editor@sikharchives.org
ਕੇਸਗੜ੍ਹ ਸਾਹਿਬ

ਸ੍ਰੀ ਅਨੰਦਪੁਰ ਸਾਹਿਬ

ਬੁੱਕਮਾਰਕ ਕਰੋ (0)
Please login to bookmark Close
ਪੜਨ ਦਾ ਸਮਾਂ: 1 ਮਿੰਟ

ਜਦੋਂ ਪੁਜਾਰੀਆਂ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਹਰੋਂ ਹੀ ਇਸ਼ਨਾਨ ਕਰਕੇ ਵੱਲਾ ਸਾਹਿਬ ਚਲੇ ਗਏ। ਗੁਰੂ ਸਾਹਿਬ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸਾਬੋ ਕੀ ਤਲਵੰਡੀ, ਲੱਖੀ ਜੰਗਲ, ਮਾਲਵਾ ਹੁੰਦੇ ਹੋਏ ਕੀਰਤਪੁਰ ਸਾਹਿਬ ਪੁੱਜੇ। ਕੀਰਤਪੁਰ ਸਾਹਿਬ ਹੀ ਉਨ੍ਹਾਂ ਨੂੰ ਖ਼ਬਰ ਪੁੱਜੀ ਕਿ ਦੀਪ ਚੰਦ ਬਿਲਾਸਪੁਰ ਦਾ ਰਾਜਾ ਚਲਾਣਾ ਕਰ ਗਿਆ ਹੈ ਅਤੇ ਰਾਣੀ ਨੇ ਸੱਦਾ ਭੇਜਿਆ ਹੈ। ਆਪ ਬਿਲਾਸਲਪੁਰ ਪੁੱਜੇ ਤੇ ਪਿੱਛੋਂ ਇਹ ਦੱਸਿਆ ਕਿ ਉਹ ਐਸਾ ਨਗਰ ਉਸਾਰਨਾ ਚਾਹੁੰਦੇ ਹਨ ਜੋ ਕਿ ਪਹਾੜੀਆਂ ਨਾਲ ਘਿਰਿਆ ਹੋਵੇ, ਅਜਿੱਤ ਹੋਵੇ, ਰਣਨੀਤੀ ਅਨੁਸਾਰ ਅਡਿੱਗ ਹੋਵੇ। ਵਿਧਵਾ ਰਾਣੀ ਚੰਪਾ ਨੇ ਮਾਖੋ ਪਿੰਡ ਦੀ ਜੂਹ ਭੇਟ ਕਰਨੀ ਚਾਹੀ ਪਰ ਗੁਰੂ ਜੀ ਨੇ ਨਕਦ ਰਕਮ ਦੇ ਕੇ ਪਟੇ ਲਿਖਵਾਏ ਤੇ ਅਨੰਦਪੁਰ ਸਾਹਿਬ ਦੀ ਨੀਂਹ 1665 ਈ: ਨੂੰ ਬਾਬਾ ਗੁਰਦਿੱਤਾ ਜੀ ਦੇ ਹੱਥੀਂ ਰਖਵਾਈ ਅਤੇ ਸ਼ਹਿਰ ਦਾ ਨਾਂ ਮਾਤਾ ਨਾਨਕੀ ਜੀ ਦੇ ਨਾਂ ’ਤੇ ‘ਚੱਕ ਨਾਨਕੀ’ ਰੱਖਿਆ। ਪਿੱਛੋਂ ਇਹ ਅਨੰਦਪੁਰ ਸਾਹਿਬ ਬਣਿਆ। (ਗੁਰੂ ਤੇਗ ਬਹਾਦਰ ਸਿਮ੍ਰਤੀ ਗ੍ਰੰਥ)

ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਅਸਾਮ ਦੇ ਦੌਰੇ ਤੋਂ ਪਰਤ ਕੇ ਅਨੰਦਪੁਰ ਸਾਹਿਬ ਆਏ ਤਾਂ ਉਨ੍ਹਾਂ ਦੇ ਸਾਹਿਬਜ਼ਾਦੇ ਸ੍ਰੀ ਗੋਬਿੰਦ ਰਾਏ ਜੀ ਦੀ ਉਮਰ ਅਜੇ ਬਹੁਤ ਛੋਟੀ ਸੀ। ਇਸ ਲਈ ਸਭ ਤੋਂ ਪਹਿਲਾਂ ਹੋਣਹਾਰ ਬੱਚੇ ਦੀ ਸਿੱਖਿਆ ਲਈ ਪੂਰਾ-ਪੂਰਾ ਪ੍ਰਬੰਧ ਕੀਤਾ ਗਿਆ।

ਅਨੰਦਪੁਰ ‘ਅਨੰਦ ਧਾਮ’ ਬਣ ਗਿਆ ਸੀ। ਅੰਮ੍ਰਿਤਮਈ ਬਾਣੀ ਦਿਲਾਂ ਦੀ ਮੈਲ ਨੂੰ ਧੋਂਦੀ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕਥਾ-ਵਾਰਤਾ ਮਾਨਸਿਕ ਗੁੰਝਲਾਂ ਸੁਲਝਾਉਂਦੀ ਸੀ, ਸੰਗਤਾਂ ਦੀ ਸ਼ਰਧਾ ਨਾਲ ਹਰ ਕਿਸੇ ਦੀਆਂ ਲੋੜਾਂ, ਥੁੜਾਂ ਤੇ ਲੋਚਾਂ ਪੂਰੀਆਂ ਹੁੰਦੀਆਂ ਸਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਜਲ ਦੀਦਾਰ ਸੁਹਣੇ ਭਵਿੱਖ ਦੀਆਂ ਆਸਾਂ ਬਨ੍ਹਾਉਂਦੇ ਸਨ।

ਇੱਥੋਂ ਦੇ ਵਾਤਾਵਰਨ ਦੇ ਬਿਲਕੁਲ ਉਲਟ ਇਸ ਸਮੇਂ ਭਾਰਤ ਵਿਚ ਕੂਕਾਂ ਪੈ ਰਹੀਆਂ ਸਨ। ਔਰੰਗਜ਼ੇਬ ਜੋ ਦਿੱਲੀ ਦਾ ਸਮਰਾਟ ਸੀ ਮਜ਼੍ਹਬੀ ਤੁਅੱਸਬ ਅਧੀਨ ਅੱਲਾ ਤਾਅਲਾ ਦੀ ਖੁਸ਼ੀ ਲੈਣ ਦੀ ਭਾਵਨਾ ਨਾਲ ਭਾਰਤੀ ਦਿਲਾਂ ਨੂੰ ਚਕਨਾਚੂਰ ਕਰ ਰਿਹਾ ਸੀ। ਮੰਦਰ ਢਾਹੇ ਜਾ ਰਹੇ ਸਨ, ਕਿਸੇ ਵਿਸ਼ੇਸ਼ ਧਰਮ ਨੂੰ ਮੰਨਣ ਕਾਰਨ ਜਜ਼ੀਆ ਲਾਇਆ ਜਾ ਰਿਹਾ ਸੀ, ਤਿਲਕ ਜੰਞੂ ਉਤਾਰੇ ਜਾ ਰਹੇ ਸਨ।

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੇ ਬਚਾਉ ਲਈ ਦਿੱਲੀ ਜਾ ਕੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਸਾਕੇ ਨਾਲ ਦਿੱਲੀ ਠਠੰਬਰ ਗਈ। ਇਕ ਸਾਹਸੀ ਰੰਘਰੇਟੇ ਨੇ ਸੀਸ ਨੂੰ ਸਤਿਕਾਰ ਨਾਲ ਚੁੱਕ ਕੇ ਅਨੰਦਪੁਰ ਸਾਹਿਬ ਦੀ ਸੇਧ ਕੀਤੀ ਅਤੇ ਵਾਹੋਦਾਹੀ ਮੰਜ਼ਲਾਂ ਮਾਰਦਾ ਗੁਰੂ-ਦਰਬਾਰ ਵਿਚ ਜਾ ਪੁੱਜਾ। ਅਨੰਦਪੁਰ ਸਾਹਿਬ ਦੀ ਪਥਰੀਲੀ ਧਰਤੀ ਇਸ ਸਾਕੇ ਦੀ ਸੋਅ ਸੁਣ ਕੇ ਪੰਘਰ ਗਈ। ਗੁਰੂ ਸਾਹਿਬ ਨੇ ਫ਼ਰਮਾਇਆ ਕਿ ਅੱਗੇ ਤੋਂ ਗੁਰੂ ਕਾ ਹਰ ਸਿੱਖ ਮਨ, ਬਚਨ, ਕਰਮ ਤੇ ਸ਼ਕਲ-ਸੂਰਤ ਕਰਕੇ ਨਿਵੇਕਲਾ ਤੇ ਨਿਆਰਾ ਹੋ ਕੇ ਪ੍ਰਗਟ ਹੋਵੇਗਾ ਅਤੇ ਲੋਕਾਈ ਵਿਚ ਕਿਸੇ ਤਰ੍ਹਾਂ ਰਲਾਇਆਂ ਵੀ ਨਹੀਂ ਰਲੇਗਾ।

ਸ੍ਰੀ ਗੁਰੂ ਗੋਬਿੰਦ ਰਾਇ ਜੀ ਨੇ ਇਸ ਸਾਕੇ ਤੋਂ ਬਾਅਦ ਸਿੱਖਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਲਈ ਪਾਉਂਟੇ ਦੀ ਸਰਸ ਭੂਮੀ ਨੂੰ ਸਾਹਿਤ-ਕੇਂਦਰ ਵਿਚ ਬਦਲ ਦਿੱਤਾ ਅਤੇ ਅਨੰਦਪੁਰ ਸਾਹਿਬ ਦੇ ਮੈਦਾਨਾਂ ਨੂੰ ਸਰੀਰਿਕ ਪੁਸ਼ਟੀ ਲਈ ਅਖਾੜਿਆਂ ਵਿਚ ਤਬਦੀਲ ਕਰ ਦਿੱਤਾ। ਦੇਸ਼-ਵਿਦੇਸ਼ ਤੋਂ ਸੰਗਤਾਂ ਗੁਰੂ ਦੀ ਆਗਿਆ ਦਾ ਪਾਲਣ ਕਰਦੀਆਂ ਹਾਥੀ, ਘੋੜੇ ਤੇ ਸੁੰਦਰ ਹਥਿਆਰਾਂ ਦੀਆਂ ਭੇਟਾਵਾਂ ਭੇਜਦੀਆਂ। ਅਨੰਦਪੁਰ ਸਾਹਿਬ ਦੀ ਜ਼ਾਹਰੀ ਨੁਹਾਰ ਬਦਲਣ ਲੱਗੀ। ਜਨ-ਸਾਧਾਰਨ, ਸ਼ਸ਼ਤਰਧਾਰੀ ਹੋ ਕੇ ਸੂਰਮਿਆਂ ਦੇ ਵੇਸ ਵਿਚ ਸੁਭਾਇਮਾਨ ਹੋਣ ਲੱਗਾ।

ਨਵੀਂ ਚੜ੍ਹਤ ਨੇ ਅਨੰਦਪੁਰ ਸਾਹਿਬ ਦੇ ਵਾਸੀਆਂ ਦੀ ਕਾਇਆ ਪਲਟ ਦਿੱਤੀ। ਇਨ੍ਹਾਂ ਦੀ ਆਤਮਾ ਗੁਰਬਾਣੀ ਨਾਲ ਜਾਗ ਪਈ ਅਤੇ ਤਨ ਸ਼ਸਤਰਾਂ ਨਾਲ ਸਜ-ਧੱਜ ਕੇ ਤਿਆਰ-ਬਰ-ਤਿਆਰ ਹੋ ਗਿਆ। ਡਰੇ ਤੇ ਸਹਿਮੇ ਮਨੁੱਖ ਦੀ ਕਾਇਆ ਨੂੰ ਇਉਂ ਬਦਲ ਕੇ ਰੱਖ ਦਿੱਤਾ ਜਿਵੇਂ ਭੈਅ ਅਤੇ ਮੌਤ ਦਾ ਡਰ ਇਨ੍ਹਾਂ ਦੀ ਜ਼ਿੰਦਗੀ ਦੇ ਨੇੜੇ ਕਦੇ ਵੀ ਨਾ ਆਇਆ ਹੋਵੇ।

ਇਉਂ ਅਨੰਦਪੁਰ ਸਾਹਿਬ ਦਾ ਵਾਸੀ 1756 ਬਿਕਰਮੀ ਨੂੰ ਵਿਸਾਖੀ ਵਾਲੇ ਦਿਨ ਸਿੱਖਾਂ ਦੀ ਚੜ੍ਹਤ ਨੂੰ ਵੇਖ ਕੇ ਹੁਲਸਾ ਰਿਹਾ ਸੀ। ਉਨ੍ਹਾਂ ਦੇ ਚਿਹਰੇ ਉੱਤੇ ਜਲਾਲ ਤੇ ਜਮਾਲ ਦਗਦਗਾ ਰਹੇ ਸਨ ਅਤੇ ਉਸ ਦੇ ਤੇਜ-ਪ੍ਰਚੰਡ ਨੇਤਰਾਂ ਨਾਲ ਨੇਤਰ ਮਿਲਾਉਣਾ ਅਸੰਭਵ ਲੱਗ ਰਿਹਾ ਸੀ। ਉਹ ਜਦੋਂ ਗਹਿਮਾ-ਗਹਿਮ ਭਰੇ ਦੀਵਾਨ ਵਿਚ ਪ੍ਰਗਟ ਹੋਏ ਤਾਂ ਅਨੰਤ ਸੀਸ ਨਮਸਕਾਰ ਲਈ ਧਰਤੀ ਨਾਲ ਜਾ ਜੁੜੇ।

ਸ੍ਰੀ ਗੁਰੂ ਗੋਬਿੰਦ ਰਾਇ ਜੀ ਨੇ ਸੱਜੇ ਹੱਥ ਵਿਚ ਤੇਗ਼ ਦਾ ਲਿਸ਼ਕਾਰਾ ਦਿੱਤਾ ਅਤੇ ਗਰਜ ਕੇ ਕਿਹਾ, “ਅੱਜ ਮੈਨੂੰ ਸਿਰਾਂ ਦੀ ਲੋੜ ਹੈ, ਉਨ੍ਹਾਂ ਸਿਰਾਂ ਦੀ ਜੋ ਤੇਗ਼ ਦੀ ਭੇਟ ਹੋਣ ਲਈ ਉਤਾਵਲੇ ਹੋਣ”। ਸਿਦਕੀ, ਸਾਹਸੀ ਤੇ ਸ਼ਾਂਤ ਮਨ ਸਾਵਧਾਨ ਹੋ ਗਏ। ਲਾਹੌਰ ਦਾ ਭਾਈ ਦਇਆ ਰਾਮ, ਦਿੱਲੀ (ਹਸਤਨਾਪੁਰ) ਦਾ ਧਰਮ ਚੰਦ, ਦਵਾਰਕਾ ਦਾ ਭਾਈ ਮੋਹਕਮ ਚੰਦ, ਜਗਨਨਾਥ ਪੁਰੀ ਦਾ ਭਾਈ ਹਿੰਮਤ ਰਾਏ ਅਤੇ ਬਿਦਰ ਦਾ ਭਾਈ ਸਾਹਿਬ ਚੰਦ ਵਾਰੋ-ਵਾਰੀ ਸਿਰ ਨਿਵਾ ਕੇ ਪੂਰੇ ਅਦਬ ਤੇ ਸਤਿਕਾਰ ਨਾਲ ਗੁਰੂ ਸਾਹਿਬ ਕੋਲ ਹਾਜ਼ਰ ਹੋਏ। ਸਭ ਨੂੰ ਤੰਬੂ ਅੰਦਰ ਲਿਜਾਇਆ ਗਿਆ। ਇਕ ਅਨੋਖਾ ਤੇ ਭੈ-ਭੀਤ ਕਰਨ ਵਾਲਾ ਵਾਤਾਵਰਨ ਬਣਿਆ ਹੋਇਆ ਸੀ। ਸੰਗਤ ਨਵੇਂ ਕਰਾਮਾਤੀ ਚਮਤਕਾਰ ਨਾਲ ਅਚੰਭਿਤ ਹੋਈ ਬੈਠੀ ਰਹੀ। ਥੋੜ੍ਹੀ ਦੇਰ ਬਾਅਦ ਸਾਰੇ ਮੰਚ ਉੱਤੇ ਆਏ। ਸਭ ਦਾ ਰੂਪ ਬਦਲਿਆ ਹੋਇਆ ਸੀ। ਸਿਰਾਂ ਉੱਤੇ ਕੇਸਰੀ ਦਸਤਾਰਾ, ਲੰਮੇ ਸੁਰਮਈ ਕੁੜਤੇ, ਲੱਕ ਉੱਤੇ ਕੇਸਰੀ ਕਮਰਕੱਸੇ, ਗਾਤਰੇ, ਕ੍ਰਿਪਾਨਾਂ, ਤੇੜ ਚਿੱਟੇ ਦੁੱਧ ਕਛਹਿਰੇ, ਹੱਥ ਜੁੜੇ ਹੋਏ, ਨੈਣ ਭਗਤੀ ਨਾਲ ਰੱਤੇ, ਚਿਹਰੇ ਡਲ੍ਹਕਾਂ ਮਾਰਦੇ ਇਉਂ ਲੱਗਦੇ ਸਨ ਜਿਵੇਂ ਅਕਾਲ ਪੁਰਖ ਨੇ ਇਨ੍ਹਾਂ ਨੂੰ ਆਪਣੇ ਰੰਗ ਵਿਚ ਰੰਗ ਦਿੱਤਾ ਹੋਵੇ। ਗੁਰੂ ਸਾਹਿਬ ਬੋਲੇ, “ਇਹ ਪੰਜ ਪਿਆਰੇ ਹਨ, ਇਨ੍ਹਾਂ ਦੀ ਜਾਤ, ਕੁਲ਼, ਵਰਣ, ਸਥਾਨ ਤੇ ਕਿਰਤ ਸਭ ਨਾਸ਼ ਹੋ ਚੁੱਕੇ ਹਨ।”

ਫਿਰ ਲੋਹੇ ਦੇ ਬਾਟੇ ਵਿਚ ਨਿਰਮਲ ਜਲ ਪਾ ਕੇ, ਇਸ ਵਿਚ ਸਰਬ ਲੋਹ ਦੇ ਖੰਡੇ ਨੂੰ ਫੇਰਦਿਆਂ ਅੰਮ੍ਰਿਤ ਤਿਆਰ ਕੀਤਾ ਗਿਆ ਜਿਸ ਵਿਚ ਮਾਤਾ ਜੀ ਨੇ ਪਤਾਸੇ ਪਾ ਕੇ ਮਿੱਠਾ ਬਣਾ ਦਿੱਤਾ। ਗੁਰੂ ਸਾਹਿਬ ਨੇ ਜਪੁ, ਜਾਪੁ, ਸਵੱਯੇ ਚੌਪਈ ਤੇ ਅਨੰਦ ਸਾਹਿਬ ਦਾ ਪਾਠ ਕੀਤਾ ਅਤੇ ਸਰਬ ਲੋਹ ਦਾ ਖੰਡਾ ਬਾਟੇ ਵਿਚ ਨਾਲ ਫੇਰਦੇ ਰਹੇ। ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੇ ਪੰਜ-ਪੰਜ ਚੂਲ੍ਹੇ ਛਕਾਏ ਅਤੇ ਉਨ੍ਹਾਂ ਦਿਆਂ ਨੇਤਰਾਂ ਵਿਚ ਛੱਟੇ ਮਾਰੇ ਅਤੇ ਸਿਰ ’ਤੇ ਕੇਸਾਂ ਵਿਚ ਅੰਮ੍ਰਿਤ ਪਾਇਆ ਅਤੇ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ’ ਨਾਲ ਜੈਕਾਰਾ ਬੁਲਾਉਂਦੇ ਰਹੇ।

ਇਸ ਉਪਰੰਤ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਤੋਂ ਆਪ ਅੰਮ੍ਰਿਤਪਾਨ ਕੀਤਾ। ਮਾਨਵਤਾ ਦੇ ਇਤਿਹਾਸ ਵਿਚ ਇਹ ਅਦੁੱਤੀ ਕਰਾਮਾਤ ਹੈ ਜਦੋਂ ਗੁਰੂ ਨੇ ਚੇਲਿਆਂ ਨੂੰ ‘ਗੁਰੂ’ ਕਿਹਾ ਅਤੇ ਉਨ੍ਹਾਂ ਪ੍ਰਤੀ ਅਗਾਧ ਸ਼ਰਧਾ ਪੇਸ਼ ਕੀਤੀ:

ਖਾਲਸਾ ਮੇਰੋ ਰੂਪ ਹੈ ਖਾਸ।
ਖਾਲਸਾ ਮਹਿ ਹੌ ਕਰਉ ਨਿਵਾਸ।
ਖਾਲਸਾ ਮੇਰੋ ਇਸਟ ਸੁਹਿਰਦ।
ਖਾਲਸਾ ਮੇਰੋ ਕਹੀਅਤ ਬਿਰਦ।
ਖਾਲਸਾ ਮੇਰੋ ਮਿੱਤਰ ਸਖਾਈ।
ਖਾਲਸਾ ਮਾਤ ਪਿਤਾ ਸੁਖਦਾਈ।
ਖਾਲਸਾ ਮੇਰੋ ਪਿੰਡ ਪ੍ਰਾਨ।
ਖਾਲਸਾ ਮੇਰੀ ਜਾਨ ਕੀ ਜਾਨ।
ਖਾਲਸਾ ਮੇਰੋ ਸਤਿਗੁਰ ਪੂਰਾ।
ਖਾਲਸਾ ਮੇਰੋ ਸਜਣ ਸੂਰਾ।
ਖਾਲਸਾ ਮੇਰੋ ਬੁਧ ਅਰ ਗਿਆਨ।
ਖਾਲਸੇ ਕਾ ਹਉਂ ਧਰੋ ਧਿਆਨ। (ਸਰਬ ਲੋਹ ਗ੍ਰੰਥ)

ਇਉਂ ਲਿਤਾੜੇ ਹੋਏ, ਧਿਰਕਾਰੇ ਹੋਏ ਮਾਨਵ ਜਾਤ, ਕੁਲ਼, ਕਿਰਤ, ਕਰਮ, ਦੇਸ਼, ਰੰਗ ਦੇ ਭੇਦ-ਭਾਵ ਤੋਂ ਮੁਕਤ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛੁਹ ਨਾਲ ਉੱਚੇ ਮੰਡਲਾਂ ਦੇ ਸਰਦਾਰ ਬਣ ਗਏ। ਇਹ ਦੁਨੀਆਂ ਦੇ ਇਤਿਹਾਸ ਵਿਚ ਅਮਿਟ, ਅਨੋਖੀ ਤੇ ਨਿਵੇਕਲੀ ਘਟਨਾ ਤੇ ਕਰਾਮਾਤ ਹੈ, ਜਿਸ ਨੇ ਦੁਨੀਆਂ ਵਿਚ ਆਪਣੇ ਆਪ ਵਿਚ ਇਕ ਮਿਸਾਲ ਪੈਦਾ ਕੀਤੀ।

ਅਨੰਦਪੁਰ ਸਾਹਿਬ ਦਾ ਨਾਂ ਪ੍ਰਪੱਕ ਹੋਣ ’ਤੇ ਕਈ ਅਭੁੱਲ ਚਿਹਰੇ ਸਾਹਮਣੇ ਆ ਜਾਂਦੇ ਹਨ, ਜਿਨਾਂ ਨੇ ਇਤਿਹਾਸ ’ਤੇ ਅਜਿਹੀ ਛਾਪ ਲਗਾਈ ਜੋ ਸਦੀਆਂ ਤੀਕ ਅਮਿਟ ਰਹੇਗੀ। ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਘਨੱਈਆ ਜੀ, ਭਾਈ ਨੰਦ ਲਾਲ ਜੀ, ਭਾਈ ਬਚਿੱਤਰ ਸਿੰਘ ਜੀ ਤੇ ਭਾਈ ਜੀਵਨ ਸਿੰਘ ਜੀ ਰੰਘਰੇਟਾ ਅਜਿਹੇ ਗੁਰਸਿੱਖ ਤੇ ਇਤਿਹਾਸ ਦੇ ਅਨੋਖੇ ਕਿਰਦਾਰ ਹਨ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਿਆ ਹੋਇਆ ਸੀ। ਕੁਝ ਸਿੰਘ ਭਾਈ ਘਨੱਈਆ ਜੀ ਨੂੰ ਗੁਰੂ ਸਾਹਿਬ ਕੋਲ ਲਿਆਏ ਅਤੇ ਸ਼ਿਕਾਇਤ ਕੀਤੀ, “ਮਹਾਰਾਜ ਇਹ ਦੁਸ਼ਮਣਾਂ ਨਾਲ ਮਿਲਿਆ ਹੋਇਆ ਹੈ, ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।” “ਕਿਉਂ ਭਾਈ, ਸਿੱਖ ਕੀ ਕਹਿ ਰਹੇ ਨੇ?” ਗੁਰੂ ਸਾਹਿਬ ਨੇ ਮੁਸਕਰਾਉਂਦੇ ਹੋਏ ਪੁੱਛਿਆ।

“ਮਹਾਰਾਜ, ਜਿਨ੍ਹਾਂ ਮੁਗ਼ਲਾਂ ਨੂੰ ਅਸੀਂ ਜ਼ੋਰ ਲਾ ਕੇ ਲੜਾਈ ਦੇ ਮੈਦਾਨ ਵਿਚ ਢਾਹੁੰਦੇ ਹਾਂ, ਇਹ ਉਨ੍ਹਾਂ ਨੂੰ ਪਾਣੀ ਪਿਲਾ ਕੇ ਮੁੜ ਤਿਆਰ-ਬਰ-ਤਿਆਰ ਕਰ ਦਿੰਦਾ ਹੈ। ਉਹ ਮੁੜ ਸਿੱਖਾਂ ’ਤੇ ਜ਼ੋਰ-ਸ਼ੋਰ ਨਾਲ ਹਮਲਾ ਕਰਦੇ ਨੇ, ਫਿਰ ਹੋਇਆ ਨਾ ਦੁਸ਼ਮਣ?” ਸਿੱਖਾਂ ਨੇ ਆਪਣੀ ਪੂਰੀ ਗੱਲ ਕਹਿ ਦਿੱਤੀ।

“ਨਹੀਂ ਮਹਾਰਾਜ! ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ।” ਅਧੀਨਗੀ ਨਾਲ ਭਾਈ ਘਨੱਈਆ ਜੀ ਨੇ ਹੱਥ ਵਿਚ ਪੱਲੂ ਫੜ ਕੇ ਬੇਨਤੀ ਕੀਤੀ। “ਭਾਈ, ਤੂੰ ਕਹਿੰਦਾ ਮੈਂ ਦੁਸ਼ਮਣਾਂ ਨੂੰ ਪਾਣੀ ਨਹੀਂ ਪਿਲਾਇਆ, ਫਿਰ ਤੂੰ ਮਸ਼ਕ ਨਾਲ ਕਿਸ ਨੂੰ ਪਾਣੀ ਪਿਲਾਉਂਦਾ ਹੈਂ?” ਗੁਰੂ ਸਾਹਿਬ ਨੇ ਇਕ ਵਾਰ ਭਾਈ ਘਨੱਈਆ ਜੀ ਨੂੰ ਫਿਰ ਪੁੱਛਿਆ।

“ਮਹਾਰਾਜ! ਸੱਚੀ ਗੱਲ ਤਾਂ ਇਹ ਹੈ ਕਿ ਮੈਂ ਤਾਂ ਤੁਹਾਨੂੰ ਹੀ ਪਾਣੀ ਪਿਲਾਇਆ ਹੈ। ਜਿਹੜਾ ਵੀ ਮੈਦਾਨ ਵਿਚ ਪਾਣੀ ਮੰਗਦਾ ਹੈ, ਉਹ ਤੁਹਾਡਾ ਹੀ ਰੂਪ ਨਜ਼ਰ ਆਉਂਦਾ ਹੈ। ਮੈਂ ਪਾਣੀ ਪਿਲਾ ਦਿੰਦਾ ਹਾਂ। ਇਸ ਲਈ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ।”

ਗੁਰੂ ਸਾਹਿਬ ਮੁਸਕਰਾ ਪਏ। ਉਹ ਜਾਣਦੇ ਸਨ ਕਿ ਇਹ ਭਾਈ ਘਨੱਈਆ ਜੀ ਦੀ ਬ੍ਰਹਮ ਗਿਆਨੀ ਵਾਲੀ ਅਵਸਥਾ ਹੈ। ਗੁਰੂ ਸਾਹਿਬ ਨੇ ਭਾਈ ਘਨੱਈਆ ਜੀ ਨੂੰ ਕਿਹਾ “ਭਾਈ ਜੀ! ਇਹ ਲਵੋ ਮਲ੍ਹਮ-ਪੱਟੀ, ਤੁਸੀਂ ਪਾਣੀ ਪਿਲਾਉਣ ਦੇ ਨਾਲ ਇਹ ਕੰਮ ਵੀ ਕਰੋ। ਦੁਨੀਆਂ ਵਿਚ ਤੁਹਾਡਾ ਨਾਂ ਇਸ ਕਾਰਨ ਨਿਵੇਕਲਾ ਰਹੇਗਾ!” ਇਹ ਆਧਾਰ ਰੈੱਡ-ਕਰਾਸ ਦਾ ਬਣਿਆ।

ਅਨੰਦਪੁਰ ਸਾਹਿਬ ਤੋਂ ਪ੍ਰੇਰਨਾ ਮਿਲਦੀ ਹੈ-

ਗੁਰੂ ਦੁਆਰਾ ਦਿੱਤੀ ਅਮਾਨਤ ਕਾਰਨ ਜੇਕਰ ਕੋਈ ਨਜ਼ਦੀਕੀ ਵੀ ਬੇਈਮਾਨ ਹੋ ਜਾਂਦਾ ਹੈ ਅਤੇ ਆਪਣਾ ਮੂੰਹ ਛਿਪਾ ਕੇ ਗੁਰੂ ਤੋਂ ਦੂਰ ਭੱਜਦਾ ਹੈ ਤਾਂ ਮੌਤ ਵੀ ਸੱਪ ਬਣ ਕੇ ਪਿੱਛਾ ਨਹੀਂ ਛੱਡਦੀ।

ਇੱਥੇ ਸਾਰੀਆਂ ਜਾਤਾਂ ਮਿਟਾਈਆਂ ਗਈਆਂ ਸਨ ਅਤੇ ਜਾਤ-ਪਾਤ ਮੰਨਣ ਵਾਲਿਆਂ ਨਾਲੋਂ ਨਾਤਾ ਤੋੜ ਦਿੱਤਾ ਗਿਆ ਸੀ।

ਕੇਵਲ ਵੱਡੇ-ਵੱਡੇ ਸਰੀਰਾਂ ਅਤੇ ਮੋਟੀਆਂ ਗੋਗੜਾਂ ਵਾਲੇ ਭੀੜ ਬਣੀ ਵੇਲੇ ਸਣੇ ਆਪਣੇ ਸਾਥੀਆਂ ਦੇ ਕਿਲ੍ਹੇ ਦੀਆਂ ਕੰਧਾਂ ਟੱਪ ਕੇ, ਲੱਤਾਂ ਤੁੜਾ ਕੇ ਘਰ ਜਾ ਕੇ ਮਰਦੇ ਹਨ ਪਰ ਜਿਨ੍ਹਾਂ ਨੂੰ ਗੁਰੂ ਕੰਡ ’ਤੇ ਥਾਪੀ ਦੇਵੇ, ਉਹ ਮਸਤ ਹਾਥੀਆਂ ਦਾ ਨਾਗਨੀ ਨਾਲ ਮੱਥਾ ਵਿੰਨ੍ਹ ਦਿੰਦੇ ਹਨ।

ਪ੍ਰਸ਼ਾਦ ਵੰਡਣ, ਲੰਗਰ ਵਰਤਾਉਣ ਵਿਚ ਦੁਤੀਆ-ਭਾਵ ਵਰਤਣ ਦਾ ਸਪਸ਼ਟ ਅਰਥ ਰਿੱਛ ਆਦਿ ਦੀ ਜੂਨੀ ਵੱਲ ਧਕਿਆ ਜਾਣਾ ਹੈ।

ਜਿਹੜੇ ਗੁਰੂ ਜੀ ਦੇ ਹੋ ਜਾਂਦੇ ਹਨ ਉਨ੍ਹਾਂ ਉੱਪਰ ਭੀੜ ਬਣੀ ’ਤੇ ਗੁਰੂ ਖ਼ਤਰਨਾਕ ਥਾਂ ਉੱਪਰ ਹੱਥ ਵਿਚ ਸੋਟਾ ਲੈ ਕੇ ਸਾਰੀ ਰਾਤ ਪਹਿਰਾ ਦਿੰਦਾ ਹੈ।

ਗੁਰੂ ਸਰੀਰਾਂ ਦੀ ਹਾਜ਼ਰੀ ਨਹੀਂ, ਮਨਾਂ ਦੀ ਹਾਜ਼ਰੀ ਲਗਾਉਂਦਾ ਹੈ।

ਜਿਨ੍ਹਾਂ ਦੇ ਮੂੰਹ ਗਾਲ੍ਹਾਂ ਨਾਲ ਗੰਦੇ ਨਹੀਂ ਹੁੰਦੇ, ਉਨ੍ਹਾਂ ਦੇ ਹੱਥਾਂ ਨਾਲ ਪਾਇਆ ਪਾਣੀ, ਸੁੱਕੇ ਹੋਏ ਪਿੱਪਲਾਂ ਨੂੰ ਹਰਿਆ-ਭਰਿਆ ਕਰ ਦਿੰਦਾ ਹੈ।

ਅਭਿਆਸ ਦੀ ਸ਼ਕਤੀ ਕਰਾਮਾਤ ਜੇਡੀ ਹੋ ਜਾਂਦੀ ਹੈ। ਮੀਲਾਂ ਦੀ ਦੂਰੀ ਤੋਂ ਪਲੰਘ ਦੇ ਪਾਵੇ ਨੂੰ ਤੀਰ ਨਾਲ ਵਿੰਨ੍ਹਿਆ ਜਾ ਸਕਦਾ ਹੈ। ਦੂਜਾ ਤੀਰ ਪਹਿਲੇ ਤੀਰ ਦੇ ਨਾਲ ਹੀ ਚਿੱਠੀ ਬੰਨ੍ਹ ਕੇ ਭੀ ਉਸੇ ਟਿਕਾਣੇ ਪਹੁੰਚਾਇਆ ਜਾ ਸਕਦਾ ਹੈ।

ਗੁਰੂ ਨੂੰ ਆਪਣੇ ਪੁੱਤਰਾਂ ਨਾਲੋਂ ਵੀ ਸਿੱਖ ਪਿਆਰੇ ਹਨ।

ਜਦੋਂ ਕਦੇ ਭੀ ਕਿਸੇ ਨਾਲ ਕੋਈ ਵਧੀਕੀ ਕਰੇ ਤਾਂ ਇਸ ਨਗਰ ਦੇ ਵਾਸੀ ਘੋੜਿਆਂ ਉੱਪਰ ਚੜ੍ਹ ਕੇ ਉਤਨਾ ਚਿਰ ਆਪਣੀ ਤੇਗ਼ ਮਿਆਨ ਵਿਚ ਨਹੀਂ ਪਾਉਂਦੇ ਜਿੰਨਾ ਚਿਰ ਖੋਹੀ ਹੋਈ ਲੜਕੀ ਉਸ ਦੇ ਆਪਣੇ ਵਾਰਸਾਂ ਨੂੰ ਨਾ ਮਿਲ ਜਾਵੇ।

ਜਿਹੜਾ ਗੁਰੂ ਜੀ ਦੇ ਹੁਕਮ ਨਹੀਂ ਮੰਨਦਾ, ਗੁਰੂ ਨੂੰ ਸੰਕਟ ਸਮੇਂ ਪਿੱਠ ਦੇ ਦਿੰਦਾ ਹੈ, ਗੁਰੂ ਜੀ ਉਸ ਦੀ ਭੀ ਅਖੀਰਲੇ ਕਦਮ ਤਕ ਉਡੀਕ ਕਰਦੇ ਹਨ ਅਤੇ ਜਦੋਂ ਉਹ ਸਮਾਂ ਆਉਂਦਾ ਹੈ, ਸ੍ਰੀ ਅਨੰਦਪੁਰੀ ਵਿਚ ਲਿਖੇ ਹੋਏ ਬੇਦਾਵੇ ਦੇ ਕਾਗਜ਼ ਨੂੰ ਸਿੱਖ ਰਣ-ਭੂਮੀ ਵਿਚ ਲਹੂ ਵਗਾ ਕੇ ਉਸ ਨੂੰ ਧੋ ਦਿੰਦੇ ਹਨ ਅਤੇ ਟੁੱਟੀ ਗੰਢ ਲੈਂਦੇ ਹਨ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

#1317, ਸੈਕਟਰ 20-ਬੀ, ਚੰਡੀਗੜ੍ਹ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)