਤ ਸਾਰੇ ਗੰਭੀਰ ਤੇ ਨਾਜ਼ੁਕ ਮਸਲਿਆਂ ਦੇ ਹੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਹੀ ਲੱਭੇ ਹਨ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ