editor@sikharchives.org

ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੇ 25 ਸਾਲ

ਪੰਜਾਬ ਤੇ ਸਿੱਖਾਂ ਦੀਆਂ ਹੱਕੀ ਮੰਗਾਂ ਪਰਵਾਨ ਕਰਨ ਦੀ ਬਜਾਏ ਕੇਂਦਰ ਸਰਕਾਰ ਨੇ ਮੋਰਚੇ ਨੂੰ ਕੁਚਲਣ ਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਇਹ ਫੌਜੀ ਹਮਲਾ ਕਰਵਾ ਦਿੱਤਾ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖਾਂ ਨੇ ਕਦੀ ਸੁਪਨੇ ਵਿਚ ਵੀ ਇਹ ਨਹੀਂ ਸੋਚਿਆ ਹੋਏਗਾ ਕਿ ਆਜ਼ਾਦ ਭਾਰਤ ਵਿਚ ਫੌਜ ਵੱਲੋਂ ਉਨ੍ਹਾਂ ਦੇ ਸਰਬ-ਉੱਚ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਉਤੇ ਹਮਲਾ ਕੀਤਾ ਜਾਏਗਾ। ਜੂਨ 1984 ਵਿਚ ਟੈਂਕਾਂ, ਤੋਪਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਲੈਸ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਉੱਪਰ ਕੀਤਾ ਗਿਆ ਹਮਲਾ ਵੀਹਵੀਂ ਸਦੀ ਦੌਰਾਨ ਵਿਸ਼ਵ-ਭਰ ਦੇ ਸਿੱਖਾਂ ਲਈ ਸਭ ਤੋਂ ਵੱਡਾ ਦੁਖਾਂਤ ਹੈ। ਇਹ ਹਮਲਾ ਲੱਗਭਗ 222 ਵਰ੍ਹੇ ਪਿੱਛੋਂ ਕੀਤਾ ਗਿਆ ਸੀ। ਇਸ ਤੋਂ ਪਹਿਲੋਂ ਅਕਤੂਬਰ 1762 ’ਚ ਅਹਿਮਦ ਸ਼ਾਹ ਅਬਦਾਲੀ ਨੇ ਇਸ ਪਾਵਨ ਅਸਥਾਨ ਉਤੇ ਚੜ੍ਹਾਈ ਕੀਤੀ ਸੀ। ਉਹ ਤਾਂ ਇਕ ਵਿਦੇਸ਼ੀ ਧਾੜਵੀ ਸੀ, ਜਦੋਂਕਿ ਇਹ ਹਮਲਾ ਦੇਸ਼ ਦੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਨੇ ਕੀਤਾ ਸੀ। ਇਸ ਹਮਲੇ ਨਾਲ ਦੇਸ਼-ਵਿਦੇਸ਼ ਵਿਚ ਰਹਿੰਦੇ ਸਿੱਖਾਂ ਦੇ ਹਿਰਦੇ ਬੁਰੀ ਤਰ੍ਹਾਂ ਵਲੂੰਧਰੇ ਗਏ।

ਹਿੰਦੁਸਤਾਨ ਵਿਚ ਪੰਜਾਬ ਸਭ ਤੋਂ ਪਿੱਛੋਂ ਅੰਗਰੇਜ਼ੀ ਸਾਮਰਾਜ ਦਾ ਗ਼ੁਲਾਮ ਬਣਿਆ, ਉਹ ਵੀ ਮੱਕਾਰ ਡੋਗਰਿਆਂ ਦੀ ਗੱਦਾਰੀ ਤੇ ਕੁਝ ਸਿੱਖ ਆਗੂਆਂ ਦੀ ਆਪਸੀ ਫੁੱਟ ਕਾਰਨ। ਫਿਰ ਵੀ ਇਕ ਬਹੁਤ ਹੀ ਛੋਟੀ ਘੱਟ-ਗਿਣਤੀ ਹੋਣ ਦੇ ਬਾਵਜੂਦ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵੱਧ 80 ਫੀਸਦੀ ਯੋਗਦਾਨ ਪਾਇਆ ਅਤੇ ਅਨੇਕ ਕੁਰਬਾਨੀਆਂ ਕੀਤੀਆਂ। ਮਹਾਤਮਾ ਗਾਂਧੀ ਤੇ ਪੰਡਤ ਜਵਾਹਰ ਲਾਲ ਨਹਿਰੂ ਸਮੇਤ ਕਾਂਗਰਸ ਦੇ ਕੌਮੀ ਆਗੂਆਂ ਨੇ ਇਸ ਸੁਤੰਤਰਤਾ ਸੰਗਰਾਮ ਦੌਰਾਨ ਸਿੱਖਾਂ ਨੂੰ ਵਾਰ-ਵਾਰ ਵਿਸ਼ਵਾਸ ਦੁਆਇਆ ਸੀ ਕਿ ਆਜ਼ਾਦੀ ਮਿਲ ਜਾਣ ’ਤੇ ਹਿੰਦੁਸਤਾਨ ਵਿਚ ਉਨ੍ਹਾਂ (ਤੇ ਹੋਰ ਘੱਟ-ਗਿਣਤੀਆਂ) ਦੇ ਹਿੱਤਾਂ ਦੀ ਪੂਰੀ ਤਰ੍ਹਾਂ ਰੱਖਿਆ ਕੀਤੀ ਜਾਏਗੀ। ਕਲਕੱਤਾ ਵਿਖੇ 6 ਜੁਲਾਈ, 1946 ਨੂੰ ਪੰਡਤ ਨਹਿਰੂ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਸੀ, “ਮੈਨੂੰ ਇਸ ਵਿਚ ਕੋਈ ਗ਼ਲਤ ਗੱਲ ਨਹੀਂ ਲੱਗਦੀ ਕਿ ਉੱਤਰੀ ਭਾਰਤ ਵਿਚ ਇਕ ਅਜਿਹਾ ਇਲਾਕਾ ਤੇ ਪ੍ਰਬੰਧ ਹੋਵੇ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ।” ਸਰਬ-ਹਿੰਦ ਕਾਂਗਰਸ ਦੇ ਅਨੇਕ ਸੈਸ਼ਨਾਂ ਵਿਚ ਇਹ ਮਤਾ ਪਾਸ ਕੀਤਾ ਸੀ ਕਿ ਆਜ਼ਾਦ ਭਾਰਤ ਵਿਚ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣਗੇ।

15 ਅਗਸਤ, 1947 ਨੂੰ ਜਦੋਂ ਹਿੰਦੁਸਤਾਨ ਆਪਣੀ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ, ਫਿਰਕੂ ਆਧਾਰ ’ਤੇ ਦੇਸ਼-ਵੰਡ ਕਾਰਨ ਪੰਜਾਬ ਲਹੂ-ਲੁਹਾਣ ਹੋ ਕੇ ਹੰਝੂਆਂ ਦਾ ਦਰਿਆ ਵਹਾ ਰਿਹਾ ਸੀ। ਵਿਸ਼ਵ-ਭਰ ਦੇ ਇਤਿਹਾਸ ਵਿਚ ਕਤਲੋਗ਼ਾਰਤ ਹੋ ਕੇ ਆਬਾਦੀ ਦਾ ਤਬਾਦਲਾ ਇਤਨੇ ਵੱਡੇ ਪੈਮਾਨੇ ’ਤੇ ਕਦੀ ਨਹੀਂ ਹੋਇਆ, ਜਿਤਨਾ ਪੰਜਾਬ ਵਿਚ ਹੋਇਆ। ਆਪਣੀ ਅੱਡਰੀ ਪਛਾਣ ਕਾਰਨ ਸਿੱਖਾਂ ਦਾ ਹਿੰਦੂਆਂ ਤੇ ਮੁਸਲਮਾਨਾਂ ਨਾਲੋਂ ਬਹੁਤ ਹੀ ਵੱਧ ਨੁਕਸਾਨ ਹੋਇਆ। ਫਿਰਕੂ ਫਸਾਦਾਂ ਵਿਚ ਲੱਖਾਂ ਹੀ ਸਿੱਖਾਂ ਦਾ ਵਹਿਸ਼ੀ ਢੰਗ ਨਾਲ ਕਤਲੇਆਮ ਕੀਤਾ ਗਿਆ, ਧੀਆਂ-ਭੈਣਾਂ ਦੀ ਬੇਪਤੀ ਹੋਈ। ਲੱਗਭਗ 40 ਫੀਸਦੀ ਸਿੱਖ ਵੱਸੋਂ ਨੂੰ ਆਪਣੇ ਜੱਦੀ-ਪੁਸ਼ਤੀ ਘਰ- ਬਾਰ,ਜ਼ਮੀਨਾਂ-ਜਾਇਦਾਦ, ਕਾਰੋਬਾਰ ਆਦਿ ਛੱਡ ਕੇ ਖਾਲੀ ਹੱਥ ਸ਼ਰਨਾਰਥੀ ਬਣ ਕੇ ਇੱਧਰ ਭਾਰਤ ਆਉਣਾ ਪਿਆ। ਇਤਿਹਾਸ ਗਵਾਹ ਹੈ ਕਿ ਉਨ੍ਹਾਂ ਨੇ ਕਿਸੇ ਅੱਗੇ ਹੱਥ ਨਹੀਂ ਅੱਡਿਆ ਅਤੇ ਖ਼ੁਦ ਆਪਣੀ ਕਰੜੀ ਮਿਹਨਤ, ਲਗਨ ਤੇ ਹਿੰਮਤ ਨਾਲ ਆਪਣੇ ਪੈਰਾਂ ’ਤੇ ਖੜ੍ਹੇ ਹੋਏ ।

ਆਜ਼ਾਦੀ-ਪ੍ਰਾਪਤੀ ਤੋਂ ਬਾਅਦ ਭਾਰਤ ਸਰਕਾਰ ਨੇ ਸੂਬਿਆਂ ਦਾ ਪੁਨਰਗਠਨ ਭਾਸ਼ਾ ਦੇ ਆਧਾਰ ’ਤੇ ਕੀਤਾ, ਪਰ ਪੰਜਾਬੀ ਸੂਬੇ ਦੀ ਮੰਗ ਨੂੰ ਪਰਵਾਨ ਨਾ ਕੀਤਾ। ਇਸ ਲਈ ਪੰਜਾਬੀਆਂ ਵਿਸ਼ੇਸ਼ ਕਰਕੇ ਪੰਥ ਤੇ ਪੰਜਾਬ ਦੀ ਪ੍ਰਤੀਨਿਧ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਲੰਬਾ ਸੰਘਰਸ਼ ਕੀਤਾ। ਆਖਰ 1966 ਵਿਚ ਇਹ ਮੰਗ ਪਰਵਾਨ ਹੋਈ ਤਾਂ ‘ਬੱਕਰੀ ਦੁੱਧ ਦਿੰਦੀ ਹੈ ਪਰ ਮੇਂਗਣਾਂ ਪਾ ਕੇ’ ਦੇ ਅਖਾਣ ਅਨੁਸਾਰ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਐਂਟੀ-ਪੰਜਾਬ ਲਾਬੀ ਨਾਲ ਮਿਲ ਕੇ ਇਸ ਨੂੰ ਵੱਧ ਤੋਂ ਵੱਧ ਕਮਜ਼ੋਰ ਬਣਾਉਣ ਦਾ ਯਤਨ ਕੀਤਾ, ਇਸ ਦੀ ਰਾਜਧਾਨੀ ਚੰਡੀਗੜ੍ਹ ਅਤੇ ਅਨੇਕਾਂ ਪੰਜਾਬੀ ਬੋਲਦੇ ਇਲਾਕੇ ਇਸ ਤੋਂ ਬਾਹਰ ਰੱਖੇ ਗਏ, ਪੰਜਾਬ ਦੇ ਡੈਮਾਂ ਉੁਤੇ ਕੇਂਦਰ ਨੇ ਆਪਣਾ ਅਧਿਕਾਰ ਜਮਾ ਲਿਆ। ਇਸ ਲੰਗੜੇ ਪੰਜਾਬੀ ਸੂਬੇ ਨੂੰ ਮੁਕੰਮਲ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਫਿਰ ਨਵਾਂ ਸੰਘਰਸ਼ ਸ਼ੁਰੂ ਕੀਤਾ। ਇਸੇ ਲੜੀ ਵਿਚ ਸ਼੍ਰੋਮਣੀ ਅਕਾਲੀ ਦਲ ਨੇ 4 ਅਗਸਤ 1982 ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਸਮੂਹ ਤੋਂ ‘ਧਰਮ ਯੁੱਧ ਮੋਰਚਾ’ ਸ਼ੁਰੂ ਕੀਤਾ, ਜਿਸ ਨੂੰ ਸਮੂਹ ਪੰਜਾਬੀਆਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਲੱਗਭਗ ਢਾਈ ਲੱਖ ਪੰਜਾਬੀਆਂ ਨੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ। ਪੰਜਾਬ ਤੇ ਸਿੱਖਾਂ ਦੀਆਂ ਹੱਕੀ ਮੰਗਾਂ ਪਰਵਾਨ ਕਰਨ ਦੀ ਬਜਾਏ ਕੇਂਦਰ ਸਰਕਾਰ ਨੇ ਮੋਰਚੇ ਨੂੰ ਕੁਚਲਣ ਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਇਹ ਫੌਜੀ ਹਮਲਾ ਕਰਵਾ ਦਿੱਤਾ।

ਸ੍ਰੀ ਦਰਬਾਰ ਸਾਹਿਬ ਉਤੇ ਇਸ ਹਮਲੇ ਲਈ ਸਮਾਂ, ਕੇਂਦਰ ਸਰਕਾਰ ਵੱਲੋਂ ਅਮਨ ਤੇ ਸ਼ਾਂਤੀ ਦੇ ਪੁੰਜ ਅਤੇ ਇਸ ਪਾਵਨ ਅਸਥਾਨ ਦੇ ਸਿਰਜਕ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਚੁਣਿਆ। ਪੇਂਡੂ ਖੇਤਰਾਂ ਸਮੇਤ ਸਾਰੇ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਕੇ ਅਤੇ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਕੇ ਰੇਲ, ਸੜਕ ਅਤੇ ਹਵਾਈ ਆਵਾਜਾਈ ਬੰਦ ਕਰ ਕੇ ਤੇ ਹਰ ਤਰ੍ਹਾਂ ਦੇ ਵਾਹਨ ਬੈਲ-ਗੱਡੀਆਂ ਅਤੇ ਸਾਈਕਲ ਚਲਾਉਣ ਉਤੇ ਪਾਬੰਦੀ ਲਗਾ ਕੇ, ਬਿਜਲੀ ਦੀ ਸਪਲਾਈ ਤੇ ਟੈਲੀਫੋਨ ਕੱਟ ਕੇ ਅਤੇ ਪ੍ਰੈਸ ਉਤੇ ਸੈਂਸਰ ਲਗਾ ਕੇ ਇਹ ਵਹਿਸ਼ੀਆਨਾ ਹਮਲਾ ਕੀਤਾ ਗਿਆ ਜਿਸ ਦੀ ਹੁਣ ਤਕ ਦੇ ਵਿਸ਼ਵ ਇਤਿਹਾਸ ਵਿਚ ਕੋਈ ਮਿਸਾਲ ਨਹੀਂ ਮਿਲਦੀ ਕਿ ਕਿਸੇ ਦੇਸ਼ ਦੀ ਸਰਕਾਰ ਨੇ ਆਪਣੇ ਹੀ ਲੋਕਾਂ ਵਿਸ਼ੇਸ਼ ਕਰਕੇ ਘੱਟ-ਗਿਣਤੀ ਕੌਮ ਦੇ ਪ੍ਰਮੁੱਖ ਧਾਰਮਿਕ ਅਸਥਾਨ ’ਤੇ ਇਸ ਤਰ੍ਹਾਂ ਫੌਜੀ ਹਮਲਾ ਕੀਤਾ ਹੋਵੇ। ਸ਼ਹੀਦੀ ਪੁਰਬ ਕਾਰਨ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਆਈਆਂ ਸ਼ਰਧਾਲੂ ਸੰਗਤਾਂ, ਧਰਮ ਯੁੱਧ ਮੋਰਚੇ ਵਿਚ ਜ਼ਿਲ੍ਹਾ ਸੰਗਰੂਰ ਤੇ ਮਾਨਸਾ ਤੋਂ ਆਏ ਅਕਾਲੀ ਵਰਕਰਾਂ ਅਤੇ ਕੰਪਲੈਕਸ ਅੰਦਰ ਰਿਹਾਇਸ਼ੀ ਕੁਆਰਟਰਾਂ ਵਿਚ ਰਹਿ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਬਾਹਰ ਆਉਣ ਦਾ ਕੋਈ ਸਮਾਂ ਨਾ ਦਿੱਤਾ ਗਿਆ ਅਤੇ ਨਾ ਹੀ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਵਿੱਚੋਂ ਸੈਂਕੜੇ ਹੀ ਮਾਰੇ ਗਏ। ਸੈਂਕੜੇ ਹੀ ਲੰਮਾ ਸਮਾਂ ਅਕਾਰਨ ਹੀ ਜੇਲ੍ਹਾਂ ਵਿਚ ਬੰਦ ਰਹੇ।

ਫੌਜੀ ਹਮਲੇ ਦੌਰਾਨ ਸਿੱਖਾਂ ਦਾ ਸਰਬੋਤਮ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕਰ ਦਿੱਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਕੰਪਲੈਕਸ ਅੰਦਰ ਸਥਿਤ ਇਮਾਰਤਾਂ ਨੂੰ ਢੇਰ ਸਾਰਾ ਨੁਕਸਾਨ ਪੁੱਜਾ ਅਤੇ ਦਰਸ਼ਨੀ ਡਿਓੜੀ ਉੱਪਰਲੀ ਛੱਤ ਉਤੇ ਸੁਸ਼ੋਭਿਤ ਇਤਿਹਾਸਿਕ ਤੋਸ਼ਾਖਾਨਾ ਨੂੰ ਵੀ ਭਾਰੀ ਨੁਕਸਾਨ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਨਿਜ਼ਾਮ ਹੈਦਰਾਬਾਦ ਵੱਲੋਂ ਭੇਂਟ ਕੀਤੀ ਹੀਰੇ-ਜਵਾਹਰਾਤ ਨਾਲ ਜੜੀ ਇਤਿਹਾਸਕ ਚਾਨਣੀ ਜੋ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੜ੍ਹਾ ਦਿੱਤੀ ਸੀ, ਸੜ ਕੇ ਸੁਆਹ ਹੋ ਗਈ। ਕੰਪਲੈਕਸ ਉਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਉਪਰੰਤ ਸਿੱਖਾਂ ਦੇ ਧਾਰਮਿਕ, ਇਤਿਹਾਸਕ ਅਤੇ ਅਕਾਦਮਿਕ ਅਮੀਰ ਵਿਰਸੇ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਸ ਵਿਚ ਗੁਰੂ ਸਾਹਿਬਾਨ ਦੇ ਹਸਤ-ਕਮਲਾਂ ਦੁਆਰਾ ਜਾਰੀ ਅਨੇਕ ਹੁਕਮਨਾਮੇ, ਜਨਮ ਸਾਖੀਆਂ, ਹੱਥਲਿਖਤ ਧਾਰਮਿਕ ਸਾਹਿਤ, ਗੁਰਬਾਣੀ ਦੀਆਂ ਪੋਥੀਆਂ, ਇਤਿਹਾਸਕ ਪੁਸਤਕਾਂ ਆਦਿ ਸ਼ਾਮਲ ਸਨ, ਨੂੰ ਅੱਗ ਲਗਾ ਦਿੱਤੀ ਗਈ, ਜਿਸ ਦੀ ਪੂਰਤੀ ਹੋ ਹੀ ਨਹੀਂ ਸਕਦੀ।

ਗੱਲ ਇਸ ਹਮਲੇ ਉਤੇ ਹੀ ਨਹੀਂ ਮੁੱਕੀ। ਪੰਜਾਬ ਦੇ ਅਨੇਕਾਂ ਹੋਰ ਇਤਿਹਾਸਕ ਗੁਰਦੁਆਰਿਆਂ ਅੰਦਰ ਫੌਜੀ ਕਾਰਵਾਈ ਕੀਤੀ ਗਈ। ‘ਅਪਰੇਸ਼ਨ ਵੁੱਡਰੋਜ਼’ ਅਧੀਨ ਪੰਜਾਬ ਦੇ ਪਿੰਡਾਂ ਵਿਚ ਜ਼ੁਲਮ-ਤਸ਼ੱਦਦ, ਦਹਿਸ਼ਤ ਅਤੇ ਵਹਿਸ਼ਤ ਦਾ ਇਕ ਦੌਰ ਸ਼ੁਰੂ ਕੀਤਾ ਗਿਆ ਅਤੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਕੀਤਾ ਜਾਣ ਲੱਗਾ। ਕਥਿਤ ਅਤਿਵਾਦ ਨੂੰ ਕਾਬੂ ਕਰਨ ਦੇ ਨਾਂ ਹੇਠ ਟਾਡਾ ਵਰਗੇ ਕਾਲੇ ਕਾਨੂੰਨ ਬਣਾਏ ਗਏ। ਪ੍ਰਧਾਨ ਮੰਤਰੀ ਸ੍ਰੀਮਤੀ ਗਾਂਧੀ ਦੇ ਕਤਲ ਪਿੱਛੋਂ ਜਿਸ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦਾ ਦਿੱਲੀ ਤੇ ਕਈ ਹੋਰ ਸ਼ਹਿਰਾਂ ਵਿਚ ਕਈ ਸਿਆਸੀ ਲੀਡਰਾਂ ਦੀ ਅਗਵਾਈ ਹੇਠ ਹਿੰਸਕ ਭੀੜਾਂ ਵੱਲੋਂ ਕਤਲੇਆਮ ਕੀਤਾ ਗਿਆ; ਘਰਾਂ, ਦੁਕਾਨਾਂ ਤੇ ਹੋਰ ਕਾਰੋਬਾਰੀ ਅਦਾਰਿਆਂ ਨੂੰ ਅੱਗਾਂ ਲਗਾਈਆਂ ਗਈਆਂ; ਬੀਬੀਆਂ ਦੀ ਬੇਪਤੀ ਕੀਤੀ ਗਈ ਤੇ ਸਮੂਹਿਕ ਬਲਾਤਕਾਰ ਕੀਤੇ ਗਏ; ਬੱਚਿਆਂ ਤਕ ਨੂੰ ਕੋਹ-ਕੋਹ ਕੇ ਮਾਰਿਆ ਗਿਆ, ਉਸ ਦੀ ਮਿਸਾਲ ਸੱਭਿਅਕ ਸਮਾਜ ਵਿੱਚ ਕਿਧਰੇ ਨਹੀਂ ਮਿਲਦੀ। ਨਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸਿੱਖਾਂ ਦੇ ਇਸ ਵਹਿਸ਼ੀਆਨਾ ਕਤਲੇਆਮ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਕਿ “ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ।” ਇਨ੍ਹਾਂ ਸਾਰੀਆਂ ਹਿੰਸਕ ਘਟਨਾਵਾਂ ਅਤੇ ਜ਼ੁਲਮ-ਤਸ਼ੱਦਦ ਵਿਰੁੱਧ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੇ ਭਾਰਤੀ ਸ਼ਫਾਰਤਖਾਨਿਆਂ ਅੱਗੇ ਪੁਰਅਮਨ ਰੋਸ ਮੁਜ਼ਾਹਰੇ ਕੀਤੇ। ਉਨ੍ਹਾਂ ਦੇ ਨਾਂ ‘ਕਾਲੀ ਸੂਚੀ’ ਵਿਚ ਦਰਜ ਕਰ ਲਏ ਅਤੇ ਉਨ੍ਹਾਂ ’ਤੇ ਭਾਰਤ ’ਚ ਆਪਣੀ ਜਨਮ ਭੂਮੀ ’ਤੇ ਆਉਣ ’ਤੇ ਪਾਬੰਦੀ ਲਗਾ ਦਿੱਤੀ ਗਈ। ਫੌਜੀ ਹਮਲੇ ਅਤੇ ਕਤਲੇਆਮ ਦੀ ਪ੍ਰਤੀਕ੍ਰਿਆ ਵਜੋਂ ਪੰਜਾਬ ਵਿਚ ਲੱਗਭਗ ਇਕ ਦਹਾਕਾ ਖਾੜਕੂ ਲਹਿਰ ਚੱਲੀ, ਜਿਸ ਕਾਰਨ ਸਮੂਹ ਪੰਜਾਬੀਆਂ ਨੇ ਸੰਤਾਪ ਭੋਗਿਆ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਤੇ ਹੋਏ ਫੌਜੀ ਹਮਲੇ ਨੇ ਸਿੱਖ ਮਾਨਸਿਕਤਾ ਨੂੰ ਗਹਿਰੀ ਠੇਸ ਪਹੁੰਚਾਈ। ਪਤਿਤ ਤੇ ਮੋਨੇ ਸਿੱਖਾਂ ਨੇ ਦਾੜ੍ਹੀ-ਕੇਸ ਰੱਖ ਲਏ ਅਤੇ ਅਤੇ ਅਨੇਕਾਂ ਦਾੜ੍ਹੀ-ਕੇਸਾਂ ਵਾਲਿਆਂ ਨੇ ਅੰਮ੍ਰਿਤਪਾਨ ਕਰ ਲਿਆ। ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਰਕਾਰ ਵੱਲੋਂ ਮਿਲੇ ‘ਪਦਮ ਭੂਸ਼ਣ’ ਤੇ ‘ਪਦਮ ਸ੍ਰੀ’ ਵਰਗੇ ਖ਼ਿਤਾਬ ਵਾਪਸ ਕਰ ਦਿੱਤੇ। ਕਈ ਸਰਕਾਰੀ ਅਫ਼ਸਰ ਅਹੁਦੇ ਤਿਆਗ ਕੇ ਘਰ ਆ ਗਏ। ਫੌਜ ਵਿਚ ਕਈ ਥਾਵਾਂ ’ਤੇ ਸਿੱਖ ਜਵਾਨਾਂ ਨੇ ਬਗਾਵਤ ਕਰ ਦਿੱਤੀ। ਸੰਨ 1984 ਦੇ ਘੱਲੂਘਾਰੇ ਨੂੰ ਜ਼ੁਲਮ-ਤਸ਼ੱਦਦ ਤੇ ਦਹਿਸ਼ਤ ਅਤੇ ਵਹਿਸ਼ਤ ਦੇ ਦੌਰ ਨੂੰ ਆਮ ਸਿੱਖਾਂ ਨੇ ਆਪਣੇ ਪਿੰਡੇ ਉਤੇ ਹੰਢਾਇਆ ਹੈ। ਇਥੋਂ ਤਕ ਕਿ ਜਿਹੜੇ ਬੱਚੇ ਆਪਣੀ ਮਾਂ ਦੇ ਪੇਟ ਵਿਚ ਸਨ, ਉਨ੍ਹਾਂ ਵੀ ਇਸ ਦਾ ਸੇਕ ਮਹਿਸੂਸ ਕੀਤਾ ਹੋਏਗਾ।

ਸਿੱਖ ਤਾਂ ਹਾਲੇ ਤਕ ਮੀਰ ਮਨੂੰ, ਜ਼ਕਰੀਆ ਖਾਨ ਆਦਿ ਵਰਗਿਆਂ ਦੇ ਜ਼ੁਲਮ ਅਤੇ ਮੱਸੇ ਰੰਗੜ ਅਤੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਦੀਆਂ ਘਟਨਾਵਾਂ ਵੀ ਨਹੀਂ ਭੁੱਲੇ, ਉਹ ਇਸ ਫੌਜੀ ਹਮਲੇ ਨੂੰ ਕਦੀ ਵੀ ਨਹੀਂ ਭੁਲਾ ਸਕਦੇ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)